ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Nov 29, 2021

ਮੱਧ ਯੁੱਗ ਵਾਲੇ ਫ਼ੈਸਲੇ

27 ਨਵੰਬਰ ਦੀ ਸੰਪਾਦਕੀ ‘ਔਰਤਾਂ ਉੱਤੇ ਪਾਬੰਦੀਆਂ’ ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਵੱਲੋਂ ਲੜਕੀਆਂ ਸਮੇਤ ਔਰਤਾਂ ’ਤੇ ਸਿੱਖਿਆ ਪ੍ਰਾਪਤ ਕਰਨ ’ਤੇ ਵੀ ਪਾਬੰਦੀਆਂ ਲਾਉਣ ਦਾ ਮਸਲਾ ਵਿਚਾਰਿਆ ਗਿਆ ਹੈ। ਅਜਿਹੇ ਮੱਧਯੁੱਗੀ ਫ਼ੈਸਲਿਆਂ ਖ਼ਿਲਾਫ਼ ਹਰ ਮੰਚ ਤੋਂ ਆਵਾਜ਼ ਉਠਾਈ ਜਾਣੀ ਚਾਹੀਦੀ ਹੈ। 1980 ਵਿਚ ਇਰਾਨ ਵਿਚ ਆਇਤੁੱਲਾ ਖੁਮੈਨੀ ਨੇ ਵੀ ਬੀਬੀਆਂ ਉੱਤੇ ਅਜਿਹੇ ਜ਼ੁਲਮ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਇਸ ਦੇ ਉਲਟ ਖੁਮੈਨੀ ਦੀ ਆਪਣੀ ਲੋਕਪ੍ਰਿਯਤਾ ਘਟ ਗਈ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਤਾਲਿਬਾਨ ਦਾ ਸਮਰਥਨ ਮਾੜਾ ਹੈ ਜਦਕਿ ਪਾਕਿਸਤਾਨ ਦੋ ਵਾਰ ਔਰਤ (ਬੇਨਜ਼ੀਰ ਭੁੱਟੋ) ਨੂੰ ਪ੍ਰਧਾਨ ਮੰਤਰੀ ਬਣਾ ਚੁੱਕਾ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਦਲੇਰਾਨਾ ਕਹਾਣੀ

27 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਅੰਜੂਜੀਤ ਪੰਜਾਬਣ ਦਾ ਮਿਡਲ ‘ਮੇਲ ਬੇਮੇਲ’ ਤਲਾਕ ਲੈਣ ਮਗਰੋਂ ਖੁੱਲ੍ਹੀ, ਆਜ਼ਾਦ ਜ਼ਿੰਦਗੀ ਜਿਊੁਣ ਦੀ ਚਾਹਵਾਨ ਇਕ ਔਰਤ ਨਦੀਨ ਦੀ ਦਲੇਰਾਨਾ ਕਹਾਣੀ ਹੈ। ਇਸ ਕਹਾਣੀ ਨੂੰ ਸੁਣ ਕੇ ਦੂਜੀਆਂ ਔਰਤਾਂ ਵੀ ਇਹੋ ਮਹਿਸੂਸ ਕਰਦੀਆਂ ਹਨ ਕਿ ਮਰਦ ਨਾਲ ਜੁੜੀ ਔਰਤ ਦੀ ਜ਼ਿੰਦਗੀ ਇਕਪਾਸੜ ਸਮਝੌਤਾ ਹੀ ਹੈ ਜੋ ਲੋਕ ਲਾਜ ਦੇ ਬੈਨਰ ਹੇਠ ਨਿਭਦਾ ਰਹਿੰਦਾ ਹੈ। ਵਿਦਰੋਹ ਕਰਨ ਵਾਲੀ ਔਰਤ ਨੂੰ ਸਮਾਜ ਦਾ ਬਹੁਤ ਵੱਡਾ ਤਬਕਾ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਇਸੇ ਡਰੋਂ ਬਹੁਤੀਆਂ ਔਰਤਾਂ ਆਪਣੇ ਸਾਰੇ ਅਰਮਾਨ ਅਤੇ ਇੱਛਾਵਾਂ ਨੂੰ ਇਕ ਥਾਂ ਇਕੱਠੇ ਕਰ ਕੇ, ਬੰਬ ਦੁਆਲੇ ਲਪੇਟੀ ਰੱਸੀ ਵਾਂਗ ਜਕੜ ਕੇ ਸਾਰੀ ਉਮਰ ਬਤੀਤ ਕਰ ਦਿੰਦੀਆਂ ਹਨ। ਆਜ਼ਾਦੀ ਲਈ ਇਹ ਬੰਬ ਵਿਰਲਾ ਟਾਵਾਂ ਹੀ ਫਟਦਾ ਹੈ। ਵੱਡੀ ਗਿਣਤੀ ਵਿਚ ਔਰਤਾਂ ਆਪਣੇ ਗ਼ਲ ਵਿਚ ਵਿਆਰ ਦੀ ਤਖਤੀ ਲਮਕਾ ਕੇ ਦੁਨੀਆਂ ਦੇ ਮੰਚ ’ਤੇ ਪ੍ਰਵਾਨਿਤ ਕਲਾਕਾਰੀ ਕਰਦੀਆਂ ਵਿਦਾਅ ਹੋ ਜਾਂਦੀਆਂ ਹਨ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


(2)

ਅੰਜੂਜੀਤ ਪੰਜਾਬਣ ਦੀ ਰਚਨਾ ‘ਮੇਲ ਬੇਮੇਲ’ ਵਿਚ ਲੇਖਕ ਦੀ ਦੋਸਤ ਆਪਣੇ ਅਣਚਾਹੇ ਰਿਸ਼ਤੇ ਤੋਂ ਆਜ਼ਾਦ ਹੋ ਕੇ ਆਪਣੇ ਲਈ ਜਿਊਣਾ ਚਾਹੁੰਦੀ ਹੈ; ਪਹਿਲਾਂ ਉਹ ਆਪਣੇ ਪਤੀ ਦੇ ਅਧੀਨ ਹੋ ਕੇ ਆਪਣੇ ਖ਼ੁਆਬ ਮਾਰਦੀ ਰਹੀ। ਜਦੋਂ ਰਿਸ਼ਤਿਆਂ ਵਿਚ ਪਿਆਰ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਬਹਾਨੇ ਰਿਸ਼ਤਾ ਟੁੱਟ ਜਾਂਦਾ ਹੈ। ਇਸ ਤੋਂ ਪਹਿਲਾਂ 25 ਨਵੰਬਰ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਚੱਲ ਮੇਰਿਆ ਪੁੱਤਾ’ ਪੜ੍ਹਿਆ। ਰਚਨਾ ਪੜ੍ਹ ਕੇ ‘ਨਾਨਕ ਦੁਖੀਆ ਸਭੁ ਸੰਸਾਰੁ’ ਬਾਣੀ ਯਾਦ ਆ ਗਈ। ਸਮਾਜ ਵਿਚ ਬੰਦੇ ਅਤੇ ਉਸ ਦੇ ਗੁਣਾਂ ਨੂੰ ਦੇਖ ਕੇ ਵਿਆਹ ਕਰਨ ਦੀ ਥਾਂ ਜ਼ਮੀਨ-ਜਾਇਦਾਦ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਨਵਜੰਮੀ ਧੀ ਪੱਥਰ ਨਹੀਂ ਹੁੰਦੀ ਜੋ ਔਰਤ ਜੀਵਨ ਵਿਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰ ਕੇ ਵੀ ਹਾਰ ਨਹੀਂ ਮੰਨਦੀ ਅਤੇ ਹਰ ਸਮੇਂ ਹੱਸੂੰ ਹੱਸੂੰ ਕਰਦੀ ਹੈ, ਉਹ ਹੁੰਦੀ ਹੈ ਅਸਲ ਪੱਥਰ। ਮਰਦ ਪ੍ਰਧਾਨ ਸਮਾਜ ਔਰਤ ਨੂੰ ਕੁੜੀ ਜੰਮਣ ਉਪਰ ਕੋਸਦਾ ਹੈ ਪਰ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਵਿਗਿਆਨੀਆਂ ਅਨੁਸਾਰ ਕੁੜੀ ਜਾਂ ਮੁੰਡਾ ਜੰਮਣਾ ਔਰਤ ਦੀ ਥਾਂ ਮਰਦ ਉੱਪਰ ਨਿਰਭਰ ਹੁੰਦਾ ਹੈ।

ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਛਲਕਦੀਆਂ ਅੱਖਾਂ

26 ਨਵੰਬਰ ਨੂੰ ਕੁਲਮਿੰਦਰ ਕੌਰ ਦਾ ਮਿਡਲ ‘ਉਮਰਾਂ ਜੇਡ ਉਡੀਕ’ ਭਾਵੁਕ ਕਰਦਾ ਹੈ। ਸਾਡੇ ਦੇਸ਼ ’ਚ ਬੇਰੁਜ਼ਗਾਰੀ ਦੀ ਸਮੱਸਿਆ ਅਤੇ ਨਿਜ਼ਾਮ ਗੰਧਲਾ ਹੋਣ ਕਾਰਨ ਸਾਡੀ ਜਵਾਨੀ ਰੁਜ਼ਗਾਰ ਦੀ ਭਾਲ

ਵਾਸਤੇ ਵਿਦੇਸ਼ਾਂ ਵੱਲ ਮੂੰਹ ਕਰਨ ਲਈ ਮਜਬੂਰ ਹੈ। ਵਿਦੇਸ਼ੀ ਬੈਠੇ ਪੁੱਤਰ ਨੂੰ ਕਰੋਨਾ ਪਾਬੰਦੀਆਂ ਕਾਰਨ ਮੋਈ ਮਾਂ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ। ਮਾਂ ਪੁੱਤ ਨੂੰ ਮਿਲਣ ਦੀ ਤਾਂਘ ’ਚ ਤੁਰ ਗਈ ਅਤੇ ਪੁੱਤ ਨੂੰ ਮਾਂ ਦੀ ਅੰਤਿਮ ਯਾਤਰਾ ਸਮੇਂ ਅਰਥੀ ਨੂੰ ਮੋਢਾ ਨਾ ਦੇ ਸਕਣ ਦੀ ਚੀਸ ਦਾ ਜ਼ਿਕਰ ਪੜ੍ਹ ਕੇ ਅੱਖਾਂ ਮੱਲੋ-ਮੱਲੀ ਛਲਕਦੀਆਂ ਹਨ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


(2)

