ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ Other

Aug 07, 2022

ਆਜ਼ਾਦੀ ਦਾ ਪਰਵਾਨਾ

31 ਜੁਲਾਈ ਦੇ ‘ਦਸਤਕ’ ਅੰਕ ਵਿਚ ਗੁਰਦੇਵ ਸਿੰਘ ਸਿੱਧੂ ਦੇ ਲੇਖ ‘ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼’ ਨੇ ਆਜ਼ਾਦੀ ਦੇ ਪਰਵਾਨੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਰਚਨਾ ਸ਼ਹੀਦ ਊਧਮ ਸਿੰਘ ਦੇ 83ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਗਈ ਹੈ। ਊਧਮ ਸਿੰਘ ਨੇ 13 ਅਪਰੈਲ 1919 ਦੀ ਵਿਸਾਖੀ ਵਾਲਾ ਜਲ੍ਹਿਆਂਵਾਲਾ ਬਾਗ਼ ਕਤਲੇਆਮ ਆਪਣੇ ਅੱਖੀਂ ਡਿੱਠਾ ਕੰਨੀ ਸੁਣਿਆ ਅਤੇ ਅੰਗਰੇਜ਼ੀ ਹਕੂਮਤ ਕੋਲੋਂ ਇਸ ਦਾ ਬਦਲਾ ਲੈਣ ਦੀ ਅੱਗ ਨੂੰ ਤਕਰੀਬਨ ਬਾਈ ਸਾਲ ਬੁਝਣ ਨਹੀਂ ਦਿੱਤਾ। ਬਚਪਨ ਵਿਚ ਯਤੀਮਖਾਨੇ ਦੀ ਪਰਵਰਿਸ਼ ਅਤੇ ਸਕੂਲੀ ਸਿੱਖਿਆ ਤੋਂ ਲੈ ਕੇ ਉਮਰ ਭਰ ਊਧਮ ਸਿੰਘ ਗੁਰੂਘਰ ਨਾਲ ਜੁੜਿਆ ਰਿਹਾ। ਉਸ ਦੀ ਇਹ ਅਸੀਮ ਸ਼ਰਧਾ ਭਾਵਨਾ ਅਮਰੀਕਾ ਅਤੇ ਲੰਡਨ ਦੇ ਗੁਰਦੁਆਰਿਆਂ ਵਿਚ ਸੇਵਾ ਕਰਦਿਆਂ ਦੀਆਂ ਤਸਵੀਰਾਂ ਵਿਚ ਦੇਖੀ ਜਾ ਸਕਦੀ ਹੈ। ਸ਼ੁਰੂ ਵਿਚ ਉਹ ਗ਼ਦਰ ਪਾਰਟੀ ਨਾਲ ਜੁੜਿਆ ਅਤੇ ਗ਼ਦਰ ਦੀ ਗੂੰਜ, ਆਜ਼ਾਦੀ ਦੀ ਗੂੰਜ ਅਤੇ ਬੱਬਰ ਗੂੰਜ ਆਦਿ ਸਾਹਿਤ ਪੜ੍ਹਦਿਆਂ ਇਨਕਲਾਬੀਆਂ ਦੇ ਸੰਪਰਕ ਵਿਚ ਰਹਿਣ ਲੱਗਾ। ਚੜ੍ਹਦੀ ਜੁਆਨੀ ਵਿਚ ਉਸ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਲਈ ਅਮਰੀਕਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਲਿਆਉਣ ਦੇ ਦੋਸ਼ ਵਿਚ ਲਾਹੌਰ ਅਤੇ ਪਿਸ਼ਾਵਰ ਦੀਆਂ ਜੇਲ੍ਹਾਂ ਵਿਚ ਪੰਜ ਸਾਲ ਦੀ ਸਖ਼ਤ ਸਜ਼ਾ ਕੱਟੀ। ਸਜ਼ਾ ਪੂਰੀ ਹੋਣ ਤੋਂ ਬਾਅਦ ਤੁਰੰਤ ਊਧਮ ਸਿੰਘ ਨੇ ਹੁਸੈਨੀਵਾਲਾ ਜਾ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਸ ਨੇ ਅਫਰੀਕਾ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ ਘੁੰਮੇ ਅਤੇ ਇਨਕਲਾਬੀਆਂ ਨਾਲ ਨੇੜਲੇ ਸੰਪਰਕ ਬਣਾਈ ਰੱਖੇ। ਸਮਕਾਲੀ ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਊਧਮ ਸਿੰਘ ਆਪਣੇ ਵਤਨ ਨਾਲ ਬੇਹੱਦ ਪਿਆਰ ਕਰਦਾ ਸੀ, ਉਹ ਹਮੇਸ਼ਾ ਖੁਸ਼ਦਿਲ, ਦੋਸਤਾਂ ਨੂੰ ਪਿਆਰ ਕਰਨ ਵਾਲਾ ‘ਬਾਵਾ’ ਸੀ। ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਜ਼ਿੰਮੇਵਾਰ ਮਾਈਕਲ ਓ’ਡਵਾਇਰ ਨੂੰ ਲੰਡਨ ਵਿਚ ਖਚਾਖਚ ਭਰੇ ਕੈਕਸਟਨ ਹਾਲ ਵਿਚ 13 ਮਾਰਚ 1940 ਵਿਚ ਮਾਰ ਕੇ ਬਦਲਾ ਲਿਆ। ਆਪਣੇ ਆਪ ਨੂੰ ਪੁਲੀਸ ਹਵਾਲੇ ਕਰਦਿਆਂ ਕਿਹਾ ਕਿ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ ਹਾਂ। ਵਤਨ ਦੇ ਸ਼ਹੀਦ ਕਿਸੇ ਵਿਸ਼ੇਸ਼ ਖੇਤਰ, ਧਰਮ ਅਤੇ ਜਾਤ ਵਿਚ ਵਿਸ਼ਵਾਸ ਨਹੀਂ ਰੱਖਦੇ।

