ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

Mar 24, 2021

ਪੰਜਾਬ ਵਿਚ ਰੁਜ਼ਗਾਰ ਮੇਲੇ ਤੇ ਨੌਕਰੀਆਂ

ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ। ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜੋ ਮਿਲਣ ਦੀ ਆਸ ਸੀ, ਉਹ ਵੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਸਿਰਫ਼ ਖਾਨਾਪੂਰਤੀ ਲਈ ਪ੍ਰਾਈਵੇਟ ਅਦਾਰਿਆ ਦੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜੋ ਕਿ ਨੌਜਵਾਨਾਂ ਨੂੰ ਘੱਟ ਤਨਖ਼ਾਹ ’ਤੇ ਰੱਖ ਕੇ ਵੱਧ ਕੰਮ ਲੈ ਕੇ ਨੌਜਵਾਨਾਂ ਦਾ ਸ਼ੋਸ਼ਣ ਹੀ ਕਰਦੇ ਹਨ। ਪੰਜਾਬ ਵਿਚ ਇਸ ਸਮੇਂ ਹਜ਼ਾਰਾਂ ਹੀ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਫਿਰ ਰਹੇ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਵੀ ਜੌਬ ਨਹੀਂ ਮਿਲੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਵਾਂਗ ਨੌਕਰੀਆਂ ਪੰਜਾਬ ਵਿਚ ਘੱਟੋ ਘੱਟ 85 ਫ਼ੀਸਦੀ ਨੌਕਰੀਆਂ ਪੰਜਾਬ ਦੇ ਵਸਨੀਕਾਂ ਨੂੰ ਮਿਲਣੀਆਂ ਯਕੀਨੀ ਬਣਾਵੇ।

ਗੁਰਦਿੱਤ ਸਿੰਘ ਸੇਖੋਂ, ਦਲੇਲ ਸਿੰਘ ਵਾਲਾ (ਮਾਨਸਾ)


ਖੇਤੀ ਸਹਾਇਕ ਧੰਦੇ ਨੂੰ ਸੱਟ

22 ਮਾਰਚ ਦੀ ਸੰਪਾਦਕੀ ‘ਨਵੇਂ ਅਧਿਕਾਰੀ’ ਅਸਲ ਵਿਚ ਕਿਸਾਨਾਂ ਦੇ ਖੇਤੀ ਸਹਾਇਕ ਧੰਦੇ ’ਤੇ ਸੱਟ ਮਾਰਨ ਜਾਂ ਬੰਦ ਕਰਨ ਦੀਆਂ ਕੋਸ਼ਿਸ਼ਾਂ ਦੀ ਦੱਸ ਪਾਉਂਦੀ ਹੈ। ਇਕ ਪਾਸੇ ਸਰਕਾਰ ਦੇਸੀ ਕੁੱਤੇ ਬਰਾਮਦ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਪਸ਼ੂ ਧਨ ਦੇ ਅਦਾਨ/ਪ੍ਰਦਾਨ, ਅੰਤਰਪ੍ਰਾਂਤ ਵਪਾਰ ਅਤੇ ਦਰਾਮਦ ’ਤੇ ਰੋਕ ਲਗਾ ਰਹੀ ਹੈ। ਇਹੀ ਕਾਰਨ ਹੈ ਕਿ ਮੀਟ ਵਪਾਰ ਵਿਚ ਜੀਡੀਪੀ ਦਾ ਹਿੱਸਾ ਘਟ ਰਿਹਾ ਹੈ। ਦੂਸਰੀ ਸੰਪਾਦਕੀ ‘ਘਰੇਲੂ ਬੱਚਤ ਵਿਚ ਗਿਰਾਵਟ’ ਵਿਚ ਨਿੱਜੀ ਕੰਪਨੀਆਂ ਦੀ ਆਮਦ ਵਿਚ ਕਈ ਗੁਣਾ ਵਾਧਾ ਹੋ ਜਾਣਾ, ਨੌਕਰੀਆਂ ਦਾ ਖੁੱਸ ਜਾਣਾ ਅਤੇ ਅਸਾਮੀਆਂ ਦਾ ਪੈਦਾ ਨਾ ਹੋਣਾ, ਦੇਸ਼ ਦੀ ਤਰੱਕੀ ਵਿਚ ਨਿਘਾਰ ਨੂੰ ਕੋਵਿਡ-19 ਦਾ ਬਹਾਨਾ ਹੀ ਜਾਪਦਾ ਹੈ।

ਗੁਰਦਿਆਲ ਸਹੋਤਾ, ਲੁਧਿਆਣਾ

(2)

ਸੰਪਾਦਕੀ ‘ਨਵੇਂ ਅਧਿਕਾਰੀ’ ਕਰਨਾਟਕ ਸੂਬੇ ਵੱਲੋਂ ਪਾਸ ਕੀਤੇ ਪਸ਼ੂ ਹੱਤਿਆ ਰੋਕਥਾਮ ਅਤੇ ਸੁਰੱਖਿਆ ਕਾਨੂੰਨ ਬਾਰੇ ਜਾਣਕਾਰੀ ਦਿੰਦੀ ਹੈ। ਕੋਈ ਵੀ ਸੋਟਾ ਫੜ ਕੇ ਕਿਸੇ ਪਸ਼ੂਆਂ ਦੇ ਚਰਵਾਹੇ ਜਾਂ ਪਸ਼ੂ ਨਾਲ ਤੁਰਦੇ ਬੰਦੇ ਦੇ ਦੁਆਲੇ ਹੋ ਕੇ, ਆਪਣੇ ਆਪ ਨੂੰ ‘ਪਸ਼ੂ ਰੱਖਿਅਕ ਜਨਤਕ ਅਧਿਕਾਰੀ’ ਘੋਸ਼ਿਤ ਕਰ ਸਕੇਗਾ। ਸਹੀ ਟਿੱਪਣੀ ਹੈ ਕਿ ਕਾਨੂੰਨ ਦਾ ਮਕਸਦ ਗਊ ਰੱਖਿਆ ਤੋਂ ਕਿਤੇ ਵੱਧ ਇਸ ਨਾਲ ਜੁੜੀ ਸਿਆਸਤ ਹੈ। ‘ਨਵੇਂ ਅਧਿਕਾਰੀ’ ਦੇ ਹੱਥ ਸੋਟਾ ਫੜਾਉਣ ਦਾ ਅਰਥ ਇਕ ਖ਼ਾਸ ਕਿਸਮ ਦੀ ਮਾਨਸਿਕਤਾ ਉਪਜਾਉਣਾ ਹੋਰ ਵੀ ਸੱਚ ਦੇ ਨੇੜੇ ਹੈ।

ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)


ਮਾਂ ਦਾ ਪਿਆਰ

22 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਮਨਿੰਦਰ ਭਾਟੀਆ ਦਾ ਮਿਡਲ ‘ਮਾਤਾ ਦੀਆਂ ਵਾਲੀਆਂ’ ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਸਚਮੁੱਚ ਹੀ ਰੱਬ ਨੇ ਮਾਂ ਬਹੁਤ ਮਹਾਨ ਮੂਰਤ ਬਣਾਈ ਹੈ ਜੋ ਬੱਚਿਆਂ ਦੀ ਖੁਸ਼ੀ ਲਈ ਆਪਣੇ ਸ਼ੌਕ ਵੀ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਹੋਰ ਵੀ ਕਿੰਨੀਆਂ ਮਾਵਾਂ ਹਨ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਸੁਪਨਿਆਂ ਲਈ ਜਾਂ ਖੁਸ਼ੀਆਂ ਲਈ ਆਪਣੇ ਸ਼ੌਕ ਛੱਡ ਕੇ ਆਪਣੇ ਕੰਨਾਂ ਦੀਆਂ ਵਾਲੀਆਂ ਵੇਚਣੀਆਂ ਪਈਆਂ ਹੋਣਗੀਆਂ ਪਰੰਤੂ ਕਈ ਵਾਰੀ ਔਲਾਦ ਮਾਂ ਵੱਲੋਂ ਕੀਤੇ ਇਸ ਤਿਆਗ਼ ਨੂੰ ਨਾ ਸਮਝ ਕੇ ਬੁਢਾਪੇ ਵੇਲੇ ਉਨ੍ਹਾਂ ਦੀ ਕਦਰ ਕਰਨੀ ਭੁੱਲ ਜਾਂਦੇ ਹਨ।

ਕਮਲਪ੍ਰੀਤ ਕੌਰ, ਜੰਗਪੁਰਾ (ਮੁਹਾਲੀ)

(2)

ਮਨਿੰਦਰ ਭਾਟੀਆ ਦੀ ਰਚਨਾ ‘ਮਾਤਾ ਦੀਆਂ ਵਾਲੀਆਂ’ ਨੇ ਅੱਖਾਂ ਵਿਚ ਪਾਣੀ ਭਰ ਦਿੱਤਾ। ਸਚਮੁੱਚ ਕੁਝ ਕਿਸਮਤ ਵਾਲੇ ਲੋਕ ਹੁੰਦੇ ਹਨ ਜੋ ਕਿ ਆਪਣੇ ਮਾਂ ਬਾਪ ਲਈ ਕੁਝ ਕਰ ਪਾਉਂਦੇ ਹਨ ਕਿ ਉਨ੍ਹਾਂ ਨੂੰ ਇੰਨੀ ਖੁਸ਼ੀ ਦੇ ਪਲ ਮਿਲਣ। ਬਹੁਤਿਆਂ ਦੀ ਜ਼ਿੰਦਗੀ ਤਾਂ ਇਹੋ ਜਿਹੇ ਪਲਾਂ ਤੋਂ ਵਿਰਵੀ ਹੀ ਚਲੀ ਜਾਂਦੀ ਹੈ।

ਰਾਜਨਦੀਪ ਕੌਰ ਮਾਨ, ਫਰੀਦਕੋਟ


ਧੁਨ ਦੇ ਪੱਕੇ

20 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਜਸਵਿੰਦਰ ਸੁਰਗੀਤ ਦਾ ਮਿਡਲ ‘ਧੁਨ ਦੇ ਪੱਕੇ, ਧੀਰਜ ਵਾਲੇ’ ਬਹੁਤ ਹੀ ਪ੍ਰੇਰਨਾਦਾਇਕ ਲੱਗਿਆ। ਅੱਜ ਵੀ ਸਾਡੇ ਸਮਾਜ ਵਿਚ ਹੁਸ਼ਿਆਰ ਬੱਚੇ ਗ਼ਰੀਬੀ ਕਾਰਨ ਪੜ੍ਹ ਨਹੀਂ ਪਾਉਂਦੇ। ਜੋ ਕਿ ਬਹੁਤ ਹੀ ਅਫ਼ਸੋਸਨਾਕ ਗੱਲ ਹੈ। ਪਰ ਮੇਰੇ ਮੁਤਾਬਿਕ ਹੋਰ ਕਿਸੇ ਵੀ ਵਿਦਿਆਰਥੀ ਨੂੰ ਗ਼ਰੀਬੀ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਆਪਣੀ ਪੜ੍ਹਾਈ ਨੂੰ ਨਹੀਂ ਛੱਡਣਾ ਚਾਹੀਦਾ, ਸਗੋਂ ਡਟੇ ਰਹਿਣਾ ਚਾਹੀਦਾ ਹੈ।

ਰੁਪਿੰਦਰ ਕੌਰ, ਸੱਦੋ ਮਾਜਰਾ (ਫਤਹਿਗੜ੍ਹ ਸਾਹਿਬ)

ਪਾਠਕਾਂ ਦੇ ਖ਼ਤ

Mar 22, 2021

ਬੌਧਿਕ ਪਤਨ ਦੀ ਨਿਸ਼ਾਨੀ

20 ਮਾਰਚ ਦੀ ਸੰਪਾਦਕੀ ‘ਬੌਧਿਕ ਆਜ਼ਾਦੀ ਨੂੰ ਖ਼ਤਰਾ’ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਨਿੱਜੀ ਖੇਤਰ ਦੀ ਅਸ਼ੋਕ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਬੁੱਧੀਜੀਵੀ ਪ੍ਰਤਾਪ ਭਾਨੂੰ ਮਹਿਤਾ ਅੰਗਰੇਜ਼ੀ ਪ੍ਰੈੱਸ ਵਿਚ ਜ਼ਰੂਰ ਹੀ ਅਕਲ ਦੀ ਗੱਲ ਲਿਖਦੇ ਹੋਣਗੇ ਜੋ ਸਾਡੇ ਦੇਸ਼ ਦੇ ਸਿਆਸੀ ਰਹਿਨੁਮਾਵਾਂ ਨੂੰ ਬੇਅਕਲੀ ਲੱਗਦੀ ਹੋਵੇਗੀ। ਸੰਪਾਦਕੀ ਵਿਚ ਸਹੀ ਲਿਖਿਆ ਹੈ ਕਿ ਸੰਵਿਧਾਨਕ ਕਦਰਾਂ ਕੀਮਤਾਂ ਦੀ ਹਮਾਇਤ ਕਰਨ ਵਾਲੇ ਵਿਅਕਤੀ ਦੇ ਵਿਚਾਰਾਂ ਨਾਲ ਮਤਭੇਦ ਕਰਕੇ ਹੀ ਅਜਿਹੇ ਵਿਦਵਾਨਾਂ ਲਈ ਬੌਧਿਕ ਆਜ਼ਾਦੀ ਦੀ ਥਾਂ ਘਟਾਉਣਾ ਦੇਸ਼ ਦੇ ਬੌਧਿਕ ਅਤੇ ਨੈਤਿਕ ਪਤਨ ਦੀ ਨਿਸ਼ਾਨੀ ਹੈ। ਜਮਹੂਰੀ ਤਾਕਤਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

ਜਗਰੂਪ ਸਿੰਘ ਉੱਭਾਵਾਲ, ਸੰਗਰੂਰ


(2)

20 ਮਾਰਚ ਦੀ ਸੰਪਾਦਕੀ ਵਿਚ ਸਹੀ ਗੱਲ ਕੀਤੀ ਗਈ ਹੈ। ਆਰਐੱਸਐੱਸ ਦੇ 2021 ਦੇ ਸੰਮੇਲਨ ਵਿਚ ਕਿਹਾ ਗਿਆ ਹੈ, ‘ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾਂ ਸਮੱਸਿਆ ਦਾ ਹੱਲ ਲੱਭਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿਚ ਅੜਿਕੇ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ’ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਆਰਐੱਸਐੱਸ ਦੀ ਰਾਜਧਾਨੀ ਨਾਗਪੁਰ ਤੋਂ ਆਦੇਸ਼ ਲੈਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਖੇਤੀ ਤੇ ਸੀਏਏ ਕਾਨੂੰਨਾਂ ਦਾ ਵਿਰੋਧ ਕਰ ਸਕਦੀਆਂ ਹਨ। ਇਸ ਕਰਕੇ ਵੋਟਰਾਂ ਨੂੰ ਚੱਲ ਰਹੇ ਇਨ੍ਹਾਂ ਪ੍ਰਦਰਸ਼ਨਾਂ ਤੋਂ ਸੇਧ ਲੈ ਕੇ ਮਿਸ਼ਨ-2024 ਸ਼ੁਰੂ ਕਰਕੇ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਹੈ।

ਗੁਰਦਿਆਲ ਸਹੋਤਾ, ਲੁਧਿਆਣਾ


ਮਿਹਨਤ ਦਾ ਫ਼ਲ

20 ਮਾਰਚ ਨੂੰ ਜਸਵਿੰਦਰ ਸੁਰਗੀਤ ਦਾ ਲਿਖਿਆ ‘ਧੁਨ ਦੇ ਪੱਕੇ, ਧੀਰਜ ਵਾਲੇ’ ਪੜ੍ਹਕੇ ਮਨ ਨੂੰ ਖ਼ੁਸ਼ੀ ਹੋਈ। ਇੰਜ ਜਾਪਿਆ ਜਿਵੇਂ ਉਹ ਕਹਾਵਤ ਗ਼ਲਤ ਨਹੀਂ ਹੈ, ‘ਮਿਹਨਤ ਕਰਨ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ’ ਅਤੇ ਜੇਕਰ ਸਾਥ ਦੇਣ ਵਾਲਾ ਕੋਈ ਨਾਲ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਜੋ ਜਾਂਦੀ ਹੈ। ਜੇਕਰ ਮਨ ਵਿਚ ਪੱਕਾ ਇਰਾਦਾ ਹੋਵੇ ਅਤੇ ਸੱਚੀ ਨਿਸ਼ਠਾ ਹੋਵੇ ਤਾਂ ਉਹ ਕਾਇਨਾਤ ਵੀ ਤੁਹਾਡੀ ਮਦਦ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਕਰਦੀ ਹੈ।

ਸ਼ਾਹਰੁਖ ਖਾਨ, ਬਨੂੜ, ਮੁਹਾਲੀ


(2)

ਇਹ ਬੱਚੀ ਤਾਂ ਲੇਖਕ ਦੇ ਦਖਲ ਨਾਲ ਪੜ੍ਹ ਕੇ ਅਧਿਆਪਕਾ ਲੱਗ ਗਈ, ਪਰ ਸਾਡੇ ਸਮਾਜ ਵਿਚ ਪਤਾ ਨਹੀਂ ਕਿੰਨੇ ਹੀ ਪ੍ਰਤਿਭਾਸ਼ਾਲੀ ਬੱਚੇ ਮਾਪਿਆਂ ਦੀ ਮਜਬੂਰੀ ਕਾਰਨ ਆਪਣਾ ਕਰੀਅਰ ਬਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਗ਼ਲਤ ਰਸਤੇ ਅਖ਼ਤਿਆਰ ਕਰ ਲੈਂਦੇ ਹਨ, ਪਰ ਕਿਸੇ ਇਨਸਾਨ ਵੱਲੋਂ ਮਿਲੀ ਸਹੀ ਅਗਵਾਈ ਸਦਕਾ ਵਿਦਿਆਰਥੀ ਸਹੀ ਰਸਤੇ ਪੈ ਕੇ ਜ਼ਿੰਦਗੀ ਬਣਾ ਲੈਂਦੇ ਹਨ।

ਯੋਗਰਾਜ ਭਾਗੀਬਾਂਦਰ, ਬਠਿੰਡਾ


(3)

ਅਧਿਆਪਕ ਵਿਦਿਆਰਥੀਆਂ ਦੀ ਹਰ ਸਮੱਸਿਆ ਨੂੰ ਗਹਿਰਾਈ ਤੋਂ ਜਾਣਦੇ ਹਨ ਤੇ ਵਿਦਿਆਰਥੀ ਵੀ ਖੁੱਲ੍ਹ ਦਿਲੀ ਨਾਲ ਉਨ੍ਹਾਂ ਅੱਗੇ ਆਪਣੀ ਸਮੱਸਿਆ ਨੂੰ ਬਿਆਨ ਕਰ ਦਿੰਦੇ ਹਨ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋੜਵੰਦ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਕਿਸੇ ਦਾ ਭਵਿੱਖ ਅਧਿਆਪਕਾਂ ਦੀ ਵਜ੍ਹਾ ਕਾਰਨ ਰੌਸ਼ਨ ਹੋਣੋ ਨ ਰਹਿ ਜਾਵੇ।

ਪ੍ਰੋ. ਗੁਲਸ਼ਾਨਾ ਮਲਿਕ, ਮਾਲੇਰਕੋਟਲਾ


ਬੈਂਕਾਂ ਦਾ ਨਿੱਜੀਕਰਨ

16 ਮਾਰਚ ਦੀ ਖ਼ਬਰ ‘ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਕੰਮਕਾਜ ਠੱਪ’ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਸ ਬਾਰੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਕਿ ਦੇਸ਼ ਦੀ ਆਰਥਿਕਤਾ ਕਿਸ ਨਿਘਾਰ ਵੱਲ ਜਾ ਰਹੀ ਹੈ। ਕਰੋਨਾ ਕਾਰਨ ਦੇਸ਼ ਦੀ ਆਰਥਿਕਤਾ ਦੀ ਗੱਡੀ ਪਹਿਲਾਂ ਹੀ ਲੀਹੋਂ ਲਹਿ ਚੁੱਕੀ ਹੈ। ਦੇਸ਼ ਵਿਚ ਲੱਖਾਂ ਦੇ ਹਿਸਾਬ ਨਾਲ ਰੁਜ਼ਗਾਰ ਦੇ ਅਵਸਰ ਖ਼ਤਮ ਹੋ ਚੁੱਕੇ ਹਨ। ਪੰਜਾਬ ਤੋਂ ਲੈ ਕੇ ਆਸਾਮ ਤਕ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਕਾਰਨ ਕਿਸਾਨ ਕਈ ਮਹੀਨਿਆਂ ਤੋਂ ਅੰਦੋਲਨ ਦੀ ਰਾਹ ’ਤੇ ਹਨ। ਹੁਣ ਬੈਂਕਾਂ ਦੇ ਮੁਲਾਜ਼ਮਾਂ ਨੇ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਹੜਤਾਲ ਦਾ ਬਿਗ਼ਲ ਵਜਾ ਦਿੱਤਾ ਹੈ, ਪਰ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ।

ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


ਪੰਜਾਬ ਸਿਰ ਵਧਦਾ ਕਰਜ਼

13 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ.ਸ. ਛੀਨਾ ਦਾ ਲੇਖ ‘ਪੰਜਾਬ ਸਿਰ ਵਧਦਾ ਕਰਜ਼ਾ ਅਤੇ ਕਮਜ਼ੋਰ ਆਰਥਿਕਤਾ’ ਪੜ੍ਹਿਆ। ਲੇਖਕ ਨੇ ਜਿੱਥੇ ਵਧੀਆ ਵਿਸਥਾਰ ਵਿਚ ਆਪਣੇ ਵਿਚਾਰ ਪੇਸ਼ ਕੀਤੇ, ਪਰ ਉਹ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਤਾਂ ਨੂੰ ਪੜਚੋਲ ਨਹੀਂ ਸਕੇ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀ ਆਰਥਿਕਤਾ ਨਿਘਾਰ ਵੱਲ ਜਾ ਰਹੀ ਹੈ ਪਰ ਸਾਡੇ ਲੀਡਰ ਕੰਨਾਂ ਵਿਚ ਕੌੜਾ ਤੇਲ ਪਾ ਕੇ ਸਮਾਂ ਟਪਾ ਰਹੇ ਹਨ। ਕਦੇ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਸੂਬੇ ਜਾਂ ਦੇਸ਼ ਦੇ ਵਿਕਾਸ ਤੇ ਨਿੱਗਰ ਬਹਿਸ ਨਹੀਂ ਹੁੰਦੀ। ਜੇ ਕਦੇ ਮੁੱਦਾ ਰੱਖਿਆ ਜਾਂਦਾ ਹੈ ਤਾਂ ਉਹ ਸਿਆਸੀ ਜਾਂ ਨਿੱਜੀ ਤਾਹਨਿਆਂ ਮਿਹਣਿਆਂ ਦੀ ਭੇਟ ਚੜ੍ਹ ਜਾਂਦਾ ਹੈ। ਸਿਆਸਤ ਹੁਣ ਸੇਵਾ ਨਾ ਹੋ ਕੇ ਇਕ ਵਪਾਰ ਬਣ ਰਹੀ ਹੈ। ਸਰਕਾਰੀ ਖ਼ਜ਼ਾਨੇ ਨੂੰ ਖਾਣ ਵਾਲੇ ਖ਼ਤਮ ਹੋਣ, ਤਾਂ ਹੀ ਸਾਡੀ ਆਰਥਿਕਤਾ ਅਤੇ ਵਿਕਾਸ ਮੁੜ ਲੀਹ ’ਤੇ ਆ ਸਕਦੇ ਹਨ।

ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਅਦਾਲਤੀ ਫ਼ੈਸਲਿਆਂ ਤੋਂ ਉਮੀਦ

11 ਮਾਰਚ ਦੇ ਅੰਕ ਦੇ ਨਜ਼ਰੀਆ ਪੰਨੇ ’ਤੇ ਜੂਲੀਓ ਰਿਬੇਰੋ ਨੇ ਹੇਠਲੀਆਂ ਅਦਾਲਤਾਂ ਵੱਲੋਂ ਕੁਝ ਫ਼ੈਸਲਿਆਂ ਦਾ ਵੇਰਵਾ ਦੇ ਕੇ ਦੱਸਿਆ ਹੈ ਕਿ ਘੋਰ ਨਿਰਾਸ਼ਾ ਵਿਚ ਵੀ ਆਸ਼ਾ ਦੀ ਕਿਰਨ ਮੌਜੂਦ ਹੈ। ਭਾਵੇਂ ਸਾਡੀਆਂ ਕੁਝ ਸਿਖ਼ਰਲੀਆਂ ਨਿਆਂਕਾਰ ਸੰਸਥਾਵਾਂ ਦਾ ਫ਼ੈਸਲਾ ਸੁਣਦਿਆਂ ਪੀੜਤਾਂ ਦਾ ਮਨ ਦੁਬਿਧਾ ਵਿਚ ਪੈਣ ਲੱਗ ਪਿਆ ਹੈ ਕਿ ਫ਼ੈਸਲਾ ਨਿਆਂਪੱਖੀ ਹੋਵੇਗਾ ਜਾਂ ਸਰਕਾਰ ਪੱਖੀ। ਲੇਖਕ ਅਨੁਸਾਰ ਅਜੇ ਵੀ ਬਹੁਤ ਸਾਰੇ ਨਿਆਂਕਾਰਾਂ ਦੀ ਜ਼ਮੀਰ ਜਾਗਦੀ ਹੈ ਜੋ ਨਿਆਂ ਦੀ ਤੱਕੜੀ ਵਿਚ ਪਾਸਕੂ ਨਹੀਂ ਪੈਣ ਦਿੰਦੀ।

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


ਸਾਹਿਤ ਪੜ੍ਹਨ ਦੀ ਲੋੜ

ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੈ, ਪਰ ਉਨ੍ਹਾਂ ਵਿਚ ਸਾਹਿਤ ਪੜ੍ਹਨ ਵਾਲਿਆਂ ਦੀ ਕਮੀ ਹੈ। ਵਿਦਿਆਰਥੀ ਸਿਲੇਬਸ ਤਕ ਹੀ ਸੀਮਤ ਰਹਿ ਗਏ ਹਨ। ਇਕੱਲਾ ਸਿਲੇਬਸ ਪੜ੍ਹਨ ਨਾਲ ਕੋਈ ਵਿਦਿਆਰਥੀ ਸਫਲ ਨਹੀਂ ਹੋ ਸਕਦਾ। ਚੰਗੀ ਸੋਚ ਉਸਾਰਨ ਵਿਚ ਸਾਹਿਤ ਦਾ ਗਿਆਨ ਹੋਣਾ ਅਹਿਮ ਸਥਾਨ ਰੱਖਦਾ ਹੈ। ਸਮਾਜ ਦਾ ਵਿਕਾਸ ਕਰਨ ਵਿਚ ਵੀ ਸਾਹਿਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਜੇਕਰ ਅਸੀਂ ਕੁਝ ਪੜ੍ਹਿਆ ਹੋਵੇਗਾ, ਕੋਈ ਜਾਣਕਾਰੀ ਹੋਵੇਗੀ ਤਾਂ ਹੀ ਸਰਕਾਰ ਅੱਗੇ ਸਵਾਲ ਚੁੱਕ ਸਕਦੇ ਹਾਂ।

ਸੁਖਮਨ ਚੀਮਾ, ਖੰਨਾ


ਪੰਜਾਬੀ ਨੂੰ ਬਚਾਉਣ ਦਾ ਵੇਲਾ

ਪੰਜਾਬੀ ਭਾਸ਼ਾ ਨੂੰ ਪੰਜਾਬ ਅੰਦਰ ਹੀ ਬੇਗਾਨਗੀ ਦਾ ਅਹਿਸਾਸ ਇਸ ਦੇ ਆਪਣਿਆਂ ਵੱਲੋਂ ਹੀ ਕਰਾਇਆ ਜਾ ਰਿਹਾ ਹੈ। ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੜ੍ਹੇ ਲਿਖੇ ਪੰਜਾਬੀ ਲੋਕ ਵੀ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰ ਪੜ੍ਹਨ ’ਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੀ ਪੰਜਾਬੀ ਅਖ਼ਬਾਰਾਂ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰਾਂ ਨੂੰ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹਨ। ਇਸ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੀ ਥਾਂ ਅੰਗਰੇਜ਼ੀ ਸਿਖਾਉਣ ਲਈ ਜ਼ਿਆਦਾ ਉਤਾਵਲੇ ਰਹਿੰਦੇ ਹਨ। ਮੇਰੇ ਅਜਿਹੇ ਕਈ ਜਾਣਕਾਰ ਹਨ ਜੋ ਪੰਜਾਬੀ ਸਾਹਿਤ ਸਭਾਵਾਂ ਦੇ ਅਹੁਦਿਆਂ ’ਤੇ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾ ਰਹੇ ਹਨ, ਪਰ ਲੋਕਾਂ ਨੂੰ ਅਖ਼ਬਾਰੀ ਬਿਆਨਾਂ ਰਾਹੀਂ ਪੰਜਾਬੀ ਭਾਸ਼ਾ ਦੇ ਸਪੂਤ ਹੋਣ ਦੇ ਢਕਵੰਜ ਕਰਦੇ ਰਹਿੰਦੇ ਹਨ। ਮੈਂ ਕਿਸੇ ਭਾਸ਼ਾ ਦੇ ਖਿਲਾਫ਼ ਨਹੀਂ, ਬਲਕਿ ਇਨਸਾਨ ਨੂੰ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਵੇ, ਚੰਗੀ ਗੱਲ ਹੈ, ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦੇਣਾ ਸਹੀ ਨਹੀਂ ਹੈ। ਅਜੇ ਵੀ ਡੁੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਹੁਣ ਸਾਨੂੰ ਰੋਣਾ ਛੱਡ ਕੇ ਇਸ ਲਈ ਚੀਕ ਚੀਕ ਦੇ ਹੋਕਾ ਦੇਣ ਦੀ ਸਖ਼ਤ ਜ਼ਰੂਰਤ ਹੈ। ਸਾਨੂੰ ਵਿਖਾਵੇ ਲਈ ਨਹੀਂ ਬਲਕਿ ਪੰਜਾਬੀ ਦੇ ਸੱਚੇ ਪੁਜਾਰੀ ਬਣਨ ਦੀ ਜ਼ਰੂਰਤ ਹੈ।

ਅੰਗਰੇਜ਼ ਸਿੰਘ ਵਿੱਕੀ, ਕੋਟਗੁਰੂ, ਬਠਿੰਡਾ

ਪਾਠਕਾਂ ਦੇ ਖ਼ਤ

Mar 20, 2021

ਭੁੱਖਮਰੀ ਤੇ ਬੇਰੁਜ਼ਗਾਰੀ

19 ਮਾਰਚ ਦੀਆਂ ‘ਰਾਸ਼ਨ ਕਾਰਡਾਂ ਦਾ ਮਸਲਾ’ ਅਤੇ ‘ਵਧ ਰਹੀ ਬੇਰੁਜ਼ਗਾਰੀ’ ਦੋਨੋਂ ਸੰਪਾਦਕੀਆਂ ਪੜ੍ਹ ਕੇ ਜਾਪਦਾ ਹੈ ਕਿ ਭਾਜਪਾ ਦੇਸੀ ਵਿਦੇਸ਼ੀ ਰਚਨਾਤਮਕ ਆਲੋਚਨਾ ਬਰਦਾਸ਼ਤ ਕਰਨ ਵਿਚ ਅਸਮਰੱਥ, ਨਾਕਾਰਾਤਮਿਕ ਅਤੇ ਅਕਰਮਿਕ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਭੁੱਖਮਰੀ ਅਤੇ ਬੇਰੁਜ਼ਗਾਰੀ ਦਾ ਵਧਦੇ ਜਾਣਾ ਅਰਾਜਕਤਾ ਅਤੇ ਅਸ਼ਾਂਤੀ ਨੂੰ ਸੱਦਾ ਦੇਣ ਵਾਂਗ ਹੈ। ਭਾਰਤ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਸਟੀਕ ਹੱਲ ਇਹੀ ਹੈ ਕਿ ਸਰਕਾਰ ਸਿੱਖਿਆ/ਸਿਹਤ ਵਿਚ ਵੱਧ ਤੋਂ ਵੱਧ ਨਿਵੇਸ਼ ਕਰੇ।

ਗੁਰਦਿਆਲ ਸਹੋਤਾ, ਲੁਧਿਆਣਾ


(2)

ਸੰਪਾਦਕੀ ‘ਵਧ ਰਹੀ ਬੇਰੁਜ਼ਗਾਰੀ’ ਵਿਚ ਕਰੋਨਾ ਮਹਾਮਾਰੀ ਦੌਰਾਨ ਵਧੀ ਆਰਥਿਕ ਮੰਦੀ ਤੇ ਬੇਰੁਜ਼ਗਾਰੀ ਬਾਰੇ ਚਿੰਤਾ ਜਤਾਈ ਗਈ ਹੈ। ਨੌਜਵਾਨ ਵਰਗ ਬੇਰੁਜ਼ਗਾਰ ਹੋਣ ਕਰ ਕੇ ਸਰਕਾਰਾਂ ਤੋਂ ਸਤਾਇਆ ਨਿਰਾਸ਼ਾ ਦੇ ਆਲਮ ਵਿਚ ਆਪਣਾ ਸਭ ਕੁਝ ਵੇਚ ਵੱਟ ਕੇ ਬਾਹਰ ਜਾ ਰਿਹਾ ਹੈ। ਪਹਿਲਾ ਪੰਜਾਬੀ ਪੈਸਾ ਬਾਹਰੋਂ ਲਿਆਉਂਦੇ ਸੀ। ਇਸ ਦੇ ਉਲਟ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਰਹਿੰਦੀ ਖੂੰਹਦੀ ਕਸਰ ਕਰੋਨਾ ਨੇ ਕੱਢ ਦਿੱਤੀ ਹੈ। ਸਰਕਾਰ ਨੂੰ ਇਸ ’ਤੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ।

ਗੁਰਮੀਤ ਸਿੰਘ ਵੇਰਕਾ, ਈਮੇਲ


(3)

‘ਵਧ ਰਹੀ ਬੇਰੁਜ਼ਗਾਰੀ’ ਸੰਪਾਦਕੀ ਪੜ੍ਹ ਕੇ ਲੱਗਦਾ ਹੈ ਕਿ ਬੇਰੁਜ਼ਗਾਰੀ ਸਰਕਾਰ ਦੇ ਏਜੰਡੇ ਦਾ ਹਿੱਸਾ ਹੀ ਨਹੀਂ ਹੈ। ਸਿਰਫ਼ ਅੰਕੜਿਆਂ ਦੀ ਖੇਡ ਬਣ ਕੇ ਰਹਿ ਗਏ ਹਨ ਵਿਕਾਸ ਕਾਰਜ। ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਅੰਕੜਿਆਂ ਦੀ ਖੇਡ ਖੇਡ ਕੇ ਬੁੱਤਾ ਸਾਰ ਰਹੀ ਹੈ ਪਰ ਜ਼ਮੀਨੀ ਹਕੀਕਤ ਦਿਲ ਕੰਬਾਊ ਹੈ। ਬੇਰੁਜ਼ਗਾਰ ਵਿਅਕਤੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਖੁੰਭਾਂ ਵਾਂਗ ਪਣਪੇ ਪ੍ਰਾਈਵੇਟ ਇੰਸਟੀਚਿਊਟ ਵਿਦਿਆਰਥੀਆਂ ਦੀ ਲੁੱਟ ਕਰ ਰਹੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰੀ ਦਾ ਦੈਂਤ ਨਿਤਾ ਪ੍ਰਤੀ ਉਨ੍ਹਾਂ ਨੂੰ ਡਰਾ ਰਿਹਾ ਹੈ।

ਸਤਨਾਮ ਉੱਭਾਵਾਲ, ਸੰਗਰੂਰ


ਖ਼ੁਦਕੁਸ਼ੀ ਸਮਝਦਾਰੀ ਨਹੀਂ

18 ਮਾਰਚ ਦਾ ਮਨਮੋਹਨ ਸਿੰਘ ਢਿੱਲੋਂ ਦਾ ਮਿਡਲ ‘ਜ਼ਿੰਦਗੀ ਲੋਕਾਂ ਵਿਚੋਂ ਹੀ ਲੱਭਦੀ’ ਪੜ੍ਹਿਆ। ਰੱਬ ਦੇ ਹੱਥੋਂ ਮਨੁੱਖ ਨੂੰ ਭੇਟ ਕੀਤੀ ਸੌਗਾਤ ਦਾ ਨਾਂ ਜ਼ਿੰਦਗੀ ਹੈ ਤੇ ਡਰ ਕੇ ਖੁਦਕੁਸ਼ੀ ਕਰਨਾ ਸਮਝਦਾਰੀ ਨਹੀਂ। ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ। ਦੋਸਤਾਂ ਕੋਲ ਬਹਿ ਕੇ ਆਪਣੇ ਦਿਲਾਂ ਦੇ ਭਾਰ ਨੂੰ ਵਿਚਾਰ ਵਟਾਂਦਰਾ ਕਰ ਕੇ ਹਲਕਾ ਕਰ ਲੈਣਾ ਚਾਹੀਦਾ ਹੈ।

ਅਨਿਲ ਕੌਸ਼ਿਕ, ਪਿੰਡ ਕਿਊੜਕ (ਕੈਥਲ)


ਚੋਣਾਂ ਵਿਚ ਹਿੰਸਾ

18 ਮਾਰਚ ਦੇ ‘ਜਵਾਂ ਤਰੰਗ’ ਪੰਨੇ ’ਤੇ ਕੁਲਬੀਰ ਸਿੰਘ ਔਜਲਾ ਦਾ ਲੇਖ ‘ਚੋਣਾਂ ’ਚ ਹਿੰਸਾ ਦਾ ਵਧਦਾ ਰੁਝਾਨ ਖ਼ਤਰਨਾਕ’ ਵਧੀਆ ਸੀ। ਹਰ ਵਾਰ ਚੋਣਾਂ ਦੌਰਾਨ ਕਿਤੇ ਨਾ ਕਿਤੇ ਹਿੰਸਕ ਘਟਨਾਵਾਂ ਦੇਖਣ ਨੂੰ ਆਮ ਹੀ ਮਿਲਦੀਆਂ ਹਨ। ਇਨ੍ਹਾਂ ਦਾ ਕਾਰਨ ਉਹੀ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਜਿੱਤਣ ਬਾਰੇ ਭਰੋਸਾ ਨਹੀਂ ਹੁੰਦਾ। ਇਸ ਕਰਕੇ ਉਹ ਲੋਕ ਧੱਕੇ ਨਾਲ ਬੂਥਾਂ ’ਤੇ ਕਬਜ਼ੇ ਕਰਵਾ ਕੇ ਲੋਕਤੰਤਰ ਦਾ ਘਾਣ ਕਰਦੇ ਹਨ।

ਜਗਜੀਤ ਸਿੰਘ ਅਸੀਰ, ਡੱਬਵਾਲੀ


ਸ਼ਹੀਦ ਕੌਮ ਦਾ ਸਰਮਾਇਆ

17 ਮਾਰਚ ਦੇ ‘ਵਿਰਾਸਤ’ ਅੰਕ ਵਿਚ ਡਾ. ਹਰਦੀਪ ਸਿੰਘ ਝੱਜ ਦਾ ਲੇਖ ‘ਬੰਬੇਲੀ ਸਾਕੇ ਦਾ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ’ ਵਧੀਆ ਲੱਗਾ। ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਅਗਲੀਆਂ ਪੀੜ੍ਹੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਹੀਦ ਹੀ ਕਿਸੇ ਦੇਸ਼ ਕੌਮ ਦੇ ਅਸਲ ਸਰਮਾਏ ਹੁੰਦੇ ਹਨ।

ਰਾਜਨਦੀਪ ਕੌਰ ਮਾਨ, ਫਰੀਦਕੋਟ


ਕੋਲਕਾਤਾ ਵੀ ਕਰੋਨਾ ਮੁਕਤ ਨਹੀਂ!

ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਮਮਤਾ ਬੈਨਰਜੀ ਦੀ ਪਾਰਟੀ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਚੋਣਾਂ ਦੀ ਘੋਸ਼ਣਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਬ੍ਰਿਗੇਡ ਮੈਦਾਨ ਵਿਚ ਵਿਸ਼ਾਲ ਰੈਲੀ ਕੀਤੀ, ਜਿਸ ਵਿਚ ਭਾਰੀ ਭੀੜ ਸੀ। ਕਰੋਨਾ ਅਜੇ ਵੀ ਖ਼ਤਮ ਨਹੀਂ ਹੋਇਆ ਅਤੇ ਦੇਸ਼ ਵਿਚ ਮੁੜ ਉਭਰ ਰਿਹਾ ਹੈ। ਇਸ ਕਾਰਨ ਰੈਲੀ ਵਿਚ ਇੰਨੀ ਵੱਡੀ ਭੀੜ ਇਕੱਠੀ ਕਰਨਾ ਬਿਲਕੁਲ ਗ਼ਲਤ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਪਾਸੇ ਪ੍ਰਧਾਨ ਮੰਤਰੀ ਕਰੋਨਾ ਬਾਰੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਦੂਜੇ ਪਾਸੇ ਇਹ ਹਾਲ ਹੈ।

ਨੇਹਾ ਜਮਾਲ, ਮੁਹਾਲੀ

ਪਾਠਕਾਂ ਦੇ ਖ਼ਤ

Mar 19, 2021

ਕਰੋਨਾ ਤੋਂ ਬਚਣ ਲਈ ਪਰਹੇਜ਼ ਜ਼ਰੂਰੀ

ਪੰਜਾਬ ਵਿਚ ਕਰੋਨਾ ਦੇ ਮਾਮਲੇ ਬਹੁਤ ਵਧ ਰਹੇ ਹਨ। ਕਈ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਲੱਗ ਚੁੱਕਾ ਹੈ। ਤਾਲਾਬੰਦੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਅਸੀਂ ਜਾਣੂ ਹਾਂ ਤੇ ਇਸ ਨਾਮੁਰਾਦ ਬਿਮਾਰੀ ਕਾਰਨ ਭਾਰੀ ਜਾਨੀ ਨੁਕਸਾਨ ਕਰਵਾ ਚੁੱਕੇ ਹਾਂ। ਇਸ ਦੇ ਹੋਰ ਫੈਲਣ ਤੋਂ ਬਚਣ ਦੇ ਕਦਮਾਂ ਦਾ ਪਾਲਣ ਟੀਕਾਕਰਨ ਦੇ ਬਾਵਜੂਦ ਕੀਤਾ ਜਾਣਾ ਚਾਹੀਦਾ ਹੈ। ਮਾਸਕ, ਸਮਾਜਿਕ ਦੂਰੀ ਅਤੇ ਖ਼ੁਦ ਨੂੰ ਰੋਗਾਣੂ ਮੁਕਤ ਨੂੰ ਬਹੁਤ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਲਾਜ਼ਮੀ ਹਨ।
ਰਾਜਬੀਰ ਸਿੰਘ, ਸ਼ਾਹਕੋਟ


ਜ਼ਿੰਦਗੀ ਲੱਭਦੀ ਲੋਕਾਂ ’ਚੋਂ

18 ਮਾਰਚ ਦਾ ਮਨਮੋਹਨ ਸਿੰਘ ਢਿੱਲੋਂ ਦਾ ਮਿਡਲ ‘ਜ਼ਿੰਦਗੀ ਲੋਕਾਂ ਵਿਚੋਂ ਹੀ ਲੱਭਦੀ’ ਪੜ੍ਹਦਿਆਂ ਸੋਚ ਰਿਹਾ ਸਾਂ ਕਿ ਉਹ ਲੋਕ ਕਿੰਨੇ ਬਦਕਿਸਮਤ ਨੇ ਜੋ ਇਕੱਲਤਾ ਦਾ ਸੰਤਾਪ ਹੰਢਾਅ ਰਹੇ ਹਨ। ਇਹ ਹਕੀਕਤ ਹੈ ਕਿ ਸੁਖੀ ਤੇ ਖੁਸ਼ ਉਹੀ ਹੈ ਜਿਸ ਕੋਲ ਦਿਲ ਦੀ ਗੱਲ ਕਹਿਣ ਲਈ ਚਾਰ ਮਿੱਤਰ ਤੇ ਸਨੇਹੀ ਹਨ। ਨਵੇਂ ਨਵੇਂ ਲੋਕਾਂ ਨਾਲ ਮੇਲ ਮਿਲਾਪ ਤੁਹਾਡੇ ਲਈ ਖੁਸ਼ੀ ਦਾ ਬਾਇਸ ਬਣ ਸਕਦਾ ਹੈ। ਕਹਿੰਦੇ ਨੇ ਕਿ ’ਕੱਲਾ ਤਾਂ ਕੋਈ ਰੁੱਖ ਵੀ ਨਾ ਹੋਵੇ, ’ਕੱਲੀ ਜਿੰਦ ਬਹੁਤ ਕੁਝ ਮਾੜਾ ਵੀ ਸੋਚਣ ਲੱਗਦੀ ਹੈ ਜਿਸ ਦਾ ਅੰਤ ਲੇਖਕ ਦੇ ਦਫ਼ਤਰ ਵਿਚ ਕੰਮ ਕਰਦੇ ਉਨ੍ਹਾਂ ਦੇ ਇਕ ਸਾਥੀ ਵਰਗਾ ਹੋ ਸਕਦਾ ਹੈ।
ਪਰਮਜੀਤ ਸਿੰਘ ਪਰਵਾਨਾ, ਪਟਿਆਲਾ