ਕੁਲਮਿੰਦਰ ਕੌਰ ਦੀ ਰਚਨਾ ‘ਉਮਰਾਂ ਜੇਡ ਉਡੀਕ’ ਪੜ੍ਹੀ। ਪੰਜਾਬ ਦਾ ਨੌਜਵਾਨ ਪੜ੍ਹ ਲਿਖ ਕੇ ਵਿਦੇਸ਼ਾਂ ਵਿਚ ਜਾ ਰਿਹਾ ਹੈ, ਇਉਂ ਪੰਜਾਬ ਦਾ ਪੈਸਾ ਵੀ ਬਾਹਰ ਜਾ ਰਿਹਾ ਹੈ। ਪਿਛਾਂਹ ਮਾਪੇ ਤੜਫ਼ਦੇ ਰਹਿ ਜਾਂਦੇ ਹਨ। ਸਵਾਲ ਹੈ ਕਿ ਸਰਕਾਰਾਂ ਇਸ ਬਾਰੇ ਸੰਜੀਦਾ ਕਿਉਂ ਨਹੀਂ ਹਨ? ਹੁਣ ਨੌਬਤ ਦੇਖੋ ਕੀ ਆ ਗਈ ਹੈ ਕਿ ਸੰਕਟ ਵੇਲੇ ਪੁੱਤ ਮਾਂ ਕੋਲ ਨਹੀਂ ਪਹੁੰਚ ਸਕਦਾ। ਉਂਜ ਸਾਰੀ ਦੁਨੀਆ ਕਹੀ ਜਾਂਦੀ ਹੈ ਕਿ ਸਮੁੱਚੀ ਦੁਨੀਆ ਹੁਣ ਇਕ ਪਿੰਡ ਬਣ ਗਈ ਹੈ।

ਗੁਰਮੀਤ ਸਿੰਘ, ਵੇਰਕਾ


ਕਮਜ਼ੋਰ ਸੰਸਥਾਵਾਂ

18 ਨਵੰਬਰ ਦੇ ਸੰਪਾਦਕੀ ‘ਨਾਖੁਸ਼ ਸੁਪਰੀਮ ਕੋਰਟ’ ਵਿਚ ਭਾਰਤ ਦੀ ਦਸ਼ਾ ਦਾ ਬਿਰਤਾਂਤ ਲਿਖਦੇ ਹੋਏ ਕਿਹਾ ਗਿਆ ਹੈ ਕਿ ਭੁੱਖਮਰੀ ਦੇ ਮਾਮਲੇ ਵਿਚ ਮੁਲਕ ਪਿਛਲੇ ਕੁਝ ਸਾਲਾਂ ਦੌਰਾਨ ਬਦ ਤੋਂ ਬਦਤਰ ਹੋਇਆ ਅਤੇ ਸਿਖਰਲੀ ਅਦਾਲਤ ਨੇ ਕਿਹਾ ਕਿ ਕਲਿਆਣਕਾਰੀ ਰਾਜ ਦੀ ਪਹਿਲੀ ਜ਼ਿੰਮੇਵਾਰੀ ਇਹੀ ਹੈ ਕਿ ਭੁੱਖ ਨਾਲ ਮਰ ਰਹੇ ਲੋਕਾਂ ਨੂੰ ਰੋਟੀ ਮੁਹੱਈਆ ਕਰਵਾਈ ਜਾਵੇ ਪਰ ਸੁਪਰੀਮ ਕੋਰਟ ਨੇ ਬਹੁਤ ਪਹਿਲਾਂ ਇਹ ਟਿੱਪਣੀ ਵੀ ਕੀਤੀ ਸੀ ਕਿ ਜੋ ਗੁਦਾਮਾਂ ਵਿਚ ਅਨਾਜ ਸੜ ਰਿਹਾ ਹੈ, ਉਹ ਗਰੀਬਾਂ ਵਿਚ ਕਿਉਂ ਨਹੀਂ ਵੰਡ ਦਿੱਤਾ ਜਾਂਦਾ? ਜਾਪਦਾ ਹੈ, ਕੇਂਦਰ ਸਰਕਾਰ ਜਾਣਬੁੱਝ ਕੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿਚ ਜੁਟੀ ਹੋਈ ਹੈ।

ਗੁਰਦਿਆਲ ਸਹੋਤਾ, ਲੁਧਿਆਣਾ


ਮਾਈ ਦੀ ਫਿਟਕਾਰ

15 ਨਵੰਬਰ ਦੇ ਅੰਕ ’ਚ ਸਫ਼ਾ 2 ਉੱਤੇ ਖ਼ਬਰ ‘ਮਾਈ ਦੀ ਫਿਟਕਾਰ’ ਵਿਚ ਮਾਤਾ ਮਹਿੰਦਰ ਕੌਰ ਨੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਉਸ ਦੇ ਬਿਆਨਾਂ ਬਾਰੇ ਠੀਕ ਤਾੜਿਆ ਹੈ। ਕੰਗਨਾ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ, ਕਦੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਅਤੇ ਕੁਰਬਾਨੀਆਂ ਬਾਰੇ ਗ਼ਲਤ ਬਿਆਨੀਆ ਕਰ ਰਹੀ ਹੈ। ਦੇਸ਼ ਦੀ ਜਨਤਾ ਨੂੰ ਪੂਰੀ ਪੂਰੀ ਸਮਝ ਹੈ।

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)


ਫ਼ਸਲਾਂ ਦੇ ਸਰਕਾਰੀ ਭਾਅ ਅਤੇ ਖ਼ਰੀਦ

ਡਾ. ਸੁਖਪਾਲ ਸਿੰਘ ਦੇ 27 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਫ਼ਸਲਾਂ ਦੀ ਐੱਮਐੱਸਪੀ ਅਤੇ ਖ਼ਰੀਦ ਦਾ ਮਸਲਾ’ ਵਿਚ ਜਿੱਥੇ ਇਨ੍ਹਾਂ ਮਸਲਿਆਂ ਦੀਆਂ ਹੋਰ ਪਰਤਾਂ ਖੋਲ੍ਹੀਆਂ ਹਨ, ਉੱਥੇ ਸਰਕਾਰੀ ਖ਼ਰੀਦ ਨਾ ਕਰਨ ਦੇ 17 ਲੱਖ ਕਰੋੜ ਰੁਪਏ ਦੀ ਲੋੜੀਂਦੀ ਰਾਸ਼ੀ ਦੇ ਬਹਾਨੇ ਨੂੰ, ਬਾਦਲੀਲ ਰੱਦ ਕਰਕੇ ਸਹੀ ਦਿਸ਼ਾ ਦਿਖਾਈ ਹੈ। ਉਨ੍ਹਾਂ ਤੱਥਾਂ ਸਹਿਤ 17 ਲੱਖ ਕਰੋੜ ਦੀ ਬਜਾਏ ਸਿਰਫ਼ 7.7 ਕਰੋੜ ਦੀ ਲੋੜ ਦਰਸਾ ਕੇ ਸਰਕਾਰੀ ਭੰਡੀ ਪ੍ਰਚਾਰ ਦੀ ਫ਼ੂਕ ਕੱਢ ਦਿੱਤੀ ਹੈ। ਇਸੇ ਤਰ੍ਹਾਂ ਬਾਗ਼ਬਾਨੀ (ਸਬਜ਼ੀਆਂ/ਫ਼ਲ) ਅਤੇ ਪਸ਼ੂ ਧਨ ਉਤਪਾਦ (ਦੁੱਧ/ਮੀਟ/ਆਂਡਾ) ਦੀ ਐੱਮਐੱਸਪੀ ਬਾਰੇ ਵੀ ਖ਼ਰੀਦ ਗਰੰਟੀ ਦਾ ਪ੍ਰਬੰਧ ਕਰਨ ਦਾ ਮੁੱਦਾ ਸਾਹਮਣੇ ਲਿਆਂਦਾ ਹੈ।

ਜਸਵੰਤ ਜੀਰਖ, ਲੁਧਿਆਣਾ

ਪਾਠਕਾਂ ਦੇ ਖ਼ਤ Other

Nov 26, 2021

ਪੁਖਤਾ ਕਦਮ

25 ਨਵੰਬਰ ਨੂੰ ਪਹਿਲੇ ਸਫੇ ਤੇ ਖ਼ਬਰ ਪੜ੍ਹੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਭਰੇਗੀ। ਮੁੱਖ ਮੰਤਰੀ ਨੇ ਯੂਨੀਵਰਸਿਟੀ ਦੀ ਸਾਲਾਨਾ ਸਰਕਾਰੀ ਗਰਾਂਟ ਵੀ ਦੁੱਗਣੀ ਤੋਂ ਜਿ਼ਆਦਾ ਕਰ ਦਿੱਤੀ ਹੈ। ਇਹ ਸਿੱਖਿਆ ਦੇ ਖੇਤਰ ਦਾ ਸਹੀ ਤੇ ਪੁਖਤਾ ਕਦਮ ਹੈ।

ਪਰਮਪਾਲ ਕੌਰ, ਜਲੰਧਰ

ਸਾਂਝੀਵਾਲਤਾ ਦੀ ਜਿੱਤ

20 ਨਵੰਬਰ ਦਾ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਕਿਸਾਨਾਂ ਦੇ ਬੇਮਿਸਾਲ ਅੰਦੋਲਨ ਲਈ ਸਲਾਮ ਹੈ। ਅੰਦੋਲਨ ਨੂੰ ਖਾਲਿਸਤਾਨੀ, ਮਾਓਵਾਦੀ, ਅਤਿਵਾਦੀ ਅਤੇ ਪ੍ਰਧਾਨ ਮੰਤਰੀ ਨੇ ਤਾਂ ਅੰਦੋਲਨਜੀਵੀ ਕਹਿ ਕੇ ਸਿਖਰ ਲਾ ਦਿੱਤੀ ਸੀ। ਉਂਜ ਪ੍ਰਧਾਨ ਮੰਤਰੀ ਨੂੰ ਇਹ ਕਾਨੂੰਨ ਵਾਪਸ ਲੈਣ ਦੀ ਮਜਬੂਰੀ ਪਿੱਛੇ ਸਹੀ ਕਾਰਨ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਖ਼ਤਰਾ ਸੀ। ਜੇ ਪ੍ਰਧਾਨ ਮੰਤਰੀ ਨੂੰ ਚੋਣਾਂ ਦਾ ਫਿਕਰ ਨਾ ਹੁੰਦਾ ਤਾਂ ਉਹ ਅਜਿਹੇ ਅੰਦੋਲਨਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ। ਇਸ ਬਾਰੇ ਖਬਰਦਾਰ ਰਹਿਣ ਦੀ ਲੋੜ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

(2)

20 ਨਵੰਬਰ ਦੇ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਅਤੇ ਹਮੀਰ ਸਿੰਘ ਦੇ ਲੇਖ ‘ਕਿਸਾਨ ਅੰਦੋਲਨ ਦੀਆਂ ਅਗਲੀਆਂ ਜ਼ਿੰਮੇਵਾਰੀਆਂ’ ਨੇ ਕਿਸਾਨੀ ਸੰਘਰਸ਼ ਦੇ ਬਿਰਤਾਂਤ, ਇਸ ਦੀ ਅਹਿਮੀਅਤ ਦੀ ਗੱਲ ਕਰਦੇ ਹੋਏ ਭਵਿੱਖ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਹੈ। ਸੱਚਮੁੱਚ ਕਿਸਾਨਾਂ ਨੇ ਇਸ ਸੰਘਰਸ਼ ਰਾਹੀਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਕਿਸਾਨਾਂ ਨੂੰ ਕਾਰਪੋਰੇਟੀ ਹਮਲੇ ਤੋਂ ਬਚਣ ਲਈ ਸਹਿਕਾਰੀ ਸੁਸਾਇਟੀਆਂ ਰਾਹੀਂ ਆਪਣੀ ਉਪਜ ਦਾ ਭਾਅ ਤੈਅ ਕਰਨ ਦੇ ਰਾਹ ਪੈਣਾ ਚਾਹੀਦਾ ਹੈ।

