The Tribune India : Letters to the editor

ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Dec 31, 2022

ਸਿੱਖਿਆ, ਸਿੱਖਿਆ ਨੀਤੀ ਅਤੇ ਵਪਾਰ

30 ਅਤੇ 23 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ਸਿੱਖਿਆ ਨਾਲ ਸਬੰਧਿਤ ਲੇਖ ‘ਸਿੱਖਿਆ ਨੀਤੀ ਬਨਾਮ ਕੋਚਿੰਗ ਕਾਰੋਬਾਰ’ (ਕੰਵਲਜੀਤ ਖੰਨਾ) ਅਤੇ ‘ਵਿੱਦਿਆ ਅਤੇ ਵਪਾਰ: ਹਕੀਕਤ ਦੇ ਰੂ-ਬ-ਰੂ’ (ਡਾ. ਕੁਲਦੀਪ ਸਿੰਘ) ਸਿੱਖਿਆ ਦੀ ਹਕੀਕਤ, ਨਵੀਂ ਸਿੱਖਿਆ ਨੀਤੀ ਅਤੇ ਕੋਚਿੰਗ ਕਾਰੋਬਾਰ ਬਾਰੇ ਵਧੀਆ ਚਾਨਣਾ ਪਾਉਂਦੇ ਹਨ। ਦੋਵੇਂ ਲੇਖ ਤੱਥ ਭਰਪੂਰ ਅੰਕੜੇ ਪੇਸ਼ ਕਰਦੇ ਹਨ। ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ ਨਾਲ ਢੁੱਕਵਾਂ ਰੁਜ਼ਗਾਰ ਵੀ ਮਿਲੇ ਪਰ ਵਧੀਆ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਦੀ ਹੁਣ ਕੋਈ ਗਾਰੰਟੀ ਨਹੀਂ। ਸ਼ਾਇਦ ਇਸੇ ਲਈ ਸੰਭਵ ਮੌਕੇ ਪ੍ਰਾਪਤ ਕਰਨ ਲਈ ਵਿਦਿਆਰਥੀ ਕੋਚਿੰਗ ਸੈਂਟਰਾਂ ਵੱਲ ਜਾਂਦੇ ਹਨ ਅਤੇ ਮੂੰਹ ਮੰਗੀ ਫੀਸ ਵੀ ਅਦਾ ਕਰਦੇ ਹਨ। ਇਸ ਤਰ੍ਹਾਂ ਕੋਚਿੰਗ ਸੈਂਟਰਾਂ ਦਾ ਕਾਰੋਬਾਰ ਦਿਨੋ-ਦਿਨ ਵਧ-ਫੁੱਲ ਰਿਹਾ ਹੈ। ਕੋਚਿੰਗ ਸੈਂਟਰਾਂ ਦੀ ਲੁੱਟ ਅਤੇ ਨਾਕਾਮਯਾਬੀ ਕਾਰਨ ਕਈ ਵਿਦਿਆਰਥੀ ਗ਼ਲਤ ਕਦਮ ਵੀ ਚੁੱਕ ਲੈਂਦੇ ਹਨ। ਸਰਕਾਰ ਨੂੰ ਇਸ ਸਮੱਸਿਆ ਦਾ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ। ਦੂਜਾ, ਨਵੀਂ ਸਿੱਖਿਆ ਨੀਤੀ-2020 ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਹੀ ਲਾਗੂ ਕਰ ਦਿੱਤੀ ਹੈ। ਇਹ ਨੀਤੀ ਕੌਮੀ ਸਿੱਖਿਆ ਨੀਤੀ-1986 ਤੋਂ ਕਾਫ਼ੀ ਵੱਖ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਨਿੱਜੀਕਰਨ ਨੂੰ ਹੁਲਾਰਾ ਦੇਵੇਗੀ ਜਿਸ ਕਾਰਨ ਸਿੱਖਿਆ ਮਹਿੰਗੀ ਹੋਣ ਦੇ ਨਾਲ ਨਾਲ ਕੁਝ ਖ਼ਾਸ ਵਰਗ ਦੇ ਲੋਕਾਂ ਤਕ ਹੀ ਸੀਮਤ ਹੋ ਕੇ ਰਹਿ ਜਾਏਗੀ। ਇਉਂ ਸਮਾਜ ਦਾ ਵੱਡਾ ਤਬਕਾ ਸਿੱਖਿਆ ਤੋਂ ਵਾਂਝਾ ਰਹਿ ਜਾਵੇਗਾ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੇ ਬੰਦ ਹੋਣ ਦਾ ਵੀ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।

ਦਵਿੰਦਰ ਸਿੰਘ ਸਿਆਣ, ਅਮਰਗੜ੍ਹ (ਮਾਲੇਰਕੋਟਲਾ)

ਮਾਨਵਤਾ ਦੀ ਰੱਖਿਆ

29 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਲੇਖ ‘ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦਸਮੇਸ਼ ਪਿਤਾ ਦੁਆਰਾ ਧਰਮ ਅਤੇ ਮਾਨਵਤਾ ਦੀ ਰੱਖਿਆ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਦਾ ਖੁਲਾਸਾ ਕਰਦਾ ਹੈ। ਗੁਰੂ ਜੀ ਬੇ-ਆਸਰਿਆਂ ਦਾ ਆਸਰਾ ਅਤੇ ਨਿਮਾਣਿਆਂ ਦੇ ਮਾਣ ਸਨ। ਉਨ੍ਹਾਂ ਨੇ ਪੰਜ ਪਿਆਰੇ ਸਜਾਏ ਅਤੇ ਖਾਲਸਾ ਪੰਥ ਦੀ ਨੀਂਹ ਰੱਖੀ। ਉਹ ਸੱਚੇ ਸੰਤ ਸਿਪਾਹੀ ਸਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਕੇ ਅਨੋਖਾ ਕੰਮ ਕੀਤਾ। ਉਨ੍ਹਾਂ ਨੇ ਜਾਤ ਪਾਤ ਅਤੇ ਭੇਦਭਾਵ ਨੂੰ ਖਤਮ ਕੀਤਾ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)

ਆਧੁਨਿਕ ਤੇ ਪੁਰਾਤਨ ਸਮਾਜ

28 ਦਸੰਬਰ ਦੇ ਇੰਟਰਨੈੱਟ ਸਫ਼ੇ ‘ਪੰਜਾਬੀ ਪੈੜਾਂ’ ਵਿਚ ਅਵਤਾਰ ਤਰਕਸ਼ੀਲ ਦਾ ਲੇਖ ‘ਸੋਚ ਬਦਲੋ ਦੁਨੀਆ ਬਦਲੇਗੀ’ ਪੁਰਾਤਨ ਅਤੇ ਆਧੁਨਿਕ ਸਮਾਜਿਕ ਵਰਤਾਰੇ ਦੀ ਤਸਵੀਰ ਪੇਸ਼ ਕਰਦਾ ਹੈ। ਲੇਖਕ ਅਨੁਸਾਰ ਪੁਰਾਣੇ ਸਮਿਆਂ ਵਿਚ ਲੋਕ ਬਿਨਾ ਵੈਰ ਵਿਰੋਧ ਤੋਂ ਆਪਸ ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਸਨ ਤੇ ਮਦਦਗਾਰ ਹੁੰਦੇ ਸਨ। ਲੇਖ ਦਰਸਾਉਂਦਾ ਹੈ ਕਿ ਆਧੁਨਿਕ ਯੁੱਗ ਨੂੰ ਭਾਵੇਂ ਚੁਸਤੀ ਤੇ ਫੁਰਤੀ ਦਾ ਯੁੱਗ ਮੰਨਿਆ ਜਾਂਦਾ ਹੈ ਪਰ ਪੁਰਾਤਨ ਸਮਾਜ ਦੇ ਲੋਕਾਂ ਦਾ ਭੋਲਾਪਨ ਵੀ ਲਾਜਵਾਬ ਸੀ। ਆਧੁਨਿਕ ਸਮਾਜ ਵਿਚ ਇਨਸਾਨ ਤੋਂ ਵਧ ਕੇ ਪੈਸਾ ਬਲਵਾਨ ਹੈ। ਧਰਮ ਕਈਆਂ ਲਈ ਸਿਰਫ਼ ਆਮਦਨ ਦਾ ਸ੍ਰੋਤ ਹੈ, ਉਨ੍ਹਾਂ ਲਈ ਧਾਰਮਿਕ ਸ਼ਰਧਾ ਬਾਹਰੀ ਦਿਖਾਵਾ ਬਣ ਕੇ ਰਹਿ ਗਈ ਹੈ, ਧਾਰਮਿਕ ਕੱਟੜਤਾ ਹਿੰਸਕ ਘਟਨਾਵਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਨਫ਼ਰਤ ਦੀ ਬੋਲੀ ਮਿਠਾਸ ਨੂੰ ਖ਼ਤਮ ਕਰ ਕੇ ਸਮਾਜਿਕ ਕੁੜੱਤਣ ਫੈਲਾ ਰਹੀ ਹੈ। ਅੱਜ ਸਾਨੂੰ ਪਿਆਰ-ਮੁਹੱਬਤ, ਸਹਿਜ ਅਤੇ ਸੰਜਮ ਨਾਲ ਰਹਿਣਾ ਅਤੇ ਪੇਸ਼ ਆਉਣਾ ਚਾਹੀਦਾ ਹੈ।

ਗੁਰਮੇਲ ਸਿੰਘ ਬਰਾੜ, ਨੇਹੀਆਂ ਵਾਲਾ (ਬਠਿੰਡਾ)

ਦਵਾਈ ਕਾਰੋਬਾਰ ਦਾ ਕੱਚ-ਸੱਚ

29 ਦਸੰਬਰ ਦੇ ਸੰਪਾਦਕੀ ‘ਜਵਾਬਦੇਹੀ ਜ਼ਰੂਰੀ’ ਵਿਚ ਦਵਾਈਆਂ ਨਾਲ ਹੋਈਆਂ ਮੌਤਾਂ ਬਾਰੇ ਜ਼ਿਕਰ ਹੈ। ਇਨਸਾਨੀਅਤ ਪੈਸੇ ਅੱਗੇ ਬੌਣੀ ਹੋ ਗਈ ਹੈ। ਜਿਹੜੀਆਂ ਦਵਾਈਆਂ ਨੇ ਜ਼ਿੰਦਗੀ ਦੇਣੀ ਹੈ, ਜੇਕਰ ਉਹੀ ਮੌਤ ਦਾ ਕਾਰਨ ਬਣਨ ਲੱਗ ਪੈਣ ਤਾਂ ਲੋਕ ਕਿੱਧਰ ਜਾਣ? ਪੈਸੇ ਕਮਾਉਣ ਦੇ ਲਾਲਚ ਨੇ ਅਜਿਹੇ ਲੋਕਾਂ ਨੂੰ ਹੈਵਾਨ ਬਣਾ ਦਿੱਤਾ ਹੈ। ਅਸਲ ਵਿਚ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਵੀ ਅਜਿਹੇ ਕੰਮਾਂ ਨੂੰ ਹੱਲਾਸ਼ੇਰੀ ਦਿੰਦੇ ਹਨ।

ਸੰਪਾਦਕੀ ਵਿਚ ਸੱਚ ਕਿਹਾ ਹੈ ਕਿ ਗ਼ਰੀਬਾਂ ਦੀ ਦਵਾਈਆਂ ਨਾਲ ਜੇਕਰ ਮੌਤ ਵੀ ਹੋ ਜਾਂਦੀ ਹੈ ਤਾਂ ਉਹ ਚੁੱਪ-ਚਾਪ ਭਾਣਾ ਮੰਨ ਲੈਂਦੇ ਹਨ। ਅਜਿਹੀਆਂ ਦਵਾਈਆਂ ਬਿਨਾ ਲੈਣ ਦੇਣ ਨਾ ਬਣ ਸਕਦੀਆਂ ਹਨ ਅਤੇ ਨਾ ਹੀ ਬਾਜ਼ਾਰ ਵਿਚ ਵਿਕ ਸਕਦੀਆਂ ਹਨ। ਦੂਜੇ ਬੰਨੇ ਸਰਕਾਰਾਂ ਕੋਲ ਲੋਕਾਂ ਲਈ ਤਾਂ ਸਮਾਂ ਹੀ ਨਹੀਂ ਹੈ। ਸਿਆਸੀ ਧਿਰਾਂ ਦਾ ਸਾਰਾ ਜ਼ੋਰ ਕੁਰਸੀ ਬਚਾਉਣ ਅਤੇ ਚੋਣਾਂ ਜਿੱਤਣ ’ਤੇ ਲੱਗਾ ਹੋਇਆ ਹੈ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

ਪਾਠਕਾਂ ਦੇ ਖ਼ਤ

Dec 29, 2022

ਟੁੱਟੇ ਘਰਾਂ ਦੀ ਪੀੜਾ ਅਸਹਿ

21 ਦਸੰਬਰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਸ਼ਿਲੌਂਗ ਬਨਾਮ ਲਤੀਫ਼ਪੁਰਾ: ਜਿਨ੍ਹਾਂ ਕੋਲ ਕਾਗਜ਼ ਨਹੀਂ ਹੁੰਦੇ’ ਪੰਜਾਬ ਦੇ ਮੁੜ ਉੱਜੜੇ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹੈ। ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਾਰਾਂ ਪਲਦੀਆਂ ਹਨ; ਜਿੱਥੇ ਸਾਰੇ ਜਹਾਨ ਨੂੰ ਗਾਹ ਕੇ ਖੱਟੀ ਕਮਾਈ ਕਰ ਕੇ ਮੁੜਨ ਨੂੰ ਜੀ ਕਰਦਾ ਹੈ; ਜਿੱਥੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਨੂੰ ਜੀਅ ਕਰਦਾ ਹੈ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਇਨਸਾਨ ਦੇ ਰੀਝਾਂ ਅਤੇ ਸੁਪਨਿਆਂ ਨਾਲ ਬਣਾਏ ਘਰ ਨੂੰ ਜੇਕਰ ਕੋਈ ਅੱਖਾਂ ਦੇ ਸਾਹਮਣੇ ਧੱਕੇ ਨਾਲ ਬੁਲਡੋਜ਼ਰ ਫੇਰ ਕੇ ਚੂਰ ਚੂਰ ਕਰ ਦੇਵੇ ਤਾਂ ਉਸ ਇਨਸਾਨ ਨੂੰ ਆਪਣੀ ਹਸਤੀ ਮਿਟ ਗਈ ਜਾਪਦੀ ਹੈ। ਉਸ ਲਈ ਇਹ ਪੀੜਾ ਅਸਹਿ ਹੋ ਜਾਂਦੀ ਹੈ। ਲਤੀਫ਼ਪੁਰਾ ’ਚ ਲੋਕਾਂ ਨਾਲ ਇਹੀ ਧੱਕਾ ਹੋਇਆ ਹੈ। ਲੋਕਾਂ ਨੂੰ ਸਮਾਨ ਚੁੱਕਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। 

ਕਮਲਜੀਤ ਕੌਰ ਗੁੰਮਟੀ, ਈਮੇਲ


ਨੌਜਵਾਨ ਅਤੇ ਪਰਵਾਸ

28 ਦਸੰਬਰ ਨੂੰ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਉੱਤੇ ਬਿੰਦਰ ਸਿੰਘ ਖੁੱਡੀ ਕਲਾਂ ਦੇ ਲੇਖ ‘ਪੰਜਾਬੀ ਨੌਜਵਾਨ ਤੇ ਪਰਵਾਸ’ ਵਿਚ ਕਈ ਗੱਲਾਂ ਛੋਹੀਆਂ ਨੇ। ਵਿਦੇਸ਼ ਜਾਣ ਦੇ ਰੁਝਾਨ ਨੂੰ ਖ਼ਾਸ ਤੌਰ ’ਤੇ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਿਆ ਅਤੇ ਸਮਝਿਆ ਜਾ ਰਿਹਾ ਹੈ। ਅੰਗਰੇਜ਼ਾਂ ਵੱਲੋਂ ਰਾਜ ਪ੍ਰਬੰਧ ਚਲਾਉਣ ਖਾਤਰ ਦਿੱਤੀ ਜਾਣ ਵਾਲੀ ਸਿੱਖਿਆ ਦੀ ਤਰਜ਼ ਵਿਚ ਇਨਕਲਾਬੀ ਤਬਦੀਲੀ ਨਾ ਹੋਣ ਕਰ ਕੇ ਅਸੀਂ ਸਿੱਖਿਆ ਨੂੰ ਅਜਿਹਾ ਸਾਧਨ ਮੰਨ ਬੈਠੇ ਹਾਂ ਕਿ ਇਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਕਿਸੇ ਦਫ਼ਤਰ, ਖ਼ਾਸ ਕਰ ਕੇ ਸਰਕਾਰੀ ਦਫ਼ਤਰ ਵਿਚ ਕੁਰਸੀ ਅਤੇ ਮਹੀਨੇ ਦੀ ਬੱਝਵੀਂ ਤਨਖ਼ਾਹ ਮਿਲੇਗੀ। ਮਿਸਾਲ ਦੇ ਤੌਰ ’ਤੇ ਖੇਤੀਬਾੜੀ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਸਾਡਾ ਮਤਲਬ ਵਧੀਆ ਕਿਸਾਨ ਬਣਨਾ ਨਹੀਂ ਬਲਕਿ ਖੇਤੀਬਾੜੀ ਅਫ਼ਸਰ ਬਣਨਾ ਹੁੰਦਾ ਹੈ। ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰੁਝਾਨ ਵਿਚ ਇਕ ਹੋਰ ਮਹੱਤਵਪੂਰਨ ਰੁਝਾਨ ਮੋਹਰੀ ਹੈ; ਉਹ ਹੈ ਮਾਪਿਆਂ ਦਾ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਤੋਂ ਭੱਜਣਾ; ਖ਼ਾਸ ਕਰ ਕੇ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਵਿਦੇਸ਼ ਭੇਜਣ ਦੀ ਪਿਰਤ ਵਿਚ ਸਾਡੀ ਇਹ ਮਾਨਸਿਕਤਾ ਕਿਤੇ ਨਾ ਕਿਤੇ ਛੁਪੀ ਹੋਈ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅੱਲੜ ਉਮਰ ਵਿਚ ਵਿਦੇਸ਼ ਸੁੱਟ ਕੇ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਬਜਾਇ ਚੰਗੀ ਸਿੱਖਿਆ ਦੇ ਕੇ ਜਦੋਂ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਵੇ, ਤਾਂ ਹੀ ਹੋਰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ।

ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ


ਜੀਐੱਮ ਫ਼ਸਲਾਂ ਦੇ ਨੁਕਸਾਨ

26 ਦਸੰਬਰ ਦੇ ਅੰਕ ਵਿਚ ਦਵਿੰਦਰ ਸ਼ਰਮਾ ਦੇ ਲੇਖ ‘ਜੀਐੱਮ ਫ਼ਸਲਾਂ ਬਾਰੇ ਬਹਿਸ ਦੀ ਪੁਣਛਾਣ’ ਮਹੱਤਵਪੂਰਨ ਹੈ। ਪਿਛਲੇ ਕੁਝ ਸਮੇਂ ਤੋਂ  ਜੀਐੱਮ ਫ਼ਸਲਾਂ ਬਾਰੇ ਦੁਨੀਆ ਭਰ ਵਿਚ ਕਾਫ਼ੀ ਚਰਚਾ ਛਿੜੀ ਹੋਈ ਹੈ। ਇਨ੍ਹਾਂ ਫ਼ਸਲਾਂ ਨੂੰ ਲੈ ਕੇ ਭਾਰਤ ਵਿਚ ਵੀ ਵਾਤਾਵਰਨ ਅਤੇ ਸਿਹਤ ਮਾਹਿਰ ਡਾਢੀ ਚਿੰਤਾ ਵਿਚ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੀਐੱਮ ਫ਼ਸਲਾਂ ਦੇਸ਼ ਦੇ ਵਾਤਾਵਰਨ, ਮਨੁੱਖੀ ਸਿਹਤ ਅਤੇ ਮੌਸਮ ਦੇ ਲਿਹਾਜ਼ ਅਨੁਸਾਰ ਅਨੁਕੂਲ ਨਹੀਂ ਹਨ। ਇਹ ਗ਼ੈਰ-ਕੁਦਰਤੀ ਫ਼ਸਲਾਂ ਜੀਵ-ਪ੍ਰਜਾਤੀਆਂ ਲਈ ਭਾਰੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ, ਖ਼ਾਸ ਕਰ ਕੇ ਜੀਐੱਮ ਸਰ੍ਹੋਂ ਮਧੂਮੱਖੀਆਂ ਦੀ ਹੋਂਦ ਨੂੰ ਹੀ ਖਤਮ ਕਰ ਦੇਵੇਗੀ। ਮਧੂ ਮੱਖੀਆਂ ਦੇ ਪਰਾਗਣ ਨਾਲ ਹੀ ਨਿੱਕੀਆਂ ਨਿੱਕੀਆਂ ਜੜੀ ਬੂਟੀਆਂ, ਫਲ, ਸਬਜ਼ੀਆਂ ਆਦਿ ਵਿਕਸਤ ਹੁੰਦੇ ਹਨ। ਇਹ ਵਰਤਾਰਾ ਕੁਦਰਤ ਵਿਰੋਧੀ ਅਤੇ ਮਾਨਵ ਜਾਤੀ ਦੀਆਂ ਨਸਲਾਂ ਲਈ ਖ਼ਤਰਨਾਕ ਹੈ। 

