The Tribune India : Letters to the editor

ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Sep 30, 2022

ਗੁਲਾਮੀ ਦੀਆਂ ਜੜ੍ਹਾਂ

ਨਜ਼ਰੀਆ ਪੰਨੇ ’ਤੇ ਦੇਵੇਂਦ੍ਰ ਪਾਲ ਦਾ ਲਿਖਿਆ ਲੇਖ ‘ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ’ (22 ਸਤੰਬਰ) ਪੜ੍ਹਿਆ। ਲੇਖ ਤੱਥਾਂ ’ਤੇ ਆਧਾਰਿਤ ਅਤੇ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਸੀ। ਫਰਾਂਸੀਸੀ ਫਿਲਾਸਫਰ ਮਿਸ਼ੇਲ ਫੂਕੋ ਦੀਆਂ ਟੁਕਾਂ ‘ਸੋਨੇ ਤੇ ਸੁਹਾਗੇ’ ਜਿਹਾ ਕੰਮ ਕੀਤਾ ਪਰ ਆਖ਼ਰੀ ਇਕ ਸਤਰ ਨੇ ਸਾਰੇ ‘ਗੁੜ ਨੂੰ ਗੋਬਰ’ ਕਰ ਦਿੱਤਾ। ਇਹ ਸਤਰ ਹੈ: ‘ਇਹ ਸਮੇਂ ਜਮਹੂਰੀਅਤ ਲਈ ਦੁਆ ਕਰਨ ਦੇ ਹਨ’। ਜੇ ਦੁਆ ਕਰਨ ਨਾਲ ਹੀ ਮਸਲੇ ਹੱਲ ਹੁੰਦੇ ਹੋਣ ਤਾਂ ਇਹ ਸੌਖਾ ਜਿਹਾ ਕੰਮ ਤਾਂ ਬੜੇ ਸ਼ੌਕ ਨਾਲ ਲੋਕ ਕਰਨ ਲਈ ਤਿਆਰ ਹੋ ਜਾਣਗੇ। ਲਿਖਣਾ ਚਾਹੀਦਾ ਸੀ ਕਿ ‘ਇਹ ਸਮੇਂ ਜਮਹੂਰੀਅਤ ਲਈ ਇਕਮੁੱਠ ਹੋ ਕੇ ਸੰਘਰਸ਼ ਕਰਨ ਦੇ ਹਨ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)


ਕਾਰਪੋਰੇਟ ਬਨਾਮ ਜ਼ਮੀਨ

29 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਮੋਹਨ ਸਿੰਘ ਦਾ ਲੇਖ ‘ਘਟਦਾ ਖੇਤੀ ਰਕਬਾ ਅਤੇ ਕਾਰਪੋਰੇਟ ਦੇ ਤੇਜ਼ ਹੁੰਦੇ ਕਬਜ਼ੇ’ ਐਨ ਢੁੱਕਵੇਂ ਸਮੇਂ ਦੀ ਲਿਖਤ ਹੈ। ਹੁਣ ਸਰਕਾਰਾਂ ਦੀਆਂ ਅਜਿਹੀਆਂ ਜ਼ਮੀਨਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਲਾਮਬੰਦੀ ਲਈ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ; ਨਹੀਂ ਤਾਂ ਕਾਰਪੋਰੇਟ ਸਚਮੁੱਚ ਕਿਸਾਨਾਂ ਨੂੰ ਨਿਗਲ ਜਾਣਗੇ।
ਗੁਰਜੰਟ ਸਿੰਘ, ਕਪੂਰਥਲਾ


ਜਿੱਤ ਤੇ ਹਾਰ

28 ਦਸੰਬਰ ਦੇ ਅੰਕ ਵਿਚ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਜਿੱਤ ਤੇ ਹਾਰ ਦਾ ਫ਼ਰਕ’ ਢਹਿੰਦੀ ਕਲਾ ’ਚੋਂ ਕੱਢਣ ਵਾਲਾ ਹੈ। ਜਿੱਤ-ਹਾਰ ਮਾਨਸਿਕ ਅਵਸਥਾਵਾਂ ਹਨ। ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤਿਆਂ ਜਿੱਤ ਹੈ। ਸਭ ਕੁਝ ਸੰਭਵ ਹੈ, ਲੋੜ ਹੈ ਉੱਦਮ ਤੇ ਮਿਹਨਤ ਦੀ ਜਿਸ ਨਾਲ ਹਾਰ ਵੀ ਜਿੱਤ ਵਿਚ ਬਦਲ ਜਾਂਦੀ ਹੈ।
ਸੁਖਬੀਰ ਕੌਰ ਮਨੂਰ (ਬਠਿੰਡਾ)


ਟਾਈਗਰ ਦੀ ਪਛਾਣ

ਚੀਤੇ ਅਤੇ ਬਾਘ ਦੀ ਪਛਾਣ ਦਾ ਮਸਲਾ 24 ਸਤੰਬਰ ਦੇ ਸਤਰੰਗ ਪੰਨੇ ’ਤੇ ਗੁਰਮੀਤ ਸਿੰਘ ਨੇ ਨਜਿੱਠਿਆ ਹੈ। ਇਹ ਭੁਲੇਖਾ ਕਿਉਂ ਪੈਂਦਾ ਹੈ? ਇਸ ਦਾ ਕਾਰਨ ਲੱਭਦਾ ਹੈ, ਜਦੋਂ ਇਨ੍ਹਾਂ ਜਾਨਵਰਾਂ ਦੇ ਅੰਗਰੇਜ਼ੀ ਨਾਵਾਂ ਦੇ ਮੁਕਾਬਲੇ ਪੰਜਾਬੀ ਸ਼ਬਦ ਕੋਸ਼ਾਂ ਵਿਚ ਪੰਜਾਬੀ ਨਾਂ ਦੇਖੇ ਜਾਂਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਅੰਗਰੇਜ਼ੀ-ਪੰਜਾਬੀ ਸ਼ਬਦਕੋਸ਼ ਵਿਚ ਟਾਈਗਰ (Tiger) ਦੇ ਸਾਹਮਣੇ ਅਰਥ ਦਿੱਤੇ ਹੋਏ ਹਨ: ਸ਼ੇਰ, ਸ਼ੀਂਹ, ਬਾਘ, ਚੀਤਾ, ਚਿਤਰਾ। ਪੈਂਥਰ (Panther) ਦੇ ਸਾਹਮਣੇ ਲਿਖਿਆ ਹੈ: ਚੀਤਾ, ਬਾਘ। Leopard ਦੇ ਸਾਹਮਣੇ: ਚੀਤਾ, ਚਿਤਰਾ। Lion ਦੇ ਸਾਹਮਣੇ ਸ਼ੇਰ, ਬੱਬਰ ਸ਼ੇਰ, ਸ਼ੀਂਹ ਲਿਖਿਆ ਹੈ। ਇਸ ਤਰ੍ਹਾਂ ਇਹ ਸਾਰੇ ਭਿੰਨਤਾ ਬਾਵਜੂਦ ਰਲਗੱਡ ਹੋ ਗਏ ਹਨ। ਚੀਤੇ ਤੇ ਬਾਘ ਦੀ ਪਛਾਣ ਦੇ ਚਿੰਨ ਸਪੱਸ਼ਟ ਹੋ ਗਏ ਹਨ ਪਰ Tiger ਕਹੇ ਜਾਣ ਵਾਲੇ ਨੂੰ ਪੰਜਾਬੀ ਵਿਚ ਕੀ ਕਹੀਏ? ਜਿਸ ਦੇ ਸਰੀਰ ’ਤੇ ਕਾਲੀਆਂ ਪੱਟੀਆਂ ਹੁੰਦੀਆਂ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਰਾਹ ਪਾਉਣ ਵਾਲੇ

23 ਸਤੰਬਰ ਨੂੰ ਅਵਨੀਤ ਕੌਰ ਦੀ ਰਚਨਾ ‘ਦਸਤਕ’ ਵਿਚ ਚੰਗੇ ਅਤੇ ਸਿੱਧੇ ਰਾਹ ਪਾਉਣ ਵਾਲੇ ਅਧਿਆਪਕਾਂ ਬਾਰੇ ਦੱਸਿਆ ਗਿਆ ਹੈ। ਇਸ ਵਿਚ ਉਨ੍ਹਾਂ ਅਧਿਆਪਕਾਂ ਦੀ ਤਾਂਘ ਝਾਤੀਆਂ ਮਾਰਦੀ ਹੈ ਜਿਹੜੇ ਔਖੀ ਪ੍ਰੀਖਿਆ ਨੂੰ ਆਸਾਨ ਖੇਡ ਸਮਝ ਕੇ ਖੇਡਣ ਲਈ ਬੱਚਿਆਂ ਨੂੰ ਤਿਆਰ ਕਰਦੇ ਹਨ। ਉਨ੍ਹਾਂ ਪ੍ਰੀਖਿਆਵਾਂ ਨੂੰ ਕੇਵਲ ਵੱਧ ਅੰਕ ਪ੍ਰਾਪਤ ਕਰਨ ਵਾਲੀ ਪ੍ਰਕਿਰਿਆ ਸਮਝ ਕੇ ਅਜਿਹੇ ਪ੍ਰਸ਼ਨ ਪੱਤਰ ਤਿਆਰ ਕਰਦੇ ਹਨ ਜੋ ਜੀਵਨ ਭਰ ਕੰਮ ਆਉਣ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਛਪੇ ਮਿਡਲ ‘ਹਵਾ ਦਾ ਰੁਖ਼’ ਵਿਚ ਕੁਲਮਿੰਦਰ ਕੌਰ ਨੇ ਜੀਵਨ ਵਿਚ ਆਪਣਾ ਟੀਚਾ ਨਿਸ਼ਚਿਤ ਕਰਕੇ ਮੰਜ਼ਿਲ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਜੇ ਹਾਲਾਤ ਨਾਲ ਸਮਝੌਤਾ ਕਰਦੇ ਰਹਾਂਗੇ ਤਾਂ ਜ਼ਿੰਦਗੀ ਵਿਚ ਅੱਗੇ ਤਾਂ ਵਧ ਜਾਵਾਂਗੇ ਪਰ ਜ਼ਿੰਦਗੀ ਨੂੰ ਮਾਨਣ ਦੀ ਥਾਂ ਕੱਢਣ ਦੀ ਕੋਸ਼ਿਸ਼ ਵਧੇਰੇ ਕਰਾਂਗੇ। ਇਸ ਲਈ ਆਪਣਾ ਰਸਤਾ ਆਪ ਤਕਦੀਰ ਨਾਲ ਲੜ ਕੇ ਬਣਾਉ।

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਪੰਜਾਬ ਦੀ ਖੇਤੀ ਨੀਤੀ

17 ਸਤੰਬਰ ਦੇ ਅੰਕ ਵਿਚ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਪੰਜਾਬ ਲਈ ਖੇਤੀਬਾੜੀ ਨੀਤੀ ਦਾ ਮਸਲਾ’ ਪੜ੍ਹਿਆ। ਪੰਜਾਬੀ ਕਿਸਾਨ ਅਤੇ ਕਿਰਤੀ ਦੀ ਮਿਹਨਤ ਨੇ ਹਰੀ ਕ੍ਰਾਂਤੀ ਨਾਲ ਸੂਬੇ ਅਤੇ ਦੇਸ਼ ਨੂੰ ਖੁਰਾਕ ਦੀ ਸੁਰੱਖਿਆ ਮੁਹੱਈਆ ਕਰਵਾਈ ਪਰ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਵਿਕਾਸ ਲਈ ਸਰਕਾਰਾਂ ਨੇ ਖੇਤੀ ਨੂੰ ਸੰਕਟ ਵਿਚੋਂ ਕੱਢਣ ਲਈ ਕੋਈ ਲੰਮੇ ਸਮੇਂ ਲਈ ਟਿਕਾਊ ਨੀਤੀ ਨਹੀਂ ਅਪਣਾਈ ਜਿਸ ਨਾਲ ਸੂਬੇ ਦੇ ਵਾਤਾਵਰਨ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਿਗਾੜ ਪੈਦਾ ਹੋ ਗਿਆ। ਹੋਰ ਵੀ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਸਰਕਾਰਾਂ ਨੇ ਖੇਤੀ ਦੇ ਵਿਕਾਸ ਲਈ ਬਣਾਈਆਂ ਵੱਖੋ-ਵੱਖ ਵਿਦਵਾਨਾਂ ਦੀਆਂ ਕਮੇਟੀਆਂ ਦੇ ਸੁਝਾਵਾਂ ਨੂੰ ਅਣਗੌਲਿਆਂ ਕੀਤਾ ਹੈ। ਡਾ. ਭੰਗੂ ਨੇ ਲੇਖ ਰਾਹੀਂ ਐਨ ਸਮੇਂ ਸਿਰ ਮੌਜੂਦਾ ਸਰਕਾਰ ਅਤੇ ਲੋਕਾਂ ਨੂੰ ਖੇਤੀਬਾੜੀ ਨੀਤੀ ਬਣਾਉਣ ਬਾਰੇ ਜਾਗਰੂਕ ਕਰਨ ਦਾ ਯਤਨ ਕੀਤਾ ਹੈ।

ਡਾ. ਸੰਤ ਸੁਰਿੰਦਰਪਾਲ ਸਿੰਘ, ਰੂਪਨਗਰ

(2)

17 ਸਤੰਬਰ ਅੰਕ ਦੇ ਲੇਖ ‘ਪੰਜਾਬ ਲਈ ਖੇਤੀਬਾੜੀ ਨੀਤੀ ਦਾ ਮਸਲਾ’ ਵਿਚ ਡਾ. ਕੇਸਰ ਸਿੰਘ ਭੰਗੂ ਨੇ ਪੰਜਾਬ ਲਈ ਖੇਤੀ ਨੀਤੀ ਬਾਰੇ ਮੁੜ ਵਿਚਾਰ ਕਰਨ ’ਤੇ ਜ਼ੋਰ ਦਿੱਤਾ ਹੈ। ਦਰਅਸਲ ਖੇਤੀ ਹੁਣ ਮੁਨਾਫ਼ੇ ਵਾਲਾ ਕਿੱਤਾ ਨਹੀਂ। ਇਸ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਵੀ ਕਿਸਾਨਾਂ ਦੇ ਖ਼ਿਲਾਫ਼ ਭੁਗਤਦੀਆਂ ਜਾਪਦੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਪਛੜ ਰਹੀ ਹੈ; ਫ਼ਸਲੀ ਚੱਕਰ ਵਿਚ ਤਬਦੀਲੀ ਲਈ ਕਿਸਾਨ ਸਹਿਮਤ ਨਹੀਂ। ਵਾਹੀਯੋਗ ਜ਼ਮੀਨਾਂ ਲਗਾਤਾਰ ਘਟ ਰਹੀਆਂ ਹਨ ਤੇ ਨੌਜਵਾਨਾਂ ਦੀ ਦੌੜ ਵਿਦੇਸ਼ਾਂ ਵੱਲ ਹੈ। ਕੁਲ ਮਿਲਾ ਕੇ ਖੇਤੀ ਧੰਦਾ ਹੁਣ ਦਿਸ਼ਾਹੀਣ ਜਿਹਾ ਲੱਗ ਰਿਹਾ ਹੈ। ਹਾਂ, ਜੇਕਰ ਕੇਂਦਰ ਸਰਕਾਰ ਕਿਸਾਨਾਂ ਅਤੇ ਖੋਜੀ ਵਿਗਿਆਨੀਆਂ ਦੀ ਮਦਦ ਨਾਲ ਕੋਈ ਨਵੀਂ ਠੋਸ ਨੀਤੀ ਲਿਆਵੇ ਤਾਂ ਇਹ ਕਿੱਤਾ ਮੁੜ ਪੈਰਾਂ ਸਿਰ ਅਤੇ ਮੁਨਾਫ਼ੇ ਵਾਲਾ ਹੋ ਸਕਦਾ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਸਿਉਂਕ ਲੱਗੇ ਦਰੱਖਤ

ਸੜਕਾਂ ਕਿਨਾਰੇ ਦਰੱਖਤਾਂ ਦੀ ਸੰਭਾਲ ਜ਼ਰੂਰੀ ਹੈ। ਸੁੱਕ ਚੁੱਕੇ ਅਤੇ ਸਿਉਂਕ ਖਾਧੇ ਦਰੱਖਤ ਸੜਕਾਂ ਤੋਂ ਹਟਾ ਦੇਣੇ ਚਾਹੀਦੇ ਹਨ ਕਿਉਂਕਿ ਅਜਿਹੇ ਦਰੱਖਤ ਰਾਹੀਆਂ ਦੀ ਜਾਨ ਲਈ ਖ਼ਤਰਾ ਬਣਦੇ ਹਨ। ਰੋਜ਼ਾਨਾ ਹੀ ਵਾਹਨਾਂ ਉੱਪਰ ਦਰੱਖਤ ਡਿੱਗਣ ਦੀਆਂ ਖ਼ਬਰਾਂ ਨਜ਼ਰ ਪੈਂਦੀਆਂ ਹਨ। ਬਹੁਤ ਲੋਕ ਜਾਨ ਤੋਂ ਹੱਥ ਧੋ ਬੈਠਦੇ ਹਨ। ਸਰਕਾਰ ਤੇ ਪ੍ਰਸ਼ਾਸਨ ਪਹਿਲ ਦੇ ਆਧਾਰ ’ਤੇ ਜੰਗਲਾਤ ਵਿਭਾਗ ਨੂੰ ਇਸ ਸਮੱਸਿਆ ਦੇ ਹੱਲ ਲਈ ਹੁਕਮ ਜਾਰੀ ਕਰਨ।
ਮਾਸਟਰ ਰਾਜਿੰਦਰ ਸਿੰਘ ਲੱਲੋਂ, ਅਮਲੋਹ (ਫਤਹਿਗੜ੍ਹ ਸਾਹਿਬ)

ਪਾਠਕਾਂ ਦੇ ਖ਼ਤ Other

Sep 24, 2022

ਮਜ਼ਦੂਰਾਂ ਦੇ ਹਾਲ

16 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਕਰਮ ਬਰਸਟ ਨੇ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਦੀ ਤਰਸਯੋਗ ਹਾਲਤ ਬਿਆਨ ਕੀਤੀ ਹੈ। ਵੱਖ ਵੱਖ ਸਰਕਾਰਾਂ ਅਜੇ ਵੀ ਮਿਹਨਤੀ ਮਜ਼ਦੂਰਾਂ ਦੀਆਂ ਬੁਨਿਆਦੀ ਲੋੜਾਂ ਹੀ ਪੂਰੀਆਂ ਨਹੀਂ ਕਰ ਸਕੀਆਂ। ਇਨ੍ਹਾਂ ਦੀ ਆਰਥਿਕ ਅਵਸਥਾ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਹੁਣ ਵੱਡਾ ਸਵਾਲ ਹੈ: ਕੀ ਉਹ ਸਾਰੀ ਉਮਰ ਕਰਜ਼ਿਆਂ ਦੇ ਭਾਰ ਥੱਲੇ ਹੀ ਨੱਪੇ ਰਹਿਣਗੇ ਅਤੇ ਖ਼ੁਦਕੁਸ਼ੀਆਂ ਹੀ ਕਰਦੇ ਰਹਿਣਗੇ?
ਜਸਬੀਰ ਕੌਰ, ਅੰਮ੍ਰਿਤਸਰ


