ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ

Dec 26, 2021

ਬੰਗਲਾਦੇਸ਼ ਦੀ ਆਜ਼ਾਦੀ

19 ਦਸੰਬਰ ਦੇ ਦਸਤਕ ਅੰਕ ਵਿਚ ਪੂਰਬੀ ਪਾਕਿਸਤਾਨ ਤੋਂ ਬੰਗਲਾਦੇਸ਼ ਬਣਨ ਦੇ ਤਰਤੀਬਵਾਰ ਸਫ਼ਰ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਹੋਈ। ਕੋਈ ਵੀ ਨਵਾਂ ਦੇਸ਼ ਬਣਨ ਤੋਂ ਪਹਿਲਾਂ ਖ਼ੂਨ ਖਰਾਬਾ, ਲੋਕਾਂ ਦਾ ਉਜਾੜਾ ਅਤੇ ਨਵੇਂ ਸਿਰਿਓਂ ਵੱਸਣਾ ਅਤਿਅੰਤ ਦੁਖਦਾਈ ਵਰਤਾਰਾ ਹੁੰਦਾ ਹੈ। 1971 ਵਿਚ ਪਾਕਿਸਤਾਨ ਦਿਵਸ ’ਤੇ ਬੰਗਲਾਦੇਸ਼ ਦਾ ਝੰਡਾ ਲਹਿਰਾਇਆ ਗਿਆ। ਪਾਕਿਸਤਾਨੀ ਫ਼ੌਜ ਨੇ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਕਰਨਾ ਅਤੇ ਨਾਗਰਿਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤੀਹ ਲੱਖ ਦੇ ਕਰੀਬ ਬੰਗਲਾਦੇਸ਼ੀ ਮਾਰੇ ਗਏ। ਅਖੀਰ 16 ਦਸੰਬਰ 1971 ਨੂੰ ਪੂਰਬੀ ਪਾਕਿਸਤਾਨ ਦੇ ਇੰਚਾਰਜ ਜਨਰਲ ਨਿਆਜ਼ੀ ਨੇ ਜੰਗਬੰਦੀ ਦੀ ਅਪੀਲ ਕਰ ਕੇ ਲੈਫ. ਜਨ. ਜਗਜੀਤ ਸਿੰਘ ਅਰੋੜਾ ਸਾਹਮਣੇ ਹਥਿਆਰ ਸੁੱਟ ਦਿੱਤੇ। ਇਉਂ ਬੰਗਲਾਦੇਸ਼ ਪਾਕਿਸਤਾਨ ਤੋਂ ਅਮਲੀ ਰੂਪ ਵਿਚ ਆਜ਼ਾਦ ਹੋ ਗਿਆ।
ਜਸਬੀਰ ਕੌਰ, ਅੰਮ੍ਰਿਤਸਰ


ਅੱਖਾਂ ਖੋਲ੍ਹਣ ਵਾਲੀ ਰਚਨਾ

ਐਤਵਾਰ 19 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦੀ ਰਚਨਾ ‘ਜਮਹੂਰੀਅਤ ਵਿਚ ਗ਼ੈਰ-ਜਮਹੂਰੀਅਤ’ ਅੱਖਾਂ ਖੋਲ੍ਹਣ ਵਾਲੀ ਹੈ। ਇੰਗਲੈਂਡ ਦੀ ਸੰਸਦ ਨੇ 1688 ਦੀ ਸ਼ਾਨਦਾਰ ਕ੍ਰਾਂਤੀ ਤੋਂ ਬਾਅਦ ਮਨੁੱਖੀ ਅਧਿਕਾਰਾਂ ਨੂੰ ਸਥਾਪਿਤ ਕਰਨ ਲਈ 1689 ਵਿਚ ‘ਬਿੱਲ ਆਫ਼ ਰਾਈਟਸ’ ਪਾਸ ਕੀਤਾ। ਅੱਗੇ ਚੱਲ ਕੇ ਅਮਰੀਕੀ ਖਾਨਾਜੰਗੀ ਦੌਰਾਨ ਅਬਰਾਹਮ ਲਿੰਕਨ ਨੇ ਆਧੁਨਿਕ ਪ੍ਰਜਾਤੰਤਰ ਲਈ ਭਰਵਾਂ ਯੋਗਦਾਨ ਪਾਇਆ। ਲੇਖਕ ਨੇ ਜਮਹੂਰੀਅਤ ਲਈ ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੋਲੇ ਗਏ ਸ਼ਬਦਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਕਥਨੀ ਅਤੇ ਕਰਨੀ ਨੂੰ ਸਪਸ਼ਟ ਕੀਤਾ ਗਿਆ ਹੈ। ਸਾਡੇ ਦੇਸ਼ ਵਿੱਚ ਗ਼ੈਰ-ਜਮਹੂਰੀਅਤ ਵਾਲਾ ਰਵੱਈਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਵਿੰਡਬਨਾ: ਦੋ-ਮੁਲਕ ਸਿਧਾਂਤ ਦਾ ਪੁਨਰ ਜਨਮ’ ਬਹੁਤ ਵਧੀਆ ਲੱਗਾ। ਇਸ ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਚਰਚਾ ਅਤੇ ਇਸ ਦੀ ਜਿੱਤ ਮਨਾਉਣ ਦੇ ਵੱਖ ਵੱਖ ਢੰਗਾਂ ਦੀ ਗੱਲ ਕੀਤੀ ਹੈ। ਪੱਛਮੀ ਬੰਗਾਲ ਦੇ ਸੂਝਵਾਨ ਲੋਕਾਂ ਨੇ ਚੋਣਾਂ ਵਿਚ ਸਦੀਆਂ ਤੋਂ ਚੱਲੀ ਆ ਰਹੀ ਹਿੰਦੂ-ਮੁਸਲਿਮ ਏਕਤਾ ਅਤੇ ਅਟੁੱਟ ਭਾਈਚਾਰਾ ਸਿਆਸੀ ਪਾਰਟੀਆਂ ਨੂੰ ਦਿਖਾ ਦਿੱਤਾ ਜੋ ਅੱਖਾਂ ਖੋਲ੍ਹਣ ਵਾਲਾ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਪਾਠਕਾਂ ਦੇ ਖ਼ਤ

Dec 25, 2021

ਸ਼ਬਦਾਂ ਦਾ ਕਦਰਦਾਨ

21 ਦਸੰਬਰ ਨੂੰ ‘ਗੁਰਸੇਵਕ ਸਿੰਘ ਪ੍ਰੀਤ’ ਦਾ ਲੇਖ ‘ਸ਼ਬਦਾਂ ਦਾ ਕਦਰਦਾਨ’ ਵਧੀਆ ਲੱਗਾ। ਇਸ ਵਿਚ ਕੰਮੀਆਂ ਦੇ ਵਿਹੜੇ ਦੇ ਸੂਰਜ ਪ੍ਰੋ. ਗੁਰਨਾਮ ਸਿੰਘ ਮੁਕਤਸਰ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਆਪਣਾ ਪੂਰਾ ਜੀਵਨ ਡਾ. ਭੀਮ ਰਾਓ ਅੰਬੇਦਕਰ ਦੇ ਮਿਸ਼ਨ ਨੂੰ ਪੂਰਾ ਕਰਨ ਵਿਚ ਲਗਾ ਦਿੱਤਾ। ਉਨ੍ਹਾਂ ਆਪਣੀ ਕਲਮ ਰਾਹੀਂ ਦਲਿਤ ਇਤਿਹਾਸ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਬਾਤ ਪਾਈ। ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਭਾਰਤ ਦੇ ਇਤਿਹਾਸ ਨੂੰ ਜਾਣਨ ਲਈ ਮੀਲ ਪੱਥਰ ਵਾਂਗ ਹੈ। ਉਨ੍ਹਾਂ ਦੀਆਂ ਹੋਰ ਪੁਸਤਕਾਂ ਵੀ ਦੱਬੇ-ਕੁਚਲੇ ਲੋਕਾਂ ਦੇ ਜੀਵਨ ਬਾਰੇ ਸੱਚੀ ਤਸਵੀਰ ਪੇਸ਼ ਕਰਦੀਆਂ ਹਨ। 17 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ‘ਵਿਪਨ ਜਲਾਲਾਬਾਦੀ’ ਦਾ ਲੇਖ ‘ਸੱਜਣ ਵਾਲੀ ਗੱਲ’ ਵਧੀਆ ਲੱਗਾ। ਇਸ ਵਿਚ ਸਮਾਜ ਦਾ ਦਰਦ ਬਿਆਨ ਕੀਤਾ ਗਿਆ ਹੈ ਕਿ ਗ਼ਰੀਬ ਲੋਕਾਂ ਦੇ ਮਸਲੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਤਕ ਹੱਲ ਨਹੀਂ ਹੋਏ। ਉਹ ਅੱਜ ਵੀ ਥੁੜ੍ਹਾਂ ਮਾਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਨੂੰ ਹਰ ਪੰਜ ਸਾਲ ਬਾਅਦ ਵੋਟਾਂ ਦੇ ਰੂਪ ਵਿਚ ਕੇਵਲ ਝੂਠੇ ਲਾਰੇ ਤੇ ਵਾਅਦੇ ਹੀ ਮਿਲਦੇ ਹਨ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ


ਖਪਤਵਾਦੀ ਸੱਭਿਆਚਾਰ

24 ਦਸੰਬਰ ਨੂੰ ਅਵਿਜੀਤ ਪਾਠਕ ਦਾ ਲੇਖ ‘ਖਪਤਵਾਦੀ ਸੱਭਿਆਚਾਰ ਦੇ ਪਸਾਰ’ ਪੜ੍ਹਿਆ। ਵਾਕਈ ਖਪਤਵਾਦੀ ਸੱਭਿਆਚਾਰ ਦੀ ਪੈਰਵੀ ਕਰਨ ਵਾਲੇ ਲੋਕ ਆਮ ਲੋਕਾਂ ਅੰਦਰ ਪਿਛਾਂਹ ਰਹਿ ਜਾਣ ਬਾਰੇ ਖ਼ਦਸ਼ੇ ਖੜ੍ਹੇ ਕਰਦੇ ਹਨ, ਫਿਰ ਖਪਤਵਾਦੀ ਜਾਲ ’ਚ ਫਾਹ ਲੈਂਦੇ ਹਨ।
ਜਸਵੰਤ ਕੌਰ ਮਾਹੀ, ਹੁਸ਼ਿਆਰਪੁਰ


ਜਾਤੀ ਤੇ ਜਮਾਤੀ ਲੜਾਈ

23 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਦਵੀ ਦਵਿੰਦਰ ਕੌਰ ਦੀ ਲਿਖਤ ‘ਹੱਕਾਂ ਦੀ ਮਹਿਕ ਤੇ ਅੱਡੀ ਦੀ ਧਮਕ’ ਪੜ੍ਹਿਆ। ਲੇਖਕ ਨੇ ਕਿਸਾਨੀ ਸੰਘਰਸ਼ ਵਿਚ ਔਰਤਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਬਾਲਦ ਕਲਾਂ ਦਾ ਜ਼ਿਕਰ ਕੀਤਾ ਹੈ। ਕਿਸ ਤਰ੍ਹਾਂ ਦਲਿਤਾਂ ਨੇ ਪਿੰਡ ਦੀ ਤੀਜੇ ਹਿੱਸੇ ਦੀ ਜ਼ਮੀਨ ਦੀ ਮਾਲਕੀ ਲਈ ਸੰਘਰਸ਼ ਕੀਤਾ। ਇਕੱਠੇ ਹੋਣ ਦਾ ਸਬੂਤ ਪੇਸ਼ ਕੀਤਾ। ਫ਼ਸਲ ਦੀ ਪੈਦਾਵਾਰ ਤੇ ਆਪਸ ਵਿਚ ਵੰਡ ਦੀ ਖੁਸ਼ੀ ਜ਼ਾਹਿਰ ਕੀਤੀ। ਸਵਾਲ ਪੈਦਾ ਹੁੰਦਾ ਹੈ ਕਿ ਪਿੰਡਾਂ ਵਿਚ ਤੀਜੇ ਹਿੱਸੇ ਦੀ ਜ਼ਮੀਨ ਦੀ ਮਾਲਕੀ ਲਈ ਸੰਘਰਸ਼ ਵਿਚ ਕਿਸਾਨ ਜਥੇਬੰਦੀਆਂ ਆਪਣਾ ਰੋਲ ਅਦਾ ਕਰਨਗੀਆਂ? ਅੱਜ ਜਾਤੀ ਦੀ ਜਗ੍ਹਾ ਜਮਾਤੀ ਲੜਾਈ ਲੜਨ ਦੀ ਲੋੜ ਹੈ। 21 ਦਸੰਬਰ ਨੂੰ ਗੁਰਸੇਵਕ ਸਿੰਘ ਪ੍ਰੀਤ ਦਾ ਲੇਖ ‘ਸ਼ਬਦਾਂ ਦਾ ਕਦਰਦਾਨ’ ਪੜ੍ਹਿਆ। ਉਨ੍ਹਾਂ ਨੇ ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਾਲ ਬਣੀ ਸਾਂਝ ਪਾਠਕਾਂ ਨਾਲ ਸਾਂਝੀ ਕੀਤੀ ਹੈ। ਪ੍ਰੋ. ਗੁਰਨਾਮ ਸਿੰਘ ਨੇ ਬਾਮਸੇਫ਼, ਡੀਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਹਿਲੀਆਂ ਵਿਚ ਉਨ੍ਹਾਂ ਕਮਿਊਨਿਸਟ ਲਹਿਰ ਵਿਚ ਵੀ ਆਪਣਾ ਰੋਲ ਅਦਾ ਕੀਤਾ। 20 ਦਸੰਬਰ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦੀ ਲਿਖਤ ਪੜ੍ਹ ਕੇ ‘ਪਿੱਛੇ ਰਹਿਣ ਦੀ ਸਜ਼ਾ’ ਪੜ੍ਹ ਕੇ ਇੰਝ ਮਹਿਸੂਸ ਹੋਇਆ ਜਿਵੇਂ ਇਹ ਮੇਰੇ ’ਤੇ ਲਿਖਿਆ ਗਿਆ ਹੈ। ਸਕੂਲਾਂ ਦਾ ਵਪਾਰੀਕਰਨ ਹੋਣ ਕਰ ਕੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਨਕਲ ਦੀ ਭਰਮਾਰ ਤੇ ਅਨੁਸ਼ਾਸਨ ਦੀ ਘਾਟ ਹੈ। ਕਾਸ਼! ਅੱਜ ਵੀ ਦੇਸ਼ ਦੇ ਸਰਮਾਏ (ਵਿਦਿਆਰਥੀ) ਨੂੰ ਸਾਂਭਣ ਲਈ ਹੋਣਹਾਰ ਅਧਿਆਪਕ ਵਰਗ ਅੱਗੇ ਆਵੇ।
ਮਨਮੋਹਨ ਸਿੰਘ, ਨਾਭਾ

(2)

ਦਵੀ ਦਵਿੰਦਰ ਕੌਰ ਨੇ ਜੁਝਾਰੂ ਔਰਤਾਂ ਦੇ ਜਿਸ ਗਿੱਧੇ ਦਾ ਜ਼ਿਕਰ ਆਪਣੀ ਰਚਨਾ ‘ਹੱਕਾਂ ਦੀ ਮਹਿਕ ਤੇ ਅੱਡੀ ਦੀ ਧਮਕ’ ਵਿਚ ਛੇੜਿਆ ਹੈ, ਉਹ ਅਸਲ ਵਿਚ ਉਨ੍ਹਾਂ ਦੇ ਲੜੇ ਸੰਘਰਸ਼ ਦੀ ਕਮਾਈ ਹੈ। ਇਸ ਕਮਾਈ ਕਰਕੇ ਹੀ ਉਹ ਸਿਰ ਉੱਚਾ ਕਰ ਕੇ ਜੀਣ ਦੇ ਕਾਬਲ ਹੋਈਆਂ ਹਨ।
ਰੇਸ਼ਮ ਕੌਰ, ਸੰਗਰੂਰ


ਖੇਤੀ ਦੇ ਮਸਲੇ

20 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਪਿਆਰਾ ਲਾਲ ਗਰਗ ਦਾ ਲੇਖ ‘ਘੱਟੋ-ਘੱਟ ਸਮਰਥਨ ਮੁੱਲ ਦਾ ਮਸਲਾ ਅਤੇ ਸਰਕਾਰ’ ਪੜ੍ਹਿਆ। ਲੇਖਕ ਮੁਤਾਬਕ ਖੇਤੀ ਕਾਨੂੰਨ ਭਾਵੇਂ ਰੱਦ ਕਰ ਦਿੱਤੇ ਗਏ ਹਨ ਪਰ ਅਜੇ ਵੀ ਖੇਤੀ ਨਾਲ ਸਬੰਧਿਤ ਕਈ ਗੰਭੀਰ ਮਾਮਲੇ ਅਣਸੁਲਝੇ ਪਏ ਹਨ, ਜਿਵੇਂ ਘੱਟੋ-ਘੱਟ ਸਮਰਥਨ ਮੁੱਲ, ਬੀਜ ਖਾਦਾਂ, ਕੀਟਨਾਸ਼ਕ, ਦਾਲਾਂ ਆਦਿ ਦੇ ਖ਼ਰਚੇ। ਖ਼ੁਦਕੁਸ਼ੀਆਂ ਦੇ ਮਾਮਲਿਆਂ ਦੀ ਤਹਿ ਵੀ ਫਰੋਲਣੀ ਬਣਦੀ ਹੈ। ਪਰਾਲੀ ਦੇ ਹੱਲ ਲਈ ਸਸਤੀਆਂ ਮਸ਼ੀਨਾਂ ਦਾ ਪ੍ਰਬੰਧ ਜ਼ਰੂਰੀ ਹੈ। ਪਰ ਇਸ ਵੇਲੇ ਸਾਰੀਆਂ ਸਿਆਸੀ ਧਿਰਾਂ ਦਾ ਸਾਰਾ ਧਿਆਨ ਵੋਟਾਂ ਲੈਣ ਲਈ ਇਕ ਦੂਜੇ ਦੀਆਂ ਊਣਤਾਈਆਂ ਲੱਭ ਕੇ ਤੇ ਆਪਣੀਆਂ ਕਾਰਗੁਜ਼ਾਰੀਆਂ ਦੱਸ ਦੇ ਪ੍ਰਚਾਰ ਵਾਲੇ ਪਾਸੇ ਲੱਗਾ ਹੋਇਆ ਹੈ।
ਜਸਬੀਰ ਕੌਰ, ਅੰਮ੍ਰਿਤਸਰ


