ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

Sep 25, 2021

ਮਾਤ ਭਾਸ਼ਾ ਅਤੇ ਪੰਜਾਬ

17 ਸਤੰਬਰ ਦੇ ਨਜ਼ਰੀਆ ਪੰਨੇ ’ਤੇ ‘ਸਿੱਖਣ ਦੀ ਮੰਦਹਾਲੀ ਬਨਾਮ ਭਾਸ਼ਾ ਦੀ ਚੋਣ’ ਲੇਖ ਪੜ੍ਹਿਆ। ਇਸ ਲੇਖ ਅਨੁਸਾਰ ਸੰਸਾਰ ਬੈਂਕ ਨੇ ਮਾਤ ਭਾਸ਼ਾ ਨੂੰ ਸਿੱਖਣ ਦਾ ਮਾਧਿਅਮ ਬਣਾਉਣ ’ਤੇ ਜ਼ੋਰ ਦਿੱਤਾ ਹੈ ਪਰ ਸੰਸਾਰ ਬੈਂਕ ਦੀ ਇਸ ਦਲੀਲ ਦੇ ਉਲਟ ਪੰਜਾਬ ਵਿਚ ਮਾਤ ਭਾਸ਼ਾ ਪੰਜਾਬੀ ਨੂੰ ਅਣਗੌਲਿਆਂ ਕਰਦੇ ਹੋਏ ਸਿੱਖਿਆ ਢਾਂਚੇ ਵਿਚ ਸਿਰਫ਼ ਤੇ ਸਿਰਫ਼ ਅੰਗਰੇਜ਼ੀ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਬੱਚੇ ਨਾ ਮਾਤ ਭਾਸ਼ਾ ’ਚ ਪਰਪੱਕ ਹੁੰਦੇ ਹਨ ਤੇ ਨਾ ਹੀ ਉਹ ਅੰਗਰੇਜ਼ੀ ਨੂੰ ਸਹੀ ਮਾਇਨਿਆਂ ਵਿਚ ਸਿੱਖਣ ਦੇ ਯੋਗ ਬਣਦੇ ਨੇ। ਇਸ ਲਈ ਬੜਾ ਜ਼ਰੂਰੀ ਹੈ ਕਿ ਸਿੱਖਿਆ ਅਤੇ ਸਿੱਖਣ ਦੇ ਇਸ ਬਹੁਪੱਖੀ ਵਰਤਾਰੇ ਨੂੰ ਮਾਤ ਭਾਸ਼ਾ ਵਿਚ ਲਾਗੂ ਕੀਤਾ ਜਾਵੇ ਤਾਂ ਕਿ ਬੱਚੇ ਅਸਰਦਾਰ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣ।
ਗੁਰਸ਼ਰਨ ਸਿੰਘ ਨੱਤ, ਬੱਸੀਆਂ (ਲੁਧਿਆਣਾ)


ਹੈਰਾਨੀ ਵਾਲੀ ਹੈਰਾਨੀ

23 ਸਤੰਬਰ ਦੇ ਤੀਜੇ ਪੰਨੇ ’ਤੇ ‘ਫੂਲਕਾ ਨੇ ਜਥੇਦਾਰ ਨੂੰ ਵਿਵਾਦਮਈ ਬਿਆਨ ਬਾਰੇ ਲਿਖੀ ਚਿੱਠੀ’ ਵਿਚ ਐਡਵੋਕੇਟ ਐੱਚਐੱਸ ਫੂਲਕਾ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਪ੍ਰਗਟਾਈ ਹੈਰਾਨੀ ਵੀ ਹੈਰਾਨੀ ਵਾਲੀ ਲੱਗਦੀ ਹੈ। ਜਥੇਦਾਰ ਨੇ ਆਪਣੇ ਬਿਆਨ ਵਿਚ ਸਿਰਫ਼ ਇਹੀ ਆਖਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਹਿੰਦੂ ਬਣੇ, ਭਾਵੇਂ ਸਿੱਖ ਜਾਂ ਕੋਈ ਹੋਰ ਪਰ ਉਹ ਪਹਿਲਾਂ ਚੰਗਾ ਇਨਸਾਨ ਹੋਣਾ ਚਾਹੀਦਾ ਹੈ। ਇਸ ਵਿਚ ਨਾ ਕੋਈ ਵੰਡੀਆਂ ਪਾਉਣ ਵਾਲੀ ਗੱਲ ਹੈ ਤੇ ਨਾ ਹੀ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲੀ। ਫੂਲਕਾ ਜੀ ਤਾਂ ਸਗੋਂ ਖ਼ੁਦ ਜਥੇਦਾਰ ਦੇ ਬਿਆਨ ਨੂੰ ਵਿਵਾਦਮਈ ਬਣਾ ਰਹੇ ਹਨ। ਅਜਿਹੀ ਸੌੜੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਸਹੂਲਤਾਂ ਤੋਂ ਸੱਖਣੇ

22 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਲੇਖ ‘ਨਾ-ਬਰਾਬਰੀ ਦੇ ਦੌਰ ਵਿਚ ਵਧਦੇ ਚੋਣ ਵਾਅਦੇ’ ਵਿਚ ਡਾ. ਸ ਸ ਛੀਨਾ ਨੇ ਆਰਥਿਕ ਹਾਲਤ ਬਾਰੇ ਚਾਨਣਾ ਪਾਇਆ ਹੈ। ਦਰਅਸਲ ਭਗਤ ਸਿੰਘ ਅਤੇ ਆਜ਼ਾਦੀ ਦੇ ਹੋਰ ਸ਼ਹੀਦਾਂ ਦੇ ਸੁਫ਼ਨੇ ਪੂਰੇ ਨਹੀਂ ਹੋ ਸਕੇ ਕਿਉਂਕਿ ਸਾਡੇ ਮੁਲਕ ਨੂੰ ਸੱਚੇ ਸੁੱਚੇ ਨੇਤਾ ਹੀ ਨਹੀਂ ਮਿਲੇ। ਦੇਸ਼ ਦੀ ਜ਼ਿਆਦਾਤਰ ਆਬਾਦੀ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਸੱਖਣੀ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਸੋਹਣ ਸਿੰਘ ਸੀਤਲ ਬਾਰੇ

22 ਸਤੰਬਰ ਨੂੰ ਪ੍ਰੋ. ਸਤਿੰਦਰਬੀਰ ਸਿੰਘ ਨੰਦਾ ਦਾ ਸੋਹਣ ਸਿੰਘ ਸੀਤਲ ਬਾਰੇ ਲੇਖ ਪੜ੍ਹਿਆ। ਲੇਖਕ ਨੇ ਬਹੁਪੱਖੀ ਸ਼ਖ਼ਸੀਅਤ ਸੀਤਲ ਦੇ ਹਰ ਪੱਖ ਨੂੰ ਉਤਸ਼ਾਹਿਤ ਕੀਤਾ, ਉਨ੍ਹਾਂ ਦੀਆਂ ਲਿਖਤਾਂ ਬਾਰੇ ਦੱਸ ਪਾਈ ਪਰ ਉਨ੍ਹਾਂ ਦੀ ਤਜਰਬਿਆਂ ਭਰੀ ਰਚਨਾ ਸਵੈਜੀਵਨੀ ‘ਵੇਖੀ ਮਾਣੀ ਦੁਨੀਆ’ ਦਾ ਜ਼ਿਕਰ ਪਤਾ ਨਹੀਂ ਕਿਉਂ ਨਹੀਂ ਕੀਤਾ।

ਸੋਹਣ ਸਿੰਘ ਕੇਸਰਵਾਲੀਆ, ਕੇਸਰਸਿੰਘਵਾਲਾ (ਬਠਿੰਡਾ)

(2)

ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦਾ ਲੇਖ ‘ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ’ ਜਾਣਕਾਰੀ ਭਰਪੂਰ ਸੀ। ਢਾਡੀ ਕਲਾ ਅਤੇ ਪੰਜਾਬੀ ਸਾਹਿਤ ਵਿਚ ਜਿਹੜੀਆਂ ਮੱਲਾਂ ਸੋਹਣ ਸਿੰਘ ਸੀਤਲ ਨੇ ਮਾਰੀਆਂ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈਆਂ।
ਹਰਜਿੰਦਰ ਸਿੰਘ, ਭਗੜਾਣਾ (ਫਤਿਹਗੜ੍ਹ ਸਾਹਿਬ)


ਚੁਣੌਤੀਆਂ ਦਾ ਸਾਹਮਣਾ

20 ਸਤੰਬਰ ਦਾ ਸੰਪਾਦਕੀ ‘ਪੰਜਾਬ ਦਾ ਨਵਾਂ ਮੁੱਖ ਮੰਤਰੀ’ ਦਿਲਚਸਪ ਸੀ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਕਾਫ਼ੀ ਚੁਣੌਤੀਆਂ ਹਨ, ਦੇਖਣਾ ਇਹ ਹੈ ਕਿ ਉਹ ਇਨ੍ਹਾਂ ਦਾ ਟਾਕਰਾ ਕਿਸ ਤਰ੍ਹਾਂ ਕਰਦੇ ਹਨ ਅਤੇ ਕਿਸ ਤਰ੍ਹਾਂ ਹੱਲ ਕੱਢਦੇ ਹਨ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਜ਼ਮੀਰ ਬੋਲਦੀ ਹੈ…

20 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਛਪਿਆ ਦਰਸ਼ਨ ਸਿੰਘ ਦਾ ਲੇਖ ‘ਜ਼ਮੀਰ ਦੀ ਆਵਾਜ਼’ ਵਧੀਆ ਲੱਗਿਆ। ਹਰ ਸ਼ਖ਼ਸ ਦੀ ਜ਼ਮੀਰ ਇਕ ਨਾ ਇਕ ਦਿਨ ਅੰਦਰੋਂ ਬੋਲਦੀ ਹੀ ਹੈ; ਬਾਹਰੋਂ ਭਾਵੇਂ ਉਹ ਕਿਹੋ ਜਿਹੀਆਂ ਵੀ ਗੱਲਾਂ ਕਰਦਾ ਹੋਵੇ, ਉਸ ਦੇ ਅੰਦਰ ਕੀ ਕੀ ਖਿਆਲ ਚੱਲਦੇ ਹਨ, ਇਹ ਉਸ ਨੂੰ ਖ਼ੁਦ ਨੂੰ ਪਤਾ ਹੀ ਹੁੰਦਾ ਹੈ ਅਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ। ਇਹ ਲਗਾਤਾਰ ਤੁਹਾਡਾ ਪਿੱਛਾ ਕਰਦੀ ਹੈ।
ਬਲਵਿੰਦਰ ਸਿੰਘ, ਕੋਟਕਪੂਰਾ


ਬਰਾਦਰੀ ਬਾਰੇ

20 ਸਤੰਬਰ ਦੇ ਸਫ਼ਾ ਚਾਰ ਉੱਤੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਖ਼ਬਰ ਵਿਚ ਉਨ੍ਹਾਂ ਨੂੰ ‘ਰਮਦਾਸੀਆ ਭਾਈਚਾਰੇ’ ਵਿਚੋਂ ਲਿਖਿਆ ਗਿਆ ਹੈ। ਸਰਕਾਰੀ ਗਜ਼ਟ ਵਿਚ ਇਸ ਭਾਈਚਾਰੇ ਦਾ ਪੂਰਾ ਨਾਮ ‘ਰਾਮਦਾਸੀਆ ਸਿੱਖ’ ਹੈ। 1975 ਤਕ ਇਸ ਭਾਈਚਾਰੇ ਦੇ ਲੋਕਾਂ ਨੂੰ ਦਿੱਤੇ ਜਾਂਦੇ ਜਾਤੀ ਪ੍ਰਮਾਣ-ਪੱਤਰ ਵਿਚ ‘ਰਾਮਦਾਸੀਆ ਸਿੱਖ’ ਹੀ ਲਿਖਿਆ ਜਾਂਦਾ ਸੀ ਜੋ ਬਾਅਦ ਵਿਚ ਸਿਰਫ਼ ‘ਰਾਮਦਾਸੀਆ’ ਲਿਖਣਾ ਸ਼ੁਰੂ ਹੋ ਗਿਆ। ਸਿੱਖ ਰਹੁ-ਰੀਤਾਂ ਨੂੰ ਪ੍ਰਨਾਈ ਇਸ ਬਰਾਦਰੀ ਦੇ ਕੁਝ ਸਾਬਕਾ ਅਫ਼ਸਰਾਂ ਨੇ ਜੱਦੋਜਹਿਦ ਕਰਕੇ ਮੁੜ ਸਿੱਖ ਸ਼ਬਦ ਸ਼ਾਮਲ ਕਰਵਾਇਆ ਸੀ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਯੂਐੱਸਏ)

ਪਾਠਕਾਂ ਦੇ ਖ਼ਤ Other

Sep 20, 2021

ਸ਼ਰਧਾਂਜਲੀ ਅਤੇ ਸੰਘਰਸ਼

ਪ੍ਰੋ. ਪ੍ਰੀਤਮ ਸਿੰਘ ਨੇ ਨਜ਼ਰੀਆ ਪੰਨੇ ’ਤੇ ਪ੍ਰੋ. ਸ਼ੀਲਾ ਭੱਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਲੇਖ ‘ਪ੍ਰੋ. ਸ਼ੀਲਾ ਭੱਲਾ ਨੂੰ ਯਾਦ ਕਰਦਿਆਂ’ ਵਿਚ ਅਧਿਆਪਕ-ਵਿਦਿਆਰਥੀ ਰਿਸ਼ਤੇ ਦੀ ਸੂਖ਼ਮ ਸਾਂਝ ਦਾ ਪ੍ਰਗਟਾਵਾ ਕਰਦਿਆਂ ਜਿਸ ਤਰ੍ਹਾਂ ਹੋ ਚੀ ਮਿੰਨ ਦਾ ਜ਼ਿਕਰ ਕੀਤਾ ਹੈ, ਉਸ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵਿਚ ਵੀਅਤਨਾਮੀ ਆਗੂ ਦੀ ਹਰਮਨਪਿਆਰਤਾ ਦਾ ਪਤਾ ਲੱਗਦਾ ਹੈ। ਲਿਖਾਰੀ ਨੇ ਜਿਸ ਤਰ੍ਹਾਂ ਪ੍ਰੋ. ਸ਼ੀਲਾ ਭੱਲਾ ਦੀਆਂ ਖੇਤੀ ਬਾਰੇ ਲੱਭਤਾਂ ਨੂੰ ਅਜੋਕੇ ਕਿਸਾਨੀ ਸੰਘਰਸ਼ ਨਾਲ ਜੋੜ ਕੇ ਪ੍ਰਸੰਗਕ ਸਿੱਧ ਕੀਤਾ ਹੈ, ਇਸ ਨਾਲ ਇਹ ਮਹਿਜ਼ ਸ਼ਰਧਾਂਜਲੀ ਨਾ ਹੋ ਕੇ ਮੁਕੰਮਲ ਲੇਖ ਹੋ ਨਿਬੜਿਆ ਹੈ।

ਗੁਰਬਾਜ ਸਿੰਘ ਬਰਾੜ, ਸਰੀ (ਕੈਨੇਡਾ)


(2)

ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਅਧਿਆਪਕ ਰਹੇ ਪ੍ਰੋਫ਼ੈਸਰ ਸ਼ੀਲਾ ਭੱਲਾ ਬਾਰੇ ਲਿਖੀ ਸ਼ਰਧਾਂਜਲੀ ਬੜੀ ਦਿਲ ਟੁੰਬਵੀਂ ਲੱਗੀ। ਵੱਡੇ ਅਦਾਰਿਆਂ ’ਚ ਕੰਮ ਕਰਦੇ ਹੋਣ ਦੇ ਬਾਵਜੂਦ ਆਮ ਲੋਕਾਂ ਦੇ ਹੱਕਾਂ ਵਾਸਤੇ ਲੜਦੇ ਰਹਿਣ ਵਾਲੇ ਲੋਕ ਆਮ ਨਹੀਂ ਮਿਲਦੇ। ਇਹੋ ਜਿਹੇ ਇਨਸਾਨ ਦਾ ਅਧਿਆਪਕ ਹੋਣਾ ਸੋਨੇ ’ਤੇ ਸੁਹਾਗੇ ਵਾਂਗ ਹੈ। ਇਹੋ ਜਿਹਾ ਅਧਿਆਪਕ ਸਚਮੁੱਚ ਕਿਸਮਤ ਵਾਲੇ ਵਿਦਿਆਰਥੀਆਂ ਨੂੰ ਹੀ ਮਿਲਦਾ ਹੈ। ਅਗਾਂਹ ਪ੍ਰੋਫੈਸਰ ਸ਼ੀਲਾ ਭੱਲਾ ਨੂੰ ਚੰਗੇ ਵਿਦਿਆਰਥੀ ਮਿਲੇ, ਉਹ ਵੀ ਭਾਗਾਂ ਵਾਲੇ ਸਨ।

ਮਾਸਟਰ ਦਿਲਬਾਗ ਸਿੰਘ, ਪਿੰਡ ਹਰੀ ਕੇ ਕਲਾਂ (ਮੁਕਤਸਰ)


(3)

ਪ੍ਰੋ. ਪ੍ਰੀਤਮ ਸਿੰਘ ਦਾ ਪ੍ਰੋ. ਸ਼ੀਲਾ ਭੱਲਾ ਬਾਰੇ ਲੇਖ ਪੜ੍ਹਿਆ। ਅਜਿਹੀਆਂ ਨੇਕ ਸ਼ਖ਼ਸੀਅਤਾਂ, ਕਾਬਿਲ ਅਧਿਆਪਕ ਅਤੇ ਆਮ ਲੋਕਾਂ ਦੇ ਮਸਲਿਆਂ ਬਾਰੇ ਆਵਾਜ਼ ਉਠਾਉਣ ਦੇ ਤੁਰ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਇਸੇ ਕਰਕੇ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਗੱਲਾਂ ਹੁੰਦੀਆਂ ਅਤੇ ਫਿਰ ਅਗਾਂਹ ਤੁਰਦੀਆਂ ਹਨ।

ਬਲਵਿੰਦਰ ਗਿੱਲ, ਈਮੇਲ


ਧਰਮ ਤਬਦੀਲੀ ਵਿਰੋਧੀ ਕਾਨੂੰਨ

14 ਸਤੰਬਰ ਨੂੰ ਪ੍ਰੇ੍ਮ ਚੌਧਰੀ ਨੇ ਆਪਣੇ ਲੇਖ ‘ਧਰਮ ਤਬਦੀਲੀ ਵਿਰੋਧੀ ਕਾਨੂੰਨ ਬਰਾਬਰੀ ਦੇ ਹੱਕ ਦੀ ਉਲੰਘਣਾ’ ਵਿਚ ਬਿਲਕੁਲ ਦਰੁਸਤ ਕਿਹਾ ਹੈ। ਜੇ ਕੋਈ ਮਰਜ਼ੀ ਨਾਲ ਕਿਸੇ ਦੂਜੇ ਧਰਮ ਵਿਚ ਸ਼ਾਦੀ ਕਰਵਾਉਣੀ ਚਾਹੁੰਦਾ ਹੈ ਤਾਂ ਇਸ ਵਿਚ ਬੁਰਾਈ ਹੀ ਕੀ ਹੈ ਸਗੋਂ ਇਸ ਨਾਲ ਤਾਂ ਧਰਮਾਂ ਵਿਚ ਏਕਤਾ ਬਣਦੀ ਹੈ। ਅਸਲ ਵਿਚ ਧਰਮਾਂ ਕਰਕੇ ਹੀ ਸਮਾਜ ਵਿਚ ਵੰਡੀਆਂ ਪੈਂਦੀਆਂ ਹਨ। ਹਾਂ, ਜਬਰੀ ਧਰਮ ਬਦਲਣਾ ਜ਼ਰੂਰ ਜੁਰਮ ਹੈ।

ਜਸਬੀਰ ਕੌਰ, ਅੰਮ੍ਰਿਤਸਰ


ਬੱਚੇ ਦੇ ਬੋਲ

13 ਸਤੰਬਰ ਦਾ ਮਿਡਲ ‘ਬੱਚੇ ਦੇ ਬੋਲ’ (ਲਿਖਾਰੀ ਵਿਜੈ ਕੁਮਾਰ) ਪੜ੍ਹਿਆ। ਸਚਮੁੱਚ ਬੱਚੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਜਦੋਂ ਕਲਾਸ ਵਿਚੋਂ ਬੁਲਾ ਕੇ ਉਹ ਵਰਦੀ ਜਾਂ ਕਿਤਾਬਾਂ ਫੜੀ ਵਾਪਸ ਆਉਂਦੇ ਹਨ। ਉਂਜ ਵੀ ਪੜ੍ਹਨ ਵੇਲੇ ਵਰਦੀ ਜ਼ਰੂਰੀ ਨਹੀਂ।

ਦਵਿੰਦਰ ਕੌਰ, ਈਮੇਲ


(2)

ਹੱਡਬੀਤੀ ਪੜ੍ਹ ਕੇ ਜਿੱਥੇ ਵਿਦਿਆਰਥੀ ਦੀ ਅਣਖ ’ਤੇ ਮਾਣ ਹੋਇਆ, ਉੱਥੇ ਸਰਦੇ-ਪੁੱਜਦੇ ਲੋਕਾਂ ਦੀ ਭਿਖਾਰੀ ਮਾਨਸਿਕਤਾ ਬਾਰੇ ਵੀ ਸੋਚਣ ਨੂੰ ਮਜਬੂਰ ਕੀਤਾ ਹੈ।

ਸੁਖਜਿੰਦਰ ਸਿੰਘ, ਈਮੇਲ


ਉਤਰਾਅ-ਚੜ੍ਹਾਅ

10 ਸਤੰਬਰ ਨੂੰ ਜਗਦੀਸ਼ ਕੌਰ ਮਾਨ ਦੀ ਰਚਨਾ ‘ਆਪਣਿਆਂ ਦੀ ਛਾਂ’ ਨੇ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ। ਜ਼ਿੰਦਗੀ ਵਿਚ ਬੜੇ ਉਤਰਾਅ-ਚੜ੍ਹਾਅ ਆਉਂਦੇ ਨੇ, ਜੇ ਦੁੱਖ ਵੇਲੇ ਆਪਣੇ, ਆਪਣਿਆਂ ਨਾਲ ਖੜ੍ਹ ਜਾਣ ਤਾਂ ਦੁਖੀ ਬੰਦਾ ਬੜੀ ਰਾਹਤ ਮਹਿਸੂਸ ਕਰਦਾ ਹੈ।

ਅਮਰਜੀਤ ਮੱਟੂ ਭਰੂਰ (ਸੰਗਰੂਰ)


(3)

ਜਗਦੀਸ਼ ਕੌਰ ਮਾਨ ਦੀ ਰਚਨਾ ‘ਆਪਣਿਆਂ ਦੀ ਛਾਂ’ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਇਕ-ਦੂਜੇ ਦਾ ਸਹਾਰਾ ਬਣ ਕੇ ਇਸ ਸਮਾਜ ਨੂੰ ਵਧੀਆ ਅਤੇ ਰਹਿਣਯੋਗ ਬਣਾਇਆ ਜਾ ਸਕਦਾ ਹੈ। ਇਉਂ ਨਫ਼ਰਤਾਂ ਦੀ ਹਨੇਰੀਆਂ ਵੀ ਠੱਲ੍ਹੀਆਂ ਜਾ ਸਕਦੀਆਂ ਹਨ।

ਸੁਖਵੰਤ ਕੌਰ, ਜਲੰਧਰ


ਖੇਤਰੀ ਭਾਸ਼ਾਵਾਂ ਦੀ ਤਰੱਕੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਬਿਆਨ ਸ਼ਲਾਘਾਯੋਗ ਹੈ। ਇਸ ਪ੍ਰਸੰਗ ਗ੍ਰਹਿ ਮੰਤਰੀ ਨੂੰ ਇਹ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਨੂੰ ਵੀ ਇਹ ਮਾਣ ਬਖ਼ਸ਼ਿਆ ਜਾਵੇ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਇਸ ਨੂੰ ਦੂਜੀ ਮੁੱਖ ਜ਼ਬਾਨ ਦਾ ਦਰਜਾ ਦਿੱਤਾ ਜਾਵੇ। ਸਰਕਾਰ ਸਿਰਫ਼ ਬਿਆਨ ਦੇਣ ਤਕ ਹੀ ਸੀਮਤ ਨਾ ਰਹਿ ਕੇ ਇਨ੍ਹਾਂ ਬਿਆਨਾਂ ਨੂੰ ਅਮਲੀ ਜਾਮਾ ਵੀ ਪਹਿਨਾਏ ਤਾਂ ਜੋ ਖੇਤਰੀ ਭਾਸ਼ਾਵਾਂ ਦੀ ਉਨਤੀ ਹੋ ਸਕੇ।

ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Sep 18, 2021

ਅਧਿਕਾਰ ਕਮਿਸ਼ਨ ਨੂੰ ਉਲਾਂਭਾ

16 ਸਤੰਬਰ ਦਾ ਸੰਪਾਦਕੀ ‘ਕਿਸਾਨਾਂ ਦੇ ਮਨੁੱਖੀ ਅਧਿਕਾਰ’ ਕਿਸਾਨ ਅੰਦੋਲਨ ਬਾਰੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਜ਼ਰੀਏ ’ਤੇ ਟਿੱਪਣੀ ਕਰਦਾ ਹੋਇਆ ਕਮਿਸ਼ਨ ਨੂੰ ਉਲਾਂਭਾ ਦਿੰਦਾ ਹੈ ਕਿ ਉਹ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰ ਰਿਹਾ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਦੇਸ਼ ਭਰ ਦੇ ਦਿੱਤੇ ਅੰਕੜੇ ਇਸ ਅਣਦੇਖੀ ਦੀ ਗਵਾਹੀ ਹਨ। ਇਸ ਤੋਂ ਪਹਿਲਾਂ 15 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ’ ਪੜ੍ਹਿਆ। ਸਰਲ ਭਾਸ਼ਾ ਵਿਚ ਅੰਕੜਿਆਂ ਅਤੇ ਸਿਧਾਂਤਾਂ ਦਾ ਸਹਾਰਾ ਲੈਂਦੇ ਹੋਏ ਇਹ ਨੁਕਤਾ ਆਮ ਪਾਠਕ ਸਾਹਮਣੇ ਇਹ ਸਪੱਸ਼ਟ ਕਰਨ ਵਿਚ ਸਫ਼ਲ ਹੋਇਆ ਹੈ ਕਿ ‘ਆਰਥਿਕ ਨੀਤੀਆਂ ਅਤੇ ਆਰਥਿਕ ਸੁਧਾਰ’ ਸਿਰਫ਼ ਧਨਾਢਾਂ ਲਈ ਹਨ।

ਜਗਰੂਪ ਸਿੰਘ, ਲੁਧਿਆਣਾ


(2)

ਸੰਪਾਦਕੀ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬਿਲਕੁਲ ਸਹੀ ਸਵਾਲ ਪੁੱਛੇ ਹਨ ਕਿ ਗ਼ਰੀਬ ਮਜ਼ਲੂਮ ਕਿਸਾਨਾਂ ਦੇ ਅਧਿਕਾਰਾਂ ਬਾਰੇ ਉਨ੍ਹਾਂ ਨੇ ਕੀ ਸੋਚਿਆ ਹੈ? ਕੀ ਸਾਰੇ ਹੱਕ ਸਿਰਫ਼ ਸੱਤਾਧਾਰੀਆਂ ਦੇ ਹਨ? ਲੱਖਾਂ ਕਿਸਾਨ ਪਿਛਲੇ ਤਕਰੀਬਨ ਦਸ ਮਹੀਨਿਆਂ ਤੋਂ ਨੀਲੇ ਅਸਮਾਨ ਥੱਲੇ ਹੁਨਾਲੇ ਸਿਆਲੇ ਕੱਟ ਰਹੇ ਹਨ। ਉਨ੍ਹਾਂ ਦੇ ਜੀਵਨ ਅਤੇ ਅਧਿਕਾਰਾਂ ਦੀ ਰਾਖੀ ਲਈ ਹੁਣ ਤਕ ਕਿਉਂ ਨਹੀਂ ਸੋਚਿਆ ਗਿਆ?