ਝਾੜ-ਝੰਬ ਦੀ ਬਜਾਇ ਸਜ਼ਾ

23 ਸਤੰਬਰ ਦੇ ਸੰਪਾਦਕੀ ‘ਨਫ਼ਰਤੀ ਭਾਸ਼ਣਾਂ ਬਾਰੇ ਚਿੰਤਾ’ ਦੇ ਅਖ਼ੀਰ ਵਿਚ ਲਿਖਿਆ ਹੈ ਕਿ ਸਰਬਉੱਚ ਅਦਾਲਤ ਅਤੇ ਕੇਂਦਰ ਸਰਕਾਰ ਨੂੰ ਇਹ ਰੁਝਾਨ (ਨਫ਼ਰਤੀ ਸ਼ਬਦਾਵਲੀ) ਰੋਕਣ ਲਈ ਕਾਰਗਰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦਾ ਇਹੀ ਅਰਥ ਬਣਦਾ ਹੈ ਕਿ ਆਮ ਤੌਰ ’ਤੇ ਕਈ ਕੇਸਾਂ ਵਿਚ ਅਦਾਲਤਾਂ ‘ਚਿੰਤਾ ਜ਼ਾਹਿਰ’ ਕਰਦੀਆਂ ਹਨ ਅਤੇ ਕਈ ਵਾਰ ‘ਝਾੜ’ ਵੀ ਪਾਉਂਦੀਆਂ ਹਨ ਪਰ ਦੇਖਣ ਵਿਚ ਆਉਂਦਾ ਹੈ ਕਿ ਇਹ ਅਦਾਲਤੀ ਚਿੰਤਾ ਜਾਂ ਝਾੜ ‘ਮਰ ਜਾਉ ਚਿੜੀਉ ਜੀਅ ਪਉ ਚਿੜੀਉ’ ਵਰਗੀ ਹੁੰਦੀ ਹੈ। ਇਸ ਦੀ ਤਾਜ਼ਾ ਮਿਸਾਲ ਦਿੱਲੀ ਦੀ ਮਹਿਲਾ ਆਗੂ ਨੂੰ ਪਿੱਛੇ ਜਿਹੇ ਪਈ ਅਦਾਲਤੀ ‘ਸਖ਼ਤ ਝਾੜ’ ਹੈ। ਇਸ ਲਈ ਇਸ ਚਿੰਤਾ ਜਾਂ ਝਾੜ ਦੀ ਬਜਾਇ ਦੋਸ਼ੀਆਂ ਲਈ ਕੋਈ ਸਜ਼ਾ ਦਾ ਵਿਧੀ-ਵਿਧਾਨ ਬਣਨਾ ਚਾਹੀਦਾ ਹੈ। ਨਜ਼ਰੀਆ ਸਫ਼ੇ ਉੱਤੇ ਹੀ ਇਸੇ ਦਿਨ ਅਕਾਲੀ ਸਿਆਸਤ ਬਾਰੇ ਜਗਰੂਪ ਸਿੰਘ ਸੇਖੋਂ ਦੇ ਲੇਖ ਵਿਚ ਪੰਜਾਬ ’ਚੋਂ ਅਕਾਲੀ ਦਲ ਨੂੰ ਲਗਾਤਾਰ ਘੱਟ ਵੋਟਾਂ ਮਿਲਣਾ ਪੜ੍ਹ ਕੇ ਪ੍ਰਧਾਨਗੀ ਨੂੰ ਬੁਰੀ ਤਰ੍ਹਾਂ ਚਿੰਬੜੇ ਬੈਠੇ ਸੁਖਬੀਰ ਸਿੰਘ ਬਾਦਲ ਬਾਰੇ ਬੜਾ ਕੁਝ ਚੇਤੇ ਆਉਂਦਾ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)


ਬੁਲੰਦੀਆਂ

22 ਸਤੰਬਰ ਦੇ ਅੰਕ ਵਿਚ ਕੁਲਮਿੰਦਰ ਕੌਰ ਦਾ ਮਿਡਲ ‘ਹਵਾ ਦਾ ਰੁਖ਼’ ਪ੍ਰਭਾਵਸ਼ਾਲੀ ਸੀ। ਲਿਖਣ ਦਾ ਢੰਗ ਸਲਾਹੁਣਯੋਗ ਹੈ। ਸੱਚਮੁੱਚ ਜਨਮ ਤੋਂ ਹੀ ਘਰ ਵਿਚ ਚੰਗੀਆਂ ਸਹੂਲਤਾਂ ਦੇ ਹੁੰਦਿਆਂ ਕਿਸੇ ਰੁਤਬੇ ’ਤੇ ਪਹੁੰਚ ਜਾਣ ਨਾਲੋਂ ਉਹ ਬੰਦੇ ਕਿਤੇ ਵੱਧ ਮਹਾਨ ਹੁੰਦੇ ਹਨ ਜਿਹੜੇ ਅਤਿ ਦੀ ਗ਼ਰੀਬੀ ਹੁੰਦਿਆਂ ਵੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਉੱਚੀਆਂ ਬੁਲੰਦੀਆਂ ਹਾਸਿਲ ਕਰ ਜਾਂਦੇ ਹਨ।
ਸੁਖਦੇਵ ਸਿੰਘ ਸ਼ਾਂਤ, ਏਵਨ (ਇੰਡੀਆਨਾ, ਅਮਰੀਕਾ)


ਪੁਆੜੇ ਦੀ ਜੜ੍ਹ

21 ਸਤੰਬਰ ਨੂੰ ਸੁੱਚਾ ਸਿੰਘ ਖਟੜਾ ਦੀ ਰਚਨਾ ‘ਕਾਸ਼! ਮੋਬਾਈਲ ਵਰਦਾਨ ਬਣੇ...’ ਪੜ੍ਹੀ। ਉਨ੍ਹਾਂ ਮੋਬਾਈਨ ਫੋਨ ਅਤੇ ਕਿਤਾਬ ਦਾ ਖੂਬ ਮੁਕਾਬਲਾ ਕੀਤਾ ਹੈ। ਮੋਬਾਈਲ ਫੋਨ ਦੇ ਫ਼ਾਇਦੇ ਵੀ ਬਥੇਰੇ ਹਨ ਪਰ ਇਹ ਅਕਸਰ ਪੁਆੜੇ ਦੀ ਜੜ੍ਹ ਵੀ ਬਣਦਾ ਹੈ। ਕਿਤਾਬਾਂ ਪਾਠਕ ਨੂੰ ਬੰਦਾ ਬਣਨ ਦੇ ਰਾਹ ਤੋਰਦੀਆਂ ਹਨ। ਇਸੇ ਲਈ ਅਧਿਆਪਕਾਂ ਦੀ ਟਰੇਨਿੰਗ ਵਿਚ ਇਹ ਨੁਕਤਾ ਸ਼ਾਮਲ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕਿਤਾਬਾਂ ਲਈ ਪ੍ਰੇਰਦੇ ਰਹਿਣ।
ਬਲਵਿੰਦਰ ਕੌਰ ਚਾਹਲ, ਹੁਸ਼ਿਆਰਪੁਰ


ਅਣਥੱਕ ਅਦਾਕਾਰ

17 ਸਤੰਬਰ ਨੂੰ ਸੁਰਜੀਤ ਜੱਸਲ ਦਾ ਲੇਖ ‘ਹਰਦੀਪ ਗਰੇਵਾਲ ਦੀ ਫਿਲਮ ਬੈਚ 2013’ ਪੜ੍ਹਿਆ ਜਿਸ ਵਿਚ ਉਨ੍ਹਾਂ ਹਰਦੀਪ ਗਰੇਵਾਲ ਨੂੰ ਵੱਖਰੀ ਕਿਸਮ ਦੇ ਸਿਨੇਮਾ ਦਾ ਆਸ਼ਕ ਦੱਸਿਆ ਹੈ ਅਤੇ ਹਰਦੀਪ ਗਰੇਵਾਲ ਦੀ ਅਣਥੱਕ ਮਿਹਨਤ ਨੂੰ ਬਾਖ਼ੂਬੀ ਨਾਲ ਲਿਖਿਆ। ਸੱਚਮੁੱਚ ਹਰਦੀਪ ਗਰੇਵਾਲ ਪੰਜਾਬੀ ਸਿਨੇ ਜਗਤ ਦਾ ਮਿਹਨਤੀ ਤੇ ਅਣਥੱਕ ਅਦਾਕਾਰ ਹੈ ਜੋ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਗਾਣਿਆਂ ਅਤੇ ਫਿਲਮ ਰਾਹੀਂ ਅੱਗੇ ਵਧਣ ਦਾ ਹੌਸਲਾ ਦਿੰਦਾ ਹੈ। ਲੇਖ ਦੀਆਂ ਕਈ ਗੱਲਾਂ ਵਿਚਾਰਨ ਵਾਲੀਆਂ ਹਨ।
ਪਾਵੇਲ ਸਿਹੌੜਾ (ਲੁਧਿਆਣਾ)


ਕੱਟੀਆਂ ਜੇਬਾਂ

9 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਕੁਲਵਿੰਦਰ ਸਿੰਘ ਮਲੋਟ ਦਾ ਮਿਡਲ ‘ਇਉਂ ਵੀ ਕੱਟੀਆਂ ਜਾਂਦੀਆਂ ਜੇਬਾਂ’ ਵਿਚ ਲੇਖਕ ਨੇ ਆਪਣੇ ਤਜਰਬੇ ਰਾਹੀਂ ਸਮਾਜ ਨੂੰ ਸਾਵਧਾਨ ਕੀਤਾ ਹੈ ਕਿ ਕਿਵੇਂ ਲੋਕਾਂ ਨਾਲ ਵੱਖ ਵੱਖ ਢੰਗਾਂ ਨਾਲ ਠੱਗੀ ਮਾਰੀ ਜਾਂਦੀ ਹੈ। ਇਹ ਠੱਗ ਸਿਆਣੇ ਤੋਂ ਸਿਆਣੇ ਬੰਦੇ ਨੂੰ ਵੀ ਆਪਣੇ ਜਾਲ ਵਿਚ ਫਸਾ ਲੈਂਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

ਪਾਠਕਾਂ ਦੇ ਖ਼ਤ Other

Sep 23, 2022

ਟੀਵੀ ਚੈਨਲਾਂ ਦੀ ਹਕੀਕਤ

22 ਸਤੰਬਰ ਨੂੰ ਪਹਿਲੇ ਸਫੇ ਦੀ ਖ਼ਬਰ ਹੈ: ‘ਟੀਵੀ ਐਂਕਰ ਬੜਬੋਲੇ, ਸਰਕਾਰ ਮੂਕ ਦਰਸ਼ਕ: ਸੁਪਰੀਮ ਕੋਰਟ’ ਇਹ ਖ਼ਬਰ ਇਲੈਕਟ੍ਰੌਨਿਕਸ ਮੀਡੀਆ ’ਤੇ ਪੱਖਪਾਤ ਕਰਨ ਅਤੇ ਸਮਾਜ ਵਿਚ ਜ਼ਹਿਰ ਫੈਲਾਉਣ ਦਾ ਜ਼ਿਕਰ ਕਰਦੀ ਹੈ। ਬਹੁਤੇ ਟੀਵੀ ਚੈਨਲਾਂ ਦੇ ਐਂਕਰ ਸਰਕਾਰ ਦੀ ਬੋਲੀ ਬੋਲਦੇ ਹਨ ਅਤੇ ਵਿਰੋਧੀ ਪੱਖ ਨੂੰ ਵਿਚਾਰ ਪ੍ਰਗਟ ਕਰਨ ਤੋਂ ਵੀ ਰੋਕਦੇ ਹਨ। ਚਰਚਾ ਦੌਰਾਨ ਧਰਮ ਨਿਰਪੱਖਤਾ ਵਾਲੀ ਗੱਲ ਕਿਤੇ ਦੇਖਣ ਨੂੰ ਨਹੀਂ ਮਿਲਦੀ। ਇਸ ਨਾਲ ਮੁਲਕ ਦੇ ਵੱਖ ਵੱਖ ਫਿ਼ਰਕਿਆਂ ਵਿਚ ਵਧ ਰਿਹਾ ਪਾੜਾ ਸਾਫ਼ ਦਿਖਾਈ ਦਿੰਦਾ ਹੈ। ਇਹ ਲੋਕਤੰਤਰ ਦੀ ਹੱਤਿਆ ਹੈ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


ਹਰਿਆਣਾ ਦੇ ਸਿੱਖ ਅਤੇ ਗੁਰਦੁਆਰਾ ਕਮੇਟੀ

21 ਸਤੰਬਰ ਦੇ ਪਹਿਲੇ ਪੰਨੇ ’ਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀ ਮਾਨਤਾ ਬਾਰੇ ਖ਼ਬਰ ਪੜ੍ਹੀ। ਹਰਿਆਣੇ ਦੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ’ਤੇ ਹੁਣ ਸੁਪਰੀਮ ਕੋਰਟ ਦੀ ਮੋਹਰ ਲੱਗ ਚੁੱਕੀ ਹੈ। ਇਸ ਨਾਲ ਹਰਿਆਣੇ ਵਿਚ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਮੁਹਿੰਮ ਦਾ ਆਗਾਜ਼ ਕੁਰੂਕਸ਼ੇਤਰ ਤੋਂ ਜਥੇਦਾਰ ਦੀਦਾਰ ਸਿੰਘ ਨਲਵੀ ਅਤੇ ਹਰਿਆਣੇ ਦੇ ਸਿੱਖਾਂ ਨੇ 2001 ਵਿਚ ਕੀਤਾ ਸੀ। ਵੱਖਰੀ ਕਮੇਟੀ ਦੇ ਬੈਨਰ ਹੇਠ 2004 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਰਿਆਣੇ ਦੀਆਂ ਕੁੱਲ 11 ਸੀਟਾਂ ਵਿਚੋਂ 7 ਸੀਟਾਂ ’ਤੇ ਵੱਖਰੀ ਕਮੇਟੀ ਦੇ ਮੈਂਬਰਾਂ ਨੇ ਜਿੱਤ ਦਰਜ ਕੀਤੀ ਸੀ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਪੰਜਾਬੀ ਪੈੜਾਂ

ਇੰਟਰਨੈੱਟ ਪੰਨੇ ਪੰਜਾਬੀ ਪੈੜਾਂ 20 ਸਤੰਬਰ ਅਧੀਨ ਗੁਰਮਲਕੀਅਤ ਸਿੰਘ ਕਾਹਲੋਂ ਦੀ ਕਹਾਣੀ ‘ਵੱਡੇ ਲੋਕ’ ਭਾਵੁਕ ਕਰਦੀ ਹੋਈ ਝੰਜੋੜ ਗਈ ਕਿ ਮਾਇਆ ਨਹੀਂ ਸਗੋਂ ਸ਼ੁਭ ਕਰਮ/ਅਮਲ (ਲੋੜਵੰਦ ਦੀ ਮਦਦ) ਢੇਰ ਸਾਰੀ ਵਡਿਆਈ ਦਿੰਦੇ ਹਨ ਤੇ ਸਕੂਨ ਵੀ।

ਲਖਵਿੰਦਰ ਸਿੰਘ, ਰਈਆ ਹਵੇਲੀਆਣਾ (ਅੰਮ੍ਰਿਤਸਰ)


ਨੇਤਾ ਬਿਰਤੀ

17 ਸਤੰਬਰ ਦਾ ਸੰਪਾਦਕੀ ‘ਸਿਆਸੀ ਖਲਾਅ’ ਨੇਤਾਵਾਂ ਦੀ ਛੁਪੀ ਬਿਰਤੀ ਦੇ ਪਾਜ ਉਧੇੜਦੀ ਹੈ| ਪੰਜਾਬ ਦੇ ਬਦਲੇ ਸਿਆਸੀ ਮੁਹਾਂਦਰੇ ਕਾਰਨ ਘਾਗ ਨੇਤਾਵਾਂ ਨੂੰ ਵੱਜੀਆਂ ਪਟਕਣੀਆਂ ਨੇ ਇਨ੍ਹਾਂ ਨੂੰ ਸਿਰਾਂ ਤੋਂ ਪੈਰਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ| ਆਪਣੀ ਹਕੂਮਤ ਸਮੇਂ ਲੋਕਾਈ ਨੂੰ ਟਿੱਚ ਸਮਝਣ ਵਾਲੇ ਅੱਜ ਕੇਂਦਰ ਸਹਾਰੇ ਪੰਜਾਬ ਦੀ ਬਿਹਤਰੀ ਦਾ ਰਾਗ ਅਲਾਪ ਰਹੇ ਹਨ।

ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਾਲੇਰਕੋਟਲਾ)


ਆਨਲਾਈਨ ਪੜ੍ਹਾਈ

16 ਸਤੰਬਰ ਨੂੰ ਸੰਪਾਦਕੀ ‘ਆਨਲਾਈਨ ਵਿੱਦਿਅਕ ਮਾਡਲ’ ਪੜ੍ਹਿਆ। ਇਹ ਸਚਾਈ ਹੈ ਕਿ ਆਨਲਾਈਨ ਵਿੱਦਿਅਕ ਪ੍ਰਣਾਲੀ ਕਲਾਸ ਰੂਮ ਪੜ੍ਹਾਈ ਦਾ ਬਦਲ ਨਹੀਂ ਹੋ ਸਕਦੀ। ਇਸੇ ਦਿਨ ਪ੍ਰੀਤਮਾ ਦੋਮੇਲ ਦਾ ਮਿਡਲ ‘ਜਨੂਨ’ ਬਹੁਤ ਪਸੰਦ ਆਇਆ। ਕਈ ਵਾਰ ਪਰਉਪਕਾਰ/ਤਰਸ ਕਰਨਾ ਪੁੱਠਾ ਪੈ ਜਾਂਦਾ ਹੈ।

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)


ਸਚਾਈ ਬਿਆਨ

ਪ੍ਰੀਤਮਾ ਦੋਮੇਲ ਦੀ ਰਚਨਾ ‘ਜਨੂਨ’ 16 ਸਤੰਬਰ ਨੇ ਸਚਾਈ ਬਿਆਨ ਕਰ ਦਿੱਤੀ ਹੈ। ਲੇਖਕ ਨੂੰ ਮਦਦ ਕਰਨ ਦਾ ਜਨੂਨ ਮਹਿੰਗਾ ਪੈ ਗਿਆ। ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਰਾਹ ਜਾਂਦਾ ਕੋਈ ਬੰਦਾ ਮਦਦ ਲੈਣ ਨੂੰ ਤਿਆਰ ਨਹੀਂ ਹੁੰਦਾ।

ਹਰਪ੍ਰੀਤ ਸਿੰਘ, ਝੁਨੇਰ (ਮਾਲੇਰਕੋਟਲਾ)


ਹੈਰਾਨ ਕਰਨ ਵਾਲੇ ਤੱਥ

3 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਅਰੁਣ ਮਿੱਤਰਾ ਦੇ ਲੇਖ ‘ਦਵਾਈਆਂ ਦੀਆਂ ਵਾਧੂ ਕੀਮਤਾਂ ਅਤੇ ਅਵਾਮ’ ਵਿਚ ਉਨ੍ਹਾਂ ਹੈਰਾਨ ਕਰ ਦੇਣ ਵਾਲੇ ਤੱਥ ਪੇਸ਼ ਕੀਤੇ ਹਨ। ਕੁਝ ਮਾਮਲਿਆਂ ਵਿਚ ਵਪਾਰ ਮੁਨਾਫ਼ਾ ਮਾਰਜਿਨ 5000 ਫ਼ੀਸਦੀ ਤਕ ਵੱਧ ਹੋਣ ਦਾ ਅੰਕੜਾ ਦਰਸਾਉਂਦਾ ਹੈ ਕਿ ਮਰੀਜ਼ਾਂ ਦੀ ਕਿਵੇਂ ਅੰਨ੍ਹੀ ਲੁੱਟ ਹੋ ਰਹੀ ਹੈ। ਉਹ ਬਿਲਕੁਲ ਦਰੁਸਤ ਕਹਿ ਰਹੇ ਹਨ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਰੀਜ਼ਾਂ ਦਾ ਸ਼ੋਸ਼ਣ ਰੋਕਣ ਲਈ ਦਵਾਈਆਂ ਦੇ ਕਾਰੋਬਾਰ ਵਿਚ ਜਨਤਕ ਖੇਤਰ ਨੂੰ ਤਰਜੀਹ ਦਿੱਤੀ ਸੀ ਪਰ ਅਫ਼ਸੋਸ ਕਿ ਦਸੰਬਰ 2016 ਵਿਚ ਸਮੇਂ ਦੀ ਸਰਕਾਰ ਨੇ ਜਨਤਕ ਖੇਤਰ ਦੀਆਂ ਦਵਾਈ ਕੰਪਨੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਕਰਕੇ ਅੱਜ ਸਸਤਾ ਇਲਾਜ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਇਸੇ ਪੰਨੇ ਦੀ ਸੰਪਾਦਕੀ ‘ਅਕਾਲੀ ਦਲ ਦੇ ਐਲਾਨ’ ਵਿਚ ਅਕਾਲੀ ਦਲ ਦੀ ਗੱਲ ਕੀਤੀ ਗਈ ਹੈ। ਆਪਣੇ ਵਿਰਾਸਤੀ ਰਸਤੇ ਤੋਂ ਭਟਕਿਆ ਅਕਾਲੀ ਦਲ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਮਹਿਸੂਸ ਹੁੰਦਾ ਹੈ।

ਕੁਲਦੀਪ ਸਿੰਘ ਰੋਮਾਣਾ (ਬਠਿੰਡਾ)


(2)

‘ਦਵਾਈਆਂ ਦੀਆਂ ਵਾਧੂ ਕੀਮਤਾਂ ਅਤੇ ਅਵਾਮ’ (3 ਸਤੰਬਰ) ਰਾਹੀਂ ਦਵਾਈਆਂ ਦੀਆਂ ਕੀਮਤਾਂ ਦੇ ਮਾਮਲੇ ਵਿਚ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਜਨਤਾ ਦੀ ਕੀਤੀ ਜਾਂਦੀ ਲੁੱਟ ਦਾ ਪਰਦਾਫਾਸ਼ ਕੀਤਾ ਹੈ; ਪੜ੍ਹ ਕੇ ਹੈਰਾਨ ਹੋ ਗਿਆ ਕਿ ਕਈ ਕੇਸਾਂ ਵਿਚ ਕੰਪਨੀਆਂ ਦਾ ਮੁਨਾਫ਼ਾ ਮਾਰਜਨ 5000% ਤਕ ਤੋਂ ਵੀ ਵੱਧ ਹੁੰਦਾ ਹੈ।

ਜਗਦੇਵ ਸ਼ਰਮਾ ਬੁਗਰਾ, ਧੂਰੀ


ਕਿੰਨਾ ਯਕੀਨ?

21 ਸਤੰਬਰ ਦੇ ਅੰਕ ਵਿਚ ਨੀਰਜਾ ਚੌਧਰੀ ਦੇ ਲੇਖ ‘ਨਿਤੀਸ਼ ਦਾ ਵਿਰੋਧੀ ਧਿਰ ਦੇ ਆਗੂ ਵਜੋਂ ਉਭਾਰ’ ਵਿਚ ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਦੇ ਆਗੂ ਵਜੋਂ ਵੱਖ ਵੱਖ ਆਗੂਆਂ ਦੀ ਦਾਅਵੇਦਾਰੀ ਦੀ ਪੜਚੋਲ ਕਰਦਿਆਂ ਨਿਤੀਸ਼ ਦੀ ਵੱਧ ਦਾਅਵੇਦਾਰੀ ਦਾ ਜ਼ਿਕਰ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਅਤੇ ਕੇਜਰੀਵਾਲ ਦੇ ਮੁਕਾਬਲੇ ਵੱਧ ਪਾਰਟੀਆਂ ਦਾ ਸਮਰਥਨ ਨਿਤੀਸ਼ ਨੂੰ ਮਿਲ ਸਕਦਾ ਹੈ ਪਰ ਉਹ ਇਕੱਲਾ ਚੱਲਣ ਦੀ ਪੈਰਵੀ ਕਰਦੇ ਰਹੇ ਹਨ ਜੋ ਭਾਜਪਾ ਦੇ ਇਕ ਵਾਰ ਫਿਰ ਸਫ਼ਲ ਹੋਣ ਵਿਚ ਸਹਾਈ ਹੋ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਸਖ਼ਤ ਮੁਕਾਬਲਾ ਕਰਕੇ ਹਾਰਨਾ ਵਧੀਆ ਹੈ ਜਾਂ ਕਿਸੇ ਅਜਿਹੇ ਆਗੂ ਨੂੰ ਅੱਗੇ ਲਾ ਕੇ ਸਾਲ-ਛੇ ਮਹੀਨੇ ਦੀ ਸਰਕਾਰ ਬਣਾਉਣਾ? ਜਿਸ ਆਗੂ ਦਾ ਪਲਟੀਆਂ ਮਾਰਨ ਦਾ ਇਤਿਹਾਸ ਰਿਹਾ ਹੋਵੇ ਅਤੇ ਉਹ ਭਾਜਪਾ ਨਾਲ ਰਲ ਕੇ ਸਰਕਾਰਾਂ ਚਲਾ ਚੁੱਕਿਆ ਹੋਵੇ, ਉਸ ਉੱਤੇ ਕਿੰਨਾ ਯਕੀਨ ਕੀਤਾ ਜਾ ਸਕਦਾ ਹੈ।

ਰਾਵਿੰਦਰ ਫਫੜੇ, ਈਮੇਲ

ਡਾਕ ਐਤਵਾਰ ਦੀ Other

Sep 18, 2022

ਕਲਮ ਦੀ ਤਾਕਤ

ਐਤਵਾਰ, 11 ਸਤੰਬਰ ਨਜ਼ਰੀਆ ਪੰਨੇ ’ਤੇ ਛਪੇ ਗੁਰਬਚਨ ਜਗਤ ਦੇ ਲੇਖ ‘ਕਲਮ ਦੀ ਤਾਕਤ ਤੇ ਅਖ਼ਬਾਰ’ ਦੀ ਕਹਾਣੀ ਹਰ ਉਸ ਜ਼ਹੀਨ ਸ਼ਖ਼ਸ ਨਾਲ਼ ਮਿਲਦੀ ਜੁਲਦੀ ਜਾਪੀ ਜੋ ਦਿਨ ਚੜ੍ਹਦੇ ਹੀ ਅਖ਼ਬਾਰ ਪੜ੍ਹਨ ਲਈ ਇਸ ਦੇ ਪਹੁੰਚਣ ਦੀ ਉਡੀਕ ਕਰਦਾ ਹੈ। ਲੇਖਕ ਹਰ ਇਨਸਾਨ ਨੂੰ ਮਾਨਸਿਕ ਤੌਰ ’ਤੇ ਚੇਤਨ ਹੋਣ ਦਾ ਸੁਨੇਹਾ ਦਿੰਦਾ ਹੈ। ਕਲਮ ਦੀ ਤਾਕਤ ਦੀ ਵਰਤੋਂ ਜ਼ਿੰਮੇਵਾਰੀ, ਇਮਾਨਦਾਰੀ ਅਤੇ ਸਹਿਜਤਾ ਨਾਲ ਕਰਨੀ ਚਾਹੀਦੀ ਹੈ।

ਅਮੀਨਾ, ਬਹਿਰਾਮਪੁਰ ਜ਼ਿਮੀਂਦਾਰੀ (ਰੂਪਨਗਰ)


ਪੇਕਿਆਂ ਦਾ ਮੋਹ

11 ਸਤੰਬਰ ਨੂੰ ਲਖਵਿੰਦਰ ਸਿੰਘ ਰਈਆ ਵੱਲੋਂ ਰਚਿਤ ਮਿਡਲ ‘ਪੇਕਿਆਂ ਦਾ ਮੋਹ’ ਪੜ੍ਹਿਆ। ਇਸ ਵਿਚ ਦੱਸਿਆ ਗਿਆ ਹੈ ਕਿ ਇਕ ਔਰਤ ਕਿਵੇਂ ਆਪਣੇ ਪੇਕਿਆਂ ਦਾ ਸੁੱਖ ਸੁਨੇਹਾ ਪ੍ਰਾਪਤ ਕਰਨ ਲਈ ਬੇਸਬਰੀ ਨਾਲ ਉਡੀਕਦੀ ਹੈ। ਵੰਡ ਤੋਂ ਪਹਿਲਾਂ ਕਿਵੇਂ ਲੋਕ ਇਕ-ਦੂਜੇ ਦੇ ਦੁੱਖ-ਸੁਖ ਵਿਚ ਭਾਈਵਾਲ ਸਨ। ਸਮੇਂ ਦੀ ਹਨੇਰੀ ਤੇ ਫ਼ਿਰਕਾਪ੍ਰਸਤੀ ਨੇ ਸਭ ਕੁਝ ਤਹਿਸ-ਨਹਿਸ ਕਰ ਕੇ ਰੱਖ ਦਿੱਤਾ। ਇਨਸਾਨੀਅਤ ਦਾ ਘਾਣ ਕੀਤਾ ਗਿਆ। ਇਹ ਦਰਦ ਸਿਰਫ਼ ਉਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਆਪਣੇ ਪਿੰਡਿਆਂ ’ਤੇ ਹੰਢਾਇਆ।

ਇਸ ਦੇ ਨਾਲ ਹੀ ਜਿੰਦਰ ਵੱਲੋਂ ਲਿਖਿਆ ਲੇਖ ‘ਹੰਝੂਆਂ ਦੀ ਭਾਸ਼ਾ’ ਪੜ੍ਹਿਆ। ਇਹ ਅੱਜਕੱਲ੍ਹ ਦੀ ਨੌਜਵਾਨ ਦੀ ਪੀੜ੍ਹੀ ਲਈ ਸੁਨੇਹਾ ਹੈ ਕਿ ਉਹ ਆਪਣੇ ਮਾਂ-ਬਾਪ ਰੂਪੀ ਪੂੰਜੀ ਨੂੰ ਸੰਭਾਲ ਕੇ ਰੱਖਣ। ਕਈ ਵਾਰ ਇਨ੍ਹਾਂ ਖ਼ਜ਼ਾਨਿਆਂ ਦੇ ਖੁੱਸਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਸੀਂ ਕੀ ਗੁਆ ਬੈਠੇ ਹਾਂ।

ਰਣਜੀਤ ਕੌਰ, ਲੁਧਿਆਣਾ


ਨਵਾਂ ਸੋਚ ਸੰਸਾਰ

11 ਸਤੰਬਰ ਦੀ ਸੰਪਾਦਕੀ ਵਿਚ ਸੁਭਾਸ਼ ਚੰਦਰ ਬੋਸ, ਜਵਾਹਰਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਬਾਰੇ ਦਿੱਤੀ ਗਈ ਇਤਿਹਾਸਕ ਜਾਣਕਾਰੀ ਵਧੀਆ ਲੱਗੀ। ਸੰਪਾਦਕੀ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਾਤਮਾ ਗਾਂਧੀ ਨਾਲ ਮਤਭੇਦ ਹੋਣ ਦੇ ਬਾਵਜੂਦ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੀਆਂ ਬ੍ਰਿਗੇਡਾਂ ਦੇ ਨਾਂ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਆਜ਼ਾਦ ਬ੍ਰਿਗੇਡ ਅਤੇ ਰਾਣੀ ਝਾਂਸੀ ਦੇ ਨਾਂ ’ਤੇ ਰੱਖੇ। ਸੰਪਾਦਕੀ ਵਿੱਚ ਦੂਜੀ ਗੱਲ ਵੀ ਠੀਕ ਕਹੀ ਗਈ ਹੈ ਕਿ ਸਿਰਫ਼ ਰਾਜਪਥ ਦਾ ਨਾਂ ਕਰਤਵਯ ਪਥ ਵਿਚ ਬਦਲਣ ਨਾਲ ਹੀ ਅਸੀਂ ਸਮਾਜ ਨੂੰ ਨਹੀਂ ਬਦਲ ਸਕਦੇ। ਲੋੜ ਹੈ ਕਿ ਅਸੀਂ ਅਮਲੀ ਤੌਰ ’ਤੇ ਕਰਤੱਵਾਂ ਪ੍ਰਤੀ ਜਾਗਰੂਕ ਹੋਈਏ।

ਚਮਕੌਰ ਸਿੰਘ ਬਾਘੇਵਾਲੀਆ, ਬਾਘਾ ਪੁਰਾਣਾ (ਮੋਗਾ)


1947 ਦਾ ਕਹਿਰ

ਐਤਵਾਰ, 4 ਸਤੰਬਰ ਦੇ ‘ਦਸਤਕ’ ਅੰਕ ਵਿਚ ਸ਼ਿਵ ਨਾਥ ਦਾ ਲੇਖ ‘1947 ਦੀ ਅਜਬ ਦਾਸਤਾਨ’ ਉਨ੍ਹਾਂ ਲੋਕਾਂ ਦੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਹੈ ਜਿਨ੍ਹਾਂ ਨੇ ਉਜਾੜੇ ਦੇ ਸੰਤਾਪ ਨੂੰ ਆਪਣੇ ਤਨ ਉੱਤੇ ਹੰਢਾਇਆ ਹੈ ਅਤੇ ਹਿੰਦੂ ਸਿੱਖ ਮੁਸਲਿਮ ਭਰਾਵਾਂ ਦੀ ਭਾਈਚਾਰਕ ਸਾਂਝ ਨੂੰ ਆਪਣੇ ਅੱਖੀਂ ਲੀਰੋ ਲੀਰ ਹੁੰਦਿਆਂ ਵੇਖਿਆ ਹੈ। 1947 ਦੀ ਵੰਡ ਦੇ ਕਹਿਰ ਦੌਰਾਨ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ, ਔਰਤਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੋਏ, ਲੱਖਾਂ ਲੋਕ ਬੇਘਰ ਹੋਏ। ਲੋਕਾਂ ਵਿਚ ਵੰਡ ਦੀ ਦੀਵਾਰ ਉਸਾਰਨ ਵਾਲਿਆਂ ਕਰਕੇ ਹੀ ਬੇਗ਼ੁਨਾਹ ਲੋਕਾਂ ਨੇ ਆਪਣੀ ਮਿੱਟੀ ਅਤੇ ਆਪਣਿਆਂ ਨਾਲੋਂ ਟੁੱਟਣ ਦਾ ਸੰਤਾਪ ਹੰਢਾਇਆ।

ਕਮਲਜੀਤ ਕੌਰ, ਗੁੰਮਟੀ (ਬਰਨਾਲਾ)

ਪਾਠਕਾਂ ਦੇ ਖ਼ਤ Other

Sep 17, 2022

ਮਜ਼ਦੂਰਾਂ ਦੀ ਲਾਮਬੰਦੀ

ਨਜ਼ਰੀਆ ਪੰਨੇ ਉੱਤੇ ਕਰਮ ਬਰਸਟ ਦਾ ਲੇਖ ‘ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਦਸ਼ਾ ਅਤੇ ਦਿਸ਼ਾ (16 ਸਤੰਬਰ) ਪੜ੍ਹਿਆ। ਇਸ ਮਸਲੇ ਦੇ ਕਈ ਪੱਖ ਹਨ ਪਰ ਜਿਹੜਾ ਵਿਕਾਸ ਮਾਡਲ ਮੁਲਕ ਦੇ ਸ਼ਾਸਕਾਂ ਨੇ ਅਪਣਾ ਲਿਆ ਹੈ, ਉਹ ਆਮ ਨਾਗਰਿਕ ਲਈ ਬਹੁਤ ਤਬਾਹਕੁਨ ਹੈ। ਸਭ ਤੋਂ ਵੱਡੀ ਤਬਾਹੀ ਤਾਂ ਇਹ ਹੈ ਕਿ ਇਨ੍ਹਾਂ ਵਰਗਾਂ ਦੇ ਬਹੁਤੇ ਬੱਚੇ ਵਿੱਦਿਆ ਤੋਂ ਵਾਂਝੇ ਰਹਿ ਰਹੇ ਹਨ। ਵਾਕਈ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਦੀ ਜ਼ਰੂਰਤ ਹੈ।

ਜਸਵੰਤ ਸਿੰਘ, ਜਲੰਧਰ


ਪਾਣੀਆਂ ਦੀ ਵੰਡ

13 ਸਤੰਬਰ ਦੇ ਅੰਕ ਵਿਚ ਪਾਣੀਆਂ ਦੀ ਵੰਡ ਬਾਰੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਪਾਣੀਆਂ ਦੀ ਵੰਡ ਅਤੇ ਐੱਸਵਾਈਐੱਲ ਨਹਿਰ’ ਸਾਂਭਣਯੋਗ ਹੈ। ਲੇਖਕ ਨੇ ਕੌਮੀ ਅਤੇ ਕੌਮਾਂਤਰੀ ਹਵਾਲਿਆਂ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਕਿਸੇ ਅਸੂਲ, ਸਿਧਾਂਤ ਅਤੇ ਕਾਨੂੰਨ ਅਨੁਸਾਰ ਨਹੀਂ ਹੋਈ। ਜੇ ਪਾਣੀਆਂ ਦੀ ਵੰਡ ਨਿਆਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਤਾਂ ਇਹ ਖਿੱਤਾ ਸੰਤਾਪ ਤੋਂ ਬਚ ਸਕਦਾ ਸੀ। ਹੁਣ ਸਾਰੇ ਸਬੰਧਿਤ ਦਾਨਿਸ਼ਵਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਖਿੱਤੇ ਵਿਚ ਸਥਿਰਤਾ ਵਾਸਤੇ ਨਿਰੋਲ ਨਿਆਂਪੂਰਵਕ ਤਰੀਕੇ ਅਨੁਸਾਰ ਪਾਣੀਆਂ ਦੀ ਵੰਡ 1950 ਵਾਲੀ ਸਥਿਤੀ ਨੂੰ ਮੁੱਖ ਰੱਖ ਕੇ ਕਰਨ ਦਾ ਜਿਗਰਾ ਦਿਖਾਉਣ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਬੇਗਾਨਗੀ ਵਾਲਾ ਇਜ਼ਹਾਰ

10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਦੇ ਲੇਖ ‘ਐੱਸਵਾਈਐੱਲ ਵਿਵਾਦ : ਅਮਲੀ ਪਹੁੰਚ ਦੀ ਲੋੜ’ ਵਿਚ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਦਾ ਵਰਣਨ ਹੈ। ਪੰਜਾਬ ਨਾਲ ਦਹਾਕਿਆਂ ਤੋਂ ਵਿਤਕਰਾ ਅਤੇ ਬੇਇਨਸਾਫ਼ੀ ਜਾਰੀ ਹੈ। ਇਸ ਪ੍ਰਸੰਗ ਵਿਚ ਸਰਵਉੱਚ ਅਦਾਲਤ ਦੀ ਟਿੱਪਣੀ ਵੀ ਪੰਜਾਬ ਪ੍ਰਤੀ ਬੇਗਾਨਗੀ ਵਾਲਾ ਇਜ਼ਹਾਰ ਹੈ। ਮੰਨਿਆ ਕਿ ਪਾਣੀ ਕੁਦਰਤੀ ਸ੍ਰੋਤ ਹੈ ਤੇ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ, ਫਿਰ ਹੋਰ ਰਾਜਾਂ ਵਿਚ ਜੋ ਕੁਦਰਤੀ ਸ੍ਰੋਤ ਕੋਲਾ, ਮਾਰਬਲ ਆਦਿ ਹੈ, ਉਹ ਵੀ ਪੰਜਾਬ ਨਾਲ ਸਾਂਝੇ ਕਰੋ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਘਰ ਵਾਪਸੀ

10 ਸਤੰਬਰ ਨੂੰ ਮੋਹਨ ਸ਼ਰਮਾ ਦਾ ਮਿਡਲ ‘ਸੰਘਰਸ਼ ਦਾ ਸਫ਼ਾ’ ਪੜ੍ਹ ਕੇ ਉਹ ਵੇਲਾ ਯਾਦ ਆ ਗਿਆ ਜਦੋਂ ਮਾਪਿਆਂ ਦੇ ਲਾਡਲੇ, ਚੰਡੀਗੜ੍ਹੀਏ ਪੁੱਤ ਨੇ ਗਲ਼ ’ਚ ’ਗੂਠਾ ਦੇ ਕੇ ਬਾਹਰ ਜਾਣ ਦੀ ਜ਼ਿਦ ਪੁਗਾਈ ਅਤੇ ਸਿੰਗਾਪੁਰ ਜਾ ਪੁੱਜਾ। ਉਦੋਂ ਬਾਪੂ ਦੀ ਗੱਲ ਵੀ ਚੇਤੇ ਆਈ ਕਿ ‘ਬਾਹਰ ਜਾਵੇਂਗਾ ਤਾਂ ਆਟੇ ਦਾਲ ਦਾ ਭਾਅ ਪਤਾ ਲੱਗੂ’। ਉਵੇਂ ਹੀ ਹੋਇਆ। ਮਾਪਿਆਂ ਦੇ ਸਹਾਰੇ ਬਗੈਰ ਵਿਗੜਿਆ ਮੁੰਡਾ ਚੰਡੀਗੜ੍ਹ ਦਾ ਸਿਆਣਾ ਹੋ ਗਿਆ। ਮਾਤਾ ਜੀ ਨੇ ਬਦਾਮ ਤਾਂ ਬਹੁਤ ਖੁਆਏ ਸਨ ਪਰ ਅਕਲ ਵਿਦੇਸ਼ੀ ਧਰਤੀ ਉੱਤੇ ਧੱਕੇ ਖਾ ਕੇ ਆਈ। ਇਕ ਭੈਣ ਦਾ ਇਕੋ ਭਰਾ ਅਤੇ ਮਾਪਿਆਂ ਦਾ ਇਕਲੌਤਾ ਮੁੰਡਾ ਹੋਣ ਦੀ ਅਕਲ ਆਈ ਤਾਂ ਦੇਖਿਆ ਕਿ ਅਸਲ ਧਨ ਤਾਂ ਪਿੱਛੇ ਰਹਿ ਗਿਆ। ਪੈਸੇ ਕਮਾਉਣ ਅਤੇ ਜ਼ਿੰਦਗੀ ਬਣਾਉਣ ਨਿਕਲੇ ਨੂੰ ਵਿਛੋੜੇ ਮਗਰੋਂ ਪਰਿਵਾਰ ਦੀ ਸਮਝ ਆਈ। ਇਸ ਲੇਖ ਨੇ ਬੜਾ ਕੁਝ ਕੁਰੇਦ ਛੱਡਿਆ।

ਜਸਮੀਤ ਸਿੰਘ, ਈਮੇਲ


ਜਸਦੇਵ ਸਿੰਘ ਦੀ ਕੁਮੈਂਟਰੀ

10 ਸਤੰਬਰ ਦੇ ਸਤਰੰਗ ਸਫ਼ੇ ਉੱਤੇ ‘ਪੰਜਾਬੀ ਖੇਡ ਸਾਹਿਤ’ ਕਾਲਮ ਤਹਿਤ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ‘ਕੁਮੈਂਟਰੀ ਦਾ ਕੋਹਿਨੂਰ ਜਸਦੇਵ ਸਿੰਘ’ ਪੜ੍ਹਿਆ। ਸੱਚਮੁੱਚ ਜਸਦੇਵ ਸਿੰਘ ਆਪਣੀ ਕੁਮੈਂਟਰੀ ਰਾਹੀਂ ਸਰੋਤਿਆਂ ਨੂੰ ਖੇਡ ਮੈਦਾਨ ਤਕ ਲੈ ਜਾਂਦਾ ਸੀ। ਇਹ ਉਸ ਦੀ ਅਦਭੁੱਤ ਕਲਾ ਦਾ ਕਮਾਲ ਸੀ।

ਬਲਬੀਰ ਸਿੰਘ ਰੰਗੀ, ਹੁਸ਼ਿਆਰਪੁਰ


ਭਲੇ ਵੇਲਿਆਂ ਦੀਆਂ ਗੱਲਾਂ

3 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਅਮਰੀਕ ਸਿੰਘ ਦਿਆਲ ਦੀ ਰਚਨਾ ‘ਕੌਰ ਸਪੀਕਰ ਵਾਲਾ’ ਪੜ੍ਹ ਕੇ ਭਲੇ ਵੇਲਿਆਂ ਦੀ ਯਾਦ ਤਾਜ਼ਾ ਹੋ ਗਈ। ਉਦੋਂ ਲੋਕ ਬਿਨਾ ਕਿਸੇ ਸਵਾਰਥ ਤੋਂ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ। ਵਿਆਹ, ਮੇਲੇ, ਤਿਉਹਾਰਾਂ ਦੀਆਂ ਉਡੀਕਾਂ ਤੇ ਇੰਤਜ਼ਾਰ ਕੀਤਾ ਜਾਂਦਾ ਸੀ। ਇਹ ਹੁਣ ਬੀਤੇ ਦੀਆਂ ਬਾਤਾਂ ਰਹਿ ਗਈਆਂ ਹਨ। ਸਪੀਕਰ ਅੱਜ ਵੀ ਵੱਜਦੇ ਹਨ ਪਰ ਇਹ ਛੱਪੜਾਂ ਤੇ ਪਿੱਪਲਾਂ, ਬੋਹੜਾਂ ਥੱਲੇ ਨਹੀਂ ਸੁਣੇ ਜਾ ਸਕਦੇ, ਗੱਡੀਆਂ ਜਾਂ ਕਲੱਬਾਂ ਵਿਚ ਹੀ ਸੁਣਦੇ ਹਨ।

ਇੰਦਰਜੀਤ ਜਵੰਦਾ, ਈਮੇਲ


ਆਨਲਾਈਨ ਪੜ੍ਹਾਈ ਦੇ ਬਹਾਨੇ

16 ਸਤੰਬਰ ਦਾ ਸੰਪਾਦਕੀ ‘ਆਨਲਾਈਨ ਵਿੱਦਿਅਕ ਮਾਡਲ’ ਪੜ੍ਹਿਆ। ਕੋਵਿਡ-19 ਮਹਾਮਾਰੀ ਕਰਕੇ ਆਨਲਾਈਨ ਸਿੱਖਿਆ ਨੂੰ ਤਰਜੀਹ ਦਿੱਤੀ ਗਈ ਜਿਸ ਦਾ ਸਿਖਿਆਰਥੀ ਅਤੇ ਮਾਪਿਆਂ ਨੂੰ ਤਾਂ ਘੱਟ ਫਾਇਦਾ ਹੋਇਆ ਪਰ ਪ੍ਰਾਈਵੇਟ ਕੰਪਨੀਆਂ ਨੂੰ ਜ਼ਿਆਦਾ ਹੋਇਆ। ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ ਕਾਲਜਾਂ ਵਿਚ ਰਸਮੀ ਸਿੱਖਿਆ ਬਹੁਤ ਜ਼ਰੂਰੀ ਹੈ। ਵਿਦਿਅਕ ਅਦਾਰਿਆਂ ਵਿਚ ਅਧਿਆਪਕ ਦੀ ਦੇਖ-ਰੇਖ ਵਿਚ ਰਹਿ ਕੇ ਸਿਖਿਆਰਥੀ ਅਨੁਸ਼ਾਸਨ, ਕਿਤਾਬਾਂ ਦੀ ਮਹੱਤਤਾ, ਅਧਿਆਪਕ ਮੋਹ ਗ੍ਰਹਿਣ ਕਰਦਾ ਹੈ। ਉਹ ਉਸ ਸਮੇਂ ਦੌਰਾਨ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿੰਦਾ ਹੈ। ਆਨਲਾਈਨ ਪੜ੍ਹਾਈ ਦੇ ਬਹਾਨੇ ਕਿਤੇ ਸਾਨੂੰ ਕਿਤਾਬਾਂ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ? ਦੋ ਸਾਲਾਂ ਦੌਰਾਨ ਸਿਖਿਆਰਥੀ ਕਿਤਾਬਾਂ ਤੋਂ ਦੂਰ ਹੋ ਗਏ ਹਨ ਅਤੇ ਮੋਬਾਈਲਾਂ ਨਾਲ ਇੰਨੇ ਜ਼ਿਆਦਾ ਜੁੜ ਗਏ ਹਨ ਕਿ ਹੁਣ ਵਿੱਦਿਅਕ ਸੰਸਥਾਵਾਂ ਆਫਲਾਈਨ ਹੋਣ ਦੇ ਬਾਵਜੂਦ ਮੋਬਾਈਲਾਂ ਦਾ ਖਹਿੜਾ ਨਹੀਂ ਛੱਡ ਰਹੀਆਂ।

ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)

ਪਾਠਕਾਂ ਦੇ ਖ਼ਤ Other

Sep 16, 2022

ਕਾਲਜ ਅਧਿਆਪਕ

10 ਸਤੰਬਰ ਦੇ ਪਹਿਲੇ ਪੰਨੇ ’ਤੇ ਖ਼ਬਰ ‘ਕਾਲਜ ਅਧਿਆਪਕਾਂ ਦੀ ਯੂਜੀਸੀ ਤਨਖ਼ਾਹ ਸਕੇਲਾਂ ਨੂੰ ਹਰੀ ਝੰਡੀ’ ਪੜ੍ਹੀ। ਫ਼ੈਸਲਾ ਸਲਾਹੁਣਯੋਗ ਹੈ। ਆਸ ਹੈ, ਸਰਕਾਰ ਗੈਸਟ ਫੈਕਲਟੀ ਤੇ ਪਾਰਟ ਟਾਈਮ ਫੈਕਲਟੀ ਬਾਰੇ ਵੀ ਫ਼ੈਸਲਾ ਕਰੇਗੀ। 1995 ਵਿਚ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਲਗਭਗ 1978 ਜਾਂ ਉਸ ਤੋਂ ਬਾਅਦ ਦੇ ਸਾਲਾਂ ਵਿਚ ਪੜ੍ਹਾਉਣ ਲੱਗੇ ਐਡਹਾਕ ਲੈਕਚਰਾਰ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਗਈਆਂ ਤੇ 1995 ਤੋਂ ਬਾਅਦ ਪਾਰਟ ਟਾਈਮ ਵਰਗ ਬਣਾ ਦਿੱਤਾ ਜਿਨ੍ਹਾਂ ਨੂੰ ਸੈਸ਼ਨ 2000-2001 ਵਿਚ ਹਰ ਸੈਸ਼ਨ ਲਈ ਨਿਯੁਕਤੀ ਦੀ ਪ੍ਰਕਿਰਿਅ ਨੂੰ ਦੇਖਦੇ ਹੋਏ ਸਟੇਅ ਮਿਲ ਗਈ। ਪਾਰਟ ਟਾਈਮ ਵਰਗ ਨੂੰ ਨਿਯੁਕਤੀ ਤੋਂ ਤਨਖ਼ਾਹ ਖਜ਼ਾਨੇ ਤੋਂ ਮਿਲਦੀ ਹੈ, ਇਸ ਲਈ ਇਹ ਵਰਗ ਇਸ ਦਾ ਨਾਂ ਹੀ ਪਾਰਟ ਟਾਈਮ ਐਡਹਾਕ ਲੈਕਚਰਾਰ ਨੂੰ ਪੱਕੇ ਕਰਨ ਕਰਕੇ ਰੱਖਿਆ ਗਿਆ। ਇਨ੍ਹਾਂ ਤੋਂ ਬਾਅਦ ਇਕ ਨਵਾਂ ਵਰਗ ਗੈਸਟ ਫੈਕਲਟੀ ਬਣਾ ਦਿੱਤਾ। ਕਾਲਜਾਂ ਦੇ ਬਹੁਤੇ ਕੰਮਕਾਜ ਇਹੀ ਵਰਗ ਕਰਦਾ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ


ਕੈਨੇਡਾ ਬਨਾਮ ਪੰਜਾਬ

ਕੰਵਲਜੀਤ ਖੰਨਾ ਦੀ ਲਿਖਤ ‘ਰੱਬ ਤੋਂ ਪਹਿਲਾਂ ਆਟਾ’ (15 ਸਤੰਬਰ) ਪੂੰਜੀਪਤੀਆਂ ਵੱਲੋ ਕੈਨੇਡਾ ਦੀ ਧਰਤੀ ਤੋਂ ਖਦੇੜੇ ਮੂਲ ਨਿਵਾਸੀਆਂ ਰਾਹੀਂ ਪੰਜਾਬੀਆਂ ਲਈ ਖ਼ਾਸ ਸੁਨੇਹਾ ਹੈ। ਜੋ ਵਰਤਾਰਾ ਲੇਖਕ ਨੇ ਕੈਨੇਡਾ ਘੁੰਮਦਿਆਂ ਦੇਖਿਆ, ਉਹੀ ਅੱਜ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਵਰਤ ਰਿਹਾ ਹੈ। ਉੱਚ ਅਫ਼ਸਰਾਂ ਤੋਂ ਲੈ ਕੇ ਹੇਠਲੀਆਂ ਆਸਾਮੀਆਂ ਗ਼ੈਰ-ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

(2)

ਆਪਣੀ ਰਚਨਾ ‘ਰੱਬ ਤੋਂ ਪਹਿਲਾਂ ਆਟਾ’ ਵਿਚ ਕੰਵਲਜੀਤ ਖੰਨਾ ਨੇ ਦੁਨੀਆ ਵਿਚ ਪਰਵਾਸ ਦੇ ਕਾਰਨਾਂ ਦਾ ਵਰਨਣ ਕੀਤਾ ਹੈ। ਦੁਨੀਆ ਦੇ ਵਿਕਸਿਤ ਮੁਲਕ ਅੱਜ ਦੇਖਣ ਨੂੰ ਭਾਵੇਂ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਜਾਪਦੇ ਹਨ ਪਰ ਜੇਕਰ ਡੂੰਘਾਈ ਨਾਲ ਦੇਖੀਏ ਤਾਂ ਉਹ ਵੀ ਉਨ੍ਹਾਂ ਦੇਸ਼ਾਂ ਦੇ ਮੂਲ ਨਿਵਾਸੀ ਤੇ ਗ਼ਰੀਬ ਜਨਤਾ ਨੂੰ ਦਰੜ ਕੇ ਤਰੱਕੀ ਦੀ ਪੌੜੀ ਚੜ੍ਹੇ ਹਨ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਨਿਆਂ ਦਾ ਤਕਾਜ਼ਾ

13 ਸਤੰਬਰ ਦੇ ਅੰਕ ’ਚ ਕੁਲਦੀਪ ਕੌਰ ਦੇ ਲੇਖ ‘ਜਮਹੂਰੀਅਤ ਤੇ ਨਿਆਂ ਦਾ ਤਕਾਜ਼ਾ’ ਵਿਚ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਬਾਰੇ ਕੇਂਦਰ ਅਤੇ ਗੁਜਰਾਤ ਸਰਕਾਰਾਂ ਦੇ ਅਪਣਾਏ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਮਨੁੱਖੀ ਵਤੀਰੇ ਦੀ ਸਹੀ ਤਸਵੀਰ ਬਿਆਨ ਕੀਤੀ ਗਈ ਹੈ। ਇਸ ਸਬੰਧੀ ਸੁਪਰੀਮ ਕੋਰਟ ਦੀ ਡੰਗ ਟਪਾਊ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿਚ ਹੈ, ਉਸ ਨੂੰ ਇਸ ਰਿਹਾਈ ਦਾ ਤੁਰੰਤ ਸਖ਼ਤ ਨੋਟਿਸ ਲੈਣਾ ਚਾਹੀਦਾ ਸੀ। ਬਿਲਕੀਸ ਬਾਨੋ, ਉਸ ਦੇ ਪਤੀ ਅਤੇ ਹਮਾਇਤੀਆਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਕਈ ਸਾਲਾਂ ਦੀ ਲੰਮੀ ਲੜਾਈ ਤੋਂ ਬਾਅਦ ਅਜਿਹੇ ਦਰਿੰਦਿਆਂ ਨੂੰ ਸਜ਼ਾ ਦਿਵਾਈ।
ਸੁਮੀਤ ਸਿੰਘ, ਅੰਮ੍ਰਿਤਸਰ


ਮਲਵਈ ਗਿੱਧਾ

10 ਸਤੰਬਰ ਨੂੰ ਸਤਰੰਗ ਪੰਨੇ ਉੱਤੇ ਭੋਲਾ ਸਿੰਘ ਸ਼ਮੀਰੀਆ ਦਾ ਲੇਖ ‘ਲੋਕ ਨਾਚ ਮਲਵਈ ਗਿੱਧਾ’ ਪੜ੍ਹਿਆ। ਬਹੁਤ ਸੁਚੱਜੀ ਪੇਸ਼ਕਾਰੀ ਸੀ। ਉਂਝ ਬੋਲੀਆਂ ਦੇ ਬਾਦਸ਼ਾਹ ਕਰਤਾਰ ਸਿੰਘ ਲੋਪੋ ਦਾ ਨਾਂ ਰਹਿ ਗਿਆ। ਇਕ ਗੱਲ ਹੋਰ, ਮਰਦਾਂ ਦਾ ਗਿੱਧਾ ਪਹਿਲਾਂ ਪਹਿਲ ਮੁਲਤਾਨ ਵਿਚ 17ਵੀਂ ਸਦੀ ਦੇ ਅਖ਼ੀਰ ਵਿਚ ਪੈਂਦਾ ਸੀ; ਪੰਜਾਬ ਵਿਚ ਇਹ 18ਵੀਂ ਸਦੀ ’ਚ ਆਇਆ ਅਤੇ ਬਾਬਿਆਂ ਦਾ ਗਿੱਧਾ ਬਣਿਆ। 1970 ਦੇ ਨੇੜੇ ਇਸ ਨੂੰ ਕੁਝ ਕੁ ਲੇਖਕਾਂ ਨੇ ਮਲਵਈ ਗਿੱਧੇ ਦਾ ਨਾਮ ਦਿੱਤਾ। ਇਸੇ ਅੰਕ ਵਿਚ ਹਰਦਿਆਲ ਸਿੰਘ ਥੂਹੀ ਦਾ ਲੇਖ ‘ਧਨੌਲੇ ਵਾਲੇ ਢਾਡੀ’ ਪੜ੍ਹ ਕੇ ਆਨੰਦ ਆ ਗਿਆ।

ਗੁਰਨਾਮ ਸਿੰਘ ਸਿੱਧੂ, ਕਲਿਆਣ ਮੱਲਕਾ (ਬਠਿੰਡਾ)


ਪੰਜਾਬ ਅਤੇ ਪਾਣੀ

9 ਸਤੰਬਰ ਨੂੰ ਹਮੀਰ ਸਿੰਘ ਦਾ ਲੇਖ ‘ਐੱਸਵਾਈਐੱਲ ਵਿਵਾਦ ਅਤੇ ਪੰਜਾਬ’ ਪੜ੍ਹਿਆ। ਇਸ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ ਇਹ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ: ਸਤਲੁਜ, ਬਿਆਸ ਅਤੇ ਰਾਵੀ ਦਾ ਜਿੰਨਾ ਪਾਣੀ ਪੰਜਾਬ ਨੂੰ ਮਿਲ ਰਿਹਾ ਹੈ, ਉਸ ਵਿਚ ਯਮੁਨਾ ਦਾ ਪਾਣੀ ਜੋੜ ਕੇ 60:40 ਦੇ ਅਨੁਪਾਤ ਵਿਚ ਵੰਡਿਆ ਜਾਵੇ; ਇਸ ਮਕਸਦ ਲਈ ਦਰਿਆਈ ਪਾਣੀਆਂ ਦੀ ਮਿਣਤੀ ਕਰਵਾਈ ਜਾਵੇ ਤੇ ਇਹ ਮਿਣਤੀ ਹਰ ਦਸ ਸਾਲ ਬਾਅਦ ਹੋਵੇ ਅਤੇ ਰਾਜਸਥਾਨ, ਦਿੱਲੀ ਜਾਂ ਹੋਰ ਕਿਸੇ ਵੀ ਸੂਬੇ ਨੂੰ, ਜੇਕਰ ਸੂਬਾ ਸਰਕਾਰ ਪਾਣੀ ਦੇਣਾ ਚਾਹੁੰਦੀ ਹੋਵੇ ਤਾਂ ਉਸ ਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ।
ਅੰਗਰੇਜ਼ ਸਿੰਘ, ਮੁਹਾਲੀ


ਕੱਟੀਆਂ ਜੇਬਾਂ

9 ਸਤੰਬਰ ਦੇ ਅੰਕ ਵਿਚ ਕੁਲਵਿੰਦਰ ਸਿੰਘ ਮਲੋਟ ਦਾ ਲੇਖ ‘ਇਉਂ ਵੀ ਕੱਟੀਆਂ ਜਾਂਦੀਆਂ ਜੇਬਾਂ’ ਸਿੱਖਿਆ ਵਾਲਾ ਸੀ। ਅੱਜਕਲ੍ਹ ਦੁਨੀਆ ਵਿਚ ਠੱਗਾਂ, ਲੋਟੂਆਂ ਤੇ ਚੋਰਾਂ ਦੀ ਭਰਮਾਰ ਹੈ। ਪਤਾ ਨਹੀਂ ਕਿਹੜੇ ਵੇਲੇ ਕਿਹੜੇ ਠੱਗ ਨੇ ਠੱਗ ਲੈਣਾ ਹੈ। ਅੱਜਕੱਲ੍ਹ ਤਾਂ ਵੱਡੇ ਵੱਡੇ ਧਾਰਮਿਕ ਸਥਾਨਾਂ ’ਤੇ ਵੀ ਲਿਖ ਕੇ ਲਾਇਆ ਹੈ ਕਿ ਜੇਬ ਕਤਰਿਆਂ ਤੋਂ ਸਾਵਧਾਨ ਰਹੋ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)


ਸਪੱਸ਼ਟਤਾ ਦੀ ਘਾਟ

ਆਰਥਿਕ ਝਰੋਖਾ ਕਾਲਮ ਹੇਠ ਟੀਐੱਨ ਨੈਨਾਨ ਦਾ ਲੇਖ ‘ਆਰਥਿਕਤਾ ਦਾ ਲੰਮਾ ਕੋਵਿਡ’ (7 ਸਤੰਬਰ) ਪੜ੍ਹਿਆ। ਚੰਗਾ ਲੱਗਿਆ ਪਰ ਇਸ ਕਾਲਮ ਹੇਠ ਕਈ ਥਾਈਂ ਸਪੱਸ਼ਟਤਾ ਦੀ ਘਾਟ ਰੜਕਦੀ ਹੈ।
ਗੁਰਦੀਪ ਸਿੰਘ, ਮੁਹਾਲੀ


ਧਿਆਨ ਦੇਣ ਯੋਗ

3 ਸਤੰਬਰ ਦੇ ਸਤਰੰਗ ਅੰਕ ’ਚ ਪੜ੍ਹਨ ਲਈ ਅੱਛੀ ਸਮੱਗਰੀ ਮਿਲੀ। ਦੋ ਗੱਲਾਂ ਧਿਆਨ ਦੇਣ ਯੋਗ ਸਨ: ਇਕ ਤਾਂ ਸੰਯੁਕਤ ਰਾਸ਼ਟਰ ਦੀ ਰਿਪੋਰਟ ਉੱਪਰ ਸੰਪਾਦਕੀ ਹੈ। ਹੈਰਾਨੀ ਹੈ, ਇਸ ਯੁੱਗ ’ਚ ਵੀ ਜਬਰੀ ਮਜ਼ਦੂਰੀ ਦੇ ਕੇਂਦਰ ਨੇ। ਧੱਕਾ ਤੇ ਵਿਤਕਰਾ ਜਿਵੇਂ ਸ਼ਾਸਕਾਂ ਦਾ ਸ਼ੁਗਲ ਹੈ। ਦੂਜਾ, ਪੰਜਾਬੀ ਬਾਲ ਸਾਹਿਤ ਲਈ ਰਚੀਆਂ ਪੁਸਤਕਾਂ ਜਾਂ ਮੈਗਜ਼ੀਨ ਕੋਈ ਵੀ ਦੋ ਸਾਲ ਤੋਂ ਇਨਾਮ ਜੇਤੂ ਨਹੀਂ ਹੋ ਸਕੇ। ਇੰਨੇ ਲਿਖਾਰੀ, ਵੱਡੇ ਸਾਹਿਤ ਰਚਨਾ ਅਦਾਰੇ, ਪੰਜਾਬੀ ਤੇ ਬੱਚਿਆਂ ਨਾਲ ਪਿਆਰ ਕਰਨ ਵਾਲੀਆਂ ਸਰਕਾਰਾਂ ਹੀ ਕੋਈ ਪਹਿਲਕਦਮੀ ਕਰ ਲੈਣ ਤਾਂ ਵੀ ਚੰਗੀ ਸ਼ੁਰੂਆਤ ਹੋ ਸਕਦੀ ਹੈ। ਲਾਇਬ੍ਰੇਰੀਆਂ ਵਿਚ ਜਾ ਕੇ ਪੜ੍ਹਨ ਵਾਲਿਆਂ ਦੀ ਤਾਦਾਦ ਤਾਂ ਵਧੀ ਹੈ।
ਕੁਲਦੀਪ ਇਕਬਾਲ ਸਿੰਘ, ਮੁਹਾਲੀ

ਡਾਕ ਐਤਵਾਰ ਦੀ Other

Sep 11, 2022

ਜਵਾਬਦੇਹੀ ਜ਼ਰੂਰੀ

ਚਾਰ ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕੀ ਲੇਖ ‘ਜਮਹੂਰੀਅਤ ਦੀ ਤਲਾਸ਼’ ਜਨਤਾ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਦੁਆਰਾ ਆਪਣੇ ਖੇਤਰ ਦੇ ਲੋਕਾਂ ਦੀ ਅਣਦੇਖੀ ਕਰਕੇ ਸਿਆਸੀ ਲਾਭ ਕਮਾਉਣ ਦਾ ਪਰਦਾਫਾਸ਼ ਕਰਨ ਵਾਲਾ ਸੀ। ਚੁਣੇ ਹੋਏ ਪ੍ਰਤੀਨਿਧੀ ਜ਼ਿਆਦਾਤਰ ਆਪਣੇ ਖੇਤਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਵਾਸਤੇ ਨਹੀਂ ਆਉਂਦੇ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਵਿਧਾਨ ਸਭਾ ਜਾਂ ਸੰਸਦ ਵਿਚ ਨਹੀਂ ਉਠਾਉਂਦੇ। ਉਹ ਤਾਂ ਭ੍ਰਿਸ਼ਟਾਚਾਰ, ਆਪਣੇ ਵਿਰੋਧੀਆਂ ਨੂੰ ਖੁੱਡੇ ਲਾਈਨ ਲਗਾਉਣ, ਆਪਣੇ ਖਿਲਾਫ਼ ਚੱਲ ਰਹੇ ਮੁਕੱਦਮੇ ਖ਼ਾਰਜ ਕਰਾਉਣ ਆਦਿ ਵਿਚ ਲੱਗੇ ਰਹਿੰਦੇ ਹਨ। ਅਜਿਹੇ ਹਾਲਾਤ ਵਿਚ ਉਨ੍ਹਾਂ ਦੀ ਜਨਤਾ ਪ੍ਰਤੀ ਜਵਾਬਦੇਹੀ ਜ਼ਰੂਰੀ ਹੈ। ਚੁਣੇ ਹੋਏ ਪ੍ਰਤੀਨਿਧਾਂ ਦਾ ਆਪਣੇ ਖੇਤਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਇਕ ਟਾਈਮ ਟੇਬਲ ਬਣਾ ਕੇ ਸਪੀਕਰ ਨੂੰ ਦੇਣਾ ਚਾਹੀਦਾ ਹੈ। ਇਸ ਗੱਲ ਦੀ ਪੜਚੋਲ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨੇ ਲੋਕ ਭਲਾਈ ਵਾਸਤੇ ਕੀ ਕੀ ਕੰਮ ਕੀਤੇ ਹਨ। ਇਸ ਤਰ੍ਹਾਂ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਦੀ ਜਵਾਬਦੇਹੀ ਤੈਅ ਨਹੀਂ ਹੋਵੇਗੀ। ਕਈ ਵਾਰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਬਿਲ ਪਾਸ ਹੋ ਜਾਂਦੇ ਹਨ ਜੋ ਜਮਹੂਰੀਅਤ ਦਾ ਅਪਮਾਨ ਹੈ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਅਹਿਮ ਨੁਕਤੇ

ਪ੍ਰੋ. ਜਗਤਾਰ ਸਿੰਘ ਗਰੇਵਾਲ ਬਾਰੇ ਭਗਵਾਨ ਜੋਸ਼ ਦਾ ਲੇਖ ਵਧੀਆ ਲੱਗਿਆ। ਇਸ ਲੇਖ ਵਿਚ ਉਠਾਏ ਗਏ ਮਹੱਤਵਪੂਰਨ ਨੁਕਤੇ ਬਹੁਤ ਧਿਆਨ ਮੰਗਦੇ ਹਨ ਜਿਵੇਂ ਕਿ ‘ਜੱਟ ਅਤੇ ਸਿੱਖ ਦੋ ਵੱਖਰੇ ਸੰਕਲਪਾਂ’ ਅਤੇ ‘ਜੱਟਾਂ ਨੂੰ ਜ਼ਮੀਨਾਂ ਦੀ ਮਾਲਕੀ ਨਸੀਬ ਹੋਣ ਅਤੇ ਦਲਿਤਾਂ ਦੇ ਉਸ ਮਾਲਕੀ ਤੋਂ ਵਾਂਝਿਆਂ ਰਹਿ ਜਾਣ ਬਾਰੇ’ ਸਵਾਲ ਹਨ। ਤੇਜਵੰਤ ਸਿੰਘ ਗਿੱਲ ਨੇ ਬਹੁਤ ਨਪੇ-ਤੁਲੇ ਸ਼ਬਦਾਂ ਵਿਚ ਜਗਤਾਰ ਸਿੰਘ ਗਰੇਵਾਲ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਹੈ। ਸਾਹਿਤ ਅਤੇ ਇਤਿਹਾਸਕਾਰੀ ਦੇ ਮੇਲ, ਪੰਜਾਬ ਦਾ ਭੂਗੋਲਿਕ ਪਿਛੋਕੜ, ਇਸਲਾਮ ਦੀ ਆਮਦ, ਬਾਬਾ ਫਰੀਦ ਜੀ ਦੀ ਬਾਣੀ ਵਿਚ ਕੁਰਾਨ ਸ਼ਰੀਫ਼ ਦੀ ਰਹਿਮ ਦੀ ਭਾਵਨਾ ਅਤੇ ਬੁੱਲ੍ਹੇ ਸ਼ਾਹ ਦੀ ਬਗ਼ਾਵਤ ਨੇ ਭਰਵੀਂ ਜਾਣਕਾਰੀ ਪੇਸ਼ ਕੀਤੀ ਹੈ।

ਚਮਕੌਰ ਸਿੰਘ ਬਾਘੇਵਾਲੀਆ, ਬਾਘਾ ਪੁਰਾਣਾ (ਮੋਗਾ)

ਪਾਠਕਾਂ ਦੇ ਖ਼ਤ Other

Sep 10, 2022

ਪੰਜਾਬੀ ਬਾਲ ਸਾਹਿਤ

3 ਸਤੰਬਰ ਦੇ ਸਤਰੰਗ ਅੰਕ ਵਿਚ ਡਾ. ਦਰਸ਼ਨ ਸਿੰਘ ਆਸ਼ਟ ਦਾ ਲੇਖ ‘ਪੰਜਾਬੀ ਬਾਲ ਸਾਹਿਤ ’ਤੇ ਛਾਏ ਸੰਕਟ ਦੇ ਬੱਦਲ’ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕਰਦਾ ਹੈ। ਕੀ ਪੰਜਾਬੀ ਦੇ ਬਾਲ ਸਾਹਿਤਕਾਰਾਂ ਦਾ ਮਿਆਰ ਨੀਵਾਂ ਹੋ ਰਿਹਾ ਹੈ ਜਾਂ ਮਿਆਰ ਦੇ ਨਾਂ ’ਤੇ ਕੁਝ ਹੋਰ…? ਬਾਲ ਸਾਹਿਤ ਅਤੇ ਸਾਹਿਤਕ ਰਸਾਲਿਆਂ ਦੀ ਘਟਦੀ ਤਾਦਾਦ ਬਾਰੇ ਵਧੀਆ ਵਰਨਣ ਹੈ। ਬਾਲ ਸਭਾਵਾਂ ਦੇ ਘਟਦੇ ਅਤੇ ਬਦਲਦੇ ਰੂਪ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੈ ਜਿਸ ਦੇ ਅਨੇਕ ਲਾਇਲਾਜ ਕਾਰਨ ਹਨ। ਇਸ ਲਈ ਲੇਖਕ ਅਤੇ ਅਧਿਆਪਕ ਵਰਗ ਨੂੰ ਹੰਭਲਾ ਮਾਰਨ ਦੀ ਸਖ਼ਤ ਲੋੜ ਹੈ। ਇਹ ਲੇਖ ਪੰਜਾਬੀ ਮਾਤ ਭਾਸ਼ਾ ਅਤੇ ਬਚਪਨ ਨੂੰ ਪਿਆਰ ਕਰਨ ਵਾਲੇ ਹੋਰ ਸ਼ਖ਼ਸ ਨੂੰ ਸੋਚਣ ਲਈ ਮਜਬੂਰ ਕਰਦਾ ਹੈ।
ਸੁਖਵਿੰਦਰ ਕੌਰ ਸਿੱਧੂ, ਸਰੀ (ਕੈਨੇਡਾ)


ਕੁੜੀਆਂ ਵੱਲ ਰਵੱਈਆ

9 ਸਤੰਬਰ ਦਾ ਸੰਪਾਦਕੀ ‘ਰਸਾਤਲ ਵੱਲ ਵਧ ਰਿਹਾ ਸਮਾਜ’ ਪੜ੍ਹਿਆ। ਭਾਰਤੀ ਸਮਾਜ ਬੌਧਿਕ ਤੌਰ ’ਤੇ ਕਮਜ਼ੋਰ ਹੋ ਗਿਆ ਹੈ। ਅੱਜਕੱਲ੍ਹ ਦੇ ਯੁੱਗ ਵਿਚ ਕੁੜੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ, ਕੁੜੀਆਂ ਨਾਲ ਸਬੰਧਿਤ ਮੁੱਦਿਆਂ ਵਿਚ ਅਸੀਂ ਉਨ੍ਹਾਂ ਦੀ ਅਣਦੇਖੀ, ਘੱਟ ਵਿੱਦਿਆ, ਮਾਦਾ ਭਰੂਣ ਹੱਤਿਆ, ਨਵੀਆਂ ਜੰਮੀਆਂ ਕੁੜੀਆਂ ਦੀ ਹੱਤਿਆ, ਤੇਜ਼ਾਬ ਪਾਉਣਾ, ਘਟ ਰਿਹਾ ਲਿੰਗ ਅਨੁਪਾਤ, ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ, ਦਹੇਜ ਪ੍ਰਥਾ ਆਦਿ ਸਮੱਸਿਆਵਾਂ ਨੂੰ ਲੈ ਸਕਦੇ ਹਾਂ। ਸਾਨੂੰ ਕੁੜੀਆਂ ਵੱਲ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ।
ਡਾ. ਨਰਿੰਦਰ ਭੱਪਰ ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)


ਐੱਸਵਾਈਐੱਲ ਬਨਾਮ ਸੱਤਾ

ਅੱਠ ਸਤੰਬਰ ਦਾ ਸੰਪਾਦਕੀ ‘ਸਤਲੁਜ-ਯਮੁਨਾ ਲਿੰਕ ਨਹਿਰ’ ਐੱਸਵਾਈਐੱਲ ਦੇ ਮੁੱਦੇ ਬਾਰੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਮਤ ਹੋ ਕੇ ਪੰਜਾਬ ਦੇ ਹਿਤਾਂ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਦੀ ਪਹੁੰਚ ਅਪਣਾਉਣ ਲਈ ਕਹਿ ਰਿਹਾ ਹੈ ਪਰ ਇਸੇ ਅੰਕ ਵਿਚ ਸੁਖਬੀਰ ਬਾਦਲ ਦਾ ਬਿਆਨ ਇਸ ਸਲਾਹ ਦਾ ਮੂੰਹ ਚਿੜਾਉਂਦਾ ਜਾਪਦਾ ਹੈ। ਇਸ ਅਹਿਮ ਮੁੱਦੇ ’ਤੇ ਸੰਜੀਦਾ ਹੋਣ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਸ਼ਰੀਕਾਂ ਵਾਂਗ ਸੱਤਾਧਾਰੀ ਧਿਰ ‘ਆਪ’ ਦਾ ਭੰਡੀ ਪ੍ਰਚਾਰ ਹੀ ਕੀਤਾ ਹੈ। ਸੱਤਾਧਾਰੀਆਂ ਨੂੰ ਨਸੀਹਤਾਂ ਦੇਣ ਵੇਲੇ ਉਹ ਪਤਾ ਨਹੀਂ ਕਿਉਂ ਭੁੱਲ ਰਹੇ ਹਨ ਕਿ ਜਿਸ ਨਹਿਰ ਦੇ ਇਵਜ਼ ਵਜੋਂ ਉਨ੍ਹਾਂ ਦੇ ਪਿਤਾ ਨੇ ਮਰਹੂਮ ਦੇਵੀ ਲਾਲ ਤੋਂ ਕਰੋੜਾਂ ਦੇ ਚੈੱਕ ਵਸੂਲ ਕਰਕੇ ਨਹਿਰ ਦਾ ਪ੍ਰਾਜੈਕਟ ਪੂਰਾ ਕਰਨ ਦੀ ਬਤੌਰ ਮੁੱਖ ਮੰਤਰੀ ਹਾਮੀ ਭਰੀ ਸੀ। ਹੁਣ ਪੰਜਾਬ ਦੇ ਵੋਟਰਾਂ ਵੱਲੋਂ ਲਗਾਤਾਰ ਨਕਾਰੇ ਜਾਣ ਅਤੇ ਸੱਤਾ ਤੋਂ ਲਹਿਣ ਬਾਅਦ ਬਾਦਲਾਂ ਨੂੰ ਰਾਇਪੇਰੀਅਨ ਕਾਨੂੰਨ ਚੇਤੇ ਆ ਗਿਆ ਹੈ। ਇਸ ਤੋਂ ਪਹਿਲਾਂ 6 ਸਤੰਬਰ ਵਾਲੇ ਅੰਕ ਦੇ ਸਫ਼ਾ ਚਾਰ ਉੱਤੇ ਸਿੰਘ ਸਭਾ ਲਹਿਰ ਦੇ ਮੋਢੀਆਂ ’ਚੋਂ ਇਕ ਗਿਆਨੀ ਦਿੱਤ ਸਿੰਘ ਜੀ ਬਾਰੇ ਛਪੀ ਖ਼ਬਰ ਦੀ ਸੁਰਖ਼ੀ ਵਿਚ ਨਾਮ ਗ਼ਲਤ (ਗਿਆਨੀ ਗੁਰਦਿੱਤ ਸਿੰਘ) ਲਿਖਿਆ ਗਿਆ ਹੈ। ਗਿਆਨੀ ਗੁਰਦਿੱਤ ਸਿੰਘ ਲੇਖਕ ਤਾਂ ਸਨ ਪਰ ਉਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚ ਸ਼ਾਮਲ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਤਾਂ ਜਨਮ ਹੀ ਬਾਅਦ ਦੇ ਸਮੇਂ ਦਾ ਹੈ। ਖ਼ਬਰ ਵਿਚ ਵੀ ਦਿੱਤ ਸਿੰਘ ਨੂੰ ‘ਗਿਆਨੀ ਗੁਰਦਿੱਤ ਸਿੰਘ’ ਹੀ ਲਿਖਿਆ ਗਿਆ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)


ਗਹਿਰਾ ਵਿਅੰਗ

8 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਕੋਟਾ’ ਅੱਜਕੱਲ੍ਹ ਦੀ ਸਕੂਲੀ ਸਿੱਖਿਆ ਉੱਤੇ ਗਹਿਰਾ ਵਿਅੰਗ ਹੈ। ਲੇਖਕ ਨੇ ਪੁਰਾਣੇ ਸਮੇਂ ਦੀ ਪੜ੍ਹਾਈ ਅਤੇ ਅੱਜਕਲ੍ਹ ਦੀ ਪੜ੍ਹਾਈ ਦੀ ਤੁਲਨਾ ਕਰਦਿਆਂ ਸਿੱਖਿਆ ਦੇ ਖੇਤਰ ਵਿਚ ਆ ਰਹੇ ਦਿਖਾਵੇ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਵਿਦਿਆਰਥੀਆਂ ਨੂੰ ਅਸਲ ਸਿੱਖਿਆ ਦਿੱਤੀ ਜਾ ਰਹੀ ਹੈ ਜਾਂ ਨਹੀਂ, ਇਹ ਵੱਖਰਾ ਸਵਾਲ ਹੈ।
ਡਾ. ਸਰਬਜੀਤ ਸਿੰਘ ਮੁਕੇਰੀਆਂ, ਮੁਕੇਰੀਆਂ

(2)

ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਕੋਟਾ’ (8 ਸਤੰਬਰ) ਅੱਜ ਦੀ ਨਿੱਘਰ ਰਹੀ ਸਿੱਖਿਆ ਪ੍ਰਣਾਲੀ ਨੂੰ ਸ਼ੀਸ਼ਾ ਵਿਖਾਉਣ ਵਾਲਾ ਜਾਪਿਆ। ਇਕ ਪਾਸੇ ਜਿੱਥੇ ਸਰਕਾਰੀ ਸਕੂਲ ਹੁਣ ਚੋਣਾਂ ਦੇ ਮੁੱਦੇ ਤੋਂ ਵੱਧ ਕੇ ਕੁਝ ਨਹੀਂ ਰਹੇ, ਉਥੇ ਹੀ ਉੱਚ ਤੇ ਮੱਧ ਵਰਗ ਦਾ ਸਿੱਖਿਆ ਨੂੰ ਪਦਾਰਥਵਾਦ ਤੇ ਸਮਾਜਿਕ ਸ਼ਾਨ ਦੇ ਪ੍ਰਤੀਕ ਵਜੋਂ ਦੇਖਣਾ ਵੀ ਚਿੰਤਾ ਵਧਾਉਂਦਾ ਹੈ। ਸਿੱਖਿਆ ਦੇ ਮਿਆਰ ਨੂੰ ਹੁਣ ਸਕੂਲ ਦੇ ਏਅਰ ਕੰਡੀਸ਼ਨਡ ਕਮਰਿਆਂ ਅਤੇ ਵੱਡੇ ਵੱਡੇ ਆਡੀਟੋਰੀਅਮਾਂ ਨਾਲ ਨਾਪਿਆ ਜਾ ਰਿਹਾ ਹੈ। ਬੁੱਧੀਜੀਵੀਆਂ ਨੂੰ ਇਸ ਵੱਲ ਧਿਆਨ ਦੇ ਕੇ ਸਿੱਖਿਆ ਦੇ ਵਿਗੜ ਰਹੇ ਢਾਂਚੇ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।
ਵਿਕਾਸ ਕਪਿਲਾ, ਈਮੇਲ


ਰਸਮੀ ਸਿੱਖਿਆ ਦਾ ਮਹੱਤਵ

8 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਮਨੀਸ਼ਾ ਬੱਤਰਾ ਦਾ ਲੇਖ ‘ਸਾਖਰਤਾ ਅਤੇ ਮੁਲਕ ਦਾ ਵਿਕਾਸ’ ਰਸਮੀ ਸਿੱਖਿਆ ਦੇ ਮਹੱਤਵ ਨੂੰ ਦਰਸਾਉਂਦਾ ਹੈ। ਰਸਮੀ ਸਿੱਖਿਆ ਗ਼ਰੀਬੀ, ਹਿੰਸਾ, ਭੁੱਖਮਰੀ ਅਤੇ ਬਿਮਾਰੀ ਰਹਿਤ ਸੰਸਾਰ ਦੀ ਸਿਰਜਣਾ ਵਿਚ ਵਡਮੁੱਲਾ ਯੋਗਦਾਨ ਪਾਉਂਦੀ ਹੈ। ਰਸਮੀ ਸਿੱਖਿਆ ਨਾਲ ਮਨੁੱਖ ਹੁਨਰਮੰਦ ਅਤੇ ਕਾਬਲ ਬਣਦਾ ਹੈ। ਜਗਦੀਪ ਸਿੱਧੂ ਦਾ ਮਿਡਲ ‘ਮੈਥੋਂ ਬਸ ਇਹੀ ਹੋ ਸਕਣਾ ਸੀ’ (22 ਅਗਸਤ) ਉਨ੍ਹਾਂ ਲੋਕਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਬੇਵਕਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਨੁੱਖ ਇਸ ਧਰਤੀ ’ਤੇ ਮੁਸਾਫ਼ਿਰ ਵਾਂਗ ਹੈ ਜੋ ਆਪਣਾ ਸਫ਼ਰ ਪੂਰਾ ਹੋਣ ’ਤੇ ਚਲਿਆ ਜਾਂਦਾ ਹੈ ਪਰ ਕਈ ਮੁਸਾਫ਼ਿਰ ਅਜਿਹੇ ਹਨ ਜੋ ਆਪਣਾ ਸਫ਼ਰ ਅਧੂਰਾ ਛੱਡ ਕੇ ਚਲੇ ਜਾਂਦੇ ਹਨ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)

ਪਾਠਕਾਂ ਦੇ ਖ਼ਤ Other

Sep 09, 2022

ਖੇਡ ਭਾਵਨਾ ਤੇ ਰਾਸ਼ਟਰਵਾਦ

7 ਸਤੰਬਰ ਦੀ ਸੰਪਾਦਕੀ ‘ਖੇਡ ਭਾਵਨਾ ਦੀ ਲੋੜ’ ਸਮਾਜਿਕ ਸੇਧ ਦੇਣ ਨਾਲ ਉਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੈ ਜੋ ਫ਼ੋਕੇ ਰਾਸ਼ਟਰਵਾਦ ਲਈ ਖੇਡ ਤੇ ਖਿਡਾਰੀ ਜਿਹੇ ਰਿਸ਼ਤੇ ਵਿਚ ਨਫ਼ਰਤੀ ਵੰਡੀਆਂ ਪਾਉਣ ਦਾ ਯਤਨ ਕਰਦੇ ਹਨ। ਇਹ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਬੰਧੀ ਹੋਏ ਨਸਲੀ ਵਿਤਕਰੇ ਤੋਂ ਸਾਬਤ ਹੁੰਦਾ ਹੈ। ਭਾਰਤ-ਪਾਕਿ ਮੈਚਾਂ ਦੌਰਾਨ ਅਜਿਹਾ ਆਮ ਦੇਖਣ ਨੂੰ ਮਿਲ ਜਾਂਦਾ ਹੈ। ਇਸੇ ਅੰਕ ਵਿਚ ਰਣਜੀਤ ਲਹਿਰਾ ਦਾ ਮਿਡਲ ‘ਕਲਮ ਦਾ ਗੀਤ’ ਵਧੀਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਸਤਿਗੁਰ ਕਬੀਰ ਜੀ, ਗੁਰੂ ਗੋਬਿੰਦ ਸਿੰਘ ਜੀ, ਡਾ. ਬੀਆਰ ਅੰਬੇਦਕਰ ਜਿਹੇ ਕਲਮ ਦੇ ਧਨੀਆਂ ਨੇ ਵਕਤ ਦੇ ਸਫ਼ੇ ’ਤੇ ਇਤਿਹਾਸਕ ਪੈੜਾਂ ਪਾਈਆਂ। ਜਿੱਥੇ ਲੇਖਕ ਨੇ ਸ਼ਹੀਦ ਭਗਤ ਸਿੰਘ, ਅਵਤਾਰ ਸਿੰਘ ਪਾਸ਼ ਦੀ ਕਲਮ ਦਾ ਜ਼ਿਕਰ ਕੀਤਾ ਹੈ, ਜੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਤੇ ਪੱਤਰਕਾਰ ਗੌਰੀ ਲੰਕੇਸ਼ ਦਾ ਵੀ ਜ਼ਿਕਰ ਕੀਤਾ ਹੁੰਦਾ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ।
ਮਨਮੋਹਨ ਸਿੰਘ, ਨਾਭਾ


ਕਾਂਗਰਸ ਦੀ ਯਾਤਰਾ

8 ਸਤੰਬਰ ਦਾ ਸੰਪਾਦਕੀ ‘ਕਾਂਗਰਸ ਦੀ ਯਾਤਰਾ’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ 3570 ਕਿਲੋਮੀਟਰ ਤੇ 150 ਦਿਨ ਚੱਲਣ ਵਾਲੀ ਯਾਤਰਾ ਦਾ ਵਰਨਣ ਕਰਨ ਵਾਲਾ ਸੀ। ਯਾਤਰਾ ਦੌਰਾਨ ਕਾਂਗਰਸ ਵਾਲੇ ਆਮ ਜਨਤਾ ਦੀਆਂ ਸਮੱਸਿਆਵਾਂ ਜਿਵੇਂ ਮਹਿੰਗਾਈ, ਬੇਕਾਰੀ, ਗ਼ਰੀਬੀ ਆਦਿ ਦੇ ਮੁੱਦੇ ਉਠਾਉਣਗੇ। ਕਾਂਗਰਸ ਦੀ ਨਜ਼ਰ 2024 ਵਿਚ ਲੋਕ ਸਭਾ ਦੀਆਂ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤਿਲੰਗਾਨਾ ਦੀਆਂ 129 ਸੀਟਾਂ ’ਤੇ ਵੀ ਰਹੇਗੀ। ਭਾਜਪਾ ਵਾਲੇ ਇਸ ਨੂੰ ਕਾਂਗਰਸ ਦੇ ਪਰਿਵਾਰਵਾਦ ਨਾਲ ਜੋੜ ਕੇ ਇਸ ਦੀ ਆਲੋਚਨਾ ਕਰ ਰਹੇ ਹਨ। ਕੀ ਹੋਰ ਵਿਰੋਧੀ ਦਲਾਂ ਦੇ ਲੋਕ ਇਸ ਯਾਤਰਾ ਵਿਚ ਸਹਾਇਤਾ ਦੇਣਗੇ, ਇਹ ਦੇਖਣ ਵਾਲੀ ਗੱਲ ਹੈ। ਨਾਲ ਹੀ ਇਹ ਯਾਤਰਾ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਇਮਤਿਹਾਨ ਵੀ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


ਪੜ੍ਹਾਈ ਦਾ ਜਬਰੀ ਦਾਨ

ਸਤੰਬਰ 1976 ਵਿਚ ਸਾਡੇ ਕਾਲਜ ਆਫ਼ ਐਜੂਕੇਸ਼ਨ ਦੇ ਕੁਇਜ਼ ਮੁਕਾਬਲੇ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਾਡੇ ਪ੍ਰਿੰਸੀਪਲ ਨੇ ਬਿਨਾਂ ਸਵਾਲ ਪੜ੍ਹਦਿਆਂ ਕਿਹਾ: ‘‘ਹਾਂ, ਤੁਸੀਂ ਠੀਕ ਹੋ’’। ਅਸੀਂ ਹੈਰਾਨ ਹੁੰਦਿਆਂ ਕਿਹਾ, ‘‘ਸਰ ਪ੍ਰਸ਼ਨ ਕੀ ਹੈ’’? ਸਰ ਨੇ ਕਿਹਾ ‘‘ਇਜ਼ ਡੋਨੇਸ਼ਨ ਏ ਕੁਰੱਪਸ਼ਨ? (ਕੀ ਜਬਰੀ ਲਿਆ ਦਾਨ ਭ੍ਰਿਸ਼ਟਾਚਾਰ ਨਹੀਂ)। ਹੁਣ 8 ਸਤੰਬਰ ਦੇ ਮਿਡਲ ‘ਕੋਟਾ’ ਵਿਚ ਕਮਲਜੀਤ ਸਿੰਘ ਬਨਵੈਤ ਵੱਲੋਂ ਆਪਣੀ ਪੋਤੀ ਦਾ ਸਕੂਲ ’ਚ ਦਾਖ਼ਲਾ ਡੋਨੇਸ਼ਟਨ ਕੋਟੇ ਰਾਹੀਂ 7 ਲੱਖ ਰੁਪਏ ਦੇ ਕੇ ਕਰਵਾਏ ਜਾਣ ’ਤੇ 46 ਸਾਲ ਪੁਰਾਣੇ ਸਵਾਲ ਦਾ ਚੇਤਾ ਆਇਆ। ਇਸ ਘਟਨਾ ਤੋਂ ਮਾਪਿਆਂ ਨੂੰ ਨਾਲ ਰੱਖਣ ਸਬੰਧੀ ਬੱਚਿਆਂ ਦੇ ਲਾਲਚ ਦਾ ਵੀ ਅਹਿਸਾਸ ਹੋ ਜਾਂਦਾ ਹੈ। 7 ਸਤੰਬਰ ਦੀ ਸੰਪਾਦਕੀ ‘ਭਾਰਤ-ਪਾਕਿ ਵਪਾਰ’ ਵਿਚ ਦਰੁਸਤ ਕਿਹਾ ਹੈ ਕਿ ਜੇ ਦੋਵਾਂ ਦੇਸ਼ਾਂ ਦੇ ਵਪਾਰੀ ਦੁਵੱਲਾ ਵਪਾਰ ਕਰਨ ਦੀ ਮੰਗ ਕਰਦੇ ਹਨ ਤਾਂ ਦੋਵੇਂ ਸਰਕਾਰਾਂ ਨੂੰ ਮਤਭੇਦ ਮਿਟਾ ਕੇ ਗ਼ਰੀਬਾਂ ਦੀ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਵਿਚ ਦੋਵਾਂ ਮੁਲਕਾਂ ਦਾ ਹੀ ਫਾਇਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਕਲਮ ਦੀ ਤਾਕਤ

7 ਸਤੰਬਰ ਨੂੰ ਰਣਜੀਤ ਸਿੰਘ ਲਹਿਰਾ ਦਾ ਮਿਡਲ ‘ਕਲਮ ਦਾ ਗੀਤ’ ਕਲਮ ਦੀ ਤਾਕਤ ਨੂੰ ਬਿਆਨਦਾ ਹੈ। ਬੇਸ਼ੱਕ ਅਸੀਂ ਸ਼ਬਦਾਂ ਰਾਹੀਂ ਇਸ ਤਾਕਤ ਨੂੰ ਨਹੀਂ ਬਿਆਨ ਸਕਦੇ ਪਰ ਕਲਮ ਦੀ ਤਾਕਤ ਹਥਿਆਰ ਤੋਂ ਜ਼ਿਆਦਾ ਹੁੰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਰਵੱਈਆ ਕਲਮਾਂ ਪ੍ਰਤੀ ਠੀਕ ਨਹੀਂ ਕਿਉਂਕਿ ਉਹ ਸੱਚ ਲਿਖਣ ਵਾਲਿਆਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ। ਸਾਡੇ ਦੇਸ਼ ਦੇ ਕਈ ਲੇਖਕ, ਪੱਤਰਕਾਰ ਸੱਚ ਲਿਖਣ ਕਰ ਕੇ ਜੇਲ੍ਹਾਂ ਵਿਚ ਨਜ਼ਰਬੰਦ ਹਨ। ਹੁਣ ਸਮੇਂ ਦੀਆਂ ਸਰਕਾਰਾਂ ਕਲਮਾਂ ਨੂੰ ਦਬਾਉਣ ’ਚ ਲੱਗੀਆਂ ਹੋਈਆਂ ਹਨ ਪਰ ਸੱਚ ਦੀ ਕਲਮ ਨੂੰ ਕੋਈ ਦਬਾਅ ਨਹੀਂ ਸਕਦਾ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਬੇਰੁਜ਼ਗਾਰੀ ਤੇ ਪੰਜਾਬ ਦੀ ਜਵਾਨੀ

ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਦੇ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੀ ਹੈ। ਇਸੇ ਕਾਰਨ ਲੱਖਾਂ ਨੌਜਵਾਨ ਪ੍ਰਦੇਸਾਂ ਵੱਲ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਵੱਡੇ-ਵੱਡੇ ਕਰਜ਼ੇ ਲੈ ਕੇ ਬਾਹਰ ਜਾ ਰਹੇ ਹਨ ਤੇ ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ’ਚ ਪੂਰੇ ਪੰਜਾਬ ਨੂੰ ਭੁਗਤਣਾ ਪਵੇਗਾ। ਪਰ ਅਫ਼ਸੋਸ ਕਿਸੇ ਸਿਆਸੀ ਪਾਰਟੀ ਕੋਲ ਨੌਜਵਾਨਾਂ ਲਈ ਕੋਈ ਠੋਸ ਯੋਜਨਾ ਨਹੀਂ। ਇਸ ਦੌਰਾਨ ਪੰਜਾਬ ਵਿਚ ਲੰਮੇ ਸਮੇਂ ਤੋਂ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦਾ ਮੁੱਦਾ ਲਟਕ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਕੇ ਪੰਜਾਬੀ ਨੌਜਵਾਨਾਂ ਦਾ ਹੱਕ ਮਾਰਿਆ ਗਿਆ। ਹੁਣ ਨਵਾਂ ਪੰਜਾਬ ਸਿਰਜਣ ਦੇ ਵਾਅਦੇ ਨਾਲ ਬਣੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਲਈ ਪੰਜਾਬ ਦੇ ਨੌਜਵਾਨ ਹੀ ਅਪਲਾਈ ਕਰ ਸਕਣ ਤੇ ਪ੍ਰਾਈਵੇਟ ਨੌਕਰੀਆਂ ਵਿਚ ਵੀ ਪੰਜਾਬ ਦੇ ਨੌਜਵਾਨਾਂ ਲਈ ਰਾਖਵਾਂਕਰਨ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਵਿਚੋਂ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ।
ਮਨਮੀਤ ਸਿੰਘ, ਪਿੰਡ ਇਬਰਾਹਿਮਪੁਰ (ਮੁਹਾਲੀ)


ਅਧਿਆਪਕ ਦਿਵਸ

5 ਸਤੰਬਰ ਦੇ ਅੰਕ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਕਾਫ਼ੀ ਸਮੱਗਰੀ ਹੈ। ਡਾ. ਤਰਲੋਕ ਬੰਧੂ ਦਾ ਲੇਖ ‘ਬਚੇ ਹੋਏ ਅਧਿਆਪਕਾਂ ਨੂੰ ਸਾਂਭਦਿਆਂ’ ਨੇ ਅਧਿਆਪਕ ਦਿਵਸ ਤੇ ਅਧਿਆਪਕ ਦੀ ਅਹਿਮੀਅਤ ਅਤੇ ਅਧਿਆਪਕ ਪ੍ਰਤੀ ਸਰਕਾਰ ਤੇ ਲੋਕਾਂ ਦੇ ਬਣਦੇ ਫਰਜ਼ ਨੂੰ ਵੀ ਸਾਹਵੇਂ ਲਿਆਂਦਾ ਹੈ। ਇਸ ਹਨੇਰਗਰਦੀ ਦੇ ਸਮਿਆਂ ਵਿਚ ਬਹੁਤ ਅਧਿਆਪਕਾਂ ਨੇ ਆਪਣਾ ਅਧਿਆਪਨ, ਆਪਣਾ ਕਾਰ ਵਿਹਾਰ ਸੱਚਾ-ਸੁੱਚਾ ਰੱਖਿਆ ਹੋਇਆ ਹੈ। ਅਜਿਹੇ ਅਧਿਆਪਕ ਪ੍ਰਸ਼ਾਸਨ ਦੀਆਂ ਰਿਉੜੀਆਂ ਤੇ ਸ਼ਾਬਾਸ਼ੀ ਉਡੀਕੇ ਬਿਨਾਂ ਆਪਣੇ ਫਰਜ਼ ਤੇ ਵਿਦਿਆਰਥੀਆਂ ਨਾਲ ਮੋਹ ਤਹਿਤ ਕੰਮ ਕਰਦਿਆਂ ਮਾਰੂਥਲ ਜਿਹੇ ਹੁੰਦੇ ਜਾਂਦੇ ਸਮਾਜਾਂ ਤੇ ਦੇਸ਼ਾਂ ਵਿਚ ਕਾਫ਼ੀ ਕੁਝ ਹਰਿਆ ਭਰਿਆ ਰੱਖ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਹੱਲਾਸ਼ੇਰੀ ਤੇ ਸ਼ਾਬਾਸ਼ੀ ਸਾਡੇ ਆਪਣੇ ਭਵਿੱਖ ਲਈ ਹੱਲਾਸ਼ੇਰੀ ਹੈ।
ਅਮਰਜੀਤ ਸਿੰਘ ਅਮਨੀਤ, ਪਟਿਆਲਾ


ਟੈਨਿਸ ਖਿਡਾਰਨ

ਮਹਾਨ ਟੈਨਿਸ ਖਿਡਾਰਨ ਸੈਰੇਨਾ ਵਿਲੀਅਮਜ਼ ਨੇ ਖੇਡ ਜੀਵਨ ਤੋਂ ਸੰਨਿਆਸ ਲੈ ਲਿਆ ਹੈ। ਉਸ ਦਾ ਖੇਡ ਸਫ਼ਰ ਬਹੁਤ ਸ਼ਾਨਦਾਰ ਰਿਹਾ। ਉਸ ਨੇ ਬਹੁਤ ਸਾਰੀਆਂ ਜਿੱਤਾਂ ਦੇ ਝੰਡੇ ਗੱਡੇ ਅਤੇ ਗਰੈਂਡ ਸਲੈਮ ਖ਼ਿਤਾਬ ਆਪਣੇ ਨਾ ਕਰਵਾਏ, ਜੋ ਉਸ ਦੀ ਲਗਾਤਾਰ ਮਿਹਨਤ, ਦ੍ਰਿੜ੍ਹਤਾ ਤੇ ਲਗਨ ਦਾ ਨਤੀਜਾ ਸਨ। ਇਹ ਸ਼ਾਨਦਾਰ ਖਿਡਾਰਨ ਸਦਾ ਖੇਡ ਪ੍ਰੇਮੀਆਂ ਦੇ ਮਨਾਂ ’ਤੇ ਰਾਜ ਕਰਦੀ ਰਹੇਗੀ।
ਸੁਖਬੀਰ ਕੌਰ ਮਨੂਰ (ਈਮੇਲ)

ਡਾਕ ਐਤਵਾਰ ਦੀ

Sep 04, 2022

ਪੰਜਾਬ ਦੇ ਦੁੱਖਾਂ ਦੀ ਕਹਾਣੀ

28 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਇਕ ਵਾਰ ਫੇਰ ਉੱਠੇਗਾ ਪੰਜਾਬ ਕੁਕਨੂਸ ਬਣ ਕੇ’ ਪੰਜਾਬ ਦੇ ਦੁੱਖਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਯੁੱਧ ਅਤੇ ਪਰਵਾਸ ਪੰਜਾਬ ਨੂੰ ਵਿਰਾਸਤ ਵਿਚ ਮਿਲਿਆ ਹੈ। ਆਜ਼ਾਦੀ ਦੀ ਲੜਾਈ ਸਮੇਂ ਪੰਜਾਬ ਦੀ ਬੋਲੀ ਅਤੇ ਭਾਈਚਾਰਕ ਸਾਂਝ ਤਾਰ ਤਾਰ ਹੋ ਗਈ। ਉਜਾੜੇ ਨੇ ਪੰਜਾਬੀਆਂ ਦੇ ਅੰਦਰ ਨਫ਼ਰਤ ਦੇ ਬੀਜ ਪੈਦਾ ਕਰ ਦਿੱਤੇ। ਪੰਜਾਬ ਤਕੜਾ ਹੋ ਕੇ ਆਪਣੇ ਸੀਨੇ ’ਤੇ ਇਨ੍ਹਾਂ ਝੱਖੜਾਂ ਦੇ ਕਹਿਰ ਨੂੰ ਝੱਲਦਾ ਆਇਆ ਹੈ। ਅਤਿਵਾਦ ਦੀ ਹਨੇਰੀ ਕਿਸੇ ਨੂੰ ਭੁੱਲੀ ਨਹੀਂ। ਅੱਜ ਲੀਡਰਸ਼ਿਪ ਦੀ ਅਣਹੋਂਦ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਨੂੰ ਮਜਬੂਰ ਹੋ ਰਹੇ ਹਨ। ਪੰਜਾਬ ਦੀ ਤਕਦੀਰ ਨੂੰ ਬਦਲਣ ਲਈ ਇਨ੍ਹਾਂ ਨੂੰ ਇਕਜੁੱਟ ਹੋਣਾ ਹੀ ਪਵੇਗਾ।

ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਲੋਕਤੰਤਰ ਦਾ ਚੌਥਾ ਸਤੰਭ

28 ਅਗਸਤ ਦੀ ਸੰਪਾਦਕੀ ਪੜ੍ਹੀ। ਇਸ ਵਿਚ ਬਾਖ਼ੂਬੀ ਦੱਸਿਆ ਹੈ ਕਿ ਖ਼ੁਦਮੁਖ਼ਤਿਆਰ ਤੇ ਸੱਚੇ ਮੀਡੀਆ ਨੂੰ ਲੋਕਤੰਤਰ ਦੇ ਚੌਥੇ ਸਤੰਭ ਵਜੋਂ ਜਾਣਿਆ ਜਾਂਦਾ ਹੈ,  ਪਰ ਸਾਰੀ ਦੁਨੀਆਂ ’ਚ ਵੱਡੇ ਕਾਰਪੋਰੇਟ ਘਰਾਣਿਆਂ ਨੇ ਰਾਜਨੀਤੀ ਨਾਲ ਤਿੜਕਮ ਲਗਾ ਕੇ ਮੀਡੀਆ ’ਤੇ ਆਪਣਾ ਕਬਜ਼ਾ ਜੰਮਾ ਲਿਆ ਹੈ। ਇਹ ਜਾਣ ਕੇ ਹੈਰਾਨੀ ਹੋਈ ਕਿ ਦੁਨੀਆਂ ਭਰ ਦੇ ਮੀਡੀਆ ਨੂੰ ਮਹਿਜ਼ ਸੱਤ ਬਹੁਕੌਮੀ ਕੰਪਨੀਆਂ ਚਲਾ ਰਹੀਆਂ ਹਨ। ਬੀਬੀਸੀ ਨੇ ਕਿਵੇਂ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਆਪਣੀ ਵਿਲੱਖਣਤਾ ਕਾਇਮ ਰੱਖੀ ਹੈ ਤੇ ਕੁਝ  ਦੂਜੇ ਮੁਲਕਾਂ ਜਿਵੇਂ ਡੈਨਮਾਰਕ, ਫਿਨਲੈਂਡ, ਆਇਰਲੈਂਡ, ਨਾਰਵੇ, ਸਵੀਡਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਨੇ ਵੀ ਮੀਡੀਆ ਨੂੰ ਨਿੱਜੀ ਸੰਪਤੀ ਬਣਨ ਤੋਂ ਬਚਾਉਣ ਦੇ ਉਪਰਾਲੇ ਕੀਤੇ ਹਨ।

ਕਾਰਪੋਰੇਟ ਘਰਾਣੇ ਮੀਡੀਆ ’ਤੇ ਪਕੜ ਬਣਾ ਕੇ ਸਿਰਫ਼ ਆਰਥਿਕਤਾ ਨੂੰ  ਕੰਟਰੋਲ ਨਹੀਂ ਕਰ ਰਹੇ ਸਗੋਂ ਇਹ ਇੰਨੇ ਸ਼ਕਤੀਸ਼ਾਲੀ ਬਣ ਗਏ ਹਨ ਕਿ ਇਹ ਲੋਕਾਂ ਦੇ ਮਤ ਨੂੰ ਪ੍ਰਭਾਵਿਤ ਕਰਨ ਦੇ ਯੋਗ ਹਨ। ਤੀਜੀ ਦੁਨੀਆਂ ਦੇ ਦੇਸ਼ਾ ਵਿਚ ਜਨਤਕ ਪੈਸੇ ਨਾਲ ਚੱਲਦੇ ਟੀਵੀ ਤੇ ਰੇਡੀਓ ਸਰਕਾਰੀ ਤੋਤੇ ਬਣ ਗਏ ਹਨ। ਭਾਰਤ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ। 

ਸਰਕਾਰ ਤੇ ਮੀਡੀਆ ਘਰਾਣਿਆਂ ਦਾ ਮਿਲ ਕੇ ਕੰਮ ਕਰਨਾ ਹੋਰ ਵੀ ਘਾਤਕ ਬਣ ਜਾਂਦਾ ਹੈ। ਇਹ ਇਕ-ਦੂਜੇ ਦੇ ਹਿੱਤ ਪੂਰਦੇ ਹਨ ਪਰ ਆਮ ਜਨਤਾ ਨੂੰ ਕੁਝ ਹੋਰ ਦੱਸਿਆ ਤੇ ਵਿਖਾਇਆ ਜਾਂਦਾ ਹੈ। ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਡੀਆ ਨੂੰ ਕਾਰਪੋਰੇਟ ਦੇ ਚੁੰਗਲ ਤੋਂ ਬਚਾਉਣ ਦੀ ਲੋੜ ਹੈ।

ਗੁਰਦੀਪ ਸਿੰਘ, ਸੀਤੋ ਗੁੰਨੋ (ਫਾਜ਼ਿਲਕਾ)

(2)

ਸਵਰਾਜਬੀਰ ਦੀ ਸੰਪਾਦਕੀ ‘ਮੀਡੀਆ ਦਾ ਬਦਲ ਰਿਹਾ ਸੰਸਾਰ’ ਵਿਚ ਲੋਕਤੰਤਰ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਮੀਡੀਆ ਬਾਰੇ ਜਾਣੂੰ ਕਰਵਾਇਆ ਹੈ। ਇਸ ਰਾਹੀਂ ਭਾਰਤ ਵਰਗੇ ਵੱਡੇ ਦੇਸ਼ ਅਤੇ ਵੱਡੇ ਵਿਕਸਿਤ ਦੇਸ਼ਾਂ ਦਾ ਹਵਾਲਾ ਦਿੰਦਿਆਂ ਮੀਡੀਆ ਦੇ ਵੱਡੇ ਹਿੱਸੇ ਦੀ ਕੰਗਾਲੀ ਤੇ ਵਿਕਾਊ ਹੋਣ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ਾਂ ਨੂੰ ਲੁੱਟਣ ਤੇ ਮੀਡੀਆ ਨੂੰ ਬਚਾਉਣ ਲਈ ਜਨ ਅੰਦੋਲਨ ਦੀ ਵਕਾਲਤ ਕੀਤੀ ਹੈ। ਇਸੇ ਤਰ੍ਹਾਂ ‘ਦਸਤਕ’ ਅੰਕ ਵਿਚ ‘ਮੈਂ ਉਹ ਹਾਂ, ਜਿਸ ਤੋਂ, ਮੈਂ ਡਰਿਆ ਹੋਇਆ ਹਾਂ’ ਵਿਚ ਸਵਰਾਜਬੀਰ ਨੇ ਰੋਹਿੰਗੀਆ ਲੋਕਾਂ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਦਾ ਜ਼ਿਕਰ ਕੀਤਾ ਹੈ। ਕਵਿਤਾਵਾਂ, ਕਿਤਾਬਾਂ ਤੇ ਸਾਹਿਤ ਦਾ ਸਹਾਰਾ ਲੈ ਕੇ ਸਮਾਜਿਕ ਪੱਖ ਤੋਂ ਰੋਹਿੰਗੀਆ ਦੀਆਂ ਮੁੱਢਲੀਆਂ ਲੋੜਾਂ, ਸਹੂਲਤਾਂ ਅਤੇ ਮੁਸ਼ਕਿਲਾਂ ਦਾ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਹੈ। ਸ਼ਰਨਾਰਥੀ ਹੋਣ ਦੇ ਬਾਵਜੂਦ ਖ਼ਤਰਾ ਦੱਸ ਕੇ ਪੇਸ਼ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਹੈ।

ਮਨਮੋਹਨ ਸਿੰਘ ਨਾਭਾ, ਪਟਿਆਲਾ


ਭਲੇ ਵੇਲੇ

ਐਤਵਾਰ ਦੇ ਪੰਜਾਬੀ ਟ੍ਰਿਬਿਊਨ ਵਿਚ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਘਰ ਦੀ ਇੱਜ਼ਤ’ ਵਿਚ ਲੇਖਕ ਨੇ ਪੁਰਾਣੇ ਭਲੇ ਸਮੇਂ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਪਹਿਲਾਂ ਦੇ ਬੱਚੇ ਆਪਣੇ ਘਰ ਦੀ ਇੱਜ਼ਤ ਬਚਾਉਣ ਲਈ ਮਾਂ ਬਾਪ ਹੀ ਨਹੀਂ ਸਗੋਂ ਆਪਣੇ ਦੋਸਤਾਂ, ਮਿੱਤਰਾਂ ਦਾ ਕਹਿਣਾ ਵੀ ਮੰਨ ਲੈਂਦੇ ਸਨ। ਪਰ ਅੱਜ ਦੇ ਸਮੇਂ ਵਿਚ ਇਹ ਸੰਭਵ ਨਹੀਂ ਹੈ। ਲੇਖਕ ਨੇ ਦੱਸਿਆ ਹੈ ਕਿ ਪਹਿਲਾਂ ਦੇ ਸਮੇਂ ਵਿਚ ਖ਼ੂਨ ਦੇ ਰਿਸ਼ਤਿਆਂ ਦੇ ਨਾਲ ਨਾਲ ਮਿੱਤਰਤਾ ਦਾ ਰਿਸ਼ਤਾ ਵੀ ਖ਼ਾਸ ਹੁੰਦਾ ਸੀ।

ਕਿਰਨ ਜਲਾਲ, ਪਟਿਆਲਾ

ਪਾਠਕਾਂ ਦੇ ਖ਼ਤ Other

Sep 03, 2022

ਹਕੀਕੀ ਜਮਹੂਰੀਅਤ

ਪਹਿਲੀ ਸਤੰਬਰ ਦਾ ਸੰਪਾਦਕੀ ‘ਔਰਤਾਂ ਦੀ ਅਹੁਦੇਦਾਰੀ’ ਪੜ੍ਹਿਆ ਜਿਸ ਅਨੁਸਾਰ ਸਰਕਾਰ ਨੇ ਪੰਚ, ਸਰਪੰਚ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦਾਂ ਵਿਚ ਚੁਣ ਕੇ ਆਈਆਂ ਔਰਤਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ, ਭਾਈ ਜਾਂ ਪੁੱਤਰ ਆਦਿ ਦੀ ਮੀਟਿੰਗਾਂ ’ਚ ਹਾਜ਼ਰੀ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਚੰਗਾ ਕੰਮ ਕੀਤਾ ਹੈ। ਸੰਵਿਧਾਨ ਦੀ 73ਵੀਂ ਸੋਧ ਅਨੁਸਾਰ ਭਾਵੇਂ ਪੰਚਾਇਤੀ ਰਾਜ ਸੰਸਥਾਵਾਂ ਜਮਹੂਰੀਅਤ ਦਾ ਆਧਾਰ ਹਨ ਪਰ ਹੁਣ ਤਾਂ ਜਿਸ ਢੰਗ ਨਾਲ ਕੰਮ ਚੱਲ ਰਿਹਾ ਹੈ, ਇਹ ਸੰਸਥਾਵਾਂ ਜਮਹੂਰੀਅਤ ਦਾ ਗਲ ਘੁੱਟਣ ਲੱਗ ਪਈਆਂ ਹਨ। ਗਰਾਮ ਸਭਾ ਦੀ ਮੀਟਿੰਗ ਤਾਂ ਦੂਰ ਦੀ ਗੱਲ ਹੈ, ਪੰਚਾਇਤਾਂ ਦੀਆਂ ਮੀਟਿੰਗਾਂ ਵੀ ਨਹੀਂ ਹੁੰਦੀਆਂ। ਸਰਪੰਚ ਤੇ ਸੈਕਟਰੀ ਮਤਾ ਲਿਖ ਕੇ ਲੋੜੀਂਦੇ ਪੰਚਾਂ ਦੀ ਸਹੀ ਪਵਾ ਲੈਂਦੇ ਹਨ, ਬਾਕੀ ਪੰਚਾਂ ਨੂੰ ਤਾਂ ਪੁੱਛਿਆ ਵੀ ਨਹੀਂ ਜਾਂਦਾ। ਸਰਕਾਰ ਨੋਟੀਫਿਕੇਸ਼ਨ ਨੂੰ ਗੰਭੀਰਤਾ ਨਾਲ ਲਾਗੂ ਕਰੇ।

ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)


ਭਾਈਚਾਰਕ ਸਾਂਝ

ਪਹਿਲੀ ਸਤੰਬਰ ਨੂੰ ਪਹਿਲੇ ਪੰਨੇ ’ਤੇ ਖ਼ਬਰ ‘ਗਿਰਜਾਘਰ ’ਚ ਮੂਰਤੀਆਂ ਦੀ ਭੰਨਤੋੜ’ ਪੜ੍ਹੀ। ਅਜਿਹੀਆਂ ਕਾਰਵਾਈਆਂ ਭਾਈਚਾਰਕ ਸਾਂਝ ’ਚ ਦਰਾੜ ਪਾਉਣ ਦੀ ਕੋਸ਼ਿਸ਼ ਹਨ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਸੀਂ ਦੇਖ ਚੁੱਕੇ ਹਾਂ। ਹੋਰ ਧਾਰਮਿਕ ਅਸਥਾਨਾਂ ’ਤੇ ਵੀ ਅਜਿਹਾ ਵਾਪਰਦਾ ਰਿਹਾ ਹੈ। ਅਜਿਹੀਆਂ ਕਾਰਵਾਈਆਂ ਕਿਸੇ ਗਹਿਰੀ ਸਾਜ਼ਿਸ਼ ਤਹਿਤ ਕੀਤੀਆਂ ਜਾਂਦੀਆਂ ਹਨ। ਹਕੀਕਤ ਇਹ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਧਰਮ ਨਾਲ ਸਬੰਧਿਤ ਨਹੀਂ ਹੁੰਦੇ, ਉਹ ਤਾਂ ਸਗੋਂ ਮਾਨਵਤਾ ਦੇ ਦੁਸ਼ਮਣ ਹੁੰਦੇ ਹਨ। ਮਨੁੱਖਤਾ ਦਾ ਭਲਾ ਚਾਹੁਣ ਵਾਲੀਆਂ ਸੰਸਥਾਵਾਂ ਅਤੇ ਸੁਹਿਰਦ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਸਮਾਜ ਵਿਚ ਪਾਈਆਂ ਜਾ ਰਹੀਆਂ ਦਰਾੜਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ।

ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)


ਕਿਰਤ ਦੀ ਮਹਿਮਾ

30 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਰਾਜਕੁਮਾਰ ਸ਼ਰਮਾ ਦਾ ਮਿਡਲ ‘ਹੀਰੋ’ ਪੜ੍ਹਿਆ। ਮਾਲਕ ਹੋ ਕੇ ਵੀ ‘ਹੀਰੋ’ ਹੱਥੀਂ ਕੰਮ ਕਰ ਰਿਹਾ ਹੈ। ਪੰਜਾਬ ਵਿਚ ਲੋਕ ਹੱਥੀਂ ਕੰਮ ਕਰਨਾ ਛੱਡ ਰਹੇ ਹਨ, ਇਹੀ ਸਭ ਤੋਂ ਵੱਡੀ ਤ੍ਰਾਸਦੀ ਹੈ। ਅਸਲੀ ਹੀਰੋ ਹੱਥੀਂ ਕਿਰਤ ਕਰਨ ਵਾਲੇ ਹੀ ਹਨ। ਜਿਹੜੇ ਫ਼ਿਲਮੀ ਨਾਇਕਾਂ ਨੂੰ ਦੇਖਣ ਦੀ ਇੱਛਾ ਲੇਖਕ ਨੂੰ ਸੀ, ਉਨ੍ਹਾਂ ਦੀ ਤਸਵੀਰ ਅਸਲੀ ਹੀਰੋ ਅੱਗੇ ਫਿੱਕੀ ਪੈ ਗਈ।

ਰਣਜੀਤ ਕੌਰ, ਲੁਧਿਆਣਾ


(2)

ਰਾਜਕੁਮਾਰ ਸ਼ਰਮਾ ਦੁਆਰਾ ਲਿਖਿਅ ਮਿਡਲ ‘ਹੀਰੋ’ ਸਿੱਖਿਅਦਾਇਕ ਹੈ। ਅੱਜ ਦੇ ਸਮੇਂ ਲੋਕਾਂ ਵਿਚ ਹੱਥੀਂ ਕਿਰਤ ਕਰਨ ਦਾ ਰੁਝਾਨ ਘਟ ਰਿਹਾ ਹੈ। ਲੋਕ ਆਪਣੇ ਘਰੇਲੂ ਕੰਮ ਲਈ ਵੀ ਨੌਕਰਾਂ ’ਤੇ ਨਿਰਭਰ ਹਨ। ਇਹ ਬਿਮਾਰੀ ਦਫ਼ਤਰਾਂ ਅਤੇ ਘਰਾਂ ਵਿਚ, ਹਰ ਥਾਂ ਮੌਜੂਦ ਹੈ।

ਰੁਪਿੰਦਰ ਗਿੱਲ ਜੰਡਿਆਲੀ (ਲੁਧਿਆਣਾ)


ਹਿੰਦੋਸਤਾਨ ਦੀਆਂ ਪ੍ਰਾਪਤੀਆਂ

27 ਅਗਸਤ ਨੂੰ ਛਪੇ ਲੇਖ ‘ਹਿੰਦੋਸਤਾਨ ਦੀਆਂ ਪ੍ਰਾਪਤੀਆਂ ਅਤੇ ਊਰਜਾ’ ਵਿਚ ਮਨੋਜ ਜੋਸ਼ੀ ਨੇ ਆਜ਼ਾਦੀ ਤੋਂ ਹੁਣ ਤਕ ਦੇ ਹਾਲਾਤ ਦਾ ਵਰਨਣ ਕੀਤਾ ਹੈ। ਆਜ਼ਾਦੀ ਤੋਂ ਬਾਅਦ ਭਾਵੇਂ ਦੇਸ਼ ਨੇ ਤਰੱਕੀ ਤਾਂ ਕੀਤੀ ਪਰ ਇਸ ਦੀ ਰਫ਼ਤਾਰ ਮੱਠੀ ਰਹੀ ਹੈ। ਹੁਣ ਵੀ ਜੇ ਮੁਲਕ ਨੂੰ ਧਰਮ ਅਤੇ ਜਾਤ-ਪਾਤ ਦੇ ਭੇਦਭਾਵ ਤੋਂ ਬਚਾ ਲਿਆ ਜਾਵੇ ਤਾਂ ਦੇਸ਼ ਦੇ ਹੁਕਮਰਾਨ ਇਮਾਨਦਾਰੀ ਤੇ ਤਨਦੇਹੀ ਨਾਲ ਅਗਵਾਈ ਕਰਨ ਤਾਂ ਸਾਡਾ ਦੇਸ਼ ਵੀ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਸ਼੍ਰੇਣੀ ਵਿਚ ਪਹੁੰਚ ਸਕਦਾ ਹੈ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਨਾਵਲ ਦਾ ਭੁਲੇਖਾ

ਸੁਖਦੇਵ ਸਿੰਘ ਮਾਨ ਦਾ ਮਿਡਲ ‘ਦਰਿਆਦਿਲੀ’ (24 ਅਗਸਤ) ਪੜ੍ਹਦਿਆਂ ਕਿਸੇ ਨਾਵਲ ਦਾ ਭੁਲੇਖਾ ਪੈਂਦਾ ਹੈ। ਲਿਖਾਰੀ ਦੀ ਬਿਰਤਾਂਤ ਸ਼ੈਲੀ ਸਲਾਹੁਣਯੋਗ ਹੈ। ਅੱਜਕੱਲ੍ਹ ਕੁਝ ਕੁ ਪੈਸਿਆਂ ਪਿੱਛੇ ਹੁੰਦੇ ਕਤਲ ਦੀਆਂ ਖ਼ਬਰਾਂ ਪੜ੍ਹਦੇ ਹਾਂ, ਪਹਿਲਾਂ ਰਿਸ਼ਤੇ ਪੈਸੇ ਤੋਂ ਜ਼ਿਆਦਾ ਤਵੱਜੋ ਰੱਖਦੇ ਸੀ।

ਅਮਨਦੀਪ ਕੌਰ, ਬਠਿੰਡਾ


(2)

ਸੁਖਦੇਵ ਸਿੰਘ ਮਾਨ ਦਾ ਲੇਖ ‘ਦਰਿਆਦਿਲੀ’ ਵਾਕਿਆ ਹੀ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਅਰਥ ਦੀ ਤਰਜਮਾਨੀ ਕਰਦਾ ਹੈ। ਪਹਿਲਾਂ ਵਾਲੇ ਬਾਬੇ ਭਾਈਚਾਰਕ ਸਾਂਝ ਦੇ ਮੁੱਦਈ ਸਨ। ਹੁਣ ਅਸੀਂ ਉਨ੍ਹਾਂ ਸਾਂਝਾਂ ਨੂੰ ਭੁੱਲ ਕੇ ਖ਼ੁਦਗਰਜ਼ ਬਣ ਗਏ ਹਾਂ ਤੇ ਉਹ ਕਦਰਾਂ-ਕੀਮਤਾਂ ਵਿਸਾਰ ਕੇ, ਸਿਰਫ਼ ਆਪਣੇ ਨਿੱਜੀ ਸੋਚ ਦੇ ਸ਼ਿਕਾਰ ਹੋ ਗਏ ਹਾਂ।

ਭਰਪੂਰ ਸਿੰਘ, ਬਠਿੰਡਾ


ਦੁੱਖ ਦਰਦ

22 ਅਗਸਤ ਦੇ ਮਿਡਲ ‘ਮੈਥੋਂ ਬਸ ਇਹੀ ਹੋ ਸਕਣਾ ਸੀ’ ਵਿਚ ਜਗਦੀਪ ਸਿੱਧੂ ਨੇ ਮੌਤ ਦੇ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਹਿਸੂਸ ਕੀਤੇ ਦੁੱਖ ਦਰਦ ਦੀ ਗੱਲ ਸਾਂਝੀ ਕੀਤੀ ਹੈ। ਕਿਸੇ ਦੀ ਮੌਤ ਦਾ ਦੁੱਖ ਦੂਸਰੇ ਨੂੰ ਕਿੰਨਾ ਹੁੰਦਾ, ਇਹ ਇਸ ’ਤੇ ਨਿਰਭਰ ਹੈ ਕਿ ਮਰਨ ਵਾਲੇ ਦੀ ਉਮਰ ਕਿੰਨੀ ਸੀ, ਉਸ ਦਾ ਰਿਸ਼ਤਾ ਕੀ ਸੀ, ਕਿੰਨਾ ਨਜ਼ਦੀਕੀ ਸੀ।

ਅਮਰਜੀਤ ਸਿੰਘ ਜੰਜੂਆ, ਈਮੇਲ


ਸਰਾਸਰ

ਪਹਿਲੀ ਸਤੰਬਰ ਦੇ ਨਜ਼ਰੀਆ ਪੰਨੇ ਉੱਤੇ ਸੀ. ਉਦੈ ਭਾਸਕਰ ਦਾ ਲੇਖ ‘ਬਿਲਕੀਸ ਕੇਸ ਅਤੇ ਭਾਰਤੀ ਲੋਕਤੰਤਰ ਦਾ ਭਵਿੱਖ’ 2002 ਵਿਚ ਮੁਸਲਿਮ ਵਿਰੋਧੀ ਦੰਗਿਆਂ ਬਾਰੇ ਕਈ ਪੱਖਾਂ ’ਤੇ ਚਾਨਣਾ ਪਾਉਂਦਾ ਹੈ। ਬਿਲਕੀਸ ਬਾਨੋ ਨਾਲ ਜਬਰ ਜਨਾਹ ਕੀਤਾ ਗਿਆ, ਉਸ ਦੇ ਪਰਿਵਾਰ ਦੇ ਬੰਦਿਆਂ ਨੂੰ ਮਾਰ ਸੁੱਟਿਆ ਅਤੇ ਉਹਦੀ ਛੋਟੀ ਬੱਚੀ ਦਾ ਸਿਰ ਭੰਨ ਕੇ ਮਾਰ ਦਿੱਤਾ ਗਿਆ। ਅਦਾਲਤ ਨੇ 11 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਰ ਹੁਣ ਗੁਜਰਾਤ ਸਰਕਾਰ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ ਜਦੋਂਕਿ ਸੁਪਰੀਮ ਕੋਰਟ ਮੁਤਾਬਿਕ ਬਲਾਤਕਾਰ ਜਾਂ ਹੋਰ ਗੰਭੀਰ ਅਪਰਾਧ ਵਿਚ ਕੈਦ ਕੱਟ ਰਹੇ ਅਪਰਾਧੀ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਜਦੋਂ ਇਹ ਅਪਰਾਧੀ ਜੇਲ੍ਹ ਤੋਂ ਬਾਹਰ ਆਏ ਤਾਂ ਇਨ੍ਹਾਂ ਦੇ ਗਲ ਵਿਚ ਹਾਰ ਪਾਏ ਗਏ, ਮਠਿਆਈ ਵੰਡੀ ਗਈ। ਇਹ ਸਾਰਾ ਕੁਝ ਉਸ ਸਮੇਂ ਹੋਇਆ ਜਦੋਂ ਪੰਦਰਾਂ ਅਗਸਤ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ਭਾਸ਼ਣ ਕਰਦੇ ਅਤੇ ਰੋਂਦੇ ਹੋਏ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦਾ ਵਰਨਣ ਕਰ ਰਹੇ ਸਨ। ਪ੍ਰਧਾਨ ਮੰਤਰੀ ਨੂੰ ਗੁਜਰਾਤ ਸਰਕਾਰ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਅੰਦਰ ਡੱਕਿਆ ਜਾਵੇ।

ਪ੍ਰੋ. ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)

ਪਾਠਕਾਂ ਦੇ ਖ਼ਤ Other

Sep 02, 2022

ਨੌਜਵਾਨ ਬਨਾਮ ਅਸੁਰੱਖਿਅਤ ਭਵਿੱਖ

ਪਹਿਲੀ ਸਤੰਬਰ ਦੇ ਅੰਕ ਵਿਚ ਕਮਲਜੀਤ ਕੌਰ ਗੁੰਮਟੀ ਨੇ ਆਪਣੀ ਰਚਨਾ ‘ਨੌਜਵਾਨ ਹੀ ਦੇਸ਼ ਦਾ ਅਸਲੀ ਸਰਮਾਇਆ’ ਵਿਚ ਸਾਡੇ ਨੌਜਵਾਨਾਂ ਦੇ ਮਨਾਂ ਵਿਚ ਪਸਰੇ ਅਸੁਰੱਖਿਅਤ ਭਵਿੱਖ ਦੇ ਡਰ ਕਾਰਨ ਉਨ੍ਹਾਂ ਦੇ ਇੱਥੋਂ ਮਜਬੂਰੀ ’ਚ ਪਰਵਾਸ ਕਰਨ ਨੂੰ ਢੁਕਵੇਂ ਸ਼ਬਦਾਂ ਵਿਚ ਚਿਤਰਿਆ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਾਂਤ ਹੀ ਹੈ ਕਿ ਉੱਚ ਵਿਦਿਅਕ ਯੋਗਤਾਵਾਂ ਦੇ ਬਾਵਜੂਦ ਉਹ ਆਪਣੀਆਂ ਅੱਖਾਂ ਵਿਚ ਸਮੋਏ ਸੁਪਨਿਆਂ ਨੂੰ ਸਕਾਰ ਕਰਨ ਲਈ ਪਰਵਾਸ ਨੂੰ ਹੀ ਇਕੋ-ਇਕ ਅੰਤਿਮ ਹੱਲ ਮੰਨੀ ਬੈਠੇ ਹਨ। ਸਾਡੀਆਂ ਸਰਕਾਰਾਂ ਨੂੰ ਇਸ ਬਹੁਮੁੱਲੇ ਸਰਮਾਏ ਨੂੰ ਬਿਗਾਨਿਆਂ ਦੇ ਹੱਥਾ ਵਿਚ ਸੌਂਪਣ ਤੋਂ ਬਚਾਉਣ ਦੀ ਲੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)


ਇਨਸਾਫ਼ ਨਹੀਂ ਮਿਲਦਾ

31 ਅਗਸਤ ਨੂੰ ਮੁੱਖ ਪੰਨੇ ਉੱਤੇ ਖ਼ਬਰ ਪੜ੍ਹੀ ਕਿ ਗੁਜਰਾਤ ਦੰਗਿਆਂ ਦੀਆਂ 11 ਪਟੀਸ਼ਨਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੀ ਸਫ਼ਾਈ ’ਚ ਇਹ ਕਿਹਾ ਗਿਆ ਹੈ: ‘‘ਇਸ ਮਾਮਲੇ ’ਚ ਹੁਣ ਕੁਝ ਨਹੀਂ ਰਿਹਾ। ਤੁਸੀਂ ਕਦੋਂ ਤਕ ਦੱਬੇ ਮੁਰਦੇ ਪੁੱਟਦੇ ਰਹੋਗੇ।’’ ਦੱਬੇ ਮੁਰਦਿਆਂ ਦਾ ਤਾਂ ਪਤਾ ਨਹੀਂ ਪਰ ਇਕ ਵਾਰ ਸੋਚ ਕੇ ਦੇਖੋ ਬਿਲਕੀਸ ਬਾਨੋ ਤੇ ਉਨ੍ਹਾਂ ਵਰਗੇ ਹਜ਼ਾਰਾਂ ਲੋਕਾਂ ਬਾਰੇ, ਜੋ ਗੁਜਰਾਤ ਦੰਗਿਆਂ ਦਾ ਸ਼ਿਕਾਰ ਹੋਏ ਹਨ। ਕੀ ਭਵਿੱਖ ਵਿਚ ਵੀ ਇਹੀ ਸਭ ਹੁੰਦਾ ਰਹੇਗਾ? ਦੰਗੇ ਭੜਕਾਉਣ ਅਤੇ ਕਤਲੇਆਮ ਕਰਨ ਵਾਲੇ ਇਸੇ ਤਰ੍ਹਾਂ ਬਚਦੇ ਰਹਿਣਗੇ? ਕੀ ਕਸੂਰ ਸੀ ਬਿਲਕੀਸ ਬਾਨੋ ਤੇ ਉਸ ਦੀ 3 ਸਾਲ ਦੀ ਬੱਚੀ ਦਾ, ਉਨ੍ਹਾਂ ਲੋਕਾਂ ਦਾ ਜੋ ਗੁਜਰਾਤ ਦੇ ਦੰਗਿਆਂ ਵਿਚ ਮਾਰੇ ਗਏ? ਇਨਸਾਫ਼ ਦੀ ਉਡੀਕ ਕਈ ਸਾਲਾਂ ਤਕ ਚੱਲਦੀ ਰਹਿੰਦੀ ਹੈ, ਫਿਰ ਵੀ ਇਨਸਾਫ਼ ਨਹੀਂ ਮਿਲਦਾ।
ਏਕਮਪ੍ਰੀਤ ਕੌਰ, ਲੁਧਿਆਣਾ


ਨਵੀਂ ਸੋਚ

29 ਅਗਸਤ ਦੇ ਅੰਕ ਵਿਚ ਪ੍ਰੋ. ਮੋਹਣ ਸਿੰਘ ਦਾ ਲੇਖ ‘ਵਿਗਿਆਨ ਅਤੇ ਵਿਹਾਰ’ ਪੜ੍ਹਿਆ। ਉਨ੍ਹਾਂ ਠੀਕ ਲਿਖਿਆ ਹੈ ਕਿ ਅੱਜ ਵਿਗਿਆਨ ਦਾ ਯੁੱਗ ਹੈ। ਉਨ੍ਹਾਂ ਇਸ ਯੁੱਗ ਵਿਚ ਵਿਗਿਆਨ ਦੇ ਦੋ ਰੂਪ ਦੱਸੇ ਹਨ। ਇਕ ਹੈ ਵਿਗਿਆਨ ਦਾ ਉਸਾਰੂ ਪੱਖ ਤੇ ਦੂਜਾ ਤਬਾਹੀ ਵਾਲਾ ਪੱਖ। ਉਨ੍ਹਾਂ ਲਿਖਿਆ ਹੈ ਕਿ ਵਿਗਿਆਨ ਮਾਨਵ ਕਲਿਆਣ ਲਈ ਹੋਵੇ ਤੇ ਉਹ ਸਾਰੇ ਉਦੇਸ਼ ਜਾਂ ਆਦਰਸ਼ ਜੋ ਸਾਇੰਸ ਨੂੰ ਤਬਾਹੀ ਵੱਲ ਲਿਜਾਂਦੇ ਹੋਣ, ਹਮੇਸ਼ਾ ਲਈ ਤਿਆਗੇ ਜਾਣ। ਉਨ੍ਹਾਂ ਨੇ ਧਰਮਾਂ ਬਾਰੇ ਠੀਕ ਲਿਖਿਆ ਹੈ ਕਿ ‘‘ਪੁਰਾਣੇ ਅਧਿਆਤਮਕ ਦੀ ਕੁੱਖ ’ਚੋਂ ਪੁੰਗਰੇ ਹੋਏ ਲਗਭਗ ਸਾਰੇ ਧਰਮ ਆਪਣੀ ਉਪਭੋਗਤਾ ਭੋਗ ਚੁੱਕੇ ਹਨ’’। ਭਾਰਤ ਵਿਚ ਵਧ ਰਿਹਾ ਧਾਰਮਿਕ ਕੱਟੜਵਾਦ ਦੇਸ਼ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ। ਇਸ ਨੂੰ ਰੋਕਣ ਦਾ ਸਹੀ ਢੰਗ ਪ੍ਰੋ. ਮੋਹਣ ਸਿੰਘ ਨੇ ਨਵੀਂ ਪੀੜ੍ਹੀ ਨੂੰ ਨਵੀਂ ਸੋਚ ਅਪਨਾਉਣ ਦਾ ਸੁਝਾਅ ਦਿੱਤਾ ਹੈ।
ਡਾ. ਚਰਨਜੀਤ ਸਿੰਘ ਗੁਮਟਾਲਾ, ਡੇਟਨ (ਅਮਰੀਕਾ)

(2)

ਪ੍ਰੋ. ਮੋਹਣ ਸਿੰਘ ਦੀ ਰਚਨਾ ‘ਵਿਗਿਆਨ ਅਤੇ ਵਿਹਾਰ’ ਪਾਠਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਵਿਚ ਸਹਾਇਤਾ ਕਰੇਗੀ। ਵਿਗਿਆਨਕ ਸੋਚ ਵਾਲਾ ਬੰਦਾ ਵਹਿਮਾਂ-ਭਰਮਾਂ ਤੋਂ ਉੱਪਰ ਹੋਵੇਗਾ। ਸੰਕੀਰਨ ਅਤੇ ਤੰਗਦਿਲੀ ਉਸ ਦੀ ਸੋਚ ਵਿਚ ਕਦੇ ਨਹੀਂ ਆ ਸਕਦੀ।
ਸੰਤ ਸਿੰਘ ਬੀਹਲਾ, ਈਸੜਾ (ਸੰਗਰੂਰ)

(3)

ਪ੍ਰੋ. ਮੋਹਣ ਸਿੰਘ ਦਾ ਲੇਖ ‘ਵਿਗਿਆਨ ਤੇ ਵਿਹਾਰ’ ਮੌਜੂਦਾ ਦੌਰ ਦੇ ਸਿਆਸੀ ਵਰਤਾਰੇ ਦੀਆਂ ਗੁਪਤ ਨੀਤੀਆਂ ਨੂੰ ਉਜਾਗਰ ਕਰਦਾ ਹੈ। ਅੱਜ ਦੇ ਦੌਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਪਾਰਟੀ ਏਜੰਡੇ ਨੂੰ ਧਰਮ ਦੀ ਸਿਆਸਤ ਨਾਲ ਮਿਲਗੋਭਾ ਕਰਕੇ ਸੌੜੇ ਹਿੱਤਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਪਣੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ ਪਰ ਅਜਿਹੇ ਪੈਂਤੜੇ ਦੇਸ਼ ਦੀ ਛਵੀ ਤੇ ਨਾਗਰਿਕਾਂ ਦਾ ਸਿਆਸੀ ਬੌਧਿਕਤਾ ਪੱਧਰ ਨੀਵਾਂ ਕਰ ਰਹੇ ਹਨ। ਸੰਸਾਰ ਵਿਚ ਬਹੁਤ ਸਾਰੇ ਦੇਸ਼ ਵਿਗਿਆਨਕ ਸਿੱਖਿਆ ਅਤੇ ਭਾਸ਼ਾਵਾਂ ਨਾਲ ਵਿਤਕਰੇ ਨਾ ਕਰਕੇ ਮੋਹਰੀ ਬਣੇ ਪਰ ਸਾਡੇ ਦੇਸ਼ ਦਾ ਸਿਆਸੀ ਵਪਾਰੀਕਰਨ, ਮੁਫ਼ਤ ਰਿਆਇਤਾਂ ਅਤੇ ਧਰਮ ਦੇ ਝੰਡੇ ਹੇਠ ਆਪਣੀਆਂ ਰੋਟੀਆਂ ਸੇਕਣ ਵਿਚ ਮਗਨ ਹਨ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਲੇਰਕੋਟਲਾ)


ਰੋਜ਼ ਦਾ ਤਮਾਸ਼ਾ

30 ਅਗਸਤ ਦੇ ਨਜ਼ਰੀਆ ਪੰਨੇ ’ਤੇ ਬੀਰਦਵਿੰਦਰ ਸਿੰਘ ਦਾ ਲੇਖ ‘ਹੋਤਾ ਹੈ ਸ਼ਬ-ਓ-ਰੋਜ਼ ਤਮਾਸ਼ਾ ਮੇਰੇ ਆਗੇ’ ਪੜ੍ਹਿਆ। ਇਹ ਸਾਡੇ ਮੁਲਕ ਦਾ ਮੂੰਹੋਂ ਬੋਲਦਾ ਸੱਚ ਹੈ। ਕਾਰਪੋਰੇਟ ਕਲਚਰ ਦੇ ਮੱਕੜਜਾਲ ਨੇ ਭਾਵੇਂ ਸਾਰੇ ਗਲੋਬ ਨੂੰ ਹੀ ਆਪਣੇ ਜਬਾੜਿਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਪਰ ਸਾਡੇ ਮੁਲਕ ’ਚ ਤਾਂ ਇਸ ਨੇ ਆਪਣੀਆਂ ਤਣੀਆਂ ਇੰਨੀਆਂ ਕੱਸ ਦਿੱਤੀਆਂ ਹਨ ਕਿ ਸਾਧਾਰਨ ਜਨਤਾ ਦੇ ਆਨੇ ਬਾਹਰ ਲਿਆ ਦਿੱਤੇ ਹਨ। ਬਾਂਹ ਫੜਨ ਵਾਲਾ ਕੋਈ ‘ਵਿਰੋਧੀ’ ਵੀ ਨਹੀਂ ਦਿਸਦਾ ਤੇ ਜਿਨ੍ਹਾਂ ਕੋਲ ਫ਼ਰਿਆਦ ਕਰਨੀ ਹੈ, ਉਹ ਗਲ ਅੰਗੂਠਾ ਦੇਣ ਵਾਲਿਆਂ ਨਾਲ ਘਿਉ ਖਿਚੜੀ ਹਨ।
ਕੁਲਦੀਪ ਸਿੰਘ ਰੋਮਾਣਾ (ਬਠਿੰਡਾ)


ਜ਼ਿੰਦਗੀ ਦੀ ਤੋਰ

27 ਅਗਸਤ ਨੂੰ ਸਤਰੰਗ ਪੰਨੇ ਉੱਤੇ ਕਰਨੈਲ ਸਿੰਘ ਸੋਮਲ ਦਾ ਲੇਖ ‘ਯਾਤਰਾ ਆਪਣੀ ਆਪਣੀ’ ਪੜ੍ਹਿਆ। ਯਥਾਰਥ ਦੀ ਤੱਕੜੀ ’ਤੇ ਪੂਰੀ ਤਰ੍ਹਾਂ ਤੁਲ ਰਿਹਾ ਲੇਖ, ਸਾਹਮਣੇ ਵਾਪਰੀਆਂ ਘਟਨਾਵਾਂ ਦੇ ਜ਼ਬਾਨੀ, ਪਾਠਕ ਨੂੰ ਸੰਘਰਸ਼ ਦੀ ਡੰਡੀ ’ਤੇ ਤੁਰਨ ਲਈ ਹੁਲਾਰਾ ਦਿੰਦਾ ਹੈ। ਸੰਘਰਸ਼ ਜ਼ਿੰਦਗੀ ਦੇ ਕਣ ਕਣ ਵਿਚ ਰਮਿਆ ਹੋਇਆ ਹੈ, ਫਿਰ ਮਨੁੱਖ ਦਾ ਜੀਵਨ ਇਸ ਤੋਂ ਵਿਰਵਾ ਹੋ ਹੀ ਨਹੀਂ ਸਕਦਾ। ਵਿਹਲੇ ਬੈਠ ਕੇ ਐਸ਼ੋ-ਆਰਾਮ ਦੀ ਜ਼ਿੰਦਗੀ, ਜ਼ਿੰਦਗੀ ਵਿਚ ਲੁਕੀਆਂ ਅਨੇਕਾਂ ਸੱਚਾਈਆਂ ਦੇ ਦਰਸ਼ਨ ਨਹੀਂ ਕਰਾ ਸਕਦੀ। ਸੰਘਰਸ਼ ਨਾਲ ਹੀ ਮਨੁੱਖ ਜ਼ਿੰਦਗੀ ਦੀ ਰੂਹ ਸਮਝਣ ਵਿਚ ਕਾਮਯਾਬ ਹੋ ਸਕਦਾ ਹੈ। ਸਾਡਾ ਆਲਾ ਦੁਆਲਾ ਹਮੇਸ਼ਾ ਕਰਵਟ ਲੈ ਰਿਹਾ ਹੁੰਦਾ ਹੈ। ਇਸ ਕਰਵਟ ਨਾਲ ਹੀ ਜ਼ਿੰਦਗੀ ਦੀ ਤੋਰ ਰੁਕਦੀ ਨਹੀਂ, ਸਗੋਂ ਚੱਲਦੀ ਰਹਿੰਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਬੀਬੇ ਗੈਂਗਸਟਰ

ਜੋਧ ਸਿੰਘ ਮੋਗਾ ਦੀ ਰਚਨਾ ‘ਬੀਬੇ ਗੈਂਗਸਟਰ’ (18 ਅਗਸਤ) ਬੜਾ ਕੁਝ ਬਿਆਨ ਕਰਦੀ ਹੈ। ਲੇਖਕ ਨੇ ਠੀਕ ਲਿਖਿਆ ਹੈ ਕਿ ਗੈਂਗਸਟਰ ਪਹਿਲਾਂ ਵੀ ਹੁੰਦੇ ਸਨ ਪਰ ਉਹ ਹੁਣ ਵਾਲਿਆਂ ਵਾਂਗੂੰ ਨਸ਼ੇ-ਪੱਤੇ ਨਹੀਂ ਸਨ ਕਰਦੇ ਤੇ ਨਾ ਹੀ ਰਾਈਫ਼ਲਾਂ, ਗੰਡਾਸੇ, ਕਿਰਪਾਨਾਂ ਅਤੇ ਨਾ ਹੀ ਲੰਡੀਆਂ ਜੀਪਾਂ ਰੱਖਦੇ ਸਨ। 10 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਜੈ ਕੁਮਾਰ ਦੀ ਰਚਨਾ ‘ਫ਼ੀਸ ਵਾਲੇ ਪੈਸੇ’ ਜਿਉਂ ਜਿਉਂ ਪੜ੍ਹਦਾ ਗਿਆ, ਰਚਨਾ ਧੁਰ ਅੰਦਰ ਤਕ ਲਹਿੰਦੀ ਗਈ। ਰਚਨਾ ਬੜਾ ਕੁਝ ਕਹਿ ਰਹੀ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)