ਜੀਐੱਮ ਫ਼ਸਲਾਂ ਦੇ ਪਸਾਰੇ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਵਾਤਾਵਰਨ, ਖੇਤੀ ਅਤੇ ਸਿਹਤ ਮਾਹਿਰਾਂ ਨਾਲ ਇਨ੍ਹਾਂ ਦੇ ਅੰਕੜਿਆਂ/ਨਤੀਜਿਆਂ ਬਾਰੇ ਡੂੰਘੀ ਪਰਖ-ਪੜਚੋਲ ਕਰਨੀ ਚਾਹੀਦੀ ਹੈ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਸਾਂਝਾ ਸੰਘਰਸ਼ ਮਘਣ ਲੱਗਾ

23 ਦਸੰਬਰ ਨੂੰ ਪਹਿਲੇ ਪੰਨੇ ਦੀ ਖ਼ਬਰ ‘ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਸੰਘਰਸ਼’ ਪੜ੍ਹੀ। ਜ਼ੀਰਾ ਲਾਗਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਮਾਲਬਰੋਜ਼ ਸ਼ਰਾਬ ਫੈਕਟਰੀ ਖ਼ਿਲਾਫ਼ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਨਿੰਦਣਯੋਗ ਸੀ। ਪੁਲੀਸ ਨੇ ਧਰਨਾਕਾਰੀਆਂ ਦੇ ਟੈਂਟ ਉਖਾੜ ਦਿੱਤੇ, ਧਰਨੇ ਵਿਚ ਸ਼ਾਮਿਲ ਆਗੂਆਂ ’ਤੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਈ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ’ਤੇ ਅੰਨ੍ਹੇਵਾਹ ਲਾਠੀਆਂ ਵਰ੍ਹਾਉਣੀਆਂ ਕਿਸੇ ਪੱਖੋਂ ਵੀ ਠੀਕ ਨਹੀਂ; ਸ਼ਾਂਤਮਈ ਪ੍ਰਦਰਸ਼ਨ ਲੋਕਾਂ ਦਾ ਸੰਵਿਧਾਨਕ ਹੱਕ ਹੈ। ਇਹ ਸੰਘਰਸ਼ ਹੁਣ ਵੱਡੇ ਲੋਕ ਸੰਘਰਸ਼ ਵੱਲ ਵਧਣ ਲੱਗਾ ਹੈ ਜਿਸ ਵਿਚੋਂ ਦਿੱਲੀ ਦੇ ਕਿਸਾਨ ਅੰਦੋਲਨ ਵਰਗੀ ਤਸਵੀਰ ਨਜ਼ਰ ਆਉਣ ਲੱਗੀ ਹੈ।

ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)


ਪੜ੍ਹਨ ’ਤੇ ਪਾਬੰਦੀ

23 ਦਸੰਬਰ ਨੂੰ ਸੰਪਾਦਕੀ ‘ਔਰਤਾਂ ਦੀ ਸਿੱਖਿਆ ’ਤੇ ਪਾਬੰਦੀ’ ਪੜ੍ਹਿਆ। ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਲੜਕੀਆਂ ਦੇ ਪੜ੍ਹਨ ’ਤੇ ਪਾਬੰਦੀ ਲਗਾਉਣਾ ਜ਼ੁਲਮ ਅਤੇ ਮੂਰਖਤਾ ਦੀ ਨਿਸ਼ਾਨੀ ਹੈ। ਫਿਰ ਮੱਧਕਾਲ ਅਤੇ ਵਰਤਮਾਨ ਕਾਲ ਵਿਚ ਅੰਤਰ ਕੀ ਹੋਇਆ? ਔਰਤਾਂ ਅਤੇ ਲੜਕੀਆਂ ਨੂੰ ਇਹ ਹੁਕਮ ਦੇਣਾ ਕਿ ਇਲਾਜ ਸਿਰਫ਼ ਮਹਿਲਾ ਡਾਕਟਰਾਂ ਤੋਂ ਹੀ ਕਰਾਉਣਾ ਹੈ, ਜੇ ਉਹ ਪੜ੍ਹ ਹੀ ਨਹੀਂ ਸਕਦੀਆਂ ਤਾਂ ਡਾਕਟਰ ਜਾਂ ਨਰਸ ਕਿਵੇਂ ਬਣਨਗੀਆਂ ਜਾਂ ਕਿੱਥੋਂ ਆਉਣਗੀਆਂ? ਜਦੋਂ ਮਹਿਲਾ ਪੁਲੀਸ, ਜੇਲ੍ਹ ਵਾਰਡਨ ਅਤੇ ਸੁਪਰਡੰਟ, ਵਕੀਲ ਵਗੈਰਾ ਨਹੀਂ ਹੋਣਗੇ, ਕੀ ਇਨ੍ਹਾਂ ਨੂੰ ਗ੍ਰਿਫ਼ਤਾਰ ਮਰਦ ਪੁਲੀਸ ਹੀ ਕਰੇਗੀ? ਕੌਮਾਂਤਰੀ ਭਾਈਚਾਰੇ ਦੇ ਨਾਲ ਨਾਲ ਇੰਡੋਨੇਸ਼ੀਆ, ਤੁਰਕੀ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਵੀ ਅਫ਼ਗਾਨ ਔਰਤਾਂ ਦੇ ਹੱਕ ਵਿਚ ਖਲੋਣਾ ਹੀ ਨਹੀਂ, ਲੜਨਾ ਵੀ ਚਾਹੀਦਾ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਡਾਕ ਐਤਵਾਰ ਦੀ

Dec 25, 2022

ਸੰਘਰਸ਼ ਦਾ ਰਾਹ

ਐਤਵਾਰ, 18 ਦਸੰਬਰ ਦੀ ਸੰਪਾਦਕੀ ‘ਸੱਤਾ, ਸ਼ਬਦ ਤੇ ਚੁੱਪ’ ਵਿਚ ਸੱਤਾ ਵੱਲੋਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਫਾਸ਼ੀਵਾਦੀ ਢੰਗ ਨਾਲ ਦਬਾਉਣ ਦਾ ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਸੱਤਾਧਾਰੀ ਜਮਾਤਾਂ ਸੱਤਾ ਉੱਤੇ ਲੰਮੇ ਸਮੇਂ ਤੱਕ ਕਾਬਜ਼ ਹੋਣ ਲਈ ਘੱਟਗਿਣਤੀਆਂ ਖ਼ਿਲਾਫ਼ ਫ਼ਿਰਕੂ-ਫਾਸ਼ੀਵਾਦੀ ਰਾਜਨੀਤੀ ਕਰਨ ਦੇ ਨਾਲ ਨਾਲ ਅਫ਼ਸਰਸ਼ਾਹੀ, ਨਿਆਂਪਾਲਿਕਾ ਅਤੇ ਗੋਦੀ ਮੀਡੀਏ ਉੱਤੇ ਦਬਾਅ ਪਾ ਕੇ ਰੱਖਦੀਆਂ ਹਨ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਰਾਹੀਂ ਵਿਰੋਧੀ ਸਿਆਸੀ ਧਿਰਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਉੱਤੇ ਛਾਪੇ ਮਰਵਾ ਕੇ, ਝੂਠੇ ਕੇਸਾਂ ਹੇਠ ਜੇਲ੍ਹ ਭੇਜ ਕੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਅਤੇ ਆਪਣੇ ਆਪ ਨੂੰ ਅਸਲ ਲੋਕ ਹਿਤੈਸ਼ੀ ਤੇ ਰਾਸ਼ਟਰਵਾਦੀ ਹੋਣ ਦਾ ਵਿਖਾਵਾ ਕਰਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਅਜਿਹਾ ਫ਼ਿਰਕੂ ਫਾਸ਼ੀਵਾਦੀ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਪਰ ਸਿਵਿਲ ਸੁਸਾਇਟੀ ਦੇ ਲੋਕਪੱਖੀ ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਡਰਾਵੇ ਦੇ ਕੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਜ਼ਿਆਦਾ ਦੇਰ ਤਕ ਨਹੀਂ ਦਬਾਇਆ ਜਾ ਸਕਦਾ। ਹੁਣ ਵੱਡੀ ਗਿਣਤੀ ਸਮਾਜਿਕ ਕਾਰਕੁਨ ਅਤੇ ਮਿਹਨਤਕਸ਼ ਲੋਕ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਹੇਠ ਜਥੇਬੰਦ ਹੋ ਕੇ ਸਿਰਫ਼ ਹਕੂਮਤੀ ਤੇ ਕਾਰਪੋਰੇਟੀ ਫ਼ਿਰਕੂ-ਫਾਸ਼ੀਵਾਦ ਅਤੇ ਗੋਦੀ ਮੀਡੀਆ ਖ਼ਿਲਾਫ਼ ਹੀ ਨਹੀਂ ਸਗੋਂ ਕੁਝ ਮਾਮਲਿਆਂ ਵਿਚ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਵਕਤ ਲੋਕਪੱਖੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਹਰ ਤਰ੍ਹਾਂ ਦੇ ਮਤਭੇਦ ਛੱਡ ਕੇ ਆਮ ਲੋਕਾਈ ਦੇ ਵਡੇਰੇ ਹਿੱਤਾਂ ਦੀ ਰਾਖੀ ਅਤੇ ਮੌਜੂਦਾ ਕਾਰਪੋਰੇਟ ਪੱਖੀ ਢਾਂਚੇ ਨੂੰ ਬਦਲਣ ਲਈ ਆਪਣੀ ਇਕਜੁੱਟਤਾ ਨਾਲ ਸੰਘਰਸ਼ ਵਿੱਢਣ ਦੀ ਲੋੜ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


ਵਹਿਮ ਛੱਡਣ ਦੀ ਲੋੜ

ਐਤਵਾਰ, 18 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਮਿਡਲ ‘ਬੁਰਾ ਬਣ ਗਿਆ ਬਾਂਸ ਵਿਚਾਰਾ’ ਪੜ੍ਹਿਆ, ਚੰਗਾ ਲੱਗਾ। ਮਨੁੱਖੀ ਜੀਵਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੰਮਕਾਰ ਸੁਖਾਲਾ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਮਨੁੱਖ ਨੂੰ ਅੰਧ-ਵਿਸ਼ਵਾਸ ਛੱਡਣੇ ਜ਼ਰੂਰੀ ਹਨ।

ਅਨਿਲ ਕੌਸ਼ਿਕ, ਕਿਊਡਕ (ਕੈਥਲ ਹਰਿਆਣਾ)


ਸੱਚ ਬਿਆਨੀ

ਐਤਵਾਰ, 11 ਦਸੰਬਰ ਦੇ ਅੰਕ ਵਿਚ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਕੌਣ ਸਾਹਿਬ ਨੂੰ ਆਖੇ, ਇੰਜ ਨੀਂ ਇੰਜ ਕਰ’ ਪੜਿ੍ਹਆ। ਲੇਖਕ ਨੇ ਬਿਲਕੁਲ ਸੱਚ ਬਿਆਨ ਕੀਤਾ ਹੋਇਆ ਹੈ। ਪਹਿਲਾਂ ਤਾਂ ਵਿਦਿਆਰਥੀ ਇੰਨੀਆਂ ਮਹਿੰਗੀਆਂ ਫੀਸਾਂ ਭਰ ਕੇ ਇਮਤਿਹਾਨਾਂ ਦੀ ਤਿਆਰੀਆਂ ਕਰਦੇ ਹਨ ਤੇ ਫਿਰ ਸਰਕਾਰ ਨੂੰ ਇਮਤਿਹਾਨਾਂ ਦੀਆਂ ਫੀਸਾਂ ਭਰ ਕੇ ਪੇਪਰ ਦੇਣ ਵੇਲੇ ਵੀ ਖੱਜਲ ਖੁਆਰ ਹੁੰਦੇ ਹਨ। ਪਹਿਲਾਂ ਹੀ ਸਰਕਾਰਾਂ ਖਾਲੀ ਪਈਆਂ ਅਸਾਮੀਆਂ ਨੂੰ ਸਮੇਂ ਸਿਰ ਨਹੀਂ ਭਰਦੀਆਂ। ਸਰਕਾਰ ਨੂੰ ਇਸ ਪਾਸੇ ਫੌਰੀ ਧਿਆਨ ਦੇਣ ਦੀ ਲੋੜ ਹੈ।

ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ

ਪਾਠਕਾਂ ਦੇ ਖ਼ਤ Other

Dec 24, 2022

ਵਿੱਦਿਆ ਦਾ ਹੱਕ

23 ਦਸੰਬਰ ਦਾ ਸੰਪਾਦਕੀ ‘ਔਰਤਾਂ ਦੀ ਸਿੱਖਿਆ ’ਤੇ ਪਾਬੰਦੀ’ ਪੜ੍ਹਿਆ। ਇਹ ਪੜ੍ਹ ਕੇ ਹੈਰਾਨੀ ਹੋਈ ਕਿ ਅਫ਼ਗਾਨਿਸਤਾਨ ਵਿਚ ਔਰਤਾਂ ਪਾਸੋਂ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਇਹ ਕੈਸਾ ਵਿਰੋਧਾਭਾਸ ਹੈ ਕਿ ਉਸ ਦੇਸ਼ ਦੇ ਅਜੋਕੇ ਹੁਕਮਰਾਨ ‘ਤਾਲਿਬਾਨ’ ਭਾਵ ਤਾਲਿਬ-ਇਲਮ ਕਹਾਉਂਦੇ ਹਨ। ਫਾਰਸੀ ਦਾ ਕਥਨ ਹੈ ਕਿ ਤਾਲਿਬਾਨੇ ਹੱਕ ਹਮੇਸ਼ਾ ਬਾ-ਅਦਬ ਪਰ ਹੁਣ ਉਹ ਅਦਬ ਨੂੰ ਤਿਲਾਂਜਲੀ ਦੇ ਕੇ ਔਰਤਾਂ ਨੂੰ ਵਿੱਦਿਆ ਤੋਂ ਮਹਿਰੂਮ ਕਰ ਰਹੇ ਹਨ। ਕੱਟੜ ਮੰਨੇ ਜਾਂਦੇ ਔਰੰਗਜ਼ੇਬ ਦੀ ਧੀ ਜ਼ੇਬੁਨਿਸਾ ਬਾਰੇ ਮਹਾਨ ਕੋਸ਼ ਵਿਚ ਲਿਖਿਆ ਮਿਲਦਾ ਹੈ ਕਿ ਉਹ ਫਾਰਸੀ ਅਤੇ ਅਰਬੀ ਦੀ ਪੰਡਿਤ ਸੀ ਤੇ ਉੱਤਮ ਕਵਿਤਾ ਰਚਦੀ ਸੀ। ਇਸ ਦਾ ਮਤਲਬ ਹੈ ਕਿ ਇਸ ਧੀ ਨੇ ਵੀ ਤਾਂ ਕਿਸੇ ਪਾਸੋਂ ਇੰਨੀ ਵਿੱਦਿਆ ਪ੍ਰਾਪਤ ਕੀਤੀ ਹੋਵੇਗੀ। ਸਾਨੂੰ ਪੰਜਾਬ ਵਾਸੀਆਂ ਨੂੰ ਇਸ ਗੱਲ ਦਾ ਵੀ ਝੋਰਾ ਹੈ ਕਿ ਇਕ ਨਵਾਂ ਪ੍ਰਚਾਰਕ ਤਾਲਿਬਾਨ ਵਲੋਂ ਉੱਥੇ ‘ਧਰਮੀ ਰਾਜ’ ਸਥਾਪਿਤ ਕਰਨ ਦੀ ਸੋਭਾ ਕਰਦਾ ਹੈ। ਕੌਮਾਂਤਰੀ ਪੱਧਰ ’ਤੇ ਆਵਾਜ਼ ਬੁਲੰਦ ਕਰ ਕੇ ਅਫ਼ਗਾਨ ਬੀਬੀਆਂ ਦੇ ਵਿਦਿਅਕ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)


ਸਿੱਖਿਆ ਵਿਚ ਕਾਰੋਬਾਰ

23 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਵਿੱਦਿਆ ਅਤੇ ਵਪਾਰ : ਹਕੀਕਤ ਦੇ ਰੂ-ਬ-ਰੂ (ਡਾ. ਕੁਲਦੀਪ ਸਿੰਘ) ਪੜ੍ਹਿਆ। ਦੁੱਖ ਹੋਇਆ ਕਿ ਕਿਵੇਂ ਕੋਚਿੰਗ ਸੈਂਟਰਾਂ ਨੇ ਵਿੱਦਿਆ ਨੂੰ ਵਪਾਰ ਬਣਾ ਲਿਆ ਹੈ। ਮਾਪੇ ਆਪਣੀ ਮਿਹਨਤ ਦੀ ਕਮਾਈ ਵਿਚੋਂ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਲੱਖਾਂ ਰੁਪਏ ਫੀਸਾਂ ਭਰਦੇ ਹਨ ਤਾਂ ਜੋ ਬੱਚਿਆਂ ਨੂੰ ਵਧੀਆ ਕਾਲਜ ਵਿਚ ਦਾਖਲ ਮਿਲ ਸਕੇ। ਕਈ ਵਾਰ ਦਾਖਲਾ ਨਾ ਮਿਲਣ ਕਰਕੇ ਬੱਚੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਹਨ ਤੇ ਆਤਮ ਹੱਤਿਆ ਤੱਕ ਕਰ ਲੈਂਦੇ ਹਨ। ਭਾਰਤ ਸਰਕਾਰ ਅਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਇਸ ਰੁਝਾਨ ਨੂੰ ਰੋਕਣਾ ਚਾਹੀਦਾ ਹੈ।
ਕੁਨਾਲ ਗਰਗ, ਅਮਰਗੜ੍ਹ (ਮਾਲੇਰਕੋਟਲਾ)


ਪ੍ਰੇਰਨਾ ਵਾਲੀਆਂ ਗੱਲਾਂ

23 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਜੋਧ ਸਿੰਘ ਮੋਗਾ ਦਾ ਮਿਡਲ ‘ਆਉ ਖੁਸ਼ੀਆਂ ਵੰਡੀਏ’ ਦਿਲ ਟੁੰਬਣ ਵਾਲਾ ਸੀ। ਅਸੀਂ ਸਾਰੇ ਆਪੋ-ਆਪਣੀ ਜ਼ਿੰਦਗੀ ਲਈ ਜਿਊਂਦੇ ਹਾਂ। ਅਸਲ ਜਿਊਣਾ ਦੂਜਿਆਂ ਨੂੰ ਖੁਸ਼ੀਆਂ ਦੇ ਕੇ ਜਿਊਣਾ ਏ। ਲੇਖਕ ਵਡੇਰੀ ਉਮਰ ਵਿਚ ਵੀ ਮਨੁੱਖਤਾ ਦੀ ਭਲਾਈ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਜਾਗਰੂਕਤਾ ਫੈਲਾਅ ਰਿਹਾ ਹੈ। ਇਹ ਸਭ ਪ੍ਰੇਰਨਾ ਵਾਲੀਆਂ ਗੱਲਾਂ ਹਨ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਤਬਾਹੀ ਦਾ ਲਾਇਸੈਂਸ

ਵਿਜੈ ਬੰਬੇਲੀ ਦਾ 22 ਦਸੰਬਰ ਵਾਲਾ ਮਿਡਲ ‘ਤਾਂ ਕਿ ਸਨਦ ਰਹੇ’ ਅੰਕੜਿਆਂ ਸਹਿਤ ਪੇਸ਼ ਕੀਤਾ ਗਿਆ ਹੈ। ਜ਼ੀਰਾ ਵਿਚ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਪਾਜ ਉਘੇੜਦਾ, ਉੱਥੋਂ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਪੱਖ ਵਚ ਹੁੰਗਾਰਾ ਭਰਦਾ ਹੈ। ਇਸ ਲੇਖ ਦੀਆਂ ਇਹ ਸਤਰਾਂ ਵਾਰ ਵਾਰ ਪੜ੍ਹੀਆਂ: ਵਾਤਾਵਰਨ ਮਾਹਿਰ ਨੇ ਕਿਹਾ ਸੀ, ‘‘ਇਨ੍ਹਾਂ ਕਾਰਖਾਨੇਦਾਰਾਂ ਨੂੰ ਵਸਤਾਂ ਬਣਾਉਣ ਦੇ ਲਾਇਸੈਂਸ ਤਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਿੱਤੇ ਹੋਏ ਹਨ ਪਰ ਇਨ੍ਹਾਂ ਨੂੰ ਜੀਵਨ ਨਸ਼ਟ ਕਰਨ ਦੇ ਲਾਇਸੈਂਸ ਕਿਸ ਨੇ ਦਿੱਤੇ ਹਨ?’’
ਜਗਮੀਤ ਸਿੰਘ ਪੰਧੇਰ, ਪਿੰਡ ਕਲਾਹੜ (ਲੁਧਿਆਣਾ)


