ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ
ਪਟਿਆਲਾ ਜਿਲ੍ਹੇ ’ਚ ਅੱਜ ਪੰਜ ਹੋਰ ਵਿਅਕਤੀ ਕਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਜਿਸ ਨਾਲ਼ ਜਿਲ੍ਹੇ ’ਚ ਕਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 307 ਹੋ ਗਈ ਹੈ। ਮ੍ਰਿਤਕਾਂ ’ਚ ਦੋ ਬਲਾਕ ਕੌਲੀ, ਇੱਕ ਪਟਿਆਲਾ ਸ਼ਹਿਰ, ਇੱਕ ਨਾਭਾ ਤੇ ਇੱਕ ਰਾਜਪੁਰਾ ਨਾਲ ਸਬੰਧਤ ਸਨ। ਕਰੀਮ ਮੁਹੱਲਾ ਪਟਿਆਲਾ ਦਾ ਰਹਿਣ ਵਾਲਾ 57 ਸਾਲਾ ਪੁਰਸ਼ ਸ਼ੁਗਰ, ਬੀਪੀ ਤੇ ਹਾਰਟ, ਰਾਜਪੁਰਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ 71 ਸਾਲਾ ਬਜ਼ੁਰਗ ਹਾਈਪਰਟੈਂਸ਼ਨ, ਨਾਭਾ ਵਾਸੀ 70 ਸਾਲਾ ਬਜੁਰਗ ਹਾਈਪਰਟੈਂਸ਼ਨ ਅਤੇ ਬਹਾਦਰਗੜ੍ਹ ਦੀ ਰਹਿਣ ਵਾਲੀ 63 ਸਾਲਾ ਔਰਤ ਸ਼ੁਗਰ ਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ। ਜਦੋਂਕਿ ਬਹਾਦਰਗੜ੍ਹ ਦੀ ਗਲ਼ੀ ਨੰਬਰ 5 ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਸਾਹ ਦੀ ਦਿੱਕਤ ਕਾਰਨ ਦਾਖਲ ਹੋਇਆ ਸੀ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 118 ਹੋਰ ਵਿਅਕਤੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ’ਚੋਂ 51 ਪਟਿਆਲਾ ਸ਼ਹਿਰ, 6 ਸਮਾਣਾ, 17 ਰਾਜਪੁਰਾ, 10 ਨਾਭਾ, ਬਲਾਕ ਭਾਦਸੋਂ ਤੋਂ 5, ਬਲਾਕ ਕੌਲੀ ਤੋਂ 8, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 3, ਬਲਾਕ ਦੁਧਨਸਾਧਾਂ ਤੋਂ 8, ਬਲਾਕ ਸ਼ੁਤਰਾਣਾ ਤੋਂ 6 ਕੇਸ ਰਿਪੋਰਟ ਹੋਏ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 136 ਤੱਕ ਜਾ ਪੁੱਜੀ ਹੈ। ਅੱਜ 32 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 57 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3388 ਹੋ ਚੁੱਕੀ ਹੈ ਜਿਨ੍ਹਾਂ ’ਚੋਂ 2820 ਤੰਦਰੁਸਤ ਹੋ ਚੁੱਕੇ ਹਨ। ਹੁਣ ਐਕਟਿਵ ਕੇਸਾਂ ਦੀ ਗਿਣਤੀ 432 ਹੈ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਅੱਜ ਜ਼ਿਲ੍ਹੇ ’ਚ ਕਰੋਨਾ ਨਾਲ 2 ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਇੱਕ 60 ਸਾਲਾ ਵਿਅਕਤੀ ਬਲਾਕ ਸੰਗਰੂਰ ਦਾ ਰਹਿਣ ਵਾਲਾ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਅਰੋੜਾ ਹਸਪਤਾਲ ਲੁਧਿਆਣਾ ’ਚ ਦਾਖਲ ਸੀ ਪਰ ਇਹ ਮਰੀਜ਼ ਜ਼ਿਦਗੀ ਦੀ ਜੰਗ ਹਾਰ ਗਿਆ। ਇਸਤੋਂ ਇਲਾਵਾ 80 ਸਾਲਾ ਵਿਅਕਤੀ ਵੀ ਬਲਾਕ ਸੰਗਰੂਰ ਦਾ ਰਹਿਣ ਵਾਲਾ ਸੀ ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਸੀ। ਕਰੋਨਾ ਪਾਜ਼ੇਟਿਵ ਇਸ ਬਜ਼ੁਰਗ ਦੀ ਵੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਮ੍ਰਿਤਕਾਂ ਦੀ ਗਿਣਤੀ 136 ਤੱਕ ਜਾ ਪੁੱਜੀ ਹੈ ਅਤੇ ਸਭ ਤੋਂ ਵੱਧ 28 ਮੌਤਾਂ ਬਲਾਕ ਸੰਗਰੂਰ ਵਿਚ ਹੋਈਆਂ ਹਨ।
ਅੱਜ 32 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ’ਚ 6 ਮਰੀਜ਼, ਬਲਾਕ ਲੌਂਗੋਵਾਲ ’ਚ 4 ਮਰੀਜ਼, ਬਲਾਕ ਅਮਰਗੜ੍ਹ ’ਚ 2 ਮਰੀਜ਼, ਬਲਾਕ ਸੁਨਾਮ ’ਚ 8 ਮਰੀਜ਼, ਬਲਾਕ ਧੂਰੀ ’ਚ 3 ਮਰੀਜ਼, ਬਲਾਕ ਮੂਨਕ ’ਚ 2 ਮਰੀਜ਼, ਬਲਾਕ ਭਵਾਨੀਗੜ੍ਹ ’ਚ 2 ਮਰੀਜ਼, ਬਲਾਕ ਅਹਿਮਦਗੜ੍ਹ ’ਚ ਇੱਕ ਮਰੀਜ਼, ਬਲਾਕ ਮਲੇਰਕੋਟਲਾ ’ਚ 2 ਮਰੀਜ਼ ਅਤੇ ਬਲਾਕ ਫਤਹਿਗੜ੍ਹ ਪੰਜਗਰਾਈਆਂ ’ਚ 2 ਮਰੀਜ਼ ਸ਼ਾਮਲ ਹਨ।