ਸੰਵਿਧਾਨਕ ਸੰਸਥਾਵਾਂ ’ਤੇ ਹਮਲੇ

18 ਦਸੰਬਰ ਦਾ ਸੰਪਾਦਕੀ ‘ਕੇਂਦਰ ਅਤੇ ਚੋਣ ਕਮਿਸ਼ਨ’ ਅਹਿਮ ਹੈ ਜਿਹੜਾ ਕੇਂਦਰ ਸਰਕਾਰ ਦੇ ਸੰਵਿਧਾਨਕ ਸੰਸਥਾਵਾਂ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਪੋਲ ਖੋਲ੍ਹਦਾ ਹੈ। ਚੋਣ ਕਮਿਸ਼ਨਰ ਦਾ ਅਹੁਦਾ ਸੰਵਿਧਾਨਕ ਹੋਣ ਕਾਰਨ ਇਹ ਆਜ਼ਾਦਾਨਾ ਹਸਤੀ ਦਾ ਮਾਲਕ ਹੈ ਪਰ ਸਰਕਾਰ ਨੇ ਸੰਵਿਧਾਨ ਦੇ ਉਲਟ ਜਾ ਕੇ ਚੋਣ ਕਮਿਸ਼ਨਰ/ਕਮਿਸ਼ਨਰਾਂ ਨੂੰ ਆਪਣੇ ਪ੍ਰਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਆਉਣ ਲਈ ਸੱਦਾ ਪੱਤਰ ਦਿੱਤਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਦੋਗਾਣਾ ਜੋੜੀਆਂ

18 ਦਸੰਬਰ ਦੇ ਸਤਰੰਗ ਪੰਨੇ ’ਤੇ ਮਨਜਿੰਦਰ ਸਿੰਘ ਸਰੌਦ ਨੇ ਦੋਗਾਣਾ ਜੋੜੀਆਂ ਬਾਰੇ ਇਕਪਾਸੜ ਵਿਚਾਰ ਲਿਖੇ ਹਨ। ਦੋਗਾਣਾ ਜੋੜੀਆਂ ਦਾ ਫਰਸ਼ ’ਤੇ ਆਉਣ ਵਾਲੀ ਗੱਲ ਨਹੀਂ ਹੈ। ਹਾਂ, ਕੁਝ ਦੋਗਾਣਾ ਜੋੜੀਆਂ ਕੁਝ ਸਮਾਂ ਆਪਣਾ ਜਲਵਾ ਦਿਖਾ ਕੇ ਮੰਚ ਤੋਂ ਪਾਸੇ ਹੋ ਜਾਂਦੀਆਂ ਹਨ। ਡੀਡੀ ਪੰਜਾਬੀ ’ਤੇ ਕਈ ਦੋਗਾਣਾ ਜੋੜੀਆਂ ਨੂੰ ਹੁਣ ਵੀ ਦਰਸ਼ਕ ਸਾਹ ਰੋਕ ਕੇ ਸੁਣਦੇ ਹਨ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ


ਵੋਟਾਂ ਦੀ ਸਿਆਸਤ

17 ਦਸੰਬਰ ਦੇ ਸੰਪਾਦਕ ‘ਜਮਹੂਰੀਅਤ ਦਾ ਤਕਾਜ਼ਾ’ ਵਿਚ ਅਜੈ ਮਿਸ਼ਰਾ ਦੀ ਕੇਂਦਰੀ ਕੈਬਨਿਟ ਤੋਂ ਬਰਖ਼ਾਸਤਗੀ ਦੀ ਮੰਗ ਬਿਲਕੁਲ ਜਾਇਜ਼ ਹੈ। ਵੈਸੇ ਤਾਂ ਮੰਤਰੀ ਨੂੰ ਖ਼ੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ, ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਉਸ ਨੂੰ ਕੈਬਨਿਟ ਤੋਂ ਦਰ-ਕਿਨਾਰ ਕਰ ਦੇਣਾ ਚਾਹੀਦਾ ਸੀ ਪਰ ਯੂਪੀ ਦੀ ਬ੍ਰਾਹਮਣ ਵੋਟ ਖਾਤਰ ਅਜਿਹਾ ਨਹੀਂ ਕੀਤਾ ਜਾ ਰਿਹਾ। 17 ਦਸੰਬਰ ਨੂੰ ਹੀ ਜਗਰੂਪ ਸਿੰਘ ਸੇਖੋਂ ਨੇ ਆਪਣੇ ਲੇਖ ‘ਵਿਧਾਨ ਸਭਾ ਚੋਣਾਂ ਅਤੇ ਸਿਆਸੀ ਮਾਹੌਲ’ ਵਿਚ ਨਿਰਪੱਖ ਨਜ਼ਰੀਆ ਪੇਸ਼ ਕੀਤਾ ਹੈ। ਵਾਕਈ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਆਸੀ ਪੰਡਤਾਂ ਦੇ ਕਿਆਸਾਂ ਨੂੰ ਪਰਖਣ ਵਾਲੀਆਂ ਹਨ। ਪੰਜਾਬ ਨੂੰ ਅੱਗੇ ਵਧਾਉਣ ਦਾ ਮਾਡਲ ਕਿਸੇ ਪਾਰਟੀ ਕੋਲ ਨਜ਼ਰ ਨਹੀਂ ਆ ਰਿਹਾ। ਉਂਝ ਇਸ ਵਾਰ ਪੰਜਾਬ ਦਾ ਵੋਟਰ ਜਾਗਰੂਕ ਹੋ ਚੁੱਕਾ ਹੈ।
ਡਾ. ਸੁਖਦੇਵ ਸਿੰਘ ਮਿਨਹਾਸ, ਮੁਹਾਲੀ

ਪਾਠਕਾਂ ਦੇ ਖ਼ਤ

Dec 24, 2021

ਪੰਜਾਬ ਦੀ ਦੁਬਿਧਾ ਬਨਾਮ ਪੰਜਾਬ ਦਾ ਭਵਿੱਖ

22 ਦਸੰਬਰ ਨੂੰ ‘ਖਿਆਲ-ਦਰ-ਖਿਆਲ’ ਵਿਚ ਸਵਰਾਜਬੀਰ ਦਾ ਲੇਖ ‘ਪੰਜਾਬ ਦੀ ਦੁਬਿਧਾ’ ਪੜ੍ਹਿਆ। ਇਹ ਦੁਬਿਧਾ ਖ਼ਤਰਨਾਕ ਵੀ ਹੋ ਸਕਦੀ ਹੈ ਤੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਰਾਮ ਬਾਣ ਵੀ। ਇਤਿਹਾਸ ਵਿਚ ਵੀ ਦੁਬਿਧਾ ਵਾਲੇ ਅਜਿਹੇ ਮੌਕੇ ਆਏ ਹਨ। ਗੁਰਦੁਆਰਾ ਸੁਧਾਰ ਲਹਿਰ ਵੇਲੇ ਉੱਭਰੀ ਲੀਡਰਸ਼ਿਪ ਨੇ ਜਦੋਂ ਮੋਰਚਾ ਫਤਿਹ ਕਰ ਲਿਆ ਤਾਂ ਉਨ੍ਹਾਂ ਸਾਹਮਣੇ ਵੀ ਇਹੀ ਦੁਬਿਧਾ ਸੀ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਫ਼ੈਸਲਾ ਕਰਕੇ ਦੁਬਿਧਾ ਦੂਰ ਕਰ ਲਈ ਤੇ ਸਾਰੀ ਲਹਿਰ ਦੀ ਲੀਡਰਸ਼ਿਪ ਦੇਸ਼ ਨੂੰ ਆਜ਼ਾਦ ਕਰਨ ਲਈ ਲੜੀ ਜਾ ਰਹੀ ਲੜਾਈ ਵੱਲ ਮੁੜ ਗਈ। ਅੱਜ ਵੀ ਪੰਜਾਬ ਲਈ ਕਿਸਾਨੀ ਸੰਘਰਸ਼ ਹੀ ਇਕੋ-ਇਕ ਆਸ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਰਲ ਕੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਂ ’ਤੇ ਰੋਟੀਆਂ ਸੇਕੀਆਂ ਹਨ। ਅੱਜ ਪੰਜਾਬ ਨੂੰ ਇਨ੍ਹਾਂ ਸਾਰਿਆਂ ਨੇ ਅਜਿਹੇ ਕੂਹਣੀ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿੱਥੇ ਭਵਿੱਖ ਪੂਰੀ ਤਰ੍ਹਾਂ ਸੰਕਟ ਵਾਲਾ ਨਜ਼ਰ ਆ ਰਿਹਾ ਹੈ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ ਤੇ ਪੰਜਾਬ ਦੀਆਂ ਸਾਰੀਆਂ ਸੁਹਿਰਦ ਧਿਰਾਂ ਨੂੰ ਨਾਲ ਲੈ ਕੇ ਵੱਡੇ ਸੰਘਰਸ਼ ਲਈ ਲਾਮਬੰਦ ਕਰਨਾ ਚਾਹੀਦਾ ਹੈ।
ਪਰਮਜੀਤ ਢੀਂਗਰਾ, ਮੁਕਤਸਰ


ਵੇਦਨਾ

22 ਦਸੰਬਰ ਦਾ ਸੰਪਾਦਕੀ ‘ਵਧ ਰਹੀ ਵੇਦਨਾ’ ਪੜ੍ਹਿਆ। ਬੇਅਦਬੀ ਮਾਮਲਿਆਂ ਕਾਰਨ ਸਿੱਖਾਂ ਦੀ ਵੇਦਨਾ ਦਾ ਵਧਣਾ ਕੁਦਰਤੀ ਹੈ। ਦੁਨੀਆ ਦੇ ਸਾਰੇ ਧਰਮਾਂ ਵਿਚੋਂ ਸਿੱਖ ਧਰਮ ਹੀ ਅਜਿਹਾ ਹੈ ਜੋ ਆਦਮੀ ਹੋਵੇ ਜਾਂ ਔਰਤ, ਗੋਰੇ ਹੋਣ ਜਾਂ ਕਾਲੇ, ਪੰਜਾਬੀ ਹੋਣ ਜਾਂ ਕਿਸੇ ਵੀ ਸੂਬੇ ਜਾਂ ਮੁਲਕ ਦੇ; ਮੁਸਲਿਮ, ਯਹੂਦੀ, ਪਾਰਸੀ, ਬੋਧੀ ਅਤੇ ਭਾਸ਼ਾ ਪੰਜਾਬੀ, ਹਿੰਦੀ ਜਾਂ ਸੰਸਕ੍ਰਿਤ ਵਗੈਰਾ ਸਭ ਨੂੰ ਬਰਾਬਰ ਸਮਝਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਇਸ ਦੀ ਮਿਸਾਲ ਹੈ। ਇਸ ਸੂਰਤ ਵਿਚ ਬੇਅਦਬੀਆਂ ਨਾਲ ਵੇਦਨਾ ਵਧਦੀ ਹੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਅੰਨਦਾਤੇ ਦੀ ਆਸਥਾ

18 ਦਸੰਬਰ ਨੂੰ ਡਾ. ਮੋਹਨ ਸਿੰਘ ਦੀ ਰਚਨਾ ‘ਕਿਸਾਨ ਅੰਦੋਲਨ ਦੀ ਜਿੱਤ ਅਤੇ ਨਵੀਂ ਵੰਗਾਰ’ ਅੰਨਦਾਤੇ ਦੀ ਆਸਥਾ ਅਤੇ ਦਰਿਆਦਿਲੀ ਨੂੰ ਦਰਸਾਉਣ ਵਾਲੀ ਹੈ। ਲੇਖਕ ਨੇ ਇਸ ਸੰਘਰਸ਼ ਨੂੰ 21ਵੀਂ ਸਦੀ ਦੇ ਕ੍ਰਿਸ਼ਮੇ ਵਜੋਂ ਨਵਾਜਿਆ ਹੈ। ਇਹ ਜਮਹੂਰੀਅਤ ਦੀ ਜਿੱਤ ਹੈ। ਇਸ ਕ੍ਰਾਂਤੀ ਨੇ ਸਮਾਜ ਵਿਚ ਵਿਚਰਦੇ ਹਰ ਵਰਗ ਦੇ ਸਵੈਮਾਣ ਨੂੰ ਜਗਾਇਆ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)


ਹਾਸੋਹੀਣੀ ਹਾਲਤ

18 ਦਸੰਬਰ ਨੂੰ ਪਹਿਲੇ ਪੰਨੇ ’ਤੇ ਲੱਗੀ ਖ਼ਬਰ ‘ਏਡਿਡ ਕਾਲਜਾਂ ਦੇ ਸਹਾਇਕ ਪ੍ਰੋਫ਼ੈਸਰ ਰੈਗੂਲਰ ਕਰਨ ਦੀ ਮਨਜ਼ੂਰੀ’ ਪੰਜਾਬ ਸਰਕਾਰ ਦੇ ਹਾਸੋਹੀਣੇ ਹਾਲਾਤ ਦੀ ਝਲਕ ਪੇਸ਼ ਕਰ ਰਹੀ ਹੈ। ਜਿਹੜੇ ਸਰਕਾਰੀ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫ਼ੈਸਰਾਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਾਅਵੇ ਸਰਕਾਰ ਅੱਜ ਕਰ ਰਹੀ ਹੈ, ਉਨ੍ਹਾਂ ਨੂੰ ਅਸਲ ਵਿਚ ਸਰਕਾਰ 2 ਸਾਲ ਪਹਿਲਾਂ ਹੀ (ਜੁਲਾਈ 2019) ਵਿਚ ਰੈਗੂਲਰ ਕਰ ਚੁੱਕੀ ਹੈ। 2019 ਤੋਂ ਚੱਲ ਰਹੀ ਪ੍ਰਕਿਰਿਆ ਅਧੀਨ 3 ਸਾਲ ਪੂਰੇ ਕਰ ਚੁੱਕੇ ਸਹਾਇਕ ਪ੍ਰੋਫ਼ੈਸਰਾਂ ਦੇ ਕੇਸ ਬਣਾ ਕੇ ਕਾਲਜ ਵੱਲੋਂ ਡੀਪੀਆਈ ਦਫ਼ਤਰ ਨੂੰ ਭੇਜੇ ਜਾਂਦੇ ਹਨ। ਡੀਪੀਆਈ ਮੁਲੰਕਣ ਕਮੇਟੀ ਰਾਹੀਂ ਇਨ੍ਹਾਂ ਕੇਸਾਂ ਦੀ ਪੁਣ-ਛਾਣ ਕਰਕੇ ਫ਼ਾਇਨਾਂਸ ਵਿਭਾਗ ਦੇ ਕੈਬਨਿਟ ਦੀ ਮਨਜ਼ੂਰੀ ਲਈ ਭੇਜ ਦਿੰਦਾ ਹੈ। ਇਸ ਤਰ੍ਹਾਂ ਇਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਨੂੰ ਪੱਕੇ ਕੀਤਾ ਜਾਂਦਾ ਹੈ। ਕਈ ਏਡਿਡ ਕਾਲਜਾਂ ਦੇ ਸਹਾਇਕ ਪ੍ਰੋਫ਼ੈਸਰ ਪਹਿਲਾਂ ਹੀ ਪੂਰੇ ਗ੍ਰੇਡ ’ਚ ਤਨਖ਼ਾਹ ਲੈ ਰਹੇ ਹਨ। ਅਸਲ ਵਿਚ ਸਰਕਾਰ ਜਨਤਾ ਨੂੰ ਬਿਹਤਰ ਵਿੱਦਿਆ ਪ੍ਰਣਾਲੀ ਦੀ ਹਾਮੀ ਹੋਣ ਦਾ ਭੁਲੇਖਾ ਪਾ ਰਹੀ ਹੈ। ਇਹ ਦੂਹਰੀ ਮਨਜ਼ੂਰੀ ਦੀ ਬਜਾਇ ਸਰਕਾਰ ਨੂੰ ਸਹਾਇਕ ਪ੍ਰੋਫ਼ੈਸਰਾਂ ਨੂੰ ਰੈਗੂਲਰ ਕਰਨ ਦੀ ਗੁੰਝਲਦਾਰ ਪ੍ਰਕਿਰਿਆ ਵਿਚ ਢਿੱਲ ਦੇਣੀ ਚਾਹੀਦੀ ਸੀ, ਜਿਸ ਕਾਰਨ ਸਹਾਇਕ ਪ੍ਰੋਫ਼ੈਸਰ ਨੂੰ 3 ਸਾਲ ਪੂਰੇ ਕਰਨ ਤੋਂ ਬਾਅਦ ਵੀ ਰੈਗੂਲਰ ਹੋਣ ਲਈ ਘੱਟੋ-ਘੱਟ ਇਕ ਵਰ੍ਹਾ ਹੋਰ ਉਡੀਕ ਕਰਨੀ ਪੈਂਦੀ ਹੈ।
ਗੁਰਪ੍ਰਵੇਸ਼ ਸਿੰਘ ਢਿੱਲੋਂ, ਹਰਨਾਮ ਸਿੰਘ ਵਾਲਾ (ਬਠਿੰਡਾ)


ਬਦਲਦੀ ਦੁਨੀਆ

18 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਓਪਿੰਦਰ ਸਿੰਘ ਲਾਂਬਾ ਦੇ ਮਿਡਲ ‘ਟੇਵੇ ਵਾਲੀ ਜੁਗਤ’ ਦੀ ਇਹ ਗੱਲ ਬੜੀ ਵਧੀਆ ਲੱਗੀ ਕਿ ਬੰਦਾ ਹਮੇਸ਼ਾ ਆਪਣੇ ਕਰਮ, ਕਿਰਦਾਰ ਤੇ ਵਰਤਾਰੇ ਤੋਂ ਹੀ ਪਛਾਣਿਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਅਜਿਹੇ ਬਹੁਤ ਘੱਟ ਲੋਕ ਰਹਿ ਗਏ ਹਨ ਜਿਨ੍ਹਾਂ ਦੇ ਕਿਰਦਾਰ ਅਤੇ ਕਰਮ, ਦੋਨੋਂ ਹੀ ਚੰਗੇ ਹੁੰਦੇ ਹਨ। ਤੇਜ਼ੀ ਨਾਲ ਬਦਲ ਰਹੇ ਵਕਤ ਨਾਲ ਸ਼ਾਇਦ ਦੁਨੀਆ ਵੀ ਤੇਜ਼ੀ ਨਾਲ ਬਦਲ ਰਹੀ ਹੈ। ਬਹੁਤੇ ਆਪਣੇ ਮਤਲਬ ਅਨੁਸਾਰ ਚੱਲਦੇ ਹਨ।
ਰੁਪਿੰਦਰ ਕੌਰ, ਸੱਦੋਮਾਜਰਾ (ਫਤਹਿਗੜ੍ਹ ਸਾਹਿਬ)


