ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਸਤੰਬਰ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸਾ ਹੀ ਕਿਸਾਨ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਤੇ ਅਕਾਲੀ ਦਲ ਹੀ ਕਿਸਾਨਾਂ ਦੀ ਅਸਲ ਮਾਂ ਪਾਰਟੀ ਹੈ। ਇਸ ਲਈ ਅੱਜ ਵੀ ਕਿਸਾਨਾਂ ਦੇ ਸੰਘਰਸ਼ ਵਿਚ ਅਕਾਲੀ ਦਲ ਪੂਰੀ ਤਰਾਂ ਡਟ ਕੇ ਕਿਸਾਨਾਂ ਨਾਲ ਖੜ੍ਹਾ ਹੈ। ਊਹ ਅੱਜ ਇਥੇ ਸੀਨੀਅਰ ਅਕਾਲੀ ਨੇਤਾਵਾਂ ਦੀ ਹੰਗਾਮੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਕਿਸਾਨਾਂ ਨੂੰ ਅਨੇਕਾ ਸੁਪਨੇ ਵਿਖਾਏ ਹਨ, ਜਦੋਂ ਕਿ ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਉਲਟਾ ਕਿਸਾਨਾਂ ’ਤੇ ਕਈ ਖੇਤਰਾਂ ‘ਚੋਂ ਹੋਰ ਆਰਥਿਕ ਬੋਝ ਪਾ ਦਿੱਤਾ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਕਾਂਗਰਸ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਲੋਕ ਹੁਣ ਚੰਦ ਦਿਨ ਦੇ ਹੀ ਪ੍ਰਾਹੁਣੇ ਹਨ। ਇਸ ਮੌਕੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੇਲਪੁਰ, ਹਲਕਾ ਨਾਭਾ ਦੇ ਇੰਚਾਰਜ ਬਾਬੂ ਕਬੀਰ ਦਾਸ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣਾ, ਜਸਵਿੰਦਰ ਸਿੰਘ ਚੀਮਾ ਮੌਜੂਦ ਸਨ।