ਦਰਸ਼ਨ ਸਿੰਘ ਭੁੱਲਰ, ਬਠਿੰਡਾ

ਪਿੰਡ ਦਾ ਗੇੜਾ

12 ਨਵੰਬਰ ਦੇ ਅੰਕ ਵਿਚ ਅਵਤਾਰ ਸਿੰਘ ਬਿਲਿੰਗ ਦਾ ਮਿਡਲ ‘ਮਿੱਟੀ ਨਾਲ ਇਕਮਿਕ’ ਪੜ੍ਹਦਿਆਂ ਮੈਂ ਮਨ ਹੀ ਮਨ ਸੱਤਰ ਸਾਲ ਪਹਿਲਾਂ ਵਾਲੇ ਆਪਣੇ ਪਿੰਡ ਦੇ ਘਰਾਂ, ਖੇਤਾਂ ਅਤੇ ਜੂਹਾਂ ਦੇ ਗੇੜੇ ਕੱਢ ਆਇਆ। ਮੀਂਹ ਹਨੇਰੀ ਦੀ ਭਵਿੱਖਬਾਣੀ ਜੋ ਪੰਛੀਆਂ ਦੀਆਂ ਹਰਕਤਾਂ, ਹਵਾਵਾਂ ਦੇ ਰੁਖ਼ ਦੇਖ ਕੇ ਕੀਤੀ ਜਾਂਦੀ ਸੀ, ਸੱਚ ਹੁੰਦੀ ਸੀ। ਮੇਰੀ ਨਾਨੀ ਅੱਧੀ ਰਾਤ ਵੇਲੇ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਲਿਸ਼ਕਦੀ ਬਿਜਲੀ, ਪੱਛਮ ਜਾਂ ਪੂਰਬ ਵੱਲ ਚੱਲਦੀਆਂ ਹਵਾਵਾਂ ਤੋਂ ਅੰਦਾਜ਼ਾ ਲਾ ਕੇ ਆਪਣੀ ਸੋਟੀ ਚੁੱਕ ਬਾਹਰਲੇ ਡੰਗਰਾਂ ਵਾਲੇ ਕੋਠੇ ਆ ਕੇ, ਹਾਕਾਂ ਮਾਰ ਮਾਰ ਸਾਨੂੰ ਸੁੱਤਿਆਂ ਨੂੰ ਮੀਂਹ ਤੋਂ ਪਹਿਲਾਂ ਹੀ ਜਗਾ ਦਿੰਦੀ ਸੀ। ਹੁਣ ਦੇ ਮੌਸਮ ਵਿਭਾਗ ਨੂੰ ਮੀਂਹ ਹਨੇਰੀ ਆਉਣ ਦਾ ਇੰਨਾ ਪਤਾ ਨਹੀਂ ਹੁੰਦਾ, ਜਿੰਨਾ ਉਨ੍ਹਾਂ ਵੇਲਿਆਂ ਵਿਚ ਸਿੱਧੇ ਸਾਦੇ ਲੋਕਾਂ ਨੂੰ ਹੁੰਦਾ ਸੀ। ਲੇਖਕ ਨੇ ਜੋ ਨਿੱਕੇ ਨਿੱਕੇ ਵਹਿਮਾਂ ਭਰਮਾਂ ਬਾਰੇ ਲਿਖਿਆ ਹੈ, ਉਨ੍ਹਾਂ ਦਾ ਵੀ ਖ਼ਾਸ ਪਿਛੋਕੜ ਹੁੰਦਾ ਸੀ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

(2)

ਅਵਤਾਰ ਸਿੰਘ ਬਿਲਿੰਗ ਨੇ ‘ਮਿੱਟੀ ਨਾਲ ਇਕਮਿਕ’ (12 ਨਵੰਬਰ) ਵਿਚ ਸੱਚੇ-ਸੁੱਚੇ, ਸਾਦਗ਼ੀ ਅਤੇ ਕੁਦਰਤੀ ਵਰਤਾਰਿਆਂ ਨਾਲ ਜੁੜੇ ਲੋਕਾਂ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਹੈ। ਉਦੋਂ ਮਿੱਟੀ ਨਾਲ ਜੁੜੇ ਲੋਕ ਰੁੱਤਾਂ, ਪੰਛੀਆਂ ਤੇ ਕੀਟ-ਪਤੰਗਿਆਂ ਦੀ ਹਰਕਤ ਦੇਖ ਕੇ ਆਸਾਨੀ ਨਾਲ ਬਦਲਾਓ ਦੀ ਭਵਿੱਖਬਾਣੀ ਕਰ ਲੈਂਦੇ ਸਨ।

ਮਨਿੰਦਰਜੀਤ ਕੌਰ, ਪਿੰਡ ਮਹਿਲਾਂਵਾਲਾ (ਅੰਮ੍ਰਿਤਸਰ)

(3)

ਅਵਤਾਰ ਸਿੰਘ ਬਿਲਿੰਗ ਨੇ ਮਿਡਲ ‘ਮਿੱਟੀ ਨਾਲ ਇਕਮਿਕ’ ਵਿਚ ਕੁਦਰਤ ਨਾਲ ਜੁੜੀ ਲੋਕ ਸਮਝ ਪੇਸ਼ ਕੀਤੀ ਹੈ। ਅਸਲ ਵਿਚ ਕੁਦਰਤ ਨਾਲ ਜੁੜਨਾ ਹੀ ਵਿਗਿਆਨਕ ਹੋਣਾ ਹੈ। ਇਹੀ ਕਾਰਨ ਹੈ ਕਿ ਕੁਦਰਤ ਨਾਲ ਜੁੜੇ ਲੋਕਾਂ ਦੇ ਲਾਏ ਅਗਾਊਂ ਅਨੁਮਾਨ 100 ਫ਼ੀਸਦੀ ਸਹੀ ਹੁੰਦੇ ਹਨ।

ਹਰਵਿੰਦਰ ਸਿੰਘ ਰੋਡੇ, ਪਿੰਡ ਰੋਡੇ (ਮੋਗਾ)

ਵਾਤਾਵਰਨ ਖ਼ਰਾਬੀ

9 ਨਵੰਬਰ ਦੇ ਨਜ਼ਰੀਏ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੇਖ ‘ਗਲਾਸਗੋ ਕਾਨਫ਼ਰੰਸ’ ਪੜ੍ਹ ਕੇ ਅਹਿਸਾਸ ਹੋਇਆ ਕਿ ਦਿਨੋ ਦਿਨ ਧਰਤੀ ਦਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ। ਕਾਨਫ਼ਰੰਸ ਆਫ਼ ਪਾਰਟੀਜ਼ ਵਿਚ ਬਹੁਤ ਹੀ ਕਮੀਆਂ ਰਹੀਆਂ, ਕੁਝ ਦੇਸ਼ਾਂ ਦੇ ਪ੍ਰਤੀਨਿਧੀ ਇਸ ਵਿਚ ਸ਼ਾਮਿਲ ਹੀ ਨਹੀਂ ਹੋਏ ਤੇ ਕੁਝ ਵੱਲੋਂ ਕੀਤੇ ਗਏ ਫ਼ੈਸਲੇ ਪਰਵਾਨ ਨਹੀਂ ਕੀਤੇ ਗਏ। ਹੁਣ ਵਾਤਾਵਰਨ ਬਾਰੇ ਠੋਸ ਫ਼ੈਸਲੇ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬਰਬਾਦੀ ਤੋਂ ਬਚ ਸਕਣ।

ਜਸਦੀਪ ਕੌਰ, ਲੁਧਿਆਣਾ

(2)

ਡਾ. ਗੁਰਿੰਦਰ ਕੌਰ ਦੇ ਲੇਖ ‘ਗਲਾਸਗੋ ਕਾਨਫ਼ਰੰਸ’ ਵਿਚ ਵੱਖ ਵੱਖ ਦੇਸ਼ਾਂ ਵਿਚ ਕੀਤੀਆਂ ਕਾਨਫ਼ਰੰਸਾਂ ਕਿਸੇ ਵੀ ਸਿੱਟੇ ’ਤੇ ਨਹੀਂ ਪਹੁੰਚੀਆਂ ਪਰ ਇਨ੍ਹਾਂ ਕਾਨਫ਼ਰੰਸਾਂ ਦਾ ਮੁੱਦਾ ਬੜਾ ਅਹਿਮ ਹੈ। ਵਾਤਾਵਰਨ ਵਿਚ ਜ਼ਹਿਰੀਲੀਆਂ ਗੈਸਾਂ ਦੀ ਕਟੌਤੀ ਕਰਨਾ ਹੁਣ ਜ਼ਰੂਰੀ ਹੈ ਤਾਂ ਕਿ ਕੁਦਰਤੀ ਆਫ਼ਤਾਂ ਨੂੰ ਰੋਕਿਆ ਜਾ ਸਕੇ।

ਰਮਨਜੋਤ ਕੌਰ (ਥੂਹੀ)

ਹਰਜੀਤ ਅਟਵਾਲ ਦੇ ਲੇਖ

ਹਰਜੀਤ ਅਟਵਾਲ ਦੇ ਲੇਖ ਜਾਣਕਾਰੀ ਭਰਪੂਰ ਅਤੇ ਦਿਲਚਸਪ ਹੁੰਦੇ ਹਨ। ਲੰਡਨ ਦੀ ਸ਼ਾਨ: ਲੰਡਨ ਆਈ, ਲੇਖਕਾਂ ਦਾ ਮੱਕਾ ਸਟਰੈਟਫੋਰਡ ਅਤੇ ਲੰਡਨ ਦੇ ਖਾਨਾਬਦੋਸ਼ ਪੜ੍ਹ ਕੇ ਵੰਨਗੀ ਦਾ ਪਤਾ ਲਗਦਾ ਹੈ।

ਗੁਰਮੀਤ ਸਿੰਘ ਚੀਮਾ, ਈਮੇਲ

ਬਾਜ਼ਾਰ, ਦਵਾਈਆਂ ਤੇ ਸਿਹਤ ਦਾ ਰਿਸ਼ਤਾ

10 ਨਵੰਬਰ ਦੇ ਲੇਖ ‘ਬਾਜ਼ਾਰ, ਦਵਾਈਆਂ ਤੇ ਸਿਹਤ ਦਾ ਰਿਸ਼ਤਾ’ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਦਵਾ ਕੰਪਨੀਆਂ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ। ਲੋਕ ਸਿਹਤ ਬਾਰੇ ਦਿਨੋ-ਦਿਨ ਜਾਗਰੂਕ ਹੋ ਰਹੇ ਹਨ ਤੇ ਸਮੇਂ ਸਮੇਂ ਸਿਰ ਟੈਸਟ ਵਗੈਰਾ ਵੀ ਕਰਵਾਉਂਦੇ ਹਨ ਪਰ ਖ਼ਾਸ ਸਕੀਮ ਅਧੀਨ ਬਿਮਾਰੀ ਦੀ ਮਾਪ-ਦੰਡ ਸੀਮਾ ਹੀ ਘਟਾ ਦਿੱਤੀ ਜਾਂਦੀ ਹੈ; ਸਿੱਟੇ ਵਜੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਬਿਮਾਰੀਆਂ ਦੇ ਘੇਰੇ ਵਿਚ ਆ ਜਾਂਦੇ ਹਨ ਤੇ ਡਰਦੇ ਮਾਰੇ ਦਵਾਈਆਂ ਤੇ ਡਾਕਟਰਾਂ ਦਾ ਸਹਾਰਾ ਲੈਣ ਲੱਗਦੇ ਹਨ। ਸਰਕਾਰਾਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਫ਼ਤ ਦੇ ਕੇ ਦਵਾ ਕੰਪਨੀਆਂ ਦਾ ਗ਼ਲਬਾ ਵੀ ਤੋੜਨਾ ਚਾਹੀਦਾ ਹੈ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)