ਸਿਆਸੀ ਵਾਅਦੇ

17 ਦਸੰਬਰ ਨੂੰ ਵਿਪਨ ਜਲਾਲਾਬਾਦੀ ਦਾ ਮਿਡਲ ‘ਸੱਜਣ ਦੀ ਗੱਲ’ ਵੋਟਾਂ ਪੈਣ ਤੋਂ ਪਹਿਲਾਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਜਨਤਾ ਨਾਲ ਕੀਤੇ ਵਾਅਦਿਆਂ ਬਾਰੇ ਸਹੀ ਟਿੱਪਣੀ ਹੈ। ਜੇਤੂ ਉਮੀਦਵਾਰ ਚੋਣ ਮਗਰੋਂ ਜਨਤਾ ਦੇ ਦੁੱਖ-ਸੁੱਖ ਵਿਚ ਸ਼ਿਰਕਤ ਕਰਨ ਤੋਂ ਵੀ ਕੰਨੀ ਕੱਟਦੇ ਹਨ, ਆਪਣੇ ਹਲਕੇ ਦੇ ਪਿੰਡਾਂ ਦਾ ਵਿਕਾਸ ਤਾਂ ਦੂਰ ਦੀ ਗੱਲ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਵਿਦੇਸ਼ਾਂ ਵਿਚ ਸਫ਼ਲਤਾ

15 ਦਸੰਬਰ ਦੇ ਲੇਖ ‘ਪਰਵਾਸੀ ਭਾਰਤੀਆਂ ਦੀ ਸਫ਼ਲਤਾ ਦੇ ਯਤਨ ਅਤੇ ਅਣਗੌਲੇ ਸਵਾਲ ਵਿਚ ਟੀਐੱਨ ਨੈਨਾਨ ਨੇ ਭਾਰਤੀਆਂ ਦੀ ਵਿਦੇਸ਼ਾਂ ਵਿਚ ਜਾ ਕੇ ਸਫ਼ਲ ਹੋਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਉਠਾਏ ਸਵਾਲ ਸੱਚਮੁੱਚ ਗੌਲਣ ਵਾਲੇ ਹਨ। ਉਂਜ ਇਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਇਨ੍ਹਾਂ ਜ਼ਹੀਨ, ਮਿਹਨਤੀ ਲੋਕਾਂ ਦੀ ਯੋਗਤਾ ਨੂੰ ਆਪਣੇ ਮੁਲਕ ਵਿਚ ਕਿਉਂ ਨਹੀਂ ਵਰਤਿਆ ਜਾ ਸਕਿਆ।
ਅਮਰਜੀਤ ਜੰਜੂਆ, ਈਮੇਲ


ਬੱਚਿਆਂ ਦੀ ਖੁਸ਼ੀ

ਅੰਜੂਜੀਤ ਪੰਜਾਬਣ ਦਾ ਲੇਖ ‘ਦੋਸਤੀ’ (ਨਜ਼ਰੀਆ, 15 ਦਸੰਬਰ) ਧਿਆਨ ਖਿੱਚਦਾ ਹੈ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਸਾਡੇ ਜਗੀਰੂ ਸੰਸਕਾਰ ਨਾਲ ਹੀ ਜਾਂਦੇ ਹਨ ਅਤੇ ਇਨ੍ਹਾਂ ਸੰਸਕਾਰਾਂ ਹੇਠ ਅਸੀਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦਫ਼ਨ ਕਰ ਦਿੰਦੇ ਹਾਂ। ਇਹ ਲਿਖਤ ਮਾਪਿਆਂ ਨੂੰ ਪੜ੍ਹਨੀ ਅਤੇ ਹੋਰਾਂ ਨੂੰ ਪੜ੍ਹਾਉਣੀ ਚਾਹੀਦੀ ਹੈ।
ਖੁਸ਼ਬੀਰ ਕੌਰ ਸੰਧੂ, ਪਟਿਆਲਾ

(2)

‘ਦੋਸਤੀ’ ਹਕੀਕੀ ਰੂਪ ਵਿਚ ਦੋਸਤੀ ਬਿਆਨ ਕਰਦਾ ਲੇਖ ਹੈ। ਇਸ ਮਾਮਲੇ ਵਿਚ ਭਾਰਤ ਜਾਂ ਪੰਜਾਬ ਤੋਂ ਪੱਛਮੀ ਮੁਲਕਾਂ ਵਿਚ ਆਉਣ ਵਾਲੇ ਬਹੁਤ ਪਿੱਛੇ ਹਨ। ਮਾੜੀ ਗੱਲ ਇਹ ਹੈ ਕਿ ਅਸੀਂ ਪੱਛਮ ਵਾਲਿਆਂ ਦੀਆਂ ਚੰਗੀਆਂ ਗੱਲਾਂ ਸਿੱਖਦੇ ਹੀ ਨਹੀਂ ਹਾਂ ਸਗੋਂ ਆਪਣੇ ਰੀਤੀ-ਰਿਵਾਜ ਸਿਰਾਂ ਉਤੇ ਢੋਹ ਰਹੇ ਹਾਂ।
ਗੁਲਵੰਸ਼ ਸਿੰਘ, ਕੈਲਗਰੀ (ਕੈਨੇਡਾ)

ਡਾਕ ਐਤਵਾਰ ਦੀ Other

Dec 19, 2021

ਗੁਰਦੇਵ ਸਿੰਘ ਰੁਪਾਣਾ ਨੂੰ ਸ਼ਰਧਾਂਜਲੀ

12 ਦਸੰਬਰ ਦੇ ‘ਦਸਤਕ’ ਅੰਕ ਦਾ ਪੂਰਾ ਪੰਨਾ ਪੰਜਾਬੀ ਦੇ ਅਜ਼ੀਮ ਅਫ਼ਸਾਨਾਨਿਗਾਰ ਗੁਰਦੇਵ ਸਿੰਘ ਰੁਪਾਣਾ ਨੂੰ ਸਮਰਪਿਤ ਕਰ ਕੇ ਅਕੀਦਤ ਦੇ ਫੁੱਲ ਭੇਂਟ ਕਰਨਾ ਪੰਜਾਬੀ ਮਾਂ ਬੋਲੀ ਨੂੰ ਸਜਦਾ ਕਰਨ ਵਾਲੀ ਗੱਲ ਹੈ। ਵਕਤਨ-ਬ-ਵਕਤਨ ਵਫ਼ਾਤ ਪਾ ਜਾਣ ਵਾਲੀਆਂ ਅਜਿਹੀਆਂ ਵੱਡੀਆਂ ਤਜਰਬੇਕਾਰ ਸ਼ਖ਼ਸੀਅਤਾਂ ਦੇ ਜੀਵਨ-ਸੰਘਰਸ਼ ਅਤੇ ਲੇਖਣੀ ਬਾਰੇ ਪੜ੍ਹ ਕੇ ਪੁਰਾਣਾ ਸਮਾਂ ਅੱਖਾਂ ਸਾਹਵੇਂ ਸਾਕਾਰ ਹੋ ਜਾਂਦਾ ਹੈ। ਰੁਪਾਣਾ ਦੀ ਰਚਨਾਕਾਰੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਕੋਈ ਵੀ ਕਲਮਕਾਰ ਪਾਠਕਾਂ ਦੇ ਹਿਰਦਿਆਂ ਵਿਚ ਕਿਵੇਂ ਆਪਣੀ ਸਦੀਵੀ ਛਾਪ ਛੱਡ ਜਾਂਦਾ ਹੈ। ਪੰਜਾਬੀ ਦੇ ਹੁਣ ਬੰਦ ਹੋ ਚੁੱਕੇ ਅਦਬੀ ਰਸਾਲਿਆਂ ਵਿਚੋਂ ‘ਨਾਗਮਣੀ’, ‘ਆਰਸੀ’, ‘ਪ੍ਰੀਤਮ’, ‘ਦ੍ਰਿਸ਼ਟੀ’ ਆਦਿ ਦੇ ਪਾਠਕ ਉਸ ਦੀ ਲੇਖਣੀ ਦੇ ਮੱਦਾਹ ਰਹੇ ਹਨ। ਪੰਜਾਬੀ ਅਫ਼ਸਾਨਾਨਿਗਾਰੀ ਇਸ ਖ਼ੁੱਦਾਰ ਕਲਮਕਾਰ ਦੀ ਅਦਬੀ ਦੇਣ ਨੂੰ ਕਦੇ ਨਹੀਂ ਭੁਲਾ ਸਕਦੀ।

ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ


ਢਾਕਾ ਮੁਕਤੀ ਦੀ 50ਵੀਂ ਵਰ੍ਹੇਗੰਢ

ਦਸੰਬਰ 12 ਦੇ ਦਸਤਕ ਅੰਕ ਵਿਚ ‘ਢਾਕਾ ਮੁਕਤੀ ਦੀ 50ਵੀਂ ਵਰ੍ਹੇਗੰਢ’ ਬਾਰੇ ਕਈ ਲੇਖ ਪੜ੍ਹਨ ਨੂੰ ਮਿਲੇ। ਇਹ ਬਹੁਤ ਵਧੀਆ ਅਤੇ ਇਤਿਹਾਸਕ ਜਾਣਕਾਰੀ ਭਰਪੂਰ ਹਨ। ਇਸ ਵਿੱਚ ਲੈਫਟੀਨੈਂਟ ਜਨਰਲ ਐੱਸ.ਐੱਸ. ਮਹਿਤਾ ਦੀ ਰਚਨਾ ‘ਢਾਕਾ ਮੁਕਤੀ ਮਾਰਚ ਦੀ ਦਾਸਤਾਂ’ ਨੌਜਵਾਨਾਂ ਦੇ ਲੂ ਕੰਡੇ ਖੜ੍ਹੇ ਕਰਨ ਵਾਲੀ ਹੈ। ਇਸ ਸ਼ਾਨਦਾਰ ਜਿੱਤ ਪਿੱਛੇ ਭਾਰਤ ਦੇ ਮਹਾਨ ਜਰਨੈਲਾਂ ਚੀਫ ਆਫ਼ ਆਰਮੀ ਸਟਾਫ਼ ਸੈਮ ਮਾਨਕਸ਼ਾਅ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਲੈਫਟੀਨੈਂਟ ਜਨਰਲ ਸਗਤ ਸਿੰਘ, ਬ੍ਰਿਗੇਡੀਅਰ ਆਰ ਐਨ ਮਿਸ਼ਰਾ, ਲੈਫਟੀਨੈਂਟ ਕਰਨਲ ਹਿੰਮਤ ਸਿੰਘ ਆਦਿ ਦੀ ਬਹਾਦਰੀ, ਕੂਟਨੀਤੀ ਅਤੇ ਕੁਰਬਾਨੀਆਂ ਦੀ ਲੇਖਕ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸ਼ਮਸ਼ੇਰ ਐਮ ਚੌਧਰੀ ਨੇ 1971 ਦੀ ਜੰਗ ਬਾਰੇ ਅੱਖੀਂ ਡਿੱਠੇ ਤਜਰਬੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ‘ਕਹਾਣੀ 1971 ਦੀ’ ਮਹਾਨ ਗਾਥਾ ਵਿੱਚ ਧੱਕੜ ਕਮਾਂਡਰ ਲੈਫਟੀਨੈਂਟ ਜਨਰਲ ਸਗਤ ਸਿੰਘ ਦਾ ਜ਼ਿਕਰ ਬਲਬੀਰ ਸਿੰਘ ਸਰਾਂ ਨੇ ਬਾਖ਼ੂਬੀ ਕੀਤਾ ਹੈ। ਤਸਵੀਰ ਵਿੱਚ ਪਾਕਿਸਤਾਨ ਵੱਲੋਂ ਆਤਮ ਸਮਰਪਣ ਸਮੇਂ ਦਸਤਾਵੇਜ਼ਾਂ ’ਤੇ ਭਾਰਤੀ ਕਮਾਂਡਰਾਂ ਅਤੇ ਪਾਕਿਸਤਾਨ ਦੇ ਜਨਰਲ ਏ.ਏ.ਕੇ. ਨਿਆਜ਼ੀ ਨੂੰ ਹਸਤਾਖ਼ਰ ਕਰਦੇ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਛਪਣ ਵਾਲੀਆਂ ਇਤਿਹਾਸਕ ਲਿਖਤਾਂ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣਦੀਆਂ ਰਹਿੰਦੀਆਂ ਹਨ। ਹਰ ਭਾਰਤ ਵਾਸੀ ਨੂੰ ਸੈਨਾਵਾਂ ਦੇ ਇਸ ਜਜ਼ਬੇ ਨੂੰ ਦਿਲੋਂ ਸਿਜਦਾ ਕਰਨਾ ਚਾਹੀਦਾ ਹੈ।

ਕੁਲਦੀਪ ਸਿੰਘ ਥਿੰਦ, ਬਾਰਨਾ, ਕੁਰੂਕਸ਼ੇਤਰ


ਕਿਸਾਨੀ ਖ਼ੁਸ਼ੀਆਂ

ਲੇਖ ‘ਰਣਿੰ ਜੀਤਿ ਆਏ।। ਜਯੰ ਗੀਤ ਗਾਏ।।’ ਕਿਸਾਨੀ ਖ਼ੁਸ਼ੀਆਂ ਨਾਲ ਦਿਲ ਦੀ ਡੂੰਘਾਈਆਂ ਨੂੰ ਭਰਨ ਵਾਲਾ ਸੀ। ਕੇਂਦਰ ਸਰਕਾਰ ਦੇ ਅੜੀਅਲ ਰਵਈਏ ਅੱਗੇ ਸ਼ਾਂਤਮਈ ਕਿਸਾਨੀ ਸੰਘਰਸ਼ ਦੀ ਜਿੱਤ ਹੋਈ। ਸੰਘਰਸ਼, ਹਿੰਮਤ, ਮਿਲਵਰਤਣ ਦੀ ਅੱਗ ਵਿਚੋਂ ਕੱਢੇ ਸੋਨੇ ਵਾਂਗ ਧਰਤੀ ਪੁੱਤਰਾਂ ਦੇ ਚਿਹਰੇ ਮੁੜ ਚਮਕਣ ਲੱਗੇ। ਇਹ ਸੰਘਰਸ਼ ਦੌਰਾਨ ਗੁਆਚੇ ਪੁੱਤਾਂ ਨੂੰ ਯਾਦ ਕਰਨਾ ਬਣਦਾ ਹੈ। ਦੁਆ ਹੈ ਕਿ ਕਿਸਾਨਾਂ ਦੀ ਹੱਕ ਦੀ ਕਮਾਈ ਘਰਾਂ ਵਿੱਚ ਆਵੇ, ਨੱਚਦੇ-ਗਾਉਂਦੇ ਦੀਵਾਲੀਆਂ ਮਨਾਉਣ ਅਤੇ ਦੇਸ਼ ਦੀ ਆਰਥਿਕ ਨੀਂਹ ਮਜ਼ਬੂਤ ਹੋਵੇ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਕਿਸਾਨ ਸੰਘਰਸ਼ ਦਾ ਸ਼ਹੀਦ

ਐਤਵਾਰ 21 ਨਵੰਬਰ ਦੇ ਦਸਤਕ ਅੰਕ ਵਿਚ ਪ੍ਰੋਫ਼ੈਸਰ ਅਰਵਿੰਦ ਦਾ ਲੇਖ ‘ਸਿੰਧ ਦੇ ਕਿਸਾਨ ਸੰਘਰਸ਼ ਦਾ ਸ਼ਹੀਦ ਸੂਫ਼ੀ ਸ਼ਾਹ ਇਨਾਇਤ’ ਬਹੁਤ ਸਿੱਖਿਆਦਾਇਕ ਸੀ। ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਪੁਰਾਤਨ ਸਮਿਆਂ ਤੋਂ ਹੀ ਸੰਘਰਸ਼ ਕਰਨੇ ਪਏ, ਰਾਜ ਭਾਵੇਂ ਚੰਦਰਗੁਪਤ ਮੌਰੀਆ ਦਾ ਹੋਵੇ ਜਾਂ ਭਾਜਪਾ ਦੀ ਸਰਕਾਰ ਦਾ ਹੋਵੇ। ਕਿਸਾਨਾਂ ਦੀ ਲੁੱਟ ਅਤੇ ਅੱਤਿਆਚਾਰ ਸਾਡੇ ਇਤਿਹਾਸ ਦਾ ਹਿੱਸਾ ਰਹੇ ਹਨ। ਇਸ ਕਿਸਾਨ ਸੰਘਰਸ਼ ਵਿੱਚ 670 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਣ ਕਾਰਨ ਸਭ ਗ਼ਮਗੀਨ ਹੋਏ, ਪਰ ਕਿਸਾਨਾਂ ਦਾ ਹੌਸਲਾ ਟੁੱਟਿਆ ਨਹੀਂ। ਪੁਰਾਤਨ ਸਮੇਂ ਵਿੱਚ ਜਿਵੇਂ ਸੂਫ਼ੀ ਸ਼ਾਹ ਇਨਾਇਤ ਕਿਸਾਨਾਂ ਦੀ ਹਾਲਤ ’ਤੇ ਫ਼ਿਕਰਮੰਦ ਸੀ ਉਵੇਂ ਹੀ ਅੱਜ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹਨ ਜਿਨ੍ਹਾਂ ਨੇ ਬੜੀ ਸੂਝ ਬੂਝ ਨਾਲ ਇਸ ਵੱਡੇ ਘੋਲ ਨੂੰ ਜਿੱਤ ਦੇ ਨੇੜੇ ਲਾਇਆ ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ ਘੋਲ ਨੂੰ ਅਸਫ਼ਲ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਅਪਣਾਏ। ਇਸ ਕਿਸਾਨੀ ਘੋਲ ਨੇ ਕਿਸਾਨਾਂ ਵਿੱਚ ਏਕਤਾ ਪੈਦਾ ਕੀਤੀ। ਇਸ ਚੱਲ ਰਹੇ ਸੰਘਰਸ਼ ਵਿੱਚ ਲੇਖਕਾਂ, ਨਾਟਕਕਾਰਾਂ, ਗਾਇਕਾਂ ਅਤੇ ਬੁੱਧੀਜੀਵੀਆਂ ਦੇ ਸਾਥ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਿੱਤ ਉਦੋਂ ਵੀ ਕਿਸਾਨਾਂ ਦੀ ਹੋਈ ਸੀ, ਅੱਜ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਏਕੇ ਦੀ ਜਿੱਤ ਹੋਈ ਹੈ।

ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)


