ਪਾਠਕਾਂ ਦੇ ਖ਼ਤ:
ਪਾਣੀ ਦੀ ਸੰਭਾਲ ਜ਼ਰੂਰੀ
22 ਮਾਰਚ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਵੱਲੋਂ ਲੇਖ ‘ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ’ ਵਿਚ ਦਿਲਚਸਪ ਅੰਕੜਿਆਂ ਰਾਹੀਂ ਪਾਣੀ ਬਾਰੇ ਭਰਪੂਰ ਚਾਨਣਾ ਪਾਇਆ ਗਿਆ ਹੈ। ਦਿਨੋਂ ਦਿਨ ਘਟਦਾ ਜਾ ਰਿਹਾ ਪੀਣ ਵਾਲਾ ਪਾਣੀ ਚਿੰਤਾ ਭਰਪੂਰ ਵਿਸ਼ਾ ਹੈ, ਕਿਉਂਕਿ ਹੁਣ ਤਕ ਪਾਣੀ ਦੀ ਅੰਨ੍ਹੇਵਾਹ ਲਾਪ੍ਰਵਾਹੀ ਨਾਲ ਵਰਤੋਂ/ਦੁਰਵਰਤੋਂ ਹੋਈ ਹੈ। ਸੋ ਬਾਬਾ ਫਰੀਦ ਜੀ ਦੇ ਸਲੋਕ ‘‘ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥’’ ਵਾਂਗ ਬੇਤਹਾਸ਼ਾ ਵਰਤੇ ਗਏ ਸਾਫ਼ ਪਾਣੀ ਨੂੰ ਹੁਣ ਸੰਭਲ ਸੰਕੋਚ ਨਾਲ ਵਰਤਿਆ ਜਾਏ ਤਾਂ ਹੀ ਇਨਸਾਨਾਂ ਦਾ ਬਚਾਓ ਹੈ। ਮੀਂਹ ਦੇ ਪਾਣੀ ਨੂੰ ਵੀ ਬਚਾਉਣ ਲਈ ਇਕ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਭਗਤ ਸਿੰਘ ਦਾ ਮੁਕੱਦਮਾ
23 ਮਾਰਚ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਭਗਤ ਸਿੰਘ ਦਾ ਮੁਕੱਦਮਾ: ਬਸਤੀਵਾਦੀ ਕਾਨੂੰਨ ਦਾ ਦੰਭ’ ਅਹਿਮ ਜਾਣਕਾਰੀ ਦਿੰਦਾ ਹੈ। ਲੇਖ ਦਾ ਉਹ ਹਿੱਸਾ ਪੜ੍ਹਦੇ ਅੱਖ ਨਮ ਹੋ ਗਈ ਕਿ ਕਿਵੇਂ ਵਾਅਦਾ ਮੁਆਫ਼ ਗਵਾਹਾਂ ਹੰਸ ਰਾਜ, ਜੈ ਗੋਪਾਲ, ਫਨਿੰਦਰ ਨਾਥ ਘੋਸ਼ ਅਤੇ ਮਨਮੋਹਨ ਬੈਨਰਜੀ ਅਤੇ ਡੀਐੱਸਪੀ ਸੁਦਰਸ਼ਨ ਸਿੰਘ ਨੂੰ ਬਰਤਾਨਵੀ ਸਰਕਾਰ ਨੇ ਇਨਾਮ ਬਖ਼ਸ਼ੇ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਖਾਨ ਸਾਹਿਬ ਮੁਹੰਮਦ ਅਕਬਰ ਖ਼ਾਨ ਨੂੰ ਫਾਂਸੀ ਸਮੇਂ ਹੰਝੂ ਵਹਾਉਣ ਬਦਲੇ ਸਜ਼ਾ ਦਿੱਤੀ ਗਈ। ਇਸ ਮੌਕੇ ਜਸਟਿਸ ਆਗਾ ਹੈਦਰ ਨੂੰ ਵੀ ਯਾਦ ਕਰਨਾ ਬਣਦਾ ਹੈ।
ਜਗਰੂਪ ਸਿੰਘ, ਲੁਧਿਆਣਾ
ਖਟਕੜ ਕਲਾਂ ਦਾ ਰਾਹ
23 ਮਾਰਚ ਦੇ ਅੰਕ ਵਿਚ ਸੁਰਜੀਤ ਮਜਾਰੀ ਦਾ ਮਿਡਲ ‘ਖਟਕੜ ਕਲਾ ’ਚੋਂ ਲੰਘਦੇ ਰਾਹੀਆ’ ਊਣਤਾਈਆਂ ਦਾ ਅੱਛਾ ਉਲਾਂਭਾ ਏ। ਅੱਧੀ ਸਦੀ ਤੋਂ ਖਟਕੜ ਕਲਾਂ ਨੂੰ ਨੇੜੇ ਹੋ ਕੇ ਨਿਹਾਰ ਰਿਹਾ ਸੀ। ਗਿਆਨੀ ਜ਼ੈਲ ਸਿੰਘ ਤੋਂ ਆਧੁਨਿਕ ਰੰਗਤ ਦੀ ਸ਼ੁਰੂਆਤ; ਲਾਲ ਝੰਡੇ/ਡੰਡੇ ਸੰਗ ਭਗਤ ਸਿੰਘ ਦੇ ਮੁਢਲੇ ਕ੍ਰਾਂਤੀਕਾਰੀ ਸਾਥੀ ਪੰਡਿਤ ਕਿਸ਼ੋਰੀ ਲਾਲ ਸਨਮੁੱਖ ਜਵਾਨ ਹੁੰਦੀ ਵੇਖੀ ਹੈ। ਸਰਕਾਰਾਂ ਨੇ ਸਰਦਾਰ ਭਗਤ ਸਿੰਘ ਦੀ ਸੋਚ/ਪੁਸ਼ਾਕ ਨੂੰ ਹਾਲੇ ਪਹਿਨਿਆ ਹੈ ਹੰਢਾਇਆ ਨਹੀਂ।
ਇਕਬਾਲ ਸਿੰਘ ਚੀਮਾ, ਕਾਲਜ ਕਾਲੌਨੀ, ਨਵਾਂ ਸ਼ਹਿਰ
ਸਤਲੁਜ-ਯਮੁਨਾ ਲਿੰਕ ਨਹਿਰ
18 ਮਾਰਚ ਦੀ ਸੰਪਾਦਕੀ ‘ਸਤਲੁਜ-ਯਮੁਨਾ ਲਿੰਕ ਨਹਿਰ’ ਵਿਚ ਸੰਵੇਦਨਸ਼ੀਲ ਮੁੱਦੇ ’ਤੇ ਚਰਚਾ ਕਰਦਿਆਂ ਇਸ ਦੀ ਅੱਜ ਦੇ ਦਿਨ ਸਥਿਤੀ ਤੇ ਯਥਾਰਥਿਕ ਗੰਭੀਰਤਾ ਨੂੰ ਛੋਹਿਆ ਗਿਆ ਹੈ। ਜੇ ਪੰਜਾਬ ਪਾਣੀ ਦੀ ਬਹੁਲਤਾ ਕਰਕੇ ਸੇਮ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੋਵੇ ਤੇ ਛੋਟੇ ਭਰਾ ਸਮਾਨ ਗੁਆਂਢੀ ਸੂਬੇ ਨੂੰ ਪਾਣੀ ਦੇਣ ਨਾਲ ਦੋਵੇਂ ਪਾਸੇ ਸਹੂਲਤ ਬਣਦੀ ਹੋਵੇ ਤਾਂ ਨਹਿਰ ਦਾ ਨਿਰਮਾਣ ਸਮਝ ਆਉਂਦਾ ਹੈ। ਜੇ ਪੰਜਾਬ ਖ਼ੁਦ ਸੋਕੇ ਨਾਲ ਬੰਜਰ ਹੋ ਜਾਣ ਵੱਲ ਵਧ ਰਿਹਾ ਹੋਵੇ ਤਾਂ ਇਸ ਲਿੰਕ ਨਹਿਰ ’ਤੇ ਕਰੋੜਾਂ ਅਰਬਾਂ ਖਰਚ ਕਰਨ ਦੀ ਕੀ ਸਾਰਥਿਕਤਾ ਹੈ? ਸਥਿਤੀ ਨੂੰ ਨਿਰਪੱਖ ਮਾਹਿਰਾਂ ਵੱਲੋਂ ਨਵੇਂ ਸਿਰੇ ਤੋਂ ਘੋਖਣ ਦੀ ਜ਼ਰੂਰਤ ਹੈ। ਉਂਝ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਪਾਣੀ ਦੀ ਡੂੰਘਾਈ 100-120 ਫੁੱਟ ਤਕ ਹੈ, ਕਿਤੇ ਹੀ ਇਸ ਤੋਂ ਵੱਧ ਹਵੇਗੀ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)
ਇੰਟਰਨੈੱਟ ’ਤੇ ਪਾਬੰਦੀ
ਪੰਜਾਬ ਅੰਦਰ ਮੋਬਾਇਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਉੱਤੇ ਲੱਗੀ ਪਾਬੰਦੀ ਲਗਭਗ 70 ਘੰਟਿਆਂ ਬਾਅਦ ਬਹੁਤ ਸਾਰਿਆਂ ਜ਼ਿਲ੍ਹਿਆਂ ਵਿਚੋਂ ਹਟਾਈ ਗਈ ਹੈ। ਇਨ੍ਹਾਂ ਸੇਵਾਵਾਂ ਦੀ ਬਹਾਲੀ ਮਗਰੋਂ ਆਮ ਲੋਕਾਂ ਦੇ ਚਿਹਰਿਆ ’ਤੇ ਰੌਣਕ ਵੇਖਣ ਨੂੰ ਮਿਲੀ। ਆਮ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਕਿ ਪਤਾ ਨਹੀਂ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਕੀ ਹੋਵੇਗਾ ਪਰ ਇਨ੍ਹਾਂ ਸੇਵਾਵਾਂ ਦੇ ਬਹਾਲ ਹੋਣ ਨਾਲ ਸਪੱਸ਼ਟ ਹੋ ਗਿਆ ਕਿ ਪੰਜਾਬ ਅੰਦਰ ਅਮਨ ਸ਼ਾਤੀ ਪੂਰੀ ਤਰ੍ਹਾਂ ਨਾਲ ਬਰਕਰਾਰ ਹੈ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰ ਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਖ਼ਾਸਕਰ ਜਿਹੜੇ ਆਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹਨ। ਸਾਨੂੰ ਇੰਟਰਨੈੱਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਇਨ੍ਹਾਂ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਅਜਿਹੀਆਂ ਅਫ਼ਵਾਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਨਹੀਂ ਕਰਨੀਆਂ ਚਾਹੀਦੀਆਂ।
ਪਰਮਜੀਤ ਸੰਧੂ, ਥੇਹ ਤਿੱਖਾ (ਗੁਰਦਾਸਪੁਰ)
ਅੰਕ ਵਧਾਉਣੇ ਜਾਇਜ਼ ਨਹੀਂ
‘ਪੰਜਾਬੀ ਟ੍ਰਿਬਿਊਨ’ ਦੇ ਕਾਲਮਾਂ ਤੋਂ ਪਤਾ ਲੱਗਾ ਕਿ ਪੰਜਾਬ ਸਰਕਾਰ ਅਧਿਆਪਕ ਭਰਤੀ ਲਈ ਅੰਕ 50 ਫ਼ੀਸਦੀ ਤੋਂ 55 ਫ਼ੀਸਦੀ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਨੂੰ ਅਧਿਆਪਕ ਦੀ ਭਰਤੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਕਿ ਬਹੁਤਾ ਠੀਕ ਨਹੀਂ। ਗੁਣਵੱਤਾ ਮਾਪਣ ਲਈ ਤਾਂ ਸਰਕਾਰ ਪਹਿਲਾਂ ਹੀ ਬਹੁਤ ਸਾਰੇ ਟੈਸਟ ਰੱਖੇ ਹੋਏ ਹਨ ਜਿਸ ਕਾਰਨ ਅੰਕ ਵਧਾਉਣਾ ਵਾਜਬ ਨਹੀਂ ਹੈ। ਇਸ ਤਰ੍ਹਾਂ ਤਾਂ 60 ਫ਼ੀਸਦੀ ਅੰਕਾਂ ਵਾਲੇ ਆਪਣੇ ਸੁਆਰਥ ਅਧੀਨ ਸਰਕਾਰ ’ਤੇ ਦਬਾਅ ਪਾਉਣਗੇ ਕਿ ਅੰਕ 60 ਫ਼ੀਸਦੀ ਕਰ ਦਿੱਤੇ ਜਾਣ। ਇਸ ਨਾਲ ਬੱਚੇ ਇੰਪਰੂਵਮੈਂਟ ਦੇ ਚੱਕਰ ਵਿਚ ਫਸ ਜਾਣਗੇ; ਜਿੱਥੇ ਯੂਨੀਵਰਿਸਟੀਆਂ ਨੇ ਇਸ ਮੰਤਵ ਲਈ ਐਨੀਆਂ ਭਾਰੀ ਫੀਸਾਂ ਲਗਾ ਰੱਖੀਆਂ ਹਨ, ਜਿਨ੍ਹਾਂ ਨੂੰ ਕਮਜ਼ੋਰ ਤਬਕੇ ਦੇ ਵਿਦਿਆਰਥੀ ਅਦਾ ਨਹੀਂ ਕਰ ਸਕਦੇ। ਸੋ, ਸਰਕਾਰ ਨੂੰ ਐੱਨਸੀਆਰਟੀ ਵੱਲੋਂ ਨਿਰਧਾਰਿਤ ਪੈਮਾਨੇ ਨੂੰ ਹੀ ਲਾਗੂ ਕਰਨਾ ਚਾਹੀਦਾ ਹੈ।
ਈਸ਼ਰ ਸਿੰਘ, ਥਲੀ ਕਲਾਂ (ਰੂਪਨਗਰ)
ਵਿਰਾਸਤ
14 ਮਾਰਚ ਵਿਚ ਲੇਖਿਕਾ ਰਸ਼ਪਿੰਦਰ ਪਾਲ ਕੌਰ ਦੀ ਲਿਖਤ ‘ਵਿਰਾਸਤ’ ਜਿੱਥੇ ਲੇਖਣੀ ਪੱਖੋਂ ਅਮੀਰ ਹੈ ਉੱਥੇ ‘ਬੀਬੀ ਦੇ ਬੇਸ਼ਕੀਮਤੀ ਵਿਰਸੇ’ ਦੀ ਸਿੱਖਿਆਦਾਇਕ ਸੱਚੀ ਵਾਰਤਾ ਵੀ। ਲੇਖਿਕਾ ਨੇ ਸੰਖੇਪ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਜਾਣੋਂ ਇਕ ਲੰਮੀ ਚੌੜੀ ਸਫ਼ਲ ਜ਼ਿੰਦਗੀ/ਸੁਲਝੀ ਕਬੀਲਦਾਰੀ ਅਤੇ ਜੀਵਨ ਜਾਚ ਦਾ ਵੀ ਨਮੂਨਾ ਪੇਸ਼ ਕੀਤਾ ਹੈ। ਅੱਧੀ ਸਦੀ ਤੋਂ ਪਹਿਲਾਂ ਦਾ ਦ੍ਰਿਸ਼ ਕਿਵੇਂ ਡਾਕੀਏ ਦਾ ਚਿੱਠੀ ਦੇਣਾ, ਮਾਂ ਦੀ ਅਨਪੜ੍ਹਤਾ, ਪਾਪਾ ਦੀ ਬਤੌਰ ਸਕੂਲ ਅਧਿਆਪਕ ਘਰ ਤੋਂ ਦੂਰ ਡਿਊਟੀ, ਦਾਦਾ ਦਾਦੀ ਦਾ ਵਿਛੋੜਾ, ਆਂਢ ਗੁਆਂਢ ਦੀ ਅਪਣੱਤ ਵਾਲੀ ਸਾਂਝ, ਸਬਰ ਸੰਤੋਖ ਵਾਲਾ ਜੀਵਨ, ਪੇਪਰਾਂ ਵੇਲੇ ਬੀਬੀ ਦੀ ਨਸੀਹਤ, ‘‘ਜ਼ਿੰਦਗੀ ਨੂੰ ਪੈਰਾਂ ਸਿਰ ਕਰਨਾ ਤਾਂ ਜੀਅ ਜਾਨ ਨਾਲ ਪੜ੍ਹਿਆ ਕਰੋ’’, ਸੀਰੀ ਨਾਲ ਪੁਸ਼ਤਾਂ ਦੀ ਸਾਂਝ ਦਾ ਜ਼ਿਕਰ ਆਦਿ ਬਹੁਤ ਚੰਗਾ ਲੱਗਾ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਪੰਜਾਬੀ ਸੱਭਿਆਚਾਰ ਦਾ ਸਤਰੰਗ
