ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

Jun 25, 2022

ਲੋਕਤੰਤਰ ਦਾ ਮਜ਼ਾਕ

24 ਜੂਨ ਨੂੰ ਪਹਿਲੇ ਸਫ਼ੇ ਦੀ ਸੁਰਖ਼ੀ ਪੜ੍ਹੀ। ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਊਧਵ ਠਾਕਰੇ ਸਰਕਾਰ ਨਾਲ ਸਬੰਧਿਤ ਵਿਧਾਇਕ ਬਾਗੀ ਨੇਤਾ ਏਕਨਾਥ ਸ਼ਿੰਦੇ ਦੇ ਨਾਲ ਕਿਸੇ ਪਾਰਟੀ ਦੇ ਉਕਸਾਵੇ ਵਿਚ ਅਸਾਮ ਵਿਚ ਰਹਿ ਰਹੇ ਹਨ, ਉਹ ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਤੁੱਲ ਹੈ। ਪਾਰਟੀ ਤੋਂ ਟੁੱਟਣ ਵਾਲੇ ਵਿਧਾਇਕਾਂ ਨੂੰ ਪਤਾ ਨਹੀਂ ਕੀ ਲਾਲਚ ਦਿੱਤਾ ਹੋਵੇਗਾ! ਇਹ ਵੋਟਰਾਂ ਨਾਲ ਵੀ ਧੋਖਾ ਹੈ। ਇਸ ਲਈ ਹੁਣ ਮਹਾਰਾਸ਼ਟਰ ਵਿਧਾਨ ਸਭਾ ਭੰਗ ਕਰਕੇ ਨਵੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।

ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)

ਜ਼ਮੀਨਾਂ ਦੱਬਣ ਵਾਲੇ

24 ਜੂਨ ਦੀ ਅਖ਼ਬਾਰ ਵਿਚ ਬਿਲਡਰਾਂ ਵੱਲੋਂ ਪੰਚਾਇਤ ਦੀਆਂ ਜ਼ਮੀਨਾਂ, ਸਰਕਾਰੀ ਰਸਤੇ, ਖਾਲ ਆਦਿ ਦੱਬਣ ਦੀ ਖ਼ਬਰ ਪੜ੍ਹੀ। ਬਹੁਤ ਥਾਵਾਂ ’ਤੇ ਕਲੋਨੀਆਂ ਅਤੇ ਸੁਸਾਇਟੀਆਂ ਦੇ ਫਲੈਟ ਵਿਕਣ ਤੋਂ ਬਾਅਦ ਰਸਤੇ ਸਿਰਫ਼ ਗਿਆਰਾਂ ਫੁੱਟ ਜਾਂ ਇਸ ਤੋਂ ਕੁਝ ਵੱਧ ਦੇ ਰਹਿ ਗਏ ਹਨ। ਬਿਲਡਰਾਂ ਅਤੇ ਵਿਭਾਗਾਂ ਨੇ ਰਲਮਿਲ ਕੇ ਸਰਕਾਰ ਦੇ ਖ਼ਜ਼ਾਨੇ ਅਤੇ ਲੋਕਾਂ ਨੂੰ ਲੁੱਟਿਆ ਹੈ। ਸ਼ਿਵਾਲਿਕ ਇਨਕਲੇਵ ਦੇ ਲੋਕ ਅੱਠ ਸਾਲਾਂ ਤੋਂ ਕਲੋਨੀ ਦੇ ਰਸਤੇ ਲਈ ਧੱਕੇ ਖਾ ਰਹੇ ਹਨ। ਬਿਲਡਰ ਨੇ ਪਾਸ ਨਕਸ਼ੇ, ਪਲਾਟ ਕੱਟੇ ਹੋਏ, ਵੇਚੇ ਹੋਏ ਸਨ। ਲਾਂਡਰਾਂ ਖਰੜ ਰੋਡ ਨੂੰ ਜੋੜਦੀ ਕਲੋਨੀ ਦੀ ਸੜਕ ਵੀ ਇਸ ਜ਼ਮੀਨ ਤਾਬਦਲੇ ਵਿਚ ਦੇ ਦਿੱਤੀ। ਕਲੋਨੀ ਕੋਲ ਇਸ ਵੇਲੇ ਕੋਈ ਸੜਕ ਨਹੀਂ ਹੈ। ਅਜਿਹੀਆਂ ਬਹੁਤ ਸਾਰੀਆਂ ਕਲੋਨੀਆਂ ਹੋਰ ਵੀ ਹੋਣਗੀਆਂ। ਸਰਕਾਰ ਨੂੰ ਅਜਿਹੇ ਬਿਲਡਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

ਬੁਲਡੋਜ਼ਰ ਸਿਆਸਤ

17 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲਖ ‘ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ’ ਪੜ੍ਹਿਆ। ਲੇਖ ਦੀਆਂ ਪਹਿਲੀਆਂ ਸਤਰਾਂ ਵਿਚ ਯੋਗੀ ਆਦਿਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤੁੰਜਯ ਕੁਮਾਰ ਦੇ ਟਵੀਟ ‘ਦੰਗਈ ਯਾਦ ਰੱਖਣ, ਹਰ ਸ਼ੁੱਕਰਵਾਰ ਦੇ ਬਾਅਦ ਸ਼ਨਿਚਰਵਾਰ ਜ਼ਰੂਰ ਆਉਂਦਾ ਹੈ’ ਦਾ ਜ਼ਿਕਰ ਹੈ। ਸਪੱਸ਼ਟ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਟਿੱਪਣੀ ਵਿਰੁੱਧ ਸ਼ੁਕਰਵਾਰ 10 ਜੂਨ ਨੂੰ ਕਾਨਪੁਰ, ਸਹਾਰਨਪੁਰ, ਪ੍ਰਯਾਗਰਾਜ ਆਦਿ ਸ਼ਹਿਰਾਂ ਵਿਚ ਹੋਈ ਹਿੰਸਾ ਤੋਂ ਬਾਅਦ ਸ਼ਨਿਚਰਵਾਰ ਬੁਲਡੋਜ਼ਰ ਹਰਕਤ ਵਿਚ ਆਏ। ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਸਰਕਾਰੀ ਬੁਲਡੋਜ਼ਰ ਆਉਂਦੇ ਹਨ ਅਤੇ ਕਥਿਤ ਤੌਰ ’ਤੇ ਦੰਗਾ ਭੜਕਾਉਣ ਵਾਲੇ ਮੁਸਲਮਾਨਾਂ ਦੇ ਘਰ ਢਾਹੇ ਜਾਂਦੇ ਹਨ। ਅਜਿਹਾ ਤੁਰਤ-ਫੁਰਤ ਨਿਆਂ ਸਿਰਫ਼ ਉੱਤਰ ਪ੍ਰਦੇਸ਼ ਵਿਚ ਹੀ ਨਹੀਂ ਕੀਤਾ ਜਾ ਰਿਹਾ ਬਲਕਿ ਮੱਧ ਪ੍ਰਦੇਸ਼ ਦੇ ਖਾਰਗੋਨ, ਗੁਜਰਾਤ ਦੇ ਹਿੰਮਤ ਨਗਰ, ਦਿੱਲੀ ਦੇ ਜਹਾਂਗੀਰਪੁਰੀ ਆਦਿਕ ਕਈ ਥਾਵਾਂ ’ਤੇ ਹੁੰਦਾ ਪਹਿਲਾਂ ਦੇਖਿਆ ਜਾ ਚੁੱਕਾ ਹੈ। ਭਾਰਤ ਦੀ

ਵਰਤਮਾਨ ਸਥਿਤੀ ਬਾਰੇ ਬੇਬਾਕ ਨਜ਼ਰੀਆ ਪੇਸ਼ ਕਰਦਿਆਂ ਅਖ਼ੀਰ ਵਿਚ ਬਹੁਤ ਕੀਮਤੀ ਵਿਚਾਰਧਾਰਾ ਸਾਂਝੀ ਕੀਤੀ ਹੈ ਕਿ ਕਿਸੇ ਧਰਮ ਦੀ ਉੱਤਮਤਾ ਦੂਸਰੇ ਧਰਮਾਂ ਦੇ ਵਿਰੋਧ ’ਚੋਂ ਜਨਮ ਨਹੀਂ ਲੈਂਦੀ।

ਰਸ਼ਪਾਲ ਸਿੰਘ, ਈਮੇਲ

(2)

ਬੁਲਡੋਜ਼ਰ ਸਿਆਸਤ ਬਾਰੇ ਸਵਰਾਜਬੀਰ ਦਾ ਲੇਖ ਪੜ੍ਹਿਆ। ਇਨਸਾਨ ਪਾਸ ਇਕ ਉਸਦਾ ਘਰ ਹੀ ਹੁੰਦਾ ਹੈ ਜਿੱਥੇ ਉਹ ਸਕੂਨ ਨਾਲ ਆਪਣੇ ਪਰਿਵਾਰ ਸੰਗ ਉੱਠ-ਬਹਿ, ਖਾ-ਪੀ ਅਤੇ ਅਰਾਮ ਨਾਲ ਸੌਂ ਸਕਦਾ ਹੈ। ਤੀਲਾ ਤੀਲਾ ਜੋੜਿਆ ਇਹ ਘਰ ਹੀ ਉਸ ਦੀ ਜਾਇਦਾਦ ਹੁੰਦਾ ਹੈ। ਤੇ ਜਦ ਸੱਤਾ ਹੀ ਬੁਲਡੋਜ਼ਰ ਲਿਆ ਕੇ ਉਸ ਦੇ ਘਰ ਨੂੰ ਮਿੱਟੀ ਦੇ ਢੇਰ ਵਿਚ ਬਦਲ ਦੇਵੇ ਤਾਂ ਇਸ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਹੈ? ਬੁਲਡੋਜ਼ਰ ਜਿਸ ਨੂੰ ਸਿਰਫ਼ ਇਮਾਰਤਾਂ, ਪੁਲਾਂ, ਨਹਿਰਾਂ, ਡੈਮਾਂ ਆਦਿ ਦੀ ਉਸਾਰੀ ਵਿਚ ਵਰਤਿਆ ਜਾਂਦਾ ਹੈ ਪਰ ਇੱਥੇ ਸਿਰਫ਼ ਆਪਣੀ ਨਫ਼ਰਤ, ਹੰਕਾਰ ਨੂੰ ਪੱਠੇ ਪਾਉਣ ਲਈ ਕਿਸੇ ਦੀਆਂ ਭਾਵਨਾਵਾਂ ਸੁਪਨਿਆਂ ਨੂੰ ਕੁਚਲ ਕੇ ਰੱਖ ਦੇਣਾ ਕਿੱਧਰ ਦੀ ਸਿਆਣਪ ਹੈ? ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਜੇ ਹਿੰਸਾ ਨਾਲੋਂ ਮਿਲ-ਬਹਿ ਕੇ ਵਿਚਾਰਿਆ ਜਾਵੇ ਤਾਂ ਇਹ ਸੋਭਾ ਵਾਲੀ ਗੱਲ ਹੋਵੇਗੀ।

ਜਸਬੀਰ ਕੌਰ, ਅੰਮ੍ਰਿਤਸਰ

ਇੱਛਾ ਸ਼ਕਤੀ

21 ਜੂਨ ਨੂੰ ਹਰਦੇਵ ਸਿੰਘ ਸੁੱਖਗੜ੍ਹ ਦਾ ਲੇਖ ‘ਔਖਾ ਸਮਾਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ’ਚ ਔਖੇ ਤੋਂ ਔਖੇ ਸਮੇਂ ਨੂੰ ਇੱਛਾ ਸ਼ਕਤੀ ਨਾਲ ਸਰ ਕੀਤਾ ਜਾ ਸਕਦਾ ਹੈ। ਬਿਮਾਰੀ ਦੀ ਹਾਲਤ ਵਿਚ ਸਾਨੂੰ ਸਾਡੇ ਜੀਵਨ ਵਿਚ ਬਹੁਤ ਸਾਰੇ ਘੜੰਮ ਚੌਧਰੀ ਅਤੇ ਮੁਫ਼ਤ ਦੇ ਸਲਾਹਕਾਰ ਵੀ ਮਿਲ ਜਾਂਦੇ ਹਨ ਪਰ ਆਪਣੇ ਡਾਕਟਰ ਦੀ ਸਲਾਹ ਤੇ ਆਪਣੀ ਸਹੀ ਸੋਚ ਸ਼ਕਤੀ ਸਾਨੂੰ ਖ਼ਤਰਨਾਕ ਤੋਂ ਖ਼ਤਰਨਾਕ ਬਿਮਾਰੀ ਤੋਂ ਵੀ ਬਾਹਰ ਕੱਢ ਸਕਦੀ ਹੈ।

ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

ਸ਼ਿਮਲੇ ਦੀ ਗੇੜੀ

17 ਜੂਨ ਨੂੰ ਅਮਰਬੀਰ ਸਿਘ ਚੀਮਾ ਦਾ ਲੇਖ ‘ਸ਼ਿਮਲੇ ਦੀ ਸੈਰ’ ਪੜ੍ਹ ਕੇ ਸੱਚਮੁੱਚ ਹੀ ਮਨ ਸ਼ਿਮਲੇ ਦੀ ਗੇੜੀ ਲਾ ਆਇਆ। ਲੇਖਕ ਨੇ ਭਾਵੇਂ ਸਾਲ ਦਾ ਵਰਨਣ ਨਹੀਂ ਕੀਤਾ ਪਰ ਲੇਖਣੀ ਦੇ ਹਿਸਾਬ ਨਾਲ 15-16 ਸਾਲ ਪੁਰਾਣੀਆਂ ਗੱਲਾਂ ਲੱਗਦੀਆਂ ਹਨ, ਕਿਉਂਕਿ ਅੱਜਕੱਲ੍ਹ ਅਜਿਹੇ ਮਾਮੇ ਕਿੱਥੇ ਲੱਭਦੇ ਹਨ?

ਜੋਧਦੀਪ ਵਿਰਕ, ਗੋਰਾਇਆ

ਯੂਨੀਵਰਸਿਟੀਆਂ ਅਤੇ ਸਿੱਖਿਆ ਨੀਤੀ

21 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬ ਯੂਨੀਵਰਸਿਟੀ ਚੌਰਾਹੇ ’ਤੇ ਕਿਉਂ’ ਪੜ੍ਹਿਆ। ਲੇਖਕ ਯੂਨੀਵਰਸਿਟੀ ਦੇ ਮਕਸਦ, ਸੰਚਾਲਨ ਅਤੇ ਮਿਆਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦਾ ਹੈ। ਜਾਪਦਾ ਹੈ, ਆਜ਼ਾਦੀ ਮਿਲਦਿਆਂ ਹੀ ਵਿਦਵਾਨ ਡਾ. ਰਾਧਾਕ੍ਰਿਸ਼ਨਨ ਦਾ ਕਥਨ ਵਿਸਾਰ ਦਿੱਤਾ ਗਿਆ ਅਤੇ ਹਰ ਸਿਆਸੀ ਪਾਰਟੀ ਨੇ ਆਪਣੇ ਆਪ ਨੂੰ ਯੂਨੀਵਰਸਿਟੀ ਵਿਚ ਘੁਸਣ ਦਾ ਰਾਹ ਲੱਭ ਲਿਆ। ਨਵੀਂ ਸਿੱਖਿਆ ਨੀਤੀ ਤਾਂ ਸਿਆਸੀ ਦਖ਼ਲਅੰਦਾਜ਼ੀ ਲਈ ਰਾਹ ਮੋਕਲਾ ਕਰਦੀ ਹੈ। ਕੋਈ ਵੀ ਸਿਆਸੀ ਵਿਚਾਰਧਾਰਾ ਯੂਨੀਵਰਸਿਟੀ ਦੇ ਕਾਰਜ ਅਤੇ ਖੋਜ-ਪੱਤਰ ਨੂੰ ਸੀਮਤ ਕਰ ਦੇਵੇਗੀ। ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ। ਵਿਰਾਸਤ ਨੂੰ ਗੁਆ ਦਣਾ ਹੀ ਸਾਡੀ ‘ਬੌਧਿਕ ਕੰਗਾਲੀ’ ਦਾ ਸਬੂਤ ਬਣ ਜਾਵੇਗਾ। ਲੇਖਕ ਸਹੀ ਲਿਖਦਾ ਹੈ ਕਿ ਸਵਾਲ ਸਿਰਫ਼ ਪੰਜਾਬ ਯੂਨੀਵਰਸਿਟੀ ਨੂੰ ਖੋਹਣ ਜਾਂ ਰੱਖਣ ਦਾ ਨਹੀਂ ਬਲਕਿ ਇਸ ਤੋਂ ਵੀ ਵੱਡਾ ਸਵਾਲ ਪੰਜਾਬ ਦੀ ਬੌਧਿਕ ਪਰੰਪਰਾ ਦੀ ਤੋਰ ਨੂੰ ਕੇਂਦਰੀ ਲੀਹਾਂ ’ਤੇ ਢਾਲਣ ਦਾ ਹੈ। ਯੂਨੀਵਰਸਿਟੀ ਦੇ ਵਿਦਵਾਨ ਬੁੱਧੀਜੀਵੀਆਂ ਨੂੰ ਕੋਰਟ ਕਚਹਿਰੀਆਂ ਦੇ ਰਸਤੇ ਛੱਡ ਕੇ ਆਪਣੀ ਬੌਧਿਕ ਪ੍ਰਤਿਭਾ ਦੀ ਹਿੱਕ ਦੇ ਜ਼ੋਰ ਨਾਲ ਆਪਣੀ ਯੂਨੀਵਰਸਿਟੀ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ।

ਜਗਰੂਪ ਸਿੰਘ, ਲੁਧਿਆਣਾ

ਪਾਠਕਾਂ ਦੇ ਖ਼ਤ Other

Jun 24, 2022

ਢਹਿੰਦੀਆਂ ਸੰਸਥਾਵਾਂ, ਢਹਿੰਦੇ ਘਰ

23 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਸਟਿਸ ਰੇਖਾ ਸ਼ਰਮਾ ਦਾ ਲੇਖ ‘ਬੁਲਡੋਜ਼ਰ ਰਾਜ: ਸੰਵਿਧਾਨ ਤੇ ਕਾਨੂੰਨ ਦੇ ਰਾਜ ਲਈ ਵੰਗਾਰ’ ਪੜ੍ਹਿਆ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਜ ਅੰਦਰ ਪਹਿਲਾਂ ਇਕ ਇਕ ਕਰਕੇ ਵੱਖ ਵੱਖ ਸੰਸਥਾਵਾਂ ਢਹਿੰਦੀਆਂ ਗਈਆਂ ਅਤੇ ਹੁਣ ਗੱਲ ਲੋਕਾਂ ਦੇ ਘਰ ਢਾਹੁਣ ਤਕ ਪਹੁੰਚ ਗਈ ਹੈ। ਹਜੂਮੀ ਹੱਤਿਆਵਾਂ ਕਿਸ ਨੂੰ ਭੁੱਲੀਆਂ ਹਨ? ਅਜਿਹੇ ਹਾਲਾਤ ਵਿਚ ਕੀ ਸੁਪਰੀਮ ਕੋਰਟ ਨੂੰ ਆਪੇ ਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ? ਅਜਿਹੀ ਬੇਵਸੀ ਪਹਿਲਾਂ ਕਦੀ ਦੇਖਣ ਵਿਚ ਨਹੀਂ ਆਈ!
ਜਸਵੰਤ ਸਿੰਘ, ਲੁਧਿਆਣਾ


