ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Jun 21, 2021

ਹਕੀਕਤ ਕੁਝ ਹੋਰ

19 ਜੂਨ ਨੂੰ ਆਪਣੇ ਲੇਖ ‘ਟਿਕਾਊ ਵਿਕਾਸ ਪੱਖੋਂ ਪਛੜਦਾ ਭਾਰਤ’ ਵਿਚ ਡਾ. ਗੁਰਿੰਦਰ ਕੌਰ ਨੇ ਭਾਰਤ ਦੇ ਵਿਕਾਸ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਇਹ ਖ਼ੁਲਾਸੇ ਪੜ੍ਹ ਕੇ ਮਨ ਮਾਯੂਸ ਹੋ ਗਿਆ। ਮੁਲਕ ਦੇ ਜ਼ਿਆਦਾਤਰ ਟੈਲੀਵਿਜ਼ਨ ਚੈਨਲਾਂ ਅਤੇ ਹੋਰ ਪ੍ਰਸਾਰ ਸਾਧਨਾਂ ਉੱਤੇ ਮੁਲਕ ਦੀ ਤਰੱਕੀ ਦੇ ਸੋਹਲੇ ਗਾਏ ਜਾ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੈ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


(2)

ਡਾ. ਗੁਰਿੰਦਰ ਕੌਰ ਦਾ ਲੇਖ ਸੱਚ ਬਿਆਨ ਕਰਦਾ ਹੈ। ਕਈ ਮਾਮਲਿਆਂ ਵਿਚ ਆਪਣਾ ਮੁਲਕ ਗੁਆਂਢੀ ਮੁਲਕਾਂ ਤੋਂ ਵੀ ਬਹੁਤ ਪਿੱਛੇ ਹੈ। ਅਸਲ ਵਿਚ ਸਾਡੇ ਸਿਆਸਤਦਾਨ ਫ਼ੋਕੀਆਂ ਫੜ੍ਹਾਂ ਮਾਰਦੇ ਹਨ।

ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)


(3)

ਡਾ. ਗੁਰਿੰਦਰ ਕੌਰ ਦੇ ਲੇਖ ‘ਟਿਕਾਊ ਵਿਕਾਸ ਵਿਚ ਪਛੜਦਾ ਭਾਰਤ’ ਵਿਚ ਦੇਸ਼ ਦੀ ਨਿੱਘਰ ਰਹੀ ਹਾਲਤ ਦਾ ਵਰਨਣ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਹਰ ਖੇਤਰ ਵਿਚ ਥੱਲੇ ਜਾ ਰਿਹਾ ਹੈ। ਮਰਦ ਔਰਤ ਦਾ ਅਨੁਪਾਤ, ਵਧ ਰਿਹਾ ਪ੍ਰਦੂਸ਼ਣ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ, ਦਿਨੋ-ਦਿਨ ਵਧ ਰਹੇ ਅਪਰਾਧ, ਭੁੱਖਮਰੀ, ਭ੍ਰਿਸ਼ਟਾਚਾਰ, ਧਰਮ ਦੀ ਰਾਜਨੀਤੀ ਤੇ ਹੋਰ ਕਈ ਤਰ੍ਹਾਂ ਦੇ ਜੁਰਮ ਬੜੀ ਤੇਜ਼ੀ ਨਾਲ ਸਮਾਜ ਨੂੰ ਗੰਧਲਾ ਕਰ ਰਹੇ ਹਨ। ਇੰਟਰਨੈੱਟ ਅੰਕ ‘ਤਬਸਰਾ’ ਵਿਚ ਸਰਵਣ ਸਿੰਘ ਦੇ ਕਾਲਮ ‘ਪੰਜਾਬੀ ਖੇਡ ਸਾਹਿਤ’ ਵਿਚ ਨਵੇਂ ਪੁਰਾਣੇ ਖਿਡਾਰੀਆਂ ਤੇ ਲੇਖਕਾਂ ਦੇ ਰੇਖਾ ਚਿੱਤਰ ਪੇਂਡੂ ਬੋਲੀ ਵਿਚ ਸ਼ਿੰਗਾਰ ਕੇ ਪੇਸ਼ ਕੀਤੇ ਹੁੰਦੇ ਹਨ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਅਧਿਆਪਕਾਂ ਦਾ ਘੋਲ

18 ਜੂਨ ਦੇ ਨਜ਼ਰੀਆ ਪੰਨੇ ’ਤੇ ਗੁਰੀ ਕੁਸਲਾ ਨੇ ਆਪਣੇ ਲੇਖ ‘ਪੇਰੂ ਦਾ ਪੇਦਰੋ ਕਾਸਤੀਲੋ ਅਤੇ ਅਧਿਆਪਕਾਂ ਦਾ ਘੋਲ’ ਵਿਚ ਪੰਜਾਬ ਨੂੰ ਪੇਰੂ ਬਣਨ ਦੀ ਗੱਲ ਕਹੀ ਹੈ। ਅਸਲ ਵਿਚ ਪੇਰੂ ਬਣਨ ਨੂੰ ਓਨਾ ਹੀ ਸਮਾਂ ਲੱਗਣਾ ਹੈ, ਜਿੰਨਾ ਲੋਕਤੰਤਰੀ ਦੇਸ਼ ਦੀ ਸਰਕਾਰ ਨੂੰ ਤਾਨਾਸ਼ਾਹੀ ਛੱਡਣ ਨੂੰ। ਇਸੇ ਪੰਨੇ ’ਤੇ ਸੰਪਾਦਕੀ ‘ਨਿਆਂ ਪ੍ਰਣਾਲੀ ’ਤੇ ਸਵਾਲ’ ਗੁਰੀ ਕੁਸਲਾ ਦੇ ਸ਼ੰਕਿਆਂ ਦਾ ਨਿਵਾਰਨ ਹੈ। ਸੰਘਰਸ਼ੀ ਆਗੂਆਂ ਨੂੰ ਇਨਸਾਫ਼ ਦੀ ਥਾਂ ਜੇਲ੍ਹਾਂ ਮਿਲਦੀਆਂ ਹਨ, ਉਹ ਵੀ ਗੁਨਾਹ ਸਾਬਿਤ ਹੋਣ ਤੋਂ ਪਹਿਲਾਂ ਹੀ। ਉਂਜ ਵੀ ਸਾਰੇ ਅਧਿਆਪਕ ਪ੍ਰਸ਼ੰਸਾ ਵਾਲੇ ‘ਕਾਗਜ਼ ਦੇ ਟੁਕੜੇ’ ਤਕ ਹੀ ਸੀਮਤ ਨਹੀਂ ਹਨ।

ਮਨਦੀਪ ਕੌਰ, ਲੁਧਿਆਣਾ


(2)

ਗੁਰੀ ਕੁਸਲਾ ਦਾ ਮਿਡਲ ‘ਪੇਰੂ ਦਾ ਪੇਦਰੋ ਕਾਸਤੀਲੋ ਅਤੇ ਅਧਿਆਪਕਾਂ ਦਾ ਘੋਲ’ ਦੱਖਣੀ ਅਮਰੀਕਾ ਦੇ ਨਿੱਕੇ ਜਿਹੇ ਮੁਲਕ ਪੇਰੂ ਵਿਚ ਸੰਘਰਸਸ਼ੀਲ ਅਧਿਆਪਕ ਦੁਆਰਾ ਦੇਸ਼ ਦੀ ਸਿਆਸਤ ਵਿਚ ਭੁਚਾਲ ਲਿਆਉਣ ਵਾਲੀ ਵਧੀਆ ਜਾਣਕਾਰੀ ਦਿੰਦਾ ਹੈ। ਅੱਜ ਬਹੁਤ ਸਾਰੇ ਦੇਸ਼ਾਂ ਵਿਚ ਸਿੱਖਿਆ ਦਾ ਵਪਾਰੀਕਰਨ ਕਰ ਕੇ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਹੈ।

ਯੋਗਰਾਜ, ਭਾਗੀਬਾਂਦਰ (ਬਠਿੰਡਾ)


ਕੀਰਤਨ ਪਰੰਪਰਾ

16 ਜੂਨ ਦੇ ਵਿਰਾਸਤ ਪੰਨੇ ਉੱਤੇ ਤੀਰਥ ਸਿੰਘ ਢਿੱਲੋਂ ਦਾ ਲੇਖ ‘ਰੁੱਤਾਂ ਨਾਲ ਸਬੰਧਿਤ ਕੀਰਤਨ ਪਰੰਪਰਾ’ ਛਪਿਆ ਹੈ। ਗੁਰਬਾਣੀ ਵਿਚ ‘ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ।।’ (ਪੰਨਾ 1254) ਦੁਆਰਾ ਮਨੁੱਖ ਉੱਤੇ ਰੁੱਤ ਪ੍ਰਭਾਵ ਦੇ ਮਨੋਵਿਗਿਆਨਕ ਸੱਚ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸ ਲਈ ਸਿੱਖੀ ਵਿਚ ‘ਰੁੱਤਾਂ ਨਾਲ ਸਬੰਧਿਤ ਕੀਰਤਨ ਪਰੰਪਰਾ’ ਹੋਣੀ ਸੁਭਾਵਿਕ ਹੈ ਪਰ ਗੁਰਬਾਣੀ ਅੰਦਰਲੇ ‘ਥਿਤੀ ਵਾਰ ਸੇਵਹਿ ਮੁਗਧ ਗਵਾਰ।।’ (ਪੰਨਾ 843) ਵਰਗੇ ਬੇਬਾਕੀਆ ਐਲਾਨ ਦੇ ਚਾਨਣ ਵਿਚ ਅਜਿਹਾ ਮੰਨਣਾ ਅਸੰਭਵ ਹੈ ਕਿ ਹਰ ਮਹੀਨੇ ਦੀ ਸੰਗਰਾਂਦ ਨੂੰ ਬਾਰਾਮਾਹ ਵਿਚੋਂ ਸਬੰਧਿਤ ਸ਼ਬਦ ਦੇ ਪਾਠ ਅਤੇ ਕੀਰਤਨ ਦੀ ਪਰੰਪਰਾ ਗੁਰੂ ਕਾਲ ਤੋਂ ਹੈ। ਗੁਰਬਾਣੀ ਮੁਤਾਬਿਕ ਚੇਤ ਤੇ ਵੈਸਾਖ ਬਸੰਤ ਰੁੱਤ ਅਤੇ ਮਾਘ ਤੇ ਫੱਗਣ ਬਰਫ਼ਾਨੀ (ਹਿਮਕਰ) ਰੁੱਤ ਦੇ ਮਹੀਨੇ ਮੰਨੇ ਗਏ ਹਨ। ‘ਹੋਲੀ ਕੀਨੀ ਸੰਤ ਸੇਵ।।’ (ਪੰਨਾ 1180) ਗੁਰਵਾਕ ਦੀ ਰੌਸ਼ਨੀ ਵਿਚ ‘ਸ੍ਰੀ ਕ੍ਰਿਸ਼ਨ ਤੇ ਗੋਪੀਆਂ’ ਵਾਲੀ ਹੋਲੀ ਦੇ ਚਿਤਰਨ ਦਾ ਗਾਇਨ ਵੀ ਗੁਰਮਤਿ ਪਰੰਪਰਾ ਨਹੀਂ ਜਾਪਦੀ। ਹੋ ਸਕਦਾ ਹੈ, ਇਹ ਸਭ ਮਹੰਤ ਕਾਲ ਵਿਚ ਸ਼ੁਰੂ ਹੋਇਆ ਹੋਵੇ। ਇਸ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਮਾਘ ਦੀ ਸੰਗਰਾਂਦ ਤੋਂ ਬਸੰਤ ਰਾਗ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੀ ਗਾਇਨ ਦੀਆਂ ਲੇਖ ਵਿਚਲੀਆਂ ਉਪਰੋਕਤ ਪਰੰਪਰਾਵਾਂ ਬਾਰੇ ਤੀਰਥ ਸਿੰਘ ਢਿੱਲੋਂ ਜੀ ਵਰਗੇ ਵਿਦਵਾਨਾਂ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ।

ਜਗਤਾਰ ਸਿੰਘ ਜਾਚਕ, ਨਿਊਯਾਰਕ (ਅਮਰੀਕਾ)


