ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

May 06, 2021

ਕਿਸਾਨੀ ਜੀਵਨ

5 ਮਈ ਦੇ ਨਜ਼ਰੀਆ ਪੰਨੇ ’ਤੇ ਲਾਲ ਚੰਦ ਸਿਰਸੀਵਾਲਾ ਦੀ ਰਚਨਾ ‘ਸਿਦਕ’ ਕਿਸਾਨ ਜੀਵਨ ਬਾਰੇ ਚਾਨਣਾ ਪਾਉਂਦੀ ਹੈ। ਲੋਕਾਈ ਦਾ ਭਲਾ ਮੰਗਣ ਅਤੇ ਕੁੱਲ ਲੋਕਾਈ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਰਵਾਇਤੀ ਸਿਆਸੀ ਪਾਰਟੀਆਂ ਦੀ ਮਾੜੀ ਸਿਆਸਤ ਅਤੇ ਸਵਾਰਥਾਂ ਕਰ ਕੇ ਦਿੱਲੀ ਦੇ ਬਾਰਡਰਾਂ ਅਤੇ ਹੋਰ ਅਨੇਕਾਂ ਥਾਈਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਤੇ ਰੁਲ਼ ਰਿਹਾ ਹੈ ਪਰ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਨਦਾਤੇ ਦੀ ਹੋਰ ਪ੍ਰੀਖਿਆ ਨਾ ਲਵੇ।

ਜਗਜੀਤ ਸਿੰਘ, ਈਮੇਲ

ਰਮਣੀਕ ਸਥਾਨ

5 ਮਈ ਦੇ ਇੰਟਰਨੈੱਟ ਅੰਕ ਪੰਜਾਬੀ ਪੈੜਾਂ ਵਿਚ ਹਰਜੀਤ ਅਟਵਾਲ ਦਾ ਲੇਖ ‘ਬਾਕਸ ਹਿੱਲ, ਅਦਭੁਤ ਰਮਣੀਕ ਸਥਾਨ’ ਰੌਚਿਕ ਲੱਗਿਆ। ਇਸੇ ਹੀ ਅੰਕ ਵਿਚ ਅਮਰਜੀਤ ਕੌਰ ਪੰਨੂ ਦੀ ਕਹਾਣੀ ‘ਨਵਾਂ ਸੂਰਜ’ ਔਰਤ ਦੀ ਜ਼ਿੰਦਗੀ ਦੇ ਕੌੜੇ ਯਥਾਰਥ ਦੀਆਂ ਪਰਤਾਂ ਉਧੇੜਨ ਵਾਲੀ ਹੈ।

ਰਾਜਨਦੀਪ ਕੌਰ ਮਾਨ, ਈਮੇਲ

ਕਾਰਪੋਰੇਟ ਖੇਤਰ ਅਤੇ ਅਰਥਚਾਰਾ

5 ਮਈ ਨੂੰ ਨਜ਼ਰੀਆ ਪੰਨੇ ਉੱਤੇ ਰਿਪੁਦਮਨ ਸਿੰਘ ਰੂਪ ਦਾ ਲੇਖ ‘ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਡੂੰਘੀਆਂ ਲਹਿ ਗਈਆਂ’ ਪੜ੍ਹਿਆ। ਕਾਰਪੋਰੇਟ ਸੈਕਟਰ ਰੂਪੀ ਨਾਗ ਭਾਰਤੀ ਅਰਥਚਾਰੇ ਨੂੰ ਵਲੇਵਾਂ ਮਾਰ ਬੈਠਾ ਹੈ ਅਤੇ ਹਰ ਭਾਰਤੀ ਦੇ ਸਾਹ ਸੂਤੀ ਰੱਖਣ ਲਈ ਕਾਹਲਾ ਹੈ ਪਰ ਸਾਡੀ ਜਨਤਾ ਧਰਮ ਦੇ ਨਾਮ ’ਤੇ ਇਨ੍ਹਾਂ ਦੇ ਮਗਰ ਲੱਗੀ ਹੋਈ ਹੈ। ਜਨਤਾ ਨੂੰ ਇਨ੍ਹਾਂ ਦੀਆਂ ਅਜਿਹੀਆਂ ਚਾਲਾਂ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ।

ਹਰਨੇਕ ਸਿੰਘ, ਮੰਡੀ ਗੋਬਿੰਦਗੜ੍ਹ

ਮੁਫ਼ਤ ਸਹੂਲਤਾਂ ’ਤੇ ਸਵਾਲ

4 ਮਈ ਦੇ ਨਜ਼ਰੀਆ ਪੰਨ ’ਤੇ ਜਸਵਿੰਦਰ ਕੌਰ ਮਾਨਸਾ ਦਾ ਲੇਖ ‘ਸੌ ਦਾ ਦਾਨ’ ਪੜ੍ਹਿਆ। ਲੇਖਕ ਨੇ ਔਰਤ ਹੁੰਦਿਆਂ ਵੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਦੀ ਮੁਫ਼ਤ ਸਫ਼ਰ ਸਹੂਲਤ ਬਾਰੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ। ਚੰਗਾ ਹੁੰਦਾ ਜੇ ਸਰਕਾਰ ਸਮੂਹ ਔਰਤਾਂ ਦੇ ਮੁਫ਼ਤ ਸਫ਼ਰ ਸਹੂਲਤ ਦੀ ਬਜਾਏ ਸਰਵੇਖਣ ਕਰਵਾ ਕੇ ਆਰਥਿਕ ਤੌਰ ’ਤੇ ਗ਼ਰੀਬ ਲੋਕਾਂ ਨੂੰ ਇਹ ਸਹੂਲਤ ਦਿੰਦੀ, ਜਾਂ ਫਿਰ ਬੇਰੁਜ਼ਗਾਰੀ ਦੀ ਭੱਠੀ ਵਿਚ ਸੜਦੇ ਲਾਚਾਰ ਨੌਜਵਾਨਾਂ ਨੂੰ ਦਿੰਦੀ। ਸਵਰਾਜਬੀਰ ਦਾ ਲੇਖ ‘2021 ਦਾ ਚੋਣ ਦੰਗਲ ; ਦੀਦੀ ਦੀ ਦ੍ਰਿੜ੍ਹਤਾ’ ਵੀ ਚੰਗਾ ਲੱਗਿਆ।