ਲਤੀਫ਼ਪੁਰੇ ਦਾ ਉਜਾੜਾ

20 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਹਰਪ੍ਰੀਤ ਸਿੰਘ ਕਾਹਲੋਂ ਦਾ ਲੇਖ ‘ਲਤੀਫ਼ਪੁਰੇ ਦਾ ਉਜਾੜਾ’ ਸੋਚਣ ਲਈ ਮਜਬੂਰ ਕਰਦਾ ਹੈ। ਲੋਕਤੰਤਰ ਦੇ ਨਾਂ ’ਤੇ ਸਰਕਾਰਾਂ ਤਾਂ ਬਣ ਜਾਂਦੀਆਂ ਹਨ ਪਰ ਬਣਨ ਵਾਲੀ ਸਰਕਾਰ ਦੀ ਸੋਚ ਵੀ ਲੋਕ-ਪੱਖੀ ਹੋਵੇ, ਅਜਿਹਾ ਘੱਟ ਹੀ ਹੁੰਦਾ ਹੈ। ਸਿਆਸਤ ਦੇ ਨਸ਼ੇ ਵਿਚ ਲੋਕਤੰਤਰ ਦਾ ਘਾਣ ਹੀ ਹੁੰਦਾ ਆਇਆ ਹੈ, ਨਹੀਂ ਤਾਂ ਨਿਯਮਾਂ ਦੇ ਬਹਾਨੇ ਇੰਝ ਆਸ਼ਿਆਨੇ ਨਾ ਢਾਹੇ ਜਾਂਦੇ। ਘਰ ਸਿਰਫ਼ ਇੱਟਾਂ ਦਾ ਨਹੀਂ ਹੁੰਦਾ ਸਗੋਂ ਉਸ ਚਾਰ-ਦੀਵਾਰੀ ਨਾਲ ਪੁਸ਼ਤਾਂ ਦੀ ਸੁੱਖ ਦੁੱਖ ਦੀ ਸਾਂਝ ਵੀ ਜੁੜੀ ਹੁੰਦੀ ਹੈ। ਇਹ ਸਾਂਝ ਇਕ ਕੋਰਟ ਦੇ ਫ਼ੈਸਲੇ ਦੀ ਮੁਹਤਾਜ ਬਣ ਕੇ ਰਹਿ ਗਈ। ਇਸ ਗੱਲ ’ਤੇ ਬਹਿਸ ਹਮੇਸ਼ਾ ਜਾਰੀ ਰਹੇਗੀ ਕਿ ਲੋਕਤੰਤਰ ਵਿਚ ਲੋਕ-ਪੱਖ ਤੇ ਨਿਯਮਾਂ ’ਚੋਂ ਵੱਡਾ ਕੌਣ ਹੈ?
ਵਿਕਾਸ ਕਪਿਲਾ, ਖੰਨਾ


ਸਵਾਲੀਆ ਨਿਸ਼ਾਨ

17 ਦਸੰਬਰ ਦਾ ਸੰਪਾਦਕੀ ‘ਨਿਆਂ-ਅਨਿਆਂ’ ਭਾਰਤ ਦੇ ਸੰਵਿਧਾਨ ’ਤੇ ਸਵਾਲੀਆ ਨਿਸ਼ਾਨ ਛੱਡ ਗਿਆ। ਕੀ ਕੋਈ ਹੈ ਜੋ ਸਿੱਖਾਂ ’ਤੇ ਹੋਏ ਅਤੇ ਹੋ ਰਹੇ ਜ਼ੁਲਮਾਂ ਦਾ ਇਨਸਾਫ਼ ਕਰੇ। ਇਹ ਲਿਖਤ ਨਿਆਂ ਪ੍ਰਣਾਲੀ ਨੂੰ ਸ਼ੀਸ਼ਾ ਦਿਖਾ ਗਿਆ ਹੈ।
ਹਰਪ੍ਰੀਤ ਸਿੰਘ, ਈਮੇਲ


ਆਮ ਅਖਾਣ

15 ਦਸੰਬਰ ਦੇ ਇੰਟਰਨੈੱਟ ਸਫ਼ੇ ਅਦਬੀ ਰੰਗ ਵਿਚ ਅਮਰਜੀਤ ਸਿੰਘ ਮਾਨ ਨੇ ਆਪਣੇ ਲੇਖ ‘ਦੋ ਆਜੜੀ ਦੋ ਪਖਾਣੇ’ ਵਿਚ ਪਖਾਣ ਇੰਝ ਪੇਸ਼ ਕੀਤੇ ਹਨ ਜਿਵੇਂ ਇਹ ਬਹੁਤ ਦੁਰਲੱਭ ਹੋਣ। ਇਹ ਤਾਂ ਆਮ ਪ੍ਰਚੱਲਤ ਪਖਾਣ ਹਨ। ਹੀਰ ਦਾ ਭਾਲੂ ਜਾਂ ਰੱਬਾ ਰਿਜ਼ਕ ਨਾ ਦੇਈਂ ਆਮ ਵਰਤੋਂ ਵਾਲੇ ਅਖਾਣ ਹਨ। ਛੋਟੇ ਹੁੰਦੇ ਜਦੋਂ ਅਸੀਂ ਆਲਸ ਕਰਦੇ ਜਾਂ ਕੰਮ ਤੋਂ ਕੰਨੀ ਕਤਰਾਉਂਦੇ ਸਾਂ ਤਾਂ ਪਿਤਾ ਅਕਸਰ ਤਾਅਨੇ ਦਿੰਦੇ : ਓਏ ਇਉਂ ਬਚਦੇ ਐਂ ਕੰਮ ਤੋਂ, ਅਖੇ: ਰੱਬਾ ਰਿਜ਼ਕ ਨਾ ਦੇਈਂ, ਹੱਥ-ਪੱਲਾ ਹਿਲਾਉਣਾ ਪਊ’। ਬਜ਼ੁਰਗਾਂ ਤੋਂ ਅਖਾਣ (ਜਾਂ ਪਖਾਣ) ਵੀ ਸੁਣੇ ਹਨ ਜੋ ਕਿਤੇ ਹੋਰ ਨਹੀਂ ਸੁਣੇ।
ਐੱਚ ਜੀਤ ਸਿੰਘ, ਕੋਟਕਪੂਰਾ


ਚਿੰਤਾਜਨਕ ਰੁਝਾਨ

13 ਦਸੰਬਰ ਨੂੰ ਸੰਪਾਦਕੀ ‘ਪਰਵਾਸ ਦਾ ਮਸਲਾ’ ਪੜ੍ਹਿਆ ਜਿਸ ਵਿਚ ਪੰਜਾਬੀ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਰੁਝਾਨ ਬਾਰੇ ਚਿੰਤਾ ਜਤਾਈ ਹੈ। ਇਸ ਰੁਝਾਨ ਦਾ ਕਾਰਨ ਬੇਰੁਜ਼ਗਾਰੀ, ਗ਼ਰੀਬੀ, ਅਪਰਾਧ, ਭੁੱਖਮਰੀ, ਨਸ਼ਾ ਆਦਿ ਹਨ ਜਿਨ੍ਹਾਂ ਨੂੰ ਕੋਈ ਵੀ ਪਾਰਟੀ ਮੁੱਦਾ ਨਹੀਂ ਬਣਾਉਂਦੀ। ਪਹਿਲਾਂ ਬਾਹਰੋਂ ਪੈਸਾ ਭਾਰਤ ਆਉਂਦਾ ਸੀ, ਹੁਣ ਕਰੋੜਾਂ ਰੁਪਏ ਬਾਹਰ ਜਾ ਰਹੇ ਹਨ। ਸਰਕਾਰਾਂ ਆਪਣੇ ਸਵਾਰਥ ਵਾਸਤੇ ਇਸ ਮਸਲੇ ਬਾਰੇ ਸੰਜੀਦਾ ਨਹੀਂ ਹਨ।
ਗੁਰਮੀਤ ਸਿੰਘ, ਵੇਰਕਾ

ਡਾਕ ਐਤਵਾਰ ਦੀ

Dec 18, 2022

ਸਿਆਸੀ ਤੇ ਆਰਥਿਕ ਪੜਚੋਲ

ਤਾਜ਼ਾ ਚੋਣ ਨਤੀਜਿਆਂ ਦੇ ਮੱਦੇਨਜ਼ਰ ਐਤਵਾਰ, 11 ਦਸੰਬਰ ਦੇ ਸੰਪਾਦਕੀ ਲੇਖ ‘ਭਾਰਤੀ ਸਿਆਸਤ ਦਾ ਤਲਿੱਸਮ’ ਵਿੱਚ ਦੇਸ਼ ਦੀ ਸਿਆਸਤ ਅਤੇ ਆਰਥਿਕ ਹਾਲਾਤ ਦੀ ਡੂੰਘੀ ਪੜਚੋਲ ਕੀਤੀ ਗਈ ਹੈ। ਸੰਪਾਦਕੀ ਸਿਆਸੀ ਪਾਰਟੀਆਂ ਦੀ ਭਾਂਜਵਾਦੀ ਮਾਨਸਿਕਤਾ ਨੂੰ ਨਕਾਰਦੀ ਹੈ। ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਉਸ ਦੌਰਾਨ ਪੈਦਾ ਹੋਈ ਊਰਜਾ ਦਾ ਵਰਣਨ ਕੀਤਾ ਹੈ ਜੋ ਸਮਾਜਿਕ ਏਕਤਾ, ਸਾਂਝੀਵਾਲਤਾ ਤੇ ਇਕਮੁੱਠਤਾ ਦਾ ਸਿੱਟਾ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਕਿਸਾਨ ਮਜ਼ਦੂਰ ਲੀਡਰ ਸਮੇਂ ਸਿਰ ਇਸ ਊਰਜਾ ਨੂੰ ਲੋਕ ਭਾਵਨਾਵਾਂ ਅਨੁਸਾਰ ਆਪਣੇ ਲੋਕਾਂ ਦੀ ਸਰਕਾਰ ਬਣਾਉਣ ਲਈ ਵਰਤ ਨਹੀਂ ਸਕੇ। ਅੱਜ ਛੋਟੀਆਂ ਛੋਟੀਆਂ ਗੱਲਾਂ/ਮੰਗਾਂ ਲਈ ਧਰਨੇ ਲਾਉਣੇ ਪੈ ਰਹੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਧਰਨੇ ਮੁਜ਼ਾਹਰੇ ਲੋਕਤੰਤਰ ਦਾ ਹਿੱਸਾ ਹਨ ਪਰ ਕੀ ਚੋਣਾਂ ਲੜਨਾ ਲੋਕਤੰਤਰ ਦਾ ਹਿੱਸਾ ਨਹੀਂ? ਜਿਹੜੇ ਲੋਕ ਸੰਗਠਿਤ ਹੋ ਕੇ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਹ ਆਪਣੇ ਹੱਕ ਵੀ ਲੈ ਜਾਂਦੇ ਹਨ। ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਸ ਬਾਰੇ ਮੁੜ ਤੋਂ ਸੋਚਣ ਦੀ ਲੋੜ ਹੈ।

ਅਮਰਜੀਤ ਸਿੰਘ ਜੰਜੂਆ, ਈ-ਮੇਲ


ਚੌਕੰਨੇ ਹੋਣ ਦੀ ਲੋੜ

ਐਤਵਾਰ, 11 ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਇੱਕ ਖ਼ਬਰ ‘ਤਰਨਤਾਰਨ ਵਿੱਚ ਪੁਲਿਸ ਥਾਣੇ ਦੀ ਇਮਾਰਤ ’ਤੇ ਗ੍ਰਨੇਡ ਹਮਲਾ’ ਪੰਜਾਬ ਵਿੱਚ ਮਸਾਂ ਆਈ ਸੁਖ ਸ਼ਾਂਤੀ ਲਈ ਚੰਗੀ ਖ਼ਬਰ ਨਹੀਂ ਸੀ। ਮੁਹਾਲੀ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸੁਰੱਖਿਆ ਏਜੰਸੀਆਂ ਦੇ ਦਫ਼ਤਰ ’ਤੇ ਹਮਲਾ ਹੋਇਆ ਹੋਵੇ। ਸ਼ੁਕਰ ਹੈ ਕਿ ਥਾਣੇ ਦਾ ਗੇਟ ਵਿਚਕਾਰ ਹੋਣ ਕਾਰਨ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਤੋਂ ਪਹਿਲਾਂ ਵੀ ਡਰੋਨਾਂ ਰਾਹੀਂ ਸਰਹੱਦੀ ਇਲਾਕਿਆਂ ਵਿਚ ਹਥਿਆਰ ਅਤੇ ਗੋਲਾ ਬਰੂਦ ਸੁੱਟਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਦੇਸ਼ ਵਿਰੋਧੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਅਜਿਹੇ ਮੌਕੇ ਸਿਆਸੀ ਤੇ ਵਿਚਾਰਧਾਰਕ ਵਖਰੇਵੇਂ ਭੁਲਾਉਂਦਿਆਂ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਅਤੇ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਨੂੰ ਚੁਸਤ ਦਰੁਸਤ ਕਰਨਾ ਚਾਹੀਦਾ ਹੈ। ਪੁਲੀਸ ਵਿਭਾਗ ਨੂੰ ਵੀ ਹੋਰ ਚੌਕੰਨਾ ਹੋਣ ਦੀ ਲੋੜ ਹੈ।

ਅਨਿਲ ਕੌਸ਼ਿਕ, ਕਿਓੜਕ (ਕੈਥਲ, ਹਰਿਆਣਾ)

ਪਾਠਕਾਂ ਦੇ ਖ਼ਤ Other

Dec 17, 2022

ਵੱਢੀ ਨੇ ਖਾ ਲਏ

16 ਦਸੰਬਰ ਨੂੰ ਡਾ. ਸੁਖਦੇਵ ਸਿੰਘ ਦਾ ‘ਰਿਸ਼ਵਤਖ਼ੋਰੀ ਅਤੇ ਘੁਟਾਲਿਆਂ ਦਾ ਸਮਾਜ ਉੱਤੇ ਅਸਰ’ ਪੜ੍ਹਿਆ। ਰਿਸ਼ਵਤਖ਼ੋਰੀ ਨੇ ਸਾਡੇ ਸਮਾਜ ਅਤੇ ਸਾਡੀਆਂ ਕਦਰਾਂ-ਕੀਮਤਾਂ ਨੂੰ ਘੁਣ ਵਾਂਗ ਖਾ ਲਿਆ ਹੈ। ਆਮ ਬੰਦਾ ਇਸ ਰਿਸ਼ਵਤਖ਼ੋਰੀ ਨਾਲ ਬੁਰੀ ਤਰ੍ਹਾਂ ਮਾਰ ਖਾ ਰਿਹਾ ਹੈ। ਵਧੀਕੀ ਇਹ ਹੈ ਕਿ ਸਾਡੇ ਸਿਆਸਤਦਾਨ ਅਜਿਹਾ ਸਭ ਹੋਣ ਦੇ ਰਹੇ ਹਨ। ਹੁਣ ਤਾਂ ਬਹੁਤ ਵਾਰ ਅਜਿਹਾ ਵੀ ਜਾਪਣ ਲੱਗ ਪੈਂਦਾ ਹੈ, ਜਿਵੇਂ ਹੁਣ ਨਾ ਤਾਂ ਸਿਆਸਤਦਾਨ ਅਤੇ ਨਾ ਹੀ ਅਫਸਰ ਇਹ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਖ਼ਤਮ ਹੋਵੇ।
ਕੁਲਬੀਰ ਸਿੰਘ ਚਾਹਲ, ਮੋਗਾ


ਔਰਤਾਂ ’ਤੇ ਜ਼ੁਲਮ

ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸਤਾਰਾਂ ਸਾਲ ਦੀ ਲੜਕੀ ’ਤੇ ਤਿੰਨ ਮੁੰਡਿਆਂ ਵੱਲੋਂ ਤੇਜ਼ਾਬ ਸੁੱਟਣਾ ਅਤੇ ਲੁਧਿਆਣਾ ’ਚ ਸਕੂਲ ਤੋਂ ਵਾਪਸ ਆ ਰਹੀ ਲੜਕੀ ਨੂੰ ਮਾਰ ਕੇ ਖੇਤ ਵਿਚ ਸੁੱਟਣਾ ਔਰਤਾਂ ’ਤੇ ਜ਼ੁਲਮ ਦੇ ਸਬੂਤ ਹਨ। ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ 50 ਸਾਲ ਤੋਂ ਘੱਟ ਉਮਰ ਵਾਲੇ ਨੂੰ ਤੇਜ਼ਾਬ ਸਪਲਾਈ ਨਾ ਕੀਤਾ ਜਾਵੇ ਅਤੇ ਜਿੱਥੇ ਵਰਤਿਆ ਜਾਣਾ ਹੈ, ਉਸ ਜਗ੍ਹਾ ਜਾਂ ਵਸਤ ਜਾ ਕੇ ਪਹਿਲਾਂ ਦੇਖੀ ਜਾਵੇ। ਲੁਧਿਆਣੇ ਮਾਰੀ ਗਈ ਲੜਕੀ ਦੇ ਪਿਤਾ ਨੂੰ ਡੇਢ ਘੰਟਾ ਥਾਣੇ ਖੱਜਲ-ਖੁਆਰ ਕਿਉਂ ਹੋਣਾ ਪਿਆ? ਇਹ ਸਾਡੇ ਲਈ ਬਹੁਤ ਵੱਡੇ ਸਵਾਲ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਜਲਦੀ ਨਿਬੇੜਾ ਹੋਵੇ

16 ਦਸੰਬਰ ਦਾ ਸੰਪਾਦਕੀ ‘ਔਰਤਾਂ ਦੇ ਜ਼ੁਲਮ’ ਅੱਜ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਦਿੱਲੀ ਵਿਚ ਵਿਦਿਆਰਥਣ ’ਤੇ ਤੇਜ਼ਾਬ ਸੁੱਟ ਦਿੱਤਾ, ਕਾਰਨ ਇਹ ਕਿ ਉਸ ਕੁੜੀ ਨੇ ਪ੍ਰੇਮ ਪ੍ਰਸਤਾਵ ਨਕਾਰ ਦਿੱਤਾ ਸੀ। ਵਿਚਾਰਨ ਵਾਲੀ ਗੱਲ ਹੈ ਕਿ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ਦੇ ਬਾਵਜੂਦ ਇਹ ਮਿਲ ਰਿਹਾ ਹੈ। ਆਏ ਦਿਨ ਔਰਤਾਂ ’ਤੇ ਜ਼ੁਲਮ ਹੋ ਰਹੇ ਹਨ। ਛੇੜ-ਛਾੜ, ਜਬਰ-ਜਨਾਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ਮਾਮਲਿਆਂ ਦਾ ਫਾਸਟ ਟਰੈਕ ਕੋਰਟਾਂ ਵਿਚ ਜਲਦੀ ਨਿਬੇੜਾ ਹੋਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਕੰਨ ਹੋ ਸਕਣ।

