ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ

Jul 30, 2021

ਬੇਰੁਜ਼ਗਾਰੀ ਦੀ ਸਮੱਸਿਆ

29 ਜੁਲਾਈ ਦੀ ਸੰਪਾਦਕੀ ‘ਬੇਰੁਜ਼ਗਾਰੀ ਦਾ ਵਧਦਾ ਸੰਕਟ’ ਵਿਚ ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿਉਂਕਿ ਇਸ ਦੇ ਬੁਰੇ ਨਤੀਜੇ ਭੁੱਖਮਰੀ, ਚੋਰੀ, ਡਾਕਾ ਅਤੇ ਸਮਗਲਿੰਗ ਵਗੈਰਾ ਹਨ। ਇਸ ਸੰਕਟ ਦਾ ਮੁੱਖ ਕਾਰਨ ਵਧਦੀ ਜਨਸੰਖਿਆ, ਕੰਪਿਊਟਰਿਜ਼ਮ (ਜੋ ਕਈ ਆਦਮੀਆਂ ਦਾ ਕੰਮ ਆਪ ਬਹੁਤ ਤੇਜ਼ੀ ਨਾਲ ਕਰਦਾ ਹੈ) ਤੋਂ ਇਲਾਵਾ ਸਰਕਾਰਾਂ ਦੀਆਂ ਲਾਪ੍ਰਵਾਹੀਆਂ ਹਨ। ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਭਾਰੀ ਤਨਖ਼ਾਹਾਂ, ਪੈਨਸ਼ਨਾਂ ਅਤੇ ਹੋਰ ਸਹੂਲਤਾਂ ਦੇਣੀਆਂ, ਪਰ ਬੇਰੁਜ਼ਗਾਰਾਂ ਨੂੰ ਕੁਝ ਨਾ ਦੇਣਾ, ਉੱਤੋਂ ਪੋਸਟਾਂ ਲਈ ਅਪਲਾਈ ਕਰਨ ਲਈ ਸੈਂਕੜੇ ਰੁਪਏ ਫ਼ੀਸ ਵਸੂਲਣਾ ਦੇਸ਼ ਦੇ ਢਾਂਚੇ ਲਈ ਮਾੜੀ ਗੱਲ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਦੇਸ਼ਧ੍ਰੋਹ ਦਾ ਕਾਨੂੰਨ

ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਬਾਰੇ ਕਾਨੂੰਨ ਦੀ ਦਫ਼ਾ 124ਏ ਨੂੰ ‘ਅੰਗਰੇਜ਼ਾਂ ਦੇ ਬਸਤੀਵਾਦੀ ਕਾਨੂੰਨ’ ਕਹਿੰਦਿਆਂ ਕੇਂਦਰ ਸਰਕਾਰ ਨੂੰ ਬਿਲਕੁਲ ਸਹੀ ਅਤੇ ਸਪੱਸ਼ਟ ਸਵਾਲ ਕੀਤਾ ਹੈ ਕਿ ਕੀ ਮੌਜੂਦਾ ਆਜ਼ਾਦ ਮੁਲਕ ਵਿਚ ਅਜਿਹੇ ਕਾਨੂੰਨਾਂ ਦੀ ਜ਼ਰੂਰਤ ਹੈ ਅਤੇ ਇਸ ਨੂੰ ਹੁਣ ਤਕ ਰੱਦ ਕਿਉਂ ਨਹੀਂ ਕੀਤਾ ਗਿਆ? ਕੇਂਦਰ ਸਰਕਾਰ ਵੱਲੋਂ ਆਪਣੇ ਫ਼ਿਰਕੂ ਏਜੰਡੇ ਹੇਠ ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਦੇਸ਼ਧ੍ਰੋਹ ਦੇ ਝੂਠੇ ਕੇਸਾਂ ਹੇਠ ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ਤੱਕ ਨਹੀਂ ਮਿਲਣ ਦਿੱਤੀ ਜਾ ਰਹੀ। ਇਸੇ ਵਜ੍ਹਾ ਨਾਲ ਨਾਮਵਰ ਬੁੱਧੀਜੀਵੀ ਸਟੈਨ ਸਵਾਮੀ ਦੀ ਅਦਾਲਤੀ ਹਿਰਾਸਤ ਵਿਚ ਮੌਤ ਹੋਈ। ਹਰਿਆਣਾ ਸਰਕਾਰ ਵੱਲੋਂ ਪਿਛਲੇ ਦਿਨੀਂ 100 ਕਿਸਾਨਾਂ ਉੱਤੇ ਦੇਸ਼ਧ੍ਰੋਹ ਦੇ ਝੂਠੇ ਕੇਸ ਦਰਜ ਕੀਤੇ ਗਏ।

ਦਮਨਜੀਤ ਕੌਰ, ਅੰਮ੍ਰਿਤਸਰ

ਜਾਸੂਸੀ ਕਾਂਡ ਦੀ ਜਾਂਚ

27 ਜੁਲਾਈ ਦਾ ਸੰਪਾਦਕੀ ‘ਪੜਤਾਲ ਦੀ ਜ਼ਰੂਰਤ’ ਪੜ੍ਹੀ। ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਇਕ ਹਫ਼ਤੇ ਤੋਂ ਸੰਸਦ ਵਿਚ ਪੈਗਾਸਸ ਸਪਾਈਵੇਅਰ ਰਾਹੀਂ ਕੀਤੀ ਜਾਸੂਸੀ ਦੀ ਪੜਤਾਲ ਦੀ ਮੰਗ ਕਰ ਰਹੀ ਹੈ ਪਰ ਕੇਂਦਰ ਸਰਕਾਰ ਆਪਣੀ ਰਵਾਇਤੀ ਤਾਨਾਸ਼ਾਹੀ ਵਿਖਾ ਕੇ ਇਸ ਜਾਸੂਸੀ ਕਾਂਡ ਦੀ ਜਾਂਚ ਕਰਵਾਉਣ ਤੋਂ ਭੱਜ ਰਹੀ ਹੈ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਇਥੇ ਤੱਕ ਆਖ ਦਿੱਤਾ ਕਿ ਸਰਕਾਰ ਦੀ ਮਰਜ਼ੀ ਹੈ ਕਿ ਉਹ ਕੋਈ ਖ਼ੁਫ਼ੀਆ ਜਾਣਕਾਰੀ ਹਾਸਿਲ ਕਰਨ ਲਈ ਕਿਸੇ ਵੀ ਸਾਫ਼ਟਵੇਅਰ ਜਾਂ ਸੰਸਥਾ ਦੀਆਂ ਸੇਵਾਵਾਂ ਲੈ ਸਕਦੀ ਹੈ। ਕਿਹਾ ਜਾ ਸਕਦਾ ਹੈ ਕਿ 2017 ਤੋਂ 2019 ਤਕ ਮੋਦੀ ਸਰਕਾਰ ਵੱਲੋਂ ਆਪਣੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਲਈ ਕੌਮਾਂਤਰੀ ਏਜੰਸੀ ਰਾਹੀਂ ਆਪਣੇ ਸਿਆਸੀ ਵਿਰੋਧੀਆਂ, ਇਨਸਾਫ਼ਪਸੰਦ ਪੱਤਰਕਾਰਾਂ, ਸੰਪਾਦਕਾਂ, ਸਮਾਜਿਕ ਕਾਰਕੁਨਾਂ, ਸਿਆਸੀ ਆਗੂਆਂ, ਚੋਣ ਕਮਿਸ਼ਨਰਾਂ, ਜੱਜਾਂ, ਵਕੀਲਾਂ, ਸਿਵਲ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ, ਮੰਤਰੀਆਂ, ਕਸ਼ਮੀਰੀ ਨੇਤਾਵਾਂ ਆਦਿ ਦੀ ਜਾਸੂਸੀ ਕਰਵਾਉਣ ਦੀ ਨੀਤੀ ਅਖ਼ਤਿਆਰ ਕੀਤੀ, ਜੋ ਨਿੰਦਣਯੋਗ ਹੈ।

ਸੁਮੀਤ ਸਿੰਘ, ਅੰਮ੍ਰਿਤਸਰ

ਕਾਲੇ ਰਾਹਾਂ ਦੇ ਮੇਵੇ

27 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਬਹਾਦਰ ਸਿੰਘ ਗੋਸਲ ਦਾ ਮਿਡਲ ‘ਉਨ੍ਹਾਂ ‘ਕਾਲੇ ਕਾਲੇ’ ਰਾਹਾਂ ਦੇ ਉਹ ਮਿੱਠੇ ਮੇਵੇ’ ਅਜਿਹਾ ਲੇਖ ਹੈ ਜਿਹੜਾ ਅੱਜ ਤੋਂ ਕੋਈ ਚਾਲੀ ਪੰਜਾਹ ਸਾਲ ਪਹਿਲਾਂ ਚੰਡੀਗੜ੍ਹ ਜਾਂਦਿਆਂ ਖਰੜ-ਕਾਲਕਾ ਸੜਕ ਦੇ ਦੋਹੀਂ ਪਾਸੇ ਲੱਗੇ ਜਾਮਣ ਦੇ ਦਰਖ਼ਤਾਂ ਦੀ ਯਾਦ ਕਰਾਉਂਦਾ ਹੈ। ਉਹ ਲੋਕ ਜਿਹੜੇ ਉਨ੍ਹਾਂ ਦਿਨਾਂ ਵਿਚ ਕਦੇ ਖਰੜ ਦੇ ਰਸਤੇ ਚੰਡੀਗੜ੍ਹ ਗਏ ਹੋਣਗੇ, ਇਹ ਲੇਖ ਪੜ੍ਹ ਕੇ ਉਨ੍ਹਾਂ ਦੇ ਮੂੰਹਾਂ ਵਿਚ ਕਾਲੇ ਕਾਲੇ ਰਸੀਲੇ ਜਾਮਣਾਂ ਦੇ ਸਵਾਦ ਨਾਲ ਜ਼ਰੂਰ ਪਾਣੀ ਭਰ ਗਿਆ ਹੋਵੇਗਾ। ਜਿਹੜੇ ਲੋਕ ਦੋਆਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੇ ਮਨਾਂ ਵਿਚ ਵੀ ਆਪਣੇ ਜ਼ਿਲ੍ਹੇ ਦੇ ਖੱਟੇ-ਮਿੱਠੇ ਅੰਬਾਂ ਦੀ ਯਾਦ ਆ ਗਈ ਹੋਵੇਗੀ।

ਪ੍ਰਿੰਸੀਪਲ ਫ਼ਕੀਰ ਸਿੰਘ ਦਸੂਹਾ

ਮਹਿੰਗਾਈ ਦੀ ਮਾਰ

26 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਇੰਦਰਜੀਤ ਭਲਿਆਣ ਦਾ ਮਿਡਲ ‘ਸਰਕਸ ਵਾਲੀ ਪੰਜੀ’ ਪੜ੍ਹਦਿਆਂ-ਪੜ੍ਹਦਿਆਂ ਪਿਓ-ਦਾਦੇ ਦੇ ਬੀਤੇ ਭਲੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਕੱਚੇ ਘਰ, ਸਾਦ ਮੁਰਾਦੇ ਪੱਕੇ ਇਰਾਦਿਆਂ ਵਾਲੇ ਸਾਊ ਅਤੇ ਬੀਬੇ ਬੰਦੇ ਹੁੰਦੇ ਸਨ। ਜ਼ਮਾਨਾ ਸਸਤਾ ਅਤੇ ਸਬਰ ਸੰਤੋਖ ਵਾਲਾ ਸੀ, ਉਦੋਂ ਇਕ ਰੁਪਿਆ ਵੀ 100 ਵਰਗਾ ਹੁੰਦਾ ਸੀ, ਪੰਜੀ-ਦਸੀ ਦੀ ਵੀ ਬੜੀ ਵੁੱਕਤ ਸੀ, ਪਰ ਹੁਣ ਤਾਂ ਮਹਿੰਗਾਈ ਨੇ ਹਰ ਵਰਗ ਦੇ ਵੱਟ ਕੱਢੇ ਪਏ ਨੇ, ਅਖ਼ੀਰ ਵਿਚ ਲੇਖਕ ਨੇ ਦਰੁਸਤ ਲਿਖਿਆ ਕਿ ਹੁਣ ਸਸਤਾ ਰਹਿ ਹੀ ਕੀ ਗਿਆ, ਸਰ੍ਹੋਂ ਦਾ ਤੇਲ, ਪੈਟਰੋਲ, ਦਾਲਾਂ, ਚੀਨੀ ਹਰ ਚੀਜ਼ ਨੂੰ ਅੱਗ ਲੱਗੀ ਪਈ ਹੈ।

ਅਮਰਜੀਤ ਮੱਟੂ ਭਰੂਰ, ਸੰਗਰੂਰ

ਕਿਸਾਨ ਅੰਦੋਲਨ

26 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪੀ ਸੰਪਾਦਕੀ ‘ਕਿਸਾਨ ਅੰਦੋਲਨ’ ਤਾਜ਼ਾ ਹਾਲਾਤ ਨੂੰ ਬਿਆਨ ਕਰਦੀ ਹੈ। ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ 8 ਮਹੀਨੇ ਹੋ ਚੁੱਕੇ ਹਨ। ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਇਸ ਵਿਚ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ। ਹੌਲੀ ਹੌਲੀ ਚਾਹੇ ਉਹ ਸ਼ਹਿਰੀ ਤਬਕਾ ਹੋਵੇ ਜਾਂ ਲੇਖਕ, ਬੁੱਧੀਜੀਵੀ, ਕਲਾਕਾਰ ਕਿਸੇ ਵੀ ਤਬਕੇ ਨਾਲ ਸਬੰਧ ਰੱਖਦਾ ਹੋਵੇ, ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਅੱਜ ਇਹ ਅੰਦੋਲਨ ਜਨ-ਅੰਦੋਲਨ ਬਣ ਗਿਆ ਹੈ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਜ਼ਰੂਰੀ ਹੈ ਕਿ ਹੁਣ ਕੇਂਦਰ ਸਰਕਾਰ ਵੀ ਇਸ ਮਾਮਲੇ ਵਿਚ ਅੜੀ ਛੱਡ ਦੇਵੇ।

ਸੰਜੀਵ ਸਿੰਘ ਸੈਣੀ, ਮੁਹਾਲੀ

ਖ਼ਤਰਨਾਕ ਬਣਦਾ ਜਾ ਰਿਹਾ ਜਲ ਸੰਕਟ

27 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਮੁੱਖ ਲੇਖ ‘ਖ਼ਤਰਨਾਕ ਬਣਦਾ ਜਾ ਰਿਹਾ ਜਲ ਸੰਕਟ’ ਵਿਚ ਪਾਣੀ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਪਾਣੀ ਦੀ ਸਾਂਭ ਸੰਭਾਲ ਤੇ ਖ਼ਪਤ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਜਿਸ ਤਰ੍ਹਾਂ ਪਾਣੀ ਬਰਬਾਦ ਕਰ ਰਹੇ ਹਾਂ, ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਇਸ ਕੁਦਰਤੀ ਨਿਆਮਤ ਤੋਂ ਵਾਂਝੇ ਹੋ ਜਾਵਾਂਗੇ। ਕਰੋਨਾ ਮਹਾਮਾਰੀ ਤੋਂ ਪਹਿਲਾਂ ਕੈਨੇਡਾ ਜਾਣ ਦਾ ਸਬੱਬ ਬਣਿਆ, ਉੱਥੇ ਦੋ ਚੀਜ਼ਾਂ ਨੇ ਬਹੁਤ ਪ੍ਰਭਾਵਿਤ ਕੀਤਾ। ਇਕ ਸਵੱਛ ਵਾਤਾਵਰਨ ਤੇ ਦੂਜਾ ਪਾਣੀ ਦੀ ਸੰਭਾਲ, ਉੱਥੇ ਰਹਿਣ ਵਾਲਿਆਂ ਨੇ ਦੱਸਿਆ ਕਿ ਦੁਨੀਆਂ ਦੇ ਸਾਰੇ ਪਾਣੀ ਦਾ ਅੱਧ ਇਕੱਲੇ ਕੈਨੇਡਾ ਕੋਲ ਹੈ, ਪਰ ਫਿਰ ਵੀ ਉਹ ਧਰਤੀ ’ਚੋਂ ਪਾਣੀ ਨਹੀਂ ਕੱਢਣ ਦਿੰਦੇ। ਜ਼ਿਆਦਾਤਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਝੀਲਾਂ ਜਾਂ ਨਦੀਆਂ ਦਾ ਹੀ ਵਰਤਦੇ ਹਨ। ਪਾਣੀ ਦੀ ਸਪਲਾਈ ਸਰਕਾਰ ਕਰਦੀ ਹੈ, ਆਮ ਲੋਕਾਂ ਨੂੰ ਪਾਣੀ ਕੱਢਣ ਲਈ ਬੋਰ ਜਾਂ ਟਿਊਬਵੈੱਲ ਲਾਉਣ ਲਈ ਬਕਾਇਦਾ ਮਨਜ਼ੂਰੀ ਲੈਣੀ ਪੈਂਦੀ ਹੈ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)

ਪਾਠਕਾਂ ਦੇ ਖ਼ਤ

Jul 26, 2021

ਸਰਕਾਰ ਨੂੰ ਹਲੂਣਾ

24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੇ ਲੇਖ ‘ਉਹ ਸਾਹ ਲੈਣਾ ਭੁੱਲ ਗਏ…’ ਨੇ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਹੈ। ਚਾਪਲੂਸੀ ਵਿਚ ਗ਼ਲਤਾਨ ਹਾਕਮ ਆਲੋਚਨਾ ਤੋਂ ਘਬਰਾਉਂਦੇ ਹਨ। ਜਾਪਦਾ ਹੈ ਕਿ ਸਰਕਾਰ ਨੇ ਝੂਠ ਨੂੰ ਆਪਣੀ ਕਾਮਯਾਬੀ ਦਾ ਹਥਿਆਰ ਬਣਾ ਲਿਆ ਹੈ। ਪਾਰਲੀਮੈਂਟ ਵਿਚ ਝੂਠੇ ਤੇ ਗ਼ਲਤ ਅੰਕੜ ਪੇਸ਼ ਕੀਤੇ ਜਾਂਦੇ ਹਨ।

ਸੁਖਦੇਵ ਧੂਰੀ, ਈਮੇਲ


ਆਰਥਿਕ ਸੁਧਾਰਾਂ ਦੀ ਮਾਰ

24 ਜੁਲਾਈ ਨੂੰ ਡਾ. ਕੇਸਰ ਸਿੰਘ ਭੰਗੂ ਦਾ ਲੇਖ ਪੜ੍ਹਿਆ। ਲੇਖਕ ਨੇ ‘ਮੁਲਕ ਅੰਦਰ ਆਰਥਿਕ ਸੁਧਾਰਾਂ ਦੇ ਤੀਹ ਸਾਲ’ ਲੇਖ ਵਿਚ ਸਹਿਜ ਨਾਲ ਸਮਝ ਆ ਜਾਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਹਾਲਾਂਕਿ ਇਹ ਵਿਸ਼ਾ ਬੜਾ ਜਟਿਲ ਅਤੇ ਖੁਸ਼ਕ ਹੈ। ਅੱਜ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਮਾਜ ’ਤੇ ਡਾਢਾ ਅਸਰ ਪਾ ਰਹੀਆਂ ਹਨ, ਇਨ੍ਹਾਂ ਆਰਥਿਕ ਸੁਧਾਰਾਂ ਦੀ ਹੀ ਦੇਣ ਹਨ। ਇਸੇ ਸਹਿਮ ਵਿਚੋਂ ਉਪਜਿਆ ਕਿਸਾਨੀ ਸੰਘਰਸ਼ ਇਨ੍ਹਾਂ ਸੁਧਾਰਾਂ ’ਤੇ ਪੁਨਰ ਵਿਚਾਰ ਕਰਨ ਦੀ ਮੰਗ ਦੁਹਰਾ ਰਿਹਾ ਹੈ।

ਇੰਦਰਜੀਤ ਸਿੰਘ ਬਾਲਾ, ਬਹਿਰਾਮਪੁਰ ਜ਼ਿਮੀਦਾਰਾਂ (ਰੂਪਨਗਰ)


ਮਤਲਬਪ੍ਰਸਤੀ

22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਲੇਖ ‘ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ’ ਪੜ੍ਹਿਆ। ਇਹ ਦੋਵੇਂ ਪਾਰਟੀਆਂ ਸਿਆਸਤ ਅਤੇ ਧਰਮ ਨੂੰ ਰਲਗੱਡ ਕਰਕੇ ਦੇਖਦੀਆਂ ਹਨ। ਇਨ੍ਹਾਂ ਦਾ ਗੱਠਜੋੜ ਸੱਤਾ ਪ੍ਰਾਪਤੀ ਤੋਂ ਵੱਧ ਕੁਝ ਵੀ ਨਹੀਂ। ਬਾਦਲ ਪਰਿਵਾਰ ਨੇ ਇਸ ਸਿਆਸੀ ਸਾਂਝ ਦਾ ਵੱਧ ਲਾਭ ਖ਼ੁਦ ਹੀ ਲਿਆ ਹੈ ਅਤੇ ਭਾਜਪਾ ਦੇ ਗ਼ਲਤ ਫ਼ੈਸਲੇ ਵੀ ਅੱਖਾਂ ਬੰਦ ਕਰ ਕੇ ਮੰਨੇ। ਇਹ ਸਿਆਸੀ ਮਤਲਬਪ੍ਰਸਤੀ ਹੈ।

ਕਾਮਰੇਡ ਗੁਰਨਾਮ ਸਿੰਘ, ਰੂਪਨਗਰ


ਕਿਰਤੀ ਹਾਲੋਂ-ਬੇਹਾਲ

20 ਜੁਲਾਈ ਨੂੰ ਡਾ. ਸ ਸ ਛੀਨਾ ਦਾ ਲੇਖ ‘ਚੌਕਾਂ ਵਿਚ ਕਿਰਤੀਆਂ ਦੀਆਂ ਮੰਡੀਆਂ ਕਦੋਂ ਤਕ?’ ਪੜ੍ਹਿਆ। ਬੇਰੁਜ਼ਗਾਰੀ ਨਾਲ ਕਿਰਤੀਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸੱਚਮੁੱਚ ਹੀ ਪਸ਼ੂਆਂ ਦੀ ਮੰਡੀ ਤੋਂ ਵੀ ਭੈੜੀ ਹਾਲਤ ਹੈ। ਬਿਨਾ ਕੰਮ ਮਿਲੇ ਜਦੋਂ ਕੋਈ ਮਜ਼ਦੂਰ ਖਾਲੀ ਹੱਥ ਘਰ ਜਾਂਦਾ ਹੋਵੇਗਾ ਤਾਂ ਉਸ ਅਤੇ ਉਸ ਦੇ ਪਰਿਵਾਰ ’ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਹੀ ਜਾਣਦੇ ਹਨ। ਸਰਕਾਰ ਨੂੰ ਇਸ ਹਾਲਤ ਵਿਚ ਵਿਚਰਨ ਵਾਲੇ ਕਾਮਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਹਰਜਿੰਦਰ ਛਿੰਦਾ, ਪਿੰਡ ਨਥਾਣਾ (ਬਠਿੰਡਾ)


ਜ਼ਬਾਨਬੰਦੀ ਦੀ ਕੋਸ਼ਿਸ਼

20 ਜੁਲਾਈ ਨੂੰ ਸੰਪਾਦਕੀ ‘ਵਰਜਿਤ ਕਹਾਣੀਆਂ’ ਪੜ੍ਹਿਆ। ਇਸ ਵਿਚ ਵੱਖ ਵੱਖ ਪੱਤਰਕਾਰਾਂ ਦੇ ਕੰਮ-ਕਾਰ ਬਦਲੇ ਉਨ੍ਹਾਂ ਦੇ ਕਤਲ ਅਤੇ ਹੁਣ ਭਾਰਤ ਵਿਚ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਵੱਖ ਵੱਖ ਕਾਰਕੁਨਾਂ, ਪੱਤਰਕਾਰਾਂ, ਜੱਜਾਂ ਅਤੇ ਅਹਿਮ ਸਿਆਸੀ ਲੋਕਾਂ ਦੀ ਜਾਸੂਸੀ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤ ਵਰਗੇ ਲੋਕਤੰਤਰੀ ਮੁਲਕ ਵਿਚ ਅਜਿਹੇ ਕੋਝੇ ਹਥਕੰਡੇ ਵਰਤ ਕੇ ਲੋਕਾਂ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਬੇਹੱਦ ਸ਼ਰਮਨਾਕ ਹੈ।

ਮਾਸਟਰ ਭਗਵਾਨ ਸਿੰਘ, ਜਲਾਲਾਬਾਦ (ਫ਼ਾਜ਼ਿਲਕਾ)


ਦਾਨਿਸ਼ ਸਿਦੀਕੀ ਦੀ ਕਹਾਣੀ

19 ਜੁਲਾਈ ਦੇ ਮਿਡਲ ‘ਸੰਘਰਸ਼ ਤੇ ਬੇਵਸੀ ਦੀ ਅੱਕਾਸੀ ਵਾਲਾ ਫ਼ੋਟੋਗ੍ਰਾਫ਼ਰ’ (ਲੇਖਕ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ) ਨੇ ਝੰਜੋੜ ਦਿੱਤਾ। 32 ਵਰ੍ਹਿਆਂ ਦਾ ਦਾਨਿਸ਼ ਸਿਦੀਕੀ ਸਚਮੁੱਚ ਕਮਾਲ ਦਾ ਫ਼ੋਟੋ ਪੱਤਰਕਾਰ ਸੀ। ਉਸ ਨੇ ਵੱਖ ਵੱਖ ਫਰੰਟਾਂ ’ਤੇ ਜਾਨ ਜੋਖਿ਼ਮ ਵਿਚ ਪਾ ਕੇ ਮਿਸਾਲੀ ਤਸਵੀਰਾਂ ਖਿੱਚੀਆਂ। ਇਸ ਕਾਬਲੀਅਤ ਕਰ ਕੇ ਉਸ ਨੂੰ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲੇ। ਉਸ ਦਾ ਇਸ ਤਰ੍ਹਾਂ ਚਲੇ ਜਾਣਾ ਪੱਤਰਕਾਰੀ ਦੇ ਖੇਤਰ ਦਾ ਵੱਡਾ ਘਾਟਾ ਹੈ।

ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਕਿਸਾਨ ਅੰਦੋਲਨ ਦਾ ਲੇਖਾਜੋਖਾ

17 ਜੁਲਾਈ ਨੂੰ ਬਲਵੀਰ ਸਿੰਘ ਰਾਜੇਵਾਲ ਦਾ ਲੇਖ ‘ਕਿਸਾਨ ਅੰਦੋਲਨ: ਲੇਖਾਜੋਖਾ ਤੇ ਭਵਿੱਖ’ ਪੜ੍ਹਿਆ। ਲੇਖਕ ਨੇ 26 ਨਵੰਬਰ 2020 ਤੋਂ ਲੈ ਕੇ ਅੱਜ ਤਕ ਦੇ ਕਿਸਾਨੀ ਅੰਦੋਲਨ ਬਾਰੇ ਅਹਿਮ ਟਿੱਪਣੀ ਕੀਤੀ ਹੈ।

ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)


ਕੁੱਜੇ ਵਿਚ ਸਮੁੰਦਰ

9 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੱਤਪਾਲ ਸਿੰਘ ਦਿਓਲ ਦੀ ਰਚਨਾ ‘ਹਿਜਰਤ’ ਕੁੱਜੇ ਵਿਚ ਸਮੁੰਦਰ ਹੈ। ਨਸ਼ਿਆਂ ਨਾਲ ਤਬਾਹ ਹੁੰਦੀਆਂ ਜ਼ਿੰਦਗੀਆਂ ਦੇਖ ਕੇ ਹਰ ਕੋਈ ਜਿਗਰ ਦੇ ਟੁਕੜਿਆਂ ਨੂੰ ਸੱਤ ਸਮੁੰਦਰੋਂ ਪਾਰ ਭੇਜਣ ਲਈ ਕਾਹਲਾ ਹੈ। ਇਹ ਪੰਜਾਬ ਦੀ ਤ੍ਰਾਸਦੀ ਹੈ।

ਜਗਜੀਤ ਸਿੰਘ, ਈਮੇਲ


(2)

ਸੱਤਪਾਲ ਦਿਓਲ ਨੇ ਆਪਣੇ ਮਿਡਲ ‘ਹਿਜਰਤ’ ਵਿਚ ਹਿਜਰਤ, ਭਾਵ ਖ਼ੁਦ ਹੀ ਦੇਸ਼ ਨਿਕਾਲ ਹੋਣਾ ਅਤਿ ਭ੍ਰਿਸ਼ਟਾਚਾਰ ਮਾਹੌਲ ’ਚ ਰਹਿਣ ਨਾਲੋਂ ਚੰਗਾ ਹੈ, ਬਾਰੇ ਚਰਚਾ ਕੀਤੀ ਹੈ। ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ’ ਅਤੇ ‘ਡੂੰਘਾ ਵਾਹ ਲੈ ਹਲ ਵੇ, ਤੇਰੀ ਘਰ ਹੀ ਨੌਕਰੀ’ ਮੁਤਾਬਿਕ ਹਿਜਰਤ ਭਾਵ ਉਜੜਨਾ ਚੰਗਾ ਨਹੀਂ ਸਮਝਿਆ ਜਾਂਦਾ ਲੇਕਿਨ ਹੁਣ ਮਿਆਂਮਾਰ ਵਾਂਗ ਭਾਰਤ, ਖ਼ਾਸਕਰ ਪੰਜਾਬ ਦੇ ਹਾਲਾਤ ਮਾੜੇ ਹਨ। ਪੁਲੀਸ ਸ਼ਰੇਆਮ ਵਰਤੀ ਜਾਂਦੀ ਚੀਨ ਦੀ 250 ਗ੍ਰਾਮ ਦੀ ਪਲਾਸਟਿਕ ਡੋਰ ਨੂੰ ਰੋਕ ਨਹੀਂ ਸਕੀ ਤਾਂ ਦਸ ਗ੍ਰਾਮ ਚਿੱਟਾ ਭਾਵ ਹੈਰੋਇਨ ਜਾਂ ਗਾਂਜਾ ਕਿਵੇਂ ਰੋਕ ਲਵੇਗੀ?

