ਟੈਕਸੀ ਚਾਲਕ ਦੇ ਕਤਲ ਮਾਮਲੇ ਵਿੱਚ ਸਾਥੀ ਗ੍ਰਿਫ਼ਤਾਰ : The Tribune India

ਟੈਕਸੀ ਚਾਲਕ ਦੇ ਕਤਲ ਮਾਮਲੇ ਵਿੱਚ ਸਾਥੀ ਗ੍ਰਿਫ਼ਤਾਰ

ਟੈਕਸੀ ਚਾਲਕ ਦੇ ਕਤਲ ਮਾਮਲੇ ਵਿੱਚ ਸਾਥੀ ਗ੍ਰਿਫ਼ਤਾਰ

ਮੁਲਜ਼ਮ ਪੁਲੀਸ ਦੀ ਹਿਰਾਸਤ ਵਿੱਚ।

ਸਰਬਜੀਤ ਸਿੰਘ ਭੰਗੂ

ਪਟਿਆਲਾ, 7 ਦਸੰਬਰ

ਪਿਛਲੇ ਦਿਨੀ ਇਥੇ ਬੱਸ ਸਟੈਂਡ ਦੇ ਨੇੜੇ ਰਾਤ ਸਮੇਂ ਨੇੜਲੇ ਪਿੰਡ ਜਾਹਲ਼ਾਂ ਦੇ ਵਾਸੀ ਟੈਕਸੀ ਚਾਲਕ ਦਵਿੰਦਰ ਸਿੰਘ ਦੇ ਕਤਲ ਦਾ ਪੁਲੀਸ ਵੱਲੋਂ ਸੁਰਾਗ ਲਾ ਲਿਆ ਗਿਆ ਹੈ। ਇਸ ਸਬੰਧੀ ਇਕ ਹੋਰ ਟੈਕਸੀ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਇਸ ਸਬੰਧੀ ਨੇੜਲੇ ਪਿੰਡ ਜੱਸਵਾਲ਼ ਦੇ ਵਸਨੀਕ ਹਰਦੀਪ ਕੁਮਾਰ ਉਰਫ਼ ਲੱਡੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਵੀ ਟੈਕਸੀ ਚਾਲਕ ਹੈ। ਸੰਪਰਕ ਕਰਨ ’ਤੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਹ ਦੋਵੇਂ ਜਣੇ ਵੱਖ ਵੱਖ ਥਾਵਾਂ ’ਤੇ ਮਹਿੰਦਰਾ ਪਿੰਕ ਗੱਡੀਆਂ ਚਲਾਉਣ ਦਾ ਕੰਮ ਕਰਦੇ ਹਨ। 3 ਅਤੇ 4 ਦਸੰਬਰ ਦੀ ਰਾਤ ਨੂੰ ਜਦੋਂ ਜਦੋਂ ਇਹ ਦੋਵੇਂ ਸ਼ਰਾਬ ਪੀ ਰਹੇ ਸਨ, ਤਾਂ ਇਥੇ ਹੀ ਵੱਖਰੇ ਤੌਰ ’ਤੇ ਸ਼ਰਾਬ ਪੀ ਰਹੇ ਅੱਠ ਨੌਂ ਹੋਰਾਂ ਦੇ ਨਾਲ਼ ਲੱਡੂ ਦਾ ਝਗੜਾ ਹੋ ਗਿਆ। ਇਸ ਦੌਰਾਨ ਜਦੋਂ ਲੱਡੂ ਇੱਕ ਅਣਪਛਾਤੇ ਵਿਅਕਤੀ ਦੇ ਤਿੱਖਾ ਸੂਆ ਮਾਰਨ ਲੱਗਾ, ਤਾਂ ਇਹ ਸੂਆ ਉਸ ਤੋਂ ਗਲਤੀ ਨਾਲ ਦਵਿੰਦਰ ਸਿੰਘ ਦੇ ਹੀ ਵੱਜ ਗਿਆ। ਕਿਉਂਕਿ ਉਸ ਨੂੰ ਪਤਾ ਨਹੀਂ ਲੱਗਾ ਕਿ ਜਿਸ ’ਤੇ ਉਹ ਵਾਰ ਕਰ ਰਿਹਾ ਹੈ, ਇਹ ਉਸ ਦਾ ਹੀ ਸਾਥੀ ਦਵਿੰਦਰ ਸਿੰਘ ਹੈ। ਸੂਆ ਲੱਗਣ ਕਾਰਨ ਦਵਿੰਦਰ ਸਿੰਘ ਦੀ ਮੌਤ ਹੋ ਗਈ ਜਿਸ ਮਗਰੋਂ ਲੱਡੂ ਫਰਾਰ ਹੋ ਗਿਆ। ਬਾਅਦ ’ਚ ਇਸ ਸਬੰਧੀ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਕਿਉਂਕਿ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਇਹ ਕਤਲ ਕਿਸ ਨੇ ਕੀਤਾ ਹੈ ਜਿਸ ਕਰਕੇ ਥਾਣਾ ਮੁਖੀ ਇੰਸਪੈਕਟਰ ਅਮਨਦੀਪ ਬਰਾੜ ਤੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਦੀਆਂ ਟੀਮਾਂ ਵੱਲੋਂ ਕੀਤੀ ਛਾਣਬੀਣ ਦੌਰਾਨ ਸਥਿਤੀ ਸਪੱਸ਼ਟ ਹੋਈ ਕਿ ਦਵਿੰਦਰ ਸਿੰਘ ਦੀ ਹੱਤਿਆ ਹਰਦੀਪ ਕੁਮਾਰ ਲੱਡੂ ਵੱਲੋਂ ਕੀਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All