Ajitpal Singh Kohli: ਵਿਧਾਇਕ ਕੋਹਲੀ ਵੱਲੋਂ ਕੇਜਰੀਵਾਲ ਨਾਲ ਮੁਲਾਕਾਤ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਟਿਆਲਾ ਸ਼ਹਿਰ ਦੀ ਰਾਜਸੀ ਸਥਿਤੀ ਅਤੇ ਵਿਕਾਸ ਕਾਰਜਾਂ ’ਤੇ ਚਰਚਾ ਕੀਤੀ। ਵਿਧਾਇਕ ਕੋਹਲੀ ਨੇ ਪਾਰਟੀ ਸੁਪਰੀਮੋ ਨੂੰ ਸਾਢੇ ਚਾਰ ਸਾਲਾਂ ਦੌਰਾਨ ਹੋਏ ਕੰਮਾਂ ਅਤੇ...
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਟਿਆਲਾ ਸ਼ਹਿਰ ਦੀ ਰਾਜਸੀ ਸਥਿਤੀ ਅਤੇ ਵਿਕਾਸ ਕਾਰਜਾਂ ’ਤੇ ਚਰਚਾ ਕੀਤੀ। ਵਿਧਾਇਕ ਕੋਹਲੀ ਨੇ ਪਾਰਟੀ ਸੁਪਰੀਮੋ ਨੂੰ ਸਾਢੇ ਚਾਰ ਸਾਲਾਂ ਦੌਰਾਨ ਹੋਏ ਕੰਮਾਂ ਅਤੇ ਵੱਖ-ਵੱਖ ਮੁੱਦਿਆਂ ’ਤੇ ਆਧਾਰਿਤ ਵਿਸ਼ੇਸ਼ ਰਿਪੋਰਟ ਸੌਂਪੀ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸ੍ਰੀ ਕੋਹਲੀ ਨੇ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸੇ ਮਹੀਨੇ ਪਟਿਆਲੇ ਆਉਣਗੇ ਅਤੇ ਸ਼ਹਿਰ ਨੂੰ ਵੱਡੇ ਤੋਹਫ਼ੇ ਦੇ ਕੇ ਜਾਣਗੇ।
ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੇ ਸੁੰਦਰੀਕਰਨ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਵਿਧਾਇਕ ਨੇ ਇਤਿਹਾਸਕ ਕਾਲੀ ਦੇਵੀ ਮੰਦਿਰ ਦੇ ਚੱਲ ਰਹੇ ਨਵੀਨੀਕਰਨ ਦੇ ਪ੍ਰਾਜੈਕਟ ਬਾਰੇ ਸ੍ਰੀ ਕੇਜਰੀਵਾਲ ਨੂੰ ਦੱਸਿਆ। ਇਸ ਦੇ ਨਾਲ ਹੀ ਨਿਗਮ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਵੀ ਪਾਰਟੀ ਸੁਪਰੀਮੋ ਸਾਹਮਣੇ ਰੱਖਿਆ।
ਸ੍ਰੀ ਕੋਹਲੀ ਨੇ ਇੱਥੇ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਪਾਰਟੀ ਦਾ ਗ੍ਰਾਫ਼ ਬਹੁਤ ਉੱਚਾ ਗਿਆ ਹੈ। ‘ਆਪ’ ਆਪਣੇ ਕੀਤੇ ਹੋਏ ਸਾਰੇ ਵੱਡੇ ਵਾਅਦੇ ਪੂਰੇ ਕਰ ਚੁੱਕੀ ਹੈ ਅਤੇ ਮਹਿਲਾਵਾਂ ਨੂੰ ਮਹੀਨਾਵਾਰ ਰਕਮ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਹੁਣ ਸਿਆਸੀ ਲੀਹ ਤੋਂ ਲੱਥ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਮੇਂ ਪਟਿਆਲਾ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਚੱਲ ਰਹੇ ਹਨ ਜਿਨ੍ਹਾਂ ਨਾਲ ਸ਼ਹਿਰ ਦੀ ਨੁਹਾਰ ਬਦਲ ਰਹੀ ਹੈ। ਅਗਲੇ ਚਾਰ ਮਹੀਨਿਆਂ ’ਚ ਸਾਰੇ ਅਧੂਰੇ ਅਤੇ ਪੈਂਡਿੰਗ ਪਏ ਪ੍ਰਾਜੈਕਟਾਂ ਨੂੰ ਮੁਕੰਮਲ ਕਰ ਕੇ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