ਡਾ. ਤਰਲੋਚਨ ਕੌਰ, ਪਟਿਆਲਾ


ਗੁਰਸ਼ਰਨ ਸਿੰਘ ਦੇ ਪਾਤਰ

16 ਸਤੰਬਰ ਦੇ ਮਿਡਲ ‘ਕੋਈ ਹਰਿਆ ਬੂਟ ਰਹਿਓ ਰੀ…’ (ਧੀ ਵੱਲੋਂ ਪਿਤਾ ਨੂੰ ਪੱਤਰ) ਪੰਜਾਬੀ ਰੰਗਮੰਚ ਦੇ ਸ਼ਾਹ-ਸਵਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਦੀ ਬਾਤ ਪਾਉਂਦਾ ਹੈ। ਡਾ. ਅਰੀਤ ਨੇ ਆਪਣੇ ਯੁੱਗ ਪੁਰਸ਼ ਪਿਤਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਟਕਾਂ ਵਿਚਲੇ ਪਾਤਰਾਂ ਦਾ ਅਜੋਕੇ ਸਮੇਂ ਨਾਲ ਮੇਲ ਕਰਾਇਆ ਹੈ। ਲੋਕ ਨਾਟਕਕਾਰ ਦੇ ਸਿਰਜੇ ਪਾਤਰਾਂ ਦੇ ਬੋਲ ਅੱਜ ਦੇ ਦੌਰ ਵਿਚ ਵੀ ਸਾਨੂੰ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰਨ ਵਾਸਤੇ ਪ੍ਰੇਰਦੇ ਹਨ।

ਅਵਨੀਤ ਕੌਰ, ਚੰਡੀਗੜ੍ਹ


(2)

ਰੰਗਕਰਮੀ ਗੁਰਸ਼ਰਨ ਸਿੰਘ ਦੇ ਜਨਮ ਦਿਨ (16 ਸਤੰਬਰ) ’ਤੇ ਛਪਿਆ ਮਿਡਲ ‘ਕੋਈ ਹਰਿਆ ਬੂਟ ਰਹੀਓ ਰੀ’ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲਾ ਹੈ। ਧੀ ਨੇ ਪਿਤਾ ਨੂੰ ਉਨ੍ਹਾਂ ਦੇ ਕੀਤੇ ਵਡੇਰੇ ਕਾਰਜ ਰਾਹੀਂ ਯਾਦ ਕੀਤਾ ਹੈ। ਉਨ੍ਹਾਂ ਦੇ ਕੀਤੇ ਕੰਮ ਦੀ ਅਜੋਕੇ ਸਮੇਂ ਵਿਚ ਅਹਿਮੀਅਤ ਨੂੰ ਦਰਸਾਇਆ ਹੈ। ਨਾਟਕਾਂ ਨਾਲ ਲੋਕਾਂ ਦੇ ਮੁੱਦੇ ਉਠਾਉਣ ਵਾਲਾ ਨਾਟਕਕਾਰ ਦੇਸ਼ ਵਿਦੇਸ਼ ਵਸਦੇ ਆਪਣੇ ਲੋਕਾਂ ਦੇ ਚੇਤਿਆਂ ਵਿਚ ਹੀ ਨਹੀਂ ਵਸਦਾ ਸਗੋਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਵੀ ਦਿੰਦਾ ਹੈ।

ਰਸ਼ਪਿੰਦਰਪਾਲ ਕੌਰ, ਲੱਖੇਵਾਲੀ (ਸ੍ਰੀ ਮੁਕਤਸਰ ਸਾਹਿਬ)


ਫੇਲ੍ਹ ਹੋਣ ਦਾ ਵਰਦਾਨ

16 ਸਤੰਬਰ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਗੁਰਬਖ਼ਸ਼ ਸਿੰਘ ਭੰਡਾਲ ਦਾ ਲੇਖ ‘ਫੇਲ੍ਹ ਹੋਣ ਦਾ ਵਰਦਾਨ’ ਪ੍ਰੇਰਨਾ ਦੇ ਗਿਆ। ਦਰਅਸਲ ਹਰ ਇਨਸਾਨ ਦੀ ਜ਼ਿੰਦਗੀ ਵਿਚ ਬੁਰੇ ਮੌਕੇ ਆਉਂਦੇ ਰਹਿੰਦੇ ਹਨ, ਕਈ ਇਸ ਤੋਂ ਘਬਰਾ ਕੇ ਢੇਰੀ ਢਾਹ ਕੇ ਬਹਿ ਜਾਂਦੇ ਹਨ, ਕਈ ਆਪਣੀਆਂ ਕਮੀਆਂ ਨੂੰ ਪੜਚੋਲ ਕੇ ਅੱਗੇ ਵਧਣ ਲਈ ਲਗਤਾਰ ਉੱਦਮ ਕਰਦੇ ਹਨ। ਹਰਜੀਤ ਅਟਵਾਲ ਦਾ ਲੇਖ ‘ਗ੍ਰੈਫ਼ਟੀ; ਕਲਾ ਦਾ ਉੱਤਮ ਨਮੂਨਾ’ ਵੀ ਜਾਣਕਾਰੀ ਭਰਪੂਰ ਹੈ।

ਰਾਜਨਦੀਪ ਕੌਰ ਮਾਨ, ਈਮੇਲ


ਕੁਦਰਤ ਨਾਲ ਮੁਹੱਬਤ

15 ਸਤੰਬਰ ਦੇ ਮਿਡਲ ‘ਢਲ਼ਦੇ ਸੂਰਜ ਦੇ ਸਨਮੁਖ’ ਵਿਚ ਪਰਮਬੀਰ ਕੌਰ ਅਨੁਸਾਰ ਬੇਅੰਤ ਕੁਦਰਤ ਨਾਲ ਪਿਆਰ ਦੀ ਕੋਈ ਸੀਮਾ ਨਹੀਂ, ਕੁਦਰਤ ਦੇ ਕਵੀ ਵਜੋਂ ਪ੍ਰਸਿੱਧ ਲਾਰਡ ਵਿਲੀਅਮ ਵਰਡਜ਼ਵਰਥ ਨਾਲ ਸਹਿਮਤ ਹੋਣਾ ਹੈ। ‘ਟੂ ਏ ਬਟਰਫਲਾਈ’ ਅਤੇ ‘ਸੌਲੇਟਰੀ ਰੀਪਰ’ ਵਿਚ ਉਹ ਆਪਣੇ ਆਪ ਨੂੰ ਕੁਦਰਤ ਦੇ ਸਨਮੁੱਖ ਹੀ ਦਰਸਾਉਂਦਾ ਹੈ। ਸ਼ਹਿਰ ਦੇ ਮੁਕਾਬਲੇ ਕੁਦਰਤ ਦਾ ਦੇਹਾਤੀ ਨਜ਼ਾਰਾ ਵੱਧ ਪਿਆਰਾ ਲੱਗਦਾ ਹੈ। ਅਖ਼ੀਰਲੇ ਪਹਿਰੇ ਵਿਚ ਲੇਖਕ ਢਲ਼ਦੇ ਸੂਰਜ ਦੇ ਮੁਕਾਬਲੇ ਚੜ੍ਹਦੇ ਸੂਰਜ ਨੂੰ ਵੱਧ ਸ਼ਾਨਦਾਰ ਕਹਿੰਦੀ ਹੈ, ਇਸ ਲਈ ਚੰਗਾ ਹੁੰਦਾ ਜੇ ਸਿਰਲੇਖ ‘ਚੜ੍ਹਦੇ ਸੂਰਜ ਸਨਮੁਖ’ ਹੁੰਦਾ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਵਿਜੈ ਕੁਮਾਰ ਦਾ ਮਿਡਲ ‘ਬੱਚੇ ਦੇ ਬੋਲ’ ਪੜ੍ਹਿਆ। ਇਸ ਵਿਚ ਵਿਦਿਆਰਥੀ ਵੱਲੋਂ ਦਾਨ ਕੀਤੀ ਵਰਦੀ ਇਹ ਕਹਿੰਦਿਆਂ ਨਾ ਲੈਣਾ ਕਿ ‘‘ਸਰ ਅਸੀਂ ਸੱਚਮੁੱਚ ਆਰਥਿਕ ਤੌਰ ’ਤੇ ਕਮਜ਼ੋਰ ਹਾਂ ਲੇਕਿਨ ਮੈਂ ਅਤੇ ਮੇਰੀ ਵਿਧਵਾ ਮਾਂ ਗ਼ਰੀਬ ਨਹੀਂ। ਲੋੜਵੰਦ ਬੱਚਿਆਂ ਨੂੰ ਦੂਜਿਆਂ ਦੇ ਸਾਹਮਣੇ ਨਾ ਕੁਝ ਦਿਆ ਕਰੋ ਅਤੇ ਉਨ੍ਹਾਂ ਦੀ ਫ਼ੋਟੋ ਅਖ਼ਬਾਰ ਨੂੰ ਨਾ ਦਿਆ ਕਰੋ, ਦੂਜੇ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ’’ ਸੁੰਨ ਕਰ ਦੇਣ ਵਾਲਾ ਬਿਰਤਾਂਤ ਹੈ। ਬੱਚੇ ਦੇ ਇਨ੍ਹਾਂ ਬੋਲਾਂ ਨੇ ਲੇਖਕ ਦੇ ਹੀ ਨਹੀਂ ਪੜ੍ਹਨ ਸੁਣਨ ਵਾਲਿਆਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿਸਕਾ ਦਿੱਤੀ। ਪੰਜਾਬ ਦੇ ਕਰੋੜਾਂ/ਅਰਬਾਂਪਤੀ ਅਤੇ ਸਭ ਕੁਝ ਮੁਫ਼ਤ ਲੈਣ ਵਾਲੇ ਵਿਧਾਇਕ ਆਮਦਨ ਕਰ ਅਤੇ ਖੇਤੀ ਮੋਟਰਾਂ ਦੇ ਬਿੱਲ ਨਹੀਂ ਦੇ ਸਕਦੇ ਅਤੇ ਗ਼ਰੀਬਾਂ ਨੂੰ ਸਾਢੇ ਚਾਰ ਸਾਲ ਅੱਧੀ ਪੈਨਸ਼ਨ ਦੇ ਕੇ ਹੁਣ ਵਧੀ ਪੈਨਸ਼ਨ ਚੈਕਾਂ ਰਾਹੀਂ ਦੇ ਕੇ ਅਖ਼ਬਾਰਾਂ ’ਚ ਫ਼ੋਟੋਆਂ ਛਪਵਾ ਰਹੇ ਹਨ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


(2)

ਰੂਹ ਨੂੰ ਜਦੋਂ ਰੂਹ ਦੀ ਖ਼ੁਰਾਕ ਮਿਲਦੀ ਹੈ ਤਾਂ ਇਹ ਕਿਸੇ ਅਲੌਕਿਕ ਵਿਸਮਾਦੀ ਰੰਗ ਵਿਚ ਲਬਰੇਜ਼ ਹੋ ਜਾਂਦੀ ਹੈ, ਇਸ ਦਾ ਲਬੋ-ਲਬਾਬ ਪੂਰੀ ਤਰ੍ਹਾਂ ਹਸੀਨ ਖੇੜੇ ਵਿਚ ਤਬਦੀਲ ਹੋ ਜਾਂਦਾ ਹੈ। ਕੁਝ ਇਹੋ ਜਿਹਾ ਹੀ 15 ਸਤੰਬਰ ਦੇ ਅੰਕ ਵਿਚ ਛਪੇ ਪਰਮਬੀਰ ਕੌਰ ਦੇ ਲੇਖ ‘ਢਲ਼ਦੇ ਸੂਰਜ ਦੇ ਸਨਮੁੱਖ’ ਵਿਚ ਦੇਖਣ ਨੂੰ ਮਿਲਿਆ। ਲਿਖਾਰੀ ਨੇ ਆਪਣੀ ਵਿਲੱਖਣ ਸ਼ੈਲੀ ਦੇ ਵਹਾਅ ਨਾਲ ਕੁਦਰਤ ਨੂੰ ਮਾਨਣ ਤੇ ਉਸ ਵਿਚ ਇਕਮਿੱਕ ਹੋਣ ਦੀ ਖਿੱਚ ਤੇ ਨਾਲ ਹੀ ਇਕੱਲ ’ਚ ਬੰਦਾ ਕਿਵੇਂ ਰਹਿ ਸਕਦਾ ਹੈ, ਨੂੰ ਦਰਸਾਇਆ ਹੈ।

ਮਨਿੰਦਰਜੀਤ ਕੌਰ ਬਾਠ, ਪਿੰਡ ਮਹਿਲਾਂਵਾਲਾ (ਅੰਮ੍ਰਿਤਸਰ)