ਜਿੱਤ ਅਤੇ ਜ਼ਿੰਮੇਵਾਰੀਆਂ

ਐਤਵਾਰ 21 ਨਵੰਬਰ ਨੂੰ ਨਜ਼ਰੀਆ ਪੰਨੇ ਦਾ ਲੇਖ ‘ਇਤਿਹਾਸਕ ਜਿੱਤ ਅਤੇ ਨਵੀਆਂ ਜ਼ਿੰਮੇਵਾਰੀਆਂ’ (ਸਵਰਾਜਬੀਰ) ਪੜ੍ਹ ਕੇ ਇਸ ਸੰਘਰਸ਼ ਦੀ ਜਿੱਤ ਦੇ ਭਵਿੱਖ ਬਾਰੇ ਲਾਹੇਵੰਦ ਜਾਣਕਾਰੀ ਮਿਲੀ ਹੈ ਜਿਸ ਨੂੰ ਪੂਰੀ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ। ਲੇਖਕ ਨੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੂੰ ਸਪਸ਼ਟ ਤੌਰ ’ਤੇ ਚੇਤੰਨ ਰਹਿਣ ਵੱਲ ਵੀ ਨਸੀਹਤ ਕੀਤੀ ਹੈ। ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਹਰ ਵੇਲੇ ਸਾਵਧਾਨੀਆਂ ਮੰਗਦੀਆਂ ਹਨ।

ਡਾ. ਪੰਨਾ ਲਾਲ ਮੁਸਤਫਾਬਾਦੀ ਤੇ ਕਸ਼ਮੀਰ ਘੇਸਲ਼, ਚੰਡੀਗੜ੍ਹ

ਪਾਠਕਾਂ ਦੇ ਖ਼ਤ Other

Dec 18, 2021

ਅਸਮਾਨ ਨੂੰ ਟਾਕੀਆਂ

17 ਦਸੰਬਰ ਨੂੰ ਵਿਪਨ ਜਲਾਲਾਬਾਦੀ ਦਾ ਮਿਡਲ ‘ਸੱਜਣ ਵਾਲੀ ਗੱਲ’ ਪੜ੍ਹਿਆ। ਜਿਵੇਂ ਜਿਵੇਂ ਵੋਟਾਂ ਦਾ ਵੇਲਾ ਨੇੜੇ ਆ ਰਿਹਾ ਹੈ, ਜਣਾ-ਖਣਾ ਆਪਣੇ ਆਪ ਨੂੰ ਉਮੀਦਵਾਰ ਸਮਝਣ ਲੱਗ ਪਿਆ ਹੈ। ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ, ਅਹੁ ਕਰਕੇ ਦਿਖਾਵਾਂਗੇ; ਇਹ ਲੋਕ ਅਸਮਾਨ ਨੂੰ ਟਾਕੀਆਂ ਲਾਉਂਦੇ ਫਿਰਦੇ ਹਨ। ਹਰ ਪਾਰਟੀ ਦੇ ਨੁਮਾਇੰਦੇ ਝੂਠ ਦੇ ਪੁਲੰਦੇ ਖੋਲ੍ਹ ਕੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ। ਇਨ੍ਹਾਂ ਵਿਚੋਂ ਕਿਸੇ ਨੇ ਵੀ ਪੰਜਾਬ ਦਾ ਭਲਾ ਨਹੀਂ ਕਰਨਾ।

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)

(2)

‘ਸੱਜਣ ਵਾਲੀ ਗੱਲ’ (ਵਿਪਨ ਜਲਾਲਾਬਾਦੀ) ਦਾ ਲੇਖ ਵਧੀਆ ਲੱਗਿਆ। ਲਿਖਿਆ ਹੈ ਕਿ ਆਗੂਆਂ ਦੇ ਝੂਠ ਬਾਰੇ ਲੋਕਾਂ ਨੂੰ ਸਮਝ ਆ ਰਹੀ ਹੈ ਪਰ ਨਹੀਂ; ਅਜੇ ਲੋਕ ਦਲ ਬਦਲੂ ਬਣ ਰਹੇ ਹਨ। ਇਸ ਲਈ ਸਾਰਿਆਂ ਨੂੰ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ‘ਨੋਟਾ’ ਦਾ ਬਟਨ ਦਬਾਉਣਾ ਚਾਹੀਦਾ ਹੈ।

ਰਮਨਦੀਪ ਕੌਰ, ਭਗਤਾ ਭਾਈਕਾ

ਮਨਮਰਜ਼ੀ

17 ਦਸੰਬਰ ਦਾ ਸੰਪਾਦਕੀ ‘ਜਮਹੂਰੀਅਤ ਦਾ ਤਕਾਜ਼ਾ’ ਪੜ੍ਹਿਆ। ਕੇਂਦਰ ਸਰਕਾਰ ਮਨਮਰਜ਼ੀ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਆਪਣਾ ਰਸੂਖ ਪਹਿਲਾਂ ਵਾਂਗ ਹੀ ਵਰਤ ਰਹੇ ਹਨ, ਹਾਲਾਂਕਿ ਲਖੀਮਪੁਰ ਖੀਰੀ ਵਾਲੇ ਕੇਸ ਵਿਚ ਉਨ੍ਹਾਂ ਦਾ ਪੁੱਤਰ ਜੇਲ੍ਹ ਵਿਚ ਹੈ। ਸੱਤਾਧਾਰੀ ਭਾਜਪਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਸਭ ਕੁਝ ਕਰ ਰਹੀ ਹੈ।

ਗੁਰਨਾਮ ਸਿੰਘ ਸੇਖੋਂ, ਜਲੰਧਰ

ਸਫਲਤਾ ਅਤੇ ਸਿਆਸਤ

15 ਦਸੰਬਰ ਨੂੰ ਟੀਐੱਨ ਨੈਨਾਨ ਦਾ ਲੇਖ ਅੱਖਾਂ ਖੋਲ੍ਹਣ ਵਾਲਾ ਹੈ। ਅਸੀਂ ਪੱਛਮ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੇ ਭਾਰਤੀਆਂ ਬਾਰੇ ਖੁਸ਼ ਹੁੰਦੇ ਹਾਂ ਪਰ ਇਸ ਸਫਲਤਾ ਪਿਛਲੀ ਸਿਆਸਤ ਬਾਰੇ ਕਦੀ ਗੌਰ ਹੀ ਨਹੀਂ ਕਰਦੇ।

ਗੁਰਜੰਟ ਮਾਨ, ਮੁਕਤਸਰ

ਇਨਸਾਨੀ ਜਜ਼ਬੇ

10 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸ਼ਵਿੰਦਰ ਕੌਰ ਦਾ ਲੇਖ ‘ਹੁਨਰ ਦਾ ਮਾਣ’ ਇਨਸਾਨ ਦੇ ਜਜ਼ਬਿਆਂ ਅਤੇ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਬਿਆਨ ਕਰ ਗਿਆ। ਮਜ਼ਦੂਰ ਤਬਕੇ ਦੀ ਔਰਤ, ਹੌਸਲੇ ਅਤੇ ਸਿਰੜ ਨਾਲ ਕਿਰਤ ਕਮਾਈ ਕਰਦਿਆਂ ਆਪਣੇ ਪਤੀ ਦੇ ਨਸ਼ਈ ਹੋਣ ਦਾ ਸੰਤਾਪ ਝੱਲਦਿਆਂ ਵੀ ਔਰਤ ਸ਼ਕਤੀਕਰਨ ਦੀ ਮਿਸਾਲ ਬਣੀ। ਬੱਚਿਆਂ ਨੂੰ ਪੜ੍ਹਾਉਣਾ ਤੇ ਰਹਿਣ ਲਈ ਟਿਕਾਣਾ ਬਣਾ ਲੈਣ ਵਰਗੇ ਸੁਫ਼ਨੇ ਪੂਰੇ ਕੀਤੇ। ਆਪਣੀ ਪ੍ਰਤਿਭਾ ਰਾਹੀਂ ਮਜ਼ਦੂਰ ਤੋਂ ਮਿਸਤਰੀ ਬਣ ਜਾਣਾ ਔਰਤ ਵਰਗ ਨੂੰ ਉਤਸ਼ਾਹਿਤ ਕਰਦਾ ਹੈ।

ਕੁਲਮਿੰਦਰ ਕੌਰ, ਮੁਹਾਲੀ

ਸੁਫ਼ਨੇ ਦਾ ਸਫ਼ਰ

3 ਦਸੰਬਰ ਨੂੰ ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਪੜ੍ਹਿਆ। ਲੇਖਕ ਨੇ ਪ੍ਰੋ. ਪਾਲ ਸਿੰਘ ਸਿੱਧੂ ਬਾਰੇ ਜੋ ਗੱਲਾਂ ਦਰਜ ਕੀਤੀਆਂ, ਉਹ ਵਿਲੱਖਣ ਤੇ ਦੂਰਦਰਸ਼ੀ ਅਧਿਆਪਕ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਡਾਕਟਰ ਸਿੱਧੂ ਵਰਗੀਆਂ ਸ਼ਖ਼ਸੀਅਤਾਂ ਆਏ ਵਿਚ ਲੂਣ ਬਰਾਬਰ ਹਨ।

ਸਨੀ ਧਾਲੀਵਾਲ, ਵਿਨੀਪੈਗ (ਕੈਨੇਡਾ)

ਸਿਆਸੀ ਜਾਗਰੂਕਤਾ

ਕਹਿੰਦੇ ਹਨ, ਸਵਰਗ ਦੇਖਣ ਲਈ ਆਪ ਮਰਨਾ ਪੈਂਦਾ ਹੈ; ਇਹ ਗੱਲ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤੀ ਹੈ। ਪੰਜਾਬ ਤੋਂ ਸ਼ੁਰੂ ਹੋਈ ਕ੍ਰਾਂਤੀ ਦੀ ਇਸ ਚੰਗਿਆੜੀ ਨੇ ਪੂਰੇ ਦੇਸ਼ ਵਿਚ ਜਾਗਰੂਕਤਾ ਦਾ ਚਾਨਣ ਕਰ ਦਿੱਤਾ ਹੈ। ਅੱਜ ਕਿਸਾਨ ਅੰਦੋਲਨ ਭਾਵੇਂ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਦਬਾਓ ਸਮੂਹ ਦੇ ਰੂਪ ਵਿਚ ਭਵਿੱਖ ਵਿਚ ਵੀ ਸਾਹਮਣੇ ਆਉਂਦੀਆਂ ਰਹਿਣਗੀਆਂ। ਅਜੇ ਬਹੁਤ ਸਾਰੇ ਮੁੱਦੇ ਉਸੇ ਤਰ੍ਹਾਂ ਨੇ ਜਿਵੇਂ ਨਸ਼ੇ, ਬੇਰੁਜ਼ਗਾਰੀ, ਸਰਕਾਰ ਦੇ ਲਾਰੇ, ਝੂਠੇ ਚੋਣ ਮਨੋਰਥ ਪੱਤਰ, ਮਾਫੀਆ ਅਤੇ ਹੋਰ ਬਹੁਤ ਕੁਝ ਬਾਕੀ ਹੈ। ਇਹ ਸਭ ਸਮਾਜਿਕ ਅਤੇ ਸਿਆਸੀ ਸੁਧਾਰ ਲਈ ਸਮਾਜਿਕ ਦਬਾਓ ਸਮੂਹ ਦੀ ਲੋੜ ਹੈ ਜਿਸ ਨੂੰ ਸਾਡੇ ਕਿਸਾਨ ਅੰਦੋਲਨ ਨੇ ਜਨਮ ਦੇ ਦਿੱਤਾ ਹੈ। ਆਮ ਲੋਕਾਂ ਅੰਦਰ ਸਿਆਸੀ ਜਾਗਰੂਕਤਾ ਲਿਆਉਣ ਵਿਚ ਕਿਸਾਨ ਅੰਦੋਲਨ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ।

ਗੁਰਪਾਲ ਸਿੰਘ, ਈਮੇਲ

ਤੇਲ ਅਤੇ ਮਹਿੰਗਾਈ

ਕੇਂਦਰ ਸਰਕਾਰ ਨੇ ਭਾਵੇਂ ਪੈਟਰੋਲ ਤੇ ਡੀਜ਼ਲ ਕੀਮਤਾਂ ਘਟਾਈਆਂ ਪਰ ਮਹਿੰਗਾਈ ਨੂੰ ਫਰਕ ਨਹੀਂ ਪਿਆ ਸਗੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹੋਰ ਵਧੀਆਂ ਹਨ। ਮੁਲਕ ਦੀ ਆਰਥਿਕਤਾ ਦਾ ਹਾਲ ਇਹ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਹੇਠਾਂ ਆ ਰਹੀ ਹੈ। ਇਸ ਕਰਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਮਹਿੰਗਾਈ ਨੂੰ ਠੱਲ੍ਹਣ ਦੇ ਮਾਮਲੇ ਵਿਚ ਸਰਕਾਰ ਨਾਕਾਮ ਰਹੀ ਹੈ।

ਐੱਸਕੇ ਖੋਸਲਾ, ਚੰਡੀਗੜ੍ਹ

ਅੰਦੋਲਨ ਦੀ ਆਵਾਜ਼

10 ਦਸੰਬਰ ਦਾ ਸੰਪਾਦਕੀ ‘ਕਿਸਾਨ ਅੰਦੋਲਨ ਦੀ ਫਤਿਹ’ ਆਜ਼ਾਦੀ ਤੋਂ ਬਾਅਦ ਦੇ 75 ਸਾਲਾਂ ਵਿਚ ਪਹਿਲੀ ਵਾਰ ਵਾਪਰੇ ਸ਼ਾਂਤਮਈ ਅੰਦੋਲਨ ਤੇ ਇਸ ਦੀ ਜਿੱਤ ਮਗਰੋਂ ਕਿਸਾਨ ਮੋਰਚੇ ਤੇ ਕਾਰਪੋਰੇਟ ਅਤੇ ਫ਼ਿਰਕੂ ਸਿਆਸਤ ਨਾਲ ਚੱਲ ਰਹੀ ਸਰਕਾਰ ਨੂੰ ਹਟਾਉਣ ਦੀ ਜ਼ਿੰਮੇਵਾਰੀ ਦੀ ਗੱਲ ਵੀ ਕਰਦਾ ਹੈ। ਇਹ ਅੰਦੋਲਨ ਬਹੁਤ ਕੁਝ ਕਹਿ ਗਿਆ ਹੈ। ਲੜਾਈ ਸ਼ਾਂਤਮਈ ਅਤੇ ਧਰਮ ਨਿਰਪੱਖਤਾ ਦੇ ਸਿਧਾਂਤ ਨਾਲ ਹੀ ਜਿੱਤੀ ਜਾ ਸਕਦੀ ਹੈ। ਇਹ ਅੰਦੋਲਨ ਕੇਵਲ ਜਜ਼ਬਾਤੀ ਪੱਧਰ ਤਕ ਨਾ ਰਹਿਕੇ 21ਵੀਂ ਸਦੀ ਦੇ ਭਾਰਤੀ ਲੋਕ ਰਾਜ ਦੀ ਮਜ਼ਬੂਤੀ ਲਈ ਮਸ਼ਾਲ ਦਾ ਕੰਮ ਕਰੇਗਾ। ਇਹ ਆਉਣ ਵਾਲੇ ਸਮਿਆਂ ਲਈ ਪਿਓਂਦ ਚੜ੍ਹਾਉਣ ਵਾਲੀ ਘਟਨਾ ਹੈ। ਇਸ ਅੰਦੋਲਨ ਵਿਚ ਸ਼ਹੀਦ ਭਗਤ ਸਿੰਘ ਦੀ ਦ੍ਰਿੜ੍ਹਤਾ ਅਤੇ ਗਾਂਧੀ ਦੀ ਅਹਿੰਸਾ ਦਾ ਸੁੰਦਰ ਸੁਮੇਲ ਸੀ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਪਾਠਕਾਂ ਦੇ ਖ਼ਤ Other

Dec 17, 2021

ਮਾਤ ਭਾਸ਼ਾ ਅਤੇ ਪੜ੍ਹਾਈ

13 ਦਸੰਬਰ ਨੂੰ ਇਹ ਖ਼ਬਰ ਪੜ੍ਹ ਕੇ ਖੁਸ਼ੀ ਹੋਈ ਕਿ ਫਰਸਟ ਸਟੈੱਪਸ ਇੰਟਰਨੈਸ਼ਨਲ ਸਕੂਲ (ਚੰਡੀਗੜ੍ਹ) ਦੇ ਜੂਨੀਅਰ ਵਿੰਗ ਨੇ ਵਿਦਿਆਰਥੀਆਂ ਲਈ ਪੰਜਾਬੀ ਪੜ੍ਹਨੀ ਲਾਜ਼ਮੀ ਕਰ ਦਿੱਤੀ ਹੈ। ਸਕੂਲ ਸਿੱਖਿਆ ਦੇ ਮੁੱਢਲੇ ਦੌਰ ਵਿਚ ਮਿਆਰੀ ਸਿੱਖਿਆ ਲਈ ਇਹ ਸਲਾਹੁਣ ਵਾਲਾ ਕਦਮ ਹੈ। ਆਹਲਾ ਖੋਜਾਂ ਦੱਸਦੀਆਂ ਹਨ ਕਿ ਮਾਤ ਭਾਸ਼ਾ ਰਾਹੀਂ ਪੜ੍ਹਾਈ ਨਾਲ ਸਿਰਜਣਾ ਅਤੇ ਮੌਲਿਕਤਾ ਮੌਲਦੀਆਂ ਹਨ। ਬੱਚੇ ਹੋਰ ਭਾਸ਼ਾਵਾਂ ਵੀ ਸਿੱਖ ਸਕਦੇ ਹਨ ਪਰ ਦੂਜੀਆਂ ਭਾਸ਼ਾਵਾਂ, ਇਨ੍ਹਾਂ ਦਾ ਸ਼ਬਦ ਭੰਡਾਰ ਮਹਿਜ਼ ਸਿੱਖਿਆ ਹੋਇਆ ਸ਼ਬਦ ਭੰਡਾਰ ਹੁੰਦਾ ਹੈ। ਬੱਚੇ ਆਪਣੇ ਸਹਿਜ ਵਿਚਾਰ ਮਾਤ ਭਾਸ਼ਾ ਵਿਚ ਹੀ ਪ੍ਰਗਟ ਕਰ ਸਕਦੇ ਹਨ। ਮੈਂ ਐਕਸਫੋਰਡ ਵਿਚ ਕਈ ਦਹਾਕਿਆਂ ਤਕ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਮੈਂ ਦੇਖਿਆ ਹੈ ਕਿ ਦੂਜੇ ਮੁਲਕਾਂ ਦੇ ਵਿਦਿਆਰਥੀ ਭਾਵੇਂ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਪੜ੍ਹੇ ਹੋਣ ਪਰ ਅੰਗਰੇਜ਼ ਵਿਦਿਆਰਥੀਆਂ ਦੀ ਅੰਗਰੇਜ਼ੀ ਇਨ੍ਹਾਂ ਵਿਦਿਆਰਥੀਆਂ ਤੋਂ ਬਿਹਤਰ ਹੁੰਦੀ ਹੈ। ਅੰਗਰੇਜ਼ ਵਿਦਿਆਰਥੀਆਂ ਦੀ ਮਾਤ ਭਾਸ਼ਾ ਕਿਉਂਕਿ ਅੰਗਰੇਜ਼ੀ ਹੈ, ਇਸ ਲਈ ਇਹ ਵਿਦਿਆਰਥੀ ਆਪਣੀ ਭਾਸ਼ਾ ਨਾਲ ਕਲੋਲਾਂ ਕਰ ਸਕਦੇ ਹਨ, ਨਵੇਂ ਸ਼ਬਦ ਘੜ ਸਕਦੇ ਹਨ। ਅੱਜ ਦੇ ਸੰਸਾਰ ਵਿਚ ਬੇਸ਼ੱਕ, ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਹੈ, ਦੂਜੇ ਮੁਲਕਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿੱਖਣੀ ਹੀ ਪੈਂਦੀ ਹੈ ਪਰ ਜਿਹੜਾ ਵਿਦਿਆਰਥੀ ਆਪਣੀ ਮਾਤ ਭਾਸ਼ਾ ਵਿਚ ਗੂੜ੍ਹ ਗਿਆਨੀ ਹੈ, ਉਹ ਕੋਈ ਵੀ ਵਿਦੇਸ਼ੀ ਭਾਸ਼ਾ ਵਧੀਆ ਢੰਗ ਨਾਲ ਸਿੱਖ ਸਕਦਾ ਹੈ।
ਪ੍ਰੋ. ਪ੍ਰੀਤਮ ਸਿੰਘ, ਔਕਸਫੋਰਡ (ਯੂਕੇ)