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਜਲ ਸੰਕਟ ਅਤੇ ਬਾਘ

17 ਜੁਲਾਈ ਦੇ ਇੰਟਰਨੈੱਟ ਪੰਨੇ ‘ਤਬਸਰਾ’ ਵਿਚ ਰਿਪਨਜੋਤ ਕੌਰ ਸੋਨੀ ਬੱਗਾ ਦਾ ਲੇਖ ‘ਹਿਮਾਲਿਆ ਦੇ ਪਿਘਲਦੇ ਗਲੇਸ਼ੀਅਰ ਜਲ ਸੰਕਟ’ ਜਲ ਸੰਕਟ ਬਾਰੇ ਜਾਣਕਾਰੀ ਦਿੰਦਾ ਹੈ। ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ, ਜਲ ਹੀ ਜੀਵਨ ਹੈ। ਇਸੇ ਤਰ੍ਹਾਂ 17 ਜੁਲਾਈ ਨੂੰ ਸਤਰੰਗ ਪੰਨੇ ਉੱਤੇ ਰਿਪਨਜੋਤ ਕੌਰ ਸੋਨੀ ਬੱਗਾ ਦਾ ਬਾਘ ਬਾਰੇ ਲੇਖ ਵੀ ਜਾਣਕਾਰੀ ਭਰਪੂਰ ਸੀ। ਗਿਆਨ ਵਿਚ ਵਾਧਾ ਕਰਨ ਵਾਲੇ ਅਜਿਹੇ ਲੇਖ ਛਪਦੇ ਰਹਿਣੇ ਚਾਹੀਦੇ ਹਨ।

ਅਜਿੰਦਰਪਾਲ ਸਿੰਘ, ਮੁੰਬਈ

ਡਾਕ ਐਤਵਾਰ ਦੀ Other

Jul 25, 2021

ਏਕਾ ਸਭ ਤੋਂ ਅਹਿਮ

18 ਜੁਲਾਈ ਦੇ ਅੰਕ ਵਿਚਲੇ ਲੇਖ ‘ਸਹਸਾ ਜੀਅਰਾ ਪਰਿ ਰਹਿਓ...’ ਵਿੱਚ ਸਵਰਾਜਬੀਰ ਨੇ ਕਿਸਾਨ ਅੰਦੋਲਨ ਦੀ ਬਹੁਤ ਸਹੀ ਤਸਵੀਰ ਪੇਸ਼ ਕੀਤੀ ਹੈ, ਸਹੀ ਸਿੱਟਾ ਵੀ ਕੱਢਿਆ ਹੈ, ਏਕਾ ਬਰਕਰਾਰ ਰੱਖਣ ਦੀ ਮਹੱਤਤਾ ਦੱਸੀ ਹੈ। ਇਹ ਵੀ ਠੀਕ ਹੈ ਕਿ ਕਿਸਾਨ ਅੰਦੋਲਨ ਵੱਲੋਂ ਪੰਜਾਬ ਦੇ ਭਵਿੱਖ ਦੀ ਇਬਾਰਤ ਲਿਖਣਾ ਤਾਂ ਅਜੇ ਸਮੇਂ ਦੇ ਗਰਭ ਵਿੱਚ ਹੈ, ਪਰ ਅੱਜ ਦੇ ਪੜਾਅ ’ਤੇ ਕਿਸਾਨ ਜਥੇਬੰਦੀਆਂ ਦਾ ਏਕਾ ਬਹੁਤ ਹੀ ਅਹਿਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ‘ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨਾ ਢੰਗੁ’ ਕਿਸਾਨ ਜਥੇਬੰਦੀਆਂ ਸਾਹਮਣੇ ਇੱਕ ਚਾਨਣ ਮੁਨਾਰਾ ਹੈ, ਯਾਨੀ ਸਿੱਧੇ ਰਸਤੇ ’ਤੇ ਤੁਰੇ ਜਾਣ ਤੋਂ ਬਿਨਾ ਮੇਰੇ ਲਈ ਹੋਰ ਕੋਈ ਢੰਗ ਤਰੀਕਾ ਨਹੀਂ ਹੈ। ਏਕਾ ਬਰਕਰਾਰ ਰੱਖਦਿਆਂ ਅੰਦੋਲਨ ਦੇ ਰਸਤੇ ਉਪਰ ਸਾਬਤ ਕਦਮੀ ਨਾਲ ਅੱਗੇ ਵਧਣਾ ਜ਼ਰੂਰੀ ਹੈ। ਹਾਲ ਦੀ ਘੜੀ ਕਿਸੇ ਹੋਰ ਪਾਸੇ ਨਜ਼ਰਾਂ ਲਗਾ ਕੇ ਪਿੰਡਾਂ ਵਿੱਚ ਇੱਕ ਸਿਆਸੀ ਧਿਰ ਬਣ ਕੇ ਸ਼ਾਇਦ ਅਸੀਂ ਹੁਣ ਤੱਕ ਦੇ ਸਿਰਜੇ ਏਕੇ ਨੂੰ ਵੀ ਢਾਹ ਲਾ ਰਹੇ ਹੋਵਾਂਗੇ। ਇਸ ਕੱਚੇ, ਵਕਤੀ ਲਾਲਚ ਅਤੇ ਖਿੱਚ ਤੋਂ ਬਚਣ ਲਈ ਆਪਣੇ ਸਾਥੀਆਂ ਨੂੰ ਪਿੰਡ ਪਿੰਡ, ਗਲੀ ਗਲੀ, ਮੁਹੱਲੇ ਮੁਹੱਲੇ, ਪੱਤੀ ਪੱਤੀ, ਢਾਣੀ ਢਾਣੀ, ਬਹਿਕ ਬਹਿਕ ਸੁਚੇਤ ਕਰਨ ਦੇ ਯਤਨ ਕਰਨ ਦੀ ਲੋੜ ਹੈ।

ਪਿਆਰਾ ਲਾਲ ਗਰਗ, ਚੰਡੀਗੜ੍ਹ


ਓਲੰਪਿਕ ਦਾ ਇਤਿਹਾਸ

18 ਜੁਲਾਈ ਦੇ ‘ਦਸਤਕ’ ਅੰਕ ਵਿੱਚ ਪ੍ਰਿੰ. ਸਰਵਣ ਸਿੰਘ ਦਾ ਲੇਖ ‘ਦੁਨੀਆ ਦੀਆਂ ਨਜ਼ਰਾਂ ਟੋਕੀਓ ਓਲੰਪਿਕ ਵੱਲ’ ਛਪਿਆ। ਪਿਛਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਖੇਡਾਂ ਕਰੋਨਾ ਕਾਰਨ ਰੱਦ ਹੋ ਗਈਆਂ ਸਨ। ਇਹ ਇਸ ਸਾਲ 23 ਜੁਲਾਈ ਤੋਂ ਸ਼ੁਰੂ ਹੋ ਗਈਆਂ ਹਨ। ਲੇਖਕ ਨੇ ਓਲੰਪਿਕ ਖੇਡਾਂ ਦੇ ਹੁਣ ਤੱਕ ਦੇ ਇਤਿਹਾਸ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤੇ ਭਾਰਤ ਦੇ ਖਿਡਾਰੀਆਂ ਵੱਲੋਂ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ।

ਸਰਵਰ ਸਿੰਘ ਢਿੱਲੋਂ, ਬਰਗਾੜੀ (ਫ਼ਰੀਦਕੋਟ)


ਖ਼ੂਬਸੂਰਤ ਅੰਕ

11 ਜੁਲਾਈ ਦਾ ਅੰਕ ਬਹੁਤ ਖ਼ੂਬਸੂਰਤ ਸੀ। ਅਦਬੀ ਸੰਗਤ ਵਿੱਚ ਦੀਪ ਦੇਵਿੰਦਰ ਸਿੰਘ ਦਾ ਲੇਖ ‘ਜਦੋਂ ਅੱਖ ਚੁਭੀ ਸੀ ਅਮਨ ਦੀ’ ਦੇਸ਼ ਵੰਡ ਦੀ ਤ੍ਰਾਸਦੀ ਅਤੇ ਡਾ. ਨਰੇਸ਼ ਦਾ ਲੇਖ ‘ਸ਼ਬਦਾਂ ਦਾ ਸਫ਼ਰ’ ਪੰਜਾਬੀ ਜ਼ੁਬਾਨ ਦੇ ਹਾਜ਼ਮੇ ਬਾਰੇ ਦਰਸਾਉਂਦਾ ਹੈ। ‘ਦਸਤਕ’ ਵਿੱਚ ਸੰਪਾਦਕ ਸਵਰਾਜਬੀਰ ਨੇ ਦਿਲੀਪ ਕੁਮਾਰ ਬਾਰੇ ਸੋਹਣੇ ਤੇ ਸੱਚੇ ਸ਼ਬਦ ਲਿਖੇ ਹਨ। ਦੁਖਾਂਤ ਦਰ ਦੁਖਾਂਤ ਵਿੱਚ ਵੀ ਲੇਖਕ ਦਾ ਪਿਉ ਕੋਝੀ ਸਿਆਸਤ ਦੇ ਵਾਇਰਸ ਤੋਂ ਨਹੀਂ ਬਚ ਸਕਿਆ।

ਰਾਜਵਿੰਦਰ ਸਿੰਘ ਰਾਜਾ, ਫਤਿਹਗੜ੍ਹ ਕੋਰੋਟਾਣਾ (ਮੋਗਾ)

ਪਾਠਕਾਂ ਦੇ ਖ਼ਤ Other

Jul 19, 2021

ਘਰ ਦਾ ਖਿਆਲ

17 ਜੁਲਾਈ ਨੂੰ ਸਾਂਵਲ ਧਾਮੀ ਦੀ ਰਚਨਾ ਪੜ੍ਹੀ: ਮੇਰੇ ਘਰ ਦਾ ਖਿਆਲ ਰੱਖਿਓ…। ਉਨ੍ਹਾਂ ਦੀਆਂ ਪਹਿਲੀਆਂ ਰਚਨਾਵਾਂ ਵਾਂਗ ਇਸ ਤੋਂ ਵੀ ਬਹੁਤ ਕੁਝ ਨਵਾਂ ਜਾਨਣ ਨੂੰ ਮਿਲਿਆ। ਪਹਿਲਾਂ ਵਾਲੇ ਲੋਕ ਭਾਵੇਂ ਪੈਸੇ ਪੱਖੋਂ ਗ਼ਰੀਬ ਸਨ ਪਰ ਉਨ੍ਹਾਂ ਦਾ ਮਨ ਬਹੁਤ ਅਮੀਰ ਸੀ। ਦੂਜਿਆਂ ਨਾਲ ਮਿਲਵਰਤਣ, ਮੇਲ ਮਿਲਾਪ, ਦੁੱਖ ਸੁੱਖ ਵਿਚ ਇਕ ਦੂਜੇ ਦੀ ਮਦਦ ਕਰਨੀ ਆਉਂਦੀ ਸੀ। ਵਾਹਵਾ ਵਕਤ ਬੀਤ ਜਾਣ ’ਤੇ ਵੀ ਵਾਪਸ ਪਰਤਣਾ ਇਸ ਲਿਖਤ ਦੇ ਪਾਤਰ ਦਾ ਘਰ ਨਾਲ ਪਿਆਰ ਬਿਆਨ ਕਰਦਾ ਹੈ।

ਹਰਿੰਦਰ ਹੈਰੀ, ਈਮੇਲ


ਘਾਟੇ ਵਾਲਾ ਖਾਤਾ

17 ਜੁਲਾਈ ਨੂੰ ਡਾਕਟਰ ਅਰਵਿੰਦਰ ਸਿੰਘ ਨਾਗਪਾਲ ਦਾ ਲੇਖ ‘ਘਾਟੇ ਵਾਲਾ ਖਾਤਾ’ ਪੜ੍ਹਿਆ। ਜੇ ਅਸੀਂ ਜ਼ਮੀਰ ਨੂੰ ਸਾਫ਼ ਰੱਖੀਏ, ਵਰਤਮਾਨ ਵਿਚ ਜ਼ਿੰਦਗੀ ਗੁਜ਼ਾਰੀਏ, ਡੁੱਲ੍ਹੇ ਬੇਰਾਂ ’ਤੇ ਰੋਈਏ, ਭਵਿੱਖ ਦੀ ਚਿੰਤਾ ਵਿਚ ਰਾਤਾਂ ਦੀ ਨੀਂਦ ਖ਼ਰਾਬ ਨਾ ਕਰੀਏ ਅਤੇ ਘਾਟੇ ਵਾਲਾ ਖਾਤਾ ਲਗਾ ਕੇ ਰੱਖੀਏ ਤਾਂ ਜ਼ਿੰਦਗੀ ਆਸਾਨ ਬਣ ਸਕਦੀ ਹੈ।

ਮਨਜੀਤ ਕੌਰ, ਲੁਧਿਆਣਾ


ਜਮਹੂਰੀਅਤ ਨਾਲ ਧ੍ਰੋਹ

16 ਜੁਲਾਈ ਨੂੰ ਸੰਪਾਦਕੀ ‘ਜਮਹੂਰੀਅਤ ਨਾਲ ਧ੍ਰੋਹ’ ਪੜ੍ਹਿਆ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੋਂ ਸਵਾਲ ਪੁੱਛਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਅੰਗਰੇਜ਼ਾਂ ਦੁਆਰਾ ਆਜ਼ਾਦੀ ਘੁਲਾਟੀਆਂ ਦੀ ਆਵਾਜ਼ ਦਬਾਉਣ ਲਈ ਵਰਤੇ ਜਾਣ ਵਾਲੇ ਕਾਨੂੰਨ ਦੀ ਕੀ ਜ਼ਰੂਰਤ ਹੈ? ਦਰਅਸਲ, ਸਰਕਾਰਾਂ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰਦੀਆਂ ਹਨ। ਤਾਜ਼ਾ ਮਿਸਾਲ ਹਰਿਆਣਾ ਦੇ ਹਿਸਾਰ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੌ ਦੇ ਕਰੀਬ ਕਿਸਾਨਾਂ ਉੱਪਰ ਦੇਸ਼-ਧ੍ਰੋਹ ਦਾ ਮੁਕੱਦਮਾ ਹੈ। ਕਿਸੇ ਵਿਧਾਇਕ ਜਾਂ ਮੰਤਰੀ ਦਾ ਬਾਈਕਾਟ, ਕਿਸੇ ਜਨਤਕ ਸਮਾਗਮ ਵਿਚ ਜਾਣ ਤੋਂ ਰੋਕਣਾ ਜਾਂ ਸਵਾਲ ਪੁੱਛਣਾ ਦੇਸ਼-ਧ੍ਰੋਹ ਕਿਵੇਂ ਹੋ ਸਕਦਾ ਹੈ?

ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)


ਬੱਚੇ ਬਨਾਮ ਪ੍ਰੀਖਿਆ

16 ਜੁਲਾਈ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦੇ ਲੇਖ ‘ਬਿਨਾ ਪ੍ਰੀਖਿਆਵਾਂ ਤੋਂ ਬੱਚਿਆਂ ਨੂੰ ਪਾਸ ਕਰਨਾ ਕਿੰਨਾ ਕੁ ਠੀਕ?’ ਵਿਚ ਸਹੀ ਲਿਖਿਆ ਹੈ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਲੈ ਕੇ ਹੀ ਪਾਸ ਕਰਨਾ ਚਾਹੀਦਾ ਸੀ। ਪ੍ਰੀਖਿਆਵਾਂ ’ਚੋਂ ਹਾਸਲ ਨੰਬਰਾਂ ਤੋਂ ਹੀ ਵਿਦਿਆਰਥੀ ਸਾਇੰਸ, ਆਰਟਸ ਆਦਿ ਗਰੁੱਪ ’ਚ ਦਾਖਲਾ ਲੈਣ ਦਾ ਫ਼ੈਸਲਾ ਕਰਦੇ ਹਨ। ਦੂਜੇ ਬੰਨੇ, ਸਿੱਖਿਆ ਬੋਰਡਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਪ੍ਰੀਖਿਆਵਾਂ ਨਾ ਲੈਣ ਕਰ ਕੇ ਇਹ ਵਿਦਿਆਰਥੀਆਂ ਪਾਸੋਂ ਲਈਆਂ ਇਮਤਿਹਾਨ ਦੀਆਂ ਫ਼ੀਸਾਂ ਵਾਪਸ ਕਰਨ।

ਸੋਹਣ ਲਾਲ ਗੁਪਤਾ, ਪਟਿਆਲਾ


ਪਾਣੀ ਸੰਕਟ: ਕਿਸਾਨ ਹੁਣ ਨਹੀਂ ਮੁੜਨਗੇ

12 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਪਾਣੀ ਦੇ ਵਧ ਰਹੇ ਸੰਕਟ ਲਈ ਜ਼ਿੰਮੇਵਾਰ ਕੌਣ?’ ਪੜ੍ਹਿਆ। ਪੰਜਾਬ ਵਿਚ ਪਾਣੀ ਦਾ ਸੰਕਟ ਵਧ ਰਿਹਾ ਹੈ ਅਤੇ ਸਾਨੂੰ ਸਿਰ ਜੋੜ ਕੇ ਇਸ ਬਾਰੇ ਚਿੰਤਨ ਕਰਨਾ ਚਾਹੀਦਾ ਹੈ ਤੇ ਹੰਭਲਾ ਮਾਰਨਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਝੋਨੇ ਹੇਠ ਰਕਬਾ ਵਧਣ ਦਾ ਇਕ ਕਾਰਨ ਘੱਟੋ-ਘੱਟ ਸਮਰਥਨ ਮੁੱਲ ’ਤੇ ਸਰਕਾਰੀ ਖ਼ਰੀਦ ਹੈ ਜਦੋਂ ਕਿ ਹੋਰ ਫ਼ਸਲਾਂ ਦੀਆਂ ਕੀਮਤਾਂ ਤੈਅ ਤਾਂ ਕੀਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਖ਼ਰੀਦਦਾਰੀ ਯਕੀਨੀ ਨਹੀਂ ਬਣਾਈ ਜਾਂਦੀ। ਉਂਜ ਹੁਣ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਭਾਅ ਵੀ ਉਚੇਰੇ ਕਰ ਦਿੱਤੇ ਜਾਣ ਅਤੇ ਉਨ੍ਹਾਂ ਦੀ ਖ਼ਰੀਦਦਾਰੀ ਵੀ ਯਕੀਨੀ ਬਣਾ ਦਿੱਤੀ ਜਾਵੇ ਤਾਂ ਵੀ ਝੋਨੇ ਹੇਠਲੇ ਰਕਬੇ ਨੂੰ ਜ਼ਿਆਦਾ ਘਟਾਇਆ ਨਹੀਂ ਜਾਵੇਗਾ। ਅਸਲ ਵਿਚ ਝੋਨੇ ਅਤੇ ਕਣਕ ਦੀ ਫ਼ਸਲ ਪਾਲਣੀ, ਇਸ ਵਿਚੋਂ ਨਦੀਨਾਂ ਦਾ ਸਫ਼ਾਇਆ ਕਰਨਾ, ਸਿੰਜਾਈ ਦਾ ਪ੍ਰਬੰਧ ਕਰਨਾ ਆਦਿ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਵਧੇਰੇ ਅਸਾਨ ਹਨ। ਹੁਣ ਕਿਸਾਨ ਆਪਣੇ ਖੇਤ ਵਿਚ ਰੇਹ ਪਾਉਣ ਜਾਂ ਸਪਰੇਅ ਕਰਨ ਵਾਸਤੇ ਹੀ ਆਉਂਦਾ ਹੈ। ਖੇਤ ਜਾਂ ਫ਼ਸਲਾਂ ਨਾਲ ਉਸ ਦਾ ਮਕਾਨਕੀ ਰਿਸ਼ਤਾ ਹੀ ਰਹਿ ਗਿਆ ਹੈ। ਰੇਹ ਪਾਉਣ ਵਾਸਤੇ ਵੀ ਰੂੜੀ ਦੀ ਥਾਂ ਯੂਰੀਆ ਖਿਲਾਰਨ ਅਤੇ ਪਾਣੀ ਵਾਸਤੇ ਜ਼ਿਆਦਾ ਕਰਕੇ ਨਹਿਰੀ ਪਾਣੀ ਦੀ ਥਾਂ ਮੋਟਰ ਨਾਲ ਪਾਣੀ ਲਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਥੋੜ੍ਹੇ ਜਿਹੇ ਨਦੀਨ ਦੇਖ ਕੇ ਗੋਡੀ ਕਰਨ ਜਾਂ ਹੱਥਾਂ ਨਾਲ ਨਦੀਨ ਪੁੱਟਣ ਦੀ ਥਾਂ ਨਦੀਨਨਾਸ਼ਕ ਦਾ ਸਪਰੇਅ ਕਰਨ ਦੀ ਕਾਹਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਬਿਮਾਰੀ ਦੇ ਆਉਣ ਜਾਂ ਕੀਟਾਂ ਦੇ ਹਮਲੇ ਤੋਂ ਪਹਿਲਾਂ ਹੀ ਕੀਟਨਾਸ਼ਕਾਂ ਦੀ ਸਪਰੇਅ ਕਰ ਦਿੱਤੀ ਜਾਂਦੀ ਹੈ। ‘ਤੇਲੇ ਦਾ ਹਮਲਾ ਤਾਂ ਹੋਣਾ ਹੀ ਹੋਣਾ ਹੈ, ਇਸ ਲਈ ਪਹਿਲਾਂ ਹੀ ਦਵਾਈ ਪਾ ਦਿਓ’ ਕਹਿੰਦਿਆਂ ਆਮ ਸੁਣਿਆ ਜਾ ਸਕਦਾ ਹੈ। ਇਨ੍ਹਾਂ ਸਾਰੇ ਕੰਮਾਂ ਵਿਚ ਉਸ ਦੀ ਅਗਵਾਈ ਖੇਤੀ ਟੈਕਨੋਕਰੇਟਸ ਨਹੀਂ ਕਰਦੇ ਹਨ ਸਗੋਂ ਆੜ੍ਹਤੀਏ ਉਸ ਦੇ ਸਲਾਹਕਾਰ ਹੁੰਦੇ ਹਨ ਅਤੇ ਆੜ੍ਹਤੀਏ ਦੀ ਸਲਾਹ ਪਿੱਛੇ ਉਸ ਦਾ ਵਪਾਰਕ ਨਜ਼ਰੀਆ/ਫ਼ਾਇਦੇਮੰਦ ਸੋਚ ਕੰਮ ਕਰਦੇ ਹਨ। ਮੋਟਰਾਂ ਦੇ ਆਟੋ ਸਟਾਰਟਰ ਲੱਗੇ ਹੋਏ ਹਨ ਅਤੇ ਬਿੱਲ ਵੀ ਨਹੀਂ ਆਉਂਦੇ ਹਨ, ਇਸ ਲਈ ਖੇਤ ਵਿਚ ਪਾਣੀ ਖੁੱਲ੍ਹਾ ਛੱਡਿਆ ਜਾਂਦਾ ਹੈ। ਇਸੇ ਕਰਕੇ ਝੋਨੇ ਹੇਠ ਰਕਬੇ ਨੂੰ ਕਿਸਾਨ ਅਸਾਨੀ ਨਾਲ ਘਟਾਉਣ ਵਾਸਤੇ ਤਿਆਰ ਨਹੀਂ ਹੋਵੇਗਾ। ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਨੂੰ ਆਮ ਕਿਸਾਨ ਦੁਆਰਾ ਨਕਾਰਿਆ ਹੀ ਜਾ ਰਿਹਾ ਹੈ, ਹਾਲਾਂਕਿ ਇਸ ਨਾਲ ਵੀ ਪਾਣੀ ਦੀ ਕਰੀਬ 25 ਫ਼ੀਸਦੀ ਬੱਚਤ ਹੁੰਦੀ ਹੈ। ਇਸੇ ਤਰ੍ਹਾਂ ਝੋਨੇ ਦੇ ਮੁਕਾਬਲੇ ਹੋਰ ਫ਼ਸਲਾਂ ਬੀਜਣ, ਪਾਲਣ ਅਤੇ ਸਾਂਭ-ਸੰਭਾਲ ਤੇ ਮਨੁੱਖੀ ਸ਼ਕਤੀ ਵਧੇਰੇ ਲੱਗਦੀ ਹੈ। ਖੇਤੀ ਤਕਨੀਕਾਂ ਨੇ ਕਿਸਾਨ ਨੂੰ ਔਖ ਤੋਂ ਸੌਖ ਵੱਲ ਲੈ ਆਂਦਾ ਹੈ। ਇਸ ਲਈ ਛੇਤੀ ਕੀਤੇ ਉਹ ਦੁਬਾਰਾ ਔਖ ਵੱਲ ਨਹੀਂ ਆਵੇਗਾ। ਸਾਨੂੰ ਪਾਣੀ ਦੇ ਵਧ ਰਹੇ ਸੰਕਟ ਬਾਰੇ ਚਿੰਤਾ ਕਰਨ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਝੋਨੇ ਹੇਠਲੇ ਰਕਬੇ ਨੂੰ ਘਟਾਉਣ ਵਾਸਤੇ ਸਰਕਾਰੀ, ਗੈਰ ਸਰਕਾਰੀ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ।

