ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Aug 30, 2021

ਸਹਿਣ ਦੀ ਸੀਮਾ

28 ਤਰੀਕ ਦੇ ਮਿਡਲ ‘ਅਗਾਂਹਵਧੂ’ ਵਿਚ ਜਗਦੀਪ ਸਿੱਧੂ ਸਮਾਂ ਬਦਲਣ ਦੀ ਗੱਲ ਕਰਦਾ ਹੈ; ਸਮਾਂ ਬਦਲਿਆ ਜ਼ਰੂਰ ਹੈ ਪਰ ਮਨੁੱਖ ਦੀ ਸੋਚ ਪਦਾਰਥਵਾਦ ਵੱਲ ਜ਼ਿਆਦਾ ਉੱਲਰ ਗਈ ਹੈ। ਸਮਾਜ ਦੇ ਹਰ ਰਿਸ਼ਤੇ ਨੂੰ ਪੈਸੇ ਨੇ ਜਕੜ ਵਿਚ ਲੈ ਲਿਆ ਹੈ। ਇਸ ਸੂਰਤ ਵਿਚ ਰਿਸ਼ਤਿਆਂ ਦਾ ਤਿੜਕਣਾ ਸੁਭਾਵਿਕ ਹੈ। ਵਿਆਹ ਤੋਂ ਬਾਅਦ ਧੀਆਂ ਬੇਗਾਨੇ ਘਰ ਜਾਂਦੀਆਂ ਹਨ। ਜੇ ਤੁਸੀਂ ਚੰਗੇਰੇ ਸਮਾਜ ਦੀ ਕਲਪਨਾ ਕਰਦੇ ਹੋ ਤਾਂ ਧੀਆਂ ਦੀ ਕਦਰ ਕਰਨੀ ਪਵੇਗੀ। ਇਸ ਤੋਂ ਪਹਿਲਾਂ 25 ਅਗਸਤ ਦੇ ਮਿਡਲ ‘ਪਾਪਾ ਦੀ ਪੈਨਸ਼ਨ’ ਵਿਚ ਰਾਜਵਿੰਦਰ ਰੌਂਤਾ ਨੇ ਉਨ੍ਹਾਂ ਔਕੜਾਂ ਦਾ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਦੇ ਪਤਾ ਨੂੰ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਚਾਲੂ ਕਰਵਾਉਣ ਲਈ ਸਹਿਣੀਆਂ ਪਈਆਂ। ਦਰਅਸਲ, ਕੋਈ ਵੀ ਸਰਕਾਰੀ ਕੰਮ ਬਿਨਾ ਰਿਸ਼ਵਤ ਤੋਂ ਹੋਣਾ ਤਕਰੀਬਨ ਨਾਮੁਮਕਿਨ ਹੈ। ਸਰਕਾਰੀ ਦਫ਼ਤਰਾਂ ਵਿਚ ਕਿਸੇ ਦੀ ਵਡੇਰੀ ਉਮਰ, ਬਿਮਾਰ ਜਾਂ ਲਾਚਾਰੀ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਬਾਬੂ ਕਿਸੇ ਨਾ ਕਿਸੇ ਨੁਕਸ ਦੇ ਬਹਾਨੇ ਕੰਮ ਲਟਕਾ ਦਿੰਦੇ ਹਨ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


(2)

ਜਗਦੀਪ ਸਿੱਧੂ ਦਾ ਮਿਡਲ ‘ਅਗਾਂਹਵਧੂ’ ਕਈ ਪ੍ਰਸ਼ਨ ਉਠਾਉਂਦਾ ਹੈ। ਪਹਿਲੀ ਗੱਲ, ਸਹੁਰੇ ਪਰਿਵਾਰ ਵੱਲੋਂ ਘਰ ਦੇ ਸਾਰੇ ਕੰਮ ਦਾ ਬੋਝ ਨੂੰਹ ’ਤੇ ਪਾਉਣਾ ਸਮਝਦਾਰੀ ਨਹੀਂ; ਦੂਜੀ ਗੱਲ, ਕੰਮ ਆਪਣੇ ਘਰ ਦਾ ਹੀ ਹੈ, ਕੁੜੀਆਂ ਨੂੰ ਇਸ ਤੋਂ ਮੁਨਕਰ ਹੋ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਠੀਕ ਨਹੀਂ। ਪੜ੍ਹੇ ਲਿਖੇ ਹੋਣ ਦਾ ਕੋਈ ਲਾਭ ਨਹੀਂ, ਜੇ ਜ਼ਿੰਦਗੀ ਜਿਊਣ ਦਾ ਸਲੀਕਾ ਨਾ ਆਇਆ!

ਮਨਦੀਪ ਕੌਰ, ਈਮੇਲ


ਸੋਨੇ ’ਤੇ ਸੁਹਾਗਾ

27 ਅਗਸਤ ਦੇ ਨਜ਼ਰੀਆ ਪੰਨੇ ’ਤੇ ਹਮੀਰ ਸਿੰਘ ਨੇ ਆਪਣੇ ਲੇਖ ‘ਕਿਸਾਨ ਅੰਦੋਲਨ : ਜਮਹੂਰੀਅਤ ਦੀ ਨਵੀਂ ਲੀਹ’ ਰਾਹੀਂ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਵਰਨਣ ਕੀਤਾ ਹੈ। ਕਿਸਾਨ ਭਾਵੇਂ ਅੰਦੋਲਨ ਨੂੰ ਕੋਝੀ ਸਿਆਸਤ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਨ ਪਰ ਜੇ ‘ਮੀਰੀ ਤੇ ਪੀਰੀ’ ਵਾਲੇ ਸਿਧਾਂਤ ਦੀ ਖੁਸ਼ਬੂ ਇਸ ਅੰਦੋਲਨ ਵਿਚੋਂ ਆ ਸਕੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ।

ਡਾ. ਤਰਲੋਚਨ ਕੌਰ, ਪਟਿਆਲਾ


(2)

ਹਮੀਰ ਸਿੰਘ ਦਾ ਲੇਖ ‘ਕਿਸਾਨ ਅੰਦੋਲਨ : ਜਮਹੂਰੀਅਤ ਦੀ ਨਵੀਂ ਲੀਹ’ ਪੜ੍ਹ ਕੇ ਮਹਿਸੂਸ ਹੋਇਆ ਕਿ ਕਿਸਾਨ ਅੰਦੋਲਨ ਵਿਚ ਕਿਵੇਂ ਸਿਆਸਤ ਭਾਰੂ ਹੋ ਰਹੀ ਹੈ। ਲੇਖਕ ਨੇ ਮੀਡੀਆ ਦੀ ਭੂਮਿਕਾ, ਸੰਸਦ ਦੇ ਮੌਨਸੂਨ ਸੈਸ਼ਨ, ਪੈਗਾਸਸ ਜਾਸੂਸੀ, 26 ਜਨਵਰੀ ਦੀ ਘਟਨਾ ਅਤੇ ਔਰਤਾਂ ਦੁਆਰਾ ਮੁਤਵਾਜ਼ੀ ਸੰਸਦ ਬਾਰੇ ਗੱਲ ਕੀਤੀ ਹੈ। ਇਸੇ ਦਿਨ ਦੇ ਮਿਡਲ ‘ਚਾਬੀ ਦੀ ਤਲਾਸ਼’ ਵਿਚ ਗੁਰਦੀਪ ਸਿੰਘ ਢੁੱਡੀ ਨੇ ਲਾਇਬਰੇਰੀ ਅਤੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਹੈ। ਕਿਤਾਬਾਂ ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਹੱਥ ਵਟਾਉਂਦੀਆਂ ਹਨ।

ਮਨਮੋਹਨ ਸਿੰਘ ਨਾਭਾ, ਈਮੇਲ


ਧਰਤੀ ਦੀ ਬਰਬਾਦੀ

25 ਅਗਸਤ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਸਦੀ ਦਾ ਸਭ ਤੋਂ ਵੱਡਾ ਸੰਕਟ ਆਲਮੀ ਤਪਸ਼’ ਪੜ੍ਹਿਆ। ਅਸੀਂ ਆਪ ਹੀ ਧਰਤੀ ਨੂੰ ਬਰਬਾਦ ਕਰ ਰਹੇ ਹਾਂ। ਸਹੂਲਤਾਂ ਲਈ ਅਸੀਂ ਆਉਣ ਵਾਲੀ ਪੀੜ੍ਹੀ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਾਂ। ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਇਸ ਦੇ ਮਾਰੂ ਅਸਰ ਹੁਣ ਦਿਖਾਈ ਦੇਣ ਲੱਗੇ ਹਨ। ਜੇ ਮੌਸਮ ਵਿਚ ਹੋ ਰਹੀ ਤਿੱਖੀ ਤਬਦੀਲੀ ਨੂੰ ਨਾ ਠੱਲ੍ਹਿਆ ਗਿਆ ਤਾਂ ਕੁਝ ਸਾਲਾਂ ਬਾਅਦ ਧਰਤੀ ਖੰਡਰ ਬਣ ਜਾਣੀ ਹੈ।

ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)


(2)