ਸਰਕਾਰਾਂ ਦਾ ਰਵੱਈਆ

14 ਦਸੰਬਰ ਦੀ ਸੰਪਾਦਕੀ ‘ਪੁਲੀਸ ਜ਼ਿਆਦਤੀ ਦਾ ਮਾਮਲਾ’ ਵਿਚ ਵਧੀਕੀਆਂ ਦੇ ਘਟਨਾਕ੍ਰਮ ਨੂੰ ਸਪੱਸ਼ਟ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਮਾਨਸਾ ਵਿਚ ਪੁਲੀਸ ਅਫ਼ਸਰਾਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਕੀਤਾ ਲਾਠੀਚਾਰਜ ਜਮਹੂਰੀ ਮੁਲਕ ਲਈ ਮੰਦਭਾਗੀ ਘਟਨਾ ਹੈ। ਬੇਰੁਜ਼ਗਾਰਾਂ ਦਾ ਸਰਕਾਰਾਂ ਕੋਲੋਂ ਸ਼ਾਂਤਮਈ ਢੰਗ ਨਾਲ ਰੁਜ਼ਗਾਰ ਮੰਗਣਾ, ਪੀੜਤ ਇਨਸਾਨ ਵੱਲੋਂ ਇਨਸਾਫ਼ ਮੰਗਣਾ, ਕਿਸਾਨਾਂ ਵੱਲੋਂ ਆਪਣੀ ਫ਼ਸਲ ਦਾ ਜਾਇਜ਼ ਮੁੱਲ ਮੰਗਣਾ, ਆਮ ਨਾਗਰਿਕਾ ਵੱਲੋਂ ਸੁਰੱਖਿਅਤ ਮਾਹੌਲ ਮੰਗਣਾ ਕੋਈ ਗੁਨਾਹ ਨਹੀਂ ਕਿ ਸਰਕਾਰ, ਪੁਲੀਸ ਬਲ ਨਾਲ ਦਬਾਉਣ ਦਾ ਹੀਲਾ ਕਰੇ। ਸਰਕਾਰਾਂ ਨੂੰ ਹੁਣ ਆਪਣਾ ਰਵੱਈਆ ਬਦਲਣਾ ਪਵੇਗਾ। ਇਹ ਗੱਲ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਤੋਂ ਸਮਝ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 10 ਦਸੰਬਰ ਦੇ ਸੰਪਾਦਕੀ ‘ਕਿਸਾਨ ਅੰਦੋਲਨ ਦੀ ਫਤਹਿ’ ਦੀ ਟਿੱਪਣੀ ਐਨ ਦਰੁਸਤ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਸਾਰੇ ਭਾਰਤਵਾਸੀਆਂ, ਖ਼ਾਸ ਕਰਕੇ ਪੰਜਾਬੀਆਂ ਦੀ ਜਿੱਤ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਕਰ ਰਹੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਏਕੇ ਦਾ ਸਿੱਟਾ ਹੀ ਇਹ ਜਿੱਤ ਹੈ।
ਡਾ. ਸੁਖਦੇਵ ਸਿੰਘ ਮਿਨਹਾਸ, ਮੁਹਾਲੀ


ਜਾਣੀਜਾਣ ਪ੍ਰਧਾਨ ਮੰਤਰੀ

13 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਜਾਣੀਜਾਣ ਪ੍ਰਧਾਨ ਮੰਤਰੀ ਅਤੇ ਜਮਹੂਰੀ ਬੁਨਿਆਦ’ ਪੜ੍ਹਿਆ। ਲੇਖਕ ਪ੍ਰਧਾਨ ਮੰਤਰੀ ਦੇ ਜਮਹੂਰੀ ਬੁਨਿਆਦਾਂ ਬਾਰੇ ਵਿਚਾਰਾਂ ਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ। ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਦਾ ਹੈਂਕੜ ਵਾਲਾ ਰਵੱਈਆ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਤੇ ਟੈਲੀਵਿਜ਼ਨ ਐਂਕਰਾਂ ਦਾ ਝੋਲੀ ਚੁੱਕਣ ਵਾਲਾ ਪੱਖ ਵੀ ਬਾਖ਼ੂਬੀ ਬਿਆਨਿਆ ਹੈ। ਬਿਲਕੁਲ, ਸਾਡੀ ਹੋਂਦ ਕਿਸੇ ਮਸੀਹਾ ਦੀ ਰਹਿਮਦਿਲੀ ਦੀ ਮੁਥਾਜ ਨਹੀਂ ਹੋਣੀ ਚਾਹੀਦੀ।
ਜਗਰੂਪ ਸਿੰਘ, ਲੁਧਿਆਣਾ


ਲਿਖਾਰੀਆਂ ਦੀ ਤਰਜਮਾਨੀ

13 ਦਸੰਬਰ ਦੇ ਪੰਨਾ ਨੰਬਰ 7 ਉੱਤੇ ਦੀਪ ਦਵਿੰਦਰ ਸਿੰਘ ਦਾ ਲੇਖ ‘ਜਿੱਥੋਂ ਪਹੁ ਫੁਟਾਲੇ ਦੀ ਲੋਅ ਦਿਸਦੀ ਹੈ’ ਕਿਸਾਨ ਸੰਘਰਸ਼ ਬਾਰੇ ਲੇਖਕ ਭਾਈਚਾਰੇ ਦੇ ਵਿਚਾਰਾਂ ਦੀ ਤਰਜਮਾਨੀ ਕਰਦਾ ਹੈ। ਦਿੱਲੀ ਦੇ ਬਾਰਡਰਾਂ ਉਤੇ ਉੱਗ ਆਏ ਉਘੜ-ਦੁਘੜੇ, ਕਿਤੋਂ ਨੀਵੇਂ ਕਿਤੋਂ ਉੱਚੇ, ਰੰਗ ਬਰੰਗੀਆਂ ਤ੍ਰਿਪਾਲਾਂ ਵਾਲੇ ਰੈਣ ਬਸੇਰੇ ਜਸਬੀਰ ਭੁੱਲਰ ਦੀਆਂ ਕਹਾਣੀਆਂ ਵਰਗੇ ਹਨ। ਉਨ੍ਹਾਂ ਬਹਾਦਰ ਮਰਦ ਔਰਤਾਂ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਵਾਗਾਂ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ’ ਦੇ ਅਰਥ ਪਲਟਾ ਦਿੱਤੇ। ਧਰਨਿਆਂ ਵਿਚ ਸ਼ਾਮਿਲ ਹਜ਼ਾਰਾਂ ਔਰਤਾਂ ਦਾ ਜਾਹੋ-ਜਲਾਲ ਰੋਣ-ਧੋਣ ਵਾਲੀਆਂ ਔਰਤਾਂ ਦੀ ਥਾਂ ਸਿਦਕਵਾਨ, ਬਹਾਦਰ ਤੇ ਜਾਗ੍ਰਿਤ ਔਰਤ ਦੇ ਦਰਸ਼ਨ ਕਰਵਾਉਂਦਾ ਹੈ। ਹਵਾ ਵਿਚ ਉੱਠੇ ਉਨ੍ਹਾਂ ਦੇ ਵੱਟੇ-ਮੁੱਕੇ ਹਰ ਜਾਗਦੇ ਜ਼ਮੀਰ ਵਾਲੇ ਇਨਸਾਨ ਨੂੰ ਸੰਘਰਸ਼ ਦਾ ਰਾਹ ਦਿਖਾਉਂਦੇ ਹਨ। ਇਸ ਜਿੱਤ ਦਾ ਜਲੌਅ ਦੇਖ ਕੇ ਲੇਖਕ ਨੂੰ ਵਿਧਾਤਾ ਸਿੰਘ ਤੀਰ ਦੀ ਕਵਿਤਾ ਵੀ ਯਾਦ ਆਈ, ਜਿਸ ਅੱਗੇ ਉਹ ਸਿਰ ਨਿਵਾਉਂਦਾ ਨਜ਼ਰ ਆ ਰਿਹਾ ਹੈ: ‘ਜੁੱਗ ਜੁੱਗ ਜਿਊਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


ਸਰਕਾਰ ਬਨਾਮ ਬੈਂਕ

13 ਦਸੰਬਰ ਨੂੰ ਪਹਿਲੇ ਸਫ਼ੇ ’ਤੇ ਖ਼ਬਰ ਛਪੀ ਹੈ ਕਿ ਜਮ੍ਹਾਂ ਕਰਤਾਵਾਂ ਦਾ ਬੈਂਕਾਂ ਵਿਚ ਪਿਆ ਪੈਸਾ ਪੰਜ ਲੱਖ ਤਕ ਸੁਰੱਖਿਅਤ ਹੈ। ਇਸ ਦਾ ਮਤਲਬ ਹੈ, ਜੇਕਰ ਕਿਸੇ ਦਾ ਪੰਜਾਹ ਲੱਖ ਰੁਪਿਆ ਬੈਂਕਾਂ ਵਿਚ ਜਮ੍ਹਾਂ ਹੈ, ਬੀਮਾ ਕੰਪਨੀ ਉਸ ਨੂੰ ਪੰਜ ਲੱਖ ਦੇ ਕੇ ਪੱਲਾ ਝਾੜ ਲਵੇਗੀ। ਇਸ ਗੱਲ ਉੱਤੇ ਕੁਝ ਜ਼ਿਆਦਾ ਹੀ ਜ਼ੋਰ ਦਿੱਤਾ ਗਿਆ ਹੈ ਕਿ ਪਹਿਲੀਆਂ ਸਰਕਾਰਾਂ ਵੇਲੇ ਇਹ ਰਾਸ਼ੀ ਇਕ ਲੱਖ ਹੁੰਦੀ ਸੀ। ਇਕ ਖ਼ਬਰ ਹੋਰ ਵੀ ਹੈ ਕਿ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ ਸਰਕਾਰ ਦੀਆਂ ਤਰਜੀਹਾਂ ਵਿਚੋਂ ਇਕ ਹੈ। 1947 ਤੋਂ ਬਾਅਦ ਅਤੇ ਬੈਂਕਾਂ ਦੇ ਕੌਮੀਕਰਨ ਤੋਂ ਪਹਿਲਾਂ ਕੁਲ 736 ਪ੍ਰਾਈਵੇਟ ਬੈਂਕ ਜਾਂ ਤਾਂ ਫੇਲ੍ਹ ਹੋਏ ਸਨ ਜਾਂ ਉਨ੍ਹਾਂ ਨੂੰ ਕਿਸੇ ਹੋਰ ਬੈਂਕ ਵਿਚ ਰਲਾਉਣਾ ਪਿਆ ਸੀ ਅਤੇ ਕੌਮੀਕਰਨ ਤੋਂ ਬਾਅਦ ਸਿਰਫ਼ 36 ਪ੍ਰਾਈਵੇਟ ਬੈਂਕ ਫੇਲ੍ਹ ਹੋਏ ਹਨ। ਇਸ ਤਰ੍ਹਾਂ 1969 ਤੋਂ ਬਾਅਦ ਕੌਮੀਕਰਨ ਨੇ ਬੈਂਕਾਂ ਨੂੰ ਸਥਿਰਤਾ ਬਖਸ਼ੀ ਹੈ। ਬੈਂਕਾਂ ਦੀ ਸਿਹਤ ਦਾ ਇਹ ਹਾਲ ਹੈ ਕਿ 2014 ਤੋਂ ਬਾਅਦ ਬੈਂਕਾਂ ਦੇ ਐੱਨਪੀਏ ਵਿਚ ਤਿੰਨ ਗੁਣਾ ਇਜ਼ਾਫ਼ਾ ਹੋਇਆ ਹੈ। ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਕਿ ਬੈਂਕਾਂ ਦੇ ਡੁੱਬਣ ਦੀ ਨੌਬਤ ਹੀ ਨਾ ਆਵੇ। ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਵਾਲਾ ਕਦਮ ਇਸ ਸਮੱਸਿਆ ਦਾ ਕਤੱਈ ਹੱਲ ਨਹੀਂ।
ਜਗਦੇਵ ਸ਼ਰਮਾ ਬੁਗਰਾ, ਧੂਰੀ


ਸੁਫ਼ਨੇ ਅਤੇ ਮੰਜ਼ਿਲ

3 ਦਸੰਬਰ ਨੂੰ ਡਾ. ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਪੜ੍ਹਿਆ। ਮੈਂ ਅਤੇ ਡਾ. ਹੀਰਾ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪਹਿਲੇ ਦਿਨ ਤੋਂ ਹੀ ਇਕੱਠੇ ਰਹੇ ਹਾਂ। ਹੋਸਟਲ ਵਿਚ ਸਾਡਾ ਕਮਰਾ ਵੀ ਆਹਮੋ-ਸਾਹਮਣੇ ਸੀ। ਕਈ ਵਾਰ ਅਸੀਂ ਆਲੇ ਦੁਆਲੇ ਦੇ ਪ੍ਰਭਾਵ ਹੇਠ ਆ ਕੇ ਆਪਣੀ ਮੰਜ਼ਿਲ ਤੋਂ ਭਟਕ ਜਾਂਦੇ ਹਾਂ ਪਰ ਅਜਿਹੇ ਵੇਲੇ ਡਾ. ਪਾਲ ਸਿੰਘ ਸਿੱਧੂ ਵਰਗੇ ਗੁਰੂ ਹਨੇਰੇ ਰਾਹਾਂ ਵਿਚ ਸਾਡੇ ਰਾਹ ਦਸੇਰੇ ਬਣ ਸਾਨੂੰ ਚੰਗੀ ਜਗ੍ਹਾ ’ਤੇ ਪਹੁੰਚਾ ਦਿੰਦੇ ਹਨ।
ਗੁਰਮਿੰਦਰ ਸਿੰਘ ਚਹਿਲ, ਵਿਨੀਪੈਗ (ਕੈਨੇਡਾ)

ਡਾਕ ਐਤਵਾਰ ਦੀ Other

Dec 12, 2021

ਇਤਿਹਾਸਕ ਜਿੱਤ

ਐਤਵਾਰ 21 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਇਤਿਹਾਸਕ ਜਿੱਤ ਅਤੇ ਨਵੀਆਂ ਜ਼ਿੰਮੇਵਾਰੀਆਂ’ ਸ਼ਾਂਤਮਈ ਚੱਲੇ ਕਿਸਾਨੀ ਅੰਦੋਲਨ ਵਿਚ ਕਿਸਾਨਾਂ ਨੂੰ ਚਿਰ ਮਗਰੋਂ ਨਿਆਂ ਮਿਲਣ ਦਾ ਇਜ਼ਹਾਰ ਵਿਸਥਾਰ ਵਿਚ ਕਰਦਾ ਸੀ। ਸਿਆਸੀ ਤਾਕਤਾਂ ਨੂੰ ਕਿਸਾਨਾਂ ਦੀ ਹਿੰਮਤ ਅੱਗੇ ਝੁਕਣਾ ਪਿਆ। ਇਤਿਹਾਸ ਵਿਚ ਇਸ ਅੰਦੋਲਨ ਵਿਚ ਕੀਤੀਆਂ ਗਈਆਂ ਕੁਰਬਾਨੀਆਂ ਸੁਨਹਿਰੀ ਅੱਖਰਾਂ ਵਿਚ ਲਿਖੀਆਂ ਗਈਆਂ ਹਨ। ਕਿਸਾਨੀ ਵੱਧ ਤੋਂ ਵੱਧ ਅਨਾਜ ਪੈਦਾ ਕਰ ਦੇਸ਼ ਦੀ ਆਰਥਿਕ ਮੰਦੀ ਨੂੰ ਉੱਚਾ ਕਰਨ ਵਿਚ ਮਦਦਗਾਰ ਹੋਵੇਗੀ। ਦੇਸ਼ ਦੇ ਸ਼ਾਸਕਾਂ ਨੂੰ ਕਿਸਾਨੀ ਏਕੇ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਜਾਗੀਰਦਾਰੀ ਪ੍ਰਥਾ ਦਾ ਖ਼ਾਤਮਾ