ਗੁਰਦੀਪ ਸਿੰਘ ਢੁੱਡੀ, ਫ਼ਰੀਦਕੋਟ


ਜਥੇਬੰਦਕ ਸੰਘਰਸ਼

ਨੰਦ ਸਿੰਘ ਮਹਿਤਾ ਦੇ ਲੇਖ ‘ਅੰਦੋਲਨ ਦੀ ਆਸ’ (12 ਜੁਲਾਈ) ਵਿਚ ਕਿਸਾਨ ਜਥੇਬੰਦੀਆਂ ਨੂੰ 2022 ਦੀਆਂ ਚੋਣਾਂ ਲੜਨ ਦਾ ਸੁਝਾਅ ਕਾਫ਼ੀ ਹੱਦ ਤਕ ਸਹੀ ਹੈ। ਹੁਣ ਤਕ ਭਾਵੇਂ ਕਿਰਤੀ-ਕਿਸਾਨੀ ਵਰਗਾਂ ਦੇ ਜਥੇਬੰਦਕ ਸੰਘਰਸ਼ਾਂ ਨੇ ਹੀ ਦੁਨੀਆ ਦੇ ਕਈ ਦੇਸ਼ਾਂ ਵਿਚ ਲੋਕਪੱਖੀ ਕਿਰਤੀ ਇਨਕਲਾਬ ਯਕੀਨੀ ਬਣਾਏ ਹਨ ਪਰ ਹਕੀਕਤ ਇਹ ਵੀ ਹੈ ਕਿ ਇਹ ਅੰਦੋਲਨ ਅਜੇ ਖੇਤ ਕਾਨੂੰਨ ਵਾਪਸ ਕਰਵਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ ਹੈ। ਇਸ ਦੀ ਮੁੱਖ ਵਜ੍ਹਾ ਇਹ ਵੀ ਹੈ ਕਿ ਸਿਆਸੀ ਪਾਰਟੀਆਂ ਨੇ ਇਸ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਦਬਾਅ ਬਣਾਉਣ ਲਈ ਸੰਸਦ ਦੇ ਅੰਦਰ ਅਤੇ ਬਾਹਰ ਕੋਈ ਅੰਦੋਲਨ ਖੜ੍ਹਾ ਕਰਨ ਦੀ ਰਾਜਸੀ ਨੇਕ ਨੀਅਤ ਨਹੀਂ ਦਿਖਾਈ। ਇਸ ਲਈ ਅਜਿਹੇ ਢਾਂਚੇ ਨੂੰ ਬਦਲਣ ਲਈ ਕਿਸਾਨ ਜਥੇਬੰਦੀਆਂ ਨੂੰ ਕਿਸਾਨੀ ਸੰਘਰਸ਼ ਦੇ ਨਾਲ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਵੀ ਸੋਚਣਾ ਚਾਹੀਦਾ ਹੈ।

ਦਮਨਜੀਤ ਕੌਰ, ਅੰਮ੍ਰਿਤਸਰ

ਡਾਕ ਐਤਵਾਰ ਦੀ Other

Jul 18, 2021

ਵੰਡ ਦੇ ਜ਼ਖ਼ਮ

11 ਜੁਲਾਈ ਦੇ ਅੰਕ ਵਿੱਚ ਛਪਿਆ ਦੀਪ ਦੇਵਿੰਦਰ ਸਿੰਘ ਦਾ ਲੇਖ ‘ਜਦੋਂ ਅੱਖ ਚੁਭੀ ਸੀ ਅਮਨ ਦੀ’ ਪੜ੍ਹਿਆ। ਇਹ ਪੜ੍ਹ ਕੇ ਮਨ ਪਸੀਜ ਗਿਆ ਕਿ ਅਸੀਂ ਕਿਹੋ ਜਿਹੀ ਆਜ਼ਾਦੀ ਪ੍ਰਾਪਤ ਕੀਤੀ, ਸਾਡੇ ਆਪਣਿਆਂ ਨੇ ਕਿੰਨਾ ਸੰਤਾਪ ਭੋਗਿਆ। ਲੇਖਕ ਨੇ ਬਿਲਕੁਲ ਸਹੀ ਸਵਾਲ ਕੀਤਾ ਹੈ ਕਿ ਉਨ੍ਹਾਂ ਪੀੜਤ ਪੰਜਾਬੀਆਂ ਦੀ ਯਾਦ ਵਿੱਚ ਕੋਈ ਯਾਦਗਾਰ ਕਿਉਂ ਨਹੀਂ ਬਣਾਈ ਗਈ। ਕਿਸੇ ਸਰਕਾਰ ਨੇ ਕਦੇ ਵੀ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਆਉਣ ਵਾਲੀਆਂ ਪੀੜ੍ਹੀਆਂ ਇਸ ਸੰਤਾਪ ਨੂੰ ਕਿਵੇਂ ਯਾਦ ਰੱਖਣਗੀਆਂ।

ਸੁਖਵੀਰ ਕੌਰ, ਬਠਿੰਡਾ


ਤਰਕਹੀਣ ਰਚਨਾ

11 ਜੁਲਾਈ ਦੇ ਅੰਕ ਵਿੱਚ ‘ਕਰਾਮਾਤੀ ਫ਼ਕੀਰ ਦੀ ਸੱਚੀ-ਝੂਠੀ ਕਹਾਣੀ’ ਪੜ੍ਹੀ। ਪੜ੍ਹ ਕੇ ਮੈਨੂੰ ਜਾਪਿਆ ਅੱਜ ਅਖ਼ਬਾਰ ਵਾਲਾ ਕੋਈ ਹੋਰ ਅਖ਼ਬਾਰ ਸੁੱਟ ਗਿਆ ਹੈ। ਪਰ ਨਹੀਂ, ਇਹ ਤਾਂ ਪੰਜਾਬੀ ਟ੍ਰਿਬਿਊਨ ਹੀ ਸੀ। ਫਿਰ ਪਤਾ ਨਹੀਂ ਅਜਿਹੀ ਤਰਕਹੀਣ ਰਚਨਾ ਛਾਪਣ ਪਿੱਛੇ ਕੀ ਮਜਬੂਰੀ ਰਹੀ ਹੋਵੇ। ਕੁਝ ਵੀ ਹੋਵੇ ਇਹ ਲਿਖਤ ‘ਪੰਜਾਬੀ ਟ੍ਰਿਬਿਊਨ’ ਦੇ ਮਿਆਰ ’ਤੇ ਖਰੀ ਨਹੀਂ ਉੱਤਰਦੀ। ਕਿਉਂ? ਕਿਉਂਕਿ ਘਟਨਾ ਦਾ ਇਤਿਹਾਸਕ ਹਵਾਲਾ ਸਭ ਤੋਂ ਜ਼ਰੂਰੀ ਹੁੰਦਾ ਹੈ, ਜੋ ਏਨਾ ਹੀ ਹੈ ਕਿ ਕਿਧਰੇ ਲਾਹੌਰ ਦਰਬਾਰ ਦੇ ਸੰਪਰਕ ਵਿੱਚ ਆਏ ਅੰਗਰੇਜ਼ ਅਧਿਕਾਰੀਆਂ ਤੇ ਯਾਤਰੂਆਂ ਦੀਆਂ ਯਾਦਾਂ ਵਿੱਚ ਇਸ ਘਟਨਾ ਦਾ ਜ਼ਿਕਰ ਹੈ। ਘਟਨਾ ਮੁਤਾਬਿਕ ਇੱਕ ਫ਼ਕੀਰ (ਜਿਸ ਦਾ ਨਾਮ ਵੀ ਨਹੀਂ ਪਤਾ) ਟਰੰਕ ਵਿੱਚ ਬੰਦ ਕਰਕੇ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਹੈ ਜੋ ਚਾਲੀ ਦਿਨ ਬਾਅਦ ਜਿਉਂਦਾ ਨਿਕਲ ਆਉਂਦਾ ਹੈ। ਹਵਾਲੇ ਤੋਂ ਬਾਅਦ ਹੋਰ ਵੀ ਜ਼ਰੂਰੀ ਹੁੰਦਾ ਹੈ ਇਤਿਹਾਸਕ ਘਟਨਾ ਦਾ ਤਰਕਸ਼ੀਲ ਵਿਸ਼ਲੇਸ਼ਣ। ਮਾੜੀ ਗੱਲ ਇਹ ਹੈ ਕਿ ਇਹ ਲਿਖਤ ਅੱਜ ਦੇ ਵਿਹਲੜ ਸਾਧਾਂ ਨੂੰ ਉਤਸ਼ਾਹਿਤ ਦਿੰਦੀ ਹੈ। 21ਵੀਂ ਸਦੀ ਵਿੱਚ ਅਜਿਹੀ ਲਿਖਤ ਦਾ ਪ੍ਰਤੀਕਰਮ ਦੇਣਾ ਵੀ ਬੇਲੋੜਾ ਤੇ ਸਮੇਂ ਦੀ ਬਰਬਾਦੀ ਲੱਗਦਾ ਹੈ।

ਜਸਵੰਤ ਮੁਹਾਲੀ


ਜਾਣਕਾਰੀ ਭਰਪੂਰ ਲੇਖ

ਚਾਰ ਜੁਲਾਈ ਦੇ ‘ਦਸਤਕ’ ਅੰਕ ਵਿਚ ਛਪੇ ਡਾ. ਸ਼ੁਭਾਸ਼ ਪਰਿਹਾਰ ਦਾ ਲੇਖ ‘ਤਿੰਨ ਲਾਹੌਰੀਏ: ਸਰਦਾਰ ਦਿਆਲ ਸਿੰਘ ਮਜੀਠੀਆ, ਸਰ ਗੰਗਾ ਰਾਮ ਅਤੇ ਭਾਈ ਰਾਮ ਸਿੰਘ’ ਪੜ੍ਹਿਆ। ਇਹ ਪੂਰੇ ਪੰਨੇ ਦਾ ਲੇਖ ਜਾਣਕਾਰੀ ਭਰਪੂਰ ਹੈ ਜੋ ਸਾਡੇ ਇਤਿਹਾਸ ਵਿੱਚ ਹੋਈਆਂ ਮਹਾਨ ਸ਼ਖ਼ਸੀਅਤਾਂ ਤੇ ਉਨ੍ਹਾਂ ਦੇ ਦਿੱਤੇ ਯੋਗਦਾਨ ਤੋਂ ਸਾਨੂੰ ਜਾਣੂ ਕਰਵਾਉਂਦਾ ਹੈ। ਲੇਖਕ ਵੱਲੋਂ ਦਿੱਤੀ ਗਈ ਜਾਣਕਾਰੀ ਵੀ ਪੂਰੀ ਤਰ੍ਹਾਂ ਨਾਲ ਸਟੀਕ ਜਾਪਦੀ ਹੈ। ਲੋੜੀਂਦੀਆਂ ਤਸਵੀਰਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਨੌਵੇਂ ਪੰਨੇ ’ਤੇ ਛਪੇ ਲੇਖ ‘ਪਟਿਆਲੇ ਦੇ ਤ੍ਰੈਮੂਰਤੀ’ ਪੜ੍ਹ ਕੇ ਪਟਿਆਲੇ ਦੀਆਂ ਕੁਝ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮਿਲੀ। ਉਮੀਦ ਕਰਦਾ ਹਾਂ ਕਿ ਪਾਠਕਾਂ ਨੂੰ ਆਉਂਦੇ ਸਮੇਂ ਵਿੱਚ ਅਜਿਹੇ ਹੋਰ ਵੀ ਲੇਖ ਪੜ੍ਹਨ ਦਾ ਮੌਕਾ ਮਿਲੇਗਾ।

ਸਰਵਰ ਢਿੱਲੋਂ, ਬਰਗਾੜੀ


ਉਮਦਾ ਕਲਾਕਾਰ

11 ਜੁਲਾਈ ਦੇ ਅੰਕ ਵਿਚ ਸਵਰਾਜਬੀਰ ਦੀ ਲਿਖਤ ‘ਵੰਡੇ ਤੇ ਟੁੱਟੇ ਭੱਜੇ ਆਦਮੀ ਦੀ ਅਕਾਸੀ’ ਪੜ੍ਹੀ। ਲੇਖਕ ਨੇ ਮਰਹੂਮ ਦਿਲੀਪ ਕੁਮਾਰ ਦੀ ਜ਼ਿੰਦਗੀ ਬਾਰੇ ਵਧੀਆ ਤਰੀਕੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿਚ ਸ਼ੁਰੂ ਤੋਂ ਲੈ ਕੇ ਅੰਤ ਤਕ ਆਏ ਉਤਰਾਅ-ਚੜ੍ਹਾਅ ਦਾ ਬਾਖ਼ੂਬੀ ਚਿਤਰਣ ਕੀਤਾ ਹੈ। ਭਾਵੇਂ ਉਹ ਅੱਜ ਸਾਡੇ ਦਰਮਿਆਨ ਨਹੀਂ ਰਹੇ, ਪਰ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਫਿਲਮਾਂ ਦੇ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡ ਗਈਆਂ ਹਨ। ਕਿਸੇ ਸ਼ਾਇਰ ਨੇ ਵੀ ਕਿਹਾ ਹੈ:

ਮੌਤ ਵੋ ਹੈ ਕਿ ਜਿਸਕਾ ਜ਼ਮਾਨਾ ਕਰੇ ਅਫ਼ਸੋਸ

ਯੂੰ ਤੋ ਸਭੀ ਆਏਂ ਹੈਂ ਜਾਨੇ ਕੇ ਲੀਏ।

ਹਰਜਿੰਦਰ ਸਿੰਘ, ਨਥਾਣਾ (ਬਠਿੰਡਾ)

ਪਾਠਕਾਂ ਦੇ ਖ਼ਤ Other

Jul 17, 2021

ਚੀਫ਼ ਜਸਟਿਸ ਦਾ ਅਹਿਮ ਸਵਾਲ

ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਮੰਨਾ ਨੇ ਸਵਾਲ ਚੁੱਕਿਆ ਹੈ ਕਿ ਕੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼-ਧ੍ਰੋਹ ਵਰਗੇ ਕਾਨੂੰਨਾਂ ਦੀ ਜ਼ਰੂਰਤ ਹੈ? ਅੰਗਰੇਜ਼ਾਂ ਨੇ ਇਹ ਕਾਨੂੰਨ 1870 ਵਿਚ ਲਾਗੂ ਕੀਤਾ ਸੀ ਅਤੇ ਅੱਜ ਡੇਢ ਸੌ ਸਾਲ ਬਾਅਦ ਆਜ਼ਾਦ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਵੱਲੋਂ ਇਹ ਕਾਨੂੰਨ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ।

ਪਰਮਜੀਤ ਸਿੰਘ ਮੰਡ (ਗੁਰਦਾਸਪੁਰ)

ਕਿਰਤੀਆਂ ਦੀ ਲੁੱਟ

16 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਆਰਥਿਕ ਸੁਧਾਰ ਅਤੇ ਸਨਅਤੀ ਮਜ਼ਦੂਰ ਵਰਗ’ ਬਹੁਤ ਮਹੱਤਵਪੂਰਨ ਹੈ। ਲੇਖਕ ਕਾਰਪੋਰੇਟ ਘਰਾਣਿਆਂ ਅਤੇ ਸਰਕਾਰਾਂ ਦੇ ਨਾਪਾਕ ਗੱਠਜੋੜ ਨੂੰ ਬੇਪਰਦ ਕਰਦਿਆਂ ਮਜ਼ਦੂਰ ਵਰਗ ਅਤੇ ਆਮ ਆਦਮੀ ਦੀ ਲੁੱਟ ਦਾ ਖੁਲਾਸਾ ਕਰਦਾ ਹੈ।

ਡਾ. ਗੁਰਦੀਪ ਸਿੰਘ ਸੰਧੂ, ਪਟਿਆਲਾ

(2)

ਡਾ. ਕੇਸਰ ਸਿੰਘ ਭੰਗੂ ਦਾ ਲੇਖ ਸਰਕਾਰਾਂ ਦੀ ਨੀਅਤ ਬਿਆਨ ਕਰਦਾ ਹੈ ਪਰ ਮਜ਼ਦੂਰ ਵਰਗ ਦੇ ਆਗੂਆ ਦੀ ਨੀਅਤ ਕੀ ਹੈ? ਕੀ ਉਹ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਕਿਰਤ ਕੋਡਾਂ ਦੇ ਖ਼ਿਲਾਫ਼ ਕਿਸਾਨਾਂ ਵਾਂਗ ਲਾਮਬੰਦੀ ਨਹੀਂ ਸੀ ਕਰ ਸਕਦੇ। ਲੇਖਕ ਨੇ ਇਹ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਆਗੂਆਂ ਨੂੰ ਵੀ ਕਟਹਿਰੇ ਵਿਚ ਖੜ੍ਹੇ ਕੀਤਾ ਹੈ।

ਸਤਵੰਤ ਸਿੰਘ, ਹੁਸ਼ਿਆਰਪੁਰ

ਓਹ ਵੇਲੇ…

13 ਜੁਲਾਈ ਨੂੰ ਅਭੈ ਸਿੰਘ ਦਾ ਲਿਖਿਆ ਮਿਡਲ ‘ਸ਼ਾਹੀ ਠਾਠ’ ਉਨ੍ਹਾਂ ਵੇਲਿਆਂ ਦੀ ਮੂੰਹੋਂ ਬੋਲਦੀ ਵਾਰਤਾ ਏ ਜਿਨ੍ਹਾਂ ਵੇਲਿਆਂ ਦਾ ਚੇਤਾ ਸਦਾ ਸੱਜਰਾ ਲੱਗਦਾ, ਜਿਵੇਂ ਹੁਣੇ ਹੀ ਇਉਂ ਹੋਇਆ ਹੋਵੇ; ਹੁਣੇ ਹੀ ਵੱਡਾ ਭਾਊ ਗੁਲਾਬ ਸਿਹੁੰ ਘਰ ਦੇ ਵਿਹੜੇ ਵਿਚ ਲੱਗੀ ਖੂਹੀ ਦੀ ਥਾਂ ਬਾਹਰੋਂ ਟੂਟੀਆਂ ਤੋਂ ਨਹਾ ਕੇ, ਪਾਣੀ ਦੀ ਭਰੀ ਪਿੱਤਲ ਦੀ ਬਾਲਟੀ ਹੱਥ ਲਮਕਾਈ, ਖੰਘੂਰਾ ਮਾਰ ਕੇ,  ਬਾਹਰਲਾ ਲੱਕੜ ਦਾ ਗਾਡੀ ਬੂਹਾ ਲੰਘਦਿਆਂ ਹੀ ਤੰਦੂਰ ਦੀਆਂ ਹੁਣੇ ਲੱਥੀਆਂ ਰੋਟੀਆਂ ਹੱਥ ’ਤੇ ਧਰ ਕੇ, ਸਾਣੇ ਮੰਜੇ ਦੀ ਪੈਂਦੇ ਲੱਸੀ ਦਾ ਕੜੀ ਆਲਾ ਗਲਾਸ ਟਿਕਾ ਕੇ ਲੰਬੜਦਾਰ ਬਣ ਬੈਠਾ ਹੋਵੇ! ਕੌਣ ਮੰਨੇਗਾ ਕਿ ਉਹ ਭਰ ਤੜਕੇ ਦਾ ਉੱਠਿਆ, ਪੂਰੇ ਕਿੱਲੇ ਦਾ ਜੋਤਰਾ ਲਾ ਕੇ ਆਇਆ ਹੋਵੇਗਾ! ਖ਼ੌਰੇ, ਹੁਣ ਕੋਈ ਇਹ ਵੀ ਨਾ ਮੰਨੇ ਕਿ ਉਦੋਂ ਵੱਡੇ ਛੱਪੜ ਦੀਆਂ ਤਾਰੀਆਂ ਵੀ ਮੁੰਡੇ ਬਿਦਕੇ ਲਾਉਂਦੇ ਤੇ ਕੁੜੀਆਂ ਪੀਂਘ ਚੜ੍ਹਾਉਂਦੀਆਂ  ਵੱਡੀ ਨਿੰਮ ਦਾ ਟੀਸੀ ਵਾਲਾ ਪੱਤਾ ਝੱਟ ਤੋੜ ਲਿਆਉਂਦੀਆਂ। ਸੱਚੀਂ, ਇਹ ਲਿਖਤ ਨਾ ਪੜ੍ਹਦਾ ਤਾਂ ਸ਼ਾਇਦ ਠਾਟ ਤੋਂ ਠਾਠ ਤੇ ਅੱਗੋਂ ‘ਸ਼ਾਹੀ ਠਾਠ’ ਦਾ ਸਹੀ ਭੇਤ ਨਾ ਲੱਗਦਾ।

ਅਤੈ ਸਿੰਘ, ਮੁਹਾਲੀ

(2)

ਅਭੈ ਸਿੰਘ ਦਾ ਲੇਖ ‘ਸ਼ਾਹੀ ਠਾਠ’ ਦਿਲਚਸਪ ਤੇ ਜਾਣਕਾਰੀ ਭਰਪੂਰ ਸੀ। ਪੁਰਾਣੀ ਪੀੜ੍ਹੀ ਦੇ ਹਰ ਬਾਸ਼ਿੰਦੇ ਨੇ ਕਲਪਨਾ ਉਡਾਰੀ ਰਾਹੀਂ ਆਪਣੇ ਸਮੇਂ ਦਾ ਆਨੰਦ ਮਾਣਿਆ ਤੇ ਨਵੀਂ ਪੀ੍ੜ੍ਹੀ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਉਦੋਂ ਸੀਮਤ ਸਾਧਨਾਂ ਦੀ ਸੰਜਮੀ ਵਰਤੋਂ ਕਰ ਕੇ ਵੀ ਲੋਕ ਸੰਤੁਸ਼ਟ ਤੇ ਖੁਸ਼ਹਾਲ ਸਨ।

ਕੁਲਮਿੰਦਰ ਕੌਰ, ਮੁਹਾਲੀ

ਵੋਟ ਦਾ ਇਸਤੇਮਾਲ

12 ਜੁਲਾਈ ਨੂੰ ਐੱਸਪੀ ਸਿੰਘ ਦੀ ਲਿਖਤ ‘ਪਾਰਟੀਆਂ ਦੇ ਮੈਨੀਫੈਸਟੋ: ਅਸੀਂ ਕਿਉਂ ਨਹੀਂ ਪੜ੍ਹਦੇ?’ ਪੜ੍ਹੀ। ਅਸੀਂ ਚੋਣਾਂ ਸਮੇਂ ਆਪਣੀ ਵੋਟ ਧਰਮ ਜਾਤੀ ਨੂੰ ਦੇਖ ਕੇ ਅਤੇ ਪੈਸੇ ਜਾਂ ਸ਼ਰਾਬ ਦੇ ਲਾਲਚ ਵਿਚ ਵੇਚ ਦਿੰਦੇ ਹਾਂ। ਹਰ ਪਾਰਟੀ ਆਪਣੇ ਮੈਨੀਫੈਸਟੋ ਵਿਚ ਨਵੀਂਆਂ ਸਕੀਮਾਂ ਦਿੰਦੀ ਹੈ, ਇਸ ਲਈ ਸਾਨੂੰ ਪਿਛਲੀ ਵਾਰ ਦੇ  ਮੈਨੀਫੈਸਟੋ ਦਾ ਹਿਸਾਬ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਸੋਚ-ਸਮਝ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ, ਹਰਿਆਣਾ)

ਅੰਦੋਲਨ ਤੋਂ ਆਸ

12 ਜੁਲਾਈ ਨੂੰ ਨੰਦ ਸਿੰਘ ਮਹਿਤਾ ਦਾ ਮਿਡਲ ‘ਅੰਦੋਲਨ ਦੀ ਆਸ’ ਪੜ੍ਹਿਆ। ਲੇਖਕ ਪੰਜਾਬ ਦੇ ਪ੍ਰਸ਼ਾਸਕੀ ਪ੍ਰਬੰਧ ਤੋਂ ਚਿੰਤਤ ਇਤਿਹਾਸਕ ਕਿਸਾਨ ਮੋਰਚੇ ਤੋਂ ਕਾਫ਼ੀ ਆਸਵੰਦ ਹੈ। ਕਿਸਾਨਾਂ ਦੀਆਂ ਲਗਭੱਗ ਤਿੰਨ ਦਰਜਨ ਦੇ ਕਰੀਬ ਜਥੇਬੰਦੀਆਂ ਦਾ ਚੋਣਾਂ ਵਿਚ ਸਿੱਧੇ ਤੌਰ ’ਤੇ ਭਾਗੀਦਾਰ ਬਣਨਾ ਇੰਨਾ ਸੁਖ਼ਾਲਾ ਨਹੀਂ ਪਰ ਪਰ੍ਹੇ ਰਹਿ ਕੇ ਵੀ ਪੰਜਾਬ ਦੀ ਸਿਆਸਤ ਖ਼ਾਸ ਕਰ ਕੇ ਅਤੇ ਦੇਸ਼ ਦੀ ਰਾਜਨੀਤੀ ਆਮ ਕਰ ਕੇ, ਮੌਜੂਦਾ ਕਿਸਾਨ ਮਜ਼ਦੂਰ ਸੰਘਰਸ਼ ਤੋਂ ਅਭਿੱਜ ਨਹੀਂ ਰਹਿ ਸਕਦੀ। ਇਹ ਸੰਘਰਸ਼ ਕਿਸੇ ਸਿੱਖਿਆ ਸਲਾਹ ਦਾ ਮੁਥਾਜ ਨਹੀਂ ਪਰ ਕਿਸਾਨ ਇਹ ਲਲਕਰਾ ਜ਼ਰੂਰ ਮਾਰਨ ਕਿ ਜਿਹੜੀ ਪਾਰਟੀ ਕਿਸਾਨ ਮਜ਼ਦੂਰ ਪੱਖੀ ਚੋਣ ਮਨੋਰਥ ਪੱਤਰ ਜਾਰੀ ਕਰੇਗੀ, ਉਹੀ ਵੋਟ ਦੀ ਹੱਕਦਾਰ ਹੋਵੇਗੀ।

ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ 

ਮਹਿੰਗਾਈ ਬਾਰੇ ਮੂੰਹ ਬੰਦ!