ਬਲਬੀਰ ਜਲਾਲਾਬਾਦੀ, ਪਟਿਆਲਾ

ਮੁਲਕ ਦੇ ਹਾਲਾਤ

29 ਅਪਰੈਲ ਨਜ਼ਰੀਆ ਪੰਨੇ ’ਤੇ ਜਗਰੂਪ ਸਿੰਘ ਦਾ ਲੇਖ ‘ਯਤੀਮਖਾਨਾ’ ਪੜ੍ਹਿਆ। ਹਾਈਕੋਰਟ ਦੀ ਟਿੱਪਣੀ ਸਵਾਲ ਬਣ ਗਈ ਹੈ। ਸਰਕਾਰੀ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਗਏ ਹਨ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਉਨ੍ਹਾਂ ਨੂੰ ਚੱਲਣਾ ਪੈਂਦਾ ਹੈ। ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਜ਼ਰੂਰੀ ਹੈ ਨਾ ਕਿ ‘ਜਿਸ ਤਰ੍ਹਾਂ ਦੇ ਹਾਲਾਤ ਹਨ, ਅਸੀਂ ਸਾਰੇ ਜਾਣਦੇ ਹਾਂ ਕਿ ਇਸ ਮੁਲਕ ਨੂੰ ਰੱਬ ਹੀ ਚਲਾ ਰਿਹਾ ਹੈ’ ਵਰਗੀਆਂ ਟਿੱਪਣੀਆਂ ਕਰ ਪੱਲਾ ਝਾੜ ਦੇਣਾ। ਹਾਈਕੋਰਟ ਹੀ ਜੇਕਰ ਰੱਬ ਆਸਰੇ ਹੈ ਤਾਂ ਦਿਨ ਪ੍ਰਤੀ ਦਿਨ ਹੋ ਰਹੀਆਂ ਮੌਤਾਂ, ਆਕਸੀਜਨ ਦੀ ਕਮੀ, ਬੈੱਡਾਂ ਦੀ ਦਿੱਕਤ ਅਤੇ ਵੈਕਸੀਨ ਦਾ ਅਜਾਈਂ ਜਾਣਾ ਆਦਿ ਸਮੱਸਿਆਵਾਂ ਦਾ ਹੱਲ ਹੋਰ ਕੋਈ ਨਹੀਂ ਕਰ ਸਕਦਾ। ਲੇਖਕ ਦਾ ਉਸ ਸੂਰਤ ਦੇ ਯਤੀਮਖਾਨੇ ਦੀ ਹਾਲਤ ਨੂੰ ਦੇਸ਼ ਦੀ ਹਾਲਤ ਨਾਲ ਜੋੜਨਾ ਵਾਜਿਬ ਲੱਗਦਾ ਹੈ।

ਨਵਜੀਤ ਨੂਰ, ਹਮੀਦੀ (ਬਰਨਾਲਾ)

ਹਾਸੇ ਵੇਲੇ ਭੁਲੇਖੇ

3 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਮੋਹਣ ਸਿੰਘ ਦਾ ਮਿਡਲ ‘ਭੁਲੇਖਾ’ ਦਿਲਚਸਪ ਸੀ। ਜ਼ਿੰਦਗੀ ਵਿਚ ਕਈ ਵਾਰ ਅਜਿਹੇ ਹਾਸੇ ਵਾਲੇ ਭੁਲੇਖੇ ਪੈ ਜਾਂਦੇ ਹਨ ਪਰ ਭੁਲੇਖਾ ਵੇਲੇ ਸਿਰ ਦੂਰ ਹੋ ਜਾਣਾ ਚਾਹੀਦਾ ਹੈ। ਆਪਣੀ ਕਾਰਜ ਕੁਸ਼ਲਤਾ ਵਧਾਉਣ ਲਈ ਨੌਕਰੀ ਦੌਰਾਨ ਕੋਰਸ ਵਾਲੀ ਦੀ ਗੱਲ ਵਧੀਆ ਲੱਗੀ। ਸਿੱਖਣ ਦੀ ਚਾਹ ਰੱਖਣ ਵਾਲਾ ਮਨੁੱਖ ਹੀ ਵਧੀਆ ਗਿਆਨ ਦੇ ਸਕਦਾ ਹੈ।

