ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Jul 09, 2020

ਖ਼ੁਦ ਨੂੰ ਹਮੇਸ਼ਾ ਜਵਾਨ ਸਮਝੋ

ਪ੍ਰਿੰ. ਸਰਵਣ ਸਿੰਘ ਦੀ ਰਚਨਾ ਉਮਰ ਦੇ ਅੱਸੀ ਸਾਲ ਪੜ੍ਹੀ। ਸਾਡੇ ਪੁਲੀਸ ਮਹਿਕਮੇ ਵਿਚ ਭਾਵੇਂ ਕੋਈ ਛੋਟੀ ਉਮਰ ਦਾ ਹੋਵੇ ਜਾਂ ਵਡੇਰੀ ਉਮਰ ਦਾ, ਜਵਾਨ ਹੀ ਕਿਹਾ ਜਾਂਦਾ ਹੈ। ਇਸ ਨਾਲ ਮਨੋਬਲ ਵਧਦਾ ਹੈ ਤੇ ਬੰਦਾ ਹਮੇਸ਼ਾ ਜਵਾਨ ਬਣਿਆ ਰਹਿੰਦਾ ਹੈ। ਇਹ ਤੁਹਾਡੀ ਦਿਲ ਦੀ ਧਾਰਨਾ ਹੀ ਤੁਹਾਨੂੰ ਬੁੱਢਾ ਬਣਾਉਂਦੀ ਹੈ। ਜੇ ਤੁਸੀਂ ਲੇਖਕ ਵਾਂਗ ਆਰਟੀਕਲ, ਕਿਤਾਬਾਂ ਲਿਖਦੇ ਰਹੋਗੇ ਤਾਂ ਆਪਣੇ ਆਪ ਨੂੰ ਬਿਜ਼ੀ ਰੱਖੋਗੇ। ਪਾਠਕਾਂ ਤੇ ਤੁਹਾਨੂੰ ਫ਼ੋਨ ਆਉਣਗੇ, ਤੁਸੀਂ ਅੱਸੀ ਸਾਲ ਦੇ ਵੀ ਜਵਾਨ ਬਣੇ ਰਹੋਗੇ। ਪਰ ਸਾਡੀ ਨੌਜਵਾਨ ਪੀੜ੍ਹੀ ਕਿਤਾਬਾਂ, ਅਖ਼ਬਾਰਾਂ ਤੋਂ ਕੋਹਾਂ ਦੂਰ ਜਾ ਮੋਬਾਈਲ ਦੀ ਦੁਨੀਆ ਵਿਚ ਗਵਾਚ ਮਨੋਰੋਗੀ ਹੋ ਰਹੀ ਹੈ। ਨੌਜਵਾਨਾਂ ਨੂੰ ਕਿਤਾਬਾਂ ਦੀ ਚੇਟਕ ਲੱਗ ਜਾਵੇ ਤਾਂ ਉਹ ਲੇਖਕ ਵਾਂਗ ਉਮਰ ਦੇ ਅੱਸੀ ਸਾਲ ਪੂਰੇ ਹੋਣ ’ਤੇ ਵੀ ਜਵਾਨ ਬਣੇ ਰਹਿਣਗੇ ਅਤੇ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਸਕਣਗੇ। ਇਸ ਕਰਕੇ ਸਦਾ ਆਪਣੇ ਆਪ ਨੂੰ ਜਵਾਨ ਸਮਝੋ।
ਗੁਰਮੀਤ ਸਿੰਘ ਵੇਰਕਾ, ਈਮੇਲ


ਪ੍ਰਾਈਵੇਟ ਸਕੂਲਾਂ ਦਾ ਮਸਲਾ

8 ਜੁਲਾਈ ਨੂੰ ਗੁਰਦੀਪ ਸਿੰਘ ਢੁੱਡੀ ਨੇ ਆਪਣੇ ਲੇਖ ‘ਸਿੱਖਿਆ, ਸਰਕਾਰ ਤੇ ਪ੍ਰਾਈਵੇਟ ਸਕੂਲਾਂ ਦਾ ਮਸਲਾ’ ਵਿਚ ਗੰਭੀਰ ਮੁੱਦਾ ਉਠਾਇਆ ਹੈ। ਪ੍ਰਾਈਵੇਟ ਸਕੂਲ ਅੰਗਰੇਜ਼ੀ ਸਕੂਲਾਂ ਦੇ ਨਾਂ ਹੇਠ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੇ ਹਨ। ਲੇਖਕ ਨੇ ਜਾਣਕਾਰੀ ਨੂੰ ਵਿਸਥਾਰਪੂਰਵਕ ਬਿਆਨਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬੱਚਿਆਂ ਦੇ ਮਾਪੇ ਵੀ ਜਾਣੂ ਹਨ। ਮੋਬਾਈਲਾਂ ’ਤੇ ਚੱਲ ਰਹੀ ਪੜ੍ਹਾਈ ਤੇ ਸਕੂਲਾਂ ਵੱਲੋਂ ਉਗਰਾਹੀ ਜਾ ਰਹੀ ਟਿਊਸ਼ਨ ਫ਼ੀਸ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਕਰੋਨਾ ਨੇ ਬੇਸ਼ੱਕ ਇਕ ਵਾਰ ਪੂਰੇ ਸੰਸਾਰ ਦਾ ਪਹੀਆ ਪੂਰੀ ਤਰ੍ਹਾਂ ਜਾਮ ਕਰ ਛੱਡਿਆ ਹੈ। ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਸ ਦਾ ਖ਼ਮਿਆਜ਼ਾ ਬੱਚਿਆਂ ਦੀ ਪੜ੍ਹਾਈ ਦੇ ਨਾਂ ’ਤੇ ਬੱਚਿਆਂ ਦੇ ਮਾਪਿਆਂ ਨੂੰ ਭੁਗਤਣਾ ਪਵੇ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)


(2)

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੈ। ਪਿਛਲੇ ਸਾਲਾਂ ਵਿਚ ਵੀ ਏਦਾਂ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਕਿ ਫਲਾਣੇ ਸਕੂਲ ਵਿਚ ਨਰਸਰੀ ਦੇ ਬੱਚੇ ਦੀਆਂ ਕਿਤਾਬਾਂ ਪੰਤਾਲੀ ਸੌ ਦੀਆਂ ਹਨ। ਪਰ ਉਦੋਂ ਬਹੁਤੇ ਲੋਕਾਂ ਨੇ ਵਿਰੋਧ ਕਰ ਰਹੇ ਲੋਕਾਂ ਦਾ ਸਾਥ ਨਹੀਂ ਦਿੱਤਾ ਜਿਸ ਦੇ ਸਿੱਟੇ ਵਜੋਂ ਪ੍ਰਾਈਵੇਟ ਸਕੂਲਾਂ ਨੇ ਲੁੱਟ ਨੂੰ ਹੋਰ ਵਧਾਇਆ। ਮਾਪਿਆਂ ਨੇ ਵੀ ਆਪਣੀ ਇਸ ਵਿਚ ਸ਼ਾਨ ਸਮਝੀ ਕਿ ਸਾਡੇ ਬੱਚੇ ਮਹਿੰਗੀਆਂ ਕਿਤਾਬਾਂ ਪੜ੍ਹਦੇ ਹਨ ਅਤੇ ਮਹਿੰਗੇ ਸਕੂਲ ਵਿਚ ਜਾਂਦੇ ਹਨ। ਲੌਕਡਾਊਨ ਦੀ ਸਥਿਤੀ ਪੈਦਾ ਹੋਣ ਕਰਕੇ ਮਾਪਿਆਂ ਨੂੰ ਸਮਝ ਆਈ ਕਿ ਬਿਨਾਂ ਕੰਮ ਤੋਂ ਫ਼ੀਸਾਂ ਕਾਹਦੇ ਨਾਂ ਦੀਆਂ ਜਦੋਂ ਕਿ ਬਹੁਤੇ ਪ੍ਰਾਈਵੇਟ ਸਕੂਲ ਕੰਮ ਕਰ ਰਹੇ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖ਼ਾਹਾਂ ਵੀ ਨਹੀਂ ਦੇ ਰਹੇ।
ਸਤਨਾਮ ਉੱਭਾਵਾਲ, ਈਮੇਲ


(3)

7 ਜੁਲਾਈ ਨੂੰ ਡਾ. ਕੁਲਦੀਪ ਸਿੰਘ ਵੱਲੋਂ ਲੇਖ ਵਿਚ ਪ੍ਰਾਈਵੇਟ ਸਕੂਲਾਂ ਲਈ ਵਰਤਿਆ ਸ਼ਬਦ ‘ਤੰਦੂਆ ਜਾਲ’ ਬਿਲਕੁਲ ਢੁਕਵਾਂ ਹੈ। ਸਿੱਖਿਆ ਇਕ ਵੇਚਣ ਖ਼ਰੀਦਣ ਤੇ ਕਮਾਈ ਕਰਨ ਵਾਲੀ ਵਸਤੂ ਬਣ ਕੇ ਰਹਿ ਗਈ ਹੈ। ਪੰਜਾਬ ਵਿਚ ਕੋਵਿਡ-19 ਦੀ ਮਾਰ ਝੱਲ ਰਹੇ ਗ਼ਰੀਬ ਪਰਿਵਾਰਾਂ ’ਤੇ ਬੋਝ ਜ਼ਿਆਦਾ ਓਦੋਂ ਪੈ ਗਿਆ ਜਦੋਂ ਨਿੱਜੀ ਸਕੂਲਾਂ ਨੇ ਆਨਲਾਈਨ ਸਿੱਖਿਆ ਸ਼ੁਰੂ ਕਰਕੇ ਫ਼ੀਸਾਂ ਲੈਣ ਦਾ ਜਾਲ ਵਿਛਾ ਦਿੱਤਾ, ਜਿਸ ਨੇ ਕਰੋਨਾ ਮਹਾਮਾਰੀ ਹੇਠ ਆਏ ਗ਼ਰੀਬ ਵਰਗ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਮਾਪਿਆਂ ਨੂੰ ਸਮਾਰਟ ਫ਼ੋਨ, ਲੈਪਟਾਪ ਦੀ ਇਕਦਮ ਪਈ ਲੋੜ ਪੂਰੀ ਕਰਨੀ ਔਖਾ ਹੋ ਗਿਈ। ਦੂਜਾ ਪੱਖ ਬਹੁਤੇ ਖੇਤਰਾਂ ਵਿਚ ਨੈਟਵਰਕ ਪੂਰਾ ਨਹੀਂ ਤੇ ਬੱਚੇ ਪ੍ਰੇਸ਼ਾਨ ਹੋ ਰਹੇ ਹਨ।
ਸਾਹਿਲ ਬੜਗੁੱਜਰ, ਭੀਖੀ (ਮਾਨਸਾ)


ਨਵਾਂ ਅਕਾਲੀ ਦਲ

8 ਜੁਲਾਈ ਦੇ ਸੰਪਾਦਕੀ ਵਿਚ ਨਵੇਂ ਅਕਾਲੀ ਦਲ ਬਾਰੇ ਅਤੇ ਸੰਖੇਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੋਕਪੱਖੀ ਸੰਘਰਸ਼ੀ ਇਤਿਹਾਸਕ ਘਟਨਾਕ੍ਰਮ ਬਾਰੇ ਜਾਣਕਾਰੀ ਮਿਲੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਪਈ ਫੁੱਟ ਤੇ ਪਰਿਵਾਰਵਾਦ ਕਾਰਨ ਪੰਜਾਬੀਆਂ ਦਾ ਇਸ ਤੋਂ ਮੋਹ ਭੰਗ ਹੋ ਚੁੱਕਿਆ ਹੈ। ਪੁਰਾਣੇ ਆਗੂਆਂ ਦਾ ਮੁੱਖ ਅਕਾਲੀ ਦਲ ਤੋਂ ਪਾਸਾ ਵਟਣਾ ਬਾਦਲਾਂ ਦੇ ਪਾਵੇ ਹਿਲਾ ਚੁੱਕਾ ਹੈ। ਤੀਜੀ ਧਿਰ ਕਿੰਨੀ ਮਜ਼ਬੂਤ ਬਣਦੀ ਹੈ, ਇਸ ਤੋਂ ਪਹਿਲਾਂ ਇਹ ਗੱਲ ਬਾਦਲ ਦਲ ਨੂੰ ਤੇ ਪੰਜਾਬ ਕਾਂਗਰਸ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅਕਾਲੀਆਂ ਦੀ ਹਰਮਨ ਪਿਆਰਤਾ, ਕੈਪਟਨ ਸਰਕਾਰ ਪ੍ਰਤੀ ਬੇਵਿਸ਼ਵਾਸੀ, ਮਜਬੂਰ ਪੰਜਾਬੀ ਵੋਟਰਾਂ ਦੇ ਦਿਲ ਵਿਚ ਪੋਹ ਮਾਘ ਦੇ ਕੋਰੇ ਵਾਂਗ ਜਮ ਚੁੱਕੀ ਹੈ ਤੇ ਉਹ ਸੁਹਿਰਦ ਤੀਜੀ ਧਿਰ ਦੀ ਤਲਾਸ਼ ਵਿਚ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਆਨਲਾਈਨ ਪੜ੍ਹਾਈ

ਖ਼ਬਰਾਂ ਆ ਰਹੀਆਂ ਹਨ ਕਿ 65 ਫ਼ੀਸਦੀ ਬੱਚੇ ਮੋਬਾਈਲ ਦੇ ਕੈਦੀ ਬਣ ਗੲੇ ਹਨ। ਕਰੋਨਾਵਾਇਰਸ ਮਹਾਮਾਰੀ ਕਰ ਕੇ ਸਕੂਲ ਬੰਦ ਹਨ। ਬੱਚਿਆਂ ਦੀ ਘਰ ਹੀ ਮੋਬਾਈਲ ਫੋਨਾਂ ’ਤੇ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਇਸ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਵੀ ਅਸਰ ਪਿਆ ਹੈ ਅਤੇ ਸੁਭਾਅ ਵੀ ਚਿੜਚਿੜਾ ਹੋ ਚੁੱਕਿਆ ਹੈ। ਨਾਲ ਹੀ ਸਰੀਰਕ ਵਿਕਾਸ ਵਿਚ ਵੀ ਬਦਲਾਓ ਆਇਆ ਹੈ। ਖਰੜ ਦੇ 14 ਸਾਲ ਦੇ ਬੱਚੇ ਨੇ ਆਪਣੇ ਪਿਤਾ ਦੀ ਸਾਰੀ ਕਮਾਈ ਗੇਮਾਂ ਵਿਚ ਰੋੜ੍ਹ ਦਿੱਤੀ। ਵਿਚਾਰਨ ਵਾਲੀ ਗੱਲ ਹੈ ਕਿ ਮਾਂ-ਪਿਓ ਆਖ਼ਿਰ ਕਿੰਨਾ ਸਮਾਂ ਬੱਚੇ ’ਤੇ ਪਹਿਰਾ ਦਿੰਦੇ ਰਹਿਣਗੇ?
ਸੰਜੀਵ ਸਿੰਘ ਸੈਣੀ, ਮੁਹਾਲੀ


ਉਦਾਸੀ ਦਾ ਘੇਰਾ ਬਨਾਮ ਹੱਲਾਸ਼ੇਰੀ

6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਖ਼ੁਦਕੁਸ਼ੀ ਦਾ ਵਰਤਾਰਾ’ ਵਾਲੇ ਲੇਖ ਵਿਚ ਅਸਲੀਅਤ ਬਿਆਨ ਕੀਤੀ ਹੈ। ਜਦ ਬੰਦਾ ਸਮਾਜਿਕ, ਆਰਥਿਕ, ਰਾਜਨੀਤਕ ਤੇ ਵਿਦਿਆਕ ਖੇਤਰ ਦੇ ਨਾਕਸ ਪ੍ਰਬੰਧਾਂ ਕਰ ਕੇ ਉਦਾਸੀ ਵਿਚ ਘਿਰਦਾ ਹੈ, ਉਸ ਨੂੰ ਜ਼ਿੰਦਗੀ ਨਾਕਾਮ ਲੱਗਣ ਲੱਗਦੀ ਹੈ। ਇਕ ਤਾਂ ਕਰੋਨਾ ਦੀ ਮਾਰ ਕਰ ਕੇ ਬੰਦਾ ਘਰਾਂ ’ਚ ਤਿੰਨ ਚਾਰ ਮਹੀਨੇ ਲਈ ਸਮਾਜ ਨਾਲੋਂ ਟੁੱਟ ਕੇ ਰਹਿਣਾ, ਕੋਈ ਰੁਜ਼ਗਾਰ ਨਹੀਂ, ਮੇਲ ਜੋਲ ਨਹੀਂ, ਖੁੱਲ੍ਹੀ ਹਵਾ ਨਹੀਂ; ਦੂਜੇ ਨੈੱਟ ਦੀ ਪੜ੍ਹਾਈ ਦੀ ਨਵੀਂ ਤਕਨੀਕ ਤੋਂ ਨਾਖੁਸ਼ ਬੱਚੇ ਕੋਈ ਚਾਰਾ ਨਾ ਦੇਖ ਕੇ ਮਾੜਾ ਸੋਚਣ ਲੱਗ ਪੈਂਦੇ ਹਨ। ਮਾਪਿਆਂ, ਅਧਿਆਪਕਾਂ ਆਦਿ ਨੂੰ ਇਸ ਪਾਸੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ।
ਜਸਬੀਰ ਕੌਰ, ਅੰਮ੍ਰਿਤਸਰ


ਫੇਸਬੁੱਕ ਲਾਈਵ ‘ਵੇਲੇ ਦੀ ਗੱਲ’

‘ਪੰਜਾਬੀ ਟ੍ਰਿਬਿਊਨ’ ਵੱਲੋਂ ਫੇਸਬੁੱਕ ਲਾਈਵ ਪ੍ਰੋਗਰਾਮ ‘ਵੇਲ਼ੇ ਦੀ ਗੱਲ’ ਰਾਹੀਂ ਵੱਖ ਵੱਖ ਚਲੰਤ ਮਸਲਿਆਂ ’ਤੇ ਚਰਚਾ ਦੀ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕ ਬੇਸਬਰੀ ਨਾਲ ਇਸ ਪ੍ਰੋਗਰਾਮ ਨੂੰ ਉਡੀਕਦੇ ਹਨ। ਪੱਤਰਕਾਰਾਂ ਹਮੀਰ ਸਿੰਘ, ਦਵਿੰਦਰਪਾਲ, ਚਰਨਜੀਤ ਭੁੱਲਰ ਅਤੇ ਆਤਿਸ਼ ਗੁਪਤਾ ਆਦਿ ਨੇ ਪਿਛਲੇ ਦਿਨਾਂ ’ਚ ਕਈ ਮਹੱਤਵਪੂਰਨ ਚਰਚਾਵਾਂ ਕੀਤੀਆਂ ਹਨ। ਹੋ ਸਕੇ ਤਾਂ ਫੇਸਬੁੱਕ ਲਾਈਵ ਦੌਰਾਨ ਸਰੋਤਿਆਂ ਨੂੰ ਵੀ ਚਰਚਾ ਦਾ ਹਿੱਸਾ ਬਣਾਇਆ ਜਾਵੇ। ਲਾਈਵ ਪ੍ਰੋਗਰਾਮ ਦੌਰਾਨ ਸਰੋਤਿਆਂ ਦੀਆਂ ਟਿੱਪਣੀਆਂ/ਸਵਾਲਾਂ ਨੂੰ ਸ਼ਾਮਿਲ ਕਰ ਕੇ ਚਰਚਾਵਾਂ ਨੂੰ ਹੋਰ ਵੱਧ  ਰੌਚਿਕ ਬਣਾਇਆ ਜਾ ਸਕਦਾ ਹੈ।
ਰਣਦੀਪ ਸੰਗਤਪੁਰਾ, ਲਹਿਰਾਗਾਗਾ


