The Tribune India : Letters to the editor

ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ

Nov 27, 2022

ਪ੍ਰੇਰਨਾਦਾਇਕ ਲਿਖਤ

ਐਤਵਾਰ, 20 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਅਵਨੀਤ ਕੌਰ ਦਾ ਮਿਡਲ ‘ਅਨੂਠਾ ਰੰਗ’ ਪ੍ਰੇਰਨਾ ਅਤੇ ਸਿੱਖਿਆ ਦੇਣ ਵਾਲਾ ਸੀ। ਅਧਿਆਪਕ ਅਤੇ ਪੁਸਤਕਾਂ ਸਾਡੀ ਜ਼ਿੰਦਗੀ ਵਿੱਚ ਸੱਚੇ ਦੋਸਤ ਹੁੰਦੇ ਹਨ। ਸਮਾਜ ਵਿੱਚ ਮਾਮੀ ਵਾਂਗ ਅਨਪੜ੍ਹ ਅਤੇ ਰੁੱਖੇ ਵਿਤਕਰੇ ਵਰਤਣ ਵਾਲੇ ਲੋਕਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਨਹੀਂ  ਹੁੰਦੀ। ਲਿਖਤ ਦੀ ਅਸਲੀ ਪਾਤਰ ਸਿੱਖਿਆ ਦੇ ਖੇਤਰ ਵਿੱਚ ਮਿਹਨਤ ਲਗਨ ਸਦਕਾ ਮੰਜ਼ਿਲ ਹਾਸਲ ਕਰਨ ਲਈ ਸਿੱਖਿਆ ਦੇ ਸੱਚੀ-ਮੁੱਚੀਂ ਅਨੂਠੇ ਰੰਗਾਂ ਦੀ ਮਿਸਾਲ ਬਣੀ ਹੈ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਸੇਵਾ ਦਾ ਪੁੰਜ

ਐਤਵਾਰ, 20 ਨਵੰਬਰ ਦੇ ‘ਦਸਤਕ’ ਅੰਕ ਵਿੱਚ ਛਪੇ ਲੇਖ ‘ਅੰਡੇਮਾਨ ’ਚ ਪੰਜਾਬ ਦੀ ਮੋਹੜੀ’ ਰਾਹੀਂ ਲੇਖਕ ਬਲਦੇਵ ਸਿੰਘ ਧਾਲੀਵਾਲ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਵੱਲੋਂ ਆਜ਼ਾਦੀ ਵਿੱਚ ਪਾਏ ਯੋਗਦਾਨ ਅਤੇ ਕੀਤੀ ਨਿਰਪੱਖ ਸੇਵਾ ਵਜੋਂ ਪੰਜਾਬ ਦੇ ਨਾਲ-ਨਾਲ ਦੇਸ਼ ਅੰਦਰ ਇੰਨੇ ਦੂਰ-ਦੁਰਾਡੇ ਖਿੱਤੇ ਮਿਲੇ ਪਿਆਰ ਅਤੇ ਸਤਿਕਾਰ ਨੂੰ ਉਜਾਗਰ ਕੀਤਾ ਹੈ। ਲੇਖਕ ਨੇ ਇਹ ਅਫ਼ਸੋਸ ਵੀ ਪ੍ਰਗਟਾਇਆ ਹੈ ਕਿ ਅਸੀਂ ਦੀਵਾਨ ਸਿੰਘ ਕਾਲੇਪਾਣੀ ਨਾਲ ਸਬੰਧਤ ਲਿਖਤਾਂ ਅਤੇ ਇਤਿਹਾਸ ਨੂੰ ਸੰਭਾਲਣ ਤੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਸਫ਼ਲ ਰਹੇ ਹਾਂ। ਉਨ੍ਹਾਂ ਵੱਲੋਂ ਕੀਤੀ ਸੇਵਾ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਰਜਵਿੰਦਰ ਪਾਲ ਸ਼ਰਮਾ, ਈ-ਮੇਲ


ਪਿਛੋਕੜ ਚੇਤੇ ਕਰਵਾਇਆ

ਐਤਵਾਰ, 13 ਨਵੰਬਰ ਨੂੰ ‘ਦਸਤਕ’ ਅੰਕ ਵਿੱਚ ਗੁਰਬਚਨ ਜਗਤ ਦੀ ਰਚਨਾ ‘ਪੁਰਾਣਾ ਅੰਮ੍ਰਿਤਸਰ ਫਿਰ ਯਾਦ ਆਇਆ’ ਪੜ੍ਹ ਕੇ ਰੂਹ ਖ਼ੁਸ਼ ਹੋ ਗਈ ਅਤੇ ਇਸ ਨੇ ਮੈਨੂੰ ਮੇਰਾ ਪਿਛੋਕੜ ਚੇਤੇ ਕਰਵਾ ਦਿੱਤਾ। ਲੇਖ ਨਾਲ ਛਾਪੀਆਂ ਦਰਬਾਰ ਸਾਹਿਬ, ਹਾਲ ਬਾਜ਼ਾਰ, ਕੇਸਰ ਦਾ ਢਾਬਾ, ਟ੍ਰਿਬਿਊਨ ਦੇ ਕੌਰਸਪੌਂਡੈਂਟ ਜੀ.ਆਰ. ਸੇਠੀ ਅਤੇ ਫੈਜ਼ ਅਹਿਮਦ ਫੈਜ਼ ਦੀਆਂ ਤਸਵੀਰਾਂ ਨੇ ਮਨ ਮੋਹ ਲਿਆ। ਟੈਮੀ ਭੰਡਾਰੀ ਦਾ ਲੇਖਕ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਅੰਮ੍ਰਿਤਸਰੀਆਂ ਦੇ ਖੁੱਲ੍ਹੇ ਖਾਣ-ਪੀਣ ਅਤੇ ਨਿੱਘੇ ਸੁਭਾਅ ਦੀ ਚਰਚਾ ਖੁੱਲ੍ਹ ਕੇ ਕੀਤੀ ਗਈ ਹੈ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਸਰਮਾਏਦਾਰੀ ਨਿਜ਼ਾਮ

ਐਤਵਾਰ, 13 ਨਵੰਬਰ ਦੀ ਸੰਪਾਦਕੀ ‘ਨੌਜਵਾਨ ਪੀੜ੍ਹੀ ਦਾ ਭਵਿੱਖ’  ਪੜ੍ਹਨ ਤੋਂ ਇੱਕ ਗੱਲ ਸਾਫ਼ ਤੌਰ ’ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਇੱਕਾ ਦੁੱਕਾ ਦੇਸ਼ਾਂ ਨੂੰ ਛੱਡ ਕੇ ਦੁਨੀਆਂ ਦੇ ਬਹੁਤੇ ਦੇਸ਼ਾਂ ’ਚ ਸਰਮਾਏਦਾਰੀ ਨਿਜ਼ਾਮ ਭਾਰੂ ਹੈ ਜੋ ਸ਼ਰ੍ਹੇਆਮ ਨੌਜਵਾਨ ਪੀੜ੍ਹੀ ਦਾ ਸੋਸ਼ਣ ਕਰ ਰਿਹਾ ਹੈ ਅਤੇ ਆਪਣਾ ਸਿਆਸੀ ਦਬਦਬਾ ਤੇ ਰਾਜਤੰਤਰ ਮਜ਼ਬੂਤ ਰੱਖਣ ਲਈ ਨੌਜਵਾਨਾਂ ਨੂੰ ਵਿਚਾਰਧਾਰਕ ਅਤੇ ਧਾਰਮਿਕ ਤੌਰ ’ਤੇ ਇੱਕ ਦੂਜੇ ਨਾਲ ਲੜਾ ਕੇ ਆਪਣਾ ਉੱਲੂ ਸਿੱਧਾ ਕਰਨ  ’ਚ ਕਾਮਯਾਬ ਹੋ ਰਿਹਾ ਹੈ।

ਅਜੋਕੇ ਦੌਰ ’ਚ ਬਾਕੀ ਦੁਨੀਆਂ ਵਾਂਗ ਪੰਜਾਬ ਦਾ ਨੌਜਵਾਨ ਵੀ ਸਰਮਾਏਦਾਰੀ ਰਾਜਤੰਤਰ ਦਾ ਸ਼ਿਕਾਰ ਹੋਇਆ ਨਜ਼ਰ ਆ ਰਿਹਾ ਹੈ। ਬੇਰੁਜ਼ਗਾਰੀ ਦਾ ਲਾਹਾ ਲੈਂਦਿਆਂ ਸਰਮਾਏਦਾਰ ਤਬਕਾ ਨੌਜਵਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਦੇਣ ਦੀ ਬਜਾਏ ਘੱਟ ਉਜਰਤਾਂ ’ਤੇ ਉਨ੍ਹਾਂ ਪਾਸੋਂ ਵਧੇਰੇ ਮੁਸ਼ੱਕਤ ਵਾਲੇ ਕੰਮ ਕਰਵਾ ਕੇ ਖ਼ੁਦ ਅਮੀਰ ਬਣ ਰਿਹਾ ਹੈ ਅਤੇ ਮਾਇਆ ਦੇ ਜ਼ੋਰ ਉੱਤੇ ਸੱਤਾ ’ਤੇ ਕਾਬਜ਼ ਲੋਕਾਂ ਪਾਸੋਂ ਆਪਣੀ ਮਰਜ਼ੀ ਦੇ ਕਾਨੂੰਨ ਪਾਸ ਕਰਵਾ ਰਿਹਾ ਹੈ। ਇਹ ਆਪਣੇ ਮਨਸੂਬਿਆਂ ’ਚ ਸਫ਼ਲ ਹੋਣ ਲਈ ਨੌਜਵਾਨ ਪੀੜ੍ਹੀ ਨੂੰ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਸਰਗਰਮੀਆਂ ਅਤੇ ਸਮਾਜਿਕ ਕੁਰੀਤੀਆਂ  ’ਚ ਉਲਝਾ ਰਿਹਾ ਹੈ। ਅਜਿਹੇ ਹਾਲਾਤ ’ਚ ਮਾਂ ਬਾਪ ਆਪਣੀ ਔਲਾਦ ਨੂੰ ਬਚਾਉਣ ਲਈ ਉਨ੍ਹਾਂ ਨੂੰ ਵਿਦੇਸ਼ ਭੇਜਣਾ ਬਿਹਤਰ ਸਮਝ ਰਹੇ ਹਨ। ਪਰਵਾਸ ਕਿਸੇ ਸਮੱਸਿਆ ਦਾ ਹੱਲ ਨਹੀਂ। ਇਸ ਰੁਝਾਨ ਨੂੰ ਰੋਕਣ ਵਾਸਤੇ ਪੰਜਾਬ ਦੀਆਂ ਸਮੁੱਚੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਰਾਹ ਦਸੇਰੇ ਬਣਨ ਦੀ ਲੋੜ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਮਹੱਤਵਪੂਰਨ ਜਾਣਕਾਰੀ

ਐਤਵਾਰ, ਛੇ ਨਵੰਬਰ 2022 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਦੀ ਰਚਨਾ ‘ਮਨੁੱਖ ਦਾ ਆਪਣੇ ਜਿਹੇ ਹੋਰ ਜੀਵਾਂ ਨਾਲ ਰਿਸ਼ਤਾ’ ਬੜੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੀ ਹੈ। ਸਾਡੇ ਵਿੱਚੋਂ ਬਹੁਤਿਆਂ ਦੇ ਮਨ ਵਿੱਚ ਮਨੁੱਖ ਦੇ ਮੂਲ ਸਰੋਤ ਬਾਰੇ ਜਾਣਨ ਦੀ ਸਹਿਜ ਇੱਛਾ ਹੁੰਦੀ ਹੈ। ਪ੍ਰੋਫੈਸਰ ਅਰਵਿੰਦ ਨੇ ਵਿਗਿਆਨਕ ਨਜ਼ਰੀਏ ਨਾਲ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ। ਵਿਗਿਆਨ ਬਾਰੇ ਘੱਟ ਸਮਝ ਵਾਲੇ ਪਾਠਕਾਂ ਨੂੰ ਵੀ ਇਹ ਜਾਣਨਾ ਵਧੀਆ ਅਤੇ ਰੋਮਾਂਚਿਤ ਕਰ ਦੇਣ ਵਾਲਾ ਲੱਗਾ ਕਿ ਅਫਰੀਕਾ ਵਿੱਚ ਮਨੁੱਖਾਂ ਵਰਗੇ ਕਈ ਜੀਵ-ਸਮੂਹ ਰਹਿੰਦੇ ਸਨ; ਮਨੁੱਖ ਦਾ ਮੂਲ ਨਿਵਾਸ ਅਫ਼ਰੀਕਾ ਸੀ; ਮਨੁੱਖ ਦੀ ਉਤਪਤੀ ਸਭ ਤੋਂ ਪਹਿਲਾਂ ਅਫ਼ਰੀਕਾ ਵਿੱਚ ਹੋਈ; ਸਾਰੇ ਮਨੁੱਖਾਂ ਦੀ ਮਾਂ ਇੱਕੋ ਹੈ, ਉਹ ਅਫ਼ਰੀਕਾ ਵਿੱਚ ਰਹਿੰਦੀ ਸੀ ਅਤੇ ਉੱਥੋਂ ਹੀ ਤੁਰ ਕੇ ਮਨੁੱਖ ਧਰਤੀ ਦੇ ਵੱਖ-ਵੱਖ ਹਿੱਸਿਆਂ ’ਤੇ ਜਾ ਵਸੇ। ਪ੍ਰੋਫੈਸਰ ਅਰਵਿੰਦ ਨੇ ਭਾਰਤ ਦੇ ਸੰਦਰਭ ਵਿੱਚ, ਡੀਐੱਨਏ ਦੇ ਨਮੂਨਿਆਂ ’ਤੇ ਆਧਾਰਿਤ ਖੋਜ ਦੇ ਨਤੀਜਿਆਂ ਦਾ ਜ਼ਿਕਰ ਕੀਤਾ ਹੈ ਜਿਸ ਦੇ ਅਨੁਸਾਰ ਵੱਖ-ਵੱਖ ਧਰਮਾਂ-ਜਾਤਾਂ-ਸੂਬਿਆਂ ਦੇ ਸਾਰੇ ਭਾਰਤੀ ਲਗਭਗ ਇੱਕੋ ਜਿਹੇ ਹਨ। ਇਹ ਬੜੀ ਕੀਮਤੀ ਜਾਣਕਾਰੀ ਹੈ ਜੋ ਅੱਜ ਦੇ ਵਖਰੇਵਿਆਂ ਵਾਲੇ ਮਾਹੌਲ ਵਿੱਚ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦੀ ਹੈ।

ਸ਼ੋਭਨਾ ਵਿਜ, ਪਟਿਆਲਾ

ਪਾਠਕਾਂ ਦੇ ਖ਼ਤ Other

Nov 26, 2022

ਉਜਰ ਬਾਰੇ ਉਜ਼ਰ

25 ਨਵੰਬਰ ਨੂੰ ‘ਪਾਠਕਾਂ ਦੇ ਖ਼ਤ’ ਵਿਚ ਉਰਦੂ ਫਾਰਸੀ ਸ਼ਬਦਾਂ ’ਤੇ ਇਤਰਾਜ਼ ਕੀਤਾ ਗਿਆ ਹੈ। ਉਰਦੂ ਫਾਰਸੀ ਦੀ ਪੜ੍ਹਾਈ ਨਾ ਹੋਣ ਕਾਰਨ ਵਾਕਈ ਅਜਿਹੇ ਸ਼ਬਦਾਂ ਦੇ ਅਰਥ ਉਠਾਲਣੇ ਔਖੇ ਹੋ ਜਾਂਦੇ ਹਨ। ਇਸ ਲਈ ਸ਼ਬਦ ਸਰਲ ਅਤੇ ਸਪੱਸ਼ਟ ਹੀ ਵਰਤਣੇ ਚਾਹੀਦੇ ਹਨ। ਬਹੁਤ ਵਾਰ ਅਣਜਾਣਪੁਣੇ ਵਿਚ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ। ਗ਼ਲਤ ਸ਼ਬਦਜੋੜ ਤਾਂ ਹੁਣ ਆਮ ਗੱਲ ਹੋ ਗਈ ਹੈ। 25 ਨਵੰਬਰ ਦੇ ਪਹਿਲੇ ਸਫੇ ਦੀ ਪਹਿਲੀ ਸੁਰਖ਼ੀ ਵਿਚ ਹੀ ਸ਼ਬਦ ‘ਉਜਰ’ ਲਿਖਿਆ ਹੈ; ਜੱਜੇ ਪੈਰ ਬਿੰਦੀ ਉਡਾ ਦਿੱਤੀ ਗਈ ਹੈ। ਸਹੀ ਸ਼ਬਦ ਉਜ਼ਰ ਹੈ। ਕਈ ਵਿਦਵਾਨ ਪੈਰ ਬਿੰਦੀ ਖ਼ਤਮ ਕਰਨ ਦੀ ਪੈਰਵੀ ਬਿਨਾ ਵਜ੍ਹਾ ਕਰ ਰਹੇ ਹਨ। ਭਾਸ਼ਾ ਨਾਲ ਇੰਨਾ ਧੱਕਾ ਠੀਕ ਨਹੀਂ।

ਕੁਲਵੰਤ ਸਿੰਘ, ਸੰਗਰੂਰ


ਸੰਚਾਰ ਸਾਧਨਾਂ ਦਾ ਅਸਰ

24 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸੁਖਦੇਵ ਸਿੰਘ ਦਾ ਲੇਖ ‘ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ’ ਚਿੰਤਾ ਵਧਾਉਣ ਵਾਲਾ ਹੈ। ਇਹ ਬਿਲਕੁਲ ਦਰੁਸਤ ਹੈ ਕਿ ਅੱਜਕੱਲ੍ਹ ਟੀਵੀ ਸੀਰੀਅਲਾਂ ਵਿਚ ਠੱਗੀ, ਚੋਰੀ, ਈਰਖਾ, ਬਦਲਾ, ਕਤਲ, ਰੇਪ ਵਰਗੇ ਅਸੰਵੇਦਨਸ਼ੀਲ ਹਿੰਸਕ ਵਰਤਾਰੇ ਆਮ ਦਿਖਾਏ ਜਾ ਰਹੇ ਹਨ, ਕਈ ਕਈ ਮਹੀਨੇ ਤੇ ਸਾਲਾਂ ਤਕ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਇਨ੍ਹਾਂ ਦਾ ਅਤਿਅੰਤ ਮਾੜਾ ਪ੍ਰਭਾਵ ਨੌਜਵਾਨਾਂ ਦੇ ਮਨਾਂ ’ਤੇ ਪੈ ਰਿਹਾ ਹੈ। ਫਿਰ ਬਹੁਤ ਸਾਰੇ ਪੰਜਾਬੀ ਗਾਣਿਆਂ ਵਿਚ ਭੜਕੀਲੇ ਕੱਪੜੇ, ਕਾਮੁਕ ਐਕਸ਼ਨ ਅਤੇ ਪਿਸਤੌਲਬਾਜ਼ੀ ਪਰੋਸੇ ਜਾ ਰਹੇ ਹਨ। ਇਹ ਸਭ ਕੁਝ ਪੰਜਾਬੀ ਸਭਿਆਚਾਰ ਨੂੰ ਖੋ਼ਰਾ ਲਾ ਰਿਹਾ ਹੈ। ਆਏ ਦਿਨ ਕਿਸੇ ਮਾਸੂਮ ਨਾਬਾਲਗ ਬੱਚੀਆਂ ਨਾਲ ਰੇਪ ਕਰਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਪੜ੍ਹੀਦੀ ਹੈ। ਪੜ੍ਹ ਕੇ ਦਿਲ ਸੁੰਨ ਹੋ ਜਾਂਦਾ ਹੈ। ਸੰਚਾਰ ਸਾਧਨਾਂ ਤੋਂ ਸਹੀ ਰਾਹ ਪੈਣ ਦਾ ਸੁਨੇਹਾ ਮਿਲਣਾ ਚਾਹੀਦਾ ਹੈ।

ਜਸਬੀਰ ਕੌਰ, ਅੰਮ੍ਰਿਤਸਰ


(2)

24 ਨਵੰਬਰ ਨੂੰ ਡਾ. ਸੁਖਦੇਵ ਸਿੰਘ ਦੇ ਲੇਖ ‘ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ’ ਵਿਚ ਸੰਚਾਰ ਸਾਧਨਾਂ ਦਾ ਕਾਲਾ ਪੱਖ ਉਘਾੜਿਆ ਗਿਆ ਹੈ। ਟੀਵੀ ਲੜੀਵਾਰਾਂ ਵਿਚ ਜੋ ਕੁਝ ਦਿਖਾਇਆ ਜਾਂਦਾ ਹੈ, ਉਹ ਸੱਚ ਨਹੀਂ ਹੁੰਦਾ, ਸਿਰਫ਼ ਮਨੋਰੰਜਨ ਲਈ ਇਹ ਦ੍ਰਿਸ਼ ਫਿਲਮਾਏ ਜਾਂਦੇ ਹਨ।

ਹਰਮਨਜੀਤ ਸਿੰਘ, ਪਟਿਆਲਾ


ਸਰਾਸਰ ਜ਼ਿਆਦਤੀ

23 ਨਵੰਬਰ ਨੂੰ ਬਲਦੇਵ ਸਿੰਘ ਢਿੱਲੋਂ ਦਾ ਲੇਖ ‘ਯੂਨੀਵਰਸਿਟੀਆਂ ਦਾ ਪ੍ਰਸ਼ਾਸਨ’ ਕਾਫ਼ੀ ਕੁਝ ਸਪੱਸ਼ਟ ਕਰ ਦਿੰਦਾ ਹੈ। ਅਸਲ ਵਿਚ ਮਸਲਾ ਤਾਲਮੇਲ ਦਾ ਹੈ। ਕੇਂਦਰ ਵਿਚ ਸੱਤਾਧਾਰੀ ਪਾਰਟੀ ਤਾਂ ਖ਼ੁਦ ਦਾਅਵੇ ਕਰਦੀ ਹੈ ਕਿ ਡਬਲ ਇੰਜਣ ਸਰਕਾਰਾਂ ਹੀ ਵਧੀਆ ਕਾਰਗੁਜ਼ਾਰੀ ਦਿਖਾ ਰਹੀਆਂ ਹਨ; ਭਾਵ, ਜਿਨ੍ਹਾਂ ਸੂਬਿਆਂ ਅੰਦਰ ਕੇਂਦਰ ’ਚ ਸੱਤਾਧਾਰੀ ਧਿਰ ਦੀਆਂ ਸਰਕਾਰਾਂ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਹੈ। ਯੂਨੀਵਰਸਿਟੀਆਂ ਦੇ ਪ੍ਰਸ਼ਾਸਨ ਦੇ ਮਾਮਲਿਆਂ ਵਿਚ ਵੀ ਸੱਤਾਧਾਰੀ ਧਿਰ ਇਹੀ ਪਹੁੰਚ ਅਪਣਾ ਰਹੀ ਹੈ। ਇਸੇ ਕਰਕੇ ਵੱਖ ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਅੰਦਰ ਸੰਕਟ ਖੜ੍ਹੇ ਹੋ ਰਹੇ ਹਨ। ਇਹ ਸੱਤਾਧਿਰ ਦੀ ਸਰਾਸਰ ਜ਼ਿਆਦਤੀ ਹੈ।

ਰਮਨਜੀਤ ਕੌਰ, ਗੁਰਦਾਸਪੁਰ


ਸਰਕਾਰ ਦੀ ਨੀਅਤ

14 ਨਵੰਬਰ ਦੇ ਸੰਪਾਦਕੀ ‘ਨਿਯੁਕਤੀ ਵਿਚ ਦੇਰੀ’ ਵਿਚ ਕੇਂਦਰ ਸਰਕਾਰ ਦੀ ਨੀਅਤ ਸਾਫ਼ ਜ਼ਾਹਿਰ ਹੁੰਦੀ ਹੈ। ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਦੇਸ਼ ਦੀ ਸਰਬਉੱਚ ਅਦਾਲਤ ’ਚ ਨਵੇਂ ਜੱਜਾਂ ਦੀਆਂ ਨਿਯੁਕਤੀਆਂ ਲਈ ਨਾਵਾਂ ਦੀ ਸਿਫ਼ਾਰਸ਼ ਕੀਤੀ ਜਾਣ ਦੇ ਬਾਵਜੂਦ ਨਿਯੁਕਤੀਆਂ ਵਿਚ ਕੀਤੀ ਜਾ ਰਹੀ ਦੇਰੀ ਤੋਂ ਸਪੱਸ਼ਟ ਹੈ ਕਿ ਸਰਕਾਰ ਅਸਿੱਧੇ ਤੌਰ ’ਤੇ ਕੌਲਿਜੀਅਮ ਨੂੰ ਆਪਣੀ ਪਸੰਦ ਦੇ ਜੱਜਾਂ ਦੀ ਨਿਯੁਕਤੀ ਲਈ ਮਜਬੂਰ ਕਰ ਰਹੀ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਦਿਲ ਛੂਹਿਆ