ਮਨਦੀਪ ਕੌਰ, ਲੁਧਿਆਣਾ

ਭਾਜਪਾ ਅਤੇ ਬੰਗਾਲ

4 ਮਈ ਦੇ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘2021 ਦਾ ਚੋਣ ਦੰਗਲ : ਦੀਦੀ ਦੀ ਦ੍ਰਿੜਤਾ’ ਪੜ੍ਹਿਆ। ਇਹ ਸੱਚ ਹੈ ਕਿ ਭਾਜਪਾ ਭਾਵੇਂ ਬੰਗਾਲ ਵਿਚ ਚੋਣਾਂ ਹਾਰ ਗਈ ਹੈ ਪਰ ਉਹ ਪਿਛਲੀਆਂ ਤਿੰਨ ਸੀਟਾਂ ਦੇ ਮੁਕਾਬਲੇ 77 ਸੀਟਾਂ ਜਿੱਤਣ ਵਿਚ ਕਾਮਯਾਬ ਹੋ ਗਈ ਹੈ। ਉਹ ਬੰਗਾਲ ਦੀ ਧਰਤੀ ’ਤੇ ਆਪਣੀ ਵੰਡ ਪਾਊ ਸੋਚ ਦੇ ਬੀਜ ਬੀਜਣ ਵਿਚ ਵੀ ਕਾਮਯਾਬ ਹੋਈ ਹੈ। ਇਸ ਲਈ ਹੁਣ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੰਡ ਪਾਊ ਤਾਕਤਾਂ ਨੂੰ ਰੋਕਣ ਲਈ ਇਕਜੁਟ ਹੋਣਾ ਪਵੇਗਾ। ਇਸੇ ਦਿਨ ਐਮਪੀ ਸਿੰਘ ਪਾਹਵਾ ਦਾ ਲੇਖ ‘ਪੁਲੀਸ ਹੱਥਕੜੀ ਲਾ ਸਕਦੀ ਹੈ ਜਾਂ ਨਹੀਂ’ ਪੜ੍ਹ ਕੇ ਕਾਨੂੰਨ ਬਾਰੇ ਚੰਗੀ ਜਾਣਕਾਰੀ ਮਿਲੀ। ਜਸਵਿੰਦਰ ਕੌਰ ਮਾਨਸਾ ਦਾ ਮਿਡਲ ‘ਸੌ ਦਾ ਦਾਨ’ ਨੇ ਸਚਮੁੱਚ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਵਿਦਿਆਰਥੀਆਂ ਨੂੰ ਖੜ੍ਹੇ ਦੇਖ ਕੇ ਬੱਸਾਂ ਵਾਲੇ ਬੱਸਾਂ ਭਜਾ ਲੈਂਦੇ ਹਨ। ਪੰਜਾਬ ਸਰਕਾਰ ਦਾ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਿਰਫ਼ ਚੋਣ ਸਟੰਟ ਹੈ। ਜੇਕਰ ਸਰਕਾਰ ਸਚਮੁੱਚ ਗੰਭੀਰ ਹੈ ਤਾਂ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਵੇ।

ਜਸਲੀਨ ਕੌਰ ਛਿੱਬਰ, ਮੋਰਿੰਡਾ (ਰੂਪਨਗਰ)

ਪਾਠਕਾਂ ਦੇ ਖ਼ਤ

May 03, 2021

ਮਜ਼ਦੂਰ ਜਮਾਤ ਦਾ ਏਜੰਡਾ

ਪਹਿਲੀ ਮਈ ਦੇ ਅੰਕ ਵਿਚ ਜੋਗਿੰਦਰ ਸਿੰਘ ਤੂਰ ਦੇ ਲੇਖ ‘ਇੰਝ ਹੋਂਦ ਵਿਚ ਆਇਆ ਮਈ ਦਿਹਾੜਾ’ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੁੱਢ ਬਾਰੇ ਨਵੀਂ ਅਤੇ ਤੱਥ ਭਰਪੂਰ ਜਾਣਕਾਰੀ ਦਿੱਤੀ। ਹੁਣ 1886 ਦੇ ਮੁਕਾਬਲੇ ਤਕਨੀਕ ਦਾ ਸੈਂਕੜੇ ਗੁਣਾ ਵਿਕਾਸ ਹੋ ਜਾਣ ਕਾਰਨ ਕਿਰਤ ਦੀ ਉਤਪਾਦਕਤਾ ਵਿਚ ਅਥਾਹ ਵਾਧਾ ਹੋ ਗਿਆ ਹੈ, ਨਤੀਜੇ ਵਜੋਂ 1 ਫ਼ੀਸਦੀ ਕਾਰਪੋਰੇਟ ਮਾਲਕ ਸਾਡੇ ਦੇਸ਼ ਦੇ 73 ਫ਼ੀਸਦੀ ਸੋਮਿਆਂ ਤੇ ਦੌਲਤ ਨੂੰ ਆਪਣੀ ਮੁੱਠੀ ਵਿਚ ਬੰਦ ਕਰ ਚੁੱਕੇ ਹਨ। ਦੂਜੇ ਪਾਸੇ, ਦੇਸ਼ ਅੰਦਰ ਬਹੁਗਿਣਤੀ ਜਨਤਾ ਦਾ ਜੀਵਨ ਪੱਧਰ ਗਿਰ ਰਿਹਾ ਹੈ ਅਤੇ ਬੇਰੁਜ਼ਗਾਰੀ ਦੀ ਦਰ ਸਿਖ਼ਰ ਨੂੰ ਛੂਹ ਰਹੀ ਹੈ। ਇਸ ਲਈ ਬਣਦਾ ਤਾਂ ਇਹ ਸੀ ਕਿ ਹਰ ਖੇਤਰ ਵਿਚ ਕੰਮ ਦਿਹਾੜੀ ਨੂੰ ਘਟਾ ਕੇ ਚਾਰ ਜਾਂ ਛੇ ਘੰਟੇ ’ਤੇ ਲਿਆਂਦਾ ਜਾਵੇ, ਤਾਂ ਜੋ ਰੁਜ਼ਗਾਰ ਦੇ ਮੌਕੇ ਵਧਾਏ ਜਾ ਸਕਣ ਪਰ ਇਸ ਦੇ ਉਲਟ ਕਾਰਪੋਰੇਟ-ਪ੍ਰਸਤ ਸਰਕਾਰ ਨੇ ਕਿਰਤ ਕਾਨੂੰਨ ਉਲਟਾ ਕੇ ਕੰਮ ਦਿਹਾੜੀ ਨੂੰ 8 ਤੋਂ ਵਧਾ ਕੇ 12 ਘੰਟੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੌਜੂਦਾ ਆਰਥਿਕ ਮੰਦਵਾੜੇ ਵਿਚੋਂ ਨਿਕਲਣ ਅਤੇ ਜਨਤਾ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਇਹ ਜ਼ਰੂਰੀ ਹੈ ਕਿ ਕਿਰਤ ਕਾਨੂੰਨਾਂ ਵਿਚ ਕੀਤੀਆਂ ਕਾਰਪੋਰੇਟ-ਪੱਖੀ ਸੋਧਾਂ ਨੂੰ ਰੱਦ ਕਰਵਾਉਣਾ ਅਤੇ ਕੰਮ ਦਿਹਾੜੀ ਨੂੰ ਛੋਟਾ ਕਰਵਾਉਣਾ, ਅੱਜ ਸਾਡੀ ਸਮੁੱਚੀ ਮਜ਼ਦੂਰ ਜਮਾਤ ਦਾ ਮੁੱਖ ਏਜੰਡਾ ਬਣੇ।