21 ਨਵੰਬਰ ਦੇ ਸਾਰੇ ਹੀ ਲੇਖ ਪੜ੍ਹਨ ਯੋਗ ਸਨ। ਪ੍ਰੋ. ਅਰਵਿੰਦ ਨੇ ਇਤਿਹਾਸ ਫਰੋਲਦਿਆਂ ਦੱਸਿਆ ਕਿ ਕਿਸਾਨਾਂ ਦਾ ਸੰਘਰਸ਼ ਤਕਰੀਬਨ ਚੰਦਰਗੁਪਤ ਮੌਰੀਆ ਤੇ ਮੁਗ਼ਲਾਂ ਦੇ ਵੇਲੇ ਤੋਂ ਹਕੂਮਤਾਂ ਤੇ ਜਗੀਰਦਾਰਾਂ ਦੇ ਵਿਰੁੱਧ ਹਰ ਦੌਰ ਵਿਚ ਚਲਦਾ ਆਇਆ ਹੈ। ਸਿੰਧ ਵਿਚ ਅਨਾਇਤਉੱਲਾ ਨੇ ਸਤਾਰ੍ਹਵੀਂ ਸਦੀ ਵਿਚ ਚੱਲੇ ਕਿਸਾਨ ਅੰਦੋਲਨ ਵਿਚ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਪੰਜਾਬ ਵਿਚ ਬੰਦਾ ਬਹਾਦਰ ਨੇ ਕਿਹਾ ਕਿ ਜ਼ਮੀਨ ਉਪਰ ਕਿਸਾਨਾਂ ਦੀ ਹੀ ਮਾਲਕੀ ਹੋਣੀ ਚਾਹੀਦੀ ਹੈ। ਇਉਂ ਜਾਗੀਰਦਾਰੀ ਦੀ ਪ੍ਰਥਾ ਨੂੰ ਖ਼ਤਮ ਕੀਤਾ ਗਿਆ। ਰਾਮਚੰਦਰ ਗੁਹਾ ਤੇ ਸਵਰਾਜਬੀਰ ਨੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਚਾਹੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ, ਪਰ ਫਿਰ ਵੀ ਕਿਸਾਨਾਂ ਨੂੰ ਚੇਤੰਨ ਰਹਿਣਾ ਚਾਹੀਦਾ ਹੈ। ਨਰਿੰਦਰ ਕਪੂਰ ਦਾ ਲੇਖ ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਸੰਤੁਲਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਸੀ।

ਜਸਬੀਰ ਕੌਰ, ਅੰਮ੍ਰਿਤਸਰ


ਅਲੈਗਜ਼ੈਂਡਰ ਕਨਿੰਘਮ

21 ਨਵੰਬਰ ਦੇ ‘ਦਸਤਕ’ ਅੰਕ ਵਿਚ ਬੀ.ਐਨ. ਗੋਸਵਾਮੀ ਦਾ ਕਲਾ ਜਗਤ ਨੂੰ ਸਮਰਪਿਤ ਲੇਖ ਮੇਰੇ ਵਰਗੇ ਇਤਿਹਾਸ ਦੇ ਵਿਦਿਆਰਥੀ ਲਈ ਉਤਸ਼ਾਹ ਅਤੇ ਦਿਲਚਸਪੀ ਪੈਦਾ ਕਰਨ ਵਾਲਾ ਸੀ। ਅਲੈਗਜ਼ੈਂਡਰ ਕਨਿੰਘਮ ਨੂੰ ਭਾਰਤੀ ਪੁਰਾਤੱਤਵ ਵਿਭਾਗ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਉੱਘੇ ਇਤਿਹਾਸਕਾਰ ਉਪਿੰਦਰ ਸਿੰਘ ਮੁਤਾਬਿਕ ਉਸ ਨੇ ਭਾਰਤੀ ਇਤਿਹਾਸ ਨੂੰ ਵਿਗਿਆਨਕ ਸੋਚ ਅਤੇ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ। ਇਸ ਪੁਰਾਤੱਤਵ ਮਾਹਿਰ ਨੇ ਬੇਸ਼ਕੀਮਤੀ ਸਰਵੇਖਣ ਰਿਪੋਰਟਾਂ, ਅਣਗਿਣਤ ਹੱਥ ਲਿਖਤਾਂ ਇਤਿਹਾਸ ਦੀ ਝੋਲੀ ਪਾਈਆਂ ਹਨ। ਇਸ ਨੇ ਪ੍ਰਾਚੀਨ ਇਤਿਹਾਸਕ ਵਿਰਾਸਤ, ਵਾਸਤੂ-ਸ਼ਾਸਤਰ ਅਤੇ ਕਲਾ ਬਾਰੇ ਗੌਲਣਯੋਗ ਕੰਮ ਕੀਤਾ ਹੈ। ਇਹ ਰਚਨਾ ਸਮਕਾਲੀਨ ਇਤਿਹਾਸਕਾਰਾਂ ਨੂੰ ਸੁਨੇਹਾ ਦਿੰਦੀ ਹੈ ਕਿ ਉਹ ਪੁਰਾਤੱਤਵ ਦੇ ਮੁੱਢਲੇ ਸਰੋਤਾਂ ਦੀਆਂ ਪੈੜਾਂ ਨੱਪ ਕੇ ਭਾਰਤੀ ਇਤਿਹਾਸ ਦਾ ਪੁਨਰ ਲੇਖਨ ਨੂੰ ਤਰਜੀਹ ਦੇਣ ਜੋ ਸਮੇਂ ਦੀ ਲੋੜ ਹੈ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਪਾਠਕਾਂ ਦੇ ਖ਼ਤ

Dec 10, 2021

ਸਰਹੱਦੀ ਪੱਟੀ ਦੇ ਲੋਕ

8 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਜਗਰੂਪ ਸਿੰਘ ਸੇਖੋਂ ਦਾ ਲੇਖ ‘ਸਰਹੱਦੀ ਪੱਟੀ ਦੇ ਵਸਨੀਕਾਂ ਦੀ ਮੁਸ਼ਕਿਲਾਂ’ ਪੜ੍ਹਿਆ। ਉਨ੍ਹਾਂ ਪੂਰੇ ਵਿਸਥਾਰ ਨਾਲ ਇਸ ਅਣਗੌਲੇ ਅਤੇ ਅਹਿਮ ਮਸਲੇ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਜਿੰਨੀ ਦੇ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੁਖਾਵੇਂ ਸਬੰਧ ਨਹੀਂ ਬਣ ਜਾਂਦੇ, ਇਨ੍ਹਾਂ ਲੋਕਾਂ ਦੀ ਹੋਣੀ ਇਸੇ ਤਰ੍ਹਾਂ ਹਵਾ ਵਿਚ ਲਟਕਦੀ ਰਹੇਗੀ ਅਤੇ ਇਨ੍ਹਾਂ ਨੂੰ ਸਹੂਲਤਾਂ ਤੋਂ ਬਗੈਰ ਹੀ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪਵੇਗਾ। ਮਾੜੀ ਗੱਲ ਇਹ ਹੈ ਕਿ ਦੋਹਾਂ ਪਾਸਿਆਂ ਦੀਆਂ ਸਰਕਾਰਾਂ ਨੇੜੇ ਆਉਣ ਦਾ ਯਤਨ ਵੀ ਨਹੀਂ ਕਰਦੀਆਂ ਹਾਲਾਂਕਿ ਵਪਾਰ ਪੱਖੋਂ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਫਾਇਦਾ ਹੋਣਾ ਹੈ।
ਜਸਵੰਤ ਸਿੰਘ ਘੁੰਨਸ, ਪਟਿਆਲਾ


ਸਿਹਤ ਮੁੱਦੇ

9 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਪੰਜਾਬ ਦੇ ਸਿਹਤ ਮੁੱਦੇ ਕੀ ਹੋਣ’ ਪੜ੍ਹਿਆ। ਉਨ੍ਹਾਂ ਸਹੀ ਮੌਕੇ ’ਤੇ ਸਹੀ ਮੁੱਦਾ ਛੇੜਿਆ ਹੈ। ਉਂਜ ਮਸਲਾ ਇਹ ਹੈ ਕਿ ਕਿਸੇ ਵੀ ਸਿਆਸੀ ਧਿਰ ਦੀ ਅਜਿਹੇ ਮੁੱਦਿਆਂ ਨੂੰ ਸੰਬੋਧਨ ਹੋਣ ਦੀ ਇੱਛਾ ਸ਼ਕਤੀ ਹੀ ਨਹੀਂ ਹੈ। ਤਕਰੀਬਨ ਸਾਰੀਆਂ ਧਿਰਾਂ ਚੋਣ ਸਿਆਸਤ ਦੁਆਲੇ ਦੀ ਸਿਆਸਤ ਕਰਦੀਆਂ ਹਨ। ਜਦੋਂ ਤੱਕ ਸਿਆਸਤ ਦੇ ਕੇਂਦਰ ਵਿਚ ਲੋਕ ਨਹੀਂ ਆਉਂਦੇ, ਸਿਆਸਤ ਵਿਚ ਸਿਫ਼ਤੀ ਤਬਦੀਲੀ ਸ਼ਾਇਦ ਅਸੰਭਵ ਹੀ ਹੈ। ਇਸ ਲਈ ਲੋਕਾਂ ਨੂੰ ਇਸ ਪਾਸੇ ਤੋਰਨ ਲਈ ਬੁੱਧੀਜੀਵੀਆਂ ਨੂੰ ਅੱਗੇ ਵਧ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਰਮਣੀਕ ਸਿੰਘ ਚਾਹਲ, ਮਾਨਸਾ


ਵੋਟਾਂ ਦੀ ਸਿਆਸਤ

8 ਦਸੰਬਰ ਦਾ ਸੰਪਾਦਕੀ ‘ਭਾਵਨਾਤਮਕ ਸਿਆਸਤ’ ਪੜ੍ਹਨ ਤੋਂ ਸਾਫ਼ ਹੁੰਦਾ ਹੈ ਕਿ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਮੁੱਦਿਆਂ ਤੋਂ ਹਟ ਕੇ ਕੀਤੀ ਜਾ ਰਹੀ ਧਰਮ ਆਧਾਰਿਤ ਰਾਜਨੀਤੀ ਦੇਸ਼ ਦੀ ਭਾਈਚਾਰਕ ਸਾਂਝ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨੀ ਸੰਘਰਸ਼ ਨੇ ਜਿੱਥੇ ਦੇਸ਼ ਦੇ ਲੋਕਾਂ ਅੰਦਰ ਨਵੀਂ ਜਾਗ੍ਰਿਤੀ ਪੈਦਾ ਕੀਤੀ ਹੈ, ਉੱਥੇ ਵੱਖ ਵੱਖ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਵੀ ਪ੍ਰੇਰਿਆ ਹੈ। ਉੱਧਰ, ਭਾਜਪਾ ਆਪਣੇ ਹਿੰਦੂਤਵੀ ਏਜੰਡੇ ਦੀ ਪ੍ਰਾਪਤੀ ਅਤੇ ਸੱਤਾ ’ਚ ਬਣੇ ਰਹਿਣ ਦੀ ਲਾਲਸਾ ਤਹਿਤ ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਵਲਗਣ ਵਾਲੇ ਅਧਿਆਪਕ

ਗੁਰਦੀਪ ਸਿੰਘ ਢੁੱਡੀ ਦੀ ਲਿਖਤ ‘ਵਲਗਣ ਵਾਲੇ ਅਧਿਆਪਕ’ (8 ਦਸੰਬਰ) ਵਿਚ ਦਰਜ ਗੱਲ ਹੈਰਾਨੀਜਨਕ ਅਤੇ ਅਚੰਭੇ ਵਾਲੀ ਹੈ। ਸਿਆਣੇ ਕਹਿੰਦੇ ਨੇ ਕਿ ਬੱਚੇ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਜਦੋਂ ਅਧਿਆਪਕ ਹੀ ਵਰਣ ਵੰਡ ਵਿਵਸਥਾ ਭਾਵ ਊਚ ਨੀਚ ਜਾਂ ਫਿਰ ਅਮੀਰ ਗ਼ਰੀਬ ਵਾਲੇ ਪਾੜੇ ਵਿਚ ਗ੍ਰਸਤ ਹੋਣਗੇ ਤਾਂ ਇਸ ਦੇਸ਼ ਦਾ ਭਵਿੱਖ ਕੀ ਹੋਵੇਗਾ? ਉਨ੍ਹਾਂ ਆਪਣੇ ਤਜਰਬੇ ਤੋਂ ਜਾਣੂ ਕਰਵਾਉਂਦਿਆਂ ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਵਿਚ ਵਧ ਰਹੀ ਫ਼ੋਕੀ ਸ਼ੁਹਰਤ ਦਾ ਜ਼ਿਕਰ ਵੀ ਕੀਤਾ ਹੈ।
ਮਨਮੋਹਨ ਸਿੰਘ, ਨਾਭਾ

(2)

ਜਾਤ ਦਾ ਕੋਹੜ ਸਾਡੇ ਸਮਾਜ ਨੂੰ ਖਾ ਰਿਹਾ ਹੈ। ਗੁਰਦੀਪ ਸਿੰਘ ਢੁੱਡੀ ਨੇ ਆਪਣੇ ਮਿਡਲ ‘ਵਲਗਣ ਵਾਲੇ ਅਧਿਆਪਕ’ (8 ਦਸੰਬਰ) ਵਿਚ ਜਿਨ੍ਹਾਂ ਅਧਿਆਪਕਾਂ ਬਾਰੇ ਖੁਲਾਸਾ ਕੀਤਾ ਹੈ, ਉਹ ਸਮਾਜ ਨੂੰ ਕੀ ਸੇਧ ਦੇ ਸਕਦੇ ਹਨ? ਇਸੇ ਕਰਕੇ ਹੀ ਤਾਂ ਅਸੀਂ ਲਗਾਤਾਰ ਨਿਘਾਰ ਦੀ ਖਾਈ ਵਿਚ ਡਿੱਗ ਰਹੇ ਹਾਂ।
ਕੁਲਵੰਤ ਕੌਰ, ਜਲੰਧਰ


ਅਸਲੀ ਰਿਸ਼ਤਾ

6 ਦਸੰਬਰ ਨੂੰ ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਪੜ੍ਹਿਆ। ਪਤੀ-ਪਤਨੀ ਸੰਸਾਰੀ ਗੱਡੀ ਦੇ ਦੋ ਪਾਵੇ ਹਨ। ਘਰ ਦੀ ਸੁੱਖ ਸਾਂਦ ਲਈ ਉਨ੍ਹਾਂ ਵਿਚਕਾਰ ਮੇਲ ਜੋਲ ਜ਼ਰੂਰੀ ਹੈ। ਜ਼ਿੰਦਗੀ ਦੋ ਦੋ ਮੁਸਾਫ਼ਿਰਾਂ ਦਾ ਬੁਢਾਪੇ ਦਾ ਸਮਾਂ ਵਧੀਆ ਤਰੀਕੇ ਨਾਲ ਗੁਜ਼ਰ ਜਾਂਦਾ ਹੈ। ਜ਼ਿੰਦਗੀ ਦੇ ਅੰਤਲੇ ਪੜਾਅ ਦੇ ਨਾਟਕ ਦੀ ਅਦਾਕਾਰੀ ਸੱਚੇ ਰਿਸ਼ਤੇ ਦੀ ਮਨਮੋਹਣੀ ਮਹਿਕ ਵਾਂਗ ਆਲੇ ਦੁਆਲੇ ਦਾ ਵਾਤਾਵਰਨ ਸੁਨਹਿਰਾ ਬਣਾਉਂਦੀ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਸਿੱਖਿਆ ਦੇਣ ਵਾਲਾ ਸੀ। ਮਨੁੱਖ ਨੂੰ ਆਪਣੀ ਮੰਜ਼ਿਲ ਹਾਸਿਲ ਕਰਨ ਲਈ ਹਿੰਮਤ ਨਹੀਂ ਛੱਡਣੀ ਚਾਹੀਦੀ। ਉਮੀਦਾਂ ਨਾਲ ਚੱਲਣ ਵਾਲੀ ਦੁਨੀਆ ਸਾਰਿਆਂ ਨੂੰ ਜਿਊਣ ਦੀ ਰਾਹ ਦਿਖਾਉਂਦੀ ਹੈ। ਸੁਪਨਿਆਂ ਨੂੰ ਮਿਹਨਤ ਕਰਦੇ ਹੋਏ ਸਫ਼ਲ ਕਰੀਏ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਪੁੱਤਰਾਂ ਦਾ ਫਰਜ਼ ਅਤੇ ਕਰਜ਼ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)

(2)

ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਬੇਹੱਦ ਖੂਬਸੂਰਤ ਲੱਗਿਆ। ਪੜ੍ਹ ਕੇ ਤਬੀਅਤ ਖ਼ੁਸ਼ ਹੋ ਗਈ। ਪਿਛਲੀ ਉਮਰ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਅਤੇ ਝੋਰੇ ਸਮਝੋ ਨਾਲੋ-ਨਾਲ ਚੱਲਦੇ ਹਨ। ਪਛਾੜੀ ਦੀ ਇਸ ਉਮਰ ਬਾਰੇ ਲੇਖਕ ਦਾ ਨਜ਼ਰੀਆ ਦਿਲ ਨੂੰ ਟੁੰਬ ਗਿਆ।
ਸਿ਼ਵ ਸਿੰਘ ਬਾਜਵਾ, ਜਲੰਧਰ


ਦਿਲ ਵਿਚ ਜਗ੍ਹਾ

29 ਨਵੰਬਰ ਨੂੰ ਜਸਵਿੰਦਰ ਸੁਰਗੀਤ ਦੀ ਰਚਨਾ ‘ਸਤਰੰਗੀ ਦਿਨ’ ਪੜ੍ਹੀ। ਇਸ ਵਿਚ ਲੇਖਕ ਨੇ ਆਪਣੇ ਕਾਲਜ ਦੇ ਦਿਨਾਂ ਦਾ ਜ਼ਿਕਰ ਵਿਸਥਾਰ ਨਾਲ ਲਿਖਿਆ ਹੈ। ਜਗ੍ਹਾ ਕਿੰਨੀ ਵੀ ਤੰਗ ਹੋਵੇ, ਤੁਹਾਡੇ ਦਿਲ ਵਿਚ ਜਗ੍ਹਾ ਹੋਣੀ ਚਾਹੀਦੀ ਹੈ। ਫਿਰ ਦੇਖਣਾ ਤੁਹਾਡੀ ਜ਼ਿੰਦਗੀ ਲੇਖਕ ਦੇ ਪੇਸ਼ ਕੀਤੇ ਕਿਰਦਾਰ ਵਰਗੀ ਹੋ ਜਾਵੇਗੀ। ਬਚਪਨ ਤੇ ਕਾਲਜ ਵਿਚ ਬਤਾਏ ਦਿਨ ਸੱਚਮੁੱਚ ਕਦੀ ਵੀ ਨਹੀਂ ਭੁੱਲਦੇ। ਇਨਸਾਨ ਨੂੰ ਹਮੇਸ਼ਾ ਖੁਸ਼ ਰਹਿ ਕੇ ਹਰ ਭੀੜ ਦਾ ਮੁਕਾਬਲਾ ਕਰਨਾ ਚਾਹੀਦਾ ਹੈ; ਦੇਖਣਾ, ਤਰੱਕੀ ਕਿਵੇਂ ਤੁਹਾਡਾ ਮੂੰਹ ਚੁੰਮੇਗੀ।
ਗੁਰਮੀਤ ਸਿੰਘ, ਵੇਰਕਾ


ਆਲੋਚਨਾ

17 ਨਵੰਬਰ ਨੂੰ ਸੰਪਾਦਕੀ ‘ਨਿਆਂ-ਅਨਿਆਂ’ ਪੜ੍ਹਿਆ। ਮੋਦੀ ਸਰਕਾਰ ਆਪਣੀ ਪਿੱਠ ਆਪੇ ਥਾਪੜਨ ਵਾਲੀ ਹੈ। ਗ਼ਲਤ ਜਾਂ ਅਧੂਰੇ ਕੰਮ ਵਿਰੋਧੀ ਪਾਰਟੀਆਂ ਸਿਰ ਮੜ੍ਹ ਦਿੰਦੀ ਹੈ, ਚੰਗੇ ਕੰਮ ਸਿਰਫ਼ ਭਾਜਪਾ ਹੀ ਕਰਦੀ ਹੈ। ਭਾਜਪਾ ਨੂੰ ਆਲੋਚਨਾ ਸੁਣਨੀ ਪਸੰਦ ਨਹੀਂ। ਇਸੇ ਦਿਨ ‘ਜ਼ਿੰਮੇਵਾਰ ਕੌਣ’ ਵਿਚ ਜਗਦੀਸ਼ ਕੌਰ ਮਾਨ ਨੇ ਪੰਜਾਬ ਵਿਚ ਵੱਡੀ ਪੱਧਰ ’ਤੇ ਫੈਲੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)

ਪਾਠਕਾਂ ਦੇ ਖ਼ਤ

Dec 09, 2021

11 ਕੁਇੰਟਲ ਪਿਆਜ਼, ਕਮਾਈ 13 ਰੁਪਏ!

