‘ਆਪ’ ਵਰਕਰਾਂ ਨੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
ਭਾਜਪਾ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ‘ਆਪ’ ਆਗੂਆਂ ਅਤੇ ਵਰਕਰਾਂ ਨੇ ਸਥਾਨਕ ਬੱਸ ਅੱਡੇ ਨੇੜੇ ਰੋਸ ਮੁਜ਼ਾਹਰਾ ਕੀਤਾ ਤੇ ਰਾਜ ਸਭਾ ਮੈਂਬਰਾਂ ਦੇ...
ਭਾਜਪਾ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ‘ਆਪ’ ਆਗੂਆਂ ਅਤੇ ਵਰਕਰਾਂ ਨੇ ਸਥਾਨਕ ਬੱਸ ਅੱਡੇ ਨੇੜੇ ਰੋਸ ਮੁਜ਼ਾਹਰਾ ਕੀਤਾ ਤੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ ਗਏ। ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਹ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੀ ਬਦੌਲਤ ਅਤੇ ਲੋਕਾਂ ਦੇ ਵਿਸ਼ਵਾਸ ਸਦਕਾ ਉੱਚੇ ਅਹੁਦਿਆਂ ਤੱਕ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਇਨ੍ਹਾਂ ਨੂੰ ਪਛਾਣ ਦਿੱਤੀ, ਉਸੇ ਨਾਲ ਧੋਖਾ ਕਰਕੇ ਭਾਜਪਾ ਵਿੱਚ ਸ਼ਾਮਲ ਹੋਣਾ ਸਿਆਸੀ ਗ਼ੱਦਾਰੀ ਦੀ ਸਭ ਤੋਂ ਵੱਡੀ ਮਿਸਾਲ ਹੈ। ਹਡਾਣਾ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਲਾਲਚ ਜਾਂ ਡਰਾ-ਧਮਕਾ ਕੇ ਆਪਣੇ ਵੱਲ ਖਿੱਚ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕਾਪ੍ਰਸਤ ਆਗੂਆਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ, ਕਿਉਂਕਿ ਪਾਰਟੀ ਦੀ ਅਸਲ ਤਾਕਤ ਇਸ ਦੇ ਇਮਾਨਦਾਰ ਵਾਲੰਟੀਅਰ ਅਤੇ ਜਨਤਾ ਹੈ। ਪੁਤਲੇ ਸਾੜਨ ਮੌਕੇ ਮੌਜੂਦ ‘ਆਪ’ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਨਾਲ ਗ਼ੱਦਾਰੀ ਕੀਤੀ ਹੈ, ਉਨ੍ਹਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਇਸ ਮੌਕੇ ਮਾਰਕੀਟ ਕਮੇਟੀ ਚੇੇਅਰਮੈਨ ਬਲਦੇਵ ਸਿੰਘ, ਨਗਰ ਪੰਚਾਇਤ ਪ੍ਰਧਾਨ ਸ਼ਿਵੰਦਰ ਕੌਰ ਧੰਜੂ, ਚੇਅਰਮੈਨ ਸਰਬਜੀਤ ਸਿੰਘ ਨੈਣਾਂ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ, ਜ਼ਿਲ੍ਹਾ ਪਰਿਸ਼ਦ ਮੈਂਬਰ ਗੋਪੀ ਰਾਜਗੜ੍ਹ, ਪ੍ਰਧਾਨ ਵੇਦ ਪ੍ਰਕਾਸ਼ ਗਰਗ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਉਪ ਚੇਅਰਮੈਨ ਸਿਮਰਜੀਤ ਸਿੰਘ ਸੋਹਲ, ਰਾਜਾ ਧੰਜੂ, ਸਿਰੀ ਰਾਮ ਗੁਪਤਾ, ਪ੍ਰੇਮ ਖਨੇਜਾ, ਮਨਜਿੰਦਰ ਸਿੰਘ ਸੰਧਰ ਹਾਜ਼ਰ ਸਨ।