ਸਿਆਸੀ ਨਿਘਾਰ

21 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੋ. ਕਮਲੇਸ਼ ਉੱਪਲ ਦਾ ਲੇਖ ‘ਸਿਆਸੀ ਮੁਨਾਫ਼ਾਖੋਰੀ ਤੇ ਪੰਜਾਬ ਦੀ ਜਵਾਨੀ’ ਪੜ੍ਹਿਆ। ਲੇਖ ਸਿਆਸੀ ਨਿਘਾਰ ਦੀ ਹਕੀਕਤ ਪੇਸ਼ ਕਰਦਾ ਹੈ ਅਤੇ ਇਹ ਨੌਜਵਾਨ ਪੀੜ੍ਹੀ ਲਈ ਰਾਹ-ਦਸੇਰਾ ਵੀ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੱਤਾ, ਸ਼ਕਤੀ ਅਤੇ ਸਿਆਸਤ ਮੁਨਾਫ਼ਾਖੋਰੀ ਦੇ ਸਾਧਨ ਬਣ ਚੁੱਕੇ ਹਨ। ਇਹ ਸਮਾਜ ਦੇ ਪੱਲੇ ਹਥਿਆਰ ਅਤੇ ਬੁਰਛਾਗਰਦੀ ਪਾ ਰਹੇ ਹਨ।
ਵਰਗਿਸ ਸਲਾਮਤ, ਈਮੇਲ


ਇਸਲਾਮ ਤੇ ਭਾਰਤ

21 ਜੂਨ ਦੇ ਲੋਕ ਸੰਵਾਦ ਪੰਨੇ ਉੱਤੇ ਵਾਪੱਲਾ ਬਾਲਾਚੰਦਰਨ ਦੇ ਲੇਖ ‘ਇਸਲਾਮ: ਭਾਗਵਤ ਦਾ ਸਿਧਾਂਤ ਸਹੀ ਨਹੀਂ’ ਵਿਚ ਉਦਾਹਰਨਾਂ ਦੇ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਦੱਖਣੀ ਭਾਰਤ ਦੇ ਕੇਰਲ ਜਿਹੇ ਹਿੱਸਿਆਂ ਵਿਚ ਇਸਲਾਮ ਹਮਲਾਵਰਾਂ ਜ਼ਰੀਏ ਨਹੀਂ ਆਇਆ। ਇਹ ਟਿੱਪਣੀ ਮੋਹਨ ਭਾਗਵਤ ਦੇ ਉਸ ਹਵਾਲੇ ਦੇ ਬਿਲਕੁਲ ਉਲਟ ਬੈਠਦੀ ਹੈ ਜਿੱਥੇ ਆਰਐੱਸਐੱਸ ਇਹ ਕਹਿੰਦਿਆਂ ਨਹੀਂ ਥੱਕਦੀ ਕਿ ਇਸਲਾਮ ਦਾ ਭਾਰਤ ਵਿਚ ਆਉਣਾ ਜ਼ਬਰਦਸਤੀ ਦਾ ਨਤੀਜਾ ਹੈ। ਉਨ੍ਹਾਂ ਮੁਤਾਬਿਕ ਇੱਥੇ ਹਰ ਧਾਰਮਿਕ ਸਥਾਨ ਸ਼ੱਕੀ ਹੈ ਅਤੇ ਇਸੇ ਆਧਾਰ ਉੱਤੇ ਉਹ ਬਹੁਤ ਸਾਰੀਆਂ ‘ਇਤਿਹਾਸਕ ਗ਼ਲਤੀਆਂ’ ਮਿਟਾਉਣਾ ਚਾਹੁੰਦੇ ਹਨ ਲੇਕਿਨ ਹਰ ਵਾਰ ਅਜਿਹਾ ਨਹੀਂ ਹੁੰਦਾ। ਜਦੋਂ ਦੋ ਸੱਭਿਆਚਾਰ ਆਪਸ ਵਿਚ ਮਿਲਦੇ ਹਨ ਤਾਂ ਉਹ ਇਕ ਦੂਜੇ ਦੀਆਂ ਚੀਜ਼ਾਂ ਲੈਂਦੇ-ਦਿੰਦੇ ਹਨ। ਧਰਮ ਪਰਿਵਰਤਨ ਵੀ ਉਨ੍ਹਾਂ ‘ਲੋੜਾਂ’ ਵਿਚੋਂ ਵਾਪਰਦਾ ਹੈ। ਪੰਜਾਬ ਵਿਚ ਧਰਮ ਪਰਿਵਰਤਨ ਵੀ ਸ਼ਾਇਦ ਓਨਾ ਔਰੰਗਜ਼ੇਬ ਜਿਹੇ ਤਾਨਾਸ਼ਾਹ ਮੁਗਲ ਬਾਦਸ਼ਾਹ ਨਹੀਂ ਕਰਵਾ ਸਕੇ ਜਿੰਨਾ ਬਾਬਾ ਫਰੀਦ ਅਤੇ ਸ਼ਾਹ ਹੁਸੈਨ ਜਿਹੇ ਸੂਫ਼ੀਆਂ ਦੇ ਸਮੇਂ ਹੋਇਆ। 1870-80 ਦੇ ਆਸਪਾਸ ਪੰਜਾਬ ਦੇ ਕਈ ਹਿੱਸਿਆਂ ਵਿਚ ਈਸਾਈ ਮਿਸ਼ਨਰੀਆਂ ਨੇ ਗ਼ਰੀਬ ਅਤੇ ਹਾਸ਼ੀਏ ’ਤੇ ਧੱਕੇ ਦਲਿਤ ਪੰਜਾਬੀਆਂ ਨੂੰ ਈਸਾਈ ਮੱਤ ਧਾਰਨ ਕਰਵਾਇਆ। ਉੱਥੇ ਉਹ ਕੋਈ ਤੋਪਾਂ ਬੀੜੀ ਨਹੀਂ ਖੜ੍ਹੇ ਸਨ। ਸੋ, ਅੱਜ ਇਸ ਤਰ੍ਹਾਂ ਦੇ ਨੇਤਾਵਾਂ ਵੱਲੋਂ ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਅਜਿਹੀਆਂ ‘ਧੱਕੇਸ਼ਾਹੀਆਂ’ ਦਾ ਚੇਤਾ ਕਰਵਾਉਣਾ ਮੁਲਕ ਦੀ ਭਾਈਚਾਰਕ ਇਕਸੁਰਤਾ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਹਨ।
ਜਸਵਿੰਦਰ ਸਿੰਘ ਜਸ, ਪਿੰਡ ਬਾਘੇਵਾਲਾ


ਆਪਸੀ ਸਦਭਾਵਨਾ

14 ਜੂਨ ਦਾ ਸੰਪਾਦਕੀ ‘ਸਦਭਾਵਨਾ ਦੀ ਜ਼ਰੂਰਤ’ ਪੜ੍ਹਿਆ। ਹਿੰਦੂ ਮੁਸਲਮਾਨਾਂ ਬਾਰੇ ਲਗਾਤਾਰ, ਮਿੱਥ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜਾਪਦਾ ਹੈ, ਜਿਵੇਂ ਅਸੀਂ 16ਵੀਂ ਸਦੀ ਵਿਚ ਜੀਅ ਰਹੇ ਹੋਈਏ। ਭਾਜਪਾ ਨੇ ਜਿਸ ਢੰਗ ਨਾਲ ਬੁਲਡੋਜ਼ਰ ਵਾਲਾ ਹਮਲਾਵਰੀ ਚਿੰਨ੍ਹ ਘੜਿਆ ਹੈ, ਉਹ ਬੜੀ ਖ਼ਤਰਨਾਕ ਗੱਲ ਹੈ। ਅਸਲ ਵਿਚ ਸੱਤਾਧਿਰ ਇਕ ਖ਼ਾਸ ਘੱਟਗਿਣਤੀ ਫ਼ਿਰਕੇ ਨੂੰ ਲਗਾਤਾਰ ਨਿਸ਼ਾਨੇ ਉੱਤੇ ਲਿਆ ਰਹੀ ਹੈ। ਇਹ ਸਰਕਾਰ ਗੱਲਾਂ ਤਾਂ ‘ਸਬਕਾ ਸਾਥ ਸਬਕਾ ਵਿਕਾਸ’ ਦੀਆਂ ਕਰ ਰਹੀ ਹੈ ਪਰ ਮੁਲਕ ਅੰਦਰ ਹੋ ਇਸ ਦੇ ਐਨ ਉਲਟ ਰਿਹਾ ਹੈ। ਆਪਸੀ ਭਾਈਚਾਰਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਮੁਲਕ ਲਈ ਸ਼ੁਭ ਸ਼ਗਨ ਨਹੀਂ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ


ਨਸ਼ਿਆਂ ਦੀ ਮਾਰ

18 ਜੂਨ ਨੂੰ ਮੋਹਨ ਸ਼ਰਮਾ ਨੇ ਸੰਵੇਦਨਸ਼ੀਲ ਅਤੇ ਦਿਲ ਨੂੰ ਵਲੂੰਧਰਨ ਵਾਲੀ ਘਟਨਾ ਬਿਆਨ ਕੀਤੀ ਹੈ (ਮਾਂ ਦੀਆਂ ਵਾਲੀਆਂ)। ਅਸਲ ਵਿਚ ਨਸ਼ਾ ਤਨ, ਮਨ ਤੇ ਧਨ ਅਤੇ ਸਾਡੇ ਸਮਾਜ ਨੂੰ ਨਿਗਲ ਰਿਹਾ ਹੈ। ਨਸ਼ਿਆਂ ਦਾ ਹੜ੍ਹ ਸਮਾਜ ਦੇ ਕੁਝ ਗਿਣੇ ਚੁਣੇ ਅਨਸਰਾਂ ਦੀ ਦੇਣ ਹੈ। ਪੰਜਾਬ ਇਸ ਦਲਦਲ ਵਿਚੋਂ ਕਿਵੇਂ ਨਿਕਲੇ, ਇਸ ਬਾਰੇ ਸਿਰ ਜੋੜ ਵਿਚਾਰਾਂ ਕਰਨ ਦੀ ਜ਼ਰੂਰਤ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

(2)

18 ਜੂਨ ਨੂੰ ਮੋਹਨ ਸ਼ਰਮਾ ਨੇ ਆਪਣੀ ਰਚਨਾ ‘ਮਾਂ ਦੀਆਂ ਵਾਲੀਆਂ’ ਵਿਚ ਨਸ਼ਿਆਂ ਵਿਚ ਗ਼ਲਤਾਨ ਹੋਈ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਪੇਸ਼ ਕੀਤੀ ਹੈ। ਮਾਂ ਦੀ ਹੂਕ ਜਾਨ ਕੱਢਣ ਵਾਲੀ ਹੈ। ਸਾਡੀਆਂ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਨਸ਼ਿਆਂ ਤੋਂ ਮੁਕਤੀ ਲਈ ਅੱਗੇ ਆਉਣਾ ਪਵੇਗਾ। ਪੁਲੀਸ ਨੂੰ ਵੀ ਨਸ਼ੱਈਆਂ ’ਤੇ ਪਰਚਾ ਦੇਣ ਦੀ ਬਜਾਇ ਵੱਡੇ ਮਗਰਮੱਛਾਂ ਨੂੰ ਫੜਨਾ ਚਾਹੀਦਾ ਹੈ ਅਤੇ ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਗੁਰਮੀਤ ਸਿੰਘ, ਵੇਰਕਾ


ਆਖ਼ਿਰੀ ਸਤਰਾਂ

ਅਮਰਬੀਰ ਚੀਮਾ ਦਾ ਮਿਡਲ ‘ਸ਼ਿਮਲੇ ਦੀ ਸੈਰ’ (17 ਜੂਨ) ਭਾਵੇਂ ਨਿੱਕਾ ਜਿਹਾ ਹੈ ਪਰ ਇਸ ਵਿਚ ਜੀਵਨ ਦੀਆਂ ਸੱਚਾਈਆਂ ਇਕੋ ਥਾਂ ਇਕੱਠੀਆਂ ਹੋ ਗਈਆਂ ਹਨ। ਆਖ਼ਿਰੀ ਸਤਰਾਂ ਨੇ ਆਨੰਦ ਲਿਆ ਦਿੱਤਾ।
ਜਸਵੰਤ ਸਿੰਘ, ਅੰਮ੍ਰਿਤਸਰ


ਸੈਨਿਕੀਕਰਨ

16 ਜੂਨ ਦਾ ਸੰਪਾਦਕੀ ‘ਅਗਨੀਪਥ ਯੋਜਨਾ’ ਪੜ੍ਹਿਆ। ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਸਮਾਜ ਦੇ ਸੈਨਿਕੀਕਰਨ ਵੱਲ ਸਿੱਧੀ ਸਿੱਧੀ ਪੇਸ਼ਕਦਮੀ ਹੈ। ਇਹ ਅਸਲ ਵਿਚ ਕੇਂਦਰੀਕਰਨ ਰਾਹੀਂ ਕੰਟਰੋਲ ਦੀ ਅਗਲੀ ਕੜੀ ਹੈ। ਇਸ ਬਾਰੇ ਸੁਚੇਤ ਹੋਣਾ ਸਮੇਂ ਦੀ ਲੋੜ ਹੈ।
ਕਿਹਰ ਸਿੰਘ, ਬਠਿੰਡਾ

ਡਾਕ ਐਤਵਾਰ ਦੀ Other

Jun 19, 2022

ਸਮਾਜਿਕ ਮਿਲਵਰਤਣ

ਐਤਵਾਰ 12 ਜੂਨ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਜੜ੍ਹਾਂ ਲੱਗ ਗਈਆਂ’ ਪੜ੍ਹਿਆ, ਚੰਗਾ ਲੱਗਿਆ। ਇਕ ਸਮਾਜਿਕ ਪ੍ਰਾਣੀ ਹੋਣ ਨਾਤੇ ਆਲੇ-ਦੁਆਲੇ ਮਿੱਤਰ ਪਿਆਰਿਆਂ ਨਾਲ ਮਿਲਵਰਤਣ ਮਨੁੱਖ ਦੇ ਚੰਗੇ ਸੰਸਕਾਰਾਂ ਦੀ ਪਛਾਣ ਹੈ। ਸੁੱਖ-ਦੁੱਖ ਵਿਚ ਸ਼ਿਰਕਤ ਕਰਨਾ ਮਨੁੱਖੀ ਫਿਤਰਤ ਵਿਚ ਰੱਸਿਆ ਵਸਿਆ ਹੈ। ਭਾਈਚਾਰੇ ਨੂੰ ਨਿਭਾਉਂਦੇ ਨੇਕੀਆਂ ਬਦੀਆਂ ਦੋ ਦਿਨਾਂ ਦੇ ਸੰਸਾਰਿਕ ਮੇਲੇ ਵਿਚ ਯਾਦ ਕੀਤੀਆਂ ਜਾਂਦੀਆਂ ਹਨ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


(2)

ਸੁਪਿੰਦਰ ਸਿੰਘ ਰਾਣਾ ਨੇ ਆਪਣੇ ਮਿਡਲ ਲੇਖ ‘ਜੜ੍ਹਾਂ ਲੱਗ ਗਈਆਂ’ ਵਿਚ ਅਜੋਕੇ ਦੌਰ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਨੂੰ ਇਕ ਪਰਿਵਾਰਕ ਕਹਾਣੀ ਦੇ ਸੰਦਰਭ ਵਿਚ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਮਾਪੇ ਬੇਰੁਜ਼ਗਾਰੀ ਕਾਰਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਮਜਬੂਰ ਹੁੰਦੇ ਹਨ ਤੇ ਆਪਣੀ ਧਰਤੀ ਨੂੰ ਛੱਡਣ ਦਾ ਸੰਤਾਪ ਉਨ੍ਹਾਂ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖਾਂਦਾ ਹੈ। ਸਰਕਾਰਾਂ ਨੂੰ ਨੌਜਵਾਨੀ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਕੀਮਤੀ ਸਰਮਾਏ (ਨੌਜਵਾਨੀ) ਨੂੰ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਵਿਛੋੜੇ ਦਾ ਸੰਤਾਪ ਨਾ ਭੋਗਣਾ ਪਵੇ।

ਡਾ. ਪ੍ਰਭਜੋਤ ਕੌਰ ਗਿੱਲ ਘੋਲੀਆ, ਈ-ਮੇਲ


ਪੰਜਾਬ ਯੂਨੀਵਰਸਿਟੀ

ਐਤਵਾਰ ਦੇ ਅੰਕ ਵਿਚ ਸੰਪਾਦਕ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਇਹ ਯੂਨੀਵਰਸਿਟੀ ਪੰਜਾਬ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਬਹੁਤ ਗਹਿਰੀ ਜੁੜੀ ਹੋਈ ਹੈ। ਇਸ ਨੂੰ ਕਿਸੇ ਵੀ ਕੀਮਤ ਉੱਤੇ ਕੇਂਦਰੀ ਯੂਨੀਵਰਸਿਟੀ ਨਹੀਂ ਬਣਨ ਦੇਣਾ ਚਾਹੀਦਾ।

ਸਪਿੰਦਰ ਸਿੰਘ, ਈ-ਮੇਲ


ਤਰਸਯੋਗ ਹੈ ਉਹ ਕੌਮ

ਐਤਵਾਰ, 12 ਜੂਨ ਨੂੰ ਆਤਮਜੀਤ ਨੇ ਦੁਨੀਆ ਦੇ ਮਹਾਨ ਚਿੰਤਕਾਂ ਦੀਆਂ ਕਵਿਤਾਵਾਂ ਦਾ ਜ਼ਿਕਰ ਕੀਤਾ ਹੈ। ਸੁੱਤੀ ਕੌਮ ਨੂੰ ਜਗਾਉਣ ਲਈ ਅਮਰੀਕੀ ਚਿੰਤਕ ਲਾਰੇੰਸ ਫ਼ਰਲਿੰਗਟੀ ਦੀ ਕਵਿਤਾ ‘ਰਹਿਮ ਹੋਵੇ ਉਸ ਕੌਮ ’ਤੇ’ ਇਕ ਬਹੁਤ ਵੱਡਾ ਸੁਨੇਹਾ ਦਿੰਦੀ ਹੈ। ਕੁਝ ਕੌਮਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹਨ ਅਤੇ ਸਿਰਫ਼ ਅੰਨ ਪਾਣੀ ਤੁੰਨ ਕੇ ਸੌਣਾ ਜਾਣਦੀਆਂ ਹਨ। ਧਰੂ ਤਾਰੇ ਵਾਂਗ ਚਮਕਦਾ ਮਹਾਨ ਚਿੰਤਕ ਖਲੀਲ ਜਿਬਰਾਨ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਸ ਦੀਆਂ ਰਚਨਾਵਾਂ ਵੀ ਤਰਸਯੋਗ ਅਤੇ ਆਪਣੀ ਜ਼ਮੀਰ ਗੁਆ ਚੁੱਕੀਆਂ ਕੌਮਾਂ ਨੂੰ ਹਲੂਣਦੀਆਂ ਹਨ। ਬਰਟਰੰਡ ਰੱਸਲ ਨੇ ਲੋਕਰਾਜ ’ਤੇ ਵਿਅੰਗ ਕਰਦਿਆਂ ਇਸ ਨੂੰ ਜਨਤਾ ਜਨਾਰਦਨ ਦਾ ਮਖੌਟਾ ਦੱਸਿਆ ਹੈ। ਇਤਿਹਾਸ ਵਿਚ ਇਹੋ ਜਿਹੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਸਮਾਜ ਲਈ ਚਾਨਣ ਮੁਨਾਰਾ ਬਣੀਆਂ ਰਹਿਣਗੀਆਂ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਪਾਠਕਾਂ ਦੇ ਖ਼ਤ Other

