ਪੰਜਾਬੀ ਯੂਨੀਵਰਸਿਟੀ ਅਤੇ ਐੱਸ ਬੀ ਆਈ ਦਰਮਿਆਨ ਅੱਜ ਇੱਕ ਇਕਰਾਰਨਾਮਾ ਹੋਇਆ ਹੈ ਜਿਸ ਦੌਰਾਨ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਇਕਰਾਰਨਾਮੇ ’ਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਐੱਸ ਬੀ ਆਈ ਵੱਲੋਂ ਡਿਪਟੀ ਜਨਰਲ ਮੈਨੇਜਰ ਰਵਿੰਦਰ ਕੁਮਾਰ ਗੁਪਤਾ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਸਹੀ ਪਾਈ। ਇਸ ਮੌਕੇ ਉਪ-ਕੁਲਪਤੀ ਦਾ ਕਹਿਣਾ ਸੀ ਕਿ ਕਰਮਚਾਰੀ ਅਤੇ ਪੈਨਸ਼ਨਰ ਸਾਡੀ ਸੰਸਥਾ ਦੀ ਅਸਲ ਤਾਕਤ ਹਨ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡਾ ਫ਼ਰਜ਼ ਹੈ। ਸਾਡਾ ਮਕਸਦ ਸਟਾਫ਼ ਨੂੰ ਅਜਿਹਾ ਮਾਹੌਲ ਦੇਣਾ ਹੈ ਜਿੱਥੇ ਉਹ ਆਰਥਿਕ ਪੱਖੋਂ ਨਿਸ਼ਚਿੰਤ ਹੋ ਕੇ ਯੂਨੀਵਰਸਿਟੀ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਐੱਸ ਬੀ ਆਈ ਪਟਿਆਲਾ ਤੋਂ ਰੀਜਨਲ ਮੈਨੇਜਰ ਰਮੇਸ਼ ਕੁਮਾਰ ਨੇਗੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਵਿੱਤ ਅਫ਼ਸਰ ਡਾ. ਬੀ ਬੀ ਸਿੰਗਲਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਪੰਜਾਬੀ ਯੂਨੀਵਰਸਿਟੀ ਵਿਚਲੀ ਐੱਸ ਬੀ ਆਈ ਸ਼ਾਖਾ ਦੇ ਚੀਫ਼ ਮੈਨੇਜਰ ਸ਼ਿਵਾਨੀ ਰਜਤ ਸ਼ਰਮਾ ਨੇ ਇਕਰਾਰਨਾਮੇ ਦੀਆਂ ਸ਼ਰਤਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਜੇਕਰ ਨੌਕਰੀ ਦੌਰਾਨ ਕਿਸੇ ਵੀ ਕਰਮਚਾਰੀ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦੀ ਲਾਈਫ਼ ਟਰਮ ਬੀਮਾ ਰਾਸ਼ੀ ਬੈਂਕ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰ੍ਹਾਂ ਐਕਸੀਡੈਂਟਲ ਬੀਮਾ ਰਾਸ਼ੀ ਦਾ 1.6 ਕਰੋੜ ਰੁਪਏ ਦਾ ਕਵਰ ਸ਼ਾਮਲ ਹੈ ਤੇ ਇਸ ’ਚ ਡਿਸੇਬਲਟੀ ਨੂੰ ਵੀ ਕਵਰ ਕੀਤਾ ਜਾਂਦਾ ਹੈ। ਕਰਮਚਾਰੀਆਂ ਦੇ ਏ.ਟੀ.ਐੱਮ. ਦੇ ਚਾਰਜਿਜ ਵੀ 50 ਫ਼ੀਸਦੀ ਘਟ ਜਾਣਗੇ ਤੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਵੀ ਸਹੂਲਤਾਂ ਹੋਣਗੀਆਂ। ਕਰਮਚਾਰੀਆਂ ਲਈ ਲੌਕਰ ਦੀ ਫੀਸ ਵਿੱਚ 50 ਫ਼ੀਸਦੀ ਜਦੋਂਕਿ ਪਰਿਵਾਰਕ ਮੈਂਬਰ ਦੀ ਲੌਕਰ ਫ਼ੀਸ ਵਿੱਚ 10 ਫ਼ੀਸਦੀ ਛੋਟ ਮਿਲੇਗੀ। ‘ਰਿਸ਼ਤੇ ਸਕੀਮ’ ਤਹਿਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਖਾਤਾ ਭਾਵੇਂ ਪੂਰੇ ਭਾਰਤ ਵਿੱਚ ਕਿਸੇ ਵੀ ਐੱਸ ਬੀ ਆਈ ਸ਼ਾਖਾ ਵਿੱਚ ਹੋਵੇ, ਉਹ ਵੀ ਕਰਮਚਾਰੀਆਂ ਵਾਂਗ ਮੁਫ਼ਤ ਆਰ ਟੀ ਜੀ ਐੱਸ ਸੇਵਾਵਾਂ, ਮੁਫ਼ਤ ਐੱਨ ਈ ਐੱਫ ਟੀ ਸੇਵਾਵਾਂ, ਮੁਫ਼ਤ ਚੈੱਕ-ਬੁੱਕ ਆਦਿ ਦੇ ਲਾਭ ਸਬੰਧੀ ਸਹੂਲਤ ਪ੍ਰਾਪਤ ਕਰ ਸਕਣਗੇ। ਇਸੇ ਤਰ੍ਹਾਂ ਐੱਸ ਬੀ ਆਈ ਦੇ ਸਿਹਤ ਬੀਮਾ (ਹੈਲਥ ਕਵਰ ਸਫਾਇਰ) ਦੀ ਪ੍ਰੀਮੀਅਮ ਰਾਸ਼ੀ ਵਿੱਚ ਵੀ 50 ਫ਼ੀਸਦੀ ਤੱਕ ਦੀ ਛੋਟ ਮਿਲੇਗੀ। ਇਹ ਸਾਰੀਆਂ ਸਹੂਲਤਾਂ ਸਿਰਫ਼ ਪੰਜਾਬੀ ਯੂਨੀਵਰਸਿਟੀ ਵਿਚਲੀ ਸ਼ਾਖਾ ਵਿੱਚ ਹੀ ਉਪਲਬਧ ਨਹੀਂ ਬਲਕਿ ਪੂਰੇ ਦੇਸ ਵਿੱਚ ਹਰੇਕ ਐੱਸ ਬੀ ਆਈ ਸ਼ਾਖਾ ਵਿੱਚ ਮਿਲਣਗੀਆਂ।