ਸੁਖਦਰਸ਼ਨ ਸਿੰਘ ਨੱਤ, ਈਮੇਲ

(2)

ਜੋਗਿੰਦਰ ਸਿੰਘ ਤੂਰ ਦਾ ਲੇਖ ‘ਇੰਝ ਹੋਂਦ ਵਿਚ ਆਇਆ ਮਈ ਦਿਹਾੜਾ’ ਜਾਣਕਾਰੀ ਭਰਪੂਰ ਹੈ। ਮਜ਼ਦੂਰ ਵਰਗ ਦੀ ਹਾਲਤ ਸੁਧਾਰਨ ਲਈ ਕਿੰਨੀਆਂ ਜਾਨਾਂ ਦੀ ਆਹੂਤੀ ਦੇਣੀ ਪਈ। ਇਸੇ ਦਿਨ ਸੰਪਾਦਕੀ ‘ਸੁਪਰੀਮ ਕੋਰਟ ਦਾ ਆਦੇਸ਼’ ਪੜ੍ਹ ਕੇ ਜਾਪਿਆ ਕਿ ਸੁਪਰੀਮ ਕੋਰਟ ਵਿਚ ਕੁਝ ਜੱਜ ਸਾਹਿਬਾਨ ਅਜੇ ਵੀ ਜੁਅਰਤ ਨਾਲ ਕੰਮ ਕਰਨ ਦੀ ਹਿੰਮਤ ਰੱਖਦੇ ਹਨ; ਨਹੀਂ ਤਾਂ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਦੇ ਕੁਝ ਜੱਜ ਸਾਹਿਬਾਨ ਦਾ ਕਿਰਦਾਰ ਨਿਰਾਸ਼ਾ ਵਾਲਾ ਹੀ ਰਿਹਾ ਹੈ।

ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ

(3)

ਜੋਗਿੰਦਰ ਸਿੰਘ ਤੂਰ ਨੇ ਮਈ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਮਜ਼ਦੂਰ ਜਮਾਤ ਦੀ ਦਸ, ਬਾਰਾਂ ਅਤੇ ਚੌਦਾਂ ਘੰਟਿਆਂ ਦੇ ਕੰਮ ਤੋਂ ਨਿਜਾਤ ਦਿਵਾ ਕੇ ਅੱਠ ਘੰਟੇ ਕੰਮ ਕਰਵਾਇਆ।

ਮਨਮੋਹਨ ਸਿੰਘ, ਨਾਭਾ (ਪਟਿਆਲਾ)

ਜ਼ਬਾਨਬੰਦੀ ਨਹੀਂ

ਪਹਿਲੀ ਮਈ ਨੂੰ ਸੰਪਾਦਕੀ ‘ਸੁਪਰੀਮ ਕੋਰਟ ਦਾ ਆਦੇਸ਼’ ਜਾਣਕਾਰੀ ਭਰਪੂਰ ਹੈ। ਸੁਪਰੀਮ ਕੋਰਟ ਨੇ ਲੋਕਾਂ ਨੂੰ ਆਪਣੀਆਂ ਦੁੱਖ-ਤਕਲੀਫ਼ਾਂ, ਸਰਕਾਰਾਂ ਦੀਆਂ ਘਾਟਾਂ-ਕਮਜ਼ੋਰੀਆਂ ਸੋਸ਼ਲ ਮੀਡੀਆ ਰਾਹੀਂ ਜ਼ਾਹਿਰ ਕਰਨ ਬਾਰੇ ਆਦੇਸ਼ ਦਿੱਤੇ ਹਨ। ਸਰਕਾਰਾਂ ਨੂੰ ਲੋਕਾਂ ਨੂੰ ਆਪਣੇ ਦੁੱਖੜੇ ਪ੍ਰਗਟਾਉਣ ਬਾਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਜ਼ਬਾਨਬੰਦੀ ਕਰਨੀ ਚਾਹੀਦੀ ਹੈ।