ਪਿਆਰੇ ਲਾਲ ਵਰਗ ਦਾ ਲੇਖ (13 ਜੁਲਾਈ) ਤੇਲ ਕੀਮਤਾਂ ’ਚ ਲਗਾਤਾਰ ਵਾਧੇ ਦੇ ਹਾਲਾਤ ਬਿਆਨ ਕਰਦਾ ਹੈ। ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਉੱਪਰ ਐਕਸਾਈਜ਼ ਡਿਊਟੀ ਵਿਚ ਕਈ ਗੁਣਾ ਵਾਧਾ ਕੀਤਾ ਹੈ। ਕੇਂਦਰ ਤੋਂ ਬਾਅਦ ਸੂਬਿਆਂ ਦੇ ਟੈਕਸ ਵੀ ਹਨ। ਜਦੋਂ 2012 ਵਿਚ ਮੌਜੂਦਾ ਹੁਕਮਰਾਨ ਵਿਰੋਧੀ ਧਿਰ ਵਿਚ ਸਨ ਤਾਂ ਇਨ੍ਹਾਂ ਨੇ ਵਧ ਰਹੀਆਂ ਤੇਲ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਸੀ। ਸੜਕਾਂ ’ਤੇ ਖਾਲੀ ਸਿਲੰਡਰ ਰੱਖ ਕੇ ਮਨਮੋਹਨ ਸਿੰਘ ਸਰਕਾਰ ਦਾ ਪਿੱਟ-ਸਿਆਪਾ ਕੀਤਾ ਸੀ। ਵਿਚਾਰਨ ਵਾਲੀ ਗੱਲ ਹੈ ਕਿ ਉਸ ਵੇਲੇ ਪ੍ਰਦਰਸ਼ਨ ਕਰਨ ਵਾਲੇ ਨੇਤਾਵਾਂ ਨੂੰ ਅੱਜ ਮਹਿੰਗਾਈ ਕਿਉਂ ਨਹੀਂ ਦਿਸ ਰਹੀ? 

ਸੰਜੀਵ ਸਿੰਘ ਸੈਣੀ, ਮੁਹਾਲੀ

ਪਾਠਕਾਂ ਦੇ ਖ਼ਤ Other

Jul 16, 2021

ਨਿਹਾਲ ਸਿੰਘ ਉਰਫ਼ ਮਹਾਰਾਜ ਸਿੰਘ

14 ਜੁਲਾਈ ਦੇ ‘ਵਿਰਾਸਤ’ ਪੰਨੇ ’ਤੇ ਸੁਵਰਨ ਸਿੰਘ ਵਿਰਕ ਦੇ ਲੇਖ ‘ਕੂਕਾ ਵਿਦਰੋਹ ਦਾ ਸਿਖ਼ਰ: ਸਾਕਾ ਮਾਲੇਰਕੋਟਲਾ’ ’ਚ ਰੱਬੋਂ ਪਿੰਡ ਦੇ ਜੰਮਪਲ ਨਿਹਾਲ ਸਿੰਘ ਉਰਫ਼ ਮਹਾਰਾਜ ਸਿੰਘ ਦਾ ਜ਼ਿਕਰ ਆਇਆ ਹੈ। ਉਨ੍ਹਾਂ ਦਾ ਨਾਮ ਨਿਹਾਲ ਸਿੰਘ ਤੋਂ ਮਹਾਰਾਜ ਸਿੰਘ ਕਿਵੇਂ ਪਿਆ, ਇਸ ਦਾ ਜਵਾਬ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ’ਚ ਮਿਲਦਾ ਹੈ: ‘ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਚਾਟੜਾ ਨਿਹਾਲ ਸਿੰਘ ਜੋ ਸਾਧ ਸੰਗਤਿ ਦੀ ਵੱਡੇ ਪ੍ਰੇਮਭਾਵ ਨਾਲ ਸੇਵਾ ਕਰਦਾ ਅਤੇ ਆਏ ਸਿੱਖਾਂ ਨੂੰ ਅੰਨਜਲ ਆਦਿ ਦੇਣ ਸਮੇਂ ‘ਲਓ ਮਹਰਾਜ! ਲਓ ਮਹਾਰਾਜ!’ ਸ਼ਬਦ ਬੋਲਿਆ ਕਰਦਾ ਸੀ, ਜਿਸ ਕਾਰਨ ਉਸ ਦਾ ਨਾਉਂ ‘ਮਹਾਰਾਜ ਸਿੰਘ’ ਪ੍ਰਸਿੱਧ ਹੋ ਗਿਆ।’

ਕੁਲਦੀਪ ਸਿੰਘ ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

ਪਾਣੀ ਦਾ ਸੰਕਟ

12 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਪਾਣੀ ਦੇ ਵਧ ਰਹੇ ਸੰਕਟ ਲਈ ਜ਼ਿੰਮੇਵਾਰ ਕੌਣ?’ ਪੜ੍ਹਿਆ। ਲੇਖ ਵਿਚਲਾ ਸਰਕਾਰੀ ਅਫ਼ਸਰ ਪਤਾ ਨਹੀਂ ਪੇਂਡੂ ਹੈ ਜਾਂ ਸ਼ਹਿਰੀ ਪਰ ਇਹ ਜ਼ਰੂਰ ਹੈ ਕਿ ਉਸ ਨੂੰ ਪੰਜਾਬ ਦੇ ਪਾਣੀ ਦੇ ਸੰਕਟ ਦਾ ਕੱਚਘਰੜ ਗਿਆਨ ਹੈ। ਪਾਣੀ ਦੇ ਸੰਕਟ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਸਿਰ ਥੋਪੀ ਹਰੀ ਕ੍ਰਾਂਤੀ ਬਹੁਤ ਹੱਦ ਤਕ ਜ਼ਿੰਮੇਵਾਰ ਹੈ। ਮੈਨੂੰ ਨਹੀਂ ਲੱਗਦਾ, ਖੇਤੀ ਖੇਤਰ ਨਾਲ ਸਬੰਧਿਤ ਬਹੁਤੇ ਨੀਤੀ ਘਾੜਿਆਂ ਨੂੰ ਬਲ਼ਦ ਦੇ ਕੰਨ੍ਹ ਕਿਵੇਂ ਮਤਾੜੇ ਜਾਂਦੇ ਹਨ, ਦਾ ਗਿਆਨ ਹੋਵੇ। ਸਹੀ ਲਿਖਿਆ ਹੈ ਕਿ ਬਾਬੇ ਨਾਨਕ ਨੂੰ ਅਰਜੋਈਆਂ ਕਰਨ ਦੀ ਬਜਾਏ ਸਰਕਾਰੀ ਨੀਤੀਆਂ ਨੂੰ ਕੁਦਰਤੀ ਪੱਖੀ ਬਣਾਉਣਾ ਜ਼ਰੂਰੀ ਹੈ।

ਜਗਰੂਪ ਸਿੰਘ, ਲੁਧਿਆਣਾ।

(2)

ਡਾ. ਗਿਆਨ ਸਿੰਘ ਦੇ ਪਾਣੀ ਸੰਕਟ ਬਾਰੇ ਵਿਚਾਰਾਂ ਨਾਲ ਸਹਿਮਤੀ ਹੈ। ਪਾਣੀ ਦੇ ਹੇਠਾਂ ਜਾ ਰਹੇ ਪੱਧਰ ਲਈ ‘ਹਰਾ ਇਨਕਲਾਬ’ ਅਤੇ ‘ਉਦਯੋਗਿਕ ਕ੍ਰਾਂਤੀ’ ਨੇ ਇਕ ਦੂਜੇ ਤੋਂ ਵਧ ਕੇ ਹਿੱਸਾ ਪਾਇਆ ਹੈ। ਵਿਕਾਸ ਨਾਲੋਂ ਵੱਧ ਵਿਨਾਸ਼ ਅਸੀਂ ਅੱਖੀਂ ਦੇਖ ਰਹੇ ਹਾਂ। ਸਰਕਾਰ ਦੀਆਂ ਖੇਤੀ ਨੀਤੀਆਂ ਹਮੇਸ਼ਾ ਪੂੰਜੀਪਤੀਆਂ ਦੇ ਹਿੱਤਾਂ ਲਈ ਹੀ ਹਨ। ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਸਰਕਾਰ ਦੂਜੀਆਂ ਰਵਾਇਤੀ ਫ਼ਸਲਾਂ ਦੇ ਵਾਜਿਬ ਭਾਅ ਦੇਵੇ। ਦੂਜੇ ਬੰਨੇ, ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪਾਣੀ ਬਿਨਾ ਉਹ ਕੀ ਕਰਨਗੇ?

ਰਜਿੰਦਰਜੀਤ ਸਿੰਘ ਕਾਲਾਬੂਲਾ, ਸ਼ੇਰਪੁਰ (ਸੰਗਰੂਰ)

(3)

ਡਾ. ਗਿਆਨ ਸਿੰਘ ਦਾ ਲੇਖ ‘ਪਾਣੀ ਦੇ ਵਧ ਰਹੇ ਸੰਕਟ ਲਈ ਜ਼ਿੰਮੇਵਾਰ ਕੌਣ?’ ਪੜ੍ਹ ਕੇ ਕੰਬਣੀ ਛਿੜਦੀ ਹੈ। ਉਂਜ ਲੇਖਕ ਨੇ ਇਸ ਸੰਕਟ ਲਈ ਜ਼ਿੰਮੇਵਾਰ ਇਕ ਵਰਗ, ਸਰਕਾਰੀ ਖੇਤੀ ਵਿਗਿਆਨੀਆਂ ਬਾਰੇ ਗੱਲ ਨਹੀਂ ਕੀਤੀ, ਜੋ ਵੱਡੇ ਵੱਡੇ ਸਰਕਾਰੀ ਅਹੁਦੇ ਮਾਣਦੇ ਰਹੇ ਪਰ ਦੋ-ਤਿੰਨ ਦਹਾਕੇ ਪਹਿਲਾਂ ਪਤਾ ਲੱਗੀ ਇਸ ਗੰਭੀਰ ਸਮੱਸਿਆ ਦੇ ਹੱਲ ਬਾਰੇ ਕਦੇ ਗੰਭੀਰ ਹੋਏ ਨਹੀਂ ਦਿਸੇ। ਇਹ ਪਤਾ ਹੋਣ ਦੇ ਬਾਵਜੂਦ ਕਿ ਝੋਨਾ ਪੰਜਾਬ ਦੀ ਜਲਵਾਯੂ ਦੀ ਫ਼ਸਲ ਨਹੀਂ ਹੈ, ਪੰਜਾਬ ਵਿਚ ਲਗਾਉਣ ਤੋਂ ਰੋਕਣ ਲਈ ਉਹ ਫ਼ੌਰੀ ਕਦਮ ਚੁੱਕਣ ਲਈ ਸਰਕਾਰਾਂ ਨੂੰ ਮਨਾਉਂਦੇ ਅਤੇ ਕਿਸਾਨਾਂ ਨੂੰ ਹੋਰ ਬਦਲਵੀਆਂ, ਘੱਟ ਪਾਣੀ ’ਤੇ ਪਲਣ ਵਾਲੀਆਂ ਫ਼ਸਲਾਂ ਲਈ

ਉਤਸ਼ਾਹਿਤ ਕਰਦੇ ਪਰ ਉਨ੍ਹਾਂ ਅਜਿਹਾ ਕੀਤਾ ਨਹੀਂ। ਇਨ੍ਹਾਂ ਲੋਕਾਂ ਨੂੰ ਸਵਾਲ ਫਿਰ ਕੌਣ ਕਰੇਗਾ?

ਜਸਵੰਤ ਰਾਏ, ਚੰਡੀਗੜ੍ਹ

ਬਿਜਲੀ ਸੰਕਟ: ਤੱਥ ਸਹੀ ਨਹੀਂ

ਬਿਜਲੀ ਸੰਕਟ ਬਾਰੇ ਇੰਜ: ਬਲਦੇਵ ਸਿੰਘ ਸਰਾਂ ਦੇ ਲੇਖ (10 ਜੁਲਾਈ) ਸਬੰਧੀ ਇੰਜ: ਹਰਮੇਸ਼ ਕੁਮਾਰ ਦਾ 12 ਜੁਲਾਈ ਨੂੰ ਛਪਿਆ ਖ਼ਤ ਤੱਥ ਆਧਾਰਿਤ ਨਹੀਂ। ਇਹ ਗੱਲ ਸਹੀ ਨਹੀਂ ਕਿ ਇੰਜ: ਸਰਾਂ ਨੇ ਬਠਿੰਡੇ ਥਰਮਲ ਦੀ ਜ਼ਮੀਨ ਸਰਕਾਰ ਨੂੰ ਤੋਹਫ਼ੇ ਵਿਚ ਦਿੱਤੀ। ਸੱਚਾਈ ਇਹ ਹੈ ਕਿ ਉਨ੍ਹਾਂ ਨੇ ਤਾਂ ਸਰਕਾਰ ਦੀ ਇੱਛਾ ਦੇ ਉਲਟ ਫਰਵਰੀ 2020 ਵਿਚ ਬੀਓਡੀਜ਼ ਵੱਲੋਂ ਇਹ ਜ਼ਮੀਨ ਹੁਣ ਦੀ ਨਿਰਧਾਰਿਤ ਕੀਮਤ ਅਤੇ ਪੁੱਡਾ ਨੂੰ 80/20 ਮੁਨਾਫ਼ਾ ਸਕੀਮ ਅਧੀਨ ਦੇਣ ਦਾ ਮਤਾ ਪਾਸ ਕਰਵਾਇਆ। ਦੂਜਾ, ਬਠਿੰਡਾ/ਰੋਪੜ ਥਰਮਲ ਬੰਦ ਤਾਂ ਪਹਿਲੀ ਜਨਵਰੀ 2018 ਵਿਚ ਕੀਤੇ ਗਏ ਸਨ, ਇੰਜ. ਸਰਾਂ ਚੇਅਰਮੈਨ ਜੂਨ 2018 ਵਿਚ ਬਣੇ ਸਨ। ਤੀਜੇ, ਉਨ੍ਹਾਂ ਬਠਿੰਡਾ ਥਰਮਲ ਦੀ ਜਗ੍ਹਾ ’ਤੇ 100 ਮੈਗਾਵਾਟ ਸੋਲਰ ਅਤੇ 60 ਮੈਗਾਵਾਟ ਬਾਇਓਮਾਸ ਪਲਾਂਟ ਲਾਉਣ ਦੀ ਸਕੀਮ ਬਣਾਈ। ਚੌਥੇ, ਰੋਪੜ ਵਿਖੇ ਸੁਪਰ ਕ੍ਰੀਟੀਕਲ ਤਕਨੀਕ ਦੀਆਂ ਯੂਨਿਟਾਂ ਲਾਉਣ ਦੀ ਤਜਵੀਜ਼ ਬੀਓਡੀਜ਼ ਤੋਂ ਪਾਸ ਕਰਵਾ ਕੇ ਸਰਕਾਰ ਕੋਲ ਮਨਜ਼ੂਰੀ ਲਈ ਭੇਜੀ। ਉਂਜ ਵੀ ਟ੍ਰਾਂਸਮਿਸ਼ਨ ਸਮਰੱਥਾ ਪੀਐੱਸਟੀਸੀਐੱਲ ਨੇ ਵਧਾਉਣੀ ਹੁੰਦੀ ਹੈ ਪੀਐੱਸਪੀਸੀਐੱਲ ਨੇ ਨਹੀਂ।

ਗੁਰਸੇਵਕ ਸਿੰਘ ਸੰਧੂ, ਬਠਿੰਡਾ

ਵੰਡ ਦੇ ਦੁਖੜੇ

ਹਰ ਸ਼ਨਿੱਚਰਵਾਰ ਛਪਦੇ ਸਾਂਵਲ ਧਾਮੀ ਦੇ ਲੜੀਵਾਰ ‘ਵੰਡ ਦੇ ਦੁਖੜੇ’ ਦਾ ਇੰਤਜ਼ਾਰ ਰਹਿੰਦਾ ਹੈ। ਸੱਚੀਆਂ ਘਟਨਾਵਾਂ ਦੀ ਤ੍ਰਾਸਦੀ ਜਾਣ ਕੇ ਰੂਹ ਕੰਬ ਉੱਠਦੀ ਹੈ। ਇਹ ਲੇਖਕ ਦਾ ਵੱਡਾ ਹੰਭਲਾ ਹੈ ਜੋ ਵੰਡ ਵਾਲੀ ਖ਼ਤਮ ਹੋ ਰਹੀ ਪੀੜ੍ਹੀ ਰਾਹੀਂ ਇਹ ਪੀੜ ਬਿਆਨ ਕਰ ਰਿਹਾ ਹੈ।

ਸੁਖਬੀਰ ਕੌਰ, ਬਠਿੰਡਾ

ਸਾਂਝੀ ਵਿਰਾਸਤ

ਸ਼ਵਿੰਦਰ ਕੌਰ ਦਾ 14 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਸੰਦੂਕ ਦਾ ਮਾਲਕਣ’ 1947 ਦੀ ਵੰਡ ਬਾਰੇ ਇੱਧਰੋਂ ਉੱਧਰੋਂ ਵੱਸੇ ਇਕ ਪਰਿਵਾਰ ਨੂੰ ਸੰਦੂਕ ਰਾਹੀਂ ਲੱਭਣ ਦੀ ਅਸਫ਼ਲ ਪਰ ਰੂਹ ਨੂੰ ਝੰਜੋੜਨ ਵਾਲੀ ਦਾਸਤਾਨ ਹੈ। ਇਹ ਮਿਡਲ ਸਿਆਸਤ ਦੀਆਂ ਬੇਰਹਿਮ ਖੇਡਾਂ ਨੂੰ ਚੁਣੌਤੀ ਦਿੰਦਾ ਹੋਇਆ ਇਨਸਾਨੀ ਰਿਸ਼ਤਿਆਂ ਦੀ ਪਵਿੱਤਰਤਾ ਦਾ ਪਰਚਮ ਬੁਲੰਦ ਕਰਦਾ ਹੈ। 74 ਸਾਲ ਪਹਿਲਾਂ ਇੱਧਰ ਛੱਡਿਆ ਸੰਦੂਕ ਇਕ ਤਰ੍ਹਾਂ ਨਾਲ ਅਮਾਨਤ ਦੀ ਸਦੀਵੀ ਯਾਦਗਾਰ ਬਣ ਗਿਆ ਹੈ। ਇਹ ਸੰਦੂਕ ਕਿਸੇ ਅਜਾਇਬ ਘਰ ਵਿਚ ਰੱਖਣਾ ਬਣਦਾ ਹੈ ਜੋ ਦੋਵਾਂ ਮੁਲਕਾਂ ਦੀ ਸਾਂਝੀ ਵਿਰਾਸਤ ਹੈ।

ਕਰਮਜੀਤ ਸਿੰਘ, ਈਮੇਲ

ਪਾਠਕਾਂ ਦੇ ਖ਼ਤ

Jul 12, 2021

ਡੇਰਾਵਾਦ ਅਤੇ ਚੋਣਾਂ

ਜਗਰੂਪ ਸਿੰਘ ਸੇਖੋਂ ਨੇ ‘ਡੇਰੇ, ਬਾਬੇ, ਸਿਆਸਤ ਅਤੇ 2022 ਦੀਆਂ ਚੋਣਾਂ’ (10 ਜੁਲਾਈ ) ਲੇਖ ’ਚ ਡੇਰਾਵਾਦ ਦੀ ਸਿਆਸਤ/ਚੋਣਾਂ ’ਚ ਭੂਮਿਕਾ ਨੂੰ ਦਰਸਾਉਂਦੀਆਂ ਉਦਾਹਰਨਾਂ ਪੇਸ਼ ਕੀਤੀਆਂ ਹਨ। 10 ਜੁਲਾਈ ਦੇ ਖੇਤੀ ਪੰਨੇ ’ਤੇ ਇੰਜ. ਬਲਦੇਵ ਸਿੰਘ ਸਰਾਂ ਦਾ ਲੇਖ ‘ਪੰਜਾਬ ਦਾ ਬਿਜਲੀ ਸੰਕਟ ਅਤੇ ਇਸ ਦਾ ਹੱਲ’ ਬਿਜਲੀ ਸੰਕਟ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਸਰਕਾਰ ਨੂੰ ਲੇਖ ਵਿਚ ਸੁਝਾਏ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਗੁਰਮੀਤ ਸੁਖਪੁਰ, ਈਮੇਲ

ਬਿਜਲੀ ਸੰਕਟ

10 ਜੁਲਾਈ ਨੂੰ ਖੇਤੀ ਪੰਨੇ ਉੱਤੇ ਇੰਜ. ਬਲਦੇਵ ਸਿੰਘ ਸਰਾਂ ਦਾ ਲੇਖ ‘ਪੰਜਾਬ ਦਾ ਬਿਜਲੀ ਸੰਕਟ ਅਤੇ ਇਸ ਦਾ ਹੱਲ’ ਬਿਜਲੀ ਕੱਟਾਂ ਦੀ ਗੁੱਥੀ ਨੂੰ ਬਾਖ਼ੂਬੀ ਖੋਲ੍ਹਦਾ ਹੈ। ਇਸ ਸੰਕਟ ਦੀ ਜੜ੍ਹ ਪ੍ਰਾਈਵੇਟ ਥਰਮਲਾਂ ’ਤੇ ਲੋੜੋਂ ਵੱਧ ਨਿਰਭਰਤਾ ਅਤੇ ਸਰਕਾਰੀ ਥਰਮਲਾਂ ਦਾ ਸਮੇਂ ਤੋਂ ਪਹਿਲਾਂ ਭੋਗ ਪਾ ਦੇਣਾ ਹੀ ਹੈ। ਵੱਡੀ ਤਰਾਸਦੀ ਇਹ ਹੈ ਕਿ ਇਹ ਦੋਨੇ ਫ਼ੈਸਲੇ ਇਸ ਖੇਤਰ ਦੇ ਮਾਹਿਰਾਂ ਦੀ ਰਾਏ ਨੂੰ ਅੱਖੋਂ-ਪਰੋਖੇ ਕਰਕੇ ਲਾਲਫ਼ੀਤਾਸ਼ਾਹੀ ਨੇ ਕੀਤੇ। ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਇਸ ਤਰ੍ਹਾਂ ਕੀਤੇ ਗਏ, ਜਿਵੇਂ ਪੰਜਾਬ ਨੂੰ ਸਾਰਾ ਸਾਲ ਹੀ ਬਿਜਲੀ ਦੀ ਜ਼ਰੂਰਤ ਰਹੇਗੀ ਜਦੋਂ ਕਿ ਵਧੇਰੇ ਬਿਜਲੀ ਸਿਰਫ਼ ਤਿੰਨ ਮਹੀਨਿਆਂ ਲਈ ਹੀ ਚਾਹੀਦੀ ਸੀ। ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟ ਬਿਨਾ ਲਾਗਤ ਮੁੱਲ ਦੇ ਲਾਭਾਂ ਅਤੇ ਮਸ਼ੀਨਰੀ ਦੀ ਬਾਕੀ ਰਹਿੰਦੀ ਮਿਆਦ ਦਾ ਹਿਸਾਬ ਲਾਏ ਬੰਦ ਕਰ ਦਿੱਤੇ ਗਏ। ਇਨ੍ਹਾਂ ਫ਼ੈਸਲਿਆਂ ਕਰ ਕੇ ਪੰਜਾਬ ਦੇ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪਈ ਹੈ; ਇਕ ਮਹਿੰਗੀ ਬਿਜਲੀ ਦੇ ਰੂਪ ਵਿਚ ਅਤੇ ਦੂਜੀ ਬਿਜਲੀ ਦੇ ਕੱਟ ਦੇ ਰੂਪ ਵਿਚ। ਸੱਚਾਈ ਇਹ ਵੀ ਹੈ ਕਿ ਉਨ੍ਹਾਂ ਅਫ਼ਸਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਜੋ ਇਸ ਝਮੇਲੇ ਲਈ ਜ਼ਿੰਮੇਵਾਰ ਹਨ।

ਰਕੇਸ਼ ਗੁਪਤਾ, ਮੁੱਖ ਇੰਜਨੀਅਰ (ਰਿਟਾ.), ਪੀਐੱਸਪੀਸੀਐੱਲ

(2)

10 ਜੁਲਾਈ ਨੂੰ ਬਲਦੇਵ ਸਿੰਘ ਸਰਾਂ (ਸਾਬਕਾ ਐਮਡੀ, ਪੀਐੱਸਪੀਸੀਐੱਲ) ਦਾ ਲੇਖ ਪੜ੍ਹਿਆ। ਇਹ ਵੀ ਸੱਚ ਹੈ ਕਿ ਉਨ੍ਹਾਂ ਦਾ ਆਪਣਾ ਕਾਰਜਕਾਲ ਵੀ ਸਵਾਲਾਂ ਦੇ ਘੇਰੇ ਵਿਚ ਹੈ। ਉਸ ਵਕਤ ਵੀ ਇਸ ਤਰ੍ਹਾਂ ਦਾ ਕੋਈ ਸੈੱਲ ਕਾਇਮ ਨਹੀਂ ਸੀ ਕੀਤਾ ਗਿਆ ਜੋ ਆਉਣ ਵਾਲੇ ਸਮੇਂ ਦੇ ਲੋਡ ਵਾਧੇ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਵਾਈ ਕਰਨ ਬਾਰੇ ਕੋਈ ਸੁਝਾਅ ਦੇ ਸਕੇ। ਉਦੋਂ ਹੀ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਬੰਦ ਹੋਏ ਅਤੇ ਬਠਿੰਡਾ ਥਰਮਲ ਪਲਾਂਟ ਦੀ 10000 ਕਰੋੜ ਰੁਪਏ (ਮਾਰਕੀਟ ਕੀਮਤ) ਦੀ ਮਹਿੰਗੀ ਜ਼ਮੀਨ ਤੋਹਫ਼ੇ ਵਿਚ ਦਿੱਤੀ ਗਈ। ਬਿਜਲੀ ਚੋਰੀ ਘਟਾਉਣ ਵਿਚ ਵੀ ਨਾਕਾਮਯਾਬੀ ਹੀ ਮਿਲੀ। ਬਾਹਰੋਂ ਵੱਧ ਬਿਜਲੀ ਲਿਆਉਣ ਲਈ ਕੋਰੀਡੋਰ ਦੀ ਸਮਰੱਥਾ ਵਧਾਉਣ ਲਈ ਕੋਈ ਬਲਿਊ ਪ੍ਰਿੰਟ ਜਾਂ ਪਹਿਲਕਦਮੀ ਕੀਤੀ ਹੋਏ, ਲੱਗਦਾ ਨਹੀਂ। ਹਰ ਕੋਈ ਵਸੰਤ (ਐੱਨਐੱਸ) ਨਹੀਂ ਬਣ ਸਕਦਾ ਜਿਸ ਨੇ ਪ੍ਰਾਈਵੇਟ ਸੈਕਟਰ ਦੀ ਜਗ੍ਹਾ ਸਰਕਾਰੀ ਸੈਕਟਰ ਵਿਚ ਬਿਜਲੀ ਪ੍ਰਾਜੈਕਟ ਲਗਾਉਣ ਨੂੰ ਤਰਜੀਹ ਦਿੱਤੀ

