ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਸਤੰਬਰ
‘ਆਪ’ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਹਸਪਤਾਲਾਂ ਨੂੰ ਅੱਪਗਰੇਡ ਕਰਨ ਲਈ ਸਿਹਤ ਵਿਭਾਗ ਦਾ ਰਾਜ ਪੱਧਰੀ ਸਮਾਗਮ 2 ਅਕਤੂਬਰ ਨੂੰ ਪਟਿਆਲਾ ’ਚ ਕੀਤਾ ਜਾ ਰਿਹਾ ਹੈ। ਉਧਰ ਰਾਜਸੀ ਵਿਰੋਧੀ ਆਗੂਆਂ ਨੇ ਸਰਕਾਰ ’ਤੇ ਆਪਣੀਆਂ ਰਾਜਸੀ ਸਰਗਰਮੀਆਂ ’ਤੇ ਸਰਕਾਰੀ ਧਨ ਦੀ ਬਰਬਾਦੀ ਕਰਨ ਦੇ ਇਲਜ਼ਾਮ ਲਾਏ ਹਨ। ਇਸ ਦੌਰਾਨ ਸਰਕਾਰੀ ਸਮਾਗਮਾਂ ਦੇ ਬਹਾਨੇ ਸਰਕਾਰੀ ਧਨ, ਸਰਕਾਰੀ ਅਮਲੇ ਫੈਲੇ ਅਤੇ ਸਰਕਾਰੀ ਮਸ਼ੀਨਰੀ ਜ਼ਰੀਏ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਖਾਤਰ ‘ਚੋਣ ਰੈਲੀਆਂ’ ਕਰਨ ਦੇ ਦੋਸ਼ ਲਾਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰੱਖੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਝਿੰਜਰ, ਪਾਰਟੀ ਦੇ ਬੁਲਾਰੇ ਚਰਨਜੀਤ ਬਰਾੜ, ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਹਲਕਾ ਇੰਚਾਰਜ ਹਰਪਾਲ ਜੁਨੇਜਾ, ਭੁਪਿੰਦਰ ਸ਼ੇਖੂਪੁਰ, ਕਬੀਰਦਾਸ, ਬਿੱਟੂ ਚੱਠਾ ਤੇ ਮਦਨ ਭਾਰਦਵਾਜ ਨੇ ‘ਆਪ’ ਉੱਤੇ ਸਰਕਾਰੀ ਸਮਾਗਮਾਂ ਬਹਾਨੇ ਰਾਜਸੀ ਰੈਲੀਆਂ ਕਰ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ।
ਇਸੇ ਤਰ੍ਹਾਂ ਭਾਜਪਾ ਦੇ ਰਾਜਪੁਰਾ ਤੋਂ ਹਲਕਾ ਇੰਚਾਰਜ ਜਗਦੀਸ਼ ਜੱਗਾ, ਜ਼ਿਲ੍ਹਾ ਪ੍ਰਧਾਨ ਸੁਰਜੀਤ ਗੜ੍ਹੀ, ਭਾਜਪਾ ਯੁਵਾ ਮੋਰਚੇ ਦੇ ਸੂਬਾਈ ਪ੍ਰਧਾਨ ਕੰਵਰਦੀਪ ਟੌਹੜਾ, ਜੈਸਲੀਨ ਕਾਲੇਕਾ, ਗੁਰਤੇਜ ਢਿੱਲੋਂ, ਜਸਪਾਲ ਗਗਰੌਲਾ ਤੇ ਡਾ. ਹਰਦੀਪ ਸਨੌਰ ਨੇ ਵੀ ਇਸ ਮੁੱਦੇ ’ਤੇ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਅੰਮ੍ਰਿਤਸਰ ’ਚ ਸਿੱਖਿਆ ਦੇ ਨਾਮ ’ਤੇ ਵੀ ਅਜਿਹੀ ਰੈਲੀ ਕੀਤੀ ਜਾ ਚੁੱਕੀ ਹੈ ਤੇ ਹੁਣ ਪਟਿਆਲਾ ’ਚ ਸਿਹਤ ਵਿਭਾਗ ਦੇ ਸਮਾਗਮ ਦਾ ਨਾਮ ਦੇ ਕੇ ਰਾਜਸੀ ਚੋਣ ਰੈਲੀ ਦੀ ਤਿਆਰੀ ਹੈ।
ਵਿਰੋਧੀ ਬੁਖਲਾਏ: ਬਲਜਿੰਦਰ ਢਿੱਲੋਂ
ਵਿਰੋਧੀਆਂ ਦੀ ਅਜਿਹੇ ਬਿਆਨਾਂ ’ਤੇ ਤਨਜ ਕੱਸਦਿਆਂ ‘ਆਪ’ ਦੇ ਸੂਬਾਈ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ ਅਤੇ ਇੰਦਰਜੀਤ ਸੰਧੂ ਨੇ ਇਸ ਨੂੰ ਵਿਰੋਧੀਆਂ ਦੀ ਬੁਖਲਾਹਟ ਦੀ ਨਿਸ਼ਾਨੀ ਦੱਸਿਆ ਹੈ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹੜਾਣਾ ਨੇ ਕਿਹਾ ਕਿ ਸਰਕਾਰ ਅਤੇ ‘ਆਪ’ ਦੀ ਲਗਾਤਾਰ ਵਧ ਰਹੀ ਲੋਕਪ੍ਰਿਯਤਾ ਤੇ ਚੜ੍ਹਤ ਨੂੰ ਵੇਖ ਕੇ ਰਾਜਸੀ ਵਿਰੋਧੀ ਬੁਖਲਾਏ ਹੋਏ ਹਨ।