ਚਾਬਹਾਰ ਬੰਦਰਗਾਹ ਦਾ ਨਾਮਕਰਨ

17 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜੀ ਪਾਰਥਾਸਾਰਥੀ ਦੇ ਲੇਖ ‘ਤਾਲਿਬਾਨ ਦਾ ਕੱਟੜਪੰਥੀ ਚਿਹਰਾ ਅਤੇ ਭਾਰਤ’ ਵਿਚ ਇਰਾਨ ਦੀ ਬੰਦਰਗਾਹ ‘ਚਾਬਹਾਰ’ ਦਾ ਜ਼ਿਕਰ ਆਇਆ ਹੈ। ‘ਚਾਬਹਾਰ’ ਫ਼ਾਰਸੀ ਦੇ ਦੋ ਸ਼ਬਦਾਂ-ਚਹਾਰ (ਚਾਰ), ਬਹਾਰ (ਬਸੰਤ ਰੁੱਤ) ਦੇ ਜੋੜ ‘ਚਹਾਰਬਹਾਰ’ ਤੋਂ ਸੰਖੇਪ ਕਰ ਕੇ ਬਣਿਆ ਸ਼ਬਦ ਹੈ। ਇਰਾਨ ਵਿਚ ਘੱਟਗਿਣਤੀ ਬਲੋਚਾਂ ਦੇ ਇਸ ਖ਼ਿੱਤੇ ਵਿਚ ਬਲੋਚਾਂ ਦੇ ਇਸ (ਚਾਬਹਾਰ) ਮੁਹਾਵਰੇਦਾਰ ਕਥਨ ਦਾ ਮਤਲਬ ਹੈ ਕਿ ਇਸ ਇਲਾਕੇ ਵਿਚ ਸਾਰੇ ਸਾਲ ਦੀਆਂ ਚਾਰ ਰੁੱਤਾਂ ਦਾ ਮੌਸਮ ਇਕ ਸਾਰ ਬਸੰਤ ਰੁੱਤ ਵਰਗਾ ਰਹਿੰਦਾ ਹੈ।

ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

ਪਾਠਕਾਂ ਦੇ ਖ਼ਤ Other

Sep 13, 2021

ਏਕੇ ਲਈ ਪ੍ਰੇਰਨਾ

11 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਨਵਸ਼ਰਨ ਕੌਰ ਦਾ ਲੇਖ ‘ਮੁਜ਼ੱਫਰਨਗਰ ਮਹਾਪੰਚਾਇਤ ਦਾ ਪੈਗ਼ਾਮ’ ਜਿੱਥੇ 5 ਸਤੰਬਰ ਨੂੰ ਕਿਸਾਨ ਮੋਰਚੇ ਵੱਲੋਂ ਮੁਜ਼ੱਫ਼ਰਨਗਰ ਵਿਚ ਕੀਤੀ ਮਹਾਪੰਚਾਇਤ ਨੂੰ ਧਰਮ, ਜਾਤ ਬਰਾਦਰੀਆਂ ਅਤੇ ਇਲਾਕਾਈ ਗੁੱਟਬੰਦੀ ’ਤੇ ਆਧਾਰਿਤ ਸੋਚ ਤੋਂ ਉੱਪਰ ਉੱਠ ਕੇ ਕਿਸਾਨ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਤਬਕਿਆਂ ਦਾ ਵਿਸ਼ਾਲ ਸੈਕੂਲਰ ਏਕਾ ਉਸਾਰਨ ਲਈ ਪ੍ਰੇਰਦਾ ਹੈ, ਉੱਥੇ ਕਿਸਾਨ ਆਗੂਆਂ ਦੀ ਕੋਤਾਹੀ ’ਤੇ ਵੀ ਉਂਗਲ ਧਰਦਾ ਹੈ। ਸੰਨ 2013 ਦੇ ਮੁਜ਼ੱਫ਼ਰਨਗਰ ਇਲਾਕੇ ਦੇ ਦੰਗਿਆਂ ਸਮੇਂ ਹੋਏ ਦੁਖਦਾਈ ਵਰਤਾਓ ਨੂੰ ਭੁਲਾ ਕੇ ਕਿਸਾਨ ਲੀਡਰਾਂ ਦੀ ਬਾਂਹ ਵਿਚ ਬਾਂਹ ਪਾ ਕੇ ਖੜ੍ਹਨ ਵਾਲੇ ਮੁਸਲਮਾਨ ਕਿਸਾਨ ਆਗੂ ਚੌਧਰੀ ਗੁਲਾਮ ਮੁਹੰਮਦ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਮੰਚ ’ਤੇ ਹਾਜ਼ਰ ਹੋਣ ਦੇ ਬਾਵਜੂਦ ਬੋਲਣ ਲਈ ਸਮਾਂ ਨਾ ਦੇਣਾ ਵੱਡਾ ਸਵਾਲ ਹੈ।

ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)


ਸੁਫ਼ਨੇ ਅਤੇ ਤਲਖ਼ੀਆਂ

ਸੁਫ਼ਨੇ ਲੈਣਾ ਇਨਸਾਨ ਦੀ ਫ਼ਿਤਰਤ ਹੈ, ਕੁਝ ਸੁਫ਼ਨੇ ਸਮੇਂ ਦੀਆਂ ਕਰਵਟਾਂ ’ਚੋਂ ਨਿਕਲ ਕੇ ਹਕੀਕੀ ਜਾਮਾ ਪਹਿਨ ਲੈਂਦੇ ਹਨ, ਕੁਝ ਸਮੇਂ ਦੇ ਖੱਪੇ ’ਚ ਹੀ ਪੂਰੇ ਜਾਂਦੇ; ਇਹੋ ਜਿਹਾ ਰੰਗ 11 ਸਤੰਬਰ ਦੇ ਅੰਕ ਵਿਚ ਛਪੇ ਸੁੱਚਾ ਸਿੰਘ ਖੱਟੜਾ ਦੇ ਲੇਖ ‘ਤਪੱਸਿਆ’ ਵਿਚ ਦੇਖਣ ਨੂੰ ਮਿਲਿਆ। ਪਤਾ ਨਹੀਂ ਕਿੰਨੇ ਜਿਊੜੇ ਇਹੋ ਜਿਹੀਆਂ ਤਲਖ਼ੀਆਂ ਨਾਲ ਜੂਝੇ ਹੋਣਗੇ ਅਤੇ ਜੂਝ ਰਹੇ ਹਨ।

ਮਨਿੰਦਰਜੀਤ ਕੌਰ ਬਾਠ, ਪਿੰਡ ਮਹਿਲਾਂਵਾਲਾ (ਅੰਮ੍ਰਿਤਸਰ)


ਮਹਾਂ ਦਾਨੀ ਨਾਇਕ

9 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੋ. ਮੋਹਣ ਸਿੰਘ ਦਾ ਲੇਖ ‘ਮਹਾਂ ਦਾਨੀ ਅਤੇ ਪੱਤਰਕਾਰੀ ਖੇਤਰ ਦਾ ਨਾਇਕ’ ਇਸ ਸ਼ਖ਼ਸੀਅਤ ਦੀਆਂ ਕਈ ਪਰਤਾਂ ਫ਼ਰੋਲਦਾ ਹੈ। ਦਿਆਲ ਸਿੰਘ ਮਜੀਠੀਆ ਬਾਰੇ ਪੜ੍ਹਦਿਆਂ ਪਤਾ ਲੱਗਿਆ ਕਿ ਪੱਤਰਕਾਰੀ ਦੇ ਖੇਤਰ ਵਿਚ ਆਪਣਾ ਯੋਗਦਾਨ ਦਿੱਤਾ।

ਮਨਮੋਹਨ ਸਿੰਘ ਨਾਭਾ, ਨਾਭਾ (ਪਟਿਆਲਾ)


(2)

ਦਿਆਲ ਸਿੰਘ ਮਜੀਠੀਆ ਦੇ ਕੰਮਾਂ ਬਾਰੇ ਪੜ੍ਹ ਕੇ ਚੰਗਾ ਲੱਗਿਆ। ਉਨ੍ਹਾਂ ਦੀ ਸੋਚ ਸੌ ਫ਼ੀਸਦੀ ਸਹੀ ਸੀ ਕਿ ਸਿੱਖਿਆ ਤੋਂ ਬਗ਼ੈਰ ਤੁਸੀਂ ਅਗਲਾ ਕਦਮ ਪੁੱਟ ਹੀ ਨਹੀਂ ਸਕਦੇ ਪਰ ਅੱਜਕੱਲ੍ਹ ਸਿੱਖਿਆ ਦੇ ਮਾਮਲੇ ਵਿਚ ਅਸੀਂ ਫਾਡੀ ਰਹਿ ਗਏ ਹਾਂ।

ਗੁਰਮੀਤ ਕੌਰ, ਪਟਿਆਲਾ


(3)

9 ਸਤੰਬਰ ਨੂੰ ਦਿਆਲ ਸਿੰਘ ਮਜੀਠੀਆ ਦੀ ਜੀਵਨੀ ਪੜ੍ਹਨ ਨੂੰ ਮਿਲੀ। ਪ੍ਰੋ. ਮੋਹਣ ਸਿੰਘ ਨੇ ਉਨ੍ਹਾਂ ਬਾਰੇ ਸੰਖੇਪ ਸ਼ਬਦਾਂ ਵਿਚ ਭਰਪੂਰ ਜਾਣਕਾਰੀ ਦਿੱਤੀ ਹੈ। ਛੇ ਸਾਲ ਦੀ ਉਮਰ ਵਿਚ ਯਤੀਮ ਹੋਣ ਵਾਲੇ ਇਸ ਬਾਲ ਨੇ ਜਵਾਨ ਹੋ ਕੇ ਤਿੰਨ ਟਰੱਸਟ- ਲਾਹੌਰ ਕਾਲਜ, ਪਬਲਿਕ ਲਾਇਬ੍ਰੇਰੀ ਅਤੇ ਟ੍ਰਿਬਿਊਨ ਕਾਇਮ ਕਰ ਕੇ ਅਜਿਹਾ ਵੱਡਾ ਕੰਮ ਕੀਤਾ ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ।

ਸਾਗਰ ਸਿੰਘ ਸਾਗਰ, ਬਰਨਾਲਾ


(4)

9 ਸਤੰਬਰ ਨੂੰ ਦਿਆਲ ਸਿੰਘ ਮਜੀਠੀਆ ਬਾਰੇ ਪ੍ਰੋ. ਮੋਹਣ ਸਿੰਘ ਦਾ ਲੇਖ ਪੜ੍ਹਿਆ। ਉਹ ਬੈਂਕਰ, ਵਪਾਰੀ ਅਤੇ ਪੰਜਾਬ ਦੇ ਸਮਾਜ ਸੁਧਾਰਕ ਸਨ। 1881 ਵਿਚ ਲਾਹੌਰ ਵਿਖੇ ‘ਦਿ ਟ੍ਰਿਬਿਊਨ’ ਦੀ ਸਥਾਪਨਾ ਅਤੇ ਬਾਅਦ ਵਿਚ 1894 ਵਿਚ ਪੰਜਾਬ ਨੈਸ਼ਨਲ ਬੈਂਕ ਦੇ ਬਾਨੀ ਚੇਅਰਮੈਨ ਬਣੇ। ਆਸ ਹੈ, ਅਦਾਰੇ ਦੀਆਂ ਅਖ਼ਬਾਰਾਂ ਪਹਿਲਾਂ ਵਾਂਗ ਪਾਠਕਾਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।

ਗੁਰਮੀਤ ਸਿੰਘ, ਵੇਰਕਾ


ਭਾਵਪੂਰਤ ਰਚਨਾਵਾਂ

8 ਸਤੰਬਰ ਦੇ ਨਜ਼ਰੀਆ ਪੰਨੇ ਉੱਤੇ ਸੁਖਮਿੰਦਰ ਗੱਜਣਵਾਲਾ ਦਾ ਮਿਡਲ ‘ਖੁਰਦੀ ਮਿੱਟੀ ਦਾ ਹੇਰਵਾ’ ਭਾਵਪੂਰਤ ਰਚਨਾ ਲੱਗੀ। ਇਸੇ ਤਰ੍ਹਾਂ ਇੰਟਰਨੈੱਟ ਸਫ਼ੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦੇ ਲੇਖ ‘ਦੱਬੇ ਕੁਚਲੇ ਲੋਕਾਂ ਦਾ ਮਸੀਹਾ ਲੇਡੀ ਗੌਡਿਵਾ’ ਬਾਰੇ ਰੌਚਿਕ ਜਾਣਕਾਰੀ ਮਿਲੀ। ਡਾਕਟਰ ਗੁਰਵਿੰਦਰ ਸਿੰਘ ਕੈਨੇਡਾ ਦੇ ਗ਼ਦਰੀ ਸ਼ਹੀਦਾਂ ਬਾਰੇ ਲੇਖ ਵੀ ਜਾਣਕਾਰੀ ਭਰਪੂਰ ਸੀ।

