ਵਾਰਡ ਪੰਜ ਤੋਂ ‘ਆਪ’ ਕੌਂਸਲਰ ਪਰਮਜੀਤ ਕੌਰ ਦੇ ਪਤੀ ਅਤੇ ‘ਆਪ’ ਦੇ ਸੀਨੀਅਰ ਆਗੂ ਅਤੇ ਕਾਰ ਬਾਜ਼ਾਰ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ‘ਆਪ’ ਆਗੂ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ਪਟਿਆਲਾ ਰੋਡ ’ਤੇ ਹੇਅਰ ਡਰੈਸਰ ਦੀ ਦੁਕਾਨ ਤੋਂ ਘਰ ਵੱਲ ਜਾ ਰਹੇ ਸਨ ਤਾਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸੰਗਰੂਰ ਰੋਡ ਕੈਂਚੀਆਂ ਵਿੱਚ ਇੱਕ ਤੇਜ਼ ਰਫਤਾਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਰ ਮਾਰ ਦਿੱਤੀ। ਇਸ ਮਗਰੋਂ ਅਣਪਛਾਤੇ ਵਿਅਕਤੀਆਂ ਨੇ ਡਾਂਗਾਂ ਸੋਟਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਰਾਹਗੀਰਾਂ ਨੇ ਉਨ੍ਹਾਂ ਨੂੰ ਪਾਤੜਾਂ ਦੇ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਰੈਫਰ ਕਰ ਦਿੱਤਾ ਹੈ।
ਥਾਣਾ ਮੁਖੀ ਪਾਤੜਾਂ ਦੇ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਘਟਨਾ ਨਿੱਜੀ ਰੰਜਿਸ਼ ਕਾਰਨ ਵਾਪਰੀ ਲੱਗਦੀ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਸਿਕੰਦਰ ਸਿੰਘ ਵਾਸੀ ਦੁਤਾਲ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਨਗਰ ਕੌਂਸਲ ਚੋਣਾਂ ਦੀ ਨਾਮਜ਼ਦਗੀ ਪੱਤਰਾਂ ਦੇ ਦਾਖ਼ਲੇ ਮੌਕੇ ਵਾਰਡ ਪੰਜ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੇ ਜਗਦੇਵ ਸਿੰਘ ਸੰਧੂ ਦੀ ਪਤਨੀ ਜਦੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾ ਰਹੀ ਸੀ ਤਾਂ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ਨਾਮਜ਼ਦਗੀ ਪੱਤਰਾਂ ਵਾਲੀ ਫਾਈਲ ਖੋਹ ਕੇ ਭੱਜ ਗਏ ਸਨ। ਵਿਰੋਧੀ ਪਾਰਟੀਆਂ ਦੇ ਆਗੂ ਨੇ ਤਹਿਸੀਲ ਕੰਪਲੈਕਸ ਵਿੱਚ ਨਾਅਰੇਬਾਜ਼ੀ ਕੀਤੀ ਤਾਂ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਕਾਂਗਰਸੀ ਆਗੂ ਸਿਕੰਦਰ ਸਿੰਘ ਦੁਤਾਲ ਦੇ ਕਾਫੀ ਸੱਟਾਂ ਲੱਗੀਆਂ ਸਨ। ਕਾਂਗਰਸੀ ਉਮੀਦਵਾਰ ਦਾ ਪਤੀ ਚੋਣਾਂ ਤੋਂ ਪਹਿਲਾਂ ਹੀ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ।