ਸੰਜੀਵ ਸਿੰਘ ਸੈਣੀ, ਮੁਹਾਲੀ


ਫ਼ਿਰਕੂ ਸਿਆਸਤ

15 ਦਸੰਬਰ ਦਾ ਸੰਪਾਦਕੀ ‘ਸਰਕਾਰੀ ਫੰਡਾਂ ਦੀ ਦੁਰਵਰਤੋਂ’ ਵਿਚ ਭਾਜਪਾ ਅਤੇ ਇਸ ਦੇ ਬਲੀਆ (ਯੂਪੀ) ਤੋਂ ਸੰਸਦ ਮੈਂਬਰ ਵੱਲੋਂ ਹਿੰਦੂ ਧਰਮ ਦੀ ਕੀਤੀ ਜਾ ਰਹੀ ਫ਼ਿਰਕੂ ਰਾਜਨੀਤੀ ਦਾ ਬਿਲਕੁਲ ਸਹੀ ਵਿਰੋਧ ਕੀਤਾ ਗਿਆ ਹੈ। ਸੰਵਿਧਾਨਿਕ ਪੱਖ ਤਾਂ ਇਹ ਹੈ ਕਿ ਜਨਤਕ ਸਰਮਾਏ ਦੀ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਕੰਮਾਂ ਲਈ ਦੁਰਵਰਤੋਂ ਨਹੀਂ ਕੀਤੀ ਜਾ ਸਕਦੀ। ਵੈਸੇ ਵੀ ਜਮਹੂਰੀਅਤ ਵਿਚ ਵੋਟਾਂ ਤੋਂ ਬਾਅਦ ਚੁਣਿਆ ਹੋਇਆ ਲੋਕ ਨੁਮਾਇੰਦਾ ਸਾਰੇ ਧਰਮਾਂ, ਜਾਤਾਂ, ਫ਼ਿਰਕਿਆਂ ਤੇ ਵਰਗਾਂ ਦੇ ਲੋਕਾਂ ਦਾ ਸਾਂਝਾ ਹੁੰਦਾ ਹੈ; ਉਸ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਕਿ ਸਰਕਾਰੀ ਫੰਡਾਂ ਨੂੰ ਕਿਸੇ ਵਿਸ਼ੇਸ਼ ਧਰਮ ਦੇ ਲੋਕਾਂ ਦੇ ਧਾਰਮਿਕ ਕਾਰਜਾਂ ਉੱਤੇ ਖ਼ਰਚ ਕਰੇ।
ਸੁਮੀਤ ਸਿੰਘ, ਅੰਮ੍ਰਿਤਸਰ


ਫੁੱਟਬਾਲ ਕੱਪ

ਸੰਸਾਰ ਫੁੱਟਬਾਲ ਕੱਪ ਚੋਰੀ ਹੋਣ ਦਾ ਕਿੱਸਾ ਦਿਲਚਸਪ ਲੱਗਿਆ (16 ਦਸੰਬਰ, ਜਦੋਂ ਸੰਸਾਰ ਫੁੱਟਬਾਲ ਕੱਪ ਚੋਰੀ ਹੋਇਆ..., ਲੇਖਕ ਜੋਗਿੰਦਰ ਸਿੰਘ ਮਾਨ)। ਚੋਰਾਂ ਲਈ ਸੰਸਾਰ ਕੱਪ ਦੀ ਕੀਮਤ ਕੀ ਹੋਣੀ ਹੈ, ਉਨ੍ਹਾਂ ਨੂੰ ਤਾਂ ਸਿਰਫ਼ ਸੋਨਾ ਚਾਹੀਦਾ ਸੀ! ਇਸ ਲਈ ਅਜਿਹੀਆਂ ਅਮੁੱਲ ਅਤੇ ਦੁਰਲੱਭ ਵਸਤਾਂ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ।
ਜਸਵੰਤ ਸਿੰਘ, ਹੁਸ਼ਿਆਰਪੁਰ


ਨਸ਼ਿਆਂ ਦੀ ਦਲਦਲ

2 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨਸ਼ਿਆਂ ਦੀ ਸਮੱਸਿਆ: ਕੁਝ ਨੁਕਤੇ ਤੇ ਵਿਚਾਰ’ ਪੜ੍ਹਿਆ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਲਈ ਮਾਪਿਆਂ, ਅਧਿਆਪਕਾਂ, ਧਾਰਮਿਕ ਪ੍ਰਚਾਰਕਾਂ ਅਤੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਰਾਹ ਦਸੇਰਾ ਬਣਨਾ ਚਾਹੀਦਾ ਹੈ। ਸਕੂਲ ਅਤੇ ਸੰਸਥਾਵਾਂ ਇਸ ਵਿਚ ਮੋਹਰੀ ਰੋਲ ਅਦਾ ਕਰ ਸਕਦੀਆਂ ਹਨ। ਜੇ ਸਾਰੇ ਜਣੇ ਰੋਲ ਮਾਡਲ ਬਣਨਗੇ ਤਾਂ ਨੌਜਵਾਨ ਨਸ਼ਿਆਂ ਦੀ ਦਲਦਲ ’ਚੋਂ ਨਿਕਲ ਜਾਣਗੇ।
ਸੰਤ ਸਿੰਘ ਬੀਲ੍ਹਾ, ਧੂਰੀ (ਸੰਗਰੂਰ)


ਮਾਤ ਭੂਮੀ ਦੀ ਖਿੱਚ

28 ਨਵੰਬਰ ਦੇ ਅੰਕ ਵਿਚ ਇਕਬਾਲ ਸਿੰਘ ਬਰਾੜ ਨੇ ਮਿਡਲ ‘ਮਾਤ ਭੂਮੀ ਅਤੇ ਮੁਹੱਬਤ’ ਰਾਹੀਂ ਖਿਡਾਰੀ ਦੀ ਖੇਡ ਭਾਵਨਾ ਦੇ ਨਾਲ ਨਾਲ ਆਪਣੀ ਮਾਤ ਭੂਮੀ ਪ੍ਰਤੀ ਲਗਾਓ ਅਤੇ ਖਿੱਚ ਨੂੰ ਉਜਾਗਰ ਕੀਤਾ ਹੈ। ਪਰਵਾਸ ਦੇ ਬਾਵਜੂਦ ਮਨੁੱਖ ਆਪਣੇ ਅੰਦਰੋਂ ਆਪਣੀ ਜਨਮਭੂਮੀ ਲਈ ਮੁਹੱਬਤ ਨੂੰ ਖ਼ਤਮ ਨਹੀਂ ਕਰ ਸਕਦਾ। ਆਪਣੀ ਮਾਤ ਭੂਮੀ ਪ੍ਰਤੀ ਪਿਆਰ ਕਦੇ ਨਾ ਕਦੇ ਝਲਕ ਹੀ ਜਾਂਦਾ ਹੈ। ਇਸ ਤੋਂ ਪਹਿਲਾਂ 21 ਨਵੰਬਰ ਦੇ ਅੰਕ ਵਿਚ ਡਾ. ਰਣਜੀਤ ਸਿੰਘ ਨੇ ਆਪਣੇ ਲੇਖ ‘ਖੇਤੀ ਅਤੇ ਸੰਤੁਲਿਤ ਭੋਜਨ ਵਿਚ ਸਬਜ਼ੀਆਂ ਦੀ ਅਹਿਮੀਅਤ’ ਰਾਹੀਂ ਸਬਜ਼ੀਆਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਭੋਜਨ ਵਿਚ ਸ਼ਾਮਿਲ ਕਰਨ ਦਾ ਸੁਨੇਹਾ ਦਿੱਤਾ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਪਾਠਕਾਂ ਦੇ ਖ਼ਤ

Dec 16, 2022

ਸੋਵੀਅਤ ਯੂਨੀਅਨ ਦੀ ਅਹਿਮੀਅਤ

5 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਡਾ. ਸ ਸ ਛੀਨਾ ਦਾ ਲੇਖ ‘ਸੋਵੀਅਤ ਯੂਨੀਅਨ ਤੋਂ ਬਾਅਦ ਦੀ ਸੰਸਾਰ ਸਿਆਸਤ’ ਪੜ੍ਹਿਆ। ਲੇਖ ’ਚ ਸੋਵੀਅਤ ਯੂਨੀਅਨ ਬਾਰੇ ਮਹੱਤਵਪੂਰਨ ਤੱਥ ਪੇਸ਼ ਕੀਤੇ ਗਏ ਹਨ। ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀ ਨੀਤੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਹੀ ਹੋਂਦ ਵਿਚ ਆਈ ਜਿਸ ਦੇ ਸਿੱਟੇ ਅੱਜ ਸਾਡੇ ਸਾਹਮਣੇ ਹਨ। ਇਸੇ ਦਿਨ ਰਸ਼ਪਿੰਦਰ ਪਾਲ ਕੌਰ ਦਾ ਮਿਡਲ ‘ਸੁਹਜ’ ਮਿਹਨਤੀ ਅਧਿਆਪਕਾਂ ਦੀ ਸ਼ਖ਼ਸੀਅਤ ’ਤੇ ਰੌਸ਼ਨੀ ਪਾਉਂਦਾ ਹੈ। ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਕੇਵਲ ਜਮਾਤਾਂ ਵਾਲੇ ਸਿਲੇਬਸ ਤੱਕ ਹੀ ਸੀਮਤ ਨਹੀਂ ਰੱਖਦਾ, ਸਗੋਂ ਉਨ੍ਹਾਂ ਨੂੰ ਸਮਾਜ, ਸਾਹਿਤ, ਕਲਾ, ਵਿਗਿਆਨ ਨਾਲ ਜੋੜ ਕੇ ਚੰਗੀ ਜੀਵਨ ਜਾਚ ਵੀ ਸਿਖਾਉਂਦਾ ਹੈ। ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਂਦਾ ਹੈ ਅਤੇ ਉਨ੍ਹਾਂ ਅੰਦਰ ਵਿਗਿਆਨਕ ਸੋਚ ਦਾ ਪਸਾਰ ਵੀ ਕਰਦਾ ਹੈ। ਲੇਖ ਵਿਚ ਦੱਸੀਆਂ ਪੁਸਤਕਾਂ ‘ਪਹਿਲਾ ਅਧਿਆਪਕ’, ‘ਪਗਡੰਡੀਆਂ’ ਅਤੇ ‘ਤੇ ਦੇਵ ਪੁਰਸ਼ ਹਾਰ ਗਏ’ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ।
ਦਵਿੰਦਰ ਸਿੰਘ ਸਿਆਣ, ਅਮਰਗੜ੍ਹ (ਮਾਲੇਰਕੋਟਲਾ)


ਨੀਤੀਆਂ ਬਨਾਮ ਅਮਲ

ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਪੰਜਾਬ ਦੀ ਖੇਤੀਬਾੜੀ ਨੀਤੀ ਬਣਾਉਣ ਸਬੰਧੀ ਮਸਲੇ’ (13 ਦਸੰਬਰ) ਸੰਜੀਦਾ ਮੁੱਦੇ ਨੂੰ ਤਰਕਸੰਗਤ ਵਿਧੀ ਰਾਹੀਂ ਪੇਸ਼ ਕਰਦਾ ਹੈ। ਲੇਖਕ ਦਾ ਇਹ ਵਿਚਾਰ ਦਰੁਸਤ ਹੈ ਕਿ ਨੀਤੀਆਂ ਬਣਾਉਣ ਲਈ ਉਪਰਾਲੇ ਤਾਂ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾਂਦਾ। ਲੋੜ ਇਸ ਗੱਲ ਦੀ ਹੈ ਕਿ ਉਸਾਰੂ ਨੀਤੀਆਂ ਬਣਾ ਕੇ ਖੇਤੀ ਆਧਾਰਿਤ ਕਿਰਤੀਆਂ ਦਾ ਭਵਿੱਖ ਬਿਲਕੁਲ ਸੁਰੱਖਿਅਤ ਬਣਾਇਆ ਜਾਵੇ।
ਡਾ. ਸਤਨਾਮ ਸਿੰਘ ਜੱਸਲ, ਬਠਿੰਡਾ

(2)

ਖੇਤੀ ਨੀਤੀ ਬਾਰੇ ਡਾ. ਗਿਆਨ ਸਿੰਘ ਦਾ ਲੇਖ ਪੜ੍ਹਿਆ। ਅੱਜ ਇਕੱਲਾ ਪੰਜਾਬ ਹੀ ਨਹੀਂ, ਪੂਰਾ ਭਾਰਤ ਵੱਖ ਵੱਖ ਖੇਤੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਸਬੰਧਿਤ ਸੰਸਥਾਵਾਂ ਅਤੇ ਸਰਕਾਰਾਂ ਖੇਤੀ ਖੇਤਰ ਦੇ ਸੰਕਟ ਹਰਨ ਲਈ ਬਹੁਤਾ ਕੁਝ ਨਹੀਂ ਕਰ ਰਹੀਆਂ। ਇਸ ਦੇ ਉਲਟ ਇਹ ਖੇਤਰ ਕਾਰਪੋਰੇਟਾਂ ਨੂੰ ਸੌਂਪਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਜੋ ਕਿਸਾਨ ਅੰਦੋਲਨ ਸਦਕਾ ਰੱਦ ਕੀਤੇ ਗਏ, ਸਰਕਾਰ ਦੀ ਇਸੇ ਨੀਅਤ ਨੂੰ ਸਪੱਸ਼ਟ ਕਰਦੇ ਹਨ। ਇਸ ਲਈ ਹੁਣ ਬੁੱਧੀਜੀਵੀਆਂ ਨੂੰ ਹਕੀਕੀ ਅੰਕੜਿਆਂ ਦੇ ਆਧਾਰ ’ਤੇ ਅਜਿਹੇ ਦਸਤਾਵੇਜ਼ ਤਿਆਰ ਕਰਨੇ ਚਾਹੀਦੇ ਹਨ ਜੋ ਸੱਚਮੁੱਚ ਖੇਤੀ ਨੂੰ ਸੰਕਟ ਵਿਚੋਂ ਕੱਢਣ ਵਾਲੇ ਹੋਣ।
ਕਸ਼ਮੀਰ ਸਿੰਘ ਸੇਖੋਂ, ਪਟਿਆਲਾ


ਮੋਇਆ ਸੁਪਨਾ

15 ਦਸੰਬਰ ਨੂੰ ਅਮਰ ਸੂਫ਼ੀ ਦਾ ਲੇਖ ‘ਮੋਏ ਸੁਪਨੇ ਦੀ ਕਥਾ’ ਪੜ੍ਹਿਆ। ਇਹ ਕਥਾ ਇਕੱਲੇ ਅਮਰ ਸੂਫ਼ੀ ਦੀ ਨਹੀਂ, ਪਤਾ ਨਹੀਂ ਮਜਬੂਰੀਆਂ ਵਿਚ ਪਿਸਦੇ ਕਿੰਨੇ ਹੋਣਹਾਰ ਅਤੇ ਕਾਬਿਲ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿਚ ਅਗਲੀ ਪੁਲਾਂਘ ਭਰਨ ਤੋਂ ਰਹਿ ਗਏ। ਨਿਜ਼ਾਮ ਘੱਟੋ-ਘੱਟ ਵਿਦਿਆਰਥੀਆਂ ਬਾਰੇ ਇਹ ਫਿ਼ਕਰ ਤਾਂ ਕਰੇ ਕਿ ਉਹ ਪੜ੍ਹਾਈ ਮੁਕੰਮਲ ਕਰ ਸਕਣ।
ਰਾਜਬੀਰ ਸਿੰਘ, ਜਲੰਧਰ


ਵਿਤਕਰਾ ਕਿਉਂ?

10 ਦਸੰਬਰ ਨੂੰ ਸੰਪਾਦਕੀ ‘ਦਮਨਕਾਰੀ ਰਵੱਈਆ’ ਪੜ੍ਹਿਆ। ਬੁਰਕਾ ਤੇ ਿਹਜਾਬ ਪਹਿਨਣ ਲਈ ਔਰਤਾਂ ਨੂੰ ਮਜਬੂਰ ਕਰਨਾ ਦਮਨ ਹੈ। ਇਹ ਮਰਦ ਪ੍ਰਧਾਨ ਸਮਾਜ ਅਤੇ ਪਰੰਪਰਾਵਾਦੀ ਵਿਚਾਰ ਹੈ। ਉਹ ਵੀ ਅੱਜ ਦੇ ਵਿਗਿਆਨਕ ਯੁੱਗ ਵਿਚ। ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ ਹੈ। ਔਰਤ ਹਰ ਖੇਤਰ ਵਿਚ ਕਾਮਯਾਬੀ ਨਾਲ ਵਿਚਰ ਰਹੀ ਹੈ। ਫਿਰ ਔਰਤਾਂ ਨਾਲ ਅਜਿਹਾ ਵਿਤਕਰਾ ਕਿਉਂ?
ਜਸਬੀਰ ਕੌਰ, ਅੰਮ੍ਰਿਤਸਰ


ਡਾਕੀਆ

13 ਦਸੰਬਰ ਦਾ ਮਿਡਲ ‘ਡਾਕੀਆ ਚੇਤ ਰਾਮ’ (ਬਲਵਿੰਦਰ ਸਿੰਘ ਭੁੱਲਰ) 6 ਦਹਾਕੇ ਪਹਿਲਾਂ ਪਿੰਡਾਂ ਵਿਚ ਚਿੱਠੀਆਂ ਭੇਜਣ ਦੀ ਦਿਲਚਸਪ ਜਾਣਕਾਰੀ ਦੇਣ ਵਾਲਾ ਸੀ। ਪਿੰਡ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਸਰਕਾਰੀ ਸਕੂਲ ਦੇ ਅਧਿਆਪਕ ਵੀ ਡਾਕਖਾਨੇ ਦਾ ਕੰਮ ਕਰਦੇ ਸਨ। ਇਸੇ ਅੰਕ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਬੋਲਣ ਕਰਕੇ ਜੁਰਮਾਨੇ ਲਾਉਣ ਵਾਲੇ ਸਕੂਲਾਂ ਵਿਰੱੱੁਧ ਕਾਰਵਾਈ ਕਰਨ ਵਾਲੀ ਗੱਲ ਸ਼ਲਾਘਾਯੋਗ ਹੈ। ਬਹੁ ਗਿਣਤੀ ਪ੍ਰਾਈਵੇਟ ਸਕੂਲਾਂ ਵਿਚ ਯੂਕੇਜੀ, ਐਲਕੇਜੀ, ਪ੍ਰੀ-ਨਰਸਰੀ, ਨਰਸਰੀ ਕਲਾਸਾਂ ਵਿਚ ਪੰਜਾਬੀ ਪੜ੍ਹਾਈ ਨਹੀਂ ਜਾਂਦੀ। ਇਸੇ ਕਰਕੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਵੀ 100 ਤੱਕ ਪੰਜਾਬੀ ਵਿਚ ਗਿਣਤੀ ਨਹੀਂ ਆਉਂਦੀ। ਸਾਰੀਆਂ ਸਿੱਖਿਆ ਸੰਸਥਾਵਾਂ ਅੰਦਰ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 2 ਦਸੰਬਰ ਦੇ ਸੰਪਾਦਕੀ ‘ਸੰਵਾਦ ਦੀ ਜ਼ਰੂਰਤ’ ਵਿਚ ਸਹੀ ਲਿਖਿਆ ਹੈ ਕਿ ਮਜ਼ਦੂਰਾਂ, ਕਿਸਾਨਾਂ ਦੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ। ਧਰਨਾ ਲਾਉਣ, ਲਾਠੀਚਾਰਜ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਜਾ ਸਕਦਾ ਸੀ। ਪਿੰਡਾਂ ਦੀ ਸ਼ਾਮਲਾਟ ਜ਼ਮੀਨ ਠੇਕੇ ਦੀ ਘੱਟ ਰਕਮ ’ਤੇ ਅਨਪੜ੍ਹ ਦਲਿਤਾਂ ਨੂੰ ਦੇ ਕੇ ਰੁਜ਼ਗਾਰ ਦੇਣਾ ਜ਼ਰੂਰੀ ਹੈ। ਇਕੱਲੀਆਂ ਮਾਈਕਰੋ ਫਾਇਨਾਂਸ ਕੰਪਨੀਆਂ ਹੀ ਨਹੀਂ ਸਗੋਂ ਪਿੰਡਾਂ ਵਿਚ ਜ਼ਿਮੀਂਦਾਰ, ਸ਼ਾਹੂਕਾਰ ਆਦਿ ਵੀ ਗ਼ਰੀਬ ਕਿਸਾਨਾਂ, ਮਜ਼ਦੂਰਾਂ ਨੂੰ ਵੱਧ ਵਿਆਜ ’ਤੇ ਕਰਜ਼ਾ ਦਿੰਦੇ ਹਨ, ਇਹ ਲੁੱਟ ਬੰਦ ਹੋਣੀ ਚਾਹੀਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