ਮਾਸਟਰ ਪਰਮ ਵੇਦ, ਸੰਗਰੂਰ

ਲੀਕ ਤੋਂ ਹਟ ਕੇ

ਪਹਿਲੀ ਮਈ ਨੂੰ ਸਤਰੰਗ ਪੰਨੇ ਉੱਤੇ ‘ਹਰਵਿੰਦਰ ਭੰਡਾਲ ਦਾ ਲੇਖ ‘ਬਲਰਾਜ ਸਾਹਨੀ: ਆਦਰਸ਼ਾਂ ਤੇ ਜੀਵਨ ਜਾਚ ਦੀ ਦਵੰਦ ਕਥਾ’ ਪੜ੍ਹਿਆ। ਲੇਖ ਜਾਣਕਾਰੀ ਭਰਪੂਰ ਤੇ ਲੀਕ ਤੋਂ ਹਟ ਕੇ ਹੈ। ਇਸ ਵਿਚ ਉਸ ਦਾ ਫ਼ਿਲਮਾਂ ਦਾ ਰਿਕਾਰਡ ਨਹੀਂ ਬਲਕਿ ਉਸ ਦੀ ਜ਼ਾਤੀ ਜ਼ਿੰਦਗੀ ਦਾ ਦਵੰਦ ਵਿਚਾਰਿਆ ਹੈ। ਪਹਿਲਾਂ ਉਹ ਰੂਸ ਪੱਖੀ ਲੈਨਿਨਵਾਦੀ ਸੋਚ ਨਾਲ ਵਿਚਰਿਆ ਪਰ ਬਾਅਦ ਵਿਚ ਉਹ ਵੀ ਸਮਾਜ ਦੇ ਅਮੀਰ ਵਰਗ ਦਾ ਹਾਮੀ ਬਣ ਗਿਆ, ਜਿਵੇਂ ਮਹਿਲ ਵਰਗਾ ਬੰਗਲਾ ਤੇ ਬੱਚਿਆਂ ਦੀ ਸ਼ਾਹੀ ਸ਼ਾਦੀ ਵਗੈਰਾ।

ਸੁਰਿੰਦਰ ਸ਼ਰਮਾ ਨਾਗਰਾ, ਧੂਰੀ

ਨਵੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ

30 ਅਪਰੈਲ 2021 ਨੂੰ ਬਹਾਦਰ ਸਿੰਘ ਗੋਸਲ ਦੇ ਲੇਖ ‘ਸਕੂਲਾਂ ’ਚ ਬੱਚਿਆਂ ਦੀ ਗਿਣਤੀ ਤਾਂ ਵਧਾਓ ਪਰ ਅਧਿਆਪਕ ਵੀ ਲਾਓ’ ਵਿਚ ਸਿੱਖਿਆ ਵਿਭਾਗ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਸਾਇੰਸ, ਕਾਮਰਸ ਅਤੇ ਆਰਟਸ ਵਿਸ਼ੇ ਦੇ ਅਧਿਆਪਕ ਨਾ ਹੋਣ, ਝੂਠਾ ਪ੍ਰਚਾਰ ਅਤੇ ਫਰਜ਼ੀ ਅੰਕੜੇ ਦਰਸਾ ਕੇ ਅਸਲ ਵਿਚ ਸਿੱਖਿਆ ਦਾ ਨਾਸ ਕੀਤਾ ਜਾ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸਰਕਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।

ਜਸਵੀਰ ਸਿੰਘ, ਮੁਹਾਲੀ

ਵਿਚਾਰਾਂ ਨੂੰ ਹਲੂਣਾ

26 ਅਪਰੈਲ ਦੇ ਪਰਵਾਜ਼ ਪੰਨੇ ਉੱਤੇ ਐੱਸਪੀ ਸਿੰਘ ਨੇ ਆਪਣੇ ਲੇਖ ‘ਸਾਹ ਨਹੀਂ ਆ ਰਿਹਾ’ ਵਿਚ ਅਜੋਕੀ ਸਮਾਜਿਕ ਤਰਾਸਦੀ ਬਿਆਨ ਕੀਤੀ ਹੈ। ਜੇਕਰ ਡੂੰਘਾਈ ਵਿਚ ਸੋਚਿਆ ਜਾਵੇ ਤਾਂ ਅਸੀਂ ਆਪਣੇ ਹਾਲਾਤ ਲਈ ਖ਼ੁਦ ਜ਼ਿੰਮੇਵਾਰ ਹਾਂ। ਜਿਹੜੇ ਸਮੇਂ ਸਿਹਤ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਲਈ ਹੌਸਲੇ ਬੁਲੰਦ ਕਰਨ ਦੀ ਤਵੱਜੋ ਦੇਣੀ ਸੀ, ਅਸੀਂ ਮਨੁੱਖਤਾ ਤੋਂ ਪਹਿਲਾਂ ਧਾਰਮਿਕ ਵਲਵਲਿਆਂ ਨੂੰ ਸਥਾਨ ਦਿੱਤਾ। ਨਾਕਾਰਾਤਮਕ ਸੋਚਾਂ ਦੀ ਨੁਮਾਇਸ਼ ਕਰਨ ਤੋਂ ਬਿਹਤਰ ਆਦਰਸ਼ਕ ਵਿਚਾਰਾਂ ਨੂੰ ਹਲੂਣਾ ਦੇਣਾ ਚਾਹੀਦਾ ਹੈ। ਇਸ ਤਰਾਸਦੀ ਦੇ ਸੰਤਾਪ ਨੂੰ ਹੋਰ ਡੂੰਘਾ ਹੋਣ ਤੋਂ ਰੋਕਣ ਲਈ ਵਿਚਾਰਧਾਰਕ ਤੌਰ ’ਤੇ ਜਥੇਬੰਦ ਹੋਣ ਦੀ ਲੋੜ ਹੈ।

