ਖੇਤੀ ਕਾਨੂੰਨ: ਕਿਸਾਨ ਤੇ ਸਹਿਯੋਗੀ ਧਿਰਾਂ ਸੰਘਰਸ਼ ’ਤੇ ਡਟੀਆਂ

ਖੇਤੀ ਕਾਨੂੰਨ: ਕਿਸਾਨ ਤੇ ਸਹਿਯੋਗੀ ਧਿਰਾਂ ਸੰਘਰਸ਼ ’ਤੇ ਡਟੀਆਂ

ਪਟਿਆਲਾ ਵਿਚ ਇੱਕ ਪੈਟਰੋਲ  ਪੰਪ ’ਤੇ ਧਰਨੇ ਨੂੰ ਸੰਬੋਧਨ ਕਰਦੀ ਹੋਈ ਮਹਿਲਾ।

ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ

ਖੇਤੀ ਵਿਰੋਧੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ  ਕਿਸਾਨਾਂ ਤੇ ਹੋਰਨਾਂ ਸਹਿਯੋਗੀ ਧਿਰਾਂ ਵੱਲੋਂ ਜ਼ਿਲ੍ਹੇ  ਭਰ ਵਿਚਲੇ ਟੌਲ ਪਲਾਜ਼ਿਆਂ ਅਤੇ ਪੈਟਰੋਲ ਪੰਪਾਂ ’ਤੇ ਧਰਨੇ ਅੱਜ ਵੀ ਜਾਰੀ ਰੱਖੇ ਗਏ। ਇਸ ਦੌਰਾਨ ਕਿਸਾਨ  ਅਤੇ ਕਿਸਾਨ ਬੀਬੀਆਂ ਸਣੇ ਬੱਚਿਆਂ  ਨੇ ਵੀ ਮੰਚ ਤੋਂ ਵਿਚਾਰ ਪੇਸ਼ ਕਰਦਿਆਂ, ਕਿਸਾਨੀ ਤੇ ਕਿਸਾਨ  ਪਰਿਵਾਰਾਂ ਦੀ  ਵਿਥਿਆ ਸੁਣਾਉਣ ਸਣੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਭੰਡਿਆ ਗਿਆ।

ਰਾਜਪੁਰਾ ਰੋਡ ’ਤੇ ਧਰੇੜੀ ਜੱਟਾਂ ਕੌਮੀ  ਟੌਲ ਪਲਾਜ਼ੇ ਉੱਪਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸਾਂਝੀ ਅਗਵਾਈ ’ਚ ਅੱਜ 28ਵੇਂ ਦਿਨ ਵੀ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਰਿਹਾ। ਅੱਜ ਦੇ ਧਰਨੇ ਨੂੰ ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਬੀਕੇਯੂ ਸਿੱਧੂਪੁਰ ਦੇ ਆਗੂ ਗਿਆਨ ਸਿੰਘ ਰਾਏਪੁਰ, ਹਾਕਮ ਸਿੰਘ ਮਹਿਮੂਦਪੁਰ, ਸੁਰਿੰਦਰ ਸਿੰਘ ਮਹਿਮੂਦਪੁਰ, ਸੇਵਾ ਸਿੰਘ ਤੇ ਰਾਮ ਕਰਨ   ਸਣੇ ਹੋਰਾਂ ਨੇ ਸੰਬੋਧਨ ਕੀਤਾ। ਆਗੂਆਂ ਆਖਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਡਰਾਉਣ ਦੀਆਂ ਫੋਕੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਫੂਕਣ ਦੇ ਮਾਮਲੇ  ’ਚ ਚੋਖੇ ਜੁਰਮਾਨੇ ਤੇ ਪੰਜ  ਸਾਲ ਤੱਕ ਦੀ ਸਜ਼ਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ ਤੇ ਕਿਸਾਨ ਅਜਿਹੇ ਫ਼ੈਸਲਿਆਂ ਨੂੰ ਪ੍ਰਵਾਨ ਨਹੀਂ ਚੜ੍ਹਨ ਦੇਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਦੀ ਸੰਭਾਲ਼ ਸਰਕਾਰ ਦੀ ਜ਼ਿੰਮੇਵਾਰ ਬਣਦੀ ਹੈ, ਪਰ ਹਕੂਮਤ ਇਸ ਤੋਂ ਭੱਜ ਰਹੀ ਹੈ। ਪੰਜਾਬ ’ਚ ਮਾਲ ਗੱਡੀਆਂ ਬੰਦ ਕਰਨ ਦੇ ਫ਼ੈਸਲੇ ਲਈ ਹਕੂਮਤ ਨੂੰ ਇਸ ਦੇ ਗੰਭੀਰ ਸਿੱੱਟੇ ਭੁਗਤਣੇ ਪੈਣਗੇ। 