11 ਮਾਰਚ ਦੇ ਸਤਰੰਗ ਵਿਚ ਪੰਜਾਬੀ ਸੱਭਿਆਚਾਰ ਦੇ ਨਰੋਏ ਰੰਗਾਂ ਦਾ ਗੁਲਦਸਤਾ ਰੂਹ ਨੂੰ ਸਕੂਨ ਨਾਲ ਸਰਸ਼ਾਰ ਕਰ ਗਿਆ। ਬਹਾਦਰ ਸਿੰਘ ਗੋਸਲ ਨੇ ‘ਭੰਡਾਂ ਦੀਆਂ ਮਸ਼ਕਰੀਆਂ’ ਵਿਚ ਪੁਰਾਤਨ ਮਨੋਰੰਜਨ ਦੇ ਸਾਧਨਾਂ ਦੀ ਮਹਿਮਾਮਈ ਪੇਸ਼ਕਾਰੀ ਕੀਤੀ ਹੈ। ਜਦਕਿ ਹੁਣ ਤਾਂ ਡੀਜੇ ਦਾ ਸ਼ੋਰ ਇਹ ਸਭ ਕੁਝ ਡਕਾਰ ਗਿਆ ਹੈ। ਹੁਣ ਮਨੋਰੰਜਨ ਪਹਿਲਾਂ ਵਾਂਗ ਸ਼ਾਂਤਮਈ ਅਤੇ ਆਨੰਦਦਾਇਕ ਨਹੀਂ ਰਿਹਾ। ਕਰਨੈਲ ਸਿੰਘ ਸੋਮਲ ਨੇ ਪੰਜਾਬੀ ਜੀਵਨ ਦੇ ਇਕ ਬਹੁਤ ਹੀ ਅਹਿਮ ਪੱਖ ਲੋਕਾਂ ਦੇ ਪੱਕੇ ਸਿਦਕ ਦੀ ਗੱਲ ਕੀਤੀ ਹੈ। ਹਰਦਿਆਲ ਸਿੰਘ ਥੂਹੀ ਨੇ ਪੰਜਾਬੀ ਗਾਇਨ ਵੰਨਗੀਆਂ ਦੇ ਅਮੀਰ ਪੱਖ ਨੂੰ ਉਜਾਗਰ ਕੀਤਾ ਹੈ।
ਜਸਵੀਰ ਸਿੰਘ, ਭੈਣੀ ਚੂਹੜ
ਚੋਣ ਕਮਿਸ਼ਨ ਤੇ ਨਿਰਪੱਖ ਚੋਣਾਂ
6 ਮਾਰਚ ਦੀ ਸੰਪਾਦਕੀ ‘ਸੁਪਰੀਮ ਕੋਰਟ ਦੇ ਅਹਿਮ ਫ਼ੈਸਲੇ’ ਪੜ੍ਹ ਕੇ ਸੰਤੁਸ਼ਟੀ ਹੋਈ ਕਿ ਸੁਪਰੀਮ ਕੋਰਟ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਜਮਹੂਰੀਅਤ ਦੀ ਰਾਖੀ ਯਕੀਨੀ ਬਣਾਉਣ ਪ੍ਰਤੀ ਗੰਭੀਰ ਲੱਗਦਾ ਹੈ। ਇਹ ਅਕਸਰ ਵੇਖਿਆ ਗਿਆ ਹੈ ਕਿ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਮੌਕੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਪਰ ਸੱਤਾਧਾਰੀ ਭਾਜਪਾ ਖ਼ਿਲਾਫ਼ ਖ਼ਾਸ ਕਾਰਵਾਈ ਨਹੀਂ ਕੀਤੀ ਜਾਂਦੀ। ਪਿਛਲੇ ਸਾਲ ਸੁਪਰੀਮ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਰਾਹੀਂ ਈਵੀਐਮ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਅਪੀਲ ਦਾਇਰ ਕੀਤੀ ਗਈ ਸੀ, ਜਿਸ ਸਬੰਧੀ ਕੋਈ ਫ਼ੈਸਲਾ ਨਹੀਂ ਕੀਤਾ ਜਾ ਰਿਹਾ। ਅਸਲ ਲੋਕਤੰਤਰ ਲਈ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣਾ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਦਾ ਸੰਵਿਧਾਨਿਕ ਫਰਜ਼ ਹੈ। ਸਵਾਲ ਹੈ ਕਿ ਜੇ ਦੁਨੀਆ ਦੇ ਸਾਰੇ ਵਿਕਸਤ ਦੇਸ਼ਾਂ ਵਿਚ ਬੈਲਟ ਪੇਪਰਾਂ ਰਾਹੀਂ ਚੋਣਾਂ ਹੋ ਸਕਦੀਆਂ ਹਨ ਤਾਂ ਭਾਰਤ ਵਿਚ ਕਿਉਂ ਨਹੀਂ?
ਸੁਮੀਤ ਸਿੰਘ, ਅੰਮ੍ਰਿਤਸਰ
ਦੇਸ਼ ਦੀ ਵਿਦੇਸ਼ ਨੀਤੀ
18 ਮਾਰਚ ਦੇ ਅੰਕ ਵਿਚ ਨਜ਼ਰੀਆ ਪੰਨੇ ਉਤੇ ਗੁਰਬਚਨ ਜਗਤ ਦਾ ਲੇਖ ‘ਵਿਦੇਸ਼ ਨੀਤੀ: ਇਤਿਹਾਸ ਅਤੇ ਵਰਤਮਾਨ’ ਪੜ੍ਹਿਆ। ਪਤਾ ਨਹੀਂ ਸਾਡੇ ਦੇਸ਼ ਦੇ ਸ਼ਾਸਕਾਂ ਨੂੰ ਗੁਆਂਢੀ ਮੁਲਕਾਂ ਤੋਂ ਕਿਉਂ ਚਿੜ ਚੜ੍ਹੀ ਰਹਿੰਦੀ ਹੈ। ਆਫ਼ਤ ਵੇਲੇ ਸਭ ਤੋਂ ਪਹਿਲਾਂ ਗੁਆਂਢੀ ਹੀ ਕੰਮ ਆਉਂਦਾ ਹੈ, ਨਾਲੇ ਸਾਡੇ ਗੁਆਂਢੀ ਮੁਲਕ ਤਾਂ ਕਿਸੇ ਵੇਲੇ ਸਾਡੇ ਦੇਸ਼ ਦਾ ਹੀ ਹਿੱਸਾ ਸਨ। ਜਾਣ ਕੇ ਦੁੱਖ ਹੋਇਆ ਕਿ ਚੀਨ ਕਿਵੇਂ ਚੁੱਪ-ਚਪੀਤੇ ਸਾਡੀ ਪਿੱਠ ਲਾਈਂ ਜਾ ਰਿਹਾ ਹੈ। ਲੇਖਕ ਵੱਲੋਂ ਸਥਿਰਤਾ ਅਤੇ ਸੁਰੱਖਿਅਤ ਮੁਲਕ ਦੀ ਦਿੱਖ ਪੇਸ਼ ਕਰਨ ਦਾ ਸੁਝਾਅ ਕਾਰਗਰ ਹੈ। ਮੰਡੀ ਦਾ ਦ੍ਰਿਸ਼ ਕਦੇ ਵੀ ਬਦਲ ਸਕਦਾ ਹੈ। ਇਹ ਵੀ ਸਹੀ ਲਿਖਿਆ ਹੈ ਕਿ ਸ਼ਤਰੰਜ ਦੀ ਖੇਡ ਵਿਚ ਪਿਆਦਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ।
ਜਗਰੂਪ ਸਿੰਘ, ਈਮੇਲ
ਸਮੇਂ ਦੀ ਚਾਲ
18 ਮਾਰਚ ਨੂੰ ਬਲਦੇਵ ਸਿੰਘ ਸੜਕਨਾਮਾ ਦੀ ਲਿਖਤ ‘ਜੇ ਸਮੇਂ ਦੀ ਚਾਲ ਇਹੀ ਰਹੀ’ ਪੜ੍ਹੀ। ਲੇਖਕ ਨੇ ਅਜੋਕੇ ਸਮੇਂ ਦੇ ਪਿਤਾ ਪੁਰਖੀ ਕੰਮ ਨੂੰ ਖ਼ਾਸ ਕਰਕੇ, ਜੱਟ ਬਰਾਦਰੀ ਨੂੰ ਪ੍ਰੀਭਾਸ਼ਤ ਕੀਤਾ ਹੈ। ਇਹ ਗੱਲ ਸਹੀ ਹੈ ਕਿ ਇਕ ਸਮਾਂ ਸੀ ਸਾਡੀ ਸਮਾਜਿਕ ਵੰਡ ਕਿੱਤਿਆਂ ਕੰਮਾਂ ਨਾਲ ਬੱਝੀ ਸੀ। ਨਵੀਨੀਕਰਨ, ਮਸ਼ੀਨੀਕਰਨ ਅਤੇ ਤੇਜ਼ ਤਰਾਰ ਯੁੱਗ ਦੇ ਵਪਾਰਕ ਵਿਦਿਅਕ ਗਿਆਨ ਨੇ ਇਨਸਾਨ ਨੂੰ ‘‘ਫ਼ਾਇਦੇਮੰਦ ਸੋਝੀ’’ ਪ੍ਰਦਾਨ ਕੀਤੀ। ਸੱਚਮੁੱਚ ਅਕਲਾਂ ਦੇ ਅਦਾਨ ਪ੍ਰਦਾਨ ਨੇ ਦੁਨੀਆ ਮੁੱਠੀ ਵਿਚ ਕਰ ਦਿੱਤੀ। ਅੱਜ ਤਾਂ ਮਰਲਿਆਂ ਦੀ ਖੇਤੀ ਲਈ ਵੀ ਮਸ਼ੀਨਰੀ ਦੀ ਜ਼ਰੂਰਤ ਹੈ। ਪਰਿਵਾਰਾਂ ਅਤੇ ਖੇਤਾਂ ਦੇ ਅਕਾਰ ਵੀ ਦਿਨ ਬ ਦਿਨ ਛੋਟੇ ਸੀਮਤ ਹੋ ਰਹੇ ਹਨ। ਗ਼ਲ ਟਾਈ ਲਟਕਾ ਕੇ ਅੰਗਰੇਜ਼ੀ ਸਕੂਲ ਵਿਚ ਪੜ੍ਹਿਆ ਨੌਨਿਹਾਲ ਖੇਤ ਦੀ ਵੱਟ ਤੇ ਮੋਢੇ ’ਤੇ ਕਹੀ ਰੱਖਕੇ ਕਿਵੇਂ ਭੱਜੇਗਾ। ਸੁਣਿਆ ਹੈ ਕਿ ਸਮੁੰਦਰੋਂ ਪਾਰ ‘ਵੱਡਿਆਂ’ ਦੇ ਮੁੰਡੇ ਮਾਡਰਨ ਬਾਰਬਰ/ਸੈਲੂਨ (ਵਾਲ ਕੱਟਣ ਦੀ ਦੁਕਾਨ) ਚਲਾ ਕੇ ਚੋਖੇ ਡਾਲਰ ਕਮਾਉਂਦੇ ਹਨ ਅਤੇ ਚਾਈਲਡ ਕੇਅਰ ਸੈਂਟਰ (ਕਰੈਚ) ਨੂੰ ਹੋਰ ਵੀ ਬਿਹਤਰ ਦੱਸਦੇ ਹਨ। ਸੋ, ਡੇਢ ਦੋ ਏਕੜ ਦੀ ਖੇਤੀ ਨਾਲ ਢਾਬਾ ਚੰਗਾ, ਜੋ ਘਰ ਦੀ ਕਬੀਲਦਾਰੀ ਨੂੰ ਸੌਖਾਲਾ ਕਰ ਦੇਵੇ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸਮਾਜਿਕ ਸਿੱਖਿਆ ਵਾਲੇ ਡਿਗਰੀ ਹੋਲਡਰ
ਮੌਜੂਦਾ ਪੰਜਾਬ ਸਰਕਾਰ ਨੇ 343 ਸਕੂਲ ਲੈਕਚਰਾਰਾਂ ਦੀ ਸਿੱਧੀ ਭਰਤੀ ਵਿਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਬੀਐੱਡ ਕਰਨ ਵਾਲੇ ਨੌਜਵਾਨਾਂ ਨੂੰ ਇਤਿਹਾਸ, ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਦੀਆਂ ਅਸਾਮੀਆਂ ’ਚੋਂ ਬਾਹਰ ਕਰ ਦਿੱਤਾ ਹੈ ਜਿਸ ਨਾਲ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਵਿਚ ਭਾਰੀ ਰੋਸ ਹੈ। ਦਰਅਸਲ ਸਾਰੇ ਵਿਸ਼ੇ ਸਮਾਜਿਕ ਸਿੱਖਿਆ ਦਾ ਹੀ ਭਾਗ ਹਨ ਅਤੇ ਸਮੇਂ ਸਮੇਂ ’ਤੇ ਪੰਜਾਬ ਵਿਚ ਨਿਕਲਦੀਆਂ ਲੈਕਚਰਾਰ ਦੀਆਂ ਅਸਾਮੀਆਂ ਵਿਚ ਇਨ੍ਹਾਂ ਨੂੰ ਯੋਗ ਮੰਨਿਆ ਜਾਂਦਾ ਸੀ ਅਤੇ ਹੁਣ ਵੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ 28 ਰਾਜਾਂ ਵਿਚ ਇਸ ਨੂੰ ਯੋਗ ਮੰਨਦੇ ਹਨ। ਸਰਕਾਰ ਨੂੰ ਇਸ ਮਸਲੇ ਨੂੰ ਫੌਰੀ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।
ਮਨਦੀਪ ਸਿੰਘ ਸਿਵੀਆਂ, ਜੋੜਕੀ ਅੰਧੇਵਾਲੀ (ਫਾਜ਼ਿਲਕਾ)
ਅਰੁਣਾਚਲ ਪ੍ਰਦੇਸ਼ ਤੇ ਚੀਨ
ਅਮਰੀਕੀ ਸੰਸਦ ਦੇ ਸ਼ਕਤੀਸ਼ਾਲੀ ਸਦਨ ਸੈਨੇਟ ਦੀਆਂ ਦੋਵੇਂ ਧਿਰਾਂ ਰਿਪਬਲਿਕਨਾਂ ਅਤੇ ਡੈਮੋਕਰੇਟਾਂ ਵੱਲੋਂ ਅਰੁਣਾਚਲ ਪ੍ਰਦੇਸ਼ ਪ੍ਰਤੀ ਚੀਨੀ ਰਵੱਈਏ ਦੀ ਨਿੰਦਾ ਕਰਦਿਆਂ ਇਸ ਨੂੰ ਭਾਰਤ ਦਾ ਅਟੁੱਟ ਅੰਗ ਆਖਣਾ ਤੇ ਚੀਨ ਦੀਆਂ ਭੜਕਾਊ ਨੀਤੀਆਂ ਦੀ ਨਿਖੇਧੀ ਕਰਨਾ ਸਵਾਗਤਯੋਗ ਹੈ। 1962 ਦੀ ਚੀਨੀ-ਭਾਰਤੀ ਜੰਗ ਪਿੱਛੋਂ ਇਸ ਦੇ ਅੰਗਰੇਜ਼ਾਂ ਵੱਲੋਂ ਰੱਖੇ ਗਏ ਨਾਮ ਨੇਫਾ (ਨੌਰਥ ਈਸਟ ਫਰੰਟੀਅਰ ਏਰੀਆ) ਨੂੰ ਬਦਲ ਕੇ ਭਾਰਤੀ ਨਾਮ ਅਰੁਣਾਚਲ (ਭਾਵ ਚੜ੍ਹਦੇ ਸੂਰਜ ਵੱਲ ਦਾ) ਪ੍ਰਦੇਸ਼ ਅਤੇ ਇਸ ਦੀ ਰਾਜਧਾਨੀ ਦਾ ਭਾਰਤੀ ਨਾਮ ਈਟਾਨਗਰ ਅਤੇ ਇੱਥੋਂ ਦੇ ਵਸਨੀਕਾਂ ਦੀ ਭਾਸ਼ਾ ਚੀਨੀ ਨਾ ਹੋਣਾ ਭਾਰਤ ਦਾ ਅਟੁੱਟ ਅੰਗ ਹੋਣ ਦੇ ਸਬੂਤ ਹਨ।
ਪ੍ਰਿ੍ੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਭੰਡਾਂ ਦੀਆਂ ਮਸ਼ਕਰੀਆਂ