ਮਿਡਲ ‘ਰਿਸ਼ਤਿਆਂ ਦੇ ਚਾਨਣ’ (ਦਰਸ਼ਨ ਸਿੰਘ, 11 ਨਵੰਬਰ) ਦਿਲ ਨੂੰ ਛੂਹ ਲੈਣ ਅਤੇ ਰਿਸ਼ਤਿਆਂ ਦੀ ਅਹਿਮੀਅਤ ਦਾ ਸੰਦੇਸ਼ ਦੇਣ ਵਾਲਾ ਸੀ। ਜ਼ਮੀਨ ਜਾਇਦਾਦ ਦੀ ਵੰਡ-ਵੰਡਾਈ ਤੇ ਹੋਰ ਕਾਰਨਾਂ ਕਰ ਕੇ ਵੀ ਰਿਸ਼ਤਿਆਂ ਦੀ ਲੋਅ ਨੂੰ ਬੁਝਣ ਜਾਂ ਮੱਧਮ ਨਹੀਂ ਹੋਣ ਦੇਣਾ ਚਾਹੀਦਾ। ਕਿਸੇ ਸ਼ਾਇਰ ਦੇ ਬੋਲ ‘ਕਭੀ ਕਭੀ ਯੇ ਹੁਨਰ ਵੀ ਆਜ਼ਮਾਨਾ ਚਾਹੀਏ, ਜਬ ਜੰਗ ਆਪਨੋ ਸੇ ਹੋ ਤੋ ਹਾਰ ਜਾਨਾ ਚਾਹੀਏ’ ਵੀ ਰਿਸ਼ਤਿਆਂ ’ਚ ਸਦਭਾਵਨਾ ਬਣਾਈ ਰੱਖਣ ਦੀ ਨਸੀਹਤ ਦਿੰਦੇ ਜਾਪਦੇ ਹਨ।

ਸੋਹਣ ਲਾਲ ਗੁਪਤਾ, ਪਟਿਆਲਾ


ਲੀਹੋਂ ਲਹਿ ਰਿਹਾ ਲੋਕਤੰਤਰ

16 ਨਵੰਬਰ ਦਾ ਸੰਪਾਦਕੀ ‘ਕਟਿਹਰੇ ’ਚ ਕਾਨੂੰਨ ਘਾੜੇ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਦੇਸ਼ ਦਾ ਲੋਕਤੰਤਰ ਕਿਵੇਂ ਲੀਹੋਂ ਲਹਿ ਰਿਹਾ ਹੈ। ਜੇ ਕਾਨੂੰਨ ਬਣਾਉਣ ਵਾਲੇ ਖ਼ੁਦ ਹੀ ਘਿਨੌਣੇ ਅਪਰਾਧਾਂ ਵਿਚ ਸ਼ਾਮਿਲ ਹਨ ਤਾਂ ਉਹ ਕਿਵੇਂ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਆਪਣੇ ਹੀ ਵਿਰੁੱਧ ਕਾਨੂੰਨ ਬਣਾ ਸਕਦੇ ਹਨ? ਅਪਰਾਧਾਂ ਵਿਚ ਸ਼ਾਮਿਲ ਲੋਕਾਂ ਨੂੰ ਚੋਣ ਲਈ ਟਿਕਟਾਂ ਦੇਣ ਤੋਂ ਇਕ ਸੂਰਤ ਵਿਚ ਹੀ ਡੱਕਿਆ ਜਾ ਸਕਦਾ ਹੈ, ਜੇ ਟਿਕਟਾਂ ਵੰਡਣ ਵਾਲੇ ਆਪ ਸਾਫ਼ ਸੁਥਰੇ ਹੋਣ। ਇਹ ਇਕ ਪਾਰਟੀ ਦੀ ਗੱਲ ਨਹੀਂ, ਅੰਕੜੇ ਦੱਸਦੇ ਹਨ ਕਿ ਇਸ ਹਮਾਮ ਵਿਚ ਸਭ ਨੰਗੇ ਹਨ। ਇਹ ਰੁਝਾਨ ਲੋਕਰਾਜ ਲਈ ਖ਼ਤਰਾ ਹੈ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

ਪਾਠਕਾਂ ਦੇ ਖ਼ਤ Other

Nov 25, 2022

ਸੋਸ਼ਲ ਮੀਡੀਆ

ਨਜ਼ਰੀਆ ਪੰਨੇ ਉੱਤੇ ਡਾ. ਸੁਖਦੇਵ ਸਿੰਘ ਦੀ ਰਚਨਾ ‘ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ’ (24 ਨਵੰਬਰ) ਪੜ੍ਹੀ। ਸੋਸ਼ਲ ਮੀਡੀਆ ਦੀ ਵਰਤੋਂ ਦੋਵਾਂ ਤਰ੍ਹਾਂ ਦੀ ਹੋ ਸਕਦੀ ਹੈ ਰਚਨਾਤਮਕ ਜਾਂ ਨਕਾਰਾਤਮਿਕ। ਅਧਿਆਪਕਾਂ, ਮਾਪਿਆਂ ਅਤੇ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਪਰਿਵਾਰਕ, ਸਮਾਜਿਕ ਮਾਹੌਲ ਅਤੇ ਆਲੇ-ਦੁਆਲੇ ਨੂੰ ਰਚਨਾਤਮਿਕ ਬਣਾ ਕੇ ਇਸ ਬੁਰਾਈ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਨੌਜਵਾਨਾਂ ਨੂੰ ਲਾਇਬਰੇਰੀਆਂ ਨਾਲ ਜੋੜਿਆ ਜਾ ਸਕਦਾ ਹੈ। ਧਾਰਮਿਕ ਪ੍ਰਚਾਰਕ ਇਸ ਬੁਰਾਈ ਤੋਂ ਖਹਿੜਾ ਛੁਡਾਉਣ ਲਈ ਵੱਡਾ ਯੋਗਦਾਨ ਪਾ ਸਕਦੇ ਹਨ।

ਸੰਤ ਸਿੰਘ ਬੀਲ੍ਹਾ, ਧੂਰੀ (ਸੰਗਰੂਰ)


ਸਵਾਲਾਂ ਦਾ ਘੇਰਾ

24 ਨਵੰਬਰ ਦਾ ਸੰਪਾਦਕੀ ‘ਮੁੱਖ ਚੋਣ ਕਮਿਸ਼ਨਰ ਦਾ ਮੁੱਦਾ’ ਵਿਚਾਰਨ ਵਾਲਾ ਹੈ। ਹੁਣ ਜਾਪਦਾ ਹੈ ਕਿ ਮੁੱਦਾ ਸਿਰਫ਼ ਚੋਣ ਕਮਿਸ਼ਨ ਦਾ ਨਹੀਂ; ਮੁਲਕ ਦੀਆਂ ਹੋਰ ਸੰਸਥਾਵਾਂ ਵੀ ਇਕ ਇਕ ਕਰ ਕੇ ਤਬਾਹ ਕੀਤੀਆਂ ਜਾ ਰਹੀਆਂ ਹਨ। ਕਿਸੇ ਜਮਹੂਰੀ ਮੁਲਕ ਅੰਦਰ ਕੋਈ ਸਰਕਾਰ ਇੰਨੀ ਮਨਮਰਜ਼ੀ ਕਰੇਗੀ, ਸੋਚਿਆ ਨਹੀਂ ਜਾ ਸਕਦਾ। ਇਸੇ ਕਰ ਕੇ ਇਹ ਜਮਹੂਰੀਅਤ ਹੁਣ ਸਵਾਲਾਂ ਦੇ ਘੇਰੇ ਵਿਚ ਹੈ।

ਸੁਸ਼ਮਾ ਦੇਵੀ, ਪਠਾਨਕੋਟ


ਭਾਈਚਾਰਕ ਸਾਂਝ

23 ਨਵੰਬਰ ਦੇ ਅੰਕ ਵਿਚ ਗੁਰਨੈਬ ਸਿੰਘ ਮਘਾਣੀਆਂ ਦੇ ਮਿਡਲ ‘ਮਾਂ ਦਾ ਕੋਕਾ’ ਰਾਹੀਂ ਲੇਖਕ ਨੇ ਸਮੇਂ ਦੇ ਬਦਲਾਅ ਨਾਲ ਭਾਈਚਾਰਕ ਸਾਂਝਾਂ ਅਤੇ ਕਮਜ਼ੋਰ ਹੋਈਆਂ ਮੋਹ ਪਿਆਰ ਦੀਆਂ ਤੰਦਾਂ ਨੂੰ ਚਿਤਰਿਆ ਹੈ। ਜਦੋਂ ਪੁਰਾਣੇ ਸਮੇਂ ਵਿਚ ਮੁਸ਼ਕਿਲ ਆਉਂਦੀ ਤਾਂ ਸਾਰੇ ਉਸ ਦੀ ਮਦਦ ਲਈ ਅੱਗੇ ਆਉਂਦੇ ਪਰ ਅਜਿਹਾ ਪਿਆਰ ਅਤੇ ਮਦਦ ਦੀ ਭਾਵਨਾ ਅਜੋਕੇ ਸਮੇਂ ਵਿਚ ਦੇਖਣ ਨੂੰ ਨਹੀਂ ਮਿਲਦੀ। ਇਸੇ ਤਰ੍ਹਾਂ 22 ਨਵੰਬਰ ਦੇ ਅੰਕ ਵਿਚ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦੇ ਮਿਡਲ ‘ਜਲੇਬੀਆਂ ਵਾਲਾ ਦੁੱਧ’ ਰਾਹੀਂ ਵੀ ਲੇਖਕ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਉਜਾਗਰ ਕੀਤਾ ਹੈ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਸ਼ਬਦ ਅਰਥ

ਸਤਰੰਗ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦੇ ਲੇਖ ‘ਹਰਦਿਲ ਅਜ਼ੀਜ਼ ਅਦਾਕਾਰਾ ਦਲਜੀਤ ਕੌਰ’ (19 ਨਵੰਬਰ) ਵਿਚ ਹਮੇਸ਼ਾ ਵਾਂਗ ਉਰਦੂ ਫ਼ਾਰਸੀ ਸ਼ਬਦਾਂ ਦੀ ਭਰਮਾਰ ਹੈ। ਅਬਾਈ ਤਾਲੁਕ, ਇਬਤਦਾਈ ਤਾਲੀਮ, ਮੁੱਰਤਿਬ, ਮੁਸੱਨਫ ਆਦਿ ਸ਼ਬਦਾਂ ਦੇ ਅਰਥ ਸਮਝ ਨਹੀਂ ਆਉਂਦੇ। ਉਂਝ ਵੀ ਲੇਖਕ ਨੇ ਕਲਾਕਾਰ ਦੀ ਜ਼ਿੰਦਗੀ ਬਾਰੇ ਬਹੁਤਾ ਕੁਝ ਨਹੀਂ ਲਿਖਿਆ ਪਰ ਉਸ ਦੀਆਂ ਫਿਲਮਾਂ ਤੇ ਉਸ ਵਿਚਲੇ ਗੀਤਾਂ ਦਾ ਭਰਪੂਰ ਵਰਨਣ ਹੈ। ਲੇਖਕ ਨੇ ਲਿਖਿਆ ਹੈ ਕਿ ਉਸ ਦੇ ਪਿਤਾ ਜੀ ਕਾਰੋਬਾਰ ਕਰਦੇ ਸਨ, ਕੀ ਕਾਰੋਬਾਰ, ਇਸ ਬਾਰੇ ਕੋਈ ਜ਼ਿਕਰ ਨਹੀਂ। ਇਕ ਗੱਲ ਹੋਰ, ਇੰਟਰਨੈੱਟ ਪੰਨਿਆਂ ਉੱਤੇ ਛਾਪੀਆਂ ਰਚਨਾਵਾਂ ਪੜ੍ਹਨੀਆਂ ਬਹੁਤ ਮੁਸ਼ਕਿਲ ਹੁੰਦੀਆਂ ਹਨ। ਇਸ ਬਾਰੇ ਗੌਰ ਕਰਨ ਦੀ ਲੋੜ ਹੈ।

ਰਮੇਸ਼ਵਰ ਸਿੰਘ, ਪਟਿਆਲਾ


ਨਸੀਹਤਾਂ ਬਨਾਮ ਰਵਾਇਤਾਂ

17 ਨਵੰਬਰ ਨੂੰ ਜਗਦੀਸ਼ ਕੌਰ ਮਾਨ ਦਾ ਮਿਡਲ ‘ਬਾਬਲ ਦੀ ਤਾਕੀਦ’ ਪੜ੍ਹਿਆ। ਇਸ ਰਚਨਾ ਅੰਦਰ ਬੜਾ ਅਹਿਮ ਸਵਾਲ ਦਰਜ ਹੈ: ਨਸੀਹਤਾਂ ਸਿਰਫ਼ ਕੁੜੀਆਂ ਲਈ ਹੀ ਕਿਉਂ ਹਨ? ਇਹ ਸਵਾਲ ਅਸਲ ਵਿਚ ਸਾਡੇ ਸਮਾਜ ਅਤੇ ਸਮਾਜ ਅੰਦਰ ਵੱਸਦੇ ਹਰ ਸ਼ਖ਼ਸ ਲਈ ਹੈ। ਇਸ ਸਵਾਲ ਨਾਲ ਦੋ-ਚਾਰ ਹੋ ਕੇ ਹੀ ਅਸੀਂ ਕੁੜੀਆਂ ਦੇ ਪੈਰੀਂ ਪਾਈਆਂ ਰਵਾਇਤਾਂ ਦੀਆਂ ਜ਼ੰਜੀਰਾਂ ਤੋੜ ਸਕਦੇ ਹਾਂ।

ਜਸਵੰਤ ਕੌਰ, ਅੰਮ੍ਰਿਤਸਰ


ਸਿਆਲ ਦੀ ਦਸਤਕ

ਸਤਰੰਗ 12 ਨਵੰਬਰ ਦੇ ਤਿੰਨੇ ਲੇਖ- ਸਵਿੰਦਰ ਕੌਰ ਦਾ ‘ਗੁੜ ਖਾਂਦੀ ਗੰਨੇ ਚੂਪਦੀ’, ਮਨਜੀਤ ਕੌਰ ਤੇ ਕੰਵਲਜੀਤ ਕੌਰ ਦਾ ‘ਠੰਢ ’ਚ ਰਹੋ ਗਰਮ’ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਦਾ ਲੇਖ ‘ਸਾਗ ਬੁੜ੍ਹੇ ਦਾ ਭਾਗ’ ਸਿਆਲ ਦੀ ਦਸਤਕ ਨਾਲ ਜੁੜੇ ਹੋਏ ਹਨ।

ਕਮਲਦੀਪ ਕੌਰ, ਹੁਸ਼ਿਆਰਪੁਰ


ਵਰਦੀਧਾਰੀ

ਅਖ਼ਬਾਰ ਵਿਚ ਕਾਫ਼ੀ ਸਮੇਂ ਤੋਂ ਨਸ਼ਿਆਂ ਦੀ ਸਪਲਾਈ ਵਿਚ ਪੁਲੀਸ ਦੇ ਕੁਝ ਮੁਲਾਜ਼ਮਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਹੀ ਨਹੀਂ ਸਗੋਂ ਉਨ੍ਹਾਂ ਦੇ ਵਰਦੀ ਪਾ ਕੇ ਖ਼ੁਦ ਨਸ਼ੇ ਸਪਲਾਈ ਕਰਨ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਨ੍ਹਾਂ ਪੁਲੀਸ ਵਾਲਿਆਂ ਨੂੰ ਕਿਸੇ ਦਾ ਅਤੇ ਨੌਕਰੀ ਜਾਣ ਦਾ ਡਰ ਕਿਉਂ ਨਹੀਂ? ਸ਼ਾਇਦ ਇਕ ਤਾਂ ਉਹ ਅਜਿਹੇ ਗ਼ੈਰ-ਕਾਨੂੰਨੀ ਕੰਮ ਕਰ ਕੇ ਤਨਖ਼ਾਹ ਤੋਂ ਕਈ ਗੁਣਾ ਵੱਧ ਧਨ ਦੌਲਤ ਬਣਾ ਰਹੇ ਹਨ; ਦੂਜਾ, ਕਾਨੂੰਨੀ ਚੋਰ-ਮੋਰੀਆਂ ਕਾਰਨ ਉਹ ਲੰਮਾ ਸਮਾਂ ਨੌਕਰੀ ’ਤੇ ਰਹਿੰਦੇ ਹਨ ਤੇ ਅਖ਼ੀਰ ਵਿਚ ਅਕਸਰ ਬਰੀ ਹੋ ਜਾਂਦੇ ਹਨ।

ਇੰਜ. ਹਰਭਜਨ ਸਿੰਘ ਸਿੱਧੂ, ਮਾਈਸਰ ਖਾਨਾ, ਬਠਿੰਡਾ


ਮਹਾਰਾਜਾ ਰਣਜੀਤ ਸਿੰਘ ਅਤੇ ਸਿਆਸਤ

ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਅਖ਼ਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਸਿਆਸਤਦਾਨਾਂ ਵੱਲੋੋਂ ਯਾਦ ਕੀਤਾ ਜਾ ਰਿਹਾ ਹੈ। ਇਹ ਵੀ ਵਿਚਾਰਨਯੋਗ ਹੈ ਕਿ ਜੇ ਮਹਾਰਾਜਾ ਰਣਜੀਤ ਸਿੰਘ ਨਾ ਹੁੰਦੇ ਤਾਂ ਹਿੰਦੋਸਤਾਨ ਵਿਚ ਅਜੋਕੀ ਸਰਕਾਰ ਹੋਂਦ ਵਿਚ ਆਉਂਦੀ? ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਪੱਛਮ ਵੱਲੋਂ ਹਿੰਦੋਸਤਾਨ ਉੱਤੇ ਹੁੰਦੇ ਹਮਲਿਆਂ ਨੂੰ ਠੱਲ੍ਹ ਪਾਈ; ਉਲਟਾ ਉਨ੍ਹਾਂ ਹਮਲਾਵਾਰਾਂ ਦੇ ਘਰ ਜਾ ਵੜੇ। ਸੋਚਣ ਦੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਿੰਦੋਸਤਾਨ ਵਿਚ ਬਣਦਾ ਸਨਮਾਨਤ ਸਥਾਨ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਅਗਰ ਹਾਂ ਤਾਂ ਆਮ ਲੋਕਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ; ਅਗਰ ਨਹੀਂ ਤਾਂ ਅਖ਼ਬਾਰਾਂ ਵਿਚ ਇੰਨੇ ਵੱਡੇ ਇਸ਼ਤਿਹਾਰ ਸਿਰਫ ਵੋਟਾਂ ਵਾਸਤੇ ਹੀ ਦੇ ਕੇ ਉਨ੍ਹਾਂ ਦਾ ਨਾਮ ਵਰਤਿਆ ਜਾ ਰਿਹਾ ਹੈ।

ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ


ਉਚੇਰੀ ਸਿੱਖਿਆ ਦੀ ਚਿੰਤਾ

24 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਪ੍ਰਵੀਨ ਪੁਰੀ ਦਾ ਲੇਖ ‘ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ’ ਪੜ੍ਹਿਆ। ਲੇਖ ਪੜ੍ਹ ਕੇ ਪੰਜਾਬ ਦੀ ਉਚੇਰੀ ਸਿੱਖਿਆ ਲਈ ਮਨ ਵਿਚ ਘਰ ਕਰੀ ਬੈਠੀ ਚਿੰਤਾ ਹੋਰ ਵਧ ਗਈ। ਪੰਜਾਬ ਵਿਚ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜ ਘੱਟ ਹਨ ਅਤੇ ਪ੍ਰਾਈਵੇਟ ਅਦਾਰਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਵਕਤ ਦੇ ਇਸ ਉਲਟ ਵਹਾਅ ਨੂੰ ਮੋੜਾ ਪਤਾ ਨਹੀਂ ਕਦੋਂ ਪੈਣਾ ਹੈ? ਉਦੋਂ ਤਕ ਪਤਾ ਨਹੀਂ ਕਿੰਨਾ ਕੁਝ ਸਾਡੇ ਹੱਥੋਂ ਕਿਰ ਜਾਣਾ ਹੈ! 11 ਨਵੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ‘ਰਿਸ਼ਤਿਆਂ ਦੇ ਚਾਨਣ’ ਜਨਮ ਤੋਂ ਬਣੇ ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਜਨਮ ਦੇ ਰਿਸ਼ਤਿਆਂ ਨੂੰ ਨੈਤਿਕ ਪੱਖੋਂ ਸਭ ਤੋਂ ਪਵਿੱਤਰ ਅਤੇ ਮੋਹ ਪੱਖੋਂ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਵਿਚ ਖੂਨ ਦੀ ਸਾਂਝ ਅਤੇ ਦੁਖ-ਸੁਖ ਦੀ ਭਾਈਵਾਲੀ ਹੁੰਦੀ ਹੈ। ਇਸ ਵਿਚ ਮਾਂ, ਪਿਉ, ਧੀਆਂ, ਪੁੱਤਰ ਸ਼ਾਮਲ ਹੁੰਦੇ ਹਨ। ਇਨ੍ਹਾਂ ਨਾਲ ਹੀ ਪਰਿਵਾਰ ਦੀ ਸਿਰਜਣਾ ਹੁੰਦੀ ਹੈ। ਗਿਲੇ, ਸ਼ਿਕਵੇ, ਵਿਸ਼ਵਾਸ, ਪਿਆਰ ਅਤੇ ਸਤਿਕਾਰ ਨਾਲ ਹੀ ਜਨਮ ਦੇ ਇਹ ਰਿਸ਼ਤੇ ਨਿਭਦੇ ਹਨ।

ਕਮਲਜੀਤ ਕੌਰ, ਗੁੰਮਟੀ (ਬਰਨਾਲਾ)

ਪਾਠਕਾਂ ਦੇ ਖ਼ਤ Other

Nov 24, 2022

ਆਰਥਿਕ ਨਾ-ਬਰਾਬਰੀ ਦਾ ਸਵਾਲ

23 ਨਵੰਬਰ ਦਾ ਸੰਪਾਦਕੀ ‘ਆਰਥਿਕ ਪਛੜੇਵੇਂ ਦੇ ਮਾਪਦੰਡ’ ਪੜ੍ਹਿਆ। ਵਾਕਿਆ ਹੀ ਆਰਥਿਕ ਨਾ-ਬਰਾਬਰੀ ਕੇਵਲ ਰਾਖਵਾਂਕਰਨ ਦਾ ਮੁੱਦਾ ਨਹੀਂ ਹੈ, ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ, ਜਿਵੇਂ ਕਿ ਟੈਕਸ ਦਾ ਮੁੱਦਾ, ਕਾਨੂੰਨੀ ਸੇਵਾਵਾਂ ਲੈਣ ਦਾ ਮੁੱਦਾ ਆਦਿ ਇਸ ਨਾਲ ਜੁੜੇ ਹੋਏ ਹਨ। ਇਸ ਉੱਤੇ ਵਿਚਾਰ ਚਰਚਾ ਹੋਣੀ ਲਾਜ਼ਮੀ ਹੈ ਤਾਂ ਜੋ ਆਰਥਿਕ ਨਾ-ਬਰਾਬਰੀ ਦੇ ਸਵਾਲ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।