ਪਾਠਕਾਂ ਦੇ ਖ਼ਤ Other

Nov 18, 2021

ਦਵਾਈਆਂ ਦੀ ਮੰਡੀ

10 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ਜੋ ਸੱਚ ਬਿਆਨ ਕੀਤਾ ਹੈ, ਉਹ ਇਨਸਾਨੀ ਰੂਹ ਦਾ ਸੱਚ ਹੈ। ਪਿਛਲੇ ਕਈ ਸਾਲਾਂ ਤੋਂ ਮੈਂ ਵੀ ਇਨ੍ਹਾਂ ਗੱਲਾਂ ਬਾਰੇ ਲਿਖਣ ਬਾਰੇ ਮਹਿਸੂਸ ਕਰਦੀ ਸਾਂ ਪਰ ਹੀਆ ਨਹੀਂ ਕਰ ਸਕੀ ਕਿਉਂਕਿ ਪੇਸ਼ੇ ਤੋਂ ਡਾਕਟਰ ਨਹੀਂ। ਮੇਰੀ ਕਹੀ ਗੱਲ ਦੀ ਪ੍ਰਮਾਣਿਕਤਾ ਨਹੀਂ ਸੀ ਬਣ ਸਕਦੀ। ਹਰ ਸ਼ਖ਼ਸ ਜੋ ਮਨੁੱਖੀ ਸਰੀਰ ਬਾਰੇ ਮਾੜੀ ਮੋਟੀ ਸਮਝ ਰੱਖਦਾ ਹੈ, ਦਵਾਈਆਂ ਦੇ ਬਾਜ਼ਾਰ ਦੀ ਸ਼ਾਤਿਰ ਖੇਡ ਨੂੰ ਜ਼ਰੂਰ ਪਛਾਣ ਸਕਦਾ ਹੈ। ਉਂਜ ਥੋੜ੍ਹੀ ਜਿਹੀ ਸਮਝਦਾਰੀ, ਜਾਣਕਾਰੀ ਅਤੇ ਸਵੈ-ਸੰਜਮ ਤੋਂ ਕੰਮ ਲੈ ਕੇ ਬੰਦਾ ਰੋਗਨਿਰੋਧਕ ਸ਼ਕਤੀ ਨੂੰ ਹੀ ਵੈਕਸੀਨ ਵਾਂਗ ਵਰਤਣ ਦੇ ਕਾਬਲ ਹੋ ਸਕਦਾ ਹੈ। ਕਦੇ ਦੁਨੀਆ ਦੇ ਸਭ ਤੋਂ ਪਹਿਲੇ ਡਾਕਟਰ ਹਿੱਪਕਰੇਟੀਜ਼ ਨੇ ਕਿਹਾ ਸੀ, ‘‘ਪੈਦਲ ਤੁਰਨਾ ਹੀ ਸਭ ਤੋਂ ਚੰਗੀ ਦਵਾਈ ਹੈ।’’ ਹੁਣ ਕਾਰਾਂ ਦੀ ਬਹੁਲਤਾ ਨੇ ਬੰਦੇ ਨੂੰ ਤੁਰਨ ਜੋਗਾ ਛੱਡਿਆ ਹੀ ਨਹੀਂ। ਹੁਣ ਤੁਰਨ ਲਈ ਉਚੇਚਾ ਸੈਰ ਕਰਨੀ ਹੀ ਇਕ ਸਾਧਨ ਰਹਿ ਗਿਆ ਹੈ।
ਪ੍ਰੋ. ਕਮਲੇਸ਼ ਉੱਪਲ, ਪਟਿਆਲਾ


ਬੱਚਿਆਂ ਦੀ ਪੜ੍ਹਾਈ

17 ਨਵੰਬਰ ਨੂੰ ਪਹਿਲੇ ਸਫ਼ੇ ’ਤੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੀ ਖ਼ਬਰ ਪੜ੍ਹ ਕੇ ਹੈਰਾਨੀ ਹੋਈ। ਪੜ੍ਹਨ ਲਈ ਸਭ ਵਰਗ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਬਾਰ੍ਹਵੀਂ ਤਕ ਬਿਨਾ ਫ਼ੀਸ ਪੜ੍ਹਾਈ ਦੀ ਤੁਕ ਤਾਂ ਬਣਦੀ ਹੈ, ਵਰਦੀ ਨਾਲ ਪੜ੍ਹਾਈ ਦਾ ਕੋਈ ਸਬੰਧ ਨਹੀਂ। ਕਈ ਮੁਲਕਾਂ ਵਿਚ ਬਾਰ੍ਹਵੀਂ ਤਕ ਨਾ ਕੋਈ ਫ਼ੀਸ, ਨਾ ਹੀ ਕਿਤਾਬਾਂ-ਕਾਪੀਆਂ ਦਾ ਖ਼ਰਚ, ਨਾ ਵਰਦੀ ਲਗਾਈ ਜਾਂਦੀ ਹੈ। ਜਿਹੜੇ ਬੱਚੇ ਖਾਣਾ ਲੈਣਾ ਚਾਹੁੰਦੇ ਹਨ, ਫਾਰਮ ਭਰ ਕੇ ਦੇ ਦਿੰਦੇ ਹਨ, ਬਿਲਕੁੱਲ ਤਾਜ਼ਾ ਖਾਣਾ ਉਨ੍ਹਾਂ ਨੂੰ ਮਿਲ ਜਾਂਦਾ ਹੈ। ਇਨ੍ਹਾਂ ਉਨਤ ਮੁਲਕਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਦਵਿੰਦਰ ਕੌਰ, ਈਮੇਲ


ਫ਼ਰਿਆਦ ਕਿੱਥੇ ਕਰੀਏ

17 ਨਵੰਬਰ ਦੇ ਨਜ਼ਰੀਆ ਪੰਨੇ ’ਤੇ ‘ਜ਼ਿੰਮੇਵਾਰ ਕੌਣ?’ ਸਿਰਲੇਖ ਅਧੀਨ ਜਗਦੀਸ਼ ਕੌਰ ਮਾਨ ਦੀ ਰਚਨਾ ਨਸ਼ਿਆਂ ਦੇ ਹੜ੍ਹ ਕਾਰਨ ਟੁੱਟ ਰਹੇ ਰਿਸ਼ਤਿਆਂ ਅਤੇ ਘਰਾਂ ਦੀ ਮੰਦੀ ਹਾਲਤ ਬਿਆਨ ਕਰ ਗਈ। ਸਵਾਲ ਹੈ ਕਿ ਜੇ ਸਰਕਾਰਾਂ ਲੌਕਡਾਊਨ ਲਾ ਸਕਦੀਆਂ ਹਨ, ਰਾਤੋ-ਰਾਤ ਨੋਟਬੰਦੀ ਕਰ ਸਕਦੀਆਂ ਹਨ, ਫਿਰ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਵਿਚ ਦੇਰੀ ਕਿਉਂ? ਆਮ ਬੰਦਾ ਫ਼ਰਿਆਦ ਕਿੱਥੇ ਕਰੇ?
ਅੰਮ੍ਰਿਤ ਕੌਰ ਬਡਰੁੱਖਾਂ, ਸੰਗਰੂਰ


ਭਾਜਪਾ ਦੇ ਪਾਪੜ

16 ਨਵੰਬਰ ਦਾ ਸੰਪਾਦਕੀ ‘ਖੁਸ਼ਹਾਲੀ ਦਾ ਰਾਹ’ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਹੈ। ਪ੍ਰਧਾਨ ਮੰਤਰੀ ਨੂੰ ਮਜਬੂਰੀਵੱਸ ਇਹ ਰਸਤਾ ਖੋਲ੍ਹਣਾ ਪਿਆ ਹੈ ਪਰ ਭਾਜਪਾ ਪੰਜਾਬ ਵਿਚ ਜਿੰਨੇ ਮਰਜ਼ੀ ਪਾਪੜ ਵੇਲੀ ਜਾਵੇ, ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਨ੍ਹਾਂ ਦੇ ਨੇਤਾਵਾਂ ਨਾਲ ਜੱਗੋਂ ਤੇਰ੍ਹਵੀਂ ਹੁੰਦੀ ਰਹੇਗੀ। ਇਸੇ ਦਿਨ ਵਿਚਕਾਰਲਾ ਲੇਖ ‘ਪੁੰਨ ਦਾ ਵਿਆਹ’ (ਸੁਖਦੇਵ ਸਿੰਘ ਮਾਨ) ਪੜ੍ਹਿਆ। ਇਸ ਲਿਖਾਰੀ ਦੀ ਕਲਮ ਮਿੱਟੀ ਨਾਲ ਜੁੜੀ ਹੋਈ ਹੈ। ਇਸ ਵਿਚ ਪੰਜਾਬ ਦੇ ਤਿੰਨ ਕੁ ਦਹਾਕੇ ਪਹਿਲਾਂ ਦਾ ਬੜਾ ਸਟੀਕ ਚਿਤਰਨ ਹੈ। ਆੜ੍ਹਤੀਆਂ ਦੀਆਂ ਕਰਿਆਨੇ ਦੀਆਂ ਦੁਕਾਨਾਂ ਵੀ ਆਮ ਹੁੰਦੀਆਂ ਹਨ। ਜਿਸ ਤਰ੍ਹਾਂ ਪ੍ਰਭੂ ਨੇ ਕੁੜੀ ਦੀ ਵਿਆਹ ਲਈ ਯੋਗ ਮਦਦ ਕੀਤੀ, ਇਹ ਇਨਸਾਨੀਅਤ ਦੀ ਮੂੰਹ ਬੋਲਦੀ, ਸੋਹਣੀ ਤਸਵੀਰ ਪੇਸ਼ ਕੀਤੀ ਹੈ। ਅਜਿਹੀਆਂ ਕਹਾਣੀਆਂ ਮਨਘੜਤ ਨਹੀਂ। ਇਹ ਪੰਜਾਬ ਦੇ ਹਰ ਘਰ ਦੀ ਕਹਾਣੀ ਹੈ। 13 ਨਵੰਬਰ ਨੂੰ ਗੱਜਣਵਾਲਾ ਸੁਖਮਿੰਦਰ ਦੀ ਰਚਨਾ ‘ਜ਼ਿੰਦਗੀ ਇਮਤਿਹਾਨ ਲੈਂਦੀ ਹੈ’ ਪੰਜਾਬੀ ਵਿਰਸੇ ਦੀ ਝਲਕ ਦਿਖਾ ਗਈ। ਸਤਰੰਗ ਪੰਨੇ ’ਤੇ ਪਰਮਜੀਤ ਕੌਰ ਦਾ ਲੇਖ ‘ਸੋਸ਼ਲ ਮੀਡੀਆ ਦਾ ਮੱਕੜਜਾਲ’ ਸੋਸ਼ਲ ਮੀਡੀਆ ਦੀ ਨਾਜਾਇਜ਼ ਵਰਤੋਂ ਬਾਰੇ ਥੋੜ੍ਹੇ ਸ਼ਬਦਾਂ ਨਾਲ ਬਹੁਤ ਵੱਡੀ ਸਿੱਖਿਆ ਹੈ। ਸਤਰੰਗ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦੀਆਂ ਰਚਨਾਵਾਂ ਲੰਮੇ ਸਮੇਂ ਤੋਂ ਪੜ੍ਹ ਰਹੇ ਹਾਂ ਪਰ ਕਿਸੇ ਕਲਾਕਾਰ ਬਾਰੇ ਲਿਖਣਾ ਹੋਵੇ ਤਾਂ ਉਸ ਦੀ ਜ਼ਿੰਦਗੀ ਦੀ ਪੂਰੀ ਤਸਵੀਰ ਦੱਸਣੀ ਚਾਹੀਦੀ ਹੈ। ਉਂਜ ‘ਚਰਿੱਤਰ ਨੂੰ ਜਿਊਣ ਵਾਲਾ ਅਦਾਕਾਰ ਚਮਨਪੁਰੀ’ ਲੇਖ ਪੜ੍ਹਿਆ ਤਾਂ ਸਹੀ ਪਰ ਸਮਝ ਨਹੀਂ ਆਇਆ ਕਿਉਂਕਿ ਬਹੁਤੇ ਸ਼ਬਦਾਂ ਦੇ ਅਰਥ ਹੀ ਪਤਾ ਨਹੀਂ। ਮੁਤਆਰਿਫ਼, ਮਰਕਜ਼ੀ, ਮਕਾਲਮੇ ਆਦਿ ਸ਼ਬਦ ਕੌਣ ਸਮਝਦਾ ਹੋਵੇਗਾ?
ਰਮੇਸ਼ਵਰ ਸਿੰਘ, ਪਟਿਆਲਾ