ਕੁਲਦੀਪ ਸਿੰਘ ਥਿੰਦ, ਬਾਰਨਾ, ਕੁਰੂਕਸ਼ੇਤਰ


ਸਮੇਂ ਖਿਸਕਾਈ ਕੰਨੀ...

ਐਤਵਾਰ 31 ਜੁਲਾਈ ਦੇ ਅੰਕ ਵਿਚ ਨਰਿੰਦਰਪਾਲ ਸਿੰਘ ਜਗਦਿਓ ਦਾ ਮਿਡਲ ‘ਫੇਰ ਕਦੇ ਨਾ ਆਈ’ ਪੜ੍ਹ ਕੇ ਲੱਗਿਆ ਜਿਵੇਂ ਇਹ ਮੇਰੀ ਹੀ ਕਹਾਣੀ ਪੇਸ਼ ਕੀਤੀ ਗਈ ਹੋਵੇ। ਰੁਝੇਵਿਆਂ ਭਰੀ ਜ਼ਿੰਦਗੀ ’ਚ ਅਸੀਂ ਅਕਸਰ ਹੀ ਇਹ ਕਹਿ ਕੇ ਕੰਮ ਨਹੀਂ ਕਰਦੇ ਕਿ ‘ਚਲੋ ਫੇਰ ਕਰਾਂਗੇ’। ਕਈ ਵਾਰ ਸਾਡੀ ‘ਫੇਰ’ ਜ਼ਿੰਦਗੀ ਭਰ ਨਹੀਂ ਆਉਂਦੀ ਅਤੇ ਮਨੁੱਖ ਪਛਤਾਉਂਦਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਮੇਰੇ ਨਾਲ ਹੋਈ ਜੋ ਮੈਂ ਦੋ ਦਹਾਕੇ ਪਹਿਲਾਂ ਕਰਨਾ ਸੀ ਉਹ ਹੁਣ ਕਰ ਰਿਹਾ ਹਾਂ ਪਰ ਹੁਣ ਕਾਫ਼ੀ ਦੇਰ ਹੋ ਚੁੱਕੀ ਹੈ। ਮੇਰੇ ਵਾਂਗੂੰ ਅਜਿਹਾ ਸੋਚਣ ਹੋਰ ਵੀ ਵਿਅਕਤੀ ਹੋਣਗੇ, ਉਨ੍ਹਾਂ ਨੂੰ ਕੋਈ ਵੀ ਕੰਮ ਟਾਲਣ ਵਾਲਾ ਰਵੱਈਆ ਬਦਲਣਾ ਚਾਹੀਦਾ ਹੈ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਸਮਾਂ ਵੀ ਸਾਡੀ ਕਦਰ ਨਹੀਂ ਕਰਦਾ। ਭਾਈ ਵੀਰ ਸਿੰਘ ਨੇ ਵੀ ਲਿਖਿਆ ਹੈ: ‘‘ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ/ ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ...।’’

ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)

ਪਾਠਕਾਂ ਦੇ ਖ਼ਤ Other

Aug 06, 2022

ਅਧੂਰਾ ਸਿਰਲੇਖ

ਕੁਝ ਪਾਠਕਾਂ ਨੇ 5 ਅਗਸਤ ਦੇ ਅੰਕ ਵਿਚ ਛਪੇ ਮੇਰੇ ਲੇਖ ਦੇ ਸਿਰਲੇਖ ‘ਅੰਗਰੇਜ਼ ਸਰਕਾਰ ਨੂੰ ਵੰਗਾਰ’ ਦੇ ਅਧੂਰਾ ਜਿਹਾ ਹੋਣ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਅੰਦਾਜ਼ਾ ਸਹੀ ਹੈ। ਛਪਾਈ ਦੇ ਕਿਸੇ ਪੜਾਅ ਉੱਤੇ ਸਿਰਲੇਖ ਦਾ ਪਹਿਲਾ ਹਿੱਸਾ ਛੁੱਟ ਗਿਆ। ਅਸਲ ਵਿਚ ਪੂਰਾ ਸਿਰਲੇਖ ‘ਬੁੱਚੜ-ਮਾਰ ਸਾਕੇ: ਅੰਗਰੇਜ਼ ਸਰਕਾਰ ਨੂੰ ਵੰਗਾਰ’ ਸੀ।

ਗੁਰਬਚਨ ਸਿੰਘ ਭੁੱਲਰ, ਨਵੀਂ ਦਿੱਲੀ


ਮੌਸਮ ਵੱਲ ਲਾਪ੍ਰਵਾਹੀ

3 ਅਗਸਤ ਨੂੰ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਠੰਢੇ ਇੰਗਲੈਂਡ ਨੂੰ ਲੱਗਾ ਤਪਸ਼ੀ ਆਲਮ ਦਾ ਸੇਕ’ ਪੜ੍ਹਿਆ। ਅਸੀਂ ਆਪਣੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਕਿ ਮਨੁੱਖ ਨੇ ਜਾਨਵਰਾਂ ਦਾ ਜਿਊਣਾ ਵੀ ਔਖਾ ਕਰ ਦਿੱਤਾ ਹੈ। ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਮੌਸਮ ’ਚ ਤਿੱਖੀ ਤਬਦੀਲੀ ਆ ਰਹੀ ਹੈ, ਫਿਰ ਵੀ ਅਸੀਂ ਲਾਪ੍ਰਵਾਹ ਤੇ ਬੇਪ੍ਰਵਾਹ ਹਾਂ। ਜੇ ਅਸੀਂ ਅਜੇ ਵੀ ਨਾ ਸੁਧਰੇ ਤਾਂ ਇਕ ਦਿਨ ਇਹ ਧਰਤੀ ਬਰਬਾਦ ਹੋ ਜਾਣੀ ਹੈ।

ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ, ਹਰਿਆਣਾ)


(2)