ਬੱਚਿਆਂ ਦੀ ਪੜ੍ਹਾਈ

6 ਦਸੰਬਰ ਨੂੰ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਨਕਸ਼’ ਪੜ੍ਹਿਆ। ਸਮਾਜ ਅੰਦਰ ਮਜਬੂਰੀਆਂ ਕਾਰਨ ਕੁੜੀਆਂ/ਬੱਚਿਆਂ ਦੀ ਪੜ੍ਹਾਈ ਅੱਧ-ਵਿਚਕਾਰ ਰਹਿ ਜਾਂਦੀ ਹੈ। ਦੂਸਰੇ ਪਾਸੇ ਸਰਕਾਰ ਲਗਾਤਾਰ ਸਹੂਲਤਾਂ ਘਟਾ ਰਹੀ ਹੈ। ਸਰਕਾਰ ਨੇ ਪੜ੍ਹਾਈ ਛੱਡ ਕੇ ਨਰਮਾ ਚੁਗਣ ਜਾ ਰਹੇ ਬੱਚਿਆਂ ਦੀ ਮਜਬੂਰੀ ਨੂੰ ਗੌਲਿਆ ਹੀ ਨਹੀਂ। 5 ਦਸੰਬਰ ਨੂੰ ਰਸ਼ਪਿੰਦਰ ਪਾਲ ਕੌਰ ਦਾ ਲੇਖ ‘ਸੁਹਜ’ ਪੜ੍ਹਿਆ। ਜਿਸ ਵਿਚ ਕਿਤਾਬਾਂ ਬਾਰੇ ਗੱਲ ਕੀਤੀ ਗਈ ਹੈ। ਜੇਕਰ ਵਿਹਲੇ ਸਮੇਂ ਨੂੰ ਸਹੀ ਰੂਪ ਵਿਚ ਵਰਤਿਆ ਜਾਵੇ ਤਾਂ ਅਸੀਂ ਲਾਭ ਲੈ ਸਕਦੇ ਹਾਂ। ਕਿਤਾਬਾਂ ਸਾਨੂੰ ਸਹੀ ਦਿਸ਼ਾ ਵੱਲ ਤੋਰਦੀਆਂ ਹਨ। ਕਿਤਾਬਾਂ ਪੜ੍ਹ ਕੇ ਸਾਡੀ ਸੂਝ ਅਤੇ ਗਿਆਨ ਵਿਚ ਵਾਧਾ ਹੁੰਦਾ ਹੈ।
ਰਾਮ ਸਿੰਘ ਪਾਠਕ

ਡਾਕ ਐਤਵਾਰ ਦੀ

Dec 11, 2022

ਫ਼ਿਕਰਮੰਦੀ ਦੀ ਗੱਲ

ਐਤਵਾਰ, 4 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੇ ਹਰਫ਼ ‘ਨਸਲਾਂ ਦਾ ਫ਼ਿਕਰ’ ਪੜ੍ਹ ਵਾਕਈ ਫ਼ਿਕਰ ਹੁੰਦਾ ਹੈ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨਾਂ ਦੇ ਨਾਲ ਨਾਲ ਹੁਣ ਕੁੜੀਆਂ ਦੇ ਹੱਥਾਂ ਵਿੱਚ ਵੀ ਚਿੱਟੇ ਦੀਆਂ ਪੁੜੀਆਂ ਆ ਗਈਆਂ ਹਨ। ਇਹ ਸੋਚ ਕੇ ਮਨ ਫ਼ਿਕਰ ਕਰਨ ਲੱਗਾ ਕਿ ਲੋਕਾਂ ਨੇ ਤਾਂ ਇਹੋ ਜਿਹੇ ਕੋਹੜਾਂ ਤੋਂ ਮੁਕਤੀ ਪਾਉਣ ਅਤੇ ਦੇਸ਼ਭਗਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਖ਼ਾਤਰ ਆਪਣਾ ਸਾਰਾ ਤਾਣ ਲਾ ਦਿੱਤਾ ਪਰ ਚਿੱਟੇ ਆਲਾ ਪਰਨਾਲਾ ਅਜੇ ਵੀ ਉੱਥੇ ਦੀ ਉੱਥੇ ਹੀ ਹੈ। ਇਹ ਹਰ ਸੁਹਿਰਦ ਪੰਜਾਬੀ ਦੇ ਸੋਚਣ-ਵਿਚਾਰਨ ਦਾ ਵਿਸ਼ਾ ਹੈ ਕਿਉਂਕਿ ਮਸਲਾ ਇਕੱਲਾ ਚਿੱਟੇ ਦਾ ਨਹੀਂ ਰਿਹਾ। ਗੱਲ ਦੁਰਘਟਨਾਗ੍ਰਸਤ ਟਰੱਕ ਵਿੱਚੋਂ ਲੁੱਟੇ ਗਏ ਸੇਬਾਂ ਤੱਕ ਪਹੁੰਚਣ ਦੀ ਹੈ। ਕੀ ਅਸੀਂ ਪੰਜਾਬੀ ਇੰਨੇ ਹੀ ਬੇਗੈਰਤ ਹੋ ਚੁੱਕੇ ਹਾਂ ਕਿ ਇਸ ਚਿੱਟੇ ਵਾਲੀ ਦੁਨੀਆ ਵਿੱਚ ਆਪਣੀਆਂ ਧੀਆਂ ਨੂੰ ਵੀ ਧੱਕਦੇ ਜਾ ਰਹੇ ਹਾਂ? ਤੇ ਕਿਸੇ ਨਾਲ ਹੋ ਰਿਹਾ ਧੱਕਾ (ਜਿਹਾ ਕਿ ਪਿਛਲੇ ਦਿਨੀਂ ਸੇਬਾਂ ਨਾਲ ਭਰੇ ਟਰੱਕ ਡਰਾਈਵਰ ਨਾਲ ਹੋਇਆ) ਅਸੀਂ ਅੱਖਾਂ ਬੰਦ ਕਰ ਸਵੀਕਾਰ ਕਰਨ ਜੋਗੇ ਰਹਿ ਗਏ ਹਾਂ? ਪੰਜਾਬ ਦੀ ਅਣਖ ਸਦਾ ਮਿਸਾਲੀ ਰਹੀ ਹੈ ਅਤੇ ਰਹਿਣੀ ਚਾਹੀਦੀ ਹੈ। ਸੋਚਣ ਦਾ ਵੇਲਾ ਹੈ। ਆਉ, ਫ਼ਸਲਾਂ ਤੋਂ ਬਾਅਦ ਨਸਲਾਂ ਬਚਾਉਣ ਦਾ ਕੋਈ ਹੀਲਾ ਕਰੀਏ। 

ਬਲਵੀਰ ਸਿੰਘ ਬਾਸੀਆਂ, ਬਾਸੀਆਂ ਬੇਟ (ਲੁਧਿਆਣਾ)


ਆਪਣੇ ਹੱਥੀਂ ਆਪਣਾ

ਐਤਵਾਰ, 4 ਦਸੰਬਰ ਦੀ ਸੰਪਾਦਕੀ ‘ਪੰਜਾਬੀ ਹੋਣ ਦਾ ਗੌਰਵ’  ਪੜ੍ਹੀ, ਅਹਿਮ ਜਾਣਕਾਰੀ ਮਿਲੀ। ਅੰਗਰੇਜ਼ਾਂ ’ਤੇ ਇਹ ਤੋਹਮਤ ਆਮ ਲਗਾਈ ਜਾਂਦੀ ਹੈ ਕਿ ਉਨ੍ਹਾਂ ਨੇ ਸਾਨੂੰ ਧਰਮ ਦੇ ਆਧਾਰ ’ਤੇ ਵੰਡਿਆ। ਸੱਚ ਤਾਂ ਪ੍ਰਤੱਖ ਹੈ ਕਿ ਦੇਸ਼ ਦੀ ਬਹੁਗਿਣਤੀ ਦਾ ਧਰਮ ਹੀ ਜਨ ਸਾਧਾਰਨ ਨੂੰ ਉੱਚੀਆਂ-ਨੀਵੀਆਂ ਸ਼੍ਰੇਣੀਆਂ ਵਿੱਚ ਵੰਡਦਾ ਹੈ। ਇੱਥੇ ਹੀ ਬੱਸ ਨਹੀਂ, ਇਹ ਸਾਡੀ ਸਮਾਜਿਕ ਬਣਤਰ ਨੂੰ ਰੱਬੀ ਮਾਨਤਾ ਬਖ਼ਸ਼ਦਾ ਹੈ। ਇਹ ਕਹਿਣਾ ਜ਼ਿਆਦਾ ਵਾਜਬ ਹੋਵੇਗਾ ਕਿ ਅੰਗਰੇਜ਼ ਨੇ ਸਾਡੀ ਇਸ ਸਥਿਤੀ ਦਾ ਫ਼ਾਇਦਾ ਉਠਾਇਆ। ਸਹੀ ਹੈ ਕਿ ਕੌਮ ਦਾ ਆਧਾਰ ਸਾਂਝਾ ਸੱਭਿਆਚਾਰ ਅਤੇ ਸਾਂਝੀ ਭਾਸ਼ਾ ਹੈ, ਧਰਮ ਨਹੀਂ। ਪੰਜਾਬੀ ਹੋਣ ਦਾ ਗੌਰਵ ਪੰਜਾਬ ਵਿੱਚ ਵਸ ਰਹੇ ਹਰ ਭਾਈਚਾਰੇ ਨੂੰ ਖ਼ੁਦ ਹੀ ਬਹਾਲ ਕਰਨਾ ਪਵੇਗਾ।

ਜਗਰੂਪ ਸਿੰਘ, ਲੁਧਿਆਣਾ

(2)

ਐਤਵਾਰ, 4 ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ‘ਪੰਜਾਬੀ ਹੋਣ ਦਾ ਗੌਰਵ’ ਸਾਂਝੇ ਪੰਜਾਬ ਦੀ ਗੌਰਵਸ਼ਾਲੀ ਤਸਵੀਰ ਨੂੰ ਪੇਸ਼ ਕਰਨ ਦੇ ਨਾਲ ਨਾਲ ਉਨ੍ਹਾਂ ਕਾਰਨਾਂ ਦੀ ਵੀ ਨਿਸ਼ਾਨਦੇਹੀ ਕਰਦੀ ਹੈ ਜਿਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨਾਮੱਤੀ ਵਿਰਾਸਤ ਨੂੰ ਢਾਹ ਲਗਾਈ ਹੈ। ਵੰਡਾਂ ਨੇ ਕੇਵਲ ਭੂਗੋਲਿਕ ਖਿੱਤਿਆਂ, ਭਾਸ਼ਾ ਅਤੇ ਲਿੱਪੀਆਂ ਨੂੰ ਹੀ ਨਹੀਂ ਵੰਡਿਆ ਸਗੋਂ ਪੰਜਾਬ ਦੀਆਂ ਕਦੀਮੀ ਮੁੱਲਵਾਨ ਰਹੁਰੀਤਾਂ ਅਤੇ ਜੀਵਨ ਮੁੱਲਾਂ ਦੀ ਵੀ ਹਾਨੀ ਕੀਤੀ ਹੈ।

ਦਰਸ਼ਨ ਸਿੰਘ ‘ਆਸ਼ਟ’ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਾਠਕਾਂ ਦੇ ਖ਼ਤ Other

Dec 10, 2022

ਸੁਪਰੀਮ ਕੋਰਟ ਖ਼ਫ਼ਾ

9 ਦਸੰਬਰ ਦੇ ਅੰਕ ’ਚ ‘ਕੌਲਿਜੀਅਮ ਪ੍ਰਣਾਲੀ ’ਤੇ ਕੀਤੀਆਂ ਟਿੱਪਣੀਆਂ ਤੋਂ ਸੁਪਰੀਮ ਕੋਰਟ ਖਫ਼ਾ’ ਖ਼ਬਰ ਪੜ੍ਹ ਕੇ ਇਹ ਸਹਿਜੇ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਇਸ ਮਸਲੇ ’ਤੇ ਸੁਪਰੀਮ ਕੋਰਟ ਨਾਲ ਟਕਰਾਅ ਵੱਲ ਵਧ ਰਹੀ ਹੈ। ਕੁਝ ਮਹੀਨਿਆਂ ਤੋਂ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਹੁਣ ਨਵੇਂ ਚੁਣੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸੁਪਰੀਮ ਕੋਰਟ ਦੀ ਕੌਲਿਜੀਅਮ ਪ੍ਰਣਾਲੀ ਦੇ ਖ਼ਿਲਾਫ਼ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਇਸੇ ਕਰ ਕੇ ਸੁਪਰੀਮ ਕੋਰਟ ਦੀ ਕੌਲਿਜੀਅਮ ਵੱਲੋਂ ਸੰਵਿਧਾਨਕ ਅਦਾਲਤਾਂ ’ਚ ਜੱਜਾਂ ਦੀ ਨਿਯੁਕਤੀ ਲਈ ਸਿਫ਼ਾਰਸ਼ ਕੀਤੇ ਨਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤਕ ਲਟਕਾ ਕੇ ਕਿਸੇ ਨਾ ਕਿਸੇ ਬਹਾਨੇ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਹ ਇਕ ਤਰ੍ਹਾਂ ਨਾਲ ਸੁਪਰੀਮ ਕੋਰਟ ਦੀ ਖ਼ੁਦਮੁਖਤਾਰੀ ਅਤੇ ਸੰਵਿਧਾਨਿਕ ਅਧਿਕਾਰਾਂ ਨੂੰ ਚੁਣੌਤੀ ਹੈ। ਅਸਲ ਫ਼ਿਕਰਮੰਦੀ ਇਹ ਹੈ ਕਿ ਜੇ ਕੌਲਿਜੀਅਮ ਪ੍ਰਣਾਲੀ ਦੇ ਹੁੰਦਿਆਂ ਵੀ ਸਰਕਾਰ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਮੀਡੀਆ ਉੱਤੇ ਦਬਾਅ ਪਾ ਕੇ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਤਾਂ ਜੇਕਰ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਸਮੁੱਚਾ ਕੰਟਰੋਲ, ਖ਼ਾਸ ਕਰਕੇ ਮਨਮਰਜ਼ੀ ਦੇ ਜੱਜਾਂ ਦੀਆਂ ਨਿਯੁਕਤੀਆਂ ਸਰਕਾਰ ਹੱਥ ਆ ਗਈਆਂ ਤਾਂ ਫਿਰ ਜਮਹੂਰੀਅਤ ਖ਼ਤਮ ਹੋਣ ਅਤੇ ਮੁਲਕ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਖ਼ਦਸ਼ੇ ਹੋਰ ਵਧ ਜਾਣਗੇ।
ਸੁਮੀਤ ਸਿੰਘ, ਅੰਮ੍ਰਿਤਸਰ


ਗੁਜਰਾਤ ਦੀ ਜਿੱਤ

9 ਦਸੰਬਰ ਦਾ ਸੰਪਾਦਕੀ ‘ਇਤਿਹਾਸਕ ਜਿੱਤ’ ਪੜ੍ਹਿਆ। ਬਿਨਾ ਸ਼ੱਕ ਇਸ ਜਿੱਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜ ਵਿਚ ਵਧੇਰੇ ਮੌਜੂਦਗੀ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਗੁਜਰਾਤ ਚੋਣਾਂ ਦਿਲ ਨਾਲ ਨਹੀਂ ਲੜੀਆਂ। ਰਾਹੁਲ ਗਾਂਧੀ ਨੇ ਉੱਥੇ ਸਿਰਫ਼ ਦੋ ਰੈਲੀਆਂ ਕੀਤੀਆਂ ਅਤੇ ਇਨ੍ਹਾਂ ਦਾ ਵੀ ਕੋਈ ਖ਼ਾਸ ਅਸਰ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਜ਼ੋਰ ਤਾਂ ਬਥੇਰਾ ਲਾਇਆ ਪਰ ਆਧਾਰ ਨਾ ਹੋਣ ਕਾਰਨ ਪਾਰਟੀ ਸਿਰਫ਼ ਹਾਜ਼ਰੀ ਹੀ ਲਗਵਾ ਸਕੀ ਹੈ।
ਗੁਰਪ੍ਰੀਤ ਸਿੰਘ, ਵੇਰਕਾ

(2)

ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਜਿੱਤ ਵਾਕਈ ਇਤਿਹਾਸਕ ਹੈ। ਹੌਲੀ ਹੌਲੀ ਕਰ ਕੇ ਵਿਰੋਧੀ ਧਿਰਾਂ ਖਤਮ ਹੋ ਰਹੀਆਂ ਹਨ। ਇਹ ਜਮਹੂਰੀਅਤ ਲਈ ਵੱਡਾ ਖ਼ਤਰਾ ਹੈ। ਪਤਾ ਨਹੀਂ ਅਗਾਂਹ ਮਾਹੌਲ ਨੇ ਕਿਸ ਪਾਸੇ ਕਰਵਟ ਲੈਣੀ ਹੈ? ਇਸੇ ਕਰ ਕੇ ਮੁਲਕ ਭਰ ਵਿਚ ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਕਿ ਸੱਤਾਧਾਰੀਆਂ ਨੂੰ ਮਨਮਰਜ਼ੀ ਕਰਨ ਤੋਂ ਡੱਕਿਆ ਜਾ ਸਕੇ।
ਬਲਵੰਤ ਸਿੰਘ ਮਾਨ, ਜਲੰਧਰ


ਮਨੁੱਖਤਾ ਬਨਾਮ ਪੈਸਾ

9 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਖ਼ਾਸ ਬੰਦਾ’ ਪ੍ਰਾਈਵੇਟ ਹਸਪਤਾਲਾਂ ਦੇ ਕਿਰਦਾਰ ਨੂੰ ਦਰਸਾਉਂਦਾ ਹੈ। ਕਹਿਣ ਨੂੰ ਤਾਂ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਹੈ ਪਰ ਅਸਲ ਵਿਚ ਬਹੁਤ ਸਾਰੇ ਡਾਕਟਰ ਆਪਣੇ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਨੂੰ ਛੱਡ ਕੇ ਭੋਲੇ-ਭਾਲੇ ਮਰੀਜ਼ਾਂ ਤੋਂ ਵੱਧ ਤੋਂ ਵੱਧ ਪੈਸੇ ਕਮਾ ਰਹੇ ਹਨ। ਸਾਰੇ ਡਾਕਟਰ ਭਾਵੇਂ ਇਕੋ ਜਿਹੇ ਨਹੀਂ ਹਨ ਤੇ ਸਮਾਜ ਵਿਚ ਸਨਮਾਨਜਨਕ ਰੁਤਬਾ ਵੀ ਰੱਖਦੇ ਹਨ ਪਰ ਕੁਝ ਕਾਲੀਆਂ ਭੇਡਾਂ ਨੇ ਇਸ ਉੱਤਮ ਪੇਸ਼ੇ ਨੂੰ ਬਦਨਾਮ ਕਰ ਦਿੱਤਾ ਹੈ।
ਪ੍ਰਿੰ. ਫਕੀਰ ਸਿੰਘ, ਦਸੂਹਾ

(2)

ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਖ਼ਾਸ ਬੰਦਾ’ (9 ਦਸੰਬਰ) ਡਾਕਟਰੀ ਜਿਹੇ ਮਹਾਨ ਪੇਸ਼ੇ ਨੂੰ ਧੰਦਾ ਸਮਝਣ ਵਾਲੇ ਡਾਕਟਰਾਂ ਦੀ ਪੋਲ ਖੋਲ੍ਹਦਾ ਹੈ। ਜਿਉਂ ਜਿਉਂ ਹਸਪਤਾਲਾਂ ਦੀ ਗਿਣਤੀ ਵਧ ਰਹੀ ਹੈ, ਤਿਉਂ ਤਿਉਂ ਸਿਹਤ ਵਿਚ ਸੁਧਾਰ ਦੀ ਥਾਂ ਨਿਘਾਰ ਆ ਰਿਹਾ ਹੈ। ਕਈ ਵਾਰ ਲਾਲਚ ਵੱਸ ਡਾਕਟਰ ਆਪਣੇ ਫਰਜ਼ ਭੁੱਲ ਜਾਂਦਾ ਹੈ ਅਤੇ ਮਰੀਜ਼ਾਂ ਨਾਲ ਖਿਲਵਾੜ ਕਰਦਾ ਹੈ। ਇਸ ਬਾਰੇ ਜਵਾਬਦੇਹੀ ਕੌਣ ਤੈਅ ਕਰੇਗਾ?
ਕਮਲਜੀਤ ਕੌਰ, ਗੁੰਮਟੀ (ਬਰਨਾਲਾ)

(3)

ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਖ਼ਾਸ ਬੰਦਾ’ (9 ਦਸੰਬਰ) ਸਮਾਜ ਦੀਆਂ ਖਾਮੀਆਂ ਵੱਲ ਇਸ਼ਾਰਾ ਕਰ ਗਿਆ। ਜਿੱਥੇ ਅਸੀਂ ਮਹਿੰਗੇ ਨੂੰ ਹੀ ਚੰਗਾ ਮੰਨ ਲਿਆ ਹੋਵੇ, ਉੱਥੇ ਖ਼ਾਸ ਬਣਨ ਦਾ ਲਾਲਚ ਵੀ ਅਜਿਹੇ ਡਾਕਟਰਾਂ ਦਾ ਕੰਮ ਹੋਰ ਆਸਾਨ ਕਰ ਦਿੰਦਾ ਹੈ। ਜਿਸ ਦੌੜ ਵਿਚ ਅਸੀਂ ਨਿਕਲ ਤੁਰੇ ਹਾਂ, ਉੱਥੇ ਵਿਸ਼ਵਾਸ ਆਪਣੀ ਹੋਂਦ ਗੁਆ ਚੁੱਕਾ ਹੈ। ਸਿਹਤ ਸੇਵਾਵਾਂ ਹੁਣ ਸੇਵਾ ਨਾਲੋਂ ਜ਼ਿਆਦਾ ਵਪਾਰ ਬਣ ਗਈਆਂ ਹਨ। ਇਹੀ ਕਾਰਨ ਹੈ ਕਿ ਚੰਗਾ ਇਲਾਜ ਹੁਣ ਗ਼ਰੀਬ ਬੰਦੇ ਦੇ ਵੱਸੋਂ ਬਾਹਰ ਹੋ ਗਿਆ ਹੈ।
ਵਿਕਾਸ ਕਪਿਲਾ, ਖੰਨਾ