ਹਰਮਨਜੀਤ ਸਿੰਘ, ਪਟਿਆਲਾ

ਭਾਰਤ-ਪਾਕਿ ਵਪਾਰ

22 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ.ਸ. ਛੀਨਾ ਦਾ ਲੇਖ ‘ਭਾਰਤ-ਪਾਕਿਸਤਾਨ ਵਪਾਰ ਬਨਾਮ ਸਿਆਸੀ ਤਣਾਅ’ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਹੈ। ਵੰਡ ਤੋਂ ਬਾਅਦ ਬਣੇ ਵੱਖਰੇ ਮੁਲਕ ਪਾਕਿਸਤਾਨ ਨੇ ਜਿੱਥੇ ਭਾਰਤ ਨੂੰ ਭੂਗੋਲਿਕ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ। ਸਿਆਸੀ ਤਣਾਅ ਭੁਲਾ ਕੇ ਦੋਨਾਂ ਦੇਸ਼ਾਂ ਨੂੰ ਆਪਣਾ ਵਪਾਰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੇਕਰ ਦੋਵੇਂ ਦੇਸ਼ਾਂ ਵਿਚ ਜ਼ਰੂਰੀ ਵਸਤਾਂ ਦਾ ਵਪਾਰ ਜ਼ਿਆਦਾ ਹੁੰਦਾ ਹੈ ਤਾਂ ਮਹਿੰਗਾਈ ਦੇ ਇਸ ਦੌਰ ਵਿਚ ਸੰਤਾਪ ਝੱਲ ਰਹੇ ਆਮ ਆਦਮੀ ਨੂੰ ਕੁਝ ਫਾਇਦਾ ਹੋ ਸਕਦਾ ਹੈ। ਇਸ ਵਪਾਰ ਦਾ ਪੰਜਾਬ ਨੂੰ ਹੋਰ ਵੀ ਵੱਧ ਫਾਇਦਾ ਹੋਵੇਗਾ।

ਦਵਿੰਦਰ ਸਿੰਘ, ਅਮਰਗੜ੍ਹ

ਜਲੇਬੀਆਂ ਵਾਲਾ ਦੁੱਧ

ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਜਲੇਬੀਆਂ ਵਾਲਾ ਦੁੱਧ’ (22 ਨਵੰਬਰ) ਪੜ੍ਹ ਕੇ ਪਹਿਲਾਂ ਆਪਣੀ ਮਾਂ ਨੂੰ ਸੁਣਾਇਆ ਕਿਉਂਕਿ ਮੇਰੇ ਮਾਤਾ ਜੀ ਵੀ ਇਸੇ ਤਰ੍ਹਾਂ ਕਰਦੇ ਹਨ। ਜਦੋਂ ਘਰੇ ਜਲੇਬੀਆਂ ਹੋਣ ਉਹ ਗਰਮ ਦੁੱਧ ਵਿਚ ਪਾ ਕੇ ਆਪ ਖਾਂਦੇ ਨਾਲੇ ਬੜੇ ਚਾਅ ਨਾਲ ਸਾਨੂੰ ਖਾਣ ਲਈ ਦਿੰਦੇ। ਇਕ ਤਾਂ ਜਲੇਬੀਆਂ ਕਰਕੇ ਦੁੱਧ ਵਿਚ ਮਿੱਠਾ ਪਾਉਣ ਦੀ ਲੋੜ ਨਹੀਂ ਪੈਂਦੀ, ਦੂਜਾ ਮਾਂ ਦੀ ਮਮਤਾ ਘੁਲਣ ਕਰਕੇ ਦੁੱਧ ਹੋਰ ਵੀ ਸੁਆਦ ਹੋ ਜਾਂਦਾ ਹੈ।

ਨਵਜੀਤ ਕੌਰ, ਮਲੇਰਕੋਟਲਾ

ਆਰਥਿਕ ਮੰਦੀ ਤੇ ਬੇਰੁਜ਼ਗਾਰੀ

21 ਨਵੰਬਰ ਦੀ ਸੰਪਾਦਕੀ ‘ਰੁਜ਼ਗਾਰ-ਖੋਹੂ ਰੁਝਾਨ’ ਅਤੇ ਸੁਬੀਰ ਰਾਏ ਦਾ ਮੁੱਖ ਲੇਖ ‘ਆਰਥਿਕ ਮੰਦੀ ਅਤੇ ਰੁਜ਼ਗਾਰ ਦਾ ਸੰਕਟ’ ਸੋਸ਼ਲ ਮੀਡੀਆ ਇੰਟਰਨੈੱਟ ਨੈੱਟਵਰਕ ’ਤੇ ਛਾਈ ਰੁਜ਼ਗਾਰ ਮੰਦੀ ਜਾਂ ਨਾਦਰਸ਼ਾਹੀ ਫੁਰਮਾਨ ਦੇ ਇਰਦ ਗਿਰਦ ਘੁੰਮਦੇ ਨਜ਼ਰ ਆਉਂਦੇ ਹਨ। ਦੋਵਾਂ ਹੀ ਲੇਖਕਾਂ ਨੇ ਕਿਰਤ ਅਤੇ ਕਿਰਤੀਆਂ ਦੀਆਂ ਮੁਸ਼ਕਿਲਾਂ ਅਤੇ ਇੰਟਰਨੈੱਟ ਨੈੱਟਵਰਕ ਕੰਪਨੀਆਂ ਦੇ ਨਾਦਰਸ਼ਾਹੀ ਫੁਰਮਾਨ ਰਾਹੀਂ ਸਾਮਰਾਜਵਾਦ ਨੂੰ ਨੰਗਾ ਕਰਨ ਦਾ ਯਤਨ ਕੀਤਾ ਹੈ। ਸ਼ਿਕਾਗੋ ਦੇ ਸੰਘਰਸ਼ ਰਾਹੀਂ ਅੱਠ ਘੰਟੇ ਕੰਮ ਦਾ ਪ੍ਰਸਤਾਵ ਪਾਸ ਕਰਕੇ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਸੀ ਪਰ ਅੱਜ ਉਹੀ ਸਾਮਰਾਜਵਾਦ ਮਜ਼ਦੂਰਾਂ ਕਿਰਤੀਆਂ ਨੂੰ ਮੰਦੀ ਦਾ ਅਹਿਸਾਸ ਕਰਵਾ ਕੰਮ ਦੇ ਘੰਟੇ ਵਧਾ ਕੇ ਸੋਸ਼ਣ ਕਰਦਾ ਨਜ਼ਰ ਆ ਰਿਹਾ ਹੈ। ਦੇਖਣਾ ਹੋਵੇਗਾ ਕਿ ਅੱਠ ਘੰਟੇ ਕਿਰਤ ਕਰਨ ਵਾਲੇ ਕਿਰਤੀਆਂ ਵਾਂਗ ਬੈਲਟ ਵਾਲੇ ਕਿਰਤੀ ਸਰਮਾਏਦਾਰੀ ਅੱਗੇ ਕਿੰਨਾ ਕੁ ਸਮਾਂ ਟਿਕੇ ਰਹਿਣਗੇ।

ਮਨਮੋਹਨ ਸਿੰਘ, ਨਾਭਾ

ਆਪਸੀ ਸਾਂਝ

ਸ਼ਵਿੰਦਰ ਕੌਰ ਦਾ 21 ਨਵੰਬਰ ਦਾ ਮਿਡਲ ‘ਬੇਗਰਜ਼ ਸਾਂਝਾਂ’ ਵਧੀਆ ਲੱਗਾ। ਸਹੀ ਤਾਂ ਕਿਹਾ ਹੈ ਕਿ ਅੱਜਕੱਲ੍ਹ ਮੋਹ ਦੀਆਂ ਤੰਦਾਂ ਤਾਂ ਖ਼ਤਮ ਹੀ ਹੋ ਗਈਆਂ ਹਨ। ਰਿਸ਼ਤੇ ਹੁਣ ਬਸ ਨਾਮ ਦੇ ਹੀ ਰਹਿ ਗਏ ਨੇ, ਆਪਸੀ ਸਾਂਝ ਖਤਮ ਹੋ ਗਈ ਹੈ ਜਿਹਦੇ ਕਰਕੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ, ਦੁਸ਼ਮਣ ਵਧ ਰਹੇ ਹਨ। ਆਪਸੀ ਘੁਟਣ ਕਰਕੇ ਗੁੱਸਾ ਵਧ ਰਿਹਾ ਹੈ।

ਹਰਪ੍ਰੀਤ ਕੌਰ, ਪਿਪਲੀ (ਕੁਰੂਕਸ਼ੇਤਰ)

ਸੰਤਾਲੀ ਦੀ ਵੰਡ

19 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਵਾਪੱਲਾ ਬਾਲਚੰਦਰਨ ਦੇ ਮੁੱਖ ਲੇਖ ‘ਸੰਤਾਲੀ ਦੀ ਵੰਡ ਸਮੇਂ ਬਰਤਾਨਵੀ ਫੌਜ ਦੀ ਭੂਮਿਕਾ’ ਵਿਚ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਗਏ ਹਨ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹਾਲੇ ਵੀ ਮੌਜੂਦ ਹੈ। ਵੰਡ ਤੋਂ ਬਾਅਦ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਨੇਕਾਂ ਥਾਵਾਂ ਉੱਤੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਬਰਤਾਨੀਆ ਫ਼ੌਜ ਦੀ ਚਲਾਕੀ ਤੇ ਮੱਕਾਰੀ ਦੇ ਕਾਰਨ ਦੋਵੇਂ ਦੇਸ਼ਾਂ ਵਿਚ ਅੱਜ ਵੀ ਦੁਸ਼ਮਣੀ ਦੇ ਸਬੰਧ ਬਣੇ ਹੋਏ ਹਨ। ਬਰਤਾਨਵੀ ਫ਼ੌਜ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਰੋਕ ਸਕਦੀ ਸੀ ਪਰੰਤੂ ਉਸ ਨੇ ਅਜਿਹਾ ਨਾ ਕੀਤਾ ਕਿਉਂਕਿ ਇਸ ਫ਼ੌਜ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਉੱਪਰ ਆਪਣਾ ਰਾਜ ਸਥਾਪਤ ਕਰਨਾ ਸੀ।

ਗੁਰਦੀਪ ਕੌਰ ਕੁਠਾਲਾ (ਮਾਲੇਰਕੋਟਲਾ)

ਮਾਂ-ਬੋਲੀ ਦਾ ਆਦਰ ਕੀਤਾ ਜਾਵੇ

20 ਨਵੰਬਰ ਦੇ ਅੰਕ ਵਿਚਲੀ ਖਬਰ ਮੁਤਾਬਿਕ ਮੁੱਖ ਮੰਤਰੀ ਵੱਲੋਂ ਦਿਸ਼ਾ-ਸੂਚਕ ਬੋਰਡ ਪੰਜਾਬੀ ਵਿਚ ਲਿਖਣ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਹਦਾਇਤ ਸ਼ਲਾਘਾਯੋਗ ਹੈ। ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਪੰਜਾਬੀ ਸਹੀ ਲਿਖੀ ਜਾਵੇ। ਪੰਜਾਬੀ ਦੇ ਬੋਰਡ ਸਾਫ਼ ਦਿਖਾ ਰਹੇ ਹਨ ਕਿ ਅੰਗਰੇਜ਼ੀ ਦੇ ਜਾਣਕਾਰਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ ਕੀਤਾ ਹੈ। ਗੁਰਾਇਆ ਕੋਲ ਅੱਟਾ ਪਿੰਡ ਦਾ ਰਾਹ ਦੱਸਦੇ ਬੋਰਡ ਉੱਤੇ ਅੱਟਾ ਦਾ ਨਾਂ ਬੜਾ ਗ਼ਲਤ ਲਿਖਿਆ ਕਈ ਸਾਲ ਇਵੇਂ ਰਿਹਾ। ਸਾਫ਼ ਜ਼ਾਹਿਰ ਹੈ ਕਿ ਅੰਗਰਜ਼ੀ ਦੇ Atta ਦੀ ਡਬਲ ਟੀ ਦੇਖ ਕੇ ਟੈਂਕਾ ਡਬਲ ਲਿਖ ਦਿੱਤਾ ਗਿਆ। ਕਾਫ਼ੀ ਸਮੇਂ ਬਾਅਦ ਕਿਸੇ ਭੱਦਰ ਪੁਰਸ਼ ਨੇ ਇਕ ਟੈਂਕਾ ਕਿਸੇ ਦੇਸੀ ਯੰਤਰ ਨਾਲ ਖੁਰਚਕੇ ਮਿਟਾਇਆ। ਜਦੋਂ ਨੈਸ਼ਨਲ ਬਾਈਵੇਂ ਨੰ. 1 ਡਬਲ ਕਰਕੇ ਬਣਾਈ ਗਈ ਸੀ ਤਾਂ ਬਹੁਗਿਣਤੀ ਬੋਰਡਾਂ ਦਾ ਇਹੀ ਹਾਲ ਸੀ। ਲੁਧਿਆਣਾ ਵੱਲੋਂ ਮਲੇਰਕੋਟਲਾ ਦਾਖ਼ਲ ਹੋਣ ਤੋਂ ਪਹਿਲਾਂ ਰਾਏਕੋਟ ਦੇ ਦਿਸ਼ਾ ਸੂਚਕ ਬੋਰਡ ’ਤੇ ਅੱਜ ਵੀ ਰਾਏਕੋਟ ਨੂੰ ‘ਰਾਅਕੋਟ’ ਲਿਖਿਆ ਬੋਰਡ ਕਾਫ਼ੀ ਸਮੇਂ ਤੋਂ ਮੌਜੂਦ ਹੈ।

ਅਮਰਜੀਤ ਸਿੰਘ, ਸਾਬਕਾ ਸਰਪੰਚ, ਸਿਹੌੜਾ (ਲੁਧਿਆਣਾ)

ਡਾਕ ਐਤਵਾਰ ਦੀ Other

Nov 20, 2022

ਹਕੀਕਤ ਨੇੜਲੀ ਕਵਿਤਾ

ਐਤਵਾਰ, 6 ਨਵੰਬਰ ਦੇ ਨਜ਼ਰੀਆ ਪੰਨੇ ਤੇ ਇਕਬਾਲ ਕੌਰ ਉਦਾਸੀ ਦਾ ਮਿਡਲ ‘ਕੰਮੀਆਂ ਦਾ ਵਿਹੜਾ’ ਪਿਛਲੀ ਕਹਾਣੀ ਪੜ੍ਹੀ। ਇਹ ਪੜ੍ਹ ਕੇ ਪੱਕ ਹੋ ਗਿਆ ਕਿ ਸੰਤ ਰਾਮ ਉਦਾਸੀ ਹੋਰਾਂ ਦੀ ਕਲਮ ਵਿੱਚੋਂ ਨਿਕਲਦੀਆਂ ਕਵਿਤਾਵਾਂ ਹਕੀਕਤ ਦੇ ਬਹੁਤ ਨੇੜੇ ਸਨ। ਸੰਤ ਰਾਮ ਉਦਾਸੀ ਕੇਵਲ ਕਵੀ ਹੀ ਨਹੀਂ ਸਨ ਸਗੋਂ ਉਹ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅਣਥੱਕ ਘਾਲਣਾ ਘਾਲਣ ਵਾਲੇ ਸੰਘਰਸ਼ੀ ਯੋਧੇ ਸਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨਾਲ ਖੜ੍ਹਦੇ ਵੀ ਰਹੇ। ਉਨ੍ਹਾਂ ਦਾ ਗੀਤ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਸਮਾਜ ਵਿਚਲੀ ਕਾਣੀ ਵੰਡ ਨੂੰ ਬਿਆਨ ਕਰਦਾ ਹੈ। ਇਹ ਗੀਤ ਅੱਜ ਵੀ ਹਰਮਨ ਪਿਆਰਾ ਤੇ ਕਿਰਤੀ ਲੋਕਾਂ ਦੇ ਦਿਲਾਂ ਦੀ ਧੜਕਣ ਬਣਦਾ ਹੈ।

ਪਰਮਿੰਦਰ ਖੋਖਰ, ਈ-ਮੇਲ


ਨੌਜਵਾਨ ਪੀੜ੍ਹੀ ਦਾ ਭਵਿੱਖ

ਐਤਵਾਰ, 13 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਨੇ ਆਪਣੇ ਸੰਪਾਦਕੀ ਲੇਖ ਵਿੱਚ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਡੂੰਘੀ ਚਿੰਤਾ ਪ੍ਰਗਟਾਈ ਹੈ। ਲੇਖਕ ਨੇ ਮਹਾਨ ਚਿੰਤਕ ਕਾਰਲ ਮਾਰਕਸ ਅਤੇ ਮਨੋਵਿਗਿਆਨੀ ਸੂਜ਼ਨ ਰੋਜ਼ਨਥਾਲ ਦਾ ਹਵਾਲਾ ਦੇ ਕੇ ਮਨੁੱਖੀ ਸਮਾਜ ਦੀ ਆਪਸੀ ਭਾਈਵਾਲਤਾ ਦੀ ਭੰਨਤੋੜ ਅਤੇ ਇਸ ਵਿੱਚ ਨਿੱਤ ਆ ਰਹੇ ਨਿਘਾਰ ਦਾ ਜ਼ਿਕਰ ਕੀਤਾ ਹੈ।  ਪੂੰਜੀਵਾਦੀਆਂ ਨੇ ਰਾਜਤੰਤਰ ਨੂੰ ਮਾਨਸਿਕ, ਆਰਥਿਕ ਅਤੇ ਧਾਰਮਿਕ ਕੱਟੜਤਾ ਵਾਲਾ ਅਮਲੀਜਾਮਾ ਪਹਿਨਾ ਰੱਖਿਆ ਹੈ।  ਬੇਰੁਜ਼ਗਾਰ ਨਵੀਂ ਪੀੜ੍ਹੀ ਨੂੰ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਹਨ, ਉਹ ਖੇਤਾਂ ਵਿੱਚ ਖਿੱਲਰੀ ਪਨੀਰੀ ਵਾਂਗ ਜਾਪਦੇ ਹਨ ਜੋ ਹਵਾ ਦੇ ਰੁਖ਼ ਨਾਲ ਇਧਰ ਉਧਰ ਵੱਟਾਂ ਦੀ ਓਟ ਲੈ ਰਹੇ ਹਨ। ਨਵੇਂ ਕਿਰਤ ਕਾਨੂੰਨਾਂ ਰਾਹੀਂ ਮਜ਼ਦੂਰਾਂ ਦੇ ਕੰਮ ਕਰਨ ਦੇ ਬਾਰਾਂ ਘੰਟੇ ਨਿਸ਼ਚਿਤ ਕਰਨਾ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਕਰਨਾ ਹੈ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਮਿੰਨੀ ਕਹਾਣੀਆਂ

ਐਤਵਾਰ, 6 ਨਵੰਬਰ ਨੂੰ ‘ਦਸਤਕ’ ਅੰਕ ਵਿੱਚ ਛਪੀਆਂ ਮਿੰਨੀ ਕਹਾਣੀਆਂ ਪੜ੍ਹ ਕੇ ਰੂਹ ਖ਼ੁਸ਼ ਹੋ ਗਈ। ਵੱਡੀਆਂ ਕਹਾਣੀਆਂ ਤੇ ਮਿੰਨੀ ਕਹਾਣੀਆਂ ਦੀ ਅਣਹੋਂਦ ਲਗਾਤਾਰ ਰੜਕ ਰਹੀ ਸੀ। ਸਾਰੇ ਪਾਠਕਾਂ ਦੇ ਸੁਹਜ ਸੁਆਦ ਦਾ ਧਿਆਨ ਰੱਖਣਾ ਅਖ਼ਬਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦਾ ਹੈ। ਆਸ ਹੈ ਇਹ ਸਿਲਸਿਲਾ ਅੱਗੇ ਤੋਂ ਵੀ ਜਾਰੀ ਰਹੇਗਾ।

ਜਗਦੀਸ਼ ਕੌਰ ਮਾਨ, ਈ-ਮੇਲ


ਸ਼ਲਾਘਾਯੋਗ ਉਪਰਾਲਾ

ਐਤਵਾਰ, 6 ਨਵੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿੱਚ ਮਿੰਨੀ ਕਹਾਣੀਆਂ ਛਾਪਣਾ ਸ਼ਲਾਘਾਯੋਗ ਉਪਰਾਲਾ ਹੈ। ਹਰਪਾਲ ਸਿੰਘ ਪੰਨੂ ਦੀ ਲਿਖਤ ‘ਮੋ ਯਾਂ ਦੀ ਤਕਰੀਰ’ ਬਹੁਤ ਦਿਲਚਸਪ ਸੀ। ਨੋਬੇਲ ਪੁਰਸਕਾਰ ਜੇਤੂ ਬੰਦੇ ਦੀ ਤਕਰੀਰ ਲਾਜਵਾਬ ਕਹਾਣੀ ਦੇ ਰੂਪ ਵਿੱਚ ਪੜ੍ਹਨ ਨੂੰ ਮਿਲੀ।  ਪੜ੍ਹ ਕੇ ਅੱਗੇ ਜਾਣਨ ਦੀ ਜਿਗਿਆਸਾ ਪੈਦਾ ਹੋ ਗਈ। ਗ਼ਰੀਬ ਪਰਿਵਾਰ ਦੇ ਬੱਚੇ ਦਾ ਇਸ ਮੁਕਾਮ ਤੱਕ ਪਹੁੰਚਣਾ ਪ੍ਰੇਰਨਾਦਾਇਕ ਹੈ। ਪੁਰਸਕਾਰ ਮਿਲਣ ਸਮੇਂ ਲੇਖਕ ਦੀ ਮਾਂ ਦਾ ਨਾ ਹੋਣਾ ਭਾਵੁਕ ਕਰ ਗਿਆ।

ਮਨਦੀਪ ਕੌਰ, ਲੁਧਿਆਣਾ

ਪਾਠਕਾਂ ਦੇ ਖ਼ਤ Other

Nov 19, 2022

ਪੰਜਾਬ ਦਾ ਦੌਲਤ ਦਾ ਦਰਿਆ

18 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਰਾਜੇਸ਼ ਰਾਮਚੰਦਰਨ ਦਾ ਲੇਖ ‘ਪੰਜਾਬ ਤੋਂ ਵਿਦੇਸ਼ ਵਹਿ ਰਿਹਾ ਦੌਲਤ ਦਾ ਦਰਿਆ’ ਪੜ੍ਹਿਆ। ਪੰਜਾਬ ਅੱਜ ਚੁਫੇਰਿਓਂ ਸੰਕਟਾਂ ਵਿਚ ਘਿਰਿਆ ਹੋਇਆ ਹੈ। ਕੋਈ ਵੇਲਾ ਸੀ ਜਦੋਂ ਪੰਜਾਬੀ ਵਿਦੇਸ਼ ਦੀ ਕਮਾਈ ਪਿਛਾਂਹ ਭੇਜਦੇ ਸਨ। ਹੁਣ ਉਲਟ ਹੋ ਗਿਆ ਹੈ। ਅਜੇ ਤਾਂ ਪੰਜਾਬ ਨੂੰ ਵਿਦੇਸ਼ ਤੋਂ ਆ ਰਹੀ ਕਮਾਈ ਪੰਜਾਬ ਤੋਂ ਬਾਹਰ ਜਾ ਰਹੀ ਕਮਾਈ ਤੋਂ ਵੱਧ ਹੈ ਜਿਸ ਦਿਨ ਇਹ ਤੱਥ ਵੀ ਉਲਟੇ ਹੋ ਗਏ, ਫਿਰ ਪੰਜਾਬ ਦਾ ਕੀ ਬਣੇਗਾ, ਸੰਜੀਦਗੀ ਨਾਲ ਸੋਚਣ ਵਾਲੀ ਗੱਲ ਹੈ। ਪੰਜਾਬ ਦੇ ਬੁੱਧੀਜੀਵੀਆਂ ਨੂੰ ਇਸ ਮਸਲੇ ਦੇ ਹੱਲ ਲਈ ਕਮਾਨ ਸੰਭਾਲਣੀ ਚਾਹੀਦੀ ਹੈ।
ਜਸਵੰਤ ਸਿੰਘ, ਦਿੱਲੀ