4 ਦਸੰਬਰ ਦੇ ਮੁੱਖ ਪੰਨੇ ’ਤੇ ਲੱਗੀ ਖ਼ਬਰ ‘ਮਹਾਰਾਸ਼ਟਰ ਦੇ ਕਿਸਾਨ ਨੂੰ 11 ਕੁਇੰਟਲ ਪਿਆਜ਼ ਦੀ ਵੇਚ ਤੋਂ 13 ਰੁਪਏ ਦੀ ਕਮਾਈ’ ਪੜ੍ਹ ਕੇ ਦਿਲ ਵਲੂੰਧਰਿਆ ਗਿਆ ਕਿ ਸਾਡਾ ਤੰਤਰ ਕਿਸ ਤਰ੍ਹਾਂ ਕੰਮ ਕਰਦਾ ਹੈ। ਜਿਣਸ ਪੈਦਾ ਕਰਨ ਵਾਲੇ ਨੂੰ ਤਾਂ 1.3 ਪੈਸੇ ਫ਼ੀ ਕਿਲੋ ਹੀ ਮਿਲੇ ਜਦਕਿ ਵੇਚ ਸਮੇਂ ਦੇ ਖ਼ਰਚੇ 1.66 ਪੈਸੇ ਪ੍ਰਤੀ ਕਿਲੋ ਪਾਏ ਗਏ। ਇਨ੍ਹਾਂ ਖ਼ਰਚਿਆਂ ਵਿਚ ਕਿਸਾਨ ਦੀ ਲੇਬਰ, ਜ਼ਮੀਨ ਵਹਾਈ, ਬੀਜ ਬਿਜਾਈ, ਪਾਣੀ, ਰੇਹ ਸਪਰੇ ਦੇ ਖ਼ਰਚੇ ਸ਼ਾਮਿਲ ਨਹੀਂ ਹਨ। ਅਜਿਹੇ ਹਾਲਾਤ ਵਿਚ ਹੀ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੁੰਦੇ ਹਨ। ਇਸ ਲੁੱਟ ਤੋਂ ਕਿਸਾਨਾਂ ਨੂੰ ਬਚਾਉਣ ਲਈ ਐੱਮਐੱਸਪੀ ਤੇ ਖ਼ਰੀਦ ਕਨੂੰਨ ਦੇ ਸ਼ਿਕੰਜੇ ਅਧੀਨ ਹੀ ਹੋਣੀ ਜ਼ਰੂਰੀ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਜ਼ਿਆਦਤੀ

7 ਦਸੰਬਰ ਦਾ ਸੰਪਾਦਕੀ ‘ਜਵਾਬਦੇਹੀ ਦੀ ਜ਼ਰੂਰਤ’ ਧਿਆਨ ਮੰਗਦਾ ਹੈ। ਸੁਰੱਖਿਆ ਬਲਾਂ ਲਈ ਕੋਈ ਜ਼ਾਬਤਾ ਨਹੀਂ ਬਣਾਇਆ ਹੋਇਆ, ਇਹ ਅੰਨ੍ਹੇਵਾਹ ਕਾਰਵਾਈਆਂ ਕਰਦੇ ਹਨ। ਦੇਸ਼ ਦਾ ਕੋਈ ਖਿੱਤਾ ਅਜਿਹਾ ਨਹੀਂ ਅਜਿਹਾ ਨਹੀਂ ਜਿੱਥੇ ਆਮ ਨਾਗਰਿਕਾਂ ’ਤੇ ਅਜਿਹੀਆਂ ਜ਼ਿਆਦਤੀਆਂ ਨਾ ਹੁੰਦੀਆਂ ਹੋਣ। ਦੂਜੇ ਬੰਨੇ ਇਹੀ ਸੁਰੱਖਿਆ ਬਲ ਨਸ਼ਾ ਤਸਕਰੀ, ਘੁਸਪੈਠ ਸਮੇਂ ਪਤਾ ਨਹੀਂ ਕਿਉਂ ਅੱਖਾਂ ਮੁੰਦ ਲੈਂਦੇ ਹਨ। ਕੇਂਦਰ ਸਰਕਾਰ, ਸੂਬਿਆਂ ਨੂੰ ਨੱਥ ਪਾਉਣ ਲਈ ਵੀ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਦੀ ਹੈ। ਕੋਈ ਅਜਿਹਾ ਕੋਡ ਲਾਗੂ ਹੋਣਾ ਚਾਹੀਦਾ ਹੈ ਜਿਸ ਤਹਿਤ ਅਮਨ ਪਸੰਦ ਨਾਗਰਿਕ ਗੜਬੜੀ ਸਮੇਂ ਵੀ ਬੇਖੌਫ਼ ਹੋ ਕੇ ਸੌਂ ਸਕਣ।
ਸਾਗਰ ਸਿੰਘ ਸਾਗਰ, ਬਰਨਾਲਾ

(2)

ਸੰਪਾਦਕੀ ‘ਜਵਾਬਦੇਹੀ ਦੀ ਜ਼ਰੂਰਤ’ ਪੜ੍ਹਿਆ। ਇਹ ਖ਼ੂਨੀ ਸਾਕਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਸਗੋਂ ਕਈ ਦਹਾਕਿਆਂ ਤੋਂ ਆਮ ਲੋਕ ਫ਼ੌਜ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੇ ਹਨ। ਇਸ ਪਿੱਛੇ ਸਰਕਾਰਾਂ ਦ ਹੱਥ ਹੀ ਸਮਝਿਆ ਜਾ ਸਕਦਾ ਹੈ ਜਿਸ ਨੇ ਹੱਕਾਂ ਲਈ ਜੂਝਦੇ ਲੋਕਾਂ ਨੂੰ ਦਬਾਉਣ ਵਾਸਤੇ ਫ਼ੌਜ ਤੇ ਅਰਧ-ਸੈਨਿਕ ਦਲਾਂ ਨੂੰ ਖੁੱਲ੍ਹੇ ਅਧਿਕਾਰ ਦਿੱਤੇ ਹੋਏ ਹਨ।
ਸੁਖਦੇਵ ਸਿੰਘ ਭੁੱਲੜ, ਬਠਿੰਡਾ


ਤੱਥਾਤਮਿਕ ਊਣਤਾਈ

7 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ‘ਜਦੋਂ ਨਿਆਂ ਵਿਚ ਅਨਿਆਂ ਹੁੰਦਾ ਹੈ’ (ਲੇਖਕ ਜਸਟਿਸ ਐੱਸਐੱਸ ਸੋਢੀ) ਪੜ੍ਹਿਆ। ਇਸ ਵਿਚ ਇਕ ਤੱਥਾਕਥਿਤ ਊਣਤਾਈ ਹੈ। ਜੋਗਿੰਦਰ ਸਿੰਘ ਆਨੰਦ ਨੂੰ ਮੇਨਕਾ ਗਾਂਧੀ ਦਾ ਛੋਟਾ ਭਰਾ ਲਿਖਿਆ ਹੈ। ਉਹ ਮੇਨਕਾ ਗਾਂਧੀ ਦੇ ਸਕੇ ਚਾਚਾ ਸਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਜੁਝਾਰੂ ਸ਼ਖ਼ਸੀਅਤ

7 ਦਸੰਬਰ ਨੂੰ ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਪੱਤਰਕਾਰੀ ਦੀ ਨਿਡਰ ਅਵਾਜ਼ ਸੀ ਵਿਨੋਦ ਦੂਆ’ ਪੜ੍ਹਿਆ। ਵਿਨੋਦ ਦੂਆ ਨੂੰ ਆਪਣੀਆਂ ਯੋਗਤਾਵਾਂ ਕਰਕੇ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲੇ। ਸਚਮੁੱਚ ਉਹ ਨਿਡਰ, ਸਪੱਸ਼ਟਵਾਦੀ ਅਤੇ ਜੁਝਾਰੂ ਸ਼ਖ਼ਸੀਅਤ ਸਨ।

ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)


ਮੀਡੀਆ ਪਾਬੰਦੀਆਂ

6 ਦਸੰਬਰ ਦਾ ਸੰਪਾਦਕੀ ‘ਸੰਵਾਦ ’ਤੇ ਪਾਬੰਦੀਆਂ’ ਪੜ੍ਹ ਕੇ ਪਤਾ ਲੱਗਿਆ ਕਿ ਸਰਕਾਰ ਦੁਆਰਾ ਕਿਸ ਤਰ੍ਹਾਂ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਵਿਡ-19 ਦੇ ਨਾਂ ਹੇਠ ਸੰਸਦ ’ਚ ਲਾਈ ਪਾਬੰਦੀ ਖ਼ਿਲਾਫ਼ ਪੱਤਰਕਾਰ ਭਾਈਚਾਰੇ ਵਜੋਂ ਪਿਛਲੇ ਦਿਨੀਂ ਜਲੂਸ ਕੱਢਿਆ ਗਿਆ। ਸਰਕਾਰ ਵੱਲੋਂ ਜੇਕਰ ਇਹ ਪਾਬੰਦੀਆਂ ਨਾ ਹਟਾਈਆਂ ਤਾਂ ਇਹ ਰਵਾਇਤ ਬਣ ਜਾਵੇਗੀ। ਕਰੋਨਾ ਦੇ ਬਹਾਨੇ ਮੀਡੀਆ ਨੂੰ ਸੰਸਦ ਤੋਂ ਦੂਰ ਕੀਤਾ ਜਾ ਰਿਹਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਆਬਾਦੀ ਪਰਿਵਰਤਨ

6 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਕੀ ਮੁਲਕ ਦੀ ਆਜ਼ਾਦੀ ਵਿਚ ਵਾਧਾ ਰੁਕ ਗਿਆ ਹੈ?’ ਭਾਰਤ ਦੀ ਆਬਾਦੀ ਵਿਚ ਆ ਰਹੇ ਸਾਕਾਰਾਤਮਕ ਪਰਿਵਰਤਨ ਬਾਰੇ ਦੱਸਦਾ ਹੈ। ਲੰਮੇ ਸਮੇਂ ਤੋਂ ਆਬਾਦੀ ਦਾ ਵਧਣਾ ਭਾਰਤ ਲਈ ਸਮੱਸਿਆ ਬਣਿਆ ਹੋਇਆ ਹੈ। ਭਾਰਤ ਵਿਚ ਭੁੱਖਮਰੀ, ਅਨਪੜ੍ਹਤਾ, ਗ਼ਰੀਬੀ, ਬੇਘਰ ਲੋਕ, ਬੇਰੁਜ਼ਗਾਰੀ, ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਆਦਿ ਸਿੱਧੇ ਤੌਰ ’ਤੇ ਆਬਾਦੀ ਦੇ ਵਾਧੇ ਨਾਲ ਜੁੜੇ ਹੋਏੇ ਹਨ। ਆਬਾਦੀ ਦੇ ਘਟਣ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਵਿਚ ਆਸਾਨੀ ਹੋਵੇਗੀ।
ਸੰਜੇ ਖਾਨ ਧਾਲੀਵਾਲ, ਪਟਿਆਲਾ


ਵਿਹਾਰ ਦੀ ਵੰਨ-ਸਵੰਨਤਾ

6 ਦਸੰਬਰ ਨੂੰ ਗੁਰਦਿਆਲ ਦਲਾਲ ਦਾ ਲਿਖਿਆ ਮਿਡਲ ‘ਰਿਸ਼ਤਾ’ ਪੜ੍ਹ ਕੇ ਇਉਂ ਲੱਗਿਆ, ਜਿਵੇਂ ਮੇਰੀ ਭੁੱਖ ਦੀ ਪੂਰਤੀ ਕਰ ਦਿੱਤੀ ਹੋਵੇ। ਨੋਕ ਝੋਕ ਤੇ ਪਿਆਰ ਵਾਲੀ ਜ਼ਿੰਦਗੀ ਹਰ ਕੋਈ ਨਹੀਂ ਜੀਅ ਸਕਦਾ। ਮੈਂ ਆਪਣੀ ਗੱਲ ਕਰਾਂ, ਸਹਿਜੇ ਕਹੀ ਹੋਈ ਗੱਲ ਵੀ ਕਈ ਵਾਰ ਪੁੱਠੀ ਪੈ ਜਾਂਦੀ ਹੈ। ਫਿਰ ਮਨ ਖ਼ਰਾਬ ਹੁੰਦਾ ਹੈ। ਸੋਚੀਦਾ ਹੈ ਕਿ ਹਾਸਾ ਮਖੌਲ ਸਾਡੇ ਵਸ ਦਾ ਨਹੀਂ। ਇਹ ਹਰ ਇਕ ਨੂੰ ਰਾਸ ਨਹੀਂ ਆਉਂਦਾ। ਸੱਚ ਤਾਂ ਇਹ ਹੈ ਕਿ ਮਨੁੱਖੀ ਵਿਹਾਰ ਦੀ ਵੰਨ-ਸਵੰਨਤਾ ਵਿਚ ਹਰ ਜੋੜੀ ਦੇ ਆਪਣੇ ਰੰਗ ਢੰਗ ਹਨ। ਉਨ੍ਹਾਂ ’ਤੇ ਹੀ ਨਿਰਭਰ ਹੈ ਕਿ ਉਹ ਸੰਤੁਲਨ ਬਣਾ ਕੇ ਕਿਵੇਂ ਮਾਣਦੇ ਤੇ ਹੰਢਾਉਂਦੇ ਹਨ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

(2)

ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਚੰਗਾ ਲੱਗਿਆ। ਬਹੁਤੇ ਘਰਾਂ ਵਿਚ ਇਹ ਸਮਾਜਿਕ ਵਰਤਾਰਾ ਬਣ ਚੁੱਕਿਆ ਹੈ। ਪਤੀ ਪਤਨੀ ’ਚ ਅਜਿਹੀ ਨੋਕ ਝੋਕ ਉੱਥੇ ਹੁੰਦੀ ਹੈ ਜਿੱਥੇ ਦੋਨਾਂ ਵਿਚਕਾਰ ਨਿੱਘਾ ਸਹਿਚਾਰ ਤੇ ਪਿਆਰ ਹੋਵੇ। ਜੀਵਨ ਵਿਚ ਇਹ ਹੈ ਵੀ ਜ਼ਰੂਰੀ।
ਪਵਨ ਕੁਮਾਰ ਕੌਸ਼ਲ, ਦੋਰਾਹਾ


ਨਵੀਂ ਜਾਣਕਾਰੀ

4 ਦਸੰਬਰ ਦੇ ਸਤਰੰਗ ਵਿਚ ਇਸਰੋ ਵਿਗਿਆਨੀ ਹਰਜੀਤ ਸਿੰਘ ਦਾ ਬਲੈਕ ਹੋਲ ਬਾਰੇ ਬਹੁਤ ਸਾਰੀ ਨਵੀਂ ਜਾਣਕਾਰੀ ਦਿੰਦਾ ਲੇਖ ‘ਅਸੀਮ ਗਰੂਤਾ ਖਿੱਚ ਦਾ ਕੇਂਦਰ ਬਲੈਕ ਹੋਲ’ ਪੜ੍ਹਿਆ। ਪਹਿਲਾਂ ਵੀ ਭਾਵੇਂ ਬਲੈਕ ਹੋਲ ਬਾਰੇ ਕਾਫ਼ੀ ਜਾਣਕਾਰੀ ਸੀ ਤੇ ਮੈਟਰਿਕ ਪੱਧਰ ’ਤੇ ਵਿਦਿਆਰਥੀਆਂ ਨੂੰ ਸਕੂਲ ਵਿਚ ਜਾਣਕਾਰੀ ਦਿੰਦੇ ਰਹੇ ਹਾਂ ਪਰ ਇਹ ਲੇਖ ਪੜ੍ਹ ਕੇ ਪਹਿਲਾ ਗਿਆਨ ਕਾਫ਼ੀ ਅਧੂਰਾ ਲੱਗ ਰਿਹਾ ਹੈ।
ਸੁਰਿੰਦਰ ਸਿੰਘ, ਮੋਗਾ


ਰਵਾਇਤਾਂ ਦੀ ਸਾਂਝ

3 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਨੀਰਾ ਚੰਢੋਕ ਦਾ ਲੇਖ ‘ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ’ ਵਧੀਆ ਲੱਗਾ। ਸਾਡੇ ਦੇਸ਼ ਵਿਚ ਵੱਖ ਵੱਖ ਧਰਮ, ਭਾਸ਼ਾਵਾਂ ਤੇ ਰਸਮ ਰਿਵਾਜ ਹਨ। ਇਸ ਲਈ ਧਰਮ ਨੂੰ ਆਪੋ-ਆਪਣੀਆਂ ਮੰਨਤਾਂ ਤੇ ਭਾਵਨਾਵਾਂ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਰਾਜਨੀਤੀ ਵਿਚ ਇਸ ਨੂੰ ਭਾਰੂ ਨਹੀਂ ਹੋਣਾ ਦੇਣਾ ਚਾਹੀਦਾ ਕਿਉਂਕਿ ਇਵੇਂ ਫਿਰ ਏਕੀਕਰਨ ਤੇ ਸਾਂਝੀਵਾਲਤਾ ਨਹੀਂ ਰਹਿ ਜਾਂਦੀ।
ਜਸਬੀਰ ਕੌਰ, ਅੰਮ੍ਰਿਤਸਰ