ਆਲਮੀ ਤਪਸ਼ ਬਾਰੇ ਲੇਖ ਪੜ੍ਹਿਆ। ਦੇਖਿਆ ਜਾਵੇ ਤਾਂ ਅੱਜ ਦਾ ਮਨੁੱਖ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਦੇ ਪੱਖੋਂ ਬਹੁਤ ਅਲਗਰਜ ਸਾਬਤ ਹੋ ਰਿਹਾ ਹੈ। ਜਿਸ ਹਿਸਾਬ ਨਾਲ ਧਰਤੀ ਦੀ ਤਪਸ਼ ਵਧ ਰਹੀ ਹੈ, ਗਲੇਸ਼ੀਅਰ ਖੁਰ ਰਹੇ ਹਨ, ਧਰਤੀ ਦੇ ਸ਼ਿੰਗਾਰ ਰੁੱਖ ਵੱਢੇ ਜਾ ਰਹੇ ਹਨ, ਵਿਕਾਸ ਦੇ ਨਾਂ ’ਤੇ ਪਾਣੀ ਤੇ ਹਵਾ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ, ਕੁਦਰਤੀ ਸੋਮਿਆਂ ਦਾ ਵਿਨਾਸ਼ ਤੇ ਖ਼ਤਰਨਾਕ ਗੈਸਾਂ ਵਿਚ ਹੋ ਰਿਹਾ ਵਾਧਾ, ਇਹ ਸਭ ਮਨੁੱਖੀ ਜ਼ਿੰਦਗੀ ਲਈ ਖ਼ਤਰਾ ਹਨ। ਅੱਜ ਦਾ ਸਵਾਰਥੀ ਮਨੁੱਖ ਆਪਣੇ ਹਿੱਤਾਂ ਲਈ ਇਸ ਪਾਸਿਓਂ ਅੱਖਾਂ ਮੀਟੀ ਬੈਠਾ ਹੈ।

ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਗਿਆਨ ਦੀ ਜੋਤ

23 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਜਸਵਿੰਦਰ ਸੁਰਗੀਤ ਦਾ ਲੇਖ ‘ਚੇਤਿਆਂ ’ਚ ਵਸੇ ਭੈਣਜੀ’ ਚੰਗਾ ਲੱਗਾ। ਅਧਿਆਪਕ ਨੂੰ ਆਦਰਸ਼ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਕਿ ਅਧਿਆਪਕ ਗਿਆਨ ਦੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ’ਚੋਂ ਹਨੇਰਾ ਦੂਰ ਕਰਕੇ ਗਿਆਨ ਰੂਪੀ ਚਾਨਣ ਫੈਲਾਉਂਦਾ ਹੈ। ਉਹ ਵਿਦਿਆਰਥੀਆਂ ’ਚ ਨੈਤਿਕ ਗੁਣ ਭਰਨ ਲਈ ਤਤਪਰ ਰਹਿੰਦਾ ਹੈ। ਅਜੋਕੇ ਦੌਰ ਵਿਚ ਹਰ ਵਰਗ ਧਰਨੇ ਲਗਾਉਣ ਲਈ ਮਜਬੂਰ ਹੋ ਗਿਆ ਹੈ ਜਿਨ੍ਹਾਂ ਵਿਚ ਅਧਿਆਪਕ ਵੀ ਸ਼ਾਮਿਲ ਹਨ। ਜਿਸ ਮੁਲਕ ਦੇ ਅਧਿਆਪਕ ਸੜਕਾਂ ’ਤੇ ਹੋਣ, ਉਸ ਮੁਲਕ ਦਾ ਕੀ ਬਣੇਗਾ?

ਹਰਸਿਮਰਨ ਸਿੰਘ, ਈਮੇਲ


ਖ਼ਰਾ ਬੰਦਾ

11 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਪਨ ਜਲਾਲਾਬਾਦੀ ਦੀ ਰਚਨਾ ‘ਤਾਏ ਦੀ ਲੜਾਈ’ ਆਪਣੇ-ਆਪ ਵਿਚ ਬੜਾ ਕੁਝ ਕਹਿ ਰਹੀ ਹੈ। ਕੁਦਰਤ ਦਾ ਵੀ ਨਿਯਮ ਹੈ ਕਿ ਮਿਰਚ, ਲਸਣ, ਨਿੰਮ ਆਦਿ ਹਰ ਕੌੜੀ ਸ਼ੈਅ ਦੇ ਗੁਣ ਵੀ ਬੜੇ ਹੁੰਦੇ ਹਨ, ਜਿਵੇਂ ਰਚਨਾ ਵਿਚਲਾ ਪਾਤਰ ਤਾਇਆ ਸੁਭਾਅ ਦਾ ਖਰ੍ਹਵਾ ਜ਼ਰੂਰ ਹੈ ਪਰ ਉਹ ਸੱਚਾ-ਪੱਕਾ ਮੂੰਹ ’ਤੇ ਸੱਚਾਈ ਕਹਿਣ ਵਾਲਾ ਖ਼ਰਾ ਬੰਦਾ ਹੈ, ਇਸ ਕਰਕੇ ਉਹ ਬਹੁਤਿਆਂ ਨੂੰ ਚੰਗਾ ਨਹੀਂ ਲੱਗਦਾ ਪਰ ਜਦੋਂ ਉਹ ਬਿਨਾ ਰਜਿਸਟਰੀ ਵਾਲੀ ਜ਼ਮੀਨ ਕਿਸੇ ਅਸਰ-ਰਸੂਖ ਵਾਲੇ ਬੰਦੇ ਕੋਲ ਜਾਂਦੀ ਸੁਣਦਾ ਹੈ ਤਾਂ ਇਕੱਲਾ ਹੀ ਅੜ ਜਾਂਦਾ ਹੈ। ਦੇਖਿਆ ਜਾਵੇ ਤਾਂ ਅਜਿਹੇ ਸ਼ਖ਼ਸ ਵਿਰਲੇ ਹੁੰਦੇ ਹਨ।

ਅਮਰਜੀਤ ਮੱਟੂ ਭਰੂਰ (ਸੰਗਰੂਰ)


ਕੁਦਰਤ ਦਾ ਨੁਕਸਾਨ

24 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਪਹਾੜਾਂ ਦਾ ਢਹਿ-ਢੇਰੀ ਹੋਣਾ ਅਚਾਨਕ ਵਰਤਾਰਾ ਨਹੀਂ’ ਪੜ੍ਹਿਆ। ਲੇਖਕ ਨੇ ਮਨੁੱਖੀ ਕਾਰਜਾਂ ਕਾਰਨ ਕੁਦਰਤ ਨੂੰ ਪਹੁੰਚ ਰਹੇ ਨੁਕਸਾਨ ਬਾਰੇ ਚਿੰਤਾ ਪ੍ਰਗਟ ਕੀਤੀ। ਦਰਅਸਲ, ਮਨੁੱਖ ਆਪਣੇ ਫਾਇਦੇ ਵਾਸਤੇ ਕੁਦਰਤ ਦੀਆਂ ਦਾਤਾਂ ਨੂੰ ਅੰਨ੍ਹੇਵਾਹ ਇਸਤੇਮਾਲ ਕਰ ਰਿਹਾ ਹੈ। ਲੇਖਕ ਨੇ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਤੋਂ ਵਾਕਫ਼ ਕਰਾਇਆ।

ਸਰਵਰ ਸਿੰਘ ਢਿੱਲੋਂ, ਪਿੰਡ ਬਰਗਾੜੀ (ਫਰੀਦਕੋਟ)

ਡਾਕ ਐਤਵਾਰ ਦੀ

Aug 29, 2021

ਹਾਲਾਤ ਦਾ ਬਿਆਨ

22 ਅਗਸਤ ਦੀ ਸੰਪਾਦਕੀ ‘ਅਫ਼ਗ਼ਾਨਿਸਤਾਨ ਵਿੱਚ ਉਥਲ-ਪੁਥਲ’ ਰਾਹੀਂ ਤਾਲਿਬਾਨੀ ਵਿਚਾਰਧਾਰਾ ਬਾਰੇ ਵਿਸਥਾਰ ਨਾਲ ਖੁਲਾਸਾ ਕੀਤਾ ਗਿਆ। ਜ਼ੁਲਮ/ ਤਾਕਤ ਦੀ ਵਰਤੋਂ ਨਾਲ ਕਿਸੇ ਮੁਲਕ ਉੱਤੇ ਕਬਜ਼ਾ ਕਰ ਲੈਣਾ ਦੁਨੀਆਂ ਵਿੱਚ ਕਿਸੇ ਲਈ ਵੀ ਸ਼ੁਭ ਸ਼ਗਨ ਨਹੀਂ। ਅਫ਼ਗ਼ਾਨ ਆਵਾਮ ਦਾ ਅਮਨ ਚੈਨ ਖੋਹ ਲੈਣਾ ਸੱਤਾ ਉੱਤੇ ਕਾਬਜ਼ ਹੋਣ ਲਈ ਕਾਹਲੀ ਧਿਰ ਦੀ ਕਥਨੀ ਤੇ ਕਰਨੀ ਦੇ ਫ਼ਰਕ ਦਾ ਸਬੂਤ ਹੈ। ਜ਼ੁਲਮਾਂ ਦੀ ਕਹਾਣੀ ਦਿਲ ਦੀ ਡੂੰਘਾਈ ਵਿੱਚ ਲੱਗਣ ਵਾਲੀ ਸੀ। ਜ਼ੁਲਮਾਂ ਦੇ ਦ੍ਰਿਸ਼ ਵੇਖ ਕੇ ਦਿਲ ਰੋ ਪਿਆ।
ਅਨਿਲ ਕੌਸ਼ਿਕ, ਕਿਊਬਕ (ਕੈਥਲ, ਹਰਿਆਣਾ)


