ਜੈਸਮੀਨ ਭਾਰਦਵਾਜ
ਨਾਭਾ, 21 ਸਤੰਬਰ
ਰਾਜ ਸਭਾ ਵਿੱਚ ਖੇਤੀ ਬਿੱਲ ਨੂੰ ‘ਜ਼ਬਰੀ’ ਪਾਸ ਕਰਨ ਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੰਸਦ ਵਿੱਚ ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਚੁੱਕਣ ਦੇ ਬਾਵਜੂਦ ਵੋਟਾਂ ਨਾ ਪੁਆ ਕੇ ਜ਼ੁਬਾਨੀ ਪਾਸ ਕਰਵਾਉਣ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਨੂੰ ਬਿੱਲ ਪਾਸ ਨਾ ਹੋਣ ਦਾ ਖਦਸ਼ਾ ਸੀ, ਇਸ ਲਈ ਲੋਕਤੰਤਰ ਦਾ ਘਾਣ ਕੀਤਾ ਗਿਆ। ਮੰਤਰੀ ਧਰਮਸੋਤ ਨੇ ਅੱਜ ਸਾਬਕਾ ਕਾਂਗਰਸ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਕਈ ਵਾਰਡਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਪਟਿਆਲਾ ਗੇਟ ਧਰਨਾ ’ਤੇ ਧਰਨਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਬਿੱਲ ਭਾਵੇਂ ਰਾਜ ਸਭਾ ਵਿਚ ਪਾਸ ਹੁੰਦਾ ਜਾਂ ਫੇਲ੍ਹ ਪਰ ਇਸਦੇ ਲਈ ਪ੍ਰਕਿਰਿਆ ਨੂੰ ਛਿੱਕੇ ਟੰਗਣਾ ਤਾਨਾਸ਼ਾਹੀ ਮਾਨਸਿਕਤਾ ਨੂੰ ਜਾਹਰ ਕਰਦਾ ਹੈ।
ਮਾਰਚ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਅਤੇ ਹੋਰ ਕੌਂਸਲਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਤਰੀ ਧਰਮਸੋਤ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀ ਬਿੱਲ ’ਤੇ ਦਸਤਖ਼ਤ ਨਾ ਕਰਨ ਅਤੇ ਇਸ ਨੂੰ ਵਾਪਸ ਮੋੜ ਦੇਣ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ) : ਇੱਥੋਂ ਦੇ ਗਗਨ ਚੌਂਕ, ਬਸੰਤਪੁਰਾ, ਖਰੋਲਾ ਸਮੇਤ ਹੋਰਨਾਂ ਪਿੰਡਾਂ ਵਿੱਚ ਕਾਂਗਰਸ ਕਾਰਕੁਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਖੇਤੀ ਬਿੱਲਾਂ ਦੇ ਖ਼ਿਲਾਫ਼਼ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਜ਼ਿਲ੍ਹਾ ਆਗੂ ਸੁਖਦੇਵ ਸਿੰਘ ਬਾਸਮਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਵਿਨੈ ਨਿਰੰਕਾਰੀ ਅਤੇ ਭੁਪਿੰਦਰ ਸੈਣੀ ਦੀ ਅਗਵਾਈ ਵਿੱਚ ਰੋਸ ਧਰਨੇ ਦਿੱਤੇ ਗਏ। ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਕਾਂਗਰਸੀ ਕਾਰਕੁਨ ਪੂਰਾ ਸਮਰਥਨ ਦੇਣਗੇ।
ਘਨੌਰ (ਪੱਤਰ ਪ੍ਰੇਰਕ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਬਿੱਲ ਬਣਾਉਣ ਖਿਲਾਫ਼ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੀ ਤਿਆਰੀ ਸਬੰਧੀ ਖੇਤ ਮਜ਼ਦੂਰਾਂ ਦੀ ਲਾਮਬੰਦੀ ਮੀਟਿੰਗਾਂ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਡਾ. ਵਿਜੈਪਾਲ ਘਨੌਰ, ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ, ਜ਼ਿਲ੍ਹਾ ਆਗੂ ਪ੍ਰੇਮ ਸਿੰਘ ਘਨੌਰ ਅਤੇ ਨੌਜਵਾਨ ਆਗੂ ਜਸਪਾਲ ਕੁਮਾਰ ਦੀ ਸਾਂਝੀ ਅਗਵਾਈ ਹੇਠ ਪਿੰਡ ਹਰੀਮਾਜਰਾ, ਘਨੌਰੀ ਖੇੜਾ ਅਤੇ ਸਨੌਲੀਆਂ ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਹੋਈਆਂ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਸੜਕੀ ਆਵਾਜਾਈ ਠੱਪ ਕਰਕੇ ਰੋਸ ਧਰਨੇ ਦਿੱਤੇ ਜਾਣਗੇ।
ਘਨੌਰ (ਗੁਰਪ੍ਰੀਤ ਸਿੰਘ) : ਹਲਕਾ ਘਨੌਰ ਦੇ ਕਾਂਗਰਸੀ ਕਾਰਕੁਨਾਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਪਿੰਡ ਲੋਹਸਿੰਬਲੀ, ਮਿਰਜਾਪੁਰ, ਸੰਧਾਰਸੀ, ਮੰਡੌਲੀ ਤੇ ਪਹਿਰ ਕਲਾਂ ਸਣੇ ਦਰਜਨਾਂ ਪਿੰਡਾਂ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ, ਸਰਪੰਚ ਦਰਸ਼ਨ ਸਿੰਘ ਮੰਡੌਲੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਕਾਂਗਰਸ ਆਗੂਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਖੇਤੀ ਵਿਰੋਧੀ ਬਿੱਲ ਲਿਆਉਣ ਨਾਲ ਭਾਜਪਾ ਦੀ ਕੇਂਦਰੀ ਸਰਕਾਰ ਦਾ ਅਸਲ ਚਿਹਰਾ ਜੱਗ ਜਾਹਰ ਹੋ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਬਿੱਲ ਰੱਦ ਕਰਨ ਦੀ ਮੰਗ ਕੀਤੀ।
ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਦੀ ਹਮਾਇਤ
ਰਾਜਪੁਰਾ (ਪੱਤਰ ਪ੍ਰੇਰਕ): ਖੇਤੀ ਬਿੱਲਾਂ ਦੇ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਵੱਲੋਂ ਹਰਦੀਪ ਸਿੰਘ ਲਾਡਾ, ਹਰੀਚੰਦ ਫੌਜੀ, ਓਮ ਪ੍ਰਕਾਸ਼ ਭਟੇਜਾ, ਪਰਮੋਦ ਬੱਬਰ ਅਤੇ ਮੇਜਰ ਸਿੰਘ ਲਹਿਲ ਦੀ ਅਗਵਾਈ ਵਿੱਚ ਅਨਾਜ ਮੰਡੀ ਤੋਂ ਪਟਿਆਲਾ ਰੋਡ ਤੱਕ ਭਾਜਪਾ ਸਰਕਾਰ ਖਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਦੇ ਕਾਨੂੰਨ ਬਣਨ ਮਗਰੋਂ ਕਿਸਾਨ, ਆੜ੍ਹਤੀ, ਮਜ਼ਦੂਰ ਅਤੇ ਅਨਾਜ ਮੰਡੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜੁੜੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਆੜ੍ਹਤੀ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਵਜੋਂ ਉਹ ਆਪਣੇ ਕਾਰੋਬਾਰ ਬੰਦ ਰੱਖਣਗੇ।