11 ਮਾਰਚ ਦੇ ਸਤਰੰਗ ਪੰਨੇ ’ਤੇ ਬਹਾਦਰ ਸਿੰਘ ਗੋਸਲ ਦੀ ਰਚਨਾ ‘ਭੰਡਾਂ ਦੀਆਂ ਮਸ਼ਕਰੀਆਂ’ ਉਨ੍ਹਾਂ ਭਲੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਕਰਦੀ ਹੈ ਜਦੋਂ ਕਿਸੇ ਵਿਆਹ/ਸ਼ਾਦੀ ਮੌਕੇ ਕੋਠੇ ’ਤੇ ਦੋ ਮੰਜੇ ਪੁੱਠੇ ਖੜ੍ਹੇ ਕਰ ਕੇ ਵਿਚਾਲੇ ਲਾਊਡ ਸਪੀਕਰ ਟੰਗ ਦਿੱਤਾ ਜਾਂਦਾ ਸੀ। ਵਿਆਹ ਇਕ ਘਰ ਹੁੰਦਾ ਸੀ ਤੇ ਚਾਅ ਸਾਰੇ ਪਿੰਡ ਨੂੰ ਚੜ੍ਹਿਆ ਹੁੰਦਾ ਸੀ। ਬਰਾਤਾਂ ਵੀ ਦੋ-ਦੋ/ਤਿੰਨ-ਤਿੰਨ ਦਿਨ ਠਹਿਰਦੀਆਂ ਸਨ। ਹਰ ਖੁਸ਼ੀ ਦੇ ਮੌਕੇ ਭੰਡ ਵੀ ਆਪਣੇ ਚੁਲਬੁਲੇ ਟੋਟਕਿਆਂ ਨਾਲ ਆਏ ਮਹਿਮਾਨਾਂ/ਸਰੋਤਿਆਂ ਦਾ ਖ਼ੂਬ ਮਨੋਰੰਜਨ ਕਰਦੇ ਸਨ। ਹਰਦਿਆਲ ਸਿੰਘ ਥੂਹੀ ਦੀ ਰਚਨਾ ‘ਨਾਗਣ ਦੀ ਚੂੜੀ ਲਿਆਉਣ ਵਾਲਾ ਮੇਹਰ ਸਿੰਘ ਦੁੱਗਰੀ’ ਵੀ ਤੂੰਬੇ-ਅਲਗੋਜ਼ੇ/ਢੱਡ ਸਾਰੰਗੀ ਨਾਲ ਗਾਉਣ ਵਾਲੇ ਪੁਰਾਣੇ ਗਵੱਈਆਂ ਬਾਰੇ ਚੋਖੀ ਜਾਣਕਾਰੀ ਭਰਪੂਰ ਹੈ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਦੂਰ-ਦੁਰਾਡੇ ਪ੍ਰੀਖਿਆ ਕੇਂਦਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਲਈ ਜਾਂਦੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੇ ਪ੍ਰੀਖਿਆ ਕੇਂਦਰ ਅਕਸਰ ਬਹੁਤ ਦੂਰ ਬਣਾਏ ਜਾਂਦੇ ਹਨ ਜਿੱਥੇ ਜਾਣਾ ਉਮੀਦਵਾਰਾਂ ਲਈ ਮੁਸ਼ਕਿਲ ਹੀ ਨਹੀਂ ਬਲਕਿ ਵੱਡੀ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ। ਇਸ ਵਾਰ ਆਨਲਾਈਨ ਟੈੱਟ ਅਪਲਾਈ ਕਰਨ ਸਮੇਂ ਵਿਦਿਆਰਥੀਆਂ ਤੋਂ ਆਪਣੇ ਪ੍ਰੀਖਿਆ ਕੇਂਦਰ ਚੁਣਨ ਲਈ ਵੱਖ ਵੱਖ ਜ਼ਿਲ੍ਹੇ ਦਿੱਤੇ ਗਏ ਜਿਨ੍ਹਾਂ ਵਿਚੋਂ ਉਨ੍ਹਾਂ ਨੇ ਆਪਣੇ ਮੁਤਾਬਿਕ ਵਿਕਲਪ ਚੁਣ ਕੇ ਕੇਂਦਰ ਭਰੇ। ਪ੍ਰੰਤੂ ਤਿੰਨ-ਤਿੰਨ ਕੇਂਦਰ ਭਰੇ ਜਾਣ ਤੋਂ ਬਾਅਦ ਵੀ ਪ੍ਰੀਖਿਆ ਕੇਂਦਰਾਂ ਦੀ ਦੂਰੀ ਲਗਭਗ 100 ਕਿਲੋਮੀਟਰ ਦਿੱਤੀ ਗਈ ਜਿਸ ਕਾਰਨ ਵਿਦਿਆਰਥੀਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਕੇਂਦਰਾਂ ਦੀ ਦੂਰੀ ਜਿੱਥੇ ਆਉਣ ਜਾਣ ਲਈ ਵੱਡੀ ਚੁਣੌਤੀ ਖੜ੍ਹੀ ਕਰਦੀ ਹੈ, ਉੱਥੇ ਹੀ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਮੱਸਿਆ ਪੈਦਾ ਕਰਦੀ ਹੈ।
ਰਵਿੰਦਰ ਸਿੰਘ ਰੇਸ਼ਮ, ਨੱਥੂਮਾਜਰਾ (ਮਾਲੇਰਕੋਟਲਾ)
ਭਾਈਚਾਰਕ ਸਾਂਝ ਤੇ ਆਰਥਿਕਤਾ
ਸ਼ਨਿੱਚਰਵਾਰ, 18 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਬਲਦੇਵ ਸਿੰਘ (ਸੜਕਨਾਮਾ) ਦੀ ਰਚਨਾ ‘ਜੇ ਸਮੇਂ ਦੀ ਚਾਲ ਏਹੀ ਰਹੀ’ ਆਪਣੇ ਆਪ ਵਿੱਚ ਬੜਾ ਕੁਝ ਬਿਆਨ ਕਰਦੀ ਹੈ। ਸਾਡੇ ਗੁਰੂਆਂ, ਪੀਰਾਂ ਫ਼ਕੀਰਾਂ ਅਤੇ ਰਹਿਬਰਾਂ ਨੇ ਆਪਣੀ ਬਾਣੀ ਵਿੱਚ ਊਚ-ਨੀਚ, ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਦੀ ਗੱਲ ਆਖੀ ਹੈ, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਕੰਮ ਹੀ ਬੰਦੇ ਦਾ ਕਰਮ ਹੈ। ਲੇਖਕ ਨੇ ਠੀਕ ਹੀ ਕਿਹਾ ਹੈ ਕਿ ਜੇ ਸਮੇਂ ਦੀ ਚਾਲ ਏਹੀ ਰਹੀ ਤਾਂ ਸਾਡੀ ਪੀੜ੍ਹੀ ਨੂੰ ਆਰਥਿਕਤਾ ਦੇ ਹਿਸਾਬ ਨਾਲ ਜੱਦੀ-ਪੁੱਸ਼ਤੀ ਪਿਤਾ ਪੁਰਖੀ ਕਿੱਤੇ ਬਦਲਣੇ ਵੀ ਪੈ ਸਕਦੇ ਨੇ ਤੇ ਕਈਆਂ ਨੇ ਬਦਲੇ ਵੀ ਨੇ।
ਅਮਰਜੀਤ ਮੱਟੂ ਭਰੂਰ, ਸੰਗਰੂਰ
ਵਾਅਦੇ ਤੇ ਦਾਅਵੇ
ਸ਼ੁੱਕਰਵਾਰ, 17 ਮਾਰਚ ਨੂੰ ਸਫ਼ਾ 3 ’ਤੇ ਛਪੀ ਖ਼ਬਰ ਜੇਲਾਂ ਦੇ ਕਹਾਣੀ ਤੋਂ ਜਾਪਦਾ ਹੈ ਜਿਵੇਂ ਜੇਲਾਂ ਅੰਦਰ ਕੈਦੀਆਂ ਦੇ ਸੁਧਾਰ ਦੀ ਥਾਂ ਖ਼ੁਦਕੁਸ਼ੀਆਂ, ਮੁਲਜ਼ਮਾਂ ਨੂੰ ਮਾਰਨ, ਸੌੜੀ ਸਿਆਸਤ ਦੀ ਵਿਉਂਤਬੰਦੀ, ਨਾਮੀ ਗੈਂਗਸਟਰ ਦੀ ਇੰਟਰਵਿਊ ਆਦਿ ਜਿਹੀਆਂ ਘਟਨਾਵਾਂ ਹੀ ਵਾਪਰਦੀਆਂ ਹਨ। ਇਹ ਸਾਰੀਆਂ ਘਟਨਾਵਾਂ ਸਰਕਾਰ ਦੀ ਸਥਿਤੀ ’ਤੇ ਢਿੱਲੀ ਪਕੜ ਨੂੰ ਜੱਗ ਜ਼ਾਹਿਰ ਕਰਦੀਆਂ ਹਨ। ਸ਼ਾਇਦ ਅਜਿਹੀਆਂ ਘਟਨਾਵਾਂ ਜ਼ਰੂਰੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ।
ਜਸ਼ਨਪ੍ਰੀਤ ਸਿੰਘ ਨਾਭਾ, ਪਟਿਆਲਾ
ਸਿੱਖਿਆ ਅਤੇ ਰੁਜ਼ਗਾਰ
ਐਤਵਾਰ, 12 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿਚ ਅਵਿਜੀਤ ਪਾਠਕ ਦਾ ਲੇਖ ‘ਕੋਚਿੰਗ ਫੈਕਟਰੀਆਂ ਦਾ ਸਾਮਰਾਜ’ ਉਚੇਰੀ ਸਿੱਖਿਆ ਦੇ ਕੋਚਿੰਗ ਸੈਂਟਰਾਂ ਦੇ ਮੁੱਖ ਉਦੇਸ਼ ਧਨ ਦੌਲਤ ਕਮਾਉਣ ਦਾ ਵਿਸਲੇਸ਼ਣ ਕਰਨ ਵਾਲਾ ਸੀ। ਉਚੇਰੀ ਸਿੱਖਿਆ ਧਨੀ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਮੱਧਵਰਗੀ ਪਰਿਵਾਰਾਂ ਲਈ ਡਾਕਟਰੀ ਅਤੇ ਇੰਜੀਨੀਅਰਿੰਗ ਦਿਨ ਵੇਲੇ ਸੁਪਨੇ ਵੇਖਣ ਵਾਂਗ ਹੈ। ਉਨ੍ਹਾਂ ਦਾ ਦਰਦ, ਕੀਤੀ ਹੋਈ ਮਿਹਨਤ ਵਿਚ ਉੱਡਦਾ ਜਾਪਦਾ ਹੈ। ਕੋਚਿੰਗ ਸੈਂਟਰਾਂ ਵਿੱਚ ਮਹਿੰਗੀ ਫੀਸਾਂ ਦਾ ਖ਼ਰਚ ਗ਼ਰੀਬ ਮਾਪਿਆਂ ਨੂੰ ਕਰਨਾ ਔਖਾ ਹੈ। ਰੁਜ਼ਗਾਰ ਦੀ ਸਮੱਸਿਆ ਕਾਰਨ ਦੂਜੇ ਮੁਲਕਾਂ ਵੱਲੋਂ ਭੱਜਦੇ ਬੱਚਿਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਹੈ। ਸਿਆਸਤਦਾਨਾਂ ਨੂੰ ਸਿੱਖਿਆ ਨੀਤੀਆਂ ਵਿੱਚ ਤਬਦੀਲੀ ਅਤੇ ਸੌਖੇ ਤੇ ਸਸਤੇ ਰੁਜ਼ਗਾਰ ਪੈਦਾ ਕਰਨ ਦੇ ਉਪਰਾਲਿਆਂ ’ਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਕਿਤਾਬਾਂ ਦੀ ਅਹਿਮੀਅਤ
ਐਤਵਾਰ, 12 ਮਾਰਚ ਦੇ ‘ਦਸਤਕ’ ਅੰਕ ’ਚ ਛਪਿਆ ਲੇਖ ‘ਬਿਹਤਰ ਜ਼ਿੰਦਗੀ ਦਾ ਰਾਹ’ ਵਧੀਆ ਲੱਗਿਆ। ਲੇਖਕ ਕੇਹਰ ਸ਼ਰੀਫ਼ ਨੇ ਕਿਤਾਬਾਂ ਨੂੰ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਦੱਸਿਆ ਹੈ। ਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਲੀਹ ਤੋਂ ਵੱਖਰਾ ਸੋਚਦਾ ਤੇ ਸਿਰਜਦਾ ਹੈ ਜਿਸ ਨਾਲ ਸਮਾਜ ਵਿੱਚ ਨਵੇਂ ਫ਼ਲਸਫ਼ੇ ਜਨਮ ਲੈਂਦੇ ਹਨ। ਕਿਤਾਬਾਂ ਸਾਡੇ ਦਿਮਾਗ਼ ਨੂੰ ਸ਼ਾਂਤ ਤੇ ਇਕਾਗਰ ਚਿੱਤ ਕਰਦੀਆਂ ਹਨ। ਕਿਤਾਬਾਂ ਸਾਡੀ ਜ਼ਿੰਦਗੀ ਦਾ ਸ਼ੀਸ਼ਾ ਹਨ ਜੋ ਸਾਡੀ ਬੌਧਿਕਤਾ ਵਿੱਚ ਵਾਧਾ ਕਰਦੀਆਂ ਹਨ; ਜਿਸ ਰਾਹੀ ਅਸੀਂ ਜ਼ਿੰਦਗੀ ਦਾ ਖ਼ੂਬਸੂਰਤ ਰੂਪ ਵੇਖ ਸਕਦੇ ਹਾਂ। ਕਿਤਾਬਾਂ ਸਮਾਜਿਕ ਦੂਰੀਆਂ ਨੂੰ ਵੀ ਖ਼ਤਮ ਕਰਦੀਆਂ ਹਨ। ਸੁਖਪਾਲ ਕੌਰ, ਚੰਡੀਗੜ੍ਹ
ਸੰਸਦ ਵਿਚ ਮਿਹਣੇਬਾਜ਼ੀ
15 ਮਾਰਚ ਦੇ ਅੰਕ ਦੇ ਪਹਿਲੇ ਪੰਨੇ ਦੀ ਖ਼ਬਰ ‘ਹਾਕਮ ਤੇ ਵਿਰੋਧੀ ਧਿਰਾਂ ਮੁੜ ਆਹਮੋ-ਸਾਹਮਣੇ’ ਪੜ੍ਹ ਕੇ ਪਤਾ ਲੱਗਦਾ ਕਿ ਸਾਡੇ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦਾ ਲੋਕ ਭਲਾਈ ਦੇ ਕੰਮਾਂ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ। ਕਿਸੇ ਨੂੰ ਵੀ ਇਸ ਗੱਲ ਦਾ ਧਿਆਨ ਨਹੀਂ ਕਿ ਸੰਸਦ ਉਹ ਪਵਿੱਤਰ ਮੰਚ ਹੈ ਜਿੱਥੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੇ ਮਸਲੇ ਵਿਚਾਰੇ ਜਾਣੇ ਹੁੰਦੇ ਹਨ। ਪਰ ਅਸਲ ਵਿਚ ਹੁੰਦਾ ਇਹ ਹੈ ਕਿ ਕਿਸੇ ਵੀ ਵਿਰੋਧੀ ਜਾਂ ਹਾਕਮ ਪਾਰਟੀ ਦੇ ਕਿਸੇ ਮੈਂਬਰ ਵੱਲੋਂ ਬੋਲੇ ਗਏ ਇਕ ਸ਼ਬਦ ਜਾਂ ਵਾਕ ’ਤੇ ਪੂਰਾ ਜ਼ੋਰ ਮੁਆਫ਼ੀ ਮੰਗਣ ਜਾਂ ਮੰਗਵਾਉਣ ’ਤੇ ਲੱਗ ਜਾਂਦਾ ਹੈ। ਬਾਹਾਂ ਉਲਾਰ ਉਲਾਰ ਕੇ ਮਿਹਣੋ ਮਿਹਣੀ ਹੋ ਕੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਰੋੜਾਂ ਰੁਪਏ ਸੰਸਦ ਦੀਆਂ ਇਨ੍ਹਾਂ ਮੀਟਿੰਗਾਂ ’ਤੇ ਖ਼ਰਚਾ ਆ ਜਾਂਦਾ ਹੈ ਤੇ ਨਤੀਜਾ ਕੁਝ ਵੀ ਨਹੀਂ ਨਿਕਲਦਾ।