ਰਾਜਨਦੀਪ ਕੌਰ ਮਾਨ, ਈਮੇਲ


ਸਮੱਸਿਆਵਾਂ ਅਤੇ ਹੱਲ

2 ਸਤੰਬਰ ਦੀਆਂ ਦੋਨੋਂ ਸੰਪਾਦਕੀਆਂ ‘ਭਾਰਤ ਤਾਲਿਬਾਨ ਗੱਲਬਾਤ’ ਅਤੇ ‘ਜਵਾਬਦੇਹੀ ਦਾ ਮਾਹੌਲ’ ਵਿਵੇਕ ਅਤੇ ਮਸਨੂਈ ਬੌਧਿਕਤਾ ਦੀ ਮਿਸਾਲ ਹਨ। ਸਾਡੇ ਸਾਰੇ ਗੁਆਂਢੀਆਂ ਦੇ ਹਿੱਤ ਅਤੇ ਸਮੱਸਿਆਵਾਂ ਸਾਂਝੇ ਹਨ। ਖ਼ਿੱਤੇ ਵਿਚ ਹਿੰਦ-ਪਾਕਿ ਨੂੰ ਹੀ ਨਹੀਂ, ਵੀਅਤਨਾਮ, ਕੋਰੀਆ, ਤਿੱਬਤ, ਇਰਾਕ, ਸੀਰੀਆ, ਅਫ਼ਗਾਨਿਸਤਾਨ ਨੂੰ ਵਿਦੇਸ਼ੀ ਦਖ਼ਲ ਨੇ ਗੁੰਝਲਦਾਰ ਹਾਲਾਤ ਵੱਲ ਧੱਕ ਦਿੱਤਾ ਹੈ। ਭਾਰਤ ਸੰਤੁਲਤ ਪਹੁੰਚ ਨਾਲ ਇਸ ਮੁਸ਼ਕਿਲ ’ਚੋਂ ਨਿਕਲ ਸਕਦਾ ਹੈ। ਦੂਜੀ ਸੰਪਾਦਕੀ ’ਚ ਕਿਸਾਨ ਸੰਘਰਸ਼ ਦੀ ਪ੍ਰਾਪਤੀ ਦਾ ਜ਼ਿਕਰ ਹੈ।

ਗੁਰਦਿਆਲ ਸਹੋਤਾ, ਲੁਧਿਆਣਾ


ਸਿਸਟਮ ਖ਼ਿਲਾਫ਼ ਰੋਸ

11 ਸਤੰਬਰ ਦੇ ਸੰਪਾਦਕੀ ‘ਵਧ ਰਿਹਾ ਟਕਰਾਅ’ ਵਿਚ ਰਾਣਾ ਅਯੂਬ ਵਿਰੁੱਧ ਦਰਜ ਕੀਤੇ ਕੇਸ ਅਤੇ ਪੱਤਰਕਾਰਾਂ ਨਾਲ ਹੋ ਰਹੇ ਧੱਕੇ ਬਾਰੇ ਪੜ੍ਹਨ ਤੋਂ ਬਾਅਦ ਇਸ ਸਿਸਟਮ ਨਾਲ ਹੋਰ ਵੀ ਰੋਸ ਪੈਦਾ ਹੋ ਰਿਹਾ ਹੈ। ਹਾਕਮਾਂ ਦੇ ਅਸਲ ਕਾਰਨਾਮਿਆਂ ਬਾਰੇ ਬੇਝਿਜਕ ਲਿਖਣ ਵਾਲੀਆਂ ਰਾਣਾ ਅਯੂਬ ਤੇ ਗੌਰੀ ਲੰਕੇਸ਼ ਵਰਗੀਆਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਿਆਸੀ ਸ਼ਕਤੀਆਂ ਨੂੰ ਲੋਕਾਂ ਦੀ ਗੱਲ ਕਰਨ ਵਾਲੇ ਦਿਮਾਗਾਂ ਤੋਂ ਖ਼ਤਰਾ ਸਪੱਸ਼ਟ ਝਲਕਾਂ ਮਾਰਦਾ ਹੈ। ਇਸੇ ਦਿਨ ਦਾ ਦੂਜਾ ਸੰਪਾਦਕੀ ‘ਲੋਕ ਜਮਹੂਰੀਅਤ ਵੱਲ ਕਦਮ’ ਵਧੀਆ ਹੈ। ਵਾਕਈ, 32 ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਧਿਰਾਂ ਨਾਲ ਵਿਚਾਰ-ਵਟਾਂਦਰਾ ਕਿਸਾਨ ਅੰਦੋਲਨ ਵਿਚ ਨਵੀਂ ਕਰਵਟ ਲਿਆ ਸਕਦਾ ਹੈ।

ਜਗਵੀਰ ਕੌਰ, ਫਰੀਦਕੋਟ

ਪਾਠਕਾਂ ਦੇ ਖ਼ਤ Other

Sep 11, 2021

ਰਚਨਾ ਦਾ ਸੁਨੇਹਾ

10 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਮਿਡਲ ‘ਆਪਣਿਆਂ ਦੀ ਛਾਂ’ ਭਾਵਪੂਰਤ ਅਤੇ ਪ੍ਰੇਰਨਾ ਵਾਲੀ ਲਿਖਤ ਹੈ। ਇਸ ਦੀ ਬੋਲੀ, ਸ਼ੈਲੀ ਤੇ ਵਾਕ ਬਣਤਰ ਮਾਂ ਬੋਲੀ ਦੀਆਂ ਨਿਆਮਤਾਂ ਦਾ ਸੁਖ਼ਦ ਰੂਪ ਹੈ। ਅਹਿਸਾਸ ਜਗਾਉਂਦੀ ਇਹ ਰਚਨਾ ਪਾਠਕਾਂ ਲਈ ਸੁਘੜ ਸੰਦੇਸ਼ ਵੀ ਹੈ। 

ਅਵਨੀਤ ਕੌਰ, ਚੰਡੀਗੜ੍ਹ


ਲੋਕ ਭਲਾਈ ਅਤੇ ਪ੍ਰਾਈਵੇਟ ਖੇਤਰ

7 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸਸ ਛੀਨਾ ਦਾ ਲੇਖ ‘ਵਧਦਾ ਨਿੱਜੀਕਰਨ ਅਤੇ ਲੋਕ ਭਲਾਈ ਦੇ ਮਾਮਲੇ’ ਪੜ੍ਹਿਆ। ਜਨਤਕ ਖੇਤਰ ਕਿਉਂ ਫੇਲ੍ਹ ਹੋਇਆ, ਇਹ ਤੱਥ ਕਿਸੇ ਤੋਂ ਛੁਪਿਆ ਨਹੀਂ। ਸਰਕਾਰਾਂ ਵਿਚ ਬੌਣੇ ਸਿਆਸਤਦਾਨ, ਜਾਤ-ਪਾਤ, ਨਿੱਜੀ ਸਬੰਧ, ਸਾਡੀ ਸਮੂਹਿਕ ਨੈਤਿਕ ਗਿਰਾਵਟ ਆਦਿ ਮੁੱਖ ਕਾਰਨ ਹਨ। ਲੇਖਕ ਨੇ ਸਰਕਾਰ ਦਾ ਮੁੱਖ ਮਕਸਦ ਜਨਤਕ ਭਲਾਈ ਦੱਸਿਆ ਹੈ ਪਰ ਹੁਣ ਤਾਂ ਅੰਨ੍ਹੇ ਵੀ ਦੇਖ ਰਹੇ ਹਨ ਕਿ ਇਸ ਮਕਸਦ ਦੀ ਧੁਰੀ ਨਿੱਜੀ ਹਿੱਤ ਹੋ ਗਿਆ ਹੈ। ਲੋਕ ਭਲਾਈ ਸਰਕਾਰ ਹੀ ਕਰ ਸਕਦੀ ਹੈ, ਪ੍ਰਾਈਵੇਟ ਖੇਤਰ ਤਾਂ ਅਜਿਹਾ ਦਾਅਵਾ ਵੀ ਨਹੀਂ ਕਰਦਾ।

ਜਗਰੂਪ ਸਿੰਘ, ਲੁਧਿਆਣਾ


ਸੁੱਚੀ ਸੋਚ

7 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਰੱਬ ਦਾ ਬੰਦਾ’ ਸਿੱਖਿਆਦਾਇਕ ਹੈ। ਡਾ. ਮਸੀਹ ਸਚਮੁੱਚ ਲੋਕਾਂ ਦੇ ਮਸੀਹਾ ਹਨ ਜਿਨ੍ਹਾਂ ਨੇ ਆਪਣੀ ਸੱਚੀ ਸੁੱਚੀ ਸੋਚ ਰਾਹੀਂ ਨਾ ਸਿਰਫ਼ ਤਿੰਨ ਮਰੀਜ਼ਾਂ ਦੀ ਜਾਨ ਬਚਾਈ ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਉਨ੍ਹਾਂ ਨੂੰ ਨਿਰਸਵਾਰਥ ਸੇਵਾ ਦੀ ਅਜਿਹੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਸਮਾਜ ਸੇਵੀ ਸੰਸਥਾ ਬਣਾ ਕੇ ਸਮਾਜ ਸੇਵਾ ਕਰਨ ਦਾ ਪ੍ਰਣ ਲੈ ਲਿਆ। ਅੱਜ ਸਾਡੇ ਸਮਾਜ ਨੂੰ ਅਜਿਹੀ ਸੋਚ ਵਾਲੇ ਲੋਕਾਂ ਦੀ ਬਹੁਤ ਜਿ਼ਆਦਾ ਜ਼ਰੂਰਤ ਹੈ।

ਡਾ. ਤਰਲੋਚਨ ਕੌਰ, ਪਟਿਆਲਾ


(2)

ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਰੱਬ ਦਾ ਬੰਦਾ’ ਭਾਸ਼ਾ ਸ਼ੈਲੀ ਪੱਖੋਂ ਸਲਾਹੁਣਯੋਗ ਹੈ, ਵਿਸ਼ਾ ਵਸਤੂ ਨਿਰਾਸ਼ੇ ਮਨਾਂ ਨੂੰ ਆਸ ਵੱਲ ਲੈ ਕੇ ਜਾਣ ਵਾਲਾ ਹੈ। ਜ਼ਿਆਦਾਤਰ ਵੱਡੇ ਹਸਪਤਾਲ ਸੇਵਾ ਦੀ ਜਗ੍ਹਾ ਲੁੱਟ ਦਾ ਕੇਂਦਰ ਬਣੇ ਹੋਏ ਹਨ ਪਰ ਡਾਕਟਰ ਮਸੀਹ ਬਾਰੇ ਪੜ੍ਹ ਕੇ ਮਨ ਖੁਸ਼ ਹੋ ਗਿਆ। ਅਜਿਹੇ ਲੋਕ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ।

ਮਨਦੀਪ ਕੌਰ, ਲੁਧਿਆਣਾ


ਲੋਕਤੰਤਰ ਦੀ ਸਫ਼ਲਤਾ

5 ਸਤੰਬਰ ਨੂੰ ਸਫ਼ਾ ਨੰਬਰ 2 ’ਤੇ ਖ਼ਬਰ ਪੜ੍ਹੀ ‘ਕੂੜਾ ਚੁੱਕਦੇ ਬੱਚਿਆਂ ਨੂੰ ਕਿਤਾਬਾਂ ਦੇ ਲੜ ਲਾ ਰਿਹੈ ਲੁਧਿਆਣਾ ਦਾ ਵਕੀਲ’। ਹਰੀ ਓਮ ਜਿੰਦਲ 18 ਸਾਲ ਤੋਂ ਝੁੱਗੀਆਂ ਵਾਲੇ ਬੱਚਿਆਂ ਨੂੰ ਤਾਲੀਮ ਦੇ ਰਹੇ ਹਨ। ਇਹ ਬੜਾ ਵੱਡਾ ਉਪਕਾਰ ਹੈ। ਇਸ ਤਰ੍ਹਾਂ ਦੇ ਉਪਰਾਲੇ ਵੱਡੀ ਪੱਧਰ ’ਤੇ ਹੋਣੇ ਚਾਹੀਦੇ ਹਨ ਤਾਂ ਹੀ ਸਾਡਾ ਲੋਕਤੰਤਰ ਸਫ਼ਲ ਹੋ ਸਕਦਾ ਹੈ।

ਦਵਿੰਦਰ ਕੌਰ, ਜਲੰਧਰ


ਕਸ਼ਮੀਰ ਤੇ ਪੰਜਾਬ ਦੀ ਗਲਵੱਕੜੀ

ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਗ੍ਰੇਟ ਕਸ਼ਮੀਰ ਲੇਕ ਟ੍ਰੈਕ ਕੀਤਾ ਜਿਸ ਵਿਚ ਅਸੀਂ 6 ਦਿਨ ਕਸ਼ਮੀਰ ਦੇ ਅੰਦਰੂਨੀ ਪਹਾੜ ਗਾਹੇ। ਮੇਰੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਤਕਰੀਬਨ 14 ਹਜ਼ਾਰ ਫੁੱਟ (ਵਿਸ਼ਨੂੰਸਰ) ਉੱਚੇ ਪਹਾੜਾਂ ਦੀਆਂ ਖੁੰਦਰਾਂ ਵਿਚ ਬੈਠੀ ਇਕ ਗੁੱਜਰ ਬਜ਼ੁਰਗ ਮਾਤਾ ਨੇ ਪੁੱਛਿਆ ਕਿ ਪੰਜਾਬ ਦੇ ਕਿਸਾਨ ਹੁਣ ਵੀ ਦਿੱਲੀ ਹੀ ਬੈਠੇ ਹਨ ਕਿ ਘਰਾਂ ਨੂੰ ਵਾਪਸ ਆ ਗਏ? ਮੈਂ ਕਿਹਾ ਕਿ ਜਦੋਂ ਤਕ ਜਿੱਤਦੇ ਨਹੀਂ, ਵਾਪਸ ਨਹੀਂ ਆਉਂਦੇ, ਤਾਂ ਉਹਨੇ ਪੰਜਾਬੀਆਂ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਉਸ ਬਜ਼ੁਰਗ ਦੀ ਸੁਚੇਤਨਾ ’ਤੇ ਬੜਾ ਮਾਣ ਮਹਿਸੂਸ ਹੋਇਆ। ਸਾਨੂੰ ਉਹਨੇ ਚਿੱਟੀ ਮੱਕੀ ਦੀ ਰੋਟੀ ਖੁਆਈ ਅਤੇ ਲੱਸੀ ਪਿਆਈ। ਬੇਬੇ ਦੇ ਘਰ ਤੋਂ 3 ਕਿਲੋਮੀਟਰ ਦੂਰ ਉੱਥੇ ਰਾਜੌਰੀ ਤੋਂ ਆਏ ਕੁਝ ਗੁੱਜਰ ਭੇਡਾਂ ਤੋਂ ਉੱਨ ਲਾਹ ਰਹੇ ਸਨ, ਜਦੋਂ ਉਨ੍ਹਾਂ ਨਾਲ ਕਿਸਾਨਾਂ ਦੇ ਅੰਦੋਲਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚਲੀ ਚਮਕ ਅਤੇ ਅੰਦਰੋ-ਅੰਦਰ ਹਮਾਇਤ ਸਾਫ਼ ਝਲਕ ਰਹੀ ਸੀ ਜੋ ਉਨ੍ਹਾਂ ਸਿਰ ਹਿਲਾ ਕੇ ਪੱਕੀ ਕੀਤੀ।

ਰਿਪਨਜੋਤ ਕੌਰ ਸੋਨੀ ਬੱਗਾ, ਈਮੇਲ


ਇਨ੍ਹਾਂ ਖਿਡਾਰੀਆਂ ਦੀ ਸਾਰ ਕੌਣ ਲਵੇਗਾ?

