The Tribune India : Letters to the editor

ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ Other

Oct 30, 2022

ਸਾਂਝੀਵਾਲਤਾ ਦਾ ਰਾਹ

23 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕੀ ਲੇਖ ‘ਰਾਹ ਦੀ ਪਛਾਣ’ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਵਰਣਨ ਕਰਦਿਆਂ ਲੋਕਾਂ ਨੂੰ ਸਾਂਝੀਵਾਲਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਮਾਜ ਵਿਚ ਫ਼ਿਰਕਾਪ੍ਰਸਤੀ, ਪਖੰਡ, ਧਾਰਮਿਕ ਭੇਦਭਾਵ, ਬੇਈਮਾਨੀ ਅਤੇ ਨਸਲਵਾਦ ਨਾ ਸਿਰਫ਼ ਭਾਰਤ ਵਿਚ ਸਗੋਂ ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਨਸਾਨਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਨਸੀਹਤ ਦਿੱਤੀ ਜੋ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਬਾਬਾ ਜੀ ਨੇ ਬੰਦੇ ਦੇ ਦੂਹਰੇ ਚਰਿੱਤਰ ਦੀ ਨਿਖੇਧੀ ਅਤੇ ਸੰਸਾਰ ਵਿਚ ਵਿਆਪਕ ਬੁਨਿਆਦਪ੍ਰਸਤੀ ਦੀ ਆਲੋਚਨਾ ਕੀਤੀ। ਸੰਪਾਦਕੀ ਵਿਚ ਪੰਜਾਬ ਤੋਂ ਵਿਦੇਸ਼ਾਂ ਵਿਚ ਕੰਮ ਲੱਭਣ ਲਈ ਜਾਣ ਵਾਲੇ ਬੰਦਿਆਂ ਨੂੰ ਆਪਣੇ ਦੇਸ਼ ਵਿਚ ਹੀ ਰਹਿ ਕੇ ਕੰਮ ਕਰਨ ਦੀ ਸਲਾਹ ਦਿੱਤੀ ਹੈ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਭਾਸ਼ਾ ਸੁਖਾਲੀ ਹੋਵੇ

ਐਤਵਾਰ, 16 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੀ ਸੰਪਾਦਕੀ ‘ਸ਼ਬਦ, ਸਮਾਜ ਤੇ ਸੱਤਾ’ ਭਾਸ਼ਾਈ ਜੁਗਤਾਂ ਦੇ ਨਾਲ ਨਾਲ ਸੱਤਾਧਾਰੀ-ਨਜ਼ਰੀਏ ਨੂੰ ਵੀ ਬਾਖ਼ੂਬੀ ਬਿਆਨਦੀ ਹੈ। ਬੇਸ਼ੱਕ ਭਾਸ਼ਾ ਮਾਨਵੀ ਭਾਵਨਾਵਾਂ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮਾਧਿਅਮ ਹੈ ਜੋ ਵੱਖੋ-ਵੱਖਰੇ ਸੱਭਿਆਚਾਰਾਂ ਜਾਂ ਸਮਾਜ ਨੂੰ ਸਮਝਣ ਲਈ ਕਾਰਗਰ ਸਿੱਧ ਹੁੰਦਾ ਹੈ ਪਰ ਜਦੋਂ ਕੁਝ ਆਗੂਆਂ ਵੱਲੋਂ ਤਾਕਤ ਅਤੇ ਸੱਤਾ ਨੂੰ ਕੇਵਲ ਨਿੱਜੀ ਮੁਫ਼ਾਦ ਲਈ ਆਪਣੇ ਹੱਥਾਂ ਵਿਚ ਕੇਂਦਰਿਤ ਕਰਨ ਦੀ ਸਾਜ਼ਿਸ਼ ਗੁੰਦੀ ਜਾਂਦੀ ਹੈ ਜਾਂ ਆਮ ਜਨਤਾ ਨੂੰ ਭਾਸ਼ਾਈ ਸ਼ਬਦ ਜਾਲ ਵਿਚ ਫਸਾ ਕੇ ਗ਼ਲਤ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਜਿਕ ਤਾਣਾ-ਬਾਣਾ ਤਹਿਸ-ਨਹਿਸ ਹੁੰਦਿਆਂ ਦੇਰ ਨਹੀਂ ਲੱਗਦੀ। ਕੁਦਰਤ ਵੱਲੋਂ ਮਨੁੱਖ ਨੂੰ ਸੌਂਪੇ ਗਏ ਭਾਸ਼ਾ ਰੂਪੀ ਤੋਹਫ਼ੇ ਦਾ ਇਸਤੇਮਾਲ ਸਿਰਫ਼ ਮਨੁੱਖੀ ਵਿਕਾਸ, ਖੁਸ਼ਹਾਲੀ, ਸਮਾਜਿਕ ਏਕਤਾ ਅਤੇ ਸਾਂਝੀਵਾਲਤਾ ਦੀਆਂ ਗੰਢਾਂ ਪੀਡੀਆਂ ਕਰਨ ਲਈ ਹੀ ਕੀਤਾ ਜਾਣਾ ਚਾਹੀਦਾ ਹੈ, ਜ਼ਹਿਰੀਲੇਪਣ ਲਈ ਨਹੀਂ। ਸਾਧਾਰਨ ਲੋਕ ਆਗੂਆਂ ਦੇ ਸ਼ਬਦ ਜਾਲ ਤੋਂ ਅਣਜਾਣ ਹੁੰਦੇ ਹਨ ਜਿਸ ਕਰਕੇ ਅਖੌਤੀ ਆਗੂ ਉਨ੍ਹਾਂ ਦੀ ਮਾਨਸਿਕਤਾ ਨੂੰ ਮਨਚਾਹੇ ਢੰਗ ਨਾਲ ਮੋੜਾ ਦੇ ਦਿੰਦੇ ਹਨ। ਇਉਂ ਪਾਕਿ-ਪਵਿੱਤਰ ਭਾਸ਼ਾ ਨੂੰ ਵੀ ਨਫ਼ਰਤ ਦਾ ਸਬੱਬ ਬਣਾ ਦਿੱਤਾ ਜਾਂਦਾ ਹੈ ਜੋ ਸਮਾਜ ਲਈ ਬੇਹੱਦ ਖ਼ਤਰਨਾਕ ਸਾਬਿਤ ਹੁੰਦਾ ਹੈ।

ਜੇ ਪੰਜਾਬੀ ਟ੍ਰਿਬਿਊਨ ਦੇ ਪਾਠਕਾਂ ਲਈ ਭਵਿੱਖ ਵਿਚ ਅਜਿਹੀਆਂ ਸੰਪਾਦਕੀਆਂ ਦੀ ਭਾਸ਼ਾ ਕੁਝ ਹੋਰ ਸਰਲ ਅਤੇ ਆਸਾਨ ਪਹੁੰਚ ਵਿੱਚ ਹੋਵੇ ਤਾਂ ਬਿਹਤਰ ਹੋਵੇਗਾ।

ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ


ਮੋਹ ਦੀ ਤੰਦ ਦੀ ਬਾਤ

ਐਤਵਾਰ, 16 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਛਪੇ ਮਿਡਲ ‘ਸੋਨੇ ਦੀ ਬਿੱਲੀ’ (ਸੁਪਿੰਦਰ ਸਿੰਘ ਰਾਣਾ) ਵਿਚ ਮੋਹ ਦੀ ਤੰਦ ਬਾਰੇ ਜ਼ਿਕਰ ਕੀਤਾ ਹੈ। ਜਿਹੜੇ ਜੀਵ/ ਮਨੁੱਖ ਨਾਲ ਸਾਡਾ ਪਿਆਰ ਹੁੰਦਾ ਹੈ ਅਸੀਂ ਉਸ ਨਾਲ ਹੀ ਆਪਣਾ ਸਮਾਂ ਬਿਤਾਉਣਾ, ਦਿਲ ਦੀਆਂ ਗੱਲਾਂ, ਦੁੱਖ ਸੁੱਖ ਫਰੋਲਣੇ ਪਸੰਦ ਕਰਦੇ ਹਾਂ। ਰਚਨਾ ਵਿਚ ਪਾਪ ਨਾ ਕਰਨ ਦੀ ਸਿੱਖਿਆ ਨੂੰ ਅਸਿੱਧੇ ਤੌਰ ’ਤੇ ਪੇਸ਼ ਕੀਤਾ ਹੈ।

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)

ਪਾਠਕਾਂ ਦੇ ਖ਼ਤ Other

Oct 29, 2022

ਫੋਨ ਦੀ ਸਦਵਰਤੋਂ

28 ਅਕਤੂਬਰ ਦੇ ਅੰਕ ਵਿਚ ਛਪੇ ਲੇਖ ‘ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?’ ਰਾਹੀਂ ਲੇਖਕ ਕੁਲਵਿੰਦਰ ਸਿੰਘ ਦੂਹੇਵਾਲਾ ਨੇ ਮੋਬਾਈਲ ਫੋਨ ਰਾਹੀਂ ਬੱਚਿਆਂ ਦੇ ਨਾਲ ਨਾਲ ਵੱਡੀ ਉਮਰ ਦੇ ਵਿਅਕਤੀਆਂ ’ਤੇ ਪੈ ਰਹੇ ਨਕਾਰਾਤਮਕ ਪ੍ਰਭਾਵਾਂ ਦਾ ਵਰਨਣ ਕਰਦੇ ਹੋਏ ਇਸ ਦੀ ਵਰਤੋਂ ਨੂੰ ਘਟਾਉਣ ’ਤੇ ਜ਼ੋਰ ਦਿੱਤਾ ਹੈ। ਮੋਬਾਈਲ ਫੋਨ ਸੰਚਾਰ ਅਤੇ ਮਨੋਰੰਜਨ ਦਾ ਅਹਿਮ ਅਤੇ ਨਵੀਨਤਮ ਸਾਧਨ ਹੈ। ਸਾਨੂੰ ਸਾਰਿਆਂ ਨੂੰ ਆਪਣੀ ਲੋੜ ਅਨੁਸਾਰ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


(2)

28 ਅਕਤੂਬਰ ਨੂੰ ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ਜੋ ਮੋਬਾਈਲ ਦੇ ਆਦੀ ਹੋਣ ਤੋਂ ਬਚਣ ਬਾਰੇ ਲਿਖਿਆ ਗਿਆ ਹੈ, ਜਾਣਕਾਰੀ ਦੇਣ ਵਾਲਾ ਅਤੇ ਮੋਬਾਈਲ ਦੀ ਆਦਤ ਛੱਡਣ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।

ਡਾ. ਬਲਜਿੰਦਰ ਸਿਧਾਣਾ, ਈਮੇਲ


(3)

28 ਅਕਤੂਬਰ ਨੂੰ ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ‘ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?’ ਵਧੀਆ ਲੱਗਾ ਜਿਸ ਵਿਚ ਅਜੋਕੇ ਸਮੇਂ ਵਿਚ ਮੋਬਾਈਲ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ ਗਿਆ ਹੈ। ਅਸੀਂ ਸੋਸ਼ਲ ਮੀਡੀਆ ਦੇ ਇਸ ਕਦਰ ਆਦੀ ਹੋ ਗਏ ਹਾਂ ਕਿ ਮਾਨਸਿਕ ਤੇ ਸਰੀਰਕ ਸਿਹਤ ਗੁਆ ਰਹੇ ਹਾਂ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰੇ ਹੀ ਮੋਬਾਈਲ ਫੋਨ ਦੀ ਹੱਦ ਤੋਂ ਵੱਧ ਵਰਤੋਂ ਦੇ ਸ਼ਿਕਾਰ ਹੋ ਗਏ ਹਨ। ਵਿਦਿਆਰਥੀਆਂ ਅੰਦਰ ਤਾਂ ਮੋਬਾਈਲ ਨੇ ਜਿੱਥੇ ਫਾਇਦਾ ਕਰਨਾ ਸੀ, ਹੁਣ ਹਾਨੀਕਾਰਕ ਸਿੱਧ ਹੋ ਰਿਹਾ ਹੈ ਕਿਉਂਕਿ ਉਹ ਵਿਹਲੇ ਸਮੇਂ ਪੁਸਤਕਾਂ ਪੜ੍ਹਨ ਜਾਂ ਸਰੀਰਕ ਕਸਰਤ ਦੀ ਥਾਂ ਮੋਬਾਈਲ ਵਰਤਣ ਨੂੰ ਤਰਜੀਹ ਦਿੰਦੇ ਹਨ। ਇਹ ਰੁਝਾਨ ਮਾੜਾ ਹੈ।

ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ


ਹਥਿਆਰਾਂ ਦੀ ਮਾਰ

28 ਅਕਤੂਬਰ ਨੂੰ ਸੰਪਾਦਕੀ ‘ਡਰਟੀ ਬੰਬ’ ਦਿਲ ਦਹਿਲਾਉਣ ਵਾਲਾ ਹੈ। ਬੰਬਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਮਨੁੱਖਤਾ ਦੇ ਦੋਖੀ ਹਨ। ਇਸ ਕਰਕੇ ਜੰਗ ਖ਼ਿਲਾਫ਼ ਸੰਸਾਰ ਪੱਧਰੀ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਹਥਿਆਰਾਂ ਰਾਹੀਂ ਸਿਆਸਤ ਕਰ ਰਹੇ ਸੰਸਾਰ ਪੱਧਰੀ ਆਗੂ ਅਤੇ ਮੁਲਕਾਂ ਨੂੰ ਪਿਛਾਂਹ ਧੱਕਿਆ ਜਾ ਸਕੇ।

ਕਰਨਜੋਤ ਕੌਰ, ਕਪੂਰਥਲਾ


ਨਸ਼ਿਆਂ ਦਾ ਕਹਿਰ

20 ਅਕਤੂਬਰ ਦਾ ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਪੜ੍ਹਿਆ ਜਿਸ ਵਿਚ ਨਸ਼ਿਆਂ ਵਿਚ ਡੁੱਬਦੇ ਪੰਜਾਬ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਵਿਦੇਸ਼ਾਂ ਨੂੰ ਤੋਰੇ ਜਾ ਰਹੇ ਬੱਚਿਆਂ ਦਾ ਮੁੱਖ ਕਾਰਨ ਨਸ਼ਿਆਂ ਤੋਂ ਦੂਰ ਰਹਿਣਾ ਵੀ ਮੰਨਿਆ ਗਿਆ ਹੈ। ਜੇਕਰ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਪੰਜਾਬ ਨੌਜਵਾਨਾਂ ਤੋਂ ਵਾਂਝਾ ਹੋ ਜਾਵੇਗਾ। ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦੀ ਰਚਨਾ ‘ਇਕ ਮੰਜ਼ਰ ਇਹ ਵੀ’ ਪੜ੍ਹੀ। ਇਸ ਵਿਚ ਸੱਚਾਈ ਨੂੰ ਬਰਦਾਸ਼ਤ ਨਾ ਕਰਨ ਵਾਲੇ ਲੋਕਾਂ ਦਾ ਵਿਹਾਰ ਅਤੇ ਇਕ ਵਿਅਕਤੀ ਦੁਆਰਾ ਦਿੱਤੀ ਗਈ ਹੱਲਾਸ਼ੇਰੀ ਬਾਰੇ ਦੱਸਿਆ ਗਿਆ ਹੈ। ਇਸੇ ਤਰ੍ਹਾਂ 17 ਅਕਤੂਬਰ ਨੂੰ ਰਸ਼ਪਿੰਦਰ ਪਾਲ ਕੌਰ ਦੀ ਰਚਨਾ ‘ਸੋਨੇ ਰੰਗੀ ਦਾਤ’ ਵਿਚ ਪੜ੍ਹਾਈ ਦੀ ਮਹਿਮਾ ਹੈ।

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਸਰਾਸਰ ਧੱਕਾ

19 ਅਕਤੂਬਰ ਨੂੰ ਸੰਪਾਦਕੀ ‘ਨਿਆਂ ਪ੍ਰਣਾਲੀ ਬਾਰੇ ਸਵਾਲ’ ਪੜ੍ਹਿਆ। ਘਿਨਾਉਣੇ ਅਪਰਾਧੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾਅ ਕਰ ਕੇ ਬਿਲਕੀਸ ਬਾਨੋ ਨਾਲ ਧੱਕਾ ਕੀਤਾ ਗਿਆ ਹੈ ਅਤੇ ਗ਼ਲਤ ਪਿਰਤ ਪਾਈ ਜਾ ਰਹੀ ਹੈ। ਉਮੀਦ ਹੈ ਸੁਪਰੀਮ ਕੋਰਟ ਇਸ ਸਬੰਧ ’ਚ ਸਹੀ ਕਾਰਵਾਈ ਕਰੇਗੀ। ਇਸੇ ਸਫ਼ੇ ’ਤੇ ‘ਬਹਿਸ ਦੀ ਲੋੜ’ ’ਚ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਵਿਚਕਾਰ ਵਿਵਾਦ ਬਾਰੇ ਲਿਖਿਆ ਹੈ। ਇਕੱਲਾ ਪੰਜਾਬ ਹੀ ਨਹੀਂ, ਜਿਹੜੇ ਵੀ ਸੂਬੇ ’ਚ ਭਾਜਪਾ ਵਿਰੋਧੀ ਸਰਕਾਰ ਹੈ, ਉੱਥੇ ਰਾਜਪਾਲਾਂ ਨੇ ਕੇਂਦਰ ਦੀ ਸ਼ਹਿ ’ਤੇ ਹਮੇਸ਼ਾ ਟਕਰਾਅ ਵਾਲੀ ਸਥਿਤੀ ਬਣਾਈ ਹੋਈ ਹੈ।

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)


ਕੌਮਾਂਤਰੀ ਰਿਪੋਰਟਾਂ ਦੇ ਅੰਕੜੇ ਰੱਦ ਕਿਉਂ?

28 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਭਾਰਤ ਵਿਚ ਕੁਪੋਸ਼ਣ ਦੀ ਮਾਰ’ ਛਪਿਆ ਹੈ। ਕੇਂਦਰ ਸਰਕਾਰ ਬਹੁਤ ਸਾਰੇ ਮੋਰਚਿਆਂ ਉੱਤੇ ਲਗਾਤਾਰ ਨਾਕਾਮ ਸਾਬਤ ਹੋ ਰਹੀ ਹੈ ਪਰ ਕਮਜ਼ੋਰ ਵਿਰੋਧੀ ਧਿਰ ਕਾਰਨ ਇਹ ਅਜੇ ਵੀ ਮਨਮਾਨੀਆਂ ਕਰ ਰਹੀ ਹੈ। ਭੁੱਖਮਰੀ ਬਾਰੇ ਅੰਕੜਿਆਂ ਨੂੰ ਸਵੀਕਾਰ ਨਾ ਕਰਨਾ ਇਨ੍ਹਾਂ ਮਨਮਾਨੀਆਂ ਦੀ ਹੀ ਕੜੀ ਹੈ। ਇਹ ਸਰਕਾਰ ਪਹਿਲਾਂ ਵੀ ਕੌਮਾਂਤਰੀ ਰਿਪੋਰਟਾਂ ਦੇ ਅੰਕੜੇ ਰੱਦ ਕਰਦੀ ਰਹੀ ਹੈ। ਹੁਣ ਜੇ ਆਪਣੀ ਖ਼ਾਮੀ ਹੀ ਸਵੀਕਾਰ ਨਹੀਂ ਕਰਨੀ ਤਾਂ ਸੁਧਾਰ ਕਿਵੇਂ ਹੋ ਸਕੇਗਾ ?

ਬਲਵੰਤ ਸਿੰਘ, ਕੁਰੂਕਸ਼ੇਤਰ

ਪਾਠਕਾਂ ਦੇ ਖ਼ਤ Other

Oct 28, 2022

ਭਾਰਤੀ ਮੂਲ ਦਾ ਪ੍ਰਧਾਨ ਮੰਤਰੀ

26 ਅਕਤੂਬਰ ਨੂੰ ਪਹਿਲੇ ਪੰਨੇ ’ਤੇ ਛਪੀ ਖ਼ਬਰ ‘ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ ਵਿਚੋਂ ਬਹੁਤੇ ਲੋਕ ਇਸ ਲਈ ਖੁਸ਼ ਹਨ ਕਿ ਉਹ ਭਾਰਤੀ ਮੂਲ ਦਾ ਹੈ। ਉਸ ਨੂੰ ਤਾਂ ਭਾਰਤੀ ਮੂਲ ਦੇ ਅਤੇ ਨਾ ਹੀ ਹਿੰਦੂ ਹੋਣ ਕਰ ਕੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਸਗੋਂ ਇਸ ਲਈ ਬਣਾਇਆ ਗਿਆ ਹੈ ਕਿ ਉਸ ਦੀ ਪਾਰਟੀ ਵਾਲੇ ਸਮਝਦੇ ਹਨ ਕਿ ਮੌਜੂਦਾ ਪ੍ਰਤੀਨਿਧਾਂ ਵਿਚੋਂ ਰਿਸ਼ੀ ਸੂਨਕ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਜ਼ਿਆਦਾ ਅਸਰਦਾਰ ਢੰਗ ਨਾਲ ਕਰ ਸਕਦਾ ਹੈ। ਉਹ ਵੀ ਭਾਰਤ ਦੇ ਮੌਜੂਦਾ ਹਾਕਮਾਂ ਵਾਂਗ ਸਰਮਾਏਦਾਰਾਂ ਦੇ ਹਿੱਤਾਂ ਦਾ ਰਖਵਾਲਾ ਹੈ; ਉਥੋਂ ਦੇ ਆਮ ਲੋਕਾਂ ਦਾ ਨਹੀਂ। ਭਾਰਤੀਆਂ ਨੂੰ ਉਸ ਤੋਂ ਅਜਿਹੀ ਕੋਈ ਉਮੀਦ ਵੀ ਨਹੀਂ ਰੱਖਣੀ ਚਾਹੀਦੀ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦਾ ਲੇਖ ‘ਧਰਤੀ ਦਾ ਭਾਰ’ ਪੜ੍ਹ ਕੇ ਮਾਲੂਮ ਹੋਇਆ ਕਿ ਕਾਇਨਾਤ ਵਿਚ ਲੋਕ ਦੁਖੀ ਵੀ ਬਥੇਰੇ ਹਨ ਪਰ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਵੀ ਬੇਅੰਤ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਸਥਾਨਕ ਪ੍ਰਸਾਰਨ ’ਚ ਕਟੌਤੀ

27 ਅਕਤੂਬਰ ਦਾ ਸੰਪਾਦਕੀ ‘ਖੇਤਰੀ ਚੈਨਲਾਂ ਅੱਗੇ ਚੁਣੌਤੀ’ ਪੜ੍ਹਿਆ। ਕੇਂਦਰ ਸਰਕਾਰ ਦੀ ਸੰਚਾਰ ਸਾਧਨਾਂ ਉੱਪਰ ਕਬਜ਼ਾ ਕਰਨ ਦੀ ਨੀਤੀ ਨਵੀਂ ਨਹੀਂ ਹੈ। ਮਈ ਮਹੀਨੇ ਪੰਜਾਬ ਦੇ ਅਕਾਸ਼ਵਾਣੀ ਕੇਂਦਰਾਂ ਤੋਂ ਸਥਾਨਕ ਪ੍ਰਸਾਰਨ ਦਾ ਸਮਾਂ ਘਟਾ ਕੇ ਸਿਰਫ਼ ਚਾਰ ਘੰਟੇ ਕਰ ਦਿੱਤਾ ਗਿਆ ਹੈ। ਅਕਾਸ਼ਵਾਣੀ ਬਠਿੰਡਾ ਤੋਂ ਪਹਿਲਾਂ ਗਿਆਰਾਂ ਘੰਟੇ ਸਥਾਨਕ ਪੰਜਾਬੀ ਪ੍ਰੋਗਰਾਮ ਪ੍ਰਸਾਰਤ ਹੁੰਦੇ ਸਨ ਅਤੇ ਚਾਰ ਘੰਟੇ ਦਿੱਲੀ ਤੇ ਵਿਵਧ ਭਾਰਤੀ ਦੇ ਪ੍ਰਸਾਰਨ ਚੱਲਦੇ ਸਨ। ਇਸ ਨੂੰ ਉਲਟਾ ਕੇ ਚਾਰ ਘੰਟੇ ਸਥਾਨਕ ਅਤੇ ਗਿਆਰਾਂ ਘੰਟੇ ਦਿੱਲੀ ਕਰ ਦਿੱਤਾ ਗਿਆ। ਬਠਿੰਡਾ ਦੀਆਂ ਕੁਝ ਸੰਸਥਾਵਾਂ ਨੇ ਵਿਰੋਧ ਵਿਖਾਵੇ ਕੀਤੇ ਤੇ ਮੰਗ ਪੱਤਰ ਵੀ ਦਿੱਤੇ। ਹੁਣ ਇਕ ਡੇਢ ਘੰਟਾ ਸਥਾਨਕ ਪ੍ਰਸਾਰਨ ਵਧਾ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਕੇਂਦਰ ਦੇ ਇਸ ਧੱਕੇ ਖ਼ਿਲਾਫ਼ ਪੰਜਾਬ ਸਰਕਾਰ ਚੁੱਪ ਧਾਰੀ ਬੈਠੀ ਹੈ। ਲੇਖਕ ਸਭਾਵਾਂ ਅਤੇ ਬੁੱਧੀਜੀਵੀ ਵਰਗ ਵੀ ਘੋੜੇ ਵੇਚ ਕੇ ਸੌਂ ਰਹੇ ਹਨ। ਪੂਰੇ ਭਾਰਤ ਵਿਚ ਕੇਂਦਰ ਦੇ ਸਥਾਨਕ ਭਾਸ਼ਾਵਾਂ ਦੇ ਇਸ ਰਵੱਈਏ ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ

(2)

27 ਅਕਤੂਬਰ ਦਾ ਸੰਪਾਦਕੀ ‘ਖੇਤਰੀ ਚੈਨਲਾਂ ਅੱਗੇ ਚੁਣੌਤੀ’ ਕੇਂਦਰ ਸਰਕਾਰ ਦੇ ਜਮਹੂਰੀਅਤ ਵਿਰੋਧੀ ਵਤੀਰੇ ਨੂੰ ਉਜਾਗਰ ਕਰਦਾ ਹੈ। ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੈਨਲਾਂ ’ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦਿੱਤੀ ਸਲਾਹ ਸਿੱਧੇ ਤੌਰ ’ਤੇ ਸੂਬਿਆਂ ਨੂੰ ਮਿਲੇ ਅਧਿਕਾਰਾਂ ’ਤੇ ਹਮਲਾ ਅਤੇ ਜਮਹੂਰੀਅਤ ਦਾ ਗਲਾ ਘੁੱਟਣ ਵਾਲਾ ਕਦਮ ਹੈ। ਕੇਂਦਰ ਸਰਕਾਰ ਆਨੇ-ਬਹਾਨੇ ਸੂਬਿਆਂ ਨੂੰ ਮਿਲੇ ਅਧਿਕਾਰ ਖਤਮ ਕਰ ਕੇ ਇਸ ਖੇਤਰ ਵਿਚ ਵੀ ਕੇਂਦਰੀਕਰਨ ਕਰ ਰਹੀ ਹੈ। ਕੇਂਦਰ ਸਰਕਾਰ ਦੇ ਅਜਿਹੇ ਫ਼ੈਸਲੇ ਗ਼ੈਰ-ਜਮਹੂਰੀ ਹੀ ਨਹੀਂ ਸਗੋਂ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਤਾਨਾਸ਼ਾਹੀ ਵੱਲ ਵਧਦੇ ਕਦਮ ਹਨ।
ਮਨੋਹਰ ਸਿੰਘ ਸੱਗੂ, ਧੂਰੀ (ਪੰਜਾਬ)


ਮੂਰਤੀ ਦਾ ਦਰਦ

27 ਅਕਤੂਬਰ ਨੂੰ ਰਕੇਸ਼ ਧਵਨ ਦਾ ਮਿਡਲ ‘ਮੂਰਤੀ’ ਪੜ੍ਹ ਕੇ ਅੱਖਾਂ ਭਿੱਜ ਗਈਆਂ। ਸਾਧਾਰਨ ਬੱਚਾ ਅਤੇ ਬੰਦਾ ਜਿਨ੍ਹਾਂ ਹਾਲਾਤ ਵਿਚੋਂ ਲੰਘਦਾ ਹੈ, ਉਸ ਦਾ ਇਹ ਮਾਰਮਿਕ ਵਰਣਨ ਹੈ। ਲੇਖ ਵਿਚ ਮਾਂ-ਪੁੱਤ ਦਾ ਬਿਆਨ ਦਰਦ ਨਾਲ ਗੜੁੱਚ ਹੈ।
ਗੁਰਬੀਰ ਕੌਰ ਸੇਖੋਂ, ਜਲੰਧਰ


ਅੱਖਾਂ ਭਰ ਆਈਆਂ

21 ਅਕਤੂਬਰ ਨੂੰ ਅਮਰਿੰਦਰ ਸਿੰਘ ਮਾਨ ਦਾ ਮਿਡਲ ‘ਧਰਤੀ ਦਾ ਭਾਰ’ ਪੜ੍ਹਿਆ। ਬੇਬੇ ਮੇਲੋ ਦੇ ਪੁੱਤ ਦੀ ਕਹਾਣੀ ਸੁਣ ਕੇ ਅੱਖਾਂ ਭਰ ਆਈਆਂ। ਘਰਾਂ ਦੀ ਸੁੱਖ-ਸਾਂਦ ਨਸ਼ਿਆਂ ਕਾਰਨ ਸੁਆਹ ਹੋ ਜਾਂਦੀ ਹੈ। ਸਰਕਾਰਾਂ ਨੂੰ ਇਸ ਪਾਸੇ ਕਾਰਗਰ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਬੇਬੇ ਆਪਣੇ ਪੁੱਤਾਂ ਤੋਂ ਵਾਂਝੀ ਨਾ ਹੋਵੇ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)

(2)

21 ਅਕਤੂਬਰ ਨਜ਼ਰੀਆ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦਾ ਮਿਡਲ ‘ਧਰਤੀ ਦਾ ਭਾਰ’ ਬਜ਼ੁਰਗਾਂ ਦੇ ਹਾਲਾਤ ਬਿਆਨ ਕਰਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤਿਆਂ ਵਿਚ ਬਹੁਤ ਨਿਘਾਰ ਆ ਚੁੱਕਾ ਹੈ। ਜੇਕਰ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਬਜ਼ੁਰਗਾਂ ਦੀ ਸੰਭਾਲ ਕਰਨੀ ਪਵੇਗੀ। ਜੇਕਰ ਵੱਖ ਵੱਖ ਸੰਸਥਾਵਾਂ ਵਿਚ ਬੈਠੇ ਮੁਲਾਜ਼ਮ ਅਤੇ ਔਲਾਦ ਆਪਣੇ ਮਾਪਿਆਂ ਵੱਲ ਜ਼ਿੰਮੇਵਾਰੀ ਅਤੇ ਵਫ਼ਾਦਾਰੀ ਨਾਲ ਆਪਣੇ ਫਰਜ਼ ਨਿਭਾਉਣ ਤਾਂ ਸਾਡੇ ਸਮਾਜ ਦਾ ਸਰਮਾਇਆ ਬਜ਼ੁਰਗ ਅਣਗੌਲਿਆਂ ਹੋਣ ਤੋਂ ਬਚ ਸਕਦੇ ਹਨ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਸੁਤੰਤਰ ਅਧਿਆਪਕ

19 ਅਕਤੂਬਰ ਦੇ ਅੰਕ ਵਿਚ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਦੇ ਲੇਖ ‘ਇਕ ਮੰਜ਼ਰ ਇਹ ਵੀ’ ਵਿਚ ਅਧਿਆਪਕ ਵਰਗ ਅਤੇ ਸਿੱਖਿਆ ਵਿਭਾਗ ਦੀ ਅਸਲ ਹਾਲਤ ਬਿਆਨ ਕੀਤੀ ਹੈ। ਸਾਡਾ ਅਧਿਆਪਕ ਵਰਗ ਯੋਗ ਅਤੇ ਸੂਝਵਾਨ ਹੋਣ ਦੇ ਨਾਲ ਨਾਲ ਆਪਣੇ ਕੰਮ ਲਈ ਇਮਾਨਦਾਰ ਹੈ ਜੋ ਵਿਦਿਆਰਥੀਆਂ ਅਤੇ ਸਮਾਜ ਦਾ ਭਵਿੱਖ ਸੁਧਾਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਪਰ ਤ੍ਰਾਸਦੀ ਇਹ ਹੈ ਕਿ ਸਿੱਖਿਆ ਵਿਭਾਗ ਤੋਂ ਲੈ ਕੇ ਸਕੂਲੀ ਪੱਧਰ ਤਕ ਸਿਫ਼ਾਰਸ਼ਾਂ ਅਤੇ ਸਿਆਸੀ ਦਖ਼ਲ ਕਾਰਨ ਅਧਿਆਪਕ ਕਠਪੁਤਲੀ ਬਣ ਰਿਹਾ ਹੈ ਜੋ ਸਮਾਜ ਲਈ ਖ਼ਤਰਾ ਸਾਬਤ ਹੋਵੇਗਾ। ਜ਼ਰੂਰਤ ਹੈ, ਅਧਿਆਪਕ ਨੂੰ ਉਸ ਦੇ ਅਸਲ ਕੰਮ ਲਈ ਪੂਰਾ ਮੌਕਾ ਅਤੇ ਮਾਹੌਲ ਦਿੱਤਾ ਜਾਵੇ। ਸੁਤੰਤਰ ਰੂਪ ਵਿਚ ਵਿਚਰਦਾ ਅਧਿਆਪਕ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ।
ਸ਼ਮਿੰਦਰ ਕੌਰ, ਸ੍ਰੀ ਮੁਕਤਸਰ ਸਾਹਿਬ


ਤਰੱਕੀ ਦੀ ਹਕੀਕਤ

18 ਅਕਤੂਬਰ ਨੂੰ ਡਾ. ਐੱਸ ਐੱਸ ਛੀਨਾ ਦਾ ਲੇਖ ‘ਵੱਡੀ ਆਰਥਿਕਤਾ ਅਤੇ ਵੱਡੀ ਨਾ-ਬਰਾਬਰੀ’ ਅੱਖਾਂ ਖੋਲ੍ਹਣ ਵਾਲਾ ਹੈ। ਇਕ ਪਾਸੇ ਮੁਲਕ ਦੀ ਤਰੱਕੀ ਦੇ ਹੋਕਰੇ ਵੱਜ ਰਹੇ ਹਨ; ਦੂਜੇ ਪਾਸੇ ਆਰਥਿਕ ਨਾ-ਬਰਾਬਰੀ ਕਾਰਨ ਅਵਾਮ ਦਾ ਵੱਡਾ ਹਿੱਸਾ ਮੁਸ਼ਕਿਲਾਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਹ ਸਾਡੇ ਮੁਲਕ ਦੀ ਤਰੱਕੀ ਦੀ ਹਕੀਕਤ ਹੈ।
ਕਸ਼ਮੀਰ ਸਿੰਘ, ਮਾਨਸਾ

ਪਾਠਕਾਂ ਦੇ ਖ਼ਤ Other

Oct 27, 2022

ਖਿਆਲੀ ਖੌਫ਼

26 ਅਕਤੂਬਰ ਨੂੰ ਛਪਿਆ ਮਿਡਲ ‘ਖੌਫ਼ ਭਰਿਆ ਸਫ਼ਰ’ ਬੇਤੁੱਕਾ ਸੀ। ਇਸ ਵਿਚ ਉੱਚ ਮੱਧ ਵਰਗੀ ਸ਼ਖ਼ਸ ਦੇ ਮਨ ਅੰਦਰਲੇ ਕਲਪਿਤ ਡਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਲੇਖਕ ਪਹਿਲਾਂ ਪੜ੍ਹੀ ਸੁਣੀ ਘਟਨਾ ਦੇ ਅਸਰ ਹੇਠ ਦਾਰਜਲਿੰਗ ਦੇ ਇਕ ਨੌਜਵਾਨ ਟੈਕਸੀ ਡਰਾਈਵਰ ਬਾਰੇ ਆਪਣੇ ਮਨ ਵਿਚ ਸ਼ੱਕ ਪਾਲ ਕੇ ਪੂਰੇ ਟੂਰ ਦੌਰਾਨ ਖਾਹ-ਮਖਾਹ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ੂਨ ਸੁਕਾਉਂਦਾ ਰਿਹਾ। ਇਹ ਰਚਨਾ ਸੈਰ ਸਫ਼ਰ ’ਤੇ ਨਿਕਲਣ ਵਾਲੇ ਲੋਕਾਂ ਦੇ ਦਿਲਾਂ ਅੰਦਰ ਬਿਨਾ ਵਜ੍ਹਾ ਕਲਪਿਤ ਡਰ ਅਤੇ ਸ਼ੱਕ ਉਪਜਾਉਣ ਵਾਲੀ ਜਾਪਦੀ ਹੈ।

ਸੁਖਦਰਸ਼ਨ ਸਿੰਘ ਨੱਤ, ਮਾਨਸਾ


ਨਿਆਂ ਪ੍ਰਣਾਲੀ ’ਤੇ ਸਵਾਲ

24 ਅਕਤੂਬਰ ਦਾ ਸੰਪਾਦਕੀ ‘ਵਿਹਾਰਕ ਮੁਸ਼ਕਿਲਾਂ’ ਵਿਚ ਨਿਆਂ ਪ੍ਰਣਾਲੀ ਅਤੇ ਪੁਲੀਸ ਪ੍ਰਬੰਧ ’ਤੇ ਸਹੀ ਸਵਾਲ ਉਠਾਏ ਹਨ। ਅਸਲੀਅਤ ਇਹ ਹੈ ਕਿ ਸੁਪਰੀਮ ਕੋਰਟ ਨੂੰ ਸਰਕਾਰਾਂ ਦੀਆਂ ਧੱਕੇਸ਼ਾਹੀਆਂ, ਬੇਇਨਸਾਫ਼ੀਆਂ ਅਤੇ ਨਾਕਾਮੀਆਂ ਦੇ ਖਿਲਾਫ਼ ਕਦੇ ਕਦੇ ਗੁੱਸਾ ਜ਼ਰੂਰ ਆਉਂਦਾ ਹੈ ਪਰ ਇਸ ਨੇ ਸਬੰਧਿਤ ਪੁਲੀਸ ਸਿਵਲ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਕਦੇ ਜੁਰਅਤ ਨਹੀਂ ਦਿਖਾਈ। ਸਿਰਫ਼ ਸਖ਼ਤ ਟਿੱਪਣੀਆਂ ਕਰਨ ਨਾਲ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਸਕਦਾ। ਸੰਵਿਧਾਨ ਦੀ ਧਾਰਾ 51-ਏ (ਐਚ) ਅਨੁਸਾਰ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹਰ ਭਾਰਤੀ ਨਾਗਰਿਕ ਦਾ ਫਰਜ਼ ਹੈ ਪਰ ਇਸ ਦੇ ਬਿਲਕੁਲ ਉਲਟ ਭਾਜਪਾ-ਆਰਐੱਸਐੱਸ ਵਰਗੇ ਸੰਗਠਨ ਸੱਤਾ ’ਤੇ ਕਾਬਜ਼ ਹੋਣ ਲਈ ਨਫ਼ਰਤ ਫੈਲਾਅ ਰਹੇ ਹਨ। ਅਜਿਹੇ ਅਨਸਰਾਂ ਵੱਲੋਂ ਕੁਝ ਸਾਲ ਪਹਿਲਾਂ ਤਰਕਸ਼ੀਲ ਆਗੂ ਨਰਿੰਦਰ ਦਾਭੋਲਕਰ, ਪ੍ਰੋ. ਐਮ.ਐਮ ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਪਰ ਪੁਲੀਸ ਨੇ ਅਸਲ ਦੋਸ਼ੀਆਂ ਨੂੰ ਅੱਜ ਤਕ ਗ੍ਰਿਫ਼ਤਾਰ ਨਹੀਂ ਕੀਤਾ, ਸਜ਼ਾ ਮਿਲਣੀ ਤਾਂ ਬਹੁਤ ਦੂਰ ਦੀ ਗੱਲ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


ਨਹਿਰੀ ਪਾਣੀ ਦਾ ਮਸਲਾ

24 ਅਕਤੂਬਰ ਨੂੰ ਪ੍ਰੋ. ਗੁਰਵੀਰ ਸਿੰਘ ਸਰੌਦ ਦੇ ਲੇਖ ‘ਖੇਤੀਬਾੜੀ ਲਈ ਨਹਿਰੀ ਪਾਣੀ ਸਮੇਂ ਦੀ ਲੋੜ’ ਵਿਚ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਜਿਸ ਕਾਰਨ ਖੇਤੀਬਾੜੀ ਦਾ ਪੱਧਰ ਦਿਨੋ-ਦਿਨ ਘਟ ਰਿਹਾ ਹੈ ਅਤੇ ਖੇਤੀ ਦੀ ਪੈਦਾਵਾਰ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਰ ਹੁਣ ਤਾਂ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਹੈ। ਦਿਨੋ-ਦਿਨ ਪਾਣੀ ਦੇ ਸੋਮੇ ਦੀ ਖ਼ਤਮ ਹੋ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਖੇਤੀ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤੀ ਪਾਣੀ ਦੇ ਨਾਲ ਨਾਲ ਨਹਿਰੀ ਪਾਣੀ ਨੂੰ ਵੀ ਖੇਤੀ ਵਿਚ ਵਰਤਿਆ ਜਾਵੇ ਤਾਂ ਜੋ ਫ਼ਸਲਾਂ ਤੋਂ ਵਧੇਰੇ ਝਾੜ ਲਿਆ ਜਾ ਸਕੇ।

ਗੁਰਦੀਪ ਕੌਰ, ਕੁਠਾਲਾ (ਮਾਲੇਰਕੋਟਲਾ)


ਮਨ ਦੀ ਵੇਦਨਾ

24 ਅਕਤੂਬਰ ਨੂੰ ਸ਼ਵਿੰਦਰ ਕੌਰ ਨੇ ‘ਸਦਾ ਸਲਾਮਤ’ ਵਿਚ ਆਪਣੇ ਮਨ ਦੀ ਵੇਦਨਾ ਨੂੰ ਕਲਮ ਦੀ ਆਵਾਜ਼ ਦਿੱਤੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸੇ ਖੁਸ਼ੀ ਮੌਕੇ ਜਾਂ ਤਿਉਹਾਰਾਂ ਦੇ ਸਬੰਧ ਵਿਚ ਨਿਕਲਦੇ ਨਗਰ ਕੀਰਤਨਾਂ, ਪ੍ਰਭਾਵ ਫੇਰੀਆਂ, ਝਾਕੀਆਂ ਆਦਿ ਮੌਕੇ ਦਿਖਾਵਾ ਕਰਦੇ ਹੋਏ ਆਤਿਸ਼ਬਾਜ਼ੀ ਚਲਾ ਕੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਕੁਦਰਤ ਨੂੰ ਪਲੀਤ ਕਰ ਕੇ ਮਾਲੀ-ਜਾਨੀ ਨੁਕਸਾਨ ਵੀ ਕਰ ਰਹੇ ਹਾਂ।

ਕੁਲਮਿੰਦਰ ਕੌਰ, ਮੁਹਾਲੀ


ਸਿੱਖਿਆ ਦੇ ਸਬਕ

22 ਅਕਤੂਬਰ ਨੂੰ ਅਵਿਜੀਤ ਪਾਠਕ ਦਾ ਲੇਖ ‘ਪਿੰਡ ਦੇ ਬੱਚਿਆਂ ਤੋਂ ਸਿੱਖੇ ਸਬਕ’ ਪੜ੍ਹਨ ਨੂੰ ਮਿਲਿਆ। ਲੇਖ ਅਜੋਕੇ ਦੌਰ ਵਿਚ ਸਿੱਖਿਆ ਦੇ ਸਰੋਕਾਰਾਂ ਨੂੰ ਬੜੀ ਸਹਿਜਤਾ ਨਾਲ ਬਿਆਨ ਕਰਨਾ ਵਾਲਾ ਸੀ। ਸਿੱਖਿਆ, ਗਿਆਨ ਜਾਂ ਬੁੱਧੀਮਤਾ ਕਦੇ ਵੀ ਜਾਤ-ਪਾਤ ਜਾਂ ਅਮੀਰੀ-ਗ਼ਰੀਬੀ ਦੀਆਂ ਹੱਦਾਂ ਵਿਚ ਬੰਨ੍ਹੀ ਨਹੀਂ ਜਾ ਸਕਦੀ ਬਾਸ਼ਰਤੇ ਹਰ ਮਨੁੱਖ ਨੂੰ ਲੋੜੀਂਦਾ ਮਾਹੌਲ ਅਤੇ ਮੌਕੇ ਮਿਲਣ। ਸਹੀ ਅਰਥਾਂ ’ਚ ਅਧਿਆਪਕ ਹੁੰਦਾ ਹੀ ਉਹ ਹੈ ਜਿਹੜਾ ਸਾਰੀ ਉਮਰ ਖ਼ੁਦ ਵਿਦਿਆਰਥੀ ਬਣਿਆ ਰਹਿੰਦਾ ਹੈ। ਲੇਖ ਇਹ ਮੁੱਦਾ ਗੰਭੀਰਤਾ ਨਾਲ ਉਠਾਉਂਦਾ ਹੈ ਕਿ ਸਿੱਖਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ।

ਗੁਰਨੈਬ ਸਿੰਘ ਮਘਾਣੀਆਂ, ਮਾਨਸਾ


ਸਿਹਤਮੰਦ ਵਾਤਾਵਰਨ

22 ਅਕਤੂਬਰ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਫ਼ੈਸਲਾ ਬਦਲ ਗਿਆ’ ਸਿਰਫ਼ ਬੱਚਿਆਂ ਲਈ ਨਹੀਂ, ਵੱਡਿਆਂ ਲਈ ਵੀ ਸਿੱਖਿਆਦਾਇਕ ਸੁਨੇਹਾ ਹੈ। ਜੇ ਅਸੀਂ ਵਾਤਾਵਰਨ ਨੂੰ ਸਿਹਮੰਦ ਬਣਾਉਣਾ ਚਾਹੁੰਦੇ ਹਾਂ ਤਾਂ ਆਤਿਸ਼ਬਾਜ਼ੀ ਬਾਰੇ ਫ਼ੈਸਲਾ ਬਦਲਣਾ ਹੀ ਪੈਣਾ ਹੈ। ਇਸੇ ਦਿਨ ਪਹਿਲੇ ਪੰਨੇ ਉੱਤੇ ਬਲਾਤਕਾਰੀਆਂ ਅਤੇ ਧਰਮ ਦੇ ਨਾਂ ਉੱਤੇ ਜਨਤਾ ਨੂੰ ਲੜਾਉਣ ਵਾਲਿਆਂ ਲਈ ਸੁਪਰੀਮ ਕੋਰਟ ਦਾ ਫ਼ੈਸਲਾ ਸ਼ਲਾਘਾ ਵਾਲਾ ਹੈ।

ਡਾ. ਤਰਲੋਚਨ ਕੌਰ, ਪਟਿਆਲਾ


ਬੌਧਿਕ ਵਿਕਾਸ

22 ਅਕਤੂਬਰ ਦੇ ਅੰਕ ਵਿਚ ਡਾ. ਖੁਸ਼ਹਾਲ ਸਿੰਘ ਦਾ ਲੇਖ ‘ਪੰਥ, ਗ੍ਰੰਥ ਅਤੇ ਸਿੱਖ ਪਛਾਣ ਦੀ ਮਜ਼ਬੂਤੀ’ ਪੜ੍ਹਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਲਹਿਰ ਵਿਚ ਆਏ ਵਿਕਾਰਾਂ ਦਾ ਜ਼ਿਕਰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਿੱਖਾਂ ਦੇ ਬੌਧਿਕ ਵਿਕਾਸ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ਹੈ। ਸਿੱਖ ਸਿਧਾਂਤਾਂ ਅਤੇ ਧਾਰਮਿਕ ਗ੍ਰੰਥਾਂ ਦੀ ਮੁੜ ਛਾਣਬੀਣ, ਜਾਤ ਪਾਤ ਦਾ ਬੀਜ ਨਾਸ਼, ਡੇਰਾਵਾਦੀਆਂ ਦੇ ਵਧਦੇ ਪ੍ਰਭਾਵ ਆਦਿ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨ ਸਾਰਥਿਕ ਹਨ।