Jun 18, 2022

ਫੁਰਸਤ ਦੇ ਪਲ

ਅਮਰਬੀਰ ਸਿੰਘ ਚੀਮਾ ਦੀ ਰਚਨਾ ‘ਸ਼ਿਮਲੇ ਦੀ ਸੈਰ’ (17 ਜੂਨ) ਪੜ੍ਹ ਕੇ ਸ਼ਿਮਲਾ ਦੀ ਸੈਰ ਮੈਂ ਵੀ ਕਰ ਲਈ। ਦੋਸਤਾਂ ਨਾਲ ਪਤਾ ਨਹੀਂ ਕਿੰਨੀ ਵਾਰ ਕਿਤੇ ਘੁੰਮਣ ਦੀ ਸਲਾਹ ਬਣੀ ਪਰ ਅਜੇ ਤਕ ਕਦੇ ਇਕੱਠੇ ਘੁੰਮਣ ਜਾ ਨਹੀਂ ਸਕੇ। ਕੰਮਾਂ-ਕਾਰਾਂ ਤੋਂ ਹੀ ਵਿਹਲ ਨਹੀਂ ਮਿਲਦੀ।

ਸੰਦੀਪ ਸਿੰਘ ਦਹੀਆ, ਧੂਰੀ


ਅਗਨੀਪਥ ਦੇ ਅਰਥ

16 ਜੂਨ ਦਾ ਸੰਪਾਦਕੀ ‘ਅਗਨੀਪਥ ਯੋਜਨਾ’ ਪੜ੍ਹਿਆ। ਯੋਜਨਾ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਬਾਰੇ ਕੀਤੀ ਟਿੱਪਣੀ ਕਿ ਕੇਂਦਰ ਸਰਕਾਰ, ਸੈਨਾ ਅਧਿਕਾਰੀਆਂ ਅਤੇ ਸੁਰੱਖਿਆ ਮਾਹਿਰਾਂ ਨੂੰ ਇਸ ਪ੍ਰਕਿਰਿਆ ਵਿਚਲੀਆਂ ਪੇਚੀਦਗੀਆਂ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ, ਬਿਲਕੁਲ ਸਹੀ ਹੈ। ਸਰਕਾਰ ਦਾ ਕਹਿਣਾ ਕਿ ਇਸ ਯੋਜਨਾ ਨਾਲ ਰੱਖਿਆ ਮੰਤਰਾਲੇ ’ਤੇ ਪੈਨਸ਼ਨ ਦਾ ਬੋਝ ਘਟੇਗਾ, ਇਸ ਗੱਲ ਦਾ ਪ੍ਰਮਾਣ ਭਾਵੇਂ ਨਾ ਵੀ ਹੋਵੇ ਕਿ ਸਾਡੀ ਮਾਇਕ ਹਾਲਤ ਡਾਵਾਂਡੋਲ ਹੈ ਪਰ ਇਸ਼ਾਰਾ ਜ਼ਰੂਰ ਹੈ ਕਿ ਅਸੀਂ ਸੇਵਾਮੁਕਤ ਸੈਨਿਕਾਂ ਨੂੰ ਪੈਨਸ਼ਨ ਦੇਣ ’ਚ ਤਕਲੀਫ਼ ਮਹਿਸੂਸ ਕਰ ਰਹੇ ਹਾਂ। ਅਜਿਹੀ ਭਾਵਨਾ ਤਿੰਨਾਂ ਸੇਵਾਵਾਂ ਦੇ ਸੇਵਾਮੁਕਤ ਅਧਿਕਾਰੀਆਂ ਵਿਚ ਵੀ ਪੈਦਾ ਹੋ ਸਕਦੀ ਹੈ ਅਤੇ ਅਜਿਹਾ ਹੋਣਾ ਸਮਾਜ ਲਈ ਘਾਤਕ ਹੈ। ਸਭ ਤੋਂ ਵੱਡੀ ਪੇਚੀਦਗੀ ‘ਅਗਨੀਵੀਰ’ ਦਾ ‘ਠੇਕੇ ਦੀ ਭਰਤੀ’ ਹੋਣ ਕਰਕੇ ਉਨ੍ਹਾਂ ਦੀ ਪ੍ਰੋਫ਼ੈਸ਼ਨਲ ਕਾਰਜਕੁਸ਼ਲਤਾ ਅਤੇ ਪ੍ਰਤੀਬੱਧਤਾ ਬਾਰੇ ਹੋਵੇਗੀ। ਸਮਾਜ ਦੇ ਅਜਿਹੇ ਸੈਨਕੀਕਰਨ ਬਾਰੇ ਹੋਰ ਗੰਭੀਰ ਚਿੰਤਨ ਦੀ ਲੋੜ ਹੈ। ਜੇਕਰ ਇਸ ਯੋਜਨਾ ਨੂੰ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੋੜ ਕੇ ਦੇਖਦੇ ਹਾਂ, ਤਦ ਇਉਂ ਲੱਗਦਾ ਹੈ ਜਿਵੇਂ ਅਸੀਂ ਸਿਆਸੀ ਸਮੱਸਿਆ ਦੀ ਬੰਦੂਕ ਤਿੰਨਾਂ ਸੁਰੱਖਿਆ ਸੇਵਾਵਾਂ ਦੇ ਮੋਢੇ ’ਤੇ ਰੱਖ ਕੇ ਚਲਾਉਣਾ ਚਾਹੁੰਦੇ ਹੋਈਏ, ਇਹ ਹੋਰ ਵੀ ਮੰਦਭਾਗਾ ਹੈ।

ਜਗਰੂਪ ਸਿੰਘ, ਲੁਧਿਆਣਾ


(2)

ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਬਾਰੇ ਪੜ੍ਹਿਆ। ਇਸ ਭਰਤੀ ਦਾ ਸਰਕਾਰ ਵੱਲੋਂ ਸੈਨਿਕਾਂ ਨੂੰ ਸਿਖਲਾਈ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਬਾਰੇ ਜੋ ਵੀ ਮਰਜ਼ੀ ਤਰਕ ਦਿੱਤਾ ਜਾਵੇ ਪਰ ਇਹ ਸੱਚ ਹੈ ਕਿ ਇਹ ਸਰਕਾਰੀ ਨੀਤੀ ਆਮ ਨਾਗਰਿਕਾਂ ਦੇ ਰੁਜ਼ਗਾਰ ਲਈ ਸੰਜੀਦਾ ਨਹੀਂ ਹੈ। ਨਾਲੇ ਹੌਲੀ ਹੌਲੀ ਦੇਸ਼ ਵਿਚ ਹਥਿਆਰਾਂ ਦੀ ਸਿਖਲਾਈਯਾਫਤਾ ਵੱਡੀ ਨਫ਼ਰੀ ਹੋ ਜਾਵੇਗੀ ਜਿਸ ਦੇ ਅਸਰ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਣਗੇ। ਇਸ ਦੇ ਸਿੱਟੇ ਫਿਰ ਅਗਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣੇ ਹਨ।

ਕਰਮਜੀਤ ਸਕਰੁੱਲਾਂਪੁਰੀ, ਈਮੇਲ


ਮਹਿੰਗੇ ਜ਼ਮੀਨੀ ਠੇਕੇ

16 ਜੂਨ ਦੇ ਨਜ਼ਰੀਆ ਪੰਨੇ ਉੱਤੇ ਅਮਰਜੀਤ ਬਾਜੇਕੇ ਦਾ ਲੇਖ ‘ਮਹਿੰਗੇ ਜ਼ਮੀਨੀ ਠੇਕੇ ਬਨਾਮ ਕਿਸਾਨ ਖ਼ੁਦਕੁਸ਼ੀਆਂ’ ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਦੇ ਕਾਰਨ ਬਿਆਨ ਕਰਨ ਵਾਲਾ ਹੈ। ਖੇਤੀ ਵਿਚ ਮੌਜੂਦਾ ਠੇਕਾ ਸਿਸਟਮ ਦੀ ਥਾਂ 40 ਸਾਲ ਪਹਿਲਾਂ ਵਾਲਾ ਵਟਾਈ ਸਿਸਟਮ ਲਾਗੂ ਕਰਨ ਦੀ ਲੋੜ ਹੈ। ਖੇਤ ਵਿਚ ਜਿੰਨੀ ਪੈਦਾਵਾਰ ਹੋਵੇ, ਉਸ ਦਾ ਅੱਧਾ ਜਾਂ ਤੀਸਰਾ ਹਿੱਸਾ ਜ਼ਮੀਨ ਦੇ ਮਾਲਕ ਨੂੰ ਅਤੇ ਬਾਕੀ ਦਾ ਅੱਧਾ ਜਾਂ 2/3 ਹਿੱਸਾ ਖੇਤੀ ਕਰਨ ਵਾਲੇ ਕਿਸਾਨ ਨੂੰ ਮਿਲੇ। ਕੁਦਰਤੀ ਜਾਂ ਕਿਸੇ ਹੋਰ ਕਾਰਨਾਂ ਕਰਕੇ ਜੇ ਪੈਦਾਵਾਰ ਘਟ ਜਾਂਦੀ ਹੈ ਤਾਂ ਖੇਤੀ ਕਰਨ ਵਾਲੇ ਕਿਸਾਨ, ਮਜ਼ਦੂਰ ਦੇ ਨਾਲ ਨਾਲ ਜ਼ਮੀਨ ਦੇ ਮਾਲਕ ਨੂੰ ਵੀ ਘਾਟਾ ਸਹਿਣਾ ਪੈਂਦਾ ਹੈ। ਇਸ ਕਰਕੇ ਜ਼ਮੀਨ ਦਾ ਮਾਲਕ ਆਪਣੇ ਕਿਸਾਨ ਦੀ ਫ਼ਸਲ ਬੀਜਣ ਤੋਂ ਲੈ ਕੇ ਝਾੜ ਨਿਕਲਣ ਤਕ ਖੇਤੀ ਨਾਲ ਸਬੰਧਿਤ ਕੰਮਾਂ ’ਚ ਮਦਦ ਕਰਨ ਦਾ ਧਿਆਨ ਵੀ ਰੱਖੇਗਾ।

ਸੋਹਣ ਲਾਲ ਗੁਪਤਾ, ਪਟਿਆਲਾ


ਵਿਦਿਆਰਥੀ ਅਤੇ ਲਾਇਬ੍ਰੇਰੀਆਂ

ਡਾ. ਦਵਿੰਦਰ ਕੌਰ ਦਾ ਲੇਖ ‘ਲਾਇਬ੍ਰੇਰੀ, ਵਿਦਿਆਰਥੀ ਤੇ ਮੈਂਬਰਸ਼ਿਪ’ (16 ਜੂਨ) ਬਹੁਤ ਮਹੱਤਵਪੂਰਨ ਸਮੱਸਿਆ ਵੱਲ ਧਿਆਨ ਦਿਵਾਉਂਦਾ ਹੈ। ਜਿਸ ਅਦਾਰੇ ਵਿਚ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦਾ ਹੈ, ਉਸ ਅਦਾਰੇ ਦੀ ਲਾਇਬ੍ਰੇਰੀ ਵਿਚ ਜਾ ਕੇ ਹੋਰ ਅਧਿਐਨ ਕਰਨ ਲਈ ਜੀਵਨ ਭਰ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਲੇਖਕ ਨੇ ਛੋਲਿਆਂ ਦੀ ਦਾਲ ਨੂੰ ਲੱਗੇ ਢੋਰੇ ਦੀ ਵਧੀਆ ਉਦਾਹਰਨ ਦਿੱਤੀ ਹੈ। ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਜਗਤਾਰ ਸਿੰਘ ਭੰਗੂ, ਮੱਲਵਾਲਾ (ਬਠਿੰਡਾ)


(2)

ਡਾ. ਦਵਿੰਦਰ ਕੌਰ ਦਾ ਮਿਡਲ ‘ਲਾਇਬ੍ਰੇਰੀ, ਵਿਦਿਆਰਥੀ ਅਤੇ ਮੈਂਬਰਸ਼ਿਪ’ ਪੜ੍ਹਿਆ। ਇਸ ਵਿਸ਼ੇ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਲਾਇਬ੍ਰੇਰੀ ’ਚ ਰੱਖੀਆਂ ਕਿਤਾਬਾਂ ਨੂੰ ਘੁਣ ਤਾਂ ਚਾਹੇ ਲੱਗ ਜਾਵੇ ਪਰ ਜਾਰੀ ਨਹੀਂ ਕੀਤੀਆਂ ਜਾਂਦੀਆਂ। ਸਕੂਲਾਂ ਵਿਚ ਲਾਇਬ੍ਰੇਰੀਅਨ ਦੀ ਘਾਟ ਬੱਚਿਆਂ ਦਾ ਸਾਹਿਤ ਨਾਲ ਰਾਬਤਾ ਕਾਇਮ ਕਰਨ ’ਚ ਅੜਿੱਕਾ ਬਣਦੀ ਹੈ ਅਤੇ ਪੜ੍ਹਾਈ ਮੁਕੰਮਲ ਹੋਣ ਪਿੱਛੋਂ ਮਹਿੰਗੀ ਮੈਂਬਰਸ਼ਿਪ! ਸਾਹਿਤ ਸੁੱਤੇ ਸਿੱਧ ਹੀ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਤਾਕਤ ਰੱਖਦਾ ਹੈ। ਇਸ ਗੱਲ ਨੂੰ ਸਰਕਾਰਾਂ ਅਣਗੌਲਿਆ ਕਿਉਂ ਕਰਦੀਆਂ ਹਨ?

ਮਨਦੀਪ ਕੌਰ, ਲੁਧਿਆਣਾ


ਬੁਲਡੋਜ਼ਰਾਂ ਦੀ ਗੜ-ਗੜਾਹਟ ਅਤੇ ਕਲਮ ਦੀ ਆਵਾਜ਼

17 ਜੂਨ ਨੂੰ ਸਵਰਾਜਬੀਰ ਦੇ ਲੇਖ ‘ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ’ ਦੇ ਅਖ਼ੀਰ ਵਿਚ ਜੋ ਨਿਚੋੜ ਕੱਢਿਆ ਹੈ ਕਿ ਉਦਾਸੀ ਦੇ ਆਲਮ ’ਚੋਂ ਗੁਜ਼ਰਦਿਆਂ ਆਸਾਂ ਦੇ ਸੰਸਾਰ ਨੂੰ ਕਾਇਮ ਰੱਖਣ ਦਾ ਰਾਹ, ਦੇਸ਼ ਦੀਆਂ ਜਮਹੂਰੀ ਤਾਕਤਾਂ ਦੀ ਏਕਤਾ ਅਤੇ ਜਨਤਕ ਸੰਘਰਸ਼ ਹੀ ਹਨ। ਇਹ ਤੱਥ ਹੈ ਤਾਂ ਸਹੀ ਪਰ ਜਿਸ ਕਦਰ ਸੱਤਾ ਹਮਾਇਤੀ ਧਿਰਾਂ ਬੁਲਡੋਜ਼ਰਾਂ ਦੀ ਗੜ-ਗੜਾਹਟ ਤੋਂ ਹੋਰ ਅੱਗੇ ਵਧ ਵਧ ਕੇ ਹਮਲਾਵਰ ਹੋ ਰਹੀਆਂ ਹਨ, ਉਸ ਤੋਂ ਜਮਹੂਰੀ ਤਾਕਤਾਂ ਦੀ ਆਵਾਜ਼ ਨਗਾੜਖਾਨੇ ਵਿਚ ਤੂਤੀ ਹੀ ਜਾਪਦੀ ਹੈ। ਹਿੰਸਕ ਹੁੜਦੁੰਗ ਮਚਾਉਣ ਵਾਲਿਆਂ ਨੂੰ ਚਾਰਲੀ ਚੈਪਲਿਨ ਦਾ ਕਥਨ ਕੌਣ ਸਮਝਾਵੇ ਕਿ ਤਾਕਤ ਦੀ ਲੋੜ ਸਿਰਫ਼ ਉਦੋਂ ਹੁੰਦੀ ਹੈ, ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੋਵੇ। ਬਾਕੀ ਦੇ ਕੰਮ ਕਰਨ ਲਈ ਤਾਂ ਪਿਆਰ ਹੀ ਕਾਫ਼ੀ ਹੁੰਦਾ ਹੈ। ਇੰਜ ਹੀ ਹਿੰਸਕ ਪ੍ਰਵਿਰਤੀ ਦੀ ਪੁਸ਼ਤਪਨਾਹੀ ਕਰਨ ਵਾਲੀਆਂ ਰਾਜਸੀ ਧਿਰਾਂ ਨੂੰ ਫਰਾਂਸੀਸੀ ਦਾਰਸ਼ਨਿਕ ਰੂਬਿਨ ਥਿਉਡੋਰੋ ਦਾ ਕਥਨ ਕਿਵੇਂ ਪੜ੍ਹਾਇਆ ਜਾਵੇ ਕਿ ਰਹਿਮ-ਦਿਲੀ ਸਿਆਣਪ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝ ਲੈਣ ਨਾਲ ਹੀ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ। ਨਿੱਤ ਦਿਨ ਵਧ ਰਹੀ ਅਜਿਹੀ ਬੇਰਹਿਮੀ ਦੇ ਸਮੇਂ, ਬੀਤੇ ਸਮੇਂ ਜੇਤੂ ਰਹੇ ਕਿਸਾਨ ਸੰਘਰਸ਼ ਵਰਗਾ ਅੰਦੋਲਨ ਹੀ ਸੈਕੂਲਰ ਸੋਚ ਦੀ ਸੁਰਜੀਤੀ ਦਾ ਰਾਹ-ਦਸੇਰਾ ਬਣ ਸਕਦਾ ਹੈ।

ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)

ਪਾਠਕਾਂ ਦੇ ਖ਼ਤ Other

Jun 17, 2022

ਸਿੱਖਿਆ ਦਾ ਸਫ਼ਰ

6 ਜੂਨ ਨੂੰ ਅਵਿਜੀਤ ਪਾਠਕ ਦਾ ਲੇਖ ‘ਸਿੱਖਿਆ: ਕਿੱਤੇ ਤੋਂ ਧੰਦੇ ਦਾ ਸਫ਼ਰ’ ਪੜ੍ਹਿਆ। ਮੰਡੀ ਦੇ ਇਸ ਯੁੱਗ ’ਚ ਹਰ ਚੀਜ਼ ਵਿਕ ਰਹੀ ਹੈ। ਨਿੱਜੀਕਰਨ ਅਤੇ ਉਦਾਰੀਕਰਨ ਨੇ ਵਿੱਦਿਆ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਖੋਜ, ਅਧਿਆਪਨ ਅਤੇ ਚਿੰਤਨ ਦੇ ਖੇਤਰ ਵਿਚ ਨਿਘਾਰ ਆਇਆ ਹੈ। ਕਾਰਪੋਰੇਟਾਂ ਅਤੇ ਸਿਆਸਤਦਾਨਾਂ ਦੀ ਜੈ ਜੈਕਾਰ ਅਤੇ ਉਨ੍ਹਾਂ ਦੇ ਮਹਿਮਾ-ਮੰਡਨ ਵਿਚ ਅਸੀਂ ਆਪਣਾ ਅਧਿਆਪਕ ਅਤੇ ਵਿਦਿਆਰਥੀ ਗੁਆ ਰਹੇ ਹਾਂ। ਇਹ ਦੌਰ ਵਿਦਿਆਰਥੀਆਂ ਤੇ ਅਧਿਆਪਕ ਦੇ ਪਤਨ ਦਾ ਦੌਰ ਹੈ। ਇਨ੍ਹਾਂ ’ਚੋਂ ਤਰਕ, ਸੰਵੇਦਨਾ, ਸੁਹਿਰਦਤਾ ਅਤੇ ਵਿਗਿਆਨਕ ਸੋਚ ਘਟ ਰਹੀ ਹੈ। ਮਨੁੱਖੀ ਸਭਿਅਤਾ ਦੇ ਵਿਕਾਸ ਦੀ ਗਤੀ ਅਨੁਸਾਰ ਵਿਗਿਆਨਕ ਸੋਝੀ ਅਤੇ ਸਮਝ ਵਿਕਸਿਤ ਹੋਣਾ ਲਾਜ਼ਮੀ ਹੁੰਦੀ ਹੈ ਪਰ ਭਾਰਤ ’ਚ ਇਸ ਵਿਕਾਸ ਦੀ ਗਤੀ ਧੀਮੀ ਹੀ ਨਹੀਂ, ਪੁੱਠੇ ਪੈਰੀਂ ਤੁਰਦੀ ਜਾਪਦੀ ਹੈ।
ਡਾ. ਹਰਪ੍ਰੀਤ ਸਿੰਘ, ਹੁਸ਼ਿਆਰਪੁਰ