ਆਤਮ-ਸੰਜਮ

17 ਨਵੰਬਰ ਦਾ ਸੰਪਾਦਕੀ ‘ਆਤਮ-ਸੰਜਮ ਦੀ ਲੋੜ’ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਦੇ ਜਵਾਬ ਵਿਚ ਸਾਡੇ ਗੈਰ-ਜ਼ਿੰਮੇਵਾਰ ਨੇਤਾਵਾਂ ਅਤੇ ਮੰਤਰੀਆਂ ਦੁਆਰਾ ਭੜਕਾਊ, ਫੁੱਟਪਾਊ ਅਤੇ ਹਿੰਸਾ ਫੈਲਾਉਣ ਵਾਲੇ ਭਾਸ਼ਣਾਂ ’ਤੇ ਸਖਤੀ ਨਾਲ ਕੰਟਰੋਲ ਕਰਨ ਦਾ ਸੁਝਾਅ ਦੇਣ ਵਾਲਾ ਸੀ। ਇਸ ਬਾਰੇ ਪਾਰਲੀਮੈਂਟ ਵਿਚ ਕਾਨੂੰਨ ਪਾਸ ਕਰਨ ਦੀ ਲੋੜ ਨੂੰ ਵੀ ਮੁੱਖ ਰੱਖਿਆ ਗਿਆ ਹੈ। ਅਲੱਗ ਅਲੱਗ ਸਿਆਸੀ ਦਲਾਂ ਨੂੰ ਆਪੋ-ਆਪਣੇ ਪੱਧਰ ’ਤੇ ਆਪਣੇ ਮੈਂਬਰਾਂ ਨੂੰ ਆਤਮ-ਸੰਜਮ ਵਾਸਤੇ ਦਬਾਓ ਪਾਉਣ ਦੀ ਗੱਲ ਵੀ ਕਹੀ ਗਈ ਹੈ। ਜੇ ਕੋਈ ਮੰਤਰੀ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਗੈਰ-ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਜਾਂ ਤਾਂ ਉਸ ਨੂੰ ਨੈਤਿਕਤਾ ਦੇ ਆਧਾਰ ’ਤੇ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ ਮੁੱਖ ਮੰਤਰੀ ਅਤੇ ਜੇ ਕੇਂਦਰੀ ਹੋਵੇ ਤਾਂ ਪ੍ਰਧਾਨ ਮੰਤਰੀ ਨੂੰ ਉਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਪ੍ਰੋ. ਸ਼ਾਮ ਲਾਲ, ਰੋਹਤਕ (ਹਰਿਆਣਾ)


ਹਥਿਆਰ ਤੇ ਸਰਕਾਰ

ਇਹ ਗੱਲ ਮੰਨਣ ਵਿਚ ਕੋਈ ਹਰਜ ਨਹੀਂ ਕਿ ਗਾਣਿਆਂ ਵਿਚ ਹਥਿਆਰਾਂ ਬਾਰੇ ਉਤੇਜਿਤ ਕੀਤਾ ਜਾਂਦਾ ਰਿਹਾ ਹੈ। (ਸੰਪਾਦਕੀ ‘ਹਥਿਆਰਾਂ ਬਾਰੇ ਨੋਟੀਫਿਕੇਸ਼ਨ’, 14 ਨਵੰਬਰ) ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੀੜ੍ਹੀ ਅਜਿਹੇ ਗਾਣਿਆਂ ਦਾ ਪ੍ਰਭਾਵ ਕਬੂਲਦੀ ਹੈ। ਜੋ ਕੁਝ ਉਹ ਦੇਖਦੇ ਨੇ, ਉਹੀ ਆਪਣੀ ਜ਼ਿੰਦਗੀ ਵਿਚ ਕਰਨ ਦੇ ਯਤਨ ਕਰਦੇ ਹਨ। ਉਂਝ ਵੀ ਹਥਿਆਰ ਸੱਭਿਆਚਾਰ ਇਕ ਦਿਨ ਜਾਂ ਥੋੜ੍ਹੇ ਸਮੇਂ ਵਿਚ ਨਹੀਂ ਫੈਲਿਆ। ਪੁਰਾਣੀਆਂ ਪੰਜਾਬੀ ਫਿਲਮਾਂ ਕੱਢ ਕੇ ਦੇਖ ਲਵੋ ਜਿਨ੍ਹਾਂ ਵਿਚ ਸ਼ਰੇਆਮ ਫਾਇਰ ਹੁੰਦੇ ਸਨ ਤੇ ਕਤਲ ਵੀ ਹੁੰਦੇ ਸਨ। ਉਸ ਵੇਲੇ ਨੌਜਵਾਨ ਉਹ ਫਿਲਮਾਂ ਜ਼ਰੂਰ ਦੇਖਦੇ ਸੀ ਪਰ ਪ੍ਰਭਾਵ ਕਬੂਲਦੇ ਨਹੀਂ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਸ਼ਾਇਦ ਸੋਸ਼ਲ ਮੀਡੀਆ ਤੋਂ ਬਾਅਦ ਅਜਿਹਾ ਹੋਇਆ ਹੈ। ਇਕ ਗੱਲ ਹੋਰ, ਪਿਛਲੇ ਸਮੇਂ ਦੌਰਾਨ ਹਥਿਆਰਾਂ ਦੇ ਲਾਇਸੈਂਸ ਵੀ ਧੜੱਲੇ ਨਾਲ ਬਣਦੇ ਰਹੇ ਹਨ। ਬਹੁਤਿਆਂ ਨੇ ਸ਼ੌਕ ਵਜੋਂ ਹਥਿਆਰ ਰੱਖੇ ਹੋਏ ਨੇ ਜੋ ਵਿਆਹਾਂ ਅਤੇ ਖੁਸ਼ੀ ਦੇ ਹੋਰ ਸਮਾਗਮਾਂ ਵਿਚ ਚਲਾ ਵੀ ਦਿੱਤੇ ਜਾਂਦੇ ਹਨ। ਅੱਜ ਨੌਜਵਾਨ ਪੀੜ੍ਹੀ ਦੇਖਾ-ਦੇਖੀ ਇਕ ਦੂਜੇ ਵਰਗਾ ਹੋਣ ਲਈ ਤਰਲੋਮੱਛੀ ਹੋ ਰਹੀ ਹੈ ਜਿਸ ਦਾ ਨਤੀਜਾ ਅਪਰਾਧਿਕ ਮਾਮਲਿਆਂ ਵਿਚ ਵਾਧਾ ਹੈ। ਜੇਕਰ ਹੁਣ ਵੀ ਮੌਕਾ ਨਾ ਸਾਂਭਿਆ ਗਿਆ ਤਾਂ ਪੰਜਾਬ ਹੋਰ ਬਰਬਾਦੀ ਵੱਲ ਜਾਵੇਗਾ।
ਨਰਿੰਦਰ ਸਿੰਘ ਮਾਹੋਰਾਣਾ, ਈਮੇਲ


ਬੀਬੀ ਹਮੀਦਾ ਦਾ ਪੁੱਤ

12 ਨਵੰਬਰ ਦੇ ਸਤਰੰਗ ਪੰਨੇ ’ਤੇ ਮਾਨਸਾ ਦਾ ਨਾਂ ਪੜ੍ਹਦਿਆਂ ਨਿਗਾਹ ਸਿਰਲੇਖ ‘ਤੇਰੀ ਮਾਂ ਹਾਲੇ ਜਿਊਂਦੀ ਏ!’ ਉਪਰ ਗਈ ਤੇ ਸਰਪਟ ਸਾਰੀ ਦਾਸਤਾਨ ਪੜ੍ਹ ਦਿੱਤੀ। ਵੰਡ ਦੇ ਦੁਖੜੇ ਟੁਕੜਾ-ਟੁਕੜਾ ਕਰਕੇ ਅਜੇ ਵੀ ਸਾਹਮਣੇ ਆ ਰਹੇ ਹਨ। ਅਜਿਹੀਆਂ ਕਹਾਣੀਆਂ ਪੜ੍ਹ-ਸੁਣ ਕੇ ਹੀ ਦਿਲ ਵਲੂੰਧਰੇ ਜਾਂਦੇ ਨੇ; ਉਨ੍ਹਾਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਇਹ ਹਕੀਕਤ ਹੱਡੀਂ ਹੰਢਾਈ ਹੋਵੇਗੀ। ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਨੈਣ ਆਪਣੇ ਜਿਗਰ ਦੇ ਟੋਟਿਆਂ ਨੂੰ ਅਜੇ ਵੀ ਟੋਲ੍ਹ ਰਹੇ ਹੋਣਗੇ। ਸਾਡੇ ਨੇੜਲੇ ਪਿੰਡਾਂ ਦੇ ਨਾਂ ਪੜ੍ਹ ਕੇ ਲੱਗਿਆ ਕਿ ਖਬਰੇ ਬੀਬੀ ਹਮੀਦਾ ਦਾ ਪੁੱਤ ਇੱਥੇ ਹੀ ਕਿਤੇ ਨੇੜੇ-ਤੇੜੇ ਬੈਠਾ ਹੋਵੇ।
ਸੰਦੀਪ ਢੰਡ, ਮਾਨਸਾ

(2)

12 ਨਵੰਬਰ ਦੇ ਅੰਕ ਵਿਚ ਸਾਂਵਲ ਧਾਮੀ ਦਾ ਲੇਖ ‘ਤੇਰੀ ਮਾਂ ਹਾਲੇ ਜਿਊਂਦੀ ਏ’ ਵੰਡ ਦੇ ਦੁਖੜਿਆਂ ਦੀ ਬਾਤ ਪਾ ਗਿਆ। ਵੰਡ ਵੇਲੇ ਧਰਤੀ ਨਹੀਂ ਵੰਡੀ ਗਈ, ਆਂਦਰਾਂ ਵੰਡੀਆਂ ਗਈਆਂ ਸਨ। ਵੰਡ ਦੇ ਨਾਂ ’ਤੇ ਫਿਰਕਾਪ੍ਰਸਤੀ ਦੀ ਅਜਿਹੀ ਅੱਗ ਲਗਾਈ ਗਈ ਕਿ ਭਰਾ, ਭਰਾ ਦੇ ਦੁਸ਼ਮਣ ਹੋ ਗਏ ਤੇ ਹੈਵਾਨੀਅਤ ਦਾ ਨੰਗਾ ਨਾਚ ਹੋਇਆ। ਪਰਿਵਾਰਾਂ ਦੇ ਪਰਿਵਾਰ ਵਿਛੜ ਗਏ। ਸੋਸ਼ਲ ਮੀਡੀਆ ਦੇ ਪ੍ਰਸਾਰ ਅਤੇ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਅੱਜ ਦਹਾਕਿਆਂ ਬਾਅਦ ਅਜਿਹੇ ਪਰਿਵਾਰਾਂ ਨੂੰ ਮੇਲ-ਮਿਲਾਪ ਦਾ ਮੌਕਾ ਮਿਲ ਰਿਹਾ ਹੈ। ਇਨ੍ਹਾਂ ਦੀ ਤ੍ਰਾਸਦੀ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਕੁਲਵਿੰਦਰ ਸਿੰਘ ਦੂਹੇਵਾਲਾ, ਸ੍ਰੀ ਮੁਕਤਸਰ ਸਾਹਿਬ

ਪਾਠਕਾਂ ਦੇ ਖ਼ਤ Other

Nov 18, 2022

ਖ਼ਬਰ ਦਾ ਅਸਰ ਬਨਾਮ ਪਿੰਡ ਵਾਸੀ

15 ਨਵੰਬਰ ਦੇ ਪਟਿਆਲਾ-ਸੰਗਰੂਰ ਭਾਗ ਵਿਚ ਪਿੰਡ ਘਨੌਰੀ ਦੀ ਬਜ਼ੁਰਗ ਔਰਤ ਦੇ ਹਾਲਾਤ ਬਾਰੇ ਖ਼ਬਰ ਦੇ ਅਸਰ ਬਾਬਤ ਸਰਕਾਰੀ ਤੰਤਰ ਦੇ ਹਿੱਲਣ ਸਬੰਧੀ ਪੜ੍ਹ ਕੇ ਮਹਿਸੂਸ ਹੋਇਆ ਕਿ ਸਰਕਾਰੀ ਤੰਤਰ ’ਤੇ ਤਾਂ ਅਸਰ ਹੋਇਆ ਪਰ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਅਜਿਹੇ ਹਾਲਾਤ ਵਿਚ ਰਹਿ ਰਹੀ ਔਰਤ ਬਾਰੇ ਕੁਝ ਕਿਉਂ ਨਹੀਂ ਕੀਤਾ? ਕਿਸੇ ਪਿੰਡ ਨੂੰ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਕੋਈ ਵੱਡੀ ਜਾਂ ਔਖੀ ਗੱਲ ਨਹੀਂ; ਸ਼ਾਇਦ ਅਸੀਂ ਆਲੇ-ਦੁਆਲੇ ਦੇ ਹਾਲਾਤ ਤੋਂ ਘੇਸਲ ਮਾਰ ਲੈਂਦੇ ਹਾਂ, ਜਾਂ ਕਹਿ ਲਵੋ ਪਾਸਾ ਵੱਟ ਲੈਂਦੇ ਹਾਂ।
ਇੰਜ. ਹਰਭਜਨ ਸਿੰਘ ਸਿੱਧੂ, ਮਾਈਸਰ ਖਾਨਾ (ਬਠਿੰਡਾ)


ਆਉਣ ਵਾਲੇ ਸਾਲ

17 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਟੀਐੱਨ ਨੈਨਾਨ ਦਾ ਲੇਖ ‘ਵਾਤਾਵਰਨ ਸੰਕਟ’ ਪੜ੍ਹਿਆ। ਵਾਕਿਆ ਹੀ ਵਾਤਾਵਰਨ ਦਾ ਸੰਕਟ ਜਿੰਨਾ ਵੱਡਾ ਹੈ, ਸਬੰਧਿਤ ਧਿਰਾਂ ਓਨੀਆਂ ਸੰਜੀਦਾ ਨਹੀਂ ਜਾਪ ਰਹੀਆਂ। ਸ਼ਾਇਦ ਆਉਣ ਵਾਲੇ ਵਰ੍ਹੇ ਮਨੁੱਖਤਾ ਲਈ ਹੋਰ ਵੀ ਮੁਸੀਬਤਾਂ ਭਰੇ ਹੋਣਗੇ। ਇਸ ਕਰ ਕੇ ਇਸ ਬਾਰੇ ਜਾਗਰੂਕਤਾ ਅਤੇ ਲਾਮਬੰਦੀ ਸਭ ਦੀ ਤਰਜੀਹ ਹੋਣੀ ਚਾਹੀਦੀ ਹੈ।
ਕਰਮਵੀਰ ਸਿੰਘ, ਜਲੰਧਰ


ਆਸ ਦੀ ਕਿਰਨ

ਗੁਰਮੀਤ ਧਾਲੀਵਾਲ ਦੇ ਮਿਡਲ (14 ਨਵੰਬਰ) ‘ਜ਼ਿੰਦਗੀ ਦਾ ਸਫ਼ਰ’ ਵਿਚ ਆਜ਼ਾਦ ਭਾਰਤ ਦੇ 75 ਸਾਲ ਇਕ ਸੂਤਰ ਵਿਚ ਪਰੋ ਕੇ ਪੇਸ਼ ਕੀਤੇ ਗਏ। ਭਾਰਤ ਦੀ ਸਿਆਸੀ ਤ੍ਰਾਸਦੀ ਇਹੋ ਰਹੀ ਕਿ ਅਸੀਂ ਉਸ ਨੂੰ ਹੀ ਚੁਣਨ ’ਤੇ ਜ਼ੋਰ ਦਿੱਤਾ ਜੋ ਸਾਡਾ ਕੁਝ ਨਿੱਜੀ ਸਵਾਰ ਦੇਵੇ; ਦੇਸ਼ ਦਾ ਨਫ਼ਾ ਨੁਕਸਾਨ ਅਸੀਂ ਕਦੇ ਵਿਚਾਰਿਆ ਹੀ ਨਹੀਂ। ਨਤੀਜਾ ਇਹ ਨਿਕਲਿਆ ਕਿ ਗ਼ਰੀਬ ਬੰਦਾ ਆਪਣੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਸਕਣ ਕਾਰਨ ਇਨ੍ਹਾਂ ਦਾ ਵੋਟ ਬੈਂਕ ਬਣ ਕੇ ਰਹਿ ਗਿਆ। ਅੱਜ ਜਦੋਂ ਸਿਆਸੀ ਪਾਰਟੀਆਂ ਆਪਣੀ ਸਿਆਸਤ ਚਮਕਾਉਣ ਲਈ ਨਿੱਤ ਨਵੇਂ ਨਾਇਕ ਲੱਭਣ ’ਚ ਲੱਗੀਆਂ ਨੇ, ਉਸ ਵਿਚ ਕਿਸੇ ਦਾ ਆਪਣੇ ਅੰਦਰ ਥੋੜ੍ਹਾ ਜਿਹਾ ਨਹਿਰੂ ਜ਼ਿੰਦਾ ਰੱਖਣ ਦੀ ਇੱਛਾ ਆਸ ਦੀ ਕਿਰਨ ਜਗਾਉਂਦਾ ਹੈ।
ਵਿਕਾਸ ਕਪਿਲਾ, ਖੰਨਾ


ਸਵਾਲੀਆ ਚਿੰਨ੍ਹ

12 ਨਵੰਬਰ ਨੂੰ ਸੰਪਾਦਕੀ ‘ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ’ ਅਤੇ ਕਰਮ ਬਰਸਟ ਦਾ ਲੇਖ ‘ਨੌਜਵਾਨ ਪੀੜ੍ਹੀ ਦੀ ਦਸ਼ਾ ਤੇ ਦਿਸ਼ਾ’ ਇਕ ਦੂਜੇ ਦੇ ਇਰਦ-ਗਿਰਦ ਘੁੰਮਦੇ ਹਨ। ਭਾਰੀ ਬਹੁਮਤ ਨਾਲ ਬਣੀ ‘ਆਪ’ ਸਰਕਾਰ ਸਵਾਲਾਂ ਦੇ ਘੇਰੇ ’ਚ ਹੈ। ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਹਿੰਸਕ ਘਟਨਾਵਾਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾ ਰਹੀਆਂ ਹਨ।
ਮਨਮੋਹਨ ਸਿੰਘ, ਨਾਭਾ


ਕਾਰਵਾਈ ਦੀ ਲੋੜ

12 ਨਵੰਬਰ ਦਾ ਸੰਪਾਦਕੀ ‘ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ’ ਪੜ੍ਹਿਆ। ਇਸ ਵੇਲੇ ਪੰਜਾਬ ਵਿਚ ਗੈਂਗਸਟਰਾਂ ਦਾ ਪ੍ਰਭਾਵ ਵਧਣ ਨਾਲ ਅਤੇ ਪਿੱਛੇ ਜਿਹੇ ਹੋਏ ਕਤਲਾਂ ਤੋਂ ਬਾਅਦ 1982 ਵਾਲੇ ਦਹਿਸ਼ਤੀ ਦਿਨਾਂ ਦੀ ਆਹਟ ਸੁਣਾਈ ਦੇਣ ਲੱਗੀ ਹੈ। ਸਿਆਣੇ ਅਤੇ ਸੂਝਵਾਨ ਲੋਕ ਸਮਝਦੇ ਹਨ ਕਿ ਪੰਜਾਬ ਦੀ ਸ਼ਾਂਤ ਫ਼ਿਜ਼ਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿਚ ਦੋਵਾਂ ਫ਼ਿਰਕਿਆਂ ਦੇ ਨੇਤਾਵਾਂ ਨੂੰ ਵੀ ਜ਼ਬਤ ’ਚ ਰਹਿਣਾ ਚਾਹੀਦਾ ਹੈ। ਅਜਿਹੀ ਕੋਈ ਕਾਰਵਾਈ ਨਾ ਹੋਵੇ ਜਾਂ ਬਿਆਨ ਨਾ ਦਿੱਤਾ ਜਾਵੇ ਜੋ ਬਲ਼ਦੀ ’ਤੇ ਤੇਲ ਪਾਉਣ ਦਾ ਕੰਮ ਕਰਦਾ ਹੋਵੇ। ਪੰਜਾਬ ਨੇ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਲਿਆ ਹੈ, ਹੋਰ ਨੁਕਸਾਨ ਨਹੀਂ ਹੋਣ ਦੇਣਾ ਚਾਹੀਦਾ।
ਪਰਮਜੀਤ ਸਿੰਘ ਪਰਵਾਨਾ, ਪਟਿਆਲਾ


ਭਾਈਚਾਰਕ ਏਕਤਾ

7 ਨਵੰਬਰ ਦੀ ਸੰਪਾਦਕੀ ‘ਭਾਈਚਾਰਕ ਏਕਤਾ’ ਵਿਚ ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕੁਝ ਧਾਰਮਿਕ ਕੱਟੜਵਾਦੀ ਜਥੇਬੰਦੀਆਂ ਅਤੇ ਫ਼ਿਰਕੂ ਅਨਸਰ ਪੰਜਾਬ ਵਿਚ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਹਨ। ਸੁਧੀਰ ਸੂਰੀ ਦੀ ਦੂਜੇ ਧਰਮਾਂ ਖ਼ਿਲਾਫ਼ ਜ਼ਹਿਰੀਲੀ ਬਿਆਨਬਾਜ਼ੀ ਨੇ ਜਿੱਥੇ ਪੰਜਾਬ ਵਿਚ ਫ਼ਿਰਕੂ ਨਫ਼ਰਤ ਨੂੰ ਲਗਾਤਾਰ ਹਵਾ ਦਿੱਤੀ ਹੈ ਅਤੇ ਜਿਸ ਦਾ ਖਮਿਆਜ਼ਾ ਉਸ ਨੂੰ ਖ਼ੁਦ ਭੁਗਤਣਾ ਪਿਆ ਹੈ, ਉੱਥੇ ਪਿਛਲੇ ਕੁਝ ਸਮੇਂ ਤੋਂ ਇਕ ਧਰਮ ਪ੍ਰਚਾਰਕ ਦੇ ਭੜਕਾਊ ਬਿਆਨ ਭਾਈਚਾਰਕ ਏਕਤਾ ਅਤੇ ਨੌਜਵਾਨਾਂ ਦੇ ਭਵਿੱਖ ਲਈ ਵੱਡਾ ਖ਼ਤਰਾ ਪੈਦਾ ਕਰ ਰਹੇ ਹਨ। ਦਰਅਸਲ ਭਾਜਪਾ-ਸੰਘ ਵਰਗੀਆਂ ਫ਼ਿਰਕੂ ਤਾਕਤਾਂ ਗੁਜਰਾਤ ਅਤੇ ਯੂਪੀ ਦੇ ਫ਼ਿਰਕੂ ਮਾਡਲ ਵਾਂਗ ਪੰਜਾਬ ਵਿਚ ਵੀ ਫ਼ਿਰਕੂ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਆਪਣੀ ਫ਼ਿਰਕੂ ਸਿਆਸਤ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਹਨ।
ਸੁਮੀਤ ਸਿੰਘ, ਅੰਮ੍ਰਿਤਸਰ


ਸਬਰ ਦੀ ਵਡਿਆਈ

ਪ੍ਰਿੰਸੀਪਲ ਵਿਜੈ ਕੁਮਾਰ ਦੀ ਰਚਨਾ ‘ਸਬਰ’ (3 ਨਵੰਬਰ) ਵਿਚ ਸਿੱਧੇ ਸਾਦੇ ਪਰਿਵਾਰ ਵਿਚ ਤਰੇੜ ਨਾ ਪਾਉਣ ਵਾਲੇ ਭਰਾਵਾਂ ਅਤੇ ਵੱਡਿਆਂ ਦਾ ਸਤਿਕਾਰ ਕਰ ਕੇ ਗੱਲ ਮੰਨਣ ਵਾਲੇ, ਪੈਸਿਆਂ ਦਾ ਮੋਹ ਨਾ ਕਰਨ ਵਾਲੇ ਅਤੇ ਸਬਰ ਸੰਤੋਖ ਦੀ ਜ਼ਿੰਦਗੀ ਜਿਊਣ ਵਾਲੇ ਸ਼ਖ਼ਸ ਦੀ ਵਡਿਆਈ ਕੀਤੀ ਹੈ। ਅੰਤ ਵਿਚ ਬੱਚਿਆਂ ਨੂੰ ਮਿਲੀਆਂ ਚੰਗੀਆਂ ਨੌਕਰੀਆਂ ਦੌਲੇ ਦ ਸਬਰ ਦਾ ਫ਼ਲ ਹੀ ਹੈ। ਪੜ੍ਹੇ ਲਿਖੇ, ਅਮੀਰ ਭਰਾ ਹੋਣ ਦੇ ਬਾਵਜੂਦ ਘਰੋਂ ਖਰਚਾ ਲੈਂਦੇ ਹਨ ਅਤੇ ਜਾਇਦਾਦ ਉੱਪਰ ਅੱਖ ਰੱਖਦੇ ਹਨ ਪਰ ਸਬਰ ਨਾ ਆਇਆ। ਦੂਜੇ ਪਾਸੇ ਅਨਪੜ੍ਹ, ਖੇਤੀ ਕਰਨ ਵਾਲਾ ਸ਼ਖ਼ਸ ਜਿਸ ਨੂੰ ਪਰਿਵਾਰ ਤੋਂ ਉੱਪਰ ਕੁਝ ਵੀ ਵੱਡਾ ਨਹੀਂ ਲੱਗਦਾ।
ਨਵਜੀਤ ਕੌਰ, ਮਾਲੇਰਕੋਟਲਾ