 ਇਸੇ ਦੌਰਾਨ ਬੀਕੇਯੂ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਦੀ ਅਗਵਾਈ ਹੇਠਾਂ ਜਿੱਥੇ ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਰੇਲ ਮਾਰਗ ’ਤੇ ਪੱਕਾ ਮੋਰਚਾ ਲਾਇਆ ਹੋਇਆ ਹੈ, ਉੱਥੇ ਹੀ ਯੂਨੀਅਨ ਨੇ ਜ਼ਿਲ੍ਹੇ  ਭਰ ਵਿਚ ਅੱਧੀ ਦਰਜਨ ਪੈਟਰੋਲ ਪੰਪਾਂ ਅਤੇ ਇੱਕ ਭਾਜਪਾ  ਨੇਤਾ ਦੇ ਘਰ ਅੱਗੇ ਵੀ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨ ਨੇਤਾ ਰਘਬੀਰ ਸਿੰਘ ਨਿਆਲ਼ ਨੇ ਕਿਹਾ ਕਿ ਉਗਰਾਹਾਂ ਗਰੁੱਪ ਦੇ ਇਨ੍ਹਾਂ ਧਰਨਿਆਂ ਵਿਚ  ਕਿਸਾਨ ਬੀਬੀਆਂ ਅਤੇ ਬੱਚੇ ਵੀ ਹਿੱਸਾ  ਲੈ ਰਹੇ ਹਨ ਤੇ ਬੀਬੀਆਂ ਵੱਲੋਂ ਮੰਚ ’ਤੇ ਤਕਰੀਰਾਂ ਵੀ ਕੀਤੀਆਂ ਜਾ ਰਹੀਆਂ  ਹਨ।

ਉਧਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਕਿਸਾਨ ਧਿਰਾਂ ਵੱਲੋਂ ਅਸਰਪੁਰ ਚੁਪਕੀ, ਕਲਿਆਣ ਅਤੇ ਚਹਿਲ ਆਦਿ ਟੌਲ  ਪਲਾਜ਼ਿਆਂ ਸਣੇ ਹੋਰਨਾਂ  ਥਾਵਾਂ ’ਤੇ ਵੀ ਪੱਕੇ ਧਰਨੇ ਚਲਾਏ ਜਾ ਰਹੇ ਹਨ।

ਪ੍ਰਦੂਸ਼ਣ ਆਰਡੀਨੈਂਸ ਬਦਲਾਖੋਰੀ ਵਾਲਾ ਫ਼ੈਸਲਾ: ਕਿਸਾਨ ਆਗੂ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਅੱਜ ਕਿਸਾਨ ਜਥੇਬੰਦੀਆਂ ਨੇ ਪਰਾਲੀ ਫੂਕਣ ’ਤੇ ਕਿਸਾਨ ਨੂੰ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਕੈਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ਤੋਂ ਘਬਰਾਹਟ ਆ ਕੇ ਅਜਿਹੇ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੇਂਦਰ ਦੀ ਬਦਲਾਖੋਰੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕਿਸੇ ਦਬਾਅ ਅੱਗੇ ਝੁਕਣਗੀਆਂ ਨਹੀਂ। ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਆਗੂਆਂ ਨੂੰ ਉਕਸਾਊ ਸ਼ਬਦਾਵਲੀ ਵਰਤੋਂ ਤੋਂ ਵਰਜਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All