ਭਗਤ ਸਿੰਘ ਅਤੇ ਬੀਕੇ ਦੱਤ ਦੇ ਖ਼ਤ ਬਾਬਤ

15 ਜੂਨ ਦੇ ਨਜ਼ਰੀਆ ਪੰਨੇ ਉੱਤੇ 14 ਜੁਲਾਈ 1929 ਦੇ ਅੰਗਰੇਜ਼ੀ ਟ੍ਰਿਬਿਊਨ ਤੋਂ ਜਿਸ ਖ਼ਬਰ ਰੂਪ ਵਿਚ ਛਪੇ ਭਗਤ ਸਿੰਘ ਅਤੇ ਬੀਕੇ ਦੱਤ ਦਾ ਪੰਜਾਬੀ ਅਨੁਵਾਦ ਮੈਂ ਪੇਸ਼ ਕੀਤਾ ਹੈ, ਉਹ ਬੇਸ਼ੱਕ ਅੰਗਰੇਜ਼ੀ ਟ੍ਰਿਬਿਊਨ ਵਿਚ 14 ਜੁਲਾਈ ਦੇ ਅੰਕ ਦਾ ਪਹਿਲਾ ਪੰਜਾਬੀ ਅਨੁਵਾਦ ਹੀ ਹੈ ਪਰ ਇਹ ਖ਼ਤ ਇਨ ਬਿੰਨ 25 ਜੁਲਾਈ ਦੇ ਲਾਹੌਰ ਦੇ ਹਫ਼ਤਾਵਾਰੀ ‘ਦਿ ਪੀਪਲ’ ਵਿਚ ਵੀ ਛਪਿਆ ਸੀ ਜਿਸ ਦਾ ਪੰਜਾਬੀ ਤਰਜਮਾ ਅਮਰਜੀਤ ਚੰਦਨ ਨੇ 1974 ਵਿਚ ਪੰਜਾਬੀ ਵਿਚ ਛਪੇ ਭਗਤ ਸਿੰਘ ਦੀਆਂ ਲਿਖਤਾਂ ਦੇ ਸਭ ਤੋਂ ਪਹਿਲੇ ਸੰਗ੍ਰਹਿ ਵਿਚ ਸ਼ਾਮਿਲ ਹੈ। ‘ਲਿਖਤਾਂ: ਸ਼ਹੀਦ ਭਗਤ ਸਿੰਘ ਅਤੇ ਸਾਥੀ’ ਪਹਿਲੀ ਵਾਰ 23 ਮਾਰਚ 1974 ਨੂੰ ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ ਅੰਮ੍ਰਿਤਸਰ ਵੱਲੋਂ ਗੁਰਸ਼ਰਨ ਸਿੰਘ ਭਾਅ ਜੀ ਨੇ ਛਾਪੀ ਸੀ ਅਤੇ ਸੰਪਾਦਕ ਚੰਦਨ ਨੇ ਸੰਪਾਦਕ ਵਜੋਂ ਆਪਣਾ ਨਾਂ ਉਦੋਂ ਜ਼ਾਹਿਰ ਨਹੀਂ ਕੀਤਾ ਸੀ।
ਚਮਨ ਲਾਲ, ਪਟਿਆਲਾ


ਸਿੱਖਿਆ ਬਨਾਮ ਅਧਿਆਪਕ

13 ਜੂਨ ਦੇ ਮਿਡਲ ‘ਕਾਗਜ਼ ਦੇ ਟੁਕੜੇ’ ਵਿਚ ਸੁੱਚਾ ਸਿੰਘ ਖੱਟੜਾ ਦੇ ਕਾਗਜ਼ ਦੇ ਟੁਕੜੇ ਦਾ ਭਾਵ ਹੈ ਕਿ ਪੰਜਾਬ ਦੇ ਕਿਸੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਨੇ 2008 ਤਕ ਇਹ ਨਹੀਂ ਦੇਖਿਆ ਕਿ ਅੰਗਰੇਜ਼ੀ ਅਧਿਆਪਕ ਦੀ ਸਿੱਖਿਆ ਮਹਿਕਮੇ ਵਿਚ ਕੋਈ ਅਸਾਮੀ ਹੈ ਹੀ ਨਹੀਂ। ਸਮਾਜਿਕ ਸਿੱਖਿਆ ਅਧਿਆਪਕ ਹੀ ਅੰਗਰੇਜ਼ੀ ਪੜ੍ਹਾਉਂਦੇ ਸਨ ਜਿਨ੍ਹਾਂ ਵਿਚੋਂ ਅੱਧਿਉਂ ਵੱਧ ਨੇ ਬੀਐੱਡ ਵਿਚ ਅੰਗਰੇਜ਼ੀ ਪੜ੍ਹਾਉਣ ਵਾਲਾ ਵਿਸ਼ਾ ਨਹੀਂ ਸੀ ਲਿਆ ਹੁੰਦਾ, ਕਈਆਂ ਨੇ ਬੀਏ ਵਿਚ ਇਲੈਕਟਿਵ ਨਹੀਂ, ਜਨਰਲ ਅੰਗਰੇਜ਼ੀ ਹੀ ਪੜ੍ਹੀ ਹੁੰਦੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

(2)

ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਕਾਗਜ਼ ਦੇ ਟੁਕੜੇ’ ਪੜ੍ਹ ਕੇ ਸਿੱਖਿਆ ਦੇ ਖੇਤਰ ਵਿਚ ਪਏ ਵਿਗਾੜ ਅਤੇ ਉਸ ਨੂੰ ਸੁਧਾਰਨ ਵਾਲੇ ਪਾਸੇ ਕੀਤੇ ਗਏ ਕਾਰਜ ਬਾਰੇ ਪਤਾ ਲੱਗਿਆ। ਆਪਣੇ ਵਿਸ਼ੇ ਦੀ ਥਾਂ ਹੋਰ ਵਿਸ਼ਿਆਂ ਵਿਚ ਪੜ੍ਹਾਉਣਾ ਹਰ ਅਧਿਆਪਕ ਦੇ ਹਿੱਸੇ ਆਇਆ ਹੈ ਜੋ ਸਮਾਜ ਵਿਚ ਮਾੜੀ ਵਿਵਸਥਾ ਪੈਦਾ ਕਰਦਾ ਹੈ। ਸਕੂਲਾਂ ਵਿਚ ਆਪਣੇ ਵਿਸ਼ੇ ਦੀ ਮੁਹਾਰਤ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਵਿਸ਼ਿਆਂ ਨੂੰ ਪੜ੍ਹਾਉਣ ਦੀ ਆਗਿਆ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ।
ਮਨਮੋਹਨ ਸਿੰਘ, ਨਾਭਾ


ਇਤਿਹਾਸ ਬਦਲੀ

11 ਜੂਨ ਦੇ ਸੰਪਾਦਕੀ ‘ਇਤਿਹਾਸ ਦੀ ਸਹੀ ਪੇਸ਼ਕਾਰੀ’ ਵਿਚ ਮੌਜੂਦਾ ਦੌਰ ਵਿਚ ਜਿਸ ਤਰ੍ਹਾਂ ਦੇਸ਼ ਦਾ ਇਤਿਹਾਸ ਬਦਲਣ ਦੀ ਕਵਾਇਦ ਕੀਤੀ ਜਾ ਰਹੀ ਹੈ, ਉਸ ਬਾਰੇ ਦੱਸਿਆ ਹੈ। ਇਤਿਹਾਸ ਦੀ ਆਪਣੀ ਮਹੱਤਤਾ ਹੁੰਦੀ ਹੈ, ਇਸ ਨੂੰ ਮਿਥਿਹਾਸ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਇਤਿਹਾਸ ਰਚਨਾ ਡੂੰਘੀ ਖੋਜ, ਅਧਿਐਨ ਤੇ ਮਿਹਨਤ ਦਾ ਕੰਮ ਹੁੰਦਾ ਹੈ। ਇਤਿਹਾਸਕਾਰਾਂ ਨੂੰ ਇਹ ਕਹਿ ਕੇ ਨਹੀਂ ਭੰਡਣਾ ਚਾਹੀਦਾ ਕਿ ਉਨ੍ਹਾਂ ਸਿਰਫ਼ ਵਿਸ਼ੇਸ਼ ਤਬਕਾ ਦਾ ਇਤਿਹਾਸ ਲਿਖਣ ਨੂੰ ਅਹਿਮੀਅਤ ਦਿੱਤੀ ਹੈ। ਇਤਿਹਾਸਕਾਰ ਆਪਣੇ ਅਧਿਐਨ ਦੌਰਾਨ ਜੋ ਤੱਥ ਪ੍ਰਾਪਤ ਕਰਦਾ ਹੈ, ਉਸ ਅਨੁਸਾਰ ਹੀ ਇਤਿਹਾਸ ਸਿਰਜਦਾ ਹੈ।
ਦਵਿੰਦਰ ਸਿੰਘ ਮੀਆਂਵਿੰਡ, ਈਮੇਲ


ਖਰਾ ਸਿੱਕਾ

11 ਜੂਨ ਨੂੰ ‘ਖੋਟਾ ਸਿੱਕਾ ਖਰਾ’ (ਵਿਪਨ ਕੁਮਾਰ) ਲੇਖ ਪੜ੍ਹਿਆ। ਅਕਸਰ ਅਜਿਹਾ ਵਾਪਰਦਾ ਹੈ ਕਿ ਜਦੋਂ ਕੋਈ ਅਜਿਹਾ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਦਾਖਲ ਹੋਣ ਆਉਂਦਾ ਹੈ, ਅਧਿਆਪਕ ਉਸ ਨੂੰ ਦਾਖ਼ਲ ਕਰਨ ਤੋਂ ਕਤਰਾਉਂਦੇ ਹਨ। ਉਹ ਉਸ ਨੂੰ ਓਪਨ ਪ੍ਰਣਾਲੀ ਜਾਂ ਪ੍ਰਾਈਵੇਟ ਤੌਰ ’ਤੇ ਪੜ੍ਹਨ ਦੀ ਸਲਾਹ ਦਿੰਦੇ ਹਨ। ਮੈਂ ਵੀ ਅਧਿਆਪਨ ਨਾਲ ਜੁੜਿਆ ਹਾਂ। ਬਹੁਤ ਦੁੱਖ ਲੱਗਦਾ ਹੈ ਜਦੋਂ ਕਿਸੇ ਵਿਦਿਆਰਥੀ ਨੂੰ ਸਕੂਲ/ਕਾਲਜ ਵਿਚ ਦਾਖ਼ਲੇ ਤੋਂ ਇਨਕਾਰ ਕੀਤਾ ਜਾਂਦਾ ਹੈ, ਇੰਝ ਲਗਦਾ ਜਿਵੇਂ ਕਿਸੇ ਨੂੰ ਵਿੱਦਿਆ ਹਾਸਲ ਕਰਨ ਤੋਂ ਰੋਕਿਆ ਜਾ ਰਿਹਾ ਹੋਵੇ। ਕਈ ਵਾਰ ਘਰੇਲੂ ਹਾਲਾਤ ਜਾਂ ਕੋਈ ਹੋਰ ਮਜਬੂਰੀਆਂ ਕਾਰਨ ਪੜ੍ਹਾਈ ਛੁੱਟ ਜਾਂਦੀ ਹੈ, ਅਜਿਹੇ ਬੱਚੇ ਪੜ੍ਹਨ ਲਾਇਕ ਹਨ ਜਾਂ ਪੜ੍ਹਨਾ ਚਾਹੁੰਦੇ ਹਨ ਤਾਂ ਵਕਫ਼ੇ ਵਰਗੇ ਬੇਲੋੜੇ ਅੜਿੱਕੇ ਕਿਉਂ ਡਾਹੁਣੇ? ਕਈ ਵਾਰ ਅਧਿਆਪਕ ਕਿਸੇ ਹੋਰ ਨਜ਼ਰੀਏ ਤੋਂ ਸੋਚ ਕੇ ਦਾਖ਼ਲੇ ਤੋਂ ਇਨਕਾਰ ਕਰ ਦਿੰਦੇ ਹਨ ਪਰ ‘ਫੈਲੇ ਵਿੱਦਿਆ ਚਾਨਣ ਹੋਏ’ ਦੇ ਨਾਅਰੇ ਨੂੰ ਬੁਲੰਦ ਕਰਨਾ ਹਰ ਅਧਿਆਪਕ ਦਾ ਫਰਜ਼ ਹੈ।
ਪੂਨਮ ਬਿਲਿੰਗ, ਈਮੇਲ

ਡਾਕ ਐਤਵਾਰ ਦੀ Other

Jun 12, 2022

ਪੇਟ ਨਾ ਪਈਆਂ ਰੋਟੀਆਂ...

ਪੰਜ ਜੂਨ ਨੂੰ ‘ਦਸਤਕ’ ਅੰਕ ਵਿਚ ਛਪਿਆ ਲੇਖ ‘ਰਾਖ ’ਚੋਂ ਉੱਗਦੇ ਕੁਕਨੂਸ’ ਗ਼ਰੀਬੀ, ਭੁੱਖ, ਈਮਾਨ ਅਤੇ ਖ਼ੁਦਦਾਰੀ ਦੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਲਿਖਿਆ ਗਿਆ ਹੈ। ਮਾਰਕਸਵਾਦੀ ਵਿਚਾਰਕ ਤਸਕੀਨ ਨੇ ਇਕ ਪੁਸਤਕ- ਇਕ ਨਜ਼ਰ ਵਿਚ ਨੋਬੇਲ ਪੁਰਸਕਾਰ ਜੇਤੂ ਕਨੂਤ ਹਾਮਸੁਨ ਦੇ ਨਾਵਲ ‘ਭੁੱਖ’ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ ਹੈ। ਵਿਪਨ ਗਿੱਲ ਨੇ ਇਸ ਪੁਸਤਕ ਦਾ ਪੰਜਾਬੀ ਭਾਸ਼ਾ ਵਿਚ ਤਰਜਮਾ ਕੀਤਾ ਹੈ। ਰਚਨਾ ਦੇ ਮੁਤਾਬਿਕ ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਹਨ। ਇਹ ਅਟੱਲ ਸੱਚਾਈ ਹੈ ਕਿ ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ। ਗ਼ਰੀਬਾਂ ਲਈ ਭੁੱਖ ਕੁਕਨੂਸ ਵਾਂਗ ਹੈ ਜੋ ਢਿੱਡ ਦੀ ਤਪਦੀ ਭੱਠੀ ’ਚੋਂ ਨਿੱਤ ਜਨਮਦੀ ਹੈ। ਇਸ ਅੱਗ ਨੂੰ ਬੁਝਾਉਣ ਲਈ ਉਸ ਨੂੰ ਨਿੱਤ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਪੂੰਜੀਵਾਦ ਨੇ ਪਿਛਲੀਆਂ ਕਈ ਸਦੀਆਂ ਤੋਂ ਪ੍ਰਜਾਤੰਤਰ ਨੂੰ ਆਪਣੀ ਮੁੱਠੀ ਵਿਚ ਲਿਆ ਹੋਇਆ ਹੈ। ਮਨੁੱਖ ਦੇ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਪਹਿਲੂ ਇਸ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ। ਢਿੱਡੋਂ ਭੁੱਖਾ ਇਨਸਾਨ ਰੱਬ ਦੀ ਹੋਂਦ ਨੂੰ ਵੰਗਾਰਦਾ ਹੈ। ਗ਼ਰੀਬਾਂ ਲਈ ਦੋ ਦੂਣੀ ਚਾਰ ਨਹੀਂ ਸਗੋਂ ਦੋ ਦੂਣੀ ਚਾਰ ਰੋਟੀਆਂ ਹੁੰਦੇ ਹਨ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਸਿੱਖਿਆ ਢਾਂਚੇ ’ਤੇ ਸਵਾਲੀਆ ਨਿਸ਼ਾਨ

ਐਤਵਾਰ ਦੇ ‘ਦਸਤਕ’ ਵਿਚ ਗੁਰਬਚਨ ਸਿੰਘ ਭੁੱਲਰ ਦਾ ਛਪਿਆ ਲੇਖ ‘ਸਭਿਅਕ ਮਨੁੱਖ ਦੇ ਵਿਕਾਸ ਵਿਚ ਸਕੂਲ ਅਤੇ ਸਮਾਜ ਦੀ ਭੂਮਿਕਾ’ ਅਜੋਕੇ ਰਾਜਸੀ, ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਵਾਲੇ ਪ੍ਰਬੰਧ ਵਿਚ ਸਾਡੇ ਸਿੱਖਿਆ ਢਾਂਚੇ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਜਦੋਂ ਜਮਾਤ ਦੇ ਕਮਰੇ ’ਚ ਘਰੋਂ ਭੁੱਖਾ ਆਇਆ ਬੱਚਾ ਕਿਸੇ ਭਾਸ਼ਾ, ਗਣਿਤ ਜਾਂ ਵਿਗਿਆਨ ਦੇ ਸਿਧਾਂਤ ਸਿੱਖਣ ਦੀ ਮੁਹਾਰਤ ਹਾਸਲ ਕਰਨ ਦੀ ਥਾਂ ਮਿਡ ਡੇਅ ਮੀਲ ਦੀ ਰਸੋਈ ਵਿਚ ਤਿਆਰ ਹੋ ਰਹੇ ਖਾਣੇ ਦੀ ਸੁਗੰਧ ਨੂੰ ਚਿਤਵਦਾ ਅੱਧੀ ਛੁੱਟੀ ਦੀ ਘੰਟੀ ਨੂੰ ਬੇਸਬਰੀ ਨਾਲ ਉਡੀਕਦਾ ਹੈ ਤਾਂ ਭੁੱਖੇ ਢਿੱਡਾਂ ਮੂਹਰੇ ਪਾਈ ਕਹਾਣੀ ਕਹਿੰਦੇ, ‘ਟੁੱਕ’ ਕਹਾਵਤ ਵਾਂਗ ਨਰੋਏ ਸਰੀਰ ਵਿਚ ਨਰੋਏ ਮਨ ਦਾ ਵਾਸਾ, ਸੁਪਨਮਈ ਸੰਸਾਰ ਦੀਆਂ ਬਾਤਾਂ ਜਾਪਦੀਆਂ ਹਨ।