ਵੱਡੀ ਪ੍ਰਾਪਤੀ

ਬੇਸਹਾਰਾ ਪਸ਼ੂਆਂ, ਚਾਈਨਾ ਡੋਰ ਅਤੇ ਨਸ਼ਾ ਕਰ ਕੇ ਵਾਹਨ ਚਲਾਉਣ ਨਾਲ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ। ਥੋੜ੍ਹੇ ਦਿਨ ਪਹਿਲਾਂ ਚਾਈਨਾ ਡੋਰ ਨਾਲ ਹੋਈ ਬੱਚੇ ਦੀ ਮੌਤ ਨਾਲ ਹਿਰਦੇ ਵਲੂੰਧਰੇ ਗਏ। ਜੇਕਰ ਸਰਕਾਰ ਇਨ੍ਹਾਂ ਤਿੰਨਾਂ ਅਲਾਮਤਾਂ ’ਤੇ ਪੂਰਨ ਰੂਪ ਵਿਚ ਕਾਬੂ ਪਾ ਲੈਂਦੀ ਹੈ ਤਾਂ ਇਹ ਸ਼ਾਇਦ ਸਾਡੇ ਸਮਾਜ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇ।
ਕੰਵਰਦੀਪ ਸਿੰਘ ਭੱਲਾ, ਪਿੱਪਲਾਂਵਾਲਾ (ਹੁਸ਼ਿਆਰਪੁਰ)

ਡਾਕ ਐਤਵਾਰ ਦੀ Other

Nov 13, 2022

ਸਭ ਵਿਤਕਰੇ ਨਿਰਮੂਲ

ਐਤਵਾਰ, 6 ਨਵੰਬਰ ਦੇ ‘ਦਸਤਕ’ ਅੰਕ ਵਿੱਚ ਪ੍ਰੋਫੈਸਰ ਅਰਵਿੰਦ ਦਾ ਲੇਖ ‘ਮਨੁੱਖ ਦਾ ਆਪਣੇ ਜਿਹੇ ਹੋਰ ਜੀਵਾਂ ਨਾਲ ਰਿਸ਼ਤਾ’ ਪੜ੍ਹਿਆ। ਬਹੁਤ ਸਮੇਂ ਬਾਅਦ ‘ਪੰਜਾਬੀ ਟ੍ਰਿਬਿਊਨ’ ਵਿੱਚ ਅਜਿਹਾ ਲੇਖ ਪੜ੍ਹਨ ਨੂੰ ਮਿਲਿਆ ਹੈ। ਇਹ ਵਿਗਿਆਨੀ ਸਵਾਂਤੇ ਪਾਬੋ ਨੂੰ ਉਨ੍ਹਾਂ ਨੂੰ 2022 ਦੇ ਨੋਬੇਲ ਪੁਰਸਕਾਰ ਸਬੰਧੀ ਜਾਣਕਾਰੀ ਦੇਣ ਕਾਰਨ ਲਿਖਿਆ ਹੈ। ਕੁਝ ਸਮਾਂ ਪਹਿਲਾਂ ਜੀਵ ਵਿਗਿਆਨ ਜਾਂ ਮਾਨਵ ਦੇ ਵਿਕਾਸ ਦੇ ਸਬੰਧ ਵਿੱਚ ਡਾ. ਸੁਰਜੀਤ ਸਿੰਘ ਢਿੱਲੋਂ ਦੇ ਲੇਖ ਪੜ੍ਹਨ ਨੂੰ ਮਿਲਦੇ ਸਨ। ਉਮੀਦ ਹੈ ਕਿ ਦੁਬਾਰਾ ਅਜਿਹੇ ਲੇਖ ਪੜ੍ਹਨ ਨੂੰ ਮਿਲਦੇ ਰਹਿਣਗੇ।

ਮਾਨਵ ਦੇ ਹੁਣ ਤੱਕ ਦੇ ਵਿਕਾਸ ਨੂੰ ਦੇਖਦੇ ਹਾਂ ਤਾਂ ਇਸ ਦੇ ਰਾਹ ਵਿੱਚ ਕਈ ਅੜਿੱਕੇ ਨਜ਼ਰ ਪੈਂਦੇ ਨੇ ਜਿਵੇਂ ਧਾਰਮਿਕ ਕੱਟੜਤਾ, ਨਸਲੀ ਵਿਤਕਰੇ, ਜਾਤੀ ਪਰੰਪਰਾ ਆਦਿ ਪਰ ਵਿਗਿਆਨ ਅਜਿਹੇ ਰਸਤਿਆਂ ਨੂੰ ਪਾਰ ਕਰਨ ਲਈ ਨਿੱਤ ਨਵੇਂ ਰਸਤੇ ਖੋਜ ਕੇ ਖੋਖਲੀਆਂ ਕੰਧਾਂ ਨੂੰ ਢੇਗ ਰਿਹਾ ਹੈ। ਇਹ ਵੀ ਸਿੱਧ ਹੋ ਰਿਹਾ ਹੈ ਕਿ ਅਸੀਂ ਸਾਰੇ ਮਾਨਵ ਹਾਂ ਤੇ ਸਾਡੀ ਜੜ੍ਹ ਅਫਰੀਕਾ ਵਿੱਚ ਸਾਂਝੀ ਮਾਂ ਦੇ ਰੂਪ ਵਿੱਚ ਸੀ।

ਹਰਚੰਦ ਭਿੰਡਰ, ਧਰਮਕੋਟ (ਮੋਗਾ)


ਸੰਘਰਸ਼ ਦਾ ਹੋਕਾ

ਤੀਹ ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਸਵਰਾਜਬੀਰ ਦਾ ਲੇਖ ‘ਸੰਘਰਸ਼ ਦੇ ਗੀਤਾਂ ਦਾ ਨਾਦ’ 1965 ਵਿਚ ਹਰਿੰਦਰ ਸਿੰਘ ਮਹਿਬੂਬ ਦੀ ਲਿਖੀ ਗਈ ਕਵਿਤਾ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਵਿਗੜੇ ਹਾਲਾਤ, ਕਿਸਾਨਾਂ ਦੇ ਸ਼ੋਸ਼ਣ ਅਤੇ ਸਮਾਜਿਕ ਵਿਤਕਰੇ ਦਾ ਵਰਣਨ ਕਰਨ ਵਾਲਾ ਸੀ। ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਇਹ ਲਿਖਿਆ ਸੀ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦਾ ਖ਼ੂਨ ਚੂਸਣ ਦਾ ਕੰਮ ਬੰਦ ਨਹੀਂ ਹੁੰਦਾ। ਅਫ਼ਸੋਸ ਦੀ ਗੱਲ ਇਹ ਹੈ ਕਿ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ, ਪਰ ਕਿਸਾਨਾਂ ਅਤੇ ਹੋਰ ਕਿਰਤੀ ਜਮਾਤਾਂ ਖਿਲਾਫ਼ ਭੇਦਭਾਵ, ਲੁੱਟ-ਖਸੁੱਟ ਅਤੇ ਵਿਤਕਰਾ ਅਜੇ ਵੀ ਖ਼ਤਮ ਨਹੀਂ ਹੋਇਆ। ਦੇਸ਼ ਦੇ ਕਈ ਹੋਰ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਕਈ ਅੰਦੋਲਨ ਹੋਏ, ਲਹਿਰਾਂ ਚੱਲੀਆਂ, ਪਾਰਟੀਆਂ ਬਣੀਆਂ। ਇਨ੍ਹਾਂ ਸਭ ਦਾ ਮੰਤਵ ਆਜ਼ਾਦੀ ਹਾਸਿਲ ਕਰਨਾ ਅਤੇ ਕਿਸਾਨਾਂ, ਕਿਰਤੀਆਂ ਅਤੇ ਗ਼ਰੀਬ ਲੋਕਾਂ ਨਾਲ ਹੁੰਦੇ ਵਿਤਕਰੇ ਨੂੰ ਖ਼ਤਮ ਕਰਨਾ ਸੀ, ਪਰ ਆਜ਼ਾਦੀ ਦੇ ਬਾਵਜੂਦ ਇਹ ਸਭ ਕੁਝ ਅੰਗਰੇਜ਼ ਸਰਕਾਰ ਦੀ ਤਰ੍ਹਾਂ ਅੱਜ ਵੀ ਜਾਰੀ ਹੈ। ਇਸ ਲਈ ਸੰਘਰਸ਼ ਹੀ ਇਕੋ ਇਕ ਰਾਹ ਹੈ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)

ਪਾਠਕਾਂ ਦੇ ਖ਼ਤ Other

Nov 12, 2022

ਹਾਨੀਕਾਰਕ ਬੀਜ

28 ਅਕਤੂਬਰ ਦੀ ਸੰਪਾਦਕੀ ‘ਸਰ੍ਹੋਂ ਦੀ ਖੇਤੀ’ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੋਂ ਖੇਤੀ ਮਾਹਿਰਾਂ ਦੀ ਰਾਏ ਦੇ ਉਲਟ ਸਰ੍ਹੋਂ ਦੇ ਜੈਨਟੀਕਲੀ ਮੋਡੀਫਾਈਡ (ਜੀਐੱਨ) ਬੀਜ ਨੂੰ ਵਪਾਰਕ ਮਕਸਦ ਲਈ ਵਰਤਣ ਦੀ ਮਨਜ਼ੂਰੀ ਦੇਣਾ ਬਹੁਕੌਮੀ ਕੰਪਨੀਆਂ ਨੂੰ ਲਾਭ ਦੇਣ ਅਤੇ ਉਨ੍ਹਾਂ ਦੀ ਇਜਾਰੇਦਾਰੀ ਕਾਇਮ ਕਰਨ ਵਾਲਾ ਫ਼ੈਸਲਾ ਹੈ। ਖੇਤੀ ਮਾਹਿਰਾਂ ਵੱਲੋਂ ਅਜਿਹੇ ਬੀਜ ਬਾਰੇ ਪ੍ਰਗਟਾਏ ਖ਼ਦਸ਼ਿਆਂ ਤੋਂ ਜ਼ਾਹਿਰ ਹੈ ਕਿ ਇਹ ਬੀਜ ਜਿੱਥੇ ਮਨੁੱਖੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ, ਉੱਥੇ ਖੇਤੀ ਨੂੰ ਰਸਾਇਣ ’ਤੇ ਨਿਰਭਰ ਵੀ ਬਣਾਏਗਾ, ਜਦੋਂਕਿ ਧਰਤੀ ਪਹਿਲਾਂ ਹੀ ਰਸਾਇਣਾਂ ਦੀ ਕਥਿਤ ਦੁਰਵਰਤੋਂ ਕਾਰਨ ਪਲੀਤ ਹੋ ਚੁੱਕੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਮੋਹ-ਮੁਹੱਬਤ ਅਤੇ ਰਿਸ਼ਤੇ

11 ਨਵੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ‘ਰਿਸ਼ਤਿਆਂ ਦੇ ਚਾਨਣ’ ਬਚਪਨ ਨਾਲ ਜੁੜੀਆਂ ਮੋਹ ਪਿਆਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਇਕ ਵਾਰ ਫਿਰ ਚੇਤੇ ਕਰਾ ਗਿਆ। ਅੱਜ ਜਦੋਂ ਅਸੀਂ ਦਿਖਾਵੇ ਭਰੀ ਜ਼ਿੰਦਗੀ ਜੀਅ ਰਹੇ ਹਾਂ ਅਤੇ ਮੋਹ ਮਾਇਆ ਤੇ ਧਨ ਦੌਲਤ ਲਈ ਆਪਣਿਆਂ ਦਾ ਹੀ ਖ਼ੂਨ ਵਹਾ ਰਹੇ ਹਾਂ ਤਾਂ ਰਿਸ਼ਤਿਆਂ ਦੀ ਨਿੱਘ ਖਤਮ ਹੋ ਰਹੀ ਹੈ। 10 ਨਵੰਬਰ ਨੂੰ ਜਵਾਂ ਤਰੰਗ ਪੰਨੇ ਉੱਤੇ ਰਸ਼ਪਿੰਦਰ ਜਿੰਮੀ ਦਾ ਲੇਖ ‘ਵਿਦਿਆਰਥੀ ਚੋਣਾਂ ਨੂੰ ਤਾਂਘਦੀਆਂ ਵਿੱਦਿਅਕ ਸੰਸਥਾਵਾਂ’ ਵਿਦਿਆਰਥੀ ਚੋਣਾਂ ਦੀ ਹਾਲਤ ਨੂੰ ਉਜਾਗਰ ਕਰਦਾ ਹੈ। ਵਿਦਿਆਰਥੀ ਚੋਣਾਂ ਦਾ ਵਿੱਦਿਅਕ ਢਾਂਚੇ ਵਿਚ ਸੁਧਾਰ, ਵਿਦਿਆਰਥੀਆਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਰੱਖਣ ਦਾ ਮੌਕਾ ਦੇਣ ਦੇ ਨਾਲ ਨਾਲ ਦੇਸ਼ ਨੂੰ ਕਾਬਿਲ ਲੀਡਰ ਦੇਣ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਚੋਣਾਂ ਨੇ ਦੇਸ਼ ਨੂੰ ਅਗਾਂਹਵਧੂ, ਸੂਝਵਾਨ ਅਤੇ ਪੜ੍ਹੇ ਲਿਖੇ ਲੀਡਰ ਦਿੱਤੇ ਹਨ। 5 ਨਵੰਬਰ ਨੂੰ ਇੰਟਰਨੈੱਟ ਪੰਨੇ ’ਤੇ ‘ਤਬਸਰਾ’ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੇਖ ‘ਬੱਚਿਆਂ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਕਿਵੇਂ ਬਚਾਈਏ?’ ਵਿਚ ਧਰਤੀ ਦੇ ਦਿਨੋ-ਦਿਨ ਵਧ ਰਹੇ ਤਾਪਮਾਨ ਅਤੇ ਉਸ ਦੇ ਧਰਤੀ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਚਰਚਾ ਹੈ। ਧਰਤੀ ਦੇ ਤਾਪਮਾਨ ਵਿਚ ਵਾਧਾ ਹੋਣ ਨਾਲ ਕੁਦਰਤੀ ਆਫ਼ਤਾਂ, ਛੂਤ ਦੀਆਂ ਬਿਮਾਰੀਆਂ ਵਿਚ ਵਾਧਾ ਅਤੇ ਫ਼ਸਲਾਂ ਦਾ ਝਾੜ ਘਟਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਸ ਦੀ ਸਭ ਤੋਂ ਜ਼ਿਆਦਾ ਮਾਰ ਬੱਚਿਆਂ ’ਤੇ ਪੈਂਦੀ ਹੈ ਕਿਉਂਕਿ ਬਚਪਨ ਵਿਚ ਹੀ ਭੋਜਨ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਅਤੇ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਕਰ ਕੇ ਉਨ੍ਹਾਂ ਨੂੰ ਤਮਾਮ ਉਮਰ ਰੋਗਾਂ ਅਤੇ ਸਰੀਰਕ ਵਿਗਾੜ ਸਹੇੜਨੇ ਪੈਂਦੇ ਹਨ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਅੰਕੜੇ ਅਤੇ ਸਰਕਾਰ

11 ਨਵੰਬਰ ਨੂੰ ਟੀਐੱਨ ਨੈਨਾਨ ਦਾ ਲੇਖ ‘ਡੇਟਾ ਨਿੱਜੀਕਰਨ ਦੇ ਰਾਹ ’ਤੇ’ ਪੜ੍ਹਿਆ। ਅੰਕੜੇ ਭਰੋਸੇ ਦਾ ਦੂਜਾ ਰੂਪ ਹੁੰਦੇ ਹਨ ਪਰ ਕੇਂਦਰ ਸਰਕਾਰ ਅੰਕੜੇ ਲੁਕੋ ਰਹੀ ਹੈ। ਜੇ ਅੰਕੜੇ ਹੀ ਨਸ਼ਰ ਨਹੀਂ ਕਰਨੇ ਤਾਂ ਸੁਧਾਰ ਦੀ ਸੰਭਾਵਨਾ ਕਿਵੇਂ ਬਣ ਸਕਦੀ ਹੈ?
ਬਲਵੰਤ ਸਿੰਘ ਰੀਹਲ, ਜਲੰਧਰ


ਮੀਡੀਆ ਦੀ ਆਜ਼ਾਦੀ

10 ਦਸੰਬਰ ਦਾ ਸੰਪਾਦਕੀ ‘ਸਿਆਸੀ ਪਾਰਟੀਆਂ ਅਤੇ ਮੀਡੀਆ’ ਪੜ੍ਹਿਆ। ਜਮਹੂਰੀਅਤ ਦੇ ਚੌਥੇ ਥੰਮ੍ਹ ਕਹੇ ਜਾਂਦੇ ਮੀਡੀਆ ਦੀ ਆਜ਼ਾਦੀ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਕੇਰਲ ਦੇ ਰਾਜਪਾਲ ਨੇ ਕੋਚੀ ਵਿਚ ਦੋ ਪੱਤਰਕਾਰਾਂ ਨੂੰ ਇਸ ਲਈ ਪ੍ਰੈੱਸ ਕਾਨਫਰੰਸ ’ਚੋਂ ਕੱਢ ਦਿੱਤਾ ਕਿਉਂਕਿ ਉਹ ਵਿਰੋਧੀ ਪਾਰਟੀਆਂ ਦੇ ਨਾਲ ਸਬੰਧਿਤ ਸਨ। ਸੰਵਿਧਾਨ ਮੁਤਾਬਿਕ ਸਭ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੈ। ਰਾਜਪਾਲ ਸੰਵਿਧਾਨਕ ਮੁਖੀ ਹਨ। ਸਾਰੇ ਧਰਮਾਂ, ਜਾਤੀਆਂ ਅਤੇ ਸਿਆਸੀ ਵਿਚਾਰਾਂ ਦੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ। ਵਿਰੋਧੀ ਦਲਾਂ ਦੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫ਼ਰੰਸ ਵਿਚੋਂ ਕੱਢ ਕੇ ਉਨ੍ਹਾਂ ਨੇ ਸਿਰਫ਼ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


ਹੁਨਰ ਦੀਆਂ ਗੱਲਾਂ

9 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਹਰਪ੍ਰੀਤ ਕੌਰ ਘੜੂੰਆਂ ਦਾ ਲੇਖ ‘ਹੁਨਰ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇਕ ਤਾਂ ਇਹ ਕਿ ਕਿਸੇ ਵਿਦਿਆਰਥੀ ਦੀ ਜ਼ਿੰਦਗੀ ਨੂੰ ਸੇਧ ਦੇ ਕੇ ਉਸ ਵਿਚ ਪੜ੍ਹਾਈ ਲਈ ਦਿਲਚਸਪੀ ਪੈਦਾ ਕਰਨ ਵਿਚ ਅਧਿਆਪਕ ਦਾ ਵੱਡਾ ਯੋਗਦਾਨ ਹੁੰਦਾ ਹੈ। ਦੂਜੇ, ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੋਈ ਹੁਨਰ ਵੀ ਜ਼ਰੂਰ ਸਿੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 3 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਸਬਰ’ ਪੜ੍ਹਿਆ। ਸੱਚਮੁੱਚ ਸਬਰ ਦਾ ਫ਼ਲ ਹਮੇਸ਼ਾ ਮਿੱਠਾ ਹੁੰਦਾ ਹੈ। ਜੋ ਲੋਕ ਆਪਣੇ ਮਾਂ-ਬਾਪ ਨੂੰ ਅਣਗੌਲਿਆਂ ਕਰ ਕੇ ਉਨ੍ਹਾਂ ਨਾਲ ਸਵਾਰਥੀ ਸਬੰਧ ਰੱਖਦੇ ਹਨ ਤੇ ਆਪਣਿਆਂ ਨਾਲ ਧੋਖਾ ਕਰਦੇ ਹਨ, ਉਨ੍ਹਾਂ ਨੂੰ ਕੁਦਰਤ ਜ਼ਰੂਰ ਸ਼ੀਸ਼ਾ ਦਿਖਾ ਦਿੰਦੀ ਹੈ। ਇਸ ਦੇ ਉਲਟ ਉਹ ਲੋਕ ਜਿਹੜੇ ਆਪਣੇ ਮਾਂ-ਬਾਪ ਦੀ ਇੱਜ਼ਤ ਕਰਦੇ ਤੇ ਆਪਣੇ ਤੋਂ ਵੱਡਿਆਂ ਨੂੰ ਮਾਨ-ਸਨਮਾਨ ਦਿੰਦੇ ਹਨ ਤੇ ਸਬਰ ਰੱਖਦੇ ਹਨ, ਉਨ੍ਹਾਂ ਨੂੰ ਰੱਬ ‘ਸਬਰ ਅੰਦਰ ਸਾਬਰੀ’ ਦੇ ਕਥਨ ਅਨੁਸਾਰ ਮਿੱਠਾ ਫਲ ਦਿੰਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