ਦੀਪ ਰੰਗਰੇਜ਼, ਧੂਰੀ (ਸੰਗਰੂਰ)

ਪਾਠਕਾਂ ਦੇ ਖ਼ਤ

May 01, 2021

ਕਿਸਾਨ ਅੰਦੋਲਨ ਅਤੇ ਕਾਹਲ

27 ਅਪਰੈਲ ਦਾ ਸੰਪਾਦਕੀ ‘ਬੇੜਾ ਅੜਿਆ ਵਿਚ ਕਪਰਾਂ ਦੇ’ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਪਾਸ ਕਰਨ ਖ਼ਿਲਾਫ਼ ਕਾਫ਼ੀ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਫੁਟ ਪੈਣ ਦੇ ਖ਼ਦਸ਼ੇ ਦਾ ਜ਼ਿਕਰ ਕਰਨ ਵਾਲਾ ਹੈ। ਨੌਜਵਾਨ ਤਬਕਾ ਪੁਰਾਣੇ ਕਿਸਾਨੀ ਆਗੂਆਂ ਨੂੰ ਪਿੱਛੇ ਛੱਡ ਕੇ ਛੱਬੀ ਜਨਵਰੀ ਨੂੰ ਲਾਲ ਕਿਲ੍ਹੇ ਵਰਗੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਅੰਦੋਲਨ ਦੀ ਵਾਗਡੋਰ ਬਜ਼ੁਰਗ ਅਤੇ ਤਜਰਬੇਕਾਰ ਲੋਕਾਂ ਦੇ ਹੱਥ ਵਿਚ ਹੋਣ ਕਰ ਕੇ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਸਰਕਾਰ ਨਾਲ ਗੱਲਬਾਤ ਕਰ ਕੇ ਕੱਢਣਾ ਚਾਹੀਦਾ ਹੈ।

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)

(2)

ਸੰਪਾਦਕੀ ‘ਬੇੜਾ ਅੜਿਆ ਵਿਚ ਕਪਰਾਂ ਦੇ’ ਪੜ੍ਹਿਆ। ਸਾਡਾ ਮੁਲਕ ਵੱਖ ਵੱਖ ਧਰਮਾਂ ਜਾਤਾਂ ਦਾ ਸੁਮੇਲ ਹੈ। ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੇ ਸਮੂਹ ਨੂੰ ਭਾਰਤ ਕਿਹਾ ਗਿਆ ਹੈ। ਇਹ ਮੁਲਕ ਜਿੰਨਾ ਹਿੰਦੂਆਂ ਦਾ ਹੈ, ਓਨਾ ਹੀ ਘੱਟ ਗਿਣਤੀਆਂ ਭਾਵ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੇ ਪੁਰਖਿਆਂ ਦਾ ਹੈ। ਕਿਸੇ ਵੀ ਘੱਟਗਿਣਤੀ ਨੂੰ ਬੇਗ਼ਾਨੇਪਣ ਦਾ ਅਹਿਸਾਸ ਕਰਾਉਣਾ ਮੁਲਕ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰ ਸਕਦਾ ਹੈ। ਪਹਿਲਾਂ ਸ਼ਾਹੀਨ ਬਾਗ਼ ਪ੍ਰਤੀ ਸਰਕਾਰ ਦਾ ਰਵੱਈਆ ਅਤੇ ਹੁਣ ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦੀ ਅਸੰਵੇਦਨਸ਼ੀਲਤਾ ਇਸ ਤਰ੍ਹਾਂ ਦੇ ਸੰਕੇਤ ਦੇ ਰਹੇ ਹਨ। ਹਿੰਦੂ, ਹਿੰਦੋਸਤਾਨ ਅਤੇ ਹਿੰਦੂਤਵ ਦੇ ਸੁਪਨੇ ਲੈਣ ਵਾਲਿਆਂ ਨੂੰ ਅੱਗੇ ਵਧਣ ਤੋਂ ਪਹਿਲਾਂ ਅਜਿਹੀਆਂ ਗੱਲਾਂ ਜ਼ਰੂਰ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ।