ਜਾਣਕਾਰੀ ਭਰਪੂਰ ਲੇਖ

22 ਅਗਸਤ ਦੇ ਸੰਪਾਦਕੀ ਪੰਨੇ ਤੇ ‘ਦਸਤਕ’ ਅੰਕ ਦੇ ਲੇਖ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਸਨ। ਜਸਬੀਰ ਕੇਸਰ ਦਾ ਲੇਖ ‘ਮੁੜ ਆ ਲਾਮਾਂ ਤੋਂ...’ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੋ ਨਿੱਬੜਿਆ। ਲੇਖਿਕਾ ਨੇ ਜੰਗ ਵਿੱਚ ਫ਼ੌਜੀ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਦੇਸ਼-ਭਗਤੀ ਤੇ ਮਜਬੂਰੀਆਂ ਨਾਲ ਬਰਾਬਰ ਤੋਲਿਆ। ਨਰਿੰਦਰ ਸਿੰਘ ਕਪੂਰ ਦੀ ਸਵੈ-ਜੀਵਨੀ ‘ਧੁੱਪਾਂ-ਛਾਂਵਾਂ’ ਬਾਰੇ ਹਰਿਭਜਨ ਸਿੰਘ ਭਾਟੀਆ ਨੇ ਸੰਪੂਰਨ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਸੰਘਾ ਦਾ ਲੇਖ ਯਥਾਰਥ ਭਰਪੂਰ ਹੈ।
ਗਗਨਦੀਪ ਨਰੂਲਾ, ਫ਼ਰੀਦਕੋਟ


ਜ਼ਿੰਦਾਦਿਲ ਸ਼ਖ਼ਸੀਅਤ ਦਾ ਚਲਾਣਾ

‘ਪੰਜਾਬੀ ਟ੍ਰਿਬਿਊਨ’ ਦੇ 15 ਅਗਸਤ ਦੇ ਨਜ਼ਰੀਆ ਪੰਨੇ ’ਤੇ ਲੇਖਕ ਡਾ. ਬਲਦੇਵ ਸਿੰਘ ਧਾਲੀਵਾਲ ਦਾ ਲੇਖ ‘ਤੰਦਰੁਸਤ ਸਮਾਜ ਦਾ ਤਲਬਗਾਰ ਸਮਾਜ-ਸੇਵੀ’ ਪ੍ਰੇਰਨਾਦਾਇਕ ਸੀ ਜੋ ਪ੍ਰੋ. ਲਖਬੀਰ ਸਿੰਘ ਦੀ ਜ਼ਿੰਦਾਦਿਲ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਲੋਕ ਭਲਾਈ ਦੇ ਮਹਾਨ ਕਾਰਜਾਂ, ਗੁਣਾਂ ਅਤੇ ਉੱਚ ਆਦਰਸ਼ਾਂ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਪ੍ਰੋ. ਲਖਬੀਰ ਸਿੰਘ ਨਾ ਕੇਵਲ ਪੰਦਰਾਂ ਸਾਲ ਲਗਾਤਾਰ ਕੈਂਸਰ ਵਰਗੀ ਬਿਮਾਰੀ ਨਾਲ ਬਹਾਦਰ ਯੋਧੇ ਵਾਂਗ ਲੜੇ ਸਗੋਂ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਅਤੇ ਸਮਾਜ ਭਲਾਈ ਦੇ ਕੰਮਾਂ ’ਚ ਉੱਘਾ ਯੋਗਦਾਨ ਪਾਇਆ। ‘ਪਹਿਲ’ ਸੰਸਥਾ ਦੀ ਸਥਾਪਨਾ ਕਰਕੇ ਹਜ਼ਾਰਾਂ ਸਰੀਰਕ ਅਤੇ ਮਾਨਸਿਕ ਰੋਗੀਆਂ ਨੂੰ ਆਪਣੀ ਵਿਅਕਤੀਗਤ ਉਦਾਹਰਣ ਪੇਸ਼ ਕਰਕੇ ਜਿਉਣ ਜੋਗਾ ਕੀਤਾ। ਉਹ ਅਕਸਰ ਕਿਹਾ ਕਰਦੇ ਸਨ, ‘‘ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ ਅਤੇ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਦਿਨ ਤੇ ਹਰ ਪਲ ਨੂੰ ਇਸ ਤਰ੍ਹਾਂ ਮਾਣਨਾ ਚਾਹੀਦਾ ਹੈ ਜਿਵੇਂ ਉਹ ਸਾਡੇ ਜੀਵਨ ਦਾ ਆਖ਼ਰੀ ਦਿਨ ਤੇ ਪਲ ਹੋਵੇ। ਸਾਨੂੰ ਆਪਣੇ ਜੀਵਨ ਵਿੱਚ ਕਥਨੀ ਅਤੇ ਕਰਨੀ ਦੇ ਫ਼ਰਕ ਨੂੰ ਮਿਟਾਉਣਾ ਚਾਹੀਦਾ ਹੈ ਅਤੇ ਹਰ ਪ੍ਰਕਾਰ ਦੇ ਸੁਖ-ਦੁਖ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।’’
ਹਰਗੁਣਪ੍ਰੀਤ ਸਿੰਘ, ਪਟਿਆਲਾ

ਪਾਠਕਾਂ ਦੇ ਖ਼ਤ Other

Aug 23, 2021

ਸਵਾਰਥੀ ਸਿਆਸਤ

21 ਅਗਸਤ ਦੇ ਸੰਪਾਦਕੀ ‘ਪੰਜਾਬ ਦੇ ਸਿਆਸੀ ਸਮੀਕਰਨ’ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਪਾਰਟੀਆਂ ਦੇ ਹਾਲਾਤ ਬਾਰੇ ਪੜ੍ਹਿਆ। ਇਸ ਵਿਚ ਵੱਖ ਵੱਖ ਪਾਰਟੀਆਂ ਦੁਆਰਾ ਹੋਰ ਪਾਰਟੀਆਂ ਦੇ ਬਾਗੀਆਂ ਨੂੰ ਸ਼ਾਮਿਲ ਕਰ ਕੇ ਆਪਣਾ ਕੁਨਬਾ ਵਧਾਉਣ ਦਾ ਜ਼ਿਕਰ ਹੈ। ਦਰਅਸਲ ਬਹੁਤੇ ਆਗੂ ਹੁਣ ਲੋਕ ਹਿੱਤ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਲਈ ਅਜਿਹਾ ਕਰਦੇ ਹਨ।

ਰਾਵਿੰਦਰ ਫਫੜੇ, ਈਮੇਲ


ਸੱਚ ਦਾ ਰਾਹੀ

20 ਅਗਸਤ ਨੂੰ ਦਮਨਜੀਤ ਕੌਰ ਦਾ ਮਿਡਲ ‘ਵਿਗਿਆਨ ਚੇਤਨਾ ਦੀ ਮਸ਼ਾਲ ਸੀ ਡਾ. ਦਾਭੋਲਕਰ’ ਵਧੀਆ ਸੀ। ਡਾ. ਨਰਿੰਦਰ ਦਾਭੋਲਕਰ ਸੱਚ ਦਾ ਰਾਹੀ ਸੀ ਜਿਸ ਨੇ ਆਪਣਾ ਪੂਰਾ ਜੀਵਨ ਲੋਕਾਂ ਅੰਦਰੋਂ ਅੰਧ-ਵਿਸ਼ਵਾਸ ਦੂਰ ਕਰਨ ਵਿਚ ਲਗਾ ਦਿੱਤਾ। ਉਸ ਦੇ ਕਾਤਲਾਂ ਨੂੰ ਭਰਮ ਸੀ ਕਿ ਉਸ ਦੀ ਮੌਤ ਨਾਲ ਉਸ ਦੀ ਤਰਕਸ਼ੀਲ ਸੋਚ ਤੇ ਸਮਾਜਿਕ ਬਰਾਬਰੀ ਵਾਲੀ ਆਵਾਜ਼ ਬੰਦ ਹੋ ਜਾਵੇਗੀ ਪਰ ਉਨ੍ਹਾਂ ਦੇ ਸਾਥੀ ਲਗਤਾਰ ਜੱਦੋਜਹਿਦ ਵਿਚ ਹਨ।

ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ


ਮੁਲਕ ਵੰਡ

19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਉਮਰਾਂ ਲੰਘੀਆਂ ਪੱਬਾਂ ਭਾਰ…’ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਦੇਸ਼ ਵੰਡ ਕਿੰਨੀ ਭਿਆਨਕ ਸੀ ਅਤੇ ਇਸ ਦੁਖਾਂਤ ਦਾ ਚਿਤਰਨ ਕਿੰਨੇ ਬੁੱਧੀਜੀਵੀਆਂ ਨੇ ਕੀਤਾ ਅਤੇ ਕਰ ਰਹੇ ਹਨ। ਇਨ੍ਹਾਂ ਲਿਖਤਾਂ ਦਾ ਅਰਥ ਅਤੇ ਵੰਡ ਦੀ ਭਿਅੰਕਰਤਾ ਨੂੰ ਯਾਦ ਕਰਵਾਉਣ ਵਾਲੇ ਦਾ ਮਕਸਦ ਅਤੇ ਅਰਥ ਵੱਖ ਵੱਖ ਹੈ। ਦੇਸ਼ ਵਾਸੀ ਕਿਤੇ ਇਹ ਅਰਥ ਸਮਝਦੇ ਹੋਏ ਵੀ ਅਨਜਾਣ ਨਾ ਬਣ ਜਾਣ।