ਪ੍ਰਿੰ. ਫ਼ਕੀਰ ਸਿੰਘ, ਦਸੂਹਾ
ਕਾਂਸ਼ੀ ਰਾਮ
15 ਮਾਰਚ ਦਾ ਕੁਲਦੀਪ ਸਾਹਿਲ ਦਾ ਮਿਡਲ ‘ਰਾਜਨੀਤੀ ਦਾ ਰੁਖ਼ ਬਦਲਣ ਵਾਲੇ ਬਾਬੂ ਕਾਂਸ਼ੀ ਰਾਮ’ ਉਨ੍ਹਾਂ ਦੇ ਜਨਮ ਦਿਵਸ ’ਤੇ ਵਧੀਆ ਜੀਵਨ ਜਾਚ ਲੈਣ ਵਾਲੀ ਲਿਖਤ ਹੈ। ਲੇਖਕ ਨੇ ਬਾਬੂ ਕਾਂਸ਼ੀ ਰਾਮ ਦੇ ਜੀਵਨ ’ਤੇ ਝਾਤ ਮਾਰਦਿਆਂ ਉਨ੍ਹਾਂ ਦੇ ਦਲਿਤਾਂ, ਘੱਟ ਗਿਣਤੀਆਂ ਅਤੇ ਮੂਲਨਿਵਾਸੀ ਲੋਕਾਂ ਲਈ ਕੀਤੇ ਗਏ ਕਾਰਜ ਬਾਰੇ ਚਾਨਣਾ ਪਾਇਆ। ਉਨ੍ਹਾਂ ਸਮਾਜ ਦਾ ਦਰਦ ਪਹਿਚਾਣਦਿਆਂ ਸਾਰੀ ਉਮਰ ਸਮਾਜ ਦੇ ਲੇਖੇ ਲਗਾ ਦਿੱਤੀ। ਬਿਨਾਂ ਕਿਸੇ ਲਾਲਚ ਦੇ ਨਿਰਸੁਆਰਥ ਸਮਾਜ ਦੀ ਸੇਵਾ ਕੀਤੀ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਨ੍ਹਾਂ ਦੇਸ਼ ਅੰਦਰ ਫੈਲ ਰਹੀ ਜਾਤੀਵਾਦ, ਨਾਬਰਾਬਰੀ, ਹੋਰ ਕੁਰੀਤੀਆਂ ਦਾ ਡਟਵਾਂ ਵਿਰੋਧ ਕੀਤਾ ਤੇ ਸਮਾਜਿਕ ਕ੍ਰਾਂਤੀ ਦੇ ਨਾਲ ਬਾਮਸੇਫ਼, ਡੀਐਸ 4 ਅਤੇ ਰਾਜਨੀਤਕ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ।
ਮਨਮੋਹਨ ਸਿੰਘ, ਨਾਭਾ
(2)
ਕੁਲਦੀਪ ਸਾਹਿਲ ਦਾ ਕਾਂਸ਼ੀ ਰਾਮ ਬਾਰੇ ਲੇਖ ਵਧੀਆ ਲੱਗਾ। ਬਾਬੂ ਕਾਂਸ਼ੀ ਰਾਮ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਆਪਣਾ ਪੂਰਾ ਜੀਵਨ ਭਾਰਤ ਦੇ ਦਲਿਤ ਸਮਾਜ ਦੇ ਹੱਕਾਂ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਵਿਚ ਲਗਾ ਦਿੱਤਾ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇ ਦੱਬੇ ਕੁਚਲੇ ਤੇ ਪਛੜੇ ਸਮਾਜ ਨੂੰ ਰਾਜਨੀਤੀ ਤੌਰ ’ਤੇ ਹਿੱਸੇਦਾਰ ਬਣਾਉਣ ਲਈ ਅਣਥੱਕ ਯਤਨ ਕੀਤੇ ਤੇ ਕਾਮਯਾਬ ਹੋਏ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਲੋੜਵੰਦਾਂ ਦੀ ਭਲਾਈ
14 ਮਾਰਚ ਦੇ ਨਜ਼ਰੀਆ ਪੰਨੇ ’ਤੇ ਰਸ਼ਪਿੰਦਰਪਾਲ ਕੌਰ ਦੀ ਰਚਨਾ ‘ਵਿਰਾਸਤ’ ਆਪਣੇ ਆਪ ਵਿਚ ਬੜਾ ਕੁਝ ਬਿਆਨ ਕਰ ਰਹੀ ਹੈ। ਰਚਨਾ ਵਿਚਲੀ ਪਾਤਰ ਪੰਡੋਰੀ ਵਾਲੀ ਬੀਬੀ ਆਪਣੇ ਕਿਰਾਏਦਾਰ ਟੀਚਰ ਅਤੇ ਉਸ ਦੇ ਪਰਿਵਾਰ ਨੂੰ, ਆਪਣੇ ਸੀਰੀਆਂ-ਸਾਂਝੀਆਂ ਨੂੰ ਅਤੇ ਪਿੰਡ ਵਾਲਿਆਂ ਨੂੰ ਆਪਣੇ ਘਰ ਦੇ ਜੀਆਂ ਵਾਂਗੂੰ ਹੀ ਪਿਆਰ ਸਤਿਕਾਰ ਦਿੰਦੀ ਹੈ। ਇਸ ਕਰਕੇ ਹੀ ਸਾਰੇ ਹੀ ਉਹਨੂੰ ਆਪਣੀ ਹੀ ਬੀਬੀ ਸਮਝਦੇ ਨੇ.. ਕਾਸ਼, ਅਸੀਂ ਵੀ ਪੰਡੋਰੀ ਵਾਲੀ ਬੀਬੀ ਵਾਲੇ ਸੰਸਕਾਰ ਅਪਣਾ ਕੇ ਲੋੜਵੰਦਾਂ ਦੀ ਭਲਾਈ ਬਾਰੇ ਸੋਚੀਏ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਚੋਣ ਕਮਿਸ਼ਨਰਾਂ ਦੀ ਨਿਯੁਕਤੀ
ਫ਼ੈਜ਼ਾਨ ਮੁਸਤਫ਼ਾ ਦੇ 13 ਮਾਰਚ ਦੇ ਲੇਖ ‘ਚੋਣ ਕਮਿਸ਼ਨਰਾਂ ਨਿਯੁਕਤੀ ਅਤੇ ਲੋਕਰਾਜ’ ਵਿਚ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਪੱਖਪਾਤ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਟੀਐਨ ਸੇਸ਼ਨ ਤੋਂ ਬਾਅਦ 1996 ਵਿਚ ਮੁੱਖ ਚੋਣ ਕਮਿਸ਼ਨਰ ਬਣੇ ਮਨੋਹਰ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਹੋਣ ਅਤੇ 1977 ਵਿਚ ਮੁਰਾਰਜੀ ਦੇਸਾਈ ਦੀ ਕੇਂਦਰ ਸਰਕਾਰ ਸਮੇਂ ਆਪਣੇ ਪਿਤਾ ਦਾ ਬਾਦਲ ਰਾਹੀਂ ਗੋਆ ਦਾ ਲੈਫ਼ਟੀਨੈਂਟ ਗਵਰਨਰ ਬਣਨ ਦਾ ਬਾਦਲ ਨੂੰ ਫਾਇਦਾ ਪਹੁੰਚਾਇਆ। ਗਿੱਲ ਦਾ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਤੇ ਖੇਡ ਮੰਤਰੀ ਬਣਨਾ ਵੀ ਨਿਰਸੰਦੇਹ ਮੁੱਖ ਚੋਣ ਕਮਿਸ਼ਨਰ ਹੁੰਦਿਆਂ ਕਾਂਗਰਸ ਨੂੰ ਬਿਨਾਂ ਕਿਸੇ ਲਾਭ ਪਹੁੰਚਾਏ ਸੰਭਵ ਕਿਵੇਂ ਹੋ ਸਕਦਾ ਸੀ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
13 ਮਾਰਚ ਦੇ ਅੰਕ ਵਿਚ ਫ਼ੈਜ਼ਾਨ ਮੁਸਤਫ਼ਾ ਨੇ ਆਪਣੇ ਲੇਖ ਵਿਚ ਸੁਪਰੀਮ ਕੋਰਟ ਦੇ ਹੁਕਮ ਦੀ ਰੋਸ਼ਨੀ ਵਿਚ ਮੁਲਵਾਨ ਵਿਚਾਰ ਪੇਸ਼ ਕੀਤੇ ਹਨ। ਪਿਛਲੇ ਕੁਝ ਸਾਲਾਂ ਤੋਂ ਚੋਣ ਕਮਿਸ਼ਨ ਦੇ ਫ਼ੈਸਲੇ ਚਰਚਾ ਦਾ ਵਿਸ਼ਾ ਬਣ ਰਹੇ ਹਨ। ਅਜਿਹੇ ਵਿਚ ਕੁਦਰਤੀ ਹੈ ਕਮਿਸ਼ਨਰ ਦੀ ਬਣਤਰ ਅਤੇ ਨਿਯੁਕਤੀ ’ਤੇ ਉਂਗਲ ਉੱਠੇ। ਲੇਖਕ ਨੇ ਭਾਰਤ ਦੇ ਚੀਫ਼ ਜਸਟਿਸ ਦੀ ਕਮੇਟੀ ਵਿਚ ਸ਼ਮੂਲੀਅਤ ’ਤੇ ਕਿੰਤੂ ਕਰਦਿਆਂ ਇਸ ਨੂੰ ਸਰਕਾਰ ਅਤੇ ਵਿਰੋਧੀ ਧਿਰ ’ਤੇ ਛੱਡ ਦੇਣ ਦਾ ਸੁਝਾਅ ਦਿੱਤਾ ਹੈ ਜੋ ਕਿ ਠੀਕ ਨਹੀਂ। ਮੁੱਖ ਜੱਜ ਦਾ ਕਮੇਟੀ ਵਿਚ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਸਰਕਾਰ ਦੀ ਮਨਮਰਜ਼ੀ ਨੂੰ ਠੱਲ੍ਹ ਨਹੀਂ ਪਵੇਗੀ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)
ਸਰਕਾਰ ਤੇ ਬਜਟ
13 ਮਾਰਚ ਦੀ ਸੰਪਾਦਕੀ ‘ਆਮ ਆਦਮੀ ਪਾਰਟੀ ਦਾ ਬਜਟ’ ਪੜ੍ਹ ਕੇ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਰੋਂਦੇ-ਬਿਲਕਦੇ ਬੱਚ ਨੂੰ ਮਿੱਠੀ ਗੋਲੀ ਦੇ ਕੇ ਵਡਿਆਇਆ ਗਿਆ ਹੋਵੇ। ਪੰਜਾਬ ਦੀ ਆਪ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਔਰਤਾਂ ਨੂੰ ਨਿਰਾਸ਼ ਕਰਨ ਵਾਲਾ ਹੈ। ਇਸ ਬਜਟ ਵਿਚ ਔਰਤਾਂ ਨੂੰ ਦਿੱਤੇ ਜਾਣ ਵਾਲੇ ਇਕ-ਇਕ ਹਜ਼ਾਰ ਰੁਪਏ ਦਾ ਕਿਸੇ ਜ਼ਿਕਰ ਨਹੀਂ ਕੀਤਾ ਗਿਆ। ਔਰਤਾਂ ਵਿਚਾਰੀਆਂ ਸਵੇਰੇ ਹੀ ਆਪਣੇ ਕੰਮ ਧੰਦੇ ਨਿਬੇੜ ਕੇ ਟੈਲੀਵਿਜ਼ਨ ਅੱਗੇ ਬੈਠ ਗਈਆਂ ਸਨ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਆਪ ਦੇ 92 ਵਿਧਾਇਕਾਂ ਵਿਚੋਂ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿਚ 48 ਵਿਧਾਇਕ ਤੇ 15 ਮੰਤਰੀਆਂ ਵਿਚੋਂ 8 ਮੰਤਰੀ ਹੀ ਮੌਜੂਦ ਸਨ। ਮੁੱਖ ਮੰਤਰੀ ਵੀ ਕੁਝ ਸਮੇਂ ਲਈ ਆਏ ਫੇਰ ਵਾਪਸ ਚਲੇ ਗਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਬਜਟ ਨੂੰ ਲੈ ਕੇ ਕਿੰਨੀ ਗੰਭੀਰ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਲੋਕਾਂ ਨੂੰ ਰੁਜ਼ਗਾਰ ਦਿਓ
ਸੁਣ ਰਹੇ ਹਾਂ ਕਿ ਮਾਂ-ਬੋਲੀ ਦੇ ਨਾਂ ’ਤੇ ਬਣੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਤੇ ਪੰਜਾਬ ਸਰਕਾਰ ਮਿਹਰਬਾਨ ਹੋਈ ਹੈ ਤੇ ਯੂਨੀਵਰਸਿਟੀ ਨੂੰ ਗਰਾਂਟ ਜਾਰੀ ਕਰਨ ਦੀ ਤਿਆਰੀ ਹੋ ਗਈ ਹੈ। ਬਹੁਤ ਚੰਗੀ ਗੱਲ ਹੈ ਪਰ ਕੁਝ ਹੋਰ ਜ਼ਰੂਰੀ ਕੰਮ ਵੀ ਕਰਨੇ ਚਾਹੀਦੇ ਹਨ। ਸਾਡੇ ਵਰਗੇ ਚੰਗੇ ਭਲੇ ਕਮਾਉਂਦਿਆਂ ਨੂੰ ਮੁਫ਼ਤ ਬਿਜਲੀ ਕਿਉਂ ਦੇ ਰਹੇ ਹੋ। ਖਾਂਦੇ-ਪੀਂਦੇ ਘਰਾਂ ਦੀਆਂ ਬੀਬੀਆਂ ਨੂੰ ਮੁਫ਼ਤ ਬੱਸ ਦੇ ਸਫ਼ਰ ਦੀ ਸਹੂਲਤ ਦੀ ਕੋਈ ਲੋੜ ਨਹੀਂ। ਰੱਬ ਦੇ ਵਾਸਤੇ ਖਜ਼ਾਨਾ ਖਾਲੀ ਨਾ ਕਰੋ। ਬਜਟ ਵਿਚ ਟੈਕਸ ਉੱਕਾ ਹੀ ਕਿਉਂ ਨਹੀਂ ਲਗਾਇਆ। ਜਿੱਥੇ ਲਾਉਣੇ ਬਣਦੇ ਹਨ, ਟੈਕਸ ਲਾਓ ਅਤੇ ਇਕੱਤਰ ਧਨ ਨੂੰ ਲੋਕਾਂ ਦੇ ਭਲੇ ਦੀਆਂ ਸਕੀਮਾਂ ਲਈ ਵਰਤੋ। ਲੋਕਾਂ ਨੂੰ ਰੁਜ਼ਗਾਰ ਦਿਓ, ਮੁਫ਼ਤਖੋਰੇ ਨਾ ਬਣਾਓ।
ਪ੍ਰੋ. ਕਮਲੇਸ਼ ਉੱਪਲ (ਡਾ.), ਈਮੇਲ
ਆਰਥਿਕ ਹਾਲਾਤ ਦੀ ਤਸਵੀਰ
10 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਲੇਖ ‘ਪੰਜਾਬ ਬਜਟ: ਔਰਤਾਂ ਤੇ ਕਾਮਿਆਂ ਦੀ ਗੱਲ’ ਵਿਚ ਡਾ. ਪਿਆਰਾ ਲਾਲ ਗਰਗ ਨੇ ਦਿਹਾਤੀ ਔਰਤਾਂ ਦੇ ਆਰਥਿਕ ਹਾਲਾਤ ਦੀ ਤਸਵੀਰ ਪੇਸ਼ ਕੀਤੀ ਹੈ; ਨਾਲ ਹੀ ਸਰਕਾਰੀ ਤੰਤਰ ਵਿਚ ਮਗਨਰੇਗਾ ਵਰਗੀਆਂ ਸਕੀਮਾਂ/ਨੀਤੀਆਂ ਦੇ ਖੋਖ਼ਲੇ ਦਾਅਵਿਆਂ ਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਦਾ ਸੁਝਾਅ ਜਿਸ ਵਿਚ ਕੁਦਰਤੀ ਆਫ਼ਤ ਪ੍ਰਬੰਧਨ ਲਈ ਰੱਖੇ ਕਰੀਬ 1000 ਕਰੋੜ ਰੁਪਏ ਵਿਚੋਂ ਬੇਵਕਤੀ ਮੌਤਾਂ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਇਹ ਧਨ ਦੇਣਾ ਸ਼ਾਮਿਲ ਹੈ, ਗੌਲਣ ਵਾਲਾ ਹੈ। ਇਸ ਤੋਂ ਪਹਿਲਾਂ 24 ਫਰਵਰੀ ਨੂੰ ਬਹਾਦਰ ਸਿੰਘ ਗੋਸਲ ਦਾ ਲੇਖ ‘ਵਿਦੇਸ਼ ਜਾਣ ਦਾ ਰੁਝਾਨ ਕਰ ਰਿਹਾ ਸਿੱਖਿਆ ਦਾ ਘਾਣ’ ਵਧੀਆ ਲੱਗਿਆ। ਲੇਖਕ ਨੇ ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦੇ ਚਾਅ ਅਤੇ ਕਾਲਜ ਵਿੱਦਿਆ ਬਾਰੇ ਘਟ ਰਹੇ ਰੁਝਾਨ ਦਾ ਜ਼ਿਕਰ ਕੀਤਾ ਹੈ।
ਸੁਖਪਾਲ ਕੌਰ, ਚੰਡੀਗੜ੍ਹ
(2)
ਡਾ. ਪਿਆਰਾ ਲਾਲ ਗਰਗ ਨੇ ਆਪਣੇ ਲੇਖ ‘ਪੰਜਾਬ ਬਜਟ: ਔਰਤਾਂ ਅਤੇ ਕਾਮਿਆਂ ਦੀ ਗੱਲ’ (10 ਮਾਰਚ) ਵਿਚ ਸਹੀ ਨਿਸ਼ਾਨਦੇਹੀ ਕੀਤੀ ਹੈ ਕਿ ਵੱਖ ਵੱਖ ਸਮੱਸਿਆਵਾਂ ਦੇ ਹੱਲ ਵੱਲ ਕਦਮ ਨਹੀਂ ਵਧਾਇਆ ਜਾਂਦਾ। ਅਸਲ ਵਿਚ ਜਦੋਂ ਕਿਸੇ ਮਸਲੇ ਜਾਂ ਸੰਕਟ ਬਾਰੇ ਕੋਈ ਨੀਤੀ ਹੀ ਨਾ ਹੋਵੇ ਤਾਂ ਉਸ ਸੰਕਟ ਦਾ ਹੱਲ ਕਿਵੇਂ ਸੰਭਵ ਹੈ? ਹੋਰ ਤਾਂ ਹੋਰ ਬਣੀਆਂ ਨੀਤੀਆਂ ਮੁਕੰਮਲ ਰੂਪ ਵਿਚ ਲਾਗੂ ਨਹੀਂ ਹੁੰਦੀਆਂ। ਸਿੱਟੇ ਵਜੋਂ ਪਰਨਾਲਾ ਤਕਰੀਬਨ ਉੱਥੇ ਦਾ ਉੱਥੇ ਹੀ ਹੈ।
ਕਸ਼ਮੀਰ ਸਿੰਘ ਸੇਖੋਂ, ਜਲੰਧਰ
ਸਿਆਹੀ
10 ਮਾਰਚ ਦੇ ਨਜ਼ਰੀਆ ਪੰਨੇ ’ਤੇ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਸਿਆਹੀ’ ਸੋਚਣ ਲਈ ਮਜਬੂਰ ਕਰਦੀ ਹੈ। ਬਿਸ਼ਨੂੰ ਨੇ ਮਿਹਨਤ-ਮੁਸ਼ੱਕਤ ਕਰ ਕੇ ਚਾਰ ਮਰਲੇ ਦਾ ਪਲਾਟ ਤਾਂ ਖਰੀਦ ਲਿਆ ਪਰ ਛੱਤ ਉਸਾਰਨ ਦੀ ਹਿੰਮਤ ਨਹੀਂ ਹੋਈ ਕਿਉਂਕਿ ਆਰਥਿਕ ਮੰਦੀ ਕਰ ਕੇ ਮਸਾਂ ਰੋਟੀ ਦਾ ਹੀ ਹੀਲਾ ਵਸੀਲਾ ਹੁੰਦਾ। ਬੁੱਢੇ ਵਾਰੇ ਬਿਮਾਰ ਹੋਣ ’ਤੇ ਇਲਾਜ ਖੁਣੋਂ ਮਰ ਗਿਆ। ਰਚਨਾ ਵੱਡੇ ਸਰਕਾਰੀ ਅਦਾਰਿਆਂ ਵਿਚ ਬੇਨਿਯਮੀਆਂ ਵੱਲ ਵੀ ਇਸ਼ਾਰਾ ਕਰਦੀ ਹੈ। 9 ਮਾਰਚ ਨੂੰ ਇਸੇ ਪੰਨੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਚਨਾ ‘ਖਾਲਸੇ ਦਾ ਹੋਲਾ ਮਹੱਲਾ’ ਤੋਂ ਇਸ ਤਿਉਹਾਰ ਬਾਰੇ ਚੋਖੀ ਜਾਣਕਾਰੀ ਹਾਸਿਲ ਹੋਈ। ਸਾਨੂੰ ਗੁਰੂ ਸਾਹਿਬਾਨ ਦੀ ਬਾਣੀ ’ਤੇ ਅਮਲ ਕਰਦਿਆਂ ਉੱਦਮੀ ਜੀਵਨ ਜਿਊਣ, ਸਮਾਜ ਵਿਚੋਂ ਫੈਲੀਆਂ ਕੁਰੀਤੀਆਂ ਖਤਮ ਕਰਨ ਅਤੇ ਸਾਵੇਂ ਸਮਾਜ ਦੀ ਸਿਰਜਣਾ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਆਦਮੀ ਮੁਸਾਫਿਰ ਹੈ...
24 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਜਸਵਿੰਦਰ ਸੁਰਗੀਤ ਦਾ ਮਿਡਲ ‘ਆਦਮੀ ਮੁਸਾਫ਼ਿਰ ਹੈ…’ ਪੜ੍ਹਿਆ। ਲੇਖਕ ਨੇ ਆਪਣੇ ਪਿਤਾ ਨਾਲ ਜੁੜੀ ਸੰਗੀਤਕ ਯਾਦ ਸਾਂਝੀ ਕੀਤੀ ਹੈ; ਵਾਕਿਆ ਹੀ, ਆਦਮੀ ਇੱਥੇ ਮੁਸਾਫ਼ਿਰ ਹੀ ਹੈ। ਜਦ ਉਹ ਆਪਣਾ ਸਫ਼ਰ ਮੁਕਾ ਕੇ ਸਦਾ ਲਈ ਵਿਛੜਦਾ ਹੈ ਤਾਂ ਫਿਰ ਉਸ ਦੀਆਂ ਯਾਦਾਂ ਹੀ ਪਿਛਲਿਆਂ ਦੇ ਪੱਲੇ ਰਹਿ ਜਾਂਦੀਆਂ ਹਨ। ਉਰਦੂ ਨਾਲ ਮੇਰੀ ਵਾਕਫ਼ੀਅਤ ਆਪਣੇ ਪਿਤਾ ਕਰ ਕੇ ਹੋਈ ਸੀ। ਉਹ ਫ਼ਿਲਮੀ ਗੀਤਾਂ ਵਿਚ ਸ਼ਾਮਿਲ ਉਰਦੂ ਅਲਫਾਜ਼ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਅਤੇ ਮੈਂ ਹੌਲੀ ਹੌਲੀ ਉਰਦੂ ਅਲਫਾਜ਼ ਦੇ ਅਰਥ ਸਿੱਖਦਾ ਗਿਆ
ਸਨੇਹਇੰਦਰ ਸਿੰਘ ਮੀਲੂ (ਫਰੌਰ)
ਪੜ੍ਹਾਈ ਵਿਚ ਵਿਘਨ
ਮਾਰਚ ਮਹੀਨੇ ਲਗਭਗ ਸਾਰੇ ਵਿਦਿਆਰਥੀਆਂ ਦੇ ਇਮਤਿਹਾਨ ਹੁੰਦੇ ਹਨ। ਇਸ ਲਈ ਇਸ ਸਮੇਂ ਦੌਰਾਨ ਵਿਦਿਆਰਥੀਆਂ ਲਈ ਸ਼ਾਂਤ ਅਤੇ ਪੜ੍ਹਾਈ ਵਾਲੇ ਮਾਹੌਲ ਦੀ ਲੋੜ ਹੁੰਦੀ ਹੈ ਪਰ ਉੱਚੀ ਆਵਾਜ਼ ਵਿਚ ਵੱਜਦੇ ਡੀਜੇ ਪ੍ਰੀਖਿਆ ਦੇ ਦਿਨਾਂ ਅੰਦਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੱਡੀ ਸਮੱਸਿਆ ਬਣ ਜਾਂਦੇ ਹਨ। ਅਜਿਹੇ ਮਾਹੌਲ ਵਿਚ ਪੜ੍ਹਨਾ ਵਿਦਿਆਰਥੀਆਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਿਛਲੇ ਸਮੇਂ ਤੋਂ ਸਰਕਾਰ ਵੱਲੋਂ ਡੀਜੇ ਲਗਾਉਣ ਦਾ ਸਮਾਂ ਨਿਰਧਾਰਤ ਕਰਨ ਬਾਰੇ ਸੁਣਿਆ ਗਿਆ ਪਰ ਦੇਰ ਰਾਤ ਤੱਕ ਚੱਲਦੇ ਡੀਜੇ ਦੀਆਂ ਉੱਚੀਆਂ ਆਵਾਜ਼ਾਂ ਤੋਂ ਵਿਦਿਆਰਥੀਆਂ ਨੂੰ ਨਿਜਾਤ ਨਹੀਂ ਮਿਲੀ। ਡੀਜੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਤਾਂ ਵਿਘਨ ਪੈਂਦਾ ਹੀ ਹੈ, ਦਿਨ ਭਰ ਦੀ ਮਿਹਨਤ-ਮੁਸ਼ੱਕਤ ਤੋਂ ਬਾਅਦ ਕਾਮਿਆਂ ਦੀ ਨੀਂਦ ਵੀ ਖ਼ਰਾਬ ਹੁੰਦੀ ਹੈ।
ਰਵਿੰਦਰ ਸਿੰਘ ‘ਰੇਸ਼ਮ’, ਨੱਥੂਮਾਜਰਾ (ਮਾਲੇਰਕੋਟਲਾ)
ਪੱਖਪਾਤ
8 ਮਾਰਚ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਤਕਨੀਕੀ ਯੁੱਗ ਵਿਚ ਔਰਤਾਂ ਨਾਲ ਪੱਖਪਾਤ’ ਪੜ੍ਹਿਆ। ਪੈਰ ਪੈਰ ‘ਤੇ ਔਰਤਾਂ ਨਾਲ ਪੱਖਪਾਤ ਦੇ ਮਸਲੇ ਪਹਿਲਾਂ ਹੀ ਭਿਅੰਕਰ ਰੂਪ ਵਿਚ ਦਰਪੇਸ਼ ਸਨ, ਬਦਲ ਰਹੇ ਜ਼ਮਾਨਾ ਮੁਤਾਬਕ ਜਾਪਦਾ ਸੀ ਕਿ ਪੱਖਪਾਤ ਘਟਣਗੇ ਪਰ ਹੁਣ ਲੱਗ ਰਿਹਾ ਹੈ ਕਿ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ ਹੈ।
ਰਾਜਦੀਪ ਕੌਰ, ਬਠਿੰਡਾ
ਸੱਤਾਧਾਰੀ ਅਤੇ ਪਾਰਦਰਸ਼ਤਾ
6 ਮਾਰਚ ਦਾ ਸੰਪਾਦਕੀ ‘ਸੁਪਰੀਮ ਕੋਰਟ ਦੇ ਅਹਿਮ ਫ਼ੈਸਲੇ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਵਿਚ ਅੱਜ ਤਕ ਪਾਰਦਰਸ਼ਤਾ ਨਹੀਂ ਰਹੀ ਤੇ ਸੱਤਾਧਾਰੀ ਪਾਰਟੀ ਦੀ ਹੀ ਮਨਮਾਨੀ ਚੱਲਦੀ ਰਹੀ ਹੈ। ਹੁਣ ਇਸ ਵਿਚ ਪਾਰਦਰਸ਼ਤਾ ਲਿਆਉਣ ਲਈ ਇਨ੍ਹਾਂ ਆਸਾਮੀਆਂ ’ਤੇ ਨਿਯੁਕਤੀ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੇ ਜੋ ਆਦੇਸ਼ ਦਿੱਤੇ ਹਨ, ਉਸ ਨਾਲ ਇਹ ਆਸ ਤਾਂ ਬੱਝਦੀ ਹੈ ਕਿ ਹੁਣ ਦੇਸ਼ ਦਾ ਲੋਕਤੰਤਰ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਸਕੇਗਾ ਪਰ ਇਹ ਆਸ ਕਿੰਨਾ ਕੁ ਚਿਰ ਰਹਿੰਦੀ ਹੈ, ਇਹ ਵਕਤ ਹੀ ਦੱਸੇਗਾ। ਦੇਸ਼ ਦੀ ਸੰਸਦ ਕੋਲ ਕੋਈ ਵੀ ਨਵਾਂ ਕਾਨੂੰਨ ਬਣਾਉਣ, ਰੱਦ ਤਜਾਂ ਸੋਧ ਕਰਨ ਦੀਆਂ ਸ਼ਕਤੀਆਂ ਹਨ ਅਤੇ ਇਨ੍ਹਾਂ
ਸ਼ਕਤੀਆਂ ਦੀ ਆੜ ਵਿਚ ਸਰਕਾਰ ਕਦੇ ਵੀ ਇਨ੍ਹਾਂ ਆਦੇਸ਼ਾਂ ਨੂੰ ਬਦਲ ਕੇ ਨਵੇਂ ਆਦੇਸ਼ ਜਾਰੀ ਕਰ ਸਕਦੀ ਹੈ। ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਉਸ ਦੇ ਪਰ ਕੁਤਰ ਦਿੱਤੇ ਜਾਣ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਜ਼ਿੰਦਗੀ ਦੇ ਰੰਗ
6 ਮਾਰਚ ਵਾਲਾ ਤਕਰੀਬਨ ਸਾਰਾ ਅਖ਼ਬਾਰ ਲੁੱਟਮਾਰ, ਕਤਲ, ਗ੍ਰਿਫ਼ਤਾਰੀਆਂ, ਹਮਲੇ ਅਤੇ ਹੋਰ ਅਜਿਹੀਆਂ ਖ਼ਬਰਾਂ ਨਾਲ ਭਰਿਆ ਪਿਆ ਹੈ। ਢਹਿੰਦੀ ਕਲਾ ਵਾਲੇ ਇਸ ਵਾਤਾਵਰਨ ਵਿਚ ਨਜ਼ਰੀਆ ਸਫ਼ੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਸਤਰੰਗੀ ਪੀਂਘ ਵਾਕਿਆ ਹੀ ਸਤਰੰਗੀ ਪੀਂਘ ਸਾਬਤ ਹੁੰਦਾ ਹੈ।
ਮਨਮੋਹਨ ਸਿੰਘ ਕਲਸੀ, ਈਮੇਲ
ਪੰਜਾਬ ਦੇ ਮਸਲੇ