ਜਲਵਾਯੂ ਸੰਕਟ

7 ਦਸੰਬਰ ਨੂੰ ਡਾ. ਅਰੁਣ ਮਿੱਤਰਾ ਦਾ ਲਿਖਿਆ ਲੇਖ ‘ਹਥਿਆਰ ਦੀ ਦੌੜ ਅਤੇ ਜਲਵਾਯੂ ਸੰਕਟ’ ਪੜ੍ਹਿਆ। ਅਸੀਂ ਸਭ ਨੇ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ। ਆਉਣ ਵਾਲੇ ਸਾਲਾਂ ਵਿਚ ਇੱਥੇ ਜਿਊਣਾ ਔਖਾ ਹੋ ਜਾਵੇਗਾ ਪਰ ਕੁਝ ਅਮੀਰ ਲੋਕ ਦੂਜੇ ਗ੍ਰਹਿ ਵਿਚ ਬਸਤੀ ਵਸਾਉਣ ਲਈ ਗੱਲਾਂ ਕਰ ਰਹੇ ਹਨ। ਇਹ ਮੂਰਖਤਾ ਵਾਲੀ ਗੱਲ ਹੈ। ਜਿੰਨੇ ਰੁਪਏ ਅਸੀਂ ਦੂਜੇ ਗ੍ਰਹਿ ਵਿਚ ਬਸਤੀ ਵਸਾਉਣ ਵਾਸਤੇ ਖ਼ਰਚ ਕਰ ਰਹੇ ਹਾਂ, ਇੰਨੇ ਰੁਪਏ ਵਿਚ ਤਾਂ ਧਰਤੀ ਨੂੰ ਜਲਵਾਯੂ ਸੰਕਟ ਤੋਂ ਬਾਹਰ ਕੱਢ ਸਕਦੇ ਹਾਂ ਅਤੇ ਆਪਣਾ ਚਾਰ ਚੁਫ਼ੇਰਾ ਸਾਫ਼ ਸੁਥਰਾ ਬਣਾ ਸਕਦੇ ਹਾਂ।
ਹਰਦੇਵ ਸਿੰਘ ਦੇਬੀ, ਪਿੱਪਲੀ (ਕੁਰੂਕਸ਼ੇਤਰ, ਹਰਿਆਣਾ)


ਕਥਾ-ਰਸ

8 ਦਸੰਬਰ ਵਾਲੇ ਮਿਡਲ ‘ਘੋੜਿਆਂ ਵਾਲੇ’ (ਪ੍ਰੋ. ਕੇ ਸੀ ਸ਼ਰਮਾ) ਦਾ ਕਥਾ-ਰਸ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਵਾਲਾ ਹੈ। ਦ੍ਰਿਸ਼ ਚਿਤਰਨ ਨੇ ਇਹ ਮਹਿਸੂਸ ਕਰਵਾ ਦਿੱਤਾ ਜਿਵੇਂ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ। ਪੁੱਠੀ ਬੋਲੀ ਵਾਲੀ ਗੁਫ਼ਤਗੂ ਤਾਂ ਹੈ ਹੀ ਬੇਜੋੜ। ਉਹ ਸਤਰਾਂ ਪੜ੍ਹਦਿਆਂ ਚਿਹਰੇ ਉੱਤੇ ਖੁਦ-ਬਖੁਦ ਮੁਸਕਰਾਹਟ ਫੈਲ ਗਈ।
ਗੁਰਜੋਤ ਸਿੰਘ, ਪਟਿਆਲਾ

(2)

7 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੋ. ਕੇ ਸੀ ਸ਼ਰਮਾ ਦਾ ਮਿਡਲ ‘ਘੋੜਿਆਂ ਵਾਲੇ’ ਪੜ੍ਹਿਆ। ਬੱਸ ਪੁਰਾਣੇ ਵੇਲੇ ਯਾਦ ਆ ਗਏ। ਇਹ ਠੀਕ ਹੈ ਕਿ ਸਮਾਂ ਕਦੀ ਰੁਕਦਾ ਨਹੀਂ ਪਰ ਆਪਣਾ ਵੇਲਾ ਆਪਣਾ ਹੀ ਹੁੰਦਾ ਹੈ। ਉਨ੍ਹਾਂ ਵੇਲਿਆਂ ਵਿਚ ਇੰਨੀ ਭੱਜ-ਨੱਠ ਕਿੱਥੇ ਸੀ? ਹੁਣ ਤਾਂ ਸ਼ਾਇਦ ਲੋਕਾਂ ਕੋਲ ਨੇੜਲਿਆਂ ਲਈ ਵੀ ਵਿਹਲ ਨਹੀਂ।
ਬਲਵੀਰ ਸਿੰਘ, ਹੁਸ਼ਿਆਰਪੁਰ

ਪਾਠਕਾਂ ਦੇ ਖ਼ਤ Other

Dec 09, 2022

ਜਲਵਾਯੂ ਸੰਕਟ ਦਾ ਅਣਗੌਲਿਆ ਪੱਖ

7 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਅਰੁਣ ਮਿੱਤਰਾ ਦਾ ਲੇਖ ‘ਹਥਿਆਰ ਦੀ ਦੌੜ ਅਤੇ ਜਲਵਾਯੂ ਸੰਕਟ’ ਪੜ੍ਹਿਆ। ਜਲਵਾਯੂ ਸੰਕਟ ਦਾ ਇਹ ਪੱਖ ਬਹੁਤ ਘੱਟ ਵਿਚਾਰਿਆ ਗਿਆ ਹੈ। ਘੱਟੋ-ਘੱਟ ਭਾਰਤ ਨੂੰ ਇਸ ਮੁੱਦੇ ’ਤੇ ਪਹਿਲਕਦਮੀ ਕਰਨੀ ਚਾਹੀਦੀ ਹੈ। ਜੇ ਭਾਰਤ ਅਜਿਹਾ ਕਰਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨਾਲ ਨੇੜਤਾ ਦਾ ਸਬੱਬ ਬਣ ਸਕਦਾ ਹੈ। ਇਹ ਨੇੜਤਾ ਦੋਹਾਂ ਮੁਲਕਾਂ ਵਿਚ ਵਪਾਰਕ ਪੱਖੋਂ ਬਹੁਤ ਲਾਹੇਵੰਦ ਰਹੇਗੀ। ਇਸੇ ਦਿਨ ਦਾ ਸੰਪਾਦਕੀ ‘ਦੋਸ਼ ਆਇਦ ਕਰਨ ਤੱਕ ਦਾ ਸਫ਼ਰ’ ਵੀ ਧਿਆਨ ਦੇਣ ਯੋਗ ਹੈ। ਇਹ ਕੇਂਦਰ ਸਰਕਾਰ ਦੀ ਗ਼ੈਰ-ਦਿਆਨਤਦਾਰੀ ਹੀ ਹੈ ਕਿ ਪੀੜਤ ਧਿਰਾਂ ਨੂੰ ਵਾਰ ਵਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸੂਰਤ ਵਿਚ ਸਰਕਾਰ ’ਤੇ ਕਿੰਨਾ ਕੁਯਕੀਨ ਕੀਤਾ ਜਾ ਸਕਦਾ ਹੈ?
ਮਹਿੰਦਰ ਸਿੰਘ ਰਿਆੜ, ਸੰਗਰੂਰ


ਨੈਤਿਕ ਰਾਜਨੀਤੀ

8 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਨੀਰਾ ਚੰਢੋਕ ਦਾ ਲੇਖ ‘ਸੰਵਿਧਾਨ ਆਜ਼ਾਦੀ ਦੇ ਸੰਘਰਸ਼ ਦੀ ਪੈਦਾਇਸ਼’ ਪੜ੍ਹਿਆ। ਲੇਖਕ ਸੰਵਿਧਾਨਕ ਵਿਧਾ ਦੇ ਲਾਗੂ ਹੋਣ ਦੇ ਇਤਿਹਾਸਕ ਹਵਾਲਿਆਂ ਨਾਲ ਉਨ੍ਹਾਂ ਵਿਦਵਾਨ ਇਤਿਹਾਸਕਾਰਾਂ ਨੂੰ ਤੱਥ ਆਧਾਰਿਤ ਦਲੀਲ ਦਿੰਦੀ ਹੈ ਕਿ ਜਿਹੜੇ ਸਾਨੂੰ ਇਹ ਦੱਸ ਰਹੇ ਹਨ ਕਿ ਪ੍ਰਾਚੀਨ ਸਮਿਆਂ ਤੋਂ ਲੋਕ ਗ੍ਰਾਮੀਣ ਗਣਰਾਜਾਂ ਵਿਚ ਖ਼ੁਦ ਹਕੂਮਤ ਚਲਾਉਂਦੇ ਸਨ ਤੇ ਇਸੇ ਲੋਕਤੰਤਰੀ ਸੰਸਥਾ ਨੇ ਸ਼ਾਨਦਾਰ ਹਿੰਦੂ ਸਭਿਅਤਾ ਨੂੰ ਹਮਲਾਵਰਾਂ ਤੇ ਬਸਤੀਵਾਦੀਆਂ ਤੋਂ ਬਚਾਈ ਰੱਖਿਆ ਹੈ। ਅਸਲ ਵਿਚ ਇਹ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਦਾਦੀ ਦੀ ਕਹਾਣੀ ਹਮੇਸ਼ਾ ‘ਇਕ ਸੀ ਰਾਜਾ’ ਨਾਲ ਸ਼ੁਰੂ ਹੁੰਦੀ ਸੀ। ਉਹ ਆਪਣੀ ਕਹਾਣੀ ‘ਇਕ ਸੀ ਗਣਤੰਤਰ’ ਨਾਲ ਤਾਂ ਸ਼ੁਰੂ ਕਰਦੀ ਜੇ ਉਸ ਦੀ ਪੁਰਾਤਨ ਸਭਿਅਤਾ ਵਿਚ ਗਣਤੰਤਰ ਹੁੰਦਾ। ਲੇਖਕ ਸਹੀ ਲਿਖਦਾ ਹੈ ਕਿ ਲੋਕਾਂ ਵੱਲੋਂ ਆਜ਼ਾਦੀ ਲਈ ਲਾਮਬੰਦ ਹੋਣ ਦਾ ਕਾਰਨ ਨਹਿਰੂ ਦੇ ਸਮਾਨਤਾਵਾਦ ਅਤੇ ਮਹਾਤਮਾ ਗਾਂਧੀ ਦੀ ਨੈਤਿਕ ਰਾਜਨੀਤੀ ਸੀ ਨਾ ਕਿ ਕਾਲਪਨਿਕ ਗਣਰਾਜਾਂ ਦੀ ਚਾਹਤ। ਇਤਿਹਾਸਕਾਰਾਂ ਨੂੰ ਪੇਸ਼ੇ ਦੀ ਨੈਤਿਕਤਾ ਦਾ ਆਦਰ ਕਰਨਾ ਚਾਹੀਦਾ ਹੈ।
ਜਗਰੂਪ ਸਿੰਘ, ਲੁਧਿਆਣਾ


ਕਿਰਤੀਆਂ ਦਾ ਦਰਦ

6 ਦਸੰਬਰ ਨੂੰ ਰਾਮ ਸਵਰਨ ਲੱਖੇਵਾਲੀ ਦੇ ਮਿਡਲ ‘ਨਕਸ਼’ ਵਿਚ ਮਜ਼ਦੂਰ ਵਰਗ ਦਾ ਦਰਦ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਰੋਜ਼ੀ ਰੋਟੀ ਲਈ ਉਨ੍ਹਾਂ ਨੂੰ ਘਰ-ਬਾਰ ਛੱਡ ਕੇ, ਦੂਰ ਨਰਮਾ ਚੁਗਣ ਜਾਂ ਕੋਈ ਹੋਰ ਮਜ਼ਦੂਰੀ ਕਰਨ ਲਈ ਜਾਣਾ ਪੈਂਦਾ ਹੈ। ਵੱਡੀ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਸਕੂਲ ਪੜ੍ਹਦੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ। ਇਸ ਨਾਲ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ, ਉੱਥੇ ਬਾਲ ਮਨਾਂ ਦੇ ਸੁਪਨੇ ਵੀ ਟੁੱਟ ਜਾਂਦੇ ਹਨ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ


ਰਵਾਇਤੀ ਫ਼ਸਲਾਂ

5 ਦਸੰਬਰ ਦਾ ਸੰਪਾਦਕੀ ‘ਮਿੱਲਟ ਦੀ ਵਰਤੋਂ ਦਾ ਵੇਲਾ’ ਮਹੱਤਵਪੂਰਨ ਹੈ। ਬਿਨਾ ਸ਼ੱਕ ਦੇਸ਼ ਵਿਚ ਕਣਕ/ਚੌਲ ਆਦਿ ਫ਼ਸਲਾਂ ਦੀ ਪੈਦਾਵਾਰ ਦੀ ਕੋਈ ਕਮੀ ਨਹੀਂ ਹੈ ਪਰ ਇਸ ਫ਼ਸਲੀ ਕੁਚੱਕਰ ਨੇ ਵਾਤਾਵਰਨ, ਪਾਣੀ ਅਤੇ ਮਨੁੱਖੀ ਸਿਹਤ ਦਾ ਭਾਰੀ ਨੁਕਸਾਨ ਕੀਤਾ ਹੈ। ਇਹ ਗੱਲ ਵੀ ਸੁੱਟ ਪਾਉਣ ਵਾਲੀ ਨਹੀਂ ਕਿ ਸਮੇਂ ਦੀਆਂ ਸਰਕਾਰਾਂ ਨੇ ਰਵਾਇਤੀ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਬਹੁਤੀ ਤਵੱਜੋ ਨਹੀਂ ਦਿੱਤੀ ਜਿਸ ਕਰਕੇ ਕਿਸਾਨ ਕਣਕ ਅਤੇ ਚੌਲ ਦੀ ਖੇਤੀ ਵਿਚੋਂ ਉੱਭਰ ਨਹੀਂ ਸਕਿਆ। ਹੁਣ ਜਦੋਂ ਕੌਮਾਂਤਰੀ ਪੱਧਰ ’ਤੇ ਮੋਟੇ ਅਨਾਜ ਵਾਲੀਆਂ ਰਵਾਇਤੀ ਫ਼ਸਲਾਂ ਦੀ ਗੱਲ ਚੱਲੀ ਹੈ ਤਾਂ ਇਸ ਵਿਚ ਭਾਰਤ ਮੋਹਰੀ ਭੂਮਿਕਾ ਨਿਭਾਉਣ ਵਿਚ ਕਾਮਯਾਬ ਹੋ ਸਕਦਾ ਹੈ ਕਿਉਂਕਿ ਇੱਥੋਂ ਦੀ ਜ਼ਮੀਨ ਅਤੇ ਪੌਣ ਪਾਣੀ ਇਨ੍ਹਾਂ ਫ਼ਸਲਾਂ ਦੇ ਐਨ ਅਨੁਕੂਲ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਅਧਿਆਪਕ ਦੇ ਹੱਥ ਕਿਤਾਬ

5 ਦਸੰਬਰ ਨੂੰ ਰਸ਼ਪਿੰਦਰ ਪਾਲ ਕੌਰ ਦਾ ਮਿਡਲ ਲੇਖ ‘ਸੁਹਜ’ ਭਾਵਪੂਰਤ ਸੀ। ਅਧਿਆਪਕਾਂ ਦੁਆਰਾ ਸਿਰਜਿਆ ਅਜਿਹਾ ਸਾਹਿਤਕ ਵਾਤਾਵਰਨ ਸੱਚਮੁੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਾਹਿਤ ਸੁਹਜ ਦੀ ਸਮਝ ਪੈਦਾ ਕਰਦਿਆਂ ਉਨ੍ਹਾਂ ਨੂੰ ਸਾਹਿਤ ਦੀ ਪਗਡੰਡੀ ਉੱਪਰ ਤੋਰ ਦਿੰਦਾ ਹੈ। ਅਧਿਆਪਕ ਦੇ ਹੱਥ ਵਿਚ ਫੜੀ ਕੋਈ ਸਾਹਿਤਕ ਕਿਤਾਬ ਵਿਦਿਆਰਥੀਆਂ ਨੂੰ ਕਿਸ ਕਦਰ ਉਤਸ਼ਾਹਿਤ ਕਰਦੀ ਹੈ, ਇਸ ਦਾ ਅੰਦਾਜ਼ਾ ਅਸੀਂ ਵੀ ਨਹੀਂ ਲਗਾ ਸਕਦੇ। ਬੱਚਿਆਂ ਨਾਲ ਸਿਲੇਬਸ ਦੇ ਨਾਲ ਨਾਲ ਸਾਹਿਤਕ ਗੁਫ਼ਤਗੂ ਕਰਨਾ, ਉਨ੍ਹਾਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਨਾ, ਉਨ੍ਹਾਂ ਨੂੰ ਛੋਟੀਆਂ ਛੋਟੀਆਂ ਸਾਹਿਤਕ ਕਹਾਣੀਆਂ ਸੁਣਾਉਣੀਆਂ ਆਦਿ ਨਿੱਕੇ ਨਿੱਕੇ ਯਤਨ ਹਨ ਜਿਹੜੇ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਅਤੇ ਕਿਤਾਬਾਂ ਪ੍ਰਤੀ ਉਨ੍ਹਾਂ ਦੀ ਸੰਵੇਦਨਾ ਨੂੰ ਹੁਲਾਰਾ ਦਿੰਦੇ ਹਨ।
ਗੁਰਨੈਬ ਸਿੰਘ ਮਘਾਣੀਆ, ਈਮੇਲ


ਵਿਗਿਆਨ ਲਈ ਜਗਿਆਸਾ

3 ਦਸੰਬਰ ਨੂੰ ਸਤਰੰਗ ਪੰਨੇ ਉੱਤੇ ਇਸਰੋ ਵਿਗਿਆਨੀ ਹਰਜੀਤ ਸਿੰਘ ਦਾ ਲੇਖ ‘ਕੀ ਇਨਸਾਨ ਸਚਮੁੱਚ ਚੰਨ’ ’ਤੇ ਗਿਆ ਸੀ? ਪੜ੍ਹਿਆ। ਲੇਖਕ ਨੇ ਬਹੁਤ ਸਰਲ ਅਤੇ ਸੰਖੇਪ ਸ਼ਬਦਾਂ ਵਿਚ ਮਨੁੱਖ ਦੀ ਪੁਲਾੜ ਯਾਤਰਾ ਦੇ ਇਤਿਹਾਸ ਦੀ ਰੂਪ ਰੇਖਾ, ਵਿਕਸਤ ਦੇਸ਼ਾਂ ਦੀ ਇਸ ਖੇਤਰ ’ਚ ਆਪਣੀ ਇਜਾਰੇਦਾਰੀ ਕਾਇਮ ਕਰਨ ਦੇ ਰੁਝਾਨ ਅਤੇ ਮਨੁੱਖ ਦੀ ਚੰਦ ਤਕ ਪਹੁੰਚ ਸਬੰਧੀ ਸ਼ੰਕਾ ਨੂੰ ਚਿੱਤਰਾਂ ਸਾਹਿਤ ਵਿਗਿਆਨਕ ਦ੍ਰਿਸ਼ਟੀ ਨਾਲ ਦੂਰ ਕੀਤੀਆਂ ਹਨ। ਮਾਤ ਭਾਸ਼ਾ ਵਿਚ ਅਜਿਹੀਆਂ ਲਿਖਤਾਂ ਵਿਦਿਆਰਥੀਆਂ ਅੰਦਰ ਵਿਗਿਆਨ ਲਈ ਜਗਿਆਸਾ ਪੈਦਾ ਕਰਨ ਵਿਚ ਲਾਹੇਵੰਦ ਸਾਬਤ ਹੁੰਦੀਆਂ ਹਨ।
ਭੁਪਿੰਦਰ ਸਿੰਘ, ਅੰਮ੍ਰਿਤਸਰ