ਜਗਰੂਪ ਸਿੰਘ, ਲੁਧਿਆਣਾ


ਬੁੱਤਾਂ ’ਤੇ ਸਿਆਸਤ

18 ਅਗਸਤ ਨੂੰ ਪੰਨਾ ਨੰਬਰ 4 ’ਤੇ ਤਸਵੀਰ ਸਮੇਤ ਖ਼ਬਰ ਛਪੀ ਹੈ: ‘ਸ਼ਹੀਦ ਊਧਮ ਸਿੰਘ ਦੇ ਬੁੱਤ ਬਾਰੇ ਛਿੜਿਆ ਨਵਾਂ ਵਿਵਾਦ।’ ਇਸ ਤੋਂ ਪਹਿਲਾਂ ਵੀ ਸ਼ਹੀਦ ਦੇ ਬੁੱਤਾਂ ਬਾਰੇ ਸਿਆਸਤ ਹੁੰਦੀ ਰਹੀ ਹੈ। ਪਹਿਲਾਂ ਸ਼ਹੀਦ ਦਾ ਬੁੱਤ ਮੋਨੇ ਸ਼ਕਲ ਵਾਲਾ ਲਾਇਆ ਪਰ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਇਸ ’ਤੇ ਸਿਆਸਤ ਹੋਣ ਲੱਗ ਪਈ। ਫਿਰ ਫਲਾਈਓਵਰ ਪਾਸ ਪਗੜੀਧਾਰੀ ਬੁੱਤ ਲਾ ਦਿੱਤਾ। ਹੁਣ ਹੱਥ ਵਿਚ ਕਿਤਾਬ ਫੜਾ ਦਿੱਤੀ। ਕਿੰਨਾ ਚੰਗਾ ਹੁੰਦਾ ਜੇ ਸਰਕਾਰ ਬੁੱਤ ’ਤੇ ਆਇਆ ਖ਼ਰਚਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ’ਤੇ ਖ਼ਰਚ ਕਰਦੀ। ਹੁਣ ਤਾਂ ਸੁਨਾਮ ’ਚ ਸ਼ਹੀਦ ਊਧਮ ਸਿੰਘ ਦੇ ਕਈ ਬੁੱਤ ਹਨ। ਅੱਜ ਅਸੀਂ ਊਧਮ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਥਾਂ ਉਸ ਨੂੰ ਆਪਣੇ ਸਿਆਸੀ ਲਾਭ ਲਈ ਹਿੰਦੂ ਸਿੱਖ ਵਖਰੇਵੇਂ ਵਾਲੀ ਸਿਆਸਤ ਦੇ ਰਾਹ ਪੈ ਗਏ ਹਾਂ।

ਕਾਮਰੇਡ ਗੁਰਨਾਮ ਸਿੰਘ, ਰੂਪਨਗਰ


ਪੀਚੋ ਦੇ ਰੰਗ

14 ਅਗਸਤ ਦੇ ਸਤਰੰਗ ਪੰਨੇ ’ਤੇ ਸੁਖਵੀਰ ਸਿੰਘ ਕੰਗ ਦਾ ਲੇਖ ‘ਬਹੁਮੁਲਕੀ ਵਿਰਾਸਤੀ ਖੇਡ ਪੀਚੋ’ ਗਿਆਨ ਭਰਪੂਰ ਹੈ। ਹਰ ਬੱਚੇ ਨੇ ਆਪਣੇ ਬਚਪਨ ਦੌਰਾਨ ਪੀਚੋ ਦਾ ਆਨੰਦ ਮਾਣਿਆ ਹੈ। ਲੇਖਕ ਨੇ ਮੁੱਢ ਤੋਂ ਲੈ ਕੇ ਹੁਣ ਤਕ ਦੀ ਹਾਲਤ ਬਾਰੇ ਸੁਚੱਜੇ ਢੰਗ ਨਾਲ ਚਾਨਣਾ ਪਾਇਆ ਹੈ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ


ਧਰਨੇ ਪ੍ਰਦਰਸ਼ਨ

14 ਅਗਸਤ ਦੇ ਮਿਡਲ ‘ਧਰਨੇ, ਪ੍ਰਦਰਸ਼ਨ ਅਤੇ ਆਮ ਲੋਕ’ ਵਿਚ ਦਲਜੀਤ ਸਿੰਘ ਰਤਨ ਨੇ ਸਹੀ ਲਿਖਿਆ ਹੈ ਕਿ ਧਰਨੇ ਅਤੇ ਪ੍ਰਦਰਸ਼ਨ ਸਰਕਾਰ ਤਕ ਆਪਣੇ ਰੋਸ ਅਤੇ ਆਵਾਜ਼ ਪਹੁੰਚਾਉਣ ਦਾ ਸਾਧਨ ਹੁੰਦੇ ਹਨ ਲੇਕਿਨ ਇਹ ਇਸ ਹਿਸਾਬ ਨਾਲ ਨਹੀਂ ਕੀਤੇ ਜਾਣੇ ਚਾਹੀਦੇ ਕਿ ਇਹ ਜਨਤਾ ਵੱਲੋਂ ਸਮਰਥਨ ਦੀ ਬਜਾਇ ਨਾਰਾਜ਼ਗੀ ਹੀ ਸਹੇੜ ਲੈਣ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਪ੍ਰਾਈਵੇਟ ਮੰਡੀਆਂ

13 ਅਗਸਤ ਨੂੰ ਡਾ. ਸੁਖਪਾਲ ਸਿੰਘ ਦਾ ਲੇਖ ‘ਖੇਤੀਬਾੜੀ ਕਾਨੂੰਨ: ਇਹ ਜਮੂਦ ਕਿਉਂ?’ ਪੜ੍ਹ ਕੇ ਅਹਿਸਾਸ ਹੋਇਆ ਕਿ ਕਾਰਪੋਰੇਟ ਘਰਾਣੇ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ ’ਤੇ ਕਾਬਜ਼ ਹੋ ਕੇ ਪ੍ਰਾਈਵੇਟ ਮੰਡੀਆਂ ਦਾ ਵਿਸਥਾਰ ਕਰ ਕੇ ਆਪਣਾ ਕੰਟਰੋਲ ਕਰਨਾ ਚਾਹੁੰਦੇ ਹਨ। ਸੋ, ਜਨਤਾ ਦੇ ਆਰਥਿਕ ਸੁਖਾਵੇਂ ਮਾਹੌਲ ਲਈ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।

ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ, ਪਟਿਆਲਾ


ਵਜੂਦ ਦੀ ਤਲਾਸ਼

11 ਅਗਸਤ ਨੂੰ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਗੁਰਚਰਨ ਕੌਰ ਥਿੰਦ ਦੀ ਕਹਾਣੀ ‘ਵਜੂਦ ਦੀ ਤਲਾਸ਼’ ਪੜ੍ਹੀ ਜੋ ਆਦਿ ਵਾਸੀ ਲੜਕੀ ਬਾਰੇ ਸੀ। ਮੇਰੇ ਖਿਆਲ ਵਿਚ ਅਸੀਂ ਪੰਜਾਬੀ ਵੀ ਆਪਣੇ ਵਜੂਦ ਤੋਂ ਦੂਰ ਜਾ ਰਹੇ ਹਾਂ। ਇਨ੍ਹਾਂ ਲੋਕਾਂ ਨਾਲ ਤਾਂ ਧੱਕਾ ਹੋਇਆ, ਕਿਉਂਕਿ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ ਜਾਂ ਇਹ ਬਹੁਤ ਆਮ ਦੁਨੀਆ ਨਾਲੋਂ ਪਿੱਛੇ ਸੀ ਪਰ ਅਸੀਂ ਪੰਜਾਬੀ ਸਭ ਕੁਝ ਹੁੰਦੇ ਹੋਏ ਵੀ ਆਪਣੇ ਵਜੂਦ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹੁਣ ਸਵਾਲ ਹੈ: ਇਨ੍ਹਾਂ ਹਾਲਾਤ ਵਿਚ ਸਾਡਾ ਬਣੇਗਾ ਕੀ? ਸਾਨੂੰ ਇਸ ਬਾਰੇ ਹੁਣ ਬਹੁਤ ਗੰਭੀਰਤਾ ਅਤੇ ਸੰਜੀਦਗੀ ਨਾਲ ਸੋਚਣਾ-ਵਿਚਾਰਨਾ ਚਾਹੀਦਾ ਹੈ।

ਖੁਸ਼ਵਿੰਦਰ ਸਿੰਘ, ਈਮੇਲ


ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ

19 ਅਗਸਤ ਕੁਲਦੀਪ ਸਿੰਘ ਧਨੌਲਾ ਦਾ ਲੇਖ ‘ਮੋਬਾਈਲ ਅਖ਼ਬਾਰ ਦੀਆਂ ਬਰਕਤਾਂ’ ਪੜ੍ਹਿਆ। ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦਾ ਜਨਜੀਵਨ ਉਥਲ-ਪੁਥਲ ਹੋ ਗਿਆ। ਕੰਮ ਧੰਦੇ ਸਭ ਕੁਝ ਖ਼ਤਮ ਹੋ ਗਏ। ਉੱਪਰੋਂ ਮਹਿੰਗਾਈ ਨੇ ਗ਼ਰੀਬਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ। ਸਭ ਤੋਂ ਵੱਧ ਨੁਕਸਾਨ ਬੱਚਿਆਂ ਦੀ ਪੜ੍ਹਾਈ ਦਾ ਹੋਇਆ। ਮੋਬਾਈਲ ਫ਼ੋਨਾਂ ਰਾਹੀਂ ਪੜ੍ਹਾਈ ਨੇ ਬੱਚਿਆਂ ਦੀਆਂ ਆਦਤਾਂ ਵਿਗਾੜ ਦਿੱਤੀਆਂ। ਉਹ ਕਲਾਸ ਖ਼ਤਮ ਹੋਣ ਤੋਂ ਬਾਅਦ ਵੀ ਸਾਰਾ ਦਿਨ ਮੋਬਾਈਲ ਲੈ ਕੇ ਬੈਠੇ ਰਹਿੰਦੇ ਹਨ। ਪਰਿਵਾਰਾਂ ਦਾ ਆਪਸੀ ਰਾਬਤਾ ਵੀ ਮੋਬਾਈਲ ਨੇ ਖੋਹ ਲਿਆ ਹੈ। ਇਹ ਘਾਟਾ ਸ਼ਾਇਦ ਕਦੀ ਪੂਰਾ ਨਹੀਂ ਹੋਣਾ।