ਅਤੇ ਆਉਣ ਵਾਲੇ 30 ਸਾਲਾਂ ਵਿਚ ਅਸੀਂ ਉਸ ਦੀ ਕਮਾਈ ਖਾਂਦੇ ਰਹੇ। ਅਜਿਹੇ ਹੋਰ ਵੀ ਬਹੁਤ ਨੁਕਤੇ ਹਨ ਜਿਨ੍ਹਾਂ ਕਾਰਨ ਮਹਿਕਮੇ ਨੂੰ ਭਾਰੀ ਮਾਲੀ ਨੁਕਸਾਨ ਸਹਿਣਾ ਪਿਆ।

ਹਰਮੇਸ਼ ਕੁਮਾਰ, ਮੁੱਖ ਇੰਜਨੀਅਰ (ਰਿਟਾ.) ਪੀਐੱਸਟੀਸੀਐੱਲ

ਸੰਤਾਲੀ ਦੀ ਵੰਡ ਦਾ ਦਰਦ

10 ਜੁਲਾਈ ਨੂੰ ਸਤਰੰਗ ਪੰਨੇ ਉੱਤੇ ਡਾ. ਸਾਹਿਬ ਸਿੰਘ ਦਾ ਲੇਖ ‘ਵੱਢੀ ਟੁੱਕੀ ਧਰਤ ਦੇ ਨਾਟਕ’ ਪੜ੍ਹਿਆ। ਇਸ ਲੇਖ ਵਿਚ 1947 ਦੀ ਵੰਡ ਦਾ ਵਰਨਣ ਹੈ ਅਤੇ ਉਨ੍ਹਾਂ ਨਾਟਕਾਂ ਬਾਰੇ ਚਰਚਾ ਕੀਤੀ ਗਈ ਹੈ ਜੋ ਸੰਤਾਲੀ ਦੇ ਸੰਤਾਪ ਬਾਰੇ ਹਨ। ਲੇਖਕ ਨੇ ਦੱਸਿਆ ਕਿ ਡਾ. ਆਤਮਜੀਤ ਇਸ ਕਿਤਾਬ ਜਿਸ ਵਿਚ ਨਾਟਕ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਗਏ ਹਨ, ਰਾਹੀਂ ਇਤਿਹਾਸ ਸਾਂਭ ਰਿਹਾ ਹੈ, ਪੰਜਾਬੀ ਸਾਹਿਤ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਲਿਜਾ ਰਿਹਾ ਹੈ।

ਪਾਵੇਲ ਸਿਹੋੜਾ, ਪਿੰਡ ਤੇ ਡਾਕਖਾਨਾ ਸਿਹੋੜਾ (ਲੁਧਿਆਣਾ)

ਪੌਣਾਂ ਹੱਥ ਸਲਾਮ

ਤ੍ਰੈਲੋਚਨ ਲੋਚੀ ਮੁੱਖ ਰੂਪ ਵਿਚ ਸ਼ਾਇਰ ਹੈ। ਉਸ ਦਾ 2 ਜੁਲਾਈ ਦਾ ਲੇਖ ‘ਖ਼ਰਾ ਸੌਦਾ’ ਨੂੰ ਕਵਿਤਾ ਵਰਗਾ ਹੀ ਲੱਗਿਆ। ਇਹ ਲਿਖਤ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਸੀਂ ਵੀ ਉਸ ਦੇ ਦੋਸਤ ਆਤਮਾ ਸਿੰਘ ਨੂੰ ਪੌਣਾਂ ਹੱਥ ਸਲਾਮ ਭੇਜਦੇ ਹਾਂ।

ਅਰਸ਼ਪ੍ਰੀਤ ਸਿੰਘ ਸਿੱਧੂ, ਬਠਿੰਡਾ

(2)

ਤ੍ਰੈਲੋਚਨ ਲੋਚੀ ਨੇ ‘ਖ਼ਰਾ ਸੌਦਾ’ ਵਿਚ ਖ਼ਰੀ ਸਾਖੀ ਸੁਣਾ ਕੇ ਸੋਚਣ ’ਤੇ ਮਜਬੂਰ ਕਰ ਦਿੱਤਾ। ਅੱਜ ਗ਼ਰਜ਼ਾਂ ਨਾਲ ਬੱਧੇ ਸਮਾਜ ’ਚ ਕਿੰਨੇ ਕੁ ਲੋਕ ਹਨ ਜੋ ਆਤਮਾ ਸਿੰਘ ਵਰਗਾ ਜਿਗਰਾ ਅਤੇ ਮਨ ਵਿਚ ਇੰਨੀ ਦਯਾ ਰੱਖਦੇ ਨੇ? ਅੱਜ ਦੇ ਦੌਰ ਵਿਚ ਸਾਨੂੰ ਅਜਿਹੀਆਂ ਲਿਖਤਾਂ ਦੀ ਬਹੁਤ ਲੋੜ ਹੈ ਤਾਂ ਕਿ ਸਮਾਜ ਤਕ ਸੋਹਣਾ ਸੁਨੇਹਾ ਪੁੱਜਦਾ ਰਹੇ।

ਹਰਜੋਤ ਕੌਰ ਪੂਨੀਆ, ਅਬੋਹਰ

ਨੌਜਵਾਨਾਂ ਨੂੰ ਬਿਲ ਭਰਨ ਜੋਗੇ ਕਰ ਦਿਓ...

ਮੁਫ਼ਤ ਬਿਜਲੀ ਬਾਰੇ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਪਰ ਜੇ ਸਾਰੀਆਂ ਧਿਰਾਂ ਨੌਜਵਾਨਾਂ ਜਿਹੜੇ ਪੜ੍ਹਾਈ ਕਰ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ, ਬਾਰੇ ਸੰਜੀਦਗੀ ਨਾਲ ਸੋਚਣ ਤਾਂ ਕੋਈ ਗੱਲ ਬਣ ਸਕਦੀ ਹੈ। ਰੁਜ਼ਗਾਰ ਨਾ ਹੋਣ ਕਾਰਨ ਇਹ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਧਸ ਰਹੇ ਹਨ। ਸਿਆਸੀ ਧਿਰਾਂ ਅਤੇ ਸਰਕਾਰਾਂ ਇਨ੍ਹਾਂ ਨੌਜਵਾਨਾਂ ਨੂੰ ਇੰਨੇ ਜੋਗੇ ਕਰ ਦੇਣ ਕਿ ਉਹ ਆਪਣੇ ਬਿਜਲੀ ਬਿਲ ਖ਼ੁਦ ਭਰ ਸਕਣ।

ਹਰਜਿੰਦਰ ਸਿੰਘ ਛਿੰਦਾ, ਪਿੰਡ ਨਥਾਣਾ (ਬਠਿੰਡਾ)

ਪੰਜਾਬੀ ਦੀ ਅਣਦੇਖੀ

ਸਰਬ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਨੇ ਇੰਜਨੀਅਰਿੰਗ ਦੀ ਪੜ੍ਹਾਈ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਸਮੇਤ ਅੱਠ ਭਾਰਤੀ ਭਾਸ਼ਾਵਾਂ ਤਮਿਲ, ਤੈਲਗੂ, ਬੰਗਲਾ, ਮਰਾਠੀ, ਕੰਨੜ, ਮਲਿਆਲਮ ਅਤੇ ਗੁਜਰਾਤੀ ਵਿਚ ਕਰਾਉਣ ਦੀ ਪਹਿਲ ਕੀਤੀ, ਸਰਕਾਰ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਅਜਿਹਾ ਮਾਤਭਾਸ਼ਾ ਵਿਚ ਤਕਨੀਕੀ ਸਿੱਖਿਆ ਦੀ ਜ਼ਰੂਰਤ ਦੇ ਨਜ਼ਰੀਏ ਤੋਂ ਕੀਤਾ ਗਿਆ। ਵਿਦਿਆਰਥੀ ਲਈ ਮਾਤਭਾਸ਼ਾ ’ਚ ਚੀਜ਼ਾਂ ਨੂੰ ਗ੍ਰਹਿਣ ਕਰਨਾ ਸੌਖਾ ਹੁੰਦਾ ਹੈ। ਅੰਗਰੇਜ਼ੀ ਦੇ ਸ਼ਬਦਾਂ ਦੀ ਆਪਣੀ ਭਾਸ਼ਾ ਵਿਚ ਤਰਜਮਾ ਕਰਨ ਲਈ ਦਿਮਾਗ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ। ਹੈਰਾਨੀ ਤੇ ਦੁੱਖ ਇਹ ਹੈ ਕਿ ਏਆਈਸੀਟੀਈ ਨੇ ਪੰਜਾਬੀ ਭਾਸ਼ਾ ਨੂੰ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ। ਦੱਖਣ ਦੀਆਂ ਚਾਰੇ ਭਾਸ਼ਾਵਾਂ ਸੂਚੀ ਵਿਚ ਸ਼ਾਮਲ ਹਨ। ਉੱਤਰ ਭਾਰਤ ਦੇ ਹਿੰਦੀ ਭਾਸ਼ੀ ਸੂਬਿਆਂ ਨੂੰ ਛੱਡ ਕੇ, ਜੇਕਰ ਮਹਾਰਾਸ਼ਟਰ, ਗੁਜਰਾਤ ਅਤੇ ਬੰਗਾਲ ਦੀਆਂ ਮਾਤ ਭਾਸ਼ਾਵਾਂ ਸੂਚੀ ਵਿਚ ਸ਼ਾਮਲ ਹਨ ਤਾਂ ਪੰਜਾਬ ਦੀ ਮਾਤ ਭਾਸ਼ਾ ਨੂੰ ਅਣੇਦੇਖਿਆ ਕਿਉਂ ਕੀਤਾ ਗਿਆ, ਇਹ ਸਮਝ ਤੋਂ ਬਾਹਰ ਹੈ।

ਸ਼ੋਭਨਾ ਵਿਜ, ਪਟਿਆਲਾ

ਡਾਕ ਐਤਵਾਰ ਦੀ Other

Jul 11, 2021

ਸਮਾਜ ਵਿਚ ਔਰਤ

ਚਾਰ ਜੁਲਾਈ ਦੇ ਨਜ਼ਰੀਆ ਪੰਨੇ ’ਤੇ ਲੇਖ ‘ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ’ ਵਿਚ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਜਾਤੀ ’ਤੇ ਲਾਈਆਂ ਜਾ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਦੀ ਗੱਲ ਬੜੀ ਜੁਰੱਅਤ ਨਾਲ ਕੀਤੀ ਗਈ ਹੈ। ਦਰਅਸਲ, ਇਹ ਸਮਾਜ ਇਕ ਖ਼ਾਸ ਸੀਮਾ ਤੱਕ ਹੀ ਔਰਤਾਂ ਨੂੰ ਆਜ਼ਾਦੀ ਪ੍ਰਦਾਨ ਕਰਦਾ ਹੈ। ਉਸ ਸੀਮਾ ਤੋਂ ਪਾਰ ਜਾਣ ਵਾਲੀਆਂ ਬੀਬੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਤਾਅਨੇ ਮਿਹਣੇ ਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮਾਜਿਕ ਪਾਬੰਦੀਆਂ ਨੂੰ ਵੱਖ ਵੱਖ ਰੂਪਾਂ ਵਿੱਚ ਦੇਖਿਆ ਜਾਂਦਾ ਹੈ ਤੇ ਲਵ ਜਹਾਦ ਵੀ ਇਨ੍ਹਾਂ ਵਿੱਚੋਂ ਹੀ ਇਕ ਹੈ। ਭਾਵੇਂ ਔਰਤਾਂ ਨੇ ਅੱਜ ਹਰ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ, ਪਰ ਇਸ ਖੇਤਰ ਵਿਚ ਅਜੇ ਵੀ ਉਹ ਪੂਰਨ ਰੂਪ ਵਿਚ ਆਜ਼ਾਦ ਨਹੀਂ ਹਨ। ਜਦੋਂ ਤੱਕ ਔਰਤਾਂ ਨੂੰ ਹਰ ਮਾਮਲੇ ਵਿੱਚ ਆਜ਼ਾਦ ਤੇ ਆਪਣੀ ਮਰਜ਼ੀ ਨਾਲ ਫ਼ੈਸਲੇ ਲੈਣ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਓਨਾ ਚਿਰ ਸਹੀ ਅਰਥਾਂ ਵਿੱਚ ਬਰਾਬਰੀ ਦਾ ਸਮਾਜ ਨਹੀਂ ਸਿਰਜਿਆ ਜਾ ਸਕਦਾ।

ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


(2)

ਚਾਰ ਜੁਲਾਈ ਦੇ ਅੰਕ ਵਿਚ ਲੇਖ ‘ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ’ ਪੜ੍ਹਿਆ। ਲੇਖਕ ਦੀ ਸੋਚ ਤੇ ਲਿਖਤ ਵਿਚ ਸਮਾਜ ਨੂੰ ਸੇਧ ਦੇਣ ਦਾ ਜਜ਼ਬਾ ਹੈ। ਮਨੁੱਖੀ ਅਧਿਕਾਰਾਂ ਅਨੁਸਾਰ ਔਰਤਾਂ ਨੂੰ ਵੀ ਆਪਣੇ ਫ਼ੈਸਲੇ ਲੈਣ ਦਾ ਹੱਕ ਹੈ, ਪਰ ਇਹ ਅਧਿਕਾਰ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹਨ। ਜਦੋਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਰਨ ਦਾ ਵਕਤ ਆਉਂਦਾ ਹੈ ਤਾਂ ਉਸ ਨੂੰ ਸਮਾਜ ਦਾ ਡਰ ਦੇ ਕੇ ਦਬਾਇਆ ਜਾਂਦਾ ਹੈ। ਮਰਦ ਪ੍ਰਧਾਨ ਸੋਚ ਨਾਲ ਉਹ ਦਬਾਅ ’ਚ ਕਈ ਤਰ੍ਹਾਂ ਦੇ ਫ਼ੈਸਲੇ ਕਰ ਕੇ ਨਿੱਤ ਮਰਦੀ ਹੈ। ਮਨਪਸੰਦ ਜੀਵਨ ਸਾਥੀ ਤਾਂ ਦੂਰ ਦੀ ਗੱਲ, ਕਈ ਵਾਰ ਤਾਂ ਕੱਪੜਿਆਂ ਨੂੰ ਲੈ ਕੇ ਵੀ ਪਾਬੰਦੀ ਲਾਈ ਜਾਂਦੀ ਹੈ। ਜੇਕਰ ਗੱਲ ਧਰਮ ਦੀ ਕਰੀਏ ਤਾਂ ਮੇਰੇ ਖ਼ਿਆਲ ਨਾਲ ਕੋਈ ਵੀ ਧਰਮ ਜ਼ਬਰਦਸਤੀ ਕਬੂਲ ਕਰਵਾਉਣਾ ਗੁਨਾਹ ਹੈ। ਦਰਅਸਲ, ਹਰ ਧਰਮ ਇਨਸਾਨ ਨੂੰ ਬਾਕੀ ਸਭਨਾਂ ਨਾਲ ਪ੍ਰੇਮ ਕਰਨ ਦਾ ਹੀ ਸੰਦੇਸ਼ ਦਿੰਦਾ ਹੈ। ਧਰਮ ਦੇ ਨਾਂ ’ਤੇ ਸਿਆਸੀ ਲਾਹੇ ਲੈਣਾ ਸਰਾਸਰ ਗ਼ਲਤ ਹੈ। ਧਰਮ ਦੇ ਨਾਂ ’ਤੇ ਕਿਸੇ ਦੀ ਜ਼ਿੰਦਗੀ ਖ਼ਤਮ ਕਰ ਦੇਣਾ ਸਭ ਤੋਂ ਵੱਡਾ ਪਾਪ ਹੈ। ਜ਼ਰੂਰਤ ਹੈ ਕਿ ਔਰਤਾਂ ਨੂੰ ਵੀ ਮਰਦਾਂ ਬਰਾਬਰ ਸਮਝਿਆ ਜਾਵੇ। ਔਰਤਾਂ ਨੂੰ ਵੀ ਵਿਚਾਰਾਂ ਦੀ ਆਜ਼ਾਦੀ ਦੇਣ ਦੀ ਲੋੜ ਹੈ ਤਾਂ ਕਿ ਉਹ ਵੀ ਸਕੂਨ ਨਾਲ ਜਿਊਂ ਸਕਣ।

ਹਰਵਿੰਦਰ ਕੌਰ, ਜੰਗਪੁਰਾ (ਮੁਹਾਲੀ)


ਫ਼ਿਰਕੂ ਦੁਖਾਂਤ ਦੀ ਗਾਥਾ

ਐਤਵਾਰ ਚਾਰ ਜੁਲਾਈ ਨੂੰ ਅਵਤਾਰ ਸਿੰਘ ਦਾ ਲੇਖ ‘ਖੰਨਾ ਟੁੱਕ ਦਾੜ’ ਪੜ੍ਹਿਆ। ਲੇਖਕ ਨੇ ਦਰਦਾਂ ਦੇ ਵਹਿਣੀ ਵਹਿ ਕੇ 1947 ਦੇ ਫ਼ਿਰਕੂ ਦੁਖਾਂਤ ਦੀ ਗਾਥਾ ਪੇਸ਼ ਕਰਦਿਆਂ ਉਜਾੜੇ ਕਾਰਨ ਪੰਜਾਬ ’ਚ ਇਕੱਲੇ ਰਹਿੰਦੇ ਬਲੀ ਵਰਗੇ ਜੀਅ ਦਾ ਦਰਦ ਵੀ ਪੇਸ਼ ਕੀਤਾ ਹੈ। ਸੱਚਮੁੱਚ ਹੀ ਫ਼ਿਰਕੂ ਜ਼ਹਿਰ ਕਾਰਨ ਕਿਸ ਤਰ੍ਹਾਂ ਮਨ ’ਚ ਮੋਹ ਅਪਣੱਤ ਦੀ ਬਜਾਏ ਹਵਸ ਤੇ ਹੈਵਾਨੀਅਤ ਆ ਜਾਂਦੀ ਹੈ। ਰਾਜਵਿੰਦਰ ਰੌਂਤਾ, ਮੋਗਾ


ਵਿਰਲੀ ਸ਼ਖ਼ਸੀਅਤ

ਚਾਰ ਜੁਲਾਈ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾਕਟਰ ਮਹਿੰਦਰ ਸਿੰਘ ਦਾ ਲੇਖ ‘ਪਟਿਆਲੇ ਦੀ ਤ੍ਰੈਮੂਰਤੀ’ ਪੜ੍ਹਿਆ ਜਿਸ ਰਾਹੀਂ ਆਪਣੇ ਸਮੇਂ ਦੇ ਤਿੰਨ ਮਹਾਂਪੁਰਸ਼ਾਂ, ਉੱਘੇ ਸਾਹਿਤਕਾਰ ਡਾਕਟਰ ਗੰਡਾ ਸਿੰਘ, ਉੱਘੇ ਸਮਾਜ ਸੇਵੀ ਦਸੋਂਧੀ ਰਾਮ ਕਪੂਰ ਅਤੇ ਉੱਘੇ ਡਾਕਟਰ ਖੁਸ਼ਦੇਵਾ ਸਿੰਘ ਬਾਰੇ ਜਾਣਕਾਰੀ ਵਿਚ ਵਾਧਾ ਹੋਇਆ। ਇੱਥੇ ਮੈਂ ਬੀਰ ਜੀ ਬਾਰੇ ਦੱਸਣਾ ਚਾਹੁੰਦਾ ਹਾਂ। ਮੈਂ ਜਦੋਂ 1964 ਤੋਂ 1966 ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਐਮ.ਏ. ਕਰ ਰਿਹਾ ਸਾਂ ਤਾਂ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ। ਉਨ੍ਹਾਂ ਨੇ ਪੀ.ਡਬਲਿਊ.ਡੀ. ਦੀ ਸਰਕਾਰੀ ਨੌਕਰੀ ਛੱਡ ਕੇ ਬਾਕੀ ਦਾ ਜੀਵਨ ਸਮਾਜ ਸੇਵਾ ਵਿਚ ਲਗਾ ਦਿੱਤਾ। ਉਨ੍ਹਾਂ ਦਾ ਮਕਾਨ ਪਟਿਆਲਾ ਵਿਚ ਜੌੜੀਆਂ ਭੱਟੀਆਂ ਵਿਚ ਹੋਇਆ ਕਰਦਾ ਸੀ ਜਿੱਥੋਂ ਸਮਾਜ ਸੇਵਾ ਦਾ ਕੰਮ ਕਰਦੇ ਸਨ। ਉਹ ਸਦਾ ਕਮੀਜ਼ ਅਤੇ ਧੋਤੀ ਪਾਉਂਦੇ ਸਨ ਅਤੇ ਉਨ੍ਹਾਂ ਦੇ ਪੈਰਾਂ ਵਿਚ ਜੋੜੇ ਵੀ ਨਹੀਂ ਹੁੰਦੇ ਸਨ। ਉਹ ਰਜਿੰਦਰਾ ਹਸਪਤਾਲ ਜਾਂ ਹੋਰ ਕਿਸੇ ਪਾਸੇ ਲਾਵਾਰਿਸ ਲਾਸ਼ਾਂ ਨੂੰ ਸਸਕਾਰ ਕਰਨ ਵਾਸਤੇ ਬੱਸ ਅੱਡੇ ਦੇ ਨਾਲ ਸ਼ਮਸ਼ਾਨਘਾਟ ਆਪਣੇ ਮੋਢਿਆਂ ’ਤੇ ਰੱਖ ਕੇ ਲੈ ਜਾਂਦੇ ਸਨ। ਉਨ੍ਹਾਂ ਨੇ ਆਤਮਾ ਰਾਮ ਕੁਮਾਰ ਸਭਾ ਦੀ ਸਥਾਪਨਾ ਕੀਤੀ ਜਿਸ ਵਿਚ ਸ਼ਹਿਰ ਦੇ ਉੱਘੇ ਸਮਾਜ ਸੇਵੀ ਲੋਕ ਸ਼ਾਮਲ ਸਨ। ਇਹ ਸਭਾ ਪਿੰਗਲ਼ਵਾੜਾ, ਯਤੀਮਖਾਨਾ, ਬੇਸਹਾਰਾ ਲੜਕੀਆਂ ਵਾਸਤੇ ਸਿਲਾਈ ਕੇਂਦਰ ਚਲਾਉਂਦੀ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਦੀ ਸੀ। ਸ਼ਹਿਰ ਵਿਚ ਹੋਣ ਵਾਲੇ ਧਾਰਮਿਕ ਜਲੂਸਾਂ ਵਿੱਚ ਜਲ ਸੇਵਾ ਦਾ ਕੰਮ ਵੀ ਕਰਦੇ ਸਨ। ਉਹ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਲਈ ਉਨ੍ਹਾਂ ਨੂੰ ਸਮਝਾਉਂਦੇ ਸਨ ਜਿਸ ਕਰਕੇ ਮੁੰਡੇ ਅਤੇ ਕੁੜੀਆਂ ਉਨ੍ਹਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ। ਉਨ੍ਹਾਂ ਦੀ ਮਦਦ ਨਾਲ ਬਹੁਤ ਸਾਰੇ ਬੇਸਹਾਰਾ ਲੋਕ ਉੱਚੇ ਅਹੁਦਿਆਂ ’ਤੇ ਪਹੁੰਚ ਗਏ। ਸਤਿਕਾਰ ਯੋਗ ਵੀਰ ਜੀ ਵਰਗਾ ਮਹਾਂਪੁਰਸ਼ ਪਟਿਆਲਾ ਵਿਚ ਸ਼ਾਇਦ ਹੀ ਮੁੜ ਪੈਦਾ ਹੋਏਗਾ।

ਪ੍ਰੋਫ਼ੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)

ਪਾਠਕਾਂ ਦੇ ਖ਼ਤ Other

Jul 10, 2021

ਦਿਲਫਰੇਬ ਦਲੀਪ ਕੁਮਾਰ

8 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਸੁਰਿੰਦਰ ਸਿੰਘ ਤੇਜ ਦੀ ਰਚਨਾ ‘ਦਿਲੀਪ ਕੁਮਾਰ: ਇਕ ਯੁੱਗ ਦਾ ਅੰਤ’ ਪੜ੍ਹੀ। ਦਿਲੀਪ ਕੁਮਾਰ ਨੇ ਆਪਣੀ ਅਦਾਕਾਰੀ ਦੇ ਸਿਰ ’ਤੇ ਬੜਾ ਮਾਣ-ਤਾਣ ਹਾਸਲ ਕੀਤਾ। 1951 ਵਿਚ ਸਾਡੇ ਮਾਂ ਪਿਉ ਨੇ ਮੇਰੇ ਭਰਾ ਦਾ ਨਾਂ ਫ਼ਿਲਮ ‘ਦੀਦਾਰ’ ਦੇਖ ਕੇ ‘ਦਿਦਾਰ ਸਿੰਘ’ ਰੱਖਿਆ ਸੀ। ਇਸ ਉਮਦਾ ਕਲਾਕਾਰ ਬਾਰੇ ਅਜਿਹੇ ਕਿੱਸੇ ਹੋਰ ਵੀ ਬਥੇਰੇ ਹਨ।