ਪਾਠਕਾਂ ਦੇ ਖ਼ਤ

Dec 03, 2021

ਕਿਰਤੀਆਂ ਲਈ ਲੜਾਈ

30 ਨਵੰਬਰ ਨੂੰ ਜਸਵੰਤ ਚਾਹਲ ਮੱਤੀ ਦਾ ਲੇਖ ‘ਮੁਜਾਰਾ ਲਹਿਰ ਦੇ ਬਾਨੀ ਧਰਮ ਸਿੰਘ ਫੱਕਰ ਨੂੰ ਯਾਦ ਕਰਦਿਆਂ’ ਪੜ੍ਹਿਆ। ਪਤਾ ਲੱਗਿਆ ਕਿ ਮਰਹੂਮ ਧਰਮ ਸਿੰਘ ਫੱਕਰ ਨੇ ਕਿਸ ਤਰ੍ਹਾਂ ਲੋਕਾਂ ਨੂੰ ਜ਼ਮੀਨ ਅਤੇ ਬਣਦੇ ਹੱਦ ਸਮੇਂ ਦੀ ਹਕੂਮਤ ਨਾਲ ਸੰਘਰਸ਼ ਕਰਕੇ ਲੈ ਕੇ ਦਿੱਤੇ। ਉਨ੍ਹਾਂ ਹੋਰ ਲਹਿਰਾਂ ਵਿਚ ਵੀ ਹਿੱਸਾ ਲਿਆ ਤੇ ਸੰਘਰਸ਼ ਦਾ ਰਾਹ ਚੁਣ ਕੇ ਲੋਕਾਂ ਦੇ ਲੋਕ ਨਾਇਕ ਬਣੇ। ਉਂਜ ਅੱਜ ਦੇਸ਼ ਅੰਦਰ ਕਰੋੜਾਂ ਲੋਕ ਭੂਮੀ ਤੋਂ ਸੱਖਣੇ ਹਨ, ਕੀ ਉਨ੍ਹਾਂ ਲਈ ਵੀ ਕੋਈ ਧਰਮ ਸਿੰਘ ਫੱਕਰ ਦੁਬਾਰਾ ਜਨ ਲਵੇਗਾ?
ਮਨਮੋਹਨ ਸਿੰਘ, ਨਾਭਾ


ਦਲ-ਬਦਲੀ

2 ਦਸੰਬਰ ਦੇ ਸੰਪਾਦਕੀ ‘ਸਿਰਸਾ ਦੀ ਦਲ-ਬਦਲੀ’ ਨੇ ਅੱਜ ਦੀ ਸਿਆਸਤ ਅਤੇ ਮਨੁੱਖੀ ਸੋਚ ’ਤੇ ਚਾਨਣਾ ਪਾਇਆ ਹੈ। ਸਿਆਸੀ ਪਾਰਟੀਆਂ ਅਤੇ ਮਨੁੱਖ ਆਪਣੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਨਿੱਜ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ। ਇਕ ਪਾਰਟੀ ਅਤੇ ਉਸ ਦੇ ਨੇਤਾ ਦੂਜੀ ਪਾਰਟੀ ਤੇ ਉਸ ਦੇ ਨੇਤਾਵਾਂ ਨੂੰ ਸੱਭਿਅਕ ਹੱਦ ਲੰਘ ਕੇ ਭੰਡਦੇ ਹਨ ਪਰ ਜਦ ਦੂਜੀ ਪਾਰਟੀ ਦਾ ਕੋਈ ਨੇਤਾ ਦਲ-ਬਦਲੀ ਕਰ ਕੇ ਪਹਿਲੀ ਪਾਰਟੀ ਵਿਚ ਆ ਜਾਂਦਾ ਹੈ ਤਾਂ ਪਾਕ ਪਵਿੱਤਰ ਹੋ ਜਾਂਦਾ ਹੈ। ਵੋਟਾਂ ਨਾਲ ਚੁਣੇ ਹੋਏ ਵਿਅਕਤੀ ਨਿੱਜੀ ਹਾਸਲ ਲਈ ਪਾਰਟੀ ਬਦਲ ਲੈਂਦੇ ਹਨ ਪਰ ਉਸ ਦੇ ਵੋਟਰਾਂ ਦਾ ਕੀ ਕਸੂਰ ਜਿਨ੍ਹਾਂ ਨੇ ਉਸ ਦੀ ਪਹਿਲੀ ਪਾਰਟੀ ਕਾਰਨ ਉਸ ਨੂੰ ਵੋਟਾਂ ਪਾਈਆਂ ਸਨ?
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਧੀਰ ਸ਼ਤਾਬਦੀ ਸਮਾਗਮ

2 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਉਘੇ ਲਿਖਾਰੀ ਸੰਤੋਖ ਸਿੰਘ ਧੀਰ ਬਾਰੇ ਨਵਤੇਜ ਕੌਰ ਦਰਸ਼ੀ ਦਾ ਲੇਖ ਪੜ੍ਹਿਆ ਜੋ ਉਨ੍ਹਾਂ ਦੀ ਜਨਮ ਸ਼ਤਾਬਦੀ ਬਾਰੇ ਸੀ। ਵਾਕਈ ਧੀਰ ਜੀ ਵਰਗਾ ਹੋਰ ਕੋਈ ਲਿਖਾਰੀ ਨਹੀਂ। ਉਨ੍ਹਾਂ ‘ਸਵੇਰ ਹੋਣ ਤੱਕ’ ਅਤੇ ‘ਕੋਈ ਇਕ ਸਵਾਰ’ ਵਰਗੀਆਂ ਅਮਰ ਕਹਾਣੀਆਂ ਲਿਖੀਆਂ। ਪੰਜਾਬੀ ਸਾਹਿਤ ਜਗਤ ਉਨ੍ਹਾਂ ਦਾ ਸਦਾ ਰਿਣੀ ਰਹੇਗਾ।
ਜਸਵੰਤ ਸੇਖੋਂ, ਜਲੰਧਰ


ਪੰਜਾਬ ਵਿਚ ਧਰੁਵੀਕਰਨ!

30 ਨਵੰਬਰ ਦੇ ਸੰਪਾਦਕੀ ‘ਵੋਟਾਂ ਦਾ ਧਰੁਵੀਕਰਨ’ ਵਿਚ ਤ੍ਰਿਪੁਰਾ ਦੀਆਂ ਨਗਰ ਨਿਗਮ ਚੋਣਾਂ ਅਤੇ ਯੂਪੀ, ਉਤਰਾਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੋ ਰਹੇ ਵੋਟਾਂ ਦੇ ਧਰੁਵੀਕਰਨ ਬਾਰੇ ਲਿਖਿਆ ਹੈ। ਇਹ ਦੇਸ਼ ਅਤੇ ਸਮਾਜ ਲਈ ਗ਼ਲਤ ਰੁਝਾਨ ਹੈ ਪਰ ਲਿਖਤ ਵਿਚ ਪੰਜਾਬ ਦਾ ਜ਼ਿਕਰ ਨਹੀਂ। ਇਕ ਸਮਾਜ ਦਾ ਨਾਮ ਲੈ ਕੇ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਐਲਾਨਣਾ ਕੀ ਧਰੁਵੀਕਰਨ ਨਹੀਂ? ਕੀ ਯੋਗ ਹੁੰਦਿਆਂ ਵੀ ਕਿਸੇ ਨੂੰ ਧਰਮ ਕਾਰਨ ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਕਰਨਾ ਧਰੁਵੀਕਰਨ ਨਹੀਂ ? ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਵੀ ਪਹਿਲਾਂ ਇਹ ਦੱਸਣਾ ਕਿ ਉਹ ‘ਫਲਾਣੇ’ ਧਰਮ ਦਾ ਹੋਵੇਗਾ, ਕੀ ਧਰੁਵੀਕਰਨ ਨਹੀਂ?
ਰਾਵਿੰਦਰ ਫਫੜੇ, ਈਮੇਲ


ਗ਼ਲਤੀ ਦੁਹਰਾਈ

30 ਨਵੰਬਰ ਦੇ ਅੰਕ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਸੰਪਾਦਕੀ ਪੜ੍ਹਿਆ। ਸਹੀ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕਰਨ ਵੇਲੇ ਜੋ ਗ਼ਲਤੀ ਕੀਤੀ ਸੀ, ਉਹ ਗ਼ਲਤੀ ਕਾਨੂੰਨ ਵਾਪਸੀ ਵੇਲੇ ਦੁਹਰਾਈ ਹੈ। ਅਸਲ ਵਿਚ ਸਰਕਾਰ ਬਹਿਸ ਤੋਂ ਭੱਜ ਰਹੀ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ


ਉਡੀਕ

26 ਨਵੰਬਰ ਨੂੰ ਕੁਲਮਿੰਦਰ ਕੌਰ ਦਾ ਮਿਡਲ ‘ਉਮਰਾਂ ਜੇਡ ਉਡੀਕ’ ਪੜ੍ਹਿਆ। ਦਿਲਾਂ ਦੀ ਡੂੰਘਾਈ ਵਿਚ ਉੱਤਰਨ ਵਾਲਾ ਲੇਖ ਸੀ। ਧਨ ਦੌਲਤ ਕਮਾਉਣ ਲਈ ਅਸੀਂ ਆਪਣੀ ਜਨਮ ਭੂਮੀ ਅਤੇ ਰਿਸ਼ਤੇ ਨਾਤਿਆਂ, ਮਾਪਿਆਂ ਨੂੰ ਛੱਡ ਜਾਂਦੇ ਹਾਂ। ਫਿਰ ਵੀ ਧੀਆਂ ਦਾ ਚਿਤਾ ਨੂੰ ਅਗਨੀ ਦੇਣਾ ਸਾਡੇ ਸਮਾਜ ਦਾ ਅਗਾਂਹ ਵੱਲ ਪੁੱਟਿਆ ਕਦਮ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)


ਸਹੀ ਅਗਵਾਈ

20 ਨਵੰਬਰ ਦਾ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਪੜ੍ਹਿਆ। ਪਹਿਲੀ ਗੱਲ ਤਾਂ ਇਹ ਕਿ ਅੰਦੋਲਨ ਦੀ ਸਫ਼ਲਤਾ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਸਮਝ ਅਤੇ ਠਰ੍ਹੰਮੇ ਕਾਰਨ ਹੀ ਸੰਭਵ ਹੋ ਸਕੀ ਹੈ। ਇਸ ਅੰਦੋਲਨ ਨੇ ਬਹੁਤ ਸਾਰੀਆਂ ਨਵੀਆਂ ਪਿਰਤਾਂ ਪਾਈਆਂ ਹਨ। ਸਾਬਤ ਹੋ ਗਿਆ ਹੈ ਕਿ ਲੋਕ ਸਥਾਪਿਤ ਸਿਆਸੀ ਪਾਰਟੀਆਂ ਵੱਲ ਦੇਖੇ ਬਿਨਾ ਵੀ ਆਪਣੇ ਲਈ ਨਵੇਂ ਟੀਚੇ ਸਿਰਜ ਸਕਦੇ ਹਨ ਅਤੇ ਪ੍ਰਾਪਤ ਵੀ ਕਰ ਸਕਦੇ ਹਨ। ਸ਼ਰਤ ਇਹ ਹੈ ਕਿ ਅਜਿਹੇ ਅੰਦੋਲਨਾਂ ਦੀ ਅਗਵਾਈ ਕਰਨ ਵਾਲੇ ਅਵਾਮ ਦੀ ਨਜ਼ਰ ਵਿਚੋਂ ਪਾਕ ਸਾਫ਼ ਹੋਣ। ਸਰਕਾਰਾਂ ਤਾਂ ਅੰਦਲਨ ਕੁਚਲਣ ਲਈ ਹਮੇਸ਼ਾ ਹੀ ਬਹੁਤ ਸਾਰੀਆਂ ਚਾਲਾਂ ਚੱਲਦੀਆਂ ਰਹਿੰਦੀਆਂ ਹਨ ਪਰ ਕਿਸਾਨ ਆਗੂਆਂ ਅਤੇ ਅੰਦੋਲਨਕਾਰੀਆਂ ਦੇ ਧੀਰਜ ਅਤੇ ਹਿੰਮਤ ਨੇ ਮੌਕੇ ਦੇ ਹੁਕਮਰਾਨਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ‘ਭਰੋਸੇ ਦੀ ਬਹਾਲੀ’ ਦਿਲ ਨੂੰ ਟੁੰਬ ਗਿਆ।
ਬਿਕਰਮਜੀਤ ਸਿੰਘ, ਪਟਿਆਲਾ


ਦੀਦਾਰ ਦੇ ਦੀਦਾਰ

20 ਨਵੰਬਰ ਨੂੰ ਸੁਖਵਿੰਦਰ ਸਿੰਘ ਮੁੱਲਾਂਪੁਰ ਦਾ ਲੇਖ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਬਾਰੇ ਛਪਿਆ ਸੀ; ਪੜ੍ਹ ਕੇ ਲੱਗਾ ਜਿਵੇਂ ਸੱਚਮੁੱਚ ਹੀ ਦੀਦਾਰ ਦੇ ਦੀਦਾਰ ਹੋ ਗਏ ਹੋਣ। ਉਹਦੇ ਗੀਤਾਂ ਦੀਆਂ ਤਰਜ਼ਾਂ ਕੰਨਾਂ ਵਿਚ ਗੂੰਜਣ ਲੱਗੀਆਂ: ਨਾ ਮਾਰ ਜ਼ਾਲਮਾਂ ਵੇ, ਧੀ ਦਾ ਦਰਦ, ਫਾਟਕ ਕੋਟਕਪੂਰੇ ਦਾ ਤੇ ਹੋਰ ਗੀਤ ਅਜੇ ਵੀ ਕਿਤੇ ਨਾ ਕਿਤੇ ਸੁਣ ਜਾਂਦੇ ਹਨ।
ਲਖਵਿੰਦਰ ਸ਼ਰੀਂਹ ਵਾਲਾ, ਫਿਰੋਜ਼ਪੁਰ


ਅਹਿਮਕਾਨਾ ਬਿਆਨ

ਪ੍ਰਧਾਨ ਮੰਤਰੀ ਜੋ ਪ੍ਰਧਾਨ ਸੇਵਕ ਕਹਾ ਕੇ ਵਧੀਕ ਖੁਸ਼ ਹੁੰਦੇ ਹਨ, ਨੇ ਸਹੁੰ ਚੁੱਕਣ ਬਾਅਦ ਦੱਸਿਆ ਕਿ ਉਹ ਚਾਹ ਬਣਾਉਂਦੇ ਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ‘ਚਾਏ ਵਾਲਾ’ ਕਿਹਾ ਜਾਂਦਾ ਸੀ। ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਚਿਕਨ ਦੇ ਪਤੀਲੇ ਵਿਚ ਕੜਛਾ ਮਾਰਨ ਲੱਗੇ, ਸੁਖਬੀਰ ਸਿੰਘ ਬਾਦਲ ਜਲੇਬੀਆਂ ਤਲਣ ਲੱਗੇ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੀ ਬਿਜਲੀ ਦੇ ਖੰਭੇ ਉੱਪਰ ਚੜ੍ਹ ਕੇ ਫਿਊਜ਼ ਲਾਉਣ ਲੱਗਦੇ ਹਨ, ਕਦੀ ਦੱਸਦੇ ਹਨ ਕਿ ਉਹ ਰੱਸੇ ਵਿਚ ਨਾਗਵਲ ਪਾ ਲੈਂਦੇ ਹਨ, ਮੱਝ ਨਾ ਪਸਮੇ ਤਾਂ ਟੀਕਾ ਲਾ ਕੇ ਧਾਰ ਚੋ ਲੈਂਦੇ ਹਨ। ਇਹ ਸਾਰੇ ਲੀਡਰ ਝੂਠ ਨਹੀਂ ਬੋਲਦੇ, ਐਲਾਨੇ ਗਏ ਕੰਮ ਇਨ੍ਹਾਂ ਨੂੰ ਆਉਂਦੇ ਹੋਣਗੇ ਪਰ ਇਹ ਵੀ ਤਾਂ ਸਾਬਤ ਕਰਨ ਕਿ ਰਾਜ ਕਰਨਾ ਆਉਂਦਾ ਹੈ ਜਿਸ ਵਾਸਤੇ ਇਹ ਲੋਕਾਂ ਨੇ ਚੁਣੇ ਹਨ। ਇਕ ਵਾਰ ਡਾ. ਜੋਗਿੰਦਰ ਸਿੰਘ ਪੁਆਰ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਮੇਰੇ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਦਾ ਦੌਰਾ ਕਰਨ ਆਏ। ਆਉਂਦਿਆਂ ਸਾਰ ਗੁਸਲਖਾਨਿਆਂ ਵਿਚ ਜਾ ਵੜੇ ਤੇ ਸਫ਼ਾਈ ਸੇਵਕ ਤਲਬ ਕਰਕੇ ਕਹਿੰਦੇ–ਮੈਂ ਇੰਗਲੈਂਡ ਵਿਚ ਪੰਜ ਸਾਲ ਗੁਸਲਖਾਨਿਆਂ ਦੀ ਸਫ਼ਾਈ ਕਰਦਾ ਰਿਹਾ ਸਾਂ। ਜਿਸ ਮਕਾਨ ਵਿਚ ਸਫ਼ਾਈ ਕਰ ਆਉਂਦਾ, ਉਹ ਮਾਲਕ ਮਕਾਨ ਫਿਰ ਕਿਸੇ ਹੋਰ ਨੂੰ ਸਫ਼ਾਈ ਨਹੀਂ ਕਰਨ ਦਿੰਦਾ ਸੀ। ਮੈਨੂੰ ਲੱਗਾ, ਇਹ ਬੰਦਾ ਬਣਿਆ ਹੀ ਸਫ਼ਾਈ ਕਰਨ ਵਾਸਤੇ ਸੀ, ਬਾਕੀ ਖਲਜਗਣ ਐਵੇਂ ਇਸ ਦੇ ਗਲ ਪੈ ਗਿਆ। ਇਹੋ ਪ੍ਰਭਾਵ ਲੀਡਰਾਂ ਦੇ ਬਿਆਨਾਂ ਤੋਂ ਪੈਂਦਾ ਹੈ। ਜਿਹੜੇ ਕੰਮ ਇਨ੍ਹਾਂ ਨੂੰ ਆਉਂਦੇ ਹਨ, ਉਹੋ ਕਰਿਆ ਕਰਨ।
ਡਾ. ਹਰਪਾਲ ਸਿੰਘ ਪਨੂੰ, ਪਟਿਆਲਾ