4th Summer Theatre Festival Concludes: ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਨਾਟਕ ਸਮਾਗਮ ਸਮਾਪਤ
ਕਲਾਕਾਰਾਂ ਨੇ ਨਾਟਕ ‘ਇਲਹਾਮ’ ਦੀ ਸਫਲ ਪੇਸ਼ਕਾਰੀ ਕੀਤੀ
ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਨਾਟਕ ਵਾਲਾ ਗਰੁੱਪ ਵੱਲੋਂ ਕਰਵਾਇਆ ਗਿਆ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਯਾਦਗਾਰੀ ਤਿੰਨ ਰੋਜ਼ਾ 24ਵਾਂ ਗਰਮ ਰੁੱਤ ਦਾ ਨਾਟਕ ਸਮਾਗਮ ਅੱਜ ਸ਼ਾਮ ਮਾਨਵ ਕੌਲ ਵੱਲੋਂ ਲਿਖੇ ਅਤੇ ਰਾਜੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਪੇਸ਼ ਨਾਟਕ ‘ਇਲਹਾਮ’ ਦੀ ਸਫਲ ਪੇਸ਼ਕਾਰੀ ਨਾਲ ਸੰਪੰਨ ਹੋਇਆ। ਨਾਟਕ ਦਾ ਮੁੱਖ ਵਿਸ਼ਾ ਇਸ ਸਵਾਲ ਨੂੰ ਉਭਾਰਦਾ ਹੈ ਕਿ ਜੇ ਕਿਸੇ ਆਮ ਇਨਸਾਨ ਨੂੰ ਸੱਚਮੁੱਚ ਸੱਚ ਜਾਂ ਗਿਆਨ ਦੀ ਪ੍ਰਾਪਤੀ ਹੋ ਜਾਵੇ ਤਾਂ ਸਮਾਜ ਉਸ ਨੂੰ ਪਾਗਲ ਜਾਂ ਮਾਨਸਿਕ ਤੌਰ ’ਤੇ ਬਿਮਾਰ ਸਮਝਣ ਲੱਗ ਪੈਂਦਾ ਹੈ। ਇਹ ਨਾਟਕ ਮਨੁੱਖੀ ਮਨ ਦੀਆਂ ਕਲਪਨਾਵਾਂ ਅਤੇ ਇਤਿਹਾਸ ਵਿਚਕਾਰਲੇ ਟਕਰਾਅ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਮੰਚ ’ਤੇ ਪੇਸ਼ ਕਰਦਾ ਹੈ। ਨਾਟਕ ਵਾਲਾ ਗਰੁੱਪ ਵੱਲੋਂ ਇਸ ਨਾਟਕ ਦੀ ਪੇਸ਼ਕਾਰੀ ਨੇ ਆਪਣੇ ਕਲਾਕਾਰਾਂ ਰਾਹੀਂ ਰੰਗਮੰਚ ਨੂੰ ਇੱਕ ਵਿਲੱਖਣ ਨਾਟਕ ਦਿੱਤਾ, ਜਿਸ ਵਿੱਚ ਸਾਰੇ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਤੋਂ ਭਰਪੂਰ ਸ਼ਲਾਘਾ ਹਾਸਲ ਕੀਤੀ। ਨਾਟਕ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਰਾਜੇਸ਼ ਸ਼ਰਮਾ, ਅਜੈ ਜੇਠੀ, ਰੀਆ, ਡੌਲੀ ਕਪੂਰ, ਹਰਸਿਮਰਨ, ਕੈਲਾਸ਼ ਅਤੇ ਰਣਦੀਪ ਸ਼ਾਮਲ ਸਨ। ਮੰਚ ਦੇ ਪਿੱਛੇ ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਵਿਵਸਥਾ ਲਈ ਹਰਸ਼ ਸੇਠੀ ਅਤੇ ਸੈੱਟ ਲਈ ਕੈਲਾਸ਼, ਇੰਦਰਜੀਤ ਅਤੇ ਨਵਦੀਪ ਨੇ ਵੀ ਅਹਿਮ ਯੋਗਦਾਨ ਪਾਇਆ। ਨਾਟਕ ਦਾ ਸੰਗੀਤ ਸੰਦੀਪ ਕੈਲੇ ਵੱਲੋਂ ਤਿਆਰ ਕੀਤਾ ਗਿਆ। ਇਸ ਮੌਕੇ ਡਾ. ਸਵਰਾਜ ਸਿੰਘ ਨੇ ਅਜਿਹਾ ਸਮਾਗਮ ਕਰਵਾਉਣ ’ਤੇ ਵਧਾਈ ਦਿੱਤੀ।