2020 ਦਾ ਓਲੰਪਿਕ ਭਾਰਤ, ਖ਼ਾਸਕਰ ਪੰਜਾਬ ਵਾਸਤੇ ਖ਼ੁਸ਼ੀਆਂ ਭਰਿਆ ਰਿਹਾ ਹੈ। ਟੋਕੀਓ ਤੋਂ ਮੁੜਨ ਵਾਲੇ ਖਿਡਾਰੀਆਂ ਦਾ ਪੁਰਜ਼ੋਰ ਸਵਾਗਤ ਹੋਣਾ ਸੁਭਾਵਿਕ ਹੀ ਸੀ। ਉਨ੍ਹਾਂ ਨੂੰ ਕਰੋੜਾਂ ਵਿਚ ਇਨਾਮ ਮਿਲ ਰਹੇ ਹਨ। ਰਾਜ ਸਰਕਾਰਾਂ, ਕੇਂਦਰ ਅਤੇ ਹੋਰ ਸੰਸਥਾਵਾਂ ਇਕ ਦੂਸਰੇ ਤੋਂ ਵਧ ਚੜ੍ਹ ਕੇ ਇਨਾਮ ਦੇਣ ਦੇ ਯਤਨ ਕਰ ਰਹੀਆਂ ਹਨ। ਜਿੱਤਿਆਂ ਨੂੰ ਤਾਂ ਇਨਾਮ ਮਿਲਣੇ ਹੀ ਸੀ, ਹਾਰਿਆਂ ਨੂੰ ਵੀ ਮਿਲ ਰਹੇ ਹਨ, ਰਾਜਨੀਤੀ ਵੀ ਆਪਣਾ ਹਿੱਸਾ ਪਾ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਹੀ ਸਾਲਾਂ ਦੇ ਪੰਜਾਬ ਦੇ ਉਹ ਖਿਡਾਰੀ ਜੋ ਅੰਤਰ-ਰਾਜੀ, ਅੰਤਰ-ਦੇਸੀ, ਏਸ਼ਿਆਈ ਅਤੇ ਕਾਮਨਵੈਲਥ ਖੇਡਾਂ ਵਿਚ ਮੈਡਲ ਜਿੱਤ ਚੁੱਕੇ ਹਨ, ਬਾਰੇ ਛਪੀਆਂ ਖ਼ਬਰਾਂ ਅਨੁਸਾਰ, ਬਹੁਤਿਆਂ ਦੀ ਹਾਲਤ ਤਰਸਯੋਗ ਹੈ। ਛੋਟੀਆਂ ਛੋਟੀਆਂ ਨੌਕਰੀਆਂ ਵਾਸਤੇ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ, ਰੇਹੜੀਆਂ ਲਾ ਰਹੇ ਹਨ ਅਤੇ ਆਪਣੇ ਮੈਡਲ ਦਿਖਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ। ਕੀ ਟੋਕੀਓ ਵਾਲੇ ਕਰੋੜਾਂ ਵਿਚੋਂ ਉਨ੍ਹਾਂ ਨੂੰ ਲੱਖ ਦੋ ਲੱਖ ਵੀ ਨਹੀਂ ਮਿਲ ਸਕਦਾ? ਕੀ ਓਲੰਪਿਕ ਵਿਚੋਂ ਮੁੜੇ ਖਿਡਾਰੀ ਆਪਣੇ ਇਨ੍ਹਾਂ ਭੈਣਾਂ ਭਰਾਵਾਂ ਵਾਸਤੇ ਕੁਝ ਦਸਵੰਧ ਵੀ ਨਹੀਂ ਕੱਢ ਸਕਦੇ? ਉਨ੍ਹਾਂ ਦੀ ਸਹਾਇਤਾ ਦਾ ਸਮਾਂ ਹੈ।

ਜੋਧ ਸਿੰਘ, ਮੋਗਾ

ਪਾਠਕਾਂ ਦੇ ਖ਼ਤ Other

Sep 06, 2021

ਪਹਿਲੀ ਅਲਗੋਜ਼ਾਵਾਦਕ

4 ਸਤੰਬਰ ਨੂੰ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਸੋਢੀ ਦੀ ਰਚਨਾ ‘ਪਹਿਲੀ ਅਲਗੋਜ਼ਾਵਾਦਕ ਅਨੁਰੀਤ’ ਪੜ੍ਹ ਕੇ ਖੁਸ਼ੀ ਹੋਈ। ਉਹ ਆਪਣੇ ਮਾਪਿਆਂ ਦੇ ਨਾਲ ਨਾਲ ਸਮੁੱਚੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਮਾਣ ਹੈ। 

ਅਮਰਜੀਤ ਮੱਟੂ ਭਰੂਰ (ਸੰਗਰੂਰ)


ਗਿਰਝਾਂ ਬਾਰੇ ਜਾਣਕਾਰੀ

4 ਸਤੰਬਰ ਨੂੰ ਸਤਰੰਗ ਪੰਨੇ ’ਤੇ ਲੇਖ ‘ਵਾਤਾਵਰਨ ਪ੍ਰਣਾਲੀ ਲਈ ਅਹਿਮ ਗਿਰਝਾਂ’ ਜਾਣਕਾਰੀ ਭਰਪੂਰ ਸੀ। ਕੋਈ ਸ਼ੱਕ ਨਹੀਂ ਕਿ ਕੁਦਰਤ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਨੇਕਾਂ ਬੰਦੋਬਸਤ ਕੀਤੇ ਹਨ ਜਿਨ੍ਹਾਂ ਵਿਚ ਗਿਰਝਾਂ ਤੇ ਇੱਲਾਂ ਦੀ ਬਹੁਤ ਮਹੱਤਤਾ ਹੈ। ਇਹ ਪੰਛੀ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਉਦਰ-ਪੂਰਤੀ ਕਰਦੇ ਹਨ। 35-40 ਸਾਲ ਪਹਿਲਾਂ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਇੱਲਾਂ ਤੇ ਗਿਰਝਾਂ ਸਨ ਪਰ ਹੌਲੀ ਹੌਲੀ ਇਨ੍ਹਾਂ ਦੀਆਂ ਨਸਲਾਂ ਜਿਵੇਂ ਖ਼ਤਮ ਹੀ ਹੋ ਗਈਆਂ ਹਨ, ਹੱਡਾ-ਰੋੜੀਆਂ ਵਿਚ ਹੁਣ ਕੁੱਤਿਆਂ ਦਾ ਰਾਜ ਹੈ। ਸਰਕਾਰ ਜਾਂ ਵਾਤਾਵਰਨ ਸੰਸਥਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਇੱਲਾਂ ਜਾਂ ਗਿਰਝਾਂ ਦੀਆਂ ਨਸਲਾਂ ਨੂੰ ਦੁਬਾਰਾ ਪੰਜਾਬ ਵਿਚ ਵਿਕਸਤ ਕੀਤਾ ਜਾਏ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਜਾਗਰੂਕਤਾ ਦੀਆਂ ਬਾਤਾਂ

4 ਸਤੰਬਰ ਨੂੰ ਨੰਦ ਸਿੰਘ ਮਹਿਤਾ ਦਾ ਮਿਡਲ ‘ਬੂਹੇ ਅੱਗੇ ਇਨਕਲਾਬ’ ਬਹੁਤ ਢੁਕਵਾਂ ਲੱਗਿਆ। ਕਿਸਾਨ ਅੰਦੋਲਨ ਨੇ ਆਮ ਆਦਮੀ ਨੂੰ ਕਾਰਪੋਰੇਟ ਨੀਤੀਆਂ, ਸਰਕਾਰੀ ਚਾਲਾਂ, ਲੋਕ ਸ਼ਕਤੀ ਅਤੇ ਹੋਰ ਅਜਿਹੇ ਬਹੁਤ ਸਾਰੇ ਸ਼ਬਦਾਂ ਦਾ ਜਾਣੂ ਕਰਵਾ ਦਿੱਤਾ ਹੈ। 

ਗੁਰਨਾਮ ਸਿੰਘ, ਮੁਹਾਲੀ


ਕਾਹਦੀ ਲੋਕ ਸੇਵਾ !

3 ਸਤੰਬਰ ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਮੁਦਰੀਕਰਨ ਤੇ ਸਰਕਾਰੀ ਜਾਇਦਾਦਾਂ ਦੀ ਹੋਣੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਰਕਾਰ ਜਿਵੇਂ ਕਿਵੇਂ ਸਰਕਾਰੀ ਜਾਇਦਾਦਾਂ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਕੇਂਦਰ ਸਰਕਾਰ ‘ਲੋਕ ਸੇਵਾ’ ਦਾ ਧਰਮ ਭੁੱਲ-ਭੁਲਾ ਕੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਰਾਹ ਪਈ ਹੋਈ ਹੈ। ਨਿੱਜੀਕਰਨ ਨਾ ਲੋਕਾਂ ਅਤੇ ਨਾ ਹੀ ਦੇਸ਼ ਦੇ ਹਿੱਤ ਵਿਚ ਹੈ।

ਸੰਦੀਪ ਕੁਮਾਰ ਸਿੰਗਲਾ, ਬਠਿੰਡਾ


ਮਹਿੰਗਾਈ ਦੀ ਮਾਰ

3 ਸਤੰਬਰ ਦਾ ਸੰਪਾਦਕੀ ‘ਵਧ ਰਹੀ ਮਹਿੰਗਾਈ’ ਅੱਜ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ ਹੁਣ 25 ਰੁਪਏ ਦਾ ਵਾਧਾ ਹੋਇਆ ਹੈ। ਹਰ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਧ ਰਹੀ ਹੈ। ਖਾਣ ਪੀਣ ਵਾਲੀਆਂ ਹੋਰ ਵਸਤੂਆਂ ਜਿਵੇਂ ਦਾਲਾਂ, ਦੁੱਧ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਆਮ ਲੋਕਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਸਰਕਾਰ ਨੂੰ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। 

ਸੰਜੀਵ ਸਿੰਘ ਸੈਣੀ, ਮੁਹਾਲੀ


ਬਦਲਵਾਂ ਵਿਕਾਸ ਮਾਡਲ

3 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦੇ ਲੇਖ ‘ਪੰਜਾਬ ਚੋਣਾਂ, ਕਿਸਾਨੀ ਸੰਘਰਸ਼ ਤੇ ਵਿਕਾਸ ਮਾਡਲ’ ਵਿਚ ਬੀਤੇ ਦਹਾਕਿਆਂ ਦੇ ਵਿਕਾਸ ਉੱਪਰ ਟਿੱਪਣੀ ਹੈ; ਵਾਕਈ ਅਸੀਂ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਹ ਲਿਆ ਹੈ ਪਰ ਅਸਲ ਵਿਕਾਸ ਅਜੇ ਬਾਕੀ ਹੈ। ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਅਤੇ ਸਰਕਾਰੀ ਅਦਾਰਿਆਂ ਦਾ ਡੁੱਬਣਾ ਤੇ ਨਿੱਜੀਕਰਨ ਦੀ ਤਰਜੀਹ ਨੇ ਪੰਜਾਬ ਅੰਦਰ ਲੋਟੂਆਂ ਨੂੰ ਸ਼ਹਿ ਦਿੱਤੀ ਹੈ। ਲੇਖਕ ਦਾ ਹੋਕਾ ਹੈ ਕਿ ਬਲਦਵੇਂ ਪ੍ਰਬੰਧ ਵਾਲਾ ਮਾਡਲ ਉਸਾਰਿਆ ਜਾਵੇ। ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ।

ਸੁਖਵੀਰ ਕੌਰ, ਬਠਿੰਡਾ


ਪ੍ਰੇਰਨਾ ਸ੍ਰੋਤ

3 ਸਤੰਬਰ ਨੂੰ ਮਨਦੀਪ ਕੌਰ ਬਰਾੜ ਦੇ ਲੇਖ ‘ਜ਼ਖ਼ਮੀ ਖੰਭਾਂ ਦੀ ਪਰਵਾਜ਼’ ਤੋਂ ਆਰਥਿਕ ਤੌਰ ’ਤੇ ਅਤੇ ਹੋਰ ਮੁਸ਼ਕਿਲ ਹਾਲਾਤ ਨਾਲ ਲੜ ਕੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਇਸ ਤੋਂ ਪਹਿਲਾਂ ਦੋ ਸਤੰਬਰ ਨੂੰ ਛਪਿਆ ਵਿਕਾਸ ਕਪਿਲਾ ਦਾ ਮਿਡਲ ‘ਕਿੱਸਾ ਦੋ ਰੁਪਏ’ ਦਿਲਚਸਪ ਲਿਖਤ ਹੈ। ‘ਥਾਣੇਦਾਰ ਦੀ ਬਦਲੀ’ (1 ਸਤੰਬਰ) ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਮਾਜ ਵਿਚ ਉੱਚ ਅਹੁਦੇ ਵਾਲੇ ਅਮੀਰ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।

ਨਵਜੀਤ ਕੌਰ, ਸੁਲਤਾਨਪੁਰ (ਮਲੇਰਕੋਟਲਾ)


ਸੱਚ ’ਤੇ ਪਹਿਰਾ ਦੇਣ ਵਾਲੇ

11 ਅਗਸਤ ਦੇ ਨਜ਼ਰੀਆ ਪੰਨੇ ’ਤੇ ਮਿਡਲ ‘ਤਾਏ ਦੀ ਲੜਾਈ’ ਵਿਚ ਵਿਪਨ ਜਲਾਲਾਬਾਦੀ ਨੇ ਕੌੜ ਸੁਭਾਅ ਵਾਲੇ ਤਾਏ ਨੂੰ ਯਾਦ ਕੀਤਾ ਹੈ। ਦਰਅਸਲ ਮੌਜੂਦਾ ਸਮਾਜ ਵਿਚ ਅਣਖ ਅਤੇ ਸੱਚ ’ਤੇ ਪਹਿਰਾ ਦੇਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਸੱਚ ਨੂੰ ਹਰ ਕਿਸੇ ਦੇ ਮੂੰਹ ’ਤੇ ਕਹਿਣ ਲਈ ਜੇਰੇ ਦੀ ਲੋੜ ਹੁੰਦੀ ਹੈ। 31 ਜੁਲਾਈ ਦੇ ਲੇਖ ‘ਔਰਤਾਂ ਦੀ ਸੜਕ ਸੰਸਦ, ਕਿਸਾਨ ਘੋਲ ਅਤੇ ਚੋਣਾਂ’ ਵਿਚ ਨਵਸ਼ਰਨ ਕੌਰ ਨੇ ਕਿਸਾਨ ਸੰਘਰਸ਼ ਵਿਚ ਔਰਤਾਂ ਦੀ ਹਿੱਸੇਦਾਰੀ ਦੀ ਗੱਲ ਕੀਤੀ ਹੈ। ਕੋਈ ਸ਼ੱਕ ਨਹੀਂ ਕਿ ਸਮਾਜ ਦੇ ਹਰ ਖੇਤਰ ਵਿਚ ਇਸਤਰੀਆਂ ਬਰਾਬਰ ਯੋਗਦਾਨ ਪਾ ਰਹੀਆਂ ਹਨ ਪਰ ਅਸਲ ਮਸਲਾ ਇਹ ਹੈ ਕਿ ਸਿਆਸੀ ਢਾਂਚੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਇਹ ਢਾਂਚਾ ਇੰਨਾ ਖ਼ਰਾਬ ਹੋ ਚੁੱਕਾ ਹੈ ਕਿ ਇਸ ਵਿਚ ਨੇੜ ਭਵਿੱਖ ਵਿਚ ਕੋਈ ਸੁਧਾਰ ਹੁੰਦਾ ਵੀ ਨਜ਼ਰ ਨਹੀਂ ਆ ਰਿਹਾ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਕੁਰਬਾਨੀ ਨੂੰ ਸਜਦਾ

5 ਸਤੰਬਰ ਨੂੰ ਪੰਨਾ ਦੋ ਉੱਤੇ ਕੂੜਾ ਚੁੱਕਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਵਕੀਲ ਹਰੀ ਓਮ ਜਿੰਦਲ ਦੀ ਖ਼ਬਰ ਪੜ੍ਹੀ। ਇਸ ਸ਼ਖ਼ਸ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ। ਉਹ ‘ਏ’ ਫਾਰ ਐੱਪਲ ਦੀ ਬਜਾਇ ਐੱਡਮਿਨਿਸਟਰੇਸ਼ਨ ਅਤੇ ‘ਬੀ’ ਫਾਰ ਬੁਆਇ ਦੀ ਬਜਾਇ ਬਿਊਰੋਕਰੇਸੀ ਵਾਂਗ ਬਾਕੀ ਅੱਖਰਾਂ ਨਾਲ ਬੱਚਿਆਂ ਨੂੰ ਕਿੰਨੇ ਜਾਗਰੂਕ ਕਰਦੇ ਹੋਣਗੇ! ਹੋਰ ਅਧਿਆਪਕ ਵੀ ਇਸ ਤੋਂ ਪ੍ਰੇਰਨਾ ਲੈ ਸਕਣਗੇ। ਅਜਿਹੀਆਂ ਮਿਸਾਲਾਂ ਬੁਢਾਪਾ ਪੈਨਸ਼ਨ, ਮਿਡ-ਡੇ ਮੀਲ, ਮਗਨਰੇਗਾ, ਰਾਸ਼ਨ, ਸਬਸਿਡੀ, ਸੰਕਟ ਪੀੜਤ, ਹੜ੍ਹਾਂ ਤੋਂ ਰਾਹਤ ਦੇ ਮਾਮਲਿਆਂ ਵਿਚ ਵੀ ਬਣਨੀਆਂ ਚਾਹੀਦੀਆਂ ਹਨ।

ਗੁਰਮੁਖ ਸਿੰਘ ਪੋਹੀੜ, ਲੁਧਿਆਣਾ

ਡਾਕ ਐਤਵਾਰ ਦੀ Other

Sep 04, 2021

ਤਾਲਿਬਾਨ ਅਤੇ ਅਫ਼ਗ਼ਾਨਿਸਤਾਨ

ਐਤਵਾਰ, 29 ਅਗਸਤ, ਨੂੰ ਅਫ਼ਗ਼ਾਨਿਸਤਾਨ ਦੇ ਮਾਮਲੇ ਵਿੱਚ ਡਾ. ਕੁਲਦੀਪ ਸਿੰਘ ਦੀਪ ਦਾ ਲੇਖ ‘ਕਾਬੁਲੀਵਾਲੇ! ਕਾਬੁਲੀਵਾਲੇ! ਤੇਰੇ ਝੋਲੇ ਵਿੱਚ ਕੀ ਹੈ...?’ ਪੜ੍ਹ ਕੇ ਐਤਵਾਰ ਸਕਾਰਥ ਹੋ ਗਿਆ। ਕਾਬੁਲੀਵਾਲਾ ਕੌਮਾਂਤਰੀ ਪੱਧਰ ਦੀ ਕਹਾਣੀ ਵਿੱਚ ਪਿਤਾ ਦਾ ਪ੍ਰਤੀਕ ਹੈ। ਅੱਜ ਅਫ਼ਗ਼ਾਨਿਸਤਾਨ ਵਿੱਚ ਪਿਤਾ ਵਰਗਾ ਸਾਇਆ ਹੀ ਉੱਠ ਖੜ੍ਹਾ ਹੋਇਆ ਹੈ ਤੇ ਉੱਥੇ ਦੇ ਤਾਲਿਬਾਨ ਆਪਣੇ ਲੋਕਾਂ ਲਈ ਹੀ ਦੁਸ਼ਮਣ ਬਣ ਗਏ ਹਨ ਖ਼ਾਸਕਰ ਔਰਤਾਂ ਲਈ ਤਾਂ ਹਰ ਤਰ੍ਹਾਂ ਦੀਆਂ ਬੰਦਿਸ਼ਾਂ। ਇਸ ਘਟਨਾਕ੍ਰਮ ਕਾਰਨ ਇਹ ਸੱਚ ਵੀ ਸਿੱਧ ਹੋਇਆ ਹੈ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ। ਅਮਰੀਕਾ ਨੇ ਹੀ ਰੂਸ ਵਿਰੁੱਧ ਲੜਨ ਲਈ ਤਾਲਿਬਾਨ ਖੜ੍ਹੇ ਕੀਤੇ ਸਨ, ਅੱਜ ਉਨ੍ਹਾਂ ਹੱਥੋਂ ਹੀ ਵੀਹ ਸਾਲ ਬਾਅਦ ਬੇਆਬਰੂ ਹੋ ਕੇ ਨਿਕਲੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਇਹ ਕਹਿਣਾ ਅਹਿਮ ਹੈ ਕਿ ‘ਅਸੀਂ ਅਫ਼ਗ਼ਾਨਾਂ ਨੂੰ ਆਪਣੇ ਦੁਸ਼ਮਣਾਂ ਪ੍ਰਤੀ ਲੜਨ ਦੀ ਇੱਛਾ ਸ਼ਕਤੀ ਨਹੀਂ ਦੇ ਸਕੇ, ਹਥਿਆਰ ਤੇ ਸਿਖਲਾਈ ਤਾਂ ਦਿੱਤੀ’। ਜਾਪਦਾ ਹੈ ਹੁਣ ਤਾਂ ਚੀਨ ਤੇ ਪਾਕਿਸਤਾਨ ਹੱਥ ਹੀ ਹੋਣਗੀਆਂ ਅਫ਼ਗ਼ਾਨਿਸਤਾਨ ਦੀਆਂ ਡੋਰਾਂ। ਗੁਰਬਚਨ ਭੁੱਲਰ ਦਾ ਅੱਖਰਾਂ ਦੀ ਅਹਿਮੀਅਤ ਬਾਰੇ ਲੇਖ ਵੀ ਚੰਗਾ ਲੱਗਾ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ (ਪਟਿਆਲਾ)

(2)

29 ਅਗਸਤ ਨੂੰ ‘ਦਸਤਕ’ ਅੰਕ ਵਿੱਚ ਕੁਲਦੀਪ ਸਿੰਘ ਦੀਪ ਦਾ ਲੇਖ  ‘ਕਾਬੁਲੀਵਾਲੇ! ਕਾਬੁਲੀਵਾਲੇ! ਤੇਰੇ ਝੋਲੇ ਵਿਚ ਕੀ ਹੈ...’ ਰਾਾਬਿੰਦਰਨਾਥ ਟੈਗੋਰ ਦੀ ਕਹਾਣੀ ‘ਕਾਬੁਲੀਵਾਲਾ’ ਦੇ ਹਵਾਲੇ ਰਾਹੀਂ ਅਫ਼ਗ਼ਾਨਿਸਤਾਨ ਦੀ ਆਵਾਮ ਦੇ ਹਾਲਾਤ ਦੀ ਯਾਦ ਨੂੰ ਤਾਜ਼ਾ ਕਰਵਾਉਣ ਵਾਲਾ ਸੀ। ਘਰੋਂ ਬੇਘਰ ਹੋਏ ਮਰਦ, ਔਰਤਾਂ ਅਤੇ ਬੱਚੇ ਖੁੱਲ੍ਹੇ ਆਸਮਾਨ ਹੇਠ ਲਾਚਾਰੀ ਨਾਲ ਸਮਾਂ ਗੁਜ਼ਾਰ ਰਹੇ ਸਨ। ਉਨ੍ਹਾਂ ਪ੍ਰਤੀ ਲੇਖਕ ਦੀ ਹਮਦਰਦੀ ਕਾਲਜੇ ਸੱਲ ਲਾਉਣ ਵਾਲੀ ਲੱਗੀ। ਨਿਰਦੋਸ਼ ਆਵਾਮ ਨੂੰ ਤਾਲਿਬਾਨ ਕਿਹੜੇ ‘ਕਸੂਰ’ ਦੀ ਸਜ਼ਾ ਦੇ ਰਹੇ ਹਨ। ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

ਵਜ਼ੀਰ ਖ਼ਾਨ ਦਾ ਗੁਰੂਘਰ ਨਾਲ ਸਬੰਧ

29 ਅਗਸਤ ਦੇ ‘ਦਸਤਕ’ ਅੰਕ ਵਿੱਚ ਸੁਭਾਸ਼ ਪਰਿਹਾਰ ਦਾ ਲੇਖ ‘ਪੰਜਾਬ ਦੇ ਇਤਿਹਾਸ ਦਾ ਇਕ ਹੋਰ ਵਜ਼ੀਰ ਖ਼ਾਨ’ ਜਾਣਕਾਰੀ ਭਰਪੂਰ ਸੀ। ਮਹਾਨ ਕੋਸ਼ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਕੇ ਇਸ ਵਜ਼ੀਰ ਖ਼ਾਨ ਦੀ ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਦਾ ਪਤਾ ਲੱਗਦਾ ਹੈ। ਮਹਾਨ ਕੋਸ਼ ਅਨੁਸਾਰ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਦਿਕ਼ (ਵਫ਼ਾਦਾਰ) ਸੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕਰਦਾ ਰਿਹਾ ਸੀ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਚੌਥੀ, ਅਧਿਆਇ 63 ਅਤੇ 65 ਵਿਚ ਇਸ ਦਾ ਬਾਦਸ਼ਾਹ ਜਹਾਂਗੀਰ ਦੇ ਦੂਤ ਵਜੋਂ ਸ੍ਰੀ ਗੁਰੂ ਹਰਿਗੋਬਿੰਦ ਅਤੇ ਉਨ੍ਹਾਂ ਨਾਲ ਹੋਰ 52 ਕੈਦੀ ਰਾਜਿਆਂ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਨਾਲ ਸਬੰਧਤ ਬਾਖ਼ੂਬੀ ਨਿਭਾਇਆ ਰੋਲ ਵਰਣਨ ਕੀਤਾ ਮਿਲਦਾ ਹੈ।

ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)

ਪਾਠਕਾਂ ਦੇ ਖ਼ਤ Other

Sep 04, 2021

ਲੋਕਾਂ ਲਈ ਦਲਦਲ !

ਸੁੱਚਾ ਸਿੰਘ ਗਿੱਲ ਦੇ ਲੇਖ ‘ਮੁਦਰੀਕਰਨ ਤੇ ਸਰਕਾਰੀ ਜਾਇਦਾਦਾਂ ਦੀ ਹੋਣੀ’ (3 ਸਤੰਬਰ) ਵਿਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦਾ ਬਾਖ਼ੂਬੀ ਖ਼ੁਲਾਸਾ ਕੀਤਾ ਗਿਆ ਹੈ। ਸਮੁੱਚੇ ਜਨਤਕ ਅਦਾਰਿਆਂ ਅਤੇ ਬੁਨਿਆਦੀ ਢਾਂਚੇ ਨੂੰ ਆਪਣੇ ਕਾਰਪੋਰੇਟ ਭਾਈਵਾਲਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਸਰਕਾਰ ਆਮ ਜਨਤਾ ਨੂੰ ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਦੀ ਦਲਦਲ ਵਿਚ ਸੁੱਟ ਰਹੀ ਹੈ। ਪ੍ਰਧਾਨ ਮੰਤਰੀ ਦੇਸ਼ ਦੇ ਅਹਿਮ ਜਨਤਕ ਅਦਾਰਿਆਂ ਨੂੰ ਖ਼ਤਮ ਕਰ ਰਹੇ ਹਨ। ਅਜਿਹਾ ਕਰਨ ਪਿੱਛੇ ਸਰਕਾਰ ਦਾ ਮਕਸਦ ਇਹ ਹੈ ਕਿ ਨਾ ਹੀ ਸਰਕਾਰੀ ਨੌਕਰੀਆਂ ਰਹਿਣਗੀਆਂ ਅਤੇ ਨਾ ਹੀ ਪਿਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਹੋਵੇਗਾ। ਸਰਕਾਰ ਸੰਵਿਧਾਨ ਵਿਚਲੇ ਕਲਿਆਣਕਾਰੀ ਰਾਜ ਦੇ ਅਕਸ ਨੂੰ ਕਾਰਪੋਰੇਟ ਰਾਜ ਵਿਚ ਤਬਦੀਲ ਕਰਨਾ ਚਾਹੁੰਦੀ ਹੈ। ਨਿੱਜੀਕਰਨ ਵਾਲੀਆਂ ਨੀਤੀਆਂ ਪੱਛਮੀ ਮੁਲਕਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਇਸ ਲਈ ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਕਿਸਾਨ ਅੰਦੋਲਨ ਵਾਂਗ ਅਜਿਹੇ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਫ਼ੈਸਲਿਆਂ ਦਾ ਡਟਵਾਂ ਵਿਰੋਧ ਕਰਨ ਦੀ ਲੋੜ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


(2)

‘ਮੁਦਰੀਕਰਨ ਅਤੇ ਕੇਂਦਰ ਜਾਇਦਾਦਾਂ ਦੀ ਹੋਣੀ’ (ਸੁੱਚਾ ਸਿੰਘ ਗਿੱਲ) ਲੇਖ ਦੇ ਹਵਾਲੇ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਦਾ ਮੁੱਖ ਮਨੋਰਥ ਇਨ੍ਹਾਂ ਜਾਇਦਾਦਾਂ ਨੂੰ ਕਾਰਪੋਰੇਟ ਜਗਤ ਦੇ ਹਵਾਲੇ ਕਰਕੇ ਲੁਕਵੇਂ ਤਰੀਕੇ ਨਾਲ ਚੋਣ ਬਾਂਡ ਦੀ ਸੂਰਤ ਵਿਚ ਉਨ੍ਹਾਂ ਤੋਂ ਪਾਰਟੀ ਲਈ ਮੋਟਾ ਚੰਦਾ ਵਸੂਲਣਾ ਹੀ ਹੈ। ਬੀਜੇਪੀ ਅਜਿਹੀ ਪਾਰਟੀ ਹੈ ਜਿਸ ਨੂੰ ਇਸ ਕਾਰਪੋਰੇਟ ਜਗਤ ਨੇ ਅਰਬਾਂ ਰੁਪਏ ਦਿੱਤੇ ਹਨ ਅਤੇ ਪਾਰਟੀ ਦਾ ਨਿੱਜੀ ਖ਼ਜ਼ਾਨਾ ਲਬਾਲਬ ਭਰ ਰਿਹਾ ਹੈ। ਇਹ ਪੈਸਾ ਸੱਤਾ ’ਤੇ ਕਾਬਜ਼ ਰਹਿਣ ਲਈ ਵਰਤਿਆ ਜਾਵੇਗਾ। ਦੇਸ਼ ਪਹਿਲਾਂ ਅੰਗਰੇਜ਼ੀ ਵਪਾਰੀਆਂ ਦਾ ਗੁਲਾਮ ਸੀ, ਹੁਣ ਦੇਸੀ ਵਪਾਰੀਆਂ ਦਾ ਗੁਲਾਮ ਹੋ ਰਿਹਾ ਹੈ।

ਹਰਮੇਸ਼ ਕੁਮਾਰ, ਪਟਿਆਲਾ


ਡੁੱਲ੍ਹੇ ਬੇਰ

2 ਸਤੰਬਰ ਨੂੰ ਛਪਿਆ ਸਵਰਾਜਬੀਰ ਦਾ ਲੇਖ ‘…ਬਾਕੀ ਛੱਡ ਗਏ ਨੇ ਦਾਸਤਾਨ ਏਥੇ’ ਬਹੁਤ ਭਾਵਪੂਰਤ ਹੈ। ਲੇਖਕ ਦੀ ਗੱਲ ਬਿਲਕੁਲ ਸੱਚ ਹੈ ਕਿ ਇਸ ਸਭ ਕਾਸੇ ਦੇ ਅਸੀਂ ਖ਼ੁਦ ਕਸੂਰਵਾਰ ਹਾਂ। ਜਦੋਂ ਇਹ ਕੰਮ ਹੋ ਰਿਹਾ ਸੀ, ਉਦੋਂ ਬਹੁਤੇ ਲੋਕਾਂ ਨੂੰ ਪਤਾ ਹੋਣਾ ਹੈ, ਉਸ ਵਕਤ ਹੀ ਇਹ ਮੁੱਦਾ ਉਠਾਉਣਾ ਚਾਹੀਦਾ ਸੀ। ਗੁਜਰਾਤ ਦੀ ਕੰਪਨੀ ਨੇ ਠੇਕਾ ਕੀਤਾ। ਇਤਿਹਾਸ ਨਾਲ ਸਬੰਧ ਰੱਖਣ ਵਾਲੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਇਸ ਦਾ ਹਿੱਸਾ ਬਣਾਉਣਾ ਚਾਹੀਦਾ ਸੀ। ਹੁਣ ਕੁਝ ਨਹੀਂ ਹੋ ਸਕਦਾ, ਬੇਰ ਵਾਕਿਆ ਹੀ ਡੁੱਲ੍ਹ ਗਏ ਹਨ ਅਤੇ ਸਾਡੇ ਪੰਜਾਬੀਆਂ ਹਿੱਸੇ ਸਿਰਫ਼ ਪਛਤਾਵਾ ਆਇਆ ਹੈ ਜੋ ਸਾਡੀ ਨਾਲਾਇਕੀ ਦਰਸਾਉਂਦਾ ਹੈ।

ਰਿਪਨਜੋਤ ਕੌਰ ਸੋਨੀ ਬੱਗਾ, ਈਮੇਲ


ਲੁੱਟ ਖ਼ਿਲਾਫ਼ ਲੜਾਈ

31 ਅਗਸਤ ਨੂੰ ਸ਼ਵਿੰਦਰ ਕੌਰ ਨੇ ਆਪਣੀ ਰਚਨਾ ‘ਬੇੜੀਆਂ ਦਾ ਸਾਜ਼’ ਰਾਹੀਂ ਕਿਰਤੀਆਂ ਦੀ ਲੁੱਟ ਖ਼ਿਲਾਫ਼ ਲੜੇ ਜਾ ਰਹੇ ਘੋਲਾਂ ਦਾ ਹਿੱਸਾ ਬਣਦੇ ਹੋਏ, ਜ਼ਿੰਦਗੀ ਲੰਘਾ ਰਹੇ ਸੰਘਰਸ਼ੀ ਯੋਧੇ ਨਿਰਭੈ ਸਿੰਘ ਢੁੱਡੀਕੇ ਦੀ ਕਹਾਣੀ ਬਿਆਨ ਕਰਦਿਆਂ ਸਾਡੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਦਿੱਲੀ ਦੀਆਂ ਬਰੂਹਾਂ ਉੱਤੇ ਨੌਂ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਕਾਮਯਾਬੀ ਅਜਿਹੇ ਯੋਧਿਆਂ ’ਤੇ ਹੀ ਟਿਕੀ ਹੋਈ ਹੈ।

ਕੁਲਮਿੰਦਰ ਕੌਰ, ਮੁਹਾਲੀ


ਪੁਲੀਸ ਤਸ਼ੱਦਦ

31 ਅਗਸਤ ਦੇ ਅੰਕ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਲਈ ਜ਼ਿੰਮੇਵਾਰ ਅਫ਼ਸਰਾਂ ’ਤੇ ਕਾਰਵਾਈ ਦੀ ਮੰਗ ਬਾਰੇ ਪੜ੍ਹਿਆ। ਇਸ ਲਾਠੀਚਾਰਜ ਦੀ ਜੱਲ੍ਹਿਆਂਵਾਲੇ ਬਾਗ਼ ਨਾਲ ਤੁਲਨਾ ਕੀਤੀ ਜਾ ਰਹੀ ਹੈ। ਆਜ਼ਾਦ ਭਾਰਤ ਵਿਚ ਇਸ ਤੋਂ ਵਹਿਸ਼ੀ ਪੁਲੀਸ ਤਸ਼ੱਦਦ ਵਾਪਰ ਚੁੱਕੇ ਹਨ। ਥਾਣਿਆਂ ਵਿਚ ਤਸ਼ੱਦਦ ਦੀਆਂ ਕਹਾਣੀਆਂ ਆਮ ਹਨ। ਜੇ ਲੋਕ ਹੁਣ ਜਾਗਰੂਕ ਹੋਏ ਹਨ ਤਾਂ ਪੁਲੀਸ ਤਸ਼ੱਦਦ ਨੂੰ ਸਮਾਜ ਵਿਚੋਂ ਹੂੰਝ ਸੁੱਟਣ ਲਈ ਤਹੱਈਆ ਕਰਨਾ ਚਾਹੀਦਾ ਹੈ। ਹਰ ਸਿਆਸੀ ਪਾਰਟੀ ਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਪੁਲੀਸ ਤਸ਼ੱਦਦ ਨੂੰ ਰੋਕਣ ਬਾਰੇ ਕੀ ਨੀਤੀ ਹੈ? ਆਜ਼ਾਦ ਦੇਸ਼ ਦੇ ਸ਼ਹਿਰੀਆਂ ਨਾਲ ਬਸਤੀਵਾਦ ਦੇ ਸਮੇਂ ਵਰਗਾ ਵਿਹਾਰ ਪ੍ਰਵਾਨ ਨਹੀਂ। ਇਸ ਬੁਰਾਈ ਨੂੰ ਰੋਕਣ ਲਈ ਹਰ ਸੰਭਵ ਕਦਮ ਪੁੱਟਣੇ ਚਾਹੀਦੇ ਹਨ। ਚੋਣ ਮੁੱਦਿਆਂ ਵਿਚ ਪੁਲੀਸ ਤਸ਼ੱਦਦ ਵੀ ਮੁੱਦਾ ਬਣ ਕੇ ਉੱਭਰਨਾ ਚਾਹੀਦਾ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਪੰਜਾਬ ਬਾਰੇ ਫ਼ਿਕਰ

31 ਅਗਸਤ ਦੇ ਅੰਕ ਵਿਚ ਡਾ. ਕੇਸਰ ਸਿੰਘ ਭੰਗੂ ਨੇ ਆਪਣੇ ਲੇਖ ‘ਪੰਜਾਬ ਦੀ ਆਰਥਿਕ ਸੁਰਜੀਤੀ ਕਿਵੇਂ ਹੋਵੇ’ ਵਿਚ ਪੰਜਾਬ ਦੀ ਨਿੱਘਰ ਰਹੀ ਆਰਥਿਕ ਹਾਲਤ ਦੇ ਮੂਲ ਕਾਰਨਾਂ ਨੂੰ ਬੜੇ ਸੰਜੀਦਾ ਤਰੀਕੇ ਨਾਲ ਪੇਸ਼ ਕਰਦਿਆਂ ਕੇਵਲ ਪੰਜਾਬ ਪ੍ਰਤੀ ਫ਼ਿਕਰਮੰਦੀ ਹੀ ਨਹੀਂ ਪ੍ਰਗਟਾਈ ਸਗੋਂ ਪੰਜਾਬ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਯੋਗ ਸੁਝਾਅ ਅਤੇ ਤਰੀਕੇ ਵੀ ਦਰਸਾਏ ਹਨ। ਮਜ਼ਬੂਤ ਸਿਆਸੀ ਇੱਛਾ ਸ਼ਕਤੀ ਸਦਕਾ ਹੀ ਅਜਿਹਾ ਸੰਭਵ ਹੋ ਸਕਦਾ ਹੈ ਜੋ ਮੌਜੂਦਾ ਸਿਆਸੀ ਪਾਰਟੀਆਂ ਦੇ ਖਾਸੇ ਵਿਚੋਂ ਨਜ਼ਰ ਨਹੀਂ ਆਉਂਦੀ। ਖੜ੍ਹੇ ਪਾਣੀਆਂ ਵਿਚ ਹਿਲਜੁਲ ਕਰਨ ਵਾਲੇ ਅਜਿਹੇ ਵਿਚਾਰਾਂ ਦੀ ਅੱਜ ਬੜੀ ਲੋੜ ਹੈ। 

ਡਾ. ਗੁਰਦੀਪ ਸਿੰਘ ਸੰਧੂ, ਪਟਿਆਲਾ