ਬਚਪਨ ਦਾ ਦੌਰ

11 ਜੂਨ ਦੇ ਅੰਕ ਵਿਚ ਪ੍ਰੋਫ਼ੈਸਰ ਮੋਹਣ ਸਿੰਘ ਦਾ ਮਿਡਲ ਲੇਖ ‘ਸੋਮਵਾਰੀ ਮੱਸਿਆ’ ਪੜ੍ਹਿਆ। ਉਨ੍ਹਾਂ ਬਚਪਨ ਦੇ ਉਸ ਦੌਰ ਨਾਲ ਰੂ-ਬ-ਰੂ ਕਰਵਾਇਆ ਹੈ ਜਿਸ ਰਾਹੀਂ ਉਸ ਵਕਤ ਦੇ ਸਮਾਜਿਕ, ਆਰਥਿਕ ਅਤੇ ਪਰਿਵਾਰਕ ਹਾਲਾਤ ਦੀ ਭਰਪੂਰ ਜਾਣਕਾਰੀ ਮਿਲਦੀ ਹੈ।

ਮਹਿੰਦਰਪਾਲ ਸਿੰਘ, ਅੰਮ੍ਰਿਤਸਰ


ਸਫ਼ਾਈ ਕਾਮਿਆਂ ਦੀ ਆਵਾਜ਼

ਨਜ਼ਰੀਆ ਪੰਨੇ ’ਤੇ ਕੰਵਲਜੀਤ ਖੰਨਾ ਦੇ ਲੇਖ ‘ਸਫ਼ਾਈ ਕਾਮਿਆਂ ਦੀ ਆਵਾਜ਼ ਕੌਣ ਸੁਣੇਗਾ?’ (8 ਜੂਨ) ਨੇ ਝੰਜੋੜ ਕੇ ਰੱਖ ਦਿੱਤਾ। ਲੇਖਕ ਨੇ ਸਫ਼ਾਈ ਕਾਮਿਆਂ ਦੀ ਦਾਸਤਾਨ ਬਾਰੇ ਦੱਸਿਆ ਹੈ ਕਿ ਕਿਵੇਂ ਸਰਕਾਰੀ ਤੰਤਰ ਅਤੇ ਧਨਾਢ ਲੋਕਾਂ ਦੁਆਰਾ ਇਨ੍ਹਾਂ ਕਾਮਿਆਂ ਦੀ ਲੁੱਟ ਕੀਤੀ ਜਾਂਦੀ ਹੈ।

ਮਨਮੋਹਨ ਸਿੰਘ, ਨਾਭਾ


ਪਿੰਡ ਦਾ ਮਾਣ

5 ਜੂਨ ਨੂੰ ਸਤਰੰਗ ਪੰਨੇ ’ਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਬਾਰੇ ਕੰਵਲਜੀਤ ਖੰਨਾ ਦਾ ਲੇਖ ਪੜ੍ਹ ਕੇ ਮਨ ਖੁਸ਼ ਹੋਇਆ ਕਿ ਸਾਡੇ ਪਿੰਡ ਦੇ ਇਸ ਜੱਥੇ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਲਿਖਤ ਦੀ ਸੀਮਤਾਈ ਹੋਣ ਕਰ ਕੇ ਬਹੁਤ ਸਾਰੀਆਂ ਅਹਿਮ ਗੱਲਾਂ ਜੱਥੇ ਬਾਰੇ ਲਿਖਣੀਆਂ ਰਹਿ ਗਈਆਂ ਹਨ। ਇਹ ਜੱਥਾ ਮਜ਼ਦੂਰਾਂ ਦੇ ਵਿਹੜਿਆਂ ਵਿਚ ਬਿਨਾ ਮਾਇਕ ਤੋਂ ਵੀ ਗਾ ਲੈਂਦਾ ਹੈ। ਦਿੱਲੀ ਮੋਰਚੇ ਲਈ ਵੀ ਵੱਖ ਵੱਖ ਜੱਥੇਬੰਦੀਆਂ ਨਾਲ ਜਾ ਕੇ ਜੱਥੇ ਨੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਨਵੀਆਂ ਰਚਨਾਵਾਂ ਲਿਖੀਆਂ।

ਪਵਨਦੀਪ ਰਸੂਲਪੁਰ (ਲੁਧਿਆਣਾ)


ਇਤਿਹਾਸ ਦੀ ਰਾਖੀ

11 ਜੂਨ ਨੂੰ ਨਜ਼ਰੀਆ ਪੰਨੇ ’ਤੇ ਅਮਨਦੀਪ ਸਿੰਘ ਸੇਖੋਂ ਦਾ ਲੇਖ ‘ਇਤਿਹਾਸ ਦੀ ਰਾਖੀ ਲਈ ਲੜਾਈ’ ਸੋਚਣ ਲਈ ਮਜਬੂਰ ਕਰਦਾ ਹੈ। ਕੇਂਦਰ ਸਰਕਾਰ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਬਣਾਉਣ ਲਈ ਉਸ ਵਿਚ ਮੌਜੂਦ ਰਾਸ਼ਟਰੀ ਅਭਿਲੇਖਾਗਾਰ, ਜੋ ਇਤਿਹਾਸਕ ਇਮਾਰਤ ਹੈ, ਨੂੰ ਤੋੜਨ ਦੀ ਤਿਆਰੀ ਕਰ ਲਈ ਹੈ। ਲੇਖਕ ਦਾ ਵਾਜਿਬ ਖ਼ਦਸ਼ਾ ਹੈ ਕਿ ਇਸ ਭੰਨ-ਤੋੜ ਦੀ ਉਥਲ-ਪੁਥਲ ਵਿਚ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਸਮੇਂ ਗੁੰਮ ਹੋ ਸਕਦੇ ਹਨ ਜਾਂ ਗੁੰਮ ਕੀਤੇ ਜਾਸਕਦੇ ਹਨ। ਸਰਕਾਰ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।

ਹਰਨੰਦ ਸਿੰਘ, ਬੱਲਿਆਂਵਾਲਾ (ਤਰਨ ਤਾਰਨ)

ਪਾਠਕਾਂ ਦੇ ਖ਼ਤ

Jun 19, 2021

ਮਗਨਰੇਗਾ ਅਤੇ ਅਫ਼ਸਰਾਂ ਦੀ ਮਰਜ਼ੀ

17 ਜੂਨ ਦੇ ਨਜ਼ਰੀਆ ਪੰਨੇ ਉੱਤੇ ਹਮੀਰ ਸਿੰਘ ਨੇ ਮਗਨਰੇਗਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਮਗਨਰੇਗਾ ਸਬੰਧੀ ਜੋ ਕਾਨੂੰਨ ਅਤੇ ਸਕੀਮਾਂ ਹਨ, ਉਹ ਪੜ੍ਹਨ ਅਤੇ ਸੁਣਨ ਨੂੰ ਤਾਂ ਲੁਭਾਵਣੇ ਹਨ ਪਰ ਅਧਿਕਾਰੀਆਂ ਵੱਲੋਂ ਦਰੁਸਤ ਢੰਗ ਨਾਲ ਲਾਗੂ ਨਹੀਂ ਕੀਤੇ ਜਾ ਰਹੇ।

ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਮੁਹਾਲੀ

(2)

ਹਮੀਰ ਸਿੰਘ ਦੀ ਰਚਨਾ ‘ਮਗਨਰੇਗਾ : ਸੰਭਾਵਨਾਵਾਂ ਦਾ ਸੰਸਾਰ’ ਪੜ੍ਹੀ। ਲੇਖਕ ਨੇ ਇਸ ਸਕੀਮ ਨੂੰ ਖ਼ਤਮ ਕਰਨ ਬਾਰੇ ਵਾਜਿਬ ਚਿੰਤਾ ਪ੍ਰਗਟਾਈ ਹੈ। 

ਦਿਲਪ੍ਰੀਤ ਸਿੰਘ, ਖਮਾਣੋਂ

ਅਖਾੜਿਆਂ ਦੀ ਯਾਦ

14 ਜੂਨ ਦੇ ਨਜ਼ਰੀਆ ਪੰਨੇ ’ਤੇ ਮਨਮੋਹਨ ਸਿੰਘ ਦਾਊਂ ਦੀ ਰਚਨਾ ‘ਪੁਆਧੀ ਅਖਾੜੇ ਦਾ ਨਾਇਕ ਰੱਬੀ ਬੈਰੋਂਪੁਰੀ’ ਪੜ੍ਹਦਿਆਂ ਭਲੇ ਵੇਲਿਆਂ ਵੇਲੇ ਲੱਗਦੇ ਅਖਾੜਿਆਂ ਦੀ ਯਾਦ ਤਾਜ਼ਾ ਹੋ ਗਈ। ਰੱਬੀ ਬੈਰੋਂਪੁਰੀ ਨੂੰ ਸਰਕਾਰੇ-ਦਰਬਾਰੇ ਅਤੇ ਵੱਡੇ ਸਭਿਆਚਾਰਕ ਮੇਲਿਆਂ ਵਿਚ ਸਨਮਾਨਿਆ ਗਿਆ। ਉਹ ਸਭ ਦਾ ਮਹਿਬੂਬ ਗਾਇਕ ਸੀ।

ਅਮਰਜੀਤ ਮੱਟੂ ਭਰੂਰ (ਸੰਗਰੂਰ)

ਕੇਂਦਰੀਕਰਨ ਵੱਲ ਪੇਸ਼ਕਦਮੀ

12 ਜੂਨ ਨੂੰ ਡਾ. ਰਾਜੀਵ ਖੋਸਲਾ ਦਾ ਲੇਖ ‘ਜੀਐੱਸਟੀ ਅਤੇ ਕਮਜ਼ੋਰ ਹੁੰਦਾ ਫੈਡਰਲਿਜ਼ਮ’ ਪੜ੍ਹਿਆ। ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਕੇਂਦਰੀਕਰਨ ਵੱਲ ਵਧ ਰਹੀ ਹੈ। ਰਾਜਾਂ ਤੋਂ ਅਧਿਕਾਰ ਖੋਹੇ ਜਾ ਰਹੇ ਹਨ। ਸਮੂਹ ਬੁੱਧੀਜੀਵੀ ਵਰਗ ਨੂੰ ਇਸ ਬਾਰੇ ਠੋਸ ਯਤਨ ਕਰਨ ਦੀ ਲੋੜ ਹੈ।

ਮਾਸਟਰ ਰਣਜੀਤ ਸਿੰਘ, ਜੈਤੋ

ਮਾਲੇਰਕੋਟਲਾ ਅਤੇ ਸ਼ਹੀਦ ਕੂਕੇ

12 ਜੂਨ ਦੇ ਅੰਕ ਵਿਚ ਪਾਠਕ ਕੁਲਵੰਤ ਰਿਖੀ ਨੇ ਆਪਣੇ ਖ਼ਤ ‘ਮਾਲੇਰਕੋਟਲਾ ਦਾ ਇਤਿਹਾਸ ਅਤੇ ਕੂਕੇ’ ਵਿਚ ‘66 ਕੂਕਿਆਂ ਨੂੰ ਤੋਪਾਂ ਅੱਗੇ ਖੜ੍ਹੇ ਕਰ ਕੇ    ਸ਼ਹੀਦ ਕੀਤਾ ਗਿਆ’, ਲਿਖਿਆ ਹੈ। ਦਰਅਸਲ, 65 (49+16) ਕੂਕਿਆਂ ਨੂੰ 17 ਜਨਵਰੀ ਅਤੇ 18 ਜਨਵਰੀ, 1872 ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ ਸੀ।   ਪਹਿਲੇ ਦਿਨ 50ਵਾਂ ਕੂਕਾ ਭਾਈ ਬਿਸ਼ਨ ਸਿੰਘ, ਉਮਰ 12-13 ਸਾਲ, ਨੇ ਮੌਕੇ ਦੇ ਡਿਪਟੀ ਕਮਿਸ਼ਨਰ ਕਾਵਨ ਦੀ ਦਾੜ੍ਹੀ ਨੂੰ ਫੜ ਕੇ ਜ਼ੋਰ ਦੀ ਝਟਕਿਆ ਸੀ, ਨੂੰ ਤਤਕਾਲ ਨਾਲ ਖਲੋਤੇ ਸਿਪਾਹੀਆਂ ਨੇ ਤਲਵਾਰ ਦੇ ਵਾਰ ਨਾਲ ਸ਼ਹੀਦ ਕੀਤਾ ਸੀ।

ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

ਸ਼ਾਂਤਮਈ ਮਿਸ਼ਨ ਅਤੇ ਕੂਕੇ

8 ਜੂਨ ਨੂੰ ਮਾਲੇਰਕੋਟਲੇ ਬਾਰੇ ਲੇਖ ਪੜ੍ਹਿਆ ਅਤੇ 12 ਜੂਨ ਨੂੰ ਕੂਕਿਆਂ ਬਾਰੇ ਖ਼ਤ ਛਪਿਆ। ਸਾਰੇ ਸ਼ਹੀਦਾਂ ਨੂੰ ਪ੍ਰਣਾਮ। ਜਿਸ ਗੱਲ ਦੀ ਦੁਬਿਧਾ ਹੈ, ਉਹ ਇਹ ਕਿ ਨਾਮਧਾਰੀ ਗੁਰੂ ਬਾਬਾ ਰਾਮ ਸਿੰਘ ਦਾ ਮਿਸ਼ਨ ਐਲਾਨੀਆ ਸ਼ਾਂਤਮਈ ਸੀ। ਜਦ ਕੁਝ ਕੂਕੇ ਉਨ੍ਹਾਂ ਪਾਸ ਜਾ ਕੇ ਕਹਿਣ ਲੱਗੇ ਕਿ ਬੁੱਚੜ ਗਾਵਾਂ ਵੱਢਦੇ ਹਨ, ਅਸੀਂ ਉਨ੍ਹਾਂ ਨੂੰ ਰੋਕਾਂਗੇ ਤੇ ਸਬਕ ਸਿਖਾਵਾਂਗੇ, ਤਦ ਬਾਬਾ ਜੀ ਨੇ ਸਖ਼ਤੀ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਸੀ। ਜਿਨ੍ਹਾਂ ਕੂਕਿਆਂ ਨੇ ਆਪਣੇ ਗੁਰੂ ਦਾ ਹੁਕਮ ਨਹੀਂ ਮੰਨਿਆ, ਉਹ ਸਤਿਕਾਰਿਤ ਸ਼ਹੀਦ ਕਿਵੇਂ ਹੋਏ? ਕੋਈ ਜਣਾ ਦੁਬਿਧਾ ਦੂਰ ਕਰੇ।

ਡਾ. ਹਰਪਾਲ ਸਿੰਘ ਪੰਨੂ, ਪਟਿਆਲਾ

ਝੋਨੇ ਦੀ ਸਿੱਧੀ ਬਿਜਾਈ

12 ਜੂਨ ਨੂੰ ਖੇਤੀ ਵਾਲੇ ਸਫ਼ੇ ਉੱਤੇ ਬਲਵਿੰਦਰ ਸਿੰਘ ਢਿੱਲੋਂ ਦਾ ਝੋਨੇ ਦੀ ਸਿੱਧੀ ਬਿਜਾਈ ਬਾਰੇ ਲੇਖ ਪੜ੍ਹਿਆ।  ਵਧੀਆ ਜਾਣਕਾਰੀ ਸੀ। ਮੈਂ ਖ਼ੁਦ ਪਰਮਲ ਦੀ ਸਿੱਧੀ ਬਿਜਾਈ ਕੀਤੀ ਹੈ। ਲੇਖ ਪੜ੍ਹ ਕੇ ਪਤਾ ਲੱਗਾ, ਕੁਝ ਘਾਟਾਂ ਰਹਿ ਗਈਆਂ। ਲੇਖ ਵਿਚ ਬੀਜ ਦੀ ਸੋਧ ਸੁਧਾਈ, ਦਵਾਈਆਂ, ਬਿਜਾਈ ਕਦੋਂ ਤੇ ਕਿਵੇਂ ਕਰਨੀ ਹੈ, ਬਾਰੇ ਪੂਰੇ ਵੇਰਵੇ ਹਨ। ਇਸੇ ਦਿਨ ਸਤਰੰਗ ਪੰਨੇ ਉੱਤੇ ਅੰਗਰੇਜ਼ ਸਿੰਘ ਵਿਰਦੀ ਦਾ ਗਾਇਕਾ ਸੁਰਿੰਦਰ ਕੌਰ ਬਾਰੇ ਲੇਖ ਪਸੰਦ ਆਇਆ।

ਲਖਵਿੰਦਰ ਸ਼ਰੀਂਹ ਵਾਲਾ (ਫਿਰੋਜ਼ਪੁਰ)

ਚੋਣ ਨਾਅਰੇ

12 ਜੂਨ ਨੂੰ ਮੁੱਖ ਸਫ਼ੇ ’ਤੇ ਅਕਾਲੀ ਦਲ ਤੇ ਬਸਪਾ ਚੋਣ ਗੱਠਜੋੜ ਬਾਰੇ ਖ਼ਬਰ ਪੜ੍ਹ ਕੇ ਬਚਪਨ ਦੇ ਦਿਨਾਂ ਵਿਚ ਸੁਣਿਆ ਚੁਣਾਵੀ ਨਾਅਰਾ ਚੇਤੇ ਆ ਗਿਆ। ਸ਼ਾਇਦ ਸੰਨ 67-69 ਦਾ ਸਮਾਂ ਹੋਵੇਗਾ ਜਦ ਸਾਡੇ ਪਿੰਡ ਵਿਚ ਕਾਂਗਰਸੀ ਪਰਿਵਾਰਾਂ ਦੇ ਸਾਥੋਂ ਕੁਝ ਵੱਡੀ ਉਮਰ ਦੇ ਮੁੰਡੇ ਨਾਅਰੇ ਲਾਉਂਦੇ ਹੁੰਦੇ ਸਨ : ‘ਤੱਕੜੀ ਦੇ ਵਿਚ ਦੀਵਾ ਫਸਾ ਕੇ ਲੈਣ ਆਉਣਗੇ ਵੋਟਾਂ ਨੂੰ, ਪਾਇਉ ਨਾ ਬਈ ਪਾਇਉ ਨਾ!’ ਤੱਕੜੀ ਵਾਲੇ ਦੀਵੇ ਤੋਂ ਬਾਅਦ ‘ਕਮਲ’ ਦੀ ਸਾਂਝ ਦੇਖੀ ਅਤੇ ਹੁਣ ਅਗਲੇ ਸਾਲ 2022 ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤੱਕੜੀ ਨਾਲ ਹਾਥੀ ਤੁਰਦਾ ਦੇਖਾਂਗੇ।

ਤਰਲੋਚਨ ਸਿੰਘ ‘ਦੁਪਾਲਪੁਰ’, ਕੈਲੀਫੋਰਨੀਆ (ਅਮਰੀਕਾ)

ਬੇਇਨਸਾਫ਼ੀ ਦੀ ਤਸਵੀਰ

16 ਜੂਨ ਦੀ ਸੰਪਾਦਕੀ ‘ਵਿਰੋਧ ਪ੍ਰਗਟ ਕਰਨ ਦਾ ਹੱਕ’ ਅਤੇ ਨਵਸ਼ਰਨ ਕੌਰ ਦੇ ਲੇਖ ‘ਜੇਲ੍ਹਾਂ ਵਿਚ ਸਿਆਸੀ ਕੈਦੀ- ਅਨਿਆਂ ਦਾ ਇਤਿਹਾਸ’ ਵਿਚ ਦੇਸ਼ ਵਿਚ ਦਿਨੋ-ਦਿਨ ਵਧ ਰਹੀ ਤਾਨਾਸ਼ਾਹੀ ਅਤੇ ਕਾਨੂੰਨੀ ਪੱਧਰ ’ਤੇ ਹੁੰਦੀ ਬੇਇਨਸਾਫ਼ੀ ਦੀ ਸਹੀ ਤਸਵੀਰ ਬਿਆਨ ਕੀਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਐੱਨਯੂ ਦੇ ਵਿਦਿਆਰਥੀਆਂ ਨੂੰ ਜ਼ਮਾਨਤ ਦਿੰਦੇ ਹੋਏ ਦਿੱਲੀ ਪੁਲੀਸ, ਭਾਵ ਇਕ ਤਰ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫ਼ਟਕਾਰ ਲਾ ਕੇ ਇਨਸਾਫ਼ ਨੂੰ ਠੁੰਮਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਨਤਾ ਦੇ ਗੁੱਸੇ ਨੂੰ ਕੁਝ ਸਮੇਂ ਲਈ ਠੰਢਾ ਕਰਨ ਦੇ ਇਲਾਵਾ ਉਨ੍ਹਾਂ ਦਾ ਨਿਆਂਪ੍ਰਣਾਲੀ ਵਿਚ ਭਰੋਸਾ ਬਹਾਲ ਰਹਿ ਸਕੇ। ਦਰਅਸਲ ਮੋਦੀ ਸਰਕਾਰ ਨੇ ਅਸਹਿਮਤੀ ਅਤੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੀ ਹੁਣ ਤਕ ਯੂਏਪੀਏ ਅਤੇ ਪੀਐੱਸਏ ਵਰਗੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਹੈ। ਇਸੇ ਨੀਤੀ ਹੇਠ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਪੱਤਰਕਾਰਾਂ ਅਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕੱਦਮੇ ਦੀ ਸੁਣਵਾਈ ਦੇ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ।

ਸੁਮੀਤ ਸਿੰਘ, ਅੰਮ੍ਰਿਤਸਰ

ਡਾਕ ਐਤਵਾਰ ਦੀ

Jun 13, 2021

ਵਿਰਲੇ ਸਿਰੜੀ ਜਿਊੜੇ

ਛੇ ਜੂਨ ਦੇ ‘ਦਸਤਕ’ ਅੰਕ ਵਿਚ ਕੇਰਲਾ ਦੇ ਆਇਨਕਾਲੀ ਬਾਰੇ ਲੇਖ ਪੜ੍ਹ ਕੇ ਪਤਾ ਲੱਗਾ ਕਿ ਉਸ ਨੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨਾਲ ਹੁੰਦੇ ਮਾੜੇ ਵਿਹਾਰ ਦੇ ਵਿਰੋਧ ਵਿਚ ਦਲਿਤਾਂ ਦੀ ਅਗਵਾਈ ਕੀਤੀ। ਬਹਾਦਰੀ, ਸਹਿਣਸ਼ੀਲਤਾ, ਕੁਰਬਾਨੀ ਕਰਨ ਵਾਲੇ ਇਸ ਨਾਇਕ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਸਮਾਜ ਦੇ ਭੈੜੇ ਅਨਸਰਾਂ ਦਾ ਸੁਧਾਰ ਕਰਨ ਵਾਲੇ ਅਜਿਹੇ ਸਿਰੜੀ ਵਿਰਲੇ ਹੀ ਹੁੰਦੇ ਹਨ। 30 ਮਈ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਸਵਰਾਜਬੀਰ ਦਾ ਸੰਪਾਦਕੀ ਲੇਖ ‘ਮੈਂ ਸ਼ਾਇਦ ਜਲਦੀ ਹੀ ਮਰ ਜਾਵਾਂ’ ਭਾਰਤੀ ਨਿਆਂ ਬਾਰੇ ਚਿੰਤਾ ਜ਼ਾਹਰ ਕਰਦਾ ਹੈ। ਸਾਹਿਬ ਸਿੰਘ ਦੇ ਲੇਖ ਤੋਂ ਗੁਰਚਰਨ ਸਿੰਘ ਬੋਪਾਰਾਏ ਦੇ ਜੀਵਨ ਤੇ ਉਸ ਦੇ ਰੰਗਮੰਚ ਬਾਰੇ ਭਰਪੂਰ ਜਾਣਕਾਰੀ ਮਿਲੀ।

ਜਸਬੀਰ ਕੌਰ, ਅੰਮ੍ਰਿਤਸਰ

ਬੁੱਧੀਜੀਵਆਂ ਨਾਲ ਅਣਉਚਿਤ ਵਰਤਾਉ

30 ਮਈ ਦੀ ਸੰਪਾਦਕੀ ਪੜ੍ਹ ਕੇ ਮਨ ਕੁਰਲਾ ਉੱਠਿਆ ਕਿ ਅਸੀਂ ਕਿਹੋ ਜਿਹੇ ਦੇਸ਼ ਦੇ ਵਾਸੀ ਹਾਂ ਜਿੱਥੇ ਵਡੇਰੀ ਉਮਰ ਦੇ ਸਤਿਕਾਰਯੋਗ ਬੁੱਧੀਜੀਵੀ ਚਿੰਤਕਾਂ ਤੇ ਸਮਾਜ ਸੇਵਕਾਂ ਨੂੰ ਅਦਾਲਤਾਂ ਵਿਚ ਇਉਂ ਜ਼ਲੀਲ ਹੋਣਾ ਪੈ ਰਿਹਾ ਹੈ। ਭਿਆਨਕ ਬਿਮਾਰੀਆਂ ਨਾਲ ਪੀੜਿਤ  ਇਨ੍ਹਾਂ ਸੀਨੀਅਰ ਨਾਗਰਿਕਾਂ ਨਾਲ ਹੋ ਰਹੇ ਵਰਤਾਉ ਨੂੰ ਕਿਸੇ ਵੀ ਕੀਮਤ ’ਤੇ ਉਚਿਤ ਨਹੀਂ ਕਿਹਾ ਜਾ ਸਕਦਾ। 