3 ਮਾਰਚ ਦਾ ਮੁੱਖ ਲੇਖ ‘ਪੰਜਾਬ ਦੇ ਬੁਨਿਆਦੀ ਮਸਲਿਆਂ ਦਾ ਹੱਲ ਜ਼ਰੂਰੀ’ ਅਤੇ ਮਿਡਲ ‘ਧਾਰਮਿਕ ਸਿਆਸਤ ਅਤੇ ਸ਼ਰਾਰਤੀ ਅਨਸਰ’ ਇਕ ਹੀ ਧੁਰੇ ਦੁਆਲੇ ਘੁੰਮਦੇ ਨਜ਼ਰ ਆਉਂਦੇ ਹਨ। ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਅਤੇ ਭਾਈ ਅਸ਼ੋਕ ਸਿੰਘ ਬਾਗੜੀਆਂ, ਦੋਵਾਂ ਨੇ ਪੰਜਾਬ, ਪੰਜਾਬੀਅਤ ਅਤੇ ਦੇਸ਼ ਪੱਖੀ ਵਿਚਾਰਧਾਰਾ ਦੀ ਗੱਲ ਕੀਤੀ ਹੈ। ਬੀਤੇ ਸਮੇਂ ਨੂੰ ਚੇਤੇ ਕਰਵਾਉਂਦੀਆਂ ਸਿੱਖ ਧਰਮ ਵਿਚ ਪੈਦਾ ਹੋਈਆਂ ਊਣਤਾਈਆਂ ਦਾ ਜ਼ਿਕਰ ਕੀਤਾ ਹੈ ਤੇ ਨੌਜਵਾਨਾਂ ਦੇ ਘਾਣ ਭਾਵੇਂ ਉਹ ਸਿੱਖ ਕਤਲੇਆਮ ਹੈ ਜਾਂ ਵਿਦੇਸ਼ਾਂ ਵੱਲ ਰੁਖ, ਵੱਲ ਧਿਆਨ ਕੇਂਦਰਿਤ ਕਰਵਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਮੌਜੂਦਾ ਹਾਲਾਤ ਉੱਪਰ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਮਨਮੋਹਨ ਸਿੰਘ, ਨਾਭਾ
(2)
ਕਹਾਵਤ ਹੈ: ‘ਚੰਗੇ ਨੂੰ ਚੰਗਾ ਅਤੇ ਮਾੜੇ ਨੂੰ ਮਾੜਾ ਹੀ ਕਿਹਾ ਜਾਂਦਾ ਹੈ’। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਅਜਨਾਲੇ ਵਾਲੀ ਘਟਨਾ ਤੋਂ ਨਿਜੀ ਮੁਫ਼ਾਦ ਲੈਣ ਵਾਲਿਆਂ ’ਤੇ ਸਪੱਸ਼ਟ ਉਂਗਲ ਧਰ ਦਿੱਤੀ ਹੈ ਤਾਂ ਹੁਣ ਸਿੰਘ ਸਾਹਿਬਾਨ ਕਿਉਂ ਚੁੱਪ ਹਨ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(3)
ਭਾਈ ਨੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਪ੍ਰਸੰਗ ਵਿਚ ਬਹੁਤ ਨਿਤਾਰ ਕੇ ਗੱਲਾਂ ਕੀਤੀਆਂ ਹਨ (ਧਾਰਮਿਕ ਸਿਆਸਤ ਅਤੇ ਸ਼ਰਾਰਤੀ ਅਨਸਰ, 3 ਮਾਰਚ)। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿੱਜੀ ਮੁਫ਼ਾਦ ਨੂੰ ਵਰਤਣ ਦੇ ਮਾਮਲੇ ਵਿਚ ਐਨ ਸਮੇਂ ਸਿਰ ਖ਼ਬਰਦਾਰ ਕੀਤਾ ਹੈ।
ਜਸਵੰਤ ਸਿੰਘ, ਤਰਨ ਤਾਰਨ
ਹਾਅ ਦਾ ਨਾਅਰਾ
ਮਾਂ-ਬੋਲੀ ਦਿਵਸ ਮੌਕੇ 21 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਗੀਤਾ ਕਸ਼ਯਪ ਦਾ ਮਿਡਲ ‘ਬਿਹਾਰ ਕੁੜੀ ਦੀ ਪੁਕਾਰ’ ਪੜ੍ਹਿਆ। ਪੰਜਾਬੀ ਮਾਂ-ਬੋਲੀ ਦੇ ਹੱਕ ’ਚ ਜੋ ‘ਹਾਅ ਦਾ ਨਾਅਰਾ’ ਇਸ ਕੁੜੀ ਗੀਤਾ ਨੇ ਮਾਰਿਆ ਹੈ, ਉਹ ਯਕੀਨਨ ਕਾਬਿਲ-ਏ-ਤਾਰੀਫ਼ ਹੈ। ਉਸ ਦਾ ਇਕ ਇਕ ਸ਼ਬਦ ਸਚਾਈ ਨਾਲ ਭਰਿਆ ਹੈ। ਗੀਤਾ ਦੇ ਇਹ ਵਾਕ ਕਿ ‘ਪੰਜਾਬ ’ਚ ਪਰਵਾਸੀ ਮਜ਼ਦੂਰ ਕਾਫ਼ੀ ਗਿਣਤੀ ਵਿਚ ਹਨ। ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਨੇ ਤੇ ਪੰਜਾਬੀ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦਾ ਹਿੱਸਾ ਹੈ। ਉਹ ਪੰਜਾਬੀ ਵਧੀਆ ਸਿੱਖ ਤੇ ਬੋਲ ਰਹੇ ਨੇ। ਮੇਰੇ ਦੋਸਤਾਂ ਨੇ ਇਸੇ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਲੋਕ ਪੰਜਾਬੀ ਨਹੀਂ ਬੋਲ ਰਹੇ ਕਿਉਂਕਿ ਉਹ ਕਾਨਵੈਂਟ ਸਕੂਲ ’ਚ ਜਾ ਰਹੇ ਨੇ ਜਿੱਥੇ ਅੰਗਰੇਜ਼ੀ ਜਾਂ ਹਿੰਦੀ ਹੀ ਬੋਲਣ ਦਾ ਨਿਯਮ ਹੈ।’ ਇਹ ਵਾਕ ਪੰਜਾਬੀਆਂ ਦੀ ਵੱਡੀ ਤ੍ਰਾਸਦੀ ਦਾ ਨਕਸ਼ਾ ਖਿੱਚਦੇ ਜਾਪਦੇ ਹਨ। ਗੀਤਾ ਨੇ ਪੰਜਾਬੀਆਂ ਵੱਲੋਂ ਜੋ ਮਾਂ-ਬੋਲੀ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਆਖੀ ਹੈ, ਉਹ ਹਕੀਕਤ ਵਿਚ ਅਸੀਂ ਆਪਣੇ ਆਲੇ-ਦੁਆਲੇ ਵਾਪਰਦਾ ਦੇਖ ਰਹੇ ਹਾਂ। ਲੋਕਾਂ ਅੰਦਰ ਜੋ ਪਦਾਰਥਵਾਦੀ ਸੋਚ ਵਿਕਸਤ ਹੋ ਰਹੀ ਹੈ, ਉਹ ਮਾਂ-ਬੋਲੀ ਦੇ ਨਾਲ ਨਾਲ ਪੰਜਾਬੀਆਂ ਦੀਆਂ ਕਦਰਾਂ-ਕੀਮਤਾਂ ਤੇ ਰਵਾਇਤਾਂ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਨੂੰ ਘੁਣ ਵਾਂਗ ਖਾ ਰਹੀ ਹੈ। ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਮੁਹੰਮਦ ਅੱਬਾਸ ਧਾਲੀਵਾਲ, ਮਲੇਰਕੋਟਲਾ
ਖੇਤੀ ਖੇਤਰ ਦਾ ਸੰਕਟ ਮੋਚਨ
6 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਬਲਦੇਵ ਦੂਹੜੇ ਦਾ ਲੇਖ ‘ਆਰਥਿਕ ਜਮਹੂਰੀਅਤ ’ਚ ਅਨੋਖੇ ਇਨਕਲਾਬ ਦੀ ਸੰਭਾਵਨਾ’ ਪੰਜਾਬ ਦੇ ਖੇਤੀ ਖੇਤਰ ਦਾ ਸੰਕਟ ਮੋਚਨ ਹੈ। ਕਿਸਾਨਾਂ ਨੇ ਆਪਣੇ ਮਿਸਾਲੀ ਏਕੇ ਨਾਲ ਖੇਤੀ ਕਾਨੂੰਨਾਂ ਤੋਂ ਤਾਂ ਖਹਿੜਾ ਛੁਡਵਾ ਲਿਆ ਹੈ ਪਰ ਖੇਤੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਾਰਪੋਰੇਟ ਦੇ ਪਲੜੇ ਨੇ ਭਾਰੀ ਹੀ ਰਹਿਣਾ ਹੈ। ਸੋ ਇਨ੍ਹਾਂ ਹਾਲਾਤ ਅੰਦਰ ਕਿਸਾਨ ਕਰਨ ਤਾਂ ਕੀ ਕਰਨ? ਸਹਿਕਾਰੀ ਖੇਤੀ ਹੀ ਕਾਰਪੋਰੇਟੀ ਗਲਬੇ ਦਾ ਤੋੜ ਹੈ। ਸਹਿਕਾਰੀ ਖੇਤੀ ਨਾਲ ਖੇਤੀ ਖਰਚਿਆਂ ਵਿਚ ਅਥਾਹ ਕਮੀ ਹੋਵੇਗੀ। ਪੰਜਾਬ ਵਿਚ ਲਗਭਗ 5.25 ਲੱਖ ਟਰੈਕਟਰ ਨੇ ਅਤੇ ਲੋੜ ਸਿਰਫ਼ 1 ਲੱਖ ਦੀ ਹੈ। ਪੰਜਾਬ ਕੋਲ ਦੇਸ਼ ਦਾ ਸਿਰਫ਼ 1.53 ਫ਼ੀਸਦੀ ਰਕਬਾ ਹੈ ਪਰ ਪੰਜਾਬ ਦੀ ਬਾਕੀ ਦੇਸ਼ ਨਾਲੋਂ ਕੀੜੇਮਾਰ ਦਵਾਈਆਂ ਦੀ ਖ਼ਪਤ 9 ਫ਼ੀਸਦੀ ਅਤੇ ਖਾਦ ਦੀ ਪ੍ਰਤੀ ਏਕੜ ਖ਼ਪਤ ਲਗਭਗ 56 ਕਿਲੋ ਵੱਧ ਹੈ। ਇੱਥੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਪੰਜਾਬ ਦਾ ਕਿਸਾਨ ਬਾਕੀ ਸੂਬਿਆਂ ਦੇ ਮੁਕਾਬਲੇ ਖੇਤੀ ਉੱਪਰ ਅੰਨ੍ਹੇਵਾਹ ਵਿੱਤੋਂ ਵੱਧ ਖਰਚਾ ਕਰ ਰਿਹਾ ਹੈ।
ਇੰਜ: ਦਰਸ਼ਨ ਸਿੰਘ ਭੁੱਲਰ, ਬਠਿੰਡਾ
ਸੱਚੇ ਪਾਂਧੀ
ਐਤਵਾਰ, 26 ਫਰਵਰੀ ਦੇ ਅੰਕ ਵਿੱਚ ਪ੍ਰਿੰਸੀਪਲ ਵਿਜੈ ਕੁਮਾਰ ਦੀ ਰਚਨਾ ‘ਚੰਗੇ ਪਾਸੇ ਲੱਗਣ ਵਾਲੇ ਪੈਸੇ’ ਪੜ੍ਹੀ। ਇਸ ਨੂੰ ਪੜ੍ਹ ਕੇ ਅੱਜ ਤੋਂ 40-50 ਸਾਲ ਪਹਿਲਾਂ ਦੇ ਸਕੂਲ, ਪਾਠਸ਼ਾਲਾਵਾਂ ਦੇ ਮਾਸਟਰ ਜੀ ਤੇ ਭੈਣਜੀਆਂ ਦੇ ਸਾਦੇ ਜੀਵਨ ਦੇ ਦ੍ਰਿਸ਼ ਸਾਹਮਣੇ ਆ ਗਏ। ਅਧਿਆਪਕਾਵਾਂ ਨੂੰ ਸਭ ਵੱਡੇ ਛੋਟੇ ਸਤਿਕਾਰ ਵਜੋਂ ਭੈਣ ਜੀ ਬੁਲਾ ਕੇ ਆਦਰ ਕਰਦੇ ਸਨ। ਸੱਚਮੁੱਚ ਉਨ੍ਹਾਂ ਸਮਿਆਂ ਦੇ ਅਧਿਆਪਕ, ਗੁਰੂ ਜੀ ਅਖਵਾਉਣ ਦੇ ਹੱਕਦਾਰ ਸਨ ਜੋ ਵਿੱਦਿਆ ਨੂੰ ਸਮਰਪਿਤ ਸਨ। ਉਨ੍ਹਾਂ ਭਲਿਆਂ ਵੇਲਿਆਂ ਦੇ ਅਧਿਆਪਕ ਵਿੱਦਿਆ ਦਾ ਦਾਨ ਵੰਡਦੇ ਸਨ ਤੇ ਕਰ ਭਲਾ ਹੋ ਭਲਾ ਵਿੱਚ ਆਪਣਾ ਧਰਮ ਕਰਮ ਸਮਝਦੇ ਸਨ। ਅੱਜ ਦੇ ਕੁਝ ਅਧਿਆਪਕਾਂ ਵਾਂਗ ਅਹਿਸਾਨ ਨਹੀਂ ਕਰਦੇ ਸਨ। ਅਸਲ ਵਿੱਚ ਅਜੋਕੇ ਅਤੇ ਪੁਰਾਤਨ ਸਮੇਂ ਦਾ ਦਿਨ ਰਾਤ ਦਾ ਫ਼ਰਕ ਹੈ। ਪੁਰਾਣੇ ਸਮਿਆਂ ਵਿੱਚ ਸਿੱਖਿਆ ਅਤੇ ਸਿਹਤ ਕਿੱਤਾ ਨਹੀਂ ਸਗੋਂ ਸੇਵਾ ਭਾਵਨਾ ਵਾਲੇ ਪੁੰਨ ਦੇ ਕੰਮ ਸਮਝ ਕੇ ਕੀਤੇ ਜਾਂਦੇ ਸਨ। ਉਹ ਇਨਸਾਨ ਆਪਣੇ ਗੁਣਾਂ ਨੂੰ ਪਰਉਪਕਾਰ ਵਾਸਤੇ ਵੰਡਦੇ ਸਨ। ਅੱਜ ਵਾਂਗ ਸਿੱਖਿਆ ਤੇ ਸਿਹਤ ਦਾ ਵਪਾਰੀਕਰਨ ਨਹੀਂ ਹੋਇਆ ਸੀ। ਜਿਵੇਂ ਦੁੱਧ ਤੇ ਪੁੱਤ ਵੇਚਣ ਦਾ ਮਿਹਣਾ ਸੀ। ਅੱਜ ਦੇ ਕਾਹਲੇ ਤੇ ਖਰਚੀਲੇ ਯੁੱਗ ਨੇ ਇਨਸਾਨ ਨੂੰ ਫ਼ਰਜ਼ਾਂ ਤੋਂ ਦੂਰ ਕਰ ਦਿੱਤਾ। ਹਾਲਾਂਕਿ ਅੱਜ ਦੇ ਜ਼ਮਾਨੇ ਵਿੱਚ ਵੀ ਇਨਸਾਨੀਅਤ ਨੂੰ ਪਰਣਾਏ ਵਿਅਕਤੀ ਹਰ ਕਿੱਤੇ ਵਿੱਚ ਹਨ, ਪਰ ਬਦਲੀਆਂ ਕਦਰਾਂ ਕੀਮਤਾਂ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਈਆਂ ਹਨ।
ਧੰਨ ਸਨ ਪੁਰਾਣੇ ਅਧਿਆਪਕ ਜੋ ਆਪਣੀ ਬੁਢਾਪੇ ਦੀ ਅਵਸਥਾ ਵਿੱਚ ਵੀ ਲੋੜਵੰਦਾਂ ਨੂੰ ਭਾਲ਼ ਭਾਲ਼ ਕੇ ਗਿਆਨ ਵੰਡਦੇ ਸਨ ਅਤੇ ਬਾਬਾ ਨਾਨਕ ਜੀ ਦੇ ਸੁਨੇਹੇ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ ਦੇ ਸੱਚੇ ਪਾਂਧੀ ਹੋ ਨਿਬੜੇ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਵਧੀਆ ਰਚਨਾਵਾਂ
ਐਤਵਾਰ, 26 ਫਰਵਰੀ ਦੇ ‘ਦਸਤਕ’ ਅੰਕ ਦੀਆਂ ਸਾਰੀਆਂ ਰਚਨਾਵਾਂ ਵਧੀਆ ਲੱਗੀਆਂ। ਵਰਿੰਦਰ ਸਿੰਘ ਨਿਮਾਣਾ ਦਾ ‘ਵਣੀਂ ਬੈਠਾ ਦਰਵੇਸ’ ਸਾਨੂੰ ਆਪੋ ਆਪਣੇ ਬਾਪੂ ਜੀ ਦੀ ਯਾਦ ਦੁਆਉਂਦਾ ਹੈ। ਬਾਪੂ ਦੀ ਤੁਲਨਾ ਕਿਸੇ ਫ਼ਕੀਰ ਜਾਂ ਦਰਵੇਸ਼ ਨਾਲ ਕਰਨੀ ਕੋਈ ਅਤਿਕਥਨੀ ਨਹੀਂ। ਇਸ ਲਿਖਤ ਦੇ ਆਖ਼ਰੀ ਸ਼ਬਦ ਪ੍ਰੇਰਨਾਦਾਇਕ ਹਨ, ‘‘ਬਾਪੂ ਦਾ ਜੀਵਨ ਇਹ ਸਮਝਾਉਂਦਾ ਜਾਪਦਾ ਹੈ ਕਿ ਸੌਖੇ ਤੇ ਆਸਾਨ ਰਾਹਾਂ ’ਤੇ ਚੱਲ ਕੇ ਕਾਮਯਾਬੀ ਦੇ ਗਹਿਣੇ ਗਲ ’ਚ ਨਹੀਂ ਪੈਂਦੇ; ਸਿਦਕ, ਸਬਰ ਤੇ ਕਰੜੀ ਮੁਸ਼ੱਕਤ ਦੀ ਤਪ ਸਾਧਨਾ ਨਾਲ ਹੀ ਮਿੱਥੀ ਮੰਜ਼ਿਲ ਪਾਈ ਜਾਂਦੀ ਹੈ।’’ ਗਿਆਨੀ ਗੁਰਦਿੱਤ ਸਿੰਘ ਦੀ ਮੇਰਾ ਪਿੰਡ, ਰਸੂਲ ਹਮਜ਼ਾਤੋਵ ਦੀ ਮੇਰਾ ਦਾਗਿਸਤਾਨ ਅਤੇ ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ ਸੜਕਨਾਮਾ ਹਰੇਕ ਪੁਸਤਕਾਲੇ ਵਿਚ ਹੋਣੀਆਂ ਚਾਹੀਦੀਆਂ ਹਨ। ਜਸਬੀਰ ਭੁੱਲਰ ਦੀ ਕਿਤਾਬ ਦਾ ਮੁਲਾਂਕਣ ਕਰਦਿਆਂ ਸੁਰਿੰਦਰ ਸਿੰਘ ਤੇਜ ਲਿਖਦੇ ਹਨ, ‘‘ਕਈ ਵਾਰ ਸੋਚਦਾ ਹਾਂ ਕਿ ਸ੍ਰੀ ਭੁੱਲਰ ਨੂੰ ਤਸਵੀਰਾਂ ਵਰਗੇ ਫ਼ਿਕਰੇ ਔਹੜਦੇ ਕਿਵੇਂ ਹਨ।’’ ਇਸ ਦਾ ਰਾਜ਼ ਸ਼ਾਇਦ ਇਹ ਹੈ ਕਿ ਭੁੱਲਰ ਖ਼ੁਦ ਇਕ ਚਿੱਤਰਕਾਰ ਹਨ ਜਿਸ ਦਾ ਪ੍ਰਭਾਵ ਉਨ੍ਹਾਂ ਦੀ ਲਿਖਣ ਸ਼ੈਲੀ ’ਚੋਂ ਝਲਕਦਾ ਹੈ। ਰੱਬੀ ਸ਼ੇਰਗਿੱਲ ਨੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ। ਪ੍ਰਿੰਸੀਪਲ ਵਿਜੈ ਕੁਮਾਰ ਨੇ ‘ਚੰਗੇ ਪਾਸੇ ਲੱਗਣ ਵਾਲੇ ਪੈਸੇ’ ਰਾਹੀਂ ਸਾਨੂੰ ਯਾਦ ਕਰਵਾਇਆ ਹੈ ਕਿ ਆਪਣੀ ਜ਼ਿੰਦਗੀ ਤੋਂ ਇਲਾਵਾ ਸਾਨੂੰ ਸਿੱਖਿਆ ਦਾ ਦਾਨ ਦਾ ਕਾਰਜ ਵੀ ਕਰਦੇ ਰਹਿਣਾ ਚਾਹੀਦਾ ਹੈ।
ਮਨਮੋਹਨ ਸਿੰਘ ਕਲਸੀ, ਈ-ਮੇਲ
ਸਿਹਤ ਸੰਭਾਲ
3 ਮਾਰਚ ਦਾ ਸੰਪਾਦਕੀ ‘ਹੈਪੇਟਾਈਟਸ ਸੀ ਦੇ ਵਧਦੇ ਕੇਸ’ ਪੜ੍ਹਿਆ। ਪੰਜਾਬ ਵਿਚ ਇਹ ਚਿੰਤਾ ਵਾਲੀ ਹਾਲਤ ਬਣ ਚੁੱਕੀ ਹੈ ਜਿੱਥੇ 14,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਨਾਲ ਨਜਿੱਠਣ ਲਈ ਸਿਹਤ-ਸੰਭਾਲ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਜਿਹੇ ਮਾਮਲਿਆਂ ਵਿਚ ਜਾਗਰੂਕਤਾ ਦੀ ਸਭ ਤੋਂ ਜ਼ਿਆਦਾ ਲੋੜ ਹੈ। ਪੰਜਾਬ ਦੇ ਵਿਕਾਸ ਦੀ ਕੁੰਜੀ ਲੋਕਾਂ ਦੀ ਭਲਾਈ ਵਿਚ ਹੈ। ਹਰ ਬਿਮਾਰੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਇਲਾਜ ਹਰ ਹੀਲੇ ਕੀਤਾ ਜਾਣਾ ਚਾਹੀਦਾ ਹੈ।
ਅਰਸ਼ਨੂਰ, ਮੁਹਾਲੀ
ਕਿਸ ਦਾ ਕਸੂਰ?
25 ਫਰਵਰੀ ਵਾਲੀ ਸੰਪਾਦਕੀ ਟਿੱਪਣੀ ‘ਸਿਆਸਤ ’ਚ ਨਿਘਾਰ’ ਉਨ੍ਹਾਂ ਸਿਆਸਤਦਾਨਾਂ ਨੂੰ ਬੋਲਣ ਤੋਂ ਪਹਿਲਾਂ ਸੋਚ ਲੈਣ ਵੱਲ ਇਸ਼ਾਰਾ ਮਾਤਰ ਹੈ ਕਿ ਉਹ ਕਿਸ ਸ਼ਖ਼ਸ ਨੂੰ ਕੀ ਕਹਿਣ ਲੱਗੇ ਹਨ ਤੇ ਉਨ੍ਹਾਂ ਬੋਲਾਂ ਨਾਲ ਉਨ੍ਹਾਂ ਦਾ ਆਪਣਾ ਕੱਦ ਕਿੰਨਾ ਘਟ ਜਾਵੇਗਾ। ਬਹੁਤ ਪਹਿਲਾਂ ਇਕ ਪਾਰਟੀ ਦੇ ਨੇਤਾ ਨੇ ਦੂਜੀ ਸਾਰੀ ਪਾਰਟੀ ਨੂੰ ਹੀ ‘ਜਾਨਵਰਾਂ ਦੀ ਪਾਰਟੀ’ ਕਹਿ ਦਿੱਤਾ ਸੀ। ਉਸ ਨਾਲ ਐਨੀ ਨਫ਼ਰਤ ਹੋਈ ਕਿ ਮੈਂ ਉਸ ਨੇਤਾ ਨੂੰ ਸੁਣਨਾ ਹੀ ਬੰਦ ਕਰ ਦਿੱਤਾ ਸੀ। ਹੁਣੇ ਹੁਣੇ ਇਕ ਪਾਰਟੀ ਦੇ ਨੇਤਾ ਮੁੱਖ ਮੰਤਰੀ ਨੂੰ ‘ਓਏ ਝੰਡਿਆ’ ਕਹਿ ਕੇ ਸੰਬੋਧਨ ਹੋ ਰਿਹਾ ਹੈ। ਅਜਿਹੇ ਬੇਲਗ਼ਾਮ ਨੇਤਾਵਾਂ ਦਾ ਕੀ ਕਰੀਏ? ਦਰਅਸਲ, ਇਹ ਇਨ੍ਹਾਂ ਬੇਤੁਕਾ ਬੋਲਣ ਵਾਲੇ ਨੇਤਾਵਾਂ ਦਾ ਘੱਟ, ਸਾਡੇ ਵਿੱਦਿਅਕ ਢਾਂਚੇ ਦਾ ਕਸੂਰ ਵੱਧ ਜਾਪਦਾ ਹੈ ਜਿਸ ਨੇ ਬਚਪਨ ਤੋਂ ਹੀ ਉਨ੍ਹਾਂ ਅੰਦਰ ਕਦਰਾਂ-ਕੀਮਤਾਂ ਪੈਦਾ ਨਹੀਂ ਕੀਤੀਆਂ। ਅੱਜਕੱਲ੍ਹ ਕਿਸੇ ਜਮਾਤ ਵਿਚ ਕੋਈ ਵੀ ਅਜਿਹੀ ਕਿਤਾਬ ਮਿਲਣੀ ਦੁਰਲੱਭ ਹੈ ਜੋ ਬੱਚਿਆਂ ਦੇ ਸ਼ਖ਼ਸੀਅਤ ਵਿਕਾਸ ਅਤੇ ਬੋਲਚਾਲ ਦੀ ਕਲਾ ਪੈਦਾ ਕਰਨ ਵਿਚ ਯੋਗਦਾਨ ਪਾਉਣ ਦੇ ਕਾਬਲ ਹੋਵੇ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਸੁਹਜ ਤੇ ਸਹਿਜ
ਜਸਵਿੰਦਰ ਸੁਰਗੀਤ ਦੀ ਰਚਨਾ ‘ਆਦਮੀ ਮੁਸਾਫ਼ਿਰ ਹੈ…’ (24 ਫਰਵਰੀ) ਜ਼ਿੰਦਗੀ ਦੀਆਂ ਕਈ ਪਰਤਾਂ ਫਰੋਲਦੀ ਹੈ। ਇਸ ਵਿਚ ਸੰਗੀਤ ਦਾ ਪਹਿਰਾ ਹੈ, ਸੁਹਜ ਦੀ ਬਾਤ ਹੈ ਅਤੇ ਸਹਿਜ ਦਾ ਵੀ ਓਨਾ ਹੀ ਦਖ਼ਲ ਹੈ। ਲੇਖਕ ਦੀ ਪੂਰੇ ਜ਼ਬਤ ਨਾਲ ਸੁਣਾਈ ਕਹਾਣੀ ਦਿਲ ਨੂੰ ਟੁੰਬਦੀ ਹੈ।
ਰਛਪਾਲ ਕੌਰ, ਅੰਮ੍ਰਿਤਸਰ
ਸਰਕਾਰ ਦੀ ਦਿਸ਼ਾ
23 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਮਨਜੀਤ ਸ਼ਰਮਾ ਦਾ ਲੇਖ ‘ਬਜਟ ਅਤੇ ਹਾਸ਼ੀਏ ’ਤੇ ਪੁੱਜੇ ਵਰਗਾਂ ਦੇ ਮਸਲੇ’ ਪੜ੍ਹਿਆ। ਲੇਖ ਤੋਂ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਦੀ ਦਿਸ਼ਾ ਕੀ ਹੈ ਅਤੇ ਇਸ ਦੀਆਂ ਪਹਿਲਕਦਮੀਆਂ ਕੀ ਹਨ। ਸਾਧਾਰਨ ਬੰਦਾ ਇਸ ਸਰਕਾਰ ਦੇ ਏਜੰਡੇ ਵਿਚੋਂ ਬਾਹਰ ਹੋ ਚੁੱਕਾ ਹੈ। ਸਰਕਾਰ ਦੀਆਂ ਆਰਥਿਕ ਨੀਤੀਆਂ ਕੁਝ ਖ਼ਾਸ ਵਰਗਾਂ ਨੂੰ ਹੀ ਹੁਲਾਰਾ ਦੇਣ ਵਾਲੀਆਂ ਹਨ। ਇਸੇ ਕਰਕੇ ਹੁਣ ਸਾਧਾਰਨ ਬੰਦਾ ਹਾਲੋਂ-ਬੇਹਾਲ ਹੋ ਰਿਹਾ ਹੈ ਅਤੇ ਤੜਫ਼ ਰਿਹਾ ਹੈ।
ਕੁਲਵਿੰਦਰ ਸਿੰਘ, ਹੁਸ਼ਿਆਰਪੁਰ
ਗ਼ੈਰ-ਜ਼ਿੰਮੇਵਾਰਾਨਾ ਬਿਆਨ
21 ਫਰਵਰੀ ਦੇ ਅੰਕ ’ਚ ਸਫ਼ਾ 5 ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਗ਼ੈਰ-ਜ਼ਿੰਮੇਵਾਰਾਨਾ ਬਿਆਨ ‘ਪੈਨਸ਼ਨ ਸਕੀਮ ਤਹਿਤ ਫੰਡ ਰਾਜਾਂ ਨੂੰ ਨਹੀਂ ਦਿੱਤੇ ਜਾ ਸਕਦੇ’ ਸਰਾਸਰ ਮੁਲਾਜ਼ਮ ਵਿਰੋਧੀ ਹੈ। ਇਸ ਵਿਚੋਂ ਹਕੂਮਤ ਦੀ ਤਾਨਾਸ਼ਾਹੀ ਸਾਫ਼ ਝਲਕਦੀ ਹੈ। ਜੇ ਕੁਝ ਰਾਜ ਸਰਕਾਰਾਂ ਵੋਟਰਾਂ ਨਾਲ ਕੀਤੇ ਵਾਅਦੇ ਮੁਤਾਬਿਕ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਚਾਹੁੰਦੀਆਂ ਹਨ ਤਾਂ ਕੇਂਦਰ ਸਰਕਾਰ ਨੂੰ ਇਸ ਉੱਤੇ ਇਤਰਾਜ਼ ਕਰਨ ਦਾ ਕੋਈ ਕਾਨੂੰਨੀ ਹੱਕ ਨਹੀਂ। ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਐੱਨਪੀਐੱਸ ਤਹਿਤ ਜਮ੍ਹਾਂ ਫੰਡ ਕੇਂਦਰ ਸਰਕਾਰ ਰਾਜਾਂ ਨੂੰ ਵਾਪਸ ਕਰਨ ਤੋਂ ਮਨ੍ਹਾ ਨਹੀਂ ਕਰ ਸਕਦੀ ਕਿਉਂਕਿ ਇਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚੋਂ ਕੱਟਿਆ ਗਿਆ ਉਨ੍ਹਾਂ ਦਾ ਆਪਣਾ ਪੈਸਾ ਹੈ। ਇਹ ਵੀ ਮਾੜੀ ਗੱਲ ਹੈ ਕਿ ਕੇਂਦਰ ਸਰਕਾਰ ਇਸ ਰਕਮ ਨੂੰ ਵੱਡੇ ਪੂੰਜੀਪਤੀ ਘਰਾਣਿਆਂ ਅਤੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਕੇ ਕਰੋੜਾਂ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ ਉੱਤੇ ਨਿਰਭਰ ਪਰਿਵਾਰਾਂ ਦੀ ਸਮਾਜਿਕ ਸੁਰੱਖਿਆ ਦੇ ਜਮਹੂਰੀ ਹੱਕਾਂ ਦੀ ਉਲੰਘਣਾ ਕਰ ਰਹੀ ਹੈ। ਦਰਅਸਲ ਸੱਤਾਧਾਰੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਪੁਰਾਣੀ ਪੈਨਸ਼ਨ ਬਹਾਲ ਕਰ ਕੇ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜ਼ਮਾਂ ਦੇ ਵੱਡੇ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਭੁਗਤਾ ਲੈਣਗੀਆਂ। ਕੇਂਦਰੀ ਵਿੱਤ ਮੰਤਰੀ ਦੇ ਸੰਸਦ ਵਿਚ ਦਿੱਤੇ ਬਿਆਨ ਅਨੁਸਾਰ ਜੇ ਸਰਕਾਰ ਪਿਛਲੇ ਪੰਜ ਸਾਲ ਵਿਚ ਵੱਡੇ ਪੂੰਜੀਪਤੀ ਅਦਾਰਿਆਂ ਦਾ 10.09 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ 9 ਲੱਖ ਕਰੋੜ ਸਾਲਾਨਾ ਦੀਆਂ ਟੈਕਸ ਛੋਟਾਂ/ਰਿਆਇਤਾਂ ਦੇ ਸਕਦੀ ਹੈ ਤਾਂ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਸਕਦੀ? ਇਹ ਉਨ੍ਹਾਂ ਦਾ ਸੰਵਿਧਾਨਕ ਹੱਕ ਵੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਸਿਆਸੀ ਇਕਜੁੱਟਤਾ
3 ਮਾਰਚ ਦੇ ਸੰਪਾਦਕੀ ‘ਭਾਜਪਾ ਦੀ ਜਿੱਤ’ ਵਿਚ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਦੇ ਚੋਣ ਨਤੀਜਿਆਂ ਦੀ ਪੁਣਛਾਣ ਹੈ। ਭਾਜਪਾ ਦੀ ਸਿਆਸੀ ਚੜ੍ਹਤ ਜਾਰੀ ਹੈ। ਇਸ ਦੀ ਬੁਨਿਆਦਪ੍ਰਸਤ ਸਿਆਸਤ ਦਾ ਮੁਕਾਬਲਾ ਧਰਮ ਨਿਰਪੱਖ ਸਿਆਸਤ ਅਤੇ ਵੱਖ ਵੱਖ ਵਿਰੋਧੀ ਧਿਰਾਂ ਦੀ ਇਕਜੁੱਟਤਾ ਨਾਲ ਹੀ ਹੋ ਸਕਦਾ ਹੈ। ਕੇਂਦਰ ਵਿਚ ਸੱਤਾ ਸੰਭਾਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤੌਰ-ਤਰੀਕੇ ਬਹੁਤ ਬਦਲ ਗਏ ਹਨ। ਅੱਜ ਦੀ ਤਰੀਕ ਵਿਚ ਕਿਸੇ ਇਕ ਧਿਰ ਦਾ ਇਸ ਪਾਰਟੀ ਖ਼ਿਲਾਫ਼ ਟਿਕ ਸਕਣਾ ਮੁਸ਼ਕਿਲ ਜਾਪ ਰਿਹਾ ਹੈ।
ਪ੍ਰੇਮਪਾਲ ਸਿੰਘ, ਫਾਜ਼ਿਲਕਾ
ਅਮਨ ਕਾਨੂੰਨ ਅਤੇ ਬੁਨਿਆਦੀ ਮਸਲੇ
25 ਫਰਵਰੀ ਦਾ ਸੰਪਾਦਕੀ ‘ਅਮਨ-ਕਾਨੂੰਨ ਦੇ ਹਾਲਾਤ’ ਵਿਚ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਮੌਕੇ ਪੁਲੀਸ, ਪ੍ਰਸ਼ਾਸਨ ਅਤੇ ਖ਼ੁਫ਼ੀਆ ਢਾਂਚੇ ’ਤੇ ਸਵਾਲ ਤਾਂ ਉਠਾਏ ਹਨ ਪਰ ਇਸ ਘਟਨਾ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਨ ਤੋਂ ਵੀ ਗੁਰੇਜ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਹਿੰਦੂ-ਮੁਸਲਿਮ ਅਤੇ ਮੰਦਿਰ-ਮਸਜਿਦ ਵਾਲੀ ਫ਼ਿਰਕੂ ਸਿਆਸਤ ਨੇ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੇ ਮਾਹੌਲ ਨੂੰ ਬਰਬਾਦ ਕੀਤਾ ਹੈ ਪਰ ਇਸ ਦਾ ਟਾਕਰਾ ਜਮਹੂਰੀ ਅਤੇ ਜਮਾਤੀ ਚੇਤਨਾ ਦੇ ਪੈਂਤੜੇ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਘਟਨਾ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਲੋਕਾਂ ਦਾ ਧਿਆਨ ਅਸਲ ਅਤੇ ਬੁਨਿਆਦੀ ਮਸਲਿਆਂ ਤੋਂ ਪਾਸੇ ਲਿਜਾ ਕੇ ਪੰਜਾਬ ਨੂੰ ਫ਼ਿਰਕੂ ਅੱਗ ਵਿਚ ਸੁੱਟਣਾ ਚਾਹੁੰਦੀ ਹੈ। ਇਸ ਲਈ ਪੰਜਾਬ ਦੀਆਂ ਸਮੂਹ ਲੋਕ ਪੱਖੀ, ਜਮਹੂਰੀ ਅਤੇ ਜਨਤਕ ਜਥੇਬੰਦੀਆਂ ਨੂੰ ਅਜਿਹੀ ਸਿਆਸਤ ਕਰਨ ਵਾਲਿਆਂ ਖ਼ਿਲਾਫ਼ ਜਨਤਕ ਪੱਧਰ ’ਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।
ਦਮਨਜੀਤ ਕੌਰ, ਅੰਮ੍ਰਿਤਸਰ
ਕੇਂਦਰ ਦੀ ਪਹੁੰਚ
28 ਫਰਵਰੀ ਦਾ ਸੰਪਾਦਕੀ ‘ਸਿਸੋਦੀਆ ਦੀ ਗ੍ਰਿਫ਼ਤਾਰੀ’ ਪੜ੍ਹਿਆ। ਅਸਲ ਵਿਚ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਮੁਖਾਲਫ਼ਤ ਸਹਿਣ ਨਹੀਂ ਕਰ ਰਹੀ। ਉਂਝ ਵੀ ਭਾਜਪਾ ਸਰਕਾਰ ਵਿਰੋਧੀ ਦਲਾਂ ਦੇ ਵੱਡੇ ਵੱਡੇ ਲੀਡਰਾਂ ਖ਼ਿਲਾਫ ਸੀਬੀਆਈ, ਆਮਦਨ ਕਰ ਵਿਭਾਗ ਅਤੇ ਈਡੀ ਦਾ ਦੁਰ-ਉਪਯੋਗ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ। ਕੀ ਸਾਰੇ ਭ੍ਰਿਸ਼ਟ ਲੋਕ ਵਿਰੋਧੀ ਦਲਾਂ ਵਿਚ ਹਨ? ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ, ਉਨ੍ਹਾਂ ਖ਼ਿਲਾਫ਼ ਸਰਕਾਰ ਕਦੋਂ ਕਾਰਵਾਈ ਕਰੇਗੀ?
ਪ੍ਰੋ. ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)
ਵਹਿਮ-ਭਰਮ
27 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੀਤਮਾ ਦੋਮੇਲ ਦੀ ਰਚਨਾ ‘ਭੇਤ ਵਾਲੀ ਗੱਲ’ ਵਿਚ ਵਹਿਮ ਭਰਮਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਜੇਕਰ ਫ਼ੌਜੀ ਸੱਚ ਸਾਹਮਣੇ ਨਾ ਲੈ ਕੇ ਆਉਂਦਾ ਤਾਂ ਪਿੰਡ ਦਾ ਨੁਕਸਾਨ ਹੁੰਦਾ ਰਹਿਣਾ ਸੀ। ਤਰਕਸ਼ੀਲ ਸੋਚ ਵਾਲੇ ਸ਼ਖ਼ਸ ਸਮਾਜ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
(2)
ਮਿਡਲ ‘ਭੇਤ ਵਾਲੀ ਗੱਲ’ (ਪ੍ਰੀਤਮਾ ਦੋਮੇਲ, 27 ਫਰਵਰੀ) ਚੰਗਾ ਲੱਗਿਆ। ਲਿਖਤ ਦਾ ਸੁਨੇਹਾ ਬੜਾ ਜ਼ਬਰਦਸਤ ਹੈ। ਬਾਹਰ ਨਿੱਕਲਿਆਂ ਹੀ ਤੁਹਾਨੂੰ ਹਕੀਕਤ ਪਤਾ ਲੱਗਦੀ ਹੈ। ਇਸੇ ਕਰ ਕੇ ਘੁਮੱਕੜੀ ਬੜੀ ਕੰਮ ਦੀ ਸ਼ੈਅ ਹੈ।
ਗੁਰਬਚਨ ਸਿੰਘ ਚਾਹਲ, ਅੰਮ੍ਰਿਤਸਰ
ਜਸਟਿਸ ਗੁਰਨਾਮ ਸਿੰਘ
ਪ੍ਰੋ. ਪੁਸ਼ਪਿੰਦਰ ਸਿਆਲ ਨੇ ਆਪਣੇ ਲੇਖ ‘ਜਸਟਿਸ ਗੁਰਨਾਮ ਸਿੰਘ ਅਤੇ ਆਧੁਨਿਕ ਪੰਜਾਬ’ (25 ਫਰਵਰੀ) ਵਿਚ ਵਧੀਆ ਜਾਣਕਾਰੀ ਦਿੱਤੀ ਹੈ। ਜਸਟਿਸ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਲਾਹਿਆ ਗਿਆ, ਇਸ ਪਿੱਛੇ ਕੌਣ ਕੌਣ ਸਨ, ਬਾਰੇ ਜਾਣਕਾਰੀ ਦੀ ਉਡੀਕ ਰਹੇਗੀ। ਅਜਿਹੇ ਲੇਖ ਹੋਰ ਮੁੱਖ ਮੰਤਰੀਆਂ ਬਾਰੇ ਵੀ ਛਪਣੇ ਚਾਹੀਦੇ ਹਨ।
ਮਨਮੋਹਨ ਸਿੰਘ ਕਲਸੀ, ਈਮੇਲ
ਲੋਕਧਾਰਾ ਅਤੇ ਜਨਜੀਵਨ
25 ਫਰਵਰੀ ਦੇ ਸਤਰੰਗ ਪੰਨੇ ਉੱਤੇ ‘ਪੰਜਾਬੀ ਲੋਕਧਾਰਾ ਦੀ ਵਿਲੱਖਣਤਾ’ ਗੁਰਚਰਨ ਸਿੰਘ ਨੂਰਪੁਰ ਦੀ ਖ਼ੂਬਸੂਰਤ ਰਚਨਾ ਹੈ। ਲੇਖਕ ਨੇ ਪੰਜਾਬੀ ਲੋਕਧਾਰਾ ਰਾਹੀਂ ਲੋਕਗੀਤ ਅਤੇ ਲੋਕ ਬੋਲੀਆਂ ਦੀ ਢੁਕਵੀਂ ਵਰਤੋਂ ਕਰਦਿਆਂ, ਪੰਜਾਬ ਅਤੇ ਪੰਜਾਬੀਆਂ ਦੇ ਜਨਜੀਵਨ ਦਾ ਜ਼ਿਕਰ ਕੀਤਾ ਹੈ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਮੋਟੇ ਅਨਾਜਾਂ, ਵਿਸ਼ੇਸ਼ ਕਰ ਕੇ ਕੰਗਣੀ ਬਾਰੇ ਵਧੀਆ ਜਾਣਕਾਰੀ ਦਿੱਤੀ ਹੈ। ਇਸ ਅੰਕ ਵਿਚ ਬੱਚਿਆਂ ਲਈ ਕੋਈ ਵੀ ਰਚਨਾ ਨਾ ਦੇਖ ਕੇ ਮਨ ਉਦਾਸ ਹੋ ਗਿਆ। ਕਿਸੇ ਵੇਲੇ ਸਤਰੰਗ ਵਿਚ ਪੂਰਾ ਪੰਨਾ ਬੱਚਿਆਂ ਲਈ ਰਾਖਵਾਂ ਹੁੰਦਾ ਸੀ। ਬੱਚੇ ਸਾਡਾ ਭਵਿੱਖ ਹਨ। ਬਾਲ ਰਚਨਾਵਾਂ ਨੂੰ ਲੋੜੀਂਦੀ ਥਾਂ ਜ਼ਰੂਰ ਮਿਲਣੀ ਚਾਹੀਦੀ ਹੈ।
ਰਤਨਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)
ਔਰਤ ਅਤੇ ਸਮਾਜ
25 ਫਰਵਰੀ ਦੇ ਸਤਰੰਗ ਪੰਨ ’ਤੇ ਪਰਮਜੀਤ ਕੌਰ ਸਰਹਿੰਦ ਦਾ ਲੇਖ ‘ਜੀਵਨ : ਪ੍ਰੇਮ, ਮਮਤਾ, ਤਿਆਗ’ ਔਰਤ ਦੁਆਰਾ ਨਿਭਾਏ ਵੱਖ ਵੱਖ ਕਿਰਦਾਰਾਂ ਨੂੰ ਬਿਆਨ ਕਰਦਾ ਹੈ। ਧੀ ਤੋਂ ਲੈ ਕੇ ਦਾਦੀ, ਨਾਨੀ ਤਕ ਸਾਰੇ ਰਿਸ਼ਤੇ ਔਰਤ ਬੜੀ ਸ਼ਿੱਦਤ ਨਾਲ ਨਿਭਾਉਂਦੀ ਹੈ, ਖ਼ੁਦ ਭਾਵੇਂ ਉਹ ਮਾਂ ਦੇ ਪੇਟ ਵਿਚ ਭਰੂਣ ਬਣਨ ਤੋਂ ਲੈ ਕੇ ਜੀਵਨ ਦੇ ਆਖ਼ਰੀ ਸਫ਼ਰ ਤਕ ਮੁਸ਼ਕਿਲ ਵਿਚ ਹੀ ਰਹਿੰਦੀ ਹੈ। ਸ੍ਰਿਸ਼ਟੀ ਦਾ ਚੱਕਰ ਔਰਤ ਦੀ ਬਦੌਲਤ ਹੀ ਸੰਭਵ ਹੈ। ਜੇ ਔਰਤ ਹੈ ਤਾਂ ਇਸ ਸਮਾਜ ਦੀ ਹੋਂਦ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਬਦ-ਅਮਨੀ
18 ਫਰਵਰੀ ਦਾ ਸੰਪਾਦਕੀ ‘ਗਊ ਰੱਖਿਆ ਦੀ ਆੜ ਹੇਠ’ ਪੜ੍ਹਿਆ। ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਹਿੰਦੂ-ਮੁਸਲਮਾਨ ਵੱਧ ਹੋਣ ਲੱਗ ਪਿਆ ਹੈ। ਗਊ ਹੱਤਿਆ ਦੇ ਮਾਮਲੇ ਵਿਚ ਦਲਿਤਾਂ ਤੇ ਮੁਸਲਮਾਨਾਂ ਨੂੰ ਵੱਧ ਘੜੀਸਿਆ ਜਾ ਰਿਹਾ ਹੈ। ਇਸ ਸਭ ਕਾਸੇ ਦੀ ਆੜ ਹੇਠ ਕਈ ਹਿੰਦੂ ਸੰਗਠਨ ਬੁਰਛਾਗਰਦੀ ’ਤੇ ਉੱਤਰ ਆਏ ਹਨ। ਅੱਜ ਗਊ ਹੱਤਿਆ ਦੀ ਆੜ ਹੇਠ ਬਦ-ਅਮਨੀ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਹ ਸਭ 2024 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਸੰਪਾਦਕੀ ‘ਵਿਚਾਰ-ਵਟਾਂਦਰੇ ਦੀ ਜ਼ਰੂਰਤ’ ਪੜ੍ਹਨ ਨੂੰ ਮਿਲਿਆ। ਇਹ ਸਾਡੀ ਨਿਆਂਪਾਲਿਕਾ ਦੇ ਨਿਘਾਰ ਦੀ ਕਹਾਣੀ ਬਿਆਨ ਕਰਦਾ ਹੈ। ਕੋਈ ਵਕਤ ਸੀ ਕਿ ਲੋਕਾਂ ਨੂੰ ਨਿਆਂਪਾਲਿਕਾ ਉੱਤੇ ਬੜਾ ਯਕੀਨ ਹੁੰਦਾ ਸੀ। ਹੁਣ ਇਹ ਯਕੀਨ ਟੁੱਟ ਗਿਆ ਹੈ।
ਕਾਮਰੇਡ ਗੁਰਨਾਮ ਸਿੰਘ, ਰੋਪੜ