ਸੰਚਾਰ ਸਾਧਨ ਬਨਾਮ ਹਿੰਸਾ ਦਾ ਮਸਲਾ

2 ਦਸੰਬਰ ਦੇ ਪੰਨਾ ਚਾਰ ਉੱਤੇ ‘ਰੇਡੀਓ ’ਤੇ ਵੀ ਗੰਨ ਕਲਚਰ ਬੈਨ’ ਵਾਲੀ ਖ਼ਬਰ ਪੜ੍ਹ ਕੇ ਤਸੱਲੀ ਤਾਂ ਹੋਈ ਪਰ ਪੂਰੀ ਨਹੀਂ। ਅੱਜਕੱਲ੍ਹ ਰੇਡੀਓ ਦੇ ਸਰੋਤਿਆਂ ਦੀ ਗਿਣਤ ਘੱਟ ਹੈ; ਦੂਜੇ ਪਾਸੇ ਟੀਵੀ ਚੈਨਲਾਂ ਉੱਪਰ ਹਥਿਆਰਾਂ ਦੀ ਨੁਮਾਇਸ਼ ਹੀ ਨਹੀਂ ਸਗੋਂ ਗੋਲੀਆਂ ਚੱਲਦੀਆਂ ਦਿਖਾਈਆਂ ਜਾਂਦੀਆਂ ਹਨ। ਟੀਵੀ ਦੇਖਣ ਵਾਲੇ ਛੋਟੇ ਬੱਚਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਨੌਜਵਾਨ ਉਤਸ਼ਾਹਿਤ ਹੁੰਦੇ ਹਨ। ਇਨ੍ਹਾਂ ਚੈਨਲਾਂ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਚੈਨਲ ਤਾਂ ਖ਼ਬਰਾਂ ਵਿਚ ਪੰਜਾਬੀ ਦੇ ਸ਼ਬਦ ਵੀ ਗ਼ਲਤ ਲਿਖਦੇ ਹਨ। ਇਸ ਪੱਖੋਂ ਹੁਣ ਪੰਜਾਬੀ ਅਖ਼ਬਾਰਾਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। ਸ਼ਬਦ ਜੋੜਾਂ ਦੀਆਂ ਗ਼ਲਤੀਆਂ ਹੁੰਦੀਆਂ ਹਨ। ਇਹ ਗੱਲਾਂ ਧਿਆਨ ਦੀ ਮੰਗ ਕਰਦੀਆਂ ਹਨ।
ਮਲਕੀਤ ਦਰਦੀ, ਲੁਧਿਆਣਾ

ਡਾਕ ਐਤਵਾਰ ਦੀ Other

Dec 04, 2022

ਮਨੁੱਖਤਾ ਦੀ ਮਿਸਾਲ

ਐਤਵਾਰ, 27 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਆਪਣੇ ਤੇ ਪਰਾਏ ਦੁੱਖ’ ਪੜ੍ਹਿਆ, ਚੰਗਾ ਲੱਗਾ। ਰੱਬ ਦਾ ਬੰਦਾ ਨੇਕੀ ਦੀ ਰਾਹ ’ਤੇ ਚੱਲਦਾ ਹੋਇਆ ਲੋਕਾਂ ਦੀ ਭਲਾਈ ਕਰਦਾ ਹੈ। ਉਨ੍ਹਾਂ ਦੇ ਦੁੱਖਾਂ ਵਿੱਚ ਸ਼ਰੀਕ ਹੋ ਕੇ ਆਪਣੇ ਤੇ ਦੂਜਿਆਂ ਦੇ ਮਾਨਸਿਕ ਬੋਝ ਨੂੰ ਹਲਕਾ ਕਰਨ ਦਾ ਗੁਣ ਖ਼ੁਦ ਵਿੱਚ ਪੈਦਾ ਕਰਦਾ ਹੈ। ਦੁੱਖਾਂ ਵਿੱਚ ਭਾਈਵਾਲ ਬਣਨ ਅਤੇ ਹੌਸਲਾ ਅਫ਼ਜ਼ਾਈ ਕਰਨ ਵਾਲਾ ਵਿਅਕਤੀ ਮਨੁੱਖਤਾ ਦੀ ਮਿਸਾਲ ਹੁੰਦਾ ਹੈ। ਪਰਉਪਕਾਰ ਵਿੱਚ ਲੱਗੇ ਮਨੁੱਖ ਨੂੰ ਰਾਤ ਵੇਲੇ ਚੰਗੀ ਨੀਂਦਰ ਆਉਂਦੀ ਹੈ। ਘਰਾਂ ਵਿੱਚ ਮਾਹੌਲ ਦੂਜਿਆਂ ਨੂੰ ਪ੍ਰੇਰਨ ਤੇ ਸਿੱਖਿਆ ਦੇਣ ਵਿੱਚ ਕਾਮਯਾਬ ਰਹਿੰਦਾ ਹੈ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

(2)

27 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਦੀ ਮਿਡਲ ਰਚਨਾ ‘ਆਪਣੇ ਤੇ ਪਰਾਏ ਦੁੱਖ’ ਵਿੱਚ ਲੇਖਕ ਦਾ ਦੋਸਤ ਆਪਣੇ ਦੋਸਤ ਦੇ ਪੁੱਤਰ ਨੂੰ ਲੁਧਿਆਣਾ ਵਿਖੇ ਹਾਲ-ਚਾਲ ਜਾਣਨ ਵਾਸਤੇ ਜਾਂਦਾ ਹੈ। ਆਪਣੇ ਪੁੱਤਰ ਦੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਉਸ ਦਾ ਪਿਤਾ ਉਨ੍ਹਾਂ ਨਾਲ ਸਹਿਜ ਢੰਗ ਨਾਲ ਇਸ ਕਰਕੇ ਗੱਲ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਜੇਕਰ ਉਹ ਦੁਖੀ ਹੋ ਕੇ ਆਪਣੇ ਪੁੱਤਰ ਬਾਰੇ ਦੱਸੇਗਾ ਤਾਂ ਲੋਕ ਉਸ ਨੂੰ ਪਖੰਡੀ ਕਹਿਣਗੇ, ਪਰ ਉਸ ਨੂੰ ਆਪਣੇ ਪੁੱਤਰ ਦੀ ਗਹਿਰੀ ਤਕਲੀਫ਼ ਦਾ ਅਹਿਸਾਸ ਹੈ। ਬਿਮਾਰ ਮੁੰਡੇ ਦਾ ਪਿਤਾ ਇਹ ਕਹਿੰਦਾ ਹੈ ਕਿ ਆਪਣਾ ਦੁੱਖ ਹਰ ਬੰਦੇ ਨੂੰ ਖ਼ੁਦ ਹੀ ਸਹਿਣਾ ਪੈਂਦਾ ਹੈ ਜੋ ਕਿ ਬਿਲਕੁਲ ਸੱਚ ਹੈ। ਜੇਕਰ ਅਸੀਂ ਇੱਕ ਦੂਜੇ ਨਾਲ ਦੁੱਖ ਵੰਡ ਕੇ ਸਹਿਣਾ ਸਿੱਖ ਲਈਏ ਤਾਂ ਦੁੱਖ ਅੱਧਾ ਰਹਿ ਜਾਂਦਾ ਹੈ। ਇਨਸਾਨੀਅਤ ਵੀ ਸਾਨੂੰ ਸੰਵੇਦਨਸ਼ੀਲ ਹੋਣ ਦਾ ਪਾਠ ਪੜ੍ਹਾਉਂਦੀ ਹੈ। ਕਹਿੰਦੇ ਹਨ ਕਿ ਖ਼ੁਸ਼ੀ ਵੰਡਿਆਂ ਵਧਦੀ ਅਤੇ ਦੁੱਖ ਘਟਦਾ ਹੈ।

14 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ‘ਨੌਜਵਾਨ ਪੀੜ੍ਹੀ ਦਾ ਭਵਿੱਖ’ ਇਹ ਦੱਸਦੀ ਹੈ ਕਿ ਸਰਮਾਏਦਾਰੀ ਵੱਲੋਂ ਸਮੇਂ ਸਮੇਂ ’ਤੇ ਨੌਜਵਾਨਾਂ ਨੂੰ ਧਰਮ, ਭਾਸ਼ਾ, ਇਲਾਕਿਆਂ ਆਦਿ ਦੇ ਆਧਾਰ ’ਤੇ ਉਲਝਾ ਕੇ ਰੱਖਿਆ ਜਾਂਦਾ ਰਿਹਾ ਹੈ। ਸਰਮਾਏਦਾਰੀ ਨੌਜਵਾਨਾਂ ਨੂੰ ਗੁਮਰਾਹ ਕਰਦੀ ਹੈ। ਪੰਜਾਬ ਦਾ ਅਜੋਕਾ ਨੌਜਵਾਨ ਇਸ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ। ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਆਪਣੇ ਰਾਜ ਵਿੱਚ ਹੈ। ਮਿਹਨਤ, ਸਮਝਦਾਰੀ, ਲਗਨ ਆਦਿ ਨਾਲ ਉਹ ਸਰਮਾਏਦਾਰੀ ਨੂੰ ਮੂੰਹ ਤੋੜਵਾਂ ਜਵਾਬ ਦੇ ਸਕਦਾ ਹੈ।

ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਪੰਜਾਬ ਦਾ ਮਾਣ

27 ਨਵੰਬਰ ਦੇ ‘ਦਸਤਕ’ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ ਦੇ ਛਪੇ ਲੇਖ ‘ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਸਥਾਨ ਦੀ ਯਾਤਰਾ’ ਵਿੱਚ ਲੇਖਕ ਨੇ ਪੰਜਾਬ ਦੇ ਸੂਰਬੀਰ ਯੋਧੇ ਕਰਨੈਲ ਸਿੰਘ ਈਸੜੂ ਦੇ ਜੀਵਨ ’ਤੇ ਸੰਖੇਪ ਝਾਤ ਮਾਰਨ ਦਾ ਯਤਨ ਕੀਤਾ ਹੈ। ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਪੰਜਾਬੀਆਂ ਨੇ ਹਮੇਸ਼ਾ ਹੀ ਵਧ ਚੜ੍ਹ ਕੇ ਕੁਰਬਾਨੀ ਦਿੱਤੀਆਂ ਹਨ। ਇਹ ਬਹੁਤ ਚਿੰਤਾ ਅਤੇ ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਦੀ ਅਣਦੇਖੀ ਅਤੇ ਬੇਪਰਵਾਹੀ ਕਾਰਨ ਅਜੋਕੀ ਪੀੜ੍ਹੀ ਆਪਣੇ ਇਤਿਹਾਸ ਤੋਂ ਬੇਮੁਖ ਹੋ ਰਹੀ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਸਰਕਾਰਾਂ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਫ਼ਰਜ਼ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੀ ਹੋਈ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚਲਦੀ ਹੋਈ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ, ਬਠਿੰਡਾ

ਪਾਠਕਾਂ ਦੇ ਖ਼ਤ Other

Dec 03, 2022

ਨਸ਼ਿਆਂ ਦੀ ਸਮੱਸਿਆ

2 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਡਾ. ਸਿ਼ਆਮ ਸੁੰਦਰ ਦੀਪਤੀ ਦਾ ਲੇਖ ‘ਨਸਿ਼ਆਂ ਦੀ ਸਮੱਸਿਆ: ਕੁਝ ਨੁਕਤੇ ਤੇ ਵਿਚਾਰ’ ਸਮਾਜ ਵਿਚ ਫੈਲੇ ਨਸਿ਼ਆਂ ਨਾਲ ਨਜਿੱਠਣ ਲਈ ਸੇਧ ਮੁਹੱਈਆ ਕਰਦਾ ਹੈ। ਨਸ਼ਾ ਕਰਨਾ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਪਹਿਲਾਂ ਇਨ੍ਹਾਂ ਦੀ ਵਰਤੋਂ ਸਿਰਫ਼ ਮਰਦ ਕਰਦੇ ਸਨ ਪਰ ਹੁਣ ਔਰਤਾਂ ਵੀ ਇਸ ਦੀਆਂ ਆਦੀ ਹੋ ਚੁੱਕੀਆਂ ਹਨ। ਨਵੀਂ ਕਿਸਮ ਦੇ ਸਿੰਥੈਟਿਕ ਨਸਿ਼ਆਂ ਵਿਚ ਭਾਰੀ ਮਾਤਰਾ ਵਿਚ ਰਸਾਇਣਾਂ ਦੀ ਮਿਲਾਵਟ ਹੋ ਰਹੀ ਹੈ ਜੋ ਬਹੁਤ ਖ਼ਤਰਨਾਕ ਹੈ। ਇਹ ਮਿਲਾਵਟ ਵਿਸ਼ੇਸ਼ ਨਸ਼ੇ ਦੇ ਪ੍ਰਭਾਵ ਤੋਂ ਵੱਧ ਜਾਂ ਘੱਟ ਅਸਰ ਕਰਦੀ ਹੈ। ਸਮੈਕ, ਹੈਰੋਇਨ ਅਤੇ ਇਸ ਦਾ ਨਵਾਂ ਰੂਪ ਚਿੱਟਾ, ਸਿਗਰਟ ਅਤੇ ਨਸ਼ੀਲੇ ਟੀਕੇ ਲਗਾਉਣਾ ਹੋਰ ਵੀ ਅਨੇਕਾਂ ਅਜਿਹੇ ਨਸ਼ੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਵਿਦਿਆਰਥੀਆਂ ਨਾਲ ਵਧੀਕੀ

ਦੋ ਦਸੰਬਰ ਨੂੰ ਪੰਨਾ 10 ਉੱਤੇ ਖਬਰ ਪੜ੍ਹੀ: ਦਿੱਲੀ ਯੂਨੀਵਰਸਿਟੀ ਵਿਚ ਦੋ ਵਿਦਿਆਰਥੀਆਂ ਜੱਥੇਬੰਦੀਆਂ ’ਚ ਝੜਪ। ਕੈਸਾ ਵਕਤ ਆ ਗਿਆ ਹੈ ਕਿ ਵਿਦਿਆਰਥੀ ਹੋ ਰਹੀਆਂ ਵਧੀਕੀਆਂ ਖਿਲਾਫ਼ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਨੂੰ ਬਰੀ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਨੂੰ ਜੇਲ੍ਹ ਵਿਚੋਂ ਛੱਡਿਆ ਨਹੀਂ ਜਾ ਰਿਹਾ। ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਉਤੇ ਏਬੀਵੀਪੀ ਵਰਗੀਆਂ ਪਿਛਾਂਹ ਖਿੱਚੂ ਜਥੇਬੰਦੀਆਂ ਹਮਲੇ ਕਰ ਰਹੀਆਂ ਹਨ। ਉਪਰੋਂ ਦਿੱਲੀ ਪੁਲੀਸ ਹਮਲਾਵਰਾਂ ਦਾ ਹੀ ਸਾਥ ਦੇ ਰਹੀ ਹੈ। ਇਹ ਕੈਸੀ ਜਮਹੂਰੀਅਤ ਹੈ?
ਜਗਜੀਵਨ ਸਿੰਘ, ਅੰਮ੍ਰਿਤਸਰ


ਖੇਤੀ ਦਾ ਮਹੱਤਵ

ਪਹਿਲੀ ਦਸੰਬਰ ਦਾ ਸੰਪਾਦਕੀ ‘ਖੇਤੀ ਖੇਤਰ ਦਾ ਮਹੱਤਵ’ ਭਾਰਤ ਦੀ ਖੇਤੀਬਾੜੀ ਦੇ ਮਹੱਤਵ ਨੂੰ ਸਮਝਣ ਅਤੇ ਸਮਝਾਉਣ ਵਾਲਾ ਸੀ। ਪਿਛਲੇ ਸਾਲ ਮੌਸਮ ਦੀ ਖਰਾਬੀ ਕਰ ਕੇ ਦੇਸ਼ ਵਿਚ ਖੇਤਰ ਵਧਾ ਕੇ ਕਣਕ ਦਾ ਉਤਪਾਦਨ ਕੁਝ ਘੱਟ ਹੋਇਆ ਲੇਕਿਨ ਇਸ ਸਾਲ ਕਣਕ ਦੀ ਪਿਛਲੀ ਕਮੀ ਪੂਰੀ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਉਤਪਾਦਨ ਵਧਾਉਣ ਵਾਸਤੇ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਰੁਜ਼ਗਾਰ ਵਾਸਤੇ ਖੇਤੀ ਤੋਂ ਦੂਰ ਨਾ ਜਾਣਾ ਪਵੇ। ਖੇਤੀਬਾੜੀ ਭਾਰਤ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਦੇ ਵਿਕਾਸ ਤੋਂ ਬਿਨਾ ਆਰਥਿਕਤਾ ਵਿਕਾਸ ਨਹੀਂ ਕਰ ਸਕਦੀ।
ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)


ਮਜ਼ਦੂਰ ਜਮਾਤ ਨਾਲ ਵਿਤਕਰਾ

ਪਹਿਲੀ ਦਸੰਬਰ ਨੂੰ ਪਹਿਲੇ ਪੰਨੇ ਉਤੇ ਖੇਤ ਮਜ਼ਦੂਰ ਉਤੇ ਲਾਠੀਚਾਰਜ ਵਾਲੀ ਖ਼ਬਰ ਪੜ੍ਹੀ। ਅਖ਼ਬਾਰ ਨੇ ਬਾਕੀ ਅਖ਼ਬਾਰਾਂ ਦੇ ਮੁਕਾਬਲੇ ਮਜ਼ਦੂਰ ਵਰਗ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਵੱਧ ਜ਼ੋਰਦਾਰ ਢੰਗ ਨਾਲ ਲੋਕਾਂ ਦੇ ਧਿਆਨ ਵਿਚ ਲਿਆਂਦਾ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਇਹ ਗੱਲ ਵੀ ਸਾਬਤ ਹੋ ਗਈ ਹੈ ਕਿ ਪੰਜਾਬ ਅੰਦਰ ਕੋਈ ਲੋਕ-ਪੱਖੀ ਸਿਆਸੀ ਤਬਦੀਲੀ ਨਹੀਂ ਹੋਈ। ਹੋਰ ਤਾਂ ਹੋਰ, ਮੀਟਿੰਗ ਦਾ ਸਮਾਂ ਲੈਣ ਲਈ ਕਿਰਤੀਆਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਕੁਝ ਕਿਸਾਨ ਆਗੂਆਂ ਨਾਲ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਮੀਟਿੰਗ ਕਰਦੇ ਹਨ ਪਰ ਮਜ਼ਦੂਰ ਆਗੂਆਂ ਨੂੰ ਕਈ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਗੱਲਬਾਤ ਤੋਂ ਪਿਛਾਂਹ ਹਟ ਗਏ। ਮਜ਼ਦੂਰ ਜਮਾਤ ਹਰ ਪੱਖ ਤੋਂ ਵਿਤਕਰੇ ਦਾ ਸ਼ਿਕਾਰ ਹੈ।
ਰੁਪਿੰਦਰ ਸਿੰਘ ਰਸੂਲਪੁਰ (ਮੱਲ੍ਹਾਂ), ਜਗਰਾਉਂ (ਲੁਧਿਆਣਾ)

(2)

ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ ਥਾਂ ਉਨ੍ਹਾਂ ਉਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਮਹਿੰਗਾਈ ਦੇ ਇਸ ਦੌਰ ਵਿਚ ਮਜ਼ਦੂਰਾਂ ਦੇ ਘਰੀਂ ਦੋ ਵਕਤ ਦੀ ਰੋਟੀ ਲਈ ਵੀ ਤਰੱਦਦ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਮਜ਼ਦੂਰ ਦੀਆਂ ਮੰਗਾਂ ’ਤੇ ਗੌਰ ਕਰਨੀ ਬਣਦੀ ਹੈ।
ਕਮਲੇਸ਼ ਰਾਣੀ, ਸੰਗਰੂਰ

(3)

ਪਹਿਲੀ ਦਸੰਬਰ ਦੀ ਸੰਪਾਦਕੀ ‘ਸੰਵਾਦ ਦੀ ਜ਼ਰੂਰਤ’ ਵਿਚ ਸਹੀ ਦਰਜ ਕੀਤਾ ਗਿਆ ਹੈ ਕਿ ਕਿਰਤੀ ਲੋਕ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਸਰਕਾਰ ਨੂੰ ਇਨ੍ਹਾਂ ਨੂੰ ਦਰਪੇਸ਼ ਮਸਲੇ ਨਜਿੱਠਣੇ ਚਾਹੀਦੇ ਹਨ।
ਰਾਮ ਲਾਲ, ਜਲੰਧਰ