ਗੁਰਮੀਤ ਸਿੰਘ, ਵੇਰਕਾ

ਕਿਸਾਨ ਅੰਦੋਲਨ ਅਤੇ ਚੋਣਾਂ ਦਾ ਸੰਗਮ

ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਕਿਸਾਨ ਅਤੇ ਵਿਧਾਨ ਸਭਾ ਚੋਣਾਂ’ 6 ਤੇ 7 ਜੁਲਾਈ 2021 ਨੂੰ ਪੜ੍ਹਨ ਨੂੰ ਮਿਲਿਆ। ਉਨ੍ਹਾਂ ਕਿਸਾਨ ਅੰਦੋਲਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਰਤਾਰੇ ਦਾ ਜ਼ਿਕਰ ਕੀਤਾ ਹੈ। ਉੱਭਰ ਰਹੇ ਕੇਂਦਰੀ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੋਰਚੇ ਦੇ ਉਦੇਸ਼ਾਂ ਨੂੰ ਕਾਇਮ ਰੱਖਦਿਆਂ ਚੋਣਾਂ ਵਿਚ ਵੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਹੈ, ਇਹ ਸਮਝਣ ਦੀ ਲੋੜ ਹੈ। ਕਿਸਾਨ ਮੋਰਚੇ ਨੇ ਪੱਛਮੀ ਬੰਗਾਲ ਵਿਚ ਸਿਆਸੀ ਰੰਗ ਦਿਖਾਏ ਤੇ ਮਮਤਾ ਬੈਨਰਜੀ ਦੀ ਖੇਤਰੀ ਪਾਰਟੀ ਦੀ ਜਿੱਤ ਨੇ ਭਾਜਪਾ ਖ਼ਿਲਾਫ਼ ਸਿਆਸੀ ਮਾਹੌਲ ਪੈਦਾ ਕੀਤਾ। ਪੰਜਾਬ ਦੇ ਸਬੰਧ ਵਿਚ ਕਹਿੰਦੇ ਕਿ ਕਿਸਾਨ ਅੰਦੋਲਨ ਨੇ ਪੰਜਾਬ ਦੇ ਹਰ ਤਬਕੇ ਅੰਦਰ ਜੋ ਲਾਮਬੰਦੀ ਕੀਤੀ, ਉਸ ਦੀ ਕੋਈ ਮਿਸਾਲ ਨਹੀਂ ਹੈ। ਲੇਖਕ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਵੱਲੋਂ ਲੋਕਤੰਤਰ (ਭਾਵੇਂ ਬੁਰਜਵਾ ਲੋਕਤੰਤਰ ਹੀ) ’ਚ ਚੋਣਾਂ ਨੂੰ ਛੁਟਿਆ ਕੇ ਦੇਖਣਾ ਗ਼ਲਤੀ ਹੋਵੇਗੀ। ਲੋਕਾਂ ਦੀ ਭਲਾਈ ਵਿਉਂਤਣ ਵਿਚ ਸਟੇਟ ਦੀ ਅਹਿਮ ਭੂਮਿਕਾ ਹੁੰਦੀ ਹੈ। ਕੇਰਲ ਅਤੇ ਕੁਝ ਹੱਦ ਤੱਕ ਪੰਜਾਬ ਦੇ ਤਜਰਬੇ ਦੀ ਉਦਾਹਰਨ ਦਿੱਤੀ ਹੈ। ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਭਾਜਪਾ ਸਰਕਾਰ 2024 ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਕਿਸਾਨੀ ਮੰਗਾਂ ਸਵੀਕਾਰ ਕਰਕੇ ਕਿਸਾਨਾਂ ਨੂੰ ਨਿਰਉੱਤਰ ਕਰ ਸਕਦੀ ਹੈ। ਭਾਜਪਾ ਫਿਰ ਤਰੋ-ਤਾਜ਼ਾ ਹੋ ਕੇ ਖੇਤੀਬਾੜੀ ਅਤੇ ਸੰਘਵਾਦ ਦੀ ਤਬਾਹੀ ਕਰ ਸਕਦੀ ਹੈ। ਸੋ ਪੰਜਾਬ ਹੀ ਇਕ ਸੂਬਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਕੋਲ ਚੋਣਾਂ ਜਿੱਤਣ ਅਤੇ ਅਗਾਂਹਵਧੂ ਸਿਆਸੀ, ਆਰਥਿਕ ਅਤੇ ਸਮਾਜਿਕ ਤਬਦੀਲੀ ਲਈ ਬਿਹਤਰੀਨ ਮੌਕਾ ਹੈ ਪਰ ਸਵਾਲ ਹੈ ਕਿ ਕਿਸਾਨ ਪਹਿਲਾਂ ਸਥਾਪਤ ਸਿਆਸੀ ਪਾਰਟੀਆਂ ਵਿਚ ਵੀ ਤਾਂ ਬੈਠੇ ਹਨ ਤੇ ਉਨ੍ਹਾਂ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ। ਦੂਸਰਾ, ਜੇਕਰ ਖੇਤੀ ਵਿਰੋਧੀ ਕਾਨੂੰਨ ਅੱਜ ਰੱਦ ਹੋ ਜਾਣ ਤਾਂ ਕੀ ਫਿਰ ਕਿਸੇ ਕਿਸਾਨੀ ਸਿਆਸੀ ਮੰਚ ਬਾਰੇ ਕੋਈ ਸੋਚ ਹੈ? ਕੀ ਦੇਸ਼ ਦੇ ਫੈਡਰਲ ਢਾਂਚੇ ਦੀ ਬਹਾਲੀ ਲਈ ਇਕਸੁਰ ਰਹਿਣ ਦਾ ਮੰਤਵ ਮਿਥਿਆ ਜਾਵੇਗਾ?
ਰਸ਼ਪਾਲ ਸਿੰਘ, ਹੁਸ਼ਿਆਰਪੁਰ

ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ

5 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਗਿੱਲ ਨੇ ‘ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਅਤੇ ਚੁਣੌਤੀਆਂ’ ਲੇਖ ਵਿਚ ਚੰਗੇ ਮੁੱਦੇ ਉਠਾਏ ਹਨ। ਗ਼ੈਰ ਸਰਕਾਰੀ ਸੰਗਠਨ ਸਿੱਖਿਆ, ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿਚ ਵਧੀਆ ਕਾਰਜ ਕਰ ਰਹੇ ਹਨ ਪਰ ਅਫ਼ਸੋਸ ਕਿ ਇਮਾਨਦਾਰ ਸਮਾਜ ਸੇਵੀ ਵਰਕਰਾਂ ਦੀ ਸਰਕਾਰੇ ਦਰਬਾਰੇ ਕੋਈ ਕਦਰ ਨਹੀਂ, ਉਲਟਾ ਸਿਆਸੀ ਪਹੁੰਚ ਵਾਲੇ ਲੋਕਾਂ ਦੀਆਂ ਬਣਾਈਆਂ ਕਥਿਤ ਸੰਸਥਾਵਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਵਾਤਾਵਰਨ ਦੀ ਸਾਂਭ-ਸੰਭਾਲ ਵਿਚ ਲੱਗੀਆਂ ਸੰਸਥਾਵਾਂ ਨੂੰ ਹੱਲਾਸ਼ੇਰੀ ਦੀ ਜ਼ਰੂਰਤ ਹੈ। ਵਿਕਾਸ ਦੇ ਨਾਮ ਹੇਠ ਰਵਾਇਤੀ ਦਰਖ਼ਤਾਂ ਦੇ ਕਤਲੇਆਮ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ।

ਰਜਿੰਦਰਜੀਤ ਸਿੰਘ ਕਾਲਾਬੂਲਾ, ਸ਼ੇਰਪੁਰ (ਸੰਗਰੂਰ)

(2)

ਕੰਵਲਜੀਤ ਕੌਰ ਗਿੱਲ ਦਾ ਲੇਖ ‘ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਅਤੇ ਚੁਣੌਤੀਆਂ’ ਜਾਣਕਾਰੀ ਭਰਪੂਰ ਸੀ। ਕਰੋਨਾ ਮਹਾਮਾਰੀ ਦੌਰਾਨ ਜਦੋਂ ਸਿਹਤ ਵਿਭਾਗ ਦੇ ਹੱਥ ਖੜ੍ਹੇ ਹੋਏ ਤਾਂ ਸਮਾਜ ਸੇਵੀ ਸੰਸਥਾਵਾਂ ਨੇ ਹੀ ਅੱਗੇ ਆ ਕੇ ਸੇਵਾ ਕੀਤੀ। ਅੱਜ ਦੇ ਸਮੇਂ ਵਿਚ ਸਿਆਸਤਦਾਨਾਂ ਨੇ ਅਸਿੱਧੇ ਢੰਗ ਨਾਲ ਕਈ ਸੰਸਥਾਵਾਂ ਬਣਾਈਆਂ ਹਨ ਜਿਨ੍ਹਾਂ ਰਾਹੀਂ ਉਹ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ।

ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)

(3)

ਲੇਖ ‘ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਅਤੇ ਚੁਣੌਤੀਆਂ’ ਪੜ੍ਹ ਕੇ ਇੰਜ ਮਹਿਸੂਸ ਹੋਇਆ ਜਿਵੇਂ ਇਸ ਦੇਸ਼ ਅੰਦਰ ਲੋਕਾਂ ਨੇ ਗ਼ਰੀਬਾਂ, ਮਜ਼ਲੂਮਾਂ ਨੂੰ ਲੁੱਟਣ ਦਾ ਠੇਕਾ ਲਿਆ ਹੋਵੇ। ਪੂਰਾ ਸੰਸਾਰ ਅੱਜ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਪਰ ਕਈ ਅਖੌਤੀ ਸਮਾਜ ਸੇਵਕ ਸੰਸਥਾਵਾਂ ਬਣਾ ਕੇ ਲੋਕ ਭਲਾਈ ਦੇ ਨਾਅਰੇ ਲਗਾਉਂਦੇ ਹਨ। ਰਾਜ ਸੱਤਾ ਦੀ ਲਾਲਸਾ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕਰਦੀ ਹੈ। ਇਕ ਪਾਸੇ ਸਰਕਾਰਾਂ, ਦੂਜੇ ਪਾਸੇ ਅਜਿਹੇ ਲੋਕਾਂ ਦੇ ਕਾਫ਼ਲੇ ਆਮ ਲੋਕਾਂ ਦੀ ਭੁੱਖ ਦਾ ਫ਼ਾਇਦਾ ਚੁੱਕਣ ਦਾ ਯਤਨ ਕਰਦੇ ਹਨ। 
ਮਨਮੋਹਰ ਸਿੰਘ, ਨਾਭਾ (ਪਟਿਆਲਾ)

ਜਜ਼ਬੇ ਨੂੰ ਸਲਾਮ

2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਤ੍ਰੈਲੋਚਨ ਲੋਚੀ ਦਾ ਮਿਡਲ ‘ਖਰਾ ਸੌਦਾ’ ਪੜ੍ਹ ਕੇ ਗੁਰੂ ਨਾਨਕ ਦੇਵ ਜੀ ਦੀ ‘ਸੱਚਾ ਸੌਦਾ’ ਵਾਲੀ ਸਾਖੀ ਯਾਦ ਆ ਜਾਂਦੀ ਹੈ। ਲੇਖ ਦਾ ਮੁੱਖ ਪਾਤਰ ਆਤਮਾ ਸਿੰਘ ਭਾਵੇਂ ਲੋੜਵੰਦ ਪਰਿਵਾਰ ਨਾਲ ਸਬੰਧ ਰੱਖਦਾ ਹੈ ਪਰ ਉਹ ਦਿਲ ਦਾ ਅਮੀਰ ਹੈ। ਉਸ ਦੇ ਦਿਲ ਵਿਚ ਮਜ਼ਲੂਮਾਂ ਲਈ ਤਰਸ ਹੈ, ਯਾਰਾਂ ਦਾ ਯਾਰ ਹੈ ਅਤੇ ਆਪਣੇ ਪਿਤਾ ਲਈ ਸਤਿਕਾਰ ਹੈ। ਉਸ ਦੇ ਦੋਸਤ ਭਾਵੇਂ ਮਜ਼ਾਕ ਵਿਚ ਕਹਿੰਦੇ ਹਨ ਕਿ ਹੁਣ ਉਹ ਬਾਪੂ ਦੀ ਛਿੱਤਰ ਪਰੇਡ ਤੋਂ ਕਿਵੇਂ ਬਚੇਗਾ ਪਰ ਉਹ ਗੱਲਾਂ- ਗੱਲਾਂ ਵਿਚ ਉਨ੍ਹਾਂ ਨੂੰ ਸਭ ਸਮਝਾ ਦਿੰਦਾ ਹੈ। ਆਤਮਾ ਸਿੰਘ ਵਰਗੇ ਇਨਸਾਨਾਂ ਦੇ ਜਜ਼ਬੇ ਨੂੰ ਸਲਾਮ ਹੈ। 

ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ

(2)

ਮਿਡਲ ‘ਖਰਾ ਸੌਦਾ’ (2 ਜੁਲਾਈ) ਵਾਲਾ ਸੌਦਾ ਸੱਚਮੁਚ ਖ਼ਰਾ ਸੌਦਾ ਹੈ। ਜੇ ਆਤਮਾ ਸਿੰਘ ਵਰਗੀ ਸੋਚ ਬਹੁਗਿਣਤੀ ਦੀ ਹੋ ਜਾਵੇ ਤਾਂ ਸਭ ਨੂੰ ਸਭ ਸਹੂਲਤਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਪਰ ਅਫ਼ਸੋਸ! ਅਜਿਹੇ ਲੋਕ ਆਟੇ ਵਿਚ ਲੂਣ ਬਰਾਬਰ ਹੀ ਮਿਲਦੇ ਹਨ। 

ਕੁਲਬੀਰ ਚਾਹਲ, ਲੁਧਿਆਣਾ 

ਮੁਫ਼ਤ ਬਿਜਲੀ ਅਤੇ ਗ਼ਰੀਬ

300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਮੁੱਦੇ ’ਤੇ ਖ਼ਬਰਾਂ ਲਗਾਤਾਰ ਛਪ ਰਹੀਆਂ ਹਨ। ਮੁਫ਼ਤ ਬਿਜਲੀ ਜਾਂ ਸਬਸਿਡੀ ਨਾਲ ਬਹੁਗਿਣਤੀ ਅਮੀਰ ਲੋਕਾਂ ਨੂੰ ਫ਼ਾਇਦਾ ਹੋ ਜਾਂਦਾ ਹੈ, ਗਰੀਬ ਵਾਂਝੇ ਰਹਿ ਜਾਂਦੇ ਹਨ। ਇਹ ਗੱਲ ਸਮਾਜ ’ਚ ਜਾਤ-ਪਾਤ ਤੋਂ ਇਲਾਵਾ ਆਪਸੀ ਈਰਖ਼ਾ, ਨਫ਼ਰਤ ਵਧਾ ਰਹੀ ਹੈ। ਜੇ ਮੁਫ਼ਤ ਬਿਜਲੀ ਯੂਨਿਟ, ਸਬਸਿਡੀ ਬੰਦ ਕਰਕੇ ਬਿਜਲੀ ਦੇ ਰੇਟ ਘੱਟ ਕੀਤੇ ਜਾਣ ਤਾਂ ਪੰਜਾਬ ਦੇ ਸਾਰੇ ਲੋਕਾਂ ਲਈ ਚੰਗਾ ਰਹੇਗਾ। 

ਸੋਹਣ ਲਾਲ ਗੁਪਤਾ, ਪਟਿਆਲਾ

ਕਿਸਾਨੀ ਅੰਦੋਲਨ ਅਤੇ ਸਿਆਸੀ ਚੇਤਨਾ

5 ਜੁਲਾਈ ਦੇ ਕਾਲਮ ‘ਲਿਖਤੁਮ ਬਾਦਲੀਲ’ ਵਿਚ ਐੱਸਪੀ ਸਿੰਘ ਨੇ ਕਿਸਾਨੀ ਅੰਦੋਲਨ ਤੋਂ ਸ਼ੁਰੂ ਹੋਈ ਸਿਆਸੀ ਚੇਤਨਾ ਦਾ ਪੰਜਾਬ ਦੀਆਂ ਸੱਥਾਂ/ਚੁੱਲ੍ਹਿਆਂ ਤਕ ਪਹੁੰਚਣ ਦਾ ਜ਼ਿਕਰ ਬਾਖ਼ੂਬੀ ਕੀਤਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦੀ ਨੌਜਵਾਨੀ ਦੀ ਬੌਧਿਕਤਾ ਇਸ ਅੰਦੋਲਨ ਸਦਕਾ ਸਾਣ ’ਤੇ ਲੱਗੀ ਹੈ। ਮਾਲਵੇ ਦੇ ਬਹੁਤੇ ਪਿੰਡਾਂ ਵਿਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਘੇਰ ਕੇ ਸਿੱਧੇ ਸਵਾਲ ਪੁੱਛਣਾ, ਇਹ ਸਿਆਸੀ ਚੇਤਨਾ ਦਾ ਹੀ ਕਮਾਲ ਹੈ। ਪੰਜਾਬ ਦੀ ਜ਼ਰਖੇਜ਼ ਮਿੱਟੀ ’ਚੋਂ ਹੋਂਦ ਵਿਚ ਆਈਆਂ ਕਿਸਾਨ ਜਥੇਬੰਦੀਆਂ ਇਸ ਕਾਰਜ ਲਈ ਸ਼ਾਬਾਸ਼ ਦੀਆਂ ਹੱਕਦਾਰ ਹਨ। 

ਬਲਵੀਰ ਸਿੰਘ ਬਾਸੀਆਂ, ਪਿੰਡ ਤੇ ਡਾਕਖਾਨਾ ਬਾਸੀਆਂ ਬੇਟ (ਲੁਧਿਆਣਾ)

ਪਾਠਕਾਂ ਦੇ ਖ਼ਤ

Jul 09, 2021

ਕਿਸਾਨ-ਮਜ਼ਦੂਰ ਪੱਖੀ ਸਿਆਸਤ

6 ਅਤੇ 7 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਦੇ ਲੇਖਾਂ ਵਿਚ ਕਿਸਾਨ ਅੰਦੋਲਨ ਅਤੇ ਜਥੇਬੰਦੀਆਂ ਬਾਰੇ ਚਰਚਾ ਕੀਤੀ ਗਈ ਹੈ। ਲੇਖਾਂ ਵਿਚ ਸਹੀ ਕਿਹਾ ਗਿਆ ਹੈ ਕਿ ਪੰਜਾਬ ਨੂੰ ਪਾਰਟੀ ਆਧਾਰਿਤ ਦੀ ਥਾਂ ਨੁਮਾਇੰਦਾ ਆਧਾਰਿਤ, ਖ਼ਾਸ ਤੌਰ ’ਤੇ ਕਿਸਾਨ ਮਜ਼ਦੂਰ ਪੱਖੀ ਸਿਆਸਤ ਦੀ ਲੋੜ ਹੈ। ਪੰਜਾਬ ਦੀ ਆਰਥਿਕਤਾ ਅਤੇ ਰੁਜ਼ਗਾਰ ਸਿੱਧੇ ਤੌਰ ’ਤੇ ਪੇਂਡੂ ਖੁਸ਼ਹਾਲੀ ਨਾਲ ਜੁੜੇ ਹੋਏ ਹਨ।

ਬਲਵਿੰਦਰ ਗਿੱਲ, ਈਮੇਲ

(2)

ਪ੍ਰੋ. ਪ੍ਰੀਤਮ ਸਿੰਘ ਆਪਣੇ ਲੇਖਾਂ ਵਿਚ ਕਿਸਾਨਾਂ ਨੂੰ ਅੱਗੇ ਆਉਣ ਦੀ ਸਲਾਹ ਦੇ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਨ। ਸਹੀ ਕਿਹਾ ਹੈ, ਜੇ ਹੁਣ ਪੰਜਾਬ ਨੂੰ ਕਿਸੇ ਤੋਂ ਆਸ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬਹੁਤੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਆਪਣੇ ਆਕਾਵਾਂ ਅਨੁਸਾਰ ਹੀ ਕੰਮ ਕਰਨਗੀਆਂ। ਉਂਜ ਲੇਖਕ ਦੇ ਕਹੇ ਅਨੁਸਾਰ ਕਿਸਾਨ ਜਥੇਬੰਦੀਆਂ ਅੱਗੇ ਲੱਗ ਕੇ ਉਸਾਰੂ ਭੂਮਿਕਾ ਨਿਭਾਅ ਸਕਦੀਆਂ ਹਨ।

ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਅਕਿਰਤਘਣਤਾ ਨੂੰ ਬਖ਼ਸ਼ਣਾ ਹੀ ਬਿਹਤਰ

6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦੀ ਰਚਨਾ ‘ਚੇਤਿਆਂ ’ਚੋਂ ਕਿਰਦੀ ਦਾਸਤਾਂ…’ ਵਧੀਆ ਸੀ। ਲੇਖਕ ਦੀ ਜਾਣ-ਪਛਾਣ ਵਾਲੀ ਅਧਿਆਪਕਾਂ ਨੇ ਕਾਲੇ ਸਮਿਆਂ ਦੌਰਾਨ ਲੇਖਕ ਦੇ ਕੀਤੇ ਪਰਉਪਕਾਰ ਨੂੰ ਭੁਲਾ ਕੇ ਅਕਿਰਤਘਣਤਾ ਦਾ ਪ੍ਰਗਟਾਵਾ ਕੀਤਾ ਹੈ। ਜਜ਼ਬਾਤੀ ਅਤੇ ਸੁਹਿਰਦ ਇਨਸਾਨ ਦੇ ਦਿਲ ਨੂੰ ਇਸ ਹਾਲ ’ਚ ਠੇਸ ਲੱਗਣਾ ਸੁਭਾਵਿਕ ਹੈ ਪਰ ਇਸ ਦਾ ਇਲਾਜ ਗੁਰਬਾਣੀ ਤੋਂ ਸੇਧ ਲੈ ਕੇ ਅਕਿਰਤਘਣ ਨੂੰ ਖ਼ਿਮਾ ਕਰਨਾ ਅਤੇ ਬਦਲਾ ਲੈਣ ਦੀ ਥਾਂ ਉਸ ਦਾ ਭਲਾ ਲੋਚਣਾ ਅਤੇ ਮੌਕਾ ਮਿਲੇ ’ਤੇ ਭਲਾ ਕਰਨਾ ਹੀ ਸਹੀ ਦਿਸ਼ਾ ’ਚ ਪੁੱਟਿਆ ਕਦਮ ਹੈ। ਗੁਰਬਾਣੀ ਦੇ ਵਾਕ ਹਨ : ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨਾ ਹਢਾਇ।। (ਪੰਨਾ 1381) ਅਤੇ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ।।’’ (ਪੰਨਾ 47)

ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)

ਮੌਨਸੂਨ ਬਾਰੇ ਗੱਲਾਂ

6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਮੌਨਸੂਨ ਨੂੰ ਉਡੀਕਦਿਆਂ’ ਪੜ੍ਹਿਆ। ਲੇਖਕ ਨੇ ਮੌਨਸੂਨ ਨਾਲ ਸਬੰਧਿਤ ਹਰ ਗੱਲ ਬੜੀ ਬਰੀਕੀ ਨਾਲ ਕੀਤੀ ਹੈ। ਤਲਾਅ, ਟੋਭਿਆਂ ਅਤੇ ਕੁਦਰਤੀ ਜਲ ਕੁੰਡਾਂ ਦੇ ਖਾਤਮੇ ਕਾਰਨ ਪੈਦਾ ਹੋ ਰਹੇ ਖ਼ਤਰੇ ਤੋਂ ਵੀ ਸੁਚੇਤ ਕੀਤਾ ਗਿਆ ਹੈ। ਪਾਣੀ ਦੀ ਸਮੱਸਿਆ ਦੇ ਹੱਲ ਲਈ ਕੁਝ ਤਰੀਕੇ ਵੀ ਸੁਝਾਏ ਗਏ ਹਨ। 5 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਹਰਜਿੰਦਰ ਸਿੰਘ ਗੁਲਪੁਰ ਦਾ ਮਿਡਲ ‘ਟੋਕਰੇ ਵਰਗੇ ਸ਼ਹਿਰ ਤੋਂ ਗੁਲਪੁਰ ਤਕ’ ਪੜ੍ਹ ਕੇ 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਏ ਦੰਗਿਆਂ ਦੌਰਾਨ ਉਜੜੇ ਮਿਸਤਰੀ ਪਰਿਵਾਰ ਦੀ ਕਹਾਣੀ ਬਾਰੇ ਪਤਾ ਲੱਗਿਆ ਹੈ। ਬੜੀਆਂ ਦਿਲਚਸਪ ਗੱਲਾਂ ਹਨ ਪਰ ਲੇਖਕ ਕਿਤੇ ਕਿਤੇ ਮੁੱਦੇ ਤੋਂ ਪਾਸੇ ਵੀ ਹਟ ਜਾਂਦਾ ਹੈ ਪਰ ਇਹ ਮਸਲਾ ਅਣਗੌਲਿਆ ਕੀਤਾ ਜਾ ਸਕਦਾ ਹੈ।

ਸਰਵਰ ਬਰਗਾੜੀ, ਫਰੀਦਕੋਟ

ਲਖਨਊ ਦੀ ਦਾਸਤਾਂ

ਸੁਰਿੰਦਰ ਸਿੰਘ ਤੇਜ ਪਾਠਕਾਂ ਨੂੰ ਨਵੀਆਂ ਪ੍ਰਕਾਸ਼ਨਾਵਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ। 5 ਜੁਲਾਈ ਨੂੰ ਉਨ੍ਹਾਂ ਨੇ ‘ਏ ਸ਼ੈਡੋ ਆਫ਼ ਦਿ ਪਾਸਟ: ਏ ਸ਼ਾਰਟ ਬਾਇਓਗਰਾਫ਼ੀ ਆਫ਼ ਲਖਨਊ’ ਬਾਰੇ ਜਾਣਕਾਰੀ ਦਿੱਤੀ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਚੰਗਾ ਰਹੇਗਾ ਕਿ ਨੈਸ਼ਨਲ ਬੁੱਕ ਟਰਸਟ, ਦਿੱਲੀ ਨੇ 1971 ਦੇ ਸਾਲ ਪੰਜਾਬੀ ਵਿਚ ਅਬਦੁਲ ਹਲੀਮ ‘ਸ਼ਰਰ’ ਲਿਖਤ 372 ਪੰਨਿਆਂ ਦੀ ਕਿਤਾਬ ‘ਕਲ੍ਹ ਦਾ ਲਖਨਊ’ ਛਾਪੀ ਸੀ। ਲਖਨਊ ਉੱਪਰ ਇਸ ਵਰਗੀ ਕਿਤਾਬ ਅਜੇ ਤਕ ਲਿਖੀ ਨਹੀਂ ਗਈ। ਮੂਲ ਉਰਦੂ ਵਿਚ ਸੀ ‘ਗੁਜ਼ਸ਼ਤਾ ਲਖਨਊ’, ਗੁਜ਼ਸ਼ਤਾ ਮਾਇਨੇ ਬੀਤਿਆ ਕੱਲ੍ਹ। ਇਹ ਭਾਰਤ ਦੀਆਂ ਸਾਰੀਆਂ ਜ਼ਬਾਨਾਂ ਵਿਚ ਛਪੀ ਸੀ। ਵਿਚੋਂ ਦੀ ਖ਼ਤਮ ਹੋ ਗਈ ਸੀ, ਹੁਣ ਮੁੜ ਛਾਪ ਦਿੱਤੀ ਹੈ।

ਡਾ. ਹਰਪਾਲ ਸਿੰਘ ਪੰਨੂ, ਪਟਿਆਲਾ

ਸਿਆਸਤ ਅਤੇ ਬੁੱਧੀਜੀਵੀ

5 ਜੁਲਾਈ ਦੇ ਅੰਕ ਵਿਚ ਐੱਸਪੀ ਸਿੰਘ ਦੀ ਲਿਖਤ ‘ਲੜਾਈਆਂ ਗਹਿ-ਗੱਚ ਹੋਣਗੀਆਂ’ ਪੜ੍ਹਿਆ। ਲੇਖਕ ਵੋਟਾਂ ਦੀ ਸਿਆਸਤ ਦੇ ਮਾਹੌਲ ਵਿਚ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗਹਿ-ਗੱਚ ਵਿਚਾਰ ਵਟਾਂਦਰੇ ਹੁੰਦੇ ਦੇਖਣ ਦੇ ਤਲਬਗ਼ਾਰ ਹੈ ਪਰ ਸਿਆਸੀ ਪਾਰਟੀਆਂ ਲੋਕ ਸਰੋਕਾਰਾਂ ਨੂੰ ਦਰਕਿਨਾਰ ਕਰਨ ਦੀ ਤਾਕ ਵਿਚ ਹਨ। ਦੇਸ਼ ਵਿਚ ਚੱਲ ਰਿਹਾ ਵੱਡਾ ਕਿਸਾਨ ਅੰਦੋਲਨ ਸਿਆਸਤ ਦੀ ਦਿਸ਼ਾ ਬਦਲੇ ਜਾਣ ਦੀ ਜ਼ੋਰਦਾਰ ਮੰਗ ਕਰ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਸਿਆਸੀ ਬਿਰਤਾਂਤ ਬਦਲੇ ਜਾਣ ਵਾਸਤੇ ਮਜਬੂਰ ਕਰਨ ਲਈ ਬੁੱਧੀਜੀਵੀ ਵਰਗ ਸਿਰ ਹੁਣ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਦੇ ਪ੍ਰਸੰਗ ’ਚ ਮੁੱਦਿਆਂ ਨੂੰ ਸਿਆਸਤ ਦੇ ਕੇਂਦਰ ’ਚ ਲਿਆਉਣ ਦੀ ਜ਼ਰੂਰਤ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)

ਅੱਖਾਂ ਨਮ

ਤ੍ਰੈਲੋਚਨ ਲੋਚੀ ਦਾ ਮਿਡਲ ‘ਖ਼ਰਾ ਸੌਦਾ’ (2 ਜੁਲਾਈ) ਨੇ ਅੱਖਾਂ ਨਮ ਕਰ ਦਿੱਤੀਆਂ। ਕਿੱਥੇ ਤੰਗੀ-ਤੁਰਸ਼ੀ ਕਾਰਨ ਆੜ੍ਹਤੀਏ ਤੋਂ ਫੜੀ ਰਕਮ, ਤੇ ਕਿੱਥੇ ਪੂਰੀ ਦੀ ਪੂਰੀ ਰਕਮ ਗੁੰਗੇ-ਬੋਲ਼ੇ ਬੱਚਿਆਂ ਦੇ ਪੱਲੇ ਪਾ ਦੇਣੀ। ਆਤਮਾ ਸਿੰਘ ਵਰਗੇ ਲੋਕਾਂ ਨੂੰ ਦਿਲੋਂ ਸਲਾਮ ਹੈ।

ਕੁਲਵੰਤ ਸਿੰਘ, ਬਠਿੰਡਾ

ਫੁੱਟਬਾਲ ਦਾ ਸ਼ੁਦਾਅ

7 ਜੁਲਾਈ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ’ਤੇ ਹਰਜੀਤ ਅਟਵਾਲ ਦਾ ਲੇਖ ‘ਫੁੱਟਬਾਲ ਦਾ ਸ਼ੁਦਾਅ’ ਇੰਗਲੈਂਡ ਵਿਚ ਆਮ ਲੋਕਾਂ ਦੀ ਫੁੱਟਬਾਲ ਦੀ ਦੀਵਾਨਗੀ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਲੇਖਕ ਨੇ ਯੂਕੇ ਦੇ ਫੁੱਟਬਾਲ ਇਤਿਹਾਸ ਦੀ ਚਰਚਾ ਬੜੇ ਹੀ ਰੌਚਿਕ ਢੰਗ ਨਾਲ ਕੀਤੀ, ਜਿਵੇਂ ਫੁੱਟਬਾਲ ਦੀ ਸ਼ੁਰੂਆਤ, ਫੁੱਟਬਾਲ ਐਸੋਸੀਏਸ਼ਨਾਂ, ਕਲੱਬਾਂ ਦੇ ਗਠਨ ਦੇ ਨਾਲ ਨਾਲ ਸੰਸਾਰ ਕੱਪ ਵਿਚ ਯੂਕੇ ਦੀ ਸ਼ਮੂਲੀਅਤ ਆਦਿ। ਇਸ ਦੇ ਨਾਲ ਹੀ ਪੰਜਾਬੀਆਂ ਦਾ ਖੇਡ ਸਭਿਆਚਾਰ ਤੋਂ ਗੁਰਦੁਆਰਿਆਂ ਦੀ ਰਾਜਨੀਤੀ ਵਿਚ ਤਬਦੀਲ ਹੋਣਾ ਅਤੇ ਭਾਰਤ ਵਿਚ ਕਦੇ ਮਸ਼ਹੂਰ ਰਹੀ ਫੁੱਟਬਾਲ ਅਤੇ ਹਾਕੀ ਦੀ ਖੇਡ ਦੀ ਜਗ੍ਹਾ ਕ੍ਰਿਕਟ ਦਾ ਹਾਵੀ ਹੋਣਾ ਲੇਖਕ ਦੀ ਚਿੰਤਾ ਉਜਾਗਰ ਕਰਦਾ ਸੀ।

ਡਾ. ਗੁਰਇਕਬਾਲ ਸਿੰਘ ਬੋਦਲ, ਦਸੂਹਾ (ਹੁਸ਼ਿਆਰਪੁਰ)

ਪਾਠਕਾਂ ਦੇ ਖ਼ਤ

Jul 05, 2021

ਮੁਫ਼ਤ ਸਹੂਲਤਾਂ ਅਤੇ ਕਿਰਤ

74 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਪਰ ਸਾਡੀਆਂ ਸਰਕਾਰਾਂ ਤੇ ਲੀਡਰਾਂ ਤੋਂ ਅਜੇ ਤੱਕ ਗਲੀਆਂ, ਨਾਲੀਆਂ ਵੀ ਪੱਕੀਆਂ ਨਹੀਂ ਹੋਈਆਂ, ਨਾ ਸੜਕਾਂ ਬਣੀਆਂ ਹਨ। ਵੋਟਾਂ ਵੇਲੇ ਬਹੁਤ ਵਧ-ਚੜ੍ਹ ਕੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਪਰ ਕੀ ਮੁਫ਼ਤ ਚੀਜ਼ਾਂ ਦੇ ਕੇ ਸਾਨੂੰ ਕਿਰਤ ਤੋਂ ਦੂਰ ਨਹੀਂ ਕੀਤਾ ਜਾ ਰਿਹਾ? ਰੁਜ਼ਗਾਰ ਦੇ ਸਾਧਨ ਕਿਉਂ ਨਹੀਂ ਪੈਦਾ ਕੀਤੇ ਜਾਂਦੇ? ਲੋਕਾਂ ਨੂੰ ਮੁਫ਼ਤ ਸਹੂਲਤਾਂ ਦੀ ਕੋਈ ਲੋੜ ਨਹੀਂ, ਉਨ੍ਹਾਂ ਨੂੰ ਰੁਜ਼ਗਾਰ ਚਾਹੀਦਾ ਹੈ, ਸਮੇਂ ਸਿਰ ਸਹੂਲਤ ਚਾਹੀਦੀ ਹੈ। ਸਿਆਸਤਦਾਨ ਲੋਕਾਂ ਨੂੰ ਮੰਗਤੇ ਬਣਾਉਣਾ ਛੱਡਣ।

ਹਰਪ੍ਰੀਤ ਸਿੰਘ ਪੱਤੋ, ਪਿੰਡ ਪੱਤੋ ਹੀਰਾ ਸਿੰਘ


ਫ਼ਿਲਮੀ ਯੋਗਦਾਨ

3 ਜੁਲਾਈ ਦੇ ‘ਸਤਰੰਗ’ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦਾ ਲੇਖ ‘ਉੱਘਾ ਪੰਜਾਬੀ ਹਿਦਾਇਤਕਾਰ ਸ਼ਾਂਤੀ ਪ੍ਰਕਾਸ਼ ਬਖ਼ਸ਼ੀ’ ਜਾਣਕਾਰੀ ਭਰਪੂਰ ਸੀ। ਲੇਖ ਵਿਚ ‘ਡਾਇਰੈਕਟਰ’ ਸ਼ਬਦ ਦੀ ਜਗ੍ਹਾ ‘ਹਿਦਾਇਤਕਾਰ’ ਸ਼ਬਦ ਚੰਗਾ ਲੱਗਿਆ। ਮੈਂ ਭਾਵੇਂ ਫ਼ਿਲਮਾਂ ਵਿਚ ਘੱਟ ਰੁਚੀ ਰੱਖਦਾ ਹਾਂ ਪਰ ‘ਕੌਡੇ ਸ਼ਾਹ’ ਅਤੇ ‘ਸੱਸੀ ਪੁਨੂੰ’ ਵਰਗੀਆਂ ਫ਼ਿਲਮਾਂ ਦੇਣ ਵਾਲੇ ਇਸ ਪੰਜਾਬੀ ਬੰਦੇ ਦੇ ਫ਼ਿਲਮ ਉਦਯੋਗ ਵਿਚ ਪਾਏ ਯੋਗਦਾਨ ਬਾਰੇ ਪੜ੍ਹ ਕੇ ਸਕੂਨ ਜਿਹਾ ਮਿਲਿਆ। ਇਸੇ ਪੰਨੇ ’ਤੇ ਗੁਰਸ਼ਰਨ ਸਿੰਘ ਕੁਮਾਰ ਦਾ ਲੇਖ ‘ਬਚਪਨ ਅਤੇ ਸੰਸਕਾਰ’ ਬੱਚੇ ਦੇ ਜੀਵਨ ’ਤੇ ਕੁਦਰਤ, ਮਾਂ-ਬਾਪ, ਪਰਿਵਾਰ, ਸਮਾਜ ਅਤੇ ਆਲੇ-ਦੁਆਲੇ, ਧਰਮ ਅਤੇ ਵਿਸ਼ੇਸ਼ ਸੰਗਤ ਦੇ ਅਸਰ ਨੂੰ ਬਾਖ਼ੂਬੀ ਬਿਆਨ ਕਰਦਾ ਸੀ।

ਡਾ. ਗੁਰਇਕਬਾਲ ਸਿੰਘ ਬੋਦਲ, ਦਸੂਹਾ (ਹੁਸ਼ਿਆਰਪੁਰ)


ਵੱਡਾ ਸੁਨੇਹਾ

2 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਤ੍ਰੈਲੋਚਨ ਲੋਚੀ ਦਾ ਮਿਡਲ ‘ਖ਼ਰਾ ਸੌਦਾ’ ਪੜ੍ਹ ਕੇ ਮਹਿਸੂਸ ਹੋਇਆ ਕਿ ਅਜੇ ਵੀ ਸਾਡੇ ਸਮਾਜ ਵਿਚ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹਾਜ਼ਰ ਨੇ ਜੋ ਕਿਸੇ ਦੀ ਪੀੜ ਨੂੰ ਆਪਣੀ ਪੀੜ ਸਮਝ ਕੇ ਉਨ੍ਹਾਂ ਦੀ ਮਦਦ ਕਰਦੇ ਨੇ। ਇਸ ਲੇਖ ਦੇ ਪਾਤਰ ਆਤਮਾ ਸਿੰਘ ਵਰਗੇ ਲੋਕਾਂ ਦੀ ਉੱਚੀ ਸੁੱਚੀ ਸੋਚ ਤੋਂ ਅਸੀਂ ਕਿਣਕਾ-ਮਾਤਰ ਵੀ ਕੁਝ ਗ੍ਰਹਿਣ ਕਰ ਲਈਏ ਤਾਂ ਅਸੀਂ ਵੀ ਕਿਸੇ ਦੀਨ, ਦੁਖੀਏ ਤੇ ਲੋੜਵੰਦ ਦੀ ਬਾਂਹ ਫੜ ਸਕਦੇ ਹਾਂ। ਇਸ ਲੇਖ ਦਾ ਸੁਨੇਹਾ ਬਹੁਤ ਵੱਡਾ ਹੈ।

ਮਨਵੀਨ ਕੌਰ, ਜਲੰਧਰ


ਜੋੜ ਮੇਲਣ ਵਾਲੇ

ਪਹਿਲੀ ਜੁਲਾਈ ਦਾ ਮਿਡਲ ‘ਰਿਸ਼ਤਿਆਂ ਦੀ ਤੰਦ ਤਾਣੀ’ (ਸੁਪਿੰਦਰ ਸਿੰਘ ਰਾਣਾ) ਉਲਝੇ ਰਿਸ਼ਤਿਆਂ ਦੇ ਜੋੜ ਮੇਲਣ ਵਾਲਾ ਹੈ। ਸੱਚ ਹੀ ਅਸੀਂ ਜਿਊਂਦੇ ਜੀਅ ਗਿਲੇ ਸ਼ਿਕਵੇ ਲੈ ਕੇ ਮੂੰਹ ਫੁਲਾਈ ਬੈਠੇ ਰਹਿੰਦੇ ਹਾਂ, ਫਿਰ ਕਿਸੇ ਦੇ ਤੁਰ ਜਾਣ ਪਿੱਛੋਂ ਸਭ ਇਕੱਠੇ ਵੀ ਹੋ ਜਾਂਦੇ ਹਾਂ। ਇਹ ਲੇਖ ਰਿਸ਼ਤਿਆਂ ਦੀ ਤੰਦ ਤਾਣੀ ਸੁਲਝਾਉਣ ਵਿਚ ਪਹਿਲਕਦਮੀ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਰਾਜਵਿੰਦਰ ਰੌਂਤਾ, ਮੋਗਾ


ਜਥੇਦਾਰ ਦਾ ਬਿਆਨ

ਕਸ਼ਮੀਰ ਦੇ ਸਿੱਖ-ਮੁਸਲਿਮ ਜੋੜੇ ਦੇ ਵਿਆਹ ਦੇ ਲੋਕਲ ਜਿਹੇ ਝਗੜੇ ਨੂੰ ਦਿੱਤੇ ਰਾਜਨੀਤਕ ਰੰਗ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਸਮਝ ਤੋਂ ਪਰ੍ਹੇ ਹੈ। ਜਥੇਦਾਰ ਜੀ ਵੱਲੋਂ ਜੰਮੂ ਕਸ਼ਮੀਰ ਦੇ ਗਵਰਨਰ ਨੂੰ ਪੱਤਰ ਲਿਖਣਾ ਅਤੇ ਧਰਮ ਪਰਿਵਰਤਨ ਬਾਰੇ ਸਖ਼ਤ ਕਾਨੂੰਨ ਬਣਾਉਣ ਲਈ ਕਹਿਣ ਦੇ ਨਾਲ ਨਾਲ ਚਿੱਠੀ ਵਿਚ ਇਸ ਮਸਲੇ ਨੂੰ ਨਜਿੱਠਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਵਫ਼ਦ ਭੇਜਣ ਦਾ ਜ਼ਿਕਰ, ਇਸ ਗੱਲ ਦੇ ਸਪੱਸ਼ਟ ਪ੍ਰਮਾਣ ਹਨ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਿਲਾਉਣ ਵਾਲੇ ਸਿਆਸੀ ਦਲ ਵੱਲੋਂ ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ ਪਰ ਢਿੱਡੋਂ ਇਹ ਅਜੇ ਵੀ ਇਕੋ ਹੀ ਹਨ।

ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ


ਜਲ ਹੀ ਜੀਵਨ

ਜਿਉਂ ਹੀ 10 ਜੂਨ ਆਈ, ਅਸੀਂ ਆਪਣੇ ਨਿੱਜ ਲਈ ਧਰਤੀ ਵਿਚੋਂ ਪਾਣੀ ਖਿੱਚਣਾ ਸ਼ੁਰੂ ਕਰ ਦਿੱਤਾ। ਅਸੀਂ ਆਪਣੇ ਹੱਕਾਂ ਲਈ ਦਿੱਲੀ ਤਾਂ ਹਿੱਕ ਡਾਹੀ ਬੈਠੇ ਹਾਂ ਪਰ ਪਾਣੀ ਬਚਾਉਣ ਲਈ ਅਵੇਸਲੇ ਕਿਉਂ? ਪਾਣੀ ਬਚਾਉਣ ਲਈ ਜੇ ਝੋਨੇ ਦਾ ਬਦਲ ਨਾ ਲੱਭਿਆ ਗਿਆ ਤਾਂ ਅਸੀਂ ਜਲਦੀ ਹੀ ਪਾਣੀ ਖ਼ਤਮ ਕਰ ਲਵਾਂਗੇ ਅਤੇ ਪੰਜਾਬ ਰੇਗਿਸਤਾਨ ਬਣ ਜਾਵੇਗਾ। ਦੇਖਦੇ ਹੀ ਦੇਖਦੇ ਪਾਣੀ ਡੇਢ ਸੌ ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। ਹੁਣ ਧਰਤੀ ਸਿੱਲ੍ਹੀ ਨਹੀਂ, ਸੁੱਕੀ ਰੱਕੜ ਬਣੀ ਪਈ ਹੈ। ਜਲ ਤੋਂ ਬਗ਼ੈਰ ਜੀਵਨ ਅਸੰਭਵ ਹੈ।

ਜਸਬੀਰ ਦੱਧਾਹੂਰ, ਪਿੰਡ ਤੇ ਡਾਕਖਾਨਾ ਦੱਧਾਹੂਰ (ਲੁਧਿਆਣਾ)


ਅਕਾਲੀ ਦਲ ਦੇ ਮੁਜ਼ਾਹਰਿਆਂ ਦਾ ਸੱਚ

ਅਕਾਲੀ ਦਲ ਦੇ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰੇ ਨਿਰਾ ਪਾਖੰਡ ਹੈ। ਬਠਿੰਡਾ, ਰੋਪੜ ਤੇ ਮੁਹੱਬਤ ਲਹਿਰਾ ਸਰਕਾਰੀ ਥਰਮਲਾਂ ਦੇ ਹੁੰਦਿਆਂ ਗੋਇੰਦਵਾਲ, ਤਲਵੰਡੀ ਸਾਬੋ ਅਤੇ ਰਾਜਪੁਰਾ ਵਿਚ ਪ੍ਰਾਈਵੇਟ ਥਰਮਲ ਲਗਵਾਉਣੇ ਅਤੇ ਮਹਿੰਗੀ ਬਿਜਲੀ ਖਰੀਦਣਾ ਬਿਨਾ ਸ਼ੱਕ ਪ੍ਰਾਈਵੇਟ ਥਰਮਲਾਂ ਦੇ ਮਾਲਕਾਂ ਨੂੰ ਦਿੱਤੀ ਛੋਟ ਹੀ ਹੈ। ਇਹ ਥਰਮਲ ਬਿਜਲੀ ਮਹਿੰਗੀ ਤਾਂ ਵੇਚਦੇ ਹੀ ਹਨ, ਇਨ੍ਹਾਂ ਅੰਦਰ ਕੰਮ ਕਰਦੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਬਹੁਤ ਘੱਟ ਤਨਖ਼ਾਹ ਦੇ ਕੇ ਉਨ੍ਹਾਂ ਦਾ ਖ਼ੂਨ ਵੀ ਚੂਸਦੇ ਹਨ।

ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

ਪਾਠਕਾਂ ਦੇ ਖ਼ਤ

Jul 03, 2021

ਪ੍ਰਾਈਵੇਟ ਅਦਾਰਿਆਂ ’ਤੇ ਨਿਰਭਰਤਾ ਫਲਾਪ

2 ਜੁਲਾਈ ਦੇ ਸੰਪਾਦਕੀ ‘ਬਿਜਲੀ ਸੰਕਟ’ ਵਿਚ ਬਿਜਲੀ ਸੰਕਟ ਦਾ ਮੁੱਦਾ ਉਠਾਇਆ ਗਿਆ ਹੈ। ਅੱਜ ਪੰਜਾਬ ਵਿਚ ਬਿਜਲੀ ਦਾ ਸੰਕਟ ਬਹੁਤ ਗਹਿਰਾਇਆ ਹੋਇਆ ਹੈ। ਸੂਬੇ ਭਰ ਵਿਚ ਹਾਹਾਕਾਰ ਮੱਚੀ ਹੋਈ ਹੈ। ਭਾਰਤ ਭਰ ਵਿਚ ਮਹਿੰਗੇ ਭਾਅ ਬਿਜਲੀ ਖਰੀਦਦੇ ਲੋਕ ਬਿਜਲੀ ਕੱਟ ਦੀ ਮਾਰ ਸਹਿ ਰਹੇ ਹਨ। ਥਾਂ ਥਾਂ ਜਾਮ ਲੱਗ ਰਹੇ ਨੇ। ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਅਤੇ ਗਰਮੀ ਦੌਰਾਨ ਬਿਜਲੀ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਕੋਈ ਉਚੇਚੇ ਅਤੇ ਅਗਾਊਂ ਪ੍ਰਬੰਧ ਨਹੀਂ ਕੀਤੇ। ਜੋ ਗੱਲ ਹੁਣ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਸਰਕਾਰ ਨੇ ਸਾਰਾ ਦਾਰੋਮਦਾਰ ਪ੍ਰਾਈਵੇਟ ਅਦਾਰਿਆਂ ਦੇ ਹੱਥ ਦਿੱਤਾ ਹੈ, ਉਹ ਬਿਲਕੁਲ ਫ਼ਲਾਪ ਸਿੱਧ ਹੋ ਰਿਹਾ ਹੈ। ਹੁਣ ਲੋੜ ਹੈ ਬਠਿੰਡਾ ਥਰਮਲ ਪਲਾਂਟ ਜਿਸ ਨੂੰ ਬੰਦ ਕਰਨ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਮੁਰੰਮਤ ਕੀਤਾ ਗਿਆ ਸੀ, ਦੁਬਾਰਾ ਚਲਾਇਆ ਜਾਵੇ।
ਅਮਰਜੀਤ ਸਿੰਘ ਅਮਨੀਤ, ਈਮੇਲ


ਆਰਥਿਕ ਨੀਤੀਆਂ ਦੀ ਮਾਰ

2 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਕਾਸ਼ਿਤ ਡਾ. ਸੁਖਦੇਵ ਸਿੰਘ ਦਾ ਲੇਖ ‘ਨਵੀਆਂ ਆਰਥਿਕ ਨੀਤੀਆਂ ਦੇ ਤਿੰਨ ਦਹਾਕੇ’ ਪੜ੍ਹਨ ’ਤੇ ਪਤਾ ਲੱਗਦਾ ਹੈ ਕਿ ਜੁਲਾਈ 1991 ਵਿਚ ਲਾਗੂ ਕੀਤੀਆਂ ਨਵੀਆਂ ਆਰਥਿਕ ਨੀਤੀਆਂ ਜਿਨ੍ਹਾਂ ਨੂੰ ਨਵਉਦਾਰਵਾਦੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨਾਲ ਸਾਧਾਰਨ ਇਨਸਾਨ ਦੀ ਜ਼ਿੰਦਗੀ ਰੁਕ ਗਈ ਹੈ। ਇਸ ਦੇ ਉਲਟ ਪੂੰਜੀਪਤੀ ਘਰਾਣਿਆਂ ਦਾ ਸਰਮਾਇਆ ਕੌੜੀ ਵੇਲ ਵਾਂਗ ਵਧ ਰਿਹਾ ਹੈ। ਇਉਂ ਆਰਥਿਕ ਪਾੜਾ ਵਧਣ ਦੇ ਨਾਲ ਨਾਲ ਸਮਾਜ ਵਿਚ ਗ਼ਰੀਬੀ, ਮਹਿੰਗਾਈ, ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਮਲਜੀਤ ਸਿੰਘ ਬੁਜਰਗ (ਲੁਧਿਆਣਾ)


ਮਾਸੂਮਾਂ ਦਾ ਦੁੱਖ ਦਰਦ

2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਤ੍ਰੈਲੋਚਨ ਲੋਚੀ ਦਾ ਮਿਡਲ ‘ਖ਼ਰਾ ਸੌਦਾ’ ਪੜ੍ਹਦਿਆਂ ਮੈਂ ਵੀ ਸੋਚਾਂ ਦੇ ਵਹਿਣ ਵਿਚ ਵਹਿ ਤੁਰਿਆ। ਬੜੇ ਵਿਰਲੇ ਇਨਸਾਨ ਹੁੰਦੇ ਨੇ ਜੋ ਦੂਜਿਆਂ ਦੇ ਦੁੱਖ-ਦਰਦ ਨੂੰ ਦੇਖ ਕੇ, ਮਹਿਸੂਸ ਕਰ ਕੇ ਬੜੀ ਛੇਤੀ ਭਾਵੁਕ ਹੋ ਜਾਂਦੇ ਨੇ, ਜਿਵੇਂ ਰਚਨਾ ਵਿਚਲਾ ਪਾਤਰ ਆਤਮਾ ਗੁੰਗੇ-ਬੋਲੇ ਮਾਸੂਮ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰਦਾ ਹੋਇਆ ਆੜ੍ਹਤੀ ਕੋਲੋਂ ਲਿਆਂਦਾ 500 ਰੁਪਿਆ ਉਨ੍ਹਾਂ ਮਾਸੂਮਾਂ ਨੂੰ ਦੇ ਦਿੰਦਾ ਹੈ। ਹਾਲਾਂਕਿ ਇਹ ਰਕਮ ਉਸ ਦੇ ਪਿਤਾ ਨੇ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਮੰਗਵਾਈ ਸੀ। ਕਾਸ਼! ਸਾਡੇ ਸਮਾਜ ਦੇ ਬੇਦਰਦ ਲੋਕ ਵੀ ਆਤਮਾ ਸਿਉਂ ਬਣ ਜਾਣ !! ਇਸ ਤੋਂ ਪਹਿਲਾਂ 26 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖੁਸ਼ੀਆਂ ਦੀ ਕਿਣ-ਮਿਣ’ ਸੋਚਣ ਲਈ ਮਜਬੂਰ ਕਰਦਾ ਹੈ। ਲਿਖਤ ਵਿਚ ਮਨੋ-ਵਿਗਿਆਨਕ ਛੋਹਾਂ ਹਨ।
ਅਮਰਜੀਤ ਮੱਟੂ ਭਰੂਰ (ਸੰਗਰੂਰ)