ਸਾਗਰ ਸਿੰਘ ਸਾਗਰ, ਬਰਨਾਲਾ


ਅਮਲਾਂ ਦੇ ਨਿਬੇੜੇ

26 ਅਕਤੂਬਰ ਦਾ ਸੰਪਾਦਕੀ ‘ਨਵਾਂ ਪ੍ਰਧਾਨ ਮੰਤਰੀ’ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਜਿਹੜੇ ਲੋਕ ਰਿਸ਼ੀ ਸੂਨਕ ਦੇ ਭਾਰਤੀ, ਪਾਕਿਸਤਾਨੀ, ਏਸ਼ਿਆਈ ਮੂਲ ਹੋਣ ’ਤੇ ਕੱਛਾਂ ਵਜਾ ਰਹੇ ਹਨ, ਉਨ੍ਹਾਂ ਨੂੰ ਉਹਦੀਆਂ ਨੀਤੀਆਂ ਅਤੇ ਅਮਲਾਂ ਬਾਰੇ ਜ਼ਰੂਰ ਘੋਖ ਕਰਨੀ ਚਾਹੀਦੀ ਹੈ। ਮੂਲ ਰੂਪ ਵਿਚ ਉਹ ਅਮੀਰ ਲੋਕਾਂ ਦਾ ਅਰਬਪਤੀ ਮਿੱਤਰ ਅਤੇ ਰਖਵਾਲਾ ਹੈ। ਉਹਦੀ ਇਸ ਗੱਲ ਨੂੰ ਉਭਾਰਨਾ ਕਿ ਕੋਵਿਡ ਦੌਰਾਨ ਉਸ ਨੇ ਬਹੁਤ ਕੰਮ ਕੀਤਾ, ਅਸਲ ਵਿਚ ਸਰਕਾਰ ਦਾ ਬਚਾਅ ਕਰ ਕੇ ਭਰਮ ਸਿਰਜਣ ਬਰਾਬਰ ਹੈ। ਲੱਖਾਂ ਲੋਕ ਕੋਵਿਡ ਦੌਰਾਨ ਮਾਰੇ ਗਏ, ਬੇਰੁਜ਼ਗਾਰ ਹੋ ਗਏ, ਉਨ੍ਹਾਂ ਬਾਰੇ ਲੰਮੀ ਚੁੱਪ ਹੈ। ਯੂਕੇ ਇਸ ਵੇਲੇ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਸੰਕਟ ਦੀ ਨਿਸ਼ਾਨਦੇਹੀ ਦੇ ਬਾਵਜੂਦ ਬਹੁਤੇ ਭਲੇ ਦੀ ਆਸ ਨਹੀਂ ਕਿਉਂਕਿ ਨਵਾਂ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਉਨ੍ਹਾਂ ਅਮੀਰ ਧਿਰਾਂ ਨਾਲ ਖੜ੍ਹਾ ਹੈ ਜਿਨ੍ਹਾਂ ਲਈ ਉਸ ਨੇ ਉਸ ਜ਼ਮੀਨ ਨੂੰ ਹੋਰ ਜ਼ਰਖੇਜ਼ ਬਣਾਉਣ ਹੈ ਜਿਸ ਲਈ ਇਹ ਜਮਾਤ ਆਸਵੰਦ ਹੈ। ਗ਼ਰੀਬ ਜਨਤਾ ਨੂੰ ਬਹੁਤੀ ਆਸ ਨਹੀਂ। ਦੁਨੀਆ ਵਿਚ ਸਾਮਰਾਜਵਾਦੀ ਤਾਕਤਾਂ ਦਾ ਜੋੜ ਮਜ਼ਬੂਤ ਹੋਣਾ ਗ਼ਰੀਬਾਂ ਲਈ ਹੋਰ ਆਫ਼ਤਾਂ ਪੈਦਾ ਕਰੇਗਾ।

ਪਰਮਜੀਤ ਢੀਂਗਰਾ, ਈਮੇਲ

ਡਾਕ ਐਤਵਾਰ ਦੀ Other

Oct 23, 2022

ਚਰਚਾ ਦਾ ਵਿਸ਼ਾ

ਐਤਵਾਰ, 16 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਪੜ੍ਹਿਆ ਰਾਮਚੰਦਰ ਗੁਹਾ ਦਾ ਲੇਖ ‘ਅਜ਼ਾਦ ਸੋਚ ਤੋਂ ਕੌਣ ਡਰਦਾ ਹੈ’ ਚੰਗਾ ਲੱਗਿਆ। ਲੇਖਕ ਦੱਸਦਾ ਹੈ ਕਿ ਸਰਕਾਰਾਂ ’ਚ ਬੈਠੇ ਪੇਤਲੀ ਬੁੱਧੀ ਵਾਲੇ ਲੋਕ ਕਦੇ ਵੀ ਲਿਆਕਤ, ਬੁੱਧੀ, ਤੀਖਣਤਾ ਨੂੰ ਨੇੜੇ ਨਹੀਂ ਫਟਕਣ ਦਿੰਦੇ। ਦੇਸ਼ ਦੇ ਚੋਟੀ ਦੇ ਸਿੱਖਿਆ ਅਦਾਰਿਆਂ ਤੋਂ ਸਰਕਾਰਾਂ ਨੂੰ ਕਿਸ ਗੱਲ ਦਾ ਖ਼ਤਰਾ ਹੈ? ਵੱਡੇ-ਵੱਡੇ ਅਹੁਦੇ ਕਿਉਂ ਖਾਲੀ ਰੱਖੇ ਜਾ ਰਹੇ ਹਨ? ਮੰਤਰੀ ਪਦ ਦਾ ਇਕ ਅਹੁਦਾ ਖਾਲੀ ਹੋ ਜਾਵੇ ਤਾਂ ਅੱਧੀ ਰਾਤ ਨੂੰ ਉੱਠ ਕੇ ਭਰ ਲਿਆ ਜਾਂਦਾ ਹੈ। ਬੌਧਿਕ ਅਜ਼ਾਦੀ, ਬੋਲਣ ਦਾ, ਲਿਖਣ ਦਾ ਅਧਿਕਾਰ ਹੌਲੀ-ਹੌਲੀ ਕਰ ਕੇ ਕਿਉਂ ਖੋਹਿਆ ਜਾ ਰਿਹਾ ਹੈ? ਅੱਗੇ ਵਧਣ ਦੀ ਬਜਾਏ ਕਿਤੇ ਅਸੀਂ ਪਿਛਲਖੁਰੀਂ ਤਾਂ ਨਹੀਂ ਹੋ ਗਏ? ਬੌਧਿਕਤਾ ਦੇ ਆਸੇ-ਪਾਸੇ ਸੰਕੀਰਣਤਾ ਦੀਆਂ ਵਲਗਣਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਚੰਗੇ-ਚੰਗੇ ਸਿੱਖਿਅਕਾਂ ਨੂੰ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ? ਆਖ਼ਰ ਮਲੀਨ ਬੁੱਧੀ ਵਾਲੇ ਦੇਸ਼ ਨੂੰ ਕਿੱਥੇ ਲੈ ਜਾਣਗੇ। ਰਾਮਚੰਦਰ ਗੁਹਾ ਨੇ ਜੋ ਨੁਕਤੇ ਉਠਾਏ ਹਨ ਉਨ੍ਹਾਂ ਦੀ ਥਾਂ-ਥਾਂ ਚਰਚਾ ਹੋਣੀ ਚਾਹੀਦੀ ਹੈ।

ਡਾ. ਰਾਜਬਿੰਦਰ ਸਿੰਘ ਸੂਰੇਵਾਲੀਆ, ਈ-ਮੇਲ

ਪੰਜਾਬੀ ’ਚ ਵਿਗਿਆਨਕ ਵਾਰਤਕ

ਐਤਵਾਰ, 9 ਅਕਤੂਬਰ ਨੂੰ ਪ੍ਰੋ. ਅਰਵਿੰਦ ਦਾ ਪ੍ਰਕਾਸ਼ਿਤ ਲੇਖ ‘ਸੂਖ਼ਮ ਦੀ ਦੁਨੀਆਂ ਦੇ ਰਹੱਸਮਈ ਪਹਿਲੂ’ ਪੰਜਾਬੀ ਵਿਗਿਆਨਕ ਵਾਰਤਕ ਦੇ ਵਿਕਾਸ ਦੀਆਂ ਨਵੀਆਂ ਸੰਭਾਨਾਵਾਂ ਪੈਦਾ ਕਰਦਾ ਹੈ। ਲੇਖ ਅਧੀਨ ਪ੍ਰੋ. ਅਰਵਿੰਦ ਨੇ ਕੁਆਂਟਮ ਭੌਤਿਕ ਵਿਗਿਆਨ ਨਾਲ ਸਬੰਧਿਤ ਖੋਜ ਦੇ ਇਤਿਹਾਸਕ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਵਿਗਿਆਨੀਆਂ ਦੀਆਂ ਖੋਜਾਂ ਦੇ ਸਿੱਟਿਆਂ ਨੂੰ ਰੌਚਕਤਾ ਨਾਲ ਪ੍ਰਗਟਾਉਂਦਿਆਂ ਵਿਗਿਆਨਕ ਸੰਕਲਪਾਂ/ਸਿਧਾਂਤਾਂ ਨੂੰ ਸਰਲਤਾ ਨਾਲ ਸਮਝਾਇਆ ਗਿਆ ਹੈ। ਵਿਗਿਆਨਕ ਪਦਾਂ ਅਤੇ ਸ਼ਬਦਾਵਲੀ ਨੂੰ ਸਿੱਧੇ ਰੂਪ ਵਿਚ ਵਰਤਿਆ ਗਿਆ ਹੈ ਜਿਸ ਨਾਲ ਪਾਠਕਾਂ ਅੰਦਰ ਵਿਗਿਆਨਕ ਚੇਤਨਾ ਦੀ ਉਸਾਰੀ ਹੁੰਦੀ ਹੈ। ਵਿਗਿਆਨਕ ਸਿਧਾਂਤ/ਸੰਕਲਪ ਨੂੰ ਸਪੱਸ਼ਟ ਕਰਨ ਲਈ ਪੰਜਾਬੀ ਸੱਭਿਆਚਾਰ ’ਚੋਂ ਸੰਵਾਦ ਰਚਾਏ ਗਏ ਹਨ। ਪੰਜਾਬੀ ਮੁਹਾਂਦਰੇ ਦੇ ਅਨੁਕੂਲ ਸ਼ਬਦਾਵਲੀ ਅਤੇ ਵਾਕ ਬਣਤਰਾਂ ਰਾਹੀਂ ਪ੍ਰੋ. ਅਰਵਿੰਦ ਨੇ ਵਿਸ਼ੇ ਨੂੰ ਸੰਜਮ ਨਾਲ ਨਿਭਾਇਆ ਹੈ। ਵਿਗਿਆਨਕ ਪਾਸਾਰਾਂ ਨੂੰ ਕੇਂਦਰ ਵਿਚ ਰੱਖਦਿਆਂ ਵਿਗਿਆਨ ਦੀ ਖੋਜ ਪ੍ਰਤੀ ਅਜਿਹੀ ਵਾਰਤਕ ਮਹੱਤਵਪੂਰਨ ਸਿੱਧ ਹੁੰਦੀ ਹੈ। ਭੌਤਿਕ ਵਿਗਿਆਨ ਵਿਸ਼ੇ ਦੀ ਸਪੱਸ਼ਟਤਾ ਅਤੇ ਠੇਠ ਪੰਜਾਬੀ ਮੁਹਾਂਦਰੇ ਅਨੁਸਾਰ ਪੇਸ਼ਕਾਰੀ ਰਾਹੀਂ ਪ੍ਰੋ. ਅਰਵਿੰਦ ਦੀ ਪੰਜਾਬੀ ਵਿਗਿਆਨਕ ਵਾਰਤਕ ਵਿਲੱਖਣ ਸ਼ੈਲੀ ਦੀ ਧਾਰਨੀ ਸਿੱਧ ਹੁੰਦੀ ਹੈ।

ਡਾ. ਨਵਿੰਦਰ ਸਿੰਘ ਪੰਧੇਰ, ਧੂਰੀ (ਸੰਗਰੂਰ)

ਪਾਠਕਾਂ ਦੇ ਖ਼ਤ Other

Oct 22, 2022

ਵੰਡ ਪਾਊ ਸਿਆਸਤ ਅਤੇ ਸਿਆਸੀ ਸਰਪ੍ਰਸਤੀ

ਡਾ. ਅਰੁਣ ਮਿਤਰਾ ਨੇ 18 ਅਕਤੂਬਰ ਦੇ ਅੰਕ ਵਿਚ ਆਪਣੀ ਅਤੇ ਡਾਕਟਰੀ ਭਾਈਚਾਰੇ ਦੀ ਮਾਨਵਪ੍ਰਸਤ ਹੋਣ ਦੀ ਦਲੀਲ ਇਤਿਹਾਸਕ ਹਵਾਲਿਆਂ ਨਾਲ ਪੇਸ਼ ਕੀਤੀ ਹੈ। ਜੇਕਰ ਅਸੀਂ ਗੰਭੀਰਤਾ ਨਾਲ ਵੀ ਵਿਚਾਰੀਏ ਤਾਂ ਆਮ ਤੌਰ ’ਤੇ ਸਾਰੇ ਧਰਮ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।।’ ਦੀ ਬੁਨਿਆਦ ’ਤੇ ਖੜ੍ਹੇ ਹਨ। ਭੋਲੇ ਭਾਲੇ ਲੋਕਾਂ ਵਿਚ ਵੰਡੀਆਂ ਪਾ ਕੇ ਆਪਣਾ ਸੁਆਰਥ ਪੂਰਾ ਕਰਨ ਵਾਲਿਆਂ ਦਾ ਮਾਨਵ ਪੱਖੀ ਵਿਚਾਰਧਾਰਾ ਨਾਲ ਟਕਰਾਓ ਅਸੀਂ ਰੋਜ਼ ਦੇਖਦੇ, ਪੜ੍ਹਦੇ ਸੁਣਦੇ ਹਾਂ। ਇਸ ਦਾ ਅਮਲੀ ਰੂਪ ਇਕ ਸਾਲ ਚੱਲੇ ਕਿਸਾਨ ਮੋਰਚੇ ਨੇ ਦਿੱਲੀ ਦੀਆਂ ਦਹਿਲੀਜ਼ਾਂ ’ਤੇ ਰੂਪਮਾਨ ਕੀਤਾ। ਇਕ ਧਿਰ ਵੱਲੋਂ ਜਾਤ, ਨਸਲ, ਕਿੱਤਾ, ਇਲਾਕਾ, ਸਿਆਸੀ ਸੋਚ ਇਕ ਪਾਸੇ ਰੱਖ ਕੇ ਸੰਘਰਸ਼ ਲੜਿਆ ਜਾ ਰਿਹਾ ਸੀ; ਦੂਜੇ ਪਾਸੇ ਇਨ੍ਹਾਂ ਬੁਨਿਆਦਾਂ ’ਤੇ ਵੰਡੀਆਂ ਪਾ ਕੇ ਇਸ ਨੂੰ ਖਤਮ ਕਰਨ ਦੀਆਂ ਨਫ਼ਰਤੀ ਤਜਵੀਜ਼ਾਂ ਵਿਚਾਰੀਆਂ ਜਾ ਰਹੀਆਂ ਸਨ। ਆਖ਼ਿਰਕਾਰ ਮਾਨਵ ਪੱਖੀ ਸੋਚ ਪ੍ਰਵਾਨ ਚੜ੍ਹੀ। ਵੰਡੀਆਂ ਪਾ ਕੇ ਨਫ਼ਰਤ ਫੈਲਾਉਣ ਵਾਲੀ ਸੋਚ ਮੁਕੰਮਲ ਤੌਰ ’ਤੇ ਖਤਮ ਹੋ ਜਾਵੇ, ਇਹ ਸੰਭਵ ਨਹੀਂ ਜਾਪਦਾ ਪਰ ਇਸ ਸੋਚ ਨੂੰ ਰਾਜਸੀ ਸਰਪ੍ਰਸਤੀ ਨਾ ਮਿਲੇ, ਇਸ ਮਾਮਲੇ ਵਿਚ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।
ਅਮਰਜੀਤ ਸਿੰਘ, ਸਿਹੌੜਾ (ਲੁਧਿਆਣਾ)


ਝੱਖੜਾਂ ਦੇ ਝੰਬੇ ਜੀਅ

ਨਜ਼ਰੀਆ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦੀ ਰਚਨਾ ‘ਧਰਤੀ ਦਾ ਭਾਰ’ (21 ਅਕਤੂਬਰ) ਵਿਚ ਦਫ਼ਤਰਾਂ ਵਿਚ ਬਜ਼ੁਰਗਾਂ ਦੀ ਖੱਜਲ-ਖੁਆਰੀ ਅਤੇ ਨਸ਼ਿਆਂ ਦੀ ਆਦਤ ਕਾਰਨ ਪਰਿਵਾਰ ਅਤੇ ਭਵਿੱਖ ਤਬਾਹ ਹੋਣ ਬਾਬਤ ਚਿੰਤਾ ਪ੍ਰਗਟ ਕੀਤੀ ਗਈ ਹੈ। ਝੱਖੜਾਂ ਦੇ ਝੰਬੇ ਰੁੱਖਾਂ ਵਰਗੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਾ ਹੀ ਨਿਗੂਣਾ ਜਿਹਾ ਸਹਾਰਾ ਹੁੰਦਾ ਹੈ ਜਿਸ ਲਈ ਉਸ ਨੂੰ ਬੈਂਕ ਕਰਮਚਾਰੀਆਂ ਦੇ ਹਾੜ੍ਹੇ ਕੱਢਣੇ ਪੈਂਦੇ ਹਨ।
ਤਰਸੇਮ ਸਹਿਗਲ, ਪਿੰਡ ਮਹੈਣ (ਰੂਪਨਗਰ)

(2)

21 ਅਕਤੂਬਰ ਨੂੰ ਛਪੀ ਰਚਨਾ ‘ਧਰਤੀ ਦਾ ਭਾਰ’ (ਅਮਰਿੰਦਰ ਸਿੰਘ ਮਾਨ) ਬਹੁਤ ਪਿਆਰੀ ਲੱਗੀ। ਖ਼ੁਦ ਇਕ ਸਰਕਾਰੀ ਨੌਕਰ ਹੋਣ ਕਰਕੇ ਅਜਿਹੀਆਂ ਬਹੁਤ ਘਟਨਾਵਾਂ ਦੇਖਣ ਨੂੰ ਮਿਲਦੀਆਂ। ਚਾਹ ਕੇ ਵੀ ਹਰ ਵਾਰ ਲੋਕਾਂ ਦੀ ਮਦਦ ਨਾ ਕਰ ਸਕਣਾ ਦੁਖਦਾਈ ਹੈ। ਹਰ ਘਟਨਾ ਮਨ ’ਤੇ ਗੂੜ੍ਹੀ ਛਾਪ ਜ਼ਰੂਰ ਛੱਡ ਜਾਂਦੀ ਹੈ।
ਗੁਰਪ੍ਰੀਤ ਸਿੰਘ, ਬਠਿੰਡਾ


ਕਿਸਾਨੀ ਸੰਕਟ

21 ਅਕਤੂਬਰ ਨੂੰ ਕਰਮ ਬਰਸਟ ਦਾ ਲੇਖ ‘ਛੋਟੀ ਕਿਸਾਨੀ ਦਾ ਸੰਕਟ ਅਤੇ ਨੀਤੀਘਾੜੇ’ ਮਿੱਟੀ ਫਰੋਲਣ ਵਾਲਾ ਹੈ। ਸੱਚਮੁੱਚ ਕਿਸਾਨੀ ਸੰਕਟ ਦੀ ਅਸਲ ਸਮੱਸਿਆ ਸਾਡੇ ਨੀਤੀਘਾੜਿਆਂ ਦੀ ਨੁਕਸਦਾਰ ਪਹੁੰਚ ਹੈ। ਉਨ੍ਹਾਂ ਦਾ ਇਹ ਸੁਝਾਅ ਵੀ ਸਾਰਥਿਕ ਹੈ ਕਿ ਹੁਣ ਸਿਆਸੀ ਚੇਤਨਾ ਅਤੇ ਵਿਸ਼ਾਲ ਆਧਾਰ ਵਾਲੀ ਜਥੇਬੰਦੀ ਹੀ ਕਿਸਾਨੀ ਦਾ ਬੇੜਾ ਪਾਰ ਲਾ ਸਕਦੀ ਹੈ। ਜੇ ਸਰਕਾਰਾਂ ਨੇ ਕੁਝ ਕਰਨਾ ਹੁੰਦਾ ਤਾਂ ਹੁਣ ਤਕ ਘੱਟੋ-ਘੱਟ ਕੋਈ ਕਾਰਗਰ ਨੀਤੀ ਬਣਾ ਲਈ ਹੁੰਦੀ।
ਕਸ਼ਮੀਰ ਸਿੰਘ, ਫਰੀਦਕੋਟ


ਜੰਗ ਨਾਲ ਤਬਾਹੀ

20 ਅਕਤੂਬਰ ਨੂੰ ਐੱਮਕੇ ਭੱਦਰਕੁਮਾਰ ਦੇ ਲੇਖ ‘ਯੂਕਰੇਨ ਜੰਗ ਜਿੱਤਣ ਵੱਲ ਵਧਿਆ ਰੂਸ’ ਵਿਚ ਅਮਰੀਕਾ ਦੀ ਕਰੂਰਤਾ ਬਾਰੇ ਚਰਚਾ ਹੈ। ਇਸ ਜੰਗ ਨਾਲ ਯੂਕਰੇਨ ਵਿਚ ਤਾਂ ਤਬਾਹੀ ਹੋਈ ਹੀ ਹੈ, ਸੰਸਾਰ ਦੇ ਵੱਖ ਵੱਖ ਮੁਲਕਾਂ ਉੱਤੇ ਵੀ ਵੱਖ ਵੱਖ ਪੱਖਾਂ ਤੋਂ ਇਸ ਜੰਗ ਦਾ ਅਸਰ ਪਿਆ ਹੈ। ਇਹ ਜੰਗ ਹੁਣ ਮੁੱਕਣੀ ਚਾਹੀਦੀ ਹੈ।
ਬੇਅੰਤ ਕੌਰ, ਪਟਿਆਲਾ


ਹੌਸਲਾ-ਅਫ਼ਜ਼ਾਈ

ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਇਕ ਮੰਜ਼ਰ ਇਹ ਵੀ’ (20 ਅਕਤੂਬਰ) ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਨਕਲ ਦਾ ਰੋਗ ਸਾਡੇ ਵਿਦਿਆਰਥੀਆਂ ਦੇ ਭਵਿੱਖ ਨੂੰ ਕੈਂਸਰ ਵਾਂਗ ਖਾ ਰਿਹਾ ਹੈ। ਅਸਰ-ਰਸੂਖ਼ ਵਾਲੇ ਲੋਕ ਆਪਣੇ ਕਾਕਿਆਂ ਨੂੰ ਨਕਲ ਕਰਵਾ ਕੇ ਪਾਸ ਕਰਵਾਉਣ ਵਿਚ ਆਪਣੀ ਸ਼ਾਨ ਸਮਝਦੇ ਹਨ। ਨਕਲ ਰੋਕਣ ਅਤੇ ਅਜਿਹੀਆਂ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਜੂਝਾਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਆਰਥਿਕ ਮੰਦੀ