ਬੂਟਾ ਸਿੰਘ ਚਤਾਮਲਾ (ਰੂਪਨਗਰ)

ਡਾਕ ਐਤਵਾਰ ਦੀ Other

Aug 22, 2021

ਤੱਥ ਭਰਪੂਰ ਲੇਖ

15 ਅਗਸਤ ਦਾ ਸੰਪਾਦਕੀ ਅਤੇ ‘ਦਸਤਕ’ ਅੰਕ ਵਿਚ ਛਪੇ ਲੇਖ ਤੱਥਾਂ ਦੀ ਰੌਸ਼ਨੀ ਨਾਲ ਸ਼ਰਸ਼ਾਰ ਹਨ। ਸਕੂੂਲ ਸਮੇਂ ਅਸੀਂ ਮੀਰ ਜ਼ਾਫ਼ਰ ਦਾ ਨਾਂ ਹੀ ਪੜ੍ਹਿਆ-ਸੁਣਿਆ। ਸੰਪਾਦਕੀ ਵਿਚ ਜਿੱਥੇ ਤੁਸੀਂ ਮੀਰ ਜ਼ਾਫ਼ਰ ਦੀ ਗੱਲ ਕੀਤੀ ਹੈ ਉੱਥੇ ਜਗਤ ਸੇਠ ਵਰਗੇ ਬੈਂਕਰ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਦੀ ਮਦਦ ਨਾਲ ਅੰਗਰੇਜ਼ਾਂ ਦਾ ਕੰਮ ਸੁਖਾਲਾ ਹੋ ਗਿਆ। ਦੇਸ਼ ਅਤੇ ਕੌਮ ਨੂੰ ਆਪਣੇ ਹੀ ਬੰਦਿਆਂ ਦੀ ਖਲਨਾਇਕੀ ਕਾਰਨ ਹਾਰਾਂ ਦਾ ਸਾਹਮਣਾ ਕਰਨਾ ਪਿਆ। ਟੀਪੂ ਸੁਲਤਾਨ ਦੇ ਵਜ਼ੀਰ ਮੀਰ ਸਾਦਿਕ ਦੇ ਵਿਸਾਹਘਾਤ ਦਾ ਪ੍ਰਕਰਣ ਭਾਰਤ ਦੇ ਇਤਿਹਾਸ ਦਾ ਦੁਖਦਾਇਕ ਪੱਖ ਰਿਹਾ ਹੈ। ‘ਦਸਤਕ’ ਵਿਚ ਇਰਫ਼ਾਨ ਹਬੀਬ ਨੇ ਆਪਣੇ ਲੇਖ ‘ਭਾਰਤ ਦਾ ਸੰਕਲਪ ਕਿਵੇਂ ਉਭਰਿਆ’ ਰਾਹੀਂ ਇਤਿਹਾਸਕਤਾ ਦੇ ਪਿਛੋਕੜ ਵਿਚ ਭਾਰਤ ਦੇ ਸੰਕਲਪ ਦੀ ਨਿਸ਼ਾਨਦੇਹੀ ਕੀਤੀ ਹੈ। ‘ਜਦੋਂ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਦੇ ਲੇਖ ਲਿਖੇ ਜਾਂਦੇ ਸਨ’ ਦੇ ਸੰਦਰਭ ਵਿਚ ਆਖੀਏ ਤਾਂ ਹਰ ਰਾਜਤੰਤਰ ਇਹੋ ਕੁਝ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਭਾਵੇਂ ਅੰਗਰੇਜ਼ੀ ਰਾਜ ਨੇ ਸਹੂਲਤਾਂ ਪ੍ਰਦਾਨ ਕਰਨ ਦਾ ਕਾਰਜ ਆਪਣੇ ਨਿੱਜੀ ਮੁਫ਼ਾਦ ਲਈ ਕੀਤਾ, ਪਰ ਉਨ੍ਹਾਂ ਨੇ ਇਨ੍ਹਾਂ ਸਹੂਲਤਾਂ ਦੀ ਸ਼ੂਰੂਆਤ ਕਰਕੇ ਸਾਡੇ ਲਈ ਆਉਣ ਵਾਲੇ ਸਮੇਂ ਲਈ ਇਕ ਰੋਲ ਮਾਡਲ ਸਥਾਪਿਤ ਕਰ ਦਿੱਤਾ। ਅੰਗਰੇਜ਼ਾਂ ਨੇ ਉਹੀ ਕਾਰਜ ਕੀਤੇ ਜਿਨ੍ਹਾਂ ਵਿਚ ਉਨ੍ਹਾਂ ਨੂੰ ਫ਼ਾਇਦਾ ਸੀ।

ਇੰਜੀ. ਕਰਮਜੀਤ ਸਿੰਘ, ਈ-ਮੇਲ


ਕਿਸਾਨ ਅੰਦੋਲਨ

18 ਜੁਲਾਈ ਦੇ ਅੰਕ ਵਿਚ ਸਵਰਾਜਬੀਰ ਦੇ ਲੇਖ ‘ਸਹਸਾ ਜੀਅਰਾ ਪਰਿ ਰਹਿਓ’ ਵਿਚਲੇ ਵਿਚਾਰ ‘ਕਮਿਊਨਿਸਟ ਮੈਨੀਫੈਸਟੋ’ ਤੋਂ ਸ਼ੁਰੂ ਕਰਦਿਆਂ ਕਿਸਾਨ ਮੋਰਚੇ ਲਈ ਪ੍ਰੇਰਨਾ ਸਰੋਤ ਬਣਨ ਦੇ ਨਾਲ ਨਾਲ ਦਿਸ਼ਾ ਨਿਰਦੇਸ਼ਕ ਵੀ ਹੋ ਨਿੱਬੜਦੇ ਹਨ। ਕਿਸਾਨ ਅੰਦੋਲਨ ਸਿਆਸੀ ਲੋਕਾਂ ਲਈ ਇੱਕ ਤਰ੍ਹਾਂ ਦਾ ਹਊਆ ਬਣ ਗਿਆ ਹ਼ੈ। ਇਸ ਲਈ ਜ਼ਿਆਦਾਤਰ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਲੋਕ ਪੱਖੀ ਦਰਸਾਉਣ ਲਈ ਉਨ੍ਹਾਂ ਦੀ ਹਮਾਇਤ ਦਾ ਦਿਖਾਵਾ ਕਰਦੀਆਂ ਜਾਪਦੀਆਂ ਹਨ।

ਗੁਰਬਚਨ ਸਿੰਘ ਵਿਰਦੀ, ਸਰਹਿੰਦ (ਫ਼ਤਿਹਗੜ੍ਹ ਸਾਹਿਬ)

ਪਾਠਕਾਂ ਦੇ ਖ਼ਤ

Aug 21, 2021

ਖੇਡਾਂ ਬਾਰੇ ਵੱਖਰਾ ਨਜ਼ਰੀਆ

13 ਅਗਸਤ ਦੇ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦਾ ਲੇਖ ‘ਮੌਜੂਦਾ ਵਪਾਰਕ ਨਿਜ਼ਾਮ ਅਤੇ ਖੇਡਾਂ’ ਪੜ੍ਹਿਆ। ਹੁਣੇ ਹੋਈਆਂ ਓਲੰਪਿਕ ਖੇਡਾਂ ਦੇ ਵੱਖੋ ਵੱਖਰੇ ਮੁਕਾਬਲਿਆਂ ਵਿਚ ਜਿੱਤਾਂ ਦੇ ਮਨਾਏ ਜਾ ਰਹੇ ਜਸ਼ਨਮਈ ਮਾਹੌਲ ਦੇ ਦਰਮਿਆਨ ਇਹ ਲੇਖ ਖੇਡਾਂ ਨੂੰ ਵੱਖਰੇ ਲੋਕ-ਪੱਖੀ ਨਜ਼ਰੀਏ ਤੋਂ ਵਿਚਾਰਨ ਲਈ ਪ੍ਰੇਰਦਾ ਹੈ। ਮਨੁੱਖ ਦੇ ਸਮਾਜਿਕ ਵਿਕਾਸ ਦੇ ਨਾਲ ਨਾਲ ਕਿਰਤ ਨਾਲ ਜੁੜੇ ਹੋਏ ਸਰੂਪ ਤੋਂ ਤਬਦੀਲ ਹੋ ਕੇ ਖੇਡਾਂ ਦਾ ਪੇਸ਼ਾਵਰ ਤੇ ਵਪਾਰਕ ਰੂਪ ਧਾਰ ਲੈਣ ਦਾ ਵਰਤਾਰਾ ਵਾਕਈ ਨਕਾਰਾਤਮਕ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਸਥਾਨਕ ਪੱਧਰ ’ਤੇ ਖੇਡਾਂ ਦੇ ਵਿਕਾਸ ਅਤੇ ਕਿਰਤ ਨਾਲ ਜੁੜੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਖੇਡਾਂ ਦੇ ਅਸਲ ਮਕਸਦ ‘ਨਰੋਏ ਸਰੀਰ ਵਿਚ ਹੀ ਨਰੋਆ ਮਨ’ ਨੂੰ ਹਾਸਲ ਕੀਤਾ ਜਾ ਸਕਦਾ ਹੈ ਜਿਹੜਾ ਕਿਸੇ ਲੋਕ-ਪੱਖੀ ਢਾਂਚੇ ਰਾਹੀਂ ਉਸਰੇ ਵਿਕਸਤ ਮਨੁੱਖੀ ਸਮਾਜ ਵਿਚ ਹੀ ਸੰਭਵ ਹੈ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)