ਦੂਜਾ ਪੱਖ ਇਹ ਵੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਸਿਰਫ਼ ਅਕਾਦਮਿਕ ਪੱਖ ਦਾ ਮੁਲਾਂਕਣ ਅੰਕਾਂ ਅਤੇ ਦਰਜਿਆਂ ਦੇ ਆਧਾਰ ’ਤੇ ਕਰਦੀ ਹੈ। ਪਾਠਕ੍ਰਮ ਵਿਚ ਸਿਰਫ਼ ਨਿਰਧਾਰਤ ਪਾਠ ਪੁਸਤਕਾਂ ਵਿਚ ਲਿਖਤ ਸੰਕੁਚਿਤ ਗਿਆਨ ਨੂੰ ਰੱਟਾ ਲਗਾ ਕੇ ਕੋਈ ਵਿਦਿਆਰਥੀ ਕਿੰਨਾ ਵਧੀਆ ਲਿਖ ਸਕਦਾ ਹੈ, ਉਹ ਹੀ ਉਸ ਦੇ ਮਾਨਸਿਕ-ਬੌਧਿਕ ਨੂੰ ਵਿਕਾਸ ਮਾਪਣ ਦਾ ਪੈਮਾਨਾ ਹੈ। ਸਕੂਲੀ ਸਿੱਖਿਆ ਢਾਂਚੇ ਵਿਚ ਅੰਕੜਿਆਂ ਦੀ ਖੇਡ ਦਾ ਪ੍ਰਦਰਸ਼ਨ ਸਿੱਖਿਆ ਦਾ ਮੰਤਵ ਬਣ ਗਿਆ ਜਾਪਦਾ ਹੈ। ਇਸੇ ਕਰਕੇ ਪਾਠ ਪੁਸਤਕਾਂ ਤੋਂ ਪਰ੍ਹੇ ਸਾਹਿਤ, ਸਭਿਆਚਾਰ, ਲਲਿਤ ਕਲਾਵਾਂ, ਭਾਸ਼ਾ ਵਿਗਿਆਨ ਦੇ ਹੁਨਰਾਂ ਤੋਂ ਅਜੋਕਾ ਵਿਦਿਆਰਥੀ ਤੇ ਅਧਿਆਪਕ ਦੂਰ ਖੜ੍ਹਾ ਜਾਪਦਾ ਹੈ। ਅੱਜ ਦੇ ਸੂਚਨਾ ਕ੍ਰਾਂਤੀ ਤੇ ਤਕਨਾਲੋਜੀ ਦੇ ਇਨਕਲਾਬ ਦੇ ਦੌਰ ’ਚ ਨੈਤਿਕ ਨਿਘਾਰ, ਭ੍ਰਿਸ਼ਟਾਚਾਰ, ਮਾਰ-ਧਾੜ, ਖ਼ੂਨ-ਖਰਾਬਾ ਜਿਹੇ ਖ਼ਤਰੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੰਡਰਾਅ ਰਹੇ ਹਨ। ਅਜਿਹੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਸਕੂਲ, ਸਮਾਜ, ਅਧਿਆਪਕਾਂ ਤੇ ਮਾਪਿਆਂ ਤੋਂ ਪਾਠ ਪੁਸਤਕਾਂ ਤੋਂ ਵਧੀਕ ਗਿਆਨ ਤੇ ਧਿਆਨ ਦਿੱਤੇ ਜਾਣ ਦੀ ਬੇਹੱਦ ਲੋੜ ਹੈ।

ਜਰਨੈਲ ਸਿੰਘ ਟਿਵਾਣਾ, ਬੁਢਲਾਡਾ (ਮਾਨਸਾ)


(2)

ਐੈਤਵਾਰ 5 ਜੂਨ ਦੇ ‘ਦਸਤਕ’ ਅੰਕ ਵਿਚ ਗੁਰਬਚਨ ਸਿੰਘ ਭੁੱਲਰ ਦਾ ਪ੍ਰਕਾਸ਼ਿਤ ਲੇਖ ਨੌਜਵਾਨਾਂ/ਬੱਚਿਆਂ ਦੀ ਨਿੱਘਰ ਰਹੀ ਨੈਤਿਕ, ਬੌਧਿਕ ਆਦਿ ਸਥਿਤੀ ਪੇਸ਼ ਕਰਦਿਆਂ ਫ਼ਿਕਰ ਨੂੰ ਦਰਸਾਉਂਦਾ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਜਿਸ ਤਰ੍ਹਾਂ ਹਵਾ ਵਿਚ ਦੌੜ ਨਹੀਂ ਲਗਾਈ ਜਾ ਸਕਦੀ ਉਸੇ ਤਰ੍ਹਾਂ ਭੁੱਖੇ ਢਿੱਡ ਅਤੇ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਵਿਕਾਸ ਵੱਲ ਵਧਣਾ ਕਠਿਨ ਹੈ। ਦੂਜਾ, ਬੱਚਿਆਂ ਦਾ ਸਿਰਫ਼ ਸਿਲੇਬਸ ਦੀਆਂ ਕਿਤਾਬਾਂ ਤੱਕ ਸਿਮਟ ਕੇ ਰਹਿ ਜਾਣਾ ਉਨ੍ਹਾਂ ਦੇ ਗਿਆਨ ਨੂੰ ਸੀਮਿਤ ਕਰਦਾ ਹੈ ਅਤੇ ਸਿਰਫ਼ ਵੱਧ ਅੰਕ ਪ੍ਰਾਪਤ ਕਰਨ ਦੀ ਬਿਰਤੀ ਉਨ੍ਹਾਂ ਦੀ ਸਿੱਖਣ ਦੀ ਜਗਿਆਸਾ ਨੂੰ ਵੀ ਖ਼ਤਮ ਕਰਦੀ ਹੈ। ਤੀਜੀ, ਉਨ੍ਹਾਂ ਵੱਲੋਂ ਮਾਤ-ਭਾਸ਼ਾ ਨੂੰ ਹਲਕੇ ’ਚ ਲੈ ਕੇ ਉਸ ਦਾ ਅਧੂਰਾ ਗਿਆਨ ਰੱਖਣ ਦੀ ਗੱਲ ਵੀ ਗੌਰ ਕਰਨ ਯੋਗ ਹੈ। ਸੋ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਲੇਖ ਵਿਚ ਸਮਾਜਿਕ-ਮਾਨਸਿਕ ਆਦਿ ਵਿਭਿੰਨ ਵਿਕਾਸ ਪੱਖਾਂ ਨੂੰ ਛੋਹਿਆ ਹੈ ਜਿਨ੍ਹਾਂ ਵੱਲ ਸੱਚਮੁੱਚ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

ਕੁਲਵਿੰਦਰ ਚਾਨੀ, ਈ-ਮੇਲ


ਸੰਵੇਦਨਸ਼ੀਲ ਕਲਾਕਾਰ

ਇਕ ਸੰਵੇਦਨਸ਼ੀਲ ਕਲਾਕਾਰ ਦੀ ਸ਼ਖ਼ਸੀਅਤ ਨੂੰ ਬਾਖ਼ੂਬੀ ਪੇਸ਼ ਕਰਦਾ ਪ੍ਰੇਮ ਸਿੰਘ ਦਾ ਲੇਖ ‘ਹਰਕਿਸ਼ਨ ਲਾਲ ਨੂੰ ਯਾਦ ਕਰਦਿਆਂ’ (5 ਜੂਨ) ਰੌਚਿਕ ਸੀ। ਇਹ ਪੰਜਾਬ ਦੇ ਕਲਾ ਇਤਿਹਾਸ ਦੇ ਅਹਿਮ ਦਸਤਾਵੇਜ਼ ਵਜੋਂ ਸਾਹਮਣੇ ਆਇਆ ਜਿਸ ਨੂੰ ਸੰਭਾਲਣ ਦੀ ਲੋੜ ਹੈ।

ਬਲਵਿੰਦਰ, ਚੰਡੀਗੜ੍ਹ


ਮਜ਼ਦੂਰੀ ਅਤੇ ਪੇਂਡੂ ਹਾਲਾਤ

ਖੇਤੀ ਅਤੇ ਖੇਤ ਮਜ਼ਦੂਰਾਂ ਦਾ ਆਪਸ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ। ਖੇਤੀਬਾੜੀ ਅਤੇ ਖੇਤ ਮਜ਼ਦੂਰ ਸ਼ੁਰੂ ਤੋਂ ਹੀ ਇਕ ਦੂਜੇ ਦੇ ਪੂਰਕ ਰਹੇ ਹਨ। ਅੱਜ ਵੀ ਜੇਕਰ ਆਧੁਨਿਕ ਖੇਤੀ ਸਹੂਲਤਾਂ ਤੇ ਢੰਗਾਂ ’ਚ ਥੋੜ੍ਹਾ ਜਿਹਾ ਵੀ ਬਦਲਾਅ ਆਉਂਦਾ ਹੈ ਤਾਂ ਮਸ਼ੀਨਰੀ ਨਾਲੋਂ ਖੇਤ ਮਜ਼ਦੂਰ ਦੀ ਅਹਿਮੀਅਤ ਕਿਤੇ ਵਧ ਜਾਂਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਆਧੁਨਿਕ ਮਸ਼ੀਨਰੀ, ਖੇਤੀਬਾੜੀ ਸੰਦਾਂ, ਨਦੀਨਨਾਸ਼ਕਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਖੇਤ ਮਜ਼ਦੂਰਾਂ ਅਤੇ ਖੇਤੀਬਾੜੀ ’ਤੇ ਨਿਰਭਰ ਬੇਜ਼ਮੀਨੇ ਗ਼ਰੀਬ ਲੋਕਾਂ ਦੀ ਆਮਦਨੀ ਨੂੰ ਵੱਡੀ ਢਾਹ ਲਾਈ ਹੈ। ਮਜ਼ਦੂਰਾਂ ਦੀ ਇਸੇ ਬੇਵਸੀ ਅਤੇ ਗੁਰਬਤ ਭਰੀ ਜ਼ਿੰਦਗੀ ਨੂੰ ਬਿਆਨ ਕਰਦਾ ਡਾ. ਗਿਆਨ ਸਿੰਘ ਦਾ ਸੰਪਾਦਕੀ ਪੰਨੇ ’ਤੇ 29 ਮਈ ਨੂੰ ਛਪਿਆ ਲੇਖ ‘ਖਾਲੀ ਖੀਸੇ, ਢਿੱਡ ਭੁੱਖੇ, ਤਨ ’ਤੇ ਲੀਰਾਂ ਅਤੇ ਜਗੀਰੂ ਘੂਰਾਂ’ ਸਰਕਾਰਾਂ, ਕਿਸਾਨ ਜਥੇਬੰਦੀਆਂ, ਮਜਦੂਰ ਹਮਾਇਤੀ ਸੰਸਥਾਵਾਂ, ਸਮਾਜਿਕ, ਧਾਰਮਿਕ,ਰਾਜਨੀਤਕ ਲੋਕਾਂ ਦਾ ਧਿਆਨ ਖਿੱਚਦਾ ਹੈ। ਜਗੀਰੂ ਧਾਰਨਾ ਅਤੇ ਹੈਂਕੜਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ-ਮਜ਼ਦੂਰ ਏਕਤਾ ਦੇ ਹਾਮੀ ਹੋਣਾ ਸਮੇਂ ਦੀ ਲੋੜ ਹੈ।

ਇੰਜੀ. ਸਤਨਾਮ ਸਿੰਘ ਮੱਟੂ, ਬੀਂਬੜ (ਸੰਗਰੂਰ)

ਪਾਠਕਾਂ ਦੇ ਖ਼ਤ Other

Jun 11, 2022

ਪ੍ਰਦੂਸ਼ਣ ਮੁਕਤੀ

10 ਜੂਨ ਦੇ ਪੰਨਾ 4 ਉੱਤੇ ਛਪੀ ਖਬਰ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੱਠਿਆਂ ’ਤੇ ਜਿ਼ਗ-ਜ਼ੈਗ ਤਕਨੀਕ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨਾ ਚੰਗੀ ਗੱਲ ਹੈ ਪਰ ਅਪਰੈਲ, ਮਈ ਦੌਰਾਨ ਜਦੋਂ ਖੇਤਾਂ ’ਚ ਕਣਕ ਦੀ ਨਾੜ ਨੂੰ ਅੱਗ ਲਾਉਣ ਨਾਲ ਅਣਗਿਣਤ ਦਰੱਖਤ ਸੜ ਗਏ, ਧੂੰਏ ਕਾਰਨ ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਚਲੀਆਂ ਗਈਆਂ ਤਾਂ ਉਸ ਵੇਲੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਰਕਾਰ ਨੇ ਕੋਈ ਸਖਤੀ ਕਿਉਂ ਨਹੀਂ ਦਿਖਾਈ। ਪ੍ਰਦੂਸ਼ਣ ਰੋਕਣ ਲਈ ਸਨਅਤਾਂ ਵਾਂਗ ਖੇਤਾਂ ਵਿਚ ਵੀ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ।

ਸੋਹਣ ਲਾਲ ਗੁਪਤਾ, ਪਟਿਆਲਾ


ਉਹ ਸਮਾਂ...

10 ਜੂਨ ਨੂੰ ਹਰੀਤ ਦਾ ਮਿਡਲ ‘ਉਹ ਡੇਢ ਸਾਲ’ ਚੰਗਾ ਲੱਗਾ। ਅਕਸਰ ਹੀ ਦਸਵੀਂ ਜਾਂ ਬਾਰਵੀਂ ਤੋਂ ਬਾਅਦ ਬੱਚੇ ਦੁਚਿੱਤੀ ਵਿਚ ਪੈ ਜਾਂਦੇ ਹਨ ਕਿ ਕਿਹੜੇ ਪਾਸੇ ਜਾਣ। ਇਹ ਉਸ ਸਮਾਂ ਹੁੰਦਾ ਹੈ ਜਿਸ ’ਤੇ ਉਨ੍ਹਾਂ ਦਾ ਭਵਿੱਖ ਨਿਰਭਰ ਹੁੰਦਾ ਹੈ। ਜੇ ਘਰ ਵਿਚ ਮਾਂ ਜਾਂ ਜ਼ਿੰਮੇਵਾਰ ਜੀਅ ਹੀ ਠੀਕ ਨਾ ਹੋਵੇ ਤਾਂ ਦੁਚਿੱਤੀ ਹੋਰ ਵਧ ਜਾਂਦੀ ਹੈ। ਇਸ ਸਮੇਂ ਮਿਲੀ ਸਹੀ ਸੇਧ ਅਤੇ ਦ੍ਰਿੜ ਇਰਾਦਾ ਤੁਹਾਡੀ ਜ਼ਿੰਦਗੀ ਵਿਚ ਵਡਮੁੱਲਾ ਯਗਦਾਨ ਪਾ ਸਕਦੇ ਹਨ।

ਰਾਜ ਕੌਰ ਕਮਾਲਪੁਰ, ਪਟਿਆਲਾ


(2)

ਹਰੀਤ ਦਾ ਮਿਡਲ ‘ਉਹ ਡੇਢ ਸਾਲ’ (10 ਜੂਨ) ਭਾਵੁਕ ਵੀ ਕਰਦਾ ਹੈ ਅਤੇ ਪ੍ਰੇਰਦਾ ਵੀ ਹੈ। ਅਜਿਹੀਆਂ ਲਿਖਤਾਂ ਚਿਰਾਂ ਤੱਕ ਚੇਤੇ ਵਿਚ ਵਸੀਆਂ ਰਹਿੰਦੀਆਂ ਹਨ। ਲੇਖਕ ਨੇ ਜਵਾਨ ਹੋ ਰਹੇ ਬੱਚਿਆਂ ਦੀ ਦੁਚਿੱਤੀ ਖੂਬ ਬਿਆਨ ਕੀਤੀ ਹੈ।

ਬਲਬੀਰ ਕੌਰ, ਕਪੂਰਥਲਾ


ਰਿਸ਼ਵਤਖੋਰੀ

8 ਜੂਨ ਦੇ ਸੰਪਾਦਕੀ ‘ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ’ ਵਿਚ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਘੋਖਵੀਂ ਪੜਚੋਲ ਹੈ। ਪਹਿਲਾਂ ਆਪਣੇ ਹੀ ਮੰਤਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਬਰਖਾਸਤ ਕਰਨਾ ਤੇ ਉਸ ਵਿਰੁੱਧ ਰਿਪੋਰਟ ਕਰਕੇ ਪੁਲੀਸ ਦੇ ਹਵਾਲੇ ਕਰਨਾ ਕੋਈ ਛੋਟੀ ਗੱਲ ਨਹੀਂ। ਬਾਰਸੂਖ ਲੋਕਾਂ ਵੱਲੋਂ ਦਬੀਆਂ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨਾਂ ਮੁੜ ਕੇ ਪੰਚਾਇਤਾਂ ਦੇ ਹਵਾਲੇ ਕਰਨਾ ਵੀ ਸਪਸ਼ਟ ਕਰਦਾ ਹੈ ਕਿ ਸਰਕਾਰ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਤੋਂ ਘਪਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਪਿਛਲੀ ਸਰਕਾਰ ਦੇ ਕਾਰਨਾਮਿਆਂ ਦੀ ਘੋਖ ਵੀ ਜਾਰੀ ਹੈ।

ਅਮਰਜੀਤ ਸਿੰਘ ਜੰਜੂਆ, ਈਮੇਲ


ਮਜ਼ਦੂਰਾਂ ਦਾ ਮਿਹਨਤਾਨਾ

7 ਜੂਨ ਨੂੰ ਤਰਲੋਚਨ ਮੁਠੱਡਾ ਦਾ ਲੇਖ ‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਅਮੀਰ ਅਤੇ ਗਰੀਬ ਵਰਗ ਦੀ ਆਰਥਿਕਤਾ ਬਿਆਨ ਕਰਦਾ ਹੈ। ਦੂਜੇ ਬੰਨ੍ਹੇ ਸਰਕਾਰ ਜਿਵੇਂ-ਕਿਵੇਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਦੇਣ ਨੂੰ ਤਾਂ ਤਿਆਰ ਹੈ ਪਰ ਮਜ਼ਦੂਰਾਂ ਨੂੰ ਘੱਟੋ-ਘੱਟ ਮਿਹਨਤਾਨਾ ਦੇਣ ਨੂੰ ਤਿਆਰ ਨਹੀਂ। ਲੇਖਕ ਨੇ ਕਿਸਾਨ ਜਥੇਬੰਦੀਆਂ ਨੂੰ ਮਜਦੂਰਾਂ ਦੇ ਮਿਹਨਤਾਨੇ ਲਈ ਲੜਨ ਲਈ ਵੀ ਪ੍ਰੇਰਿਆ ਹੈ।

ਮਨਮੋਹਨ ਸਿੰਘ, ਨਾਭਾ


(2)

‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਦੇ ਸਬੰਧ ਵਿਚ ਡੂੰਘੇ ਸਵਾਲ ਛੱਡਦੀਆਂ ਗੱਲਾਂ ਕੀਤੀਆਂ ਹਨ। ਅਸੀਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਤਾਂ ਲਗਾਉਂਦੇ ਹਾਂ ਪਰ ਇਸ ’ਤੇ ਕੁਝ ਜਥੇਬੰਦੀਆਂ ਹੀ ਅਮਲ ਕਰਦੀਆਂ ਹਨ।

ਪਾਵੇਲ ਸਿਹੌੜਾ, ਪਿੰਡ ਤੇ ਡਾਕਖਾਨਾ ਸਿਹੌੜਾ, (ਲੁਧਿਆਣਾ)


(3)

‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਲੇਖ ਵਿਚ ਤਰਲੋਚਨ ਮੁਠੱਡਾ ਨੇ ਵਧੀਆ ਢੰਗ ਨਾਲ ਦਰਸਾਇਆ ਹੈ ਕਿ ਮਜ਼ਦੂਰਾਂ ਨੂੰ ਘੱਟੋ-ਘੱਟ ਮਿਹਨਤਾਨਾ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਹੋ ਸਕੇ। ਅੱਜ ਸਭ ਤੋਂ ਵੱਧ ਸ਼ੋਸ਼ਣ ਮਜ਼ਦੂਰਾਂ ਦਾ ਹੀ ਹੋ ਰਿਹਾ ਹੈ।

ਸਪਿੰਦਰ ਸਿੰਘ, ਈਮੇਲ


ਸੰਤਾਲੀ ਵਾਲੇ ਤੱਥ

6 ਜੂਨ ਦੇ ਨਜ਼ਰੀਆ ਪੰਨੇ ਉੱਤੇ ਗੁਰਨਾਮ ਸਿੰਘ ਅਕੀਦਾ ਲੇਖ ‘ਸੁਲਤਾਨਾ ਬੇਗਮ ਅਤੇ ਉਸ ਦੀ ਸ਼ਾਇਰੀ’ ਪੜ੍ਹਿਆ। ਲਿਖਤ ਵਿਚ ਸੰਨ ਸੰਤਾਲੀ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਦਰਸਾਏ ਹਨ। ਸੁਲਤਾਨਾ ਬੇਗਮ ਅੱਜ ਦੇ ਸਮਾਜ ਈ ਵਡਮੁੱਲਾ ਸੁਨੇਹਾ ਛੱਡ ਕੇ ਗਏ ਹਨ।