13 ਅਕਤੂਬਰ ਨੂੰ ਟੀਐੱਨ ਨੈਨਾਨ ਦਾ ਲੇਖ ‘ਆਰਥਿਕ ਮੰਦੀ ਦੇ ਲੱਛਣ ਨਜ਼ਰ ਆਉਣ ਲੱਗੇ’ ਪੜ੍ਹਿਆ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਆਖ਼ਿਰ ਕਦੋਂ ਤਕ ਲੋਕਾਂ ਤੋਂ ਅੰਕੜੇ ਲੁਕੋ ਕੋ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਰਹਿਣਗੇ। ਮੁਲਕ ਹਰ ਪੱਖ ਤੋਂ ਨਿਘਾਰ ਵੱਲ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵਿਸ਼ਵ ਗੁਰੂ ਦੇ ਦਾਅਵੇ ਕਰਨ ਤੋਂ ਹਟਦੀ ਨਹੀਂ। ਆਰਥਿਕ ਮੰਦੀ ਨੇ ਆਮ ਲੋਕਾਂ ਦਾ ਜੀਣਾ ਹੋਰ ਮੁਸ਼ਕਿਲ ਬਣਾ ਦੇਣਾ ਹੈ।
ਨਵਨੀਤ ਕੌਰ ਚਹਿਲ, ਮਾਨਸਾ


ਖੋਖਲੇ ਬਿਆਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੌਰੇ ਮੌਕੇ ਸਿਆਸੀ ਪਾਰਟੀਆਂ ਉੱਤੇ ਦੋਸ਼ ਲਾਇਆ ਕਿ ਇਹ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਹਨ। ਜਦੋਂ ਤੋਂ ਧਾਰਾ 370 ਖਤਮ ਕੀਤੀ ਹੈ; ਕਸ਼ਮੀਰੀ ਪੰਡਤਾਂ, ਪੁਲੀਸ ਮੁਲਾਜ਼ਮਾਂ, ਸਿਆਸੀ ਕਾਰਕੁਨਾਂ ਅਤੇ ਪਰਵਾਸੀ ਮਜ਼ਦੂਰਾਂ ਦੇ ਕਤਲ ਲਗਾਤਾਰ ਹੋ ਰਹੇ ਹਨ। ਸਰਕਾਰ ਵਾਦੀ ਵਿਚ ਦਹਿਸ਼ਤਗਰਦੀ ਨੂੰ ਨੱਥ ਪਾਉਣ ਵਿਚ ਅਸਫ਼ਲ ਰਹੀ ਹੈ। ਕੇਂਦਰ ਸਰਕਾਰ ਇਉਂ ਖੋਖਲੇ ਬਿਆਨਾਂ ਰਾਹੀਂ ਖੇਤਰੀ ਲੀਡਰਾਂ ਨੂੰ ਬਦਨਾਮ ਨਹੀਂ ਕਰ ਸਕਦੀ।
ਐੱਸਕੇ ਖੋਸਲਾ, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Oct 21, 2022

ਵਧਦੇ ਨਸ਼ੇ

20 ਅਕਤੂਬਰ ਦਾ ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਵਧ ਰਹੀ ਆਦਤ ਕਾਰਨ ਉਨ੍ਹਾਂ ਦੇ ਭਵਿੱਖ ਦੇ ਤਬਾਹ ਹੋਣ ’ਤੇ ਚਿੰਤਾ ਪ੍ਰਗਟ ਕਰਨ ਵਾਲਾ ਸੀ। ਸਮੇਂ ਸਮੇਂ ’ਤੇ ਵੱਖ ਵੱਖ ਸਰਕਾਰਾਂ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਵਪਾਰ ਅਤੇ ਇਸਤੇਮਾਲ ਨੂੰ ਰੋਕਣ ਵਾਸਤੇ ਵਾਅਦੇ ਤਾਂ ਕੀਤੇ ਲੇਕਿਨ ਇਸ ਗ਼ੈਰ-ਕਾਨੂੰਨੀ ਧੰਦੇ ਨੂੰ ਚਲਾਉਣ ਵਾਸਤੇ ਅਲੱਗ ਅਲੱਗ ਏਜੰਸੀਆਂ ਦੀ ਮਿਲੀਭਗਤ ਕਾਰਨ ਕੁਝ ਨਹੀਂ ਹੋ ਸਕਿਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਇਸਤੇਮਾਲ ਅਤੇ ਵਪਾਰ ਖ਼ਿਲਾਫ਼ ਢੁਕਵੀਂ ਕਠੋਰ ਕਾਰਵਾਈ ਦੀ ਲੋੜ ਹੈ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)

ਇਹ ਮੰਜ਼ਰ

19 ਅਕਤੂਬਰ ਨੂੰ ਮਿਡਲ ‘ਇਕ ਮੰਜ਼ਰ ਇਹ ਵੀ’ ਵਿਚ ਪ੍ਰਿੰ. ਗੁਰਦੀਪ ਸਿੰਘ ਢੁੱਡੀ ਨੇ ਜੋ ਮੰਜ਼ਰ ਦਿਖਾਇਆ ਹੈ, ਉਹ ਅਸਲ ਵਿਚ ਆਪਣੇ ਪੰਜਾਬ ਦੀ ਤਰਾਸਦੀ ਹੈ। ਹੁੱਲੜਬਾਜ਼ੀ ਨੇ ਸਦਾ ਨੁਕਸਾਨ ਹੀ ਕੀਤਾ ਹੈ। ਇਸੇ ਕਰ ਕੇ ਅਜਿਹੇ ਮੌਕਿਆਂ ਉੱਤੇ ਹਰ ਸੰਜੀਦਾ ਸ਼ਖ਼ਸ ਨੂੰ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਹੁੱਲੜਬਾਜ਼ਾਂ ਨੂੰ ਹਾਸ਼ੀਏ ਉੱਤੇ ਸੁੱਟਿਆ ਜਾ ਸਕੇ।

ਕਰਨਜੀਤ ਸਿਘ ਸੰਧੂ, ਅੰਬਾਲਾ

ਮਾਰੂ ਨੀਤੀ

17 ਅਕਤੂਬਰ ਨੂੰ ਸੰਪਾਦਕੀ ‘ਜ਼ਿੰਮੇਵਾਰੀ ਨਿਭਾਉਣ ਦੀ ਲੋੜ’ ਪੜ੍ਹਿਆ। ਇਸ ਵਿਚ ਕੌਮਾਂਤਰੀ ਪੱਧਰ ’ਤੇ ਅਮਰੀਕਾ ਵੱਲੋਂ ਨਿਭਾਈ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ ਹੈ। ਪਾਕਿਸਤਾਨ ਅਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਫ਼ੌਜੀ ਤਾਨਾਸ਼ਾਹੀ ਨੂੰ ਹੱਲਾਸ਼ੇਰੀ ਦੇਣਾ ਅਤੇ ਹਥਿਆਰ ਵੇਚਣ ਲਈ ਮੁਲਕਾਂ ਨੂੰ ਗੁਮਰਾਹ ਕਰਨਾ (ਜਿਸ ਤਰ੍ਹਾਂ ਅੱਜ ਯੂਕਰੇਨ ਨਾਲ ਹੋ ਰਿਹਾ ਹੈ) ਅਮਰੀਕਾ ਦੀ ਨੀਤੀ ਰਹੀ ਹੈ। ਅਮਰੀਕਾ ਦੀ ਚੁੱਕ ’ਤੇ ਨਾਟੋ ਦੀ ਸਿੱਧੀ ਫ਼ੌਜੀ ਮਦਦ ਉਡੀਕਦਾ ਯੂਕਰੇਨ ਆਰਥਿਕ ਅਤੇ ਮਨੁੱਖੀ ਸ਼ਕਤੀ ਪੱਖੋਂ ਤਬਾਹ ਹੋ ਗਿਆ ਹੈ।

ਜਗਤਾਰ ਸਿੰਘ ਭੰਗੂ, ਮੱਲਵਾਲਾ (ਬਠਿੰਡਾ)

ਪਰਾਲੀ ਦਾ ਮਸਲਾ

17 ਅਕਤੂਬਰ ਨੂੰ ਸੰਪਾਦਕੀ ਪੰਨੇ ਉੱਪਰ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪਰਾਲੀ ਦੀ ਸਮੱਸਿਆ ਦਾ ਹੱਲ ਕੀ ਹੋਵੇ’ ਪੜ੍ਹਿਆ। ਪਰਾਲੀ ਨਜਿੱਠਣ ਦਾ ਮਸਲਾ ਹੁਣ ਹੋਰ ਗੰਭੀਰ ਹੋ ਗਿਆ ਹੈ। ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਨਾਲ ਵਾਤਾਵਰਨ ਖਰਾਬ ਹੁੰਦਾ ਹੈ। ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਸਰਕਾਰ ਇਸ ਬਾਰੇ ਜਲਦ ਤੋਂ ਜਲਦ ਪੁਖ਼ਤਾ ਇੰਤਜ਼ਾਮ ਕਰੇ।

ਗੁਰਦੀਪ ਕੌਰ, ਨਵਜੋਤ ਕੌਰ, ਕੁਠਾਲਾ (ਮਾਲੇਰਕੋਟਲਾ)

ਕਿੱਸਾ ਹੀਰ-ਰਾਂਝਾ

15 ਅਕਤੂਬਰ ਦੇ ਸਤਰੰਗ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦੀ ਰਚਨਾ ‘ਕਿੱਸਾ ਹੀਰ-ਰਾਂਝਾ ’ਤੇ ਪਹਿਲੀ ਬੋਲਦੀ ਹਿੰਦੀ ਫਿਲਮ’ ਬਹੁਤ ਵਧੀਆ ਲੱਗੀ। ਇਤਿਹਾਸ ਫਰੋਲਦਿਆਂ ਲੇਖਕ ਨੇ ਸਬੂਤਾਂ ਸਮੇਤ ਆਪਣੀ ਗੱਲ ਪਾਠਕਾਂ ਨਾਲ ਸਾਂਝੀ ਕੀਤੀ ਹੈ। ਲਾਹੌਰ ਵਿਚ

ਦਰਸ਼ਕਾਂ ਵਾਸਤੇ ਲੱਗੀ ਫਿਲਮ ਦੇ ਨਾਇਕ, ਨਾਇਕਾ ਅਤੇ ਇਸ ਦੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਹਿੰਦੀ ਸਿਨੇਮਾ ਦਾ ਇਤਿਹਾਸ ਕਿੰਨਾ ਪੁਰਾਣਾ ਹੈ। ਫਿਲਮਾਂ ਬਾਰੇ ਉਰਦੂ ਵਿਚ ਛਪਿਆ ਇਸ਼ਤਿਹਾਰ ਵੀ ਬਹੁਤ ਕੁਝ ਕਹਿੰਦਾ ਹੈ। ਇਹ ਸਿਨੇਮਾ ਘਰਾਂ ਵਿਚ ਵਿਗਿਆਨ ਅਤੇ ਤਕਨੀਕੀ ਸਾਜ਼ੋ-ਸਾਮਾਨ ਦੀ ਨਿਸ਼ਾਨਦੇਹੀ ਸੀ। ਸਿੱਖਾਂ ਅਤੇ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਲਾਹੌਰ ਸ਼ਹਿਰ ਹਰ ਪੱਖੋਂ ਚੜ੍ਹਦੀ ਕਲਾ ਵਿਚ ਰਿਹਾ, ਇਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਬਰਬਾਦੀ ਦੀ ਕਹਾਣੀ

13 ਅਕਤੂਬਰ ਨੂੰ ਇੰਟਰਨੈੱਟ ਪੰਨੇ ‘ਅਦਬੀ ਰੰਗ’ ਉੱਪਰ ਅੰਮ੍ਰਿਤ ਕੌਰ ਨੇ ‘ਉਮੀਦ ਜਾਗ ਪਈ’ ਕਹਾਣੀ ਰਾਹੀਂ ਜੀਵ ਜੰਤੂਆਂ, ਪੰਛੀਆਂ, ਰੁੱਖਾਂ, ਮਨੁੱਖ ਦੀ ਸਾਂਝ ਦੇ ਕੁਦਰਤੀ ਗੇੜ ਦੀ ਮਨੁੱਖੀ ਲਾਲਚ ਕਰਕੇ ਹੋ ਰਹੀ ਬਰਬਾਦੀ ਨੂੰ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਨਾਲ ਉਮੀਦ ਵੀ ਜਤਾਈ ਹੈ ਕਿ ਨਵਾਂ ਸਵੇਰਾ (ਨਵੀਂ ਪੀੜ੍ਹੀ) ਪ੍ਰਦੂਸ਼ਣ ਫੈਲਾਊ ਗਤੀਵਿਧੀਆਂ (ਪਰਾਲੀ/ਨਾੜ ਨੂੰ ਅੱਗ ਲਾਉਣ ਤੋਂ) ਰੋਕਣ ਲਈ ਅੱਗੇ ਆਵੇਗਾ। ਇਸੇ ਤਰ੍ਹਾਂ ਦੀਵਾਲੀ ਅਤੇ ਹੋਰ ਦਿਹਾੜਿਆਂ ’ਤੇ ਆਤਿਸ਼ਬਾਜ਼ੀ ਦਾ ਰੁਝਾਨ ਵੀ ਬੰਦ ਹੋਣਾ ਚਾਹੀਦਾ ਹੈ।

ਮਾਸਟਰ ਲਖਵਿੰਦਰ ਸਿੰਘ, ਰਈਆ ਹਵੇਲੀਆਣਾ (ਅੰਮ੍ਰਿਤਸਰ)

ਰਾਜਪਾਲ ਤੇ ਸਰਕਾਰ ਵਿਚਾਲੇ ਜੰਗ

12 ਅਕਤੂਬਰ ਦਾ ਸੰਪਾਦਕੀ ‘ਰਾਜਪਾਲ ਤੇ ਸਰਕਾਰ’ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਕਾਰ ਖਾਨਾਜੰਗੀ ਨੂੰ ਦਰਸਾਉਂਦਾ ਹੈ। ਪੰਜਾਬ ਸਰਕਾਰ ਤੇ ਰਾਜਪਾਲ ਦੀ ਇਹ ਜੰਗ ਸ਼ਾਇਦ ਆਉਣ ਵਾਲੇ ਸਮੇਂ ਵਿਚ ਛੇਤੀ ਸ਼ਾਂਤ ਨਾ ਹੋਵੇ। ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਨੂੰ ਸੁਲਝਾਉਣ ਤੋਂ ਪਹਿਲਾਂ ਰਾਜਪਾਲ ਨਾਲ ਆਪਣੇ ਰਿਸ਼ਤੇ ਸੁਧਾਰਨੇ ਚਾਹੀਦੇ ਹਨ। ਟਕਰਾਅ ਊਰਜਾ ਜ਼ਾਇਆ ਕਰੇਗਾ।

ਮੋਹਿਤ ਕੁਮਾਰ, ਈਮੇਲ

ਸ਼ਾਇਰ ਪ੍ਰੋ. ਮੋਹਨ ਸਿੰਘ ਦੇ ਰੰਗ

20 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਛਪੀ ਰਚਨਾ ‘ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਦਿਆਂ’ ਪੜ੍ਹੀ। ਪ੍ਰੋ. ਮੋਹਨ ਸਿੰਘ ਆਪਣੀਆਂ ਕਵਿਤਾਵਾਂ ਕਰ ਕੇ ਪੰਜਾਬੀ ਕਵਿਤਾ ਵਿਚ ਸਦਾ ਅਹਿਮ ਸਥਾਨ ’ਤੇ ਕਾਇਮ ਰਹਿਣਗੇ। ਉਨ੍ਹਾਂ ਦੀ ਕਵਿਤਾ ਵਿਚ ਮਨ ਦੇ ਜਜ਼ਬਾਤ ਅਤੇ ਸਮਾਜਿਕ ਪੀੜ ਇਕਸੁਰ ਹੈ। ‘ਸ਼ਸਤਰ ਸੁੱਟੋ ਜਾਂ ਕੁੱਟੋ ਵਿਚ ਫਾਲਿਆਂ ਦੇ, ਭੁੱਖਿਆਂ ਦੇ ਮੂੰਹ ਪਾਣੀਆਂ ਅਸਾਂ ਗਰਾਹੀਆਂ ਨੇ’ ਪੜ੍ਹਦਿਆਂ ਪਾਠਕ ਜ਼ਮੀਨ ਨਾਲ ਜੁੜਦਾ ਹੈ। ‘ਖ਼ਨਗਾਹੀ ਦੀਵਾ ਬਾਲਦੀਏ’ ਕਵਿਤਾ ਵਿਚ ਵਿਸ਼ਵਾਸ ਸਿਰ ਚੜ੍ਹ ਬੋਲ ਰਿਹਾ ਹੈ। ‘ਅੰਬੀ ਦਾ ਬੂਟਾ’ ਪੰਜਾਬ ਦੇ ਦਰਿਆਵਾਂ ਦੀ ਰਵਾਨੀ ਵਰਗੀ ਕਵਿਤਾ ਹੈ। ਰੱਬ ਤੇ ਬਸੰਤ ਦੀਆਂ ਕਵਿਤਾਵਾਂ ਕਦ ਵਿਸਾਰੀਆਂ ਜਾ ਸਕਦੀਆਂ ਹਨ। ਆਪਣੀ ਆਖ਼ਿਰੀ ਕਾਵਿ ਪੁਸਤਕ ‘ਬੂਹੇ’ ਦੀ ਆਖ਼ਿਰੀ ਕਵਿਤਾ ਵਿਚ ਮੌਤ ਦੀ ਭਵਿੱਖਬਾਣੀ ਵਾਲੇ ਲਹਿਜ਼ੇ ਵਿਚ ‘ਸਰਾਂ ਦੇ ਪਾਣੀ ਸੁੱਕ ਚੱਲੇ’ ਤਕ ਉਹ ਕਵਿਤਾ ਨਾਲ ਤੁਰਦੇ ਰਹੇ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਡਾਕ ਐਤਵਾਰ ਦੀ Other

Oct 16, 2022

ਅਜੋਕੇ ਆਗੂਆਂ ਲਈ ਮਿਸਾਲ

ਐਤਵਾਰ, 9 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਾ. ਹਰਭਿੰਦਰ ਸਿੰਘ ਮੁੱਲਾਂਪੁਰ ਦਾ ਲੇਖ ‘ਨਿਡਰ ਤੇ ਨਿਧੜਕ ਲੀਡਰ ਕਾਂਸ਼ੀ ਰਾਮ’ ਪੜ੍ਹਿਆ, ਵਧੀਆ ਲੱਗਾ। ਇਹ ਬਿਲਕੁਲ ਸੱਚ ਹੈ ਕਿ ਬਾਬੂ ਕਾਂਸ਼ੀ ਰਾਮ ਇਕ ਸੱਚੇ ਕਰਮਯੋਗੀ ਤੇ ਰਾਜਨੀਤਕ ਨੇਤਾ ਸਨ। ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੋਂ ਬਾਅਦ ਦਲਿਤ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ। ਉਨ੍ਹਾਂ ਨੇ ਗ਼ਰੀਬ ਮਜ਼ਦੂਰ ਲੋਕਾਂ ਅੰਦਰ ਰਾਜਨੀਤਕ ਸੂਝ ਪੈਦਾ ਕਰਨ ਲਈ ਅਣਥੱਕ ਮਿਹਨਤ ਕੀਤੀ, ਉਨ੍ਹਾਂ ਨੂੰ ਵੋਟ ਦੀ ਕੀਮਤ ਬਾਰੇ ਸਮਝਾਇਆ। ਇਹ ਕਾਂਸ਼ੀ ਰਾਮ ਹੋਰਾਂ ਦੀ ਘਾਲਣਾ ਹੀ ਸੀ ਕਿ ਦੱਬੇ-ਕੁਚਲੇ ਲੋਕ ਰਾਜ ਭਾਗ ਪ੍ਰਾਪਤ ਕਰਨ ਦੇ ਸੁਪਨੇ ਦੇਖਣ ਲੱਗੇ। ਉਨ੍ਹਾਂ ਨੇ ਦਲਿਤ ਤੇ ਪੱਛੜਿਆਂ ਨੂੰ ਅਣਖ ਤੇ ਗੈਰਤ ਨਾਲ ਜਿਉਣ ਦਾ ਸਬਕ ਪੜ੍ਹਾਇਆ। ਬਾਬੂ ਕਾਂਸ਼ੀ ਰਾਮ ਵਰਗੇ ਨੇਤਾ ਆਮ ਨਹੀਂ ਹੁੰਦੇ। ਅਜੋਕੇ ਸਮੇਂ ਵਿਚ ਨੇਤਾਵਾਂ ਲਈ ਉਹ ਇਕ ਵੱਡੀ ਮਿਸਾਲ ਹਨ।

ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ


ਚਰਚਾ ਲਾਜ਼ਮੀ

ਐਤਵਾਰ, 9 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਕਰ ਗੋਸ਼ਟਿ ਵੱਲ ਧਿਆਨ ਜ਼ਰਾ’ ਵਿਚਾਰ ਚਰਚਾ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਕੋਈ ਸਮਾਂ ਸੀ ਜਦ ਬਾਬੇ ਖੁੰਢਾਂ ਉੱਤੇ ਬੈਠ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਿਆ ਕਰਦੇ ਸਨ। ਉਹ ਚਰਚਾ ਏਨੀ ਲਾਹੇਵੰਦ ਹੁੰਦੀ ਸੀ ਕਿ ਉਸ ਨਾਲ ਵੱਡੇ-ਵੱਡੇ ਤੱਥ ਸਾਹਮਣੇ ਆਉਂਦੇ ਸਨ। ਅੱਜ ਸਾਡੀ ਸਰਕਾਰ ਨੂੰ ਵੀ ਪੰਜਾਬ ਦੇ ਮੁੱਦਿਆਂ ’ਤੇ ਲੰਮੀ ਚਰਚਾ ਦੀ ਜ਼ਰੂਰਤ ਹੈ। ਇਸ ਚਰਚਾ ਦੁਆਰਾ ਹੀ ਤੱਥ ਸਾਹਮਣੇ ਆ ਸਕਦੇ ਹਨ।

ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)


ਅਤੀਤ ਨੂੰ ਰੂਪਮਾਨ ਕਰਦਾ ਲੇਖ

ਬੀਤੇ ਨੂੰ ਰੂਪਮਾਨ ਕਰਨ ਦੇ ਹੁਨਰ ਦੀ ਝਲਕ ਹਰੀਸ਼ ਜੈਨ ਦੇ 9 ਅਕਤੂਬਰ ਦੇ ‘ਦਸਤਕ’ ਅੰਕ ਵਿਚਲੇ ਲੇਖ ‘ਰੰਗ ਦੇ ਬਸੰਤੀ ਚੋਲਾ’ ਵਿਚੋਂ ਮਿਲਦੀ ਹੈ। ਪ੍ਰੇਮ ਧਵਨ ਦਾ ਲਿਖਿਆ ਫਿਲਮੀ ਗੀਤ ਕਿਵੇਂ ਰਾਮ ਪ੍ਰਸਾਦ ਬਿਸਮਿਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਕ ਬੰਦ ਵਾਲੇ ਗੀਤ ਦੀ ਥਾਂ ਲੈ ਲੈਂਦਾ ਹੈ, ਇਸ ਦਾ ਘਟਨਾਕ੍ਰਮ ਇਤਿਹਾਸ ਵਿਚ ਆਜ਼ਾਦੀ ਦੀ ਲੜਾਈ ਲਈ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਦੇ ਜ਼ਿਕਰ ਵਿਚੋਂ ਬਾਖ਼ੂਬੀ ਮਿਲਦਾ ਹੈ। ਬੀਤੇ ਸਮੇਂ ਨੂੰ ਉਸ ਦੇ ਤਤਕਾਲੀ ਪਿਛੋਕੜ ਵਿਚ ਪੇਸ਼ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਬੀਤੇ ਵਿਚ ਆਪਣੇ ਹਿੱਤਾਂ ਲਈ ਬਹੁਤ ਕੁਝ ਰਲਗੱਡ ਕੀਤਾ ਜਾਂਦਾ ਹੈ। ਇਸ ਮਿਲਾਵਟ ਨੂੰ ਛਾਣ ਕੇ ਸੱਚ ਪੇਸ਼ ਕਰਨਾ ਬੇਹੱਦ ਮਿਹਨਤ ਦਾ ਕਾਰਜ ਹੁੰਦਾ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਪਾਠਕਾਂ ਦੇ ਖ਼ਤ Other