ਧਨਾਢਾਂ ਦੇ ਵਾਰੇ-ਨਿਆਰੇ

ਪਹਿਲੀ ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਔਨੰਦਿਓ ਚਕਰਵਤੀ ਦਾ ਲੇਖ ‘ਆਰਥਿਕ ਸੁਧਾਰਾਂ ’ਚ ਧਨਾਢਾਂ ਦੇ ਵਾਰੇ-ਨਿਆਰੇ’ ਪੜ੍ਹ ਕੇ ਸਿਰ ਚੱਕਰ ਖਾ ਗਿਆ। ਕਰੋਨਾ ਮਹਾਮਾਰੀ ਵਿਚ ਰਿਆਇਤਾਂ ਦਾ ਲਾਹਾ ਅਮੀਰ ਘਰਾਣਿਆਂ ਨੇ ਖੂਬ ਲਿਆ। ਬੈਂਕਾਂ ਵਿਚ ਵਿਆਜ ਦਰ ਘੱਟ ਤਾਂ ਮਨੁੱਖੀ ਲਾਲਸਾ ਸ਼ੇਅਰ ਮਾਰਕੀਟ ਵੱਲ ਵੱਧ ਰੁਖ ਕਰੇਗੀ, ਕੀ ਇਹ ਹਾਲਤ ਸੱਤਾ ’ਤੇ ਬੈਠੀ ਪਾਰਟੀ ਦੀ ਹੀ ਦੇਣ ਹੈ? ਬਿਨਾਂ ਸ਼ੱਕ, ਇਹ ਘਰਾਣੇ ਮਨਮਰਜ਼ੀ ਦੀ ਹਕੂਮਤ ਬਣਾਉਣ ਲਈ ਦਿਲ ਖੋਲ੍ਹ ਕੇ ਚੰਦਾ ਦਿੰਦੇ ਹੋਣਗੇ। ਇਸ ਤੋਂ ਪਹਿਲਾਂ 28 ਜੂਨ ਨੂੰ ਅੰਜੂਜੀਤ ਦਾ ਮਿਡਲ ‘ਧੀ ਦਾ ਵਿਸ਼ਵਾਸ’ ਪੜਿ੍ਹਆ। ਤਰਕਸ਼ੀਲਤਾ ਤੇ ਰਹੱਸਵਾਦ ਦੇ ਦਵੰਦ/ਿਵਰੋਧਾਭਾਸ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸੰਸਾਰ ਵਿਚ ਵਾਪਰਦੀਆਂ ਘਟਨਾਵਾਂ ਨੂੰ ਵਿਗਿਆਨ ਦੇ ਿਨਯਮਾਂ ਵਾਂਗ ਬੰਨ੍ਹਿਆ ਤਾਂ ਨਹੀਂ ਜਾ ਸਕਦਾ, ਤਾਂ ਵੀ ਵਿਗਿਆਨਕ ਸੋਚ ਤੇ ਅਮਲਾਂ ਨਾਲ ਮਾੜੀਆਂ ਘਟਨਾਵਾਂ ਠੱਲ੍ਹੀਆਂ ਜ਼ਰੂਰ ਜਾ ਸਕਦੀਆਂ ਹਨ। ਇਸੇ ਤਰ੍ਹਾਂ 27 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖ਼ੁਸ਼ੀਆਂ ਦੀ ਕਿਣ-ਮਿਣ’ ਪੜਿ੍ਹਆ। ਲੇਖ ਦਾ ਸਿਰਲੇਖ ਮਨੋਵਿਗਿਆਨ ਦੀਆਂ ਛੂਹਾਂ ਵਾਲਾ ਹੈ। ਇਹ ‘ਖ਼ੁਸ਼ੀ ਕੀ ਹੈ’ ਦੀ ਗੱਲ ਕਰਦਾ ਹੈ। ਉਂਜ ਕੰਡਿਆਲੀ ਤਾਰ ਟੱਪ ਕੇ ਆਏ ਬੱਚੇ ਦਾ ਦ੍ਰਿਸ਼ ਪਤਾ ਨਹੀਂ ਕਿਉਂ ਓਪਰਾ ਜਿਹਾ ਲੱਗਿਆ। ਅਨਪੜ੍ਹ ਔਰਤ ਦਾ ਕਿਤਾਬ ਮੰਗਣਾ ਵੀ ਅਲੌਕਿਕ ਲੱਗਿਆ। ਖੈਰ! ਵਿਚਾਰ ਆਪੋ ਆਪਣੇ ਹੁੰਦੇ ਹਨ ਅਤੇ ਖ਼ੁਸ਼ੀ ਅੰਤਰਮੁਖੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਸਿਆਸੀ ਜਮ੍ਹਾਂ ਘਟਾਓ

29 ਜੂਨ ਨੂੰ ਡਾ. ਰੌਣਕੀ ਰਾਮ ਦਾ ਲੇਖ ‘ਅਕਾਲੀ ਦਲ-ਬਸਪਾ ਗੱਠਜੋੜ: ਬਦਲਦੇ ਸਮੀਕਰਨ’ ਪੜਿ੍ਹਆ। ਲੇਖ ਸਿਆਸੀ ਸਮੀਖਿਆ ਦੇ ਜਮ੍ਹਾਂ ਘਟਾਓ ਨਾਲ ਭਰਿਆ ਪਿਆ ਹੈ। ਹਰ ਬੰਦਾ ਆਪਣੇ ਭੂਤਕਾਲ ਨੂੰ ਪਿੱਛੇ ਛੱਡ ਕੇ ਵਰਤਮਾਨ ਅਤੇ ਭਵਿੱਖ ਕਾਲ ਬਾਰੇ ਸੋਚਦਾ ਹੈ। ਪਿਛਲੇ ਸਮੇਂ ਦੌਰਾਨ ਦੇਸ਼ ਦੀ ਸਿਆਸਤ ਵਿਚ ਖੇਤੀ ਕਾਨੂੰਨ, ਕਿਰਤ ਕਾਨੂੰਨ ਵਿਚ ਸੋਧਾਂ ਨੂੰ ਲੈ ਕੇ ਜੋ ਉਥਲ-ਪੁਥਲ ਹੋਈ ਹੈ, ਉਸ ਕਾਰਨ ਹੀ ਅਕਾਲੀ ਦਲ ਤੇ ਬਸਪਾ ਗੱਠਜੋੜ ਸੰਭਵ ਹੋਇਆ ਹੈ। ਇਹ ਗੱਠਜੋੜ ਸੂਬੇ ਦੀ ਸਿਆਸਤ ਨੂੰ ਮੋੜਾ ਦੇ ਸਕਦਾ ਹੈ।
ਮਨਮੋਹਨ ਸਿੰਘ, ਨਾਭਾ (ਪਟਿਆਲਾ)


ਕਿਣ-ਮਿਣ ਖ਼ੁਸ਼ੀਆਂ

29 ਜੂਨ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਖ਼ੁਸ਼ੀਆਂ ਦੀ ਕਿਣ-ਮਿਣ’ ਪ੍ਰੇਰਨਾ ਵਾਲ ਹੈ। ਅੱਜ ਦੇ ਸਮੇਂ ਵਿਚ ਤਾਂ ਕੁਝ ਲੋਕ ਬਿਨਾਂ ਸਵਾਰਥ ਕਿਸੇ ਦੂਸਰੇ ਬੰਦੇ ਨੂੰ ਮੂੰਹ ਵੀ ਨਹੀਂ ਲਗਾਉਂਦੇ। ਖ਼ੁਸ਼ੀ ਹੋਈ ਕਿ ਬਥੇਰੇ ਲੋਕ ਹਨ ਜੋ ਬਿਨਾਂ ਸਵਾਰਥ ਇਕ-ਦੂਜੇ ਦੀ ਮਦਦ ਕਰਦੇ ਹਨ।
ਰੁਪਿੰਦਰ ਕੌਰ, ਸੱਦੋਮਾਜਰਾ (ਫ਼ਤਹਿਗੜ੍ਹ ਸਾਹਿਬ)


ਤੇਲ ਕੀਮਤਾਂ ਦੀਆਂ ਛਾਲਾਂ

28 ਜੂਨ ਪਹਿਲੇ ਪੰਨੇ ’ਤੇ ਖ਼ਬਰ ਪੜ੍ਹੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਮਈ ਮਹੀਨੇ ਕਈ ਸੂਬਿਆਂ ਵਿਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ। ਕਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਹਨ। ਪਿਛਲੇ ਵਰ੍ਹੇ ਤਾਲਾਬੰਦੀ ਤੋਂ ਬਾਅਦ ਜੇ ਥੋੜ੍ਹੇ ਬਹੁਤ ਕੰਮ-ਕਾਜ ਚੱਲੇ ਵੀ ਸਨ, ਉੱਥੇ ਦਿਹਾੜੀਦਾਰ ਨੂੰ ਤਿੰਨ ਸੌ ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲੀ। ਕਾਫ਼ੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਗੈਸ ਸਿਲੰਡਰ ਦੀ ਕੀਮਤ 850 ਰੁਪਏ ਤੋਂ ਉੱਪਰ ਹੋ ਗਈ ਹੈ। ਵਧ ਰਹੀਆਂ ਤੇਲ ਕੀਮਤਾਂ ’ਚ ਕਮੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ


ਸਿਆਸੀ ਧਿਰਾਂ ਅਤੇ ਕਿਰਤੀ ਕਾਮੇ

ਇਤਿਹਾਸ ਗਵਾਹ ਹੈ ਕਿ ਆਜ਼ਾਦੀ ਤੋਂ ਬਾਅਦ ਜਿਹੜੀਆਂ ਵੀ ਸਿਆਸੀ ਪਾਰਟੀਆਂ ਸੱਤਾ ’ਚ ਆਈਆਂ, ਉਨ੍ਹਾਂ ਨੇ ਆਮ ਕਿਰਤੀਆਂ, ਕਾਮਿਆਂ, ਮਜ਼ਦੂਰਾਂ, ਕਿਸਾਨਾਂ ਤੇ ਹੋਰ ਸਾਰੇ ਵਰਗਾਂ ਨੂੰ ਧਾਰਮਿਕ ਕੱਟੜਤਾ ਅਤੇ ਜਾਤੀਵਾਦ ਵਿਚ ਉਲਝਾ ਕੇ ਆਪੋ-ਆਪਣਾ ਵੋਟ ਬੈਂਕ ਪੱਕਾ ਕੀਤਾ ਹੈ। ਲੋਕਾਂ ਦੇ ਮਸਲੇ ਅੱਜ ਵੀ ਉੱਥੇ ਹੀ ਖੜ੍ਹੇ ਹਨ। ਹੁਣ ਕਿਸਾਨ ਅੰਦੋਲਨ ਲੋਕਾਂ ਲਈ ਸੁਨਹਿਰੀ ਮੌਕਾ ਬਣਿਆ ਹੈ। ਹੁਣ ਲੋਕਾਂ ਨੂੰ ਵੋਟ ਬਟੋਰੂ ਧਿਰਾਂ ਦਾ ਖਹਿੜਾ ਛੱਡ ਕੇ ਖੱਬੇ ਪੱਖੀ ਧਿਰਾਂ ਨਾਲ ਖੜ੍ਹਨਾ ਚਾਹੀਦਾ ਹੈ ਜੋ ਲੋਕਾਂ ਨੂੰ ਜਾਤਾਂ, ਧਰਮਾਂ ਤੇ ਸਿਆਸੀ ਪਾਰਟੀਆਂ ਦੇ ਜਾਲ ਵਿਚੋਂ ਕੱਢ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦਾ ਦਮ ਰੱਖਦੀਆਂ ਹਨ। ਇਨ੍ਹਾਂ ਦਾ ਮਕਸਦ ਹਰ ਇਕ ਲਈ ਬਰਾਬਰ ਦਾ ਸਮਾਜ ਸਿਰਜਣਾ, ਬੁਨਿਆਦੀ ਸਹੂਲਤਾਂ ਤੇ ਸਾਰਿਆਂ ਲਈ ਬਰਾਬਰ ਦੇ ਅਧਿਕਾਰਾਂ ਦਾ ਹੈ।
ਜਗਜੀਤ ਸਿੰਘ ਅਸੀਰ (ਡੱਬਵਾਲੀ, ਹਰਿਆਣਾ)

ਪਾਠਕਾਂ ਦੇ ਖ਼ਤ

Jul 02, 2021

ਮਾਂ ਨੂੰ ਸਲਾਮ

28 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਮਿਡਲ ‘ਧੀ ਦਾ ਵਿਸ਼ਵਾਸ’ (ਲੇਖਕ ਅੰਜੂਜੀਤ) ਪੜਿ੍ਹਆ। ਿੲਸ ਮਾਂ ਦੀ ਸੋਚ ਨੂੰ ਿਦਲੋਂ ਸਲਾਮ ਹੈ ਜੋ ਆਪਣੀ ਧੀ ਦੀ ਤਰਕਸ਼ੀਲ ਸੋਚ ਦੀ ਹਾਣੀ ਬਣੀ। ਬੱਚਿਆਂ ਉੱਤੇ ਧਰਮ ਤੇ ਰੱਬ ਬਾਰੇ ਕੁਝ ਵੀ ਥੋਪਣ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਪੜ੍ਹਨ ਤੇ ਸਮਝਣ ਦਾ ਮੌਕਾ ਦੇਣਾ ਚਾਹੀਦਾ ਹੈ। ਰੱਬ ਨੂੰ ਮੰਨਣ ਜਾਂ ਨਾ ਮੰਨਣ ਦਾ ਫੈ਼ਸਲਾ ਉਨ੍ਹਾਂ ਦਾ ਆਪਣਾ ਹੋਵੇ। ਇਉਂ ਅੰਧ-ਵਿਸ਼ਵਾਸ ਘਟੇਗਾ।
ਅਮਨਦੀਪ ਕੌਰ, ਬਠਿੰਡਾ


ਕਿਸਾਨਾਂ ਦਾ ਇਮਤਿਹਾਨ

ਪਹਿਲੀ ਜੁਲਾਈ ਨੂੰ ਪਹਿਲੇ ਸਫ਼ੇ ਉੱਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਦੀ ਤਕਰਾਰ ਬਾਰੇ ਪੜਿ੍ਹਆ ਤਾਂ ਪਤਾ ਲੱਗਿਆ, ਭਾਜਪਾ ਵਰਕਰਾਂ ਵੱਲੋਂ ਅੰਦੋਲਨ ਦੀ ਮੁੱਖ ਸਟੇਜ ਕੋਲ ਜਾ ਕੇ ਭੜਕਾਊ ਨਾਅਰੇਬਾਜ਼ੀ ਕਾਰਨ ਇਹ ਸਭ ਵਾਪਰਿਆ। ਆਖਿ਼ਰਕਾਰ ਕਿਉਂ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ? ਇਤਿਹਾਸ ਗਵਾਹ ਹੈ ਿਕ ਉਹ ਸਲਤਨਤਾਂ ਬਹੁਤਾ ਚਿਰ ਟਿਕ ਨਹੀਂ ਸਕੀਆਂ ਜਿੱਥੇ ਕਿਰਤੀ ਕਿਸਾਨ ਨਿਰਾਸ਼ ਹੋਣ।
ਹਰਪ੍ਰੀਤ ਪੁਰੀ, ਸਰਹਿੰਦ (ਫ਼ਤਹਿਗੜ੍ਹ ਸਾਹਿਬ)

(2)

ਦਿੱਲੀ ਸਰਹੱਦ ’ਤੇ ਕਿਸਾਨਾਂ ਨੂੰ ਦੇਖਦਿਆਂ ਪੂਰੇ ਸੱਤ ਮਹੀਨਿਆਂ ਬਾਅਦ ਵੀ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਇਸੇ ਤਰ੍ਹਾਂ ਦਾ ਵਤੀਰਾ ਪੰਜਾਬ ਸਰਕਾਰ ਦਾ ਹੈ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਘੂਕ ਸੁੱਤੀ ਪਈ ਹੈ। ਪੰਜਾਬ ਦੇ ਬੇਰੁਜ਼ਗਾਰਾਂ ਦੇ ਧਰਨਿਆਂ ਸਮੇਂ ਸਰਕਾਰੀ ਤੰਤਰ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਧਰਨਾਕਾਰੀਆਂ ਦੀ ਸੇਵਾ ਕਰ ਰਿਹਾ ਹੈ। 100 ਦਿਨਾਂ ਤੋਂ ਟਾਵਰ ’ਤੇ ਚੜਿ੍ਹਆ ਸੁਰਿੰਦਰਪਾਲ ਅਜੇ ਤੱਕ ਸਰਕਾਰ ਦੇ ਨਜ਼ਰੀਂ ਨਹੀਂ ਪਿਆ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


ਕਿਸਾਨ ਅੰਦੋਲਨ ਅਤੇ ਨੋਮ ਚੌਮਸਕੀ

30 ਜੂਨ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਪੱਛਮ ਦਾ ਬਾਬਾ ਬੋਲਿਆ’ ਵਿਚ ਅਮਰੀਕੀ ਵਿਦਵਾਨ ਨੋਮ ਚੌਮਸਕੀ ਦੇ ਵਿਚਾਰ ਦੱਸੇ ਹਨ ਜੋ ਉਸ ਨੇ ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿਚ ਕਹੇ ਹਨ। ਉਸ ਨੇ ਕਿਸਾਨਾਂ ਦੇ ਜੇਰੇ ਅਤੇ ਸਬਰ ਨੂੰ ਸਲਾਮ ਆਖੀ ਹੈ ਤੇ ਇਹ ਵੀ ਕਿਹਾ ਕਿ ਸਾਰੀ ਦੁਨੀਆ ਨੂੰ ਅਜਿਹੇ ਤਰੀਕੇ ਨਾਲ ਚੱਲਣ ਦੀ ਜ਼ਰੂਰੀ ਹੈ।
ਜਸਬੀਰ ਕੌਰ, ਅੰਮ੍ਰਿਤਸਰ


ਓਹਲੇ ਖੜ੍ਹਾ ਸੱਚ

30 ਜੂਨ ਦੇ ਸਫ਼ਾ 3 ’ਤੇ ਚਰਨਜੀਤ ਭੁੱਲਰ ਦਾ ਖ਼ਬਰਨੁਮਾ ਲੇਖ ‘ਮੁਫ਼ਤ ਬਿਜਲੀ ਦੇ ਜਾਲ ’ਚ ਫਸਿਆ ਪੰਜਾਬ’ ਓਹਲੇ ਖੜ੍ਹੇ ਸੱਚ ਦੇ ਦਰਸ਼ਨ ਕਰਾ ਗਿਆ। ਇਹ ਗੱਲ ਸਹੀ ਹੈ ਕਿ ਲੋਕ ਮੁਫ਼ਤ ਨਹੀਂ, ਸਸਤੀ ਬਿਜਲੀ ਦੀ ਭਾਲ ਵਿਚ ਹਨ; ਵੈਸੇ ਵੇਖਿਆ ਜਾਵੇ ਤਾਂ ‘ਇਕ ਧਿਰ’ ਦੀ ਵਧੀ ਸਰਗਰਮੀ ਤੋਂ ਬਾਅਦ ਅਜਿਹੇ ਲੇਖਾਂ-ਖ਼ਬਰਾਂ ਦਾ ਹੜ੍ਹ ਆ ਜਾਂਦਾ ਹੈ, ਜਿਵੇਂ ਬਾਘਾਪੁਰਾਣਾ ਰੈਲੀ ਪਿੱਛੋਂ ਹੋਇਆ ਸੀ।

ਰਾਵਿੰਦਰ ਫਫੜੇ, ਈਮੇਲ


ਮਨੁੱਖੀ ਸੁਭਾਅ

ਹੀਰਾ ਸਿੰਘ ਭੂਪਾਲ ਨੇ ਆਪਣੇ ਲੇਖ ‘ਕਰੋਨਾ ਮਹਾਮਾਰੀ: ਆਪਣਿਆਂ ਦੀ ਆਪਣਿਆਂ ਤੋਂ ਦੂਰੀ’ ਵਿਚ ਮਨੁੱਖੀ ਸੁਭਾਅ, ਸਕਾਰਾਤਮਕਤਾ ਅਤੇ ਸਵਾਰਥ ਬਾਰੇ ਲਿਖਿਆ ਹੈ। ਲੇਖਕ ਦਾ ਇਹ ਦੱਸਣਾ ਸਹੀ ਹੈ ਕਿ ਗ੍ਰਹਿਣ ਕੀਤਾ ਸਵਾਰਥੀ ਸੁਭਾਅ ਵਧ ਰਿਹਾ ਹੈ ਜੋ ਬੰਦੇ ਦੀ ਸਕਾਰਾਤਮਕਤਾ ਨੂੰ ਖ਼ਤਮ ਕਰਦਾ ਹੈ। ਲੇਖਕ ਆਮ ਭਾਸ਼ਾ ਵਿਚ ਆਧੁਿਨਕ ਜੀਵ-ਵਿਗਿਆਨਕ ਤਕਨੀਕਾਂ ਦੀ ਵਰਤੋਂ ਬਾਰੇ ਦੱਸਦਾ ਹੈ। ਸੰਸਾਰ ਵਿਆਪੀ ਤਣਾਅ ਅਤੇ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਇਕੱਲਤਾ ਅਤੇ ਸਵਾਰਥ ਹੈ। ਇਕਜੁੱਟਤਾ, ਆਪਸੀ ਸਬੰਧ ਅਤੇ ਨਿਰਸਵਾਰਥ ਭਾਵਨਾ ਹੀ ਮੁਸ਼ਕਿਲ ਸਮੇਂ ’ਚ ਸਾਡੀ ਸਹਾਿੲਤਾ ਕਰ ਸਕਦੀ ਹੈ। ਇਹ ਗੁਣ ਨਿੱਜੀ ਤਣਾਅ ਵੀ ਘਟਾਉਂਦੇ ਹਨ।
ਡਾ. ਸੰਦੀਪ ਸਿੰਘ, ਬਠਿੰਡਾ


ਫੋਕੀ ਸ਼ੋਹਰਤ

28 ਜੂਨ ਦਾ ਸੰਪਾਦਕੀ ‘ਸਮਾਜਿਕ ਹਿੰਸਾ’ ਸਮਾਜ ਦੀ ਫੋਕੀ ਸ਼ੋਹਰਤ ਕਾਰਨ ਰਿਸ਼ਤਿਆਂ ਦੇ ਤਾਰ-ਤਾਰ  ਹੋਣ ਨੂੰ ਦਰਸਾਉਂਦੀ ਹੈ। ਜਾਤਾਂ-ਪਾਤਾਂ ’ਚ ਵੰਡਿਆ ਸਮਾਜ ਕਈ ਰਿਸ਼ਤਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦਾ ਹੈ ਜਾਂ ਕਈ ਰਿਸ਼ਤੇ ਬਣਨ ਤੋਂ ਬਾਅਦ ਜ਼ਬਰਦਸਤੀ ਖ਼ਤਮ ਕਰ ਦਿੱਤੇ ਜਾਂਦੇ ਹਨ। ਸੌੜੀ ਸੋਚ ਅਤੇ ਫੋਕੀ ਅਣਖ ਕਾਰਨ ਆਪਣੀ ਹੀ ਸੰਤਾਨ ਨੂੰ ਮਾਰਨਾ ਕਿੰਨੀ ਕੁ ਸ਼ਾਬਾਸ਼ੀ ਦਾ ਕੰਮ ਹੈ? ਜਾਤ ਪਾਤ ਸਮਾਜ ਨੂੰ ਵੰਡਦੀ ਹੈ, ਪ੍ਰੇਮ ਸਮਾਜ ਨੂੰ ਜੋੜਦਾ ਹੈ; ਸਮਾਜ ਨੂੰ ਜੋੜ ਕੇ ਹੀ ਮੁਲਕ ਖੁਸ਼ਹਾਲ ਹੋ ਸਕਦਾ ਹੈ। ਹੁਣ ਚੋਣ ਅਸੀਂ ਕਰਨੀ ਹੈ। ਇਸ ਚੋਣ ਲਈ ਸਾਨੂੰ ਕੁਝ ਹਿੰਮਤ ਵੀ ਦਿਖਾਉਣੀ ਪਵੇਗੀ।
ਹਰਵਿੰਦਰ ਕੌਰ, ਜੰਗਪੁਰਾ (ਮੁਹਾਲੀ)


ਮੁਹੱਬਤ ਬਨਾਮ ਧਰਮ

ਕਸ਼ਮੀਰ ਤੋਂ ਦਿੱਲੀ ਆਈ ਸਿੱਖ ਕੁੜੀ ਬਾਰੇ ਖ਼ਬਰਾਂ ਪੜ੍ਹੀਆਂ। ਸਿਆਣੇ ਕਹਿੰਦੇ ਹਨ ਕਿ ਪਤੀ-ਪਤਨੀ ਵਿਚਕਾਰ ਰੱਬ ਵੀ ਨਹੀਂ ਆ ਸਕਦਾ ਤੇ ਮੁਹੱਬਤ ਤਾਂ ਪਤੀ- ਪਤਨੀ ਤੋਂ ਵੀ ਉੱਤੇ ਦਾ ਮਾਮਲਾ ਹੈ। ਸਦੀਆਂ ਤੋਂ ਇਵੇਂ ਹੀ ਚਲ ਰਿਹਾ ਹੈ ਪਰ ਮੇਰੇ ਖਿ਼ਆਲ ਮੁਤਾਬਕ ਅਜਿਹੇ ਜੋੜਿਆਂ ਨੂੰ ਪੰਜਵਾਂ ਧਰਮ ਬਣਾ ਲੈਣਾ ਚਾਹੀਦਾ ਹੈ। ਹਰ ਸ਼ਹਿਰ ਵਿਚ ਅਜਿਹੀ ਕਲੋਨੀ ਹੋਵੇ ਜਿਸ ਵਿਚ ਅਜਿਹੇ ਜੋੜੇ ਰਹਿ ਸਕਣ। ਉੱਥੇ ਕੋਈ ਧਾਰਮਿਕ ਸਥਾਨ ਨਾ ਬਣਾਇਆ ਜਾਵੇ। ਉਹ ਲੋਕ ਆਪੋ-ਆਪਣੇ ਘਰ ਵਿਚ ਿਕਸੇ ਵੀ ਧਰਮ ਨੂੰ ਮੰਨੀ ਜਾਣ, ਬਾਹਰੋਂ ਕਿਸੇ ਬੰਦੇ ਨੂੰ ਪੂਜਾ ਲਈ ਨਾ ਬੁਲਾਉਣ ਕਿਉਂਿਕ ਸਹੀ ਮਾਇਨਿਆਂ ਵਿਚ ਮੁਹੱਬਤ ਨੂੰ ਰੱਬ ਦੀ ਇਬਾਦਤ ਮੰਨਿਆ ਜਾਂਦਾ ਹੈ ਅਤੇ ਹੋਰ ਕਿਸੇ ਦੇ ਓਟ ਆਸਰੇ ਦੀ ਲੋੜ ਨਹੀਂ ਮੰਨੀ ਜਾਂਦੀ। ਜੇਕਰ ਉਹ ਸਹੀ ਮਾਇਨਿਆਂ ਵਿਚ ਇਕ-ਦੂਜੇ ਨੂੰ ਮੁਹੱਬਤ ਕਰਦੇ ਹਨ ਤਾਂ ਦੋਵੇਂ ਹੀ ਆਪੋ-ਆਪਣੇ ਜਾਤ-ਧਰਮ ਨੂੰ ਖਾਰਜ ਕਰ ਦੇਣ ਪਰ ਜੇਕਰ ਜ਼ਿੰਦਗੀ ਵਿਚ ਿਕਤੇ ਅਜਿਹੀ ਮੁਸੀਬਤ ਆ ਹੀ ਜਾਵੇ ਕਿ ਰੱਬ ਦੇ ਆਸਰੇ ਦੀ ਲੋੜ ਪੈ ਜਾਵੇ ਤਾਂ ਆਪਣੇ ਅੰਦਰਲੇ ਰੱਬ ਨੂੰ ਹੀ ਧਿਆਉਣ। ਦਿਲ ਦਰਿਆ ਸਮੁੰਦਰੋਂ ਡੂੰਘੇ ਹਨ। ਇਸ ਵਿਚ ਕੋਈ ਸ਼ੈਅ ਸਾਡੀ ਮਰਜ਼ੀ ਦੇ ਖ਼ਿਲਾਫ਼ ਡੁਬਕੀ ਨਹੀਂ ਲਗਾ ਸਕਦੀ।
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)