ਅਮਰਜੀਤ ਸਿੰਘ ਫੌਜੀ, ਪਿੰਡ ਦੀਨਾ ਸਾਹਿਬ (ਮੋਗਾ)


ਜਾਗਰੂਕ ਜਨਤਾ

4 ਜੂਨ ਦੇ ਮਿਡਲ ‘ਪੜ੍ਹਿਆ-ਲਿਖਿਆ ਜੱਜ’ ਵਿਚ ਕੁਲਵਿੰਦਰ ਸਿੰਘ ਮਲੋਟ ਨੇ ਮੁਲਕ ਦੀ ਨਿਆਂ ਪ੍ਰਣਾਲੀ ’ਤੇ ਚਾਨਣਾ ਪਾਇਆ ਹੈ। ਦਰਅਸਲ ਇਕੱਲੇ ਜੱਜਾਂ ਦਾ ਹੀ ਪੜ੍ਹਿਆ ਹੋਣਾ ਜ਼ਰੂਰੀ ਨਹੀਂ ਸਗੋਂ ਸਾਰੀ ਜਨਤਾ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਕਈ ਲੋਕ ਤਾਂ ਫੈਸਲੇ ਉਡੀਕਦੇ ਉਡੀਕਦੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਪਿਛਲਝਾਤ

3 ਮਈ ਦੇ ਨਜ਼ਰੀਆ ਪੰਨੇ ਉੱਪਰ ਜਗਵਿੰਦਰ ਜੋਧਾ ਦਾ ਮਿਡਲ ‘ਬਲਦ ਨਗੌਰੀ ਗਲ ਵਿਚ ਟੱਲੀਆਂ...’ ਪੜ੍ਹਿਆ। ਆਪਣੇ ਆਪ ਨੂੰ 35-40 ਸਾਲ ਪਿੱਛੇ ਵਿਚਰਦਿਆਂ ਮਹਿਸੂਸ ਕੀਤਾ ਜਦੋਂ ਨਗੌਰੀ ਵਹਿੜਕਿਆਂ ਦੀਆਂ ਗੱਲਾਂ ਅਕਸਰ ਘਰਾਂ ਵਿਚ ਹੁੰਦੀਆਂ ਸਨ। ਉਸ ਸਮੇਂ ਖੇਤੀ ਜ਼ਿਆਦਾਤਰ ਊਠਾਂ ਜਾਂ ਬਲਦਾਂ ’ਤੇ ਨਿਰਭਰ ਹੁੰਦੀ ਸੀ ਪਰ ਸਮੇਂ ਨਾਲ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਅਤੇ ਬਲਦਾਂ ਊਠਾਂ ਦੀ ਵਰਤੋਂ ਲਗਪਗ ਖਤਮ ਹੋ ਗਈ।

ਜਸਦੀਪ ਸਿੰਘ ਢਿੱਲੋਂ, ਫਰੀਦਕੋਟ


ਕੱਟੜਤਾ

7 ਜੂਨ ਦੇ ਨਜਰੀਆਂ ਪੰਨੇ ’ਤੇ ਰਾਮ ਚੰਦਰ ਗੁਹਾ ਦਾ ਲੇਖ ‘ਕੱਟੜਪੰਥੀ ਸਿਆਸਤ ਦੇ ਪਸਾਰ’ ਪੜ੍ਹਿਆ। ਲੇਖ ਗੁੰਝਲਦਾਰ ਚਾਲ ਨੂੰ ਸੌਖੇ ਲਫਜ਼ਾਂ ਵਿਚ ਪੇਸ਼ ਕਰਦਾ ਹੈ। ਯੂਨੀਵਰਸਿਟੀ ਦੇ ਅਧਿਆਪਕ ਨੇ ਸਹੀ ਪ੍ਰਸ਼ਨ ਪੁੱਛਿਆ ਸੀ ਜਿਸ ਦਾ ਜਵਾਬ ‘ਸਿਆਣਾ ਵਿਦਿਆਰਥੀ’ ਹੀ ਦੇ ਸਕਦਾ ਸੀ। ਆਕਾ ਦਾ ਗੁਰੂ ਇਟਲੀ ਦਾ ਫਾਸ਼ੀਵਾਦੀ ਜਾਂ ਜਰਮਨੀ ਦਾ ਨਾਜ਼ੀਵਾਦ ਹੋਵੇ, ਅੰਧ-ਭਗਤਾਂ ਨੇ ਇਸ ਤੋਂ ਕੀ ਲੈਣਾ ਹੈ? ਉਸ ਦਾ ਕੰਮ ਹੋ ਰਿਹਾ ਹੈ। ਸਹੀ ਲਿਖਿਆ ਹੈ ਕਿ ਸਿਆਸੀ ਆਕਾ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪ੍ਰੇਰਨਾ ਸਰੋਤ ਦੇ ਵਿਦੇਸ਼ੀ ਹੋਣ ਦਾ ਸੱਚ ਦੇਸ਼ ਦੇ ਆਮ ਨਾਗਰਿਕ ਦੇ ਸਾਹਮਣੇ ਆਵੇ।

ਜਗਰੂਪ ਸਿੰਘ, ਲੁਧਿਆਣਾ

ਪਾਠਕਾਂ ਦੇ ਖ਼ਤ Other

Jun 10, 2022

ਸਿਆਸੀ ਮਜਬੂਰੀ

6 ਜੂਨ ਦਾ ਸੰਪਾਦਕੀ ‘ਭਾਜਪਾ ਆਗੂ ਮੁਅੱਤਲ’ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੇ ਆਪਣੇ ਕੌਮੀ ਬੁਲਾਰਿਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਮਜਬੂਰੀ ਵਿਚ ਕੀਤੀ ਹੈ। ਦਰਅਸਲ ਇਹ ਮੁਅੱਤਲੀਆਂ ਮੱਧ ਪੂਰਬ ਦੇ ਇਸਲਾਮੀ ਮੁਲਕਾਂ ਦੇ ਤਿੱਖੇ ਪ੍ਰਤੀਕਰਮ ਦਾ ਨਤੀਜਾ ਹਨ। ਭਾਜਪਾ ਦੀ ਕੌਮੀ ਬੁਲਾਰੇ ਨੂਪੁਰ ਸ਼ਰਮਾ ਵੱਲੋਂ ਟੀਵੀ ਚੈਨਲ ਉਤੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿਪਣੀਆਂ ਕਰਨ ਤੋਂ ਇਕ ਹਫਤੇ ਤੱਕ ਭਾਜਪਾ ਅਤੇ ਕੇਂਦਰ ਸਰਕਾਰ ਨੇ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਅਤੇ ਕਈ ਭਾਜਪਾ ਆਗੂਆਂ ਨੇ ਤਾਂ ਸਗੋਂ ਨੂਪੁਰ ਸ਼ਰਮਾ ਦੀ ਪਿੱਠ ਥਾਪੜੀ।
ਸੁਮੀਤ ਸਿੰਘ, ਅੰਮ੍ਰਿਤਸਰ


ਸੱਚੋ-ਸੱਚ

9 ਜੂਨ ਨੂੰ ਨਜ਼ਰੀਆ ਪੰਨੇ ’ਤੇ ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝੱਖੜ ਵੱਢੋਗੇ’ ਸੱਚ ਬਿਆਨ ਕਰਦਾ ਹੈ। ਦਰਅਸਲ 2014 ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਮੁਲਕ ਦੇ ਵੱਖ ਵੱਖ ਭਾਈਚਾਰਿਆਂ ਵਿਚ ਲਕੀਰ ਬਣ ਰਹੀ ਹੈ। ਸੱਤਾਧਾਰੀ ਭਾਜਪਾ ਕੱਟੜ ਸੋਚ ਨੂੰ ਪ੍ਰਣਾਈ ਪਾਰਟੀ ਹੈ। ਕੇਂਦਰ ਸਰਕਾਰ ਦੀ ‘ਮੁਸਲਿਮ ਵਿਰੋਧੀ ਭਾਵਨਾਵਾਂ’ ਭੜਕਾਉਣ ਵਾਲੀਆਂ ਨੀਤੀਆਂ ਕਾਰਨ ਭਾਜਪਾ ਦੇ ਨੁਮਾਇੰਦੇ ਅਕਸਰ ਭੜਕਾਊ ਬਿਆਨਬਾਜ਼ੀ ਕਰਦੇ ਹਨ। ਤਾਜ਼ਾ ਘਟਨਾਕ੍ਰਮ ਵਿਚ ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਨਾਲ ਖਾੜੀ ਮੁਲਕਾਂ ਵਿਚ ਭਾਰਤ ਦੇ ਵਿਰੁੱਧ ਰੋਸ ਸ਼ੁਰੂ ਹੋ ਗਿਆ। ਇਸ ਨਾਲ ਭਾਰਤ ਦੇ ਸੰਸਾਰ ਪੱਧਰ ’ਤੇ ਬਣੇ ਧਰਮ ਨਿਰਪੱਖਤਾ ਵਾਲੇ ਅਕਸ ਨੂੰ ਦਾਗ ਲੱਗਿਆ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)

(2)

ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝਾਖੱੜ ਵੱਢੋਗੇ’ ਫਿਰਕਾਪ੍ਰਸਤ ਲੋਕਾਂ ਦੇ ਮੂੰਹ ’ਤੇ ਚੁਪੇੜ ਹੈ। ਸ਼ਾਸਕਾਂ ਪਾਸ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਕੋਈ ਠੋਸ ਪ੍ਰੋਗਰਾਮ ਨਹੀਂ, ਇਸ ਲਈ ਉਹ ਹਿੰਦੂ-ਮੁਸਲਿਮ ਟਕਰਾਓ ਰਾਹੀਂ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਤੋੜ ਕੇ ਰਾਜ ਕਰਨਾ ਚਾਹੁੰਦੇ ਹਨ।
ਸਰਵਨ ਸਿੰਘ ਕਾਲਾ ਬੂਲਾ, ਈਮੇਲ

(3)

ਨਵਦੀਪ ਸੂਰੀ ਦਾ ਲੇਖ ‘ਹਵਾ ਬੀਜੋਗੇ ਤਾਂ ਝੱਖੜ ਵੱਢੋਗੇ’ ਨੂਪੁਰ ਸ਼ਰਮਾ ਦੁਆਰਾ ਹਜ਼ਰਤ ਮੁਹੰਮਦ ਬਾਰੇ ਕੀਤੀ ਟਿੱਪਣੀ ਨਾਲ ਭਾਰਤ ਨੂੰ ਇਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਬਾਰੇ ਚੰਗੀ ਜਾਣਕਾਰੀ ਦਿੰਦਾ ਹੈ। ਓਆਈਸੀ ਨਾਲ ਸਬੰਧਤ 57 ਮੁਲਕਾਂ ਨੇ ਇਸ ਮਸਲੇ ’ਤੇ ਬਹੁਤ ਇਤਰਾਜ਼ ਜਤਾਇਆ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿਉਂ? ਅਸਲ ਵਿਚ ਭਾਰਤੀ ਲੀਡਰਾਂ ਦੀ ਮਾੜੀ ਸਿਆਸਤ ਨੇ ਸਦੀਆਂ ਪੁਰਾਣੀ ਸਾਂਝ ਨੂੰ ਆਪਣੇ ਫਿਰਕੂ ਬੋਲਾਂ ਸਦਕਾ ਤਾਰ ਤਾਰ ਕਰ ਦਿੱਤਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)


ਸਵੱਲੜਾ ਰਾਹ

9 ਜੂਨ ਨੂੰ ਰਸ਼ਪਿੰਦਰ ਪਾਲ ਕੌਰ ਦਾ ਮਿਡਲ ‘ਸਵੱਲੜਾ ਰਾਹ’ ਭਾਵਨਾਤਮਕ ਹੈ। ਅੱਜ ਵੀ ਸਾਡੇ ਸਮਾਜ ਵਿਚ ਕੁਝ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਦਿਲ ਦੇ ਦੁੱਖ ਦਰਦ ਬਿਨਾਂ ਕਿਸੇ ਤਕਲੀਫ ਤੋਂ ਸਾਂਝਾ ਕਰ ਸਕਦੇ ਹਾਂ। ਲਿਖਤ ਦੀ ਇਕ ਗੱਲ ਹੋਰ ਵਧਿਆ ਹੈ: ਮਾਂ ਬਾਪ ਦਾ ਫਰਜ਼ ਸਿਰਫ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੱਕ ਸੀਮਿਤ ਨਹੀਂ ਬਲਕਿ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਅਤੇ ਉਸ ਦੀ ਕਦਰ ਕਰੋ।
ਰੁਪਿੰਦਰ ਕੌਰ, ਸੱਦੋ ਮਾਜਰਾ (ਫਤਿਹਗੜ੍ਹ ਸਾਿਹਬ)

(2)

ਰਸ਼ਪਿੰਦਰ ਪਾਲ ਕੌਰ ਦਾ ਲੇਖਾ ‘ਸਵੱਲੜਾ ਰਾਹ’ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਤੇ ਜਵਾਨ ਪੁੱਤਰਾਂ ਦੇ ਮਾਪਿਆਂ ਨੂੰ ਸਹੀ ਰਾਹ ਪਾ ਕੇ ਉਨ੍ਹਾਂ ਦੇ ਪੁੱਤਰਾਂ ਨੂੰ ਜਿਊਣ ਦੀ ਜਾਚ ਸਿਖਾਉਂਦਾ ਹੈ। ਜਦੋਂ ਸਾਡੀਆਂ ਡਾਕਟਰੀ ਇਲਾਜ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਂਦੀਆਂ ਹਨ, ਜਾਂ ਕੁਝ ਹੋਰ ਕਾਰਨ ਹੁੰਦੇ ਹਨ ਤਾਂ ਅਸੀਂ ਚੌਂਕੀਆਂ, ਡੇਰਿਆਂ ਦੇ ਰਾਹ ਪੈ ਜਾਂਦੇ ਹਾਂ ਜਦੋਂਕਿ ਅਜਿਹੀ ਹਾਲਤ ਵਿਚ ਮਾਨਸਿਕ ਸੰਤੁਲਨ ਗੁਆ ਚੁੱਕੇ ਰੋਗੀਆਂ ਲਈ ਠੀਕ ਰਾਹ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣਾ ਹੁੰਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਗਿਆਨੀ ਕਰਤਾਰ ਸਿੰਘ

8 ਜੂਨ ਦੇ ਅੰਕ ਵਿਚ ਦਿਲਜੀਤ ਸਿੰਘ ਬੇਦੀ ਦਾ ਲੇਖ ‘ਖਾਲਸਈ ਚਰਿੱਤਰ ਵਾਲੇ ਰਾਜਸੀ ਨਾਇਕ ਗਿਆਨੀ ਕਰਤਾਰ ਸਿੰਘ’ ਜਾਣਕਾਰੀ ਭਰਪੂਰ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਆਪਣੀ ਸਵੈ-ਜੀਵਨੀ ‘ਆਪ ਬੀਤੀ’ ਵਿਚ ਲਿਖਦੇ ਹਨ: “ਜਨਵਰੀ 1947 ਵਿਚ ਗਿਆਨੀ ਕਰਤਾਰ ਸਿੰਘ ਮੈਨੂੰ ਮਿਲਣ ਆਏ। ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ, ਮਸਤ ਅੱਖਾਂ ਤੇ ਬੇਸੁਰਤ ਜਿਹਾ ਆਦਮੀ। ਉਸ ਨੇ ਖੁੱਥੀ ਹੋਈ ਨੀਲੀ ਪੱਗ, ਮੋਟੇ ਖੱਦਰ ਦਾ ਪਜਾਮਾ ਤੇ ਪੱਟੂ ਦਾ ਕੋਟ ਪਹਿਨਿਆ ਹੋਇਆ ਸੀ। ਜਿੰਨਾ ਸ਼ਕਲ ਦਾ ਕੋਝਾ ਗਿਆਨੀ ਓਨਾ ਹੀ ਅਕਲ ਦਾ ਤੇਜ਼ ਸੀ ਤੇ ਬਾਕੀਆਂ (ਪੰਡਿਤ ਨਹਿਰੂ, ਬਲਦੇਵ ਸਿੰਘ ਆਦਿ) ਵਾਂਗ ਉਹਦੇ ਦਿਮਾਗ ਵਿਚ ਕੋਈ ਗੁੰਝਲ ਨਹੀਂ ਸੀ। ਉਹ ਬੜਾ ਬਾ-ਦਲੀਲ ਸੀ, ਤੇ ਉਸ ਦੀ ਸੋਚ ਬੜੀ ਸਾਫ ਸੀ।”
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)


ਸੁਨੇਹਾ

8 ਜੂਨ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਪੁਣੇ, ਪੰਜਾਬ ਤੇ ਪਹਿਲ’ ਪੰਜਾਬੀਆਂ ਨੂੰ ਸੁਨੇਹਾ ਦੇਣ ਵਾਲਾ ਹੈ। ਥਾਂ ਥਾਂ ਖੁੱਲੇ ਸ਼ਰਾਬ ਦੇ ਠੇਕਿਆਂ ਨੇ ਸਾਨੂੰ ਨਾ ਸਿਰਫ ਆਰਥਿਕ ਤੌਰ ’ਤੇ ਸਗੋਂ ਨੈਤਿਕ ਤੌਰ ’ਤੇ ਬਹੁਤ ਨੁਕਸਾਨ ਪਹੁੰਚਾਇਆ ਹੈ। ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਚਾਉਣ ਲਈ ਲੇਖ ਵਿਚਲੇ ਮਰਾਠੀ ਡਰਾਈਵਰ ਵਰਗੇ ਮਜ਼ਬੂਤ ਇਰਾਦੇ ਦੀ ਲੋੜ ਹੈ। ਇਸੇ ਦਿਨ ਦਲਜੀਤ ਸਿੰਘ ਬੇਦੀ ਦਾ ਗਿਆਨੀ ਕਰਤਾਰ ਸਿੰਘ ਬਾਰੇ ਲੇਖ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਸੁਚੇਤ ਕਰਦਾ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀ ਲਈ ਆਪਣਾ ਖੂਨ ਪਸੀਨਾ ਇਕ ਕਰਨ ਵਾਲੇ ਨਾਇਕਾਂ ਨੂੰ ਭੁਲਾ ਚੁੱਕੇ ਹਾਂ।
ਡਾ. ਤਰਲੋਚਨ ਕੌਰ, ਪਟਿਆਲਾ


ਮੁਹੱਬਤਾਂ

7 ਜੂਨ ਨੂੰ ਡਾ. ਸਰਬਜੋਤ ਸਿੰਘ ਮੁਕੇਰੀਆਂ ਦੀ ਰਚਨਾ ‘ਲਾਲ ਟਰੰਕ’ ਪੜ੍ਹੀ। ਰਚਨਾ ਵਿਚਲੀ ਪਾਤਰ ਭੂਆ, ਉਸ ਦਾ ਲਾਲ ਟਰੰਕ ਅਤੇ ਟਰੰਕ ਵਿਚ ਭਰਾ ਵੱਲੋਂ ਭੈਣ ਨੂੰ ਲਿਖੀਆਂ ਚਿੱਠੀਆਂ ਆਪਸੀ ਰਿਸ਼ਤਿਆਂ ਦੀ ਸੱਚੀ-ਸੁੱਚੀ ਮੁਹੱਬਤ ਦੀਆਂ ਬਾਤਾਂ ਹਨ।
ਅਮਰਜੀਤ ਮੱਟੂ, ਭਰੂਰ (ਜਿ਼ਲ੍ਹਾ ਸੰਗਰੂਰ)