ਨਵੀਂ ਪੀੜ੍ਹੀ ਨੂੰ ਸੁਨੇਹਾ

13 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਗੱਜਣਵਾਲਾ ਸੁਖਮਿੰਦਰ ਦੀ ਲਿਖਤ ‘ਜ਼ਿੰਦਗੀ ਇਮਤਿਹਾਨ ਲੈਂਦੀ ਹੈ’ ਪਿੰਡ ਦੇ ਇਕ ਗ਼ਰੀਬ ਪਰਿਵਾਰ ਦੀ ਕਹਾਣੀ ਹੈ ਜਿਸ ਵਿਚ ਸੱਚਾਈ ਪੇਸ਼ ਕੀਤੀ ਗਈ ਹੈ। ਇਹ ਰਚਨਾ ਨਵੀਂ ਪੀੜ੍ਹੀ ਨੂੰ ਪਿੰਡ ਦੇ ਲੋਕਾਂ ਦਾ ਸਦੀਆਂ ਤੋਂ ਚਲਿਆ ਆ ਰਿਹਾ ਪਿਆਰ ਬਣਾਈ ਰੱਖਣ ਦਾ ਸੁਨੇਹਾ ਦਿੰਦੀ ਹੈ।
ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)


ਸੰਵੇਦਨਸ਼ੀਲ ਪਰਤਾਂ

11 ਨਵੰਬਰ ਨੂੰ ਅਤਰਜੀਤ ਦਾ ਮਿਡਲ ‘ਘੜੇ ਵਾਲੀ ਕੁੜੀ’ ਦਿਲ ਟੁੰਬਵਾਂ ਹੈ। ਉਨ੍ਹਾਂ ਇਸ ਲੜਕੀ ਦਾ ਜ਼ਿਕਰ ਆਪਣੀ ਸਵੈ-ਜੀਵਨੀ ‘ਅੱਕ ਦਾ ਦੁੱਧ’ ਵਿਚ ਵੀ ਕੀਤਾ ਹੈ। ਇਹ ਲੇਖ ਜਿੱਥੇ ਲੇਖਕ ਦੇ ਮਨ ਦੀਆਂ ਸੰਵੇਦਨਸ਼ੀਲ ਪਰਤਾਂ ਫ਼ਰੋਲਦਾ ਹੈ, ਉੱਥੇ ਸਾਡੇ ਸਮਾਜ ਵਿਚ ਫੈਲੇ ਜਾਤੀਵਾਦ ਦੇ ਕੋਹੜ ’ਤੇ ਵੀ ਵਿਅੰਗ ਕਰਦਾ ਹੈ।
ਸੁਖਪਾਲ ਸਿੰਘ ਹੁੰਦਲ, ਮੁਹਾਲੀ


ਵਾਤਾਵਰਨ ਬਾਰੇ ਯਤਨ

9 ਨਵੰਬਰ ਦੇ ਨਜ਼ਰੀਏ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੇਖ ‘ਗਲਾਸਗੋ ਕਾਨਫ਼ਰੰਸ: ਧਰਤੀ ਦੇ ਤਾਪਮਾਨ ਦਾ ਮਸਲਾ’ ਪੜ੍ਹਿਆ। ਅਹਿਸਾਸ ਹੋਇਆ ਕਿ ਸਾਰੇ ਹੀ ਦੇਸ਼ ਇਕ ਹੋ ਕੇ ਧਰਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਯਤਨ ਕਰ ਰਹੇ ਹਨ।
ਪਰਨੀਤ ਕੌਰ, ਜੀਂਦ


ਤਰਕ ਨਾਲ ਗੱਲਾਂ

21 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ‘ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ’ ਅਵਿਜੀਤ ਪਾਠਕ ਦੀ ਭਾਵਪੂਰਨ ਟਿੱਪਣੀ ਹੈ। ਲੇਖਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਬਦਾਂ ‘ਅਨਪੜ੍ਹ ਲੋਕ ਭਾਰਤ ਦੇ ਚੰਗੇ ਨਾਗਰਿਕ ਨਹੀਂ ਬਣ ਸਕਦੇ’ ਦੀ ਤਰਕ ਆਧਾਰਿਤ ਪ੍ਰਤੀਕਿਰਿਆ ਪੇਸ਼ ਕੀਤੀ ਹੈ। ਸਿੱਖਿਆ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿਲ ਦੁਖਦਾ ਹੋਵੇ ਪਰ ਟਿੱਪਣੀਕਾਰ ਦਾ ਵਿਚਾਰ ਵੀ ਆਪਣੀ ਜਗ੍ਹਾ ਮਹੱਤਵ ਰੱਖਦਾ ਹੈ ਕਿ ਸਮਾਜ ਦੇ ਪੜ੍ਹੇ-ਲਿਖੇ, ਤਕਨੀਕ ਦੇ ਮਾਹਿਰ ਜਾਂ ਪੈਸੇ ਵਾਲੇ ਲੋਕ ਅਸੂਲਾਂ ਦੀ ਕਦਰ ਕਰਨ ਵਾਲੇ ਹੋਣ, ਇਹ ਜ਼ਰੂਰੀ ਨਹੀਂ। ਦੂਜੇ ਪਾਸੇ ਅਜਿਹੇ ਵੀ ਇਨਸਾਨ ਹਨ ਜਿਹੜੇ ਤਾਲੀਮ ਜਾਂ ਹੋਰ ਬੁਨਿਆਦੀ ਸਾਧਨਾਂ ਤੋਂ ਹੀਣ ਹੁੰਦਿਆਂ ਵੀ ਸਾਨੂੰ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦਾ ਅਜਿਹਾ ਪਾਠ ਪੜ੍ਹਾ ਜਾਂਦੇ ਹਨ ਜਿਸ ਨਾਲ ਅਸੀਂ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਹੋ ਜਾਂਦੇ ਹਾਂ।
ਸ਼ੋਭਨਾ ਵਿਜ, ਪਟਿਆਲਾ


ਸੰਤੁਲਿਤ ਵਿਚਾਰ

18 ਅਕਤੂਬਰ ਨੂੰ ਮੋਨਿਕਾ ਸਭਰਵਾਲ ਦਾ ਲੇਖ ‘ਮੰਡੀ ਦੇ ਭੰਬਲਭੂਸੇ ਵਿਚ ਉਲਝਦਾ ਨਾਰੀਵਾਦ’ ਪੱਛਮੀ ਪ੍ਰਭਾਵ ਥੱਲੇ ਅਜੋਕੀ ਮੰਨੀ ਜਾ ਰਹੀ ਆਧੁਨਿਕਤਾ ਸਬੰਧੀ ਬਹੁਤ ਸਹੀ ਅਤੇ ਸੰਤੁਲਿਤ ਵਿਚਾਰ ਪੇਸ਼ ਕਰਦਾ ਹੈ। ਨਗਨਵਾਦ ਕਿਸੇ ਆਜ਼ਾਦੀ ਦਾ ਨਾਂ ਨਹੀਂ, ਇਹ ਸਿਰਫ਼ ਸਰੀਰਕ ਅਤੇ ਪਦਾਰਥਕ ਗੁਲਾਮੀ ਤੇ ਸ਼ੋਸ਼ਣ ਹੈ। ਨਾਰੀਵਾਦ ਜਾਂ ਔਰਤ ਦੀ ਆਜ਼ਾਦੀ ਦੇ ਬਹਾਨੇ ਪਦਾਰਥਕ ਲੁੱਟ-ਖਸੁੱਟ ਨੂੰ ਅਸੀਂ ਪਛਾਣ ਨਹੀਂ ਰਹੇ। ਔਰਤ ਨੂੰ ਆਜ਼ਾਦੀ ਦੀ ਲੋੜ ਹੈ ਪਰ ਇਹ ਆਜ਼ਾਦੀ ਸੁਹਜ ਅਤੇ ਸਹਿਜ ਭਰਪੂਰ, ਘਰੇਲੂ ਮਾਰ-ਕੁਟਾਈ, ਆਰਥਿਕ ਦਬਾਉ ਅਤੇ ਮੰਡੀ ਦੇ ਸ਼ੋਸ਼ਣ ਤੋਂ ਬਚਾਉਣ ਵਾਲੀ ਹੋਣੀ ਚਾਹੀਦੀ ਹੈ। ਇਸੇ ਪੰਨੇ ’ਤੇ ਤਜਿੰਦਰ ਸਿੰਘ ਦਾ ਲੇਖ ‘ਫਾਸਟ ਫ਼ੈਸ਼ਨ’ ਬਰਾਂਡ ਅਤੇ ਫ਼ੈਸ਼ਨ ਦੇ ਨਾਂ ’ਤੇ ਕੱਪੜਿਆਂ ਦੀ ਹੋ ਰਹੀ ਦੁਰਗਤ ਅਤੇ ਮੁਲਕ ਦੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਦਾ ਬਿਆਨ ਕਰਦਾ ਹੈ। ਇਸੇ ਦਿਨ ਹੀ ‘ਮਨ ਦਾ ਸੰਦੂਕ’ ਮਿਡਲ ਭੁੱਲੇ-ਵਿਸਰੇ ਵਿਰਸੇ ਅਤੇ ਸਭਿਆਚਾਰ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ

ਡਾਕ ਐਤਵਾਰ ਦੀ Other

Nov 14, 2021

ਪ੍ਰੈਸ ਦੀ ਆਜ਼ਾਦੀ

ਐਤਵਾਰ, ਸੱਤ ਨਵੰਬਰ ਦੇ ਨਜ਼ਰੀਆ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਹੋਰਨੀਮਾਨ ਜਿਹਾ ਕੋਈ ਹੋਰ ਨਹੀਂ ਹੋਣਾ’ ਨਿਵੇਕਲਾ ਅਤੇ ਜਾਣਕਾਰੀ ਭਰਪੂਰ ਸੀ। ਹੋਰਨੀਮਾਨ ਦੇ ਦ੍ਰਿਸ਼ਟੀਕੋਣ ਅਤੇ ਉਸ ਦੀ ਆਪਣੇ ਵਿਚਾਰਾਂ ਪ੍ਰਤੀ ਦ੍ਰਿੜ੍ਹਤਾ ਸਲਾਹੁਣਯੋਗ ਹੈ। ਅਜੋਕੇ ਸਮੇਂ ਵਿਚ ਅਜਿਹੇ ਸੁਨੇਹੇ ਦੀ ਬਹੁਤ ਲੋੜ ਹੈ। ਹੋਰਨੀਮਾਨ ਦੀ ਉਮੀਦ, ਕਿ ਹਿੰਦੋਸਤਾਨ ਵਿਚ ਪ੍ਰੈਸ ਅਤੇ ਵਿਚਾਰਾਂ ’ਤੇ ਪਾਬੰਦੀ ਜਿਹੀ ਰੁਕਾਵਟ ਕਦੇ ਨਹੀਂ ਆਏਗੀ, ਉਮੀਦ ਪੂਰੀ ਹੋਈ ਨਹੀਂ ਜਾਪਦੀ। ਕੌਮੀ ਹਿਤ ਲਈ ਪ੍ਰੈਸ ਦੀ ਆਜ਼ਾਦੀ ਅਤਿ ਲੋੜੀਂਦੀ ਹੈ।

ਰਣਜੀਤ ਕੌਰ, ਪਟਿਆਲਾ


ਸਿਆਸਤ ਦੀ ਸਹੀ ਤਸਵੀਰ

31 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ‘ਦੇਸ਼ ਦੀ ਸਿਆਸਤ ਦੀ ਨੁਹਾਰ’ ਵਿਚ ਸਵਰਾਜਬੀਰ ਨੇ ਦੇਸ਼ ਦੀ ਸਿਆਸਤ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਸਿਆਸੀ ਪਾਰਟੀਆਂ ਲੋਕਾਂ ਨੂੰ ਧਰਮਾਂ ਅਤੇ ਜ਼ਾਤਾਂ ਵਿਚ ਵੰਡ ਕੇ ਅਤੇ ਆਪਸ ਵਿਚ ਲੜਾ ਕੇ ਸਿਰਫ਼ ਤੇ ਸਿਰਫ਼ ਚੋਣਾਂ ਜਿੱਤਣ ਦਾ ਟੀਚਾ ਰੱਖਦੀਆਂ ਹਨ। ਆਮ ਲੋਕਾਂ ਦੇ ਗੁਮਰਾਹ ਹੋਣ ਦੇ ਮੁੱਖ ਕਾਰਨ ਗ਼ਰੀਬੀ, ਅਨਪੜ੍ਹਤਾ ਅਤੇ ਮਨੂੰਵਾਦ ਦੁਆਰਾ ਉਨ੍ਹਾਂ ਵਿਚ ਭਰੀ ਜਾਤੀ ਊਚ-ਨੀਚ ਦੀ ਭਾਵਨਾ ਅਤੇ ਧਾਰਮਿਕ ਕੱਟੜਤਾ ਹਨ। ਦਰਅਸਲ, ਮਨੂੰਵਾਦ ਨੇ ਲੋਕਾਂ ਨੂੰ ਇਸ ਢੰਗ ਨਾਲ ਵੰਡਿਆ ਹੋਇਆ ਹੈ ਕਿ ਉਹ ਕਦੇ ਵੀ ਇਕਜੁਟ ਨਾ ਹੋ ਸਕਣ। ਮਨੂੰਵਾਦ ਦੀਆਂ ਨਜ਼ਰਾਂ ਵਿਚ ਪਹਿਲੇ ਦੋ ਵਰਣਾਂ ਨੂੰ ਛੱਡ ਕੇ ਬਾਕੀ ਸਾਰੇ ਦਲਿਤ ਹਨ। ਭਾਰਤ ਦੇ ਕਿਸਾਨਾਂ ਨੂੰ ਵੀ ਇਸ ਗੱਲ ਦੀ ਸਮਝ ਸ਼ਾਇਦ ਹੁਣ ਲੱਗ ਗਈ ਹੋਵੇਗੀ ਜਦੋਂ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਮਨੂੰਵਾਦੀਆਂ ਨੇ ਕਾਰਪੋਰੇਟ ਰੂਪੀ ਬਾਜ਼ਾਂ ਦੁਆਰਾ ਝਪਟ ਮਰਵਾਉਣ ਦੀ ਤਿਆਰੀ ਖਿੱਚ ਲਈ ਹੈ। ਸੰਪਾਦਕ ਨੇ ਆਖ਼ਰੀ ਪੈਰ੍ਹੇ ਵਿਚ ਸਾਰਥਿਕ ਸੁਝਾਅ ਦਿੱਤਾ ਹੈ। ਮੇਰਾ ਵਿਚਾਰ ਹੈ ਕਿ ਜੇਕਰ ਸਾਰੇ ਦਲਿਤ ਸਮਝੇ ਜਾਂਦੇ ਲੋਕ (ਅਨੁਸੂਚਿਤ, ਪੱਛੜੀਆਂ ਅਤੇ ਹੋਰ ਪੱਛੜੀਆਂ ਜਾਤਾਂ) ਅਤੇ ਗ਼ਰੀਬ ਲੋਕ ਜੋ ਦੇਸ਼ ਦੀ ਕੁੱਲ ਆਬਾਦੀ ਦਾ 85 ਫ਼ੀਸਦੀ ਤੋਂ ਵੱਧ ਹਿੱਸਾ ਬਣਦੇ ਹਨ, ਇਕ ਸਾਂਝਾ ਮੁਹਾਜ਼ ਬਣਾ ਕੇ ਸਰਬੱਤ ਦੇ ਭਲੇ ਲਈ ਚੋਣਾਂ ਲੜਨ ਅਤੇ ਸਰਕਾਰ ਬਣਾਉਣ ਤਾਂ ਹੀ ਦੇਸ਼ ਦਾ ਭਲਾ ਹੋ ਸਕਦਾ ਹੈ। ਨਹੀਂ ਤਾਂ ਚਲਾਕ ਚੋਣ ਰਣਨੀਤੀਕਾਰ ਕਾਰਪੋਰੇਟ ਘਰਾਣਿਆਂ ਦੀ ਮਦਦ ਨਾਲ ਚੱਲ ਰਹੀਆਂ ਸਿਆਸੀ ਪਾਰਟੀਆਂ ਤੋਂ ਮੂੰਹ ਮੰਗੀਆਂ ਫ਼ੀਸਾਂ ਲੈ ਕੇ ਉਨ੍ਹਾਂ ਨੂੰ ਲੋਕਾਂ ਵਿਚ ਵੰਡੀਆਂ ਪਾ ਕੇ ਆਪਸ ਵਿਚ ਲੜਾ, ਡਰਾ ਧਮਕਾ ਜਾਂ ਖਰੀਦ ਕੇ ਚੋਣਾਂ ਲੜਨ/ਜਿੱਤਣ ਦੇ ਢੰਗ ਦੱਸਦੇ ਰਹਿਣਗੇ ਅਤੇ ਲੋਕ ਇਸੇ ਤਰ੍ਹਾਂ ਖੱਜਲ ਖ਼ੁਆਰ ਹੁੰਦੇ ਰਹਿਣਗੇ।

ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Nov 11, 2021

ਪੁਲਾੜੀ ਦੂਰਬੀਨ

ਆਉਂਦੇ ਦਸੰਬਰ ਵਿਚ ਦਾਗ਼ੇ ਜਾਣ ਵਾਲੀ ਜੇਮਜ਼ ਵੈੱਬ ਪੁਲਾੜੀ ਦੂਰਬੀਨ ਬਾਰੇ ਹਰਜੀਤ ਸਿੰਘ ਦਾ ਲੇਖ ‘ਹੱਬਲ ਦੀ ਉਤਰਾਧਿਕਾਰੀ ਜੇਮਜ਼ ਵੈੱਬ ਦੂਰਬੀਨ’ (ਸਤਰੰਗ, 6 ਨਵੰਬਰ) ਪੰਜਾਬੀ ਪਾਠਕਾਂ ਲਈ ਰੌਚਿਕ ਅਤੇ ਗਿਆਨ ਵਧਾਊ ਲੇਖ ਸੀ। ਲੇਖਕ ਨੇ ਉਮਰ ਹੰਢਾ ਚੁੱਕੀ ਹੱਬਲ ਟੈਲੀਸਕੋਪ ਦੀ ਸਮਰੱਥਾ ਨੂੰ ਬੜੇ ਹੀ ਵਿਗਿਆਨਕ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਿਵੇਂ ਨਵੀਂ ਦੂਰਬੀਨ ਇਸ ਤੋਂ ਵਧੇਰੇ ਸਮਰੱਥ ਹੋਵੇਗੀ। ਜੇਮਜ਼ ਵੈੱਬ ਮਸ਼ੀਨ ਦਾ ਅਠਾਰਾਂ ਸ਼ਟਕੋਣੀ ਮਿਰਰਾਂ ਨਾਲ ਬਣਾਇਆ ਕੰਪਾਊਂਡ ਮਿਰਰ ਕਈ ਗੁਣਾ ਵਧੇਰੇ ਖੇਤਰਫ਼ਲ ਵਿਚੋਂ ਰੋਸ਼ਨੀ ਇਕੱਤਰ ਕਰੇਗਾ ਅਤੇ ਨਾਲ ਹੀ ਹੁਣ ਦੀ ਦੂਰਬੀਨ ਇਨਫ਼ਰਾ ਰੈੱਡ ਸਪੈਕਟਰਮ ਕਾਬਲੀਅਤ ਕਾਰਨ ਬ੍ਰਹਿਮੰਡ ਦੇ ਧੁਰ ਅੰਦਰੋਂ ਉਪਜੀਆਂ ਤਸਵੀਰਾਂ ਨੂੰ ਜ਼ਿਆਦਾ ਸਪੱਸ਼ਟ ਕਰਕੇ ਦਿਖਾਏਗੀ। ਖ਼ਾਸ ਅਚੰਭੇ ਵਾਲੀ ਗੱਲ ਹੈ ਕਿ ਇਸ ਦੇ 6-7 ਟਨ ਵਜ਼ਨੀ ਅਤੇ ਨਾਜ਼ੁਕ ਸ਼ੀਸ਼ੇ ਨੂੰ ਫੋਲਡ ਕਰ ਕੇ ਪੁਲਾੜ ਵਿਚ ਭੇਜਣਾ, ਖੋਲ੍ਹਣਾ ਅਤੇ ਦਾਗ਼ਣਾ ਹੈ। ਬ੍ਰਹਿਮੰਡ ਦੇ ਰਹਿੰਦੇ ਰਹੱਸ ਵੀ ਹੁਣ ਸਾਕਾਰ ਹੋਣ ਵਾਲੇ ਹਨ ਪਰ ਅਸੀਂ ਅਜੇ ਵੀ ਕਿਸੇ ਰਚਨਾਕਾਰ, ਕਿਸੇ ਰੱਬ, ਕਿਸੇ ਈਸ਼ਵਰ ਨੂੰ ਤਲਾਸ਼ ਰਹੇ ਹਾਂ।

ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ


ਕੱਛੂਕੁੰਮਿਆਂ ਦਾ ਸੰਸਾਰ

ਸਤਰੰਗ ਪੰਨੇ ’ਤੇ ਹਰੀ ਕ੍ਰਿਸ਼ਨ ਮਾਇਰ ਦੀ ਕਹਾਣੀ ‘ਕੱਛੂਕੁੰਮਿਆਂ ਦਾ ਟੋਭਾ’ (6 ਨਵੰਬਰ) ਪੜ੍ਹੀ। ਟਰਟਲ ਤੇ ਟਰਟੁਆਇਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇਹ ਦੋ ਵੱਖਰੀਆਂ ਜਾਤੀਆਂ ਹਨ, ਟਰਟੁਆਇਸ ਦੇ ਪੈਰ ਅਤੇ ਲੱਤਾਂ ਹੁੰਦੀਆਂ ਹਨ ਜਦੋਂ ਕਿ ਟਰਟਲ ਦੇ ਪੈਡਲ ਹੁੰਦੇ ਹਨ, ਕੱਛੂਕੁੰਮੇ ਤਾਜ਼ੇ ਪਾਣੀ ਵਿਚ ਹੁੰਦੇ ਹਨ ਜਦੋਂ ਕਿ ਟਰਟਲ ਸਮੁੰਦਰੀ ਪਾਣੀ ਵਿਚ।

ਕੁਲਜਿੰਦਰ ਸਿੰਘ, ਬਸੀ ਪਠਾਣਾਂ


ਦੀਵਿਆਂ ਦੀ ਕਤਾਰ

30 ਅਕਤੂਬਰ ਦੇ ਸਤਰੰਗ ਪੰਨੇ ’ਤੇ ਮਿੱਟੀ ਦੇ ਦੀਵਿਆਂ ਦੀ ਲੋਅ ਦੇਖ ਕੇ ਮਨ ਪ੍ਰਸੰਨ ਹੋਇਆ। ਇਸ ਰਚਨਾ ਦੇ ਲੇਖਕ ਡਾ. ਪ੍ਰਿਤਪਾਲ ਸਿੰਘ ਮਹਿਰੋਕ ਨੇ ਦੀਵਾਲੀ ਦੇ ਇਤਿਹਾਸ ਅਤੇ ਇਸ ਦੇ ਸੁਨੇਹੇ ਬਾਰੇ ਗੱਲ ਕੀਤੀ ਹੈ। ਕਾਲੀ ਹਨੇਰੀ ਰਾਤ ਨੂੰ ਕਤਾਰਾਂ ਵਿਚ ਜਗਦੇ ਦੀਵੇ ਹਰ ਇਕ ਦਾ ਮਨ ਮੋਹ ਲੈਂਦੇ ਹਨ। ਘਰਾਂ ਦੇ ਬਨੇਰਿਆਂ, ਵਿਹੜਿਆਂ, ਦੁਕਾਨਾਂ ਅਤੇ ਖੇਤਾਂ ਵਿਚ ਜਗਦੇ ਇਹ ਦੀਵੇ ਖੁਸ਼ਹਾਲੀ, ਆਪਸੀ ਸਾਂਝ ਅਤੇ ਕੁਦਰਤ ਨਾਲ ਸੰਤੁਲਨ ਬਣਾ ਕੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਇਸ ਤਿਉਹਾਰ ਮੌਕੇ ਹਰ ਭਾਰਤਵਾਸੀ ਨੂੰ ਪ੍ਰਦੂਸ਼ਣ ਰਹਿਤ ਅਤੇ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦਾ ਹਲਫ਼ ਲੈਣਾ ਚਾਹੀਦਾ ਹੈ। ਆਤਿਸ਼ਬਾਜ਼ੀ, ਚੋਰ ਬਾਜ਼ਾਰੀ ਵਾਲੀਆਂ ਵਸਤੂਆਂ, ਬੇਲੋੜੇ ਦਿਖਾਵੇ ਅਤੇ ਖ਼ਰਚਿਆਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ।

ਕੁਲਦੀਪ ਸਿੰਘ ਥਿੰਦ, ਪਿੰਡ ਬਾਰਨਾ (ਕੁਰੂਕਸ਼ੇਤਰ)


ਕਿਰਤੀ ਤਬਕਾ

ਕਰਮਜੀਤ ਕੌਰ ਮੁਕਤਸਰ ਨੇ ਆਪਣੇ ਮਿਡਲ ‘ਚਾਹ ਦੀ ਘੁੱਟ’ (28 ਅਕਤੂਬਰ) ਰਾਹੀਂ ਸਮਾਜ ਦੇ ਆਰਥਿਕ ਤੇ ਪਛੜੇ ਕਿਰਤੀ ਤਬਕੇ ਦੇ ਜੀਵਨ ਸੰਘਰਸ਼ ਦੀ ਦਾਸਤਾਨ ਪੇਸ਼ ਕੀਤੀ ਹੈ। ਦੇਸ਼ ਦੇ ਵਿਕਾਸ ਕਾਰਜਾਂ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਕਿਰਤੀ ਮੁਢਲੀਆਂ ਲੋੜਾਂ ਤੋਂ ਵੀ ਵਾਂਝੇ ਹਨ। ਹਰ ਸਮੇਂ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਨੇਤਾ ਇਸ ਵਰਗ ਬਾਰੇ ਵੀ ਵਿਚਾਰ ਕਰ ਲੈਣ।

ਕੁਲਮਿੰਦਰ ਕੌਰ, ਮੁਹਾਲੀ


ਕਰਜ਼ਿਆਂ ਦਾ ਮੱਕੜਜਾਲ

26 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਮਨਦੀਪ ਸੰਤਨਗਰ ਦੀ ਰਚਨਾ ‘ਮਾਇਕਰੋ ਫਾਇਨਾਂਸ ਕੰਪਨੀਆਂ ਦਾ ਮੱਕੜਜਾਲ ਅਤੇ ਕਿਰਤੀ ਲੋਕ’ ਸੱਚ ਬਿਆਨ ਕਰਦੀ ਹੈ। ਆਮ ਕਰਕੇ ਜਦੋਂ ਕੰਪਨੀਆਂ ਵਾਲੇ ਕਿਸ਼ਤਾਂ ਭਰਵਾਉਣ ਆਉਂਦੇ ਹਨ ਤਾਂ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਕਈ ਥਾਈਂ ਤਾਂ ਹਾਲਾਤ ਲੜਾਈ ਝਗੜੇ ਵਾਲੇ ਹੋ ਚੁੱਕੇ ਹਨ। ਲੋਕ ਹੱਦੋਂ ਜ਼ਿਆਦਾ ਵਿਆਜ ਕਰਕੇ ਕਿਸ਼ਤਾਂ ਭਰ ਨਹੀਂ ਸਕਦੇ। ਸਰਕਾਰ ਨੂੰ ਗ਼ਰੀਬਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ।

ਜਗਜੀਤ ਸਿੰਘ, ਈਮੇਲ


ਪਛੜ ਰਿਹਾ ਭਾਰਤ

22 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਭਾਰਤ ਵਿਚ ਭੁੱਖਮਰੀ ਅਤੇ ਸਰਕਾਰ ਦੀ ਪਹੁੰਚ’ ਪੜ੍ਹਿਆ। ਇਹ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਹਰ ਪੱਖੋਂ ਪਛੜ ਰਿਹਾ ਹੈ। ਇਕ ਪਾਸੇ ਸਾਡੇ ਨੇਤਾ ਵਿਸ਼ਵ ਗੁਰੂ ਬਣਨ ਦੀਆਂ ਫੜ੍ਹਾਂ ਮਾਰਦੇ ਨਹੀਂ ਥੱਕਦੇ, ਦੂਜੇ ਪਾਸੇ ਆਬਾਦੀ ਦਾ ਚੌਥਾ ਹਿੱਸਾ ਅੱਧਾ ਭੁੱਖਾ ਤੇ ਅੱਧਾ ਨੰਗਾ ਸੌਣ ਲਈ ਮਜਬੂਰ ਹੈ। ਦੇਸ਼ ਦੇ ਨੇਤਾਵਾਂ ਨੂੰ ਕੁਝ ਕੁ ਕਾਰਪੋਰੇਟ ਘਰਾਣਿਆਂ ਦਾ ਫ਼ਿਕਰ ਹੈ, ਬਾਕੀ ਜਨਤਾ ਦੀ ਕੋਈ ਚਿੰਤਾ ਨਹੀਂ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਬਚਪਨ ਦੀ ਯਾਦ

22 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਰਾਜ ਰਿਸ਼ੀ ਦਾ ਮਿਡਲ ‘ਪੰਜ ਰੁਪਈਏ ’ਚ ਸ਼ਾਹ ਖ਼ਰਚ ਅਤੇ ਮਹਾਂਦਾਨ’ ਪੜ੍ਹ ਕੇ ਸੱਚਮੁੱਚ ਬਚਪਨ ਯਾਦ ਆ ਗਿਆ। ਸੰਨ 1970 ਦੇ ਨੇੜੇ ਤੇੜੇ ਅਤੇ ਉਸ ਤੋਂ ਪਹਿਲਾਂ ਜਨਮੇ ਸਾਰੇ ਹੀ ਸ਼ਹਿਰਾਂ ਵਾਲੇ ਚਟਪਟੇ ਖਾਣ ਪੀਣ ਤੋਂ ਕੋਹਾਂ ਦੂਰ ਸਨ। ਇਸ ਦਾ ਪਹਿਲਾ ਕਾਰਨ ਸ਼ਹਿਰ ਜਾਣ ਦੇ ਮੌਕੇ ਘੱਟ ਹੀ ਸਨ ਤੇ ਘਰਾਂ ਦੀ ਤੰਗੀ ਤੁਰਸ਼ੀ ਵੀ ਵੱਡਾ ਕਾਰਨ ਸੀ।

ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਉਰਦੂ ਸ਼ਬਦਾਂ ਦੀ ਭਰਮਾਰ

ਹਰ ਸ਼ਨਿੱਚਰਵਾਰ ਮਨਦੀਪ ਸਿੰਘ ਸਿੱਧੂ ਦਾ ਕੋਈ ਨਾ ਕੋਈ ਲੇਖ ਛਪਦਾ ਹੈ। ਹਰ ਲੇਖ ਵਿਚ ਉਰਦੂ ਦੇ ਬਹੁਤ ਭਾਰੇ ਸ਼ਬਦ ਵਰਤੇ ਜਾਂਦੇ ਹਨ। ਜਦੋਂ ਪੜ੍ਹਿਆ ਅੱਖਰ ਸਮਝ ਹੀ ਨਾ ਆਇਆ ਤਾਂ ਪੜ੍ਹਨ ਦਾ ਕੀ ਫ਼ਾਇਦਾ? 2 ਅਕਤੂਬਰ ਨੂੰ ਕੇ ਦੀਪ ਅਤੇ 9 ਅਕਤੂਬਰ ਨੂੰ ਆਈ ਐੱਸ ਜੌਹਰ ਬਾਰੇ ਲੇਖ ਛਪੇ ਹਨ। ਕੇ ਦੀਪ ਇੰਨਾ ਵਧੀਆ ਗਾਇਕ ਨਹੀਂ ਸੀ, ਹਾਂ ਆਪਣੀ ਪਤਨੀ ਜਗਮੋਹਣ ਕੌਰ ਜੋ ਉਸ ਦੇ ਨਾਲ ਗਾਉਂਦੀ ਸੀ, ਦਾ ਬਹੁਤ ਵਧੀਆ ਸਕੱਤਰ ਜ਼ਰੂਰ ਸੀ ਪਰ ਲੇਖਕ ਉਨ੍ਹਾਂ ਦੀ ਗਾਇਕੀ ਨੂੰ ਫ਼ਿਲਮਾਂ ਵਿਚੋਂ ਹੀ ਬਾਹਰ ਨਹੀਂ ਕੱਢ ਸਕਿਆ।

ਜੌਹਰ ਵਾਲਾ ਲੇਖ ਗੀਤਾਂ ਦੇ ਜ਼ਿਕਰ ਨਾਲ ਭਰਿਆ ਪਿਆ ਹੈ। ਗੀਤ ਕਿਸ ਨੇ ਲਿਖੇ, ਕਿਸ ਨੇ ਗਾਏ, ਕਿਸ ਨੇ ਪਸੰਦ ਕੀਤੇ, ਇਸ ਦਾ ਜੌਹਰ ਨਾਲ ਕੀ ਸਬੰਧ ਹੋਇਆ? ਉਰਦੂ ਸ਼ਬਦਾਂ ਦੀ ਭਰਮਾਰ ਪੜ੍ਹਨ ਦਾ ਸੁਆਦ ਉਂਜ ਹੀ ਮਾਰ ਦਿੰਦੀ ਹੈ।

ਬਲਜੀਤ ਕੌਰ ਢਿੱਲੋਂ, ਪਿੰਡ ਬਾਗੜੀਆਂ (ਮਲੇਰਕੋਟਲਾ)


ਕਾਲਜੇ ਦੀ ਚੀਸ

6 ਨਵੰਬਰ ਨੂੰ ਸਾਂਵਲ ਧਾਮੀ ਦਾ ਲੇਖ ‘ਰੂਹ ਦੇ ਜ਼ਖ਼ਮ’ ਜੋ ਪਾਕਿਸਤਾਨ ਭਾਰਤ ਵੰਡ ਦੇ ਦੁਖੜਿਆਂ ਬਾਰੇ ਲਿਖਿਆ ਹੈ, ਪੜ੍ਹਦਿਆਂ ਅੱਖਾਂ ਵਿਚੋਂ ਪਾਣੀ ਆਪ ਮੁਹਾਰੇ ਵਹਿ ਤੁਰਿਆ। ਬਹੁਤ ਦਰਦ ਭਰੀ ਕਹਾਣੀ ਹੈ ਇਹ। ਇਸ ਵਰਤਾਰੇ ਨੂੰ ਭਾਵੇਂ ਸੱਤ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਪਰ ਉਸ ਦੀ ਚੀਸ ਕਾਲਜੇ ਵਿਚ ਅਜੇ ਵੀ ਪੈਂਦੀ ਹੈ। ਇਸੇ ਦਿਨ ਹਰਜੀਤ ਸਿੰਘ ਦਾ ਲੇਖ ‘ਹੱਬਲ ਦਾ ਉੱਤਰਾਧਿਕਾਰੀ ਜੇਮਜ਼ ਵੈੱਬ ਦੂਰਬੀਨ’ ਪੜ੍ਹਿਆ। ਹੱਬਲ ਦੂਰਬੀਨ ਤੋਂ ਬਾਅਦ ਵੈੱਬ ਦੂਰਬੀਨ ਜੋ ਪੁਲਾੜ ਵਿਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਆਪਣਾ ਕੰਮ ਕਰੇਗੀ, ਵਿਗਿਆਨੀਆਂ ਨੂੰ ਬ੍ਰਹਿਮੰਡ ਬਾਰੇ ਹੋਰ ਜਾਣਕਾਰੀ ਮਿਲੇਗੀ, ਗਿਆਨ ਵਿਚ ਹੋਰ ਵਾਧਾ ਹੋਵੇਗਾ, ਆਸ ਕਰਦੇ ਹਾਂ ਕਿ ਨਵੀਆਂ ਖੋਜਾਂ ਮਨੁੱਖਤਾ ਲਈ ਹੋਰ ਫਾਇਦੇਮੰਦ ਹੋਣਗੀਆਂ।

ਲਖਵਿੰਦਰ ਸ਼ਰੀਂਹ ਵਾਲਾ, ਫਿਰੋਜ਼ਪੁਰ

ਡਾਕ ਐਤਵਾਰ ਦੀ Other

Nov 07, 2021

ਜੁਝਾਰੂ ਜਜ਼ਬਾ

31 ਅਕਤੂਬਰ ਨੂੰ ਗੁਰਦੇਵ ਸਿੰਘ ਸਿੱਧੂ ਦਾ ਲੇਖ ‘99 ਸਾਲ ਪਹਿਲਾਂ: ਪੰਜਾ ਸਾਹਿਬ ਦਾ ਸਾਕਾ’ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਦਰਸਾਉਂਦਾ ਹੈ। ਇਹ ਲੇਖ ਪੜ੍ਹ ਕੇ ਲੂ-ਕੰਡੇ ਖੜ੍ਹੇ ਹੋ ਗਏ। ਨਾਲ ਹੀ ਸਾਡੇ ਸ਼ਹੀਦ ਯੋਧਿਆਂ ਦੇ ਜਜ਼ਬੇ ਅੱਗੇ ਸੀਸ ਝੁਕਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਗੁਰੂ ਸਾਹਿਬ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ। ਹੁਣ 99 ਸਾਲ ਬਾਅਦ ਉਨ੍ਹਾਂ ਸੂਰਮਿਆਂ ਦੇ ਵਾਰਿਸ ਫਿਰ ਕੇਂਦਰ ਸਰਕਾਰ ਨਾਲ ਮੱਥਾ ਲਾਈ ਬੈਠੇ ਹਨ। ਇਹ ਜਜ਼ਬਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ ਜੋ ਯੁੱਗਾਂ ਯੁਗਾਂਤਰਾਂ ਤੱਕ ਬਰਕਰਾਰ ਰਹੇਗਾ। ਸੂਰਮੇ ਸਦਾ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹਦੇ ਅਤੇ ਸਾਂਝੀਵਾਲਤਾ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਰਹਿਣਗੇ।

ਲਖਵਿੰਦਰ ਸ਼ਰੀਂਹ ਵਾਲਾ, ਫਿਰੋਜ਼ਪੁਰ

ਫਾਹੇ ਵਾਲਾ ਰੱਸਾ

ਐਤਵਾਰ 31 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਹਰਦੀਪ ਚਿੱਤਰਕਾਰ ਦਾ ਮਿਡਲ ‘ਫਾਹੇ ਵਾਲਾ ਰੱਸਾ’ ਪੜ੍ਹਿਆ। ਸ਼ਾਂਤਮਈ ਕਿਸਾਨੀ ਅੰਦੋਲਨ ਵਿਚ ਹਿੱਸਾ ਪਾਉਂਦੀ  ਚਾਚੀ ਦੀ ਗੱਲ ਹਿੰਮਤ ਹੌਸਲਾ ਦੇਣ ਵਾਲੀ ਸੀ। ਸਿਆਸੀ ਨੇਤਾਵਾਂ ਦੇ ਦਿਲਾਂ ਵਿਚ ਹਮਦਰਦੀ ਦੀ ਥਾਂ ਸੁਆਰਥ ਭਰਿਆ  ਹੈ। ਇਸ ਕਾਰਨ ਇਨਸਾਨੀ ਰਿਸ਼ਤਿਆਂ ਨੂੰ ਦੂਜੇ ਬੰਨੇ ਰੱਖ ਦਿੱਤਾ ਹੈ। ਚਾਚੀ ਦੀਆਂ ਗੱਲਾਂ ਆਪਣੇ ਹੱਕਾਂ ਦੀ ਲੜਾਈ ਲੜਨ ਦੀ ਪ੍ਰੇਰਨਾ ਦੇ ਰਹੀਆਂ ਸਨ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)

ਪਿਆਰ ਦੀ ਥਾਂ ਨਫ਼ਰਤ ਕਿਉਂ?

24 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੀ ਸੰਪਾਦਕੀ ‘ਪ੍ਰੇਮ ਤੇ ਨਫ਼ਰਤ’ ਪੜ੍ਹੀ ਜਿਸ ਵਿਚ ਅੱਜਕੱਲ੍ਹ ਦੇ ਸਮਾਜ ਵਿਚ ਪਿਆਰ ਦੀ ਥਾਂ ਨਫ਼ਰਤ ਫੈਲਾਏ ਜਾਣ ਬਾਰੇ ਦੱਸਿਆ ਹੈ ਉਹ ਵੀ ਉਨ੍ਹਾਂ ਵੱਲੋਂ ਜੋ ਧਾਰਮਿਕ ਪਹਿਰਾਵਾ ਪਹਿਨੇ ਜਾਂ ਰਾਜਨੀਤੀ ਵਿਚ ਵੱਡਾ ਰੁਤਬਾ ਰੱਖਦੇ ਹੋਣ! ਸ਼ਰ੍ਹੇਆਮ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਇਸ ਬਾਰੇ ਜ਼ਿਆਦਾਤਰ ਮੀਡੀਆ ਅਜਿਹੀਆਂ ਖ਼ਬਰਾਂ ਟੀ.ਵੀ. ਵਿਚ ਨਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਦਾ ਵਿਖਾਈ ਦੇ ਰਿਹਾ ਹੈ। ਇਹ ਵੀ ਉਦੋਂ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਅਜਿਹੇ ਸਮੇਂ ਵਿਚ ‘ਪੰਜਾਬੀ ਟ੍ਰਿਬਿਊਨ’ ਨੇ ਇਸ ਲੇਖ ਰਾਹੀਂ ਇਨ੍ਹਾਂ ਲੋਕਾਂ ਦੇ ਭੜਕਾਊ ਬਿਆਨਾਂ ਤੋਂ ਸਮਾਜ ਨੂੰ ਬਚਣ ਅਤੇ ਪਿਆਰ ਦੇ ਰਾਹ ’ਤੇ ਚੱਲਣ ਦਾ ਸੁਨੇਹਾ ਦਿੱਤਾ ਹੈ।

ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)