ਕੋਠੀ ਦਾ ਘਿਰਾਓ ਕਰਨ ਜਾਂਦੇ ‘ਆਪ’ ਵਰਕਰ ਨੱਪੇ

ਕੋਠੀ ਦਾ ਘਿਰਾਓ ਕਰਨ ਜਾਂਦੇ ‘ਆਪ’ ਵਰਕਰ ਨੱਪੇ

ਵਿਧਾਇਕ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਆਪ ਆਗੂਆਂ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲੀਸ।

ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 4 ਅਗਸਤ

ਤਿੰਨ ਮਹੀਨੇ ਪਹਿਲਾਂ ਹਲਕਾ ਘਨੌਰ ਦੇ ਸ਼ੰਭੂ ਖੇਤਰ ’ਚੋਂ ਪੁਲੀਸ ਤੇ ਐਕਸਾਈਜ਼ ਵਿਭਾਗ ਵੱਲੋਂ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਨੂੰ ਲੈ ਕੇ ‘ਆਪ’ ਆਗੂਆਂ ਤੇ ਵਰਕਰਾਂ ਨੇ ਅੱਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਹਲਕਾ ਸਨੌਰ ਦੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ। ਵਿਧਾਇਕ ਦੇ ਕੱਟੜ ਸਮਰਥਕ ਅਮਰੀਕ ਸਰਪੰਚ ਦੇ ਇਸ ਫੈਕਟਰੀ ਦੇ ਕਥਿਤ ਮੁੱਖ ਸਰਗਰਨਾ ਹੋਣ ਦੇ ਹਵਾਲੇ ਨਾਲ ਆਪ ਆਗੂਆਂ ਨੇ ਕਿਹਾ ਕਿ ਨਕਲੀ ਸ਼ਰਾਬ ਦੇ ਇਸ ਧੰਦੇ ਨੂੰ ਵਿਧਾਇਕ ਦੀ ਸਰਪ੍ਰਸਤੀ ਰਹੀ ਹੈ। ਜਿਸ ਕਾਰਨ ਵਿਧਾਇਕ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਧਾਇਕ ’ਤੇ ਸਰਕਾਰ ਦੀ ਮਦਦ ਨਾਲ ਜਾਂਚ ਨੂੰ ਪ੍ਰਭਾਵਤ ਕਰਨ ਦੇ ਦੋਸ਼ ਲਾਉਂਦਿਆਂ, ਆਪ ਆਗੂਆਂ ਨੇ ਇਸ ਮਾਮਲੇ ਦੀ ਸੀਬੀਆਈ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਆਪ ਦੇ ਘਨੌਰ ਤੋਂ ਹਲਕਾ ਇੰਚਾਰਜ ਜਰਨੈਲ ਸਿੰਘ ਮੰਨੂ ਦੀ ਅਗਵਾਈ ਹੇਠਲੇ ਘਿਰਾਓ ਪ੍ਰੋਗਰਾਮ ਦੌਰਾਨ ਜਿਥੇ ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ, ਆਰਪੀਐੱਸ. ਮਲਹੋਤਰਾ, ਤੇਜਿੰਦਰ ਮਹਿਤਾ, ਚੇਤਨ ਸਿੰਘ ਜੌੜੇਮਾਜਰਾ, ਸੁਸੀਲ ਮਿੱਡਾ ਆਦਿ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਸਰਕਾਰ ਜ਼ਹਿਰੀਲੀ ਸ਼ਰਾਬ ਨਾਲ਼ ਹੋਈਆਂ ਮੌਤਾਂ ਦੀ ਘਟਨਾ ਤੋਂ ਸੱਚਮੁੱਚ ਹੀ ਚਿੰਤਤ ਹੈ, ਤਾਂ ਅਜਿਹੇ ਗੋਰਖ ਧੰਦਿਆਂ ’ਚ ਸ਼ੁਮਾਰ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਬਚਾਉਣ ਦੀ ਵਜਾਏ ਉਨ੍ਹਾਂ ਨੂੰ ਜੇਲ੍ਹੀਂ ਡੱਕੇ। ਕਸਬਾ ਬਹਾਦਰਗੜ੍ਹ ਸਥਿਤ ਪੁਲ ਦੇ ਹੇਠਾਂ ਧਰਨਾ ਮਾਰਨ ਮਗਰੋਂ ਇਨ੍ਹਾਂ ਆਪ ਆਗੂਆਂ ਤੇ ਵਰਕਰਾਂ ਨੇ ਜਿਉਂ ਹੀ ਵਿਧਾਇਕ ਦੀ ਜਲਾਲਪੁਰ ਸਥਿਤ ਕੋਠੀ ਵੱਲ ਚਾਲੇ ਪਾਏ, ਤਾਂ ਪੁਲੀਸ ਨੇ ਉਨ੍ਹਾਂ ਨੂੰ ਕਮਾਂਡੋ ਕੰਪਲੈਕਸ ਕੋਲ ਪੁੱਜਣ ’ਤੇ ਹਿਰਾਸਤ ’ਚ ਲੈ ਲਿਆ ਤੇ ਪੁਲੀਸ ਚੌਕੀ ਭੁਨਰਹੇੜੀ ’ਚ ਬੰਦ ਕਰਨ ਮਗਰੋਂ ਸ਼ਾਮੀ ਚਾਰ ਵਜੇ ਛੱਡਿਆ।

ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ) ਰਾਜ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲੀਸ ਨੇ ਟਾਊਨ ਦੇ ਆਈਟੀਆਈ ਚੌਕ ਵਿੱਚ 2 ਘੰਟੇ ਤੱਕ ਰੋਕ ਕੇ ਰੱਖਿਆ। ਆਪ ਵਰਕਰਾਂ ਦੀ ਪੁਲੀਸ ਨਾਲ ਖਿੱਚ-ਧੂਹ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤੰਨ ਸਿੰਘ ਜੇੜੇਮਾਜਰਾ ਦਾ ਕਮੀਜ ਵੀ ਫੱਟ ਗਿਆ। ਜਿੱਥੇ ਰੋਸ ਵਜੋਂ ਆਪ ਵਰਕਰਾਂ ਨੇ ਪਾਰਟੀ ਆਗੂਆਂ ਜ਼ਿਲ੍ਹਾ ਪ੍ਰਧਾਨ ਚੇਤੰਨ ਸਿੰਘ ਜੋੜੇਮਾਜਰਾ, ਮੈਡਮ ਨੀਨਾ ਮਿੱਤਲ, ਸੀਨੀਅਰ ਆਗੂ ਬੰਤ ਸਿੰਘ ਹਾਸ਼ਮਪੁਰ, ਗੁਰਪ੍ਰੀਤ ਸਿੰਘ ਧਮੌਲੀ, ਜਸਵੀਰ ਸਿੰਘ ਚੰਦੂਆ, ਕੁਲਜੀਤ ਰੰਧਾਵਾ ਡੇਰਾਬਸੀ, ਇਸਲਾਮ ਅਲੀ ਦੀ ਅਗਵਾਈ ’ਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਆਗੂਆਂ ਮੈਡਮ ਨੀਨਾ ਮਿੱਤਲ, ਬੰਤ ਸਿੰਘ ਹਾਸ਼ਮਪੁਰ ਆਦਿ ਨੇ ਆਖਿਆ ਕਿ ਪੰਜਾਬ ’ਚ ਇਸ ਸਮੇਂ ਸ਼ਰਾਬ ਮਾਫੀਆ ਪ੍ਰਫੂੱਲਤ ਹੋ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ’ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਦੀ ਸਹੁੰ ਚੁੱਕੀ ਸੀ ਪਰ ਹੁਣ ਸੱਤਾਧਾਰੀ ਧਿਰ ਦੇ ਆਗੂਆਂ, ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਪੁਲੀਸ ਦੇ ਗੱਠਜੋੜ ਵੱਲੋਂ ਰਾਜ ’ਚ ਬੇਖੌਫ ਸ਼ਰਾਬ ਮਾਫੀਆ ਚਲਾਇਆ ਜਾ ਰਿਹਾ ਹੈ। ਜਿਸ ਕਾਰਨ ਸੈਂਕੜੇ ਪਰਿਵਾਰ ਬਰਬਾਦ ਹੋ ਰਹੇ ਹਨ।

ਵਿਧਾਇਕ ਜਲਾਲਪੁਰ ਨੇ ਦੋਸ਼ ਨਕਾਰੇ

ਉਧਰ ਵਿਧਾਇਕ ਮਦਨ ਜਲਾਲਪੁਰ ਦੋਸ਼ਾਂ ਦਾ ਖੰਡਨ ਕਰ ਰਹੇ ਹਨ। ਉਹ ਭਾਵੇਂ ਅਮਰੀਕ ਸਰਪੰਚ ਨੂੰ ਆਪਣਾ ਸਮਰਥਕ ਹੋਣਾ ਤਾਂ ਮੰਨਦੇ ਹਨ, ਪਰ ਨਾਲ਼ ਤਰਕ ਦਿੱਤਾ ਜਾ ਰਿਹਾ ਹੈ ਕਿ ਅਮਰੀਕ ਨੂੰ ਝੂਠਾ ਫਸਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All