(2)

ਡਾ. ਸਰਬਜੋਤ ਸਿੰਘ ਮੁਕੇਰੀਆਂ ਦਾ ਲੇਖ ‘ਲਾਲ ਟਰੰਕ’ ਪੜ੍ਹਿਆ। ਲਿਖਤ ਵਿਚ ਰਿਸ਼ਤਿਆਂ ਦੇ ਨਿੱਘ ਦਾ ਜੋ ਜਿ਼ਕਰ ਹੈ, ਉਸ ਪਿਆਰ ਦਾ ਕੋਈ ਮੁੱਲ ਨਹੀਂ। ਅੱਜ ਭਾਵੇਂ ਮਨੁੱਖ ਕੋਲ ਬੇਅੰਤ ਪੈਸਾ ਆ ਗਿਆ ਹੈ ਪਰ ਇਸ ਪੈਸੇ ਨਾਲ ਪਿਆਰ ਮੁਹੱਬਤ ਨਹੀਂ ਖਰੀਦੇ ਜਾ ਸਕਦੇ।
ਬੂਟਾ ਸਿੰਘ, ਚਤਾਮਲਾ (ਰੂਪਨਗਰ)

(3)

‘ਲਾਲ ਟਰੰਕ’ (7 ਜੂਨ) ਲੇਖ ਖਿੱਚ ਪਾਉਂਦਾ ਹੈ। ਡਾ. ਸਰਬਜੋਤ ਸਿੰਘ ਮੁਕੇਰੀਆਂ ਨੇ ਬੀਤੇ ਦੀ ਬਾਤ ਬਹੁਤ ਸੋਹਣੇ ਤੇ ਸੁਚੱਜੇ ਢੰਗ ਨਾਲ ਤਾਂ ਪਾਈ ਹੀ ਹੈ, ਨਾਲ ਅੱਜ ਦੀ ਪਦਾਰਥਵਾਦੀ ਦੁਨੀਆ ਵੱਲ ਵੀ ਤਕੜਾ ਇਸ਼ਾਰਾ ਕੀਤਾ ਹੈ।
ਗੁਰਮੇਲ ਸਿੰਘ ਚੰਨ, ਹੁਸਿ਼ਆਰਪੁਰ

ਡਾਕ ਐਤਵਾਰ ਦੀ Other

Jun 05, 2022

ਔਖੇ ਹਾਲਾਤ ਦੀ ਬਾਤ

ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦਾ ਨਜ਼ਰੀਆ ਪੰਨੇ ਦਾ ਲੇਖ ‘ਖੀਸੇ ਖਾਲੀ, ਢਿੱਡ ਭੁੱਖੇ, ਤਨ ਉੱਤੇ ਲੀਰਾਂ ਅਤੇ ਜਗੀਰੂ ਘੂਰਾਂ’ ਪੜ੍ਹਿਆ। ਇਹ ਲੇਖ ਪੰਜਾਬ ਵਿਚ ਪੈਦਾ ਹੋਏ ਹਾਲਾਤ ਅਤੇ ਲੰਘੇ ਵੇਲੇ ਦੀਆਂ ਕਿਸਾਨ ਅਤੇ ਮਜ਼ਦੂਰ ਦੀਆਂ ਤ੍ਰਾਸਦੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦਾ ਹੈ। ਲੇਖਕ ਨੇ ਸਰਕਾਰ ਦੀ ਖੇਤੀਬਾੜੀ ਦੀ ਨਵੀਂ ਜੁਗਤ ਬਾਰੇ ਚਾਨਣਾ ਪਾਉਂਦਿਆਂ ਕਾਲ ਪੈ ਜਾਣ ਦੇ ਡਰੋਂ ਨਵੀਂ ਫ਼ਸਲ ਅਤੇ ਤਕਨੀਕ ਨਾਲ ਹੀ ਪੂਰਬ ਤੋਂ ਕਾਮਿਆਂ ਦਾ ਆਉਣਾ, ਮਸ਼ੀਨੀਕਰਨ, ਰਸਾਇਣਕ ਖਾਦਾਂ ਵਿਚ ਵਾਧਾ, ਵਾਤਾਵਰਣ ਅਤੇ ਪਾਣੀ ਦੇ ਪੱਧਰ ਦਾ ਡੂੰਘਾ ਚਲੇ ਜਾਣਾ ਆਦਿ ਪੱਖਾਂ ਬਾਰੇ ਦੱਸਿਆ ਹੈ। ਮਜ਼ਦੂਰਾਂ ਦੇ ਹਾਲਾਤ ਬਾਰੇ ਅਤੇ ਆਮਦਨ ਵਿਚ ਵਾਧਾ ਕਰਨ ਅਤੇ ਸਮਾਜਿਕ ਬਾਈਕਾਟ ਤੇ ਅਜੋਕੇ ਦੌਰ ਵਿਚ ਝੋਨੇ ਦੀ ਲਵਾਈ ਦੇ ਰੇਟ ਤੇ ਦਿਹਾੜੀਆਂ ਵਿਚ ਵਾਧੇ ਬਾਰੇ ਧਾਰਮਿਕ ਸਥਾਨਾਂ ਤੋਂ ਫਤਵੇ ਜਾਰੀ ਕਰਨ ਦਾ ਜ਼ਿਕਰ ਕੀਤਾ ਹੈ। ਲੇਖਕ ਨੇ ਮਜ਼ਦੂਰ ਤੇ ਕਿਸਾਨ ਏਕਤਾ ਦੇ ਮਾਅਨੇ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

ਮਨਮੋਹਨ ਸਿੰਘ ਨਾਭਾ, ਈ-ਮੇਲ


ਦਿਲਟੁੰਬਵੀਂ ਕਹਾਣੀ

29 ਮਈ ਦੇ ਐਤਵਾਰੀ ‘ਦਸਤਕ’ ਅੰਕ ਵਿਚ ਗੁਰਮੀਤ ਕੜਿਆਲਵੀ ਦੀ ਦਿਲਟੁੰਬਵੀਂ ਕਹਾਣੀ ‘ਤੂੰ ਜਾਹ ਡੈਡੀ’ ਪੜ੍ਹਨ ਨੂੰ ਮਿਲੀ। ਇਹ ਕਹਾਣੀ ਜਿੱਥੇ ਪੰਜਾਬ ਦੇ ਆਮ ਘਰਾਂ ਦੇ ਵਿਹੜਿਆਂ ਦੀ ਬਾਤ ਪਾਉਂਦੀ ਹੈ, ਉੱਥੇ ਸਮਾਜਿਕ ਤੌਰ ’ਤੇ ਨਿੱਘਰ ਰਹੇ ਪੇਂਡੂ ਮਾਹੌਲ ਵਿਚ ਘੜੰਮ ਚੌਧਰੀਆਂ ’ਤੇ ਵੀ ਕਰਾਰੀ ਚੋਟ ਕਰਦੀ ਹੈ। ਪੰਜਾਬ ਵਿਚ ਲੰਮੇ ਸਮੇਂ ਤੋਂ ਸਭ ਤੋਂ ਭਖਦਾ ਮੁੱਦਾ ਨਸ਼ਿਆਂ ਦਾ ਹੈ। ਕੜਿਆਲਵੀ ਨੇ ਕਹਾਣੀ ਵਿਚ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਅੱਜ ਪੰਜਾਬ ਨੂੰ ਬੜੀ ਵੱਡੀ ਲੋੜ ਹੈ।

ਇੰਦਰਜੀਤ ਪ੍ਰੇਮੀ, ਖਰੜ (ਮੁਹਾਲੀ)


ਵਿਦਵਾਨਾਂ ਦਾ ਇਨਕਾਰ

29 ਮਈ ਦੇ ਨਜ਼ਰੀਆ ਸਫ਼ੇ ਦਾ ਲੇਖ ‘ਲੇਖਕਾਂ ਦਾ ਇਨਕਾਰ’ ਹਾਲੀਆ ਦਮਦਾਰ ਲੇਖਾਂ ਵਿਚੋਂ ਵਿਸ਼ੇਸ਼ ਅਹਿਮੀਅਤ ਅਤੇ ਹਲੂਣਾ ਦੇਣ ਵਾਲਾ ਹੈ ਜੋ ਪੱਤਰਕਾਰੀ ਵਿਚ ਬਹੁਤ ਵਧੀਆ ਯਤਨ ਕਿਹਾ ਜਾ ਸਕਦਾ ਹੈ। 1947 ਤੋਂ ਬਾਅਦ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿਚ ਉਸ ਵਕਤ ਦੀ ਢੁੱਕਵੀਂ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਵਿਚਾਰਨ, ਸੰਭਾਲਣ ਅਤੇ ਇਸ ’ਤੇ ਅਮਲ ਕਰਨ ਵਿਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਉੱਘੇ ਵਿਦਵਾਨਾਂ ਜੀ ਰਾਮਾਕ੍ਰਿਸ਼ਨਾ ਅਤੇ ਦੇਵਨੂਰ ਮਹਾਂਦੇਵ ਵੱਲੋਂ ਕੀਤੇ ਗਏ ਢੁੱਕਵੇਂ ਇਨਕਾਰ ਨੇ ਅੱਜ ਦੇ ਫ਼ਿਰਕੂ ਤੁਅੱਸਬ ਵਾਲੇ ਦੌਰ ਵਿਚ ਵਿਦਵਾਨਾਂ ਨੂੰ ਸਹੀ ਮਾਰਗ ਦਿਖਾਇਆ ਹੈ। ਤਾਕਤ ਤਾਂ ਏਕਤਾ ਵਿਚ ਹੀ ਹੁੰਦੀ ਹੈ।

ਡਾ. ਪੰਨਾ ਲਾਲ ‘ਮੁਸਤਫ਼ਾਬਾਦੀ’, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Jun 04, 2022

ਪਰਿਵਾਰਵਾਦ ਬਨਾਮ ਮੋਦੀ ਦੇ ਭਾਸ਼ਣ

ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਹ ਆਪਣੇ ਭਾਸ਼ਣਾਂ ਵਿਚ ਅਕਸਰ ਪਰਿਵਾਰਵਾਦ ਦੀ ਗੱਲ ਕਰਦੇ ਹਨ, ਖ਼ਾਸਕਰ ਜਦੋਂ ਉਨ੍ਹਾਂ ਗਾਂਧੀ ਪਰਿਵਾਰ ਉਤੇ ਹਮਲਾ ਕਰਨਾ ਹੁੰਦਾ ਹੈ। ਪਹਿਲੀ ਗੱਲ ਤਾਂ ਨਰਿੰਦਰ ਮੋਦੀ ਦਾ ਆਪਣਾ ਤਾਂ ਕੋਈ ਪਰਿਵਾਰ ਹੈ ਨਹੀਂ; ਦੂਜੇ, ਉਹ ਉਨ੍ਹਾਂ ਭਾਜਪਾ ਆਗੂਆਂ ਦੀ ਕਦੀਂ ਗੱਲ ਨਹੀਂ ਕਰਦੇ ਜਿਹੜੇ ਪਰਿਵਾਰਵਾਦ ਤਹਿਤ ਪਾਰਟੀ ਨਾਲ ਸਬੰਧਿਤ ਆਗੂ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਬਣੇ ਹੋਏ ਹਨ। ਮਸਲਨ, ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਦੀ ਗੱਲ ਨਹੀਂ ਕਰਦੇ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਕਰਤਾ ਧਰਤਾ ਬਣਿਆ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਵਿਧਾਇਕ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਪੁੱਤਰ ਹੈ। ਅਜਿਹੀ ਲੰਮੀ ਸੂਚੀ ਹੈ।
ਐੱਸਕੇ ਖੋਸਲਾ, ਚੰਡੀਗੜ੍ਹ


ਅਰਥਚਾਰੇ ਦੇ ਹਾਲਾਤ

3 ਜੂਨ ਨੂੰ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਭਾਜਪਾ ਸਰਕਾਰ ਦੇ ਅੱਠ ਸਾਲ ਅਤੇ ਅਰਥਚਾਰਾ’ ਪੜ੍ਹਿਆ। ਵਾਕਿਆ ਹੀ ਨੋਟਬੰਦੀ ਅਤੇ ਜੀਐੱਸਟੀ ਨੇ ਮੁਲਕ ਦੇ ਅਰਥਚਾਰੇ ’ਤੇ ਉਲਟ ਅਸਰ ਪਾਇਆ ਹੈ। ਰਹਿੰਦੀ ਕਸਰ ਕਰੋਨਾ ਮਹਾਮਾਰੀ ਕਾਰਨ ਲਾਏ ਸਖ਼ਤ ਲੌਕਡਾਊਨ ਨੇ ਕੱਢ ਦਿੱਤੀ। ਇਸ ਮਾਮਲੇ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਡਾਵਾਂਡੋਲ ਅਰਥਚਾਰੇ ਨੂੰ ਸੰਭਾਲਣ ਲਈ ਹੁਣ ਵੀ ਕੋਈ ਤਰੱਦਦ ਨਹੀਂ ਕੀਤਾ ਜਾ ਰਿਹਾ। ਲੇਖਕ ਨੇ ਇਹ ਸਹੀ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀਆਂ ਤਰਜੀਹਾਂ ਤਾਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੇਣ ਦੀਆਂ ਹਨ। ਫਿਰ ਆਮ ਆਦਮੀ ਇਸ ਸਰਕਾਰ ਤੋਂ ਕੀ ਤਵੱਕੋ ਰੱਖੇ? ਨਤੀਜੇ ਵਜੋਂ ਅਵਾਮ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ।
ਗੁਰਜੰਟ ਸਿੰਘ, ਹੁਸ਼ਿਆਰਪੁਰ


ਕੱਟੜਤਾ ਦੇ ਮਸਲੇ

2 ਜੂਨ ਨੂੰ ਅਰੁਣ ਮਾਇਰਾ ਦਾ ਲੇਖ ‘ਭਾਰਤੀ ਲੋਕਾਂ ਨੂੰ ਅੱਜ ਕੀ ਕਰਨਾ ਲੋੜੀਏ?’ ਪੜ੍ਹਿਆ। ਉਨ੍ਹਾਂ ਲੋਕਾਂ ਨੂੰ ਕੱਟੜਤਾ ਤਿਆਗਣ ਦਾ ਸੱਦਾ ਹੈ। ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਅੱਠ ਸਾਲਾਂ ਦੌਰਾਨ ਕੱਟੜਤਾ ਫੈਲਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੂੰ ਹੁਣ ਇਸ ਚੱਕਰਵਿਊ ਵਿਚੋਂ ਬਾਹਰ ਆਉਣਾ ਚਾਹੀਦਾ ਹੈ।
ਦਵਿੰਦਰ ਕੌਰ, ਪਟਿਆਲਾ


ਕੁਦਰਤੀ ਸੋਮਿਆਂ ਦੀ ਦੁਰਵਰਤੋਂ

2 ਜੂਨ ਦੇ ਨਜ਼ਰੀਆ ਪੰਨੇ ’ਤੇ ਸ਼ਵਿੰਦਰ ਕੌਰ ਦਾ ਮਿਡਲ ‘ਤਿਹਾਈ ਚਿੜੀ’ ਦਰਖ਼ਤਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਵਿਗੜ ਰਹੇ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਭਵਿੱਖ ’ਚ ਪੀਣ ਵਾਲੇ ਪਾਣੀ ਦੇ ਪੈਦਾ ਹੋਣ ਵਾਲੇ ਸੰਕਟ ਬਾਰੇ ਸੁਚੇਤ ਕਰਦਾ ਹੈ। ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ’ਚ ਵਿਕਾਸ ਦੇ ਨਾਂ ’ਤੇ ਕੁਦਰਤੀ ਸੋਮਿਆਂ ਨੂੰ ਇਨਸਾਨ ਆਪਣੇ ਸੁੱਖ ਸਾਧਨਾਂ ਦੀ ਪੂਰਤੀ ਲਈ ਆਪਣੇ ਹੱਥੀਂ ਖ਼ਤਮ ਕਰ ਰਿਹਾ ਹੈ। ਬੇਪ੍ਰਵਾਹ ਹੋ ਕੇ ਦਰਖ਼ਤਾਂ ਦੀ ਕੀਤੀ ਜਾ ਰਹੀ ਕਟਾਈ ਕਾਰਨ ਅੱਜ ਅਸੀਂ ਮੀਂਹ ਨੂੰ ਤਰਸ ਰਹੇ ਹਾਂ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਭਵਿੱਖ ਵਿਚ ਪੀਣ ਵਾਲੇ ਪਾਣੀ ਦੇ ਨਾਲ ਨਾਲ ਫ਼ਸਲਾਂ ਪੈਦਾ ਕਰਨ ਲਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਜਿੱਥੇ ਚੇਤਨ ਹੋਣ ਦੀ ਲੋੜ ਹੈ, ਉੱਥੇ ਵਾਤਾਵਰਨ ਨੂੰ ਮੁੜ ਹਰਿਆ-ਭਰਿਆ ਬਣਾਉਣ ਲਈ ਲਈ ਦਰਖ਼ਤ ਲਗਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫ਼ਸਲੀ ਤਬਦੀਲੀ ਲਿਆਉਣਾ ਵੀ ਸਮੇਂ ਦੀ ਲੋੜ ਹੈ।
ਮਨੋਹਰ ਸਿੰਘ ਸੱਗੂ, ਧੂਰੀ

(2)

ਸ਼ਵਿੰਦਰ ਕੌਰ ਨੇ ਆਪਣੇ ਮਿਡਲ ‘ਤਿਹਾਈ ਚਿੜੀ’ (2 ਜੂਨ) ਵਿਚ ਪਾਣੀ ਬਾਰੇ ਚਰਚਾ ਕੀਤੀ ਹੈ। ਹੁਣ ਖੂਹ ਦੇ ਬਦਲ ਵਿਚ ਮੱਛੀ ਮੋਟਰਾਂ (ਸਬਮਰਸੀਬਲ) ਆ ਜਾਣ ਦੇ ਬਾਵਜੂਦ ਪਾਣੀ ਦੇ ਮਹੱਤਵ ਨੂੰ ਲੋਕ ਕਿਉਂ ਨਹੀਂ ਸਮਝਦੇ? ਮੈਰਿਜ ਪੈਲੇਸਾਂ ਵਿਚ ਹੱਥ ਧੋਣ ਲਈ ਉਹ ਟੂਟੀਆਂ ਨਹੀਂ ਲੱਗਣੀਆਂ ਚਾਹੀਦੀਆਂ ਜੋ ਬੰਦ ਤਾਂ ਆਪਣੇ ਆਪ ਹੁੰਦੀਆਂ ਹਨ ਲੇਕਿਨ ਲੋੜ ਨਾਲੋਂ ਤਿੰਨ ਗੁਣਾ ਵੱਧ ਪਾਣੀ ਡੋਲ੍ਹ ਕੇ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਇੱਛਾ ਸ਼ਕਤੀ

23 ਮਈ ਨੂੰ ਨਜ਼ਰੀਆ ਪੰਨੇ ਉੱਤੇ ਨਰਿੰਦਰਪਾਲ ਸਿੰਘ ਜਗਦਿਓ ਦੀ ਰਚਨਾ ‘ਜ਼ਿੰਦਗੀ ਜ਼ਿੰਦਾਬਾਦ’ ਪੜ੍ਹੀ। ਜੇ ਇਨਸਾਨ ਅੰਦਰ ਕੁਝ ਕਰਨ ਦੀ ਤੀਬਰ ਇੱਛਾ ਹੋਵੇ ਤਾਂ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਜਾਂਦਾ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)


ਕਿਹੜਾ ਯੋਗਦਾਨ ?