ਜਗਦੇਵ ਸਿੰਘ ਝੱਲੀ, ਚੌਂਕੀਮਾਨ (ਲੁਧਿਆਣਾ)

ਜ਼ਿੰਦਗੀ ਦੀ ਧੜਕਣ

ਅਮਰਜੀਤ ਚੰਦਨ ਦਾ ਲੇਖ ‘ਜਾਗੋ’ ਅਦਬੀ ਸੰਗਤ ਵਿੱਚ 30 ਮਈ ਨੂੰ ਮਾਣਿਆ। ਜਿੱਥੋਂ ਤੱਕ ਜਾਗੋ ਸ਼ਬਦ ਦਾ ਤੁਅੱਲਕ ਹੈ ਇਹ ਜ਼ਿੰਦਗੀ ਦੀ ਧੜਕਣ ਸਮਾਨ ਹੈ। ਜਾਗਦੇ ਰਹਿਣਾ ਕੇਵਲ ਨੀਂਦ ਤੋਂ ਜਾਗਦੇ ਰਹਿਣ ਵਾਲੀ ਗੱਲ ਨਹੀਂ ਸਗੋਂ ਮਾਨਸਿਕ ਤੌਰ ’ਤੇ ਜਾਗਣ ਤੇ ਸੌਣ ਦਾ ਮੁੱਦਾ ਹੈ। ਵਿਆਹ ਸ਼ਾਦੀਆਂ ਦੀ ਜਾਗੋ ਮੌਜ ਮਸਤੀ ਦਾ ਸਬੱਬ ਹੈ, ਪਰ ਭੰਨ ਤੋੜ ਦੀਆਂ ਘਟਨਾਵਾਂ ਹੁਣ ਨਹੀਂ ਪੋਹਦੀਆਂ। ਹਾਂ ਏਨੀ ਗੱਲ ਜ਼ਰੂਰ ਹੈ ਕਿ ਇਨ੍ਹਾਂ ਲੋਕ ਬੋਲੀਆਂ ਵਿੱਚ ਸਾਡੀ ਮਾਨਸਿਕਤਾ ਲੁਕੀ ਬੈਠੀ ਹੈ ਜਿਨ੍ਹਾਂ ਨਾਲ ਸਾਡਾ ਅੰਦਰਲਾ ਸੰਸਾਰ ਪ੍ਰਗਟ ਹੁੰਦਾ ਹੈ। ਪੰਜਾਬੀ ਜਾਗੋ ਦੇ ਨਾਂਹ-ਪੱਖੀ ਪੱਖ ਛੱਡ ਕੇ ਇਸ ਨੂੰ ਉਸਾਰੀ ਲਈ ਵੀ ਵਰਤ ਸਕਦੇ ਹਾਂ। ਨਾਂ ਪ੍ਰਗਤੀਵਾਦੀ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ (ਪਟਿਆਲਾ)

ਮੱਝੀਆਂ ਦੀ ਮਹਿਮਾ

23 ਮਈ ਦੇ ‘ਦਸਤਕ’ ਅੰਕ ’ਚ ਕੁਲਵੰਤ ਸਿੰਘ ਵਿਰਕ ਦਾ ਖੋਜ-ਭਰਪੂਰ ਲੇਖ ‘ਮੱਝੀਆਂ, ਪਰੰਪਰਾ ਤੇ ਇਸ਼ਕ’ ਪੜ੍ਹ ਕੇ ਮਜ਼ਾ ਆ ਗਿਆ। ਮੱਝਾਂ ਬਾਰੇ ਪਹਿਲੀ ਵਾਰ ਕੋਈ ਮਹਿਮਾਮਈ ਰਚਨਾਂ ਪੜ੍ਹੀ ਹੈ। ਲੇਖ ਪੜ੍ਹ ਕੇ ਮੈਂ 60-65 ਸਾਲ ਪਹਿਲਾਂ ਵਾਲੇ ਦਿਨਾਂ ਵਿਚ ਚਲਾ ਗਿਆ, ਜਦੋਂ ਬਚਪਨ ਵਿਚ ਮੱਝਾਂ ਚਾਰੀਦੀਆਂ ਸਨ। ਪਿੰਡਾਂ ਵਿਚ ਉਦੋਂ ਇਹ ਇਕ ਰੁਟੀਨ ਹੀ ਹੁੰਦਾ ਸੀ ਕਿ ਮੁੰਡਾ ਪੰਜ-ਛੇ ਸਾਲ ਦਾ ਹੋਇਆ ਨਹੀਂ ਕਿ ਡੰਗਰ/ਪਸ਼ੂ ਚਾਰਨ ਲਗਾ ਦਿੰਦੇ ਸੀ। ਲੇਖ ਵਿਚ ਇਕ ਥਾਂ ਸ਼ੰਕਾ ਪ੍ਰਗਟ ਕੀਤਾ ਗਿਆ ਹੈ ਕਿ ਕੀ ਮੱਝ ਆਪਣੇ ਮਾਲਕ ਨਾਲ ਕੋਈ ਸਨੇਹ ਭਾਵ ਰੱਖਦੀ ਹੈ ਜਾਂ ਉਸ ਨੂੰ ਮਾਲਕ ਦੀ ਪਛਾਣ ਵੀ ਹੈ। ਇਕ ਮੱਝ (ਮਰਹੂਮ) ਮੇਰੇ ਦਾਦਾ ਜੀ ਨਾਲ ਏਨਾ ਤੇਹ ਕਰਦੀ ਸੀ ਕਿ ਜਦ ਮੈਂ ਪਿੰਡ ਦੇ ਨੇੜੇ-ਤੇੜੇ ਮੱਝਾਂ ਚਾਰਨੀਆਂ ਤਾਂ ਉਹ ਉਨ੍ਹਾਂ ਨੂੰ ਦੇਖ ਕੇ ਮਗਰ ਮਗਰ ਤੁਰ ਪੈਂਦੀ ਸੀ। ਦੁਧਾਰੂ ਮੱਝ ਦੇ ਹੱਥ ਪੈਣ ਵਾਲੀ ਗੱਲ ਤਾਂ ਲੇਖ ਵਿਚ ਹੈ ਹੀ। ਮੱਝ ਦੀ ਮਹੱਤਤਾ ਇਸ ਗੱਲੋਂ ਹੀ ਲਾਈ ਜਾ ਸਕਦੀ ਹੈ ਕਿ ਜੇ ਕਿਸੇ ਨਾਲ ਲਾਗ-ਡਾਟ ਹੋਣੀ ਤਾਂ ਇਹ ਗੱਲ ਸੁਣਨ ਨੂੰ ਮਿਲਣੀ ਕਿ ਫਲਾਣੇ ਦੀ ਮੱਝ ਚੋਰੀ ਹੋ ਜਾਏ, ਸੰਗਲ ਭਾਵੇਂ ਸਾਡਾ ਹੀ ਚਲਾ ਜਾਏ! ਮੱਝ ਦੀ ਸ਼ੋਭਾ ਪਹਿਲੀ ਵਾਰ ਪੜ੍ਹ ਕੇ ਚੰਗਾ ਲੱਗਾ। ਅੱਗੇ ਤਾਂ ਬਸ ‘ਮੱਝ ਅਗੇ ਬੀਨ ਵਜਾਉਂਣਾ’, ‘ਗਈ ਭੈਂਸ ਪਾਨੀ ਮੇ’, ‘ਅਕਲ ਬੜੀ ਕਿ ਭੈਂਸ’, ‘ਮੱਝ/ਝੋਟੇ ਵਰਗਾ ਮੋਟਾ/ਮੋਟੀ’ ਆਦਿ ਅਖਾਣ ਹੀ ਸੁਣਨ ਨੂੰ ਮਿਲਦੇ ਸਨ। ਪਹਿਲੀ ਵਾਰ ਮੱਝ ਦੇ ‘ਹੁਸੀਨ’ ਹੋਣ ਦੀ ਗੱਲ ਪੜ੍ਹੀ ਹੈ। ਮੱਝਾਂ ਰੱਖਣ ਵਾਲੇ ਮੱਝ ਦੀ ਅਹਿਮੀਅਤ ਅਤੇ ਉਸ ਦੇ ਅਣਗਿਣਤ ਗੁਣ ਪੜ੍ਹ ਕੇ ਮੁੱਛਾਂ ਨੂੰ ਤਾਅ ਜ਼ਰੂਰ ਦਿੰਦੇ ਹੋਣਗੇ! ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਪਾਠਕਾਂ ਦੇ ਖ਼ਤ

Jun 12, 2021

ਮਾਲੇਰਕੋਟਲਾ ਦਾ ਇਤਿਹਾਸ ਅਤੇ ਕੂਕੇ

ਮਾਲੇਰਕੋਟਲਾ ਬਾਰੇ ਅੱਬਾਸ ਧਾਲੀਵਾਲ ਦਾ ਲੇਖ (ਪੰਜਾਬ ਦੇ ਇਤਿਹਾਸਕ ਪੰਨਿਆਂ ਵਿਚ ਮਾਲੇਰਕੋਟਲਾ, 8 ਜੂਨ) ਇਤਿਹਾਸਕ ਬਾਰੀਕੀਆਂ ਨਾਲ ਭਰਪੂਰ ਹੈ। ਲੇਖਕ ਨੇ ਇਸ ਇਤਿਹਾਸਕ ਨਗਰ ਦੀ ਸਥਾਪਨਾ ਅਤੇ ਵਿਕਾਸ ਬਾਰੇ ਮਿਹਨਤ ਨਾਲ ਲਿਖਿਆ ਹੈ ਪਰ ਲੇਖਕ ਇਕ ਅਹਿਮ ਇਤਿਹਾਸਕ ਘਟਨਾ ਬਿਆਨ ਕਰਨ ਤੋਂ ਉੱਕ ਗਿਆ ਹੈ ਜਿਸ ਤੋਂ ਬਿਨਾਂ ਮਾਲੇਰਕੋਟਲਾ ਦਾ ਇਤਿਹਾਸ ਅਧੂਰਾ ਹੈ। ਉਹ ਹੈ ਅੰਗਰੇਜ਼ੀ ਸਰਕਾਰ ਦੁਆਰਾ 66 ਕੂਕਿਆਂ ਨੂੰ ਤੋਪਾਂ ਅੱਗੇ ਖੜ੍ਹੇ ਕਰ ਕੇ ਸ਼ਹੀਦ ਕਰਨ ਵਾਲਾ ਸਾਕਾ। ਸਰਕਾਰ ਤੋਂ ਬਾਗ਼ੀ ਕੂਕਿਆਂ ਦਾ ਇਕ ਦੂਜੇ ਤੋਂ ਅੱਗੇ ਹੋ ਕੇ ਤੋਪਾਂ ਅੱਗੇ ਆ ਕੇ ਸ਼ਹੀਦ ਹੋਣਾ ਦਲੇਰੀ ਅਤੇ ਮਰ ਮਿਟਣ ਦੇ ਜਜ਼ਬੇ ਦੀ ਅਨੂਠੀ ਮਿਸਾਲ ਹੈ। ਇਹ ਵੀ ਇਤਿਹਾਸਕ ਤੱਥ ਹੈ ਕਿ 1947 ਦੀ ਵੰਡ ਵੇਲੇ ਜਦੋਂ ਵੰਡੇ ਹੋਏ ਇਲਾਕਿਆਂ ਵਿਚ ਦੋਵੇਂ ਪਾਸੇ ਖ਼ੂਨੀ ਹਨੇਰੀ ਚੱਲ ਰਹੀ ਸੀ ਤਾਂ ਮਾਲੇਰਕੋਟਲਾ ਸ਼ਹਿਰ ਹੀ ਨਹੀਂ ਸਗੋਂ ਸਮੁੱਚੇ ਰਿਆਸਤੀ ਇਲਾਕੇ ਵਿਚ ਕਿਸੇ ਵੀ ਮੁਸਲਮਾਨ ਭਰਾ ਨੂੰ ਮਾਰਿਆ ਨਹੀਂ ਗਿਆ। ਉਨ੍ਹਾਂ ਦੇ ਘਰ ਪਰਿਵਾਰ ਅਤੇ ਜਾਇਦਾਦ ਮਹਿਫੂਜ਼ ਰਹੇ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)