ਖੇਤੀ ਆਰਡੀਨੈਂਸ

1 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਸੁਖਪਾਲ ਸਿੰਘ ਦੇ ਲੇਖ ‘ਖੇਤੀ ਆਰਡੀਨੈਂਸ: ਕੁਝ ਅਹਿਮ ਮੁੱਦਿਆਂ ’ਤੇ ਝਾਤ’ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਆਰਡੀਨੈਂਸਾਂ ਬਾਰੇ ਹੋ ਰਹੀ ਚਰਚਾ ਨੂੰ ਸਿਖਰ ’ਤੇ ਪਹੁੰਚਾ ਕੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ। ਕੇਂਦਰ ਸਰਕਾਰ ਵੱਲੋਂ ਨਵੀਆਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਨੀਤੀ ਪਿੱਛੇ ਛੁਪੀ ਨੀਤ ਇਸ ਲੇਖ ਵਿਚ ਪ੍ਰਗਟ ਕੀਤੇ ਤੱਥਾਂ ਦੀ ਜ਼ੁਬਾਨੀ ਸਪੱਸ਼ਟ ਵੇਖੀ ਜਾ ਸਕਦੀ ਹੈ। ਜੇ ਇਨ੍ਹਾਂ ਮੰਡੀਆਂ ਵਿਚ ਆਪਣੀ ਪੈਦਾਵਾਰ ਵੇਚਣ ਲਈ ਦੇਸ਼ ਦੇ 86 ਫ਼ੀਸਦੀ ਕਿਸਾਨ, ਗਹਿਰੇ ਆਰਥਿਕ ਸੰਕਟ ਕਾਰਨ ਲੈ ਕੇ ਹੀ ਨਹੀਂ ਜਾ ਸਕਣਗੇ ਜੋ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਹੈ ਤਾਂ ਇਹ ਮੰਡੀਆਂ ਕਿਨ੍ਹਾਂ ਲਈ ਹਨ, ਬਾਰੇ ਵੀ ਅਗਾਉਂ ਚਾਨਣ ਵਿਖਾਉਣ ਵਿਚ ਲੇਖਕ ਕਾਮਯਾਬ ਹੋਇਆ ਹੈ। ਮੰਡੀਆਂ ਨੂੰ ਟੈਕਸਾਂ ਤੋਂ ਮੁਕਤ ਕਰਨ ਪਿੱਛੇ ਛੁਪੇ ਇਨ੍ਹਾਂ ਨੂੰ ਕਾਰਪੋਰੇਟਾਂ  ਹਵਾਲੇ ਕਰਨ ਦੇ ਮਨਸੂਬਿਆਂ ਦਾ ਵੀ ਪਰਦਾ ਫ਼ਾਸ਼ ਹੋਇਆ ਹੈ। ਜਾਪਦਾ ਹੈ ਕਿ ਉਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੀ ਇਹ ਲੇਖ ਪੜ੍ਹਨ ਤੋਂ ਬਾਅਦ ਹੀ ਆਪਣਾ ਨਜ਼ਰੀਆ ਬਦਿਲਆ ਹੈ।
ਜਸਵੰਤ ਜੀਰਖ, ਲੁਧਿਆਣਾ

ਪਾਠਕਾਂ ਦੇ ਖ਼ਤ Other

Jul 08, 2020

ਕੀਟਨਾਸ਼ਕਾਂ ਤੇ ਖਾਦਾਂ ਦੀ ਅੰਨ੍ਹੀ ਵਰਤੋਂ

7 ਜੁਲਾਈ ਨੂੰ ਪਹਿਲੇ ਪੰਨੇ ’ਤੇ ਖ਼ਬਰ ਪੜ੍ਹੀ : ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’। ਕੀਟਨਾਸ਼ਕਾਂ ਅਤੇ ਖਾਦਾਂ ਦੀ ਅੰਨ੍ਹੀ ਵਰਤੋਂ ਦੇ ਮਾਮਲੇ ’ਤੇ ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦਾ ਨਾਮ ਸ਼ਾਮਿਲ ਹੋ ਗਿਆ ਹੈ। ਇਹ ਆਉਣ ਵਾਲੇ ਦਿਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ। ਇਸ ਦੇ ਮਾੜੇ ਪ੍ਰਭਾਵ ਪੰਜਾਬ ਵਿਚ ਦਿਖਾਈ ਦੇ ਹੀ ਰਹੇ ਹਨ। ਕਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ, ਫਿਰ ਵੀ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਘਟ ਨਹੀਂ ਰਹੀ। ਸਰਕਾਰਾਂ ਨੂੰ ਹੁਣ ਇਸ ਬਾਰੇ ਫ਼ੈਸਲਾਕੁਨ ਕਦਮ ਚੁੱਕਣਾ ਚਾਹੀਦਾ ਹੈ।
ਈਸ਼ਾ ਸ਼ਰਮਾ, ਬਠਿੰਡਾ


ਵੈਕਸੀਨ ਬਾਰੇ ਦਾਅਵੇ

6 ਜੁਲਾਈ ਦੇ ਸੰਪਾਦਕੀ ‘ਕਾਹਲ ਕਿਉਂ’ ਵਿਚ ਆਈਸੀਐਮਆਰ ਵੱਲੋਂ ਕੋਵਿਡ-19 ਦੀ ਤਿਆਰ ਹੋ ਰਹੀ ਵੈਕਸੀਨ ਬਾਰੇ ਕੀਤੀ ਜਾ ਰਹੀ ਕਾਹਲੀ ਬਾਰੇ ਪੜ੍ਹ ਕੇ ਹੈਰਾਨੀ ਹੋਈ ਕਿ ਇਹ ਸੰਸਥਾ ਸੱਚਮੁੱਚ ਐਨੀ ਕਾਹਲੀ ਕਿਉਂ ਹੈ! ਕਿਸੇ ਵੀ ਤਰ੍ਹਾਂ ਦੀ ਵੈਕਸੀਨ ਤਿਆਰ ਕਰਨ ਲਈ ਤਿੰਨ ਚਾਰ ਪੜਾਅ ਤੈਅ ਕਰਨੇ ਜ਼ਰੂਰੀ ਹਨ, ਜਿਨ੍ਹਾਂ ਰਾਹੀਂ ਤਿਆਰ ਕੀਤੀ ਜਾ ਰਹੀ ਵੈਕਸੀਨ ਨੂੰ ਪਹਿਲਾਂ ਜਾਨਵਰਾਂ, ਫਿਰ ਇਨਸਾਨਾਂ ਉੱਪਰ ਵੱਖਰੇ ਵੱਖਰੇ ਤੌਰ ’ਤੇ ਪਰਖ ਕੇ ਵੈਕਸੀਨ ਦੇ ਨਫ਼ੇ ਨੁਕਸਾਨ ਦੀ ਪੜਤਾਲ ਕੀਤੀ ਜਾਂਦੀ ਹੈ, ਫਿਰ ਕਿਤੇ ਜਾ ਕੇ ਇਹ ਇਨਸਾਨਾਂ ਲਈ ਵਰਤੋਂ ਯੋਗ ਹੁੰਦੀ ਹੈ। ਇਸ ਲਈ ਇਸ ਨੂੰ ਦਿਨ ਮਿੱਥ ਕੇ ਤਿਆਰ ਨਹੀਂ ਕੀਤਾ ਜਾ ਸਕਦਾ। ਦੂਸਰੇ ਮੁਲਕਾਂ ਵੱਲੋਂ ਸਾਡੇ ਵਿਗਿਆਨੀਆਂ ’ਤੇ ਵੀ ਉਂਗਲ ਉੱਠਣੀ ਸੁਭਾਵਿਕ ਹੈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ


ਬੱਚਿਆਂ ਦੀਆਂ ਸਮੱਸਿਆਵਾਂ

6 ਜੁਲਾਈ ਦੇ ਸੰਪਾਦਕੀ ‘ਤਾਲਾਬੰਦੀ : ਬੱਚਿਆਂ ਲਈ ਚੁਣੌਤੀ’ ਵਿਚ ਬੱਚਿਆਂ ਦਾ ਮਸਲਾ ਸਹੀ ਢੰਗ ਨਾਲ ਉਭਾਰਿਆ ਗਿਆ ਹੈ। ਉਂਜ ਬੱਚਿਆਂ ਦੀ ਅਹਿਮੀਅਤ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਟੀਕ ਹੱਲ ਨਹੀਂ ਦੱਸਿਆ ਗਿਆ। ਕੋਵਿਡ-19 ਦੌਰਾਨ 65 ਫ਼ੀਸਦੀ ਤੋਂ ਵੱਧ ਬੱਚੇ ਮੋਬਾਈਲ ਦੇ ਆਦੀ ਹੋਣ ਦੇ ਨਾਲ ਨਾਲ ਮੋਟਾਪਾ, ਸਿਰਦਰਦ, ਅੱਖਾਂ ’ਚ ਜਲਨ, ਚਿੜਚਿੜਾਪਨ, ਇਕਾਂਤ ਆਦਿ ਤੋਂ ਪੀੜਤ ਹੋ ਗਏ ਹਨ। ਵੱਖ ਵੱਖ ਦੇਸ਼ਾਂ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਕਰੋਨਾਵਾਇਰਸ ਬਿਮਾਰੀ ਹਵਾ ਨਾਲ ਵੀ ਫੈਲਦੀ ਹੈ। ਇਸ ਕਰ ਕੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ ਅਤੇ ਉਨ੍ਹਾਂ ਲਈ ਖੁੱਲ੍ਹੇ ਡੁੱਲ੍ਹੇ ਮੈਦਾਨਾਂ ਤੇ ਸ਼ੈੱਡਾਂ ਵਿਚ ਸਿੱਖਿਆ/ਸਿਹਤ ਦਾ ਪ੍ਰਬੰਧ ਕੀਤਾ ਜਾਵੇ।
ਗੁਰਦਿਆਲ ਸਹੋਤਾ, ਲੁਧਿਆਣਾ


ਫੰਡ ਦਾ ਹਿਸਾਬ

6 ਜੁਲਾਈ ਨੂੰ ਰਣਜੀਤ ਲਹਿਰਾ ਦਾ ਮਿਡਲ ‘ਪੀਐੱਮ ਕੇਅਰਜ਼ ਫੰਡ ਬਨਾਮ ਬਾਈ ਦਾ ਖੀਸਾ’ ਪੜ੍ਹਿਆ। ਜੋ ਕੁਝ ਲਿਖਿਆ ਗਿਆ ਹੈ, ਸੋਚਦੇ ਤਾਂ ਅਸੀਂ ਵੀ ਰੋਜ਼ ਇਹੀ ਹਾਂ। ਕਿੰਨਾ ਮੰਦਭਾਗਾ ਹੈ ਕਿ ਜਿਨ੍ਹਾਂ ਨੇ ਫੰਡ ਦਿੱਤਾ, ਉਹ ਇਹ ਨਹੀਂ ਪੁੱਛ ਸਕਦੇ ਕਿ ਇਸ ਦੀ ਵਰਤੋਂ ਕਿੱਥੇ ਹੋਈ। ਭਾਵਨਾਵਾਂ ਵਿਚ ਵਹਿ ਕੇ ਅਸੀਂ ਦਾਨ ਕਰਦੇ ਹਾਂ। ਮੇਰਾ ਵੀ ਛੋਟਾ ਜਿਹਾ ਹਿੱਸਾ ਇਸ ਵਿਚ ਹੈ। ਹੁਣ ਲੱਗਦਾ ਹੈ, ਜੇ ਆਪ ਹੀ ਕਿਸੇ ਦੀ ਸਿੱਧੀ ਮਦਦ ਕਰ ਦਿੰਦੇ ਤਾਂ ਚੰਗਾ ਸੀ। ਆਰਟੀਆਈ ਤੋਂ ਬਾਹਰ ਇਸ ਫੰਡ ਦੀ ਦੁਰਵਰਤੋਂ ਹੋਣਾ ਪੱਕਾ ਹੈ। ਲੋਕ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ। ਕਿਵੇਂ ਕੋਈ ਸਰਕਾਰ ਲੋਕਾਂ ਦੀ ਮਿਹਨਤ ਦੀ ਕਮਾਈ ਵਿਚੋਂ ਕੀਤੇ ਦਾਨ ਦੀ ਰਾਸ਼ੀ ਨੂੰ ਬੇ-ਹਿਸਾਬ ਰੱਖ ਸਕਦੀ ਹੈ? 4 ਜੁਲਾਈ ਨੂੰ ਸੀ. ਮਾਰਕੰਡਾ ਦੇ ਮਿਡਲ ‘ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ’ ਵਿਚ ਮਾਸਟਰ ਜੀ ਦੇ ਸਾਧਾਰਨ ਲਿਬਾਸ ਤੇ ਪੜ੍ਹਾਉਣ ਦੇ ਵਧੀਆ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ ਹੈ। ਉਹ ਡੰਡੇ ਦਾ ਇਸਤੇਮਾਲ ਨਹੀਂ ਕਰਦੇ ਸੀ। ਪਿਆਰ ਨਾਲ ਪੜ੍ਹਾਉਣਾ, ਬੱਚਿਆਂ ਨੂੰ ਪੂਰੀ ਤਰ੍ਹਾਂ ਸਾਰੇ ਕੰਮ ਵਿਚ ਸ਼ਾਮਿਲ ਕਰ ਕੇ ਸਿਖਾਉਣਾ ਉਨ੍ਹਾਂ ਦੇ ਖ਼ਾਸ ਗੁਣਾਂ ਵਿਚੋਂ ਇਕ ਹੁੰਦਾ ਸੀ। ਬੱਚੇ ਵੀ ਮਾਸਟਰ ਜੀ ਤੋਂ ਖੁਸ਼ੀ ਖੁਸ਼ੀ ਸਿੱਖਦੇ ਸੀ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ


(2)

ਰਣਜੀਤ ਲਹਿਰਾ ਦਾ ਮਿਡਲ ‘ਪੀਐਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ’ ਇਸ ਫੰਡ ਦੀ ਵਰਤੋਂ ਦੀ ਪਾਰਦਰਸ਼ਤਾ ਬਾਰੇ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਪਹਿਲਾਂ 4 ਜੁਲਾਈ ਦਾ ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਲੇਹ ਦੌਰਾ’ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੇਹ ਪਹੁੰਚ ਕੇ ਚੀਨ ਦੀ ਫੌਜ ਨਾਲ ਲੋਹਾ ਲੈਣ ਵਾਲੇ ਭਾਰਤੀ ਫੌਜੀਆਂ ਦੀ ਹੌਸਲਾ ਅਫ਼ਜ਼ਾਈ ਦੀ ਸ਼ਲਾਘਾ ਕਰਦਾ ਹੈ, ਉੱਥੇ ਹੱਥਾਂ ਵਿਚ ਡਿਗਰੀਆਂ ਫੜੀ ਰੁਜ਼ਗਾਰ ਦੀ ਭਾਲ ਵਿਚ ਦਰ ਦਰ ਠੋਕਰਾਂ ਖਾ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਆਰਥਿਕ ਤੰਗੀ ਕਾਰਨ ਤੇ ਕਰਜ਼ੇ ਦੇ ਭਾਰ ਹੇਠ ਦਬੇ ਕਿਸਾਨਾਂ ਤੇ ਮਜ਼ਦੂਰਾਂ ਦੀ ਦਸ਼ਾ ਸੁਧਾਰਨ ਵੱਲ ਧਿਆਨ ਦੇਣ ਦੀ ਸਲਾਹ ਵੀ ਦਿੰਦਾ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)

(3)

ਰਣਜੀਤ ਲਹਿਰਾ ਦਾ ਮਿਡਲ ‘ਪੀਐਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ’ ਪੜ੍ਹਿਆ। ਇਸ ਵਿਚ ਲੇਖਕ ਨੇ ਬਿਲਕੁਲ ਸਹੀ ਨੁਕਤੇ ਉਠਾਏ ਹਨ। ਕਿਤੇ ‘ਪ੍ਰਧਾਨ ਸੇਵਕ’ ਠੱਗ ਹੀ ਨਾ ਨਿਕਲੇ? 4 ਜੁਲਾਈ ਨੂੰ ਸੀ. ਮਾਰਕੰਡਾ ਦਾ ਮਿਡਲ ‘ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ’ ਪੜਿ੍ਹਆ। ਲੇਖਕ ਨੇ ਸਰਲ ਤੇ ਸੁੰਦਰ ਸ਼ਬਦਾਵਲੀ/ਕਵਿਤਾ ਨਾਲ ਲੇਖ ਦਿਲਚਸਪ ਬਣਾ ਦਿਤਾ।
ਬਲਬੀਰ ਸਿੰਘ, ਰਾਮਪੁਰਾ ਫੂਲ


ਨਸ਼ਿਆਂ ਦਾ ਜੰਜਾਲ ਅਤੇ ਮਾਪਿਆਂ ਦੀ ਦਰਦ ਕਹਾਣੀ

6 ਫਰਵਰੀ ਨੂੰ ਪੰਨਾ 4 ਉੱਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਖ਼ੁਦਕੁਸ਼ੀ ਕਰ ਗਏ ਜਸਵੀਰ ਦੀ ਮਾਤਾ ਹਰਜਿੰਦਰ ਕੌਰ ਦੀ ਦਰਦ ਭਰੀ ਕਹਾਣੀ ਪੜ੍ਹੀ। ਪੜ੍ਹ ਕੇ ਨਿਰਾਸ਼ਾ ਹੋਈ ਕਿ ਕਿਵੇਂ ਉਹ ਆਪਣੀਆਂ ਦੋ ਮੰਦਬੁੱਧੀ ਲੜਕੀਆਂ ਨਾਲ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਨਸ਼ਿਆਂ ਦੇ ਮਕੜਜਾਲ ਵਿਚ ਫਸ ਕੇ ਪੁੱਤ ਨੇ ਘਰ ਦਾ ਸਮਾਨ ਅਤੇ ਜ਼ਮੀਨ ਵੇਚ ਦਿੱਤੀ। ਪੁੱਤਰ ਨਸ਼ਿਆਂ ਦੇ ਰਾਹ ਪੈਣ ਕਰਕੇ ਪਿਤਾ ਚੱਲ ਵਸਿਆ। ਇਹ ਕਹਾਣੀ ਇਕੱਲੇ ਤਰਨ ਤਾਰਨ ਜ਼ਿਲ੍ਹੇ ਦੀ ਨਹੀਂ ਹੈ, ਸਾਰੇ ਪੰਜਾਬ ਦਾ ਇਹੋ ਹਾਲ ਹੈ।
ਗੋਵਿੰਦਰ ਜੱਸਲ, ਸੰਗਰੂਰ

ਪਾਠਕਾਂ ਦੇ ਖ਼ਤ Other

Jul 07, 2020

ਬੱਚਿਆਂ ਦਾ ਹਾਲ

6 ਜੁਲਾਈ ਦੇ ਸੰਪਾਦਕੀ ‘ਤਾਲਾਬੰਦੀ: ਬੱਚਿਆਂ ਲਈ ਚੁਣੌਤੀ’ ਵਿਚ ਸਹੀ ਲਿਖਿਆ ਹੈ ਕਿ ਤਾਲਾਬੰਦੀ ਕਾਰਨ ਬੱਚੇ ਇਕਲਾਪੇ ਵੱਲ ਵਧ ਰਹੇ ਹਨ। ਲੰਮੇ ਸਮੇਂ ਦੇ ਲੌਕਡਾਊਨ ਨੇ ਵਿਦਿਆਰਥੀਆਂ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪਾਇਆ ਹੈ। ਕਰੋਨਾ ਕਰ ਕੇ ਮਨਾਂ ’ਚ ਜ਼ਿਆਦਾ ਡਰ ਪੈਦਾ ਕਰਨ ਦੀ ਥਾਂ ਸਕੂਲ ਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣਾ ਵਧੇਰੇ ਠੀਕ ਰਹੇਗਾ। ਅਧਿਆਪਕ ਵਿਦਿਆਰਥੀਆਂ ਨੂੰ ਸਾਵਧਾਨੀਆਂ ਰੱਖਣ ਬਾਰੇ ਦੱਸ ਸਕਦੇ ਹਨ। ਜੇਈਈ ਤੇ ਨੀਟ ਦੇ ਇਮਤਿਹਾਨ ਵੀ ਵਾਰ ਵਾਰ ਅੱਗੇ ਪਾ ਕੇ ਅਨਿਸ਼ਚਿਤਤਾ, ਤਣਾਅ, ਡਰ ਵਾਲੀ ਹਾਲਤ ਬਣਾਉਣ ਦੀ ਥਾਂ ਇਹ ਇਮਤਿਹਾਨ ਹੁਣ ਬਿਨਾਂ ਦੇਰੀ ਤੋਂ ਲਏ ਜਾਣੇ ਚਾਹੀਦੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਨਐਸਯੂਆਈ ਇਕਾਈ ਵੱਲੋਂ ਸੁਖਨਾ ਝੀਲ ਤੋਂ ਲੈ ਕੇ 17 ਸੈਕਟਰ ਤੱਕ, ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਸਾਇਕਲਾਂ ’ਤੇ ਰੈਲੀ ਕਰਨਾ ਵਧੀਆ ਉਪਰਾਲਾ ਲੱਗਿਆ।
ਸੋਹਣ ਲਾਲ ਗੁਪਤਾ, ਪਟਿਆਲਾ


ਖ਼ੁਦਕੁਸ਼ੀ ਬਨਾਮ ਮਨੁੱਖ

6 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਖ਼ੁਦਕੁਸ਼ੀ ਦਾ ਵਰਤਾਰਾ: ਮਨੁੱਖੀ ਵਿਕਾਸ ’ਤੇ ਪ੍ਰਸ਼ਨ ਚਿੰਨ੍ਹ’ ਵਿਚ ਮਨੁੱਖੀ ਸੁਭਾਅ ਬਾਰੇ ਜ਼ਿਕਰ ਕੀਤਾ ਹੈ। ਹਰ ਜੀਵ ਕੁਦਰਤ ਨਾਲ ਸੰਘਰਸ਼ ਕਰ ਕੇ ਆਪਣੇ ਰਹਿਣ ਲਈ ਥਾਂ ਬਣਾਉਂਦਾ ਹੈ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਇਨਸਾਨ ਜਿਸ ਦਾ ਦਿਮਾਗ਼ ਸਾਰੇ ਦੂਜਿਆਂ ਜੀਵਾਂ ਤੋਂ ਉੱਤਮ ਮੰਨਿਆ ਗਿਆ ਹੈ, ਉਹ ਸਮਾਜ ਵਿਚ ਥਾਂ ਬਣਾਉਣ ਲਈ ਸੰਘਰਸ਼ ਕਰਦਾ ਹੈ ਪਰ ਜਦੋਂ ਅਸਫ਼ਲਤਾ ਦਾ ਮੂੰਹ ਦੇਖਣਾ ਪੈਂਦਾ ਤਾਂ ਨਿਰਾਸ਼ ਹੋ ਜਾਂਦਾ ਹੈ। ਇਹ ਨਿਰਾਸ਼ਾ ਮਨੁੱਖ ਦੀ ਜੀਣ ਦੀ ਲਾਲਸਾ ਨੂੰ ਖ਼ਤਮ ਕਰ ਦਿੰਦੀ ਹੈ। ਇਸ ਸਮੇਂ ਸਾਨੂੰ ਹਰਬਰਟ ਸਪੈਂਸਰ ਦਾ ਸਿਧਾਂਤ (Survival of the fittest) ਅਪਣਾਉਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੂਜੇ ਸ਼ਖ਼ਸ ਦੀ ਤੁਲਨਾ ਵਿਚ ਨਹੀਂ, ਸਗੋਂ ਆਪਣੇ ਵਿਚਾਰਾਂ, ਸਮਝ ਅਤੇ ਸਿਹਤ ਪ੍ਰਤੀ ਦੂਜਿਆਂ ਤੋਂ ਸਰਵੋਤਮ ਹੋਈਏ।
ਅਮਨਦੀਪ ਕੌਰ ਸੰਧੂ, ਪਟਿਆਲਾ


(2)

ਡਾ. ਸ਼ਿਆਮ ਸੁੰਦਰ ਦੀਪਤੀ ਨੇ ਖ਼ੁਦਕੁਸ਼ੀਆਂ ਦੇ ਸੰਵੇਦਨਸ਼ੀਲ ਮੁੱਦੇ ਬਾਰੇ ਲਿਖਿਆ ਹੈ। ਉਨ੍ਹਾਂ ਖ਼ੁਦਕੁਸ਼ੀਆਂ ਦੇ ਬਹੁਤ ਸਾਰੇ ਕਾਰਨਾਂ ਦਾ ਵਰਨਣ ਕੀਤਾ ਹੈ ਪਰ ਖ਼ੁਦਕੁਸ਼ੀਆਂ ਦੇ ਅਜੋਕੇ ਅਸਲੀ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ। ਅਸਲੀਅਤ ਇਹ ਹੈ ਕਿ ਅੱਜ ਦੇ ਦੌਰ ਵਿਚ ਵਧੇਰੇ ਖ਼ੁਦਕੁਸ਼ੀਆਂ ਸਰਕਾਰੀ-ਤੰਤਰ, ਗੁੰਡਾ-ਤੰਤਰ, ਘਟੀਆ ਸਿੱਖਿਆ ਤੇ ਸਿਹਤ ਸਹੂਲਤਾਂ, ਰਿਸ਼ਵਤਖੋਰੀ, ਰਾਖਵਾਂਕਰਨ, ਰਾਜਨੀਤੀ, ਭਾਈ-ਭਤੀਜਾਵਾਦ ਅਤੇ ਅਮੀਰੀ-ਗ਼ਰੀਬੀ ਦੇ ਪਾੜੇ ਕਾਰਨ ਹੋ ਰਹੀਆਂ ਹਨ। ਇਹ ਅਸਲ ਵਿਚ ਕਤਲ ਹਨ। ਖ਼ੁਦਕੁਸ਼ੀ ਦੀ ਹਰ ਖ਼ਬਰ ਵਿਚ ਕਾਰਨ ਲਿਖਿਆ ਹੁੰਦਾ ਹੈ ਕਿ ਫਲਾਣੇ ਲੀਡਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ, ਕਰਜ਼ੇ ਤੋਂ ਤੰਗ ਆ ਕੇ, ਬਿਮਾਰੀ ਤੋਂ ਤੰਗ ਆ ਕੇ, ਪੁਲੀਸ ਤੋਂ ਤੰਗ ਆ ਕੇ, ਨੌਕਰੀ ਨਾ ਮਿਲਣ ਕਾਰਨ, ਪ੍ਰੀਖਿਆ ਵਿਚ ਸਫ਼ਲ ਨਾ ਹੋਣ ’ਤੇ ਜਾਂ ਝੂਠੇ ਜਾਤੀਵਾਦ ਕੇਸ ਤੋਂ ਤੰਗ ਆ ਕੇ ਖ਼ੁਦਕਸ਼ੀ ਕੀਤੀ। ਜਦੋਂ ਹਰ ਅਣਆਈ ਮੌਤ ਲਈ ਜ਼ਿੰਮੇਵਾਰ ਕਾਤਲ ਖ਼ਬਰਾਂ ਵਿਚ ਦਰਸਾਏ ਜਾਂਦੇ ਹਨ ਤਾਂ ਇਹ ਹੱਤਿਆਵਾਂ ਖ਼ੁਦਕੁਸ਼ੀਆਂ ਕਿਵੇਂ ਹੋਈਆਂ?
ਵਿਨੋਦ ਗਰਗ, ਈਮੇਲ


ਕਿਰਤੀਆਂ ਦਾ ਹਾਲ

2 ਜੁਲਾਈ ਨੂੰ ਜਤਿੰਦਰ ਸਿੰਘ ਦਾ ਲੇਖ ‘ਨਾ ਝੰਗ ਛੁੱਟਿਆ ਨਾ ਕੰਟ ਪਾਟੇ...’ ਪੜ੍ਹਿਆ। ਇਸ ਵਿਚ ਲੇਖਕ ਨੇ ਹਿਜਰਤ ਕਰ ਰਹੇ ਕਿਰਤੀਆਂ ਦਾ ਪੱਖ ਉਭਾਰ ਕੇ ਸਵਾਲ ਕੀਤਾ ਹੈ ਕਿ ਉਸ ਮਾਨਸਿਕਤਾ ਲਈ ਆਖ਼ਿਰ ਕੌਣ ਜ਼ਿੰਮੇਵਾਰ ਹੈ ਜਿਸ ਕਾਰਨ ਉਨ੍ਹਾਂ ਲੌਕਡਾਊਨ ਦੌਰਾਨ ਪੈਦਲ ਆਪਣੇ ਘਰਾਂ ਨੂੰ ਜਾਣ ਲਈ ਚਾਲੇ ਪਾ ਦਿੱਤੇ ਸਨ? ਮੈਂ ਇਸ ਮੰਦਭਾਗੇ ਮੰਜ਼ਰ ਲਈ ਉਸ ਸੋਚ ਨੂੰ ਜ਼ਿੰਮੇਵਾਰ ਮੰਨਦਾ ਹਾਂ ਜਿਸ ਨੇ ਸਾਨੂੰ ਕੇਵਲ ਆਪਣੇ ਤਕ ਸੀਮਤ ਕਰ ਦਿੱਤਾ ਹੈ। ਅੱਜ ਦਾ ਕੌੜਾ ਸੱਚ ਇਹ ਹੈ ਕਿ ਅਸੀਂ ਆਪਣੇ ਫ਼ਾਇਦੇ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਸਾਂਝੀਵਾਲਤਾ, ਆਪਸੀ ਭਾਈਚਾਰਾ, ਨੈਤਿਕ ਕਦਰਾਂ ਕੀਮਤਾਂ, ਕੰਮਕਾਰ ਦੇ ਅਸੂਲ, ਕੁਰਬਾਨੀ ਤੇ ਤਿਆਗ ਵਰਗੀਆਂ ਭਾਵਨਾਵਾਂ ਸਾਡੀ ਜ਼ਿੰਦਗੀ ’ਚੋਂ ਮਨਫ਼ੀ ਹੋ ਕੇਵਲ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।
ਗਗਨਦੀਪ ਸਿੰਘ ਸਰਾਂ, ਮੁੱਲਾਂਪੁਰ


(2)

2 ਜੁਲਾਈ ਦੇ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ…’ ਵਿਚ ਜਤਿੰਦਰ ਸਿੰਘ ਨੇ ਕਰੋਨਾ ਮਹਾਮਾਰੀ ਵਿਚੋਂ ਉਪਜੀ ਬਿਪਤਾ ਵਿਚ ਗ਼ਰੀਬਾਂ ਦੀ ਸਾਰ ਨਾ ਹੀ ਉਨ੍ਹਾਂ ਦੇ ਮਾਲਕਾਂ ਅਤੇ ਨਾ ਹੀ ਅਖੌਤੀ ਦੇਸ਼ ਭਗਤ ਸਰਕਾਰ ਵੱਲੋਂ ਲੈਣ ਬਾਰੇ ਜਾਇਜ਼ ਸਵਾਲ ਉਠਾਏ ਹਨ। ਸੱਚਮੁੱਚ ਸਰਕਾਰ ਤੇ ਇਸ ਦੇ ਸੱਜੇ-ਪੱਖੀ ਚੇਲਿਆਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਜਿਸ ਦੇਸ਼ ਭਗਤੀ ਨੂੰ ਤੁਸੀਂ ਗਾਨੇ ਵਾਂਗ ਗੁੱਟ ’ਤੇ ਸਜਾਈ ਫਿਰਦੇ ਹੋ, ਕੀ ਕਦੇ ਅਸਲ ਜ਼ਿੰਦਗੀ ਵਿਚ ਲੋੜਵੰਦਾਂ ਦੀ ਆਪ ਜਾਂ ਸਰਕਾਰੀ ਸਿਸਟਮ ਰਾਹੀਂ ਮਦਦ ਕੀਤੀ ਹੈ ਜਾਂ ਆਮ ਲੋਕ ਤੁਹਾਨੂੰ ਓਨੇ ਦੇਸ਼ ਭਗਤ ਨਜ਼ਰ ਨਹੀਂ ਆਉਂਦੇ? ਪਰ ਬਾਅਦ ਵਿਚ ਲੇਖਕ ਲੋਕਾਂ ਨੂੰ ਕਿਸੇ ਕ੍ਰਾਂਤੀ ਲਈ ਆਖ ਕੇ ਮੁੱਦੇ ਨੂੰ ਰਾਹੋਂ ਭਟਕਾ ਗਿਆ। ਜਿੰਨੇ ਦੇਸ਼ਾਂ ’ਚ ਵੀ ਇਹ ਕ੍ਰਾਂਤੀ ਆਈ, ਇਸ ਨੇ ਆਮ ਲੋਕਾਂ ਦੇ ਜੀਵਨ ਵਿਚ ਕੋਈ ਸਿਫ਼ਤੀ ਤਬਦੀਲੀ ਨਹੀਂ ਲਿਆਂਦੀ। ਜੇ ਕ੍ਰਾਂਤੀ ਦਾ ਮਕਸਦ ਗ਼ਰੀਬਾਂ ਦੀ ਆਰਥਿਕ ਹਾਲਤ ’ਚ ਸੁਧਾਰ ਹੈ ਤਾਂ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਹ ਸੁਧਾਰ ਖੱਬੇ ਪੱਖੀਆਂ ਦੁਆਰਾ ਸੁਝਾਏ ਤੇ ਪ੍ਰਚਾਰੇ ਜਾਂਦੇ ਆਰਥਿਕ/ਰਾਜਨੀਤਕ ਸਿਸਟਮ/ਢਾਂਚੇ ਨਾਲ ਬਿਲਕੁਲ ਵੀ ਹਾਸਿਲ ਨਹੀਂ ਹੋ ਸਕਦਾ। ਜੇ ਕ੍ਰਾਂਤੀ ਦਾ ਮਕਸਦ ਸਰਕਾਰ ਜਾਂ ਪੋਲਿਟ ਬਿਊਰੋ ਨੂੰ ਹੀ ਅਸੀਮ ਤਾਕਤ ਤੇ ਸ਼ਕਤੀਆਂ ਦਿਵਾਉਣਾ ਹੈ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਹੀ ਕਰੋਨਾ ਮਹਾਮਾਰੀ ਦੌਰਾਨ ਹੀ ਗ਼ਰੀਬਾਂ ਨਾਲ ਵਿਹਾਰ ਵਿਚੋਂ ਜੱਗ ਜ਼ਾਹਿਰ ਹੋ ਚੁੱਕੀ ਹੈ। ਸਮੁੱਚੇ ਆਰਥਿਕ ਢਾਂਚੇ ਨੂੰ ਹੰਢਣਸਾਰ ਬਣਾਉਣ ਵਾਸਤੇ ਪੱਛਮੀ ਦੇਸ਼ਾਂ ਦੁਆਰਾ ਅਪਣਾਏ ਤੇ ਵਿਕਸਤ ਕੀਤੇ ਆਰਥਿਕ ਸਿਸਟਮ, ਅਰਥਾਤ ਪੂੰਜੀਵਾਦ ਨੂੰ ਅਪਣਾ ਕੇ ਹੀ ਗ਼ਰੀਬ ਲੋਕਾਂ ਨੂੰ ਵੀ ਲੋੜੀਂਦੀਆਂ ਵਸਤਾਂ/ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ।
ਬਲਜਿੰਦਰ ਸਿੰਘ ਰਾਏਸਰ, ਲਹਿਰਾ ਮੁਹੱਬਤ


(3)

ਜਤਿੰਦਰ ਸਿੰਘ ਦਾ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ’ ਪੜ੍ਹਿਆ ਅਤੇ ਇਸ ਬਾਰੇ ਚਿੱਠੀਆਂ ਵੀ। ਇਹ ਸਮੱਗਰੀ ਪੜ੍ਹ ਕੇ ਡਾ. ਜੋਧ ਸਿੰਘ, ਖ਼ੁਸ਼ਵੰਤ ਸਿੰਘ ਦੀ ਯਾਦ ਆਈ। ਇਹ ਸਰਲ ਬੋਲੀ ਵਿਚ ਲਿਖਣ ’ਤੇ ਜ਼ੋਰ ਦਿੰਦੇ ਸਨ। ਮੈਂ ਗੁਜ਼ਾਰੇ ਜੋਗੀ ਪੰਜਾਬੀ ਪੜ੍ਹਿਆ ਹੋਇਆ ਹਾਂ, ਇਹ ਲੇਖ ਪੜ੍ਹ ਕੇ ਸਮਝਣਾ ਮੇਰੇ ਲਈ ਔਖਾ ਹੋ ਗਿਆ।
ਚਰਨਪਾਲ ਸਿੰਘ, ਈਮੇਲ

ਪਾਠਕਾਂ ਦੇ ਖ਼ਤ Other

Jul 06, 2020

ਸਰਕਾਰੀ ਖਰੀਦ ਅਤੇ ਮੰਡੀਆਂ

4 ਜੁਲਾਈ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਦੇ ਲੇਖ ‘ਸਰਕਾਰੀ ਖ਼ਰੀਦ ਤੇ ਮੰਡੀਆਂ ਬਿਨਾਂ ਐਮਐਸਪੀ ਬੇਮਾਇਨਾ’ ਵਿਚ ਇਹ ਠੀਕ ਨੁਕਤਾ ਉਠਾਇਆ ਹੈ ਕਿ ਜਿਨ੍ਹਾਂ ਸੂਬਿਆਂ ਵਿਚ ਐਫਸੀਆਈ ਕਣਕ ਅਤੇ ਝੋਨਾ ਨਹੀਂ ਖਰੀਦਦੀ, ਉੱਥੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 300-400 ਰੁਪਏ ਘੱਟ ਭਾਅ ਮਿਲਦਾ ਹੈ। ਵਪਾਰੀ ਇਸ ਦਾ ਨਾਜਾਇਜ਼ ਫ਼ਾਇਦਾ ਉਠਾਉਣਗੇ ਤੇ ਬਾਹਰਲੇ ਸੂਬਿਆਂ ਤੋਂ ਕਣਕ-ਝੋਨਾ ਲਿਆ ਕੇ ਪੰਜਾਬ, ਹਰਿਆਣਾ ਵਿਚ ਵੇਚਣਗੇ। ਸੋ ਖੇਤੀ ਜਿਣਸਾਂ ਦੇ ਘੱਟੋ-ਘੱਟ ਸਮਰਥਨ    ਮੁੱਲ ਪ੍ਰਾਪਤ ਕਰਨ ਵਾਸਤੇ ਲਾਜ਼ਮੀ ਸ਼ਰਤ ਹੈ ਕਿ   ਐਲਾਨੇ ਭਾਅ ਉਪਰ ਸਰਕਾਰੀ ਏਜੰਸੀਆਂ ਫਸਲ        ਦੀ ਖ਼ਰੀਦ ਯਕੀਨੀ ਬਣਾਉਣ ਅਤੇ ਅਦਾਿੲਗੀ ਵੀ ਨਾਲੋ-ਨਾਲ ਕਰਨ। ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਇਨ੍ਹਾਂ ਆਰਡੀਨੈਂਸਾਂ ਨੂੰ ਸਮਰਥਨ ਦੇਣਾ ਕਿਸਾਨੀ      ਨਾਲ ਵਿਸਾਹਘਾਤ ਹੋਵੇਗਾ।
ਗੁਰਚਰਨ ਖੇਮੋਆਣਾ, ਬਠਿੰਡਾ


ਸਰਕਾਰ ਦੇ ਪ੍ਰਾਈਵੇਟ ਹੱਥ

4 ਜੁਲਾਈ ਨੂੰ ਸੰਪਾਦਕੀ ‘ਕੋਲਾ ਕਾਮਿਆਂ ਦੀ ਹੜਤਾਲ’ ਪੜ੍ਹ ਕੇ ਪਤਾ ਲਗਦਾ ਹੈ ਕਿ ਸਰਕਾਰ ਵੱਲੋਂ ਕੋਲੇ ਦੀਆਂ ਖਾਣਾਂ ਕਾਰਪੋਰੇਟ ਘਰਾਣਿਆਂ ਹੱਥੀਂ ਸੌਂਪਣ ਕਾਰਨ ਕਾਮੇ ਵਿਰੋਧ ਕਰ ਰਹੇ ਹਨ। ਪਿਛਲੇ ਛੇ ਸਾਲਾਂ ਤੋਂ ਸਰਕਾਰ ਦੇਸ਼ ਦੇ ਜਨਤਕ ਸਥਾਨਾਂ ਨੂੰ ਕਾਰਪੋਰੇਟ ਹੱਥਾਂ ਵਿਚ ਸੌਂਪਣ ਲਈ ਤਰਲੋਮੱਛੀ ਹੋ ਰਹੀ ਹੈ। ਹੁਣ ਤੱਕ ਰੇਲਵੇ, ਬਿਜਲੀ, ਖੇਤੀਬਾੜੀ, ਇਤਿਹਾਸਕ ਇਮਾਰਤਾਂ ਅਤੇ ਕਈ ਮਹੱਤਵਪੂਰਨ ਕੰਪਨੀਆਂ ਨਾਲ ਅਜਿਹਾ ਵਾਪਰ ਚੁੱਕਾ ਹੈ। ਲੋਕਾਂ ਨੂੰ ਸਰਕਾਰੀ ਨੀਤੀਆਂ ਦਾ ਵੱਡੇ ਪੱਧਰ ’ਤੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜਾਗਦੀਆਂ ਕੌਮਾਂ ਦਾ ਭਵਿੱਖ ਹੀ ਉੱਜਲ ਹੁੰਦਾ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)


ਕਰੋਨਾ ਦਾ ਆਰਥਿਕ ਅਸਰ

ਡਾ. ਗਿਆਨ ਸਿੰਘ ਅਤੇ ਡਾ. ਧਰਮਪਾਲ ਨੇ 4  ਜੁਲਾਈ ਨੂੰ ਆਪਣੇ  ਲੇਖ ‘ਕਰੋਨਾ ਦੇ ਅਾਰਥਿਕ ਅਸਰ ਅਤੇ ਸੰਭਾਵੀ ਹੱਲ’ ਨੇ ਕਈ ਅਹਿਮ ਮਸਲਿਆਂ ਵੱਲ ਧਿਆਨ ਦਿਵਾਇਆ ਹੈ। ਕਰੋਨਾ ਮਹਾਮਾਰੀ ਨੇ ਅਰਥਚਾਰੇ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਗ਼ੈਰ-ਸੰਗਠਿਤ ਖੇਤਰ ਦੇ ਕਾਮੇ ਨੂੰ ਕੀਤਾ ਹੈ। ਸਰਕਾਰ ਨੂੰ ਮਗਨਰੇਗਾ ਅਤੇ ਜਨ-ਧਨ ਖਾਤਾ ਯੋਜਨਾਵਾਂ ਰਾਹੀਂ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 
ਸਤਨਾਮ ਸਿੰਘ ਜੱਸਲ, ਬਠਿੰਡਾਅਣਗੌਲਿਆ ਵਰਗ

3 ਜੁਲਾਈ ਦੇ ਸਿਹਤ ਤੇ ਸਿੱਖਿਆ ਪੰਨੇ ਉੱਤੇ ਜੀਵਨਪ੍ਰੀਤ ਕੌਰ ਨੇ ਸਮਾਜ ਦੇ ਅਣਗੌਲੇ ਵਰਗ, ਸਰੀਰਕ ਪੱਖੋਂ ਿਕਸੇ ਨਾ ਕਿਸੇ ਅੰਗ ਤੋਂ ਵਿਹੂਣੇ ਲੋਕਾਂ ਬਾਰੇ ਜੋ ਚਰਚਾ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਕਰਫਿ਼ਊ ਅਤੇ  ਲੌਕਡਾਊਨ ਦੌਰਾਨ ਅੰਗੀਹਣਾਂ ਨੂੰ ਦੂਹਰੀ ਮਾਰ ਝੱਲਣੀ ਪਈ ਕਿਉਂਿਕ ਆਪ ਇਹ ਵਿਚਾਰੇ ਕਿਤੇ ਚੱਲ ਕੇ ਜਾਣ ਜੋਗੇ ਨਹੀਂ, ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਇਨ੍ਹਾਂ ਤੱਕ ਬਹੁਤ ਘੱਟ ਪਹੁੰਚ ਸਕੇ। ਕੁਝ ਸ਼ਰਾਰਤੀ ਲੋਕਾਂ ਨੇ ਇਨ੍ਹਾਂ ਦਾ ਸੋਸ਼ਲ ਮੀਡੀਆ ’ਤੇ ਸ਼ਰ੍ਹੇਆਮ ਮਜ਼ਾਕ ਵੀ ਉਡਾਇਆ। ਸਮਾਜ ਨੂੰ ਇਨ੍ਹਾਂ ਬਾਰੇ ਨਜ਼ਰੀਆ ਬਦਲਣ ਦੀ ਲੋੜ ਹੈ। ਅਸਲ ਵਿਚ ਸਰਕਾਰ ਇਨ੍ਹਾਂ ਬਾਰੇ ਗੰਭੀਰ ਨਹੀਂ ਕਿਉਂਿਕ ਅੱਜ ਦੇ ਯੁੱਗ ਵਿਚ 750 ਰੁਪਏ ਨਾਲ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੈ। ਦਿੱਲੀ ਸਰਕਾਰ ਦੀ ਤਰਜ਼ ’ਤੇ ਘੱਟੋ-ਘੱਟ 2500 ਰੁਪਏ ਪੈਨਸ਼ਨ ਦੇਣੀ ਚਾਹੀਦੀ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਪ੍ਰੇਰਨਾ ਅਤੇ ਲਗਨ

3 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਮਿਹਨਤ ਦੀ ਪੌੜੀ’ (ਲੇਖਕ ਅਵਤਾਰ ਤਰਕਸ਼ੀਲ) ਸਾਨੂੰ ਮਿਹਨਤ ਲਈ ਪ੍ਰੇਰਦਾ ਹੈ। ਜੋ ਲੋਕ ਕੰਮ ਤੋਂ ਜੀ ਨਹੀਂ ਚੁਰਾਉਂਦੇ, ਆਲਸ ਨੂੰ ਨੇੜੇ ਨਹੀਂ ਆਉਣ ਦਿੰਦੇ ਅਤੇ ਮਨ ਵਿਚ ਲਗਨ ਪੈਦਾ ਕਰਦੇ ਹਨ, ਉਹ ਜ਼ਿੰਦਗੀ ਵਿਚ ਕਦੇ ਅਸਫ਼ਲ ਨਹੀਂ ਹੁੰਦੇ। ਮਿਹਨਤੀ ਲੋਕਾਂ ਦੀ ਹਰ ਥਾਂ ਕਦਰ ਹੁੰਦੀ ਹੈ।
ਲਖਵੀਰ ਿਸੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)


(2)

ਅਵਤਾਰ ਤਰਕਸ਼ੀਲ ਦਾ ਮਿਡਲ ਮੁਸ਼ਕਿਲਾਂ ਝੱਲ ਕੇ, ਹੱਥੀਂ ਮਿਹਨਤ ਕਰਕੇ ਜ਼ਿੰਦਗੀ ਬਣਾਉਣ ਬਾਰੇ ਹੈ। ਛੋਟੀ ਊਮਰ ਵਿਚ ਪਰਪੱਕ ਹੋ ਜਾਣਾ ਚੰਗਾ ਹੋਇਆ; ਨਹੀਂ ਤਾਂ ਕੋਈ ਵੀ ਗਲਤ ਆਦਤਾਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਅਸਫ਼ਲਤਾ ਵੀ ਅੱਗੇ ਵਧਣ ਦੇ ਰਸਤੇ ਖੋਲ੍ਹਦੀ ਹੈ।
ਪੁਸ਼ਪਿੰਦਰ ਜੀਤ ਕੌਰ, ਈਮੇਲ


ਜੂਝ ਰਹੀ ਨੌਜਵਾਨ ਪੀੜ੍ਹੀ

2 ਜੁਲਾਈ ਨੂੰ ਜਵਾਂ ਤਰੰਗ ਪੰਨੇ ਉਤੇ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਨੌਜਵਾਨਾਂ ਦੀ ਪੀੜਾ ਰੂਪਮਾਨ ਕਰਦਾ ਹੈ। ਡਿਗਰੀਆਂ ਲੈ ਕੇ ਵੀ ਜੇ ਢੁਕਵੀਂ ਨੌਕਰੀ ਨਾ ਮਿਲੇ ਤਾਂ ਨੌਜਵਾਨ ਉਪਰਾਮ ਹੋ ਜਾਂਦਾ ਹੈ, ਮਾਪੇ ਵੀ ਪ੍ਰੇਸ਼ਾਨ ਹੁੰਦੇ ਹਨ। ਪ੍ਰਾਈਵੇਟ ਤਕਨੀਕੀ ਕਾਲਜਾਂ ਦੇ ਅਧਿਆਪਕਾਂ ਨੂੰ ਕਈ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਇਹ ਕਿੱਧਰ ਜਾਣ? ਬੇਰੁਜ਼ਗਾਰੀ ਤੋਂ ਵੀ ਭੈੜੀ ਹਾਲਤ ਹੈ। ਨਾ ਕਾਲਜ ਛੱਡਣ ਜੋਗੇ, ਨਾ ਕੁਝ ਮਿਲ ਰਿਹਾ ਹੈ। ਉਪਰੋਂ ਕਰੋਨਾ ਸੰਕਟ ਹੈ। ਮਹਿੰਗਾਈ ਛਾਲਾਂ ਮਾਰ ਰਹੀ ਹੈ। ਪੰਜਾਬ ਦਾ ਨੌਜਵਾਨ ਤੇ ਮੱਧ ਵਰਗ ਇਸ ਵੇਲੇ ਰੱਜ ਕੇ ਦੁਖੀ ਹੈ। ਸਰਕਾਰ ਦਾ ਕੋਈ ਧਿਆਨ ਨਹੀਂ ਹੈ।
ਗੁਰਮੀਤ ਸਿੰਘ, ਫ਼ਾਜ਼ਿਲਕਾ


ਬਠਿੰਡੇ ਵਾਲਾ ਥਰਮਲ ਬੋਲਿਆ...

4 ਜੁਲਾਈ ਦਿਨ ਸ਼ਨਿਚਰਵਾਰ ਨੂੰ ਇੰਟਰਨੈੱਟ ਸਫੇ ‘ਤਬਸਰਾ’ ਉੱਤੇ ਇੰਜ. ਦਰਸ਼ਨ ਸਿੰਘ ਭੁੱਲਰ ਦਾ ਲੇਖ ‘ਮੈਂ ਬਠਿੰਡੇ ਵਾਲਾ ਥਰਮਲ ਬੋਲਦਾਂ’ ਪੜਿ੍ਹਆ। ਇਸ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਨ ਦੀ ਯਾਦਗਾਰ ਦੇ ਤੌਰ ’ਤੇ ਬਣਵਾਇਆ ਸੀ। ਇਸ ਦੀਆਂ ਚਿਮਨੀਆਂ ਨੂੰ ਨੇੜੇ ਦੇ ਪਿੰਡ ਮਹਿਣਾ (ਹੁਣ ਕੇਂਦਰੀ ਵਿਦਿਆਲਾ 4 ਅਤੇ ਬੋਟ ਕਲੱਬ ਬਠਿੰਡਾ ਕੈਂਟ) ਤੋਂ ਸਵੇਰੇ ਜਾਗਦਿਆਂ ਹੀ ਨਾਟਕਕਾਰ ਬਲਵੰਤ ਗਾਰਗੀ ਨੂੰ ਦੇਖਣ ਨੂੰ ਰੱਬ ਦੇ ਘਗਰੇ ਲੱਗਦੇ ਸਨ। ਹੁਣ ਇਨ੍ਹਾਂ ਚਿਮਨੀਆਂ ’ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਇਸੇ ਦਿਨ ਦੇ ਮਿਡਲ ਵਿਚ ਸੀ. ਮਾਰਕੰਡਾ ਨੇ ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ ਅੱਧੀ ਸਦੀ ਪਹਿਲਾਂ ਮਾਸਟਰਾਂ ਵੱਲੋਂ ਚਾਕੂ ਨਾਲ ਕਲਮਾਂ ਘੜ ਕੇ ਦੇਣ ਅਤੇ ਪੌਂਚਾ (ਸਾਡੇ ਪਿੰਡ ਪੌਣਾਂ ਭਾਵ 0.75 ਦੋ ਪਹਾੜੇ ਨੂੰ ਊਟਾ ਕਹਿੰਦੇ ਹਨ) ਤੱਕ ਦੇ ਪਹਾੜੇ ਸਿਖਉਣ ਦੀ ਗੱਲ ਚੇਤੇ ਆ ਗਈ। ਹੁਣ ਕੈਲਕੁਲੇਟਰਾਂ ਨੇ ਬੱਚਿਆਂ ਦੀ ਸੋਚਣ ਸ਼ਕਤੀ ਖੁੰਢੀ ਕਰ ਛੱਡੀ ਹੈ।

ਗੁਰਮੁੱਖ ਸਿੰਘ, ਪੋਹੀੜ (ਲੁਧਿਆਣਾ) 

ਡਾਕ ਐਤਵਾਰ ਦੀ Other

Jul 05, 2020

ਦੇਸ਼ ਦਾ ਨਾਂ ਤੇ ਵਿਵਾਦ

28 ਜੂਨ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਸੰਵਿਧਾਨ, ਇੰਡੀਆ, ਭਾਰਤ...’ ਪੜ੍ਹਿਆ। ਲੇਖਕ ਇਸ ਵਿਸ਼ੇ ’ਤੇ ਦੇਸ਼ ਅਤੇ ਵਿਦੇਸ਼ ਦੇ ਵਿਦਵਾਨਾਂ ਦੇ ਵਿਚਾਰ ਵੀ ਸਪਸ਼ਟ ਕਰਦਾ ਹੈ। ਸਮੁੱਚਾ ਪ੍ਰਭਾਵ ਇਹ ਬਣਦਾ ਹੈ ਕਿ ਸਾਡੇ ਵਿਦਵਾਨਾਂ ਦੀ ਵਿਚਾਰਧਾਰਾ ਵਿਦੇਸ਼ੀ ਅਤੇ ਪੱਛਮੀ ਵਿਚਾਰਾਂ ਦੁਆਲੇ ਘੁੰਮਦੀ ਹੈ। ਕੱਟੜ ਰਾਸ਼ਟਰਵਾਦੀ ਪਹਿਲਾਂ ਵੀ ਅਤੇ ਹੁਣ ਵੀ ਕਿਸੇ ਹੋਰ ਸੰਸਕ੍ਰਿਤੀ ਦੇ ਵਿਦਵਾਨਾਂ ਨੂੰ ਭਾਰਤ ਦੀ ਕਲਪਿਤ ਮਹਾਨਤਾ ਦੇ ਸਾਹਮਣੇ ਤੁੱਛ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਇਹ ਮਹਿਜ਼ ਹੱਠ ਹੈ। ਅੱਜ ਭਗਵੇਂ ਰਾਸ਼ਟਰਵਾਦ ਨੂੰ ਲੈ ਕੇ ਦੇਸ਼ ਦੇ ਪਾਰਕਾਂ ਵਿਚ ਗੱਲ ‘ਜੈ ਭਾਰਤ’ ਤੋਂ ‘ਜੈ          ਹਿੰਦ’ ’ਤੇ ਆ ਗਈ ਹੈ। ਸੁਪਰੀਮ ਕੋਰਟ ਦਾ ਸ਼ਲਾਘਾਯੋਗ ਫ਼ੈਸਲਾ ਕੱਟੜਪੰਥੀਆਂ ਦੀ ਮੁਹਿੰਮ ਤੋਂ ਪੈਦਾ ਹੋਏ  ਅਜਿਹੇ  ਰੁਝਾਨਾਂ ਨੂੰ ਕੋਈ ਠੱਲ੍ਹ ਪਾ ਸਕੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।

ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)

(2)

28 ਜੂਨ ਦੇ ਅੰਕ ਵਿਚ ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਲੇਖ ‘ਸੰਵਿਧਾਨ, ਇੰਡੀਆ ਤੇ ਭਾਰਤ’ ਵਿਚ ਦੇਸ਼ ਦੇ ਨਾਂ ਬਾਰੇ ਚਰਚਾ ਕੀਤੀ ਹੈ। ਅਸਲ ਵਿਚ ਭਾਰਤ ਗ਼ਰੀਬਾਂ ਦਾ ਦੇਸ਼ ਤੇ ਇੰਡੀਆ ਅਮੀਰ ਲੋਕਾਂ ਦਾ ਬਣ ਕੇ ਰਹਿ ਗਿਆ ਹੈ। ਕਿਸੇ ਵੇਲੇ ਸ਼ਾਈਨਿੰਗ ਇੰਡੀਆ ਨਾਅਰਾ ਵੀ ਲਗਿਆ ਸੀ। ਭਾਰਤ ਕਹਿਣ ਵਿਚ ਦੇਸ਼ ਦੀ ਪੁਰਾਤਨਤਾ ਦਾ ਅਹਿਸਾਸ ਹੁੰਦਾ ਹੈ। ਇੰਡੀਆ ਵਿਚ ਅੰਗਰੇਜ਼ੀ ਰਾਜ ਸਮੇਂ ਦੀ ਯਾਦ ਹੈ। ਉਂਜ, ਇਸ ਬਾਰੇ ਸੋਚਣਾ ਵਿਹਲੜਪੁਣਾ ਹੈ। ਨਰਿੰਦਰ ਸਿੰਘ ਕਪੂਰ ਨੇ ਲੌਕਡਾਊਨ ਸਮੇਂ ਦੀ ਬੋਰੀਅਤ ਬਾਰੇ ਕਈ ਗੱਲਾਂ ਬਹੁਤ ਵਧੀਆ ਆਖੀਆਂ ਹਨ। ਇਹ ਮਜਬੂਰੀ ਜਿਹੀ ਬਣ ਕੇ ਰਹਿ ਗਈ ਹੈ। ਰੁਝੇਵਿਆਂ ਵਿਚ ਰਹਿ ਕੇ ਬੋਰੀਅਤ ਖ਼ਤਮ ਹੋ ਸਕਦੀ ਹੈ। ਸ਼ੌਕ ਪਾਲਣੇ ਵੀ ਬੋਰੀਅਤ ਨੂੰ ਦੂਰ ਕਰਦੇ ਹਨ। ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ’ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਕੰਵਲ ਬਾਰੇ ਬਹੁਤ ਖ਼ੂਬਸੂਰਤ ਲਿਖਿਆ। ਕੰਵਲ ਲੱਖਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸੀ ਤੇ ਹੈ। ਕੰਵਲ ਨੂੰ ਆਪਣੀ ਸਿਹਤ ਨਾਲੋਂ ਪੰਜਾਬ ਦਾ ਫ਼ਿਕਰ ਸਾਰੀ ਉਮਰ  ਰਿਹਾ। ਕੰਵਲ  ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿਚ ਜਿਉਂਦਾ ਹੈ। 
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾਸਮੱਸਿਆ ਨੂੰ ਤਰਕ ਨਾਲ ਵਿਚਾਰੋ

28 ਜੂਨ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਜਦੋਂ ਰਸੋਈ ਦੀ ਅੱਗ ਬੰਨ੍ਹੀ ਗਈ’ ਵਿਚ ਸੁਰਜੀਤ ਭਗਤ ਨੇ ਸਮੱਸਿਆ ਵਿਚ ਲੁਕੇ ਹੋਏ ਹੱਲ ਕੱਢ ਕੇ ਬੜੀ ਵਧੀਆ ਤਰ੍ਹਾਂ ਪੇਸ਼ ਕੀਤਾ ਹੈ ਕਿ ਕਈ ਵਾਰ ਸਮੱਸਿਆ ਜਾਂ ਮੁਸ਼ਕਿਲ ਆਉਣ ’ਤੇ ਅਸੀਂ ਐਵੇਂ ਹੀ ਵਹਿਮਾਂ-ਭਰਮਾਂ ’ਚ ਪੈ ਜਾਂਦੇ ਹਾਂ ਅਤੇ ਕਈ ਵਾਰ ਡਰ ਵੀ ਜਾਂਦੇ ਹਾਂ। ਲੋੜ ਹੈ ਸਮੱਸਿਆ ਨੂੰ ਤਰਕ ਨਾਲ ਵਿਚਾਰਨ ਦੀ ਕਿਉਂਕਿ ਸਮੱਸਿਆ ਦੇ ਵਿਚ ਹੀ ਉਸ ਦੇ ਹੱਲ ਛੁਪੇ ਹੁੰਦੇ ਹਨ। ਨਾਕਾਰਾਤਮਕ ਸੋਚ ਦੇ ਵਿਅਕਤੀ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਦਿੰਦੇ ਹਨ। ਸਕਾਰਾਤਮਕ ਭਾਵਨਾਵਾਂ ਨੂੰ ਜਾਗਦੇ ਰੱਖਣ ਅਤੇ ਚੰਗਾ ਸੋਚਣ ਦੀ ਲੋੜ ਹੈ ਤਾਂ ਕਿ ਅਸੀਂ ਮਾਨਸਿਕ ਤੌਰ ’ਤੇ ਤੰਦਰੁਸਤ ਰਹੀਏ।
ਲਖਵੀਰ ਸਿੰਘ, ਸ੍ਰੀ ਮੁਕਤਸਰ ਸਾਹਿਬ


ਪ੍ਰੈੱਸ ਦੀ ਆਜ਼ਾਦੀ ਤੇ ਜ਼ਿੰਮੇਵਾਰੀ

28 ਜੂਨ ਦੀ ਸੰਪਾਦਕੀ ‘ਪ੍ਰੈਸ ਦੀ ਆਜ਼ਾਦੀ ਨੂੰ ਖ਼ਤਰਾ’  ਵਿਚ ਮੌਜੂਦਾ ਸਮੇਂ  ਦੀਆਂ ਹਕੂਮਤਾਂ ਵੱਲੋਂ ਲੋਕਪੱਖੀ ਮੀਡੀਆ ਨੂੰ ਇਕ ਸਾਜ਼ਿਸ਼ ਹੇਠ ਦਬਾਏ ਜਾਣ ਸਬੰਧੀ ਬਿਲਕੁਲ ਸਹੀ ਚਿੰਤਾ ਪ੍ਰਗਟ ਕੀਤੀ ਹੈ। ਮੀਡੀਆ ਦਾ ਵੱਡਾ ਹਿੱਸਾ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੇਠ ਹੈ ਜੋ ਕੇਂਦਰੀ ਹਕੂਮਤ ਦੀ ਬੋਲੀ ਬੋਲ ਕੇ ਜਮਹੂਰੀਅਤ ਅਤੇ ਸਮਾਜਿਕ ਨਿਆਂ ਨੂੰ ਸ਼ਰਮਸਾਰ ਕਰ ਰਿਹਾ ਹੈ। ਇਹ ਕਿੱਥੋਂ ਦੀ ਜਮਹੂਰੀਅਤ ਹੈ ਕਿ ਜੇਕਰ ਕਿਸੇ ਲੋਕਪੱਖੀ ਮੀਡੀਆ ਦਾ ਪੱਤਰਕਾਰ ਅਤੇ ਸੰਪਾਦਕ ਤੱਥਾਂ ਦੇ ਆਧਾਰ ’ਤੇ ਮੋਦੀ-ਯੋਗੀ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ, ਫ਼ਿਰਕੂ ਅਤੇ ਫਾਸ਼ੀਵਾਦੀ ਗਤੀਵਿਧੀਆਂ ਆਦਿ ਸਬੰਧੀ ਆਲੋਚਨਾ ਕਰਦਾ ਹੈ ਤਾਂ ਉਸ ਨੂੰ ਚੁੱਪ ਕਰਵਾਉਣ ਲਈ ਉਸ ਦੇ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਜ਼ਮਾਨਤ ਕਰਵਾਉਣ ਲਈ ਥਾਣੇ-ਕਚਹਿਰੀ ਦੇ ਚੱਕਰਾਂ ਵਿਚ ਉਲਝ ਕੇ, ਡਰ ਕੇ ਘਰ ਬੈਠ ਜਾਵੇ। ਮੀਡੀਆ ਖ਼ਿਲਾਫ਼ ਇਹ ਨੰਗੀ ਚਿੱਟੀ ਹਨੇਰਗਰਦੀ 1975 ਦੀ ਐਮਰਜੈਂਸੀ ਨੂੰ ਵੀ ਮਾਤ ਪਾਉਂਦੀ ਹੈ ਅਤੇ ਸੰਵਿਧਾਨ ਦੀ ਧਾਰਾ 19 ਤਹਿਤ ਮਿਲੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਸਰਾਸਰ ਉਲੰਘਣਾ ਹੈ ਜਿਸ ਨੂੰ ਨਿਆਂਪਾਲਿਕਾ ਵੱਲੋਂ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਨਿਆਂਪਾਲਿਕਾ ਪੁਲੀਸ ਵੱਲੋਂ ਘੜੇ ਅਜਿਹੇ ਝੂਠੇ ਕੇਸਾਂ ਵਿਚਲੀ ਸਚਾਈ ਜਾਣਨ ਦੇ ਬਾਵਜੂਦ ਇਨਸਾਫ਼ ਕਰਨ ਤੋਂ ਅਸਮਰੱਥ ਜਾਪਦੀ ਹੈ। ਇਸ ਗੱਲ ਦੀ ਬੇਹੱਦ ਸੰਤੁਸ਼ਟੀ ਹੈ ਕਿ ਅਜਿਹੇ ਜਬਰ ਦੇ ਬਾਵਜੂਦ ਇਨਸਾਫ਼ਪਸੰਦ  ਮੀਡੀਆ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਿਹਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਪਾਠਕਾਂ ਦੇ ਖ਼ਤ Other

Jul 04, 2020

ਹੀਰ ਵਾਰਿਸ ਦਾ ਨਾਦ

1 ਜੁਲਾਈ ਨੂੰ ਵਿਰਾਸਤ ਪੰਨੇ ’ਤੇ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਵਾਰਿਸ ਸ਼ਾਹ ਦੀ ਹੀਰ ਦਾ ਜ਼ਿਕਰ ਕੀਤਾ ਹੈ। ਵਾਰਿਸ ਸ਼ਾਹ ਪੰਜਾਬੀ ਦਾ ਸ਼ਹਿਨਸ਼ਾਹ ਹੈ। ਹੀਰ ਤੇ ਵਾਰਿਸ ਸ਼ਾਹ ਦਾ ਇਕਮਿੱਕ ਹੋਣਾ ਹੀਰ ਰਾਂਝੇ ਦੇ ਕਿੱਸੇ ਦੀ ਮਹਾਨਤਾ ਹੈ। ਜਿਵੇਂ ਕੁਦਰਤ ਆਪਣੀ ਹਰ ਚੀਜ਼ ਵਿਚ ਬਿਰਾਜਮਾਨ ਹੈ, ਤਿਵੇਂ ਹੀ ਵਾਰਿਸ ਸ਼ਾਹ ਕਿੱਸੇ ਦੀ ਹਰ ਤੁੱਕ ਵਿਚ ਇਹ ਨਾਦ ਸਿਰ ਚੜ੍ਹ ਕੇ ਗੂੰਜ ਰਿਹਾ ਹੈ: ‘ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ, ਲੱਖ ਯਤਨ ਕਰੀਏ ਕੌੜਤੂੰਮਿਆਂ ਨੂੰ’। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਸੁਖਪਾਲ ਬੀਰ ਦਾ ਮਿਡਲ ਨਜ਼ਰਬੱਟੂ ਬਾਰੇ ਸਾਡੀ ਮਾਨਸਿਕਤਾ ਵਿਚ ਪਲ਼ ਰਹੇ ਅੰਧਵਿਸ਼ਵਾਸਾਂ ਦੀ ਤਾਕਤ ਦਾ ਮੁਜ਼ਾਹਰਾ ਕਰਦਾ ਹੈ। ਵਿਗਿਆਨਕ ਸਮਝ ਨਾਲ ਸੂਰਜ ਤੇ ਚੰਦ ਗ੍ਰਹਿਣ ਲੱਗਣੇ ਮਨੁੱਖ ਦੀ ਪਕੜ ਵਿਚ ਆ ਗਏ ਹਨ ਪਰ ਵਹਿਮ ਭਰਮ ਵੀ ਉਸੇ ਤਰ੍ਹਾਂ ਚੌੜੀ ਛਾਤੀ ਕਰ ਕੇ ਖੜ੍ਹੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਰਾਹ ਦਸੇਰਾ

3 ਜੁਲਾਈ ਨੂੰ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦੇ ਮਿਡਲ ‘ਮਿਹਨਤ ਦੀ ਪੌੜੀ’ ਵਿਚ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਮਿਹਨਤ ਕਰ ਕੇ ਵੱਡੇ ਤੋਂ ਵੱਡਾ ਸਥਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਲੇਖ ਕਿਰਤੀ ਲੋਕਾਂ ਲਈ ਰਾਹ ਦਸੇਰਾ ਅਤੇ ਹੌਂਸਲਾ ਦੇਣ ਵਾਲਾ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)


ਨੌਜਵਾਨ ਪੀੜ੍ਹੀ ਦੀ ਸਾਰ

2 ਜੁਲਾਈ ਦੇ ਜਵਾਂ ਤਰੰਗ ਪੰਨੇ ’ਤੇ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਛਪਿਆ ਹੈ। ਨੌਜਵਾਨ ਪੀੜ੍ਹੀ ਜੋ ਉਚੇਰਾ ਪੜ੍ਹਨ ਲਿਖਣ ਦੇ ਬਾਵਜੂਦ ਰੁਜ਼ਗਾਰ ਤੋਂ ਵਿਰਵੀ, ਸੜਕਾਂ ’ਤੇ ਧੱਕੇ ਖਾਂਦੀ ਤੇ ਮਾਨਸਿਕ ਤਣਾਅਦਾ ਸ਼ਿਕਾਰ ਹੋ ਕੇ ਕਈ ਵਾਰ ਖ਼ੁਦਕੁਸ਼ੀਆਂ ਦੇ ਰਾਹ ਵੱਲ ਵੀ ਪੈ ਜਾਂਦੀ ਹੈ, ਬਾਰੇ ਲੇਖ ਵਿਚ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਇਨ੍ਹਾਂ ਦੀ ਸਾਰ ਨਾ ਤਾਂ ਕੋਈ ਸਰਕਾਰ ਲੈਂਦੀ ਹੈ ਅਤੇ ਨਾ ਹੀ ਕੋਈ ਹੋਰ। ਨੌਜਵਾਨ ਫਿਰ ਮਜਬੂਰੀ ਵੱਸ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਦੇ ਹਨ ਤਾਂ ਉਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਤਨਖ਼ਾਹ ਘੱਟ ਮਿਲਦੀ ਹੈ। ਸਰਕਾਰ ਨੂੰ ਇਨ੍ਹਾਂ ਦੇ ਰੁਜ਼ਗਾਰ ਲਈ ਸਾਰ ਲੈਣੀ ਬਣਦੀ ਹੈ।
ਜਗਜੀਤ ਸਿੰਘ ਚੰਦਭਾਨ, ਪਿੰਡ ਚੰਦਭਾਨ (ਫਰੀਦਕੋਟ)


(2)

ਲੇਖ ‘ਕਈ ਮਸਲਿਆਂ ਉੱਤੇ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਪੜ੍ਹਿਆ। ਇਹ ਲੇਖ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਹਾਲਤ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦਾ ਹੈ। ਵਰਤਮਾਨ ਸਮੇਂ ਵਿਚ ਬਹੁਤ ਸਾਰੇ ਨੌਜਵਾਨ ਡਿਗਰੀਆਂ ਹਾਸਿਲ ਕਰਕੇ ਖਾਲੀ ਹੱਥ ਇੱਧਰ ਉਧਰ ਘੁੰਮ ਰਹੇ ਹਨ। ਕਈ ਵਾਰ ਤਾਂ ਬੇਰੁਜ਼ਗਾਰੀ ਕਾਰਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਮਹਿੰਗੀ ਵਿੱਦਿਆ ਅਤੇ ਬੇਰੁਜ਼ਗਾਰੀ ਨੇ ਪੜ੍ਹੇ ਲਿਖੇ ਵਰਗ ਅਤੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਫਿਰ ਨੌਜਵਾਨਾਂ ਦਾ ਵਿਦੇਸ਼ ਜਾਣਾ ਸਾਡੇ ਸਮੁੱਚੇ ਸਮਾਜ ਦੇ ਵਿਕਾਸ ਲਈ ਮਾੜੀ ਗੱਲ ਹੈ। ਬੇਰੁਜ਼ਗਾਰੀ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਵੋਟਾਂ ਬਟੋਰਨ ਲਈ ਇਹ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਹੈ ਪਰ ਵਾਅਦਿਆਂ ’ਤੇ ਖ਼ਰੀ ਨਹੀਂ ਉੱਤਰਦੀ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਚੁੱਕੇਗੀ ਜਾਂ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ ’ਤੇ ਹੀ ਛੱਡ ਦਿੱਤਾ ਜਾਵੇਗਾ।
ਪਰਮਿੰਦਰ ਸੰਧੂ, ਈਮੇਲ


(3)

ਜਵਾਂ ਤਰੰਗ ਪੰਨੇ ਉੱਤੇ ਛਪਿਆ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ’ ਪੜ੍ਹਿਆ। ਇਉਂ ਲੱਗਿਆ ਕਿ ਅਸੀਂ ਹਮੇਸ਼ਾ ਹੀ ਗਿਆਨ ਤੋਂ ਕੋਹਾਂ ਦੂਰ ਰਹੇ ਹਾਂ। ਅੱਜ ਜੇ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਅਤੇ ਡਿਗਰੀਆਂ ਲੈ ਕੇ ਵੀ ਕਈ ਮਸਲਿਆਂ ਨਾਲ ਜੂਝ ਰਹੀ ਹੈ ਤਾਂ ਉਹਦਾ ਇਕ ਕਾਰਨ ਬੇਰੁਜ਼ਗਾਰੀ ਹੈ ਅਤੇ ਦੂਜਾ ਗਿਆਨ ਦੇ ਸਾਧਨ। ਅਸੀਂ ਸਾਰੇ ਹੀ ਕਾਲਜ-ਯੂਨੀਵਰਸਿਟੀਆਂ ’ਚੋਂ ਡਿਗਰੀਆਂ ਤਾਂ ਲੈ ਲੈਂਦੇ ਹਾਂ ਪਰ ਅਸਲ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਦਾ ਵੱਡਾ ਕਾਰਨ ਸਾਡੀ ਸੋਚ ਹੈ ਕਿਉਂਕਿ ਅਸੀਂ ਸਾਰੇ ਹੀ ਕਾਲਜਾਂ ’ਚ ਸਿਰਫ਼ ਡਿਗਰੀ ਲਈ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬਸ ਵਧੀਆ ਅੰਕਾਂ ਨਾਲ ਪਾਸ ਹੋ ਜਾਈਏ। ਕਿਤਾਬਾਂ ਪੜ੍ਹਨੀਆਂ ਅਸੀਂ ਤਿਆਗ ਦਿੰਦੇ ਹਾਂ।
ਜਗਵਿੰਦਰ ਸਿੰਘ, ਈਮੇਲ


ਕਿਸਾਨਾਂ ਨਾਲ ਖੜ੍ਹਨ ਦਾ ਵੇਲਾ

ਇਕ ਜੁਲਾਈ ਨੂੰ ਡਾ. ਸੁਖਪਾਲ ਸਿੰਘ ਦਾ ਲੇਖ ਖੇਤੀ ਆਰਡੀਨੈਂਸ ਉੱਪਰ ਵਿਸਥਾਰ ਸਾਹਿਤ ਚਰਚਾ ਕਰਦਾ ਹੈ। ਇਹ ਆਰਡੀਨੈਂਸ ਸਿਰਫ਼ ਖੇਤੀ ਨਾਲ ਸਬੰਧਿਤ ਨਹੀਂ ਸਗੋਂ ਸਮੁੱਚੇ ਭਾਰਤੀ ਢਾਂਚੇ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਬਿਨਾਂ ਸੰਸਦ ਵਿਚ ਵਿਚਾਰੇ ਕਾਨੂੰਨ ਦੀ ਥਾਂ ਆਰਡੀਨੈਂਸ ਲਿਆਉਣਾ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ। ਇਸ ਨਾਲ ਨਾ ਕੇਵਲ ਸੰਘੀ (ਫੈਡਰਲ) ਢਾਂਚਾ ਤਬਾਹ ਹੋਵੇਗਾ ਸਗੋਂ ਖੇਤੀ ਸੈਕਟਰ ਵੱਡੇ ਕਾਰਪੋਰੇਟਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਸਿੱਟੇ ਵਜੋਂ ਪੰਜ ਏਕੜ ਤੋਂ ਘੱਟ ਵਾਲੇ 86 ਫ਼ੀਸਦੀ ਭਾਰਤ ਦੇ ਕਿਸਾਨ ਇਨ੍ਹਾਂ ਵੱਡੇ ਕਾਰਪੋਰੇਟਾਂ ਅੱਗੇ ਝੁਕ ਕੇ ਮਾਲਕੀ ਤੋਂ ਮਜ਼ਦੂਰ ਬਣ ਜਾਣਗੇ। ਇਹ ਸਮਾਂ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਹਰ ਭਾਰਤੀ ਨਾਗਰਿਕ ਲਈ ਸੋਚਣ ਦਾ ਵੇਲਾ ਹੈ।
ਸੰਜੇ ਖਾਨ ਧਾਲੀਵਾਲ, ਪਟਿਆਲਾ

ਪਾਠਕਾਂ ਦੇ ਖ਼ਤ Other

Jul 03, 2020

ਗ਼ਰੀਬ ਰਾਂਝਿਆਂ ਦੀ ਹੋਣੀ

2 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਛਪੇ ਜਤਿੰਦਰ ਸਿੰਘ ਦੇ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ…’ ਦਾ ਪਹਿਲਾ ਹਿੱਸਾ ਮੌਲਿਕ ਸਵਾਲ ਪੁੱਛਦਾ ਹੈ ਅਤੇ ਦੂਸਰਾ ਭਾਗ ਕਿਰਤੀ ਵਰਗ, ਜੋ ਬਹੁਤਾ ਦਲਿਤ ਹੈ, ਦੀ ਹੋਣੀ ਅਤੇ ਧਨਾਢ ਸ਼ਹਿਰੀਆ ਵੱਲੋਂ ਉਨ੍ਹਾਂ ਦੀ ਲੁੱਟ ਦੀ ਗੱਲ ਅਤੇ ਪੇਂਡੂ ਮੱਧਵਰਗੀ ਵਿਦਿਆਰਥੀਆਂ ਦੇ ਮਾਨਸਿਕ ਦਵੰਦ ਦੀ ਗੱਲ ਕਰਦਾ ਹੈ। ਸਾਡੇ ਸਮਾਜ ਦਾ ਸੱਚ ਇਹ ਰਿਹਾ ਹੈ ਕਿ ਕੋਈ ਦਲਿਤ ਜਾਂ ਗ਼ਰੀਬ ਦਾਅਵਾ ਠੋਕ ਹੀ ਨਹੀਂ ਸਕਦਾ ਸੀ ਜਿਸ ਤਰ੍ਹਾਂ ਦਾ ਦਾਅਵਾ ਠੋਕਣ ਦੀ ‘ਕਿਉਂ’ ਦਾ ਜਵਾਬ ਲੇਖਕ ਨੇ ਗ਼ਰੀਬ ਅਤੇ ਦਲਿਤਾਂ ਤੋਂ ਉਮੀਦ ਜਤਾਈ ਹੈ। ਉਸ ਲਈ ਦਵੰਦ ਰਹਿਤ ਵਿਦਵਾਨੀ ਦੀ ਅਗਵਾਈ ਚਾਹੀਦੀ ਹੈ। ਅਜਿਹੀ ਮਾਨਸਿਕਤਾ ’ਤੇ ਟਿੱਡੀ ਦਲ ਹਾਵੀ ਹੋ ਰਿਹਾ ਹੈ। ਜਿਸ ਸਮਾਜ ਦੇ ਅਖੌਤੀ ਉੱਚ ਜਾਤਾਂ ਦੇ ਲੋਕ ਕੈਲੀਫੋਰਨੀਆ ਵਿਚ ਸਿਸਕੋ ਵਰਗੇ ਅਦਾਰਿਆਂ ਵਿਚ ਵੀ ਭਾਰਤੀ ਮੂਲ ਦੇ ਪੜ੍ਹੇ ਲਿਖੇ ਕਾਬਿਲ ਦਲਿਤਾਂ ਨਾਲ ਵਿਤਕਰਾ ਕਰਦੇ ਹੋਣ, ਉਨ੍ਹਾਂ ਦੇ ਪਿੱਛੇ ਵਸਦੇ ਭਾਈਚਾਰੇ ਕਿਵੇਂ ਇਨ੍ਹਾਂ ਦਲਿਤਾਂ ਨੂੰ ਦਾਅਵਾ ਠੋਕਣ ਦੇਣਗੇ? ਸਿਆਸਤ ਰਾਹੀਂ ਸਮਾਜ ਨੂੰ ਨਵੇਂ ਰਾਹਾਂ ਉੱਤੇ ਤੋਰਨ ਦੀ ਲੋੜ ਹੈ ਪਰ ਅਸੀਂ ਤਾਂ ਬੈਗ ਗੇਅਰ ਹੀ ਟਾਪ ਗੇਅਰ ਬਣਾ ਧਰਿਆ ਹੈ। ਧਨਾਢਾਂ ਨੂੰ ਨਾ ਝੰਗ ਛੱਡਣਾ ਪੈਣਾ ਹੈ ਤੇ ਨਾ ਹੀ ਕੰਨ ਪੜਵਾਉਣੇ ਪੈਣੇ ਹਨ, ਇਹ ਹੋਣੀ ਤਾਂ ਗ਼ਰੀਬ ਰਾਂਝਿਆਂ ਨੇ ਹੀ ਹੰਢਾਉਣੀ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)


(2)

ਜਤਿੰਦਰ ਸਿੰਘ ਦਾ ਲੇਖ ਬਹੁਤ ਬਾਰੀਕੀ ਨਾਲ ਪਰਵਾਸੀ ਮਜ਼ਦੂਰਾਂ ਨੂੰ ਪੇਸ਼ ਆਉਣ ਵਾਲੀਆਂ ਕਠਿਨਾਈਆਂ ਵੱਲ ਚਾਨਣ ਪਾਉਂਦਾ ਹੈ। ਅਮਰੀਕਾ ਵਿਚ ਨਸਲਵਾਦ ਖ਼ਿਲਾਫ਼ ਹੋ ਰਹੇ ਸੰਘਰਸ਼ ਨੇ ਸੱਤਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਤਾਂ ਇਹ ਸਭ ਹਿੰਦੁਸਤਾਨ ਵਿਚ ਸੰਭਵ ਕਿਉਂ ਨਹੀਂ ਹੈ? ਕਿਉਂਕਿ ਇੱਥੇ ਧਰਨੇ ਅਤੇ ਅਖੌਤੀ ਸੰਘਰਸ਼ ਸਿਰਫ਼ ਇਕ ਰਾਜਨੀਤਕ ਪਾਰਟੀ ਦੇ ਵਰਕਰਾਂ ਦੁਆਰਾ ਸੱਤਾ ’ਤੇ ਕਾਬਜ਼ ਰਾਜਨੀਤਕ ਪਾਰਟੀ ਦੇ ਵਿਰੋਧ ਵਿਚ ਕੀਤੇ ਜਾਂਦੇ ਹਨ। ਜਿੱਥੇ ਆਮ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਇਆ ਜਾਂਦਾ ਹੈ। ਵਿਦਿਆਰਥੀ ਕਾਰਕੁਨਾਂ ਬਾਰੇ ਟਿੱਪਣੀ ਨਾਲ ਸਹਿਮਤੀ ਹੈ। ਇਨ੍ਹਾਂ ਦੀਆਂ ਕੁਝ ਜਥੇਬੰਦੀਆਂ ਜ਼ਮੀਨੀ ਹਕੀਕਤਾਂ ਤੋਂ ਪਾਸਾ ਵੱਟ ਕੇ ਸਿਰਫ਼ ਕਾਲਪਨਿਕ ਦੁਨੀਆਂ ਵਿਚ ਜੀਅ ਰਹੀਆਂ ਹਨ। ਕਿਤਾਬਾਂ ਨਾਲ ਇਨਕਲਾਬ ਲਿਆਂਦਾ ਜਾ ਸਕਦਾ ਹੈ ਬਸ਼ਰਤੇ ਕਿਤਾਬਾਂ ਵਿਚਲੇ ਗਿਆਨ ਨੂੰ ਆਮ ਲੋਕਾਂ ਤਕ ਪਹੁੰਚਾਇਆ ਜਾਵੇ।
ਚਰਨਜੀਤ ਸਿੰਘ ਰਾਜੌਰ, ਈਮੇਲ


(3)

ਜਤਿੰਦਰ ਸਿੰਘ ਦੇ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ’ ਅੰਦਰ ਤਕਰੀਬਨ ਸਾਰੇ ਜ਼ਰੂਰੀ ਮੁੱਦਿਆਂ ਬਾਰੇ ਗੱਲ ਕੀਤੀ ਹੈ। ਕਰੋਨਾ ਅਜਿਹੀ ਸਮੱਸਿਆ ਹੈ ਜਿਸ ਦੇ ਮੂੰਹ ਵਿਚ ਸਾਰਾ ਸੰਸਾਰ ਆਇਆ ਪਿਆ। ਸਾਡੀ ਤਰਾਸਦੀ ਇਹ ਰਹੀ ਕਿ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਤਾਲਾਬੰਦੀ ਕਰ ਦਿੱਤੀ। ਜਿਹੜਾ ਜਿੱਥੇ ਫਸਿਆ ਸੀ, ਉੱਥੇ ਹੀ ਰਹਿ ਗਿਆ। ਥਾਂ ਜਾਂ ਕੁਥਾਂ, ਦੁਨੀਆਂ ਦੀ ਹਰ ਮੁਸੀਬਤ ’ਚ ਖਾਣਾ ਦੇਣ ਵਾਲੇ ਮੰਦਰ ਗੁਰਦੁਆਰਿਆਂ ’ਤੇ ਵੀ ਪੁਲੀਸ ਦਾ ਡੰਡਾ ਭਾਰੂ ਹੋ ਗਿਆ। ਨਾਜਾਇਜ਼ ਕੇਸ ਪੈਣ ਅਤੇ ਕਰੋਨਾ ਦੀ ਮੁਸੀਬਤ ਗ਼ਲ ਪੈਣ ਤੋਂ ਡਰਦਿਆਂ ਪ੍ਰਬੰਧਕਾਂ ਨੇ ਰੱਬ ਦੇ ਦਰਵਾਜ਼ੇ ਜੋ ਹਾਰੀ ਸਾਰੀ ਲਈ ਖੁੱਲ੍ਹੇ ਰਹਿੰਦੇ ਸਨ, ਭੇੜ ਲਏ। ਗ਼ਰੀਬ ਮਜ਼ਦੂਰ ਜਾਂਦਾ ਤਾਂ ਕਿੱਥੇ? ਖਾਂਦਾ ਤਾਂ ਕਿੱਥੇ? ਤੇ ਤਾਲਾਬੰਦੀ ਵਧਦੀ ਹੀ ਗਈ। ਸਰਕਾਰ ਜਦੋਂ ਤਾਲਾਬੰਦੀ ਵਧਾ ਰਹੀ ਸੀ ਤਾਂ ਹਰ ਬਾਸ਼ਿੰਦੇ ਨੂੰ ਟਿਕਾਣੇ ਪਹੁੰਚਾਉਣਾ ਵੀ ਉਸੇ ਦਾ ਹੀ ਫਰਜ਼ ਸੀ।
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)


ਸਭ ਤੋਂ ਵੱਡੀ ਚੁਣੌਤੀ

2 ਜੁਲਾਈ ਨੂੰ ਸੰਪਾਦਕੀ ‘ਗ਼ੈਰਹਾਜ਼ਰ ਵਿਸ਼ੇ’ ਪੜ੍ਹੀ ਜਿਸ ਵਿਚ ਜ਼ਿਕਰ ਹੈ ਕਿ ਪ੍ਰਧਾਨ ਮੰਤਰੀ ਨੇ ਗ਼ਰੀਬ ਅੰਨ ਯੋਜਨਾ ਦੇ ਐਲਾਨ ਵਿਚ ਕਈਆਂ ਵਿਸ਼ਿਆਂ ਦਾ ਜ਼ਿਕਰ ਤਕ ਨਹੀਂ ਕੀਤਾ। ਇਸ ਵੇਲੇ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਬੇਰੁਜ਼ਗਾਰੀ ਦੀ ਹੈ, ਇਸ ਲਈ ਸਰਕਾਰ ਨੂੰ ਨੀਤੀ ਘਾੜਿਆਂ ਨਾਲ ਤਾਲਮੇਲ ਕਰਕੇ ਆਪਣੇ ਹੀ ਦੇਸ਼ ਵਿਚ ਉਦਯੋਗ ਪੈਦਾ ਕਰਕੇ ਚੀਨੀ ਮਾਲ ’ਤੇ ਹੌਲੀ ਹੌਲੀ ਪਾਬੰਦੀ ਲਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਸ਼ਾਇਦ ਇਸ ਤਰ੍ਹਾਂ ਸੋਚ ਨਹੀਂ ਰਹੀ।
ਗੁਰਮੀਤ ਸਿੰਘ, ਵੇਰਕਾ


ਸਰਕਾਰ, ਕਾਰਪੋਰੇਟ ਘਰਾਣੇ ਅਤੇ ਕਿਸਾਨ

ਇਕ ਜੁਲਾਈ ਨੂੰ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਦਾ ਲੇਖ ‘ਖੇਤੀ ਆਰਡੀਨੈਂਸ : ਕੁਝ ਅਹਿਮ ਮੁੱਦਿਆਂ ’ਤੇ ਝਾਤ’ ਬੜੀ ਹੀ ਸੌਖੀ ਤੇ ਸਮਝ ਪੈਣ ਵਾਲੀ ਸ਼ੈਲੀ ਤੇ ਭਾਸ਼ਾ ਵਿਚ ਲਿਖ ਕੇ ਪਾਠਕਾਂ ਨੂੰ ਭਰਪੂਰ ਜਾਣਕਾਰੀ ਦਿੰਦਾ ਹੈ। ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਤੇ ਚੋਰ ਮੋਰੀਆਂ ਰਾਹੀਂ ਮਿਹਨਤਕਸ਼ ਲੋਕਾਂ ਖ਼ਾਸ ਕਰਕੇ ਛੋਟੀ ਕਿਸਾਨੀ ਦੇ ਭਵਿੱਖ ਵਿਚ ਹੋਣ ਵਾਲੇ ‘ਕੱਦੂਕਸ਼’ ਤੋਂ ਜਾਣੂ ਕਰਵਾ ਕੇ ਭਵਿੱਖੀ ਖ਼ਤਰਿਆਂ ਤੋਂ ਸਾਵਧਾਨ ਕਰਦਿਆਂ ਖ਼ੁਰਾਕੀ ਵਸਤਾਂ ਦੀ ਜ਼ਖੀਰੇਬਾਜ਼ੀ ਰਾਹੀਂ ਆਮ ਲੋਕਾਂ ਦੀ ਹੋਣ ਵਾਲੀ ਲੁੱਟ ਤੋਂ ਵੀ ਸਾਵਧਾਨ ਕਰਦਾ ਹੈ।
ਮੇਘਰਾਜ ਰੱਲਾ, ਈਮੇਲ


ਪੰਜਾਬ ਦਾ ਹੇਰਵਾ ?

ਇਕ ਜੁਲਾਈ ਨੂੰ ਇੰਟਰਨੈੱਟ ਵਾਲੇ ਸਫ਼ੇ ‘ਪੰਜਾਬੀ ਪੈੜਾਂ’ ਵਿਚ ਸ਼ਮੀਲ ਦਾ ਲੇਖ ‘ਜਿਨ੍ਹਾਂ ਅੰਦਰ ਪੰਜਾਬ ਦਾ ਕੋਈ ਹੇਰਵਾ ਨਹੀਂ’ ਪੜ੍ਹਿਆ। ਲੇਖਕ ਨੇ ਪੰਜਾਬੀ ਡਾਇਸਾਪੋਰਾ ਦੀ ਹਕੀਕਤ ਨੂੰ ਫੜਿਆ ਹੈ। ਅਸਲ ਵਿਚ ਇਹ ਪੰਜਾਬ ਨਾਲ ਜੁੜੇ ਹਰ ਸਰੋਕਾਰ ਦਾ ਹਾਲ ਹੈ। ਪੰਜਾਬੀ ਫ਼ਿਲਮਾਂ ਤੇ ਗੀਤ ਵੀ ਕਿਸੇ ਖ਼ਾਸ ਵਰਗ ਦੇ ਖ਼ਾਸ ਵਰਗ ਲਈ ਗਾਏ ਮਹਿਸੂਸ ਹੁੰਦੇ ਹਨ। ਲੇਖਕ, ਸਮੂਹ ਪੰਜਾਬੀਆਂ ਵਿਚੋਂ ਦੋ ਵਰਗਾਂ (ਔਰਤ ਅਤੇ ਦਲਿਤ) ਦੀ ਗੱਲ ਕਰਦਾ ਹੈ। ਜਦੋਂ ਤੁਹਾਡੀ ਕਿਸੇ ਖ਼ਿੱਤੇ ਵਿਚ ਪਰਿਵਾਰਕ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਤੌਰ ’ਤੇ ਬਰਾਬਰ ਦੀ ਸਾਂਝੇਦਾਰੀ ਹੀ ਨਹੀਂ ਤਾਂ ਉਸ ਧਰਤੀ ਦੇ ਟੁਕੜੇ ਨਾਲੋਂ ਮੋਹ ਭੰਗ ਹੋਣਾ ਸੁਭਾਵਿਕ ਹੈ। ਜਦ ਵਿਦੇਸ਼ ਵਿਚ ਇਹ ਮੌਕੇ ਬਿਨਾਂ ਕਿਸੇ ਵਰਗ ਦੇ ਵਿਤਕਰੇ ਤੋਂ ਮਿਲਦੇ ਹਨ ਤਾਂ ਕਿਉਂ ਕਿਸੇ ਦਾ ਇਸ ਮਿੱਟੀ ਨਾਲ ਹੇਜ ਜਾਗੇਗਾ ਜਿੱਥੇ ਤੁਸੀਂ ਆਪਣੇ ਘਰ ਵਿਚ ਬੇਗਾਨੇ ਸੀ?
ਤਰਸੇਮ ਸਿੰਘ ਲੱਡਾ, ਈਮੇਲ

ਪਾਠਕਾਂ ਦੇ ਖ਼ਤ Other

Jul 02, 2020

ਧਨਾਢ ਅਤੇ ਸਰਕਾਰ

30 ਜੂਨ ਨੂੰ ਇੰਜ. ਭੁਪਿੰਦਰ ਸਿੰਘ ਦਾ ਲੇਖ ‘ਬਿਜਲੀ ਸੋਧ ਸੰਕਟ ਤੇ ਖੇਤੀ ਸਬਸਿਡੀ ਸਕੀਮ: ਕੁਝ ਅਹਿਮ ਨੁਕਤੇ’ ਪੜ੍ਹਿਆ। ਇਸ ਵਿਚ ਸਰਕਾਰ ਦੇ ਲੁਕਵੇਂ ਏਜੰਡੇ ਬਾਰੇ ਗੱਲ ਕੀਤੀ ਗਈ ਹੈ ਜੋ ਆਮ ਲੋਕਾਂ ਦੇ ਖ਼ਿਲਾਫ਼ ਭੁਗਤਣ ਦਾ ਖ਼ਦਸ਼ਾ ਹੈ। ਇਹੀ ਨਹੀਂ, ਆਮ ਆਦਮੀ ਤੋਂ ਇਲਾਵਾ ਕਿਸਾਨ ਜਿਹੜੇ ਪਹਿਲਾਂ ਹੀ ਕਰਜ਼ੇ ਹੇਠ ਆਏ ਹੋਏ ਹਨ, ਇਸ ਤੋਂ ਹੋਰ ਜ਼ਿਆਦਾ ਪ੍ਰਭਾਵਿਤ ਹੋਣਗੇ। ਅਸਲ ਵਿਚ ਮੌਜੂਦਾ ਕੇਂਦਰ ਸਰਕਾਰ ਅਡਾਨੀ/ਅੰਬਾਨੀ ਵਰਗੇ ਧਨਾਢਾਂ ਨੂੰ ਨਕਦੀ ਫਾਇਦਾ ਪਹੁੰਚਾਉਣ ਲਈ ਇਹ ਸਾਰਾ ਢਕਵੰਜ ਕਰ ਰਹੀ ਹੈ। ਬਦਲੇ ਵਿਚ ਉਹ ਸੱਤਾਧਾਰੀਆਂ ਨੂੰ ਫਾਇਦਾ ਦੇਣਗੇ। ਅਗਾਂਹ ਇਹੀ ਪੈਸਾ ਸੱਤਾਧਾਰੀਆਂ ਵੱਲੋਂ ਫਿਰ ਕਥਿਤ ਤੌਰ ’ਤੇ ਮੀਡੀਆ ਨੂੰ ਖ਼ਰੀਦਣ ਲਈ ਵਰਤਿਆ ਜਾਵੇਗਾ ਤੇ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਹੇਗਾ। ਗ਼ੈਰ-ਭਾਜਪਾ ਸੂਬਾ ਸਰਕਾਰਾਂ ਨੂੰ ਬਿਜਲੀ ਬਿੱਲ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਕ੍ਰਿਸ਼ਨ ਕੁਮਾਰ, ਚੰਡੀਗੜ੍ਹ


ਨਸ਼ਿਆਂ ਦੀ ਮਾਰ

1 ਜੁਲਾਈ ਨੂੰ ਪੰਨਾ 4 ਉੱਤੇ ਛਪੀ ਰਿਪੋਰਟ ‘ਨਸ਼ਿਆਂ ਨੇ ਬਲਜੀਤ ਕੌਰ ਨੂੰ ਦੋ ਵਾਰ ਵਿਧਵਾ ਬਣਾਇਆ’ ਪੜ੍ਹੀ। ਨਸ਼ਿਆਂ ਨੇ ਨੌਜਵਾਨੀ ਰੋਲ਼ ਕੇ ਰੱਖ ਦਿੱਤੀ ਹੈ। ਸਭ ਨੂੰ ਇਸ ਦੇ ਹੱਲ ਲਈ ਹੰਭਲਾ ਮਾਰਨ ਦੀ ਲੋੜ ਹੈ। ਇਹ ਰਿਪੋਰਟ ਔਰਤਾਂ, ਖ਼ਾਸ ਤੌਰ ’ਤੇ ਲਾਚਾਰ ਔਰਤਾਂ ਬਾਰੇ ਕੁਝ ਲੋਕਾਂ ਦੀ ਮਾੜੀ ਮਾਨਸਿਕਤਾ ਵੀ ਦਰਸਾਉਂਦੀ ਹੈ। ਅਜਿਹੇ ਹਾਲਾਤ ’ਚ ਸਵੈ-ਨਿਰਭਰ ਹੋ ਕੇ ਆਪਣੀ ਜ਼ਿੰਦਗੀ ਦੀ ਵਾਗਡੋਰ ਖ਼ੁਦ ਸੰਭਾਲਣ ਤੋਂ ਬਿਨਾਂ ਔਰਤਾਂ ਕੋਲ ਕੋਈ ਹੋਰ ਚਾਰਾ ਨਹੀਂ। ਸੁਖਪਾਲ ਬੀਰ ਜਰਨਲਿਸਟ ਦਾ ਮਿਡਲ ‘ਬੂਟਿਆਂ ਵਾਲੇ ਗ਼ਮਲੇ ਤੇ ਨਜ਼ਰਬੱਟੂ’ ਸੱਚਾਈ ’ਤੇ ਆਧਾਰਿਤ ਰਚਨਾ ਹੈ। ਪੁਰਾਤਨ ਵਿਸ਼ਵਾਸਾਂ ਨੂੰ ਇਕਲਖਤ ਖ਼ਤਮ ਕਰਨਾ ਸੰਭਵ ਨਹੀਂ ਪਰ ਆਧੁਨਿਕ ਸੋਚ ਆਸਰੇ ਘਰ ’ਚ ਕਲੇਸ਼ ਕਰਨਾ ਵੀ ਵਾਜਿਬ ਨਹੀਂ। ਫਿਰ ਵੀ ਨੌਜਵਾਨਾਂ ਨੂੰ ਆਪਣੀ ਗੱਲ ਪਰਿਵਾਰ ’ਚ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ; ਤਾਂ ਹੀ ਤਬਦੀਲੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ


ਘਰ ਘਰ ਦੀ ਕਹਾਣੀ

1 ਜੁਲਾਈ ਨੂੰ ਸੁਖਪਾਲ ਬੀਰ ਦਾ ਲੇਖ ‘ਗ਼ਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ’ ਪੜ੍ਹਿਆ। ਮਹਿਸੂਸ ਹੋਇਆ, ਇਹ ਕਿਸੇ ਇਕ ਦੇ ਘਰ ਦੀ ਕਹਾਣੀ ਨਹੀਂ ਸਗੋਂ ਘਰ ਘਰ ਦੀ ਕਹਾਣੀ ਹੈ। ਲੋਕਾਂ ਦਾ ਅੰਧਵਿਸ਼ਵਾਸ ’ਤੇ ਇੰਨਾ ਵਿਸ਼ਵਾਸ ਹੈ ਕਿ ਕਹਿਣ ਦੀ ਕੋਈ ਹੱਦ ਨਹੀਂ। ਗੱਡੀਆਂ, ਮੋਟਰਾਂ ਦੇ ਪਿੱਛੇ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਪੜ੍ਹਨ ਨੂੰ ਆਮ ਹੀ ਮਿਲਦਾ ਹੈ: ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਕੋਈ ਬਿੱਲੀ ਕਿਧਰੇ ਜਾਂਦੇ ਸਮੇਂ ਅੱਗੇ ਆ ਜਾਵੇ ਤਾਂ ਕਈ ਤਾਂ ਉਸੇ ਸਮੇਂ ਵਾਪਸ ਘਰ ਨੂੰ ਮੁੜ ਜਾਂਦੇ ਹਨ ਕਿ ਅਪਸ਼ਗਨ ਹੋ ਗਿਆ ਹੈ। ਸਾਡਾ ਸਮਾਜ ਜਿੰਨਾ ਪੜ੍ਹਦਾ ਜਾ ਰਿਹਾ ਹੈ, ਓਨਾ ਹੀ ਅੰਧਵਿਸ਼ਵਾਸ ਵਿਚ ਫਸ ਰਿਹਾ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਫ਼ੋਕੇ ਵਹਿਮਾਂ ਭਰਮਾਂ ਵਿਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)


(2)

ਸੁਖਪਾਲ ਬੀਰ ਦਾ ਮਿਡਲ ‘ਗ਼ਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ’ ਪੜ੍ਹ ਕੇ ਲੱਗਿਆ, ਜਿਵੇਂ ਸਭ ਘਰਾਂ ਦਾ ਇਹੋ ਹਾਲ ਹੈ। ਸਾਡਾ ਘਰ ਤਿਆਰ ਹੋ ਰਿਹਾ ਸੀ, ਜਦ ਕਿਸੇ ਦਿਨ ਕੰਮ ਕਿਸੇ ਕਾਰਨ ਰੁਕ ਜਾਂਦਾ ਤਾਂ ਪਾਪਾ ਨੂੰ ਇਹੋ ਹੁੰਦਾ ਕਿ ਨਜ਼ਰ ਲੱਗ ਗਈ ਹੈ। ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਡਰਾਵਣਾ ਨਜ਼ਰਬੱਟੂ ਲਿਆ ਕੇ ਲਗਾ ਦਿੱਤਾ। ਕੋਈ ਆਪਣੇ ਘਰ ਅੱਗੇ ਅਤੇ ਮੱਝਾਂ ਦੇ ਗਲਾਂ ਵਿਚ ਪੁਰਾਣੀ ਜੁੱਤੀ ਟੰਗ ਦਿੰਦੇ ਹਨ। ਅਜਿਹੇ ਅੰਧ ਵਿਸ਼ਵਾਸ ਸਾਨੂੰ ਅੱਗੇ ਨਹੀਂ ਵਧਣ ਦਿੰਦੇ। ਬੂਟੇ ਘਰ ਦੀ ਖੁਸ਼ੀ ਹੁੰਦੇ ਹਨ, ਬੂਟੇ ਅਤੇ ਨਜ਼ਰਬੱਟੂ ਦਾ ਆਪਸ ਵਿਚ ਕੋਈ ਮੇਲ ਨਹੀਂ।
ਨਵਜੀਤ ਨੂਰ, ਹਮੀਦੀ (ਬਰਨਾਲਾ)


(3)

ਅੰਧਵਿਸ਼ਵਾਸਾਂ ਨੇ ਅੱਜ ਦੇ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਹੈਰਾਨੀ ਹੁੰਦੀ ਹੈ ਕਿ 21ਵੀਂ ਸਦੀ ਵਿਚ ਵੀ ਪੰਜਾਬ/ਭਾਰਤ ਦੇ ਲੋਕ ਇਹ ਹਨੇਰਾ ਢੋਅ ਰਹੇ ਹਨ। ਸਰਕਾਰਾਂ ਵੀ ਇਨ੍ਹਾਂ ਦੇ ਖਾਤਮੇ ਲਈ ਕੁਝ ਨਹੀਂ ਕਰ ਰਹੀਆਂ ਬਲਕਿ ਦੇਖਣ ਵਿਚ ਆਇਆ ਹੈ ਕਿ ਸਾਡੇ ਕੇਂਦਰੀ ਮੰਤਰੀ ਅਤੇ ਸੱਤਾਧਾਰੀ ਆਗੂ ਤਾਂ ਸਗੋਂ ਅਜਿਹੇ ਅੰਧਵਿਸ਼ਵਾਸਾਂ ਨੂੰ ਹਵਾ ਦੇਣ ਵਰਗੀਆਂ ਕਾਰਵਾਈਆਂ ਕਰ ਰਹੇ ਹਨ।
ਜਸਵੰਤ ਕੌਰ, ਕਪੂਰਥਲਾ


ਔਰਤਾਂ ਨੂੰ ਆਪ ਅੱਗੇ ਆਉਣਾ ਪਵੇਗਾ

30 ਜੂਨ ਦੇ ਲੋਕ ਸੰਵਾਦ ਪੰਨੇ ’ਤੇ ਸੁਕੀਰਤ ਦਾ ਲੇਖ ‘ਔਰਤ ਦੀ ਗੱਲ ਸੁਣਨ ਲਈ ਅਸੀਂ ਤਿਆਰ ਕਿਉਂ ਨਹੀਂ’ ਪੜ੍ਹਿਆ ਜੋ ਆਪਣੇ ਆਪ ’ਚ ਡੂੰਘੇਰੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਕਿ ਕਿਵੇਂ ਪੜ੍ਹੀਆਂ-ਲਿਖੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਤਾ-ਉਮਰ ਡੂੰਘੇ ਜ਼ਖ਼ਮਾਂ ਦੀ ਚੀਸ ਝੱਲਦੀਆਂ ਹਨ। ਇਸ ਲੇਖ ਵਿਚ ਔਰਤਾਂ ਨੂੰ ਆਪਣੇ ਨਾਲ ਹੁੰਦੀ ਹਿੰਸਾ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦਿਨ ਪਰਮਜੀਤ ਮਾਨ ਦਾ ਮਿਡਲ ‘ਪਹਿਲੀ ਸਮਾਜ ਸੇਵਾ’ ਪੜ੍ਹਿਆ। ਇਹ ਲੇਖ ਪੜ੍ਹ ਕੇ ਉਨ੍ਹਾਂ ਅਧਿਆਪਕਾਂ ਨੂੰ ਸਿਜਦਾ ਹੈ ਜੋ ਬੱਚਿਆਂ ਦੇ ਮਨਾਂ ਅੰਦਰ ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ ਨਾਲ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।
ਕਮਲਜੀਤ ਕੌਰ ਸਰਾਂ, ਮੁੱਲਾਂਪੁਰ


ਵੰਡ ਦੇ ਦੁਖੜੇ

27 ਜੂਨ ਦੇ ਸਤਰੰਗ ’ਚ 47 ’ਚ ਵਰ੍ਹੀ ਅੱਗ ਦਾ ਸੇਕ ਪਿੰਡੇ ਹੰਡਾ ਚੁੱਕੇ ਪੰਡਿਤ ਰਾਜਾ ਰਾਮ ਦੁਆਲੇ ਘੁੰਮਦੀ ਸਾਂਵਲ ਧਾਮੀ ਦੀ ਰਚਨਾ ਪੜ੍ਹੀ। ਪਹਿਲਾਂ ਵੀ ਅਨੇਕਾਂ ਲੇਖਕ ਅਸਹਿ ਵਾਕਿਆ ਦੇ ਹਵਾਲੇ ਨਾਲ ਮੁਲਕਾਂ ਦੀ ਵੰਡ ਅਤੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰ ਚੁੱਕੇ ਪਰ ਵਰ੍ਹਿਆਂ ਤੋਂ ਕਈ ਸੰਸਥਾਵਾਂ ਵੱਲੋਂ ਸਰਹੱਦਾਂ ’ਤੇ ਅਮਨ ਦੇ ਦੀਵੇ ਜਗਾਉਣ ਦੇ ਬਾਵਜੂਦ ਚਾਨਣ ਹੁੰਦਾ ਨਹੀਂ ਜਾਪਦਾ! ਅੱਜ ਵੀ ਮਾੜੇ ਵਕਤ ਦੇ ਥਪੇੜੇ ਝੱਲਦੇ ਨੂਰੇ ਤੋਂ ਨੂਰਦੀਨ ਬਣੇ ਅਨੇਕਾਂ ਨੂਰੇ ਮੁੱਠੀ ਭਰ ਮਿੱਟੀ ਦੀ ਆਸ ਲਾਈ ਨਮ ਅੱਖਾਂ ਨਾਲ ਏਧਰੋਂ ਗਏ ਜਥਿਆਂ ਵਿਚੋਂ ਕਿਸੇ ਆਪਣੇ ਨੂੰ ਲੱਭਦੇ ਫਿਰਦੇ ਹਨ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Jul 01, 2020

ਔਰਤ ਦੀ ਗੱਲ

30 ਜੂਨ ਨੂੰ ਲੋਕ ਸੰਵਾਦ ’ਚ ਸੁਕੀਰਤ ਦੇ ਲੇਖ ‘ਔਰਤ ਦੀ ਗੱਲ ਸੁਣਨ ਲਈ ਅਸੀਂ ਤਿਆਰ ਕਿਉਂ ਨਹੀਂ?’ ਵਿਚ ਔਰਤਾਂ ਦੀ ਪਰਿਵਾਰਕ ਮਸਲਿਆਂ ’ਚ ਸਲਾਹ ਘੱਟ ਲੈਣ ਅਤੇ ਇਨ੍ਹਾਂ ’ਤੇ ਹੋ ਰਹੀ ਹਿੰਸਾ ਬਾਰੇ ਸਹੀ ਲਿਖਿਆ ਹੈ। ਬਹੁਗਿਣਤੀ ਔਰਤਾਂ ਦੇ ਏਟੀਐਮ ਕਾਰਡ ਵੀ ਉਨ੍ਹਾਂ ਦੇ ਪਤੀਆਂ ਕੋਲ ਹੀ ਹੁੰਦੇ ਹਨ। ਔਰਤਾਂ ’ਤੇ ਤੇਜ਼ਾਬ ਡੇਗਣ ਦੀਆਂ ਜ਼ਿਆਦਾ ਘਟਨਾਵਾਂ ਉਨ੍ਹਾਂ ਦੇ ਨੇੜਲਿਆਂ ਵੱਲੋਂ ਕੀਤੀਆਂ ਗਈਆਂ ਹਨ। ਮਰਦਾਂ ਵੱਲੋਂ ਔਰਤਾਂ ’ਤੇ ਹਿੰਸਾ ਕਰਨ ਵੇਲੇ ਵੀ ਪਰਿਵਾਰ ਦੀਆਂ ਬਾਕੀ ਔਰਤਾਂ ਨੂੰ ਮਜਬੂਰੀ ’ਚ ਮਰਦਾਂ ਦਾ ਸਾਥ ਹੀ ਦੇਣਾ ਪੈਂਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


(2)

ਸੁਕੀਰਤ ਦਾ ਲੇਖ ਬਹੁਤ ਡੂੰਘਾਈ ਵਾਲਾ ਹੈ। ਪੜ੍ਹ ਕੇ ਆਸਪਾਸ ਹੋਣ ਵਾਲੀ ਹਿੰਸਾ ਬਾਰੇ ਲਿਖਣ ਲੱਗੀ ਤਾਂ ਚਿੱਠੀ ਨਹੀਂ ਲੇਖ ਬਣ ਜਾਵੇਗਾ। ਮੈਂ ਤਾਲਾਬੰਦੀ ਦੌਰਾਨ ਆਪਣੇ ਆਲੇ ਦੁਆਲੇ ਦੇ ਪਾਤਰਾਂ ਨੂੰ ਲਿਖਣਾ ਸ਼ੁਰੂ ਕੀਤਾ ਹੈ। ਔਰਤ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। 
ਸ਼ਰਨਜੀਤ ਕੌਰ, ਜੋਗੇ ਵਾਲਾ (ਮੋਗਾ)


(3)

ਸੁਕੀਰਤ ਦਾ ਲੇਖ ਮਰਦ ਪ੍ਰਧਾਨ ਸਮਾਜ ਵਿਚ ਮਰਦਾਉਪੁਣੇ ਦੀ ਮਾਨਸਿਕਤਾ ਦਾ ਚੰਗਾ ਵਿਸ਼ਲੇਸ਼ਣ ਹੈ। ਇਹ ਲੇਖ ਸਾਡੇ ਸਮਾਜ ਵਿਚ ਔਰਤ ਨਾਲ ਹੋ ਰਹੇ ਹਿੰਸਕ ਵਰਤਾਰੇ ਨੂੰ ਬਾਖ਼ੂਬੀ ਬਿਆਨਦਾ ਹੈ। ਸੱਚ ਤਾਂ ਇਹ ਹੈ ਕਿ ਇਹ ਵਰਤਾਰਾ ਰੂੜ੍ਹੀਵਾਦੀ ਹੈ ਅਤੇ ਇਸ ਦਾ ਸਰੋਤ ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਹੈ। ਅੱਜ ਵੀ ਜਦੋਂ ਕਦੇ ਪੜ੍ਹੀ ਲਿਖੀ ਔਰਤ ਆਪ ਤੋਂ ਵੱਡੀ ਉਮਰ ਦੇ ਬੰਦੇ ਅੱਗੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਰੂੜ੍ਹੀਵਾਦੀ ਇਹ ਕਹਿੰਦੇ ਸੁਣੀਂਦੇ ਹਨ ਕਿ ਵੱਡਿਆਂ ਅੱਗੇ ਨਹੀਂ ਬੋਲੀਦਾ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਬਿਜਲੀ ਸੋਧ ਐਕਟ

ਇੰਜੀ. ਭੁਪਿੰਦਰ ਸਿੰਘ ਨੇ 30 ਜੂਨ ਨੂੰ ‘ਬਿਜਲੀ ਸੋਧ ਐਕਟ ਤੇ ਖੇਤੀ ਸਬਸਿਡੀ ਸਕੀਮ: ਕੁਝ ਅਹਿਮ ਨੁਕਤੇ’ ਲੇਖ ਵਿਚ ਅਹਿਮ ਨੁਕਤੇ ਉਠਾਉਂਦਿਆਂ ਕੇਂਦਰ   ਸਰਕਾਰ ਦੇ ਮਾਰੂ ਫ਼ੈਸਲਿਆਂ ਤੋਂ ਜਾਣੂ ਕਰਵਾਇਆ ਹੈ। ਕੇਂਦਰ ਦੇ ਇਸ ਐਕਟ ਨਾਲ ਜਿੱਥੇ ਸੂਬਾ ਸਰਕਾਰਾਂ ਦੀ ਭੂਮਿਕਾ ਅਰਥਹੀਣ ਹੋ ਜਾਵੇਗੀ, ਉੱਥੇ ਆਰਥਿਕ ਤੰਗੀ ਵਾਲੇ ਲੋਕਾਂ ਨੂੰ ਸਹੂਲਤਾਂ ਵੀ ਮਾੜੀਆਂ ਮਿਲਣਗੀਆਂ। ਹਾਸ਼ੀਏ ’ਤੇ ਧੱਕੇ ਮਜ਼ਦੂਰ, ਕਿਸਾਨ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਮੇਘਰਾਜ ਰੱਲਾ (ਈਮੇਲ)


ਗੈਸਟ ਅਧਿਆਪਕਾਂ ਦਾ ਸ਼ੋਸ਼ਣ

29 ਜੂਨ ਪਹਿਲੇ ਸਫ਼ੇ ’ਤੇ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਅਧਿਆਪਕਾਂ ਦੇ ਸ਼ੋਸ਼ਣ ਸਬੰਧੀ ਉਦਾਸ ਕਰਨ ਵਾਲੀ ਖ਼ਬਰ ਛਪੀ। ਇਹ ਅਧਿਆਪਕ ਪਿਛਲੇ ਦਸ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਗੁਜ਼ਾਰਾ ਕਰ ਰਹੇ ਹਨ। ਯੂਨੀਵਰਸਿਟੀ ਦੇ ਡੀਨ, ਰਜਿਸਟਰਾਰ ਅਤੇ ਵਾਈਸ ਚਾਂਸਲਰ ਜੋ ਸੈਮੀਨਾਰਾਂ ਦੌਰਾਨ ਵੱਡੀਆਂ ਵੱਡੀਆਂ ਨੈਤਿਕਤਾ ਭਰੀਆਂ ਗੱਲਾਂ ਕਰਦੇ ਹਨ, ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਪ੍ਰਤੀ ਬਹੁਤ ਅਸੰਵੇਦਨਸ਼ੀਲ ਹੋ ਜਾਂਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਤਨਖ਼ਾਹ ਦੇਣ ਦੀ ਪ੍ਰਕਿਰਿਆ ਇੰਨੀ ਗੁੰਝਲਦਾਰ ਅਤੇ ਲੰਮੇਰੀ ਹੈ ਕਿ ਸਮੈਸਟਰ ਪੂਰਾ ਹੋ ਜਾਣ ਤੋਂ ਬਾਅਦ ਹੀ ਤਨਖ਼ਾਹ ਮਿਲਦੀ ਹੈ। ਇਸ ਵਾਰ ਤਾਂ ਹੱਦ ਹੀ ਹੋ ਗਈ, ਦੋ ਸਮੈਸਟਰ ਲੰਘਣ ’ਤੇ ਵੀ ਤਨਖ਼ਾਹਾਂ ਨਹੀਂ ਮਿਲੀਆਂ।
ਹਰਿੰਦਰ ਸਿੰਘ ਸੇਖੋਂ, ਮਾਨਸਾ


ਨਸ਼ਾ ਛੁਡਾਊ ਗੋਲੀ

29 ਜੂਨ ਨੂੰ ਹਮੀਰ ਸਿੰਘ ਦੀ ਰਿਪੋਰਟ ‘ਨਸ਼ਾ ਛੁਡਾਉਣ ਵਾਲੀ ਗੋਲੀ ਦੇ ਆਦੀ ਹੋ ਗਏ ਨੇ ਪੰਜਾਬੀ’ ਪੰਜਾਬ ਵਿਚ ਨਸ਼ਾ ਮੁਕਤੀ ਮੁਹਿੰਮ ਦੀ ਅਸਫਲਤਾ ਦੀ ਪੋਲ ਖੋਲ੍ਹਣ ਵਾਲੀ ਹੈ। ਇਸ ਪ੍ਰਕਾਰ ਦੀ ਗੋਲੀ ਨੂੰ ਇਸਤੇਮਾਲ ਕਰਨ ਵਾਲਿਆਂ ਨੂੰ ਕਾਉਂਸਲਿੰਗ ਦੀ ਬਹੁਤ ਜ਼ਿਆਦਾ ਲੋੜ ਹੈ, ਨਹੀਂ ਤਾਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਵਧਦੀ ਜਾਵੇਗੀ। ਇਸੇ ਤਰ੍ਹਾਂ 27 ਜੂਨ ਨੂੰ ਡਾ. ਸਿਮਰਨ ਸੇਠੀ ਦਾ ਲੇਖ ‘ਬੰਬੀਹਾ ਏਦਾਂ ਤਾਂ ਨਹੀਂ ਬੋਲਦਾ’ ਕੁਦਰਤ ਦੇ ਜੀਅ ਬਾਰੇ ਨਵੀਂ ਜਾਣਕਾਰੀ ਦੇਣ ਵਾਲਾ ਸੀ। ਮੀਂਹ ਦੇ ਪਾਣੀ ਉੱਤੇ ਰਹਿਣ ਵਾਲੇ ਨਿੱਕੇ ਜੀਵਾਂ ਲਈ ਮਨੁੱਖੀ ਰਹਿਮਤ ਦੀ ਲੋੜ ਹੈ। ਕੁਦਰਤ ਦੀਆਂ ਰਚਨਾਵਾਂ ਦਾ ਸੰਸਾਰ ਸਵਾਰਥੀ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਪਹਿਲਾਂ 25 ਜੂਨ ਨੂੰ ਮੁਕੇਸ਼ ਅਠਵਾਲ ਦਾ ਮਿਡਲ ‘ਨਾਨੀ ਦਾ ਵਿਸ਼ਵਾਸ’ ਦਿਲ ਵਿਚ ਉਤਰਨ ਵਾਲਾ ਸੀ। 24 ਜੂਨ ਨੂੰ ਸ਼ਵਿੰਦਰ ਕੌਰ ਦਾ ਮਿਡਲ ‘ਆਪਣੇ ਹਿੱਸੇ ਦਾ ਅਸਮਾਨ’ ਚੰਗਾ ਲੱਗਾ। ਸੱਚ ਹੀ, ਧੀਆਂ ਦੋ ਦੋ ਘਰਾਂ ਵਿਚ ਚਾਨਣ ਕਰਦੀਆਂ ਹਨ। 
ਅਨਿਲ ਕੌਸ਼ਿਕ, ਕਿਉੜਕ, ਕੈਥਲ (ਹਰਿਆਣਾ)


ਸੂਦਖੋਰੀ ਲੁੱਟ

29 ਜੂਨ ਨੂੰ ਛਪਿਆ ਲੇਖ ‘ਵਿੱਤੀ ਅਦਾਰਿਆਂ ਦੀ ਸੂਦਖੋਰੀ ਲੁੱਟ ਅਤੇ ਮਜ਼ਦੂਰ ਔਰਤਾਂ’ ਪੜ੍ਹਿਆ। ਲੇਖਕ ਨੇ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕਾਂ ਵੱਲੋਂ ਕਰਜ਼ਾ ਦੇਣ ਵਾਲੀਆਂ ਮਾਈਕਰੋ-ਫਾਈਨਾਂਸ ਕੰਪਨੀਆਂ ਅਤੇ ਬੈਂਕਾਂ ਵੱਲੋਂ ਪੇਂਡੂ ਤੇ ਮਜ਼ਦੂਰ ਔਰਤਾਂ ਵੱਲੋਂ ਕਰਜ਼ਾ ਮੋੜਨ ਲਈ ਕੀਤੀ ਜਾਂਦੀ ਜੱਦੋ-ਜਹਿਦ ਨੂੰ ਬਾਖ਼ੂਬੀ ਅੰਕੜਿਆਂ ਸਮੇਤ ਪੇਸ਼ ਕੀਤਾ ਕਿ ਸਰਕਾਰਾਂ ਵੱਲੋਂ ਇਨ੍ਹਾਂ ਔਰਤਾਂ ਨੂੰ ਕਰਜ਼ੇ ਦੇਣ ਲਈ ਖਿੱਚੇ ਹੱਥ ਇਨ੍ਹਾਂ ਦੇ ਜੀਅ ਦਾ ਜੰਜਾਲ ਬਣ ਰਹੇ ਹਨ, ਜਿਸ ਕਾਰਨ ਕਈ ਔਰਤਾਂ ਤਾਂ ਮੌਤ ਨੂੰ ਗਲੇ ਲਗਾ ਲੈਂਦੀਆਂ ਹਨ। ਸਰਕਾਰਾਂ ਨੂੰ ਇਨ੍ਹਾਂ ਕਰਜ਼ੇ ਦੇਣ ਵਾਲੀਆਂ ਅਖੌਤੀ ਕੰਪਨੀਆਂ ਦੀ ਲੁੱਟ ਖਸੁੱਟ ਨੂੰ ਰੋਕ ਕੇ ਪੇਂਡੂ ਤੇ ਮਜ਼ਦੂਰ ਔਰਤਾਂ ਲਈ ਘੱਟ ਵਿਆਜ ਦਰ ਉੱਤੇ ਅਸਾਨ ਕਿਸ਼ਤਾਂ ’ਚ ਮੋੜਨ ਵਾਲੇ ਕਰਜ਼ੇ ਮੁਹੱਈਆ ਕਰਵਾਉਣੇ ਚਾਹੀਦੇ ਹਨ। 
ਕਮਲਜੀਤ ਕੌਰ ਸਰਾਂ, ਮੁੱਲਾਂਪੁਰ (ਲੁਧਿਆਣਾ)


ਕਿਸਾਨੀ ਸੰਕਟ

26 ਜੂਨ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਕਿਸਾਨੀ ਸੰਕਟ ਦੀਆਂ ਪਰਤਾਂ’ ਪੜ੍ਹਨ ਨੂੰ ਮਿਲਿਆ। ਲੇਖਕ ਨੇ ਦੱਸਿਆ ਹੈ ਕਿ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਬਣੀ ਸੀ। ਬਾਅਦ ਵਿਚ ਉਸ ਦੇ ਕਈ ਹਿੱਸੇ ਹੋ ਗਏ। ਅਸਲ ਵਿਚ ਸਭ ਤੋਂ ਪਹਿਲਾਂ ਜਵਾਲਾ ਸਿੰਘ ਠੱਠੀਆਂ ਦੀ ਅਗਵਾਈ ਵਿਚ ਕਿਸਾਨ ਸਭਾ ਬਣੀ ਸੀ। ਕਿਸਾਨ ਜਥੇਬੰਦੀਆਂ ਨੇ ਕਦੇ ਵੀ ਕੋਈ ਬੱਝਵਾਂ ਘੋਲ ਨਹੀਂ ਲੜਿਆ। ਸਿਰਫ਼ ਆਰਜ਼ੀ ਧਰਨਿਆਂ ਤਕ ਇਨ੍ਹਾਂ ਦੀ ਹੱਦ ਰਹੀ ਹੈ। ਕਿਸਾਨਾਂ ਤੇ ਮਜ਼ਦੂਰਾਂ ਦੇ ਲੀਡਰ ਏਕਾ ਕਰ ਕੇ ਕਾਰਪੋਰੇਟ ਘਰਾਣਿਆਂ ਵਿਰੁੱਧ ਮੈਦਾਨ ਵਿਚ ਡਟਣ। 
ਸਾਗਰ ਸਿੰਘ ਸਾਗਰ, ਬਰਨਾਲਾ


ਛੋਟੇ ਅੱਖਰ

ਪੰਜਾਬੀ ਟ੍ਰਿਬਿਊਨ ਵਿਚ ਛਪਦੀ ਸਾਰੀ ਸਮੱਗਰੀ ਉੱਚ ਪੱਧਰ ਦੀ ਹੁੰਦੀ ਹੈ ਪਰ ਵੱਡੇ ਲੇਖਾਂ ਦਾ ਫੌਂਟ ਸਾਈਜ਼ ਬਹੁਤ ਛੋਟਾ ਹੈ, ਜਿਸ ਨਾਲ ਪੜ੍ਹਨ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਮਿਸਾਲ ਵਜੋਂ 27 ਜੂਨ ਦੇ ‘ਤਬਸਰਾ’ ਵਿਚ ਸਾਰੇ ਹੀ ਲੇਖ ਇਕ ਤੋਂ ਵੱਧ ਭਰਪੂਰ ਜਾਣਕਾਰੀ ਦੇਣ ਵਾਲੇ ਸਨ। ਪਰ ਅੱਖਰ ਬਹੁਤ ਛੋਟੇ ਸਨ ਤੇ ਪੜ੍ਹਨਾ ਮੁਸ਼ਕਿਲ ਹੋ ਰਿਹਾ ਸੀ। 
ਸਵਰਨਦੀਪ ਸਿੰਘ ਨੂਰ, ਬਠਿੰਡਾ


ਮਾਸਕਾਂ ਦਾ ਨਿਪਟਾਰਾ

ਕੋਵਿਡ-19 ਦੇ ਚੱਲ ਰਹੇ ਸਮੇਂ ਦੌਰਾਨ ਵਰਤੇ ਹੋਏ ਮਾਸਕਾਂ ਦੇ ਨਿਪਟਾਰੇ ਦੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਲੋਕ ਇਸ ਨੂੰ ਪਹਿਨਣ ਤੋਂ ਬਾਅਦ ਜਿੱਥੇ ਕਿਤੇ ਸੁੱਟ ਕੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਸਮਝਦੇ ਹਨ। ਅਸੀਂ ਅੱਜਕੱਲ੍ਹ ਸੜਕਾਂ ’ਤੇ ਮਾਸਕ ਆਮ ਸੁੱਟੇ ਹੋਏ ਵੇਖਦੇ ਹਾਂ। ਜਦੋਂਕਿ ਆਮ ਜਨਤਾ ਲਈ ਉਹ ਬਹੁਤ ਵੱਡਾ ਖ਼ਤਰਾ ਪੈਦਾ ਕਰ ਰਹੇ ਹੁੰਦੇ ਹਨ। ਵਾਇਰਸ ਜਿਸ ਤੋਂ ਬਚਣ ਬਚਾਉਣ ਲਈ ਮਾਸਕ ਪਹਿਨਿਆ ਜਾਂਦਾ ਹੈ, ਨੂੰ ਕੁਥਾਂ ਸੁੱਟ ਕੇ ਤਾਂ ਅਸੀਂ ਬਿਮਾਰੀ ਨੂੰ ਫੈਲਾ ਰਹੇ ਹੁੰਦੇ ਹਾਂ। 
ਬਿਕਰਮਜੀਤ ਸਿੰਘ, ਨਵਾਂ ਸ਼ਹਿਰ


ਤੇਲ ਦੀਆਂ ਕੀਮਤਾਂ ’ਚ ਵਾਧਾ

ਕਰੋਨਾ ਸੰਕਟ ਸਮੇਂ ਜਿਸ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਨਾਲ ਆਮ ਲੋਕਾਂ ਲਈ ਹੋਰ ਮੁਸੀਬਤ ਬਣਦੀ ਜਾ ਰਹੀ ਹੈ। ਤਾਲਾਬੰਦੀ ਨੇ ਪਹਿਲਾਂ ਹੀ ਲੋਕਾਂ ਦੀ ਆਰਥਿਕ ਸਥਿਤੀ ਤਰਸਯੋਗ ਬਣਾ ਦਿੱਤੀ ਹੈ, ਉੱਪਰੋਂ ਸਰਕਾਰ ਤੇਲ ਕੀਮਤਾਂ ਵਿਚ ਵਾਧਾ ਕਰਕੇ ਆਪਣਾ ਖ਼ਜ਼ਾਨਾ ਤਾਂ ਭਰ ਰਹੀ ਹੈ। ਸਰਕਾਰ ਨੂੰ ਪ੍ਰੇਸ਼ਾਨ ਦੇਸ਼ ਵਾਸੀਆਂ ਤੋਂ ਕਮਾਈ ਕਰਨ ਦੀ ਬਜਾਏ ਵਿਦੇਸ਼ਾਂ ਤੋਂ ਆਮਦਨ ਪ੍ਰਾਪਤੀ ਵਿਚ ਵਾਧਾ ਕਰਨ ਦੀ ਲੋੜ ਹੈ। ਜਿਸ ਪਾਰਦਰਸ਼ਤਾ ਦਾ ਪ੍ਰਚਾਰ ਕੇਂਦਰ ਸਰਕਾਰ ਕਰਦੀ ਹੈ, ਉਸ ਮੁਤਾਬਕ ਸਰਕਾਰ ਦਾ ਫਰਜ਼ ਹੈ ਕਿ ਉਹ ਵਧਦੀਆਂ ਤੇਲ ਕੀਮਤਾਂ ਬਾਰੇ ਤੁਰੰਤ ਸਪੱਸ਼ਟੀਕਰਨ ਦੇ ਕੇ ਪਾਰਦਰਸ਼ਤਾ ਦਾ ਸਬੂਤ ਦੇਵੇ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਵਿਸ਼ਵ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਘਟੀਆਂ ਹੋਈਆਂ ਹਨ, ਬਾਕੀ ਮੁਲਕਾਂ ਵਿਚ ਤੇਲ ਸਸਤਾ ਹੋ ਰਿਹਾ ਹੈ ਤਾਂ ਆਪਣੇ ਭਾਰਤ ਵਿਚ ਇਸ ਨੂੰ ਕਿਉਂ ਮਹਿੰਗਾ ਕੀਤਾ ਜਾ ਰਿਹਾ ਹੈ। ਕਿਉਂ ਤੇਲ ਦੀ ਅਸਲ ਕੀਮਤ ਨਾਲੋਂ ਜ਼ਿਆਦਾ ਟੈਕਸ ਇਸ ਉੱਤੇ ਵਸੂਲਿਆ ਜਾ ਰਿਹਾ ਹੈ।
ਯਸ਼ਪਾਲ ਮਾਵਰ, ਸ੍ਰੀ ਮੁਕਤਸਰ ਸਾਹਿਬ