12 ਮਈ ਨੂੰ ਪਹਿਲੇ ਪੰਨੇ ’ਤੇ ਖ਼ਬਰ ਛਪੀ ਹੈ: ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦਾ ਦੇਹਾਂਤ। ਇਸ ਖ਼ਬਰ ਅੰਦਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਵੀ ਛਪਿਆ ਹੈ ਕਿ ਪੰਡਤ ਸੁਖਰਾਮ ਵੱਲੋਂ ਸਿਆਸਤ ਅੰਦਰ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਪੜ੍ਹ ਕੇ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਅੰਦਰ ਬਤੌਰ ਦੂਰ ਸੰਚਾਰ ਮੰਤਰੀ ਹੁੰਦਿਆਂ ਕੀਤੇ ਕੰਮਾਂ ਦਾ ਚੇਤਾ ਆ ਗਿਆ। ਉਨ੍ਹਾਂ ਦਾ ਨਾਂ ਮਹਿਕਮੇ ਵਿਚ ਹੋਏ ਵੱਡੇ ਘਪਲੇ ਵਿਚ ਬੋਲਿਆ ਸੀ ਅਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ।
ਗੁਰਨਾਮ ਸਿੰਘ, ਰੂਪਨਗਰ

ਪਾਠਕਾਂ ਦੇ ਖ਼ਤ Other

Jun 03, 2022

ਵਾਤਾਵਰਨ ਅਤੇ ਅਸੀਂ

31 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਰਣਜੀਤ ਸਿੰਘ ਘੁੰਮਣ ਦੇ ਲੇਖ ‘ਵਾਤਾਵਰਨ ਤੇ ਪੰਜਾਬ ਦਾ ਖੇਤੀ ਸੰਕਟ’ ਅਤੇ ਰਛਪਾਲ ਸਿੰਘ ਦਾ ਮਿਡਲ ‘ਵਾਤਾਵਰਨ ਤੇ ਤੰਬਾਕੂ ਸਨਅਤ’ ਪੜ੍ਹ ਕੇ ਦੁੱਖ ਹੋਇਆ ਕਿ ਅਸੀਂ ਸਭ ਕਿੱਧਰ ਜਾ ਰਹੇ ਹਾਂ। ਸਭ ਕੁਝ ਜਾਣਦਾ ਹੋਇਆ ਮਨੁੱਖ ਆਪਣੇ ਸੁਆਰਥੀ ਹਿੱਤਾਂ ਲਈ ਧਰਤੀ ਦੇ ਸ਼ਿੰਗਾਰ, ਰੁੱਖ ਵੱਢ ਰਿਹਾ ਹੈ ਤੇ ਧਰਤੀ ਦੀ ਕੁੱਖ ਵਿਚੋਂ ਅੰਨ੍ਹੇਵਾਹ ਪਾਣੀ ਕੱਢ ਰਿਹਾ ਹੈ ਜਿਸ ਨਾਲ ਜਿੱਥੇ ਪ੍ਰਦੂਸ਼ਣ ਤੇ ਤਪਸ਼ ਵਧ ਰਹੀ ਹੈ। ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ। ਆਓ, ਅਸੀਂ ਇਸ ਧਰਤੀ ਨੂੰ ਹਰੀ-ਭਰੀ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਈਏ, ਉਨ੍ਹਾਂ ਦੀ ਸੰਭਾਲ ਕਰੀਏ। ਖੇਤੀ ਵਿਚ ਵੰਨ-ਸਵੰਨਤਾ ਲਿਆਈਏ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਹਿੰਸਾ ਦਾ ਵਰਤਾਰਾ

31 ਮਈ ਦਾ ਸੰਪਾਦਕੀ ‘ਹਿੰਸਾ ਦੇ ਰੂਬਰੂ ਪੰਜਾਬ’ ਪੜ੍ਹਿਆ। ਅਫ਼ਸੋਸ, ਹਿੰਸਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਇਸੇ ਕੜੀ ਦਾ ਹਿੱਸਾ ਹੈ। ਸਰਕਾਰ ਨੂੰ ਨਾਅਹਿਲ ਅਫਸਰਾਂ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)


ਸੱਤਾ ਧਿਰ ਦੀ ਹਮਾਇਤ

31 ਮਈ ਨੂੰ ਪੰਨਾ 7 ’ਤੇ ਸੁਧੀਂਦਰ ਕੁਲਕਰਨੀ ਦਾ ਲੇਖ ‘ਧਰਮ ਨਿਰਪੱਖਵਾਦੀਆਂ ਨੂੰ ਸੰਤੁਲਿਤ ਪਹੁੰਚ ਅਪਣਾਉਣ ਦੀ ਲੋੜ’ ਸਿੱਧਮ ਸਿੱਧਾ ਕੇਂਦਰ ਦੀ ਰਾਜ ਕਰਤਾ ਧਿਰ ਜਿਸ ਦਾ ਇੱਕੋ ਇਕ ਨਿਸ਼ਾਨਾ ਹਿੰਦੂ ਮੁਸਲਿਮ ਰਾਗ ਅਲਾਪ ਕੇ ਸਿੱਧੇ ਸਾਦੇ ਵੋਟਰ ਦਾ ਧਰੁਵੀਕਰਨ ਕਰਕੇ ਵੋਟਾਂ ਇਕੱਠੀਆਂ ਕਰਨਾ ਹੈ, ਦੀ ਹਮਾਇਤ ਕਰਦਾ ਹੈ। ਮੁਸਲਿਮ ਘੱਟਗਿਣਤੀਆਂ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨਾ ਭਾਜਪਾ ਦੀ ਰਣਨੀਤੀ ਹੈ। ਸਿੱਖਾਂ ਦੇ ਇਕੱਠ ਕਰਕੇ ਉਨ੍ਹਾਂ ਨੂੰ ਨੇੜੇ ਲਾਉਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਅਸਲੀਅਤ ਇਹ ਹੈ ਕਿ ਜਿਵੇਂ ਜਿਵੇਂ ਹਿੰਦੂ ਕੱਟੜਵਾਦੀ ਮਾਨਸਿਕਤਾ ਪ੍ਰਚੰਡ ਹੁੰਦੀ ਜਾਵੇਗੀ, ਤਿਵੇਂ ਹੀ ਸਿੱਖਾਂ ਅਤੇ ਦੱਬੇ ਕੁਚਲਿਆਂ ’ਤੇ ਵੀ ਉਹੋ ਕੁਹਾੜਾ ਚੱਲੇਗਾ।
ਸਰਵਨ ਸਿੰਘ, ਬਰਨਾਲਾ


ਪੈਸਾ ਬਨਾਮ ਪਾਣੀ

30 ਮਈ ਦੇ ਅੰਕ ਵਿਚ ਦਰਸ਼ਨ ਸਿੰਘ ਦਾ ਪਾਣੀ ਦੀ ਸੰਭਾਲ ਬਾਰੇ ਲੇਖ ‘ਪਵਣੁ ਗੁਰੂ ਪਾਣੀ ਪਿਤਾ….’ ਪੜ੍ਹਿਆ। ਇੰਝ ਲੱਗ ਰਿਹਾ ਹੈ ਕਿ ਪੈਸਾ ਤਾਂ ਅਸੀਂ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਜੋੜ ਰਹੇ ਹਾਂ ਪਰ ਪਾਣੀ ਸ਼ਾਇਦ ਇਕ ਪੀੜ੍ਹੀ ਵਾਸਤੇ ਵੀ ਨਹੀਂ ਬਚਣਾ। ਇਸ ਲਈ ਲੋਕਾਂ ਨੂੰ ਹੁਣ ਸੰਭਲਣਾ ਪਵੇਗਾ ਅਤੇ ਵਾਤਾਵਰਨ ਤੇ ਪਾਣੀ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।
ਹਰਜਿੰਦਰ ਸਿੰਘ ਛਿੰਦਾ, ਪਿੰਡ ਨਥਾਣਾ (ਬਠਿੰਡਾ)


ਸਹੀ ਜਾਣਕਾਰੀ ਕਿਹੜੀ?

28 ਮਈ ਨੂੰ ਨਜ਼ਰੀਆ ਪੰਨੇ ’ਤੇ ਦਿਨੇਸ਼ ਸੀ ਸ਼ਰਮਾ ਜੀ ਦਾ ਲੇਖ ‘ਕੋਵਿਡ ਮੌਤਾਂ ਦੀ ਗਿਣਤੀ ਬਾਰੇ ਵਿਵਾਦ’ ਪੜ੍ਹਿਆ। ਉਨ੍ਹਾਂ ਦੋ ਸਾਲਾਂ ਵਿਚ ਕਰੋਲਾ ਨਾਲ ਹੋਈਆਂ ਮੌਤਾਂ ਬਾਰੇ ਸੰਸਾਰ ਸਿਹਤ ਸੰਸਥਾ ਅਤੇ ਭਾਰਤ ਸਰਕਾਰ ਵਿਚਕਾਰ ਅੰਕੜਿਆਂ ਦੇ ਫ਼ਰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਜਿੱਥੇ ਸੰਸਾਰ ਸਿਹਤ ਸੰਸਥਾ ਇਹ ਗਿਣਤੀ 1.49 ਕਰੋੜ ਦੱਸ ਰਹੀ ਹੈ, ਉੱਥੇ ਸੰਸਾਰ ਦੀਆਂ ਸਰਵੇਖਣ ਏਜੰਸੀਆਂ ਅਨੁਸਾਰ ਇਹ ਅੰਕੜਾ ਗਿਣਤੀ ਤੋਂ ਕਰੀਬ 2.7 ਗੁਣਾ ਵੱਧ ਹੈ। ਭਾਰਤ ਵਿਚ ਅਧਿਕਾਰਤ ਤੌਰ ’ਤੇ ਇਹ ਅੰਕੜਾ ਕਰੀਬ 5 ਲੱਖ ਦੱਸਿਆ ਜਾ ਰਿਹਾ ਹੈ। ਸੰਸਥਾ ਵੱਲੋਂ ਕਰੀਬ 34 ਲੱਖ ਦੱਸਿਆ ਜਾ ਰਿਹਾ ਹੈ। ਜਨਤਾ ਨੂੰ ਮੌਤਾਂ ਦੀ ਗਿਣਤੀ ਬਾਰੇ ਸਹੀ ਅਤੇ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ।
ਜਗਤਾਰ ਸਿੰਘ ਸਿੱਧੂ, ਪਿੰਡ ਰੁਲਦੂ ਸਿੰਘ ਵਾਲਾ (ਸੰਗਰੂਰ)


ਜਾਗਰੂਕਤਾ ਅਤੇ ਜ਼ਿੰਮੇਵਾਰੀ

28 ਮਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਜਦ ਚਿੜੀਆਂ ਚੁਗ ਗਈ ਖੇਤ’ ਜਿੱਥੇ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਗੱਲ ਕਰਦਾ ਹੈ, ਉੱਥੇ ਆਪਣੇ ਕੰਮਾਂ ਪ੍ਰਤੀ ਵੀ ਇਮਾਨਦਾਰੀ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੀ ਹੈ। ਅਸੀਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਕੰਮ ਕਰ ਰਹੇ ਹੋਈਏ, ਸਾਨੂੰ ਆਪਣਾ ਕੰਮ ਲਗਨ, ਦ੍ਰਿੜਤਾ ਨਾਲ ਹੀ ਕਰਨਾ ਚਾਹੀਦਾ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)


ਦੁਰਦਸ਼ਾ ਦੇ ਕਾਰਨ

28 ਮਈ ਦੇ ਸੰਪਾਦਕੀ ‘ਅਕਾਲੀ ਦਲ ਸਾਹਮਣੇ ਚੁਣੌਤੀ’ ਵਿਚ ਅਕਾਲੀ ਦਲ ਦੇ ਭਵਿੱਖ ਬਾਰੇ ਵਿਚਾਰ ਕੀਤੀ ਗਈ ਹੈ। ਇਹ ਵਿਚ ਇਹ ਨਿਚੋੜ ਕੱਢਿਆ ਗਿਆ ਹੈ ਕਿ ‘ਜੇਕਰ ਇਸ ਪਾਰਟੀ ਦੀ ਲੀਡਰਸ਼ਿਪ ਤਬਦੀਲੀ ਕਰਨ ਤੋਂ ਖੁੰਝ ਗਈ ਤਾਂ ਪੰਜਾਬ ਵਿਚ ਸਿਆਸੀ ਖਲਾਅ ਪੈਦਾ ਹੋਣ ਦੀ ਸੰਭਾਵਨਾ ਹੈ।’ ਪਾਰਟੀ ਦੀ ਪੁਨਰ-ਸੁਰਜੀਤੀ ਲਈ ਅਤਿ ਲੋੜੀਂਦੀ ਤਬਦੀਲੀ ਤਦੇ ਹੀ ਕੀਤੀ ਜਾ ਸਕਦੀ ਹੈ ਜੇ ਹਾਥੀ ਦੇ ਸਿਰ ’ਤੇ ਕੁੰਡਾ ਲੈ ਕੇ ਬੈਠੇ ਕਿਸੇ ਮਹਾਵਤ ਵਾਂਗ ਇਸ ਪਾਰਟੀ ਦੇ ਪ੍ਰਧਾਨ ਜੀ ਕੁਝ ਅਰਸੇ ਲਈ ਹੇਠਾਂ ਉੱਤਰ ਕੇ ਅਰਾਮ ਕਰ ਲੈਣ। ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਦੀ ਹੋਈ ਦੁਰਦਸ਼ਾ ਦੇ ‘ਕਾਰਨ ਲੱਭਣ’ ਲਈ ਬਣਾਈ ਸਬ ਕਮੇਟੀ ਉੱਤੇ ਤਾਂ ਭਾਈ ਗੁਰਦਾਸ ਜੀ ਦੀਆਂ ਇਹ ਤੁਕਾਂ ਪੂਰੀਆਂ ਢੁਕਦੀਆਂ ਹਨ: ‘ਮਤਾ ਮਤਾਇਆ ਮਖੀਆਂ ਘਿਅ ਅੰਦਰ ਨਾਈਐ।। ਘੰਟ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ।।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)


ਯਾਦ-ਨਿਸ਼ਾਨੀਆਂ

27 ਮਈ ਦੇ ਮਿਡਲ ‘ਗਾਰਗੀ ਦੇ ਜਨਮ ਸਥਾਨ ਦੀ ਦਾਸਤਾਨ’ ਰਾਹੀਂ ਸੁਰਜੀਤ ਸਿੰਘ ਸ਼ਹਿਣਾ ਨੇ ਆਪਣੇ ਬਚਪਨ ਵਿਚ ਜੀਵੇ ਜੀਵਨ, ਖੇਡੀਆਂ ਖੇਡਾਂ, ਮਨੁੱਖ ਦੇ ਜੀਵਨ ਦੀ ਸਾਧਾਰਨਤਾ ਦੀ ਗੱਲ ਤਾਂ ਕੀਤੀ ਹੀ ਹੈ, ਉੱਘੇ ਸਾਹਿਤਕਾਰ ਬਲਵੰਤ ਗਾਰਗੀ ਅਤੇ ਉਨ੍ਹਾਂ ਵਰਗੇ ਹੋਰ ਲੇਖਕਾਂ, ਮਾਰਗ ਦਰਸ਼ਕਾਂ ਦੀਆਂ ਯਾਦ-ਨਿਸ਼ਾਨੀਆਂ ਸਾਂਭਣ-ਸੰਭਾਲਣ ਦਾ ਸਾਰਥਿਕ ਸੰਦੇਸ਼ ਦਿੱਤਾ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ

(2)

ਸੁਰਜੀਤ ਸਿੰਘ ਸ਼ਹਿਣਾ ਦਾ ਮਿਡਲ ‘ਗਾਰਗੀ ਦੇ ਜਨਮ ਸਥਾਨ ਦੀ ਦਾਸਤਾਨ’ ਪੜ੍ਹ ਕੇ ਧੱਕਾ ਲੱਗਿਆ। ਪੰਜਾਬੀ ਦੇ ਉਮਦਾ ਲੇਖਕ ਬਲਵੰਤ ਗਾਰਗੀ ਦੇ ਜਨਮ ਸਥਾਨ ਦੀ ਅਜਿਹੀ ਖਸਤਾ ਹਾਲਤ ਦੇ ਦ੍ਰਿਸ਼ ਸਮੇਂ ਦੀਆਂ ਸਰਕਾਰਾਂ ਦੇ ਲੇਖਕਾਂ ਪ੍ਰਤੀ ਅਣਗਹਿਲੀ ਭਰੇ ਵਤੀਰੇ ਦਾ ਭਰਮ ਪੈਦਾ ਕਰਦੀਆਂ ਹਨ। ਅਜਿਹੇ ਸਿਰਮੌਰ ਲੇਖਕਾਂ ਦੀਆਂ ਯਾਦਾਂ ਨਾਲ ਜੁੜੀਆਂ ਥਾਵਾਂ ਨੂੰ ਸਾਂਭਣ ਦੀ ਜ਼ਰੂਰਤ ਹੈ।
ਜਸਵੰਤ ਕੌਰ ਮਣੀ, ਪਿੰਡ ਤੇ ਡਾਕਖਾਨਾ, ਕੋਟਗੁਰੂ (ਬਠਿੰਡਾ)


ਆਤਮ-ਵਿਸ਼ਵਾਸ

26 ਮਈ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਅਮਨ ਕਦੋਂ ਆਵੇਗਾ’ ਪੜ੍ਹਿਆ। ਇਹ ਲੇਖ ਬੜਾ ਹੀ ਖਿੱਚ ਭਰਪੂਰ, ਭਾਵਨਾਤਮਕ ਅਤੇ ਆਸ਼ਾਵਾਦੀ ਦ੍ਰਿਸ਼ ਸਿਰਜਦਾ ਹੈ; ਦੂਸਰਾ, ਬਿਮਾਰੀ ਦੇ ਬਾਵਜੂਦ ਅਮਨ ਦੀ ਪੜ੍ਹਾਈ ਲਈ ਲਗਨ ਅਤੇ ਆਤਮ-ਵਿਸ਼ਵਾਸ ਨੂੰ ਮਹਿਸੂਸ ਕਰਕੇ ਮਨ ਭਾਵੁਕ ਹੋ ਗਿਆ। 4 ਮਈ ਨੂੰ ਇਕਬਾਲ ਸਿੰਘ ਬਰਾੜ ਦਾ ਮਿਡਲ ‘ਮੋਹ ਦੀਆਂ ਕਣੀਆਂ’ ਮਨੁੱਖੀ ਰਿਸ਼ਤਿਆਂ ਵਿਚ ਮੋਹ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਕੁਝ ਰਿਸ਼ਤੇ ਸਭ ਕਾਸੇ ਤੋਂ ਉੱਪਰ ਅਤੇ ਪੂਰਨ ਰੂਪ ਵਿਚ ਆਪਣਾ ਪਿਆਰ, ਸਨੇਹ, ਵਫ਼ਾਦਾਰੀ, ਜ਼ਿੰਮੇਵਾਰੀ ਆਦਿ ਦੇ ਫਰਜ਼ ਨਿਭਾਉਂਦੇ ਹਨ। 2 ਮਈ ਨੂੰ ਸਵਰਨ ਸਿੰਘ ਭੰਗੂ ਦਾ ਮਿਡਲ ‘ਨਾ ਬਈ ਸਾਊ…ਨਾ’ ਪੜ੍ਹ ਕੇ ਚੰਗਾ ਲੱਗਾ। ਚੰਗਾ ਪਾਲਣ-ਪੋਸ਼ਣ ਮਨੁੱਖ ਨੂੰ ਮੋਹ-ਮੁਹੱਬਤ ਵਾਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਾਲੇਰਕੋਟਲਾ)