ਭਾਰੀ ਹੰਗਾਮੇ ਦੌਰਾਨ ਨਿਗਮ ਵੱਲੋਂ 161 ਕਰੋੜ ਦਾ ਬਜਟ ਪਾਸ
ਇੱਥੇ 60 ਮੈਂਬਰੀ ਨਗਰ ਨਿਗਮ ਦੇ ਸਾਲਾਨਾ ਬਜਟ ਸਬੰਧੀ ਅੱਜ ਜਨਰਲ ਹਾਊਸ ਦੀ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠਾਂ ਹੋਈ ਮੀਟਿੰਗ ਹੰਗਾਮੇ ਭਰਪੂਰ ਰਹੀ। ਇਤਿਹਾਸ ’ਚ ਅੱਜ ਪਹਿਲੀ ਵਾਰ ਚੱਲਦੇ ਹਾਊਸ ਦੌਰਾਨ ਪੁਲੀਸ ਨੂੰ ਵੀ ਦਸਤਕ ਦੇਣੀ ਪਈ। ਬਲਕਿ ਪੁਲੀਸ...
ਇੱਥੇ 60 ਮੈਂਬਰੀ ਨਗਰ ਨਿਗਮ ਦੇ ਸਾਲਾਨਾ ਬਜਟ ਸਬੰਧੀ ਅੱਜ ਜਨਰਲ ਹਾਊਸ ਦੀ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠਾਂ ਹੋਈ ਮੀਟਿੰਗ ਹੰਗਾਮੇ ਭਰਪੂਰ ਰਹੀ। ਇਤਿਹਾਸ ’ਚ ਅੱਜ ਪਹਿਲੀ ਵਾਰ ਚੱਲਦੇ ਹਾਊਸ ਦੌਰਾਨ ਪੁਲੀਸ ਨੂੰ ਵੀ ਦਸਤਕ ਦੇਣੀ ਪਈ। ਬਲਕਿ ਪੁਲੀਸ ਨੇ ਵਿਰੋਧੀ ਧਿਰ ਭਾਜਪਾ ਨਾਲ ਸਬੰਧਤ ਸੀਨੀਅਰ ਕੌਂਸਲਰ ਨੂੰ ਹਾਊਸ ਵਿਚੋਂ ਬਾਹਰ ਵੀ ਕੱਢ ਦਿੱਤਾ। ਸੱਤਾਧਾਰੀ ਧਿਰ ‘ਆਪ’ ਪੂਰਨ ਬਹੁਮਤ ਵਿੱਚ ਹੋਣ ਕਾਰਨ 161 ਕਰੋੜ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 15 ਕਰੋੜ ਰੁਪਏ ਵੱਧ ਹੈ। ਇਸ ਦੌਰਾਨ 120 ਕਰੋੜ ਰੁਪਏ ਅਮਲਾ, ਮੁਲਾਜ਼ਮਾਂ ਲਈ ਰੱਖੇ ਗਏ ਹਨ ਜਦਕਿ 53.50 ਕਰੋੜ ਰੁਪਏ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਣਗੇ। ਇਸ ਤਰ੍ਹਾਂ ਇਹ 173.50 ਕਰੋੜ ਬਣੇ, ਜਿਸ ਕਾਰਨ ਇਹ 12.50 ਦੇ ਘਾਟੇ ਵਾਲਾ ਬਜਟ ਹੈ।
ਮੇਅਰ ਕੁੰਦਨ ਗੋਗੀਆ ਨੇ ਸ਼ੁਰੂ ’ਚ ਦੱਸਿਆ ਕਿ ਪਿਛਲੇ ਸਾਲ 146 ਕਰੋੜ ਦਾ ਬਜਟ ਰੱਖਿਆ ਗਿਆ ਸੀ। ਇਸ ਵਿੱਚੋਂ ਚਾਲੂ ਵਿੱਤੀ ਵਰ੍ਹੇ ਦੌਰਾਨ 154 ਕਰੋੜ ਰੁਪਏ ਦੀ ਆਮਦਨੀ ਹੋ ਜਾਵੇਗੀ, ਜਿਸ ਤਹਿਤ ਪਿਛਲੇ ਸਾਲ ਦੇ ਬਜਟ ਨੂੰ 8 ਕਰੋੜ ਰੁਪਏ ਦੇ ਮੁਨਾਫੇ ਦਾ ਬਜਟ ਮੰਨਿਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਉਨ੍ਹਾਂ ਨੇ ਤਾਜ਼ਾ ਬਜਟ ਨੂੰ ਵੀ ਕਈ ਕਰੋੜ ਦੇ ਲਾਹੇ ਵਾਲਾ ਬਜਟ ਦੱਸਿਆ।
ਇਸ ਸਾਲ ਪ੍ਰਾਪਰਟੀ ਟੈਕਸ ਤੋਂ 30 ਕਰੋੜ, ਨਿਗਮ ਟੈਕਸ ਤੋਂ 72 ਕਰੋੜ, ਵਾਧੂ ਆਬਕਾਰੀ ਡਿਊਟੀ ਤੋਂ 5 ਕਰੋੜ, ਕਿਰਾਇਆ, ਲੀਜ਼ , 55 ਲੱਖ, ਪਾਰਕਿੰਗ ਤੋਂ 12 ਲੱਖ, ਬਿਲਡਿੰਗ ਐਪਲੀਕੇਸ਼ਨ ਫੀਸ ਤੋਂ 26 ਕਰੋੜ, ਜਲ ਸਪਲਾਈ, ਸੀਵਰੇਜ ਤੋਂ 12.5 ਕਰੋੜ, ਇਸ਼ਤਿਹਾਰਾਂ ਤੋਂ 6 ਕਰੋੜ, ਸਟਰੀਟ ਵਿਕਰੇਤਾਵਾਂ ਤੋਂ 25 ਲੱਖ ਤੇ ਲਾਇਸੈਂਸ ਫੀਸ ਤੋਂ 42 ਲੱਖ ਦੇ ਮੁਨਾਫੇ ਦਾ ਟੀਚਾ ਹੈ। ਇਸ ਮੌਕੇ ਕਮਿਸ਼ਨਰ ਪਰਮਜੀਤ ਸਿੰਘ (ਆਈ ਏ ਐੱਸ) ਤੇ ਮੇਅਰ ਕੁੰਦਨ ਗੋਗੀਆ ਸਣੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਕੌਂਸਲਰ ਤੇਜਿੰਦਰ ਮਹਿਤਾ, ਗੁਰਜੀਤ ਸਾਹਨੀ ਆਦਿ ਵੀ ਮੌਜੂਦ ਸਨ।
ਬਜਟ ਦੌਰਾਨ ਕਈ ਮੱਦਾਂ ਨੂੰ ਲੈ ਕੇ ਰੌਲਾ ਪੈਂਦਾ ਰਿਹਾ
ਬਜਟ ਦੌਰਾਨ ਕਈ ਮੱਦਾਂ ਨੂੰ ਲੈ ਕੇ ਰੌਲਾ ਰੱਪਾ ਪੈਂਦਾ ਰਿਹਾ। ਇਸ ਦੌਰਾਨ ਜਿਥੇ ਸੱਤਾਧਾਰੀ ਧਿਰ ਦੇ ਕੌਂਸਲਰ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ (ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ) ਨੇ ਕੁਝ ਕਾਲੋਨਾਈਜ਼ਰਾਂ ’ਤੇ ਪਾਰਕਾਂ ਦੀ ਗਲਤ ਹੀ ਰਜਿਸਟਰੀਆਂ ਕਰਵਾ ਦੇਣ ਦੋਸ਼ ਲਾਏ ਉਥੇ ਹੀ ਸ਼ਹਿਰ ’ਚ ਮੁੜ ਤੋਂ ਹਰਿਆ ਭਰਿਆ ਕਰਨ ਲਈ ਹਰਿਆਲੀ ਮੁਹਿੰਮ ਵਿੱਢਣ ਦਾ ਪ੍ਰਸਤਾਵ ਵੀ ਰੱਖਿਆ। ਇਸ ਤੋਂ ਇਲਾਵਾ ਭਾਜਪਾ ਕੌਂਸਲਰ ਅਨੁਜ ਖੋਸਲਾ ਨੇ ਵਪਾਰੀਆਂ ’ਤੇ ਟੈਕਸ ਲਾਉਣ ਦੇ ਵਿਰੋਧ ਸਣੇ ਚਹੇਤਿਆਂ ਨੂੰ ਠੇਕੇ ਦੇਣ ਦੇ ਦੋਸ਼ ਵੀ ਲਾਏ ਤੇ ਇਹ ਵੀ ਕਿਹਾ ਕਿ ਮੇਅਰ ਤੇ ਸਾਥੀ ਕੇਵਲ ਕੇਂਦਰ ਸਰਕਾਰ ਦੀਆਂ ਗਰਾਂਟਾਂ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨਾਲ ਹੀ ਆਪਣਾ ਨਾਮ ਚਮਕਾ ਰਹੇ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਉਕਾ ਹੀ ਕੁਝ ਨਹੀਂ ਦਿੱਤਾ ਜਾ ਰਿਹਾ ਜਿਸ ’ਤੇ ਅੰਦਰ ਦਾਖਲ ਹੋਈ ਪੁਲੀਸ ਨੇ ਉਸ ਨੂੰ ਜਬਰੀ ਹਾਊਸ ਵਿੱਚੋਂ ਬਾਹਰ ਕੱਢ ਦਿਤਾ। ਵਿਰੋਧੀ ਧਿਰਾਂ ਦੇ ਕੁਝ ਹੋਰ ਕੌਂਸਲਰਾਂ ਨੇ ਵੀ ਸੱਤਾਧਾਰੀ ਧਿਰ ’ਤੇ ਮਨਮਾਨੀਆਂ ਦੇ ਦੋਸ਼ ਲਾਏ ਤਾਂ ਕਾਫ਼ੀ ਵਿਵਾਦ ਪੈਦਾ ਹੋਇਆ। ਅਨੁਜ ਖੋਸਲਾ ਨੂੰ ਮੀਟਿੰਗ ਵਿੱਚੋਂ ਬਾਹਰ ਕੱਢਣ ’ਤੇ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ਤੇ ਹੋਰਾਂ ਨੇ ਨਿੰਦਾ ਕੀਤੀ।