ਪਾਠਕਾਂ ਦੇ ਖ਼ਤ Other

Nov 10, 2022

ਪਾਣੀ ਦਾ ਮੁੱਲ

ਪ੍ਰੋਫ਼ੈਸਰ ਪ੍ਰੀਤਮ ਸਿੰਘ ਤੇ ਆਰ.ਅੇੈੱਸ.ਮਾਨ ਦੇ ਪੰਜਾਬ ਦੇ ਪਾਣੀਆਂ ਬਾਰੇ ਤਿੰਨ ਲੇਖ (3,4,5 ਨਵੰਬਰ) ਬੜੇ ਨੀਝ ਨਾਲ ਪੜ੍ਹੇ ਹਨ। ਉਨ੍ਹਾਂ ਨੇ ਪੰਜਾਬ ਨਾਲ ਹੋਈ ਤੇ ਲਗਾਤਾਰ ਹੋ ਰਹੀ ਬੇਇਨਸਾਫ਼ੀ ਨੂੰ ਅੰਕੜਿਆਂ ਤੇ ਦਲੀਲਾਂ ਨਾਲ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਿਆਂ ਤੀਜੇ ਲੇਖ ਵਿੱਚ ਪੰਜਾਬ ਦੀਆਂ ਸਿਆਸੀ ਤੇ ਸਮਾਜਿਕ ਧਿਰਾਂ ਲਈ ਬਹੁਤ ਜ਼ਰੂਰੀ ਸੁਝਾਅ ਵੀ ਦਿੱਤੇ ਹਨ। ਤੀਜੇ ਲੇਖ ਦੇ ਸ਼ੁਰੂ ਵਿੱਚ ਉਨ੍ਹਾਂ ਵੱਲੋਂ ਰਾਜਸਥਾਨ ਤੋਂ ਮੁਆਵਜ਼ਾ ਮੰਗਣ ਤੇ 1966 ਤੱਕ ਬਣਦਾ ਮੁਆਵਜ਼ਾ ਪੰਜਾਬ ਹਰਿਆਣਾ ਵਿੱਚ 60:40 ਅਨੁਪਾਤ ਵਿੱਚ ਵੰਡਣ ਦਾ ਦਿੱਤਾ ਸੁਝਾਅ ਬਹੁਤ ਵਾਜਬ ਹੈ। 1966 ਤੋਂ ਪਹਿਲਾਂ ਰਾਜਸਥਾਨ ਨੂੰ ਮੁੱਖ ਤੌਰ ’ਤੇ ਗੰਗ ਕਨਾਲ ਰਾਹੀਂ ਹੀ ਪਾਣੀ ਜਾ ਰਿਹਾ ਸੀ। 1925 ਵਿੱਚ ਗੰਗ ਕਨਾਲ ਬਾਰੇ ਹੋਏ ਤਿੰਨ ਧਿਰੀ ਸਮਝੌਤੇ ਤਹਿਤ ਰਾਜਸਥਾਨ (ਬੀਕਾਨੇਰ) ਰਿਆਸਤ ਪੰਜਾਬ ਨੂੰ ਪਾਣੀ ਦਾ ਮੁੱਲ ਦੇਣ ਲਈ ਪਾਬੰਦ ਸੀ, ਤੇ 1948 ਤੱਕ ਉਹ ਦਿੰਦਾ ਵੀ ਰਿਹਾ। ਪਰ ਰਾਜਪੂਤਾਨੇ ਦੀਆਂ ਰਿਆਸਤਾਂ ਨੂੰ ਤੋੜ ਕੇ ਜਦੋਂ 1948 ਵਿੱਚ ਰਾਜਸਥਾਨ ਰਾਜ ਬਣਾਇਆ ਗਿਆ ਤਾਂ ਬੀਕਾਨੇਰ ਰਿਆਸਤ ਖਤਮ ਹੋਣ ਤੋਂ ਬਾਅਦ ਨਾ ਤਾਂ ਇਹ ਸੰਧੀ ਨਵਿਆਈ ਗਈ ਨਾ ਹੀ ਬਾਅਦ ਵਿੱਚ ਕਿਸੇ ਹੋਰ ਸੰਧੀ ਰਾਹੀਂ ਪੁਰਾਣੀ ਸੰਧੀ ਨੂੰ ਖਤਮ ਕੀਤਾ ਗਿਆ ਸੀ, ਜਿਸ ਕਾਰਨ ਰਾਜਸਥਾਨ ’ਤੇ ਸੰਧੀ ਦੀ ਉਲੰਘਣਾ ਦਾ ਕੇਸ ਪਾਉਣਾ ਚਾਹੀਦਾ ਹੈ, ਜੇਕਰ ਰਾਜਸਥਾਨ ਬੀਕਾਨੇਰ ਰਿਆਸਤ ਦੇ ਖਤਮ ਹੋਣ ਕਾਰਨ ਉਸ ਸੰਧੀ ਦੇ ਖਤਮ ਹੋਣ ਦੀ ਦਲੀਲ ਦੇਵੇ ਤਾਂ ਉਸ ਦਾ ਗੰਗ ਕਨਾਲ ਤੋਂ ਪਾਣੀ ਲੈਣ ਦਾ ਹੱਕ ਆਪਣੇ ਆਪ ਹੀ ਖਤਮ ਹੋ ਜਾਵੇਗਾ। ਜੇਕਰ ਉਹ ਉਸ ਦੇ ਆਧਾਰ ’ਤੇ ਪਾਣੀ ਦਾ ਮੁੱਲ ਦੇਣ ਲਈ ਸਹਿਮਤ ਹੋ ਜਾਵੇ ਤਾਂ ਇਹ ਬਾਕੀ ਮਸਲਾ ਹੱਲ ਕਰਨ ਲਈ ਨਵਾਂ ਰਾਹ ਖੋਲ੍ਹ ਦੇਵੇਗਾ।
-ਡਾ. ਨਰਿੰਦਰ ਸਿੰਘ ਸੰਧੂ, ਈਮੇਲ


ਸ਼ਬਦ ਜੋੜਾਂ ਨੂੰ ਸਹੀ ਕਰੋ

9 ਨਵੰਬਰ ਦੇ ਅੰਕ ਵਿੱਚ ਸੜਕਾਂ ਉੱਪਰ ਲੱਗੇ ਬੋਰਡਾਂ ’ਤੇ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਬੇਸ਼ੁਮਾਰ ਗਲਤੀਆਂ ਸਬੰਧੀ ਪ੍ਰਕਾਸ਼ਿਤ ਖ਼ਬਰ ਦੇ ਸਬੰਧ ਵਿੱਚ ਸਰਕਾਰ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇੱਕ ਪਾਸੇ ਤਾਂ ਸਰਕਾਰ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬੀ ਸਪਤਾਹ ਮਨਾ ਰਹੀ ਹੈ, ਦੂਜੇ ਪਾਸੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਨਾਲ ਜੁੜੀਆਂ ਸੰਸਥਾਵਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਸੜਕਾਂ ਉੱਪਰ ਲੱਗੇ ਸਾਈਨ ਬੋਰਡਾਂ ਨੂੰ ਗੂਗਲ ਟਰਾਂਸਲੇਟ ਰਾਹੀਂ ਅਨੁਵਾਦ ਕਰਕੇ ਕੰਮ ਚਲਾ ਲਿਆ ਜਾਂਦਾ ਹੈ ਜਿਸ ਨਾਲ ਅਨੇਕਾਂ ਗਲਤੀਆਂ ਦੀ ਸੰਭਾਵਨਾ ਮੌਜੂਦ ਰਹਿੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਪ੍ਰਚਾਰ ਪਸਾਰ ਦੀਆਂ ਸੰਸਥਾਵਾਂ ਵਿੱਚ ਜਲਦੀ ਅਸਾਮੀਆਂ ਭਰੇ ਅਤੇ ਸੜਕ ਠੇਕੇਦਾਰ ਨਾਲ ਰਾਬਤਾ ਕਾਇਮ ਕਰਕੇ ਪੰਜਾਬੀ ਦੇ ਸ਼ਬਦ ਜੋੜਾਂ ਨੂੰ ਸਹੀ ਕਰਵਾਇਆ ਜਾਵੇ।
-ਮਨਿੰਦਰ ਸਿੰਘ, ਈਮੇਲ


ਰਾਹ ਦਸੇਰਾ ਰਚਨਾ

09 ਨਵੰਬਰ ਨੂੰ ਪ੍ਰਕਾਸ਼ਿਤ ਹੋਈ ਹਰਪ੍ਰੀਤ ਕੌਰ ਘੜੂੰਆਂ ਦੀ ਰਚਨਾ ਬਹੁਤੇ ਪਾਠਕਾਂ ਲਈ ਰਾਹ ਦਸੇਰਾ ਹੈ। ਲੜਕੀਆਂ ਕੁਦਰਤ ਵੱਲੋਂ ਸਿਰਜਣਾਤਮਕ ਹੁੰਦੀਆਂ ਹਨ। ਜਨਮ ਤੋਂ ਬੁਢਾਪੇ ਤੱਕ ਹੁਨਰ ਅਤੇ ਕਲਾ ਉਨ੍ਹਾਂ ਨੂੰ ਥੱਕਣ ਨਹੀਂ ਦਿੰਦੇ। ਲੜਕੀਆਂ ਹੱਥਾਂ ’ਤੇ ਮਹਿੰਦੀ ਲਾਉਣ ਨਾਲ ਹੁਨਰ ਸਿੱਖ ਕੇ ਰੁਜ਼ਗਾਰ ਬਣਾ ਸਕਦੀਆਂ ਹਨ।
-ਸੰਤ ਸਿੰਘ ਬੀਲ੍ਹਾ, ਧੂਰੀ (ਸੰਗਰੂਰ)।


ਸਮੁੱਚੀ ਮਾਨਵਤਾ ਦੇ ਮਾਰਗ ਦਰਸ਼ਕ

08 ਨਵੰਬਰ ਨੂੰ ਡਾ. ਰਣਜੀਤ ਸਿੰਘ ਦੇ ਲੇਖ ‘ਮਨੁੱਖੀ ਹੱਕਾਂ ਲਈ ਇਨਕਲਾਬ ਦੇ ਸਿਰਜਕ ਗੁਰੂ ਨਾਨਕ’ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਜ਼ਲੂਮਾਂ, ਬੇਸਹਾਰਿਆਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਸਹਾਰਾ ਦੇਣ ਦੇ ਨਾਲ-ਨਾਲ ਜ਼ੁਲਮ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਜੀ ਨੇ ਆਪਣੀ ਬਾਣੀ ਰਾਹੀਂ ਜਾਤ-ਪਾਤ, ਧਰਮ, ਛੂਤਛਾਤ ਅਤੇ ਅੰਧ-ਵਿਸ਼ਵਾਸਾਂ ਦਾ ਖੰਡਨ ਕਰਦੇ ਹੋਏ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਪੈਗਾਮ ਦਿੱਤਾ। ਗੁਰੂ ਜੀ ਦੀ ਬਾਣੀ ਹਮੇਸ਼ਾਂ ਸਮੁੱਚੀ ਮਾਨਵਤਾ ਲਈ ਮਾਰਗ ਦਰਸ਼ਕ ਬਣੀ ਰਹੇਗੀ ਜਿਸ ’ਤੇ ਚਲਦਿਆਂ ਅਸੀਂ ਇੱਕ ਆਦਰਸ਼ ਸਮਾਜ ਦੇ ਨਿਰਮਾਣ ਵਿੱਚ ਹੋਰ ਤੇਜ਼ੀ ਨਾਲ ਕਦਮ ਪੁੱਟ ਸਕਦੇ ਹਾਂ।
-ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਪਿਆਰੇ ਜੀਵਨ ਦੀਆਂ ਝਲਕਾਂ

5 ਨਵੰਬਰ ਦੇ ਨਜ਼ਰੀਆ ਅੰਕ ਵਿੱਚ ਪ੍ਰੋ. ਕੇ.ਸੀ. ਸ਼ਰਮਾ ਵੱਲੋਂ ਲਿਖਿਆ ‘ਮਾਈ ਮਾਲਗੁੜੀ ਡੇਜ਼’ ਪੜ੍ਹਦਿਆਂ ਸੋਹਣੇ ਅਤੇ ਪਿਆਰੇ ਜੀਵਨ ਦੀਆਂ ਝਲਕਾਂ ਮਿਲਦੀਆਂ ਹਨ। ਅਜੋਕੇ ਸਮੇਂ ਵਿੱਚ ਜਿਸ ਹਿਸਾਬ ਨਾਲ ਚਾਰੇ ਪਾਸੇ ਚਿੰਤਾ ਭਰਿਆ ਮਾਹੌਲ ਸਿਰਜਿਆ ਪਿਆ ਹੈ,ਉੱਥੇ ਹੀ ਇਹ ਲੇਖ ਪਾਠਕਾਂ ਦੇ ਮਨ ਨੂੰ ਕਲਪਨਾ ਵੱਲ ਲੈ ਜਾਂਦਾ ਹੈ ਅਤੇ ਲੇਖਕ ਦੀਆਂ ਯਾਦਾਂ ਵਿੱਚ ਅਸੀਂ ਆਪ ਵੀ ਘੁਲੇ ਹੋਏ ਮਹਿਸੂਸ ਕਰਨ ਲੱਗਦੇ ਹਾਂ। ਬੇਰੁਜ਼ਗਾਰੀ ਦੇ ਦੌਰ ਵਿੱਚ ਨੌਜਵਾਨਾਂ ਦਾ ਦਿਮਾਗ਼ ਸਿਰਫ਼ ਨੌਕਰੀ ਕੇਂਦਰਿਤ ਹੋ ਰਿਹਾ ਹੈ। ਸਾਨੂੰ ਜ਼ਰੂਰਤ ਹੈ ਸਾਹਿਤ ਨਾਲ ਸਬੰਧ ਸਥਾਪਤ ਕਰਨ ਦੀ ਕਿਉਂਕਿ ਸਾਹਿਤ ਨਾਲ ਸਾਡੇ ਦਿਮਾਗ਼ ਵਿੱਚ ਕਲਪਨਾ ਦੇ ਘੋੜੇ ਦੌੜਨ ਲੱਗਦੇ ਹਨ।
-ਹਰਪ੍ਰੀਤ ਸਿੰਘ ਸਰਾਂ, ਚਕੇਰੀਆਂ (ਸਿਰਸਾ)

(2)

‘ਮਾਈ ਮਾਲਗੁੜੀ ਡੇਜ਼’ ਨੂੰ ਪੜ੍ਹ ਕੇ ਪੰਜਾਹਵਿਆਂ-ਸੱਠਵਿਆਂ ਦੇ ਬਾਲ ਅਤੇ ਇਸ ਸਮੇਂ ਆਪਣੀ ਉਮਰ ਦੇ ਸੱਤਰਵੇਂ-ਅੱਸੀਵੇਂ ਹੰਢਾ ਰਹੇ ਪਤਾ ਨਹੀਂ ਕਿੰਨੇ ਕੁ ਬਜ਼ੁਰਗਾਂ ਦੇ ਆਪੋ ਆਪਣੇ ਮਾਲਗੁੜੀ ਡੇਜ਼ ਫਿਲਮ ਦੇ ਕਿਸੇ ਦ੍ਰਿਸ਼ ਵਾਂਗ ਜ਼ਿਹਨ ਦੇ ਪਰਦੇ ’ਤੇ ਸਾਕਾਰ ਹੋ ਗਏ ਹੋਣਗੇ ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਨੂੰ ਪੜ੍ਹਦਿਆਂ ਮੇਰੇ ਨਾਨਕੇ ਪਿੰਡ ਵਡਿੰਗ ਖੇੜਾ ਦਾ ਰੇਲਵੇ ਸਟੇਸ਼ਨ ਜਿਹੜਾ ਬੀਕਾਨੇਰ ਵਾਲੀ ਲਾਈਨ ਤੋਂ ਡੱਬਵਾਲੀ ਤੋਂ ਅਗਲਾ ਸਟੇਸ਼ਨ ਹੀ ਹੈ, ਲੇਖਕ ਦਾ ਵਾਂਡਰ ਜਟਾਣਾ ਬਣ ਕੇ ਜ਼ਿਹਨ ਵਿੱਚ ਉੱਭਰ ਆਇਆ। ਦਰਅਸਲ, ਉਸ ਜ਼ਮਾਨੇ ਵਿੱਚ ਨਾਨਕੇ ਪਿੰਡ ਦੋਹਤਿਆਂ ਨੂੰ ਇਸੇ ਤਰ੍ਹਾਂ ਹੀ ਲਾਡ ਕਰਦੇ ਸਨ। ਇਸ ਲਾਡ ਦੇ ਇਵਜ਼ ਵਜੋਂ ਹੀ ਲੇਖਕ ਨੇ ਨਾਨਕਿਆਂ ਦੇ ਰੇਲਵੇ ਸਟੇਸ਼ਨ ਨਾਲ ਆਪਣੇ ਅਥਾਹ ਸਨੇਹ ਨੂੰ ਇਸ ਰਚਨਾ ਰਾਹੀਂ ਯਾਦ ਰੱਖਣਯੋਗ ਦਸਤਾਵੇਜ਼ ਦਾ ਰੂਪ ਦੇ ਦਿੱਤਾ ਹੈ।
-ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)।


ਪਰਾਲੀ ਦਾ ਯੋਗ ਹੱਲ

05 ਨਵੰਬਰ ਦਾ ਸੰਪਾਦਕੀ ‘ਮਰਿਆਦਾ ਦਾ ਮਸਲਾ’ ਕਈ ਪੱਖਾਂ ਤੋਂ ਮਹੱਤਵਪੂਰਨ ਸੀ। ਪਰਾਲੀ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਪੈਦਾ ਹੋਇਆ ਵਿਵਾਦ ਅਤਿ ਮੰਦਭਾਗਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਾਜ ਸਰਕਾਰ ਵੱਲੋਂ ਸਖ਼ਤੀ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਨਾਲ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਗੈਸ ਚੈਂਬਰ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਇੱਥੇ ਪ੍ਰਦੂਸ਼ਣ ਦਾ ਪੱਧਰ ਵੀ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਸ ਸਮੱਸਿਆ ਲਈ ਇਕੱਲੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ, ਕਿਉਂਕਿ ਰਾਜ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਯੋਗ ਮੁਆਵਜ਼ਾ ਦੇਣ ਤੋਂ ਭੱਜ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦਾ ਯੋਗ ਭਾਅ ਦੇਣ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ।
-ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

ਦਿੱਲੀ ਦੇ ਉੱਪ ਰਾਜਪਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਾਲੀ ਸਬੰਧੀ ਪੱਤਰ ਲਿਖ ਕੇ ਸਲਾਹ ਦੇਣਾ ਸੱਚਮੁਚ ਮਰਿਆਦਾ ਦੀ ਉਲੰਘਣਾ ਕਰਨਾ ਹੈ ਜਿਸ ਦਾ ਸਬੂਤ ਸ. ਭਗਵੰਤ ਮਾਨ ਨੇ ਉਨ੍ਹਾਂ ਨੂੰ ‘ਆਪਣੀਆਂ ਹੱਦਾਂ ’ਚ ਰਹਿਣ ਲਈ ਕਿਹਾ ਹੈ’ ਭਾਵ ਤੁਸੀਂ ਰਾਜਪਾਲ ਦਿੱਲੀ ਦੇ ਹੋ ਨਾ ਕਿ ਪੰਜਾਬ ਦੇ!
-ਪ੍ਰਿੰ.ਗੁਰਮੁਖ ਸਿੰਘ ਪੋਹੀੜ (ਲੁਧਿਆਣਾ) 

ਡਾਕ ਐਤਵਾਰ ਦੀ Other

Nov 06, 2022

ਸੰਤੁਸ਼ਟੀ ਵਾਲੀ ਖ਼ਬਰ

ਐਤਵਾਰ, 30 ਅਕਤੂਬਰ ਦੇ ਅੰਕ ਵਿਚ ਪ੍ਰਕਾਸ਼ਿਤ ਇਹ ਖ਼ਬਰ ਸੰਤੁਸ਼ਟੀਜਨਕ ਹੈ ਕਿ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲੀ ਵਿਦਿਆਰਥੀਆਂ ਦੇ ਦਿਲ-ਓ-ਦਿਮਾਗ਼ ਵਿਚ ਛੁਪੀ ਹੋਈ ਸਿਰਜਣਾਤਮਕ ਊਰਜਾ ਨੂੰ ਜੱਗ ਜ਼ਾਹਿਰ ਕਰਨ ਲਈ ਸਾਰੇ ਸਰਕਾਰੀ ਸਕੂਲਾਂ ਨੂੰ ਆਪੋ ਆਪਣਾ ਰਿਸਾਲਾ ਸੰਪਾਦਿਤ ਕਰਨ ਦੇ ਆਦੇਸ਼ ਦਿੱਤੇ ਹਨ। ਮੈਂ ਪੰਜਾਬੀ ਭਾਸ਼ਾ ਅਤੇ ਬਾਲ ਸਾਹਿਤ ਦੇ ਵਿਕਾਸ ਲਈ ਚੁੱਕੇ ਜਾ ਰਹੇ ਇਸ ਕਦਮ ਨੂੰ ਵਧੀਆ ਮੰਨਦਾ ਹਾਂ ਕਿਉਂਕਿ ਪੱਛਮੀ ਸਭਿਆਚਾਰ ਦੀ ਹਨੇਰੀ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੇ ਪੰਜਾਬ ਦੀ ਨਵੀਂ ਪੀੜ੍ਹੀ ਦੀ ਮਾਨਸਿਕਤਾ ਉਪਰ ਨਿਰੰਤਰ ਹਮਲੇ ਕਰ ਕੇ, ਉਸ ਦੇ ਮਨ ਵਿਚ ਰਚਨਾਤਮਕਤਾ ਦੇ ਪੁੰਗਰਨ ਵਾਲੇ ਬੂਟੇ ਨੂੰ ਊਠ ਵਾਂਗ ਮਿੱਧਿਆ ਹੈ ਜੋ ਚਰਦਾ ਘੱਟ ਅਤੇ ਮਿੱਧ ਕੇ ਨੁਕਸਾਨ ਬਹੁਤਾ ਕਰਦਾ ਹੈ। ਹਰ ਸਕੂਲ ਵੱਲੋਂ ਤਿਆਰ ਕੀਤੇ ਜਾਣ ਵਾਲੇ ਇਹ ਰਸਾਲੇ ਪੰਜਾਬੀ ਵਿਚ ਲੰਮਾ ਸਮਾਂ ਛਪਦੇ ਰਹੇ ਅਤੇ ਹੁਣ ਬੰਦ ਹੋ ਚੁੱਕੇ ਬਾਲ ਰਸਾਲਿਆਂ ‘ਬਾਲ ਸੰਦੇਸ਼’, ‘ਬਾਲਕ’, ‘ਬੀਬਾ ਰਾਣਾ’, ‘ਬਾਲ ਦਰਬਾਰ’ ਅਤੇ ‘ਅੱਲੜ੍ਹ ਬੱਲ੍ਹੜ’ ਆਦਿ ਦੀ ਘਾਟ ਨੂੰ ਵੀ ਯਕੀਨਨ ਪੂਰਾ ਕਰਨਗੇ। ਇਸ ਸੁਚੱਜੇ ਕਾਰਜ ਨੂੰ ਅਮਲ ਵਿਚ ਲਿਆਉਣ ਦੀ ਤੁਰੰਤ ਜ਼ਰੂਰਤ ਹੈ।

ਡਾ . ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ


ਵੱਖਰੀ ਸ਼ੁਰੂਆਤ

ਐਤਵਾਰ ਦੇ ‘ਦਸਤਕ’ ਅੰਕ ਵਿਚ ਸ਼ੁਰੂ ਕੀਤੀ ਗਈ ਸਤੀਸ਼ ਕੁਮਾਰ ਵਰਮਾ ਦੀ ਲਘੂ-ਨਾਟਕ ਲੜੀ ਵਧੀਆ ਅਤੇ ਵੱਖਰੀ ਸ਼ੁਰੂਆਤ ਲੱਗੀ। ਪ੍ਰਤੀਕਾਤਮਕ, ਪ੍ਰਭਾਵਸ਼ਾਲੀ ਅਤੇ ਕਾਬਲੇ-ਤਾਰੀਫ਼ ਵੀ। 

ਜੋਗੇ ਭੰਗਲ, ਈ-ਮੇਲ


ਪੰਜਾਬੀ ਰੰਗਮੰਚ ਦਾ ਵਿਕਾਸ

ਐਤਵਾਰ, 30 ਅਕਤੂਬਰ ਦੇ ‘ਦਸਤਕ’ ਅੰਕ ਵਿਚ ਛਪੇ ਕੁਲਦੀਪ ਸਿੰਘ ਦੀਪ ਦੇ ਲੇਖ ‘ਪੰਜਾਬੀ ਰੰਗਮੰਚ ਦੀ ਨਕੜਦਾਦੀ ਨੋਰਾ ਰਿਚਰਡਜ਼’ ਪੰਜਾਬੀ ਰੰਗਮੰਚ ਦੀ ਉਤਪਤੀ ਅਤੇ ਵਿਕਾਸ ਵਿਚ ਨੋਰਾ ਰਿਚਰਡਜ਼ ਵੱਲੋਂ ਪਾਏ ਯੋਗਦਾਨ ਦੀ ਕਹਾਣੀ ਹੈ, ਪਰ ਇਹ ਪੜ੍ਹ ਕੇ ਬਹੁਤ ਦੁੱਖ ਪਹੁੰਚਿਆ ਹੈ ਕਿ ਨੋਰਾ ਰਿਚਰਡਜ਼ ਦੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੀਆਂ ਯਾਦਾਂ ਅਤੇ ਥੀਏਟਰ ਨੂੰ ਸੰਭਾਲਣ ਵਿਚ ਅਸੀਂ ਅਸਫ਼ਲ ਰਹੇ ਹਾਂ। ਪੰਜਾਬੀ ਰੰਗਮੰਚ ਅਤੇ ਥੀਏਟਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਤਾਂ ਜੋ ਨੋਰਾ ਰਿਚਰਡਜ਼ ਦੀਆਂ ਯਾਦਾਂ ਅਤੇ ਰੰਗਮੰਚ ਦੀ ਹੋਂਦ ਕਾਇਮ ਕਾਇਮ ਰੱਖੀ ਜਾ ਸਕੇ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਸਿੱਖਿਆ ਦਾ ਵਧੀਆ ਤਰੀਕਾ