ਇੰਗਲੈਂਡ ਵਿਚ ਪੈ ਰਹੀ ਗਰਮੀ ਬਾਰੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਅਹਿਮ ਮਸਲੇ ’ਤੇ ਚੰਗੀ ਜਾਣਕਾਰੀ ਦਿੰਦਾ ਹੈ। ਆਲਮੀ ਤਪਸ਼ ’ਚ ਤਪ ਰਹੇ ਅਜਿਹੇ ਮੁਲਕਾਂ ਨਾਲ ਇਸ ਮਸਲੇ ’ਤੇ ਕੁਝ ਸਾਰਥਿਕ ਹੋਣ ਦੀ ਸੰਭਾਵਨਾ ਬਣ ਸਕਦੀ ਹੈ, ਨਹੀਂ ਤਾਂ ਇਸ ਮਸਲੇ ਨੂੰ ਸਾਡੇ ਮੁਲਕਾਂ ਦਾ ਹੀ ਮਸਲਾ ਮੰਨਿਆ ਗਿਆ ਹੈ।

ਰਜਿੰਦਰ ਸਿੰਘ ਦੀਪਸਿੰਘਵਾਲਾ, ਈਮੇਲ


ਮਾਣ-ਸਨਮਾਨ

3 ਅਗਸਤ ਨੂੰ ‘ਨਮ ਅੱਖਾਂ’ ਸਿਰਲੇਖ ਹੇਠ ਛਪਿਆ ਪਾਲੀ ਰਾਮ ਬਾਂਸਲ ਦਾ ਮਿਡਲ ਉਨ੍ਹਾਂ ਦੀ ਜ਼ਿੰਦਗੀ ਦਾ ਮਹਿਜ਼ ਇਕ ਕਿੱਸਾ ਨਹੀਂ ਸਗੋਂ ਉਨ੍ਹਾਂ ਸਾਰੇ ਵਿਅਕਤੀਆਂ ਅੰਦਰ ਵੀ ਅਸੂਲਾਂ ’ਤੇ ਚੱਲਣ ਦੀ ਚਿਣਗ ਜਗਾਉਂਦਾ ਹੈ ਜੋ ਅੱਜ ਵੀ ਬਿਨਾ ਕਿਸੇ ਸੁਆਰਥ ਦੂਜਿਆਂ ਨੂੰ ਉੱਪਰ ਚੁੱਕਣ ਲਈ ਕੋਸ਼ਿਸ਼ ਕਰਦੇ ਰਹਿਣ ’ਚ ਯਕੀਨ ਰੱਖਦੇ ਹਨ। ਵਾਕਈ, ਅਜਿਹੀ ਤਬੀਅਤ ਦੇ ਮਾਲਕ ਮਾਣ-ਸਨਮਾਨ ਦੇ ਭੁੱਖੇ ਨਹੀਂ ਹੁੰਦੇ।

ਰਤਿਕਾ ਓਬਰਾਏ, ਪੋਹੀੜ (ਲੁਧਿਆਣਾ)


ਵੱਡੇ-ਛੋਟੇ ਦਿਲ

2 ਅਗਸਤ ਦੇ ਅੰਕ ਵਿਚ ਡਾ. ਹਜ਼ਾਰਾ ਸਿੰਘ ਚੀਮਾ ਦਾ ਮਿਡਲ ‘ਵੱਡੇ ਦਿਲ ਵਾਲੇ’ ਸਲਾਹੁਣਯੋਗ ਸੀ। ਮਹਿੰਗਾਈ ਦੇ ਜ਼ਮਾਨੇ ਵਿਚ ਮਾਲਕਾਂ ਕੋਲ ਪਈਆਂ ਵਾਧੂ ਚੀਜ਼ਾਂ ਮੰਗਣਾ ਕੰਮ ਵਾਲੀਆਂ ਔਰਤਾਂ ਦੀ ਮਜਬੂਰੀ ਵੀ ਹੁੰਦੀ ਹੈ ਅਤੇ ਉਹ ਆਪਣਾ ਹੱਕ ਵੀ ਸਮਝਦੀਆਂ ਹਨ। ਕਿਸੇ ਮੁਸੀਬਤ ਸਮੇਂ ਸੋਨੇ ਦੀਆਂ ਬਾਲੀਆਂ ਆਦਿ ਗਹਿਣੇ ਰੱਖ ਕੇ ਇਕ ਦੂਜੇ ਦੀ ਮਦਦ ਕਰਨਾ ਅਜਿਹੇ ‘ਛੋਟੇ ਲੋਕਾਂ’ ਦੇ ਵੱਡੇ ਦਿਲਾਂ ਦਾ ਸਬੂਤ ਹੈ। ਵੱਡੇ ਕਹਾਉਣ ਵਾਲੇ ਲੋਕ ਜ਼ਿਆਦਾਤਰ ਛੋਟੇ ਦਿਲਾਂ ਦੇ ਮਾਲਕ ਹੁੰਦੇ ਹਨ ਕਿਉਂਕਿ ਜਦੋਂ ਕਿਸੇ ਮੁਸੀਬਤ ਸਮੇਂ ਉਨ੍ਹਾਂ ਦੇ ਨੇੜਲਿਆਂ ਨੂੰ ਆਰਥਿਕ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਅਕਸਰ ਹੱਥ ਪਿੱਛੇ ਖਿੱਚ ਲੈਂਦੇ ਹਨ।

ਰਤਨਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)


(2)

ਡਾ. ਹਜ਼ਾਰਾ ਸਿੰਘ ਚੀਮਾ ਦਾ ਮਿਡਲ ‘ਵੱਡੇ ਦਿਲ ਵਾਲੇ’ (2 ਅਗਸਤ) ਸਮਾਜ ਵਿਚ ਮਾਲਕ ਨੌਕਰ ਦੀ ਦਰਾੜ ਅਤੇ ਆਪਸੀ ਨੋਕ ਝੋਕ ਵੱਲ ਇਸ਼ਾਰਾ ਕਰਦਾ ਹੈ। ਲੇਖਕ ਨੇ ਕਰੋਨਾ ਕਾਲ ਦੌਰਾਨ ਹਜ਼ਾਰਾਂ ਹੀ ਮਜ਼ਦੂਰਾਂ ਦੇ ਦਰਦ ਬਾਰੇ ਜਾਣੂ ਕਰਵਾਇਆ, ਉੱਥੇ ਉਨ੍ਹਾਂ ਨੇ ਆਪਣੇ ਘਰ ਕੰਮ ਕਰਦੀ ਮਜ਼ਦੂਰ ਔਰਤ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਹ ਲੋਕ ਕਿਵੇਂ ਇਕ ਦੂਜੇ ਦੇ ਕੰਮ ਆਉਣ ਲਈ ਤੱਤਪਰ ਰਹਿੰਦੇ ਹਨ।

ਮਨਮੋਹਨ ਸਿੰਘ, ਨਾਭਾ


ਖੇਤ ਮਜ਼ਦੂਰੀ

ਰਾਮ ਸਵਰਨ ਲੱਖੇਵਾਲੀ ਦੇ ਲੇਖ ‘ਪਰਵਾਜ਼’ (30 ਜੁਲਾਈ) ’ਚ ਕਿਰਤੀਆਂ ਦੀ ਹੱਡ ਭੰਨਵੀਂ ਮਿਹਨਤ ਬਿਆਨ ਕੀਤੀ ਹੈ ਕਿ ਕਿਵੇਂ ਉਨ੍ਹਾਂ ਦਾ ਸਾਰਾ ਜੀਵਨ ਮਿੱਟੀ ਨਾਲ ਮਿੱਟੀ ਹੋ ਕੇ ਗੁਜ਼ਰ ਜਾਂਦਾ ਹੈ। ਆਜ਼ਾਦੀ ਦੇ 75 ਸਾਲ ਬੀਤਣ ’ਤੇ ਵੀ ਉਨ੍ਹਾਂ ਦੇ ਜੀਵਨ ’ਚ ਕੋਈ ਤਬਦੀਲੀ ਨਹੀਂ ਆਈ; ਹੁਣ ਤਾਂ ਤਰਾਸਦੀ ਇਹ ਹੈ ਕਿ ਮਜ਼ਦੂਰਾਂ ਦੇ ਧੀਆਂ ਪੁੱਤਰ ਡਿਗਰੀਆਂ ਪ੍ਰਾਪਤ ਕਰ ਕੇ ਵੀ ਖੇਤਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ।

ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ


ਨਿਆਰੀ ਪਛਾਣ

ਕਮਲਜੀਤ ਸਿੰਘ ਬਨਵੈਤ ਦਾ ਮਿਡਲ ਰੁਤਬਾ (29 ਜੁਲਾਈ) ਸੱਚਾਈ ਬਿਆਨਦਾ ਹੈ ਕਿ ਕੋਈ ਵੀ ਕੰਮ-ਕਾਰ (ਕਾਰਜ) ਵੱਡਾ-ਛੋਟਾ ਨਹੀਂ ਹੁੰਦਾ, ਇਨਸਾਨ ਜੇ ਦਿਲੋਂ ਮਿਹਨਤ ਕਰੇ ਤਾਂ ਹਰ ਖੇਤਰ ਵਿਚ ਵੱਖਰੀ ਤੇ ਨਿਵੇਕਲੀ ਪਛਾਣ ਕਾਇਮ ਕਰ ਸਕਦਾ ਹੈ। ਅਜਿਹਾ ਸ਼ਖ਼ਸ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਬਣਦਾ ਹੈ।

ਗੁਰਮੇਲ ਸਿੰਘ ਬਰਾੜ, ਨੇਹੀਆਂ ਵਾਲਾ (ਬਠਿੰਡਾ)


(2)

ਕਮਲਜੀਤ ਬਨਵੈਤ ਦਾ ‘ਰੁਤਬਾ’ (29 ਜੁਲਾਈ) ਪੜ੍ਹਿਆ। ਅੱਜ ਦੇ ਦੌਰ ਦੇ ਨੌਜਵਾਨ ਅਜਿਹੇ ਲੇਖਾਂ ਤੋਂ ਸਿੱਖਿਆ ਲੈ ਕੇ ਆਪਣੇ ਦੇਸ਼ ਵਿਚ ਹੀ ਵਧੀਆ ਕਾਰੋਬਾਰ ਕਰ ਸਕਦੇ ਹਨ। ਦੂਜੀ ਗੱਲ, ਰੁਤਬੇ ਦਾ ਮਹੱਤਵ ਦੱਸਿਆ ਗਿਆ ਕਿ ਕਿਵੇਂ ਮਨ ਦੀ ਅਵਸਥਾ ਸਮੇਂ ਅਨੁਸਾਰ ਬਦਲ ਜਾਂਦੀ ਹੈ।

ਰਣਜੀਤ ਕੌਰ, ਲੁਧਿਆਣਾ


ਬਜਟ ਹਿੱਲਿਆ

3 ਅਗਸਤ ਦਾ ਸੰਪਾਦਕੀ ‘ਮਹਿੰਗਾਈ ਦਾ ਮੁੱਦਾ’ ਤਾਜ਼ਾ ਹਾਲਾਤ ਬਿਆਨ ਕਰਦਾ ਹੈ। ਕੈਗ ਦੀ ਹਾਲੀਆ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਵੰਡੇ ਗਏ ਸਿਲੰਡਰ ਵਿਚੋਂ 60 ਫ਼ੀਸਦੀ ਤੋਂ ਵਧੇਰੇ ਸਿਲੰਡਰ ਔਰਤਾਂ ਵੱਲੋਂ ਵਰਤੋਂ ਵਿਚ ਨਹੀਂ ਲਿਆਂਦੇ ਜਾ ਰਹੇ ਕਿਉਂਕਿ ਗੈਸ ਸਿਲੰਡਰ ਦੀ ਕੀਮਤ 1000 ਰੁਪਏ ਤੋਂ ਪਾਰ ਹੋ ਚੁੱਕੀ ਹੈ। ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ, ਖਾਣ-ਪੀਣ ਵਾਲੀਆਂ ਵਸਤਾਂ, ਆਟਾ-ਦਾਲ, ਦੁੱਧ, ਲੱਸੀ, ਹੋਰ ਚੀਜ਼ਾਂ ’ਤੇ ਜੀਐੱਸਟੀ ਲਗਾਉਣ ਨਾਲ ਮੱਧਮ ਤੇ ਗ਼ਰੀਬ ਪਰਿਵਾਰਾਂ ਦੇ ਘਰ ਦਾ ਬਜਟ ਹਿੱਲ ਗਿਆ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