ਕਲਮ ਦਾ ਸਾਥ

ਸੁਹਜ, ਸਲੀਕਾ ਤੇ ਸੰਜੀਦਗੀ ਦਾ ਮੁਜੱਸਮਾ ਲੇਖਕ ਪਰਮਬੀਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਰਨੈਲ ਸਿੰਘ ਸੋਮਲ ਨੇ ਆਪਣੇ ਲੇਖ ‘ਜਿ਼ੰਦਗੀ ਨੂੰ ਰੰਗਲੀ ਵਾਟ ਚਿਤਵਣ ਵਾਲੀ’ (ਪਹਿਲੀ ਦਸੰਬਰ) ’ਚ ਪਰਮਬੀਰ ਕੌਰ ਦੀ ਸ਼ਖਸੀਅਤ ਨੂੰ ਹੋਰ ਨਿਖਾਰਿਆ ਹੈ। ਉਸ ਦੀ ਸਿਹਤ ਨੇ ਭਾਵੇਂ ਸਾਥ ਨਹੀਂ ਦਿੱਤਾ ਪਰ ਕਲਮ ਨੇ ਸਾਥ ਨਿਭਾਇਆ।
ਕੁਲਮਿੰਦਰ ਕੌਰ, ਮੁਹਾਲੀ

ਪਾਠਕਾਂ ਦੇ ਖ਼ਤ Other

Dec 02, 2022

ਜੀਐੱਮ ਫ਼ਸਲਾਂ ਅਤੇ ਮਨੁੱਖ ਜਾਤੀ

29 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਦਵਿੰਦਰ ਸ਼ਰਮਾ ਦਾ ਲੇਖ ‘ਜੀਐੱਮ ਸਰ੍ਹੋਂ ਨੂੰ ਹਰੀ ਝੰਡੀ ਦੇਣ ਦੇ ਮਾਇਨੇ’ ਮਹੱਤਵਪੂਰਨ ਹੈ। ਦਾਅਵੇ ਹਨ ਕਿ ਜੀਐੱਮ ਫ਼ਸਲਾਂ ਦੀ ਕਾਸ਼ਤ ਨਾਲ ਉਪਜ ਵਧੇਗੀ ਪਰ ਮਨੁੱਖ ਜਾਤੀ ਲਈ ਇਹ ਕਿਸੇ ਵੀ ਪੱਖੋਂ ਅਨੁਕੂਲ ਨਹੀਂ। ਪਹਿਲਾਂ ਤੋਂ ਹੀ ਪ੍ਰਦੂਸ਼ਣ ਅਤੇ ਖ਼ਤਰਨਾਕ ਰੋਗਾਂ ਨਾਲ ਦੋ-ਚਾਰ ਹੋ ਰਹੇ ਦੇਸ਼ ਲਈ ਜੀਐੱਮ ਫ਼ਸਲਾਂ ਖ਼ਾਸ ਕਰ ਕੇ ਸਰ੍ਹੋਂ ਦੀ ਖੇਤੀ ਨੂੰ ਇਜਾਜ਼ਤ ਦੇਣਾ ਜਾਇਜ਼ ਨਹੀਂ। ਜਿੱਥੇ ਇਸ ‘ਪੀਲੀ ਕ੍ਰਾਂਤੀ’ ਵਿਰੁੱਧ ਖੇਤੀ ਮਾਹਿਰਾਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ, ਉੱਥੇ ਭਾਰਤ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਚਾਰ ਚੰਨ

ਕਰਨੈਲ ਸਿੰਘ ਸੋਮਲ ਵੱਲੋਂ ਲੇਖਕ ਪਰਮਬੀਰ ਕੌਰ ਬਾਰੇ ਸ਼ਰਧਾਂਜਲੀ ਸਮਾਗਮ ਮੌਕੇ ਲਿਖੀ ਰਚਨਾ ‘ਜ਼ਿੰਦਗੀ ਨੂੰ ਰੰਗਲੀ ਵਾਟ ਚਿਤਵਣ ਵਾਲੀ’ (1 ਦਸੰਬਰ) ਪੜ੍ਹ ਕੇ ਪੰਜਾਬੀ ਮਾਂ ਬੋਲੀ ਦੀ ਮਿਠਾਸ ਦਾ ਵੀ ਅਹਿਸਾਸ ਹੋਇਆ। ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਲਿਖਣ ਦੀ ਸਮਰੱਥਾ ਰੱਖਣ ਕਾਰਨ ਉਹ ਸਾਹਿਤ ਸੰਗਮ ਸੀ। ਉਸ ਦੇ ਨਿੱਜੀ ਜੀਵਨ ਬਾਰੇ ਪੜ੍ਹ ਕੇ ਉਸ ਦੀ ਖੁਸ਼ਹਾਲ ਜ਼ਿੰਦਗੀ ਦਾ ਪਤਾ ਲੱਗਿਆ, ਤਾਂ ਹੀ ਉਹ ਜ਼ਿੰਦਗੀ ਨੂੰ ‘ਰੰਗਲੀ ਵਾਟ’ ਚਿਤਵਦੀ ਹੈ। ਕਰਨੈਲ ਸਿੰਘ ਸੋਮਲ ਵੱਲੋਂ ਉਸ ਦੀ ਸੋਚ ਨੂੰ ਉੱਜਲੀ ਤੇ ਹਾਂ-ਵਾਚੀ ਕਹਿਣ ਅਤੇ ਕੰਮ ਪਰਮਬੀਰ ਲਈ ਇਬਾਦਤ ਸੀ, ਦੇ ਵਾਕ ਉਸ ਦੀ ਸ਼ਰਧਾਂਜਲੀ ਨੂੰ ਚਾਰ ਚੰਨ ਲਾ ਗਏ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਬਦਲਵੇਂ ਪ੍ਰਬੰਧ

ਪਹਿਲੀ ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਮਨਦੀਪ ਦਾ ਲੇਖ ‘ਸੁਪਨਦੇਸ਼ ਵਿਚ ਵਧਦੀ ਮਹਿੰਗਾਈ’ ਪੜ੍ਹਿਆ। ਕੈਨੇਡਾ ਹੀ ਨਹੀਂ, ਹੁਣ ਸਾਰਾ ਸੰਸਾਰ ਹੀ ਪੂੰਜੀਵਾਦੀ ਅਲਾਮਤਾਂ ਦੀ ਮਾਰ ਹੇਠ ਹੈ। ਲੇਖ ਵਿਚ ਕੈਨੇਡਾ ਦੀ ਮਹਿੰਗਾਈ ਬਾਰੇ ਤਫ਼ਸੀਲ ਨਾਲ ਚਰਚਾ ਕੀਤੀ ਗਈ ਹੈ ਅਤੇ ਇਸ ਦੇ ਮੁੱਖ ਕਾਰਨ ਵੀ ਗਿਣਾਏ ਗਏ ਹਨ। ਪੂੰਜੀਵਾਦ ਨੇ ਸਭ ਕੁਝ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈ। ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਹੁਣ ਸੱਚਮੁੱਚ ਦੁਨੀਆ ਨੂੰ ਨਵੇਂ ਨਰੋਏ ਬਦਲਵੇਂ ਪ੍ਰਬੰਧਾਂ ਬਾਰੇ ਸੋਚਣਾ ਪਵੇਗਾ।
ਰਣਜੀਤ ਸਿੰਘ ਸੇਖਾ, ਜਲੰਧਰ


ਗਹਿਰੀ ਚੋਟ

29 ਨਵੰਬਰ ਨੂੰ ਜਗਰੂਪ ਸਿੰਘ ਦੇ ਮਿਡਲ ‘ਬਾਬੇ ਦੀ ਫੁੱਲ ਕਿਰਪਾ’ ਦੀ ਚੋਟ ਬੜੀ ਗਹਿਰੀ ਹੈ। ਅਸੀਂ ਮੂਲ ਰੂਪ ਵਿਚ ਨੈਤਿਕਤਾ ਦਾ ਪੱਲਾ ਛੱਡ ਬੈਠੇ ਹਾਂ। ਸ਼ਾਇਦ ਇਸੇ ਕਰ ਕੇ ਹੀ ਚਾਰ-ਚੁਫ਼ੇਰਿਓਂ ਸੰਕਟਾਂ ਵਿਚ ਘਿਰ ਰਹੇ ਹਾਂ।
ਨਵਜੀਵਨ ਕੌਰ, ਹੁਸ਼ਿਆਰਪੁਰ


ਮਾਤ ਭੂਮੀ ਅਤੇ ਮੁਹੱਬਤ

28 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਇਕਬਾਲ ਸਿੰਘ ਬਰਾੜ ਦਾ ਲੇਖ ‘ਮਾਤ ਭੂਮੀ ਅਤੇ ਮੁਹੱਬਤ’ ਪੜ੍ਹਿਆ। ਉਨ੍ਹਾਂ ਮਾਤ ਭੂਮੀ ਨਾਲ ਸਦਾ ਰਹਿੰਦੀ ਮੁਹੱਬਤ ਬਾਰੇ ਸਹੀ ਪੈਂਤੜੇ ਤੋਂ ਲਿਖਿਆ ਪਰ ਇਹ ਵੀ ਸੱਚ ਹੈ ਕਿ ਇਹੀ ਮੁਹੱਬਤ ਸਾਨੂੰ ਪਿਛਾਂਹ ਵੱਲ ਖਿੱਚਦੀ ਰਹਿੰਦੀ ਹੈ। ਸ਼ਾਇਦ ਇਸੇ ਕਾਰਨ ਪਰਵਾਸੀ ਪੰਜਾਬੀ ਵੱਖ ਵੱਖ ਮੁਲਕਾਂ ਦੇ ਬਾਸ਼ਿੰਦੇ ਬਣਨ ਅਤੇ ਉੱਥੇ ਦਹਾਕਿਆਂ ਤਕ ਵੱਸਣ ਦੇ ਬਾਵਜੂਦ ਉੱਥੋਂ ਦੇ ਸਮਾਜ ਦਾ ਹਿੱਸਾ ਨਹੀਂ ਬਣ ਸਕੇ। ਇਸ ਕੋਣ ਤੋਂ ਵੀ ਸੋਚਣ-ਵਿਚਾਰਨ ਦੀ ਲੋੜ ਹੈ।
ਰਾਜਦੀਪ ਸਿੰਘ, ਫਰੀਦਕੋਟ


ਪੁਰਾਣੀ ਪੈਨਸ਼ਨ ਬਹਾਲੀ

28 ਨਵੰਬਰ ਨੂੰ ਪੰਨਾ ਪੰਜ ਉੱਤੇ ਨੀਤੀ ਆਯੋਗ ਦੇ ਮੀਤ ਪ੍ਰਧਾਨ ਸੁਮਨ ਬੇਰੀ ਦਾ ਬਿਆਨ ਛਪਿਆ ਹੈ। ਉਨ੍ਹਾਂ ਜਿੱਥੇ ਨਿੱਜੀਕਰਨ ਦੀ ਲੋੜ ਜਤਾਈ ਹੈ, ਉੱਥੇ ਕੁਝ ਰਾਜਾਂ ’ਚ ਪੁਰਾਣੀ ਪੈਨਸ਼ਨ ਬਹਾਲੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੀ ਇਸ ਚਿੰਤਾ ਵੱਲ ਗੌਰ ਕਰਦਿਆਂ ਸਾਡਾ ਧਿਆਨ ਕੁਝ ਮਹੀਨੇ ਪਹਿਲਾਂ ਛਤੀਸਗੜ੍ਹ, ਰਾਜਸਥਾਨ ਅਤੇ ਝਾਰਖੰਡ ਦੀਆਂ ਸਰਕਾਰਾਂ ਦੁਆਰਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੇ ਸਮੇਂ ਇਸ ਸਕੀਮ ਨੂੰ ਵਿੱਤੀ ਸੰਕਟ ਨਾਲ ਜੂਝ ਰਹੇ ਰਾਜਾਂ ਲਈ ਸੰਜੀਵਨੀ ਬੂਟੀ ਆਖਣ ਵੱਲ ਜਾਂਦਾ ਹੈ। ਉਨ੍ਹਾਂ ਨੇ ਅਖ਼ਬਾਰਾਂ ’ਚ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਅਤੇ ਨਵੀਂ ਪੈਨਸ਼ਨ ਸਕੀਮ ਦੇ ਨੁਕਸਾਨ ਦੱਸੇ ਸਨ। ਰਾਜਸਥਾਨ ਸਰਕਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਤੋਂ ਆਪਣੇ ਰਾਜ ਦਾ ਪੈਨਸ਼ਨ ਫੰਡ ਵਜੋਂ ਗਿਆ 39000 ਕਰੋੜ, ਝਾਰਖੰਡ ਨੇ 19000 ਕਰੋੜ ਅਤੇ ਛਤੀਸਗੜ੍ਹ ਨੇ 17000 ਕਰੋੜ ਵਾਪਸ ਮੰਗ ਲਿਆ ਹੈ। ਇਸ ਤਰ੍ਹਾਂ ਇਨ੍ਹਾਂ ਰਾਜਾਂ ਦੇ ਕਰੋੜਾਂ ਰੁਪਏ ਵਾਪਸ ਇਨ੍ਹਾਂ ਰਾਜਾਂ ਦੇ ਖਜ਼ਾਨਿਆਂ ’ਚ ਆਉਣ ਨਾਲ ਰਾਜਾਂ ’ਚ ਲੋਕ ਭਲਾਈ ਸਕੀਮਾਂ ਦੀ ਸੰਭਾਵਨਾ ਬਣਦੀ ਹੈ।
ਪ੍ਰਭਜੀਤ ਸਿੰਘ ਰਸੂਲਪੁਰ, ਈਮੇਲ


ਕੌਮ ਅਤੇ ਕੌਮੀਅਤ

26 ਨਵੰਬਰ ਦੇ ਅੰਕ ਵਿਚ ਕਰਮ ਬਰਸਟ ਦਾ ਲੇਖ ‘ਕੌਮ ਅਤੇ ਕੌਮੀਅਤ ਦੇ ਸੰਕਲਪ’ ਵਿਸਥਾਰ ਅਤੇ ਤਰਕ ਨਾਲ ਲਿਖਿਆ ਗਿਆ ਹੈ। ਇਹ ਸੱਚ ਹੈ ਕਿ ਕੌਮ ਨੂੰ ਨਿਰਧਾਰਤ ਕਰਨ ਪੰਜ ਵਾਲੇ ਤੱਤਾਂ ਵਿਚੋਂ ਇਲਾਕਾ, ਬੋਲੀ, ਸੱਭਿਆਚਾਰ ਅਤੇ ਅਰਥਚਾਰਾ ਮੁੱਖ ਹਨ ਪਰ ‘ਨਸਲੀ ਸਮੂਹ’ ਕੁਦਰਤੀ ਕਾਰਕ ਹੈ ਜਿਹੜਾ ਸਥਾਨ ਮੁਤਾਬਿਕ ਬਦਲ ਜਾਂਦਾ ਹੈ। ਲੇਖਕ ਨੇ ਠੀਕ ਹੀ ਕਿਹਾ ਹੈ ਕਿ ਧਰਮ ਕਦੇ ਵੀ ਕੌਮ ਅਤੇ ਕੌਮੀਅਤ ਨੂੰ ਨਿਰਧਾਰਤ ਨਹੀਂ ਕਰਦਾ।
ਕਰਮਜੀਤ ਸਕਰੁੱਲਾਂਪੁਰੀ, ਈਮੇਲ


ਸੰਵੇਦਨਸ਼ੀਲ ਰਚਨਾ

26 ਨਵੰਬਰ ਦੇ ਸਤਰੰਗ ਪੰਨੇ ਉੱਤੇ ਕਰਨੈਲ ਸਿੰਘ ਸੋਮਲ ਦੀ ਰਚਨਾ ‘ਲਾਹਨਤ ਤਾਂ ਨਾ ਹੀ ਪਏ’ ਸੰਵੇਦਨਾ ਭਰਪੂਰ ਹੈ। ਇਹ ਲਾਹਨਤਾਂ ਹੀ ਹਨ ਜੋ ਬੰਦੇ ਨੂੰ ਖੁਦਕੁਸ਼ੀ ਦੇ ਰਾਹ ਤੋਰ ਦਿੰਦੀਆਂ ਹਨ। ਇਹੀ ਲਾਹਨਤਾਂ ਬੰਦੇ ਅੰਦਰ ਹੀਣ-ਭਾਵ ਪੈਦਾ ਕਰਦੀਆਂ ਹਨ ਪਰ ਕਈ ਵਾਰ ਲਾਹਨਤਾਂ ਸਕਾਰਾਤਮਕ ਭੂਮਿਕਾ ਵੀ ਨਿਭਾਉਂਦੀਆਂ ਹਨ ਅਤੇ ਵਿਗੜਿਆ ਬੰਦਾ ਲਾਹਨਤਾਂ ਤੋਂ ਅੱਕਿਆ ਸਿੱਧੇ ਰਸਤੇ ਵੀ ਪੈ ਜਾਂਦਾ ਹੈ। ਜਿਵੇਂ ਲੇਖਕ ਨੇ ਦੱਸਿਆ ਹੈ, ਲਾਹਨਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਕੇ ਬੰਦਾ ਖੁਸ਼ੀਆਂ ਭਰਪੂਰ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


ਭਾਰਤੀ ਅਰਥਚਾਰਾ

23 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਟੀਐੱਨ ਨੈਨਾਨ ਦਾ ਲੇਖ ‘ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ’ਤੇ ਨਿਰਾਸ਼ਾ’ ਦੇ ਪਸਾਰ ਪੜ੍ਹਿਆ। ਲੇਖ ਅੰਦਰ ਹੋਰਨਾਂ ਦੇਸ਼ਾਂ ਦੇ ਅਰਥਚਾਰਿਆਂ ਦੇ ਮੁਕਾਬਲੇ ਭਾਰਤ ਦੀ ਕਾਰਗੁਜ਼ਾਰੀ ਕਿਵੇਂ ਬਿਹਤਰ ਹੈ ਅਤੇ ਭਾਰਤੀ ਅਰਥਚਾਰੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸਿਆ ਗਿਆ ਹੈ। ਉਂਝ ਜੇ ਭਾਰਤੀ ਅਰਥਚਾਰਾ ਵਧੀਆ ਦੌਰ ’ਚੋਂ ਗੁਜ਼ਰ ਰਿਹਾ ਹੈ ਤਾਂ ਮਹਿੰਗਾਈ, ਬੇਰੁਜ਼ਗਾਰੀ, ਮਾੜੀ ਸਿੱਖਿਆ, ਸਿਹਤ ਪ੍ਰਬੰਧ ਆਦਿ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਹੈ। ਅਰਥਚਾਰੇ ਦੀ ਪ੍ਰਗਤੀ ਦੇ ਨਾਲ ਨਾਲ ਆਮ ਬੰਦੇ ਦੀ ਪ੍ਰਗਤੀ ਵੀ ਹੋਣੀ ਚਾਹੀਦੀ ਹੈ। ਕਿਰਤ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ। ਸਾਰਿਆਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਚੰਗੇ ਅਰਥਚਾਰੇ ਦੇ ਨਾਲ ਨਾਲ ਚੰਗੇ ਰਾਸ਼ਟਰ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਦਵਿੰਦਰ ਸਿੰਘ ਸਿਆਣ, ਅਮਰਗੜ੍ਹ (ਮਾਲੇਰਕੋਟਲਾ)


ਬਾਲ ਸਾਹਿਤ

‘ਸਤਰੰਗ’ ਸਫ਼ੇ ’ਤੇ ਹਰਿੰਦਰ ਸਿੰਘ ਗੋਗਨਾ ਦੀ ਬਾਲ ਕਹਾਣੀ ‘ਚਿੰਕੀ ਦੀ ਚਾਕਲੇਟ’ (12 ਨਵੰਬਰ) ਪੜ੍ਹੀ। ਕਹਾਣੀ ਸੰਦੇਸ਼ ਦੇਣ ਵਾਲੀ ਹੈ। ਚਾਕਲੇਟ ਸਾਡੇ ਦੰਦਾਂ ਨੂੰ ਖਰਾਬ ਕਰਦੀ ਹੈ ਜਿਸ ਕਰਕੇ ਸਾਨੂੰ ਪ੍ਰੇਸ਼ਾਨੀ ਦਾ ਸਾਮਹਣਾ ਕਰਨਾ ਪੈਂਦਾ ਹੈ। ਬਾਲ ਕਵਿਤਾਵਾਂ ‘ਪਰਾਲੀ ਨਾ ਜਲਾਓ’ (ਸ਼ੀਲੂ) ਅਤੇ ‘ਨਨਕਾਣੇ ਦੀ ਧਰਤੀ ਨੂੰ’ (ਨਵਰੀਤ ਕੌਰ) ਵਧੀਆ ਸੀ। ਬਾਲਾਂ ਦੇ ਵਿਕਾਸ ਵਿਚ ਬਾਲ ਸਾਹਿਤ ਦਾ ਬਹੁਤ ਮਹੱਤਵ ਹੈ। ਇਸ ਲਈ ਬਾਲ ਸਾਹਿਤ ਦਾ ਦਾਇਰਾ ਵਧਾਇਆ ਜਾਵੇ।
ਰਾਮ ਸਿੰਘ ਪਾਠਕ, ਬਠਿੰਡਾ