ਬੱਚਿਆਂ ਨੂੰ ਸੰਭਾਲਣ ਤੇ ਤਰਾਸ਼ਣ ਦੀ ਚੁਣੌਤੀ
ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਨਾਲ ਉਨ੍ਹਾਂ ਵਿੱਚ ਕੰਮਾਂ ਪ੍ਰਤੀ ਜਵਾਬਦੇਹੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ਼ ਜ਼ਰੂਰੀ ਕੰਮਾਂ ਲਈ ਜਾਂ ਪੜ੍ਹਾਈ ਲਈ ਹੀ ਦਿੱਤੀ ਜਾਵੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਨੂੰ ਬੱਚਿਆਂ ਨੂੰ ਵਧੀਆ ਸੰਸਕਾਰ ਦੇਣੇ ਚਾਹੀਦੇ ਹਨ।
ਇਸ ’ਚ ਕੋਈ ਦੋ ਰਾਏ ਨਹੀਂ ਕਿ ਇਨਸਾਨਾਂ ਸਮੇਤ ਸਮੂਹ ਜੀਵਾਂ ਨੂੰ ਆਪਣੇ ਬੱਚੇ ਹੀ ਦੁਨੀਆ ਵਿੱਚ ਸਭ ਤੋਂ ਅਜੀਜ਼ ਹੁੰਦੇ ਹਨ ਅਤੇ ਉਨ੍ਹਾਂ ਦਾ ਸਭ ਤੋਂ ਮੁੱਲਵਾਨ ਖ਼ਜ਼ਾਨਾ ਵੀ ਹੁੰਦੇ ਹਨ। ਦੱਖਣੀ ਅਫ਼ਰੀਕਾ ਵਿੱਚ ਨਸਲੀ ਭੇਦ-ਭਾਵ ਵਿਰੁੱਧ ਲੰਮੀ ਲੜਾਈ ਲੜਨ ਵਾਲੇ ਅਤੇ ਉੱਥੋਂ ਦੇ ਨਸਲੀ ਵਿਤਕਰੇ ਨੂੰ ਜੜ੍ਹੋਂ ਮੁਕਾਉਣ ਵਾਲੇ ਅਤੇ ਬਾਅਦ ਵਿੱਚ ਦੇਸ਼ ਦੇ ਰਾਸ਼ਟਰਪਤੀ ਬਣਨ ਵਾਲੇ ਨੈਲਸਨ ਮੰਡੇਲਾ ਨੇ ਬੱਚਿਆਂ ਬਾਰੇ ਕਿਹਾ ਸੀ ‘ਬੱਚੇ ਸਾਡਾ ਸਭ ਤੋਂ ਵੱਡਾ ਖ਼ਜ਼ਾਨਾ ਹਨ ਅਤੇ ਸਾਡਾ ਭਵਿੱਖ ਵੀ ਹਨ’।
ਇਸੇ ਤਰ੍ਹਾਂ ਯੂਨਾਨ ਦੇ ਮਹਾਨ ਦਾਰਸ਼ਨਿਕ ਪਲੈਟੋ ਨੇ ਆਪਣੀ ਇੱਕ ਉੱਘੇ ਹਵਾਲੇ ਵਿੱਚ ਕਿਹਾ ਸੀ ਕਿ ਮਾਪੇ ਆਪਣੇ ਬੱਚਿਆਂ ਲਈ ਭਾਵੇਂ ਵੱਡਾ ਸਰਮਾਇਆ ਨਾ ਛੱਡ ਕੇ ਜਾਣ ਪਰ ਉਹ ਬੱਚਿਆਂ ਵਿੱਚ ਦੂਜਿਆਂ ਦਾ ਆਦਰ-ਸਤਿਕਾਰ ਅਤੇ ਨੇਕਨਾਮੀ ਜਿਹੇ ਗੁਣ ਜ਼ਰੂਰ ਪੈਦਾ ਕਰ ਕੇ ਜਾਣ। ਕੌਮਾਂਤਰੀ ਰੁਤਬਾ ਰੱਖਦੇ ਇਨ੍ਹਾਂ ਨੇਤਾਵਾਂ ਦੀਆਂ ਗੱਲਾਂ ਪੂਰੀ ਤਰ੍ਹਾਂ ਸੱਚ ਵੀ ਹਨ। ਪਰ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਅਤੇ ਉਨ੍ਹਾਂ ਨੂੰ ਤਰਾਸ਼ਣਾ ਭਾਵ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮਾਪਿਆਂ ਲਈ ਇੱਕ ਬੇਹੱਦ ਗੁੰਝਲਦਾਰ ਅਤੇ ਮੁਸ਼ਕਿਲ ਕੰਮ ਬਣ ਚੁੱਕਾ ਹੈ। ਮਾਪਿਆਂ ਦੀ ਜ਼ਿੰਦਗੀ ਦਾ ਇਹ ਇੱਕ ਮਹਤੱਵਪੂਰਨ ਪੜਾਅ ਹੁੰਦਾ ਹੈ ਜਿਸ ਵਿਚ ਉਨ੍ਹਾਂ ਨੂੰ ਸੁਚੇਤ ਰਹਿ ਕੇ ਬੱਚਿਆਂ ਦੀ ਵਧਦੀ ਉਮਰ ਅਨੁਸਾਰ ਆਪਣੇ-ਆਪ ਨੂੰ ਢਾਲ ਕੇ ਉਨ੍ਹਾਂ ਦੀਆਂ ਦਿਨੋ-ਦਿਨ ਬਦਲਦੀਆਂ ਜ਼ਰੂਰਤਾਂ ਉਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੁੰਦਾ ਹੈ। ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਜ਼ਿੰਦਗੀ ’ਚ ਸਾਰੇ ਹੀ ਮਾਪਿਆਂ ਲਈ ਉਨ੍ਹਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਜੀਵਨ ਦੀ ਪਹਿਲੀ ਤਰਜੀਹ ਹੁੰਦੀ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਕਰ ਕੇ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਚੰਗੇ ਅਹੁਦਿਆਂ ’ਤੇ ਪਹੁੰਚਾਉਣਾ ਸਾਰੇ ਮਾਪਿਆਂ ਦੀ ਤੀਬਰ ਇੱਛਾ ਹੁੰਦੀ ਹੈ। ਪਰ ਇਹ ਸਾਰਾ ਕੁਝ ਕਰਨ ਲਈ ਮਾਪਿਆਂ ਨੂੰ ਕੁਝ ਮੁੱਢਲੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਕਿ ਬੱਚਿਆਂ ਨੂੰ ਸੁਵੱਖ਼ਤੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਹੋ ਸਕੇ ਤਾਂ ਬੱਚਿਆਂ ਨੂੰ ਧਿਆਨ ਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ। ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ ਹਮੇਸ਼ਾ ਪਿਆਰ ਦੇਣਾ ਚਾਹੀਦਾ ਹੈ। ਮਾਪਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਹੀ ਉਨ੍ਹਾਂ ਦੀ ਉਚੇਰੀ ਵਿੱਦਿਅਕ ਯੋਗਤਾ ਦਾ ਆਧਾਰ ਬਣਦੀ ਹੈ, ਇਸ ਲਈ ਛੋਟੀ ਉਮਰ ਤੋਂ ਹੀ ਬੱਚਿਆਂ ਦੀ ਨੀਂਹ ਪੱਕੀ ਕਰਨ ਲਈ ਮਾਪੇ ਖ਼ੁਦ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਲੈ ਕੇ ਉਨ੍ਹਾਂ ਅੰਦਰ ਪੜ੍ਹਾਈ ਪ੍ਰਤੀ ਦਿਲਚਸਪੀ ਪੈਦਾ ਕਰਨ। ਸੰਭਵ ਹੋਵੇ ਤਾਂ ਬੱਚਿਆਂ ਦੀ ਸਕੂਲ ਦੀ ਡਾਇਰੀ ਚੈੱਕ ਕੀਤੀ ਜਾਏ, ਜੇਕਰ ਬੱਚਿਆਂ ਨੂੰ ਘਰ ਦਾ ਕੰਮ ਪੂਰਾ ਕਰਨ ਵਿਚ ਸਿਆਣਿਆਂ ਦੇ ਸਹਿਯੋਗ ਦੀ ਲੋੜ ਹੋਵੇ ਤਾਂ ਉਨ੍ਹਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਸਕੂਲ ਵਿਚ ਹੋਏ ਟੈਸਟਾਂ ਵਿਚ ਬੱਚਿਆਂ ਦੀ ਰਿਪੋਰਟ ਜ਼ਰੂਰ ਵੇਖੀ ਜਾਵੇ।
ਘੱਟ ਨੰਬਰਾਂ ਵਾਲੇ ਵਿਸ਼ਿਆਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਏ। ਬੱਚਿਆਂ ਵਿਚ ‘ਸੈਲਫ ਸਟੱਡੀ’ ਦਾ ਗੁਣ ਵਿਕਸਿਤ ਕੀਤਾ ਜਾ ਸਕਦਾ ਹੈ ਕਿਉਂਕਿ ਸਵੈ-ਸਿੱਖਿਆ ਬੱਚਿਆਂ ਦੇ ਲੰਮੇ ਵਿਦਿਅਕ ਜੀਵਨ ਵਿਚ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ। ਘਰ ਵਿਚ ਟੀ.