ਜਗਦੇਵ ਸ਼ਰਮਾ ਬੁਗਰਾ, ਧੂਰੀ 

ਪ੍ਰਧਾਨ ਮੰਤਰੀ ਦਾ ਵਤੀਰਾ

27 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸੁਕੀਰਤ ਦਾ ਲੇਖ ‘ਪਿਛਲੇ ਦਿਨੀਂ, ਇਨ੍ਹੀਂ ਦਿਨੀਂ’ ਪੜ੍ਹਿਆ। ਲੇਖ ਕਰੋਨਾ ਕਾਲ ਵਿਚ ਸਾਡੇ ਪ੍ਰਧਾਨ ਮੰਤਰੀ, ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਤੀਰੇ ਦਾ ਲੇਖਾ ਜੋਖਾ ਕਰਦਾ ਹੈ। ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਪ੍ਰਧਾਨ ਮੰਤਰੀ ਅੱਜ ਮੁਲਕ ਨੂੰ ਇਸ ਕਗਾਰ ’ਤੇ ਲੈ ਆਏ ਹਨ ਕਿ ਕਰੋਨਾ ਬੇਕਾਬੂ ਹੋ ਗਿਆ ਹੈ। ਹਿੰਦੂ-ਮੁਸਲਿਮ ਭਾਈਚਾਰੇ ਨਾਲ ਕਰੋਨਾ ਸਾਲ ਵਿਚ ਵੱਖ ਵੱਖ ਵਰਤਾਰਾ ਕਿਵੇਂ ਵੀ ਜਾਇਜ਼ ਨਹੀਂ ਸੀ ਅਤੇ ਇਹ ਕਿਸ ਦੇ ਇਸ਼ਾਰਿਆਂ ’ਤੇ ਹੋਇਆ, ਉਹ ਵੀ ਕਿਸੇ ਤੋਂ ਭੁੱਲਿਆ ਨਹੀਂ। ਲੇਖਕ ਸ਼ਾਇਦ ਸਹੀ ਨਤੀਜਾ ਕੱਢਦਾ ਹੈ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਵੇਲੇ ਦਿਖਾਈ ਘੋਰ ਅਤੇ ਮੁਜਰਮਾਨਾ ਅਣਗਹਿਲੀ ਲਈ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹੈ। ਉਂਜ, ਇਸ ਦਾ ਕੁਝ ਸਿਹਰਾ ਸਾਨੂੰ ਆਪਣੇ ਸਿਰ ਵੀ ਬੰਨ੍ਹਣਾ ਚਾਹੀਦਾ ਹੈ ਕਿ ਅਸੀਂ ਵੀ ਉਨ੍ਹਾਂ ਦੀ ਹਰ ਗ਼ੈਰ-ਵਿਗਿਆਨਿਕ ਪਹੁੰਚ ’ਤੇ ਫੁੱਲ ਚੜ੍ਹਾਉਂਦੇ ਰਹੇ। ਘੰਟੀਆਂ ਵਜਾਉਣ ਅਤੇ ਮੋਮਬੱਤੀਆਂ ਜਲਾਉਣ ਦੀ ਬਜਾਏ ਜੇ ਅਸੀਂ ਪ੍ਰਧਾਨ ਮੰਤਰੀ ਨੂੰ ਹਸਪਤਾਲਾਂ ਅਤੇ ਆਕਸੀਜਨ ਦਾ ਇੰਤਜ਼ਾਮ ਕਰਨ ਦੀ ਬੇਨਤੀ ਕਰਦੇ ਤਾਂ ਸ਼ਾਇਦ ਜੋ ਮੌਤਾਂ ਹੋ ਰਹੀਆਂ ਹਨ, ਨਾ ਹੁੰਦੀਆਂ।

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)

(3)

27 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸੁਕੀਰਤ ਦਾ    ਲੇਖ ‘ਪਿਛਲੇ ਸਾਲ ਇਨ੍ਹੀਂ ਦਿਨੀਂ’ ਪੜ੍ਹਿਆ। ਅਵਾਮ ਨੂੰ ਸਿਹਤ ਸਹੂਲਤਾਂ, ਸਿੱਖਿਆ, ਰੁਜ਼ਗਾਰ ਆਦਿ ਦੇ ਅਧਿਕਾਰਾਂ ਤੋਂ ਵਾਂਝੇ ਰੱਖ ਕੇ ਸਿਰਫ਼ ਵੋਟ ਬੈਂਕ ਸਮਝਣਾ, ਕੀੜੇ ਮਕੌੜਿਆਂ ਦੀ ਤਰ੍ਹਾਂ ਰੋਲਣਾ ਸਾਡੇ ਲੋਕ ਨੁਮਾਇੰਦਿਆਂ ਦਾ ਅਸਲੀ ਚਿਹਰਾ ਬੇਪਰਦ ਕਰਦਾ ਹੈ। ਲੇਖਕ ਇਸ ਸਭ ਕਾਸੇ ਲਈ ਮੁਲਕ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਦਾ ਹੈ ਜੋ ਬਿਲਕੁਲ ਠੀਕ ਹੈ। 

ਯੋਗਰਾਜ ਭਾਗੀਬਾਂਦਰ, ਬਠਿੰਡਾ

ਸਪੱਸ਼ਟੀਕਰਨ

ਮੇਰਾ ਲੇਖ ‘ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਾਂਸ਼ੀ ਰਾਮ’ ਪੰਜਾਬੀ ਟ੍ਰਿਬਿਊਨ ਵਿਚ 27 ਮਾਰਚ 2021 ਨੂੰ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ ਇੱਕ ਸਤਰ ਜਿਸ ਵਿਚ ਲਿਖਿਆ ਗਿਆ ਸੀ ਕਿ ‘ਕਾਲਜ ਪ੍ਰਬੰਧਕ ਕਮੇਟੀ ਆਪਣੀ ਬਣਦੀ ਜਿ਼ੰਮੇਵਾਰੀ ਨਿਭਾਉਣ ਤੋਂ ਪਿਛੇ ਹਟਦੀ ਦਿਖਾਈ ਦੇ ਰਹੀ ਹੈ’, ਗਲਤੀ ਨਾਲ ਲਿਖੀ ਗਈ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਾਲਜ ਪ੍ਰਬੰਧਕ ਕਮੇਟੀ ਆਪਣੀ ਜਿ਼ੰਮੇਵਾਰੀ ਪੂਰੀ ਤਨਦੇਹੀ ਅਤੇ ਪਾਰਦਰਸ਼ੀ ਢੰਗ ਨਾਲ ਨਿਭਾ ਰਹੀ ਹੈ ਜਿਸ ਦੇ ਅਧੀਨ ਦੋਨੋਂ ਸੰਸਥਾਵਾਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ ਅਤੇ ਤਰੱਕੀ ਦੇ ਰਾਹ ਤੇ ਹਨ।