Oct 15, 2022

ਖਾਨਾਪੂਰਤੀ

13 ਅਕਤੂਬਰ ਦਾ ਸੰਪਾਦਕੀ ‘ਨੋਟਬੰਦੀ ’ਤੇ ਵਿਚਾਰ’ ਵਿਚ ਕੇਂਦਰ ਸਰਕਾਰ ਦੇ ਫ਼ੈਸਲੇ ’ਤੇ ਸਹੀ ਸਵਾਲ ਉਠਾਏ ਗਏ ਹਨ। ਅਫ਼ਸੋਸ ਹੈ ਕਿ ਮੁਲਕ ਦੀ ਸੁਪਰੀਮ ਕੋਰਟ ਸਰਕਾਰ ਦੇ 2016 ਦੇ ਨੋਟਬੰਦੀ ਦੇ ਨਿਰੋਲ ਸਿਆਸੀ ਅਤੇ ਲੋਕ ਵਿਰੋਧੀ ਫ਼ੈਸਲੇ ਬਾਰੇ ਸੁਣਵਾਈ ਛੇ ਸਾਲ ਬਾਅਦ ਕਰ ਰਹੀ ਹੈ। ਜ਼ਾਹਿਰ ਹੈ ਕਿ ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਦੀ ਸੁਣਵਾਈ ਛੇ ਸਾਲ ਬਾਅਦ ਕਰਨ ਦੀ ਕਾਰਵਾਈ ਮਹਿਜ਼ ਖ਼ਾਨਾਪੂਰਤੀ ਤੋਂ ਵੱਧ ਕੁਝ ਨਹੀਂ ਹੈ। ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਅਤੇ ਸਾਲਿਸਟਰ ਜਨਰਲ ਨੇ ਵੀ ਬੜੇ ਦਾਅਵੇ ਨਾਲ ਇਸ ਨੂੰ ਕਿਤਾਬੀ ਕਾਰਵਾਈ ਹੀ ਕਿਹਾ ਹੈ। ਜੇ ‘ਨਿਆਂ ਵਿਚ ਦੇਰੀ ਦਾ ਮਤਲਬ ਨਿਆਂ ਦੇਣ ਤੋਂ ਇਨਕਾਰ ਕਰਨਾ ਹੈ’ ਤਾਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਵੱਡੀ ਉਲੰਘਣਾ ਕੀਤੀ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


(2)

13 ਅਕਤੂਬਰ ਦਾ ਸੰਪਾਦਕੀ ‘ਨੋਟਬੰਦੀ ’ਤੇ ਵਿਚਾਰ’ ਪੜ੍ਹਿਆ। ਨੋਟਬੰਦੀ ਦਾ ਫ਼ੈਸਲਾ ਬਹੁਤ ਸਾਰੇ ਪੱਖਾਂ ਤੋਂ ਗ਼ਲਤ ਹੀ ਸੀ। ਪ੍ਰਧਾਨ ਮੰਤਰੀ ਨੇ ਅਚਾਨਕ ਰਾਤ ਨੂੰ 8 ਵਜੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਕੇ ਨਾ ਕੇਵਲ ਆਰਥਿਕਤਾ ਬਲਿਕ ਆਮ ਲੋਕਾਂ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿੱਤੀ। ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਨਾ ਤਾਂ ਦੇਸ਼ ਵਿਚ ਕਾਲਾ ਧਨ ਖ਼ਤਮ ਹੋਇਆ, ਨਾ ਹੀ ਮਨੀ ਲਾਂਡ੍ਰਿੰਗ ’ਤੇ ਰੋਕ ਲੱਗੀ ਅਤੇ ਨਾ ਹੀ ਦਹਿਸ਼ਤਗਰਦੀ ’ਤੇ ਕਾਬੂ ਪਾਇਆ ਜਾ ਸਕਿਆ। ਪੁਰਾਣੇ ਨੋਟਾਂ ਦੀ ਬਦਲੀ ਵਿਚ ਕਈ ਲੋਕਾਂ ਨੂੰ ਬੈਂਕਾਂ ਅੱਗੇ ਲਾਈਨ ਵਿਚ ਖੜ੍ਹੇ ਹੋਣ ਕਰਕੇ ਜਾਨ ਗੁਆਉਣੀ ਪਈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਕਰਕੇ ਆਰਥਿਕਤਾ ਵਿਚ ਨੁਕਸਾਨ ਦੀ ਜੋ ਗੱਲ ਕਹੀ ਸੀ, ਸੱਚ ਸਾਬਤ ਹੋਈ ਹੈ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


ਪਰਾਲੀ ਬਾਰੇ ਅਣਗੌਲੇ ਪਹਿਲੂ

12 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਜਗਵਿੰਦਰ ਜੋਧਾ ਦਾ ਲੇਖ ‘ਪਰਾਲੀ ਸਾੜਨ ਦਾ ਰੁਝਾਨ: ਅਣਗੌਲੇ ਪਹਿਲੂ’ ਵੱਖਰੇ ਨੁਕਤਾ-ਏ-ਨਿਗ੍ਹਾ ਤੋਂ ਲਿਖਿਆ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਮਸਲੇ ਵਿਚਾਰ ਕੇ ਕਦਮ ਉਠਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਮਸਲੇ ਬਾਰੇ ਜਾਗਰੂਕ ਕਰਨਾ ਪਵੇਗਾ।

ਗੁਰਨਾਮ ਸਿੰਘ ਸੇਖੋਂ, ਫਾਜ਼ਿਲਕਾ


ਵੰਡ ਦਰ ਵੰਡ ਦਾ ਦਰਦ

ਪ੍ਰੋ. ਅਵਤਾਰ ਸਿੰਘ ਦਾ ਲੇਖ ‘ਵੰਡ ਦਰ ਵੰਡ ਖੰਡ ਦਰ ਖੰਡ’ (11 ਅਕਤੂਬਰ) ਦਰਦ ਨਾਲ ਪਰੁੰਨਿਆ ਪਿਆ ਹੈ। ਜੇ ਸਾਡੇ ਸਿਆਸਤਦਾਨਾਂ ਦੇ ਜਜ਼ਬਾਤ ਅਜਿਹੇ ਹੋ ਜਾਣ ਤਾਂ ਅੱਧੇ ਮਸਲੇ ਆਪੇ ਹੀ ਹੱਲ ਹੋ ਜਾਣ। ਇਕ-ਦੂਜੇ ਨੂੰ ਮਿੱਧ ਕੇ ਆਪਣੀ ਸਿਆਸਤ ਚਮਕਾਉਣ ਵਾਲੀ ਦੌੜ ਕਾਰਨ ਹੀ ਸਾਡਾ ਸਭ ਦਾ ਭਵਿੱਖ ਦਾਅ ਉੱਤੇ ਲੱਗ ਰਿਹਾ ਹੈ।

ਸੁਨੀਤਾ ਰਾਣੀ, ਹੁਸ਼ਿਆਰਪੁਰ


ਮਿਹਨਤ ਦਾ ਮੁਕਾਮ

10 ਅਕਤੂਬਰ ਨੂੰ ਸਤਪਾਲ ਦਿਓਲ ਦਾ ‘ਕੁਲਫ਼ੀਆ ਵੇਚਣ ਵਾਲਾ ਸੇਠ’ ਧੂਹ ਪਾ ਗਿਆ। ਨਿੱਕਾ ਜਿਹਾ ਬੱਚਾ ਕਿਵੇਂ ਮਿਹਨਤ ਮੁਸ਼ੱਕਤ ਕਰ ਕੇ ਵਧੀਆ ਮੁਕਾਮ ਹਾਸਿਲ ਕਰ ਲੈਂਦਾ ਹੈ; ਜਦਕਿ ਹੈਂਕੜਬਾਜ਼ ਜਵਾਕ ਦਾ ਅੰਤ ਵੀ ਇਸ ਵਿਚ ਦੱਸਿਆ ਹੈ।

ਰਣਜੀਤ ਕੌਰ, ਲੁਧਿਆਣਾ


(2)

10 ਅਕਤੂਬਰ ਦੇ ਅੰਕ ਵਿਚ ਸੱਤਪਾਲ ਦਿਓਲ ਦਾ ਲੇਖ ‘ਕੁਲਫ਼ੀਆ ਵੇਚਣ ਵਾਲਾ ਸੇਠ’ ਪੜ੍ਹਿਆ। ਸੱਚਮੁੱਚ ਲੇਖ ਸੰਘਰਸ਼ਸ਼ੀਲ ਵਿਦਿਆਰਥੀਆਂ ਦਾ ਜੀਵਨ ਚਿਤਰਦਾ ਹੈ। ਅੱਜ ਵੀ ਬਹੁਤ ਸਾਰੇ ਵਿਦਿਆਰਥੀ ਮਿਲ ਜਾਂਦੇ ਹਨ ਜੋ ਸਵੇਰ ਵੇਲੇ ਅਖ਼ਬਾਰ ਵੰਡਣ ਜਾਂਦੇ ਹਨ, ਉਸ ਤੋਂ ਬਾਅਦ ਸਕੂਲ-ਕਾਲਜ ਜਾਂਦੇ ਹਨ ਤੇ ਸ਼ਾਮ ਦੇ ਸਮੇਂ ਕਿਸੇ ਦੁਕਾਨ ’ਤੇ ਕੰਮ ਕਰਦੇ ਹਨ। ਕਿੰਨੇ ਹੀ ਅਜਿਹੇ ਵੱਡੇ ਵੱਡੇ ਕਾਰੋਬਾਰੀ ਹਨ ਜਿਨ੍ਹਾਂ ਦੇ ਪਿੱਛੇ ਸੰਘਰਸ਼ਸ਼ੀਲ ਜੀਵਨ ਦੀ ਅਣਦੱਸੀ ਕਹਾਣੀ ਖੜ੍ਹੀ ਹੈ।

ਕੰਵਲਜੀਤ ਕੌਰ, ਦੂਹੇਵਾਲਾ (ਸ੍ਰੀ ਮੁਕਤਸਰ ਸਾਹਿਬ)


ਸਾਦਗੀ ਅਤੇ ਸਹਿਜ

14 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਲੇਖ ‘ਹਰ ਰੋਜ਼ ਸਾਦਗੀ ਦਿਵਸ’ (ਲੇਖਕ ਪਰਮਬੀਰ ਕੌਰ) ਸਕੂਨ ਦੇਣ ਵਾਲਾ ਹੈ। ਅੱਜ ਦੇ ਪਦਾਰਥਕ ਯੁੱਗ ਵਿਚ ਫੁਰਸਤ ਦੇ ਦੋ ਪਲ ਵੀ ਦੁਰਲੱਭ ਹੋ ਗਏ ਹਨ। ਇਸ ਦਾ ਇੱਕੋ-ਇਕ ਤੋੜ ਸਾਦਗੀ ਹੀ ਹੈ ਜੋ ਤੁਹਾਨੂੰ ਕੁਦਰਤ ਦੇ ਨੇੜੇ ਤਾਂ ਲਿਜਾਂਦੀ ਹੀ ਹੈ, ਤੁਹਾਨੂੰ ਸਹਿਜ ਨਾਲ ਵੀ ਜੋੜਦੀ ਹੈ।

ਹਰਨੇਕ ਸਿੰਘ ਸੋਢੀ, ਅੰਮ੍ਰਿਤਸਰ

ਪਾਠਕਾਂ ਦੇ ਖ਼ਤ Other

Oct 14, 2022

ਵਾਰਤਕ ਟੋਟਾ

13 ਅਕਤੂਬਰ ਨੂੰ ਸਤਿੰਦਰ ਸਿੰਘ ਦਾ ਮਿਡਲ ‘ਘੁੰਗਰੀ’ ਖ਼ੂਬਸੂਰਤ ਵਾਰਤਕ ਟੋਟਾ ਹੈ। ਬਹੁਤ ਸਹਿਜ ਨਾਲ ਲਿਖੀ ਰਚਨਾ ਸਚਮੁੱਚ ਦਿਲ ਅੰਦਰ ਉਤਰਦੀ ਜਾਂਦੀ ਹੈ। ਲਿਖਤ ਦਾ ਬਿਰਤਾਂਤ ਖਿੱਚਦਾ ਹੈ।

ਜਸਵੰਤ ਸਿੰਘ, ਪਠਾਨਕੋਟ


ਸੋਸ਼ਲ ਮੀਡੀਆ ਦੀ ਚੁਣੌਤੀ

ਡਾ. ਕੁਲਦੀਪ ਸਿੰਘ ਦਾ ਲੇਖ ‘ਬੌਧਿਕ ਖੇਤਰ ਲਈ ਸੋਸ਼ਲ ਮੀਡੀਆ ਦੀ ਚੁਣੌਤੀ’ (10 ਅਕਤੂਬਰ) ਸੰਸਾਰ ਵਿਚ ਸੋਸ਼ਲ ਮੀਡੀਆ ਦੇ ਜਾਲ ਬਾਰੇ ਵਿਸਥਾਰਪੂਰਵਕ ਬਿਆਨ ਕਰਦਾ ਹੈ। ਸਮਾਜ ਵਿਚ ਸੋਸ਼ਲ ਮੀਡੀਆ ਜ਼ਰੀਏ ਅਸ਼ਲੀਲ ਵੀਡੀਓ ਫੈਲਾਈਆਂ ਜਾ ਰਹੀਆਂ ਹਨ। ਅਸਲ ਵਿਚ ਸੋਸ਼ਲ ਮੀਡੀਆ ਦੀ ਲੋੜ ਤੋਂ ਜ਼ਿਆਦਾ ਵਰਤੋਂ (ਨਾਕਾਰਾਤਮਕ ਰੁਝਾਨਾਂ ਦੀ ਪੂਰਤੀ ਲਈ) ਚਿੰਤਾ ਦਾ ਵਿਸ਼ਾ ਹੈ। ਕਰੋਨਾ ਕਾਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਰਾਬਤਾ ਬਹੁਤ ਜ਼ਿਆਦਾ ਘਟਿਆ ਹੈ। ਇਸ ਦੀ ਜਗ੍ਹਾ ਮੋਬਾਈਲ ਫੋਨਾਂ ਨੇ ਲੈ ਲਈ ਹੈ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਡਾ. ਸ.ਸ. ਛੀਨਾ ਦਾ ਲੇਖ ‘ਸਨਅਤੀ ਇਨਕਲਾਬ ਅਤੇ ਖੇਤੀ ਆਧਾਰਿਤ ਸਨਅਤਾਂ’ ਪੜ੍ਹਿਆ। ਲੇਖ ਵਿਚ ਪੰਜਾਬ ਦੀਆਂ ਉਦਯੋਗਿਕ ਸਨਅਤਾਂ ਅਤੇ ਆਰਥਿਕਤਾ ਵਿਚ ਆਈ ਗਿਰਾਵਟ ਬਾਰੇ ਚਾਨਣਾ ਪਾਇਆ ਹੈ। ਅੱਜ ਪੰਜਾਬ ਨੂੰ ਛੁਪੀ ਹੋਈ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। 

ਬਲਵਿੰਦਰ ਕੌਰ, ਮਾਣਕੀ (ਮਾਲੇਰਕੋਟਲਾ)


ਜ਼ਮਾਨਾ ਬਦਲ ਗਿਆ

8 ਅਕਤੂਬਰ ਦੇ ਅੰਕ ਵਿਚ ਗਗਨਦੀਪ ਸਿੰਘ ਗੁਰਾਇਆ ਦਾ ਲੇਖ ‘ਜ਼ਮਾਨਾ ਬਦਲ ਗਿਆ’ ਪੜ੍ਹਿਆ। ਲੇਖਕ ਨੇ ਬਦਲੇ ਜ਼ਮਾਨੇ ਦੀ ਤ੍ਰਾਸਦੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ। ਸਮਾਜ ਵਿਚੋਂ ਨੈਤਿਕ ਕਦਰਾਂ-ਕੀਮਤਾਂ ਘਟ ਰਹੀਆਂ ਹਨ ਜਿਸ ਕਾਰਨ ਜਵਾਨੀ ਕੁਰਾਹੇ ਪੈ ਰਹੀ ਹੈ। ਮਾਪੇ ਸਭ ਕੁਝ ਸਮਝਦੇ ਹੋਏ ਵੀ ਬੇਵੱਸ ਹਨ। ਉਹ ਸਮਾਜ ਦੀਆਂ ਕੁਰੀਤੀਆਂ ਤੋਂ ਬੱਚਿਆਂ ਨੂੰ ਬਚਾਅ ਕੇ ਸਫ਼ਲ ਇਨਸਾਨ ਬਣਾਉਣਾ ਚਾਹੁੰਦੇ ਹਨ ਪਰ ਬੱਚਿਆਂ ’ਤੇ ਬਦਲੇ ਹੋਏ ਜ਼ਮਾਨੇ ਦਾ ਰੰਗ ਭਾਰੂ ਹੈ ਤੇ ਉਹ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋ ਰਹੇ ਹਨ।

ਗੁਰਨਾਮ ਸਿੰਘ, ਗੋਬਿੰਦ ਨਗਰੀ (ਸ੍ਰੀ ਮੁਕਤਸਰ ਸਾਹਿਬ)


ਪਰਾਲੀ ਦੀ ਸੰਭਾਲ

ਡਾ. ਗੁਰਵਿੰਦਰ ਸਿੰਘ ਤੇ ਡਾ. ਅਮਰੀਕ ਸਿੰਘ ਦੀ ਰਚਨਾ ‘ਪਰਾਲੀ ਦੀ ਸੰਭਾਲ ਅਤੇ ਪ੍ਰਦੂਸ਼ਣ ਤੋਂ ਮੁਕਤੀ’ (3 ਅਕਤੂਬਰ) ਪੜ੍ਹੀ। ਪਰਾਲੀ ਸਾੜਨ ਵਰਗੀਆਂ ਕਾਰਵਾਈਆਂ ਮਨੁੱਖੀ ਜੀਵਨ ਲਈ ਘਾਤਕ ਹਨ। 

ਮਨੁੱਖ ਅਜਿਹੀਆਂ ਕਾਰਵਾਈਆਂ ਨਾਲ ਹਵਾ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਕਰੋਨਾ ਮਹਾਮਾਰੀ ਦੇ ਰੂਪ  ਵਿਚ ਕੁਦਰਤ ਨੇ ਮਨੁੱਖ ਨੂੰ ਖ਼ਬਰਦਾਰ ਕੀਤਾ ਸੀ ਪਰ ਮਨੁੱਖ ਅਜੇ ਵੀ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਕੁਝ ਸਮਝ ਨਹੀਂ ਰਿਹਾ। 

ਗੁਰਮੀਤ ਸਿੰਘ, ਵੇਰਕਾ


ਮੁਫ਼ਤ ਸਹੂਲਤਾਂ

3 ਅਕਤੂਬਰ ਦੇ ਅੰਕ ਵਿਚ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਪਹੁ ਫੁਟਾਲਾ’ ਪੜ੍ਹਿਆ। ਉਤਸ਼ਾਹਿਤ ਕਰਨ ਵਾਲਾ ਲੇਖ ਸੀ। ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਸਚਮੁੱਚ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸਰਕਾਰ ਦੀਆਂ ਦਿੱਤੀਆਂ ਮੁਫ਼ਤ ਸਹੂਲਤਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਧੜਾਧੜ ਵਰਤੋਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਘਾਤਕ ਸਾਬਤ ਹੋਵੇਗੀ। ਪੰਜਾਬੀ ਆਪਣੀ ਮਿਹਨਤ ਨਾਲ ਦੂਜਿਆਂ ਦਾ ਢਿੱਡ ਭਰਨ ਦੀ ਫ਼ਿਤਰਤ ਰੱਖਣ ਵਾਲੇ ਲੋਕ ਹਨ। ਸਮਾਜ ਵਿਚ ਅਜਿਹੇ ਬਥੇਰੇ ਲੋਕ ਹਨ ਜੋ ਅਜਿਹੀਆਂ ਸਹੂਲਤਾਂ ਛੱਡਣ ਲਈ ਤਿਆਰ ਹਨ। ਸਰਕਾਰਾਂ ਨੂੰ ਇਸ ਪਾਸੇ ਵਧਣਾ ਚਾਹੀਦਾ ਹੈ।

ਕੁਲਵਿੰਦਰ ਸਿੰਘ, ਦੂਹੇਵਾਲਾ (ਸ੍ਰੀ ਮੁਕਤਸਰ ਸਾਹਿਬ)


ਵਾਤਾਵਰਨ ਦਾ ਸਵਾਲ

ਪਹਿਲੀ ਅਕਤੂਬਰ ਨਜ਼ਰੀਆ ਪੰਨੇ ’ਤੇ ਜੇਐੱਨਯੂ (ਨਵੀਂ ਦਿੱਲੀ) ਦੇ ਖੋਜਾਰਥੀਆਂ ਪ੍ਰਭਜੋਤ ਕੌਰ ਅਤੇ ਹਰਿੰਦਰ ਹੈਪੀ ਦਾ ਲੇਖ ‘ਵਾਤਾਵਰਨ ਦਾ ਸਵਾਲ ਅਤੇ ਕਿਸਾਨ ਜਥੇਬੰਦੀਆਂ’ ਪੜ੍ਹਿਆ। ਬਹੁਤ ਸਰਲ ਭਾਸ਼ਾ ਵਿਚ ਵਾਤਾਵਰਨ ਦੀ ਸੰਭਾਲ ਬਾਰੇ ਸੁਝਾਅ ਦਿੱਤੇ ਗਏ ਹਨ। ਪਾਣੀ ਦੀ ਸੰਭਾਲ, ਖੇਤੀ ਵਿਚ ਤਬਦੀਲੀ ਅਤੇ ਵਧੇਰੇ ਰੁੱਖ ਲਾਉਣ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਮੁਹਿੰਮ ਚਲਾਉਣ ਦੀ ਲੋੜ ਹੈ।

ਬਲਵਿੰਦਰ ਗਿੱਲ, ਈਮੇਲ


ਉਦਾਸੀ ਦਾ ਆਲਮ

ਪਹਿਲੀ ਅਕਤੂਬਰ ਨੂੰ ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਦੇ ਕਾਲਮ ‘ਵੰਡ ਦੇ ਦੁਖੜੇ’ ਤਹਿਤ ਛਪਿਆ ਲੇਖ ‘ਅਨਾਇਤ ਬੇਗ਼ਮ ਦਾ ਖ਼ਤ’ ਬਹੁਤ ਉਦਾਸ ਕਰ ਗਿਆ। 1947 ਵਿਚ ਧਰਮਾਂ ਦੇ ਨਾਮ ’ਤੇ ਹੋਈ ਵੰਡ ਨੇ ਪਤਾ ਨਹੀਂ ਕਿੰਨੇ ਬੇਕਸੂਰ ਲੋਕਾਂ ਨੂੰ ਕਹਿਰਾਂ ਦੀ ਸਜ਼ਾ ਦਿੱਤੀ। ਜਿਨ੍ਹਾਂ ਨੇ ਇਹ ਕਸ਼ਟ ਆਪਣੇ ਜਿਸਮ ਅਤੇ ਦਿਲ ’ਤੇ ਹੰਢਾਏ ਹਨ, ਉਹ ਜਿਊਂਦੇ ਜੀਅ ਕਦੇ ਵੀ ਨਹੀਂ ਭੁੱਲ ਸਕਣਗੇ।

ਦੀਪਕ ਤੇਜਾ, ਈਮੇਲ


ਸੂਚਨਾ ਅਧਿਕਾਰ ਐਕਟ ਵਿਅਰਥ ਹੋ ਗਿਆ

ਕੇਂਦਰ ਸਰਕਾਰ ਨੇ ਸੂਚਨਾ ਅਧਿਕਾਰ ਐਕਟ-2005 (ਆਰਟੀਆਈ) ਇਸ ਲਈ ਬਣਾਇਆ ਸੀ ਤਾਂ ਕਿ ਹਰ ਬੰਦਾ ਕੋਈ ਵੀ ਸੂਚਨਾ ਹਾਸਲ ਕਰ ਸਕੇ। ਇਸ ਨਾਲ ਬਸਤੀਵਾਦੀ ਵਿਹਾਰ ਤੋਂ ਖਹਿੜਾ ਛੁੱਟਣਾ ਸੀ ਪਰ ਹੁਣ ਹਾਲ ਇਹ ਹੈ ਕਿ ਬਹੁਤੀ ਵਾਰ ਲੋਕਾਂ ਤਕ ਜਾਣਕਾਰੀ ਸਮੇਂ ਸਿਰ ਪੁੱਜਦੀ ਹੀ ਨਹੀਂ। ਇਸੇ ਕਰਕੇ ਹੁਣ ਮੁੱਖ ਸੂਚਨਾ ਕਮਿਸ਼ਨਰ (ਸੀਆਈਸੀ) ਦੇ ਦਫ਼ਤਰ ਵਿਚ ਅਰਜ਼ੀਆਂ ਦੇ ਢੇਰ ਲੱਗ ਗਏ ਹਨ। ਗ਼ੈਰ-ਸਰਕਾਰੀ ਸੰਸਥਾ ‘ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ’ ਨੇ ਇਸ ਦਾ ਵੱਡਾ ਕਾਰਨ ਇਹ ਦੱਸਿਆ ਹੈ ਕਿ ਦੇਸ਼ ਭਰ ਵਿਚ ਸੂਚਨਾ ਕਮਿਸ਼ਨਰਾਂ ਦੀਆਂ 165 ਅਸਾਮੀਆਂ ਮਨਜ਼ੂਰ ਹਨ ਪਰ ਫਿਲਹਾਲ ਇਨ੍ਹਾਂ ਦੀ ਗਿਣਤੀ ਸਿਰਫ਼ 40 ਹੈ। ਬਹੁਤ ਸਾਰੇ ਬਜ਼ੁਰਗ (ਸੀਨੀਅਰ ਸਿਟੀਜ਼ਨ) ਹਨ ਜਿਹੜੇ ਲੋੜੀਂਦੀ ਜਾਣਕਾਰੀ ਤੋਂ ਵਾਂਝੇ ਰਹਿ ਰਹੇ ਹਨ। ਜ਼ਾਹਿਰ ਹੈ ਕਿ ਇਸ ਐਕਟ ਦਾ ਮਕਸਦ ਵਿਅਰਥ ਹੋ ਗਿਆ ਹੈ।

ਐੱਸ.ਕੇ. ਖੋਸਲਾ, ਚੰਡੀਗੜ੍ਹ

ਡਾਕ ਐਤਵਾਰ ਦੀ Other

Oct 09, 2022

ਪ੍ਰਸ਼ਾਸਨ ਦਾ ਕਠੋਰ ਰਵੱਈਆ

ਐਤਵਾਰ, 2 ਅਕਤੂਬਰ ਨੂੰ ਸ਼ੰਕਰ ਸੇਨ ਦਾ ਲੇਖ ‘ਕਾਨੂੰਨ ਲਾਗੂ ਕਰਨ ਲਈ ਗ਼ੈਰਕਾਨੂੰਨੀ ਡਾਂਗਾਂ ਦੀ ਵਰਤੋਂ’ ਲੋਕਤੰਤਰ ’ਚ ਆਮ ਲੋਕਾਂ ਲਈ ਪ੍ਰਸ਼ਾਸਨ ਦੇ ਕਠੋਰ ਰਵੱਈਏ ਦਾ ਖੁਲਾਸਾ ਕਰਦਾ ਸੀ। ਜਨਤਾ ਲਈ ਨਿਆਂ ਦੀ ਮੰਗ ਲਈ ਅੰਦੋਲਨ ਕਰਨ ਨਾਲ ਹੀ ਸੁਣਵਾਈ ਹੁੰਦੀ ਹੈ। ਪੁਲੀਸ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ। ਸਾਡੇ ਸੰਵਿਧਾਨ ਮੁਤਾਬਿਕ ਲੋਕਰਾਜ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਵੱਲੋਂ ਸ਼ਾਸਨ ਹੈ। ਦੇਸ਼ ਵਿਚ ਕਾਨੂੰਨ ਸੁਆਰਥ ਤੋਂ ਉੱਤੇ ਉੱਠ ਕੇ ਜਨਤਾ ਦੀ ਭਲਾਈ ਲਈ ਕਾਇਮ ਤੇ ਲਾਗੂ ਹੋਣੇ ਚਾਹੀਦੇ ਹਨ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਸਾਂਝ ਵਾਲੀ ਲਹਿਰ ਲਾਜ਼ਮੀ

2 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਨਜ਼ਰੀਆ’ ਪੰਨੇ ’ਤੇ ਸਵਰਾਜਬੀਰ ਦਾ ਲੇਖ ‘... ਤੇ ਫ਼ਾਸਲੇ ਵਧਦੇ ਗਏ’ ਪੜ੍ਹਿਆ, ਚੰਗਾ ਲੱਗਿਆ। ਧਾਰਮਿਕ ਸਾਂਝ ਦਾ ਰਾਹ ਹਰ ਵਿਅਕਤੀ ਲਈ ਮੁਕਤੀ ਅਤੇ ਰੂਹਾਨੀ ਸ਼ਕਤੀ ਦਾ ਸਰੋਤ ਹੈ। ਅਜੋਕੇ ਸਮਿਆਂ ਦੀ ਧਾਰਮਿਕ ਕੱਟੜਤਾ ਵਾਲੇ ਨਾਅਰੇ ਬੁਲੰਦ ਕਰਨ ਵਾਲੇ ਸਿਆਸੀ ਹਾਕਮਾਂ ਨੇ ਪਹਿਲਾਂ ਆਉਂਦਿਆਂ ਹੀ ਮੁਲਕ ਨੂੰ ਫ਼ਿਰਕਾਪ੍ਰਸਤੀ ਦਾ ਲਾਂਬੂ ਲਾਇਆ। ਹੁਣ ਪਿੱਛੇ ਜਿਹੇ ਵੋਟ ਬੈਂਕ ਬਰਕਰਾਰ ਰੱਖਣ ਲਈ ਪੈਂਤੜਾ ਬਦਲ ਕੇ ਬਿਆਨ ਦੇਣ ਲੱਗੇ ਹਨ। ਉਂਜ, ਅੰਦਰੋਂ ਇਹ ‘ਉਹੀ’ ਰਹਿਣਗੇ ਇਹ ਜਨਤਾ ਜਾਣਦੀ ਹੈ। ਇਸ ਲੇਖ ਨੂੰ ਪੜ੍ਹ ਕੇ ਮਿਰਜ਼ਾ ਗ਼ਾਲਿਬ ਦਾ ਖ਼ਿਆਲ ਵੀ ਆਉਂਦਾ ਹੈ ਜਿਸ ਨੇ ਇਹ ਕਹਿਣ ਦੀ ਜੁਰੱਅਤ ਕੀਤੀ ‘‘ਬਾਜ਼ੀਚਾ-ਏ-ਅਤਫ਼ਾਲ ਹੈ ਦੁਨੀਆਂ ਮਿਰੇ ਆਗੇ/ ਹੋਤਾ ਹੈ ਸ਼ਬੋਰੋਜ਼ ਤਮਾਸ਼ਾ ਮਿਰੇ ਆਗੇ/ ਈਮਾਂ ਮੁਝੇ ਰੋਕੇ ਹੈ ਜੋ ਖੇਂਚੇ ਹੈ ਮੁਝੇ ਕੁਫ਼੍ਰ/ ਕਾਬਾ ਮਿਰੇ ਪੀਛੇ ਹੈ ਕਲੀਸਾ ਮਿਰੇ ਆਗੇ।’’ ਸੂਫ਼ੀ ਸ਼ਾਇਰਾਂ ਤੇ ਭਗਤੀ ਲਹਿਰ ਦੇ ਕਵੀਆਂ ਦੀ ਸੋਚ ਦੀ ਖ਼ੁਸ਼ਬੂ ਅਤੇ ਲੋਅ ਹਰ ਸਮਾਜ ਦੀ ਸਿਹਤ ਲਈ ਜ਼ਰੂਰੀ ਹੈ। ਅਜਿਹੀ ਗ਼ੈਰ-ਧਾਰਮਿਕ ਪਰ ਸੱਭਿਆਚਾਰਕ ਸਾਂਝ ਵਾਲੀ ਲਹਿਰ ਸਮੇਂ ਦੀ ਫ਼ੌਰੀ ਮੰਗ ਹੈ।

ਕਮਲੇਸ਼ ਉੱਪਲ, ਪਟਿਆਲਾ


ਅੰਦੋਲਨ ਦਾ ਵਿਸ਼ਲੇਸ਼ਣ

ਐਤਵਾਰ, 25 ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਦਾ ਲੇਖ ‘ਅਵੱਲੜੇ ਦਰਦ ਲਿਬਾਸ ਦੇ’ ਭਾਰਤ ਵਿਚ ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਪਾਉਣ ਅਤੇ ਇਰਾਨ ਵਿਚ ਔਰਤਾਂ ਵੱਲੋਂ ਹਿਜਾਬ ਨਾ ਪਾਉਣ ਦੇ ਅੰਦੋਲਨ ਦਾ ਵਿਸ਼ਲੇਸ਼ਣ ਕਰਨ ਵਾਲਾ ਸੀ। ਸਰਕਾਰੀ ਪੱਖ ਮੁਤਾਬਿਕ ਕਰਨਾਟਕ ਸਰਕਾਰ ਦਾ ਉਦੇਸ਼ ਔਰਤਾਂ ਨੂੰ ਮਰਦਾਂ ਦੇ ਦਮਨ ਤੋਂ ਬਚਾਉਣਾ ਅਤੇ ਇਰਾਨ ਵਿਚ ਸਰਕਾਰ ਦੁਆਰਾ ਔਰਤਾਂ ਨੂੰ ਪੱਛਮੀ ਸਭਿਅਤਾ ਤੋਂ ਬਚਾਉਣਾ ਹੈ। ਇਹ ਵਿਡੰਬਨਾ ਹੈ ਕਿ ਔਰਤਾਂ ਨੂੰ ਪੁਸ਼ਾਕ ਪਾਉਣ ਦੀ ਸੁਤੰਤਰਤਾ ਨਹੀਂ। ਉਹ ਧਾਰਮਿਕ ਕੱਟੜਤਾ ਦਾ ਸ਼ਿਕਾਰ ਹਨ। ਇੱਥੇ ਇਹ ਕਹਿਣਾ ਫਜ਼ੂਲ ਨਹੀਂ ਹੋਵੇਗਾ ਕਿ ਬਹੁਤ ਸਾਰੇ ਇਸਲਾਮੀ ਦੇਸ਼ਾਂ ਵਿਚ ਔਰਤਾਂ ਵਾਸਤੇ ਹਿਜਾਬ ਜ਼ਰੂਰੀ ਨਹੀਂ। ਜੇਕਰ ਧਾਰਮਿਕ ਕੱਟੜਤਾ ਮਜਬੂਰ ਨਾ ਕਰੇ ਤਾਂ ਬਹੁਤ ਸਾਰੀਆਂ ਔਰਤਾਂ ਹਿਜਾਬ ਪਾਉਣ ਹੀ ਨਾ। ਕਿਸੇ ਜ਼ਮਾਨੇ ਅਫ਼ਗ਼ਾਨਿਸਤਾਨ, ਇਰਾਨ, ਤੁਰਕੀ ਆਦਿ ਦੇਸ਼ਾਂ ਵਿਚ ਔਰਤਾਂ ਬਿਨਾਂ ਬੁਰਕੇ ਦੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਫੈਸ਼ਨ ਕਰਦੀਆਂ ਸਨ। ਦਰਅਸਲ, ਔਰਤ ਨੂੰ ਲਿਬਾਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਚੋਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਹੀ ਅਸਲੀ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਸੋਚਣ ਦਾ ਵਿਸ਼ਾ

ਐਤਵਾਰ, 2 ਅਕਤੂਬਰ ਨੂੰ ‘ਦਸਤਕ’ ਅੰਕ ਵਿਚ ਛਪਿਆ ਭਗਵਾਨ ਜੋਸ਼ ਦਾ ਲੇਖ ‘ਕਵਿਤਾ ਕ੍ਰਿਸ਼ਨਨ: ਅੱਧੇ ਅਧੂਰੇ ਸਵਾਲ ਜਾਂ ਸੰਪੂਰਨ ਪੁਨਰ ਮੁਲਾਂਕਣ’ ਪੜ੍ਹਿਆ, ਜਾਣਕਾਰੀ ਭਰਪੂਰ ਸੀ। ਕਵਿਤਾ ਕ੍ਰਿਸ਼ਨਨ ਜਿਹੇ ਸੂਝਵਾਨ ਵਿਅਕਤੀ ਵੱਲੋਂ ਆਪਣੇ ਅਸਤੀਫ਼ੇ ਪ੍ਰਤੀ ਦਰਸਾਏ ਖ਼ਿਆਲ ਹਰ ਮਨੁੱਖ ਲਈ ਸੋਚਣ ਦਾ ਵਿਸ਼ਾ ਹਨ। ਅਜੋਕਾ ਸਮਾਂ ਬੜੀਆਂ ਗੁੰਝਲਾਂ ਸੁਲਝਾਉਣ ਦੀ ਮੰਗ ਕਰਦਾ ਹੈ। ਕੱਟੜਵਾਦ ਦੇ ਤਿੱਖੇ ਵਾ-ਵਰੋਲੇ ਸਮਾਜਿਕ ਢਾਂਚੇ ਨੂੰ ਹਰ ਪੱਖ ਤੋਂ ਕਮਜ਼ੋਰ ਬਣਾਉਂਦੇ ਹਨ ਅਤੇ ਜਮਹੂੁਰੀ ਢਾਂਚੇ ਦੇ ਅੱਗੇ ਵਧਣ ਵਿਚ ਅੜਿੱਕਾ ਬਣਦੇ ਹਨ। ਕਵਿਤਾ ਕ੍ਰਿਸ਼ਨਨ ਦਾ ਵਿਚਾਰ ਸੌ ਫ਼ੀਸਦੀ ਵਜ਼ਨਦਾਰ ਹੈ ਕਿ ਸਾਰੀਆਂ ਸੋਚਾਂ ’ਤੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ। ਖੁੱਲ੍ਹੀ ਬਹਿਸ ਤੋਂ ਬਿਨਾਂ ਹਰ ਵਿਚਾਰ ਕੱਟੜਵਾਦ ਹੀ ਬਣ ਕੇ ਰਹਿ ਜਾਂਦਾ ਹੈ।

ਨਰਿੰਦਰ ਸਿੰਘ ਮਾਨਸ਼ਾਹੀਆ

ਪਾਠਕਾਂ ਦੇ ਖ਼ਤ Other

Oct 08, 2022

ਨਿੱਜੀਕਰਨ ਦਾ ਬੋਲਬਾਲਾ

7 ਅਕਤੂਬਰ ਦੇ ਸਿੱਖਿਆ ਪੰਨੇ ’ਤੇ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ ਦੇ ਨਿੱਜੀਕਰਨ ਦੇ ਨਕਾਰਾਤਮਕ ਪ੍ਰਭਾਵ’ ਸੱਚ ਬਿਆਨਦਾ ਹੈ ਕਿ ਕਿਵੇਂ ਸਰਕਾਰ ਦੀਆਂ ਕੋਤਾਹੀਆਂ ਕਰ ਕੇ ਹਰ ਮਹਿਕਮੇ ਵਿਚ ਨਿੱਜੀਕਰਨ ਦਾ ਬੋਲਬਾਲਾ ਹੋ ਰਿਹਾ ਹੈ। ਸਿੱਖਿਆ, ਸਿਹਤ, ਬੈਂਕਾਂ, ਖਾਦ ਫੈਕਟਰੀਆਂ, ਪੈਟਰੋਲ, ਰੇਲਵੇ, ਸੜਕਾਂ, ਬੰਦਰਗਾਹਾਂ, ਸਟੇਡੀਅਮ, ਟਰਾਂਸਪੋਰਟ, ਹੋਟਲ ਅਤੇ ਖੰਡ ਮਿੱਲਾਂ ਆਦਿ ਇਨ੍ਹਾਂ ਵਿਚੋਂ ਕਈ ਮਹਿਕਮੇ ਪ੍ਰਾਈਵੇਟ ਹੱਥਾਂ ਵਿਚ ਜਾ ਚੁੱਕੇ ਹਨ, ਕੁਝ ਜਾਣ ਦੀ ਤਿਆਰੀ ਵਿਚ ਹਨ। ਭਾਵੇਂ ਸਰਕਾਰਾਂ ਦੇ ਨਿੱਜੀਕਰਨ ਦੇ ਫ਼ੈਸਲਿਆਂ ’ਤੇ ਲੋਕਾਂ ਦੀ ਪ੍ਰਤੀਕਿਰਿਆ ਵਿਰੋਧ ਵਾਲੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਦੇਸ਼ ਦੀ ਸੰਪਤੀ ਨੂੰ ਵੇਚਣ ਦੇ ਫ਼ੈਸਲੇ ਲੈ ਹੀ ਲੈਂਦੀ ਹੈ। ਨਿੱਜੀਕਰਨ ਨਾਲ ਸਾਡਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਜਾਵੇਗਾ।
ਕਮਲਜੀਤ ਕੌਰ ਗੁੰਮਟੀ (ਬਰਨਾਲਾ)


ਸਿੱਖਿਆ ਦਾ ਨਿਜੀਕਰਨ

ਸਿੱਖਿਆ ਪੰਨੇ ਉਤੇ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਿੱਖਿਆ ਦੇ ਨਿੱਜੀਕਰਨ ਦੇ ਨਕਾਰਾਤਮਕ ਪ੍ਰਭਾਵ’ (7 ਅਕਤੂਬਰ) ਕਾਬਲੇ ਤਾਰੀਫ਼ ਹੈ। ਉਨ੍ਹਾਂ ਨਿੱਜੀਕਰਨ ਦੇ ਬੁਨਿਆਦੀ ਕਾਰਨਾਂ ਦੀ ਨਿਸ਼ਾਨਦੇਹੀ ਵਧੀਆ ਕੀਤੀ ਹੈ ਤੇ ਮਾੜੇ ਪ੍ਰਭਾਵਾਂ ਨੂੰ ਵੀ ਸਹੀ ਟਿਕਿਆ ਹੈ। ਸਿੱਖਿਆ ਨੀਤੀਆਂ ਬਾਰੇ ਕਿਤੇ ਕੋਈ ਟਿੱਪਣੀ/ਵਿਸਲੇਸ਼ਣ ਇਸ ਲੇਖ ਵਿਚ ਪੇਸ਼ ਕਰ ਦਿੰਦੇ ਤਾਂ ਹੋਰ ਵੱਧ ਸਾਰਥਿਕ ਹੋ ਜਾਣਾ ਸੀ।
ਡਾ. ਅਜੀਤਪਾਲ ਸਿੰਘ ਐੱਮਡੀ


ਪੰਜ ਸੌ ਤਾਂ ਦੇਣਾ

6 ਅਕਤੂਬਰ ਦਾ ਦਰਸ਼ਨ ਸਿੰਘ ਭੰਮੇ ਦਾ ਮਿਡਲ ‘ਬਾਈ ਪੰਜ ਸੌ ਤਾਂ ਦੇਣਾ’ ਵਿਚ ਲੇਖਕ ਨੇ ਵਧੀਆ ਤਰੀਕੇ ਨਾਲ ਸਮਾਜ ਵਿਚ ਰਹਿੰਦੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ, ਜੋ ਕਿਸੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਨਹੀਂ, ਸਗੋਂ ਸਿਰਫ਼ ਆਪਣਾ ਢਿੱਡ ਭਰਨ ਲਈ ਹੀ ਜਾਂਦੇ ਹਨ। ਨਾਲ ਲੇਗੜ-ਤੇਗੜ ਵੀ ਖਿੱਚ ਲੈਂਦੇ ਹਨ, ਬਈ ਸ਼ਗਨ ਤਾਂ ਉਹੀ ਦੇਣਾ ਖਾ ਪੀ ਪੀ ਤਾਂ ਆਉ, ਫੇਰ ਭਾਵੇਂ ਦੁੱਗਣੇ-ਤਿੱਗਣੇ ਡਾਕਟਰ ਨੂੰ ਹੀ ਦੇਣੇ ਪੈਣ।
ਗੁਰਸੇਵਕ ਸਿੰਘ ਬੀੜ, ਲਖਵਿੰਦਰ ਸ਼ਰੀਂਹ ਵਾਲਾ


ਮਹਿੰਗਾ ਰਾਵਣ

ਇਹ ਮੁਹਾਵਰਾ ਬਹੁਤ ਵਾਰੀ ਸੁਣਿਆ ਸੀ ਪਰ ਇਸ ਨੂੰ 6 ਅਕਤੂਬਰ ਦੇ ਖ਼ਬਰਨਾਮਾ ਪੰਨੇ ਦੀ ਖ਼ਬਰ ‘ਬਰਾੜਾ ਵਿਚ ਸਾੜਿਆ ਗਿਆ ਸਭ ਤੋਂ ਮਹਿੰਗਾ ਰਾਵਣ ਦਾ ਪੁਤਲਾ’ ਪੜ੍ਹ ਕੇ ਸਾਕਾਰ ਵੀ ਵੇਖ ਲਿਆ। ਹੈਰਾਨੀ ਹੋਈ ਕਿ ਚਾਰ ਵੇਦਾਂ ਦੇ ਗਿਆਤਾ ਦੀ ਬੇਇਜ਼ਤੀ ਕਰਨ ਲਈ ਲੱਖਾਂ ਦੇ ਨੋਟਾਂ ਨੂੰ ਭੰਗ ਦੇ ਭਾੜੇ ਰੋੜ੍ਹ ਦਿੱਤਾ ਗਿਆ। ਕੀ ਇਹ ਰਕਮ ਕਿਸੇ ਗ਼ਰੀਬ ਦੀ ਮਦਦ ਲਈ ਨਹੀਂ ਵਰਤੀ ਜਾ ਸਕਦੀ ਸੀ।
ਡਾ. ਤਰਲੋਚਨ ਕੌਰ, ਪਟਿਆਲਾ


ਪਹੁ ਫੁਟਾਲਾ

3 ਅਕਤੂਬਰ ਨੂੰ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਪਹੁ ਫੁਟਾਲਾ’ ਵਧੀਆ ਸੀ ਜਿਸ ਵਿਚ ਪੰਜਾਬ ਅੰਦਰ ਮੁਫ਼ਤਖੋਰੀ ’ਤੇ ਤਿੱਖਾ ਵਿਅੰਗ ਹੈ ਕਿਉਂਕਿ ਹਰ ਇਕ ਰਾਜਨੀਤਕ ਪਾਰਟੀ ਨੇ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰੀ ਖ਼ਜ਼ਾਨੇ ਨੂੰ ਵਰਤਿਆ ਜਾਂਦਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ। ਇਸ ਤਰ੍ਹਾਂ ਦਾ ਅਸੀਂ ਆਪਣੇ ਲੋਕਾਂ ਨੂੰ ਭਿਖਾਰੀ ਬਣਾ ਰਹੇ ਹਾਂ। ਉਨ੍ਹਾਂ ਅੰਦਰ ਮੁਫ਼ਤਖੋਰੀ ਦੀ ਆਦਤ ਵਧ ਰਹੀ ਹੈ। ਮੁਫ਼ਤ ਦੀਆਂ ਸਹੂਲਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੀਆਂ ਤੇ ਵਿਕਾਸ ਦੇ ਰਾਹ ਵਿਚ ਰੋੜਾ ਹਨ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ

(2)

ਰਾਮ ਸਵਰਨ ਲੱਖੇਵਾਲੀ ਦਾ ‘ਪਹੁ ਫੁਟਾਲਾ’ ਪੜ੍ਹਿਆ। ਵਾਕਈ ਸਰਕਾਰਾਂ ਨੇ ਲੋਕਾਂ ਨੂੰ ਮੁਫ਼ਤ ਦੇ ਨਾਂ ’ਤੇ ਅਪਾਹਜ ਬਣਾ ਕੇ ਰੱਖ ਦਿੱਤਾ ਹੈ। ਹਰ ਕੋਈ ਪੜ੍ਹਿਆ, ਕੀ ਅਨਪੜ੍ਹ ਇਨ੍ਹਾਂ ਦੇ ਲਾਲਚਾਂ ਵਿਚ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕਾ ਹੈ। ਇਸ ਵਿਚਲੀ ਕਿਸਾਨ ਬੀਬੀ ਨੇ ਕਮਾਲ ਕਰ ਦਿੱਤੀ। ਇਕ ਆਸ ਦੀ ਕਿਰਨ ਜਗਾਈ। ਕਾਸ਼! ਸਾਡੀ ਸਭ ਦੀ ਸੋਚ ਅਜਿਹੀ ਹੋ ਜਾਵੇ।
ਰਣਜੀਤ ਕੌਰ, ਲੁਧਿਆਣਾ


ਸਬਰ ਦਾ ਫਲ

ਮਨਦੀਪ ਕੌਰ ਬਰਾੜ ਦਾ ਮਿਡਲ ‘ਸਬਰ ਦਾ ਫ਼ਲ’ (29 ਸਤੰਬਰ) ਵਧੀਆ ਲੱਗਾ ਕਿ ਵਿਅਕਤੀ ਨੂੰ ਮੁਸ਼ਕਿਲਾਂ ਵਿਚ ਨਾ ਘਬਰਾ ਕੇ ਹਿੰਮਤ ਨਾਲ ਰੱਬ ਦਾ ਭਾਣਾ ਮੰਨਦੇ ਹੋਏ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਸਮਾਂ ਪਾ ਕੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਮਨ ਭਗਤੀ ਕਰਨ ਨਾਲ ਕਦੇ ਡੋਲਦਾ ਨਹੀਂ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਕਰਮਯੋਗੀ

ਪ੍ਰਿੰ. ਵਿਜੈ ਕੁਮਾਰ ਦੀ ਰਚਨਾ ‘ਕਰਮਯੋਗੀ (30 ਸਤੰਬਰ) ਵਿਚ ਇਕ ਅਜਿਹੇ ਅਧਿਆਪਕ ਦੀ ਜੀਵਨੀ ਦੱਸੀ ਜਿਹੜਾ ਬੱਚਿਆਂ ਲਈ ਆਪਣਾ ਜੀਵਨ ਕੁਰਬਾਨ ਕਰ ਰਿਹਾ ਹੈ। ਅਧਿਆਪਕਾਂ ਨੂੰ ਦੇਖ ਕੇ ਹੀ ਬੱਚੇ ਗੁਣ ਅਪਣਾਉਂਦੇ ਹਨ ਜਿਵੇਂ ਰਚਨਾ ਵਿਚ ਅਧਿਆਪਕ ਕੰਮ ਕਰਕੇ ਦਿਖਾਵਾ ਨਹੀਂ ਚਾਹੁੰਦਾ, ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਾ ਸਮਝਦਾ ਹੋਇਆ ਕੰਮ ਨੂੰ ਹੀ ਪੂਜਾ ਮੰਨਦਾ ਹੈ, ਆਪਣੀ ਵਡਿਆਈ ਸੁਣ ਕੇ ਖੁਸ਼ ਨਾ ਹੋਣਾ, ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦਾ ਹੋਇਆ ਗੁਣ ਵਿਲੱਖਣਤਾ ਵਾਲੇ ਹਨ।
ਹਰਪ੍ਰੀਤ ਸਿੰਘ, ਝੁਨੇਰ (ਮਾਲੇਰਕੋਟਲਾ)


ਮੁਫ਼ਤਖ਼ੋਰੀ

29 ਸਤੰਬਰ ਨੂੰ ‘ਜਵਾਂ ਤਰੰਗ’ ਪੰਨੇ ’ਤੇ ਅਮਨਿੰਦਰ ਸਿੰਘ ਕੁਠਾਲਾ ਦੇ ਲੇਖ ‘ਮੁਫ਼ਤਖ਼ੋਰੀ ਨਹੀਂ, ਸਿਹਤ ਤੇ ਸਿੱਖਿਆ ਜ਼ਰੂਰੀ’ ਰਾਜਨੀਤਕ ਤੰਤਰ ਵੱਲੋਂ ਵੋਟ ਬੈਂਕ ਖਾਤਰ ਗ਼ੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਨਾਲ ਕੀਤੇ ਲੋਕ ਲੁਭਾਉਣੇ ਵਾਅਦਿਆਂ ਦਾ ਵਿਅੰਗਾਤਮਕ ਵਿਸ਼ਲੇਸ਼ਣ ਸੀ। ਲੇਖਕ ਨੇ ਸਿਹਤ ਤੇ ਸਿੱਖਿਆ ਦੇ ਦੋ ਥੰਮ੍ਹਾਂ ਉੱਪਰ ਜੀਵਨ ਦੀ ਨੀਂਹ ਰੱਖਣ ਦੀ ਸਹੀ ਪ੍ਰੋੜ੍ਹਤਾ ਕੀਤੀ ਹੈ। ਆਸ ਹੈ ਕਿ ਨੌਜਵਾਨ ਕਲਮਾਂ ਵਿਚੋਂ ਅਜਿਹੇ ਵਿਚਾਰ ਹਮੇਸ਼ਾਂ ਹੀ ਪਨਪਦੇ ਰਹਿਣਗੇ ਅਤੇ ਪੰਜਾਬ ਦੀ ਅਵਾਮ ਨੂੰ ਆਪਣੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਅਤੇ ਅਗਵਾਈ ਦਿੰਦੇ ਰਹਿਣਗੇ।
ਪਰਵਿੰਦਰ ਸਿੰਘ ਕੁਠਾਲਾ, ਬਰਨਾਲਾ

ਪਾਠਕਾਂ ਦੇ ਖ਼ਤ

Oct 07, 2022

ਬੇਜ਼ਮੀਨੇ ਕਿਸਾਨ ਤੇ ਮਜ਼ਦੂਰ

4 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੰਪਾਦਕੀ ਤੇ ਬਾਕੀ ਲੇਖ ਲਾਜਵਾਬ ਸਨ। ਸੁੱਚਾ ਸਿੰਘ ਗਿੱਲ ਦਾ ਮੁੱਖ ਲੇਖ ਬੇਜ਼ਮੀਨੇ ਕਿਸਾਨਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਇਰਦ-ਗਿਰਦ ਘੁੰਮਦਾ ਨਜ਼ਰ ਆਇਆ। ਛੋਟੀ ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਰਮਾਏਦਾਰੀ ਵੱਲੋਂ ਆਪਣੇ ਘੇਰੇ ਵਿਚ ਲੈਣ, ਕਰਜ਼ਾ, ਖ਼ੁਦਕੁਸ਼ੀਆਂ ਅਤੇ ਧਰਤੀ ਬੰਜਰ ਕਰਨ ਤਕ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਤੀਜੇ ਹਿੱਸੇ ਦੀ ਜ਼ਮੀਨ ਲਈ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਬੇਜ਼ਮੀਨੇ ਕਿਸਾਨ-ਮਜ਼ਦੂਰ ਲੜਾਈ ਲੜ ਰਹੇ ਹਨ। ਇਸੇ ਸਫ਼ੇ ’ਤੇ ਮਿਡਲ ‘ਪਾਪ ਪੁੰਨ ਅਤੇ ਰੋਜ਼ੀ ਰੋਟੀ’ ਦੇ ਸਵਾਲ ਵਿਚ ਜਗਰੂਪ ਸਿੰਘ ਨੇ ਸਕੂਲੀ ਜੀਵਨ ਦੇ ਤਜਰਬੇ ਨੂੰ ਤਾਜ਼ਾ ਕੀਤਾ ਹੈ। ਉਨ੍ਹਾਂ ਆਪਣੇ ਅਧਿਆਪਕਾਂ ਦੇ ਸੁਭਾਅ ਤੋਂ ਜਾਣੂੰ ਕਰਵਾਉਂਦਿਆਂ ਸੰਸਕ੍ਰਿਤ ਵਿਸ਼ਾ ਪੜ੍ਹਾਉਣ ਤੇ ਜਾਤੀ ਵਿਵਸਥਾ ਦਾ ਵਰਨਣ ਕਰਦਿਆਂ ਦਲਿਤਾਂ ਦੇ ਅਧਿਕਾਰ ਖੇਤਰ ਅਤੇ ਪਾਪ ਪੁੰਨ ਦੀ ਸਮਾਨਤਾ ਦਾ ਜ਼ਿਕਰ ਕੀਤਾ। ਨੀਰਾ ਚੰਢੋਕ ਨੇ ਵੀ ਆਪਣੇ ਲੇਖ ਵਿਚ ਸਮਾਜ ਵਿਚ ਗ਼ੈਰ-ਬਰਾਬਰੀ ਅਤੇ ਮਹਿਰੂਮੀ ’ਤੇ ਵਿਚਾਰ ਸਾਂਝੇ ਕੀਤੇ।

ਮਨਮੋਹਨ ਸਿੰਘ, ਨਾਭਾ 


ਪੰਜ ਸੌ ਨਹੀਂ, ਪੰਜ ਹਜ਼ਾਰ

6 ਅਕਤੂਬਰ ਦੇ ਨਜ਼ਰੀਆ ਸਫ਼ੇ ’ਤੇ ਦਰਸ਼ਨ ਸਿੰਘ ਭੰਮੇ ਦਾ ਮਿਡਲ ‘ਬਾਈ ਜੀ ਪੰਜ ਸੌ ਤਾਂ ਦੇਣਾ’ ਵਿਚ ਲੇਖਕ ਨੇ ਬੜੇ ਸੰਕੋਚਵੇਂ ਲਫ਼ਜ਼ਾਂ ਵਿਚ ਅਜੋਕੇ ਅਖੌਤੀ ਵੱਡਿਆਂ ਤੇ ਉੱਚਿਆਂ ਦੀ ਕਰੂਰ ਤਸਵੀਰ ਪੇਸ਼ ਕੀਤੀ ਹੈ। ਇਉਂ ਹੇੜ੍ਹਾਂ ਬੰਨ੍ਹ ਕੇ ਵਿਆਹਾਂ-ਸ਼ਾਦੀਆਂ ਵਿਚ ਜਾਣ ਦਾ ਰੁਝਾਨ ਅੱਜਕੱਲ੍ਹ ਆਮ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਤੋਂ ਅੱਗੇ ਹੁਣ ਤਾਂ ਲੋਕ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਨਾਲ ਲੈ ਤੁਰਦੇ ਹਨ। ਇਸ ਤਰ੍ਹਾਂ ਜਿੱਥੇ ਅਸੀਂ ਮੇਜ਼ਬਾਨ ਸੱਜਣ ਦੇ ਮੋਢਿਆਂ ਦਾ ਭਾਰ ਬਣਦੇ ਹਾਂ, ਓਥੇ ਉਤੋੜਿੱਤੀ ਠੰਡਾ-ਤੱਤਾ ਖਾ-ਪੀ ਕੇ ਭੈੜੇ ਰੋਗ ਵੀ ਮੁੱਲ ਸਹੇੜਦੇ ਹਾਂ। ਪੰਜ ਸੌ ਦਾ ਲਾਹਾ ਲੈਣ ਦੀ ਕੋਹਝੀ ਬਿਰਤੀ ਸਾਡੀ ਜੇਬ ਵਿਚਲਾ ਪੰਜ ਹਜ਼ਾਰ ਡਾਕਟਰ ਦੇ ਕਾਊਂਟਰ ਵੱਲ ਧੱਕ ਦਿੰਦੀ ਹੈ।

ਹਰਵਿੰਦਰ ਸਿੰਘ ਰੋਡੇ (ਈਮੇਲ)

(2)

ਦਰਸ਼ਨ ਸਿੰਘ ਭੰਮੇ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿਚ ਕੁਝ  ਲੋਕ ਅਜਿਹੇ ਵੀ ਹਨ ਜਿਨ੍ਹਾਂ ਲਈ ਸਮਾਜਿਕ ਭਾਈਚਾਰਾ ਵੀ ਇਕ ਵਪਾਰ ਹੀ ਹੁੰਦਾ ਹੈ। ਪਹਿਲੇ ਸਮਿਆਂ ਵਿਚ ਜੋ ਨਿਰਸਵਾਰਥ ਸਾਂਝਾਂ ਹੁੰਦੀਆਂ ਸਨ, ਉਹ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ। ਇਸ ਲੇਖ ਦਾ ਮੁੱਖ ਪਾਤਰ ਆਪਣੇ ਦੋਸਤ ਦੀ ਬੇਟੀ ਦੇ ਵਿਆਹ ’ਤੇ ਪੰਜ ਸੌ ਰੁਪਏ ਦਾ ਸ਼ਗਨ ਦੇ ਕੇ ਕੋਈ    ਘਾਟੇ ਵਾਲਾ ਸੌਦਾ ਨਹੀਂ ਕਰਨਾ ਚਾਹੁੰਦਾ। ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਵੱਧ ਤੋਂ ਵੱਧ ਖਾਣ ਦੀ ਹਦਾਇਤ ਕਰਦਾ ਹੈ ਤਾਂ ਜੋ ਪੰਜ ਸੌ ਰੁਪਏ ਦਾ ਦਿੱਤਾ ਹੋਇਆ ਸ਼ਗਨ ਘਾਟੇ ਵਾਲਾ ਸੌਦਾ ਸਾਬਤ ਨਾ ਹੋਵੇ।

ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


ਬੇਜ਼ਮੀਨੇ ਮਜ਼ਦੂਰ ਤੇ ਖੇਤੀਬਾੜੀ

4 ਅਕਤੂਬਰ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਦਾ ਲੇਖ ‘ਖੇਤੀ ਤੋਂ ਬਾਹਰ ਧੱਕੇ ਜਾ ਰਹੇ ਛੋਟੇ ਕਿਸਾਨ’ ਸਮੱਸਿਆ ਦੀ ਸਹੀ ਵਿਆਖਿਆ ਕਰਦਾ ਹੈ। ਇਹ ਵੀ ਦਰੁਸਤ ਹੈ ਕਿ ਕੋਈ ਹੋਰ ਗੁਜ਼ਾਰੇ ਯੋਗ ਰੁਜ਼ਗਾਰ ਹਾਸਿਲ ਨਾ ਹੋਣ ਕਾਰਨ ਮਜਬੂਰਨ ਨਾਂਮਾਤਰ ਬੱਚਤ (ਦਰਅਸਲ ਖ਼ੁਦ ਆਪਣੇ ਤੇ ਪਰਿਵਾਰ ਦੀ ਕਿਰਤ ਨੂੰ ਆਹਰੇ ਲਾਈ ਰੱਖਣ ਦੇ ਮੰਤਵ ਨਾਲ) ਦੇ ਬਾਵਜੂਦ ਬੇਜ਼ਮੀਨੇ ਮਜ਼ਦੂਰ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵੱਲ ਪਰਤ ਰਹੇ ਹਨ। ਪਰ ਲੇਖਕ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹਵਾਲੇ ਨਾਲ ਮਜ਼ਦੂਰਾਂ ਵੱਲੋਂ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਤੇ ਮਿਲ ਕੇ ਖੇਤੀ ਕਰਨ ਦੇ ਜਿਸ ਰੁਝਾਨ ਦਾ ਜ਼ਿਕਰ ਕੀਤਾ ਹੈ, ਉਸ ਦੇ ਫੈਲਣ ਦੀ ਸੰਭਾਵਨਾ ਇਸ ਕਰਕੇ ਬਹੁਤ ਸੀਮਤ ਹੈ ਕਿਉਂਕਿ ਕੁਝ ਕੁ ਪਿੰਡਾਂ ਨੂੰ ਛੱਡ ਕੇ ਬਾਕੀ ਵਿਚ ਇਹ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਐਨੀ ਘੱਟ ਹੈ, ਜਿਸ ਉੱਤੇ ਪਿੰਡ ਦੇ ਸੈਂਕੜੇ ਮਜ਼ਦੂਰਾਂ ਵੱਲੋਂ ਚਾਹੁਣ ਦੇ ਬਾਵਜੂਦ ਸਾਂਝੀ ਖੇਤੀ ਕਰਨਾ ਸੰਭਵ ਹੀ ਨਹੀਂ। ਇਸ ਲਈ ਜਿੱਥੇ ਜ਼ਮੀਨ ਹੱਦਬੰਦੀ ਦੀ ਮੌਜੂਦਾ ਸੀਮਾ ਤੋਂ ਵਾਧੂ ਜ਼ਮੀਨ ਵਿਚ ਟਿਕਾਊ ਸਹਿਕਾਰੀ ਖੇਤੀ ਫਾਰਮ ਬਣਾਏ ਜਾਣ ਦੀ ਜ਼ਰੂਰਤ ਹੈ, ਉੱਥੇ ਜ਼ਮੀਨ ਹੱਦਬੰਦੀ ਦੀ ਹੱਦ ਵੀ ਤਰਕਸੰਗਤ ਹੱਦ ਤਕ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ‘ਇਕ ਪਰਿਵਾਰ, ਇਕ ਧੰਦਾ’ ਦਾ ਸੰਕਲਪ ਵੀ ਉਭਾਰਿਆ ਜਾਣਾ ਚਾਹੀਦਾ ਹੈ।

ਸੁਖਦਰਸ਼ਨ ਸਿੰਘ ਨੱਤ, ਮਾਨਸਾ


ਪਹੁ ਫੁਟਾਲਾ

ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਪਹੁ ਫੁਟਾਲਾ’ (3 ਅਕਤੂਬਰ) ਅਜੋਕੀ ਜ਼ਿੰਦਗੀ ਦੇ ਹਰ ਖ਼ਾਸ ਪਹਿਲੂ ’ਤੇ ਝਾਤ ਮਾਰਦਾ ਹੈ। ਲੇਖਕ ਨੇ ਕੁਝ ਕੁ ਸਤਰਾਂ ’ਚ ਹਰ ਸਮਾਜਿਕ ਬੁਰਾਈ ਜਿਵੇਂ ਬੇਰੁਜ਼ਗਾਰੀ, ਮੁਫ਼ਤਖ਼ੋਰੀ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਸੰਵੇਦਨਸ਼ੀਲਤਾ ਦੀ ਕਮੀ, ਅਧਿਆਪਕਾਂ ਤੋਂ ਵਾਧੂ ਦੇ ਕੰਮ ਆਦਿ ਜਿਹੇ ਪੱਖਾਂ ਨੂੰ ਛੋਹਿਆ। ਕਿਸਾਨੀ ਅੰਦੋਲਨ ਇਸ ਗੱਲ ਦਾ ਸਬੂਤ ਹੋ ਨਿਬੜੇ ਕਿ ਏਕੇ ਤੇ ਜੁਝਾਰੂ ਸ਼ਕਤੀ ਨਾਲ ਕਿਸੇ ਵੀ ਲੋਕ ਮਾਰੂ ਫ਼ੈਸਲੇ ਨੂੰ ਰੱਦ ਕਰਵਾਇਆ ਜਾ ਸਕਦਾ ਹੈ।

ਅਮਨਦੀਪ ਕੌਰ, ਭੁੱਚੋ ਮੰਡੀ (ਬਠਿੰਡਾ)


ਔਰਤਾਂ ਲਈ ਮੁਫ਼ਤ ਸਫ਼ਰ

ਪਿਛਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਮੌਜੂਦਾ ਪੰਜਾਬ ਸਰਕਾਰ ਅਤੇ ਪੀਆਰਟੀਸੀ ਵਰਕਰਾਂ ਲਈ ਜਿੱਥੇ ਗਲੇ ਦੀ ਹੱਡੀ ਬਣ ਚੁੱਕਾ ਹੈ, ਉੱਥੇ ਔਰਤਾਂ ਲਈ ਵੀ ਇਹ ਸਕੀਮ ਸਾਰਥਿਕ ਪੱਧਰ ਉੱਤੇ ਨਿਗੂਣੀ ਜਾਪਦੀ ਹੈ। ਇਸ ਸਕੀਮ ਕਾਰਨ ਹਰ ਰੋਜ਼ ਔਰਤਾਂ ਅਤੇ ਪੀਆਰਟੀਸੀ ਦੇ ਬੱਸ ਡਰਾਈਵਰਾਂ, ਕੰਡਕਟਰਾਂ ਵਿਚ ਹੁੰਦੀਆਂ ਲੜਾਈਆਂ ਸ਼ਰਮਨਾਕ ਹਨ। ਔਰਤਾਂ ਨੂੰ ਦੇਖ ਕੇ ਬੱਸ ਡਰਾਈਵਰਾਂ ਦਾ ਬੱਸਾਂ ਭਜਾਉਣਾ, ਘਟੀਆ ਸ਼ਬਦਾਲੀ ਦੀ ਵਰਤੋਂ ਹਰ ਰੋਜ਼ ਆਮ ਵਰਤਾਰਾ ਹੋ ਗਿਆ ਹੈ। ਦੂਜੇ ਪਾਸੇ ਕਈ ਵਾਰ ਬੀਬੀਆਂ ਵੀ ਝੁੰਡਾਂ ਵਿਚ ਬੇਲੋੜਾ ਸਫ਼ਰ ਕਰਦੀਆਂ ਤੇ ਬਸ ਮੁਲਾਜ਼ਮਾਂ ਦੀ ਸਿਰਦਰਦੀ ਬਣਦੀਆਂ ਨਜ਼ਰ ਆਉਂਦੀਆਂ ਹਨ। ਇਸ ਸਭ ਦਾ ਖਮਿਆਜ਼ਾ  ਕਿਤੇ ਨਾ ਕਿਤੇ ਕੰਮਕਾਜੀ ਔਰਤਾਂ ਨੂੰ ਭੁਗਤਣਾ ਪੈ  ਰਿਹਾ ਹੈ, ਕਿਉਂਕਿ ਬਹੁਤੇ ਥਾਵਾਂ ਉੱਤੇ ਸਵੇਰ ਦੇ ਆਉਣ ਅਤੇ ਸ਼ਾਮ ਜਾਣ ਵੇਲੇ ਪੀਆਰਟੀਸੀ ਬੱਸਾਂ ਦੇ ਟਾਈਮ ਹੋਣ ਕਰਕੇ ਸਭ ਨੂੰ ਇੱਕੋ ਰੱਸੇ ਫਾਹੇ ਦਿੱਤਾ ਜਾ ਰਿਹਾ ਹੈ। 

ਜਸਵਿੰਦਰ ਕੌਰ ਦੱਧਾਹੂਰ (ਈਮੇਲ)


ਕਾਰਪੋਰੇਟ ਪੱਖੀ ਸਰਕਾਰਾਂ

30 ਸਤੰਬਰ ਦੇ ਮਿਡਲ ‘ਕਰਮਯੋਗੀ’ ਵਿਚ ਜਿਨ੍ਹਾਂ ਅਧਿਆਪਕਾਂ ਬਾਰੇ ਲੇਖਕ ਨੇ ਜ਼ਿਕਰ ਕੀਤਾ ਹੈ, ਉਹ ਦਾਨਿਸ਼ਮੰਦ ਅਤੇ ਸਮਰਪਣ ਦੀ ਭਾਵਨਾ ਵਾਲੇ ਵਿਰਲੇ ਵਿਰਲੇ ਇਨਸਾਨ ਹੀ ਹੁੰਦੇ ਹਨ। ਕਰਮਯੋਗੀ ਲੈਕਚਰਾਰ ਸੁਨੀਲ ਕੁਮਾਰ ਦੀ ਮਿਹਨਤ ਹੌਸਲਾ ਕਾਬਿਲੇ ਤਾਰੀਫ਼ ਹੈ। ਇਸੇ ਤਰ੍ਹਾਂ 29 ਸਤੰਬਰ ਦਾ ਸੰਪਾਦਕੀ ‘ਗ਼ਰੀਬੀ ਹਟਾਉਣਾ ਹੀ ਹੱਲ’ ਪੜ੍ਹ ਕੇ ਸਮਝ ਪੈਂਦੀ ਹੈ ਕਿ ਸਰਕਾਰਾਂ ਕਾਰਪੋਰੇਟਾਂ ਦਾ ਪੱਖ ਪੂਰਨ ਲਈ ਹੀ ਲੋਕ ਲੁਭਾਊ/ਮੁਫ਼ਤ ਸਕੀਮਾਂ ਬਣਾਉਂਦੀਆਂ ਹਨ। ਲਪੱਕੀਆਂ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਜਦੋਂ ਫ਼ੌਜ ਵਿਚ ਭਰਤੀ ਠੇਕਾ ਆਧਾਰ ’ਤੇ ਹੋ ਰਹੀ ਹੈ ਤਾਂ ਫਿਰ ਹੋਰ ਖੇਤਰਾਂ ’ਚ ਪੱਕੇ ਰੁਜ਼ਗਾਰ ਦੇ ਮੌਕੇ ਖ਼ਤਮ ਹੀ ਸਮਝੋ।

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)

ਡਾਕ ਐਤਵਾਰ ਦੀ Other

Oct 02, 2022

ਦਿਲ ਨੂੰ ਧੂਹ ਪਾਉਂਦੀ ਰਚਨਾ

ਐਤਵਾਰ, 25 ਸਤੰਬਰ ਨੂੰ ਵਰਿਆਮ ਸਿੰਘ ਸੰਧੂ ਨੇ ਆਪਣੇ ਲੇਖ ‘ਵੈਰੋਕਿਆਂ ਦਾ ਪਹਿਲਾ ਆਦਮੀ’ ਵਿਚ ਆਪਣੀ 2003 ਦੀ ਪਾਕਿਸਤਾਨ ਯਾਤਰਾ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ। ਡਾ. ਸਰਦਾਰ ਅਹਿਮਦ ਪਾਕਿਸਤਾਨ ਵਿਚ ਉੱਚ ਅਹੁਦੇ ’ਤੇ ਹੁੰਦੇ ਹੋਏ ਵੀ ਵੈਰੋਕੇ ਨੂੰ ਪਹਿਲ ਦੇ ਰਹੇ ਸਨ, ਜਿਸ ਮਿੱਟੀ ਵਿਚ ਜਨਮੇ, ਵੱਡੇ ਹੋਏ, ਖੇਡੇ, ਪੜ੍ਹੇ, ਯਾਰਾਂ ਦੋਸਤਾਂ ਦੀਆਂ ਯਾਦਾਂ ਨੂੰ ਉਹ ਕਿਵੇਂ ਯਾਦਾਂ ਦੀ ਗੱਠੜੀ ਬੰਨ੍ਹ ਆਪਣੇ ਨਾਲ ਰੱਖੀ ਫਿਰਦੇ ਹਨ। ਇਨ੍ਹਾਂ ਯਾਦਾਂ ਵਿਚ ਹਾਸੇ, ਰੋਣੇ, ਦੁੱਖ ਦਰਦ, ਸਭ ਕੁਝ ਸਾਂਭੀ ਬੈਠੇ ਹਨ। ਉਨ੍ਹਾਂ ਦੇ ਮਾਸੀ ਮਾਸੜ ਦੀ ਵੰਡ ਵੇਲੇ ਦੀ ਸੱਚੀ ਕਹਾਣੀ ਦਿਲ ਨੂੰ ਧੂਹ ਪਾਉਣ ਵਾਲੀ ਹੈ ਜੋ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਨਾਲ ਇੰਨ ਬਿੰਨ ਮਿਲਦੀ ਹੈ, ਸਿਰਫ਼ ਮੁੱਖ ਪਾਤਰ ਬਦਲਿਆ ਹੈ।

ਨਾਲ ਹੀ ਅਖ਼ਬਾਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਛਾਪ ਕੇ ਪਾਠਕਾਂ ਲਈ ਇਸ ਨੂੰ ਸਮਝਣ ਲਈ ਰਾਹ ਸੁਖਾਲਾ ਕਰ ਦਿੱਤਾ। ਕਿਸੇ ਲੇਖਕ ਵੱਲੋਂ ਇਕ ਤ੍ਰਾਸਦੀ ਨੂੰ ਕਹਾਣੀ ਦਾ ਰੂਪ ਦੇਣਾ ਕਮਾਲ ਦੀ ਕਲਾ ਹੈ।

ਲਖਵਿੰਦਰ ਸ਼ਰੀਂਹ ਵਾਲਾ (ਫ਼ਿਰੋਜ਼ਪੁਰ)


ਭਾਈ ਕਾਹਨ ਸਿੰਘ ਨਾਭਾ

11 ਸਤੰਬਰ ਦੇ ‘ਦਸਤਕ’ ਅੰਕ ਵਿਚ ਨਵਤੇਜ ਸਰਨਾ ਦੀ ਲਿਖਤ ‘ਗਿਆਨ ਪੰਧ ਦਾ ਅਨੂਠਾ ਰਾਹੀ ਭਾਈ ਕਾਹਨ ਸਿੰਘ ਨਾਭਾ’ ਵਧੀਆ ਲੱਗੀ। ਉਨ੍ਹਾਂ ਦੀ ਕਲਮ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲਗਭਗ ਉਨੱਤੀ ਜਿਲਦਾਂ ਸਮਰਪਿਤ ਕੀਤੀਆਂ ਹਨ। ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਜਾਣੀ ਜਾਂਦੀ ਸ਼ਾਹਕਾਰ ਰਚਨਾ ਹੈ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਕਲਪ ਅਤੇ ਦਰਸ਼ਨ ਦੇ ਮੂਲ ਸਿਧਾਂਤਾਂ ’ਤੇ ਪਹਿਰਾ ਦਿੱਤਾ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਚੰਗੀ ਵਾਰਤਕ ਦਾ ਨਮੂਨਾ

11 ਸਤੰਬਰ, ਐਤਵਾਰ ਦੇ ਅੰਕ ਵਿਚ ‘ਦਸਤਕ’ ਅੰਕ ਵਿਚ ਮਲਵਿੰਦਰ ਦਾ ਲੇਖ ‘ਆਓ ਵਾਰਤਕ ਲਿਖੀਏ’ ਚੰਗੀ ਵਾਰਤਕ ਦਾ ਨਮੂਨਾ ਹੈ। ਪੰਜਾਬੀ ਵਾਰਤਕ ਦੇ ਸ਼ਾਹਸਵਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਧੁਨਿਕ ਵਾਰਤਕ ਦੀ ਨੀਂਹ ਰੱਖੀ ਸੀ। ਪ੍ਰੀਤਲੜੀ ਨੇ ਨਿੱਕੇ ਨਿੱਕੇ ਪਲਾਂ ਨੂੰ ਵਾਰਤਕ ਟੋਟਿਆਂ ਵਿਚ ਲਿਖਿਆ। ਸਾਹਿਤਕ ਰਸਾਲੇ ਪ੍ਰੀਤਲੜੀ ਵਿਚ ਨਿੱਕੇ ਨਿੱਕੇ ਵਾਰਤਕ ਲੇਖ ਪਾਠਕਾਂ ਦੀ ਪਹਿਲੀ ਪਸੰਦ ਹੁੰਦੇ ਸਨ। ਅਸਲ ਵਾਰਤਕ ਹੀ ਉਹ ਹੈ ਜਿਸ ਨੂੰ ਪੜ੍ਹ ਕੇ ਪਾਠਕ ਅਸ਼-ਅਸ਼ ਕਰ ਉੱਠੇ। ਸਪਸ਼ਟਤਾ ਬਹੁਤ ਜ਼ਰੂਰੀ ਅੰਗ ਹੈ। ਅਜੋਕੇ ਵਾਰਤਕ ਸਾਹਿਤਕਾਰਾਂ ਵਿਚ ਵੀ ਕਈਆਂ ਨੇ ਵੱਡੇ ਪਾਠਕ ਵਰਗ ਨੂੰ ਆਪਣੇ ਨਾਲ ਜੋੜਿਆ ਹੈ। ਲੇਖਕ ਮਲਵਿੰਦਰ ਨੇ ਵਾਰਤਕ ਦੇ ਗੁਣ ਲਿਖ ਕੇ ਨਵੇਂ ਕਲਮਕਾਰਾਂ ਦਾ ਮਾਰਗਦਰਸ਼ਨ ਕੀਤਾ ਹੈ। ਲੇਖ ਸਾਹਿਤਕ ਵਰਕਸ਼ਾਪ ਵਾਂਗੂੰ ਅਸਰ ਕਰ ਗਿਆ। ਚੰਗੇ ਵਾਰਤਕਕਾਰ ਕੋਲ ਸ਼ਬਦਾਂ ਦਾ ਖ਼ਜ਼ਾਨਾ ਹੋਣਾ ਪਹਿਲੀ ਲੋੜ ਹੈ ਜੋ ਲੰਮੇ ਅਧਿਐਨ ਪਿੱਛੋਂ ਜੁੜਦਾ ਹੈ।

ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਪਾਠਕਾਂ ਦੇ ਖ਼ਤ Other

Oct 01, 2022

ਬਾਰਾਂ ਜਮਾਤਾਂ

27 ਸਤੰਬਰ ਨਜ਼ਰੀਆ ਪੰਨੇ ’ਤੇ ਸ਼ਵਿੰਦਰ ਦਾ ਮਿਡਲ ‘ਬੋਲਬਾਲਾ ਬਾਰਾਂ’ ਵਿਚ ਬਾਰਾਂ ਅੰਕਾਂ ਦੀ ਮਹੱਤਤਾ ਬਾਰੇ ਦੱਸਦਾ ਹੈ ਪਰ ਅੱਜ ਦੇ ਯੁੱਗ ਵਿਚ ਬਾਰਾਂ ਦੇ ਅਰਥ ਬਦਲੇ ਬਦਲੇ ਨਜ਼ਰ ਆਉਂਦੇ ਹਨ। ਬਾਰਾਂ ਜਮਾਤਾਂ ਬੱਚਾ ਲਗਾਤਾਰ ਪੜ੍ਹਦਾ ਹੈ, ਉਸ ਤੋਂ ਬਾਅਦ ਪੜ੍ਹਾਈ ਵਿਚ ਸਵਾਲੀਆ ਚਿੰਨ੍ਹ ਜਿਹਾ ਲੱਗ ਜਾਂਦਾ ਹੈ ਕਿ ਅੱਗੇ ਕੀ ਕਰੀਏ? ਹੁਣ ਜ਼ਿਆਦਾਤਰ ਬੱਚੇ ਬਾਰਾਂ ਜਮਾਤਾਂ ਪਾਸ ਕਰਨ ਤੋਂ ਬਾਅਦ ਆਈਲੈੱਟਸ ਕਰਕੇ ਬਾਹਰ ਜਾਣ ਦਾ ਫ਼ੈਸਲਾ ਹੀ ਠੀਕ ਸਮਝਦੇ ਹਨ। ਆਉਣ ਵਾਲੇ ਸਮੇਂ ਵਿਚ ਬਾਰਾਂ ਜਮਾਤਾਂ ਵੀ ਬਾਰਾਂ ਅੰਕਾਂ ਦੀ ਮਹੱਤਤਾ ਦੱਸਣਗੀਆਂ ਕਿ ਕਿਵੇਂ ਬਾਰਾਂ ਜਮਾਤਾਂ ਪੜ੍ਹਨ ਤੋਂ ਬਾਅਦ ਸਾਡੇ ਨੌਜਵਾਨਾਂ ਨੂੰ ਪਰਵਾਸ ਨੇ ਨਿਗਲ ਲਿਆ ਸੀ।

ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਪ੍ਰਦੂਸ਼ਣ ਦੀ ਮਾਰ

24 ਸਤੰਬਰ ਦਾ ਸੰਪਾਦਕੀ ‘ਪ੍ਰਦੂਸ਼ਣ ਦੀ ਸਮੱਸਿਆ’ ਪੜ੍ਹਿਆ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਕਾਰਨ 2080 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਲਈ ਇਸ ਬਾਰੇ ਸਾਨੂੰ ਖੁੱਲ੍ਹ ਕੇ ਵਿਚਾਰਨਾ ਚਾਹੀਦਾ ਹੈ ਕਿ ਪ੍ਰਦੂਸ਼ਣ ਫੈਲਣ ਤੋਂ ਕਿਵੇਂ ਰੋਕਣਾ ਹੈ। ਪ੍ਰਦੂਸ਼ਣ ਨਾਲ ਧਰਤੀ ਹੇਠਲਾ ਤੇ ਉੱਪਰਲਾ ਪਾਣੀ, ਖੁਰਾਕ, ਹਵਾ, ਲੋੜੀਂਦੀਆਂ ਊਰਜਾਵਾਂ ਆਦਿ ਸਭ ਕੁਝ ਪਲੀਤ ਹੋ ਚੁੱਕਾ ਹੈ। ਪ੍ਰਦੂਸ਼ਣ ਹਵਾ ਦਾ ਹੋਵੇ ਜਾਂ ਮਿੱਟੀ ਦਾ, ਓਜ਼ੋਨ ਵਿਚ ਮਘੋਰੇ ਹੋਣ ਜਾਂ ਸ਼ੋਰ ਪ੍ਰਦੂਸ਼ਣ ਹੋਵੇ, ਇਨ੍ਹਾਂ ਸਾਰੇ ਪ੍ਰਦੂਸ਼ਣਾਂ ਕਰਕੇ ਮਨੁੱਖੀ ਹੋਂਦ ਖ਼ਤਰੇ ਵਿਚ ਹੈ। ਇਸ ਬਾਰੇ ਪੰਜਾਬ ਸਰਕਾਰ ਅਤੇ ਲੋਕਾਂ ਨੂੰ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ ਕਿ ਪ੍ਰਦੂਸ਼ਣ ਨੂੰ ਅਸੀਂ ਕਿਵੇਂ ਰੋਕੀਏ।

ਡਾ. ਨਰਿੰਦਰ ਭੱਪਰ, ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)


ਡਰ ਡਰ ਕੇ…

24 ਸਤੰਬਰ ਨੂੰ ਸਤਰੰਗ ਪੰਨੇ ’ਤੇ ਜਸਬੀਰ ਕੌਰ ਦੇ ਲੇਖ ‘ਐਵੇਂ ਡਰ ਡਰ ਕੇ ਵੀ ਕੀ ਜਿਊਣਾ’ ਦਾ ਸਿਰਲੇਖ ਤਾਂ ਦਿਲਚਸਪ ਹੈ ਲੇਕਿਨ ਇਸ ਪੱਖ ’ਚ ਕਈ ਦਲੀਲਾਂ ਸਹੀ ਨਹੀਂ। ਲੁਟੇਰੇ ਨੂੰ ਦੇਖ ਕੇ ਤਰੇਲੀਆਂ ਅਤੇ ਚੀਕਾਂ ਕਿਉਂ ਨਹੀਂ ਆਉਣਗੀਆਂ? ਇਕੱਲੇ ਨਾ ਜਾਣ ਦੀ ਸਲਾਹ, ਤਿਲਕ ਕੇ ਡਿੱਗਣ ਤੋਂ ਬਚਣ ਪਾਣੀ ਲਾਗੇ ਨਾ ਜਾਣ ਦੀ ਸਲਾਹ ਅਤੇ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਸਖ਼ਤੀ ਜਾਇਜ਼ ਹਨ। ਚੰਗਾ ਹੁੰਦਾ ਜੇ ਉੱਘੇ ਫਿਲਮ ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਪੀ ਕੇ’ ਦੇਖਣ ਅਤੇ ਇਬਰਾਹਿਮ ਟੀ ਕਾਵੂਰ ਦੀ ਕਿਤਾਬ ‘...ਤੇ ਦੇਵ ਪੁਰਸ਼ ਹਾਰ ਗਏ’ ਪੜ੍ਹਨ ਲਈ ਕਿਹਾ ਹੁੰਦਾ। ਮਸਲਾ ਤਾਂ ਅਜਿਹੀਆਂ ਗੱਲਾਂਬਾਤਾਂ ਰਾਹੀਂ ਮਸਲੇ ਨੂੰ ਉਭਾਰਨ ਦਾ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਖਿਡਾਰੀਆਂ ਨਾਲ ਜ਼ਿਆਦਤੀ

22 ਸਤੰਬਰ ਦਾ ਸੰਪਾਦਕੀ ‘ਖਿਡਾਰੀਆਂ ਨਾਲ ਜ਼ਿਆਦਤੀ’ ਪੜ੍ਹਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਖਾਣਾ ਰੱਖਣ ਵਾਸਤੇ ਪ੍ਰਬੰਧਕਾਂ ਨੂੰ ਪਾਖਾਨਾ ਹੀ ਮਿਲਿਆ ਸੀ? ਇਹ ਕਬੱਡੀ ਖਿਡਾਰਨਾਂ ਨਾਲ ਸਰਾਸਰ ਜ਼ਿਆਦਤੀ ਹੈ। ਉੱਤਰ ਪ੍ਰਦੇਸ਼ ਵਿਚ ਅਜਿਹੀਆਂ ਹੋਰ ਬਥੇਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਹਨ ਪਰ ਸਰਕਾਰ ਫਿਰ ਵੀ ਆਪਣੀ ਪਿੱਠ ਥਾਪੜਦੀ ਰਹਿੰਦੀ ਹੈ।

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)


ਪੇਂਡੂ ਮਜ਼ਦੂਰਾਂ ਦੀ ਹਕੀਕਤ

16 ਸਤੰਬਰ ਨੂੰ ਕਰਮ ਬਰਸਟ ਦਾ ਲੇਖ ‘ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਦਸ਼ਾ ਅਤੇ ਦਿਸ਼ਾ’ ਜਾਣਕਾਰੀ ਭਰਪੂਰ ਲੇਖ ਹੈ। ਲੇਖਕ ਨੇ ਪੰਜਾਬ ਵਿਚ ਵਧ ਰਹੀ ਸਰਮਾਏਦਾਰੀ ਨਾਲ ਛੋਟੀ ਕਿਸਾਨੀ ਤੇ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਵਧ ਰਹੀਆਂ ਖੁ਼ਦਕੁਸ਼ੀਆਂ, ਅਨੇਕਾਂ ਹੋਰ ਔਕੜਾਂ, ਕਰਜ਼ਾ ਆਦਿ ਬਾਰੇ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅੰਦਰ ਪੈਦਾ ਹੋਈਆਂ ਤਰੁੱਟੀਆਂ ਦਾ ਵੀ ਜ਼ਿਕਰ ਕੀਤਾ ਹੈ। ਇਸੇ ਦਿਨ ਦੀ ਸੰਪਾਦਕੀ ‘ਖੇਡਾਂ ਦਾ ਵਪਾਰੀਕਰਨ’ ਵਿਚ ਖੇਡਾਂ ਵਿਚ ਹੁੰਦੀ ਸਰਕਾਰੀ ਲੁੱਟ ਦਾ ਜ਼ਿਕਰ ਹੈ। ਠੀਕ ਹੀ ਖੇਡਾਂ ਹੁਣ ਨਿੱਜੀ ਫਾਇਦਿਆਂ ਤਕ ਸੀਮਤ ਹੋ ਗਈਆਂ ਹਨ।

ਮਨਮੋਹਨ ਸਿੰਘ, ਨਾਭਾ


ਪੁਰਾਣੇ ਬਨਾਮ ਨਵੇਂ ਪ੍ਰਾਜੈਕਟ

ਪੰਜਾਬੀ ਟ੍ਰਿਬਿਊਨ ਵਿਚ ਬਠਿੰਡਾ ਥਰਮਲ ਬਾਰੇ ਖ਼ਬਰ ਪੜ੍ਹੀ। ਖ਼ਬਰ ਅਨੁਸਾਰ ਕਾਂਗਰਸ ਸਰਕਾਰ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਥਰਮਲ ਨੂੰ ਬੰਦ ਕਰ ਕੇ ਇਸ ਦੀ ਥਾਂ ਡਰੱਗ ਪਾਰਕ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਦੀ ਇਸ ਯੋਜਨਾ ਕਾਰਨ ਜਿੱਥੇ ਪੰਜਾਬ ਨੇ ਆਪਣਾ ਇਕ ਤਾਪ ਬਿਜਲੀ ਘਰ ਗੁਆ ਦਿੱਤਾ, ਉੱਥੇ ਹੀ ਬਠਿੰਡਾ ਸ਼ਹਿਰ ਨੇ ਆਪਣੀ ਪਛਾਣ ਦਾ ਪ੍ਰਤੀਕ ਚਿਮਨੀਆਂ ਵਾਲਾ ਥਰਮਲ ਵੀ ਗੁਆ ਲਿਆ। ਇਸ ਤੋਂ ਇਲਾਵਾ ਕਿੰਨੇ ਹੀ ਲੋਕ ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਤਾਪ ਬਿਜਲੀ ਘਰ ਨਾਲ ਜੁੜੀ ਹੋਈ ਸੀ, ਉਹ ਵੀ ਜਾਂਦੀ ਰਹੀ; ਤੇ ਹੁਣ ਇਹ ਡਰੱਗ ਪਾਰਕ ਵੀ ਪੰਜਾਬ ਹੱਥੋਂ ਜਾਂਦਾ ਰਿਹਾ, ਪੜ੍ਹ ਕੇ ਮਨ ਦੁਖੀ ਹੋਇਆ ਅਤੇ ਸਾਡੇ ਸੁਘੜ ਸਿਆਣੇ ਸਾਬਕਾ ਖ਼ਜ਼ਾਨਾ ਮੰਤਰੀ ਦੀ ਕਾਰਜਸ਼ੈਲੀ ’ਤੇ ਵੀ ਹਾਸਾ ਆਇਆ। ਇਕ ਗੱਲ ਇਨ੍ਹਾਂ ਨੀਤੀ ਘਾੜਿਆਂ ਦੀ ਸਮਝ ਤੋਂ ਬਾਹਰ ਹੈ ਕਿ ਜੇ ਨਵਾਂ ਪ੍ਰਾਜੈਕਟ ਲਾਉਣਾ ਹੈ ਤਾਂ ਕਿਸੇ ਖਾਲੀ ਥਾਂ ’ਤੇ ਲਾਓ, ਪਹਿਨਾਂ ਬਣੇ ਪ੍ਰਾਜੈਕਟ ਨੂੰ ਬੰਦ ਕਰਕੇ ਹੀ ਨਵੇਂ ਲਾਉਣ ਦਾ ਕੀ ਮਤਲਬ ਹੋਇਆ? ਹੁਣ ਸਾਬਕਾ ਖਜ਼ਾਨਾ ਮੰਤਰੀ ਨੂੰ ਇਸ ਬਾਬਤ ਸਵਾਲ ਜ਼ਰੂਰ ਕਰਨਾ ਬਣਦਾ ਹੈ।

ਰਵੀ ਸ਼ੇਰਗਿੱਲ, ਪਿੰਡ ਦਾਨਗੜ੍ਹ (ਬਰਨਾਲਾ)


ਗੁਣੀ ਅਧਿਆਪਕ

30 ਸਤੰਬਰ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਅਧਿਆਪਕ ਸੁਨੀਲ ਕੁਮਾਰ ਬਾਰੇ ਲਿਖ ਕੇ ਚੰਗੇ ਅਧਿਆਪਕ ਦੇ ਗੁਣਾਂ ਦੀ ਰੂਪ ਰੇਖਾ ਇਸ ਲੇਖ ਵਿਚ ਪੇਸ਼ ਕੀਤੀ ਹੈ। ਇਹ ਲੇਖ ਉਨ੍ਹਾਂ ਅਧਿਆਪਕਾਂ ਲਈ ਮਾਰਗ ਦਰਸ਼ਕ ਹੈ ਜੋ ਇਸ ਰਾਹ ’ਤੇ ਚੱਲਣ ਦੀ ਤਾਂਘ ਰੱਖ ਸਕਦੇ ਹਨ। ਵਿਦਿਆਰਥੀਆਂ ਦਾ ਭਵਿੱਖ ਅਤੇ ਸ਼ਖ਼ਸੀਅਤ ਦੀ ਉਸਾਰੀ ਅਧਿਆਪਕਾਂ ’ਤੇ ਬਹੁਤ ਨਿਰਭਰ ਕਰਦੀ ਹੈ। ਸਾਰੀ ਜ਼ਿੰਦਗੀ ਕੰਮ ਆਉਣ ਵਾਲੀਆਂ ਮੁੱਢਲੀਆਂ ਜਾਣਕਾਰੀਆਂ ਅਧਿਆਪਕ ਹੀ ਉਨ੍ਹਾਂ ਨੂੰ ਦਿੰਦੇ ਹਨ। ਅੱਜ ਦੇ ਪਦਾਰਥਕ ਲਾਭਾਂ ਦੇ ਯੁੱਗ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਦੌਰਾਨ ਅਜਿਹੇ ਵਿਅਕਤੀ ਬਹੁਤ ਮਹੱਤਵ ਰੱਖਦੇ ਹਨ।

ਡਾ. ਅਜੀਤਪਾਲ ਸਿੰਘ, ਬਠਿੰਡਾ