ਐਤਵਾਰ, 23 ਅਕਤੂਬਰ ਨੂੰ ਡਾ. ਜਸਵੰਤ ਰਾਏ ਦਾ ਮਿਡਲ ‘ਏਦਾਂ ਵੀ ਪੜ੍ਹਾਇਆ ਜਾਂਦੈ’ ਪੜ੍ਹਿਆ, ਚੰਗਾ ਲੱਗਿਆ। ਤਿੰਨ ਦਹਾਕਿਆਂ ਪੁਰਾਣੀ ਅਧਿਆਪਕਾਂ ਵੱਲੋਂ ਪ੍ਰੈਕਟੀਕਲ ਤਰੀਕੇ ਨਾਲ ਦਿੱਤੀ ਜਾਂਦੀ  ਸਿੱਖਿਆ ਬੱਚਿਆਂ ਨੂੰ ਦਿਮਾਗ਼ੀ ਪੱਖੋਂ ਮਜ਼ਬੂਤ  ਬਣਾਉਂਦੀ ਸੀ। ਅਧਿਆਪਕ ਨੇ ਵਧੀਆ ਢੰਗ ਨਾਲ ਸਮਝਾਇਆ ਕਿ ਬੀੜੀ ਸਿਗਰਟ ਪੀਣ ਵਾਲਾ  ਮਨੁੱਖ ਲਈ ਨੁਕਸਾਨਦੇਹ ਹੁੰਦਾ ਹੈ। 

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

ਪਾਠਕਾਂ ਦੇ ਖ਼ਤ Other

Nov 05, 2022

ਸਾਂਝ ਦੀ ਜ਼ਰੂਰਤ

ਲੋਕ ਵਿਰੋਧੀ ਤਾਕਤਾਂ ਜਿੱਥੇ ਖੱਬੇ-ਪੱਖੀਆਂ ਅਤੇ ਸਿੱਖਾਂ ਵਿਚ ਵਿਵਾਦ ਵਧਾਉਣ ਲਈ ਯਤਨਸ਼ੀਲ ਹਨ, ਉੱਥੇ ਇਨ੍ਹਾਂ ਦੋਹਾਂ ਧਿਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ। ਸਿੱਖ ਵਿਚਾਰਧਾਰਾ ਅਤੇ ਮਾਰਕਸਵਾਦ, ਦੋਵੇਂ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਚਾਹੁੰਦੇ ਹਨ। ਇਨ੍ਹਾਂ ’ਚ ਨੇੜਤਾ ਮੌਜੂਦਾ ਫਾਸ਼ੀ ਹੱਲੇ ਮੌਕੇ ਲੋੜੀਂਦੀ ਵੀ ਹੈ ਤੇ ਲਾਜ਼ਮੀ ਵੀ। 4 ਨਵੰਬਰ ਦੇ ਸੰਪਾਦਕੀ ‘ਸਾਂਝ ਦੀ ਜ਼ਰੂਰਤ’ ਵਿਚ ਇਸ ਬਾਰੇ ਸਹੀ ਨਿਸ਼ਾਨਦੇਹੀ ਕੀਤੀ ਗਈ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਤੇ ਸਿਆਸੀ ਕੈਦੀਆਂ ਅਤੇ ਹਵਾਲਾਤੀਆਂ ਲਈ ਕਿਰਤੀ ਕਿਸਾਨ ਯੂਨੀਅਨ ਨੇ ਮੁਜ਼ਾਹਰੇ ਕੀਤੇ ਹਨ ਅਤੇ ਸੰਪਾਦਕੀ ਵਿਚ ਵੀ ਇਸ ਦੀ ਢੁਕਵੀਂ ਚਰਚਾ ਕੀਤੀ ਗਈ ਹੈ।
ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ


ਕਾਂਗਰਸ ਯਾਤਰਾ

4 ਨਵੰਬਰ ਨੂੰ ਸੰਪਾਦਕੀ ‘ਯਾਤਰਾ ਦਾ ਪ੍ਰਭਾਵ’ ਪੜ੍ਹਿਆ ਜਿਸ ਵਿਚ ਕਾਂਗਰਸ ਦੀ ਯਾਤਰਾ ਦੇ ਵੱਖ ਵੱਖ ਪੱਖ ਵਿਚਾਰੇ ਹਨ। ਵੱਡਾ ਸਵਾਲ ਤਾਂ ਇਹ ਹੈ ਕਿ ਹਾਸ਼ੀਏ ਉੱਤੇ ਡਿੱਗੀ ਪਈ ਇਸ ਪਾਰਟੀ ਦੀ ਅਗਵਾਈ ਕੌਣ ਕਰੇਗਾ? ਰਾਹੁਲ ਗਾਂਧੀ ਦੀ ਲੀਡਰਸ਼ਿਪ ਉੱਪਰ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਜਿਸ ਆਗੂ ਨੂੰ ਹੁਣ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ, ਉਸ ਬਾਰੇ ਚਰਚਾ ਇਹ ਹੈ ਕਿ ਉਹ ਗਾਂਧੀ ਪਰਿਵਾਰ ਦੀ ਸਲਾਹ ਨਾਲ ਹੀ ਚੱਲੇਗਾ। ਇਸ ਵਕਤ ਕਾਂਗਰਸ ਨੂੰ ਸਾਰਾ ਕੁਝ ਨਵੇਂ ਸਿਰਿਓਂ ਉਸਾਰਨ ਦੀ ਜ਼ਰੂਰਤ ਹੈ। ਇਸ ਦੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਇਸ ਦੀ ਟੱਕਰ ਭਾਰਤੀ ਜਨਤਾ ਪਾਰਟੀ ਵਰਗੀ ਜਮਾਤ ਨਾਲ ਹੈ ਜੋ ਸੱਤਾ ਉੱਤੇ ਕਬਜ਼ਾ ਬਰਕਰਾਰ ਰੱਖਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ।
ਸਤਵੰਤ ਸਿੰਘ ਸਰਾ, ਫਰੀਦਕੋਟ


ਸਿੱਖਿਆ ਵਿਚ ਸੁਧਾਰ

4 ਨਵੰਬਰ ਦੇ ਪਹਿਲੇ ਪੰਨੇ ’ਤੇ ਸਕੂਲ ਸਿੱਖਿਆ ਦੇ ਸਰਵੇਖਣ ਬਾਰੇ ਛਪੀ ਖ਼ਬਰ ਪੜ੍ਹੀ। ਇਸ ਸਰਵੇਖਣ ਵਿਚ ਪੰਜਾਬ ਦੇ ਸਕੂਲਾਂ ਦੀ ਬਦਲਦੀ ਨੁਹਾਰ ਸਾਹਮਣੇ ਆਈ ਹੈ। ਪੰਜਾਬ ਜਿੱਥੇ ਦੇਸ਼ ਵਿਚ ਮੋਹਰੀ ਰਿਹਾ ਹੈ, ਉੱਥੇ ਇਸ ਦਾ ਸਿੱਖਿਆ ਮਾਡਲ ਵੀ ਸਾਹਮਣੇ ਆਇਆ ਹੈ। ਇਸ ਨਾਲ ਨਵੀਂ ਬਣੀ ਸਰਕਾਰ ਵੱਲੋਂ ਕੀਤੇ ਸੁਧਾਰ ਵੀ ਸਾਹਮਣੇ ਆਏ ਹਨ। ਇਉਂ ਨੌਜਵਾਨਾਂ ਦੇ ਭਵਿੱਖ ਬਾਰੇ ਵੀ ਉਮੀਦ ਕੀਤੀ ਜਾ ਸਕਦੀ ਹੈ; ਜਿਵੇਂ ਹੁਣ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਅਤੇ ਪੰਜਾਬ ਖਾਲੀ ਹੋ ਰਿਹਾ ਹੈ; ਜੇਕਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਧੀਆ ਹੋਵੇਗੀ ਅਤੇ ਇੱਥੇ ਹੀ ਰੁਜ਼ਗਾਰ ਦੇ ਮੌਕੇ ਵਧਣਗੇ ਤਾਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾ ਜਾ ਕੇ ਆਪਣੇ ਵਤਨ ਵਿਚ ਰਹਿ ਕੇ ਤਰੱਕੀਆਂ ਕਰਨਗੇ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸ਼ਾਨ ਵਿਦੇਸ਼ਾਂ ਤਕ ਵੀ ਵਧਦੀ ਦਿਖਾਈ ਦੇਵੇਗੀ, ਇਸ ਨਾਲ ਪੰਜਾਬ ਬੁਲੰਦੀਆਂ ਤਕ ਪਹੁੰਚੇਗਾ।
ਕਮਲਪ੍ਰੀਤ ਕੌਰ, ਜੰਗਪੁਰਾ (ਮੁਹਾਲੀ)


ਸਾਂਝੀਵਾਲਤਾ

4 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਸਤਿੰਦਰ ਸਿੰਘ (ਡਾ.) ਦਾ ਲੇਖ ‘ਅਗਲਾ ਦਿਨ’ ਪੜ੍ਹਿਆ। ਵਧੀਆ ਲੱਗਿਆ ਕਿ ਕਿਸ ਤਰ੍ਹਾਂ ਬਚਪਨ ਦੇ ਦਿਨਾਂ ਵਿਚ ਦੀਵਾਲੀ ਦੇ ਅਗਲੇ ਦਿਨ ਸਾਰੇ ਬੱਚੇ ਇਕੱਠੇ ਹੋ ਕੇ ਮੋਮਬੱਤੀਆਂ ਦਾ ਬਚਿਆ ਹੋਇਆ ਮੋਮ, ਬੱਤੀਆਂ ਤੇ ਦੀਵੇ ਇਕੱਠੇ ਕਰਦੇ ਸਨ ਅਤੇ ਇਕ ਜਗ੍ਹਾ ’ਤੇ ਦੀਵੇ ਬਾਲ ਕੇ ਸਾਂਝ ਦੀ ਉਦਾਹਰਨ ਪੇਸ਼ ਕਰਦੇ ਸਨ। ਅਜਿਹੀਆਂ ਕੋਸ਼ਿਸ਼ਾਂ ਨਾਲ ਆਪਸੀ ਇਤਫ਼ਾਕ ਅਤੇ ਭਾਈਚਾਰਾ ਫੈਲਦਾ ਸੀ।
ਰਾਜਵਿੰਦਰ ਕੌਰ, ਚੰਡੀਗੜ੍ਹ

(2)

‘ਅਗਲਾ ਦਿਨ’ (ਸਤਿੰਦਰ ਸਿੰਘ, 4 ਨਵੰਬਰ) ਵਿਚ ਸਾਂਝ ਦਾ ਜੋ ਸੁਨੇਹਾ ਦਿੱਤਾ ਗਿਆ ਹੈ, ਉਹ ਅੱਜ ਦੇ ਸਮੇਂ ਦੀ ਲੋੜ ਹੈ। ਬੱਚਿਆਂ ਦੀ ਨਿੱਕੀ ਜਿਹੀ ਸਰਗਰਮੀ ਅੰਦਰ ਵੱਡੀ ਗੱਲ ਲੁਕੀ ਹੋਈ ਹੈ।
ਕਰਮਜੀਤ ਕੌਰ, ਮੁਹਾਲੀ


ਖੱਬੇ-ਪੱਖੀ ਸਿਆਸਤ

2 ਨਵੰਬਰ ਦਾ ਸੰਪਾਦਕੀ ‘ਲੂਲਾ ਦੀ ਅਰਥ-ਭਰਪੂਰ ਜਿੱਤ’ ਪੜ੍ਹਿਆ। ਬ੍ਰਾਜ਼ੀਲ ਵਿਚ ਲੁਇਜ਼ ਇਨਾਸਿਓ ਲੂਲਾ ਦੀ ਸ਼ਾਨਦਾਰ ਜਿੱਤ ਨਾਲ ਇਕ ਵਾਰ ਫਿਰ ਉੱਥੇ ਖੱਬੇ-ਪੱਖੀ ਸਿਆਸਤ ਦਾ ਝੰਡਾ ਝੁੱਲ ਗਿਆ ਹੈ। ਅੱਜ ਸਮੁੱਚੇ ਸੰਸਾਰ ਦੇ ਜੋ ਹਾਲਾਤ ਹਨ, ਉਸ ਅਨੁਸਾਰ ਸੰਸਾਰ ਨੂੰ ਖੱਬੇ-ਪੱਖੀ ਵਿਚਾਰਧਾਰਾ ਦੀ ਲੋੜ ਹੈ। ਅੱਜ ਸੰਸਾਰ ਨੂੰ ਸਮਾਜਵਾਦ ਵੱਲ ਲੈ ਕੇ ਜਾਣ ਵਾਲੀ ਸਿਆਸਤ ਦੀ ਲੋੜ ਹੈ ਤਾਂ ਕਿ ਅਮਰੀਕਾ ਦੀ ਧੌਂਸ ਅਤੇ ਉਸ ਦੀਆਂ ਲੋਟੂ ਆਰਥਿਕ ਨੀਤੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਅੱਜ ਰੂਸ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਵਿਚ ਸਾਰਾ ਯੂਰੋਪ ਅਤੇ ਅਮਰੀਕਾ ਯੂਕਰੇਨ ਦੀ ਖੁੱਲ੍ਹੀ ਮਦਦ ਕਰ ਰਹੇ ਹਨ; ਫਿਰ ਵੀ ਇਸ ਯੁੱਧ ਵਿਚ ਰੂਸ ਸਭ ’ਤੇ ਭਾਰੀ ਪੈ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੇ ਉਭਾਰ ਨਾਲ ਇਹ ਗੱਲ ਸਾਫ਼ ਹੋ ਰਹੀ ਹੈ ਕਿ ਆਉਣ ਵਾਲਾ ਸਮਾਂ ਖੱਬੇ-ਪੱਖੀ ਸਿਆਸਤ ਦਾ ਹੈ।
ਕਰਮਜੀਤ ਸਕਰੁੱਲਾਂਪੁਰੀ, ਈਮੇਲ


ਟੈਕਸ ਦਰਾਂ ਤੇ ਅਮੀਰ

ਟੀਐੱਨ ਨੈਨਾਨ ਦੇ ਲੇਖ ‘ਸਰਕਾਰੀ ਖਰਚ, ਜਨਤਕ ਸੇਵਾਵਾਂ ਤੇ ਆਮਦਨ ਦਰਾਂ ਦਾ ਆਪਸੀ ਨਾਤਾ’ (2 ਨਵੰਬਰ) ਵਿਚ ਟੈਕਸ ਦਰਾਂ ਦਾ ਮਸਲਾ ਛੋਹਿਆ ਗਿਆ ਹੈ। ਅਮੀਰ ਮੁਲਕਾਂ ਵਿਚ ਟੈਕਸ ਦਰਾਂ ਵਾਹਵਾ ਉੱਚੀਆਂ ਹਨ, ਇਸ ਸਦਕਾ ਉੱਥੇ ਵੱਖ ਵੱਖ ਲੋਕ ਭਲਾਈ ਪ੍ਰੋਗਰਾਮ ਚੱਲਦੇ ਹਨ। ਭਾਰਤ ਵਿਚ ਅਜਿਹਾ ਨਹੀਂ ਹੈ। ਇੱਥੇ ਸਰਕਾਰ ਜਿੰਨਾ ਟੈਕਸ ਵਸੂਲਿਆ ਜਾ ਰਿਹਾ ਹੈ, ਉਸ ਅਨੁਪਾਤ ਵਿਚ ਲੋਕ ਭਲਾਈ ਪ੍ਰੋਗਰਾਮ ਉੱਤੇ ਨਹੀਂ ਲਾਇਆ ਜਾ ਰਿਹਾ ਹੈ। ਅਮੀਰਾਂ ਉੱਤੇ ਵਧੇਰੇ ਟੈਕਸ ਲਾਉਣ ਬਾਰੇ ਤਾਂ ਭਾਰਤ ਸਰਕਾਰ ਅਜੇ ਸੋਚ ਵੀ ਨਹੀਂ ਰਹੀ। ਫਿਲਹਾਲ ਤਾਂ ਸਰਕਾਰ ਮੱਧ ਵਰਗ ਉੱਤੇ ਹੀ ਸਿ਼ਕੰਜਾ ਕੱਸ ਰਹੀ ਹੈ ਅਤੇ ਧਨਾਢਾਂ ਨੂੰ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਅਜਮੇਰ ਸਿੰਘ ਚਾਹਲ, ਪਟਿਆਲਾ

ਪਾਠਕਾਂ ਦੇ ਖ਼ਤ Other

Nov 04, 2022

ਜੰਗ ਬਨਾਮ ਵਿਦਿਆਰਥੀ

29 ਅਕਤੂਬਰ ਨੂੰ ਸੰਪਾਦਕੀ ‘ਵਿਦਿਆਰਥੀਆਂ ਦਾ ਭਵਿੱਖ’ ਪੜ੍ਹਨ ਦਾ ਮੌਕਾ ਮਿਲਿਆ। ਰੂਸ ਯੂਕਰੇਨ ਜੰਗ ਕਾਰਨ ਯੂਕਰੇਨ ਦੇ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਬੁਰਾ ਅਸਰ ਪੈ ਰਿਹਾ ਹੈ। ਸਰਕਾਰਾਂ ਨੂੰ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰਨਾ ਚਾਹੀਦਾ ਹੈ। ਬੱਚਿਆਂ ਦੇ ਮਾਪਿਆਂ ਦੁਆਰਾ ਉਨ੍ਹ੍ਵਾਂ ਦੇ ਭਵਿੱਖ ਲਈ ਕੀਤੇ ਯਤਨ ਵਿਅਰਥ ਨਹੀਂ ਜਾਣੇ ਚਾਹੀਦੇ।
ਹਰਮਨਜੋਤ ਕੌਰ, ਬਾਪਲਾ (ਮਾਲੇਰਕੋਟਲਾ)


ਟੌਲ ਪਲਾਜ਼ਿਆਂ ਦਾ ਮਸਲਾ

3 ਨਵੰਬਰ ਨੂੰ ਪਟਿਆਲਾ/ਸੰਗਰੂਰ ਪੰਨੇ ’ਤੇ ਟੌਲ ਪਲਾਜ਼ਾ ਦੀ ਮਿਆਦ ਵਧਾਉਣ ਖ਼ਿਲਾਫ਼ ਧਰਨਾ ਲਾਉਣ ਦੀ ਖ਼ਬਰ ਸੀ। ਮਹੀਨਾ ਕੁ ਪਹਿਲਾਂ ਸੰਗਰੂਰ ਰੋਡ ’ਤੇ ਟੌਲ ਪਲਾਜ਼ਾ ਚੁਕਾਉਣ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਿਆਦ ਪੁੱਗਣ ’ਤੇ ਪੰਜਾਬ ਦੇ ਬਾਕੀ ਸਾਰੇ ਟੌਲ ਪਲਾਜ਼ੇ ਵੀ ਚੁਕਵਾ ਦਿੱਤੇ ਜਾਣਗੇ। ਸਮਾਣਾ-ਪਟਿਆਲਾ ਰੋਡ ’ਤੇ ਟੌਲ ਪਲਾਜ਼ੇ ਦੀ ਮਿਆਦ ਵਧਾਉਣੀ ਲੋਕਾਂ ਨਾਲ ਧੋਖਾ ਕਰਨ ਵਾਲੀ ਗੱਲ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


ਗੁਮਰਾਹ ਕੀਤਾ

3 ਨਵੰਬਰ ਨੂੰ ਪੰਨਾ ਦੋ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਖ਼ਬਰ ਪੜ੍ਹੀ ਜਿਸ ਵਿਚ 1984 ਦੇ ਪੀੜਤਾਂ ਦਾ ਜ਼ਿਕਰ ਹੈ। ਅਕਾਲੀ ਆਗੂ ਇਸ ਮਸਲੇ ’ਤੇ ਲੋਕਾਂ ਨੂੰ ਕਥਿਤ ਤੌਰ ’ਤੇ ਗੁਮਰਾਹ ਕਰਦੇ ਰਹੇ ਹਨ। 1984 ਵਿਚ ਮੈਂ ਪਟਨਾ (ਬਿਹਾਰ) ਵਿਚ ਸਾਂ। ਉਦੋਂ ਚਾਰ ਦਿਨ ਆਪਣੀ ਪਤਨੀ ਅਤੇ ਇਕ ਸਾਲ ਦੇ ਬੱਚੇ ਨਾਲ ਲੁਕ ਕੇ ਕੱਢੇ। ਪਤਾ ਕੀਤਾ ਤਾਂ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਬੱਚਿਆਂ ਲਈ ਕੁਝ ਨਹੀਂ ਕਰ ਰਹੀ, ਬਸ ਬਿਆਨ ਹੀ ਆ ਰਹੇ ਹਨ। ਮਗਰੋਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਤੇ ਇੰਜਨੀਅਰਿੰਗ ਕਾਲਜਾਂ ਵਿਚ ਇਕ ਫ਼ੀਸਦੀ ਸੀਟਾਂ ਰਾਖਵੀਆਂ ਰੱਖੀਆਂ ਹਨ। ਹੁਣ ਜਦੋਂ ਲੋਕਾਂ ਨੂੰ ਇਨ੍ਹਾਂ ਆਗੂਆਂ ਦੀ ਹਕੀਕਤ ਪਤਾ ਲੱਗ ਗਈ ਹੈ ਤਾਂ ਤੜਫ਼ ਰਹੇ ਹਨ। ਹੁਣ ਅਕਾਲੀਆਂ ਨੂੰ ਸ਼ਾਇਦ ਪਹਿਲਾਂ ਵਾਲਾ ਮਾਣ-ਸਤਿਕਾਰ ਨਾ ਮਿਲੇ। ਇਨ੍ਹਾਂ ਦਾ ਹਾਲ ਵੀ ਕਾਂਗਰਸ ਆਗੂਆਂ ਵਾਲਾ ਹੀ ਹੋਣਾ ਹੈ।
ਬਲਦੇਵ ਸਿੰਘ, ਕਪੂਰਥਲਾ


ਰਿਸ਼ੀ ਸੂਨਕ ਦੀਆਂ ਤਰਜੀਹਾਂ

ਦੋ ਨਵੰਬਰ ਦੇ ਅੰਕ ਵਿਚ ਰਾਜੇਸ਼ ਰਾਮਚੰਦਰਨ ਨੇ ਆਪਣੇ ਲੇਖ ‘ਰਿਸ਼ੀ ਸੂਨਕ ਕਿਨ੍ਹਾਂ ਦਾ ਹਮਦਰਦ’ ਵਿਚ ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਸੰਭਾਵੀ ਰਵੱਈਏ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਸਾਨੂੰ ਆਸਾਨੀ ਨਾਲ ਸਮਝ ਆ ਜਾਣਾ ਚਾਹੀਦਾ ਹੈ ਕਿ ਉਸ ਦੀ ਸਫ਼ਲਤਾ ਉਸ ਦਾ ਸਿਆਸੀ ਕੱਦ ਕੌਮਾਂਤਰੀ ਪੱਧਰ ’ਤੇ ਉੱਚਾ ਕਰੇਗੀ ਅਤੇ ਭਵਿੱਖ ਵਿਚ ਬਰਤਾਨਵੀ ਪਰਵਾਸੀਆਂ ਲਈ ਉੱਚੇ ਅਹੁਦਿਆਂ ਦੇ ਪ੍ਰਵੇਸ਼ ਦੁਆਰ ਵੀ ਹੋਏਗੀ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)


ਮੈਚ ਦੇ ਬਹਾਨੇ

2 ਨਵੰਬਰ ਵਾਲੇ ਮਿਡਲ ‘ਮੈਚ ਦੇ ਬਹਾਨੇ’ ਵਿਚ ਜਗਦੀਪ ਸਿੱਧੂ ਨੇ ਸੱਚਮੁੱਚ ਮੈਚ ਦੇ ਬਹਾਨੇ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਹਨ। ਇਸ ਵਾਰਤਕ ਵਿਚ ਕਵਿਤਾ ਵਰਗਾ ਰਸ ਹੈ। ਨਿੱਕੇ ਨਿੱਕੇ ਵਾਕ ਵੱਡੀਆਂ ਵੱਡੀਆਂ ਗੱਲਾਂ ਨਾਲ ਭਰੇ ਪਏ ਹਨ। ਲੇਖ ਵਿਚ ਹਕੀਕਤਾਂ ਝਾਤੀ ਮਾਰਦੀਆਂ ਹਨ ਅਤੇ ਇਹ ਹਕੀਕਤਾਂ ਸਾਡੀ ਜਿ਼ੰਦਗੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ।
ਰੇਸ਼ਮ ਸਿੰਘ ਚੱਠਾ, ਬਠਿੰਡਾ


