ਜ਼ਿਲ੍ਹਾ ਪਟਿਆਲਾ ਦਾ ਨੌਜਵਾਨ ਅੰਗਦਜੀਤ ਅਮਰੀਕਾ ਪੁਲੀਸ ’ਚ ਭਰਤੀ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 2 ਜੁਲਾਈ
ਜ਼ਿਲ੍ਹਾ ਪਟਿਆਲਾ ਦੇ ਵਸਨੀਕ ਸਿੱਖ ਨੌਜਵਾਨ ਅੰਗਦਜੀਤ ਸਿੰਘ ਦਿਓਲ (18) ਨੇ ਅਮਰੀਕਾ ਪੁਲੀਸ ਵਿੱਚ ਬਤੌਰ ਪੁਲੀਸ ਖੋਜਕਾਰ ਵਜੋਂ ਭਰਤੀ ਹੋ ਕੇ ਪੰਜਾਬ, ਪਰਿਵਾਰ ਅਤੇ ਜ਼ਿਲ੍ਹਾ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ। ਅੰਗਦਜੀਤ ਸਿੰਘ ਦਿਓਲ ਦੇ ਪਿਤਾ ਹਰਮਨਜੀਤ ਸਿੰਘ ਦਿਓਲ ਜੱਜ ਹਨ। ਉਨ੍ਹਾਂ ਦੱਸਿਆ ਕਿ ਅੰਗਦਜੀਤ ਨੇ ਆਪਣੀ ਦਸਵੀਂ ਦੀ ਪੜ੍ਹਾਈ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਤੋਂ ਪਾਸ ਕਰਨ ਉਪਰੰਤ ਸਾਲ 2023 ਵਿੱਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ’ਚ ਹਾਈ ਸਕੂਲ ਦੀ ਪੜ੍ਹਾਈ ਜੋਹਨ ਐੱਫ ਕੈਨੇਡੀ ਸਕੂਲ ਤੋਂ ਸ਼ੁਰੂ ਕੀਤੀ। ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਗਦਜੀਤ ਨੇ ਪੁਲੀਸ ਐਡਮਨਿਸਟ੍ਰੇਸ਼ਨ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੀ ਨਾਲ ਆਪਣੇ ਪਿਤਾ ਦੁਆਰਾ ਦਿੱਤੀਆਂ ਜਾ ਰਹੀਆਂ ਕਾਨੂੰਨ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਕਾਨੂੰਨ ਲਾਗੂ ਕਰਨ ਸਬੰਧੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਦੀ ਚੋਣ ਨਿਊਯਾਰਕ ਪੁਲੀਸ ਡਿਪਾਰਟਮੈਂਟ ਕੈਲੇਫੋਰਨੀਆ ਵਿੱਚ ਬਤੌਰ ਪੁਲੀਸ ਖੋਜਕਾਰੀ ਦੇ ਤੌਰ ’ਤੇ ਹੋ ਗਈ। ਉਨ੍ਹਾਂ ਦੱਸਿਆ ਕਿ ਅੰਗਦਜੀਤ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਰੱਖਦਾ ਹੈ ਅਤੇ ਭਾਰਤ ਵਿੱਚ ਤੈਰਾਕੀ ਦਾ ਕੌਮੀ ਪੱਧਰ ਦਾ ਖਿਡਾਰੀ ਰਹਿ ਚੁੱਕਿਆ ਹੈ। ਅੰਗਦਜੀਤ ਸਿੰਘ ਦੀ ਪੁਲੀਸ ਵਿਭਾਗ ਅਮਰੀਕਾ ਵਿੱਚ ਭਰਤੀ ਹੋਣ ਦੇ ਨਾਲ ਦਿਓਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।