(2)

ਮਨਮੋਹਨ ਸਿੰਘ ਢਿੱਲੋਂ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਵਿਹਲਾਪਨ ਵੀ ਆਪਣੇ ਆਪ ਵਿਚ ਇਕ ਬਿਮਾਰੀ ਹੈ ਤੇ ਸਮਾਜਿਕ ਨੇੜਤਾ ਅਜਿਹੀ ਮੁਫ਼ਤ ਦਵਾਈ ਹੈ ਜਿਹੜੀ ਸਾਨੂੰ ਖੁਸ਼ੀ, ਸਫ਼ੂਰਤੀ ਦਿੰਦੀ ਹੈ ਅਤੇ ਬੰਦੇ ਨੂੰ ਜਿਊਣ ਦਾ ਚੱਜ ਸਿਖਾਉਂਦੀ ਹੈ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਪੈਸਾ ਵਧੀਆ ਜ਼ਿੰਦਗੀ ਤਾਂ ਦੇ ਸਕਦਾ ਹੈ ਪਰ ਮਨ ਦੀ ਖੁਸ਼ੀ ਨਹੀਂ ਦੇ ਸਕਦਾ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


ਕਿਰਤ ਕਾਨੂੰਨਾਂ ਦੀ ਅਣਦੇਖੀ

18 ਮਾਰਚ ਦਾ ਸੰਪਾਦਕੀ ‘ਤਸ਼ੱਦਦ ਦੀ ਜਾਂਚ’ ਕਿਰਤ ਕਾਨੂੰਨਾਂ ਦੀ ਅਣਦੇਖੀ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਵਿਚ ਸਨਅਤਕਾਰਾਂ, ਠੇਕੇਦਾਰਾਂ, ਪੁਲੀਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਪੋਲ ਖੋਲ੍ਹਣ ਵਾਲਾ ਹੈ ਅਤੇ ਸ਼ਿਵ ਕੁਮਾਰ ਅਤੇ ਨੌਦੀਪ ਕੌਰ ਖ਼ਿਲਾਫ਼ ਪੁਲੀਸ ਵੱਲੋਂ ਪੱਖਪਾਤ ਕਰਨ ਦਾ ਵੇਰਵਾ ਦਿੰਦਾ ਹੈ। ਪੂੰਜੀ ਅਤੇ ਕਿਰਤ ਵਿਚ ਨਿਆਂਕਾਰੀ ਸਹਿਯੋਗ ਹੀ ਦੇਸ਼ ਦੀ ਤਰੱਕੀ ਵਿਚ ਮਦਦ ਕਰ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਰਤ ਕਾਨੂੰਨ ਬਿਨਾਂ ਕਿਸੇ ਭੇਦ ਭਾਵ ਦੇ ਲਾਗੂ ਕਰਵਾ ਕੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰੇ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ


ਨਿੱਜੀਕਰਨ ਖ਼ਿਲਾਫ਼ ਸਾਂਝ

15 ਮਾਰਚ ਦੀ ਸੰਪਾਦਕੀ ‘ਨਿੱਜੀਕਰਨ ਖ਼ਿਲਾਫ਼ ਸਾਂਝ’ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਖ਼ਿਲਾਫ਼ ਉੱਠੇ ਸਾਂਝੇ ਸੰਘਰਸ਼ ਨੂੰ ਸੇਧਿਤ ਕੀਤੀ ਗਈ ਹੈ। ਕੇਂਦਰ ਸਰਕਾਰ ਦੇਸ਼ ਦੇ ਸਮੁੱਚੇ ਜਨਤਕ ਅਦਾਰਿਆਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਦੇਸ਼ ਦੀ ਇਕ ਅਰਬ ਤੋਂ ਵੱਧ ਆਮ ਜਨਤਾ ਨੂੰ ਬੇਰੁਜ਼ਗਾਰੀ, ਭੁੱਖਮਰੀ ਅਤੇ ਖ਼ੁਦਕੁਸ਼ੀਆਂ ਵੱਲ ਧੱਕ ਰਹੀ ਹੈ ਜਿਸ ਨਾਲ ਦੇਸ਼ ਵਿਚ ਵੱਡੇ ਪੱਧਰ ਉੱਤੇ ਅਰਾਜਕਤਾ ਅਤੇ ਅਸ਼ਾਂਤੀ ਫੈਲਣ ਦਾ ਖ਼ਦਸ਼ਾ ਹੈ। ਇਸ ਅੰਨ੍ਹੇਵਾਹ ਕੀਤੇ ਜਾ ਰਹੇ ਨਿੱਜੀਕਰਨ ਤੋਂ ਲੱਗ ਰਿਹਾ ਹੈ ਜਿਵੇਂ ਸਰਕਾਰ ਨੂੰ ਵੱਡੇ ਕਾਰਪੋਰੇਟ ਘਰਾਣੇ ਹੀ ਚਲਾ ਰਹੇ ਹੋਣ।
ਸੁਮੀਤ ਸਿੰਘ, ਅੰਮ੍ਰਿਤਸਰ

(2)

ਸੰਪਾਦਕੀ ‘ਨਿੱਜੀਕਰਨ ਖ਼ਿਲਾਫ਼ ਸਾਂਝ’ ਵਿਚ ਅਜੋਕੇ ਭਾਰਤ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਸਰਕਾਰ ਵੱਲੋਂ ਅੰਨ੍ਹੇਵਾਹ ਸਰਕਾਰੀ ਅਦਾਰੇ ਨਿੱਜੀਕਰਨ ਅਧੀਨ ਕੁਝ ਘਰਾਣਿਆਂ ਨੂੰ ਦਿੱਤੇ ਜਾ ਰਹੇ ਹਨ ਜਾਂ ਦੂਜੇ ਅਦਾਰਿਆਂ ਵਿਚ ਮਿਲਾਏ ਜਾ ਰਹੇ ਹਨ। ਜਿਵੇਂ ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਖ਼ਿਲਾਫ਼ ਵੱਡੇ ਪੱਧਰ ’ਤੇ ਅੰਦੋਲਨ ਕਰ ਰਹੇ ਹਨ ਤਾਂ ਦੇਸ਼ ਦੇ ਵੱਖ ਵੱਖ ਵਰਗਾਂ ਦੇ ਲੋਕ ਤੇ ਕਰਮਚਾਰੀ ਜਥੇਬੰਦੀਆਂ ਵੀ ਇਸ ਘੋਲ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਇਕ ਝੰਡੇ ਹੇਠ ਇਕੱਠਾ ਹੋਣ ਲੱਗੇ ਹਨ। ਸਰਕਾਰ ਲਈ ਇਹ ਸੋਚਣ ਦਾ ਵੇਲਾ ਹੈ ਕਿ ਨਿੱਜੀਕਰਨ ਤੇ ਅਦਾਰਿਆਂ ਦੇ ਰਲੇਵੇਂ ਨਾਲ ਕੋਈ ਬਹੁਤਾ ਲੰਮਾ ਸਮਾਂ ਆਰਥਿਕਤਾ ਸਥਿਰ ਨਹੀਂ ਰਹਿ ਸਕਦੀ, ਸਗੋਂ ਇਸ ਲਈ ਠੋਸ ਤੇ ਨਿੱਗਰ ਕਦਮ ਚੁੱਕਣ ਦੀ ਲੋੜ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਬਾਲਣ ਦੀਆਂ ਕੀਮਤਾਂ

ਬਾਲਣ ਦੀਆਂ ਵਧਦੀਆਂ ਕੀਮਤਾਂ ਭਾਰੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਦੇ ਉੱਚ ਟੈਕਸਾਂ ਕਾਰਨ ਆਮ ਆਦਮੀ ਲਈ ਇਨ੍ਹਾਂ ਉੱਚੀਆਂ ਕੀਮਤਾਂ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਅਜੇ ਵੀ ਸਰਕਾਰ ਦੀਆਂ ਅਜਿਹੀਆਂ ਨਿੰਦਣਯੋਗ ਕਾਰਵਾਈਆਂ ਵਿਰੁੱਧ ਕੋਈ ਵਿਆਪਕ ਚਿੰਤਾ ਨਹੀਂ ਵੇਖੀ ਜਾ ਰਹੀ ਹੈ। ਭਾਰਤ ਦਾ ਲੋਕਤੰਤਰ ਇਕ ਅਜਿਹੇ ਪੜਾਅ ’ਤੇ ਹੈ ਜਿੱਥੇ ਵਿਦਰੋਹੀ ਆਵਾਜ਼ਾਂ ਨੂੰ ਦਬਾਅ ਦਿੱਤਾ ਜਾਂਦਾ ਹੈ ਜੋ ਦੇਸ਼ ਤੇ ਸਮਾਜ ਲਈ ਬਹੁਤ ਘਾਤਕ ਹੈ।
ਅਰਜੁਨ ਤਿਆਗੀ, ਦਿੱਲੀ

ਪਾਠਕਾਂ ਦੇ ਖ਼ਤ

Mar 17, 2021

ਊਚ-ਨੀਚ ਵਾਲੀ ਸੋਚ ਦਾ ਅੰਤ ਜ਼ਰੂਰੀ

15 ਮਾਰਚ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ਸਮਾਜ ਵਿਚੋਂ ‘ਰਹਿਮਦਿਲੀ ਖੰਭ ਲਾ ਕੇ ਉੱਡ ਗਈ’ ਸਾਡੇ ਦੇਸ਼ ਵਿੱਚ ਉਸਾਰੀ ਜਾ ਰਹੀ ਘਿਰਣਾ, ਹੰਕਾਰਵਾਦ, ਫ਼ਿਰਕੂ ਨਫ਼ਰਤ, ਹਜੂਮੀ ਕਤਲੋਗ਼ਾਰਤ ਦੀ ਮਨੋਬਿਰਤੀ ਦੇ ਖੁੱਲ੍ਹੇ ਦੀਦਾਰ ਕਰਵਾਉਂਦਾ ਹੈ। ਮਨੂੰਸਿਮਰਤੀ ਵਾਲੀ ਮਨੋਬਿਰਤੀ ਅਜੇ ਵੀ ਸਾਡੇ ਦਿਲਾਂ ਦਿਮਾਗਾਂ ’ਤੇ ਆਪਣਾ ਆਲ੍ਹਣਾ ਬਣਾ ਕੇ ਬੈਠੀ ਹੈ ਜੋ ਸਮਾਜ ਨੂੰ ਊਚ-ਨੀਚ ਦੇ ਆਧਾਰ ’ਤੇ ਵੰਡਦੀ ਹੋਈ ਸਮਾਜ ਦੇ ਹੇਠਲੇ ਵਰਗ ਨੂੰ ਡਰਾਉਂਦੀ ਹੈ। ਸੱਚ ਹੈ ਕਿ ਅੱਜ ਅਸੀਂ ‘ਹਿੰਸਾ ਦੀ ਹਵਾੜ ਵਿਚ ਰਹਿੰਦੇ ਹਾਂ ਤੇ ਹਿੰਸਾ ਵਿਚ ਹੀ ਸਾਹ ਲੈਂਦੇ ਹਾਂ’। ਹਰ ਪਾਸੇ ਜਿਵੇਂ ਹਿੰਸਾ ਦਾ ਹੀ ਆਲਮ ਹੈ।
ਸੁਰਿੰਦਰ ਰਾਮ ਕੁੱਸਾ, ਈਮੇਲ


ਕਿੱਧਰ ਨੂੰ ਤੁਰ ਪਿਆ ਸਾਡਾ ਦੇਸ਼

16 ਮਾਰਚ ਦਾ ਡਾ. ਕੁਲਦੀਪ ਸਿੰਘ ਦਾ ਮੁੱਖ ਲੇਖ ‘ਜਮਹੂਰੀਅਤ ਵਿਚ ਵਿਗੜ ਰਹੇ ਸੰਤੁਲਨ’ ਤੇ ਸੰਪਾਦਕੀ ‘ਚੋਣ ਕਮਿਸ਼ਨ ਦੀ ਕਾਰਗੁਜ਼ਾਰੀ’ ਪੜ੍ਹ ਕੇ ਮਨ ਨੂੰ ਦੁੱਖ ਹੋਇਆ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ? ਸਾਡਾ ਦੇਸ਼ ਕਿਹੋ ਜਿਹੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ? ਹਾਕਮ ਧਿਰ ਨੇ ਦੇਸ਼ ਤੇ ਸਮਾਜ ਵਿਚ ਅਸਥਿਰਤਾ ਤੇ ਬੇਗ਼ਾਨਗੀ ਵਾਲਾ ਮਾਹੌਲ ਸਿਰਜ ਦਿੱਤਾ ਹੈ। ਘੱਟਗਿਣਤੀਆਂ ਤੇ ਵਿਰੋਧੀਆਂ ਨੂੰ ਸਰਕਾਰੀ ਏਜੰਸੀ ਰਾਹੀਂ ਧਮਕਾਇਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ਵਿਚ ਭਾਰਤ ਦੀ ਸ਼ਾਖ ਦਿਨੋ ਦਿਨ ਨਿਘਾਰ ਵੱਲ ਜਾ ਰਹੀ ਹੈ। ਆਲਮੀ ਗ਼ੈਰ-ਸਰਕਾਰੀ ਸੰਸਥਾ ਫਰੀਡਮ ਹਾਊਸ ਵੱਲੋਂ ਭਾਰਤੀ ਸਮਾਜ ਦੀ ਆਜ਼ਾਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਉਂਗਲ ਚੁੱਕੀ ਗਈ। ਦੇਸ਼ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੈ। ਕਿਸਾਨ ਤੇ ਮਜ਼ਦੂਰ ਸੜਕਾਂ ’ਤੇ ਬੈਠੇ ਹਨ, ਪਰ ਹੁਕਮਰਾਨ ਅੱਖਾਂ ਬੰਦ ਕਰ ਕੇ ਆਪਣੀ ਖੇਡ ਵਿਚ ਮਸਤ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)

(2)

ਡਾ. ਕੁਲਦੀਪ ਸਿੰਘ ਦਾ ਲੇਖ ‘ਜਮਹੂਰੀਅਤਾਂ ਵਿਚ ਵਿਗੜ ਰਹੇ ਸੰਤੁਲਨ’ ਦੁਨੀਆਂ ਵਿਚ ਆਜ਼ਾਦੀ-2021 ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰਦਾ ਹੈ। ਕਿੱਡੀ ਮੰਦਭਾਗੀ ਗੱਲ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਸਾਡੇ ਸਿਆਸਤਦਾਨ ਸਾਡੀ ਮਜ਼ਬੂਤ ਮੰਨੀ ਜਾਂਦੀ ਜਮਹੂਰੀਅਤ ਨੂੰ ਐਨੇ ਨੀਵੇਂ ਪੱਧਰ ’ਤੇ ਲੈ ਆਏ ਕਿ ਪੂਰੀ ਦੁਨੀਆਂ ਵਿਚ ਆਜ਼ਾਦੀ ਦੇ ਮਾਪਦੰਡ ਦੇ ਅੰਕੜਿਆਂ ਦਾ ਸੰਤੁਲਨ ਹੀ ਡਗਮਗਾ ਗਿਆ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਭਾਜਪਾ ਵਿਚ ਅਸੰਤੋਸ਼

16 ਮਾਰਚ ਦਾ ਸੰਪਾਦਕੀ ‘ਭਾਜਪਾ ਦੇ ਅੰਦਰ ਵੀ ਹਿੱਲਜੁਲ’ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਪਾਸ ਕਰਨ ਦੇ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਕਿਸਾਨਾਂ ਦੇ ਦਿੱਲੀ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਅੰਦੋਲਨ ਨੂੰ ਲੈ ਕੇ ਭਾਜਪਾ ਲੀਡਰਾਂ ਵਿਚ ਫੈਲ ਰਹੇ ਅਸੰਤੋਸ਼ ਦਾ ਜ਼ਿਕਰ ਕਰਨ ਵਾਲਾ ਸੀ। ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਵੱਲੋਂ ਯੂਪੀ ਦੇ ਬਾਗਪਤ ਵਿਚ ਦਿੱਤਾ ਬਿਆਨ ਇਕ ਉਦਾਹਰਣ ਹੈ! ਅੰਦੋਲਨ ਦਾ ਸਮਰਥਨ ਕਰਨ ਵਾਲੇ ਹੋਰ ਨੇਤਾਵਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਆਉਣ ਵਾਲੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਇਸ ਅੰਦੋਲਨ ਦਾ ਭਾਜਪਾ ’ਤੇ ਬੁਰਾ ਅਸਰ ਪੈ ਸਕਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ (ਰੋਹਤਕ-ਹਰਿਆਣਾ)


ਬੱਚਿਆਂ ਦੀ ਕੁੱਟਮਾਰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਸੌੜ ਦੇ ਸਰਪੰਚ ਅਤੇ ਤਿੰਨ ਹੋਰ ਲੋਕਾਂ ਵੱਲੋਂ ਨਾਬਾਲਗ ਬੱਚਿਆਂ ਨੂੰ ਹੱਥ ਬੰਨ੍ਹ ਕੇ ਘੁਮਾਉਣਾ, ਕੁੱਟਣਾ-ਮਾਰਨਾ ਅਤੇ ਨਾਲ ਹੀ ਪੰਜ ਹਜ਼ਾਰ ਰੁਪਏ ਜੁਰਮਾਨਾ ਕਰ ਦੇਣਾ ਬਹੁਤ ਗ਼ੈਰ-ਇਨਸਾਨੀ ਕਾਰਵਾਈ ਹੈ। ਚੋਰੀ ਤਾਂ ਬੱਚਿਆਂ ਨੇ ਪਿੰਡ ਬਨਭੌਰੀ ਕੀਤੀ ਸੀ, ਪਰ ਉੱਥੋਂ ਦੀ ਪੰਚਾਇਤ ਨੇ ਤਾਂ ਬੱਚਿਆਂ ਨੂੰ ਹੱਥ ਤਕ ਨਹੀਂ ਲਗਾਇਆ ਤਾਂ ਭਸੌੜੀਆਂ ਦੀ ਜ਼ਿਆਦਾ ਹੀ ਥਾਣੇਦਾਰੀ ਕਿਉਂ ਚੜ੍ਹੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਸਾਹਿਤ ਪੜ੍ਹਨ ਦੀ ਚੇਟਕ

ਗੁਰਦੀਪ ਸਿੰਘ ਢੁੱਡੀ ਦੀ ਲਿਖਤ ‘ਚਾਨਣ ਦੇ ਵਣਜਾਰੇ’ (15 ਮਾਰਚ) ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ। ਲੇਖਕ ਨੇ ਦੱਸਿਆ ਕਿ ਕਿਵੇਂ ਜਵਾਨੀ ਵੇਲੇ ਉਨ੍ਹਾਂ ਦਾ ਸਾਹਿਤ ਨਾਲ ਜੁੜਨਾ ਅਤੇ ਉਨ੍ਹਾਂ ਲੋਕਾਂ ਨੂੰ ਰੱਬ ਦੇ ਬਰਾਬਰ ਦੱਸਣਾ ਜੋ ਕਿਤਾਬਾਂ ਦੇ ਲਈ ਜਾਨ ਵੀ ਗੁਆ ਗਏ ਸਨ। ਸਾਹਿਤ ਪੜ੍ਹ ਕੇ ਹਰ ਵਿਅਕਤੀ ਸਮਾਜ ਨੂੰ ਵਧੀਆ ਸੇਧ ਦੇ ਸਕਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋ ਕਿਤਾਬਾਂ ਤਾਂ ਚੁੱਪ ਰਹਿੰਦੀਆਂ ਹਨ, ਪਰ ਇਨ੍ਹਾਂ ਨੂੰ ਪੜ੍ਹਨ ਵਾਲਾ ਬੋਲਣ ਲੱਗ ਜਾਂਦਾ ਹੈ।
ਮਨਮੋਹਨ ਸਿੰਘ ਨਾਭਾ (ਪਟਿਆਲਾ)


ਮੈਂ ਵੀ ਬਣਨਾ ਛਾਪਾ

12 ਮਾਰਚ ਦਾ ਸੁਖਦੇਵ ਸਿੰਘ ਮਾਨ ਦਾ ਫ਼ੀਚਰ ‘ਛਾਪਾ ਅਤੇ ਬਾਪੂ’ ਪੜ੍ਹ ਕੇ ਇਸ ਤਰ੍ਹਾਂ ਲੱਗਿਆ ਕਿ ਕਿਵੇਂ ਘਰ ਦੀ ਗ਼ਰੀਬੀ ਅਤੇ ਮਜਬੂਰੀਆਂ ਬੰਦੇ ਨੂੰ ਮਾੜੇ ਕੰਮ ਵੱਲ ਧੱਕ ਦਿੰਦੀਆਂ ਹਨ। ਪਰ ਜੇ ਛਾਪਾ ਵਰਗੇ ਬੰਦੇ ਦੀਆਂ ਗੱਲਾਂ ਸੁਣ ਕੇ ਨਸ਼ੇ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ ਤਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਅਜਿਹੇ ਵਿਅਕਤੀ ਲਈ ਛਾਪਾ ਬਣ ਕੇ ਉਸ ਦੇ ਜੀਵਨ ਨੂੰ ਸੁਧਾਰਨ ਵਿਚ ਉਸ ਦੀ ਮਦਦ ਕਰ ਸਕੀਏ।
ਸ਼ਾਹਰੁਖ ਖ਼ਾਨ, ਬਨੂੜ