ਕੱਟੜਤਾ ਦੀ ਜਕੜ

ਸਾਂਵਲ ਧਾਮੀ ਦਾ ਕਾਲਮ ‘ਵੰਡ ਦੇ ਦੁੱਖੜੇ’ ਪ੍ਰਭਾਵਿਤ ਕਰਦਾ ਹੈ। 29 ਅਕਤੂਬਰ ਦੇ ਕਾਲਮ ਵਾਲਾ ਲੇਖ ‘ਸ਼ਾਇਦ ਮੈਂ ਹੀ ਹੋਵਾਂ’ ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਅਕਸਰ ਇੰਨੀ ਕੱਟੜਤਾ ਦਿਖਾਉਂਦੇ ਹਾਂ ਕਿ ਆਪਣਿਆਂ ਨੂੰ ਵੀ ਬਿਗਾਨੇ ਕਰ ਲੈਂਦੇ ਹਾਂ। ਜੇ ਨੂਰ ਮੁਹੰਮਦ ਨੂੰ ਆਪਣਾ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਕੋਈ ਚਾਰਾਜੋਈ ਕਰਦਾ। ਅੱਜ ਵੀ ਸਾਡੇ ਸਮਾਜ ਦਾ ਵੱਡਾ ਹਿੱਸਾ ਧਾਰਮਿਕ ਅਤੇ ਜਾਤੀ ਕੱਟੜਤਾ ਦੀ ਜਕੜ ਵਿਚ ਹੈ। ਜਿੰਨੀ ਜਲਦੀ ਅਸੀਂ ਇਸ ਕੱਟੜਤਾ ਨੂੰ ਛੱਡਾਂਗੇ, ਓਨਾ ਹੀ ਠੀਕ ਰਹੇਗਾ।
ਦਰਸ਼ਨ ਸਿੰਘ ਬਾਜਵਾ, ਸ਼ੇਰਪੁਰ (ਸੰਗਰੂਰ)


ਮੋਬਾਈਲ ਫੋਨ

28 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ‘ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?’ ਵਿਚ ਲੇਖਕ ਨੇ ਮੋਬਾਈਲ ਫੋਨ ਦੀ ਗੁਲਾਮੀ ਤੋਂ ਆਜ਼ਾਦੀ ਪਾਉਣ ਅਤੇ ਹੌਲੀ ਹੌਲੀ ਮੋਬਾਈਲ ਦੀ ਆਦਤ ਨੂੰ ਛੱਡਣ ਬਾਰੇ ਸੁਚੱਜੀ ਜਾਣਕਾਰੀ ਦਿੱਤੀ ਹੈ। ਇਹ ਨੁਸਖਾ ਖ਼ਾਸਕਰ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਗੁਰਨਾਮ ਸਿੰਘ, ਸ੍ਰੀ ਮੁਕਤਸਰ ਸਾਹਿਬ

(2)

ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ‘ਮੋਬਾਈਨ ਦੇ ਆਦੀ ਹੋਣ ਤੋਂ ਕਿਵੇਂ ਬਚੀਏ’? (28 ਅਕਤੂਬਰ) ਪੜ੍ਹਿਆ। ਸਿਰਜਣਾਤਮਕ ਕੰਮਾਂ ਵਿਚ ਰੁੱਝੇ ਰਹਿਣ ਨਾਲ ਮੋਬਾਈਲ ਦੀ ਆਦਤ ਤੋਂ ਬਚਿਆ ਜਾ ਸਕਦਾ ਹੈ। ਰੁਝੇਵਿਆਂ ਲਈ ਪਰਿਵਾਰਾਂ ਵਿਚ ਯੋਗ ਕਰਨ ਅਤੇ ਸੈਰ ਦੀ ਆਦਤ ਹੋਣੀ ਚਾਹੀਦੀ ਹੈ। ਘਰ ਵਿਚ ਗਮਲਿਆਂ ਵਿਚ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਰਚਨਾਕਾਰ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ। ਬੱਚਿਆਂ ਨਾਲ ਕਵਿਤਾ, ਗੀਤ ਅਤੇ ਚਿੱਤਰਕਾਰੀ ਵੀ ਕੀਤੀ ਜਾ ਸਕਦੀ ਹੈ। ਘਰ ਵਿਚ ਇਕ ਦੂਸਰੇ ਨਾਲ ਕੁਝ ਖੇਡਾਂ ਵੀ ਖੇਡੀਆਂ ਜਾ ਸਕਦੀਆਂ ਹਨ।
ਸੰਤ ਸਿੰਘ, ਧੂਰੀ (ਸੰਗਰੂਰ)


ਇੰਟਰਨੈੱਟ ਵਾਲੀਆਂ ਰਚਨਾਵਾਂ

ਕੁਝ ਰਚਨਾਵਾਂ ਸਿਰਫ਼ ਇੰਟਰਨੈੱਟ ਐਡੀਸ਼ਨ ਵਿਚ ਛਪਦੀਆਂ ਹਨ। ਇੰਟਰਨੈੱਟ ਐਡੀਸ਼ਨ ਵਿਚ ਛਪੀਆਂ ਰਚਨਾਵਾਂ ਉਹੀ ਪਾਠਕ ਪੜ੍ਹ ਸਕਦੇ ਹਨ ਜੋ ਇੰਟਰਨੈੱਟ ਵਰਤਣਾ ਜਾਣਦੇ ਹਨ। ਅਖ਼ਬਾਰ ਦੇ ਜਿਹੜੇ ਪਾਠਕ ਇੰਟਰਨੈੱਟ ਵਰਤਣਾ ਨਹੀਂ ਜਾਣਦੇ, ਉਹ ਇਨ੍ਹਾਂ ਰਚਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਸ਼ਮਸ਼ੇਰ ਸਿੰਘ, ਪਟਿਆਲਾ


ਸਬਰ ਦਾ ਫ਼ਲ

3 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਵਿਜੈ ਕੁਮਾਰ ਦਾ ਲੇਖ ‘ਸਬਰ’ ਪੜ੍ਹਿਆ। ਕਹਾਵਤ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਦੌਲਤ ਰਾਮ ਉਰਫ਼ ਦੌਲਾ ਨਾਲ ਉਸ ਦੇ ਭਰਾਵਾਂ ਨੇ ਵਧੀਕੀ ਕੀਤੀ ਪਰ ਉਹ ਆਪਣੀ ਧੁਨ ਵਿਚ ਚਲਦਾ ਰਿਹਾ ਅਤੇ ਆਖ਼ਿਰਕਾਰ ਸਾਬਿਤ ਹੋ ਗਿਆ ਕਿ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ। ਲਾਲਚ ਨਾਲ ਬੰਦਾ ਉਚੀ ਉਡਾਣ ਭਰ ਨਹੀਂ ਸਕਦਾ।
ਕੁਲਵਿੰਦਰ ਕੌਰ, ਚੰਡੀਗੜ੍ਹ

ਪਾਠਕਾਂ ਦੇ ਖ਼ਤ

Nov 03, 2022

ਕਿਸਾਨ ਲਹਿਰ ਦੇ ਅੰਤਰ-ਵਿਰੋਧ

ਪਹਿਲੀ ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਕਰਮ ਬਰਸਟ ਦਾ ਲੇਖ ‘ਪੰਜਾਬ ਦੀ ਕਿਸਾਨ ਲਹਿਰ ਦੇ ਅੰਤਰ- ਵਿਰੋਧ’ ਪੜ੍ਹਿਆ। ਲੇਖ ਵਿਚ ਕਿਸਾਨ ਲੀਡਰਸ਼ਿਪ ਦੀ ਸੋਚ ਅਤੇ ਸੇਧ ਵਿਚਲਾ ਫਾਸਲਾ ਹੋਰ ਚੌੜਾ ਹੋਣ ਦੀ ਚਰਚਾ ਹੈ। ਲੇਖਕ ਨੇ ਇਸ ਦੇ ਜੋ ਕਾਰਨ ਪੇਸ਼ ਕੀਤੇ ਹਨ, ਵਿਚਾਰਨ ਵਾਲੇ ਹਨ। ਸਬਸਿਡੀਆਂ ਦੇ ਹੱਕਦਾਰ ਅਸਲ ਵਿਚ ਥੋੜ੍ਹੀ ਜ਼ਮੀਨ ਦੀ ਮਾਲਕ ਕਿਸਾਨੀ, ਗ਼ਰੀਬ ਕਿਸਾਨੀ, ਦਰਮਿਆਨੀ ਕਿਸਾਨੀ ਹੈ। ਧਨੀ ਕਿਸਾਨੀ ਅਤੇ ਉੱਪਰਲੇ ਭੋਇੰਪਤੀਆਂ ਦੀ ਜਮਾਤ ਨੂੰ ਕਿਸੇ ਵੀ ਕੀਮਤ ’ਤੇ ਸਬਸਿਡੀ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇੱਥੋਂ ਦਾ ਰਾਜ ਪ੍ਰਬੰਧ ਆਪਣੀਆਂ ਗਿਣਤੀਆਂ ਨੂੰ ਧਿਆਨ ਵਿਚ ਰੱਖ ਕੇ ਕਦਮ ਚੁੱਕਦਾ ਹੈ। ਪ੍ਰਬੰਧ ਇਹੋ ਚਾਹੁੰਦਾ ਹੈ ਕਿ ਕਿਸਾਨੀ ਇਕਹਿਰੀ ਜਮਾਤ ਦੇ ਤੌਰ ’ਤੇ ਦਿਸੇ ਜਦੋਂਕਿ ਹਕੀਕਤ ਵਿਚ ਪੰਜਾਬ ਦੀ ਕਿਸਾਨੀ ਇਕਹਿਰੀ ਤੇ ਇਕਸੁਰ ਜਮਾਤ ਨਹੀਂ। ਜਦੋਂ ਤਕ ਕਿਸਾਨੀ ਅੰਦਰ ਕਤਾਰਬੰਦੀ ਨਹੀਂ ਹੁੰਦੀ, ਉਦੋਂ ਤਕ ਖੇਤ ਮਜ਼ਦੂਰਾਂ ਨਾਲ ਥੋੜ੍ਹੀ ਜ਼ਮੀਨ ਦੀ ਮਾਲਕ ਕਿਸਾਨੀ, ਗ਼ਰੀਬ ਕਿਸਾਨੀ, ਦਰਮਿਆਨੀ ਕਿਸਾਨੀ ਦੀ ਸਾਂਝ ਨਹੀਂ ਪੈ ਸਕਦੀ।

ਸੰਜੀਵ ਮਿੰਟੂ, ਈਮੇਲ


ਗਾਗਰ ਵਿਚ ਸਾਗਰ

ਜਗਦੀਪ ਸਿੱਧੂ ਦਾ ਮਿਡਲ ‘ਮੈਚ ਦੇ ਬਹਾਨੇ’ (2 ਨਵੰਬਰ) ਗਾਗਰ ਵਿਚ ਸਾਗਰ ਜਾਪਿਆ। ਸੋਚਾਂ ਦੇ ਸਮੁੰਦਰ ਬਹੁਤ ਗਹਿਰੇ ਹੁੰਦੇ ਅਤੇ ਹਰ ਗੱਲ ਕਿਸੇ ਪੁਰਾਣੇ ਕਿੱਸੇ ਦਾ ਚੇਤਾ ਕਰਵਾ ਜਾਂਦੀ ਹੈ। ਸੋਚ ਦੀ ਗਤੀ ਸ਼ਾਇਦ ਰੋਸ਼ਨੀ ਤੋਂ ਵੀ ਤੇਜ਼ ਹੁੰਦੀ ਹੈ ਕਿ ਅਸੀਂ ਬੈਠੇ ਕਿਤੇ ਹੁੰਦੇ ਹਾਂ ਤੇ ਸੋਚਾਂ ਪਲਾਂ ਵਿਚ ਸੱਤ ਸਮੁੰਦਰ ਫੇਰੀ ਲਗਾ ਆਉਂਦੀਆਂ ਨੇ। ਲੇਖ ਵਿਚ ਕੁਝ ਗੱਲਾਂ ਬਹੁਤ ਡੂੰਘਾ ਅਰਥ ਛੱਡ ਗਈਆਂ।

ਵਿਕਾਸ ਕਪਿਲਾ, ਖੰਨਾ


ਭਾਸ਼ਾ ਦੀ ਤ੍ਰਾਸਦੀ

ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ (ਪਹਿਲੀ ਨਵੰਬਰ) ਮੌਜੂਦਾ ਹਾਲਾਤ ਬਿਆਨ ਕਰਦਾ ਹੈ। ਲੇਖ ਪੜ੍ਹ ਕੇ ਮਹਿਸੂਸ ਹੋਇਆ ਕਿ ਪੰਜਾਬੀ ਭਾਸ਼ਾ ਦੀ ਤ੍ਰਾਸਦੀ ਲਈ ਆਧੁਨਿਕਤਾ ਦਾ ਯੁੱਗ ਹੀ ਜ਼ਿੰਮੇਵਾਰ ਹੈ, ਤੇਜ਼ੀ ਨਾਲ ਬਦਲਦਾ ਯੁੱਗ (ਜ਼ਮਾਨਾ) ਨਵੀਂ ਪੀੜ੍ਹੀ ਨੂੰ ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜਨ ਲਈ ਮਜਬੂਰ ਕਰ ਰਿਹਾ ਹੈ। ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਾਪੇ ਅਤੇ ਉਨ੍ਹਾਂ ਦੇ ਬੱਚਿਆਂ ਦਾ ਰੁਝਾਨ ਮਾਤ ਭਾਸ਼ਾ ਤੋਂ ਹਟ ਕੇ ਅੰਗਰੇਜ਼ੀ ਵੱਲ ਹੋ ਤੁਰਿਆ ਹੈ। ਲੇਖ ਵਿਚ ਦਰਸਾਏ ਅੰਕੜਿਆਂ ਅਨੁਸਾਰ ਪੰਜਾਬ ਦੇ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈ ਪਰ ਪੰਜਾਬੀ ਸਕੂਲ (ਸਰਕਾਰੀ ਸਕੂਲ) ਜਿਉਂ ਦੇ ਤਿਉਂ ਹਨ। ਪਹਿਲਾ ਕਾਰਨ ਸਪਸ਼ਟ ਹੈ ਕਿ ਸਮੇਂ ਦੀ ਮੰਗ ਅੰਗਰੇਜ਼ੀ ਹੈ, ਪੰਜਾਬੀ ਨਹੀਂ। ਸਮੇਂ ਦੀਆਂ ਸਰਕਾਰਾਂ ਜਾਂ ਵਿਦਿਅਕ ਅਤੇ ਗ਼ੈਰ-ਵਿਦਿਅਕ ਸੰਸਥਾਵਾਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਹੀ ਨਹੀਂ ਕਰ ਰਹੀਆਂ। ਇਸ ਲਈ ਅੰਗਰੇਜ਼ੀ ਸਕੂਲਾਂ ਦੀ ਗਿਣਤੀ ਵਿਚ ਵਾਧਾ ਹੋਣਾ ਸੁਭਾਵਿਕ ਹੈ। ਦੂਸਰਾ ਕਾਰਨ ‘ਪੱਕੇ ਰੁਜ਼ਗਾਰ ਦੀ ਕਮੀ’ ਨੌਜਵਾਨਾਂ ਨੂੰ ਵਿਦੇਸ਼ੀ ਭਾਸ਼ਾ ਸਿੱਖਣ ਲਈ ਹਲੂਣਦੀ ਹੈ। ਹੁਣ ਲੋੜ ਹੈ, ਸਕੂਲੀ ਸਿੱਖਿਆ ਦੇ ਅੰਤਲੇ ਪੜਾਅ ਦੌਰਾਨ ਅਧਿਆਪਕਾਂ ਦੁਆਰਾ ਪੰਜਾਬੀ ਭਾਸ਼ਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

ਗੁਰਮੇਲ ਸਿੰਘ, ਨੇਹੀਆਂ ਵਾਲਾ (ਬਠਿੰਡਾ

(2)

ਪਹਿਲੀ ਨਵੰਬਰ ਨੂੰ ਛਪੇ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ ਵਿਚ ਡਾ. ਕੁਲਦੀਪ ਸਿੰਘ ਨੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਇਸ ਵਕਤ ਸਾਡੀ ਮਾਂ ਬੋਲੀ ਪੰਜਾਬੀ ਉੱਤੇ ਵੱਡਾ ਸੰਕਟ ਹੈ। ਪੰਜਾਬੀ ਭਾਸ਼ਾ ਵਿਚ ਸੰਕਟ 1980 ਤੋਂ ਬਾਅਦ ਸ਼ੁਰੂ ਹੋਇਆ ਜਦੋਂ ਸਾਰਾ ਪੰਜਾਬ ਅਤਿਵਾਦ ਦੀ ਮਾਰ ਹੇਠ ਆਇਆ ਸੀ ਜਿਸ ਕਾਰਨ ਆਰਥਿਕ ਪੱਖੋਂ ਠੀਕ ਤਬਕੇ ਸ਼ਹਿਰਾਂ ਵਿਚ ਵਸਣ ਲੱਗੇ। ਲੋਕਾਂ ਨੇ ਆਪਣੇ ਬੱਚੇ ਸ਼ਹਿਰਾਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਲਾ ਦਿੱਤੇ। ਸਕੂਲਾਂ ਵਿਚੋਂ ਪੰਜਾਬੀ ਦਾ ਖਾਰਜ ਹੋਣਾ ਪੰਜਾਬੀ ਭਾਸ਼ਾ ਵਿਚ ਸੰਕਟ ਦੀ ਬੁਨਿਆਦ ਹੈ। ਬੱਚੇ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਜਿੰਨੀ ਦੇਰ ਮਾਂ ਬੋਲੀ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਇਸ ਸੰਕਟ ਨੇ ਹੱਲ ਤਾਂ ਕੀ ਹੋਣਾ ਹੈ, ਇਸ ਨੂੰ ਮੋੜਾ ਵੀ ਨਹੀਂ ਪੈਣਾ।

ਕੁਲਜੀਤਪਾਲ ਕੌਰ, ਪਿੰਡ ਕੁਠਾਲਾ (ਮਾਲੇਰਕੋਟਲਾ)

(3)

ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਆਪਣੀ ਭਾਸ਼ਾ ਨਾਲ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ; ਕੇਵਲ ਮਾਪੇ ਹੀ ਨਹੀਂ, ਸਰਕਾਰ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੇ ਵੀ ਸਿੱਖਿਆ ਨੂੰ ਵਪਾਰੀਕਰਨ ਵੱਲ ਲਿਜਾਂਦੇ ਹੋਏ ਵਧੇਰੇ ਮੁਨਾਫ਼ਾ ਕਮਾਉਣ ਲਈ ਪੰਜਾਬੀ ਭਾਸ਼ਾ ਨੂੰ ਖ਼ੋਰਾ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬੀ ਭਾਸ਼ਾ ਵਿਚ ਦਿਨੋ-ਦਿਨ ਆ ਰਹੇ ਨਿਘਾਰ ਬਾਰੇ ਚਿੰਤਾ ਅਤੇ ਚਿੰਤਨ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਹੋਂਦ ਬਚਾਈ ਜਾ ਸਕੇ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ‘ਤਬਸਰਾ’ ਪੰਨੇ ਉੱਤੇ ਦਿਪਾਂਜਨ ਘੋਸ਼ ਦਾ ਲੇਖ ‘ਰੁੱਖਾਂ ਦੀ ਵਿਲੱਖਣ ਬੁੱਧੀ ਦੀਆਂ ਗੱਲਾਂ’ ਪੜ੍ਹਿਆ। ਇਹ ਗੱਲਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਰੁੱਖਾਂ ਵਿਚ ਵੀ ਜੀਵਨ ਹੈ ਅਤੇ ਮਨੁੱਖ ਵਾਂਗ ਇਨ੍ਹਾਂ ਨੂੰ ਵੀ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ ਪਰ ਮਨੁੱਖ ਅਕ੍ਰਿਤਘਣ ਬਣ ਕੇ ਰੁੱਖਾਂ ਦਾ ਨਾਸ ਕਰਦਾ ਹੈ; ਉਹ ਇਹ ਨਹੀਂ ਜਾਣਦਾ ਕਿ ਰੁੱਖਾਂ ਤੋਂ ਬਿਨਾ ਇਸ ਧਰਤੀ ’ਤੇ ਮਨੁੱਖ ਦੀ ਹੋਂਦ ਸੰਭਵ ਨਹੀਂ ਹੋਵੇਗੀ।

ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਕਾਹਲ ਵਾਲਾ ਬਿਆਨ

31 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਾਰੇ ਖ਼ਬਰ ਪੜ੍ਹੀ। ਉਨ੍ਹਾਂ ਆਖਿਆ ਹੈ ਕਿ ਜੇ ਮਹੀਨੇ ’ਚ ਇਨਸਾਫ਼ ਨਾ ਮਿਲਿਆ ਤਾਂ ਉਹ ਦੇਸ਼ ਭਾਰਤ ਛੱਡ ਦੇਣਗੇ। ਉਹ ਕਾਹਲ ਕਰ ਰਹੇ ਹਨ। ਇਸ ਕੇਸ ਵਿਚ ਦੋ ਗੈਂਗਸਟਰ ਮੁਕਾਬਲੇ ਰਾਹੀਂ ਮਾਰੇ ਗਏ, ਦਰਜਨਾਂ ਜੇਲ੍ਹ ’ਚ ਬੰਦ ਹਨ, ਪੁਲੀਸ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਸਬੰਧਿਤ ਲੜਕੀ ਸਮੇਤ ਕਈ ਗ੍ਰਿਫ਼ਤਾਰ ਕਰ ਲਏ ਹਨ। ਇੰਨੀ ਵੱਡੀ ਕਾਰਵਾਈ ਤਾਂ ਮੇਰੇ ਦੇਖਦਿਆਂ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਤਲ ’ਤੇ ਵੀ ਨਹੀਂ ਸੀ ਹੋਈ। ਉਂਝ ਵੀ, ਮੂਸੇਵਾਲਾ ਦੇ ਗੀਤਾਂ ਵਿਚ ਏਕੇ 47 ਦੀ ਵਰਤੋਂ ਕਰਨਾ ਗੈਂਗਸਟਰਾਂ ਨੂੰ ਬੁਰੇ ਕੰਮਾਂ ਲਈ ਉਕਸਾਉਣਾ ਸੀ। ਇਹ ਗੱਲ ਕੌਣ ਧਿਆਨ ਵਿਚ ਰੱਖੇਗਾ?

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਆਪ ਸਹੇੜੀ ਤ੍ਰਾਸਦੀ

ਗੁਜਰਾਤ ਵਿਚ ਹੋਇਆ ਪੁਲ ਹਾਦਸਾ ਅਸਲ ਵਿਚ ਆਪ ਸਹੇੜੀ ਤ੍ਰਾਸਦੀ ਹੈ। ਛੇ ਮਹੀਨਿਆਂ ਦੇ ਵਕਫ਼ੇ ਪਿੱਛੋਂ ਮੁਰੰਮਤ ਤੋਂ ਬਾਅਦ ਕੁਝ ਦਿਨ ਪਹਿਲਾਂ ਖੋਲ੍ਹੇ ਪੁਲ ਉੱਤੇ ਸਮਰੱਥਾ ਤੋਂ ਵਧੇਰੇ ਲੋਕ ਕਿਉਂ ਜਾਣ ਦਿੱਤੇ ਗਏ? ਗੁਜਰਾਤ ਸਰਕਾਰ ਨੇ ਭਾਵੇਂ ਖਾਨਾਪੂਰਤੀ ਲਈ ਕਾਰਵਾਈ ਕਰ ਦਿੱਤੀ ਹੈ ਪਰ ਅਸਲ ਮਸਲਾ ਤਾਂ ਸਿਆਸਤਦਾਨਾਂ, ਠੇਕੇਦਾਰਾਂ ਅਤੇ ਨੌਕਰਸ਼ਾਹਾਂ ਦੇ ਗੱਠਜੋੜ ਅਤੇ ਇਨ੍ਹਾਂ ਵੱਲੋਂ ਨਿੱਜੀ ਮੁਫ਼ਾਦਾਂ ਲਈ ਵਰਤੀ ਜਾਂਦੀ ਅਣਗਹਿਲੀ ਦਾ ਹੈ।

ਐੱਸਕੇ ਖੋਸਲਾ, ਚੰਡੀਗੜ੍ਹ