ਵਿਰਾਸਤ ਬਨਾਮ ਚੌਧਰ

11 ਜੂਨ ਨੂੰ ਪਹਿਲੇ ਪੰਨੇ ਉੱਤੇ ਕਾਂਗਰਸ ਨੇਤਾ ਵੀਰਪੱਨ ਮੋਇਲੀ ਦਾ ਬਿਆਨ ਛਪਿਆ ਹੈ। ਉਨ੍ਹਾਂ ਦਾ ਇਹ ਕਹਿਣਾ ਕਿ ਲੀਡਰਸ਼ਿਪ ਵਿਰਾਸਤ ਆਧਾਰਿਤ ਨਹੀਂ ਬਲਕਿ ਗੁਣਾਂ ਆਧਾਰਿਤ ਹੋਣੀ ਚਾਹੀਦੀ ਹੈ, ਸਹੀ ਹੈ ਲੇਕਿਨ ਇੰਦਰਾ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਤਕ ਇਹੀ ਕੁਝ ਵਾਪਰਿਆ ਹੈ। ਇਕ ਵਾਰ ਸੀਤਾਰਾਮ ਕੇਸਰੀ ਨੂੰ ਕੁਝ ਸਮੇਂ ਲਈ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ, ਨਹੀਂ ਤਾਂ ਚੌਧਰ ਉਨ੍ਹਾਂ ਦੀ ਹੀ ਰਹੀ। ਇਸੇ ਤਰ੍ਹਾਂ ਅਕਾਲੀ ਦਲ ਵਿਚ ਹੁਣ ਬਾਦਲਾਂ ਦੀ, ਉੜੀਸਾ ਵਿਚ ਕਾਫ਼ੀ ਸਮੇਂ ਤੋਂ ਪਟਨਾਇਕ ਦੀ, ਤਾਮਿਲਨਾਡੂ ਵਿਚ ਕਰੁਨਾਨਿਧੀਆਂ ਦੀ, ਹਰਿਆਣਾ ਵਿਚ ਚੌਟਾਲਾ ਦੀ, ਬਿਹਾਰ ਵਿਚ ਯਾਦਵਾਂ ਦੀ ਚੌਧਰ ਵਿਰਾਸਤ ਕਾਰਨ ਰਹੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਨੌਜਵਾਨਾਂ ਦੀ ਦੁਖਦ ਦਾਸਤਾਂ

9 ਜੂਨ ਦੇ ਪੰਨਾ 3 ਉੱਤੇ ‘ਜ਼ਿੰਦਗੀ ਦੀ ਜੰਗ: ਏਸ ਟਾਵਰ ਤੋਂ ਮਹਿਲ ਦਿਸਦਾ ਹੈ’ ਸਿਰਲੇਖ ਹੇਠ ਸੁਰਿੰਦਰਪਾਲ ਦੀ ਦਾਸਤਾਂ ਪੜ੍ਹ ਕੇ ਦਿਲ ਵਲੂੰਧਰਿਆ ਗਿਆ। ਦੁੱਖ ਹੁੰਦਾ ਹੈ ਜਦੋਂ ਸੁਰਿੰਦਰਪਾਲ ਵਰਗੇ ਹੋਣਹਾਰ ਨੌਜਵਾਨ ਗ਼ੁਰਬਤ ਨਾਲ ਲੜਦੇ ਹੋਏ ਅਨੇਕਾਂ ਦੁੱਖ ਸਹਾਰਦੇ ਹੋਏ ਵੀ ਆਪਣੇ ਬੁਲੰਦ ਹੌਸਲੇ ਸਦਕਾ ਉੱਚ ਵਿੱਦਿਆ ਹਾਸਿਲ ਕਰ ਜਾਂਦੇ ਹਨ ਪਰ ਅੰਤ ਵਿਚ ਨਿਕੰਮੀਆਂ ਸਰਕਾਰਾਂ ਅੱਗੇ ਹਾਰ ਜਾਂਦੇ ਹਨ। ਸਾਡੇ ਪੜ੍ਹੇ ਲਿਖੇ ਅਤੇ ਕਾਬਿਲ ਨੌਜਵਾਨ ਟਾਵਰਾਂ ’ਤੇ ਬੈਠੇ ਹਨ ਅਤੇ ਅਨਪੜ੍ਹ ਸੰਸਦ ਵਿਚ ਬੈਠੇ ਦੇਸ਼ ਚਲਾ ਰਹੇ ਹਨ ਤਾਂ ਇਨਸਾਫ਼ ਕਿਵੇਂ ਹੋਵੇਗਾ? ਸਿਸਟਮ ਦੇ ਸਤਾਏ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ ਕਿਉਂਕਿ ਉਸ ਦੀਆਂ ਸਰਕਾਰਾਂ ਉਨ੍ਹਾਂ ਦੀ ਕਾਬਲੀਅਤ ਦਾ ਮੁੱਲ ਪਾਉਂਦੀਆਂ ਨੇ।
ਸੁਰਿੰਦਰ ਕੌਰ ਨਗਾਰੀ, ਮੁਹਾਲੀ


ਅੰਬਾਂ ਦੇ ਬਾਗ਼

10 ਜੂਨ ਦੇ ਨਜ਼ਰੀਆ ਪੰਨੇ ’ਤੇ ਛਪਿਆ ਅਵਤਾਰ ਸਿੰਘ ਸੰਧੂ ਦਾ ਲੇਖ ‘ਅੰਬੀਆਂ ਨੂੰ ਤਰਸੇਂਗੀ…’ ਲੇਖਕ ਦਾ ਆਪਣੇ ਇਲਾਕੇ ਪ੍ਰਤੀ ਮੋਹ ਅਤੇ ਉਸ ਦੇ ਪਿਛੋਕੜ ਪ੍ਰਤੀ ਖਿੱਚ ਨੂੰ ਦਰਸਾਉਂਦਾ ਹੈ। ਅਜੇ ਪੰਜ-ਛੇ ਦਹਾਕੇ ਪਹਿਲਾਂ ਦੀ ਤਾਂ ਗੱਲ ਹੈ ਜਦੋਂ ਦੋਆਬੇ ਦਾ ਹਰ ਪਿੰਡ ਅੰਬਾਂ ਦੇ ਬਾਗ਼ਾਂ ਨਾਲ ਘਿਰਿਆ ਹੁੰਦਾ ਸੀ। ਸਮੇਂ ਨੇ ਕਰਵਟ ਲਈ, ਬਲਦਾਂ ਵਾਲੇ ਹਲਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਤੇ ਬਹੁਤੀ ਜ਼ਮੀਨ ਨੂੰ ਵੀ ਆਬਾਦ ਕਰਨਾ ਸੌਖਾ ਹੋ ਗਿਆ। ਨਾਲ ਹੀ ਅੰਬਾਂ ਦੇ ਦਰਖ਼ਤ ਧੜਾਧੜ ਕੱਟੇ ਜਾਣ ਲੱਗੇ। ਹੁਣ ਤਾਂ ਬਸ ਜੇ ਕੁਝ ਬਚਿਆ ਹੈ ਤਾਂ ਸਿਆਣੀ ਉਮਰ ਦੇ ਬੰਦਿਆਂ ਦੇ ਦਿਲਾਂ ਵਿਚ ਦੋਆਬੇ ਦੇ ਖੱਟੇ-ਮਿੱਠੇ ਅੰਬਾਂ ਦੀਆਂ ਯਾਦਾਂ ਹੀ ਹਨ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


ਬਦਨੀਅਤ ?

9 ਜੂਨ ਦੇ ਪਹਿਲੇ ਪੰਨੇ ਦੇ ਪੈਰਾਂ ਵਿਚ ਖ਼ਬਰ ਛਾਪੀ ਗਈ ਹੈ: ‘‘ਧੋਖਾਧੜੀ ਦੇ ਦੋਸ਼ ਹੇਠ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਸੱਤ ਸਾਲ ਕੈਦ’’। ਹੇਠ ਖ਼ਬਰ ਵਿਚ ਲਿਖਿਆ ਹੈ: ‘‘ਲਤਾ ਰਾਮਗੋਬਿਨ ਮਸ਼ਹੂਰ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਇਲਾ ਗਾਂਧੀ ਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਔਲਾਦ ਹੈ’’। ਅਸਲ ਵਿਚ ਦੋਸ਼ੀ ਦੱਸੀ ਗਈ ਆਸ਼ੀਸ਼ ਲਤਾ ਮਹਾਤਮਾ ਗਾਂਧੀ ਦੇ ਛੋਟੇ ਪੁੱਤਰ ਮਨੀ ਲਾਲ ਗਾਂਧੀ ਦੀ ਧੀ ਇਲਾ ਗਾਂਧੀ ਦੀ ਧੀ ਹੈ, ਜਿਸ ਨੂੰ ਮਨੀਲਾਲ ਗਾਂਧੀ ਦੀ ਦੋਹਤੀ ਤੇ ਮਹਾਤਮਾ ਗਾਂਧੀ ਦੀ ਪੜਦੋਹਤੀ ਕਿਹਾ ਜਾ ਸਕਦਾ ਹੈ। ਵੈਸੇ ਜੇ ਇਹ ਮਹਾਤਮਾ ਗਾਂਧੀ ਦੀ ਪੜਪੋਤੀ ਵੀ ਹੁੰਦੀ ਤਾਂ ਵੀ ਕਿਸੇ ਬੱਚੇ ਦੇ ਦੋਸ਼ ਨੂੰ ਬਦੋਬਦੀ ਖਿੱਚ ਕੇ ਉਹਦੇ ਬੇਦਾਗ਼ ਬਾਪ ਦਾਦਿਆਂ ਤਕ ਲੈ ਜਾਣਾ ਕਿਸੇ ਬਦਨੀਅਤ ਤੋਂ ਵੱਧ ਕੁਝ ਨਹੀਂ ਹੈ।
ਅਵਤਾਰ ਸਿੰਘ, ਫਗਵਾੜਾ


ਦਲਿਤ ਸਮਾਜ ਦੀ ਸਿਆਸੀ ਸਮਝ

ਜਗਰੂਪ ਸਿੰਘ ਸੇਖੋਂ ਦਾ ਲੇਖ ‘ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ’ (9 ਜੂਨ) ਦਲਿਤ ਸਮਾਜ ਦੀ ਸਿਆਸੀ ਸਮਝ ਅਤੇ ਵੋਟਿੰਗ ਪੈਟਰਨ ਦਾ ਵਿਸ਼ਲੇਸ਼ਣ ਕਰਦਾ ਹੈ। ਸਿਆਸੀ ਪਾਰਟੀਆਂ ਦਾ ਦਲਿਤ ਭਾਈਚਾਰੇ ਵੱਲ ਨਜ਼ਰੀਆ ਸਟੰਟ ਭਰਪੂਰ ਹੈ। ਲੇਖ ਸਪੱਸ਼ਟ ਕਰਦਾ ਹੈ ਕਿ ਦਲਿਤ ਭਾਈਚਾਰਾ ‘ਸਿਆਸੀ ਸੂਝ’ ਘੱਟ ਅਤੇ ‘ਧਾਰਮਿਕ ਬੂਝ’ ਵੱਧ ਰੱਖਦਾ ਹੈ।
ਜਗਰੂਪ ਸਿੰਘ ਉੱਭਾਵਾਲ, ਲੁਧਿਆਣਾ

(2)

ਜਗਰੂਪ ਸਿੰਘ ਸੇਖੋਂ ਦਾ ਲੇਖ ‘ਦਲਿਤ ਭਾਈਚਾਰਾ, ਸਿਆਸਤ ਅਤੇ 2022 ਦੀਆਂ ਚੋਣਾਂ’ ਪੜ੍ਹਿਆ। ਲੇਖਕ ਨੇ ਅੰਕੜਿਆਂ ਦੇ ਆਧਾਰ ’ਤੇ ਇਹ ਗੱਲ ਕਹੀ ਹੈ ਕਿ ਦਲਿਤ ਵਰਗ ਦੀ ਵੋਟ ਪ੍ਰਤੀਸ਼ਤ ਅਤੇ ਲੋਕ ਸਭਾ/ਵਿਧਾਨ ਸਭਾ ਸੀਟਾਂ ਵਧ ਰਹੀਆਂ ਹਨ। ਉਂਜ ਸਿਆਸੀ ਪਾਰਟੀਆਂ ਭਾਵੇਂ ਦਲਿਤ ਵਰਗ ਦੇ ਉਥਾਨ ਨੂੰ ਦੇਖ ਕੇ ਚੋਣਾਂ ਵਿਚ ਉਨ੍ਹਾਂ ਦੇ ਹੱਕ ਵਿਚ ਵਾਅਦੇ ਕਰ ਰਹੇ ਹਨ ਪਰ ਦਲਿਤ ਵਰਗ ਅਜੇ ਵੀ ਗੂੜ੍ਹੀ ਨੀਂਦ ਵਿਚ ਹੈ। ਬਹੁਤ ਥੋੜ੍ਹੇ ਜਾਗਰੂਕ ਦਲਿਤ ਹੀ ਹੋਣਗੇ ਜੋ ਬਹੁਜਨ ਸਮਾਜ ਪਾਰਟੀ ਬਾਰੇ ਜਾਣਗੇ ਹਨ, ਨਹੀਂ ਤਾਂ ਸਾਰੇ ਆਪੇ ਬਣੇ ਦਲਿਤ ਹਮਦਰਦ ਨੇਤਾ ਜੋ ਵੱਖ ਵੱਖ ਪਾਰਟੀਆਂ ਨਾਲ ਰਲ਼ ਕੇ ਆਪਣੇ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ, ਦੇ ਮਗਰ ਅੱਖਾਂ ਮੀਚ ਕੇ ਲੱਗੇ ਹੋਏ ਹਨ।
ਗੁਰਦੀਪ ਸਿੰਘ, ਅਲੀਪੁਰ (ਨਾਭਾ)


ਵਿਦਵਤਾ ਤੇ ਮਾਨਵਤਾ ਦਾ ਸੁਮੇਲ

ਸੁਹਿਰਦ ਅਧਿਆਪਕ, ਵਿਦਵਾਨ ਅਤੇ ਸਮਾਜ ਦੇ ਆਰਥਿਕ, ਸਮਾਜਿਕ ਤੇ ਸਭਿਆਚਾਰਕ ਪੱਖਾਂ ਬਾਰੇ ਡੂੰਘਾ ਗਿਆਨ ਰੱਖਣ ਵਾਲੇ ਡੀਆਰ ਚੌਧਰੀ ਨੂੰ ਪ੍ਰੋ. ਪ੍ਰੀਤਮ ਸਿੰਘ ਨੇ ਢੁਕਵੀਂ ਸ਼ਰਧਾਂਜਲੀ (5 ਜੂਨ) ਦਿੱਤੀ ਹੈ। ਚੌਧਰੀ ਸਾਹਿਬ ਨੂੰ ਸੈਮੀਨਾਰਾਂ ਤੇ ਕਾਨਫ਼ਰੰਸਾਂ ਦੌਰਾਨ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਉਹ ਸਮਾਜ ਵਿਚਲੀਆਂ ਕੁਰੀਤੀਆਂ ਬਾਰੇ ਬੇਬਾਕ, ਤਰਕਪੂਰਨ ਤੇ ਪੇਸ਼ੇਵਾਰਾਨਾ ਵਿਚਾਰ ਪੇਸ਼ ਕਰਦੇ। ਉਨ੍ਹਾਂ ਦੇ ਅੰਗਰੇਜ਼ੀ ਵਿਚ ਛਪੇ ਲੇਖ ਨਿਹਾਇਤ ਗਿਆਨ ਭਰਪੂਰ ਹੁੰਦੇ। ਅਜਿਹੇ ਇਨਸਾਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗਿਆਨ ਦੇ ਲੇਖੇ ਲਾਈ, ਦੇ ਜਾਣ ਨਾਲ ਨਿਸ਼ਚੇ ਹੀ ਖਲਾਅ ਪੈਦਾ ਹੋਇਆ ਹੈ।
ਡਾ. ਸੁਖਦੇਵ ਸਿੰਘ, ਲੁਧਿਆਣਾ

ਪਾਠਕਾਂ ਦੇ ਖ਼ਤ Other

Jun 07, 2021

ਵਾਤਾਵਰਨ ਦੇ ਵਿਗਾੜ

5 ਜੂਨ ਨੂੰ ਵਾਤਾਵਰਨ ਦਿਵਸ ਮੌਕੇ ਡਾ. ਹਿਮੇਂਦਰ ਭਾਰਤੀ ਦਾ ਲੇਖ ‘ਵਾਤਾਵਰਨ ਪ੍ਰਣਾਲੀ ਨੂੰ ਦਰਪੇਸ਼ ਸੰਕਟ’ ਧਿਆਨ ਮੰਗਦਾ ਹੈ। ਤਕਰੀਬਨ ਇਕ ਦਰਜਨ ਵਿਗਿਆਨੀਆਂ ਦੇ ਹਵਾਲਿਆਂ ਨਾਲ ਉਨ੍ਹਾਂ ਜੋ ਤੱਥ ਸਾਹਮਣੇ ਰੱਖੇ ਹਨ, ਉਹ ਸਰਕਾਰਾਂ ਅਤੇ ਪੂਰੀ ਮਨੁੱਖਤਾ ਨੂੰ ਚੌਕਸ ਕਰਨ ਵਾਲੇ ਹਨ। ਇਹ ਸਿਤਮਜ਼ਰੀਫ਼ੀ ਹੈ ਕਿ ਸਾਡੀਆਂ ਸਰਕਾਰਾਂ ਅਤੇ ਪ੍ਰਬੰਧਕੀ ਅਦਾਰੇ ਵਾਤਾਵਰਨ ਵਿਗਾੜਾਂ ਵੱਲ ਧਿਆਨ ਨਹੀਂ ਦੇ ਰਹੇ। ਸਰਕਾਰਾਂ ਨੂੰ ਸਵਾਰਥ ਛੱਡ ਕੇ ਅੱਗੇ ਆਉਣਾ ਪਵੇਗਾ।

ਲਾਲ ਸਿੰਘ ਕਲਸੀ, ਫਰੀਦਕੋਟ


‘ਜ਼ਖ਼ਮੀ’ ਤੇ ‘ਸ਼ਹੀਦ’ ਬੀੜ ?

ਜਿਵੇਂ ਅਪਾਹਜ ਨੂੰ ਰੇਹੜੀ ਵਿਚ ਬਿਠਾ ਕੇ ਧੱਕੀ ਫਿਰਨ ਨਾਲ ਮੰਗਤੇ ਕਾਫ਼ੀ ਦਾਨ ਲੈ ਲੈਂਦੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ‘ਜ਼ਖ਼ਮੀ’ ਤੇ ‘ਸ਼ਹੀਦ’ ਬੀੜਾਂ ਦਿਖਾ ਦਿਖਾ ਕੇ ਸਿੱਖਾਂ ਤੋਂ ਪੈਸੇ ਤੇ ਵੋਟਾਂ ਮੰਗਣ ਲੱਗ ਪਈ ਹੈ ਜੋ ਅਤਿ ਘ੍ਰਿਣਾਜਨਕ ਅਤੇ ਪੰਥ ਲਈ ਅਪਮਾਨਜਨਕ ਤਮਾਸ਼ਾ ਹੈ (4 ਜੂਨ)। ਹਰ ਜ਼ਿੰਮੇਵਾਰ ਸ਼ਖ਼ਸ/ਅਦਾਰੇ ਨੂੰ ਇਸ ਦੀ ਨਿਖੇਧੀ ਕਰਨੀ ਚਾਹੀਦੀ ਹੈ। ਕੀ ਗੁਰੂ ਗ੍ਰੰਥ ਦੀ ਬੀੜ ਜ਼ਖ਼ਮੀ ਜਾਂ ਸ਼ਹੀਦ ਹੋ ਸਕਦੀ ਹੈ? 3 ਜੂਨ ਨੂੰ ਸੁਖਦੇਵ ਸਿੰਘ ਮਾਨ ਦਾ ਮਿਡਲ ‘ਬੁਝਦੇ ਚਿਰਾਗ਼ ਦੀ ਲੋਅ’ ਪੜ੍ਹਿਆ। ਲੇਖਕ ਆਪਣੇ ਵੱਲੋਂ ਹਠੀ ਇਨਕਲਾਬੀ ਦੀ ਬੀਰਤਾ ਬਿਆਨ ਕਰ ਰਿਹਾ ਹੈ ਪਰ ਗੱਲ ਆਸ਼ੇ ਦੇ ਉਲਟ ਨਿਰਾਸ਼ਤਾ ਵੱਲ ਤੁਰੀ ਜਾ ਰਹੀ ਹੈ। ਸਿੱਖ ਗੁਰਦੁਆਰਾ ਸੰਸਥਾ ਕਿਸੇ ਵੱਖਰੀ ਤਰ੍ਹਾਂ ਦੇ ਇਨਕਲਾਬ ਦਾ ਫ਼ਲ ਹੈ ਪਰ ਬੋਘਾ ਉੱਥੋਂ ਲਿਆਂਦੀ ਰੋਟੀ ਨਹੀਂ ਖਾਂਦਾ। ਜਦ ਲੇਖਕ ਰਵਿਦਾਸ ਫੁਲਵਾੜੀ ਦੇ ਭਰਾਵਾਂ ਤੋਂ ਮਦਦ ਦਿਵਾਉਣ ਦੀ ਗੱਲ ਕਰਦਾ ਹੈ ਤਾਂ ਬੋਘੇ ਨੂੰ ਇਤਰਾਜ਼ ਨਹੀਂ। ਇੱਥੇ ਬੋਘੇ ਦਾ ਇਨਕਲਾਬ ਬ੍ਰਾਹਮਣਵਾਦ ਵਿਚ ਬਦਲ ਜਾਂਦਾ ਹੈ ਜਿੱਥੇ ਗੁਰਦੁਆਰੇ ਨਾਲੋਂ ਰਵਿਦਾਸ ਭਾਈਚਾਰਾ ਠੀਕ ਹੈ।

ਡਾ. ਹਰਪਾਲ ਸਿੰਘ ਪੰਨੂ, ਪਟਿਆਲਾ


ਅਰਥਚਾਰੇ ’ਤੇ ਅਸਰ

ਡਾ. ਗਿਆਨ ਸਿੰਘ ਦਾ ਲੇਖ ‘ਆਰਥਿਕ ਵਾਧਾ ਦਰ ਤੇ ਅਵਾਮ’ (4 ਜੂਨ) ਤਾਜ਼ਾ ਤੱਥ ਬਿਆਨ ਕਰਦਾ ਹੈ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗਿਆ ਹੈ। ਉਂਜ ਦੋ ਸਾਲ ਪਹਿਲਾਂ ਹੀ ਅਰਥਚਾਰਾ ਡਗਮਗਾ ਗਿਆ ਸੀ ਜਿਸ ਕਾਰਨ ਵੱਖ ਵੱਖ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਘਟ ਗਏ। ਹੁਣ ਤਾਂ ਰਿਜ਼ਰਵ ਬੈਂਕ ਨੇ ਵੀ ਕਿਹਾ ਹੈ ਕਿ ਅਰਥਚਾਰੇ ’ਤੇ ਮਹਾਮਾਰੀ ਦਾ ਅਸਰ ਕਾਫ਼ੀ ਚਿਰ ਰਹੇਗਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਯਤਨ ਕਰੇ।

ਸੰਜੀਵ ਸਿੰਘ ਸੈਣੀ, ਮੁਹਾਲੀ


ਸਿਹਤ ਦਾ ਖਿਆਲ

4 ਜੂਨ ਨੂੰ ਸੰਜੀਵ ਕੁਮਾਰ ਸ਼ਰਮਾ ਦੀ ਰਚਨਾ ‘ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੇ’ ਜਾਣਕਾਰੀ ਭਰਪੂਰ ਸੀ। ਕਰੋਨਾ ਮਹਾਮਾਰੀ ਦੌਰਾਨ ਉਹ ਸਹੀ ਸਮੇਂ ’ਤੇ ਸਹੀ ਜਾਣਕਾਰੀ ਦਿੱਤੀ ਹੈ। ਮੌਜੂਦਾ ਸਮੇਂ ਵਿਚ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਹਸਪਤਾਲ ਜਾਣ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਬਚਾ ਸਕਦੇ ਹਾਂ।

ਸੁਰਿੰਦਰ ਕੌਰ, ਈਮੇਲ


ਅਧੂਰੇ ਇਨਕਲਾਬ

3 ਜੂਨ ਦੇ ਅੰਕ ਵਿਚ ਸੁਖਦੇਵ ਸਿੰਘ ਮਾਨ ਦਾ ਮਿਡਲ ‘ਬੁਝਦੇ ਚਿਰਾਗ਼ ਦੀ ਲੋਅ’ ਵਧੀਆ ਲੱਗਿਆ। ਚਾਨਣ ਲੱਭਣ ਤੁਰੇ ਕਾਫ਼ਲਿਆਂ ਨੇ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ, ਇਹ ਸੈਂਕੜੇ ਬੋਘਿਆਂ ਦੀ ਮਾਣਮੱਤੀ ਕਹਾਣੀ ਹੈ ਪਰ ਲਾਲ ਝੰਡੇ ਵਾਲਿਆਂ ਕਦੇ ਕੇਸਰੀ ਝੰਡੇ ਦੇ ਫ਼ਲਸਫ਼ੇ ਨੂੰ ਵਿਦੇਸ਼ੀ ਐਨਕ ਲਾਹ ਕੇ ਨਹੀਂ ਦੇਖਿਆ। ਇਸੇ ਲਈ ਉਹ ਸਿਰਜੇ ਭਰਮ ਅਨੁਸਾਰ ਅਧੂਰੇ ਇਨਕਲਾਬ ਲਈ ਟੱਕਰਾਂ ਮਾਰਦੇ ਰਹੇ। ਪੰਜਾਬ ਦੀ ਧਰਤੀ ਦਾ ਜ਼ੱਰਾ ਜ਼ੱਰਾ ਇਨਕਲਾਬ ਨਾਲ ਲਬਰੇਜ਼ ਰਿਹਾ ਹੈ ਪਰ ਲਾਲ ਕੇਸਰੀ ਰੰਗਾਂ ਵਿਚ ਉਲਝੇ ਝੰਡੇਬਰਦਾਰ ਸਦਾ ਅਸਫ਼ਲ ਰਹੇ। ਸੰਸਥਾਵਾਂ ਦੇ ਕਰਤਿਆਂ ਧਰਤਿਆਂ ਦੀਆਂ ਗ਼ਲਤੀਆਂ ਤੇ ਗੁਨਾਹਾਂ ਦਾ ਦੋਸ਼ ਫ਼ਲਸਫ਼ਿਆਂ ਸਿਰ ਮੜ੍ਹਨਾ ਅਧੂਰੇ ਅਧਿਐਨ ਦੀ ਨਿਸ਼ਾਨੀ ਹੈ। ਉਂਜ ਪੈਨਸ਼ਨ ਨਾਲੋਂ ਗੁਰੂਘਰ ਦਾ ਲੰਗਰ ਪਰੋਲੇਤਾਰੀ ਦਾ ਵੱਡਾ ਚਿੰਨ੍ਹ ਹੈ।

ਗਗਨਦੀਪ ਸਿੰਘ ਬੁਗਰਾ, ਪਿੰਡ ਬੁਗਰਾ (ਸੰਗਰੂਰ)


(2)

‘ਬੁਝਦੇ ਚਿਰਾਗ਼ ਦੀ ਲੋਅ’ (ਸੁਖਦੇਵ ਸਿੰਘ ਮਾਨ) ਪੜ੍ਹਿਆ। ਜਦੋਂ ਰਾਜ ਕਰਨ ਵਾਲੀਆਂ ਧਿਰਾਂ ਕਿਸੇ ਖ਼ਿੱਤੇ (ਸੂਬੇ) ਦੀ ਸਿਆਸੀ ‘ਵਿਸ਼ੇਸ਼ ਧਾਰਮਿਕ ਪਛਾਣ’ ਦਾ ਰੋਮਾਂਸ ਸਿਰਜ ਕੇ ਸਿਆਸੀ ਹਿੱਤ ਸਾਧਣ ਲੱਗ ਜਾਣ ਤਾਂ ਇਸ ਨਾਲ ਉਸ ਵਿਸ਼ੇਸ਼ ਧਰਮ ਦੀਆਂ ਮਹਾਨ ਵਿਚਾਰ ਰੱਖਣ ਵਾਲੀਆਂ ਸੰਸਥਾਵਾਂ ਪਲੀਤ ਹੋ ਜਾਂਦੀਆਂ ਹਨ ਜਾਂ ਕਰ ਦਿੱਤੀਆਂ ਜਾਂਦੀਆਂ ਹਨ। ਪਿੰਡ ਦੀ ਇਕਾਈ ਦੀਆਂ ਉਨ੍ਹਾਂ ਧਾਰਮਿਕ ਸੰਸਥਾਵਾਂ ’ਤੇ ਕਾਬਜ਼ ਧਿਰ ਦੀ ਚੇਤਨਾ, ਉਸ ਧਰਮ ਦੀ ਅਸਲ ਸਪਿਰਟ ਨੂੰ ਖੁੰਢਾ ਕਰ ਦਿੰਦੀ ਹੈ। ਬੋਘਾ ਕਾਮਰੇਡ ਇਸ ਤੋਂ ਸੁਚੇਤ ਹੈ। ਉਹ ਸਾਰੀ ਉਮਰ ਇਸ ਚੀਜ਼ ਨੂੰ ਗਹੁ ਨਾਲ ਦੇਖਦਾ ਹੈ ਅਤੇ ਆਪਣਾ ਰਸਤਾ ਚੁਣਦਾ ਹੈ। ‘ਬੰਦਾ ਬੰਦੇ ਦੀ ਦਾਰੂ’, ਬੋਘੇ ਦੀ ਚੁੱਪ ਰਵਿਦਾਸ ਫੁਲਵਾੜੀ ਵੱਲੋਂ ਮਦਦ ਸਵੀਕਾਰ ਕਰਦੀ ਹੈ। ਸੁਖਦੇਵ ਸਿੰਘ ਮਾਨ ਨੇ ਪਿੰਡ ਦੇ ਉਸ ਕੋਨੇ ਵੱਲ ਵਿਚਾਰਧਾਰਕ ਅਤੇ ਸੰਵੇਦਨਾ ਨਾਲ ਨਿਗ੍ਹਾ ਮਾਰੀ ਹੈ, ਜਿੱਧਰ ਅਕਸਰ ਸਸਤੀ ਦਿਹਾੜੀ ’ਤੇ ਬੰਦਾ ਲੱਭਣ ਲਈ ਮੱਧਵਰਗ ਅਤੇ ਕਿਸਾਨੀ ਦਾ ਧਿਆਨ ਜਾਂਦਾ ਹੈ।

ਜਸਪਾਲ ਸਿੰਘ, ਮੌੜ ਕਲਾਂ (ਬਠਿੰਡਾ)


ਹਾਅ ਦਾ ਨਾਅਰਾ

26 ਮਈ ਨੂੰ ਨਜ਼ਰੀਆ ਪੰਨੇ ਉੱਪਰ ‘ਹਾਅ ਦਾ ਨਾਅਰਾ’ ਲੇਖ (ਲੇਖਕ ਭਾਈ ਅਸ਼ੋਕ ਸਿੰਘ ਬਾਗੜੀਆਂ) ਪੜ੍ਹਿਆ, ਚੰਗਾ ਲੱਗਿਆ ਕਿ ਮੇਰੇ ਖੇਤਰ ਦੇ ਗੁਣਾਂ ਦੀ ਚਰਚਾ ਕੀਤੀ ਗਈ ਹੈ। ਪੰਜਾਬ ਦਾ 23ਵਾਂ ਜ਼ਿਲ੍ਹਾ ਮਾਲੇਰਕੋਟਲਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਦੇਸ਼ ਦੀ ਵੰਡ ਸਮੇਂ ਬਹੁਤ ਸਾਰੇ ਮੁਸਲਮਾਨਾਂ ਨੇ ਆਪਣੀ ਜਾਨ ਬਚਾਉਣ ਲਈ ਮਾਲੇਰਕੋਟਲੇ ਦੀ ਸ਼ਰਨ ਲਈ ਸੀ।

ਨਵਜੀਤ ਕੌਰ, ਸੁਲਤਾਨਪੁਰ


ਮਹਿਲਾ ਪੰਚ-ਸਰਪੰਚ ਬਨਾਮ ਚੌਧਰ

4 ਜੂਨ ਦੇ ਪੰਨਾ ਨੰਬਰ 3 ਉੱਤੇ ਮਹਿਲਾ ਪੰਚਾਂ ਸਰਪੰਚਾਂ ਬਾਰੇ ਜੋ ਖ਼ਬਰ ‘ਹੁਣ ਫ਼ੋਕੀ ਚੌਧਰ ਨਹੀਂ ਕਰ ਸਕਣਗੇ ਮਹਿਲਾ ਸਰਪੰਚਾਂ ਦੇ ਪਤੀ’ ਲੱਗੀ ਹੈ, ਉਹ ਸ਼ਲਾਘਾਯੋਗ ਹੈ। ਜੇ ਔਰਤਾਂ ਨੇ ਮੀਟਿੰਗਾਂ ਵਿਚ ਆਪਣੀ ਥਾਂ ’ਤੇ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਹੀ ਭੇਜਣਾ ਤਾਂ ਉਨ੍ਹਾਂ ਨੂੰ 33 ਫ਼ੀਸਦੀ ਦਾ ਕੋਟਾ ਦੇਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸੇ ਦਿਨ ਪੰਨਾ 9 ਉੱਤੇ ਬੀਬੀ ਮਨਦੀਪ ਕੌਰ ਨਾਗਰਾ ਵੱਲੋਂ ਸੜਕਾਂ ਦੇ ਉਦਘਾਟਨ ਦੀ ਖ਼ਬਰ ਵੀ ਲੱਗੀ ਹੈ। ਬੀਬੀ ਨਾਗਰਾ ਕੋਲ ਕਿਹੜਾ ਅਹੁਦਾ ਹੈ ਜੋ ਉਹ ਆਪਣੇ ਵਿਧਾਇਕ ਪਤੀ ਕੁਲਜੀਤ ਸਿੰਘ ਨਾਗਰਾ ਦੀ ਥਾਂ ਉਦਘਾਟਨ ਕਰਦੇ ਫਿਰਦੇ ਹਨ। ਦੋਨੋਂ ਖ਼ਬਰਾਂ ਇਕ ਦੂਜੇ ਦੀਆਂ ਵਿਰੋਧੀ ਹਨ।

ਗੁਰਮੁਖ ਸਿੰਘ, ਪਿੰਡ ਬਾਸੀਆਂ (ਫਤਹਿਗੜ੍ਹ ਸਾਹਿਬ)

ਪਾਠਕਾਂ ਦੇ ਖ਼ਤ Other

Jun 04, 2021

ਪੈਰ ਜਮਾਉਣ ਦੀ ਕਵਾਇਦ

ਤਿੰਨ ਜੂਨ ਨੂੰ ਸਫ਼ਾ ਦੋ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਦਾ ਬਿਆਨ ਛਪਿਆ ਹੈ ਜਿਸ ਵਿਚ ਉਨ੍ਹਾਂ ਦੱਸਿਆ ਕਿ ਜੂਨ ਚੁਰਾਸੀ ਦੇ ਘੱਲੂਘਾਰੇ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਸ ਸਰੂਪ ਵਿਚ ਗੋਲੀਆਂ ਵੱਜੀਆਂ ਸਨ ਅਤੇ ਉਸ ਮੌਕੇ ਗੋਲੀਆਂ ਨਾਲ ਨੁਕਸਾਨੇ ਸੋਨੇ ਦੇ ਪੱਤਰਿਆਂ ਨੂੰ ਸੰਗਤਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਤਿਹਾਸਕ ਨਜ਼ਰੀਏ ਤੋਂ ਇਹ ਫ਼ੈਸਲਾ ਦਰੁਸਤ ਹੈ ਪਰ ਇਸ ਦੇ ਪਿਛੋਕੜ ਨੂੰ ਗਹੁ ਨਾਲ ਦੇਖਣ ਅਤੇ ਮੌਜੂਦਾ ਸਿੱਖ ਸਿਆਸਤ ਬਾਰੇ ਸਰਸਰੀ ਜਾਣਕਾਰੀ ਰੱਖਣ ਵਾਲੇ ਪਾਰਖੂ ਜਾਣਦੇ ਹਨ ਕਿ ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਦਲ ਦੇ ਬੇਅਦਬੀ ਕਾਂਡ ਕਾਰਨ ਉੱਖੜੇ ਹੋਏ ਪੈਰ ਮੁੜ ਜਮਾਉਣ ਦੀ ਕਵਾਇਦ ਹੀ ਹੈ। ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਨਾਲ ‘ਬੰਦ ਕਮਰਾ’ ਮੀਟਿੰਗ ਕੀਤੀ ਸੀ, ਮੀਟਿੰਗ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਇਹ ਫ਼ੈਸਲੇ ਕੀਤੇ ਹਨ। ਕੋਈ ਸ਼ੱਕ?

ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)

(2)

ਜੂਨ 1984 ਵਿਚ ਵਾਪਰਿਆ ਘੱਲੂਘਾਰਾ ਆਮ ਸਿੱਖ ਲਈ ਵੱਡਾ ਦੁਖਾਂਤ ਹੈ। ਜਗੀਰ ਕੌਰ ਜੀ ਇਹ ਵੀ ਦੱਸਣ ਕਿ ਇਸ ਘੱਲੂਘਾਰੇ ਦੇ ਕਾਰਨਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਨਾਲੋਂ ਵੱਡੀ ਗ਼ੈਰਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਜਾਂ ਨਹੀਂ? ਅਕਾਲੀ ਲੀਡਰਸ਼ਿਪ ’ਤੇ ਵੀ ਨਿਗ੍ਹਾ ਮਾਰ ਸਕਦੇ ਹਾਂ। ਉਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਕਿ ਕਾਂਗਰਸ ਵਿਚ ਮੁੜ ਕਦੇ ਨਹੀਂ ਆਉਣਗੇ ਲੇਕਿਨ 14 ਸਾਲ ਬਾਅਦ ਕਾਂਗਰਸ ਵਿਚ ਆ ਗਏ। ਨਾਰਵੇ ਦੇ ਉਸ ਸਮੇਂ ਰਾਜਦੂਤ ਹਰਿੰਦਰ ਸਿੰਘ ਖਾਲਸਾ ਨੇ ਰੋਸ ਵਜੋਂ ਅਸਤੀਫ਼ਾ ਦਿੱਤਾ ਲੇਕਿਨ ਫਿਰ ਸਾਕਾ ਨੀਲਾ ਤਾਰਾ ਦਾ ਸਵਾਗਤ ਕਰਨ ਵਾਲੀ ਭਾਜਪਾ ਦੇ ਮੈਂਬਰ ਵੀ ਬਣ ਗਏ। ਕਿਉਂ? ਦਰਅਸਲ ਜਗੀਰ ਕੌਰ ਜੀ 10 ਮਹੀਨਿਆਂ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਜਿਹਾ ਕਰ ਰਹੇ ਹਨ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਲੋਕਾਂ ਦਾ ਸ਼ਾਇਰ

ਤਿੰਨ ਜੂਨ ਦੇ ਇੰਟਰਨੈੱਟ ਪੰਨੇ ਅਦਬੀ ਸਾਂਝ ਉੱਤੇ ਜਸਵੰਤ ਗਿੱਲ ਸਮਾਲਸਰ ਨੇ ਇਨਕਲਾਬੀ ਸ਼ਾਇਰ ਮਹਿੰਦਰ ਸਾਥੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਲਿਖਤਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਨਕਲਾਬੀ ਲਿਖਤਾਂ ਸਾਥੀ ਜੀ ਨੂੰ ਅਮਰ ਕਰ ਗਈਆਂ ਹਨ।

ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)

ਹਰ ਵਰਗ ਦੁਖੀ

2 ਜੂਨ ਨੂੰ ਰਛਪਾਲ ਸਿੰਘ ਦਾ ਲੇਖ ‘ਕਿਸਾਨ ਘੋਲ : ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’ ਪੜ੍ਹਿਆ। ਭਾਜਪਾ ਨੇ ਭਾਵੇਂ ਕੂੜ ਪ੍ਰਚਾਰ ਕਰ ਕੇ ਕੇਂਦਰ ਵਿਚ ਸਰਕਾਰ ਬਣਾ ਲਈ ਪਰ ਇਸ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ। ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਹਰ ਪੱਖ ਤੋਂ ਵਧੀਕੀ ਕੀਤੀ ਜਾ ਰਹੀ ਹੈ। ਸਰਕਾਰ ਸ਼ਾਇਦ ਇਸ ਭੁਲੇਖੇ ਵਿਚ ਹੋਵੇ ਕਿ ਕਿਸਾਨ ਥੱਕ ਹਾਰ ਕੇ ਘਰ ਪਰਤ ਜਾਣਗੇ ਪਰ ਅਜਿਹਾ ਹੋਵੇਗਾ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਨਾਲ ਨਿਆਂ ਕਰੇ।

ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)

ਵਾਤਾਵਰਨ ਦੀ ਸੰਭਾਲ

ਪਹਿਲੀ ਜੂਨ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਸਮੁੰਦਰੀ ਆਫ਼ਤਾਂ ਤੋਂ ਬਚਾਅ ਕਿਵੇਂ ਹੋਵੇ’ ਤੂਫ਼ਾਨਾਂ ਬਾਰੇ ਜਾਣਕਾਰੀ ਦਿੰਦਾ ਚੌਕਸ ਕਰਦਾ ਹੈ ਕਿ ਇਹ ਸਭ ਤਾਪਮਾਨ ਵਧਣ ਕਰ ਕੇ ਹੈ ਜੋ ਵਾਤਾਵਰਨ ਦੀ ਯੋਗ ਸੰਭਾਲ ਤੇ ਕਰਨ ਨਾ ਕਰਨ ਕਰ ਕੇ ਹੋਇਆ ਹੈ। ਇਹ ਸਭ ਸੜਕਾਂ, ਪੁਲ ਅਤੇ ਵਿਸ਼ਾਲ ਇਮਾਰਤਾਂ ਬਣਾਉਣ ਦੇ ਚੱਕਰ ’ਚ ਬਨਸਪਤੀ ਅਤੇ ਜ਼ਮੀਨ ਦੀ ਕੱਟ-ਕਟਾਈ ਹੋਣ ਕਰ ਕੇ ਹੀ ਹੋਇਆ ਹੈ। ਅਜਿਹੇ ਵਿਕਾਸ ਦੀ ਬਜਾਇ ਦੇਸ਼ ਵਾਸੀਆਂ ਦੀਆਂ ਲੋੜਾਂ ਜਿਵੇਂ ਬੇਰੁਜ਼ਗਾਰੀ, ਗ਼ਰੀਬਾਂ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਜਸਬੀਰ ਕੌਰ, ਅੰਮ੍ਰਿਤਸਰ

ਮੁਹੱਬਤ ਦੇ ਦੋ ਬੋਲ

ਪਹਿਲੀ ਜੂਨ ਦਾ ਮਿਡਲ ‘ਮੈਲਾ’ (ਲੇਖਕ ਅਮਨ ਫ਼ਲਕ) ਪੜ੍ਹਿਆ। ਜੇ ਸਮਾਜ ਵਿਚ ਹਰ ਇਕ ਨਾਲ ਪਿਆਰ ਤੇ ਸਨੇਹ ਨਾਲ ਰਲ ਮਿਲ ਕੇ ਜ਼ਿੰਦਗੀ ਬਤੀਤ ਕੀਤੀ ਜਾਵੇ ਤਾਂ ਸਮਾਜ ਕਿੰਨਾ ਸੋਹਣਾ ਬਣ ਜਾਵੇਗਾ। ਜੇ ਕਿਸੇ ਗ਼ਰੀਬ ਜਾਂ ਸਮਾਜ ਵੱਲੋਂ ਅਣਡਿੱਠ ਕੀਤੇ ਸ਼ਖ਼ਸ ਨਾਲ ਹਮਦਰਦੀ ਵਜੋਂ ਦੋ ਸ਼ਬਦ ਪਿਆਰ ਨਾਲ ਬੋਲ ਲਏ ਜਾਣ ਤਾਂ ਉਸ ਦਾ ਜਿਊਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)

ਕਿੱਥੇ ਹੈ ਨਰੋਆ ਪੰਜਾਬ ?

ਪਹਿਲੀ ਜੂਨ ਦੇ ਪੰਨਾ ਨੰਬਰ 5 ’ਤੇ ਨਵਾਂ ਨਰੋਆ ਪੰਜਾਬ ਵਾਲਾ ਇਸ਼ਤਿਹਾਰ ਪੜ੍ਹਨ ਨੂੰ ਮਿਲਿਆ। ਨਰੋਆ ਪੰਜਾਬ ਕਿੱਥੇ ਹੈ? ਇਹ ਤਾਂ ਸਰਕਾਰਾਂ ਚਲਾਉਣ ਵਾਲਿਆਂ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ਈ ਹੋ ਚੁੱਕਾ ਹੈ। ਇੰਨੇ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਸਰਕਾਰੀ ਪੈਸੇ ਦੀ ਵਰਤੋਂ ਨਿੰਦਣਯੋਗ ਹੈ। ਕਿੰਨਾ ਚੰਗਾ ਹੁੰਦਾ ਕਿ ਜਿੰਨੀ ਰਕਮ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੀ ਜਾ ਰਹੀ ਹੈ, ਲੋਕ ਭਲਾਈ ਸਕੀਮਾਂ ਵਿਚ ਖ਼ਰਚੀ ਜਾਂਦੀ।

ਪਵਨ ਕੁਮਾਰ, ਸੋਗਲਪੁਰ (ਪਟਿਆਲਾ)

ਸਰਕਾਰੀ ਦਖ਼ਲ

ਹਮੀਰ ਸਿੰਘ ਦੀ ਰਚਨਾ ‘ਮੌਜੂਦਾ ਸੰਕਟ: ਵੱਧ ਸਰਕਾਰੀ ਦਖ਼ਲ ਦੀ ਲੋੜ’ (6 ਮਈ) ’ਚ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ। ਭਾਜਪਾ ਸਰਕਾਰ ਨੇ ਕਾਰਪੋਰੇਟ ਜਗਤ ਅੱਗੇ ਗੋਡੇ ਟੇਕਦਿਆਂ ਅਵਾਮ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ।

ਯੋਗਰਾਜ ਭਾਗੀ ਵਾਂਦਰ (ਬਠਿੰਡਾ)

ਲਾਹੌਰ ਫੇਰੀ ਅਤੇ ਮਹਾਰਾਜਾ ਰਣਜੀਤ ਸਿੰਘ

31 ਮਈ ਨੂੰ ਲਾਹੌਰ ਦੀ ਯਾਤਰਾ ਬਾਰੇ ਡਾ. ਮਨਜੀਤ ਸਿੰਘ ਬਲ ਦਾ ਮਿਡਲ ‘ਲਾਹੌਰ ਵਾਲਾ ਪਰਸ’ ਪੜ੍ਹਿਆ, ਚੰਗਾ ਲੱਗਾ। ਮੈਂ 1993 ਦੀ ਵਿਸਾਖੀ ਨੂੰ ਪਹਿਲੀ ਵਾਰ ਪਾਕਿਸਤਾਨ ਗਿਆ ਸਾਂ। ਬੀਵੀ ਬੱਚਿਆਂ ਸਣੇ ਸਾਰਾ ਦਿਨ ਲਾਹੌਰ ਦੇਖਦੇ ਦੇਖਦੇ ਥੱਕ ਗਏ ਅਤੇ ਵਾਪਸੀ ਵਕਤ ਆਉਂਦੇ ਟਾਂਗੇ ਨੂੰ ਰੁਕਣ ਦਾ ਇਸ਼ਾਰਾ ਕੀਤਾ, ਲਗ਼ਾਮ ਖਿੱਚਦਿਆਂ ਟਾਂਗੇ ਵਾਲੇ ਨੇ ਪੁੱਛਿਆ- ਕਿੱਥੇ ਲਿਚੱਲਾਂ ਸਰਦਾਰੋ? ਮੈਂ ਕਿਹਾ- ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ। ਕਹਿੰਦਾ- ਉਹ ਕਿਹਦਾ ਮੁੰਡਾ ਏ ਜੀ? ... ਮੈਂ ਚੁੱਪ ਕਰ ਗਿਆ। ਉਹ ਹੱਸਿਆ- ਇੱਥੇ ਕੋਈ ਨੀ ਜਾਣਦਾ ਜੀ ਰਣਜੀਤ ਸਿਉਂ ਨੂੰ। ਇਧਾ ਨਾਂ ਯਾਦਗਾਰ ਏ ਹੁਣ। ਹਿੰਦੂ ਆਂਹਦੇ ਸਣ ਇਹ ਕਿਲ੍ਹਾ ਸਾਡੇ ਸ਼ਾਹਜ਼ਾਦੇ ਲਵ ਨੇ ਬਣਾਇਆ ਸੀ। ਮੁਗ਼ਲ ਆਏ, ਆਂਹਦੇ ਸਾਡਾ ਇਆ ਕਿਲ੍ਹਾ। ਸਿੱਖ ਕਹਿੰਦੇ, ਸਾਡਾ ਵੇ। ਅੰਗਰੇਜ਼ ਕਹਿੰਦੇ ਸਾਡਾ ਇਆ। ਅਸਾਂ ਗੱਲ ਮੁਕਾ ਦਿੱਤੀ- ਇਹ ਸਭਦਾ ਏ, ਸਭ ਦੀ ਯਾਦਗਾਰ ਜਾਂ ਆਖੋ ਕਿਸੇ ਦਾ ਵੀ ਨਹੀਂ। ਅੱਜਕੱਲ੍ਹ ਰਣਜੀਤ ਸਿੰਘ ਨੂੰ ਲਾਹੌਰ ਵਿਚ ਕੋਈ ਨੀ ਜਾਣਦਾ ਜੀ।

ਡਾ. ਹਰਪਾਲ ਸਿੰਘ ਪੰਨੂ, ਪਟਿਆਲਾ