ਪਾਠਕਾਂ ਦੇ ਖ਼ਤ Other

Mar 16, 2021

ਚਾਨਣ ਦੇ ਵਣਜਾਰੇ

15 ਮਾਰਚ ਦਾ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਚਾਨਣ ਦੇ ਵਣਜਾਰੇ’ ਪੜ੍ਹਿਆ। ਕੋਈ ਸ਼ੱਕ ਨਹੀਂ ਕਿ ਸਾਡੀ ਜ਼ਿੰਦਗੀ ਵਿਚ ਕੁਝ ਲੋਕ ਸਾਨੂੰ ਹਨੇਰੇ ਤੋਂ ਚਾਨਣ ਦੇ ਦਰਵਾਜ਼ੇ ਤਕ ਲੈ ਜਾਂਦੇ ਹਨ। ਨਾਲ ਹੀ ਲੇਖਕ ਨੇ ਸਾਹਿਤਕ ਪੁਸਤਕਾਂ ਦੀ ਗੱਲ ਕੀਤੀ ਹੈ, ਪਰ ਹੁਣ ਦੇ ਸਮੇਂ ਬਾਜ਼ਾਰਾਂ ਵਿਚ ਸਾਹਿਤਕ ਕਿਤਾਬਾਂ ਦੀਆਂ ਦੁਕਾਨਾਂ ਬਹੁਤ ਘੱਟ ਹਨ। ਕਈ ਵਾਰ ਮੈਂ ਆਪਣੇ ਸ਼ਹਿਰ ਦੀ ਪੁਸਤਕ ਦੁਕਾਨਾਂ ’ਤੇ ਜਾਂਦਾ ਹਾਂ, ਮੈਨੂੰ ਉੱਥੇ ਸਾਹਿਤਕ ਕਿਤਾਬਾਂ ਵੇਖਣ ਨੂੰ ਨਹੀਂ ਮਿਲਦੀਆਂ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੁਣ ਦੇ ਸਮੇਂ ਪੂਰਨ ਰੂਪ ਵਿਚ ਬਹੁਤ ਘੱਟ ਕਿਤਾਬਾਂ ਛਪਦੀਆਂ ਹਨ। ਅੱਜਕੱਲ੍ਹ ਹਰ ਕੋਈ ਕਵੀ 10 ਕਵਿਤਾਵਾਂ ਲਿਖ ਕੇ ਆਪਣੀ ਕਿਤਾਬ ਛਪਵਾ ਲੈਂਦਾ ਹੈ ਜਿਸ ਨੂੰ ਪੜ੍ਹ ਕੇ ਪਾਠਕ ਖੁਸ਼ ਨਹੀਂ ਹੁੰਦੇ। ਚੰਗਾ ਸਾਹਿਤ ਭਾਵੇਂ ਬਹੁਤ ਹੈ ਪਰ ਅੱਜਕੱਲ੍ਹ ਦੇ ਨਵੇਂ ਆ ਰਹੇ ਸਾਹਿਤਕਾਰ ਚੰਗੇ ਸਾਹਿਤ ਨੂੰ ਸੱਟ ਮਾਰ ਰਹੇ ਹਨ।

ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ)


ਸਮਾਜ ’ਚੋਂ ਉਡੀ ਰਹਿਮਦਿਲੀ

15 ਮਾਰਚ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦੀ ਲਿਖਤ ‘ਸਮਾਜ ਵਿਚੋਂ ਰਹਿਮਦਿਲੀ ਖੰਭ ਲਾ ਕੇ ਉੱਡ ਗਈ’ ਸੋਚਣ ’ਤੇ ਮਜਬੂਰ ਕਰਦੀ ਹੈ। ਬਜ਼ੁਰਗਾਂ ਦੀ ਤਰਾਸਦੀ, ਦਿਨੋ-ਦਿਨ ਬਿਰਧ ਆਸ਼ਰਮਾਂ ਵਿਚ ਵਾਧਾ ਹੋ ਰਿਹਾ ਹੈ। ਨਾਬਾਲਿਗਾਂ ਨਾਲ ਦੁਰਵਿਵਹਾਰ, ਬਲਾਤਕਾਰ, ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਕਰ ਕੇ ਸ਼ਾਂਤੀ ਨਿਕੇਤਨ ਵਿਚ ਤਰਸ ਦੇ ਪਾਤਰਾਂ ਦੀ ਬਹੁਤਾਤ। ਕਿਸਾਨੀ ਸੰਘਰਸ਼ ਹੀ ਲੈ ਲਓ, ਪੂਰੇ ਸੰਸਾਰ ਦੀ ਬਹੁਤਾਤ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਹੈ, ਪਰ ਕੇਂਦਰ ਸਰਕਾਰ ਦੀ ‘ਕੋਈ ਮਰੇ-ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਗੱਲ ਹੈ।

ਅਮਰਜੀਤ ਮੱਟੂ ਭਰੂਰ (ਸੰਗਰੂਰ)


ਪ੍ਰੇਮੀ ਜੋੜਿਆਂ ਦੀ ਸੁਰੱਖਿਆ

12 ਮਾਰਚ ਦੀ ਸੰਪਾਦਕੀ ‘ਪ੍ਰੇਮੀ ਜੋੜਿਆਂ ਦੀ ਸੁਰੱਖਿਆ’ ਸਿਰਲੇਖ ਹੇਠ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਫ਼ੈਸਲਾ ਸ਼ਲਾਘਾਯੋਗ ਹੈ। ਨਰੋਏ ਸਮਾਜ ਦੀ ਸਿਰਜਣਾ ਲਈ ਅੰਤਰਜਾਤੀ ਅਤੇ ਅੰਤਰ-ਧਰਮੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਅੱਜ ਸਮੇਂ ਦੀ ਲੋੜ ਹੈ। ਕਈ ਵਾਰ ਦਮ ਘੁਟਦਾ ਹੈ ਕਿ ਅਸੀਂ ਕਿਹੋ ਜਿਹੇ ਸਮਾਜ ਦਾ ਹਿੱਸਾ ਹਾਂ, ਜਿੱਥੇ ਇਕ ਨੌਜਵਾਨ ਲੜਕੇ ਜਾਂ ਲੜਕੀ ਨੂੰ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਨ ’ਤੇ ਮਾਪਿਆਂ ਅਤੇ ਸਮਾਜ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮਾਜਿਕ ਸਮੱਸਿਆਵਾਂ ਦੀ ਮੂਲ ਜੜ੍ਹ ਸਾਡੀ ਸੌੜੀ ਸੋਚ ਹੈ। ਲੋੜ ਹੈ ਆਪਣਾ ਨਜ਼ਰੀਆ ਬਦਲਣ ਦੀ।

ਪੂਨਮ ਬਿਲਿੰਗ (ਈਮੇਲ)


ਔਰਤ ਦੀ ਸਥਿਤੀ

8 ਮਾਰਚ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤ ਦੀ ਆਜ਼ਾਦੀ ਅਤੇ ਵਿਕਾਸ ਵੱਲ ਵਧਦੇ ਕਦਮ’ ਤੇ ਇਸ ਦੇ ਨਾਲ ਹੀ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਦੋਵੇਂ ਲੇਖ ਹੀ ਔਰਤ ਦੀ ਸਥਿਤੀ ਨੂੰ ਬਿਆਨ ਕਰਦੇ ਹਨ। ਅੱਜ ਇੱਕੀਵੀਂ ਸਦੀ ਵਿਚ ਔਰਤਾਂ ਹਰ ਖੇਤਰ ’ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਔਰਤ ਤੋਂ ਬਿਨਾਂ ਇਹ ਸਮਾਜ ਦੀ ਹੋਂਦ, ਰਿਸ਼ਤੇ ਨਾਤੇ ਸਭ ਅਧੂਰੇ ਹਨ। ਇਸ ਦੇ ਨਾਲ ਹੀ ਇਸ ਗੱਲ ਦਾ ਇਜ਼ਹਾਰ ਕੀਤਾ ਗਿਆ ਕਿ ਇਕ ਔਰਤ ਲਈ ਪਿਆਰ ਸ਼ਬਦ ਵਰਤਣ ਦੀ ਸਾਡਾ ਸਮਾਜ ਕਿੰਨੀ ਕੁ ਇਜਾਜ਼ਤ ਦਿੰਦਾ।

ਪ੍ਰੋ. ਗੁਲਸ਼ਾਨਾ ਮਲਿਕ, ਮਾਲੇਰਕੋਟਲਾ


ਕਰੋਨਾ ਸਬੰਧੀ ਲਾਪ੍ਰਵਾਹੀ ਖ਼ਤਰਨਾਕ

ਕਰੋਨਾ? ਕੀ ਹੈ ਕਰੋਨਾ? ਹੁਣ ਤਾਂ ਕੋਈ ਮਾਸਕ ਨੀ ਪਾਉਂਦਾ ਮੈਂ ਵੀ ਕਿਉਂ ਪਾਵਾਂ? ਹੁਣ ਤੇ ਕਰੋਨਾ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ। ਹੁਣ ਮੈਨੂੰ ਕਰੋਨਾ ਕਿਵੇਂ ਹੋਜੂ? ਯਾਰ ਕੀ ਆ ਇਹ ਸਮਾਜਿਕ ਦੂਰੀ? ਕੋਈ ਤਾਂ ਬਣਾ ਕੇ ਨੀਂ ਰੱਖਦਾ। ਮੈਂ ਇਕੱਲਾ ਥੋੜ੍ਹਾ ਪਾਗ਼ਲ ਆ ਜੋ ਇਹ ਸਭ ਮੰਨਾ। ਬਸ ਇਸੇ ਲਾਪ੍ਰਵਾਹੀ ਅਤੇ ਅਣਗਹਿਲੀ ਕਾਰਨ ਕਰੋਨਾ ਮਾਮਲੇ ਮੁੜ ਤੇਜ਼ੀ ਨਾਲ ਵਧਣ ਲੱਗੇ ਹਨ। ਦੁਬਾਰਾ ਤੋਂ ਨਾਈਟ ਕਰਫ਼ਿਊ ਅਤੇ ਲੌਕਡਾਊਨ ਲਗਾਉਣ ਦੀ ਨੌਬਤ ਆ ਗਹੀ ਹੈ। ਜੇਕਰ ਦੁਬਾਰਾ ਤੋਂ 2020 ਵਰਗੇ ਹਾਲਾਤ ਬਣ ਗਏ ਤਾਂ ਜ਼ਿੰਦਗੀ ਇਕ ਵਾਰ ਫਿਰ ਰੁਕ ਜਾਵੇਗੀ ਅਤੇ ਇਸ ਮਹਾਮਾਰੀ ਕਾਰਨ ਫਿਰ ਤੋਂ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਹੋਰ ਜਾਣਗੀਆਂ। ਇਸ ਮਹਾਮਾਰੀ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਲੋੜ ਲੌਕਡਾਊਨ ਦੀ ਨਹੀਂ ਸਗੋਂ ਉਪਰੋਕਤ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ’ਤੇ ਠੱਲ੍ਹ ਪਾਉਣ ਦੀ ਹੈ।

ਲਵਨੀਤ ਵਸ਼ਿਸ਼ਠ, ਮੋਰਿੰਡਾ


ਸਰਕਾਰ ਨੇ ਵੋਟਾਂ ਲਈ ਦਿੱਤੀਆਂ ਸਹੂਲਤਾਂ

ਪੰਜਾਬ ਦੇ ਬਜਟ ਵਿਚ ਬਹੁਤ ਸਾਰੀਆਂ, ਬਲਕਿ ਕੁਝ ਜ਼ਿਆਦਾ ਹੀ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਨੂੰ ਪਤਾ ਵੀ ਹੈ ਕਿ ਸਭ ਵੋਟਾਂ ਲਈ ਹੈ। ਸਰਕਾਰ ਦਾ ਮੁੱਖ ਮੁੱਦੇ ਵੱਲ ਕੋਈ ਧਿਆਨ ਨਹੀਂ ਹੈ। ਬਾਰਡਰਾਂ ਉੱਪਰ ਬੈਠੇ ਕਿਸਾਨ ਸਰਕਾਰ ਲਈ ਕੋਈ ਮਾਇਨੇ ਨਹੀਂ ਰੱਖਦੇ। ਹਾਕਮ ਧਿਰ ਨੂੰ ਲੋਕਾਂ ਦੀ ਹਮਦਰਦੀ ਸਰਕਾਰੀ ਬੱਸਾਂ ਔਰਤਾਂ ਲਈ ਮੁਫ਼ਤ ਕਰ ਦੇਣ, ਬੁਢਾਪਾ ਪੈਨਸ਼ਨ ਵਧਾ ਦੇਣ ਜਾਂ ਫਿਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਨਾਲ ਹੁਣ ਸ਼ਾਇਦ ਨਹੀਂ ਮਿਲ ਸਕਦੀ। ਜ਼ਰੂਰਤ ਹੈ ਕਿ ਲੋਕਾਂ ਦੀਆਂ ਅਸਲ ਪ੍ਰੇਸ਼ਾਨੀਆਂ ਨੂੰ ਸਮਝਿਆ ਜਾਵੇ ਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ।

ਜਸਦੀਪ ਕੌਰ, ਲੁਧਿਆਣਾ

ਪਾਠਕਾਂ ਦੇ ਖ਼ਤ Other

Mar 13, 2021

ਨਿੱਜੀਕਰਨ ਲੋਕ ਹਿਤ ਵਿਚ ਨਹੀਂ

12 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਰਾਜੀਵ ਖੋਸਲਾ ਦਾ ਲੇਖ ‘ਮੁਲਕ ਵਿਚ ਵਧਦੇ ਨਿੱਜੀਕਰਨ ਉੱਤੇ ਝਾਤ’ ਆਰਥਿਕ ਸੰਕਟ ਦੌਰਾਨ ਧਨ ਪ੍ਰਾਪਤ ਕਰਨ ਵਾਸਤੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਵਾਸਤੇ ਵਰਤਮਾਨ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚਣ ਦੀ ਪੋਲ ਖੋਲ੍ਹਣ ਵਾਲਾ ਸੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਰੋਨਾ ਕਾਲ ਸਮੇਂ ਸਾਡੀ ਅਰਥਵਿਵਸਥਾ ਨੂੰ ਸਰਕਾਰੀ ਅਦਾਰਿਆਂ ਨੇ ਹੀ ਸਹਾਰਾ ਦਿੱਤਾ ਹੈ। ਸਰਕਾਰੀ ਬੈਂਕਾਂ ਅਤੇ ਹੋਰ ਸੰਸਥਾਵਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ, ਕੀਮਤਾਂ ’ਤੇ ਕੰਟਰੋਲ, ਸਮਾਜਿਕ ਕਲਿਆਣ, ਸਮਾਨਤਾ ਅਤੇ ਧਨ-ਸੰਪਤੀ ਦੇ ਕੇਂਦਰੀਕਰਨ ਨੂੰ ਦੂਰ ਨਹੀਂ ਕਰ ਸਕਦਾ। ਅਪਨਿਵੇਸ਼ ਕਾਰਨ ਆਰਥਿਕਤਾ ਦਾ ਸੰਤੁਲਿਤ ਵਿਕਾਸ ਨਹੀਂ ਹੋਵੇਗਾ। ਇਸ ਨਾਲ ਬੇਕਾਰੀ ਵਧ ਜਾਏਗੀ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


(2)

ਰਾਜੀਵ ਖੋਸਲਾ ਦਾ ਲੇਖ ‘ਮੁਲਕ ਵਿਚ ਵਧਦੇ ਨਿੱਜੀਕਰਨ ਉੱਤੇ ਝਾਤ’ ਇਹ ਗੱਲ ਉਜਾਗਰ ਕਰਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੇ ਸਿਆਸਤਦਾਨ ਅਤੇ ਸਨਅਤਕਾਰ ਮੁਲਕ ਦੀ ਆਮ ਜਨਤਾ ਦੀ ਭਲਾਈ ਵੱਲ ਝੁਕਦੀਆਂ ਨੀਤੀਆਂ ਬਣਾਉਣ ਦੇ ਚਾਹਵਾਨ ਸਨ। ਸਮਾਂ ਬੀਤਣ ਨਾਲ ਦੋਹਾਂ ਦਾ ਝੁਕਾਅ ਨਿੱਜ ਅਤੇ ਨਿੱਜੀਕਰਨ ਵੱਲ ਹੁੰਦਾ ਗਿਆ। ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀਆਂ ਸਰਕਾਰਾਂ ਵੇਲੇ ਬੈਂਕਾਂ ਦੇ ਡੁੱਬ ਰਹੇ ਕਰਜ਼ਿਆਂ ਦਾ ਵਧ ਜਾਣਾ, ਬੈਡ (ਮਾੜਾ) ਬੈਂਕ ਦੀ ਤਿਆਰੀ ਅਤੇ ਜਨਤਕ ਇਕਾਈਆਂ ਦਾ ਨਿੱਜੀਕਰਨ ਵਧਣਾ ਤਾਂ ਇਹੋ ਦੱਸਦਾ ਹੈ ਕਿ ਭਾਜਪਾ ਦੇ ਸਿਆਸਤਦਾਨ ਅਤੇ ਮੌਜੂਦਾ ਸਨਅਤਕਾਰ ਜਨਤਾ ਪੱਖੀ ਨੀਤੀਆਂ ਦੀ ਹਾਮੀ ਨਹੀਂ ਭਰਦੇ, ਨਿੱਜਤਾ ਪੂਜ ਹਨ।

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਪੰਜਾਬੀ ਯੂਨੀਵਰਸਿਟੀ ਦਾ ਸੰਕਟ

12 ਮਾਰਚ ਨੂੰ ਪੰਨਾ 7 ਉੱਤੇ ਡਾ. ਨਿਵੇਦਿਤਾ ਸਿੰਘ ਨੇ ਆਪਣੇ ਲੇਖ ‘ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ’ ਵਿਚ ਇਸ ਯੂਨੀਵਰਸਿਟੀ ਦੇ ਮੌਜੂਦਾ ਸੰਕਟ ਅਤੇ ਇਸ ਦੀਆਂ ਪ੍ਰਾਪਤੀਆਂ ਦਾ ਵਧੀਆ ਵਿਸ਼ਲੇਸ਼ਣ ਕੀਤਾ ਹੈ। ਭਾਸ਼ਾ ਦੇ ਨਾਂ ’ਤੇ ਬਣੀ ਇਹ ਭਾਰਤ ਦੀ ਪਹਿਲੀ ਅਤੇ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੇ ਪ੍ਰਬੰਧਕੀ ਅਤੇ ਅਧਿਆਪਨ ਕਾਰਜ ਵਿਚ ਸੰਸਾਰ ਪ੍ਰਸਿੱਧ ਵਿਦਵਾਨ ਅਤੇ ਅਧਿਆਪਕ ਸ਼ਾਮਲ ਰਹੇ ਹਨ। ਇਸ ਯੂਨੀਵਰਸਿਟੀ ਦੀ ਸਥਾਪਨਾ ਉਸ ਵੇਲੇ ਹੋਈ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਸਿੱਖਿਆ, ਸਿਹਤ ਅਤੇ ਖੇਤੀਬਾੜੀ ਦੇ ਵਿਕਾਸ ਵਿਚ ਵਿਸ਼ੇਸ਼ ਦਿਲਚਸਪੀ ਨਾਲ ਕੰਮ ਕਰ ਰਹੀਆਂ ਸਨ। ਸਥਾਪਤੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦਾ ਨਾਂ ਦੇਸ਼ ਦੀਆਂ ਉੱਚੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਰਿਹਾ ਹੈ ਪਰ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਗ੍ਰਾਂਟ 90 ਪ੍ਰਤੀਸ਼ਤ ਤੋਂ ਘੱਟ ਕਰਦਿਆਂ ਹੁਣ ਸਿਰਫ਼ 16 ਪ੍ਰਤੀਸ਼ਤ ਕਰ ਦਿੱਤੀ ਹੈ ਜਿਸ ਕਾਰਨ ਯੂਨੀਵਰਸਿਟੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਥਾਂ ਵਰਤਮਾਨ ਯੂਨੀਵਰਸਿਟੀਆਂ ਨੂੰ ਪੂਰੇ ਫੰਡ ਦੇ ਕੇ ਉਨ੍ਹਾਂ ਦੀ ਹੋਂਦ ਨੂੰ ਬਚਾਉਣ ਲਈ ਕਾਰਜ ਕਰੇ।

ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)


(2)

ਡਾ. ਨਿਵੇਦਿਤਾ ਸਿੰਘ ਦਾ ਲੇਖ ‘ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ’ ਇਸ ਸਮੱਸਿਆ ਦੀਆਂ ਕਈ ਪਰਤਾਂ ਫ਼ਰੋਲਦਾ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਭਾਸ਼ਾ ਦੇ ਆਧਾਰ ’ਤੇ ਬਣੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਲੰਮੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣੀਆਂ ਅਤੇ ਵੱਡੇ ਆਰਥਿਕ ਸੰਕਟ ਨਾਲ ਜੂਝਣਾ ਚਿੰਤਾ ਵਾਲੀ ਗੱਲ ਹੈ। ਸਰਕਾਰ ਨੂੰ ਯੂਨੀਵਰਸਿਟੀ ਦੀ ਬਣਦੀ ਵਿੱਤੀ ਮੱਦਦ ਤੁਰੰਤ ਕਰਨੀ ਚਾਹੀਦੀ ਹੈ। ਵਿੱਤ ਮੰਤਰੀ ਵੱਲੋਂ ਜਿਹੜਾ ਇਸ ਸਾਲ ਦੇ ਬਜਟ ਦੇ ਗੁਣ ਗਾਏ ਜਾ ਰਹੇ ਹਨ, ਉਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਜੇ ਦੀਵੇ ਥੱਲੇ ਹੀ ਹਨੇਰਾ ਹੋਵੇਗਾ।

ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ


ਨਸ਼ਿਆਂ ਦੀ ਦਲਦਲ

12 ਮਾਰਚ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਛਾਪਾ ਤੇ ਬਾਪੂ’ ਪੜ੍ਹ ਕੇ ਦਿਲ ਮਸੋਸਿਆ ਗਿਆ ਕਿ ਸਾਡਾ ਹਰ ਵਰਗ ਨਸ਼ੇ ਦੀ ਦਲਦਲ ਵਿਚ ਫਸਿਆ ਹੋਇਆ ਹੈ। ਕਿਸੇ ਘਰ ਮਾਪੇ ਸੰਤਾਪ ਹੰਢਾਅ ਰਹੇ ਹਨ ਤੇ ਕਿਸੇ ਘਰ ਬੱਚੇ। ਸਰਕਾਰ ਨੂੰ ਇਸ ਬਾਰੇ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਤੋਂ ਮੁਕਤ ਪੰਜਾਬ ਸੁਰਜੀਤ ਹੋ ਸਕੇ।

ਅਕਸਾ ਇਰਫ਼ਾਨ ਮਲਿਕ, ਮਾਲੇਰਕੋਟਲਾ


(2)

ਸੁਖਦੇਵ ਸਿੰਘ ਮਾਨ ਦਾ ਲੇਖ ‘ਛਾਪਾ ਅਤੇ ਬਾਪੂ’ ਦੱਸਦਾ ਹੈ ਕਿ ਗ਼ਰੀਬੀ ਦੀ ਮਾਰ ਹੇਠ ਆਏ ਇਨਸਾਨ ਨੂੰ ਕਿਵੇਂ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਜੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਪੁਰਾਣੇ ਤੋਂ ਪੁਰਾਣਾ ਨਸ਼ਾ ਵੀ ਛੱਡਿਆ ਜਾ ਸਕਦਾ ਹੈ ਤੇ ਨਸ਼ਿਆਂ ਦੇ ਵਪਾਰੀ ਵੀ ਨਸ਼ਾ ਵੇਚਣ ਦਾ ਸਮਾਜ ਵਿਰੋਧੀ ਧੰਦਾ ਛੱਡ ਕੇ ਦੁਬਾਰਾ ਸਮਾਜ ਦੀ ਮੁੱਖ ਧਾਰਾ ਵਿਚ ਜੁੜ ਸਕਦੇ ਹਨ। ਦਰਸ਼ਨ ਸਿੰਘ ਦਾ ਲੇਖ ‘ਘਣਛਾਵੇਂ ਬੂਟੇ’ (2 ਮਾਰਚ) ਪਰਿਵਾਰਿਕ ਮੋਹ ਪਿਆਰ ਦੀਆਂ ਤੰਦਾਂ ਦਾ ਵਰਨਣ ਇਸ ਤਰ੍ਹਾਂ ਕਰਦਾ ਹੈ ਕਿ ਪਾਠਕ ਇੰਜ ਮਹਿਸੂਸ ਕਰਨ ਲੱਗ ਪੈਂਦਾ ਜਿਵੇਂ ਕਿਤੇ ਉਹ ਆਪ ਇਸ ਕਹਾਣੀ ਦਾ ਪਾਤਰ ਹੋਵੇ। ਬਦੋ-ਬਦੀ ਗਲੇਡੂ ਭਰ ਆਉਂਦੇ ਹਨ। ਇਸ ਤੋਂ ਪਹਿਲਾਂ 27 ਫਰਵਰੀ ਦਾ ਸੰਪਾਦਕੀ ‘ਸ਼ਖ਼ਸੀ ਪੂਜਾ ਦਾ ਰੁਝਾਨ’ ਅੱਜ ਦੇ ਹੁਕਮਰਾਨਾਂ ਦੀ ਸੋਚ ਨੂੰ ਦਰਸਾਉਂਦਾ ਹੈ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਚੋਣ ਅਮਲ ਦੀ ਤਸਵੀਰ

3 ਮਾਰਚ ਨੂੰ ਗੁਰਦੀਪ ਸਿੰਘ ਢੁੱਡੀ ਨੇ ਆਪਣੇ ਮਿਡਲ ‘ਜਦੋਂ ਮੇਰੀਆਂ ਤਾਕਤਾਂ ਦੀ ਫੂਕ ਨਿਕਲੀ’ ਰਾਹੀਂ ਅਜੋਕੀ ਚੋਣ ਪ੍ਰਕਿਰਿਆ ਦੀ ਤਸਵੀਰ ਪੇਸ਼ ਕੀਤੀ ਹੈ। ਨੌਕਰੀ, ਢਿੱਡ ਅਤੇ ਸੁਰੱਖਿਆ ਅੱਗੇ ਇਮਾਨਦਾਰੀ ਵੀ ਮਜਬੂਰ ਹੋ ਜਾਂਦੀ ਹੈ ਜੋ ਦੇਸ਼ ਤੇ ਇਨਸਾਫ਼ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।

ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆ (ਮੋਗਾ)


ਵਿਗਿਆਨਕ ਸੋਚ ਦੀ ਘਾਟ

ਮਹਾਸ਼ਿਵਰਾਤਰੀ ਮੌਕੇ ਕਈ ਲੱਖ ਟਨ ਦੁੱਧ ਸ਼ਿਵਲਿੰਗਾਂ ’ਤੇ ਡੋਲਿਆ ਗਿਆ। ਮੁਲਕ ਵਿਚ ਕਰੋੜਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹੀ ਦੁੱਧ ਕਈ ਦਿਨਾਂ ਵਾਸਤੇ ਗ਼ਰੀਬ ਬੱਚਿਆਂ ਨੂੰ ਦਿੱਤਾ ਜਾ ਸਕਦਾ ਸੀ ਜੋ ਉਸ ਦੇਵਤੇ ਦੀ ਸਹੀ ਰੂਪ ਵਿਚ ਪੂਜਾ ਹੁੰਦੀ। ਅੰਧਵਿਸ਼ਵਾਸ ਕਾਰਨ ਅਜਿਹੀਆਂ ਰਸਮਾਂ ਉੱਤੇ ਧਨ ਦੀ ਬਹੁਤ ਬਰਬਾਦੀ ਕੀਤੀ ਜਾਂਦੀ ਹੈ। ਇਹ ਸਭ ਰੀਸੋ-ਰੀਸੀ ਵਧ ਰਿਹਾ ਹੈ। ਮੂਰਤੀ ਵਿਸਰਜਨ ਦੌਰਾਨ ਵੀ ਇਹੋ ਕੁਝ ਕੀਤਾ ਜਾਂਦਾ ਹੈ। ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਇਹ ਸਭ ਸਾਡੀ ਸਿੱਖਿਆ ਵਿਚ ਵਿਗਿਆਨਕ ਸੋਚ ਦੀ ਘਾਟ ਕਰ ਕੇ ਹੈ।

ਵਿਦਵਾਨ ਸਿੰਘ ਸੋਨੀ, ਪਟਿਆਲਾ

ਪਾਠਕਾਂ ਦੇ ਖ਼ਤ

Mar 09, 2021

ਪੰਜਾਬ ਸਿਰ ਕਰਜ਼ਾ

8 ਮਾਰਚ ਦਾ ਸੰਪਾਦਕੀ ‘ਆਰਥਿਕ ਸੰਕਟ’ ਅੱਖਾਂ ਖੋਲ੍ਹਣ ਅਤੇ ਝੰਜੋੜਨ ਵਾਲਾ ਹੈ। ਬੇਲਗ਼ਾਮ ਕਰਜ਼ੇ ਅਤੇ ਬੇਤਰਤੀਬ ਖਰਚੇ ਪ੍ਰਦੇਸ਼ ਦੀ ਹਾਲਤ ਨਿਘਾਰ ਰਹੇ ਹਨ। ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਕਿਰਤੀ ਟੈਕਸਾਂ ਰਾਹੀਂ ਹਰ ਰੋਜ਼ ਵਿੱਤੀ ਸਾਧਨਾਂ ਨੂੰ ਠੁੰਮ੍ਹਣਾ ਦੇਣ ਵਿਚ ਲੱਗੇ ਹੋਏ ਕਮਰ ਤੋੜ ਮਹਿੰਗਾਈ ਕਾਰਨ ਕੁੱਬੇ ਹੋ ਰਹੇ ਹਨ ਪਰ ਸਿਆਸਤਦਾਨ ਕੁਰਸੀ ਦੇ ਸਹਾਰੇ ਦਿਨ ਰਾਤ ਤਰੱਕੀ ਕਰ ਰਹੇ ਹਨ। ਇਸ ਪੰਨੇ ’ਤੇ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਪਿਆਰੀ ਲਿਖਤ ਹੈ। ਲੇਖਿਕਾ ਨੇ ਬਾਪ ਬੇਟੀ ਦੇ ਪਿਆਰ ਬਾਰੇ ਸੋਹਣਾ ਚਿਤਰਨ ਕੀਤਾ ਹੈ।

ਪੋਰਿੰਦਰ ਸਿੰਗਲਾ, ਬਠਿੰਡਾ

(2)

ਸੰਪਾਦਕੀ ‘ਆਰਥਿਕ ਸੰਕਟ’ ਪੰਜਾਬ ਦੀ ਵਿਗੜਦੀ ਮਾਲੀ ਹਾਲਤ ਦਾ ਵਿਸ਼ਲੇਸ਼ਣ ਕਰਨ ਵਾਲਾ ਸੀ। ਇਕ ਤੋਂ ਬਾਅਦ ਇਕ ਸਰਕਾਰ ਲੋਕ ਲੁਭਾਉਣੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਆਮਦਨੀ ਤੋਂ ਜ਼ਿਆਦਾ ਖ਼ਰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਨੂੰ ਆਪਣੀ ਆਮਦਨੀ ਵਧਾਉਣ ਅਤੇ ਖ਼ਰਚੇ ਘਟਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ


‘ਪਿਆਰ’ ਦਾ ਅਰਥ

8 ਮਾਰਚ ਦਾ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਪੜ੍ਹ ਕੇ ਦਿਲ ਵਿਚ ਔਰਤਾਂ ਪ੍ਰਤੀ ਸਤਿਕਾਰ ਹੋਰ ਵਧ ਗਿਆ ਕਿ ਕਿਵੇਂ ਔਰਤਾਂ ਆਪਣੇ ਖ਼ੁਆਬਾਂ ਅਤੇ ਪਿਆਰ ਨੂੰ ਮਾਰ ਕੇ ਉਨ੍ਹਾਂ ਦੀ ਰੌਣਕ ਆਪਣੇ ਅੰਦਰ ਸਮਾ ਲੈਂਦੀਆਂ ਹਨ। ਸਾਡੇ ਸਮਾਜ ਨੇ ਪਿਆਰ ਨਾਂ ਦਾ ਅਰਥ ਜੜ੍ਹੋਂ ਹੀ ਬਦਲ ਤੇ ਸੀਮਤ ਕਰ ਦਿੱਤਾ ਹੈ। ਮਾਂ-ਬਾਪ, ਭੈਣ-ਭਰਾ ਦੇ ਪਿਆਰ ਨੂੰ ਖ਼ਤਮ ਕਰ ਦਿੱਤਾ ਹੈ। ਧੀ ਆਪਣੇ ਮਾਂ-ਬਾਪ, ਭੈਣ-ਭਰਾ ਨੂੰ ਅੰਤਾਂ ਦਾ ਪਿਆਰ ਕਰਦੀ ਹੈ ਪਰ ਇਸ ਸਮਾਜ ਦੀ ਸੋਚ ਨੂੰ ਵੇਖਦੇ ਹੋਏ ਉਹ ਇਸ ਗੱਲ ਤੋਂ ਡਰਦੀ ਆਪਣੇ ਬਾਪ-ਭਰਾ ਨੂੰ ਪਿਆਰ ਦੇ ਉਹ ਤਿੰਨ ਹਰਫ਼ ਨਹੀਂ ਬੋਲ ਸਕਦੀ।

ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ)

(2)

ਮਿਡਲ ‘ਪਿਆਰ ਦਾ ਇਜ਼ਹਾਰ’ ਪੜ੍ਹ ਕੇ ਪਿਆਰ ਦੀਆਂ ਵੱਖ ਵੱਖ ਪਰਿਭਾਸ਼ਾਵਾਂ ਬਾਰੇ ਜਾਣਕਾਰੀ ਤਾਂ ਮਿਲੀ, ਨਾਲ ਹੀ ਬਚਪਨ ਤੋਂ ਹੀ ਪਿਤਾ ਦੇ ਪਿਆਰ ਤੋਂ ਵਾਂਝੇ ਹੋਣ ਦਾ ਅਹਿਸਾਸ ਵੀ ਹੋਇਆ। ਬੇਸ਼ੱਕ ਮਾਂ ਨੇ ਪਾਲਣ-ਪੋਸ਼ਣ ਲਈ ਕਮੀ ਨਾ ਛੱਡੀ, ਪਰ ਅੱਜ ਵੀ ਉਸ ਨੂੰ ‘ਆਈ ਲਵ ਯੂ’ ਕਹਿਣ ਦੀ ਹਿੰਮਤ ਨਾ ਹੋਈ।

ਗੁਰਮੀਤ ਕੌਰ, ਜਲੰਧਰ


ਚੋਣ ਅਮਲ ਦੀ ਤਸਵੀਰ

3 ਮਾਰਚ ਨੂੰ ਗੁਰਦੀਪ ਸਿੰਘ ਢੁੱਡੀ ਨੇ ਮਿਡਲ ‘ਜਦੋਂ ਮੇਰੀਆਂ ਤਾਕਤਾਂ ਦੀ ਫੂਕ ਨਿਕਲੀ’ ਰਾਹੀਂ ਚੋਣ ਅਮਲ ਦੀ ਤਸਵੀਰ ਪੇਸ਼ ਕੀਤੀ ਹੈ। ਨੌਕਰੀ, ਢਿੱਡ ਤੇ ਸੁਰੱਖਿਆ ਅੱਗੇ ਇਮਾਨਦਾਰੀ ਵੀ ਮਜਬੂਰ ਹੋ ਜਾਂਦੀ ਹੈ ਜੋ ਦੇਸ਼ ਤੇ ਇਨਸਾਫ਼ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।

ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆ (ਮੋਗਾ)


ਮੋਹ ਪਿਆਰ ਦੀਆਂ ਤੰਦਾਂ

ਦਰਸ਼ਨ ਸਿੰਘ ਦਾ ਲੇਖ ‘ਘਣਛਾਵੇਂ ਬੂਟੇ’ (2 ਮਾਰਚ) ਪਰਿਵਾਰਿਕ ਮੋਹ ਪਿਆਰ ਦੀਆਂ ਤੰਦਾਂ ਦਾ ਵਰਨਣ ਇਸ ਤਰ੍ਹਾਂ ਕਰਦਾ ਹੈ ਕਿ ਪਾਠਕ ਇੰਜ ਮਹਿਸੂਸ ਕਰਨ ਲੱਗ ਪੈਂਦਾ ਜਿਵੇਂ ਕਿਤੇ ਉਹ ਆਪ ਇਸ ਕਹਾਣੀ ਦਾ ਪਾਤਰ ਹੋਵੇ। ਬਦੋ-ਬਦੀ ਗਲੇਡੂ ਭਰ ਆਉਂਦੇ ਹਨ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਸਰਦਾਰ ਪਟੇਲ ਤੇ ਮੋਟੇਰਾ ਸਟੇਡੀਅਮ

ਗੁਜਰਾਤ ਵਿਚ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ, ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਰੱਖ ਦਿੱਤਾ ਗਿਆ ਹੈ। ਇਹ ਦਾ ਪਹਿਲਾ ਨਾਂ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਸੀ, ਜੋ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਐਨਕਲੇਵ ਦਾ ਹਿੱਸਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਰਿਆਸਤਾਂ ਦੇ ਭਾਰਤ ਵਿਚ ਏਕੀਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਰਦਾਰ ਪਟੇਲ ਦੀ ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਲਗਵਾ ਕੇ ਪੂਰੀ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਸਭ ਤੋਂ ਵੱਡੇ ਸਟੇਡੀਅਮ ਤੋਂ ਉਨ੍ਹਾਂ ਦਾ ਨਾਂ ਹਟਾ ਦਿੱਤਾ ਹੈ। ਉਂਝ ਵੀ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦੋਂ ਕਿਸੇ ਪ੍ਰਧਾਨ ਮੰਤਰੀ ਦੇ ਸ਼ਾਸਨ ਦੌਰਾਨ ਉਸ ਦਾ ਨਾਂ ਕਿਸੇ ਇਮਾਰਤ ਨੂੰ ਦਿੱਤਾ ਗਿਆ ਹੋਵੇ, ਕਿਉਂਕਿ ‘ਮੋਦੀ ਹੈ ਤੋ ਮੁਮਕਿਨ ਹੈ’।

ਨੇਹਾ ਜਮਾਲ, ਮੁਹਾਲੀ।


ਔਰਤ ਦੀ ਆਜ਼ਾਦੀ

8 ਮਾਰਚ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤ ਦੀ ਆਜ਼ਾਦੀ ਅਤੇ ਵਿਕਾਸ ਵੱਲ ਵਧਦੇ ਕਦਮ’ ਸੁਚੱਜੇ ਢੰਗ ਨਾਲ ਅੱਜ ਦੀ ਔਰਤ ਅਤੇ ਸਮਕਾਲੀ ਔਰਤਾਂ ਦੁਆਰਾ ਔਰਤ ਲਈ ਕੀਤੇ ਸੰਘਰਸ਼ ਬਾਰੇ ਚਾਨਣਾ ਪਾਉਂਦਾ ਹੈ। 1908 ਤੋਂ ਲੈ ਕੇ 1975 ਤਕ ਔਰਤਾਂ ਦੁਆਰਾ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਪਣੇ ਹੱਕਾਂ ਦੀ ਰਾਖੀ ਲਈ ਅੱਜ ਦੀ ਔਰਤ ਜਾਗਰੂਕ ਹੋ ਗਈ। ਔਰਤਾਂ ਦੇ ਹੱਕਾਂ ਲਈ ਸਰਕਾਰਾਂ ਵੀ ਬਹੁਤੀਆਂ ਪਹਿਲਕਦਮੀ ਕਰਦੀਆਂ ਨਜ਼ਰ ਨਹੀਂ ਆ ਰਹੀਆਂ। ਪਰ ਸਮਾਜ ਵਿਚ ਬਹੁਤ ਕੁਰੀਤੀਆਂ ਅਜਿਹੀਆਂ ਹਨ ਜਿਨ੍ਹਾਂ ਖ਼ਿਲਾਫ਼ ਔਰਤਾਂ ਵੀ ਕੁਝ ਖ਼ਾਸ ਨਹੀਂ ਕਰਦੀਆਂ ਹਨ, ਪਰ ਇਨ੍ਹਾਂ ਕਾਰਨ ਔਰਤਾਂ ਹੀ ਜ਼ੁਲਮਾਂ ਦਾ ਸ਼ਿਕਾਰ ਹੁਦੀਆਂ ਹਨ।

ਮਨਮੋਹਨ ਸਿੰਘ, ਨਾਭਾ (ਪਟਿਆਲਾ)

ਪਾਠਕਾਂ ਦੇ ਖ਼ਤ

Mar 08, 2021

ਹਿੰਦੋਸਤਾਨ-ਪਾਕਿਸਤਾਨ ਤਾਲਮੇਲ

6 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਜੀ ਪਾਰਥਾਸਾਰਥੀ ਦਾ ਲੇਖ ‘ਪਾਕਿਸਤਾਨ ਨਾਲ ਤਾਲਮੇਲ ਵਧਾਉਣਾ ਸਮੇਂ ਦੀ ਲੋੜ’ ਵਿਚ ਸਹੀ, ਸਟੀਕ ਅਤੇ ਢੁੱਕਵੇਂ ਵਕਤ ਦਿੱਤੀ ਸਲਾਹ ਹੈ। ਦੋਹਾਂ ਮੁਲਕਾਂ ਦਰਮਿਆਨ ਆਮ ਵਪਾਰਕ, ਆਰਥਿਕ ਅਤੇ ਧਾਰਮਿਕ ਤੇ ਇਤਿਹਾਸਕ ਥਾਵਾਂ ਦੇ ਦੌਰਿਆਂ ਲਈ ਸਮੂਹਿਕ ਸੈਰ-ਸਪਾਟੇ ਲਈ ਇਕ ਦੂਜੇ ਦੇ ਅਹਿਮ ਮੁੱਦਿਆਂ ’ਤੇ ਸਰੋਕਾਰਾਂ ਜਿਹੜੇ ਅਮਨ ਵਿਚ ਵਿਘਨ ਪਾਉਣ ਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ, ਦਾ ਨਿਬੇੜਾ ਕਰਨ ਲਈ ਪਹਿਲਾਂ ਹੀ, ਦੋਵੇਂ ਦੇਸ਼ ਕਈ ਵਾਰੀ ਹਾਮੀ ਭਰ ਚੁੱਕੇ ਹਨ। ਦੋਹਾਂ ਦੇਸ਼ਾਂ ਦੇ ਨਾਗਰਿਕ ਸ਼ਾਂਤੀ ਅਤੇ ਵਪਾਰ ਵਿਚ ਵਾਧਾ ਲੋਚਦੇ ਹਨ।

ਗੁਰਦਿਆਲ ਸਹੋਤਾ, ਲੁਧਿਆਣਾ


(2)

ਜੀ ਪਾਰਥਾਸਾਰਥੀ ਦਾ ‘ਪਾਕਿਸਤਾਨ ਨਾਲ ਤਾਲਮੇਲ ਵਧਾਉਣਾ ਸਮੇਂ ਦੀ ਲੋੜ’ ਕਹਿਣਾ ਸੱਚ ਹੈ ਕਿਉਂਕਿ ਦੋਵੇਂ ਮੁਲਕ ਗ਼ਰੀਬ ਹਨ। 1990 ਤੋਂ ਪਹਿਲਾਂ ਅਮਰੀਕਾ ਨੂੰ ਸਾਮਵਾਦ ਦੇ ਵਰਸਾ ਐਕਟ ਅਤੇ ਭਾਰਤ ਨੂੰ ਸੋਵੀਅਤ ਸੰਘ ਦੇ ਦੋਸਤ ਹੋਣ ਕਾਰਨ ਪਾਕਿਸਤਾਨ ਨੂੰ ਵਰਤਣ ਦੀ ਲੋੜ ਸੀ ਜੋ ਹੁਣ ਨਹੀਂ ਰਹੀ। ਇਸੇ ਕਾਰਨ ਅਮਰੀਕਾ ਵੀ ਭਾਰਤ-ਪਾਕਿ ਤਲਖ਼ੀ ਘਟਾਉਣ ਦੀ ਸਲਾਹ ਦੇ ਰਿਹਾ ਹੈ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਐ ਜ਼ਿੰਦਗੀ…

6 ਮਾਰਚ ਨੂੰ ਮਿਡਲ ‘ਭੱਠੀ ਵਾਲੀ ਦਾ ਕੋਕਾ’ (ਬਲਜੀਤ ਪਰਮਾਰ) ਵਿਚ ਮਨੁੱਖੀ ਜ਼ਿੰਦਗੀ ਦਾ ਵੇਰਵਾ ਅੱਖਾਂ ਵਿਚ ਹੰਝੂ ਲਿਆਉਣ ਵਾਲਾ ਸੀ।

ਅਨਿਲ ਕੌਸ਼ਿਕ, ਪਿੰਡ ਕਿਊੜਕ (ਕੈਥਲ, ਹਰਿਆਣਾ)


ਕੁੱਤਿਆਂ ਦੀ ਦਹਿਸ਼ਤ

5 ਮਾਰਚ ਦੇ ਮਾਲਵਾ ਪੰਨੇ ’ਤੇ ਖ਼ਬਰ ‘ਅਕਾਲ ਅਕੈਡਮੀ ਦੇ ਵਿਦਿਆਰਥੀਆਂ ’ਤੇ ਕੁੱਤਿਆਂ ਦਾ ਹਮਲਾ’ ਪੜ੍ਹਨ ਨੂੰ ਮਿਲੀ। ਪੰਜਾਬ ਵਿਚ ਲਾਵਾਰਸ ਪਸ਼ੂਆਂ ਅਤੇ ਕੁੱਤਿਆਂ ਦਾ ਰਾਜ ਹੈ। ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਕੋਈ ਕਾਰਗਰ ਉਪਾਅ ਨਹੀਂ ਕਰ ਰਹੀ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਮਕਬੂਲ ਗਾਇਕ

6 ਮਾਰਚ ਦੇ ਸਤਰੰਗ ਪੰਨੇ ’ਤੇ ਮੇਜਰ ਸਿੰਘ ਜਖੇਪਲ ਦਾ ਧੰਨਾ ਸਿੰਘ ਰੰਗੀਲਾ ਬਾਰੇ ਲੇਖ ‘ਪੁਰਾਣੇ ਵੇਲੇ ਦਾ ਮਕਬੂਲ ਗਾਇਕ’ ਪੜ੍ਹਿਆ। ਸਿਰਮੌਰ ਮਰਹੂਮ ਗਾਇਕਾ ਪਰਮਿੰਦਰ ਸੰਧੂ ਦਾ ਪਹਿਲਾ ਤਵਾ/ਰਿਕਾਰਡ ਧੰਨਾ ਸਿੰਘ ਰੰਗੀਲਾ ਨਾਲ ਹੀ ਰਿਕਾਰਡ ਹੋਇਆ ਸੀ। ਉਸ ਤੋਂ ਬਾਅਦ ਪਰਮਿੰਦਰ ਸੰਧੂ ਨੇ ਦੀਦਾਰ ਸੰਧੂ, ਜਸਵੰਤ ਸੰਦੀਲਾ, ਕਰਨੈਲ ਗਿੱਲ ਆਦਿ ਗਾਇਕਾਂ ਨਾਲ ਪ੍ਰਸਿੱਧੀ ਖੱਟੀ। ਧੰਨਾ ਸਿੰਘ ਰੰਗੀਲਾ ਦੀ ਸਟੇਜੀ ਪੇਸ਼ਕਾਰੀ ਵੀ ਪ੍ਰਸੰਸਾ ਲਾਇਕ ਹੁੰਦੀ ਸੀ। ਇਸੇ ਅੰਕ ਵਿਚ ਹੀ ਹਰਕੰਵਲ ਕੰਗ ਦਾ ਮਰਹੂਮ ਗਾਇਕ ਸਰਦੂਲ ਸਿਕੰਦਰ ਬਾਰੇ ਅਤੇ ਹਰਦਿਆਲ ਸਿੰਘ ਥੂਹੀ ਦਾ ‘ਪੰਡੋਰੀ ਨਿੱਝਰਾਂ ਦਾ ਨਾਂ ਰੁਸ਼ਨਾਉਣ ਵਾਲਾ ਢਾਡੀ ਨਿਰਵੈਰ ਸਿੰਘ’ ਵੀ ਵਧੀਆ ਰਚਨਾਵਾਂ ਹਨ। 4 ਮਾਰਚ ਦੇ ਨਜ਼ਰੀਆ ਪੰਨੇ ’ਤੇ ਪਰਮਜੀਤ ਕੁਠਾਲਾ ਦੀ ਰਚਨਾ ‘ਆਪੋ-ਆਪਣਾ ਮੋਰਚਾ’ ਨੇ ਸੋਚਣ ਲਈ ਮਜਬੂਰ ਕਰ ਦਿੱਤਾ; ਵਾਕਿਆ ਹੀ ਬੰਦਾ ਦਿੱਲੀ ਦੱਖਣ ਜਿੱਥੇ ਮਰਜ਼ੀ ਚਲਾ ਜਾਵੇ, ਆਪਣੇ ਪਿੰਡ ਦੀਆਂ ਗਲੀਆਂ, ਪਿੱਪਲ, ਬਰੋਟੇ, ਪਿੰਡ ਦੀ ਸੱਥ ਅਤੇ ਸੱਥ ਵਿਚ ਬਹਿਣ ਵਾਲੇ ਹਾਸਾ-ਠੱਠਾ ਕਰਦੇ ਚਾਚੇ, ਤਾਏ, ਬਜ਼ੁਰਗ ਬਾਪੂ ਅਤੇ ਪਿੰਡ ਦੀਆਂ ਆਪਣੀਆਂ ਚਾਚੀਆਂ, ਤਾਈਆਂ ਦੀਆਂ ਖੱਟੀਆਂ ਮਿੱਠੀਆਂ ਝਿੜਕਾਂ, ਨਸੀਹਤਾਂ, ਬਜ਼ੁਰਗਾਂ ਦੀਆਂ ਅਸੀਸਾਂ ਕਦੇ ਨਹੀਂ ਭੁੱਲਦੀਆਂ।

ਅਮਰਜੀਤ ਮੱਟੂ ਭਰੂਰ (ਸੰਗਰੂਰ)


ਕਿਸਾਨ ਆਗੂ ਦਾ ਭਾਸ਼ਨ

5 ਮਾਰਚ ਦੇ ਨਜ਼ਰੀਆ ਪੰਨੇ ’ਤੇ ਰਛਪਾਲ ਸਿੰਘ ਦੀ ਰਚਨਾ ‘ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ…’ ਬਹੁਤ ਕੁਝ ਬਿਆਨ ਕਰਦੀ ਹੈ। ਸਾਥੀ ਦਾਤਾਰ ਸਿੰਘ ਦਾ ਦਿੱਲੀ ਵਿਚ ਕਿਸਾਨ ਮੋਰਚੇ ਵਾਲਾ ਭਾਸ਼ਣ ਸੁਣਿਆ ਸੀ ਜਿਸ ਨੇ ਬਹੁਤ ਪ੍ਰਭਾਵਿਤ ਕੀਤਾ ਸੀ। ਅੱਜ ਦੇ ਕਿਸਾਨ ਸੰਘਰਸ਼ ਵਿਚ ਇਹੋ ਜਿਹੀ ਸੋਚ ਤੇ ਦੂਰ ਦ੍ਰਿਸ਼ਟੀ ਵਾਲੇ ਆਗੂਆਂ ਦੀ ਲੋੜ ਹੈ।

ਜਗਜੀਤ ਸਿੰਘ, ਈਮੇਲ


ਮਹੀਨਿਆਂ ਦੀ ਗੁਲਜ਼ਾਰ

ਪੰਜਾਬੀ ਵਿਚ ਮਹੀਨਿਆਂ ਦੇ ਨਾਵਾਂ ਦੀ ਨਿਵੇਕਲੀ ਗੁਲਜ਼ਾਰ ਹੈ। ਹਰਕੰਵਲ ਸਿੰਘ ਕੰਗ ਨੇ 3 ਮਾਰਚ ਨੂੰ ਫੱਗਣ ਮਹੀਨੇ ਦੀ ਕਥਾ ਵਿਚ ਖ਼ੂਬ ਰੰਗ ਬੰਨ੍ਹਿਆ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਪਾਣੀਆਂ ਦਾ ਮਸਲਾ

6 ਮਾਰਚ ਦੇ ਅੰਕ ਵਿਚ ਹਰਿਆਣਾ ਸਰਕਾਰ ਦੇ ਬਜਟ ਇਜਲਾਸ ਬਾਰੇ ਛਪੀ ਖ਼ਬਰ ਵਿਚ ਸਰਕਾਰ ਵੱਲੋਂ ਰਾਜਪਾਲ ਤੋਂ ਪਾਣੀਆਂ ਦੇ ਮਸਲੇ ਨੂੰ ਜ਼ੋਰ-ਸ਼ੋਰ ਨਾਲ ਉਠਾਵਾਉਣਾ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਹੀ ਹੈ। ਉਂਜ ਇਨ੍ਹਾਂ ਦੋਹਾਂ ਰਾਜਾਂ ਦੇ ਲੋਕ ਰਾਜਨੀਤੀ ਵਿਚ ਬਦਨੀਤੀ ਨੂੰ ਸਾਫ਼ ਸਮਝ ਗਏ ਹਨ। ਹੁਣ ਸਰਕਾਰਾਂ ਦੀ ਉਕਸਾਹਟ ਚੱਲੇ ਹੋਏ ਕਾਰਤੂਸ ਬਣ ਚੁੱਕੀ ਹੈ। ਆਸ ਹੈ ਕਿ ਇਸ ਲੋਕ ਸੰਘਰਸ਼ ਦੀ ਜਿੱਤ ਮਗਰੋਂ ਕਿਸਾਨ ਪਿਆਰ ਨਾਲ ਬੈਠ ਕੇ ਪਾਣੀਆਂ ਦਾ ਮਸਲਾ ਵੀ ਹੱਲ ਕਰ ਲੈਣਗੇ। ਹਰਿਆਣਾ ਸਰਕਾਰ ਲੋਕਾਂ ਦੇ ਗ਼ਰੀਬ ਵਰਗ ਦੀਆਂ ਅਸਲ ਤਕਲੀਫ਼ਾਂ ਨੂੰ ਸਮਝੇ ਅਤੇ ਹੱਲ ਕੱਢਣ ਦੀ ਕੋਸ਼ਿਸ਼ ਕਰੇ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

ਡਾਕ ਐਤਵਾਰ ਦੀ

Mar 07, 2021

ਮਨੁੱਖਤਾ ਦੀ ਭਲਾਈ ਲਾਜ਼ਮੀ

28 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਜਸਵੀਰ ਸਿੰਘ ਦਾ ਮਿਡਲ ‘ਮਾਨਵਤਾ ਦੀ ਸੇਵਾ ਦੇ ਰਾਹ-ਰਸਤੇ’ ਇਤਿਹਾਸਕ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਸੀ। ਮਨੁੱਖ ਦੀ ਜ਼ਿੰਦਗੀ ਮਨੁੱਖਤਾ ਦੀ ਭਲਾਈ ਲਈ ਹੈ। ਗੁਰੂ ਸਾਹਿਬਾਨ ਦੇ ਸ਼ਰਧਾਲੂ ਅਦਾਰੇ ਭੇਦਭਾਵ ਨੂੰ ਭੁਲਾ ਕੇ ਇਹ ਕਹਿਣ ਲਈ ਸਿੱਖਿਆ ਦਿੰਦੇ ਹਨ। ਸੇਵਾ ਦੀ ਭਾਵਨਾ ਮਾਪਿਆਂ ਦੇ ਸੰਸਕਾਰਾਂ ’ਚੋਂ ਮਿਲਦੀ ਹੈ। ਸੇਵਾ ਦੇ ਰਾਹ ਰਸਤੇ ਉੱਤੇ ਕੋਈ ਵਿਰਲਾ ਹੀ ਤਨ ਮਨ ਤੋਂ ਤੁਰਦਾ ਹੈ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)

ਇਤਿਹਾਸ ਦੇ ਲਹੂ ਭਿੱਜੇ ਪੰਨੇ

21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਬਾਰੇ ਵਿਸ਼ੇਸ਼ ਅੰਕ ਵਿਚ ਲੇਖ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਗਏ। ਡਾ. ਗੁਰਦੇਵ ਸਿੰਘ ਸਿੱਧੂ ਨੇ ਇਸ ਖ਼ੂਨੀ ਸਾਕੇ ਦੀਆਂ ਕਈ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਗੁਰਦੁਆਰਾ ਨਨਕਾਣਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਸ ਪਾਵਨ ਧਰਤੀ ’ਤੇ ਬਾਬਾ ਨਾਨਕ ਦਾ ਪ੍ਰਕਾਸ਼ ਹੋਇਆ ਸੀ। ਇਸੇ ਮੁਕੱਦਸ ਸਥਾਨ ’ਤੇ ਮਹੰਤ ਨਰੈਣੂ ਤੇ ਉਸ ਦੇ ਗੁੰਡਿਆਂ ਨੇ ਅੰਗਰੇਜ਼ੀ ਸਰਕਾਰ ਦੀ ਸ਼ਹਿ ’ਤੇ ਸਿੱਖਾਂ ’ਤੇ ਜੋ ਕਹਿਰ ਢਾਹਿਆ ਉਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ। ਇਹ ਭਾਣਾ ਵਰਤਣਾ ਦੁਖਦਾਈ ਸੀ। ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਦਾ ਇਹ ਲਹੂ ਭਿੱਜਾ ਵਰਕਾ ਹੈ। ਅਖ਼ਬਾਰ ਨੇ ਉਸ ਸਮੇਂ ਦੇ ਅੰਗਰੇਜ਼ੀ ਟ੍ਰਿਬਿਊਨ ਦੀਆਂ ਖ਼ਬਰਾਂ ਦਾ ਪੰਜਾਬੀ ਅਨੁਵਾਦ ਦੇ ਕੇ ਪੱਤਰਕਾਰੀ ਨੂੰ ਰੌਸ਼ਨ ਕੀਤਾ ਹੈ। ਟ੍ਰਿਬਿਊਨ ਨੇ ਉਸ ਵੇਲੇ ਦੇ ਖ਼ੂਨੀ ਕਾਂਡ ਦੀ ਕਵਰੇਜ ਕਰਕੇ ਪੱਤਰਕਾਰੀ ਦੇ ਫ਼ਰਜ਼ਾਂ ਨੂੰ ਨਿਭਾਇਆ। ਸੰਪਾਦਕੀ ਸਾਕਾ ਨਨਕਾਣਾ ਸਾਹਿਬ ਵਿਚ ਵੀ ਇਤਿਹਾਸ ਨੂੰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਆਪਾ ਵਾਰਨ ਵਾਲੇ ਯੋਧਿਆਂ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਇਸ ਸਾਕੇ ਬਾਰੇ ਮਹਾਤਮਾ ਗਾਂਧੀ ਦੀ ਚਿੱਠੀ ਪੜ੍ਹ ਕੇ ਕੁਝ ਗੱਲਾਂ ਦੀ ਜਾਣਕਾਰੀ ਮਿਲੀ। ਮਹਾਤਮਾ ਗਾਂਧੀ ਦੀ ਸਿੱਖਾਂ ਨਾਲ  ਹਮਦਰਦੀ ਸੀ, ਪਰ ਉਨ੍ਹਾਂ ਨੂੰ ਸਿੱਖ  ਆਗੂਆਂ ਨਾਲ ਕਦੇ ਕੋਈ ਸਲਾਹ-ਮਸ਼ਵਰਾ ਕਰਦੇ ਨਹੀਂ ਸੁਣਿਆ-ਪੜ੍ਹਿਆ ਕਿ ਅੰਗਰੇਜ਼ਾਂ ਕੋਲੋਂ ਆਪਣੇ ਹੱਕ ਦੇਸ਼ ਵੰਡ ਵੇਲੇ ਕਿਵੇਂ ਲੈਣੇ ਚਾਹੀਦੇ ਸੀ। ਗੁਰਬਿੰਦਰ ਮਾਣਕ ਨੇ ਮਾਂ-ਬੋਲੀ ਪੰਜਾਬੀ ਬਾਰੇ ਬਹੁਤ ਸਾਰਥਿਕ ਵਿਚਾਰ ਲਿਖੇ ਹਨ। ਪੰਜਾਬ ਦੀ ਧਰਤੀ ’ਤੇ ਜਨਮ ਲੈਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ’ਤੇ ਮਾਣ ਹੋਣਾ ਚਾਹੀਦਾ ਹੈ। ਬਦਕਿਸਮਤੀ ਇਹ ਹੈ ਕਿ ਇਸੇ ਲਈ ਇਸ ਵੇਲੇ ਪੰਜਾਬੀ ਨੂੰ ਕਈ ਖ਼ਤਰੇ ਦਰਪੇਸ਼ ਹਨ। ਕਈ ਸਕੂਲਾਂ ਵਿਚ ਪੰਜਾਬੀ ਬੋਲਣ ’ਤੇ ਪਾਬੰਦੀ ਲੱਗਣੀ ਦੁਖਦਾਈ ਹੈ।

ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਪਾਠਕਾਂ ਦੇ ਖ਼ਤ

Mar 06, 2021

ਤਾਨਾਸ਼ਾਹੀ ਵੱਲ ਕਦਮ

5 ਮਾਰਚ ਦਾ ਸੰਪਾਦਕੀ ‘ਜਨਤਕ ਆਜ਼ਾਦੀ ’ਤੇ ਰੋਕਾਂ’ ਭਾਰਤ ਵਿਚ ਜਮਹੂਰੀਅਤ ਵਿਰੋਧੀ ਅਤੇ ਤਾਨਾਸ਼ਾਹੀ ਵੱਲ ਜਾਣ ਵਾਲੀਆਂ ਗੱਲਾਂ ਦਾ ਵਰਨਣ ਕਰਨ ਵਾਲਾ ਸੀ। 70ਵਿਆਂ ਵਿਚ ਲੱਗੀ ਐਮਰਜੈਂਸੀ ਮੰਦਭਾਗੀ ਘਟਨਾ ਸੀ ਲੇਕਿਨ 2014 ਤੋਂ ਲੈ ਕੇ ਹੁਣ ਤਕ ਲੋਕਾਂ ਦੀ ਆਜ਼ਾਦੀ ਨੂੰ ਜਬਰੀ ਦਬਾਇਆ ਜਾ ਰਿਹਾ ਹੈ। ਸਰਕਾਰ ਆਪਣੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀਏ, ਦੇਸ਼-ਧ੍ਰੋਹੀ, ਅੰਦੋਲਨਜੀਵੀ ਕਹਿੰਦੀ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਅਤੇ ਪੱਤਰਕਾਰਾਂ ਦੇ ਖ਼ਿਲਾਫ਼ ਕਾਰਵਾਈਆਂ ਵਧ ਰਹੀਆਂ ਹਨ। ਇਸ ਦਾ ਕੋਈ ਤੋੜ ਲੱਭਣਾ ਚਾਹੀਦਾ ਹੈ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)

(2)

ਸੰਪਾਦਕੀ ‘ਜਨਤਕ ਆਜ਼ਾਦੀ ’ਤੇ ਰੋਕਾਂ’ ਪੜ੍ਹਿਆ। ਅਮਰੀਕੀ ਸੰਸਥਾ ‘ਫਰੀਡਮ ਹਾਊਸ’ ਨੇ ਭਾਰਤ ਦਾ ਦਰਜਾ ਆਜ਼ਾਦ ਤੋਂ ਘਟਾ ਕੇ ਅਰਧ-ਆਜ਼ਾਦ ਕਰ ਦਿੱਤਾ ਹੈ। ਜਦੋਂ ਦੀ ਭਾਜਪਾ ਨੇ ਕੇਂਦਰ ਵਿਚ ਸੱਤਾ ਸੰਭਾਲੀ ਹੈ; ਘੱਟ ਗਿਣਤੀਆਂ, ਦਲਿਤਾਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਹਕੂਮਤੀ ਕਹਿਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਨੇਕਾਂ ਪੱਤਰਕਾਰ ਅਤੇ ਬੁੱਧੀਜੀਵੀ ਜੇਲ੍ਹਾਂ ਵਿਚ ਬੰਦ ਹਨ। ਸਰਕਾਰ ਨਾਲ ਸਹਿਮਤੀ ਨਾ ਰੱਖਣ ਵਾਲਿਆਂ ਨੂੰ ਦੇਸ਼-ਧ੍ਰੋਹੀ ਤੇ ਗੱਦਾਰ ਕਹਿ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਬੋਲਣ ਦੀ ਆਜ਼ਾਦੀ ’ਤੇ ਪਾਬੰਦੀ ਹੈ। ਹਾਕਮ ਧਿਰ ਨੂੰ ਆਪਣਾ ਤਾਨਾਸ਼ਾਹੀ ਰਵੱਈਆ ਬਦਲ ਕੇ ਲੋਕਾਂ ਦੇ ਮਨਾਂ ਵਿਚੋਂ ਅਸਹਿਣਸ਼ੀਲਤਾ ਦਾ ਡਰ ਦੂਰ ਕਰ ਕੇ ਆਜ਼ਾਦੀ ਨਾਲ ਜੀਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।

ਸੁਖਦੇਵ ਸਿੰਘ ਭੁੱਲੜ, ਬਠਿੰਡਾ

ਕਵਿਤਾ ਨੂੰ ਪਿਆਰ

3 ਮਾਰਚ ਨੂੰ ‘ਪੰਜਾਬੀ ਪੈੜਾਂ’ ’ਚ ਗੁਰਬਖ਼ਸ਼ ਸਿੰਘ ਭੰਡਾਲ ਦਾ ਕਵਿਤਾ ਬਾਰੇ ਲੇਖ ਸੋਹਣਾ ਲੱਗਿਆ। ਕਵਿਤਾ ਨੂੰ ਪਿਆਰ ਕਰਨ ਵਾਲੇ ਲੋਕ ਅਸਲ ’ਚ ਰੂਹ ਤੋਂ ਜ਼ਿੰਦਾ ਹੁੰਦੇ ਹਨ। ਕਵਿਤਾ ਲਿਖਣ ਵਾਲਾ ਮਨ ਦੇ ਵੇਗ ਨੂੰ ਬਾਹਰ ਲਿਆ ਕੇ ਮਾਨਸਿਕ ਤੌਰ ’ਤੇ ਸੰਤੁਲਿਤ ਰਹਿੰਦਾ ਹੈ।

ਰਾਜਨਦੀਪ ਕੌਰ ਮਾਨ, ਈਮੇਲ

ਸੌਦਾਗਰਾਂ ਦਾ ਦ੍ਰਿਸ਼ਟਾਂਤ

ਰਣਜੀਤ ਲਹਿਰਾ ਦੇ ਮਿਡਲ ‘ਸੁਪਨਿਆਂ ਦੇ ਸੌਦਾਗਰ’ (ਪਹਿਲੀ ਮਾਰਚ) ਨੇ ਚਿੱਟ ਫੰਡ ਕੰਪਨੀਆਂ ਦੇ ਦ੍ਰਿਸ਼ਟਾਂਤ ਦੇ ਕੇ ਮੁਲਕ ਦੀ ਅਜੋਕੀ ਹਾਲਤ ਲਈ ਜ਼ਿੰਮੇਵਾਰ ਸੌਦਾਗਰਾਂ ਬਾਰੇ ਜਾਣੂ ਕਰਾਇਆ ਹੈ ਪਰ ਕਿਸਾਨ ਅੰਦੋਲਨ ਦੇ ਬਾਵਜੂਦ ਅਸੀਂ ਪੰਜਾਬੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਤਿੰਨ ਬਿਲ ਲਿਆਉਣ ਵਿਚ ਭਾਈਵਾਲਾਂ ਨੂੰ ਚੁਣ ਲਿਆ!

ਕਰਮਜੀਤ ਸਿੰਘ, ਸ੍ਰੀ ਮੁਕਤਸਰ ਸਾਹਿਬ

(2)

ਰਣਜੀਤ ਲਹਿਰਾ ਦਾ ਮਿਡਲ ‘ਸੁਪਨਿਆਂ ਦੇ ਸੌਦਾਗਰ’ ਸਚਾਈ ਬਿਆਨ ਕਰਦਾ ਹੈ। ਸਾਨੂੰ ਸਭ ਨੂੰ ਇਨ੍ਹਾਂ ਚਿਟ ਫੰਡ ਕੰਪਨੀਆਂ ਤੇ ਬਗ਼ੈਰ ਪੜਤਾਲ ਕੀਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅਜਿਹੀਆਂ ਕੰਪਨੀਆਂ ਲੋਕਾਂ ਨੂੰ ਰਾਤੋ-ਰਾਤ ਅਮੀਰ ਹੋਣ ਦਾ ਸੁਪਨਾ ਦਿਖਾ ਕੇ ਲੁੱਟ ਲੈ ਜਾਂਦੀਆਂ ਹਨ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

(3)

ਪਹਿਲੀ ਮਾਰਚ ਦੇ ਮਿਡਲ ‘ਸੁਪਨਿਆਂ ਦੇ ਸੌਦਾਗਰ’ ਵਿਚ ਰਣਜੀਤ ਸਿੰਘ ਲਹਿਰਾ ਨੇ ਜਨਤਾ ਨੂੰ ਫੰਡ ਕੰਪਨੀਆਂ ਦੇ ਚੱਕਰ ਪ੍ਰਤੀ ਜਾਗਰੂਕ ਕੀਤਾ ਹੈ। ਅੱਧਪੜ੍ਹ ਜਾਂ ਅਨਪੜ੍ਹ ਤਾਂ ਮੰਨਿਆ ਕਿ ਉਹ ਇਨ੍ਹਾਂ ਦੇ ਚੱਕਰ ਵਿਚ ਫਸ ਜਾਂਦੇ ਹਨ ਲੇਕਿਨ ਆਰਥ ਸ਼ਾਸਤਰ ਪੜ੍ਹੇ ਲਿਖੇ ਪ੍ਰਿੰਸੀਪਲ ਰੈਂਕ ਤਕ ਪੁੱਜਣ ਵਾਲੇ ਵੀ ਬਹੁਤ ਵਾਰ ਮੂਰਖ਼ ਬਣਦੇ ਦੇਖੇ ਹਨ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਪ੍ਰੈੱਸ ਦੀ ਆਜ਼ਾਦੀ

24 ਫਰਵਰੀ ਦੇ ਸੰਪਾਦਕੀ ‘ਪ੍ਰੈੱਸ ਦੀ ਆਜ਼ਾਦੀ’ ਵਿਚ ਪ੍ਰੈੱਸ ਦੇ ਵਿਚਾਰਾਂ ਦੀ ਸੁਤੰਤਰਤਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪ੍ਰੈੱਸ ਦੀ ਸੁਤੰਤਰਤਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੱਤਰਕਾਰਾਂ ਦਾ ਕਤਲ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਉੱਪਰ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਮੀਡੀਆ ਨੂੰ ਆਜ਼ਾਦੀ ਦੀ ਜ਼ਰੂਰਤ ਹੈ ਤਾਂ ਜੋ ਉਹ ਬਿਨਾਂ ਕਿਸੇ ਦੇ ਡਰ ਤੋਂ ਆਪਣੇ ਵਿਚਾਰ ਪੇਸ਼ ਕਰ ਸਕਣ।

ਸੁਖਦੀਪ ਕੌਰ, ਸੰਦੌੜ

ਕੇਂਦਰ ਦਾ ਟੀਚਾ ਫਲਾਪ

ਪਹਿਲੀ ਮਾਰਚ ਦੇ ਅੰਕ ਵਿਚ ਡਾ. ਮੇਘਾ ਸਿੰਘ ਦਾ ਲੇਖ ‘ਕਿਸਾਨ ਅੰਦੋਲਨ ਦੇ ਸਿਆਸੀ ਹਾਸਲ’ ਪੜ੍ਹ ਕੇ ਕਿਸਾਨ ਅੰਦੋਲਨ ਦੇ ਕਈ ਪ੍ਰਭਾਵ ਪੜ੍ਹਨ ਨੂੰ ਮਿਲੇ। ਹੁਣ ਬਹੁਤ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਕਿਸਾਨ ਅੰਦੋਲਨ ਨੇ ਸਿਆਸਤਦਾਨਾਂ ਨੂੰ ਵੀ ਵੱਡੀ ਸੇਧ ਦਿੱਤੀ ਹੈ। ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਮੁਲਕ ਦੀ ਸਿਆਸਤ ’ਤੇ ਇਸ ਦਾ ਗਹਿਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਕੌਮਾਂਤਰੀ ਪੱਧਰ ’ਤੇ ਵੀ ਮੁਲਕ ਦੀ ਬਦਨਾਮੀ ਹੋ ਰਹੀ ਹੈ। ਕੋਈ ਵੱਡਾ ਵਿਦੇਸ਼ੀ ਨੇਤਾ ਸਾਡੇ ਗਣਤੰਤਰ ਦਿਵਸ ’ਤੇ ਨਹੀਂ ਆਇਆ। ਲਾਲ ਕਿਲ੍ਹੇ ਵਾਲੀ ਘਟਨਾ ਦਾ ਵੀ ਉਲਟ ਅਸਰ ਕੇਂਦਰ ’ਤੇ ਹੀ ਪਿਆ ਹੈ। 26 ਜਨਵਰੀ ਪਿੱਛੋਂ ਕਿਸਾਨ ਅੰਦੋਲਨ ਤਾਂ ਹੋਰ ਵੀ ਮਜ਼ਬੂਤ ਹੋ ਗਿਆ ਹੈ। ਕੇਂਦਰ ਦਾ ਅੰਦੋਲਨ ਨੂੰ ਬਦਨਾਮ ਕਰਨ ਦਾ ਟੀਚਾ ਬੁਰੀ ਤਰ੍ਹਾਂ ਫ਼ਲਾਪ ਹੋਇਆ ਹੈ।

ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ

ਪਾਠਕਾਂ ਦੇ ਖ਼ਤ

Mar 05, 2021

ਸਿਆਸਤ ਦਾ ਵਪਾਰ

4 ਮਾਰਚ ਦੇ ਸੰਪਾਦਕੀ ਪੰਨੇ ’ਤੇ ਜਗਵਿੰਦਰ ਜੋਧਾ ਦਾ ਲੇਖ ‘ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਨੌਜਵਾਨੀ ਦਾ ਸਵਾਲ’ ਪੜ੍ਹਿਆ। ਹੁਣ ਤਕ ਜੋ ਵੀ ਸਰਕਾਰਾਂ ਭਾਵੇਂ ਕੇਂਦਰ ਵਿਚ ਭਾਵੇਂ ਰਾਜਾਂ ਵਿਚ ਆਈਆਂ, ਇਨ੍ਹਾਂ ਨੇ ਸਿਆਸਤ ਨੂੰ ਵਪਾਰ ਬਣਾ ਦਿੱਤਾ। ਪੈਸਾ ਲਾਓ ਤੇ ਪੈਸਾ ਕਮਾਓ। ਲੋਕਾਂ ਦੀ ਭਲਾਈ, ਨੌਜਵਾਨਾਂ ਬਾਰੇ ਸੋਚਣਾ ਇਨ੍ਹਾਂ ਦਾ ਏਜੰਡਾ ਨਹੀਂ। ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ, ਲੱਚਰਤਾ, ਸਿਹਤ ਤੇ ਸਿੱਖਿਆ ਦਾ ਵਪਾਰੀਕਰਨ ਕਿਸ ਦੀ ਦੇਣ ਸੀ? ਇਸ ਸਭ ਕਾਸੇ ਲਈ ਸਿਆਸਤਦਾਨ ਹੀ ਜ਼ਿੰਮੇਵਾਰ ਹਨ। ਇਨ੍ਹਾਂ ਦੀ ਇਕੱਲੇ ਇਕੱਲੇ ਦੀ ਜਾਇਦਾਦ ਦੀ ਪੜਤਾਲ ਕੀਤੀ ਜਾਵੇ ਤਾਂ ਕਰੋੜਾਂ ਵਿਚ ਨਹੀਂ, ਅਰਬਾਂ ਖ਼ਰਬਾਂ ਦੀ ਨਿਕਲੇਗੀ। ਦੂਜੇ ਪਾਸੇ ਕਰਜ਼ਈ ਹੋਈ ਕਿਸਾਨੀ ਮਹਿੰਗੇ ਭਾਅ ਤੇਲ, ਖਾਦ, ਬੀਜ, ਸਪਰੇਆਂ, ਡੀਜ਼ਲ ਲੈ ਕੇ ਕੌਡੀਆਂ ਦੇ ਭਾਅ ਫ਼ਸਲਾਂ ਵੇਚ ਕੇ ਦਿਨੋ-ਦਿਨ ਖੁੰਗਲ ਹੁੰਦੀ ਆਖ਼ਰਕਾਰ ਖ਼ੁਦਕੁਸ਼ੀਆਂ ਦੇ ਰਾਹ ਪੈ ਗਈ ਹੈ। ਹਾਕਮਾਂ, ਸਿਆਸਤਦਾਨਾਂ ਨੇ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸੰਸਾਰ ਵਪਾਰ ਸੰਸਥਾ ਨਾਲ ਸਮਝੌਤੇ ਕਰ ਕੇ ਉਨ੍ਹਾਂ ਦੀਆਂ ਨੀਤੀਆਂ ਲਾਗੂ ਕਰ ਕੇ ਦੇਸ਼ ਦਾ ਪਬਲਿਕ ਸੈਕਟਰ ਕੌਡੀਆਂ ਦੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਹੈ। ਹੁਣ ਕਿਸਾਨਾਂ ਦਾ ਅੰਦੋਲਨ ਲੋਕ ਅੰਦੋਲਨ ਬਣ ਚੁੱਕਾ ਹੈ। ਨੌਜਵਾਨ ਅਤੇ ਕਿਰਤੀ ਹੁਣ ਸਮਝ ਚੁੱਕੇ ਹਨ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਨਾਅਰਾ ‘ਇਨਕਲਾਬ ਜ਼ਿੰਦਾਬਾਦ’ ਅਤੇ ਇਸ ਉੱਤੇ ਅਮਲ ਹੀ ਹੁਣ ਇਕੋ ਇਕ ਰਾਹ ਹੈ।

ਸਤੀਸ਼ ਕੁਮਾਰ ਸਚਦੇਵਾ, ਲੁਧਿਆਣਾ


ਪਿੰਡ ਦਾ ਹੇਰਵਾ

4 ਮਾਰਚ ਨੂੰ ਪਰਮਜੀਤ ਕੁਠਾਲਾ ਦਾ ਮਿਡਲ ‘ਆਪੋ-ਆਪਣਾ ਮੋਰਚਾ’ ਦਿਲ ਨੂੰ ਧੂਹ ਪਾਉਣ ਵਾਲਾ ਹੈ। ਆਪਣੇ ਪਿੰਡ ਤੋਂ ਸੈਂਕੜੇ ਕੋਹ ਦੂਰ ਬੈਠੇ ਸੋਮ ਲਾਲ ਦਾ ਆਪਣੇ ਪਿੰਡ ਬਾਰੇ ਹੇਰਵਾ, ਇਲਾਕੇ ਲਈ ਅਪਣੱਤ ਅਤੇ ਮਨੁੱਖੀ ਸੰਵੇਦਨਾ ਸਚਮੁੱਚ ਬੇਮਿਸਾਲ ਹੈ। ਲੇਖਕ ਨੇ ਬੜੇ ਕਲਾਮਈ ਢੰਗ ਨਾਲ ਯਾਤਰਾ ਅਤੇ ਮਨੋਭਾਵਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਰਚਨਾ ਨੂੰ ਦਿੱਲੀ ਸੰਘਰਸ਼ ਨਾਲ ਜੋੜ ਕੇ ਨਕਸਲੀ ਲਹਿਰ ਵੇਲੇ ਅਤੇ ਅਜੋਕੀ ਸੱਤਾ ਦੇ ਦਾਬੇ ਨੂੰ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ। ਵੱਡੀ ਗੱਲ ਦਿੱਲੀ ਵਰਗੇ ਸ਼ਹਿਰ ਵਿਚ ਅਨਾਥ ਮੁੰਡੇ ਨੂੰ ਟਿਕਾਣਾ ਮਿਲ ਜਾਣਾ ਅਤੇ ਫਿਰ ਜਾਇਦਾਦ ਦਾ ਮਾਲਕ ਬਣ ਜਾਣਾ ਵੀ ਤਾਂ ਸਬਬ ਹੀ ਹੈ।

ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਆਸ਼ਾਵਾਦੀ ਵਿਚਾਰ

25 ਫਰਵਰੀ ਨੂੰ ਸੰਪਾਦਕੀ ‘ਗੱਲਬਾਤ ਵਿਚ ਖੜੋਤ’ ਪੜ੍ਹਿਆ ਪਰ ਇਸ ਬਾਰੇ ਮੇਰੇ ਵਿਚਾਰ ਆਸ਼ਾਵਾਦੀ ਹਨ। ਸਮੱਸਿਆ ਦਾ ਹੱਲ ਤਾਂ ਗੱਲਬਾਤ ਰਾਹੀਂ ਹੀ ਨਿਕਲੇਗਾ, ਇਹ ਖੜੋਤ ਥੋੜ੍ਹਚਿਰੀ ਹੈ। ਇਕ ਤਾਂ ਕਿਸਾਨ ਅੰਦੋਲਨ ਦੋ ਜਾਂ ਤਿੰਨ ਰਾਜਾਂ ਤਕ ਸੀਮਤ ਨਹੀਂ ਰਿਹਾ। ਕਰਨਾਟਕ, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਦੇ ਕਿਸਾਨ ਨਾਲ ਜੁੜਨ ਲੱਗੇ ਹਨ। ਦੂਜਾ, ਪੰਜਾਬ ਮਿਉਂਸਿਪਲ ਚੋਣਾਂ ਵਿਚ ਬੀਜੇਪੀ ਦਾ ਜੋ ਹਸ਼ਰ ਹੋਇਆ ਹੈ, ਉਸ ਨੇ ਸਰਕਾਰ ਦੀ ਨੀਂਦ ਹਰਾਮ ਕੀਤੀ ਹੈ ਕਿਉਂਕਿ ਪੰਜਾਬ ਤੇ ਉੱਤਰ ਪ੍ਰਦੇਸ਼ ਵਿਚ ਸੂਬਾਈ ਚੋਣਾਂ ਨੇੜੇ ਹਨ। ਤੀਜਾ, ਨਿੱਤ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਆਦਿ ਨੇ ਆਮ ਜਨਤਾ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਜੋ ਕੇਂਦਰ ਦੀ ਪ੍ਰੇਸ਼ਾਨੀ ਵਿਚ ਵਾਧਾ ਕਰ ਰਹੀਆਂ ਹਨ। ਚੌਥਾ, ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਥਾਈਂ ਬੀਜੇਪੀ ਦੇ ਅੰਦਰੋਂ ਵੀ ਇਨ੍ਹਾਂ ਬਿਲਾਂ ਦੇ ਵਿਰੋਧ ਦੀਆਂ ਕਨਸੋਆਂ ਹਨ।

ਜਗਦੇਵ ਸ਼ਰਮਾ ਬੁਗਰਾ, ਧੂਰੀ


ਕਰੋਨਾ ਦਾ ਬਹਾਨਾ

19 ਫਰਵਰੀ ਨੂੰ ਸੰਪਾਦਕੀ ‘ਇਤਿਹਾਸ ਦੀ ਨਿਰਾਦਰੀ’ ਪੜ੍ਹਿਆ। ਲਿਖਿਆ ਹੈ ਕਿ ਸਿੱਖਾਂ ਦੇ ਜਥੇ ਨੂੰ ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਕੇਂਦਰ ਦੀ ਸਰਕਾਰ ਨੇ ਆਗਿਆ ਨਹੀਂ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਕਾਰਨ ਕਰੋਨਾ ਮਹਾਮਾਰੀ ਨੂੰ ਦੱਸਿਆ ਹੈ ਪਰ ਖ਼ੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਮਹੀਨੇ ਵਿਚ ਚਾਰ ਚਾਰ ਵਾਰੀ ਪੱਛਮੀ ਬੰਗਾਲ ਜਾ ਕੇ ਵੱਡੀਆਂ ਭੀੜਾਂ ਅੰਦਰ ਵਿਚਰ ਰਹੇ ਹਨ, ਉਦੋਂ ਕਰੋਨਾ ਕਿੱਥੇ ਗਿਆ ਹੁੰਦਾ ਹੈ?

ਗੁਰਨਾਮ ਸਿੰਘ, ਰੂਪਨਗਰ


ਅਸਹਿਮਤ ਆਵਾਜ਼ ਨਾਲ ਜਾਬਰਾਨਾ ਸਲੂਕ

24 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਨੇ ਆਪਣੇ ਲੇਖ ‘ਅਸੀਂ ਨਿਆਂ ਚਾਹੁੰਦੇ ਹਾਂ, ਮਾਈ ਲਾਰਡਜ਼’ ਵਿਚ ਭਾਰਤੀ ਲੋਕਤੰਤਰ ਦਾ ਅਸਲ ਚਿਹਰਾ ਦਿਖਾਇਆ ਹੈ। ਸੰਵਿਧਾਨ ਵਿਚ ਵਿਚਾਰ ਪ੍ਰਗਟ ਕਰਨ ਅਤੇ ਬੋਲਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈੱਸ ਨੂੰ ਵੀ ਪੂਰਨ ਆਜ਼ਾਦੀ ਦਿੱਤੀ ਗਈ ਹੈ। ਮੌਜੂਦਾ ਸਰਕਾਰ ਅਮਲੀ ਰੂਪ ਵਿਚ ਇਹ ਸਭ ਕੁਝ ਹੌਲੀ ਹੌਲੀ ਖ਼ਤਮ ਕਰ ਰਹੀ ਹੈ। ਹਰ ਅਸਹਿਮਤ ਆਵਾਜ਼ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਨੌਦੀਪ ਕੌਰ, ਦਿਸ਼ਾ ਰਵੀ, ਵਕੀਲ ਨਿਕਿਤਾ ਜੈਕਬ, ਇੰਜਨੀਅਰ ਸ਼ਾਤਨੂੰ, ਕਵੀ ਵਰਵਰਾ ਰਾਓ, ਪੱਤਰਕਾਰ ਸਦੀਕੀ ਕੱਪਨ, ਪਾਦਰੀ ਸਟੈਨ ਸਵਾਮੀ ਆਦਿ ਕਿੰਨੇ ਹੀ ਨਾਂ ਹਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 70ਵਿਆਂ ਦੌਰਾਨ ਐਮਰਜੈਂਸੀ ਲਗਾਈ ਸੀ ਅਤੇ 1977 ਵਿਚ ਲੋਕਾਂ ਦਾ ਗੁੱਸਾ ਜਵਾਲਾਮੁਖੀ ਬਣ ਗਿਆ ਸੀ। ਭਾਜਪਾ ਨੂੰ ਵੀ ਅਜਿਹੇ ਸਿੱਟਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਇੰਦਰਜੀਤ ਸਿੰਘ ਜੋਸ਼, ਈਮੇਲ

ਪਾਠਕਾਂ ਦੇ ਖ਼ਤ

Mar 04, 2021

ਝੰਜੋੜਦੀ ਲਿਖਤ

2 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਦਾ ਲੇਖ ‘ਘਣਛਾਵੇਂ ਬੂਟੇ’ ਪੜ੍ਹਿਆ। ਇਸ ਵਿਚ ਉਨ੍ਹਾਂ ਆਪਣੇ ਪਰਿਵਾਰ ਦੀ ਕਹਾਣੀ ਨੂੰ ਬੜੇ ਭਾਵੁਕ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ। ਇਹ ਕਹਾਣੀ ਹਰ ਪੜ੍ਹਨ ਵਾਲੇ ਨੂੰ ਝੰਜੋੜਦੀ ਹੈ। 

ਪ੍ਰਸ਼ੋਤਮ ਪੱਤੋ, ਮੋਗਾ

(2)

ਦਰਸ਼ਨ ਸਿੰਘ ਦੀ ਰਚਨਾ ‘ਘਣਛਾਵੇਂ ਬੂਟੇ’ ਪੜ੍ਹੀ; ਵਾਕਿਆ ਹੀ ਪੁੱਤਰ ਕਪੁੱਤਰ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਜਨਮ ਤੋਂ ਲੈ ਕੇ ਬੱਚੇ ਚਾਹੇ ਬੁੱਢੇ ਵੀ ਹੋ ਜਾਣ ਪਰ ਉਹ ਮਾਪਿਆਂ ਲਈ ਬੱਚੇ ਹੀ ਹੁੰਦੇ ਨੇ। ਧੀਆਂ ਪੁੱਤਰ ਭਾਵੇਂ ਮਾਪਿਆਂ ਪ੍ਰਤੀ ਇੰਨੇ ਫ਼ਿਕਰਮੰਦ ਨਾ ਹੋਣ ਪਰ ਮਾਪੇ ਤਾਂ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਹੀ ਚਾਹੁੰਦੇ ਨੇ। ਨਵੀਂ ਪੀੜ੍ਹੀ ਨੂੰ ਵੀ ਚਾਹੀਦਾ ਕਿ ਬੁਢਾਪੇ ਵਿਚ ਆਪਣੇ ਮਾਪਿਆਂ ਦੀ ਹਰ ਖੁਸ਼ੀ-ਗ਼ਮੀ ਅਤੇ ਦੁੱਖ-ਸੁੱਖ ਦਾ ਖਿਆਲ ਰੱਖਣ।

ਅਮਰਜੀਤ ਮੱਟੂ ਭਰੂਰ (ਸੰਗਰੂਰ)

ਸਰਕਾਰ ਦੀ ਜ਼ਿੱਦ

25 ਫਰਵਰੀ ਦੇ ਸੰਪਾਦਕੀ ‘ਗੱਲਬਾਤ ਵਿਚ ਖੜੋਤ’ ਸਰਕਾਰ ਅਤੇ ਕਿਸਾਨਾਂ ਵਿਚਕਾਰ 11 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਤਕ ਕੋਈ ਨਤੀਜਾ ਨਹੀਂ ਨਿਕਲਿਆ। 200 ਤੋਂ ਉੱਪਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਸਰਕਾਰ ਨੂੰ ਬਿੱਲ ਰੱਦ ਕਰ ਕੇ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਨਾਲ ਗੱਲਬਾਤ ਕਰ ਕੇ ਨਵੇਂ ਸਿਰੇ ਤੋਂ ਖੇਤੀ ਬਿੱਲ ਬਣਾਉਣੇ ਚਾਹੀਦੇ ਹਨ।

ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)

(2)

25 ਫਰਵਰੀ ਦੇ ਸੰਪਾਦਕੀ ‘ਗੱਲਬਾਤ ਵਿਚ ਖੜੋਤ’ ਵਿਚ ਕਿਸਾਨਾਂ ਅਤੇ ਸਰਕਾਰਾਂ ਦੇ ਵਿਚਕਾਰ ਹੋ ਰਹੀਆਂ ਮੀਟਿੰਗਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਗੱਲਬਾਤ ਹੀ ਕਿਸੇ ਮਸਲੇ ਨੂੰ ਸੁਲਝਾਉਣ ਦਾ ਜ਼ਰੀਆ ਹੁੰਦਾ ਹੈ ਪਰ ਸਰਕਾਰ ਦੀ ਪਹੁੰਚ ਲੋਕ ਵਿਰੋਧੀ ਹੈ। 24 ਫਰਵਰੀ ਦੇ ਸੰਪਾਦਕੀ ‘ਪ੍ਰੈੱਸ ਦੀ ਆਜ਼ਾਦੀ’ ਵਿਚ ਅਹਿਮ ਮਸਲਾ ਉਠਾਇਆ ਗਿਆ ਹੈ। 

ਨਵਜੀਤ ਕੌਰ, ਸੰਦੌੜ (ਸੰਗਰੂਰ)

ਦਿਲਚਸਪ ਮਿਡਲ

24 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਛਪਿਆ ਮਿਡਲ ‘ਨੌਕਰੀਸ਼ੁਦਾ ਬੇਰੁਜ਼ਗਾਰ’ ਬੜਾ ਹੀ ਦਿਲਚਸਪ ਲੱਗਿਆ ਅਤੇ ਨਾਲ ਹੀ ਇਹ ਸਿੱਖਣ ਨੂੰ ਮਿਲਿਆ ਕਿ ਸਾਨੂੰ ਕੋਸ਼ਿਸ਼ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਖ਼ੁਦ ਨੂੰ ਬਿਹਤਰ ਬਣਾਉਣਾ ਸਾਡੇ ਹੱਥ ਵਿਚ ਹੁੰਦਾ ਹੈ।

ਲਵਨੀਤ ਵਸ਼ਿਸ਼ਠ, ਮੋਰਿੰਡਾ

ਅਦਾਲਤਾਂ ਦੀ ਇੱਛਾ ਸ਼ਕਤੀ

24 ਫਰਵਰੀ ਦੇ ਅੰਕ ’ਚ ਸਵਰਾਜਬੀਰ ਦੇ ਲੇਖ ‘ਅਸੀਂ ਨਿਆਂ ਚਾਹੁੰਦੇ ਹਾਂ, ਮਾਈ ਲਾਰਡਜ਼’ ਵਿਚ ਮੋਦੀ ਹਕੂਮਤ ਦੇ ਜਬਰ ਦਾ ਸ਼ਿਕਾਰ ਬਣੇ ਬੇਗੁਨਾਹ ਸਮਾਜਿਕ ਕਾਰਕੁਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਨਿਆਂਪਾਲਿਕਾ ਨੂੰ ਆਪਣੀ ਸਹੀ ਜ਼ਿੰਮੇਵਾਰੀ ਨਿਭਾਉਣ ਦੀ ਹਾਕ ਮਾਰੀ ਗਈ ਹੈ। ਪਿਛਲੇ ਸੱਤ ਸਾਲਾਂ ਤੋਂ ਆਰਐੱਸਐੱਸ ਦੇ ਦਬਾਅ ਹੇਠ ਮੋਦੀ ਹਕੂਮਤ ਅਤੇ ਭਾਜਪਾ ਨੇ ਆਪਣੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਅਤੇ ਕਲਮ ਉੱਤੇ ਦੇਸ਼-ਧ੍ਰੋਹ ਦੇ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਜ਼ਬਾਨਬੰਦੀ ਅਤੇ ਜੇਲ੍ਹਬੰਦੀ ਕਰਨ ਦੀ ਨੀਤੀ ਅਖ਼ਤਿਆਰ ਕੀਤੀ ਹੋਈ ਹੈ ਪਰ ਅਫ਼ਸੋਸ ਕਿ ਵੱਖ ਵੱਖ ਪੱਧਰ ਦੀਆਂ ਅਦਾਲਤਾਂ ਇਨ੍ਹਾਂ ਜ਼ਿਆਦਤੀਆਂ ਖ਼ਿਲਾਫ਼ ਕੋਈ ਸਖ਼ਤ ਫ਼ੈਸਲੇ ਕਰਨ ਦੀ ਇੱਛਾ ਸ਼ਕਤੀ ਨਹੀਂ ਦਿਖਾ ਰਹੀਆਂ। 

ਦਮਨਜੀਤ ਕੌਰ, ਅੰਮ੍ਰਿਤਸਰ

ਝੂਠ ਦੀ ਏਜੰਸੀ

6 ਫਰਵਰੀ ਦਾ ਸੰਪਾਦਕੀ ‘ਸੰਸਦ ਵਿਚ ਕਿਸਾਨ ਮਸਲੇ’ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੋਦੀ ਸਰਕਾਰ ਕੋਲ ਝੂਠ ਦੀ ਏਜੰਸੀ ਹੋਵੇ, ਜਿੱਥੇ ਝੂਠ ਤੋਂ ਬਿਨਾਂ ਕੁਝ ਹੋਰ ਮਿਲਦਾ ਹੀ ਨਹੀਂ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਰਾਜ ਸਭਾ ਵਿਚ ਦਿੱਤਾ ਬਿਆਨ ਕੋਰਾ ਝੂਠ ਹੈ ਕਿ ਕਿਸਾਨ ਅੰਦੋਲਨ ਇਕ ਰਾਜ ਤਕ ਸੀਮਤ ਹੈ ਅਤੇ ਕਿਸਾਨ ਆਗੂ ਦੋ ਮਹੀਨਿਆਂ ਵਿਚ ਖੇਤੀ ਕਾਨੂੰਨਾਂ ਵਿਚ ਇਕ ਵੀ ਕਮੀ ਨਹੀਂ ਦੱਸ ਸਕੇ ਜਦੋਂ ਕਿ ਭਾਰਤ ਹੀ ਨਹੀਂ, ਵਿਦੇਸ਼ਾਂ ਤਕ ਪਤਾ ਹੈ ਕਿ ਕਿਸਾਨ ਅੰਦੋਲਨ ਪੂਰੇ ਭਾਰਤ ਵਿਚ ਫੈਲ ਚੁੱਕਾ ਹੈ। ਕਿਸਾਨ ਆਗੂਆਂ ਨੇ ਖੇਤੀ ਮੰਤਰੀ ਅਤੇ ਇਸ ਦੇ ਸਹਿਯੋਗੀਆਂ ਨਾਲ ਹੋਈਆਂ ਬੈਠਕਾਂ ਵਿਚ ਇਨ੍ਹਾਂ ਕਾਨੂੰਨਾਂ ਤੋਂ ਕਿਸਾਨ ਅਤੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾ ਕੇ ਸਰਕਾਰ ਨੂੰ ਲਾਜਵਾਬ ਕੀਤਾ ਹੈ। ਮੋਦੀ ਸਰਕਾਰ ਦਾ ਮੁੱਢ ਹੀ ਝੂਠੇ ਲਾਰਿਆਂ ਨਾਲ ਬੰਨ੍ਹਿਆ ਗਿਆ ਸੀ, ਜੋ ਅੱਜ ਤਕ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਲਈ ਜਾਰੀ ਹੈ।

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)

ਸਰਕਾਰ ਦੇ ਕਾਰਨਾਮੇ

2 ਮਾਰਚ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਕਿਸਾਨ ਅੰਦੋਲਨ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ’ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਦੀ ਮਨੁੱਖੀ ਹੱਕਾਂ ਦੀ ਉਲੰਘਣਾ ਦੀਆਂ ਕਾਰਵਾਈਆਂ ਬਿਆਨ ਕਰਦਾ ਹੈ। ਸਰਕਾਰ ਇਹ ਕਾਰਨਾਮੇ ਕਰਨ ਵਕਤ ਯੂਐੱਨਓ ਦੇ ਮਨੁੱਖੀ ਹੱਕਾਂ ਦੇ ਐਲਾਨਨਾਮੇ ਅਤੇ ਭਾਰਤੀ ਸੰਵਿਧਾਨ ਦੀ ਮੂਲ ਧਾਰਨਾ ਨੂੰ ਛਿੱਕੇ ਟੰਗ ਰਹੀ ਹੈ। ਇਹ ਵੀ ਦੁਖਦਾਈ ਹੈ ਕਿ ਭਾਰਤੀ ਲੋਕ ਮਨੁੱਖੀ ਹੱਕਾਂ ਦੀ ਰਾਖੀ ਲਈ ਕੋਈ ਖ਼ਾਸ ਉਤਸ਼ਾਹ ਨਹੀਂ ਦਿਖਾ ਰਹੇ, ਕਈ ਤਾਂ ਸਰਕਾਰ ਦੀ ਪਿੱਠ ਥਾਪੜ ਰਹੇ ਹਨ।

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)

ਪਾਠਕਾਂ ਦੇ ਖ਼ਤ

Mar 02, 2021

ਅਸਫ਼ਲ ਪਿਆਰ ਦੀ ਦਾਸਤਾਨ

ਸੁੱਚੇ ਜਜ਼ਬਿਆਂ ਦੀ ਦਾਸਤਾਨ ਸਮੁੰਦਰੋਂ ਡੂੰਘੀ ਹੁੰਦੀ ਹੈ ਪਰ ਅਸਫ਼ਲ ਮੁਹੱਬਤ ਦੀ ਕਹਾਣੀ ਉਸ ਤੋਂ ਵੀ ਕਿਤੇ ਡੂੰਘੀ, ਪਿਆਰੀ, ਗੁੰਝਲਦਾਰ ਅਤੇ ਕਿਤੇ ਦਰਦਨਾਕ ਹੋ ਸਕਦੀ ਹੈ। ਪਹਿਲੀ ਮਾਰਚ ਨੂੰ ਪਰਵਾਜ਼ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦੀ ਰਚਨਾ ‘ਲਵ ਜਹਾਦ : ਖ਼ੂਬਸੂਰਤੀ ਤੇ ਤੜਪ’ ਵਿਚ ਇਨ੍ਹਾਂ ਸਾਰੇ ਤੱਤਾਂ ਨੂੰ ਜਿਊਂਦੇ ਜਾਗਦੇ ਕਰ ਦਿੱਤਾ ਹੈ। ਇਕ ਹੋਰ ਗੱਲ ਜੋ ਇਹ ਰਚਨਾ ਹੈਰਾਨੀ, ਦੁੱਖ ਅਤੇ ਅਫ਼ਸੋਸ ਦੇ ਰਲੇ ਮਿਲੇ ਪ੍ਰਭਾਵ ਛੱਡਦੀ ਹੈ ਕਿ ਦੋ ਧਰਮਾਂ ਨੂੰ ਮੰਨਣ ਵਾਲਿਆਂ ਵਿਚਕਾਰ ਇਸ਼ਕ ਦੀ ਪ੍ਰਵਾਨਗੀ ਉੱਚੀਆਂ ਤੋਂ ਉੱਚੀਆਂ ਪਦਵੀਆਂ ’ਤੇ ਸੁਸ਼ੋਭਿਤ ਨਾ ਹੀ ਉਦਾਰਵਾਦ ਜਵਾਹਰ ਲਾਲ ਨਹਿਰੂ ਅਤੇ ਨਾ ਹੀ ਮਹਾਤਮਾ ਦੇ ਰੁਤਬੇ ਨਾਲ ਨਿਵਾਜੇ ਗਾਂਧੀ ਜੀ ਨੂੰ ਪ੍ਰਵਾਨ ਸੀ। ਲੇਖਕ ਐਨਐਸ ਵਿਨੋਦ ਦੀ ਖੋਜ ਭਰਪੂਰ ਕਿਤਾਬ ਉੱਤੇ ਆਧਾਰਿਤ ਇਹ ਰਚਨਾ ਇਹ ਦੱਸਣ ਵਿਚ ਵੀ ਸਫ਼ਲ ਹੋਈ ਹੈ ਕਿ ਅਸਫ਼ਲ ਪਿਆਰ ਦੀ ਯਾਦ ਦਾ ਸਫ਼ਰ ਪਿਆਰ ਕਰਨ ਵਾਲਿਆਂ ਦੀਆਂ ਕਬਰਾਂ ਤਕ ਜਾ ਕੇ ਮੁੱਕਦਾ ਹੈ।

ਕਰਮਜੀਤ ਸਿੰਘ, ਈਮੇਲ


ਪੰਜਾਬ ਦਾ ਇਤਿਹਾਸਕ ਮੁਕਾਮ

25 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਗੁਰਬੀਰ ਸਿੰਘ ਦਾ ਲੇਖ ‘ਪੰਜਾਬ : ਇਕ ਇਤਿਹਾਸਕ ਮੁਕਾਮ ’ਤੇ’ ਪੜ੍ਹਿਆ। ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਰ ਜੁਝਾਰੂ ਸ਼ਖ਼ਸ ਲਈ ਇਤਿਹਾਸਕ ਪਿੱਠ ਭੂਮੀ ਵਿਚੋਂ ‘ਪਗੜੀ ਸੰਭਾਲ ਜੱਟਾ ਲਹਿਰ’ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਆਪਣਾ ਸਭ ਕੁਝ ਅਰਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਡਾ. ਮਹਿੰਦਰ ਸਿੰਘ ਰੰਧਾਵਾ, ਸਰ ਛੋਟੂ ਰਾਮ ਤੇ ਜਸਟਿਸ ਗੁਰਨਾਮ ਸਿੰਘ ਦੇ ਕੀਤੇ ਕੰਮਾਂ ਰਾਹੀਂ ਸੰਘਰਸ਼ੀ ਲੋਕਾਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਿਆ ਗਿਆ ਹੈ। ਹਰ ਜੁਝਾਰੂ ਬਾਸ਼ਿੰਦੇ ਨੂੰ ਇਸ ਅੰਦੋਲਨ ਦੀ ਤਨੋ, ਮਨੋ, ਧਨੋ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਅਸੀਂ ਇਸ ਲੋਕ ਅੰਦੋਲਨ ਨੂੰ ਇਤਿਹਾਸ ਦਾ ਸਦੀਵੀ ਹਿੱਸਾ ਬਣਾ ਕੇ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣਾ ਸਕੀਏ।

ਸਰਬਜੀਤ ਸਿੰਘ ਜੀਦਾ, ਈਮੇਲ


ਔਰਤ ਦਾ ਸਨਮਾਨ

25 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਮੁਆਫ਼ ਕਰੀਂ’ ਪੜ੍ਹਿਆ ਜਿਸ ਵਿਚ ਔਰਤ ਦੇ ਸਨਮਾਨ ਬਾਰੇ ਚਾਨਣਾ ਪਾਇਆ ਗਿਆ ਹੈ। ਲੇਖਕ ਦੇ ਵਿਚਾਰ ਅਨੁਸਾਰ ਸਮੇਂ ਦੇ ਇੰਨਾ ਬਦਲਣ ਦੇ ਬਾਵਜੂਦ ਔਰਤ ਨੂੰ ਇੰਨਾ ਮਾਣ-ਸਨਮਾਨ ਨਹੀਂ ਮਿਲਿਆ, ਜਿੰਨਾ ਮਿਲਣਾ ਚਾਹੀਦਾ ਹੈ। ਔਰਤ ਦੇ ਇੰਨਾ ਪੜ੍ਹ-ਲਿਖ ਜਾਣ ਦੇ ਬਾਵਜੂਦ ਉਸ ਨੂੰ ਸਮਾਜ ਵਿਚ ਬਣਦੀ ਜਗ੍ਹਾ ਨਹੀਂ ਦਿੱਤੀ ਗਈ।

ਚੇਤਨਾ ਸ਼ਰਮਾ, ਮਾਨਸਾ


ਕਿਸ਼ਨਗੜ੍ਹ ਵਾਲੀ ਘਟਨਾ ਦੀ ਹਕੀਕਤ

ਚਰਨਜੀਤ ਭੁੱਲਰ ਦਾ ‘ਵਿਚਲੀ ਗੱਲ’ ਵਾਲਾ ਲੇਖ ‘ਏਹ ਪਿੰਡ ਨਗੌਰੀ’ (22 ਫਰਵਰੀ ਪੰਨਾ 2) ਪੜ੍ਹਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਜਿਹੜਾ ਮੁਜਾਰਾ ਲਹਿਰ ਦਾ ਕੇਂਦਰ ਸੀ, ਵਿਚ ਬੰਬਾਰੀ ਅੰਗਰੇਜ਼ ਹਕੂਮਤ ਨੇ ਨਹੀਂ ਕੀਤੀ ਸੀ। ਪਿੰਡ ਕਿਸ਼ਨਗੜ੍ਹ ਵਿਚ ਬੰਬਾਰੀ ਆਜ਼ਾਦ ਭਾਰਤ ਦੀ ਸਰਕਾਰ ਨੇ ਕੀਤੀ ਸੀ ਅਤੇ ਆਜ਼ਾਦ ਭਾਰਤ ਦਾ ਪਹਿਲਾ ਮਾਰਸ਼ਲ ਲਾਅ ਪਿੰਡ ਕਿਸ਼ਨਗੜ੍ਹ ਵਿਚ 19 ਮਾਰਚ 1953 ਲਗਾਇਆ ਗਿਆ ਸੀ। ਪਿੰਡ ਦੇ ਬਿਸਵੇਦਾਰ ਦੀ ਹਮਾਇਤ ਵਿਚ ਫ਼ੌਜ ਨੇ ਗੋਲੀਬਾਰੀ ਕਰ ਕੇ ਚਾਰ ਕਿਸਾਨ ਮਾਰ ਦਿੱਤੇ ਸਨ। ਉੱਥੇ ਲਾਲ ਕਮਿਊਨਿਸਟ ਪਾਰਟੀ ਆ਼ਫ਼ ਇੰਡੀਆ ਦੇ ਦੋ ਆਗੂ ਕਪੂਰ ਸਿੰਘ ਬੀਰੋਕੇ ਅਤੇ ਰਾਮ ਸਿੰਘ ਬਾਗੀ ਵੀ ਫੌਤ ਹੋ ਗਏ। ਪਿੰਡ ਨੂੰ ਬਖ਼ਤਰਬੰਦ ਗੱਡੀਆਂ ਨਾਲ ਮਲੀਆਮੇਟ ਕਰ ਦਿੱਤਾ ਗਿਆ ਸੀ।

ਜਗਤਾਰ ਸਿੰਘ, ਈਮੇਲ


ਪ੍ਰੇਰਨਾ ਵਾਲੀ ਰਚਨਾ

20 ਫਰਵਰੀ ਦੇ ਸਤਰੰਗ ਅੰਕ ਵਿਚ ਗੋਵਰਧਨ ਗੱਬੀ ਦਾ ਲੇਖ ‘ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ’ ਪ੍ਰੇਰਨਾ ਵਾਲੀ ਰਚਨਾ ਹੈ। ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈ ਕੇ ਜਿਵੇਂ ਮਾਨਿਆ ਸਿੰਘ ਭਾਵੇਂ ਦੂਜੇ ਨੰਬਰ ’ਤੇ ਆਈ ਪਰ ਉਸ ਦਾ ਜੀਵਨ ਬੜਾ ਸੰਘਰਸ਼ ਵਾਲਾ ਰਿਹਾ। ਕਿਵੇਂ ਉਸ ਨੇ ਬਚਪਨ ਵਿਚ ਹੀ ਤੰਗੀਆਂ-ਤੁਰਸ਼ੀਆਂ, ਗ਼ਰੀਬੀ ਨਾਲ ਜੂਝਦਿਆਂ ਲੋਕਾਂ ਦੇ ਜੂਠੇ ਬਰਤਨ ਵੀ ਸਾਫ਼ ਕੀਤੇ ਪਰ ਹਾਰ ਨਹੀਂ ਮੰਨੀ ਅਤੇ ਅੱਗੇ ਵਧਣ ਲਈ ਉਸ ਨੇ ਪਾਰਟ ਟਾਈਮ ਨੌਕਰੀ ਵੀ ਕੀਤੀ। ਉਸ ਨੇ ਆਪਣੇ ਸੁਪਨੇ ਸਾਕਾਰ ਕਰਨ ਲਈ ਕੀ ਕੀ ਪਾਪੜ ਵੇਲੇ, ਇਹ ਰਚਨਾ ਉਸ ਦੀ ਕਹਾਣੀ ਬਿਆਨ ਕਰਦੀ ਹੈ।

ਗੋਵਿੰਦਰ ਜੱਸਲ, ਸੰਗਰੂਰ


ਜਮਾਤਾਂ ਦੇ ਨਾਮ ਬਦਲੇ !

27 ਫਰਵਰੀ ਨੂੰ ਪੰਨਾ ਨੰਬਰ 2 ’ਤੇ ਖ਼ਬਰ ਛਪੀ ਹੈ ਕਿ ‘ਪੰਜਾਬ ਵਿਚ ਪ੍ਰੀ-ਪ੍ਰਾਇਮਰੀ-1 ਦਾ ਨਾਮ ਬਦਲ ਕੇ ਐੱਲਕੇਜੀ ਅਤੇ ਪ੍ਰੀ-ਪ੍ਰਾਇਮਰੀ-2 ਦਾ ਬਦਲ ਕੇ ਯੂਕੇਜੀ ਰੱਖ ਦਿੱਤਾ ਹੈ। ਪਹਿਲਾਂ ਵੀ ਅੰਗਰੇਜ਼ੀ ਨਾਮ ਸੀ, ਹੁਣ ਸੋਧ ਕੇ ਵੀ ਅੰਗਰੇਜ਼ੀ ਨਾਮ ! ਸਾਡੇ ਵਕਤ ਇਨ੍ਹਾਂ ਕਲਾਸਾਂ ਦੇ ਨਾਮ ਕੱਚੀ ਅਤੇ ਪੱਕੀ ਹੁੰਦੇ ਸਨ। ਫਿਰ ਪਹਿਲੀ ਦੂਜੀ ਤੀਜੀ ਜਮਾਤ ਸ਼ੁਰੂ ਹੁੰਦੀ। ਪੰਜਾਬੀ ਦੇ ਇਹ ਪੁਰਾਣੇ ਸ਼ਬਦ ਘਟੀਆ ਲੱਗੇ? ਜਮਾਤਾਂ ਦੇ ਨਾਮ ਅੰਗਰੇਜ਼ੀ ਵਿਚ ਰੱਖਣ ਨਾਲ ਬੱਚੇ ਅੰਗਰੇਜ਼ ਹੋ ਜਾਣਗੇ? ਅਧਿਆਪਕਾਂ ਵਿਚੋਂ ਹੀਣਤਾ ਭਾਵ ਨਹੀਂ ਨਿਕਲ ਰਿਹਾ, ਬੱਚਿਆਂ ਵਿਚੋਂ ਕਿਵੇਂ ਕੱਢੋਗੇ?

ਡਾ. ਹਰਪਾਲ ਸਿੰਘ ਪੰਨੂ, ਬਠਿੰਡਾ