ਪੱਤਰ ਪ੍ਰੇਰਕ
ਪਾਤੜਾਂ, 13 ਜੁਲਾਈ
ਸ਼ਹਿਰ ਵਿੱਚ ਤਿੰਨ ਤੇ ਦੋ ਵੱਖ ਵੱਖ ਪਿੰਡਾਂ ਵਿੱਚ ਅੱਜ 5 ਕਰੋਨਾ ਪਾਜ਼ੇਟਿਵ ਮਰੀਜ਼ ਆਉਣ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਵਿੱਚ ਵਧ ਰਹੀ ਬਿਮਾਰੀ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਪਾਤੜਾਂ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਕਿ ਪਾਤੜਾਂ ਦੇ ਵਾਰਡ ਨੰਬਰ 2 ’ਚ 2 ਮਰੀਜ਼ ਅਤੇ ਵਾਰਡ ਨੰਬਰ 5 ’ਚ ਇੱਕ ਮਰੀਜ਼ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਦੇ ਦੋਨੋਂ ਮਰੀਜ਼ਾਂ ਦੇ ਘਰ ਅੰਦਰ ਆਈਸੋਲੇਟ ਕਰਨ ਦੇ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ’ਚ ਭੇਜ ਦਿੱਤਾ ਹੈ ਜਦੋਂਕਿ ਵਾਰਡ ਨੰਬਰ 5 ਦੇ ਪਾਜ਼ੇਟਿਵ ਮਰੀਜ਼ ਨੂੰ ਉਸ ਦੇ ਘਰ ਅੰਦਰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ।