ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ Other

Oct 24, 2021

ਮੇਰਾ ਜੱਲ੍ਹਿਆਂਵਾਲਾ ਬਾਗ਼...

ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਤੱਥਾਂ ਅਤੇ ਇਮਾਰਤ ਨਾਲ ਹਕੂਮਤ ਵੱਲੋਂ ਛੇੜਛਾੜ ਕੀਤੀ ਗਈ ਹੈ। ਲੇਖਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਲੇਖ ਰਾਹੀਂ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਪੰਜਾਬੀਆਂ ਅਤੇ ਦੇਸ਼ ਪ੍ਰੇਮੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਨ 1919 ਦੀ ਵਿਸਾਖੀ ਵਾਲੇ ਦਿਨ ਬਰਤਾਨਵੀ ਹਕੂਮਤ ਨੇ ਹਜ਼ਾਰਾਂ ਬੇਕਸੂਰ ਅਤੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਇਸ ਖ਼ੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲੰਦਨ ਵਿਚ ਮਾਈਕਲ ਫਰਾਂਸਿਸ ਓ’ਡਵਾਇਰ ਨੂੰ ਗੋਲੀ ਮਾਰ ਕੇ ਫਾਂਸੀ ਦਾ ਰੱਸਾ ਚੁੰਮ ਕੇ ਲਿਆ ਸੀ। ਇਸ ਬਾਗ਼ ਦੀ ਮਿੱਟੀ ਦਾ ਕਣ ਕਣ ਸ਼ਹੀਦਾਂ ਦੇ ਖ਼ੂਨ ਨਾਲ ਲਥਪਥ ਹੈ। ਇਹ ਬਾਗ਼ ਕੋਈ ਸੈਰ ਸਪਾਟੇ ਜਾਂ ਮੌਜ ਮੇਲੇ ਦੀ ਥਾਂ ਨਹੀਂ। ਇਸ ਬਾਗ਼ ਵਿਚ ਹਰ ਦੇਸ਼ ਵਾਸੀ ਨੂੰ ਬੜੇ ਅਦਬ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਨੇ ਚਾਹੀਦੇ ਹਨ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)


ਆਵਾਮ ਨੂੰ ਜਾਗਰੂਕ ਕਰਦੇ ਵਿਚਾਰ

17 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਪਰ ‘ਵਿਚਾਰਾਂ ਦਾ ਟਕਰਾਉ’ ਸੰਪਾਦਕੀ ਬਿਲਕੁਲ ਸੱਚ ਆਖਦੀ ਹੈ। ਸਮੇਂ ਨੂੰ ਇਸ ਸੱਚ ਦੀ ਜ਼ਰੂਰਤ ਵੀ ਹੈ ਅਤੇ ਆਵਾਮ ਨੂੰ ਇਸ ਸਭ ਕੁਝ ਦੇ ਪਿੱਛੇ ਵਾਪਰ ਰਹੇ ਬਾਰੇ ਜਾਗਰੂਕ ਦਾ ਮੌਕਾ ਖੁੰਝਾਉਣਾ ਨਹੀਂ ਚਾਹੀਦਾ। ਇਸੇ ਸਫ਼ੇ ਉੱਪਰ ਅਭਿਜੀਤ ਭੱਟਾਚਾਰੀਆ ਦਾ ਲੇਖ ‘ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀ ਨਾਕਾਮੀ ਦੇ ਮਾਅਨੇ’ ਪੜ੍ਹ ਕੇ ਕਾਫ਼ੀ ਜਾਣਕਾਰੀ ਮਿਲੀ ਹੈ, ਪਰ ਲੇਖ ਦੇ ਸਿਰਲੇਖ ਨਾਲ ਸਹਿਮਤ ਹੋਣਾ ਢੁਕਵਾਂ ਨਹੀਂ ਲੱਗਦਾ। ਕਿਉਂਕਿ ਅਮਰੀਕੀ ਪਿਛੋਕੜ ਦੀ ਪੜਚੋਲ ਕਰੀਏ ਤਾਂ ਲੱਗਦਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਉਸ ਨੇ ਜੋ ਕਰਨਾ ਸੀ ਉਹ ਤਾਂ ਕਰ ਨਿਕਲਿਆ ਹੈ। ਰੱਬ ਖ਼ੈਰ ਕਰੇ।

ਡਾ. ਪੰਨਾ ਲਾਲ ਮੁਸਤਫਾਬਾਦੀ, ਈ-ਮੇਲ


ਪਟੇਲ ਬਾਰੇ ਉਮਦਾ ਜਾਣਕਾਰੀ

10 ਅਕਤੂਬਰ ਦੇ ਨਜ਼ਰੀਆ ਪੰਨੇ ਦੇ ਲੇਖ ‘ਬਰਦੌਲੀ ਦੇ ਕਿਸਾਨ ਅੰਦੋਲਨ ਦੀ ਸਿਆਸਤ’ ਵਿਚ ਰਾਮਚੰਦਰ ਗੁਹਾ ਨੇ ਸਰਦਾਰ ਪਟੇਲ ਦੀ ਸ਼ਖ਼ਸੀਅਤ ਬਾਰੇ ਉਮਦਾ ਜਾਣਕਾਰੀ ਦਿੱਤੀ। 1928 ਵਿਚ ਬਰਦੌਲੀ ਦੇ ਕਿਸਾਨ ਬਸਤੀਵਾਦੀ ਰਾਜ ਦੀਆਂ ਦਮਨਕਾਰੀ ਖੇਤੀ ਨੀਤੀਆਂ ਖਿਲਾਫ਼ ਲਾਮਬੰਦ ਹੋਏ ਤਾਂ ਉਨ੍ਹਾਂ ਨੇ ਕਿਸਾਨਾਂ ਦਾ ਹੌਸਲਾ ਤੇ ਉਤਸ਼ਾਹ ਵਧਾਇਆ। ਪਰ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਸਦਕਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਅਤੇ ਅੰਦੋਲਨ ਨੂੰ ਸਫ਼ਲਤਾ ਹਾਸਲ ਹੋਈ। ਅੱਜ ਦੀ ਸਰਕਾਰ ਹਮਦਰਦੀ ਤੇ ਸੂਝ-ਬੂਝ ਦੇ ਭਾਵ ਤੋਂ ਕੋਹਾਂ ਦੂਰ ਜਾਪਦੀ ਹੈ।

ਜਸਬੀਰ ਕੌਰ, ਅੰਮ੍ਰਿਤਸਰ

ਪਾਠਕਾਂ ਦੇ ਖ਼ਤ Other

Oct 23, 2021

ਕਰਾਰਾ ਜਵਾਬ

21 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ’ ਪੜ੍ਹਿਆ। ਲੇਖਕ ਕੇਂਦਰੀ ਗ੍ਰਹਿ ਮੰਤਰੀ ਨੂੰ ਕਰਾਰਾ ਜਵਾਬ ਦੇ ਸਕਿਆ ਹੈ। ਅਨਪੜ੍ਹ ਹੋਣਾ ਗੁਨਾਹ ਨਹੀਂ ਹੈ, ਅਨਪੜ੍ਹਤਾ ਨੂੰ ਹੱਲਾਸ਼ੇਰੀ ਦੇਣਾ ਗੁਨਾਹ ਵੀ ਹੈ ਅਤੇ ਜੁਰਮ ਵੀ। ਵਿੱਦਿਆ ਪ੍ਰਾਈਵੇਟ ਖੇਤਰ ਦੇ ਹਵਾਲੇ ਕਰ ਕੇ ਸਰਕਾਰ ਵਿੱਦਿਆ ਨੂੰ ਆਮ ਨਾਗਰਿਕ ਦੀ ਪਹੁੰਚ ਤੋਂ ਬਾਹਰ ਕਰਕੇ ਖ਼ੁਦ ਅਨਪੜ੍ਹਤਾ ਵਧਾ ਰਹੀ ਹੈ।

ਜਗਰੂਪ ਸਿੰਘ, ਲੁਧਿਆਣਾ


ਰੇਡੀਓ ਦੀਆਂ ਯਾਦਾਂ

20 ਅਕਤੂਬਰ ਨੂੰ ਡਾ. ਮਨਜੀਤ ਸਿੰਘ ਬੱਲ ਦਾ ਮਿਡਲ ‘ਪੰਚਾਇਤ ਵਾਲਾ ਰੇਡੀਓ’ ਖ਼ੂਬ ਰਿਹਾ। ਇਹ ਰੇਡੀਓ ਦਾ ਇਤਿਹਾਸ ਦੱਸਣ ਵਾਲਾ ਸੀ। ਪੰਜ ਦਹਾਕੇ ਪਹਿਲਾਂ ਸਾਡੇ ਵਿਹੜੇ ਵਿਚ ਵੀ ਵੱਡੇ ਬਜ਼ੁਰਗ ਅਤੇ ਮਾਵਾਂ ਆ ਕੇ ਬਹਿ ਜਾਂਦੇ ਸਨ ਅਤੇ ਰੇਡੀਓ ’ਤੇ ਪ੍ਰਸਾਰਿਤ ਖ਼ਬਰਾਂ ਅਤੇ ਦੂਜੇ ਪ੍ਰੋਗਰਾਮ ਬੜੇ ਚਾਅ ਨਾਲ ਸੁਣਦੇ ਸਨ। 

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਦਰਵੇਸ਼

19 ਅਕਤੂਬਰ ਦੇ ਅੰਕ ਵਿਚ ਬਲਵਿੰਦਰ ਗਰੇਵਾਲ ਦਾ ਲੇਖ ‘ਨੇਕੀ ਦਾ ਵਿਸਮਾਦ’ ਲੋਕਾਂ ਨੂੰ ਸਮਰਪਿਤ ਦਰਵੇਸ਼ ਸਿਆਸਤਦਾਨ ਰਾਜਿੰਦਰ ਸਿੰਘ ਪੱਪੂ ਨੂੰ ਮਹਿਜ਼ ਸ਼ਰਧਾਂਜਲੀ ਨਹੀਂ ਸੀ ਸਗੋਂ ਉਸ ਦੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦੀਆਂ ਮਹੱਤਵਪੂਰਨ ਤਹਿਆਂ ਫਰੋਲਣ ਵਾਲਾ ਹੈ। ਆਧੁਨਿਕ ਦੌਰ ਵਿਚ ਕਿਸੇ ਦੇ ਔਗੁਣਾਂ ਦੀ ਪਰਦਾਪੋਸ਼ੀ ਕਰਨ ਲਈ ਉਸ ਦੇ ਨਾਂ ਨਾਲ ‘ਦਰਵੇਸ਼’ ਵਿਸ਼ੇਸ਼ਣ ਵਰਤ ਲਿਆ ਜਾਂਦਾ ਹੈ, ਜਿਵੇਂ ਦਰਵੇਸ਼ ਸਿਆਸਤਦਾਨ, ਦਰਵੇਸ਼ ਲੇਖਕ ਆਦਿ ਜਿਸ ਨਾਲ ਇਸ ਸ਼ਬਦ ਦੇ ਅਰਥ ਹੀ ਬਦਲ ਜਾਂਦੇ ਹਨ। ਸਮਾਜ ਦੇ ਸਾਰੇ ਵਰਗਾਂ ਵਿਚ ਭਾਵੇਂ ਗਿਣਤੀ ਵਿਚ ਘੱਟ ਹੀ ਹੋਣ ਪਰ ਸੱਚਮੁੱਚ ਦੇ ਦਰਵੇਸ਼ ਹੁੰਦੇ ਜ਼ਰੂਰ ਹਨ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


(2)

ਬਲਵਿੰਦਰ ਗਰੇਵਾਲ ਦਾ ਰਜਿੰਦਰ ਸਿੰਘ ਪੱਪੂ ਬੂਥਗੜ੍ਹ ਬਾਰੇ ਲੇਖ ‘ਨੇਕੀ ਦਾ ਵਿਸਮਾਦ!’ ਪੜ੍ਹਿਆ। ਸੱਚ ਹੀ ਨੇਕੀ ਦੇ ਵਿਸਮਾਦ ਨੂੰ ਪੜ੍ਹ ਕੇ ਸੱਚ ਦੇ ਰਾਹ ਤੁਰਦੇ ਲੋਕਾਂ ਨੂੰ ਹੌਸਲਾ ਤੇ ਉਤਸ਼ਾਹ ਮਿਲਦਾ ਹੈ।

ਰਾਜਵਿੰਦਰ ਰੌਂਤਾ, ਮੋਗਾ


ਅੱਖਾਂ ਖੋਲ੍ਹੀਆਂ

18 ਅਕਤੂਬਰ ਦੇ ਤਜਿੰਦਰ ਦੇ ਲੇਖ ‘ਫਾਸਟ ਫ਼ੈਸ਼ਨ: ਕੱਪੜਿਆਂ ਦੀ ਅੰਨ੍ਹੀ ਭਗਤੀ ਤੋਂ ਪਾਰ ਦੇਖਦਿਆਂ’ ਨੇ ਫਾਸਟ ਫ਼ੈਸ਼ਨ ਅਤੇ ਕੱਪੜਾ ਮਿੱਲਾਂ ਦੀ ਅੰਦਰਲੀ ਤਰਸਯੋਗ ਹਾਲਤ ਤੋਂ ਪਰਦਾ ਚੁੱਕ ਕੇ ਅੱਖਾਂ ਖੋਲ੍ਹ ਦਿੱਤੀਆਂ ਕਿ ਕਿਵੇਂ ਅਮੀਰ ਲੋਕ ਫ਼ੈਸ਼ਨ ਵਜੋਂ ਦੋ ਚਾਰ ਵਾਰੀ ਪੈਂਟ ਕਮੀਜ਼ ਪਾ ਕੇ ਸੁੱਟ ਦਿੰਦੇ ਹਨ ਪਰ ਦੇਖਿਆ ਜਾਏ ਤਾਂ ਇਕ ਕਮੀਜ਼ ਪੈਂਟ ਲਈ 10 ਟਨ ਪਾਣੀ ਦੀ ਖ਼ਪਤ ਹੋ ਜਾਂਦੀ ਹੈ। ਇਨ੍ਹਾਂ ਕਾਰਖਾਨਿਆਂ ਵਿਚ ਜੋ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ, ਉਨ੍ਹਾਂ ਦਾ ਕਿਵੇਂ ਸੋਸ਼ਣ ਹੁੰਦਾ ਹੈ! ਲੇਖ ਵਿਚ ਪੇਸ਼ ਹਾਲਾਤ ਬੜੇ ਹੌਲਨਾਕ ਹਨ।

ਜਸਬੀਰ ਕੌਰ, ਅੰਮ੍ਰਿਤਸਰ


ਮਨ ਦਾ ਸੰਦੂਕ

ਹਰਪ੍ਰੀਤ ਕੌਰ ਘੜੂੰਆਂ ਦੀ ਰਚਨਾ ‘ਮਨ ਦਾ ਸੰਦੂਕ’ (18 ਅਕਤੂਬਰ) ਵਿਚ ਲੋਪ ਹੋ ਰਹੇ ਪੁਰਾਣੇ ਸਭਿਆਚਾਰ ਵਿਚੋਂ ਪਿੰਡਾਂ ਵਿਚ ਖੇਡੇ ਜਾਂਦੇ ਡਰਾਮਿਆਂ ਦਾ ਮਹੱਤਵ ਦੱਸਿਆ ਹੈ। ਡਰਾਮੇ ਕਰਕੇ ਕੁੜੀਆਂ ਆਪਣੀਆਂ ਸਾਥਣਾਂ ਨੂੰ ਮਿਲ ਜਾਂਦੀਆਂ ਸਨ ਅਤੇ ਇਹ ਸਮਾਜਿਕ ਸਾਂਝ ਵਧਾਉਂਦੇ ਸਨ। ਡਰਾਮਿਆਂ ਤੋਂ ਬੱਚਿਅ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ।

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਕਪਾਹ ਦੀਆਂ ਫੁੱਟੀਆਂ

16 ਅਕਤੂਬਰ ਨੂੰ ਡਾ. ਲਖਵੀਰ ਸਿੰਘ ਨਾਮਧਾਰੀ ਦਾ ਸਤਰੰਗ ਪੰਨੇ ’ਤੇ ਛਪਿਆ ਲੇਖ ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’ ਪੜ੍ਹ ਕੇ ਇਉਂ ਲੱਗਿਆ ਜਿਵੇਂ ਸਾਡੀਆਂ ਲੋਕ ਬੋਲੀਆਂ/ਬੁਝਾਰਤਾਂ ਵੀ ਪੰਜਾਬੀ ਸਾਹਿਤ ਦੀਆਂ ਕਪਾਹ ਦੀਆਂ ਫੁੱਟੀਆਂ ਹੀ ਹਨ। ਯਾਦ ਆਇਆ, ਆਪਣੇ ਲੁਧਿਆਣੇ ਜ਼ਿਲ੍ਹੇ ਦਾ ਅਲੂਣਾ ਪੱਲਾ ਪਿੰਡ ਜਿੱਥੇ ਬਚਪਨ ਵਿਚ ਅਸੀਂ ਕਪਾਹ ਤੇ ਨਰਮੇ ਦੇ ਖੇਤਾਂ ਵਿਚ ‘ਰੋੜਾਂ’ ਤੋਂ ਜੰਮੇ ਬੂਟਿਆਂ ਵਿਚੋਂ ਚਿੱਟੀ ਕਪਾਹ ਦੀਆਂ ਫੁੱਟੀਆਂ ਦੇਖਦੇ ਸੀ। ਨਾਲ ਦੇ ਘਰ ਦੀ ਕਿਸਾਨੀ ਨਾਲ ਸਬੰਧਿਤ ਬੇਬੇ ਹੱਥਾਂ ਨਾਲ ਵੇਲਣੇ ਤੇ ਫੁੱਟੀਆਂ ਵਿਚੋਂ ਰੂੰ ਕੱਢਦੀ ਅੱਖਾਂ ਸਾਹਮਣੇ ਆ ਗਈ। ਅੱਜ ਉਹ ਖੇਤ ਧਾਨ ਦੀ ਫ਼ਸਲ ਨਾਲ ਵਟ ਗਏ ਹਨ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਮਾਪੇ ਅਤੇ ਮਾਹੌਲ

15 ਅਕਤੂਬਰ ਨੂੰ ਰਿਪਨਜੋਤ ਕੌਰ ਸੋਨੀ ਬੱਗਾ ਦਾ ਮਿਡਲ ‘ਮਾਹੌਲ’ ਬਹੁਤ ਕੁਝ ਬਿਆਨ ਕਰਦਾ ਹੈ। ਲੇਖ ਵਿਚ ਮਾਂ ਪਿਓ ਦੀ ਆਪਣੇ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੋਵੇ, ਕਿਵੇਂ ਘਰ ਦੇ ਵਿਗੜੇ ਮਾਹੌਲ ਤੋਂ ਬੱਚਿਆਂ ਨੂੰ ਦੂਰ ਰੱਖਣਾ ਹੈ, ਬਾਰੇ ਸੁਚੱਜੇ ਢੰਗ ਨਾਲ ਦੱਸਿਆ ਗਿਆ ਹੈ।

ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)


ਵੰਡੀਆਂ ਪਾਉਣ ਦੀ ਕੋਸ਼ਿਸ਼

21 ਅਕਤੂਬਰ ਦੇ ਨਜ਼ਰੀਆ ਪੰਨੇ ਉੱਤੇ ਹਮੀਰ ਸਿੰਘ ਨੇ ਆਪਣੇ ਲੇਖ ‘ਕਿਸਾਨ ਅੰਦੋਲਨ ਵਿਚ ਮੁੜ ਵੰਡੀਆਂ ਪਾਉਣ ਦੀ ਕੋਸ਼ਿਸ਼’ ਵਿਚ ਸੱਚ ਲਿਖਿਆ ਹੈ। ਸਰਕਾਰਾਂ ਅਤੇ ਕੁਝ ਹੋਰ ਧਿਰਾਂ ਭਾਵੇਂ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਈ ਹਥਕੰਡੇ ਅਪਣਾ ਰਹੀਆਂ ਹਨ, ਫਿਰ ਵੀ ਇਹ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਤੇ ਪੂਰੇ ਜੋਸ਼ ਨਾਲ ਅੱਗੇ ਵਧ ਰਿਹਾ ਹੈ। ਅਸਲ ਵਿਚ ਸਰਕਾਰ ਖੇਤੀ ਕਾਨੂੰਨ ਪਾਸ ਕਰਕੇ ਕਸੂਤੀ ਸਥਿਤੀ ਵਿਚ ਉਲਝ ਗਈ ਹੈ ਤੇ ਹੁਣ ਉਹ ਇਸ ਅੰਦੋਲਨ ਦੀ ਦਿਸ਼ਾ ਬਦਲ ਕੇ ਆਪਣਾ ਬਚਾਅ ਕਰਨਾ ਚਾਹੁੰਦੀ ਹੈ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)

ਡਾਕ ਐਤਵਾਰ ਦੀ Other

Oct 17, 2021

ਨੂਰਪੁਰੀ ਬਾਰੇ ਜਾਣਕਾਰੀ

ਐਤਵਾਰ, 10 ਅਕਤੂਬਰ ਦੇ ‘ਦਸਤਕ’ ਅੰਕ ਵਿਚ ਲੇਖਕ ਜਗਤਾਰ ਦਾ ਪ੍ਰਸਿੱਧ ਕਵੀ ਨੰਦ ਲਾਲ ਨੂਰਪੁਰੀ ਬਾਰੇ ਲੇਖ ਪੜ੍ਹਿਆ, ਵਧੀਆ ਲੱਗਿਆ। ਇਸ ਲੇਖ ਤੋਂ ਨੰਦ ਲਾਲ ਨੂਰਪੂਰੀ ਬਾਰੇ ਨਵੀਂ ਜਾਣਕਾਰੀ ਮਿਲੀ ਹੈ। ਇਸ ਲੇਖ ਨਾਲ ਛਾਪੀਆਂ ਗਈਆਂ ਨੂਰਪੂੁਰੀ ਦੀਆਂ ਰਚਨਾਵਾਂ ਕਮਾਲ ਦੀਆਂ ਹਨ। ਅਸੀਂ ਇਨ੍ਹਾਂ ਰਚਨਾਵਾਂ ਨੂੰ ਭਾਵੇਂ ਬਚਪਨ ਤੋਂ ਪੜ੍ਹਦੇ ਸੁਣਦੇ ਆ ਰਹੇ ਹਾਂ, ਪਰ ਇਹ ਪਤਾ ਨਹੀਂ ਸੀ ਕਿ ਇਨ੍ਹਾਂ ਰਚਨਾਵਾਂ ਦਾ ਰਚੇਤਾ ਨੰਦ ਲਾਲ ਨੂਰਪੁਰੀ ਹੈ। ਨੂਰਪੁਰੀ ਦੀ ਰਚਨਾ ‘ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ’ ਸਾਨੂੰ ਸਕੂੁਲ ਦੇ ਸਿਲੇਬਸ ਵਿਚ ਪੜ੍ਹਾਈ ਜਾਂਦੀ ਸੀ ਜੋ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਸੀ। ਅਜਿਹੀਆਂ ਹੋਰ ਰਚਨਾਵਾਂ ਛਪਣ ਨਾਲ ਜਾਣਕਾਰੀ ਵਿਚ ਇਜ਼ਾਫ਼ਾ ਹੋਵੇਗਾ।

ਜਗਮੋਹਨ ਸਿੰਘ ਲੱਕੀ, ਪਟਿਆਲਾ


ਦੇਸ਼ ਦੇ ਹਾਲਾਤ ’ਤੇ ਰੌਸ਼ਨੀ

10 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਲੇਖ ‘ਦਰਿਆ ਅਗਨ ਦਾ ਤਰਨਾ ਹੈ’ ਨੇ ਦੇਸ਼ ਦੇ ਅੱਜ ਦੇ ਹਾਲਾਤ ’ਤੇ ਰੌਸ਼ਨੀ ਪਾਈ ਹੈ। ਖ਼ਾਸ ਕਰਕੇ ਕਿਸਾਨ ਅੰਦੋਲਨ ਦੌਰਾਨ ਹਾਲ ਹੀ ਵਿੱਚ ਵਾਪਰੀ ਲਖੀਮਪੁਰ ਦੀ ਘਟਨਾ ’ਤੇ ਵੀ ਜਿਸ ਨੇ ਹਰ ਇਨਸਾਨ ਦੇ ਦਿਲ ਨੂੰ ਗਹਿਰੀ ਠੇਸ ਪਹੁੰਚਾਈ ਹੈ। ਪਿਛਲੇ ਲਗਭਗ ਇਕ ਸਾਲ ਤੋਂ ਚੱਲ ਰਹੇ ਸ਼ਾਂਤੀਪੂਰਵਕ ਕਿਰਸਾਨੀ ਘੋਲ ਕਰਕੇ ਸਰਕਾਰ ਦੀ ਦੁਨੀਆ ਭਰ ਵਿਚ ਹੇਠੀ ਹੋਈ ਹੈ। ਹੁਣ ਤੱਕ ਸਰਕਾਰ ਨੇ ਅੜੀਅਲ ਵਤੀਰਾ ਅਪਣਾ ਕੇ ਲੋਕਾਂ ਦੀ ਆਵਾਜ਼ ਨੂੰ ਅਣਸੁਣੀ ਕੀਤਾ ਹੋਇਆ ਹੈ। ਹੱਕ ਸੱਚ ਦੀ ਲੜਾਈ ਲੜ ਰਹੇ ਕਿਸਾਨਾਂ ਦਾ ਘੋਲ ਦਿਨੋ ਦਿਨ ਹੋਰ ਪ੍ਰਚੰਡ ਹੋ ਰਿਹਾ ਹੈ। ਸਰਕਾਰ ਦੇ ਕੁਝ ਖ਼ਾਸ ਮੰਤਰੀ ਸਮੇਂ ਸਮੇਂ ਇਸ ਘੋਲ ਬਾਰੇ ਊਲ-ਜਲੂਲ ਬਿਆਨ ਦੇ ਚੁੱਕੇ ਹਨ। ਉੱਤਰ ਪ੍ਰਦੇਸ਼ ਵਿਚ ਸ਼ਾਂਤੀਪੂਰਵਕ ਘਰਾਂ ਨੂੰ ਪਰਤ ਰਹੇ ਕਿਸਾਨਾਂ ’ਤੇ ਜਿਸ ਤਰ੍ਹਾਂ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਿਆ ਗਿਆ ਉਹ ਬਹੁਤ ਹੀ ਨੀਵੇਂ ਪੱਧਰ ਦੀ ਕੋਝੀ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਇਸ ਸਭ ਦੇ ਬਾਵਜੂਦ ਕਿਸਾਨਾਂ ਦਾ ਘੋਲ ਲਗਾਤਾਰ ਜਿੱਤ ਵੱਲ ਵਧਦਾ ਜਾ ਰਿਹਾ ਹੈ।

ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


ਸਿੱਖ ਧਰਮ ਦੀ ਸ਼ੁਰੂਆਤ

‘ਪੰਜਾਬੀ ਟ੍ਰਿਬਿਊਨ’ ਦੀ ਤਿੰਨ ਅਕਤੂਬਰ ਦੀ ਸੰਪਾਦਕੀ ‘ਧਾਰਮਿਕ ਕੱਟੜਤਾ ਦਾ ਪਾਸਾਰ’ ਬਹੁਤ ਭਾਵਪੂਰਤ ਅਤੇ ਸਮੇਂ ਦੀ ਲੋੜ ਅਨੁਸਾਰੀ ਸੀ, ਪਰ ਇਸ ਵਿਚ ਸਿੱਖ ਧਰਮ ਦੀ ਸ਼ੁਰੂਆਤ ਸੋਲ੍ਹਵੀਂ ਸਦੀ ਵਿਚ ਹੋਈ, ਕਹੀ ਗਈ ਹੈ। ਸਿੱਖ ਪ੍ਰੰਪਰਾ ਅਤੇ ਇਤਿਹਾਸ ਅਨੁਸਾਰ ਸਿੱਖ ਧਰਮ ਦੀ ਸ਼ੁਰੂਆਤ, ਗੁਰੂ ਨਾਨਕ ਦੇਵ ਜੀ ਦੇ ਜਨਮ ਯਾਨੀ ਪੰਦਰਵੀਂ ਸਦੀ ਤੋਂ ਹੋਈ ਮੰਨੀ ਜਾਂਦੀ ਹੈ ਜਿਸ ਦੀ ਸਾਖੀ ਭਾਈ ਗੁਰਦਾਸ ਜੀ ਭਰਦੇ ਹਨ।

ਤਰਸੇਮ ਸਿੰਘ ਲੱਡਾ, ਈ-ਮੇਲ

ਪਾਠਕਾਂ ਦੇ ਖ਼ਤ Other

Oct 16, 2021

ਸਮੇਂ ਦੀ ਮੰਗ

12 ਅਕਤੂਬਰ ਦੇ ਸੰਪਾਦਕੀ ‘ਵਧ ਰਹੀ ਹਿੰਸਾ’ ਅਤੇ ‘ਦਲਿਤਾਂ ਵਿਰੁੱਧ ਅਪਰਾਧ’ ਜਿੱਥੇ ਕੇਂਦਰੀ ਰਾਜ ਪ੍ਰਬੰਧ ਦੇ ਬਾਵਜੂਦ ਜੰਮੂ ਕਸ਼ਮੀਰ ’ਚ ਵਧ ਰਹੀ ਹਿੰਸਾ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ’ਤੇ ਚਿੰਤਾ ਪ੍ਰਗਟਾਉਂਦੇ ਹਨ, ਉੱਥੇ ਜੰਮੂ ਕਸ਼ਮੀਰ ਵਿਚ ਲੋਕਤੰਤਰੀ ਪ੍ਰਕਿਰਿਆ ਬਹਾਲ ਕਰਕੇ ਸਿਆਸੀ ਸਰਗਰਮੀਆਂ ਦੀ ਪੂਰਨ ਰੂਪ ’ਚ ਖੁੱਲ੍ਹ ਦੇਣ ਅਤੇ ਦੇਸ਼ ਅੰਦਰ ਦਲਿਤਾਂ ਨਾਲ ਹੋ ਰਹੇ ਧੱਕੇ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕਰਦੇ ਹਨ। ਸਮੇਂ ਦੀ ਮੰਗ ਹੈ ਕਿ ਸੱਤਾਧਾਰੀਆਂ ਨੂੰ ਸਿਆਸੀ ਲਾਹਾ ਲੈਣ ਦੇ ਢੌਂਗ ਕਰਨ ਦੀ ਬਜਾਇ ਸਗੋਂ ਅਮਲੀ ਰੂਪ ਵਿਚ ਲੋਕ ਭਲਾਈ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ।

ਮਨੋਹਰ ਸਿੰਘ ਸੱਗੂ, ਧੂਰੀ


ਕਿਸਾਨਾਂ ਦਾ ਦਬਾਅ

9 ਅਕਤੂਬਰ ਦੇ ਸੰਪਾਦਕੀ ‘ਅਮਲ ਵਿਚ ਕੁਝ ਵੀ ਨਹੀਂ’ ਰਾਹੀਂ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਨੂੰ ਸੁਪਰੀਮ ਕੋਰਟ ਵੱਲੋਂ ਪਈਆਂ ਝਾੜਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਆਮ ਵਿਅਕਤੀ ਲਈ ਕਾਨੂੰਨ ਸਖ਼ਤ ਹੈ, ਰਾਜ ਭਾਗ ਨੂੰ ਚਿੰਬੜੇ ਲੋਕਾਂ ਤੇ ਉਨ੍ਹਾਂ ਦੇ ਵਿਗੜੇ ਕਾਕਿਆਂ ਲਈ ਉਹੀ ਕਾਨੂੰਨ ਬਹੁਤ ਸਾਰੀਆਂ ਢਿੱਲਾਂ ਦੇ ਦਿੰਦੇ ਹਨ। ਸੰਪਾਦਕੀ ’ਚ ਸਹੀ ਗੱਲ ਕਹੀ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਕਿਸਾਨਾਂ ਨੂੰ ਹੋਰ ਦਬਾਅ ਬਣਾਉਣਾ ਪਵੇਗਾ। ਕਿਸਾਨ ਜਥੇਬੰਦੀਆਂ ਤੇ ਜਮਹੂਰੀ ਤਾਕਤਾਂ ਦੀ ਇਕਜੁੱਟਤਾ ਜ਼ਰੂਰੀ ਹੈ।

ਅਮਰਜੀਤ ਸਨ੍ਹੇਰਵੀ, ਜ਼ੀਰਾ


ਲਖੀਮਪੁਰ ਕਾਂਡ ਅਤੇ ਸਿਆਸਤ

9 ਅਕਤੂਬਰ ਨੂੰ ਸਬਾ ਨਕਵੀ ਦਾ  ਲੇਖ ‘ਲਖੀਮਪੁਰ ਹੱਤਿਆਕਾਂਡ ਤੇ ਯੂਪੀ ਦਾ ਸਿਆਸੀ ਬਿਰਤਾਂਤ’ ਪੜ੍ਹਿਆ। ਘਟਨਾਵਾਂ ਅਤੇ ਹਾਲਾਤ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰ ਇਕ ਗੱਲ ਹਜ਼ਮ ਨਹੀਂ ਹੋ ਰਹੀ ਜੋ ਲਿਖੀ ਹੈ ਕਿ ‘ਪਿਛਲੇ ਦਿਨੀਂ ਜਿਹੜਾ ਖ਼ੂਨੀ ਕਾਂਡ ਵਾਪਰਿਆ, ਉਸ ਨੂੰ ਲੈ ਕੇ ਭਾਜਪਾ ਪ੍ਰੇਸ਼ਾਨ ਹੈ’। ਦੇਖਿਆ ਜਾਵੇ ਤਾਂ ਅਜਿਹੀਆਂ ਵਾਰਦਾਤਾਂ ਕਰਵਾਉਣਾ ਤੇ ਭੜਕਾਊ ਬਿਆਨਬਾਜ਼ੀ ਕਰਨਾ ਭਾਜਪਾ ਦੀ ਨੀਤੀ ਦਾ ਹਿੱਸਾ ਹੈ। ਇਸ ਨੇ ਆਪਣੀ ਨਵੀਂ ਬਣਾਈ ਕਾਰਜਕਾਰਨੀ ਵਿਚੋਂ ਉਨ੍ਹਾਂ ਆਗੂਆਂ ਨੂੰ ਬਾਹਰ ਕਰ ਦਿੱਤਾ ਜਿਨ੍ਹਾਂ ਨੇ ਸਿੱਧੇ-ਅਸਿੱਧੇ ਢੰਗ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕਿਹਾ ਸੀ। 

ਪਵਨ ਕੁਮਾਰ ਕੌਸ਼ਲ, ਦੋਰਾਹਾ


ਸਰਕਾਰੀ ਨੌਕਰੀ

9 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੀਤਮਾ ਦੋਮੇਲ ਦੀ ਰਚਨਾ ‘ਸਵਾਲ-ਦਰ-ਸਵਾਲ’ ਪੜ੍ਹੀ।  ਇਹ ਜਾਣ ਕੇ ਬੜਾ ਦੁੱਖ ਲੱਗਿਆ ਕਿ ਅਧਿਆਪਕ ਵੀ ਪਟਵਾਰ ਮਹਿਕਮੇ ਵਾਂਗ ਆਪਣਾ ਕੰਮ ਬੇਰੁਜ਼ਗਾਰ ਕਾਰਿੰਦਿਆਂ ਤੋਂ ਕਰਵਾਉਣ ਲੱਗੇ ਸਨ। ਸਰਕਾਰੀ ਨੌਕਰੀ ਜ਼ਿੰਦਾਬਾਦ!

ਕਰਨਲ ਗੁਰਦੇਵ ਸਿੰਘ, ਬਠਿੰਡਾ


ਢੁੱਕਵਾਂ ਜਵਾਬ

8 ਅਕਤੂਬਰ ਨੂੰ ਸਵਰਾਜਬੀਰ ਵੱਲੋਂ ਸੁਪਰੀਮ ਕੋਰਟ ਦੇ ਜੱਜ ਨੂੰ ਸੰਬੋਧਿਤ ਹੋ ਕੇ ਲਿਖੀ ਲਿਖਤ ‘ਇਹ ਸਾਡੀ ਫ਼ਿਤਰਤ ਨਹੀਂ!’ ਵੇਲੇ ਸਿਰ ਦਿੱਤਾ ਗਿਆ ਢੁੱਕਵਾਂ ਜਵਾਬ ਹੈ। ਇਹ ਜਵਾਬ ਕਿਸੇ ਕਾਨੂੰਨ ਜਾਂ ਤਕਨੀਕੀ ਨੁਕਤੇ ਨਾਲੋਂ ਜ਼ਿਆਦਾ ਸੰਘਰਸਸ਼ੀਲ ਕਿਸਾਨੀ ਦੀ ਸੁੱਚੀ ਭਾਵਨਾ ਨੂੰ ਬੁਲੰਦ ਕਰਦਾ ਹੈ। ਲੋਕਾਂ ਦੀ ਅਜਿਹੀ ਭਾਵਨਾ ਹੀ ਕਾਨੂੰਨਾਂ ਦਾ ਤੇ ਜਮਹੂਰੀਅਤ ਦਾ ਹਕੀਕੀ ਆਧਾਰ ਹੁੰਦਾ ਹੈ। ਲੋਕਾਂ ਦੀ ਅਜਿਹੀ ਬੁਲੰਦ ਭਾਵਨਾ ਹੀ ਜਮਹੂਰੀਅਤ ਸਿਰਜਣਾ ਦਾ ਅਮਲ ਹੈ। 

ਪਾਵੇਲ ਕੁੱਸਾ, ਈਮੇਲ


ਸਹੀ ਸਮੇਂ ’ਤੇ ਸਹੀ ਕਾਰਵਾਈ

8 ਅਕਤੂਬਰ ਦਾ ਸੰਪਾਦਕੀ ‘ਸੁਪਰੀਮ ਕੋਰਟ ਦਾ ਦਖ਼ਲ’ ਪੜ੍ਹਿਆ। ਲਖੀਮਪੁਰ ਖੀਰੀ ਵਿਚ ਜੋ ਕੁਝ ਕਿਸਾਨਾਂ ਨਾਲ ਹੋਇਆ, ਨਿੰਦਣਯੋਗ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਸਹੀ ਸਮੇਂ ’ਤੇ ਸਹੀ ਕਾਰਵਾਈ ਕੀਤੀ ਹੈ। ਸੰਪਾਦਕੀ ਦੀਆਂ ਇਹ ਸਤਰਾਂ ‘ਕੋਈ ਵੀ ਸਮਝਦਾਰ ਇਨਸਾਨ ਲੋਕਾਂ ਦੇ ਇਕੱਠ ਵਿਚੋਂ ਇੰਨੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਨਹੀਂ ਲੰਘੇਗਾ, ਜਦ ਤਕ ਉਸ ਨੇ ਕੋਈ ਭਿਅੰਕਰ ਕਾਰਾ ਕਰਨ ਦਾ ਇਰਾਦਾ ਨਾ ਕਰ ਲਿਆ ਹੋਵੇ’ ਇਸ ਪੂਰਨ ਸੱਚ ਦਾ ਨਿਚੋੜ ਹੈ। ਸੁਪਰੀਮ ਕੋਰਟ ਦਾ ਦਖ਼ਲ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਕੀ ਸਾਡੇ ਦੇਸ਼ ਵਿਚ ਕਾਨੂੰਨੀ ਪ੍ਰਕਿਰਿਆ ਇੰਨੀ ਕਮਜ਼ੋਰ ਤੇ ਜਰਜਰੀ ਹੋ ਚੁੱਕੀ ਹੈ ਕਿ ਅਜਿਹੇ ਸੰਵੇਦਨਸ਼ੀਲ ਕੇਸ ਵਿਚ ਸੁਪਰੀਮ ਕੋਰਟ ਨੂੰ ਖ਼ੁਦ ਦਖ਼ਲ ਦੇਣਾ ਪੈ ਰਿਹਾ ਹੈ। ਇਸੇ ਦਿਨ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਵਿਚਕਾਰਲਾ ਲੇਖ ‘ਬੁੱਢਾ ਸੀਰੀ’ ਪੰਜਾਬੀ ਸਭਿਆਚਾਰ ਤੇ ਵਿਰਸੇ ਦਾ ਬਿਰਤਾਂਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਮੂਹਿਕ ਪਰਿਵਾਰ ਹੀ ਦੁਨੀਆ ਵਿਚ ਰਹਿਣ ਦਾ ਸਹੀ ਤਰੀਕਾ ਹੈ। 

ਰਮੇਸ਼ਵਰ ਸਿੰਘ, ਪਟਿਆਲਾ


ਭਲੇ ਵੇਲਿਆਂ ਦੀ ਗੱਲ

8 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦੀ ਰਚਨਾ ‘ਬੁੱਢਾ ਸੀਰੀ’ ਪੜ੍ਹੀ। ਲੇਖਕ ਨੇ ਜਿੱਥੇ ਜ਼ਬਾਨ ਦੇ ਪੱਕੇ, ਮਿਹਨਤਕਸ਼, ਸੀਰੀ ਨਹਿਰੂ ਦਾ ਜ਼ਿਕਰ ਕੀਤਾ ਹੈ, ਉੱਥੇ ਅਸਤਕਾਲ, ਕੁਆਂਟ ਤੇ ਤੰਗੜ ਵਰਗੇ ਸ਼ਬਦਾਂ ਬਾਰੇ ਵੀ ਜਾਣਕਾਰੀ ਹਾਸਿਲ ਹੋਈ। ਲੇਖਕ ਦੁਆਰਾ ‘ਖਾਰਾ ਦੁੱਧ’ ਤੇ ‘ਮੜ੍ਹੀ ਦਾ ਦੀਵਾ’ ਵਰਗੀਆਂ ਰਚਨਾਵਾਂ ਦਾ ਜ਼ਿਕਰ ਪੜ੍ਹ ਕੇ ਭਲੇ ਵੇਲਿਆਂ ਦੇ ਭਲੇ ਲੋਕਾਂ ਦੀ ਯਾਦ ਆ ਗਈ।

ਇੰਦਰਜੀਤ ਜਵੰਦਾ (ਫਤਿਹਗੜ੍ਹ ਸਾਹਿਬ)


ਲੋਕਤੰਤਰ ਦੀ ਦੁਰਗਤ

14 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਸ਼ਵਨੀ ਕੁਮਾਰ ਦਾ ਲੇਖ ਲਗਾਤਾਰ ਕਤਲ ਕੀਤੇ ਜਾ ਰਹੇ ਲੋਕਤੰਤਰ ਦੀ ਮੂੰਹ ਬੋਲਦੀ ਤਸਵੀਰ ਹੈ। ਸੰਸਦ ਅਤੇ ਅਦਾਲਤਾਂ, ਸੱਤਾ ਦੇ ਭਾਰ ਥੱਲੇ ਇਸ ਕਦਰ ਦਬ ਚੁੱਕੀਆਂ ਹਨ ਕਿ ਲੋਕਤੰਤਰੀ ਰਵਾਇਤਾਂ ਮਰ ਰਹੀਆਂ ਹਨ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਰੇਖਾ ਸ਼ਰਮਾ ਦਾ ਲੇਖ ‘ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ’ ਪੜ੍ਹਿਆ। ਲੇਖਕ ਨੇ ਸਹੀ ਕਿਹਾ ਹੈ ਕਿ ਜੇ ਸਰਕਾਰ ਚਾਹੁੰਦੀ ਸੀ ਕਿ ਰਸਤੇ ਨਾ ਰੋਕੇ ਜਾਣ ਤਾਂ ਕਿਸਾਨਾਂ ਨੂੰ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ। ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਖੁਦ ਕਾਨੂੰਨਾਂ ਦੀ ਛਾਣਬੀਣ ਲਈ ਬਣਾਈ ਸੀ, ਉਸ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੀ ਇਹ ਰਵੱਈਆ ਕੋਰਟ ਤੇ ਸਰਕਾਰ ਦੀ ਮਿਲੀਭੁਗਤ ਦੀ ਗਵਾਹੀ ਨਹੀਂ ਭਰਦਾ? ਉਸ ਕਮੇਟੀ ਬਾਰੇ ਕਿਸਾਨਾਂ ਦੇ ਸ਼ੱਕ ਨਿਰਮੂਲ ਨਹੀਂ ਸਨ। ਇਸੇ ਦਿਨ ਦਵਿੰਦਰ ਸ਼ਰਮਾ ਦਾ ਲੇਖ ‘ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫ਼ੈਸਲਾ’ ਖ਼ੂਬ ਸੀ। ਅਸਾਵੇਂ ਅਤੇ ਔਖੇ ਹਾਲਾਤ ਵਿਚ ਵੀ ਸ੍ਰੀ ਲੰਕਾ ਦਾ ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਕਦਮ ਬਾਕੀ ਮੁਲਕਾਂ ਨੂੰ ਵੀ ਅਜਿਹਾ ਕਰਨ ਲਈ ਅਜਿਹਾ ਕਰਨ ਲਈ ਉਤਸ਼ਾਹਿਤ ਕਰੇਗਾ। ਇਸੇ ਦਿਨ ਹੀ ਜਸਵਿੰਦਰ ਸੁਰਗੀਤ ਦਾ ਮਿਡਲ ‘ਬੇਚੈਨ ਹੋਣਾ ਸਿੱਖੋ’ ਵਿਚ ਬੱਚਿਆਂ ਦਾ ਅਹਿਸਾਸ ਭਾਵੁਕ ਕਰਨ ਵਾਲੇ ਅਤੇ ਸੋਚਣ ਲਈ ਮਜਬੂਰ ਕਰਨ ਵਾਲੇ ਹਨ।

ਡਾ. ਤਰਲੋਚਨ ਕੌਰ, ਪਟਿਆਲਾ

ਡਾਕ ਐਤਵਾਰ ਦੀ

Oct 10, 2021

ਮਰਜ਼ ਦਾ ਇਲਾਜ

ਐਤਵਾਰ, 3 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਕੌਣ ਕਰੇਗਾ ਇਸ ਮਰਜ਼ ਦਾ ਇਲਾਜ’ ਦੇਸ਼ ਦੇ ਸਿਆਸੀ ਹਾਲਾਤ ਦਾ ਵਿਸਥਾਰਤ ਵੇਰਵਾ ਸੀ। ਆਰਥਿਕ ਮੰਦੀ, ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਅਨਿਆਂ, ਅੱਤਿਆਚਾਰ ਆਮ ਵਰਗਾ ਵਰਤਾਰਾ ਬਣ ਗਏ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਸਿਆਸਤਦਾਨਾਂ ਦਾ ਨੈਤਿਕ ਫ਼ਰਜ਼ ਬਣਦਾ ਹੈ। ਸੰਵਿਧਾਨ ਮੁਤਾਬਿਕ ਲੋਕਤੰਤਰੀ ਸਮਾਜ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦਾ ਹੈ। ਸੌੜੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕਾਰਜ ਕਰਨਾ ਹੀ ਸਿਆਸੀ ਭਵਿੱਖ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਧਾਰਮਿਕ ਕੱਟੜਤਾ ਖਿਲਾਫ਼ ਲੜਾਈ

3 ਅਕਤੂਬਰ ਦੀ ਸੰਪਾਦਕੀ ‘ਧਾਰਮਿਕ ਕੱਟੜਤਾ ਦਾ ਪਸਾਰ’ ਵਿਚ ਵੱਖ ਵੱਖ ਧਰਮਾਂ ਵਿਚ ਫੈਲੇ ਧਾਰਮਿਕ ਕੱਟੜਵਾਦ ਨੂੰ ਬਿਲਕੁਲ ਸਹੀ ਬਿਆਨ ਕੀਤਾ ਹੈ। ਫ਼ਿਰਕੂ ਹਾਕਮ ਜਮਾਤਾਂ ਨੂੰ ਸੱਤਾ ਦੀ ਮਜ਼ਬੂਤੀ ਲਈ ਧਾਰਮਿਕ ਕੱਟੜਤਾ ਅਤੇ ਫ਼ਿਰਕੂ ਦੰਗੇ ਫਸਾਦ ਖ਼ੂਬ ਰਾਸ ਆਉਂਦੇ ਹਨ। ਹੁਣ ਵੀ ਫ਼ਿਰਕੂ ਏਜੰਡੇ ਹੇਠ ਦੇਸ਼ ਵਿਚ ਘੱਟਗਿਣਤੀਆਂ ਨੂੰ ਹਜੂਮੀ ਹਿੰਸਾ ਅਤੇ ਕਾਨੂੰਨ ਨੂੰ ਗ਼ਲਤ ਢੰਗ ਨਾਲ ਵਰਤ ਕੇ ਖ਼ੌਫ਼ਜ਼ਦਾ ਕੀਤਾ ਜਾ ਰਿਹਾ ਹੈ। ਦੇਸ਼ ਵਿਚਲੀ ਸਮੁੱਚੀ ਤਰਕਸ਼ੀਲ ਲਹਿਰ ਪਿਛਲੇ ਲੰਬੇ ਸਮੇਂ ਤੋਂ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਚਾਰ ਪਸਾਰ ਰਾਹੀਂ ਧਾਰਮਿਕ ਕੱਟੜਤਾ ਅਤੇ ਇਸ ਦੇ ਸਰਪ੍ਰਸਤ ਸੰਗਠਨਾਂ ਖਿਲਾਫ਼ ਲਗਾਤਾਰ ਲੜਾਈ ਲੜ ਰਹੀ ਹੈ। ਇਸ ਵਿਚਾਰਧਾਰਕ ਲੜਾਈ ਵਿਚ ਨਰਿੰਦਰ ਦਾਭੋਲਕਰ, ਐਮ.ਐਮ.ਕਲਬੁਰਗੀ, ਗੋਵਿੰਦ ਪੰਸਾਰੇ ਅਤੇ ਗੌਰੀ ਲੰਕੇਸ਼ ਵਰਗੇ ਤਰਕਸ਼ੀਲ ਬੁੱਧੀਜੀਵੀਆਂ ਨੂੰ ਸ਼ਹਾਦਤ ਵੀ ਦੇਣੀ ਪਈ ਹੈ। ਜਮਹੂਰੀ ਤਾਕਤਾਂ ਨੂੰ ਧਾਰਮਿਕ ਕੱਟੜਤਾ ਅਤੇ ਕੱਟੜਵਾਦੀ ਫ਼ਿਰਕੂ ਸੰਗਠਨਾਂ ਦੀ ਵਿਚਾਰਧਾਰਾ ਖਿਲਾਫ਼ ਡਟਣ ਦੀ ਲੋੜ ਹੈ।
ਸੁਮੀਤ ਸਿੰਘ, ਅੰਮ੍ਰਿਤਸਰ


ਬਦਲਿਆ ਖ਼ੂਨ ਦਾ ਰੰਗ

3 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਦੀਪ ਦੇਵਿੰਦਰ ਸਿੰਘ ਦਾ ਮਿਡਲ ‘ਬਿਰਖਾਂ ਜਿਹੇ ਬਾਬੇ’ ਦਿਲ ਨੂੰ ਝੰਜੋੜਨ ਵਾਲੀ ਰਚਨਾ ਸੀ। ਇਸ ਪਦਾਰਥਵਾਦੀ ਯੁੱਗ ਵਿਚ ਰਿਸ਼ਤਿਆਂ ਨੂੰ ਭੁਲਾ ਕੇ ਮਨੁੱਖ ਪੈਸੇ ਦੀ ਦੌੜ ਵਿਚ ਹਿਰਨ ਦੀ ਤਰ੍ਹਾਂ ਭਟਕਿਆ ਪਿਆ ਹੈ। ਮਾਤਾ ਪਿਤਾ ਦੇ ਆਪਣੇ ਬੱਚਿਆਂ ਪ੍ਰਤੀ ਪਿਆਰ ਕਰਕੇ ਹੀ ਬਾਪੂ ਬਿਮਾਰ ਹੋਏ ਪੁੱਤਰ ਦਾ ਪਤਾ ਲੈਣ ਸ਼ਹਿਰ ਗਿਆ, ਪਰ ਪੁੱਤਰ ਨੇ ਘਰ ਅੰਦਰ ਦਾਖ਼ਲ ਨਾ ਹੋਣ ਦਿੱਤਾ। ਕਿੱਧਰ ਨੂੰ ਜਾ ਰਿਹਾ ਹੈ ਸਾਡਾ ਸਮਾਜ? ਕੀ ਜ਼ਮੀਨ ਜਾਇਦਾਦ ਕਰਕੇ ਹੀ ਮਾਂ ਪਿਓ ਦੀ ਸੇਵਾ ਕਰਨੀ ਬਣਦੀ ਹੈ? ਧੀਆਂ ਪੁੱਤ ਮਾਤਾ ਪਿਤਾ ਦਾ ਕਰਜ਼ਾ ਸਾਰੀ ਉਮਰ ਨਹੀਂ ਉਤਾਰ ਸਕਦੇ। ਮਾਪੇ ਗ਼ਰੀਬੀ ਨਾਲ ਜੂਝ ਕੇ ਵੀ ਬੱਚਿਆਂ ਨੂੰ ਪਾਲਦੇ, ਪੜ੍ਹਾਉਂਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਖ਼ੂਨ ਦਾ ਰੰਗ ਬਦਲ ਜਾਵੇਗਾ। ਮਾਪਿਆਂ ਨੂੰ ਆਪਣੀ ਔਲਾਦ ਵਿਚੋਂ ਸਰਵਣ ਪੁੱਤ ਦਾ ਮੁਹਾਂਦਰਾ ਨਜ਼ਰ ਆਉਂਦਾ ਹੈ। ਅੱਜ ਸਾਨੂੰ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇ ਸਕਦੇ ਹਾਂ।
ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)

(2)

3 ਅਕਤੂਬਰ ਦਾ ਮਿਡਲ ‘ਬਿਰਖਾਂ ਜਿਹੇ ਬਾਬੇ’ ਪੜ੍ਹ ਕੇ ਮਨ ਭਾਵੁਕ ਹੋ ਗਿਆ ਕਿ ਇਹ ਕਿਹੋ ਜਿਹਾ ਸਮਾਂ ਆ ਗਿਆ ਜਦੋਂ ਬਜ਼ੁਰਗ ਮਾਪਿਆਂ ਨੂੰ ਬੱਚਿਆਂ ਹੱਥੋਂ ਪੈਰ ਪੈਰ ’ਤੇ ਜ਼ਲੀਲ ਹੋਣਾ ਪੈ ਰਿਹਾ ਹੈ। ਮਾਨਸਿਕਤਾ ’ਤੇ ਭਾਰੂ ਪਦਾਰਥਵਾਦੀ ਸੋਚ ਸਾਡੇ ਸਮਾਜ ਦਾ ਬੇੜਾ ਡੋਬ ਦੇਵੇਗੀ। ਸਾਰੀ ਉਮਰ ਧੀਆਂ ਪੁੱਤਰਾਂ ਲਈ ਆਪਾ ਵਾਰਨ ਵਾਲੇ ਮਾਪੇ ਇਸ ਤਰ੍ਹਾਂ ਦੀ ਜ਼ਲਾਲਤ ਭਰੀ ਜ਼ਿੰਦਗੀ ਜਿਉਣ, ਇਹ ਸਮਾਜ ਦੇ ਮੱਥੇ ’ਤੇ ਕਲੰਕ ਹੈ। ਮਾਇਆ ਦੀ ਦੌੜ ਪਿੱਛੇ ਪਾਗਲ ਹੋਣ ਦੀ ਬਜਾਏ ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਉਨ੍ਹਾਂ ਨੂੰ ਜਿਉਂਦੇ ਜੀਅ ਹੀ ਦੇਣਾ ਚਾਹੀਦਾ ਹੈ, ਨਾ ਕਿ ਮਰਨ ਤੋਂ ਬਾਅਦ ਉਨ੍ਹਾਂ ਦੇ ਸਰਾਧ ਕਰ ਕੇ।
ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


ਆਦਰਸ਼ ਅਧਿਆਪਕ

ਡਾ. ਕੁਲਦੀਪ ਸਿੰਘ ਦੀ ਰਚਨਾ ਅਧਿਆਪਕ ਦੇ ਕਾਰਜ ਦੀ ਅਹਿਮੀਅਤ ਪੜ੍ਹੀ ਜਿਸ ਬਾਰੇ ਲੇਖਕ ਨੇ ਇੱਕ ਆਦਰਸ਼ ਅਧਿਆਪਕ ਦੀ ਸ਼ਖ਼ਸੀਅਤ ਅਤੇ ਗੁਣਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ ਜੋ ਕਾਬਲੇ-ਗ਼ੌਰ ਹੈ। ਸਿੱਖਿਆ ਘਰ ਤੋਂ ਸ਼ੁਰੂ ਹੁੰਦੀ ਹੈ। ਬੱਚਾ ਪਹਿਲਾਂ ਆਪਣੇ ਮਾਪਿਆਂ ਕੋਲੋਂ ਸਿੱਖਦਾ ਹੈ, ਫਿਰ ਅਧਿਆਪਕਾਂ ਕੋਲੋਂ ਜੋ ਉਸ ਦੇ ਮਾਪਿਆਂ ਸਮਾਨ ਹੁੰਦੇ ਹਨ। ਅਧਿਆਪਕਾਂ ਦੀ ਬਦੌਲਤ ਤੁਸੀਂ ਉੱਚੇ ਅਹੁਦਿਆਂ ’ਤੇ ਪਹੁੰਚਦੇ ਹੋ। ਇੱਕ ਆਦਰਸ਼ ਅਧਿਆਪਕ ਉਹ ਹੈ ਜੋ ਬੱਚਿਆਂ ਨੂੰ ਸਿਲੇਬਸ ਦੇ ਨਾਲ ਨਾਲ ਇਸ ਤੋਂ ਬਾਹਰ ਦੀਆਂ ਚੰਗੀਆਂ ਗੱਲਾਂ ਵੀ ਸਿਖਾਉਂਦਾ ਹੈ। ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਾਂਝ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਹੁੰਦੀ ਸਗੋਂ ਅਧਿਆਪਕ ਵਿਦਿਆਰਥੀਆਂ ਨੂੰ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਵਿਦਿਆਰਥੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਧਿਆਪਕ ਉਨ੍ਹਾਂ ਦੀ ਬਿਹਤਰੀ ਤੇ ਤਰੱਕੀ ਵਾਸਤੇ ਹੀ ਉਨ੍ਹਾਂ ਨੂੰ ਪੜ੍ਹਨ ਲਈ ਕਹਿੰਦੇ ਹਨ ਅਤੇ ਅਧਿਆਪਕਾਂ ਦਾ ਇਸ ਵਿੱਚ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ।
ਗੁਰਮੀਤ ਸਿੰਘ ਵੇਰਕਾ, ਈ-ਮੇਲ

ਪਾਠਕਾਂ ਦੇ ਖ਼ਤ Other

Oct 09, 2021

ਜੈਵਿਕ ਖੇਤੀ ਦਾ ਦਲੇਰਾਨਾ ਫੈਸਲਾ

7 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਦਵਿੰਦਰ ਸ਼ਰਮਾ ਦਾ ਲੇਖ ‘ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫੈਸਲਾ’ ਪੜ੍ਹਿਆ। ਇਸ ਵਿਚ ਸ੍ਰੀਲੰਕਾ ਵੱਲੋਂ ਕਾਰਪੋਰੇਟ ਲਾਬੀ ਦੇ ਦਬਾਅ ਦੇ ਬਾਵਜੂਦ ਜੈਵਿਕ ਖੇਤੀ ਅਪਣਾਉਣ ਦੇ ਸਰਕਾਰੀ ਫੈਸਲੇ ਦਾ ਜ਼ਿਕਰ ਹੈ। ਕਾਸ਼! ਸਾਡੇ ਆਪਣੇ ਮੁਲਕ ਵਿਚ ਵੀ ਅਜਿਹਾ ਸੰਭਵ ਹੋ ਜਾਵੇ। ਪੰਜਾਬ ਵਿਚ ਖੇਤੀ ਲਈ ਵਰਤੀਆਂ ਜਾਂਦੀਆਂ ਜ਼ਹਿਰਾਂ ਨੇ ਜੋ ਹਾਲ ਸਾਡੀ ਧਰਤੀ ਅਤੇ ਜੀਵਾਂ ਦਾ ਕੀਤਾ ਹੈ, ਉਸ ਬਾਰੇ ਸੋਚ ਕੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਫਿ਼ਲਹਾਲ ਭਾਰਤ ਜਾਂ ਕੋਈ ਸੂਬਾ ਸਰਕਾਰ ਸ਼ਾਇਦ ਹੀ ਇਸ ਬਾਰੇ ਸਖਤ ਫੈਸਲਾ ਕਰ ਸਕੇ; ਇਸ ਲਈ ਹੁਣ ਲੋਕਾਂ ਨੂੰ ਇਸ ਬਾਰੇ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਲੇਖ ਵਿਚ ਸਹੀ ਲਿਖਿਆ ਹੈ ਕਿ ਪਹਿਲਾਂ-ਪਹਿਲ ਤਾਂ ਫਸਲਾਂ ਦਾ ਝਾੜ ਘਟੇਗਾ ਪਰ ਹੌਲੀ ਹੌਲੀ ਇਹ ਘਾਟਾ ਪੂਰਾ ਹੋ ਜਾਵੇਗਾ। ਹੁਣ ਸਾਨੂੰ ਅਗਲੀਆਂ ਪੀੜ੍ਹੀਆਂ ਦਾ ਫਿਕਰ ਕਰਕੇ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ।

ਜਗਤਾਰ ਸਿੰਘ ਸੇਖੋਂ, ਜਲੰਧਰ

ਅਦਾਲਤ ਤੋਂ ਉਮੀਦ

8 ਅਕਤੂਬਰ ਨੂੰ ਸਵਰਾਜਬੀਰ ਦਾ ਲੇਖ ‘ਇਹ ਸਾਡੀ ਫਿ਼ਤਰਤ ਨਹੀਂ’ ਹਕੀਕਤ ਦਾ ਬਿਰਤਾਂਤ ਹੈ। ਸੰਵਿਧਾਨ ਵਿਚ ਕਿਤੇ ‘ਅਸੀਂ’, ‘ਤੁਸੀਂ’ ਦਰਜ ਨਹੀਂ ਹੈ ਸਗੋਂ ‘ਅਸੀਂ ਭਾਰਤ ਦੇ ਲੋਕ’ ਦਰਜ ਹੈ। ਸੰਵਿਧਾਨ ਦੀ ਸੰਘੀ ਘੁੱਟ ਰਹੀ ਸਰਕਾਰ ਤੋਂ ਲੋਕਤੰਤਰ, ਸੰਵਿਧਾਨ ਤੇ ਭਾਰਤ ਦੇ ਲੋਕਾਂ ਨੂੰ ਬਚਾਉਣ ਲਈ ਕਿਸਾਨ, ਅੰਦੋਲਨ ਕਰ ਰਹੇ ਹਨ। ਇਹ ਭਾਰਤ ਅਤੇ ਇਨਸਾਨੀਅਤ ਨੂੰ ਬਚਾਉਣ ਦੀ ਹੱਕ-ਸੱਚ ਦੀ ਇਤਿਹਾਸਕ ਜੱਦੋ-ਜਹਿਦ ਹੈ ਅਤੇ ਸੁਪਰੀਮ ਕੋਰਟ ਇਸ ਵਿਚ ਅਹਿਮ ਭੂਮਿਕਾ ਨਿਭਾਏਗੀ, ਇਸ ਦੀ ਉਮੀਦ ਰੱਖਣੀ ਚਾਹੀਦੀ ਹੈ।

ਪਰਮਿੰਦਰ ਸਿੰਘ ਗਿੱਲ, ਮੁਹਾਲੀ

ਜ਼ਾਲਮ ਧਿਰ

8 ਅਕਤੂਬਰ ਦਾ ਸੰਪਾਦਕੀ ‘ਸੁਪਰੀਮ ਕੋਰਟ ਦਾ ਦਖਲ’ ਪੜ੍ਹਿਆ। ਮੋਦੀ ਸਰਕਾਰ ਕਿਸਾਨ ਅੰਦੋਲਨਕਾਰੀਆਂ ਨੂੰ ਦੁਸ਼ਮਣ ਵਾਂਗ ਦੇਖ ਰਹੀ ਹੈ, ਕੁੱਟ ਰਹੀ ਹੈ ਤੇ ਮਾਰ ਵੀ ਰਹੀ ਹੈ। ਭਾਰਤੀ ਜਨਤਾ ਪਾਰਟੀ ਸੱਤਾ ਦੇ ਨਸ਼ੇ ਵਿਚ ਅੰਨ੍ਹੀ ਹੋ ਗਈ ਹੈ ਅਤੇ ਜ਼ਾਲਮ ਬਣ ਗਈ ਹੈ।

ਬਲਵੀਰ ਸਿੰਘ, ਈਮੇਲ

ਥੋੜ੍ਹੇ ਸ਼ਬਦਾਂ ਚ ਵੱਡਾ ਸੁਨੇਹਾ

7 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਜਸਵਿੰਦਰ ਸੁਰਗੀਤ ਦੀ ਰਚਨਾ ‘ਬੇਚੈਨ ਹੋਣਾ ਸਿੱਖੋ’ ਥੋੜ੍ਹੇ ਸ਼ਬਦਾਂ ਵਿਚ ਬਹੁਤ ਵੱਡੇ ਸੁਨੇਹੇ ਦੇ ਗਈ। ਅਜਿਹੇ ਅਧਿਆਪਕਾਂ ਨੇ ਕਿਤਾਬੀ ਗਿਆਨ ਤੋਂ ਬਾਹਰ ਜਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣਾ ਰਾਹ ਲੱਭਣ ਲਈ ਪ੍ਰੇਰਿਆ ਹੈ। ਬੇਚੈਨੀ ਦੇ ਆਲਮ ਵਿਚੋਂ ਹੀ ਨਵੇਂ ਦਿਸਹੱਦੇ ਨਜ਼ਰ ਆਉਂਦੇ ਹਨ। ‘ਕੰਫਰਟ ਜ਼ੋਨ’ ਵਿਚ ਬੈਠੇ ਲੋਕ ਉਨ੍ਹਾਂ ਅਮਲੀਆਂ ਵਰਗੇ ਹੁੰਦੇ ਹਨ ਜਿਹੜੇ ਸਾਰਾ ਦਿਨ ਖੂਹ ਨੂੰ ਖਿੱਚ ਕੇ ਛਾਵੇਂ ਕਰਦੇ ਰਹੇ ਸਨ।

ਨਿਰਮਲ ਸਿੰਘ ਕੰਧਾਲਵੀ, ਯੂਕੇ

ਸਿਦਕ ਦੀ ਦਾਸਤਾਨ

6 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਸਵਰਾਜਬੀਰ ਦਾ ਲੇਖ ‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥’ ਜਿੱਥੇ ਕਿਸਾਨੀ ਸੰਘਰਸ਼ ਦੇ ਸਬਰ ਤੇ ਸਿਦਕ ਦੀ ਸੱਚੀ ਦਾਸਤਾਨ ਪੇਸ਼ ਕਰਦਾ ਹੈ, ਉਥੇ ਭਾਜਪਾ ਦੀ ਵਧੀਕੀ ਨੂੰ ਪਰਤ-ਦਰ-ਪਰਤ ਬਿਆਨ ਕਰਦਾ ਹੈ।

ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਾਲੇਰਕੋਟਲਾ)

(2)

ਸਵਰਾਜਬੀਰ ਦਾ ਲੇਖ ‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥’ ਭਾਵੁਕ ਕਰਨ ਵਾਲਾ ਹੈ। ਲੇਖਕ ਨੇ ਸਹੀ ਕਿਹਾ ਹੈ ਕਿ ਸਿਦਕ ਅਤੇ ਸੰਜਮ ਨਾਲ ਕਿਸਾਨ ਅੰਦੋਲਨ ਨੂੰ ਸ਼ਾਂਤਮਈ ਰੱਖਿਆ ਜਾਵੇ, ਇਹੋ ਲਖੀਮਪੁਰ ਖੀਰੀ ਦੀ ਮੰਦਭਾਗੀ ਘਟਨਾ ਵਿਚ ਜਾਨਾਂ ਗਵਾਉਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੀ ਯਾਦ ਅਤੇ ਅਕਾਲੀ ਲਹਿਰ ਦੀਆਂ ਚਿਣਗਾਂ ਅਜੇ ਵੀ ਸਿੱਖ ਸਮਾਜ ਵਿਚ ਹਨ।

ਰਿਪਨਜੋਤ ਕੌਰ ਸੋਨੀ ਬੱਗਾ, ਪਟਿਆਲਾ

(3)

ਸਵਰਾਜਬੀਰ ਨੇ ਆਪਣੇ ਲੇਖ ਵਿਚ ਜੋ ਕ੍ਰਮਵਾਰ ਇਤਿਹਾਸਕ ਮਿਸਾਲਾਂ ਦਿੱਤੀਆਂ ਹਨ, ਬਿਲਕੁਲ ਅੱਜ ਵੀ ਸਰਕਾਰ ਆਪਣੇ ਹੱਕ ਮੰਗਣ ਵਾਲਿਆਂ ਨਾਲ ਉਹੀ ਵਿਹਾਰ ਕਰ ਰਹੀ ਹੈ। ਕਿੰਨਾ ਮੰਦਭਾਗਾ ਤੇ ਘਿਨਾਉਣਾ ਵਹਿਸ਼ੀ ਕਾਰਾ ਕੀਤਾ ਗਿਆ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਕਿਸਾਨਾਂ ਉਪਰ ਕਾਰਾਂ ਹੀ ਚੜ੍ਹਾ ਦਿੱਤੀਆਂ।

ਜਸਬੀਰ ਕੌਰ, ਅੰਮ੍ਰਿਤਸਰ

ਵਕਤ ਦੀ ਨਬਜ਼

5 ਅਕਤੂਬਰ ਨੂੰ ਸੰਸਾਰ ਅਧਿਆਪਕ ਦਿਵਸ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਮਿਥੇ ਮਕਸਦ ਵੱਲ ਵਧਣ ਦਾ ਵੇਲਾ’ ਵਕਤ ਦੀ ਨਬਜ਼ ਤੇ ਉਂਗਲੀ ਰੱਖਦਾ ਹੈ। ਅਜੋਕੇ ਸਮੇਂ ਸਿੱਖਿਆ ਵਿਭਾਗ ਦੀਆਂ ਨਿੱਤ ਨਵੀਆਂ ਹਦਾਇਤਾਂ ਵਿਚ ਉਲਝਿਆ ਅਧਿਆਪਕ ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਨ ਤੋਂ ਅਸਮਰਥ ਹੈ। ਇਸ ਕਰਕੇ ਅਧਿਆਪਕ ਦਾ ਆਪਣਾ ਵਿਕਾਸ ਤਾਂ ਦੂਰ ਦੀ ਗੱਲ ਹੈ, ਕਈ ਤਾਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਧਿਆਪਕ ਲਈ ਕੋਈ ਸਿਰਜਣਾਤਮਕ ਏਜੰਡਾ ਹੋਣਾ ਚਾਹੀਦਾ ਹੈ। ਨਾਲ ਹੀ ਜਮਾਤ ਵਿਚ ਬੱਚਿਆਂ ਦੇ ਬੌਧਿਕ ਪੱਧਰ ਅਤੇ ਰੁਚੀ ਅਨੁਸਾਰ ਕੰਮ ਕਰਵਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।

ਮਨਦੀਪ ਕੌਰ, ਲੁਧਿਆਣਾ

ਪਾਠਕਾਂ ਦੇ ਖ਼ਤ Other

Oct 04, 2021

ਨਫ਼ਰਤ ਦੀ ਨੀਤੀ

3 ਅਕਤੂਬਰ ਦੇ ਮੁੱਖ ਪੰਨੇ ’ਤੇ ਛਪੀਆਂ ਖ਼ਬਰਾਂ ‘ਸਾਰਾ ਕੁਝ ਭਾਜਪਾ ਦੀ ਸਰਪ੍ਰਸਤੀ ਹੇਠ ਹੋਇਆ: ਹਾਰਦਿਕ’ ਅਤੇ ‘ਗੌਡਸੇ ਨੂੰ ਵਡਿਆਉਣ ਵਾਲਿਆਂ ’ਤੇ ਵਰ੍ਹੇ ਵਰੁਣ ਗਾਂਧੀ’ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਮਹਾਤਮਾ ਗਾਂਧੀ ਦਾ ਕਾਤਲ ਨੱਥੂ ਰਾਮ ਗੌਡਸੇ ਆਰਐੱਸਐੱਸ ਕਾਰਕੁਨ ਸੀ। ਹੁਣ ਆਰਐੱਸਐੱਸ ਵਰਕਰਾਂ ਵੱਲੋਂ ‘ਨੱਥੂ ਰਾਮ ਗੌਡਸੇ ਜ਼ਿੰਦਾਬਾਦ’ ਵਰਗੇ ਮਾਰੇ ਨਾਅਰਿਆਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਸ਼ੁਰੂ ਤੋਂ ਹੀ ਫ਼ਿਰਕੂ ਸੋਚ ਅਤੇ ਨਫ਼ਰਤ ਫੈਲਾਉਣ ਦੀ ਧਾਰਨੀ ਹੈ। ਇਸੇ ਪੰਨੇ ਦੀ ਇਕ ਹੋਰ ਅਹਿਮ ਖਬਰ ‘ਕਿਸਾਨਾਂ ਨਾਲ ਮੁੜ ਗੱਲਬਾਤ ਲਈ ਸਰਕਾਰ ਰਾਜ਼ੀ: ਮੋਦੀ’ ਤੋਂ ਪ੍ਰਧਾਨ ਮੰਤਰੀ ਦਾ ਦੋਗ਼ਲਾਪਣ ਜ਼ਾਹਿਰ ਹੋ ਰਿਹਾ ਹੈ। ਇਕ ਪਾਸੇ ਉਹ ਰਸਾਲੇ ਨੂੰ ਦਿੱਤੀ ਇੰਟਰਵਿਊ ਵਿਚ ਖੇਤੀ ਕਾਨੂੰਨਾਂ ’ਚ ਅਸਹਿਮਤੀ ਵਾਲੇ ਨੁਕਤਿਆਂ ’ਤੇ ਕਿਸਾਨਾਂ ਨਾਲ ਮੁੜ ਗੱਲਬਾਤ ਬਾਰੇ ਆਖ ਰਹੇ ਹਨ, ਦੂਜੇ ਪਾਸੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਵਾਲਿਆਂ ਨੂੰ ‘ਬੌਧਿਕ ਬੇਈਮਾਨ’ ਆਖ ਰਹੇ ਹਨ। ਖੇਤੀ ਕਾਨੂੰਨਾਂ ਦੇ ਰੇੜਕੇ ਬਾਰੇ 11 ਗੇੜਾਂ ਦੀ ਗੱਲਬਾਤ ’ਚ ਕਿਸਾਨ ਆਗੂ ਖੇਤੀ ਕਾਨੂੰਨਾਂ ਵਿਚਲੀਆਂ ਕਿਸਾਨ ਮਾਰੂ ਮੱਦਾਂ ਬਾਰੇ ਸਪੱਸ਼ਟ ਕਰ ਚੁੱਕੇ ਹਨ। ਅਜਿਹੀ ਹਾਲਤ ਵਿਚ ਪ੍ਰਧਾਨ ਮੰਤਰੀ ਦਾ ਬਿਆਨ ਲੋਕਾਂ ਨੂੰ ਗੁਮਰਾਹ ਕਰਨ ਤੋਂ ਵੱਧ ਹੋਰ ਕੁਝ ਨਹੀਂ ਆਖਿਆ ਜਾ ਸਕਦਾ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਕਾਲਜਾਂ ਦੇ ਹਾਲਾਤ

ਪਹਿਲੀ ਅਕਤੂਬਰ ਨੂੰ ਸਰਕਾਰੀ ਕਾਲਜ ਬਚਾਉ ਮੁਹਿੰਮ ਦੀ ਲੋੜ ਬਾਰੇ ਜੈਪਾਲ ਸਿੰਘ ਦਾ ਲੇਖ ਸਰਕਾਰੀ ਕਾਲਜਾਂ ਵਿਚ ਸਿੱਖਿਆ ਦੀ ਤ੍ਰਾਸਦੀ ਵਾਲੇ ਹਾਲਾਤ ਬਾਖ਼ੂਬੀ ਬਿਆਨ ਕਰਦਾ ਹੈ। ਕਾਲਜ ਵਿਦਿਆਰਥੀਆਂ ਲਈ ਉੱਚ ਸਿੱਖਿਆ ਵੱਲ ਪਹਿਲਾ ਅਤੇ ਮਹੱਤਵਪੂਰਨ ਪੜਾਅ ਹੁੰਦੇ ਹਨ। ਪੰਜਾਬ ਵਿਚ ਕਈ ਅਜਿਹੇ ਸਰਕਾਰੀ ਕਾਲਜ ਹਨ ਜੋ ਸਦੀ ਹੰਢਾਉਣ ਦੇ ਨੇੜੇ ਹਨ ਜਾਂ ਹੰਢਾਅ ਚੁੱਕੇ ਹਨ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵੱਲ ਇਨ੍ਹਾਂ ਦਾ ਨਿੱਗਰ ਯੋਗਦਾਨ ਹੈ। ਅਫ਼ਸੋਸ ਕਿ ਸਰਕਾਰੀ ਅਣਗਹਿਲੀ, ਵਿੱਤੀ ਸੰਕਟ ਅਤੇ ਅਧਿਆਪਕਾਂ ਦੀ ਘਾਟ ਕਾਰਨ ਅੱਜ ਇਹ ਕਾਲਜ ਸਹਿਕ ਰਹੇ ਹਨ। ਪੰਜਾਬ ਦੀ ਫਿਜ਼ਾ ਵਿਚ ਇਸ ਵੇਲੇ ਸੰਘਰਸ਼ੀ ਰੰਗ ਘੁਲੇ ਹੋਏ ਹਨ ਤੇ ਲੇਖਕ ਨੇ ਇਨ੍ਹਾਂ ਕਾਲਜਾਂ ਅਤੇ ਨਾਲ ਹੀ ਸਟੇਟ ਯੂਨੀਵਰਸਿਟੀਆਂ ਨੂੰ  ਬਚਾਉਣ ਲਈ ਸੰਘਰਸ਼ ਦੀ ਇਸੇ ਲਹਿਰ ਨੂੰ ਹੋਰ ਵੱਡਿਆਂ ਕਰਨ ਦਾ ਹੋਕਾ ਬਿਲਕੁੱਲ ਸਹੀ ਦਿੱਤਾ ਹੈ।

ਡਾ. ਨਿਵੇਦਿਤਾ ਸਿੰਘ, ਪਟਿਆਲਾ


(2)

ਜੈਪਾਲ ਸਿੰਘ ਦਾ ਲੇਖ ‘ਸਰਕਾਰੀ ਕਾਲਜ ਬਚਾਉ ਮੁਹਿੰਮ : ਜ਼ੋਰਦਾਰ ਜਨਤਕ ਹਮਾਇਤ ਦੀ ਲੋੜ’ ਪੜ੍ਹਿਆ। ਲੇਖ ਵਿਚ ਪੇਸ਼ ਅੰਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ ਕਿ ਕਿਵੇਂ ਸਰਕਾਰਾਂ ਨਵੇਂ ਕਾਲਜ ਤਾਂ ਖੋਲ੍ਹ ਰਹੀਆਂ ਹਨ ਪਰ ਅਧਿਆਪਕਾਂ ਦੀ ਭਰਤੀ ਨਹੀਂ ਕਰ ਰਹੀਆਂ। ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਸਿੱਖਿਆ ਪ੍ਰਤੀ ਸਹੀ ਨਹੀਂ; ਨਹੀਂ ਤਾਂ ਸਰਕਾਰੀ ਕਾਲਜਾਂ ਦੀ ਹਾਲਤ ਅੱਜ ਇੰਨੀ ਮਾੜੀ ਨਾ ਹੁੰਦੀ। 

ਵਿਸ਼ਾਲ ਕੁਮਾਰ, ਈਮੇਲ


ਖਾਨਾਬਦੋਸ਼ਾਂ ਬਾਰੇ ਗੱਲਾਂ

29 ਸਤੰਬਰ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਲੰਡਨ ਦੇ ਖ਼ਾਨਾਬਦੋਸ਼ ਜਿਪਸੀ’ ਦਿਲਚਸਪ ਲੱਗਿਆ। ਹੈਰਾਨੀ ਹੋਈ ਕਿ 11ਵੀਂ ਸਦੀ ਵੇਲੇ ਰਾਜਸਥਾਨ ’ਚੋਂ ਖ਼ਾਨਾਬਦੋਸ਼ ਕਬੀਲੇ ਇੰਗਲੈਂਡ ਜਾ ਕੇ ਵਸ ਗਏ ਸਨ। ਉਹ ਉੱਥੇ ਵੀ ਖ਼ਾਨਾਬਦੋਸ਼ ਬਣ ਕੇ ਹੀ ਰਹਿ ਰਹੇ ਹਨ, ਇੱਥੋਂ ਤਕ ਕਿ ਉਨ੍ਹਾਂ ਦੇ ਜ਼ਿਆਦਾਤਰ ਬੱਚਿਆਂ ਨੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਹੁੰਦਾ। ਇਸੇ ਅੰਕ ਵਿਚ ਗੁਰਮਲਕੀਅਤ ਸਿੰਘ ਕਾਹਲੋਂ ਦੀ ਕਹਾਣੀ ‘ਪਸੀਨੇ ਦੀ ਮਹਿਕ’ ਦਿਲ ਨੂੰ ਛੂਹ ਗਈ।

ਰਾਜਨਦੀਪ ਕੌਰ ਮਾਨ, ਈਮੇਲ


ਕੁਰਸੀ ਖਾਤਿਰ

27 ਸਤੰਬਰ ਦੇ ਸੰਪਾਦਕੀ ‘ਨਵਾਂ ਮੰਤਰੀ ਮੰਡਲ’  ਵਿਚ ਸਹੀ ਕਿਹਾ ਹੈ ਕਿ ਨਵਾਂ ਮੰਤਰੀ ਮੰਡਲ ਕੋਈ ਵੀ ਬਣਾ ਦਿਓ ਪਰ ਪੰਜਾਬ ਦੇ ਲੋਕ ਹੁਣ ਮਹਿਸੂਸ ਕਰ ਰਹੇ ਹਨ ਕਿ ਇਹ ਸਭ ਕੁਝ ਕੁਰਸੀ ਲਈ ਹੀ ਹੋ ਰਿਹਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਜਿਵੇਂ ਰੇਤ, ਬਜਰੀ ਮਾਫ਼ੀਆ ’ਤੇ ਕੰਟਰੋਲ, ਨਸ਼ਿਆਂ ਦੇ ਫੈਲਾਉ ਨੂੰ ਰੋਕਣ ਲਈ ਅਤੇ ਬੇਰੁਜ਼ਗਾਰੀ ਘਟਾਉਣ ਲਈ ਕਦਮ ਚੁੱਕਣੇ ਪੈਣਗੇ।

ਨਵਜੋਤ ਕੌਰ, ਪਿੰਡ ਖਟੜਾ (ਲੁਧਿਆਣਾ)


ਮਾਸੂਮੀਅਤ ਦੀ ਮਹਿਮਾ

23 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਰਾਜਕੁਮਾਰ ਸ਼ਰਮਾ ਦੀ ਰਚਨਾ ‘ਬਿੱਲੇ ਫੜੇ ਗਏ’ ਵਿਚ ਮਾਸੂਮੀਅਤ, ਦਿਲ ਦਰਿਆ, ਭੋਲੇਪਣ ਅਤੇ ਖ਼ੁਰਾਕ ਦੀ ਮਹਿਮਾ ਗਾਈ ਗਈ ਹੈ। ਪਹਿਲਾਂ ਲੋਕ ਮੋਬਾਈਲਾਂ ਦੀ ਥਾਂ ਸਰੀਰਕ ਕਸਰਤ, ਖੇਡਾਂ ਉੱਪਰ ਵਧੇਰੇ ਜ਼ੋਰ ਦਿੰਦੇ ਸਨ ਤਾਂ ਹੀ ਤਾਂ ਉਨ੍ਹਾਂ ਵਿਚ ਮਿਲਵਰਤਣ ਦੀ ਭਾਵਨਾ ਵਧੇਰੇ ਹੁੰਦੀ ਸੀ। ਪੁਰਾਣੇ ਸਮੇਂ ਵਿਚ ਬੱਚਿਆਂ ਦੀ ਚੋਰੀ ਨੂੰ ਹੱਸ ਕੇ ਮੁਆਫ਼ ਕਰ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਗੱਲ ਪੁਲੀਸ ਤਕ ਪਹੁੰਚ ਜਾਂਦੀ ਹੈ, ਭਾਵੇਂ ਕੋਈ ਬੇਕਸੂਰ ਹੀ ਹੋਵੇ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਡਾ. ਓਪਿੰਦਰ ਸਿੰਘ ਲਾਂਬਾ ਦੀ ਰਚਨਾ ‘ਦੋ ਪੈਸੇ ਕੀ ਹੰਡੀਆ’ ਪੜ੍ਹੀ ਜਿਸ ਵਿਚ ਪੈਸਿਆਂ ਕਰਕੇ ਬਦਲੇ ਬੰਦੇ ਦੇ ਰੰਗ ਨੂੰ ਦਰਸਾਇਆ ਗਿਆ ਹੈ। 8 ਸਤੰਬਰ ਨੂੰ ਗੱਜਣਵਾਲਾ ਸੁਖਮਿੰਦਰ ਦੀ ਰਚਨਾ ‘ਖੁਰਦੀ ਮਿੱਟੀ ਦਾ ਹੇਰਵਾ’ ਵਿਚ ਅਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਮਿੱਟੀ ਵਿਚ ਹੀ ਜੰਮਦੇ ਨੇ ਅਤੇ ਮਿੱਟੀ ਵਿਚ ਹੀ ਮਰਨਾ ਚਾਹੁੰਦੇ ਹਨ। ਮਿੱਟੀ ਦਾ ਮੋਹ ਉਨ੍ਹਾਂ ਨੂੰ ਦੂਰ ਨਹੀਂ ਹੋਣ ਦਿੰਦਾ। 

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਕਿਸਾਨ ਸੰਘਰਸ਼

ਕਿਸਾਨ ਸੰਘਰਸ਼ ਨੂੰ ਸ਼ੁਰੂ ਹੋਏ ਨੂੰ ਇਕ ਸਾਲ ਹੋ ਗਿਆ ਹੈ ਪਰ ਕੇਂਦਰ ਸਰਕਾਰ ਦੀ ਅੜੀ ਕਾਰਨ ਅਜੇ ਤਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋਏ ਹਨ। ਕਿਸਾਨ ਵੱਖ ਵੱਖ ਥਾਈਂ ਧਰਨੇ ਲਾ ਰਹੇ ਹਨ ਅਤੇ ਹੋਰ ਐਕਸ਼ਨ ਵੀ ਲਗਾਤਾਰ ਕਰ ਰਹੇ ਹਨ ਪਰ ਸਰਕਾਰ ਇਸ ਸਭ ਨੂੰ ਗੌਲ ਹੀ ਨਹੀਂ ਰਹੀ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਹਰਪ੍ਰੀਤ ਕੌਰ, ਤਲਵੰਡੀ ਸਾਬੋ


ਕਿਸਾਨ ਅੰਦੋਲਨ ਨੇ ਕੀ ਵਿਗਾੜਿਆ?

2 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਕਿਸਾਨ ਅੰਦੋਲਨ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਕਿਸਾਨ ਅੰਦੋਲਨ ਨੇ ਦਿੱਲੀ ਸ਼ਹਿਰ ਦਾ ਕੀ ਵਿਗਾੜ ਦਿੱਤਾ ਹੈ ਕਿ ਸੁਪਰੀਮ ਕੋਰਟ ਇਸ ਨੂੰ ਗਲ ਘੁੱਟਣਾ ਆਖ ਰਹੀ ਹੈ? ਕੀ ਸੁਪਰੀਮ ਕੋਰਟ ਨੂੰ ਪਤਾ ਨਹੀਂ ਕਿ ਸੰਵਿਧਾਨ ਅਨੁਸਾਰ ਖੇਤੀ ਰਾਜ ਸੂਚੀ ਵਿਚ ਆਉਂਦਾ ਹੈ, ਕੇਂਦਰੀ ਸੂਚੀ ਵਿਚ ਨਹੀਂ। ਉਂਜ ਵੀ ਕਰੋੜਾਂ ਲੋਕ ਦਿੱਲੀ ਅੰਦਰ ਰਹਿੰਦੇ ਹਨ ਅਤੇ ਲੱਖਾਂ ਹਰ ਰੋਜ਼ ਆਉਂਦੇ ਜਾਂਦੇ ਹਨ; ਜੇ ਸ਼ਰੀਫ਼, ਜ਼ਿੰਮੇਵਾਰ ਦੋ ਸੌ ਜਣੇ ਜੰਤਰ ਮੰਤਰ ਚਲੇ ਜਾਣਗੇ, ਤਾਂ ਕੀ ਲੋਹੜਾ ਆ ਜਾਵੇਗਾ?

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਡਾਕ ਐਤਵਾਰ ਦੀ Other

Oct 03, 2021

ਉਜਾੜੇ ਦਾ ਦਰਦ

ਐਤਵਾਰ, 26 ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿਚ ਨਰਿੰਦਰ ਸਿੰਘ ਕਪੂਰ ਦੀ ਜੀਵਨ ਅਨੁਭਵ ਕਰਵਾਉਂਦੀ ‘ਲੰਮੇਂ ਪਰਛਾਵਿਆਂ ਵਾਲੀ ਘਟਨਾ’ ਪੜ੍ਹੀ। ਇਹ ਪੜ੍ਹ ਕੇ ਵਾਕਈ ਇਹ ਅਨੁਭਵ ਕੀਤਾ ਕਿ ਦੇਸ਼ ਦੀ ਵੰਡ ਵੇਲੇ ਝੱਲੇ ਦੁੱਖ ਲੇਖਕ ਨੂੰ ਜ਼ਿੰਦਗੀ ਭਰ ਨਹੀਂ ਭੁੱਲੇ। ਲੇਖਕ ਨੇ ਆਪਣੇ ਜੀਵਨ ਸੰਘਰਸ਼ ਰਾਹੀਂ ਵੰਡ ਵੇਲੇ ਉੱਜੜੇ ਤੇ ਫਿਰ ਵਸੇ ਲੋਕਾਂ ਦੇ ਦਰਦ ਅਤੇ ਸੰਘਰਸ਼ ਨੂੰ ਜ਼ੁਬਾਨ ਦਿੱਤੀ ਹੈ।

ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)


ਪੈਰਾਲੰਪਿਕ ਖੇਡਾਂ ਵਿੱਚ ਫ਼ਤਹਿ 

12 ਸਤੰਬਰ ਦੇ ਦਸਤਕ ਅੰਕ ਵਿੱਚ ਪ੍ਰਿੰ. ਸਰਵਣ ਸਿੰਘ ਦਾ ਲੇਖ ‘ਟੋਕੀਓ ਪੈਰਾਲੰਪਿਕ: ਹਿੰਮਤ ਦੀ ਫ਼ਤਹਿ’  ਦਿਲਾਂ ਵਿੱਚ ਹਿੰਮਤ ਲਗਨ  ਵਿੱਚ  ਵਾਧਾ ਕਰਨ ਵਾਲਾ ਸੀ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਦਿਵਿਆਂਗ ਖਿਡਾਰੀਆਂ ਨੇ ਮੈਡਲ  ਜਿੱਤ ਕੇ ਸਾਬਤ ਕਰ ਦਿੱਤਾ ਕਿ ਮਨੁੱਖ ਦੀ ਅੱਗੇ ਵਧਣ ਦੀ ਰਾਹ ਵਿੱਚ ਦਿਵਿਆਂਗਤਾ ਰੋੜਾ ਨਹੀਂ ਬਣ ਸਕਦੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਲਈ ਖੇਡ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇ ਅਤੇ ਉੱਚ ਪੱਧਰ ਦੇ ਕੋਚਾਂ ਨੂੰ ਮੁਫ਼ਤ ਕੋਚਿੰਗ ਦੇਣ ਦਾ ਕੰਮ ਦਿੱਤਾ ਜਾਵੇ। ਸਰਕਾਰੀ ਨੌਕਰੀਆਂ ਵਿੱਚ ਤਰਜੀਹ ਦਿੱਤੀ ਜਾਵੇ ਤਾਂ ਕਿ ਉਹ ਮਾਨ-ਸਨਮਾਨ ਨਾਲ ਜ਼ਿੰਦਗੀ ਬਸਰ ਕਰ ਸਕਣ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਵਿਚਾਰ ਜਾਂ ਪ੍ਰਚਾਰ?

ਐਤਵਾਰ, 5 ਸਤੰਬਰ ਨੂੰ ਨਰਿੰਦਰ ਸਿੰਘ ਕਪੂਰ ਦਾ ਲੇਖ ‘ਬੇਵਫ਼ਾਈ ਦੇ ਨਵੇਂ ਰੰਗ’ ਪੜ੍ਹਿਆ। ਇਹ ਪਤਾ ਨਹੀਂ ਲੱਗਿਆ ਕਿ ਉਹ ਬੇਵਫ਼ਾਈ ’ਤੇ ਵਿਚਾਰ ਕਰ ਰਹੇ ਹਨ ਜਾਂ ਬੇਵਫ਼ਾਈ ਦਾ ਪ੍ਰਚਾਰ। ਉੱਘੜ-ਦੁੱਘੜ ਪੇਸ਼ ਕੀਤੇ ਵੇਰਵਿਆਂ ਵਿੱਚ ਕੋਈ ਇਖ਼ਲਾਕੀ ਸੇਧ ਨਹੀਂ।

ਅਮਰ ਵਿਰਕ, ਭਵਾਨੀਗੜ੍ਹ (ਸੰਗਰੂਰ)


ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ

ਹਰ ਵਾਰ ਦੀ ਤਰ੍ਹਾਂ 5 ਸਤੰਬਰ ਦਾ ਦਿਨ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਗਿਆ। ਅਧਿਆਪਕ ਦਾ ਜ਼ਿੰਦਗੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਅਧਿਆਪਕਾਂ ਨੂੰ ਗੁਰੂ ਦਾ ਦਰਜਾ ਦੇ ਕੇ ਸਤਿਕਾਰ ਦਿੱਤਾ ਜਾਂਦਾ ਸੀ, ਪਰ ਸਮਾਂ ਬਦਲਣ ਨਾਲ ਬਹੁਤ ਤਬਦੀਲੀਆਂ ਆਈਆਂ। ਇਨ੍ਹਾਂ ਤਬਦੀਲੀਆਂ ਨੇ ਬਾਕੀ ਰਿਸ਼ਤੇ ਤਾਂ ਖ਼ਰਾਬ ਕੀਤੇ ਹੀ, ਨਾਲ ਹੀ ਅਧਿਆਪਕ ਤੇ ਵਿਦਿਆਰਥੀ ਦਰਮਿਆਨ ਰਿਸ਼ਤੇ ਨੂੰ ਵੀ ਖ਼ਰਾਬ ਕਰ ਦਿੱਤਾ। ਅੱਜ ਨਾ ਤਾਂ ਕਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਓਨੀ ਲਿਆਕਤ ਨਾਲ ਪੜ੍ਹਾਇਆ ਜਾਂਦਾ ਹੈ ਤੇ ਨਾ ਹੀ ਵਿਦਿਆਰਥੀ ਪਹਿਲਾਂ ਵਾਂਗ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਬਦਲੇ ਸਮੇਂ ਨੇ ਬਹੁਤ ਕੁਝ ਤਹਿਸ ਨਹਿਸ ਕਰ ਦਿੱਤਾ ਹੈ।

ਜਸਦੀਪ ਕੌਰ, ਮੋਰ ਕਰੀਮਾਂ (ਲੁਧਿਆਣਾ)


ਬਹੁ-ਪਸਾਰੀ ਚੁਣੌਤੀਆਂ ਵਾਲੀ ਤਬਦੀਲੀ

26 ਸਤੰਬਰ ਦੀ ਸੰਪਾਦਕੀ ‘ਬਹੁ-ਪਸਾਰੀ ਚੁਣੌਤੀਆਂ ਵਾਲੀ ਤਬਦੀਲੀ’ ਪੰਜਾਬ ਦੇ ਹਾਲਾਤ ਦਾ ਸਹੀ ਮੁਲਾਂਕਣ ਕਰਦੀ ਹੈ। ਨਵੇਂ ਮੁੱਖ ਮੰਤਰੀ ਨੂੰ ਸਭ ਤੋਂ ਵੱਧ ਖ਼ਤਰਾ ਆਪਣੀ ਪਾਰਟੀ ਦੀ ਅੰਦਰੂਨੀ ਫੁੱਟ ਖੜ੍ਹਾ ਕਰ ਸਕਦੀ ਹੈ। ਰਾਮਚੰਦਰ ਗੁਹਾ ਨੇ ਨਜ਼ਰੀਆ ਪੰਨੇ ’ਤੇ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਬਾਰੇ ਲਿਖਦਿਆਂ ਇੱਕ ਦਲਿਤ ਕ੍ਰਿਕਟਰ ਪਲਵਾਂਕਰ ਬਬਲੂ ਨੂੰ ਗ਼ੈਰਤਮੰਦੀ ਦਾ ਖਿਤਾਬ ਦਿੱਤਾ ਹੈ। ਸਾਡੇ ਸਮਾਜ ਵਿਚ ਇਹ ਘਟੀਆ ਵਿਚਾਰ ਘਰ ਕਰੀ ਬੈਠਾ ਹੈ ਕਿ ਦਲਿਤ ਭਾਈਚਾਰੇ ਦੇ ਲੋਕ ਜਟਿਲ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ। ਇਹ ਮਿੱਥ ਹੈ।

ਜਗਰੂਪ ਸਿੰਘ, ਲੁਧਿਆਣਾ

ਪਾਠਕਾਂ ਦੇ ਖ਼ਤ Other

Oct 02, 2021

ਸਿੱਖਿਆ ਸਿਸਟਮ

ਪਹਿਲੀ ਅਕਤੂਬਰ ਨੂੰ ਜੈਪਾਲ ਸਿੰਘ ਦਾ ਲੇਖ ‘ਸਰਕਾਰੀ ਕਾਲਜ ਬਚਾਓ ਮੁਹਿੰਮ: ਜ਼ੋਰਦਾਰ ਜਨਤਕ ਹਮਾਇਤ ਦੀ ਲੋੜ’ ਪੜ੍ਹਿਆ। ਲੇਖਕ ਨੇ ਬਿਲਕੁਲ ਸਹੀ ਕਿਹਾ ਹੈ ਕਿ ਹੁਣ ਸਿੱਖਿਆ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਵਰਗੀ ਲਾਮਬੰਦੀ ਦੀ ਲੋੜ ਹੈ। ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਵਿਚਕਾਰ ਤਾਲਮੇਲ ਜ਼ਰੂਰੀ ਹੈ। ਕਿਸਾਨ ਅੰਦੋਲਨ ਵੀ ਸਾਂਝੀਆਂ ਸਰਗਰਮੀਆਂ ਨਾਲ ਭਖਿਆ ਸੀ। 

ਕੁਲਮੀਤ ਸਿੰਘ ਨਾਹਰ, ਪਟਿਆਲਾ 


ਭਗਤ ਸਿੰਘ ਅਤੇ ਕਿਤਾਬਾਂ

28 ਸਤੰਬਰ ਨੂੰ ਭਗਤ ਸਿੰਘ ਬਾਰੇ ਗੁਰਦੇਵ ਸਿੰਘ ਸਿੱਧੂ ਤੇ ਹੋਰ ਲੇਖਕਾਂ ਦੇ ਲੇਖ ਪੜ੍ਹੇ। ਭਰਪੂਰ ਜਾਣਕਾਰੀ ਮਿਲੀ ਕਿ ਉਹ ਨਾ ਕੇਵਲ ਇਨਕਲਾਬੀ ਤੇ ਮਾਰਧਾੜ ਕਰਨ ਵਾਲਾ ਸ਼ਖ਼ਸ ਸੀ ਬਲਕਿ ਕੌਮੀ ਤੇ ਕੌਮਾਂਤਰੀ ਮਹਾਨ ਚਿੰਤਕ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੁਕੀਨ ਸੀ। ਉਹ ਦਵਾਰਕਾ ਲਾਇਬਰੇਰੀ ਤੋਂ ਖਾਸ ਤੌਰ ’ਤੇ ਇਤਿਹਾਸਕ ਤੇ ਸਿਆਸਤ ਨਾਲ ਸਬੰਧਤ ਕਿਤਾਬਾਂ ਦਾ ਅਧਿਐਨ ਕਰਦਾ ਸੀ। ਸਭ ਤੋਂ ਵੱਡੀ ਗੱਲ ਉਹ ਨਿਰਾ ਪਾਠਕ ਹੀ ਨਹੀਂ ਸੀ ਬਲਕਿ ਉਹ ਉਨ੍ਹਾਂ ਦੇ ਵਿਚਾਰ ਆਪਣੇ ਉਪਰ ਢਾਲਦਾ ਤੇ ਅਮਲ ਵਿਚ ਲਿਆਉਂਦਾ ਤੇ ਆਪਣੇ ਸਾਥੀਆਂ ਨੂੰ ਪੜ੍ਹਨ ਲਈ ਪ੍ਰੇਰਦਾ ਕਿ ਸਾਮਰਾਜਾਂ ਦੇ ਤਖ਼ਤੇ ਕਿਵੇਂ ਪਲਟਦੇ ਹਨ। 

ਜਸਬੀਰ ਕੌਰ, ਅੰਮ੍ਰਿਤਸਰ 


(2)

ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ’ ਜਾਣਕਾਰੀ ਭਰਪੂਰ ਸੀ। ਫ਼ਾਂਸੀ ਹੋਣ ਤੋਂ ਸਿਰਫ਼ ਦੋ ਘੰਟੇ ਪਹਿਲਾਂ ਭਗਤ ਸਿੰਘ ਦਾ ਵਕੀਲ ਪ੍ਰਾਣ ਨਾਥ ਮਹਿਤਾ ਉਸ ਨਾਲ ਮੁਲਾਕਾਤ ਕਰਨ ਸਮੇਂ ਉਸ ਲਈ ਪੁਸਤਕ ‘ਕ੍ਰਾਂਤੀਕਾਰੀ ਲੈਨਿਨ’ (ਦਿ ਰੈਵੋਲੂਸ਼ਨਰੀ ਲੈਨਿਨ) ਨਾਲ ਲੈ ਕੇ ਗਿਆ ਸੀ।  ਉਸ ਨੇ ਮਹਿਤਾ ਨੂੰ ਇਹ ਕਿਤਾਬ ਲਿਆਉਣ ਲਈ ਪਹਿਲਾਂ ਹੀ ਸੁਨੇਹਾ ਭੇਜਿਆ ਸੀ ਕਿਉਂਕਿ ਭਗਤ ਸਿੰਘ ਇਸ ਕਿਤਾਬ ਦੀ ਅਖ਼ਬਾਰ ’ਚ ਛਪੀ ਸਮੀਖਿਆ ਤੋਂ ਪ੍ਰਭਾਵਿਤ ਹੋਇਆ ਸੀ। ਮਹਿਤਾ ਤੋਂ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਸੀ, ਤਦ ਵੀ ਉਹ ਕਿਤਾਬ ਪੜ੍ਹਨ ਲੱਗ ਪਿਆ। ਜਦੋਂ ਮਹਿਤਾ ਨੇ ਉਸ ਨੂੰ ਪੁੱਛਿਆ ਕਿ ਉਹ ਕੌਮ ਨੂੰ ਕੋਈ ਸੰਦੇਸ਼ ਦੇਣਾ ਚਾਹੇਗਾ ਤਾਂ ਉਸ ਨੇ ਕਿਤਾਬ ਤੋਂ ਅੱਖਾਂ ਉਤਾਂਹ ਕੀਤੇ ਬਿਨਾ ਹੀ ਕਿਹਾ ਕਿ ‘ਸਾਮਰਾਜ-ਮੁਰਦਾਬਾਦ’ ਤੇ ‘ਇਨਕਲਾਬ-ਜਿੰਦਾਬਾਦ’ ਦੇ ਦੋ ਨਾਅਰੇ ਕੌਮ ਤੱਕ ਪਹੁੰਚਾ ਦੇਣਾ। 

ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)


ਅਣਚਾਹਿਆ ਦਖ਼ਲ

27 ਸਤੰਬਰ ਦਾ ਸੰਪਾਦਕੀ ‘ਨਵਾਂ ਮੰਤਰੀ ਮੰਡਲ’ ਪੜ੍ਹਿਆ। ਇਸ ਚੋਣ ’ਤੇ ਹਾਈਕਮਾਨ ਦੀ ਛਾਪ ਸਪਸ਼ਟ ਹੈ। ਕਾਂਗਰਸ ਹਾਈਕਮਾਨ ਅਤੇ ਸੂਬਾਈ ਆਗੂਆਂ ਨੂੰ ਆਪਣੇ ਕੰਮ ਢੰਗ ਵਿਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ; ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਹਾਈਕਮਾਨ ਤੇ ਹੋਰ ਆਗੂ ਮੁੱਖ ਮੰਤਰੀ ਦੇ ਕੰਮਾਂ ’ਚ ਅਣਚਾਹਿਆ ਦਖ਼ਲ ਦੇ ਰਹੇ ਹਨ। 

ਗੁਰਸੇਵਕ ਮਿੱਠਾ, ਰਾਏਕੋਟ 


ਦਰਸ਼ਨ ਸਿੰਘ ਕੈਨੇਡੀਅਨ ਦੀ ਗੱਲ

25 ਸਤੰਬਰ ਨੂੰ ਅਵਤਾਰ ਸਿੰਘ ਲੰਗੇਰੀ ਦਾ ਲੇਖ ‘ਲੰਗੇਰੀ ਦੀਆਂ ਰਾਹਾਂ ਦੀ ਲੋਅ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਲੇਖਕ ਨੇ ਲੋਕ ਹਿੱਤਾਂ ਦੇ ਪਹਿਰੇਦਾਰ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਗੱਲ ਕੀਤੀ ਹੈ। ਉਦੋਂ ਹਿੰਦੁੂ ਸਿੱਖ ਭਾਈਚਾਰੇ ਦੀ ਇਕਜੁੱਟਤਾ ਦੇ ਇਸ ਮੁੱਦਈ ਦਾ ਖ਼ੂਨ ਡੁੱਲ੍ਹਿਆ ਸੀ। ਇਸ ਸ਼ਖ਼ਸੀਅਤ ਨੇ ਕੈਨੇਡਾ ’ਚ ਭਾਰਤੀ ਮਜ਼ਦੂਰਾਂ ਨੂੰ ਗੋਰਿਆਂ ਦੇ ਬਰਾਬਰ ਮਜ਼ਦੂਰੀ ਦਿਵਾਉਣ ਲਈ ਘਾਲਣਾ ਘਾਲੀ। ਵਿਧਾਇਕ ਹੁੰਦਿਆਂ ਉਨ੍ਹਾਂ ਆਪਣੇ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵਿਧਾਨ ਸਭਾ ਵਿਚ ਬੜੇ ਵਿਲੱਖਣ ਤਰੀਕੇ ਨਾਲ ਪੇਸ਼ ਕੀਤਾ ਅਤੇ ਸਭ ਦਾ ਧਿਆਨ ਖਿੱਚਿਆ।

ਕੁਲਦੀਪ ਸਿੰਘ ਥਿੰਦ, ਪਿੰਡ ਬਾਰਨਾ (ਕੁਰੂਕਸ਼ੇਤਰ, ਹਰਿਆਣਾ)


ਬੁਢਾਪੇ ਵਾਲਾ ਪੜਾਅ

ਪਹਿਲੀ ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਬੁੱਢਿਆਂ ਦੇ ਨਾਂ ਨਿਸ਼ਚਿਤ ਕੀਤੇ ਦਿਨ ’ਤੇ ਕੁਲਮਿੰਦਰ ਕੌਰ ਦਾ ਲੇਖ ‘ਚਲਤਾ ਹੂੰ ਅਭੀ ਚਲਤਾ ਹੂੰ’ ਪੜ੍ਹ ਕੇ ਇਕੋ ਸੁਨੇਹਾ ਮਿਲਦਾ ਹੈ ਕਿ ਬੁਢਾਪਾ ਵੀ ਜ਼ਿੰਦਗੀ ਦੇ ਹੋਰ ਪੜਾਵਾਂ ਵਾਂਗ ਇਕ ਪੜਾਅ ਹੈ। ਹਰ ਪੜਾਅ ਦੇ ਰੰਗ ਵੱਖਰੇ ਹੁੰਦੇ ਹਨ। ਇਸ ਤੋਂ ਪਹਿਲਾਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਗੁਰਦੇਵ ਸਿੰਘ ਸਿੱਧੂ ਦਾ ਲੇਖ ਦੱਸਦਾ ਹੈ ਕਿ ਭਗਤ ਸਿੰਘ ਗੂੜ੍ਹ ਪੁਸਤਕ ਪ੍ਰੇਮੀ ਸੀ। ਜਿੰਨੀ ਛੋਟੀ ਉਮਰ ਵਿਚ ਉਸ ਨੇ ਜਿਹੜਾ ਵੱਡਾ ਕੱਦ ਹਾਸਲ ਕੀਤਾ, ਉਹ ਹੈਰਾਨ ਕਰਨ ਵਾਲਾ ਹੈ। ਉਹ, ਉਸ ਸਮੇਂ ਦੀ ਵਗ ਰਹੀ ਸਮਾਜਵਾਦੀ ਵਿਚਾਰਧਾਰਾ ਦਾ ਧਾਰਨੀ ਸੀ। ਅਗਾਂਹਵਧੂ ਕਿਤਾਬਾਂ ਮਨੁੱਖ ਦੀ ਸੋਚ ਨੂੰ ਉਸਾਰੂ ਤੇ ਜੁਝਾਰੂ ਬਣਾਉਣ ਵਿਚ ਮਦਦ ਕਰਦੀਆਂ ਹਨ। ਪੰਜਾਬੀਆਂ ਨੂੰ ਭਗਤ ਸਿੰਘ ਦੇ ਇਸ ਗੁਣ ਦੀ ਜ਼ਰੂਰ ਨਕਲ ਕਰਨੀ ਚਾਹੀਦੀ ਹੈ। 

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