ਡਾ. ਬਲਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ, ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂਮਾਜਰਾ (ਖਰੜ)

ਕੋਵਿਡ ਦਾ ਹਊਆ

ਬੰਗਾਲ ਵਿਚ ਚੋਣਾਂ ਦੀ ਖੇਡ ਤੋਂ ਵਿਹਲੀ ਹੋਈ ਕੇਂਦਰੀ ਹਕੂਮਤ ਨੇ ਹੁਣ ਕਰੋਨਾ ਨਾਲ ਜੰਗ ਨੂੰ ਵੀ ‘ਖੇਲਾ ਹੋਬੇ’ ਵਾਲਾ ਵਰਤਾਰਾ ਬਣਾ ਦਿੱਤਾ ਹੈ। ਇਸ ਵਰਤਾਰੇ ਬਾਰੇ ਜਾਗਰੂਕ ਕਰਦੀਆਂ ਅਤੇ ਜਾਣਕਾਰੀ ਦਿੰਦੀਆਂ ਕਈ ਗੱਲਾਂ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਹੋਰ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਅੰਤਰੀਵ ਭਾਵਾਂ ਵਿਚੋਂ ਲੱਭ ਜਾਂਦੀਆਂ ਹਨ। ਕਰੋਨਾ ਨਾਲ ਜਿਊਣ ਦਾ ਰਾਹ ਦੱਸਣ ਦੀ ਥਾਂ, ਕਰੋਨੇ ਨਾਲ ਯੁੱਧ ਵਿਚ ਘਪਲਿਆਂ ਨੂੰ ਥਾਂ ਮਿਲ ਰਹੀ ਹੈ। ਕਦੇ ਸਾਨੂੰ ਇਹ ਜਾਪਣ ਲੱਗਦਾ ਹੈ ਕਿ ਕੋਵਿਡ ਦਾ ਵਾਇਰਸ ਅਲਾਦੀਨ ਦਾ ਚਿਰਾਗ਼ ਬਣਿਆ, ਵੱਡੀ ਸਰਕਾਰ ਅੱਗੇ ‘ਹੁਕਮ ਮੇਰੇ ਆਕਾ-ਹੁਕਮ ਮੇਰੇ ਆਕਾ’ ਕਰਦਾ ਫਿਰਦਾ ਹੈ। ਸੂਬਾ ਸਰਕਾਰਾਂ ਨੂੰ ਇਸ ਨੇ        ਭਾਜੜਾਂ ਪਾ ਦਿੱਤੀਆਂ ਹਨ। ਕੰਮਾਂ-ਕਾਰਾਂ ਵਾਲਿਆਂ ਨੂੰ ਵਿਹਲੇ ਕਰ ਦਿੱਤਾ ਹੈ ਅਤੇ ਰੋਜ਼ ਕਮਾ ਕੇ ਖਾਣ ਵਾਲਿਆਂ ਨੂੰ ਭੁੱਖੇ ਮਾਰ ਦਿੱਤਾ ਹੈ। ਜੇ ਵਾਇਰਸ ਦੇ ਮਨੁੱਖੀ ਸਰੀਰ ਨਾਲ ਵਰਤਾਓ ਅਤੇ ਸਰੀਰ ਦੀ ਰੋਗ ਰੋਕੂ ਸ਼ਕਤੀ ਨੂੰ ਸਮਝ ਲਈਏ ਤਾਂ ਜੀਵਨ ਨੂੰ ਕਈ ਗੁਣਾਂ ਸੌਖਾ ਰੱਖ ਸਕਦੇ ਹਾਂ। ਅਫ਼ਸੋਸ ਕਿ ਸਰਕਾਰਾਂ ਨੇ ਅਜਿਹੇ ਉਪਰਾਲੇ ਨਹੀਂ ਕੀਤੇ। ਹੁਣ ਹਾਲਤ ਇਹ ਹੈ ਕਿ ਘਰੋਂ ਜ਼ਰੂਰੀ ਕੰਮ ਲਈ ਬਾਹਰ ਨਿਕਲੇ ਜਵਾਨ ਬੰਦਿਆਂ ਜਾਂ ਮੁੰਡਿਆਂ ਨੂੰ    ਆਨੀ-ਬਹਾਨੀ ਘੇਰ ਕੇ ਕੋਵਿਡ ਟੈਸਟ ਲਈ ਪੁਲੀਸ ਲੈ ਜਾਂਦੀ ਹੈ। ਜੇ ਅਗਲਿਆਂ ਨੇ ਟੈਸਟ ਪਹਿਲਾਂ ਕਰਵਾ       ਵੀ ਲਿਆ ਹੋਵੇ ਤਾਂ ਵੀ ਨਹੀਂ ਬਖ਼ਸ਼ਦੇ। ਅਜਿਹੀਆਂ ਵਧੀਕੀਆਂ ਸਿਸਟਮ ਦੀ ਚਾਲ ਹੈ। ਇਸ ਦੇ ਹੁੰਦਿਆਂ     ਲੋਕ ਸਿਆਣੇ ਤੇ ਸਮਝਦਾਰ ਨਹੀਂ ਹੋ ਸਕਦੇ, ਤੇ ਕਰੋਨਾ ਜਾ ਨਹੀਂ ਸਕਦਾ।

ਕਮਲੇਸ਼ ਉੱਪਲ, ਪਟਿਆਲਾ