ਵੀ. ਨੂੰ ਲੰਮੇ ਸਮੇਂ ਲਈ ਚੱਲਦਾ ਨਾ ਰੱਖਿਆ ਜਾਵੇ ਅਤੇ ਇਸ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਸੀਮਤ ਸਮੇਂ ਲਈ ਵੇਖੇ, ਕਿਉਂਕਿ ਤੁਹਾਡੇ ਬੱਚਿਆਂ ਤੋਂ ਜ਼ਿਆਦਾ ਤੁਹਾਡੇ ਲਈ ਹੋਰ ਕੁਝ ਵੀ ਮਹਤੱਵਪੂਰਨ ਨਹੀਂ ਹੈ। ਜੇਕਰ ਤੁਸੀਂ ਕਿਸੇ ਪਾਰਟੀ ਜਾਂ ਸਮਾਜਿਕ ਸਮਾਗਮ ਵਿਚ ਜਾਂਦੇ ਹੋ ਤਾਂ ਦੇਰ ਸ਼ਾਮ ਤੱਕ ਉੱਥੇ ਸਮਾਂ ਬਰਬਾਦ ਕਰਨ ਦੀ ਬਜਾਏ ਉਹੀ ਸਮਾਂ ਆਪਣੇ ਬੱਚਿਆਂ ਨੂੰ ਦਿਓ।
ਯਾਦ ਰੱਖੋ ਕਿ ਸਾਰੇ ਹੀ ਬੱਚੇ ਜਨਮ ਤੋਂ ਹੀ ਖੋਜੀ ਸੁਭਾਅ ਦੇ ਹੁੰਦੇ ਹਨ ਭਾਵ ਕਿ ਉਨ੍ਹਾਂ ਦੇ ਮਨਾਂ ਵਿਚ ਅਨੇਕਾਂ ਪ੍ਰਸ਼ਨ ਪੈਦਾ ਹੁੰਦੇ ਹਨ। ਹੋ ਸਕੇ ਤਾਂ ਉਨ੍ਹਾਂ ਦੇ ਜਵਾਬ ਦਿੱਤੇ ਜਾਣ। ਜੇਕਰ ਜਾਣਕਾਰੀ ਨਾ ਹੋਵੇ ਤਾਂ ਬੱਚਿਆਂ ਉੱਤੇ ਗੁੱਸਾ ਨਾ ਕੀਤਾ ਜਾਏ, ਸਗੋਂ ਜਾਣਕਾਰੀ ਪ੍ਰਾਪਤ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਸਮਝਾਇਆ ਜਾਏ। ਖ਼ਾਸ ਖਿਆਲ ਰੱਖਿਆ ਜਾਵੇ ਕਿ ਬੱਚਿਆਂ ਵਿੱਚ ਦੂਜਿਆਂ ਦੇ ਵਿਹਾਰ ਦੀ ਨਕਲ ਕਰਨ ਦੀ ਕੁਦਰਤੀ ਪ੍ਰਵਿਰਤੀ ਹੁੰਦੀ ਹੈ। ਇਸ ਦਾ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਦਾ ਘੱਟ ਤਜਰਬਾ ਅਤੇ ਸੀਮਤ ਦਾਇਰਾ ਹੁੰਦਾ ਹੈ। ਉਨ੍ਹਾਂ ਨੂੰ ਜੋ ਕੁਝ ਆਪਣੇ ਆਲੇ-ਦੁਆਲੇ ਵਿੱਚ ਨਜ਼ਰ ਆਉਂਦਾ ਹੈ, ਉਹ ਉਸੇ ਦੀ ਹੀ ਨਕਲ ਕਰਨ ਲੱਗ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਉਸਾਰੂ ਸੋਚ ਅਤੇ ਅਨੁਸ਼ਾਸਿਤ ਜ਼ਿੰਦਗੀ ਦੀ ਸਵੈ-ਉਦਾਹਰਣ ਬੱਚਿਆਂ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਮਾਪਿਆਂ ਦੀ ਇਹ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਮੇਂ ਦੀ ਕਦਰ ਕਰਨੀ ਸਿਖਾਉਣ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕਰਨ ਕਿਉਂਕਿ ਨਿਰਸੰਦੇਹ ਅਨੁਸ਼ਾਸਨ ਵਿੱਚ ਰਹਿ ਕੇ ਹੀ ਜ਼ਿੰਦਗੀ ਦੇ ਉੱਚੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੌਣ ਤੋਂ ਪਹਿਲਾਂ ਉਨ੍ਹਾਂ ਨੂੰ ਸਿੱਖਿਆਦਾਇਕ ਗੱਲਾਂ ਸੁਣਾਈਆਂ ਜਾਣ। ਛੁੱਟੀਆਂ ਵਿੱਚ ਬੱਚਿਆਂ ਨੂੰ ਆਪਣੀ ਵਿੱਤੀ ਸਮਰੱਥਾ ਅਨੁਸਾਰ ਬਾਹਰ ਘੁੰਮਾਉਣ ਲਈ ਲਿਜਾਇਆ ਜਾਵੇ। ਇਸ ਨਾਲ ਬੱਚਿਆਂ ਦਾ ਅਕੇਵਾਂ ਵੀ ਦੂਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਜਾਣਕਾਰੀਆਂ ਵੀ ਪ੍ਰਾਪਤ ਹੁੰਦੀਆਂ ਹਨ। ਪੜ੍ਹਾਈ ਤੋਂ ਇਲਾਵਾ ਬੱਚਿਆਂ ਵਿਚ ਵਿਸ਼ੇਸ਼ ਰੁਚੀ ਜਾਂ ਪ੍ਰਤਿਭਾ ਦਾ ਪਤਾ ਲਗਾਇਆ ਜਾਏ ਅਤੇ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਉਨ੍ਹਾਂ ਨੂੰ ਸੰਗੀਤ, ਚਿੱਤਰਕਾਰੀ ਜਾਂ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਆ ਜਾਵੇ। ਆਪਣੇ ਬੱਚਿਆਂ ਨੂੰ ਵਾਤਾਵਰਨ ਨਾਲ ਪ੍ਰੇਮ ਕਰਨ ਅਤੇ ਇਸ ਨੂੰ ਸਾਫ਼ ਰੱਖਣ ਬਾਰੇ ਸਮਝਾਇਆ ਜਾਏ। ਬੱਚਿਆਂ ਵਿੱਚ ਸਹਿਯੋਗ ਦੀ ਭਾਵਨਾ ਵਿਕਸਿਤ ਕੀਤੀ ਜਾਵੇ ਤੇ ਇਸ ਦੀ ਸ਼ੁਰੂਆਤ ਘਰ ਤੋਂ ਹੀ ਕੀਤੀ ਜਾਏ। ਇਸ ਲਈ ਉਨ੍ਹਾਂ ਨੂੰ ਆਪਣੇ ਘਰੇਲੂ ਕੰਮਾਂ ਵਿਚ ਸੀਮਤ ਸਮੇਂ ਲਈ ਸ਼ਾਮਲ ਕਰੋ। ਬੱਚਿਆਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਬਦਲੇ ਉਨ੍ਹਾਂ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ। ਜਦੋਂ ਕਦੇ ਬੱਚੇ ਗ਼ਲਤੀ ਕਰਨ ਤਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾ ਕੇ ਅਗੇ ਤੋਂ ਗ਼ਲਤੀ ਨਾ ਕਰਨ ਲਈ ਪ੍ਰੇਰਿਆ ਜਾਵੇ। ਘਰ ਵਿੱਚ ਇਹੋ-ਜਿਹਾ ਮਾਹੌਲ ਹੋਵੇ ਕਿ ਬੱਚੇ ਖੁੱਲ੍ਹ ਕੇ ਆਪਣੀ ਗੱਲ ਕਹਿ ਸਕਣ। ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਸੁਣਿਆ ਜਾਵੇ ਤੇ ਜੋ ਗੱਲਾਂ ਉਹ ਆਪਣੇ ਭਾਵਾਂ ਨਾਲ ਪ੍ਰਗਟ ਕਰਦੇ ਹਨ ਉਨ੍ਹਾਂ ਨੂੰ ਵੀ ਸਮਝਿਆ ਜਾਵੇ। ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇ ਕਿ ਬੱਚੇ ਘਰ ਵਿੱਚ ਗੱਲ ਕਰਦਿਆਂ ਸਭਿਅਕ ਅਤੇ ਸੁਚੱਜੀ ਸ਼ਬਦਾਵਲੀ ਦੀ ਵਰਤੋਂ ਕਰਨ। ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ’ਤੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ। ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਨਾਲ ਉਨ੍ਹਾਂ ਵਿੱਚ ਕੰਮਾਂ ਪ੍ਰਤੀ ਜਵਾਬਦੇਹੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ਼ ਜ਼ਰੂਰੀ ਕੰਮਾਂ ਲਈ ਜਾਂ ਪੜ੍ਹਾਈ ਲਈ ਹੀ ਦਿੱਤੀ ਜਾਵੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਨੂੰ ਬੱਚਿਆਂ ਨੂੰ ਵਧੀਆ ਸੰਸਕਾਰ ਦੇਣੇ ਚਾਹੀਦੇ ਹਨ।
ਸੰਪਰਕ: 62842-20595