ਮੁਲਕ ਵੰਡ ਦਾ ਦਰਦ

19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਉਮਰਾਂ ਲੰਘੀਆਂ ਪੱਬਾਂ ਭਾਰ...’ ਉਨ੍ਹਾਂ ਲੱਖਾਂ ਬੇਕਸੂਰ ਲੋਕਾਂ ਦੀ ਦਾਸਤਾਨ ਹੈ ਜਿਨ੍ਹਾਂ ਦੇ ਜੀਵਨ ਨੂੰ ਫ਼ਿਰਕੂ ਨਾਗ ਨੇ ਐਸਾ ਡੰਗਿਆ ਕਿ ਬਹੁਤ ਸਾਰੇ ਲੋਕ ਮਰ ਮੁੱਕ ਗਏ ਅਤੇ ਬਹੁਤ ਸਾਰੇ ਲੋਕ ਆਪਣਾ ਸਭ ਕੁਝ ਲੁੱਟ ਕੇ ਨਾ ਉਹ ਮਰਿਆਂ ਵਿਚ ਤੇ ਨਾ ਉਹ ਜਿਊਂਦਿਆਂ ਵਿਚ ਰਹੇ। ਉਨ੍ਹਾਂ ਦੇ ਇਹ ਜ਼ਖ਼ਮ ਹਮੇਸ਼ਾ ਰਿਸਦੇ ਰਹੇ। ਕੁਝ ਅਰਸਾ ਪਹਿਲਾਂ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਸਾਡੇ ਜਥੇ ਵਿਚ ਲਹਿੰਦੇ ਪੰਜਾਬ ਵੱਲੋਂ ਉਜੜ ਕੇ ਆਏ ਉਹ ਬਜ਼ੁਰਗ ਵੀ ਸ਼ਾਮਿਲ ਸਨ ਜਿਨ੍ਹਾਂ ਵਿਚ ਆਪਣੀ ਜਨਮਭੂਮੀ ਦੇਖਣ ਦੀ ਇੰਨੀ ਤੀਬਰ ਇੱਛਾ ਸੀ ਕਿ ਉਹ ਉੱਥੇ ਉਡ ਕੇ ਪਹੁੰਚਣਾ ਲੋਚਦੇ ਸਨ। ਉਨ੍ਹਾਂ ਆਪਣੇ ਘਰਾਂ ਤੇ ਸਕੂਲਾਂ ਦੀਆਂ ਕੰਧਾਂ ਨਾਲ ਲਿਪਟ ਕੇ ਆਪਣੀ ਭਾਵੁਕ ਵੇਦਨਾ ਜ਼ਾਹਿਰ ਕੀਤੀ। ਇੱਥੇ ਹੀ ਬੱਸ ਨਹੀਂ, ਚੜ੍ਹਦੇ ਪੰਜਾਬ ਵੱਲੋਂ ਉਜੜੇ ਉੱਥੇ ਵੱਸਿਆਂ ਦੀ ਨਜ਼ਰ ਵੀ ਇਹੀ ਲੱਭ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ ਤੋਂ ਕੋਈ ਆਇਆ ਹੋਵੇ ਤੇ ਉਹ ਆਪਣੀ ਜਨਮਭੂਮੀ ਦੀ ਖੁਸ਼ਬੂ ਨੂੰ ਮਹਿਸੂਸ ਕਰ ਸਕਣ। ਉਨ੍ਹਾਂ ਦੇ ਤਰਲੇ ਹਾੜ੍ਹੇ ਇਹੀ ਸਨ, ਇਕ ਵਾਰ ਸਾਡੀਆਂ ਬਰੂਹਾਂ ਜ਼ਰੂਰ ਲੰਘੋ ਤਾਂ ਕਿ ਤੁਹਾਡੀਆਂ ਪੈੜਾਂ ਦੀ ਮਿੱਟੀ ਸਾਡੇ ਰੈਣ ਬਸੇਰਿਆਂ ਨੂੰ ਪਾਕਿ ਕਰ ਦੇਵੇ। ਇਹ ਵਿਰਲਾਪ ਤੰਗ ਕਰਨ ਵਾਲਾ ਹੈ।... ਇਹ ਲੇਖਾ ਕੌਣ ਦੇਵੇਗਾ?
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ, ਈਮੇਲ


ਅਨਪੜ੍ਹਤਾ

19 ਅਗਸਤ ਨੂੰ ਪੰਨਾ 2 ਉੱਤੇ ਛਪੀ ਖ਼ਬਰ ‘ਟੂਣੇ ਦੀ ਉਲੰਘਣਾ ’ਤੇ ਪਰਿਵਾਰ ਦਾ ਬਾਈਕਾਟ’ ਪੜ੍ਹ ਕੇ ਸੋਚਿਆ ਕਿ ਅਸੀਂ ਪੰਚਾਇਤੀ ਰੂਪ ਵਿਚ ਟੂਣਿਆਂ ਅਤੇ ਵਹਿਮਾਂ ਭਰਮਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ ਪਰ ਇੱਥੇ ਤਾਂ ਪੰਚਾਇਤ ਹੀ ਉਲਟ ਦਿਸ਼ਾ ’ਚ ਚੱਲ ਕੇ ਟੂਣੇ ਆਦਿ ਨੂੰ ਨਾ ਮੰਨਣ ਵਾਲੇ ਪਰਿਵਾਰ ਦਾ ਬਾਈਕਾਟ ਕਰ ਰਹੀ ਹੈ। ਸ਼ਾਇਦ ਇਹ ਸਾਡੀ ਅਨਪੜ੍ਹਤਾ ਕਾਰਨ ਹੋਇਆ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਸਰਕਾਰੀ ਸੰਸਦ ਬਨਾਮ ਕਿਸਾਨ ਸੰਸਦ

18 ਅਗਸਤ ਦੀ ਸੰਪਾਦਕੀ ‘ਸਦਨ ਵਿਚ ਬਹਿਸ ਦਾ ਮਿਆਰ’ ਵਿਚ ਸੰਸਦ ਵਿਚ ਪਾਸ ਹੁੰਦੇ ਕਾਨੂੰਨਾਂ ਦੀ ਵਿਧੀ ਦਾ ਵਿਸ਼ਲੇਸ਼ਣ ਕੀਤਾ ਹੈ। ਕੇਂਦਰ ਸਰਕਾਰ ਨੇ ਜਿਸ ਤਰੀਕੇ ਨਾਲ ਨਵੇਂ ਖੇਤੀ ਕਾਨੂੰਨ ਬਣਾਏ ਅਤੇ ਪਾਸ ਕੀਤੇ ਹਨ, ਉਹ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਇਸ ਦੌਰਾਨ ‘ਸਰਕਾਰੀ ਸੰਸਦ’ ਦੇ ਬਰਾਬਰ ‘ਕਿਸਾਨੀ ਸੰਸਦ’ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਕੇ ਕਿਸਾਨ ਅੰਦੋਲਨ ਨੇ ਸਿੱਧ ਕਰ ਦਿੱਤਾ ਹੈ ਕਿ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਵਿਚ ਨੀਰਸਤਾ ਨਹੀਂ ਆਈ ਹੈ। ਔਰਤਾਂ ਨੇ ਜਿਸ ਤਰ੍ਹਾਂ ਸੰਸਦ ਦਾ ਮਾਹੌਲ ਸਿਰਜ ਕੇ ਆਪਣੀ ਸ਼ਕਤੀ ਦਾ ਨਮੂਨਾ ਪੇਸ਼ ਕੀਤਾ ਹੈ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। 17 ਅਗਸਤ ਦੇ ਨਜ਼ਰੀਆ ਪੰਨੇ ’ਤੇ ਲਖਬੀਰ ਸਿੰਘ ਨਿਜਾਮਪੁਰ ਨੇ ਵੀ ਆਪਣੇ ਲੇਖ ਵਿਚ ਸਹੀ ਲਿਖਿਆ ਹੈ ਕਿ ਇਹ ਅੰਦੋਲਨ ਹੁਣ ਕਿਸੇ ਇਕ ਸੂਬੇ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ


ਪੀਢੀ ਸਾਂਝ

9 ਅਗਸਤ ਦੇ ਮਿਡਲ ‘ਚਿੜੀ ਦੀ ਚੁੰਝ’ ਪੜ੍ਹਦਿਆਂ ਹਜ਼ਾਰਾ ਸਿੰਘ ਚੀਮਾ ਦੇ ਵਿਚਾਰਾਂ ਨਾਲ ਸਾਂਝ ਹੋਰ ਪੀਢੀ ਹੋ ਗਈ। ਪਿਛਲੇ ਦਿਨੀਂ ਚੰਡੀਗੜ੍ਹ ਦੇ 32 ਸੀ ਸੈਕਟਰ ਵਿਚੋਂ ਨਿਕਲਦਿਆਂ ਹੀ ਅਗਲੇ ਚੌਕ ਵਿਚ ਪੰਜ ਸੱਤ ਨੌਜਵਾਨ ਕਿਸਾਨੀ ਸੰਘਰਸ਼ ਦੇ ਝੰਡੇ ਹੱਥਾਂ ’ਚ ਫੜੀਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਮਾਰਦੇ ਦਿਖਾਈ ਦਿੱਤੇ। ਗੱਡੀ ਰੋਕ ਪਤਨੀ ਸਮੇਤ ਆਪਣੇ ਰਿਸ਼ਤੇਦਾਰਾਂ ਨਾਲ ਨਾਅਰੇ ਮਾਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਕਾਨੂੰਨ ਘਾੜਿਆਂ ਦੀ ਪਿੱਠ ਪਿੱਛੇ ਤਕੜੀ ਤਾਕਤ ਵਜੋਂ ਕੰਮ ਕਰ ਰਹੇ ਸਰਮਾਏਦਾਰਾਂ ਨੂੰ ਅੱਜ ਭਾਵੇਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਡੰਕਾ ਵੱਜ ਰਿਹਾ ਹੈ ਪਰ ਖਾਣੀ ਉਨ੍ਹਾਂ ਨੇ ਵੀ ਕਿਸਾਨ, ਮਜ਼ਦੂਰ ਦੁਆਰਾ ਉਗਏ ਅੰਨ ਦੀ ਰੋਟੀ ਹੀ ਹੈ।
ਬਲਵੀਰ ਸਿੰਘ ਬਾਸੀਆਂ, ਪਿੰਡ ਬਾਸੀਆਂ ਬੇਟ (ਲੁਧਿਆਣਾ)

(2)

ਡਾ. ਹਜ਼ਾਰਾ ਸਿੰਘ ਚੀਮਾ ਦਾ ਲੇਖ ‘ਚਿੜੀ ਦੀ ਚੁੰਝ’ ਪੜ੍ਹਿਆ। ਲੇਖਕ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੀ ਲੜਾਈ ਦੇ ਕੁਝ ਤਜਰਬੇ ਸਾਂਝੇ ਕੀਤੇ ਹਨ ਅਤੇ ਇਸ ਲੜਾਈ ਵਿਚ ਯੋਗਦਾਨ ਦਾ ਜ਼ਿਕਰ ਕੀਤਾ ਹੈ। ਲਿਖਤ ਦਾ ਸੁਨੇਹਾ ਬਹੁਤ ਵੱਡਾ ਹੈ।
ਸਰਵਰ ਸਿੰਘ ਢਿੱਲੋਂ, ਪਿੰਡ ਬਰਗਾੜੀ (ਫਰੀਦਕੋਟ)


ਕਾਮਾ ਔਰਤਾਂ ਦੀ ਤਰਾਸਦੀ

2 ਅਗਸਤ ਨੂੰ ਕੰਵਲਜੀਤ ਖੰਨਾ ਦਾ ਲੇਖ ‘ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜੇ’ ਕਾਮਾ ਔਰਤਾਂ ਦੀ ਤਰਾਸਦੀ ਬਿਆਨ ਕਰਦਾ ਹੈ। ਔਰਤਾਂ ਦੀਆਂ ਜਥੇਬੰਦੀਆਂ ਦੀ ਇਨ੍ਹਾਂ ਵੱਲ ਕੋਈ ਰੁਚੀ ਨਹੀਂ ਜਾਪਦੀ, ਨਾ ਹੀ ਅਜਿਹੀਆਂ ਔਰਤਾਂ ਦੀ ਕੋਈ ਜਥੇਬੰਦੀ ਹੈ। ਇਨਸਾਫ਼ਪਸੰਦ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਪੀੜਤ ਤਬਕੇ ਵੱਲ ਧਿਆਨ ਦੇਣ।
ਸਾਗਰ ਸਿੰਘ ਸਾਗਰ, ਬਰਨਾਲਾ


ਅਨੋਖਾ ਸਕੂਨ

ਵਿਜੈ ਕੁਮਾਰ ਦੀ ਜੀਵਨ ਘਟਨਾ (ਜਦੋਂ ਮੇਰੇ ਸ਼ਬਦ ਮੁੱਕ ਗਏ, 30 ਜੁਲਾਈ) ਨੇ ਜ਼ਾਹਿਰ ਕਰ ਦਿੱਤਾ ਕਿ ਮਨੁੱਖਤਾ ਜ਼ਿੰਦਾ ਹੈ। ਭਲਾਈ ਅਤੇ ਮਾਨਵ ਸੇਵਾ ਅਜਿਹੇ ਆਧਾਰ ਹਨ ਜੋ ਧੁਰੇ ਦਾ ਕੰਮ ਕਰਦੇ ਹਨ। ਉਪਕਾਰ ਦਾ ਮੁੱਲ ਲੋੜਵੰਦ ਪਾਉਂਦਾ ਹੈ ਤਾਂ ਜੀਵਨ ’ਚ ਅਨੋਖਾ ਸਕੂਨ ਤੇ ਆਨੰਦ ਮਿਲਦਾ ਹੈ। ਇਹੀ ਨਹੀਂ ਅਜਿਹੇ ਕਾਰਜ ਕਰਨ ਲਈ ਸਭ ਨੂੰ ਉਤਸ਼ਾਹ ਅਤੇ ਹੌਸਲਾ ਵੀ ਮਿਲਦਾ ਹੈ।
ਲਾਲ ਸਿੰਘ ਕਲਸੀ, ਫਰੀਦਕੋਟ

(2)

ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਜਦੋਂ ਮੇਰੇ ਸ਼ਬਦ ਮੁੱਕ ਗਏ’ ਪੜ੍ਹਦਿਆਂ ਮੇਰੇ ਵੀ ਸ਼ਬਦ ਮੁੱਕ ਗਏ। ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਕਿਸੇ ਮੁਕਾਮ ’ਤੇ ਪਹੁੰਚਣ ਵਿਚ ਮਦਦ ਕਰਨਾ, ਇਸ ਤੋਂ ਵੱਡੀ ਸਾਧਨਾ ਕੋਈ ਹੋ ਨਹੀਂ ਸਕਦੀ।
ਸੁਖਵੀਰ ਕੌਰ, ਬਠਿੰਡਾ

ਡਾਕ ਐਤਵਾਰ ਦੀ Other

Aug 15, 2021

ਜੁਆਬਦੇਹੀ ਲਾਜ਼ਮੀ

ਅੱਠ ਅਗਸਤ ਨੂੰ ਨਜ਼ਰੀਆ ਪੰਨੇ ਦੇ ਲੇਖ ‘ਅਸੀਂ, ਭਾਰਤ ਦੇ ਲੋਕ...’ ਵਿਚ ਗੁਰਬਚਨ ਜਗਤ ਨੇ ਅਜੋਕੇ ਭਾਰਤ ਦੇ ਸਿਆਸੀ ਤੇ ਚੋਣ ਢਾਂਚੇ ਬਾਰੇ ਗੱਲ ਕੀਤੀ ਹੈ। ਪਿਛਲੇ ਸਮੇਂ ਤੋਂ ਦੇਸ਼ ਦੀ ਸਿਆਸਤ ਵਿੱਚ ਕਾਫ਼ੀ ਨਿਘਾਰ ਆ ਚੁੱਕਾ ਹੈ ਤੇ ਦੇਸ਼ ਦੇ ਸਿਆਸਤਦਾਨ ਚੋਣਾਂ ਜਿੱਤਣ ਦੇ ਢੰਗ ਤਰੀਕਿਆਂ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਇਹ ਪਤਾ ਹੈ ਕਿ ਵੋਟਾਂ ਲੈਣ ਲਈ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਿਆਇਤਾਂ ਦਾ ਹੋਕਾ ਦੇ ਕੇ ਤੇ ਰੰਗ-ਬਰੰਗੇ ਸੁਪਨੇ ਦਿਖਾ ਕੇ ਲੋਕਾਂ ਨੂੰ ਸਹਿਜੇ ਹੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਦੇਸ਼ ਦੇ ਸਿਆਸਤਦਾਨ ਵੋਟਰਾਂ ਦੀ ਨਬਜ਼ ਪਛਾਣਦੇ ਹਨ ਤੇ ਚੋਣਾਂ ਮੌਕੇ ਲੋੜ ਮੁਤਾਬਿਕ ਚੋਣ ਮਨੋਰਥ ਪੱਤਰ ਤਿਆਰ ਕਰਦੇ ਹਨ। ਉਨ੍ਹਾਂ ਦਾ ਇੱਕੋ ਇਕ ਟੀਚਾ ਚੋਣਾਂ ਜਿੱਤ ਕੇ ਸੱਤਾ ’ਤੇ ਕਾਬਜ਼ ਹੋਣਾ ਹੁੰਦਾ ਹੈ। ਜਿੱਤਣ ਤੋਂ ਬਾਅਦ ਜਨਤਾ ਦੀ ਸਾਰ ਨਹੀਂ ਲਈ ਜਾਂਦੀ। ਭਾਰਤੀ ਲੋਕਤੰਤਰੀ ਢਾਂਚੇ ਵਿਚ ਚੁਣੀ ਹੋਈ ਸਰਕਾਰ ਲੋਕਾਂ ਪ੍ਰਤੀ ਅਮਲੀ ਰੂਪ ਵਿਚ ਜੁਆਬਦੇਹ ਹੋਵੇ।

ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


ਖਿਡਾਰੀਆਂ ਬਾਰੇ ਜਾਣਕਾਰੀ

ਅੱਠ ਅਗਸਤ ਦੇ ਅਖ਼ਬਾਰ ਵਿੱਚ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀ, ਸੋਨ ਤਗ਼ਮਾ ਜੇਤੂ ਨੀਰਜ ਚੋਪੜਾ, ਡਿਸਕਸ ਥ੍ਰੋਅ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਉਣ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੂੰ ਸਮਰਪਿਤ ਤਿੰਨ ਲੇਖ ਛਪੇ। ਪ੍ਰਿੰ. ਸਰਵਣ ਸਿੰਘ ਨੇ ਹਾਕੀ ਟੀਮ, ਇਕਬਾਲ ਸਿੰਘ ਸ਼ਾਂਤ ਨੇ ਕਮਲਪ੍ਰੀਤ ਕੌਰ ਤੇ ਨਵਦੀਪ ਗਿੱਲ ਨੇ ਨੀਰਜ ਚੋਪੜਾ ਦੇ ਖੇਡ ਸਫ਼ਰ ਬਾਰੇ ਆਪਣੇ ਲੇਖਾਂ ਵਿੱਚ ਚਾਨਣਾ ਪਾਇਆ। ਇਨ੍ਹਾਂ ਖਿਡਾਰੀਆਂ ਵੱਲੋਂ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੇ ਮੁਕਾਮਾਂ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਸਭਨਾਂ ਨੂੰ ਟੋਕੀਓ ਓਲੰਪਿਕ ਵਿੱਚ ਖੇਡਦਿਆਂ ਦੇਖ ਕੇ ਇਨ੍ਹਾਂ ਦੇ ਪਿਛੋਕੜ ਬਾਰੇ ਜਾਣਨ ਦੀ ਇੱਛਾ ਸੀ ਜੋ ਇਨ੍ਹਾਂ ਲੇਖਾਂ ਨੇ ਪੂਰੀ ਕਰ ਦਿੱਤੀ।

ਸਰਵਰ ਸਿੰਘ ਢਿੱਲੋਂ, ਬਰਗਾੜੀ (ਫ਼ਰੀਦਕੋਟ)

ਪਾਠਕਾਂ ਦੇ ਖ਼ਤ

Aug 14, 2021

ਪ੍ਰੀਖਿਆ ਬਨਾਮ ਕਕਾਰ

9 ਅਗਸਤ ਦੇ ਅੰਕ ਵਿਚ ਪੰਨਾ 3 ਉੱਤੇ ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਦੇ ਕਰਾਰ ਲੁਹਾਉਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਪੜ੍ਹਿਆ। ਕਕਾਰ ਲੁਹਾਏ ਜਾਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਮਸਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਨੂੰ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਵਿਚ ਧਾਰਮਿਕ ਰਹਿਤ ਦੀ ਲੋੜ ਅਨੁਸਾਰ ਕਿਰਪਾਨ ਅਤੇ ਕੜੇ ਦੇ ਸਾਈਜ਼ ਬਾਰੇ ਫ਼ੈਸਲਾ ਕਰ ਲਿਆ ਜਾਵੇ। ਕੈਨੇਡਾ ਅਤੇ ਭਾਰਤ ਵਿਚ ਘਰੇਲੂ ਹਵਾਈ ਉਡਾਨਾਂ ਦੌਰਾਨ ਛੋਟੀ ਕਿਰਪਾਨ ਪਹਿਨਣ ਬਾਰੇ ਨੀਤੀ ਬਣੀ ਹੋਈ ਹੈ। ਜੇ ਐਸੀ ਨੀਤੀ ਪੰਜਾਬ ਵਿਚ ਬਣ ਜਾਵੇ ਤਾਂ ਉਹੋ ਨੀਤੀ ਸਾਰੇ ਭਾਰਤ ਦੇ ਅਦਾਰਿਆਂ ਵਿਚ ਲਾਗੂ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇਸ ਪਾਸੇ ਪਹਿਲਕਦਮੀ ਕਰਕੇ ਕੋਈ ਨੀਤੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਖ਼ਤਾਂ ਵਿਚਲੇ ਜਜ਼ਬਾਤ

12 ਅਗਸਤ ਨੂੰ ਇੰਟਰਨੈੱਟ ਵਾਲੇ ਪੰਨੇ ‘ਅਦਬੀ ਰੰਗ’ ਉੱਤੇ ਵੰਨ-ਸਵੰਨੇ ਖ਼ਤਾਂ ਦੀ ਖੁਸ਼ਬੋ ਮਿਲੀ। ਸਾਹਿਤ ਵਿਚ ਖ਼ਤ ਬਹੁਤ ਮਹੱਤਵ ਦੇ ਧਾਰਨੀ ਰਹੇ ਹਨ। ਇਹ ਸਾਹਿਤਕ ਰੂਪ ਦਿਲ ਦੀ ਅਸਲੀ ਤਸਵੀਰ ਨੂੰ ਪੇਸ਼ ਕਰਦਾ ਹੈ। ਇਸ ਪੰਨੇ ’ਤੇ ਸਭ ਤੋਂ ਪਹਿਲਾਂ ਸੁਰਜੀਤ ਹਾਂਸ ਦੀਆਂ ਭਾਵਪੂਰਤ ਸਤਰਾਂ ਹਨ। ਅੰਮ੍ਰਿਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਸੁਰਜੀਤ ਪਾਤਰ, ਨਿਰੂਪਮਾ ਦੱਤ ਆਦਿ ਨੇ ਇਸ ਸਾਹਿਤ ਰੂਪ ਵਿਚ ਆਪਣੇ ਮਨ ਦੀ ਹਾਲਤ ਪੇਸ਼ ਕੀਤੀ ਹੈ।
ਪ੍ਰੋ. ਜਤਿੰਦਰਬੀਰ ਸਿੰਘ ਨੰਦਾ, ਲੁਧਿਆਣਾ


ਬਿਜਲੀ ਸਮਝੌਤੇ

ਇੰਜ. ਬਲਦੇਵ ਸਿੰਘ ਸਰਾਂ ਨੇ 11 ਅਗਸਤ ਨੂੰ ਛਪੇ ਆਪਣੇ ਲੇਖ ‘ਬਿਜਲੀ ਖ਼ਰੀਦ ਸਮਝੌਤਿਆਂ ਦੀਆਂ ਦਰਾਂ ਦਾ ਸੱਚ’ ਵਿਚ ਬਿਜਲੀ ਦਰਾਂ ਬਾਰੇ ਸਭ ਭੁਲੇਖੇ ਦੂਰ ਕਰ ਦਿੱਤੇ ਹਨ। ਹੁਣ ਦਿਨੋ-ਦਿਨ ਸਾਫ਼ ਹੋ ਰਿਹਾ ਹੈ ਕਿ ਸਮਝੌਤਿਆਂ ਵਿਚ ਖ਼ਾਮੀਆਂ ਹਨ ਜਿਨ੍ਹਾਂ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਬਿਜਲੀ ਸਮਝੌਤੇ ਜਾਂ ਪ੍ਰਾਈਵੇਟ ਥਰਮਲ ਬਿਜਲੀ ਦੀ ਵਧੀ ਮੰਗ ਦੀ ਪੂਰਤੀ ਲਈ ਆਏ ਸਨ। ਲੇਖ ਦੱਸਦਾ ਹੈ ਕਿ ਬਿਜਲੀ ਦੀ ਮੰਗ ਤੋਂ ਟੈਂਡਰ ਸੱਦਣ, ਤੇ ਫਿਰ ਸਮਝੌਤੇ ਸਹੀਬੰਦ ਕਰਨ ਤਕ ਪੈਰ ਪੈਰ ’ਤੇ ਕੁਤਾਹੀਆਂ ਹੋਈਆਂ। ਪਹਿਲਾਂ ਤਾਂ ਬਿਜਲੀ ਦੀ ਮੰਗ ਵਧਾ ਚੜ੍ਹਾ ਕੇ ਪੇਸ਼ ਕੀਤੀ ਜਿਸ ਕਰਕੇ 2000 ਮੈਗਾਵਾਟ ਦੀ ਥਾਂ 3920 ਮੈਗਾਵਾਟ ਦੇ ਪਲਾਂਟ ਲੱਗੇ, ਫਿਰ ਟੈਂਡਰ ਸੱਦਣ ਤੋਂ ਪਹਿਲਾਂ ਕੋਲੇ ਦਾ ਪੱਕਾ ਸਰੋਤ ਪਤਾ ਨਹੀਂ ਕੀਤਾ। ਟੈਂਡਰ ਆਉਣ ਤੋਂ ਬਾਅਦ ਇਹ ਪਤਾ ਨਹੀਂ ਕੀਤਾ ਕਿ ਹੋਰ ਰਾਜਾਂ ਵਿਚ ਫਿਕਸਡ ਚਾਰਜ ਕੀ ਹਨ। ਇਸੇ ਤਰ੍ਹਾਂ ਸਮਝੌਤਿਆਂ ਦੀਆਂ ਬਹੁਤ ਸਾਰੀਆਂ ਧਾਰਾਵਾਂ ਸਪੱਸ਼ਟ ਨਹੀਂ ਜਿਸ ਕਰਕੇ ਅਦਾਲਤੀ ਕੇਸ ਬਿਜਲੀ ਮਹਿਕਮੇ ਦੇ ਖ਼ਿਲਾਫ਼ ਹੋ ਰਹੇ ਹਨ ਤੇ ਬਿਜਲੀ ਮਹਿੰਗੀ ਹੋ ਰਹੀ ਹੈ। ਹੁਣ ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਬਾਰੇ ਪੁਨਰ ਵਿਚਾਰ ਕਰਨਾ ਬਣਦਾ ਹੈ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ

(2)

ਬਿਜਲੀ ਸਮਝੌਤਿਆਂ ਬਾਰੇ ਇੰਜ. ਬਲਦੇਵ ਸਿੰਘ ਸਰਾਂ ਦਾ ਲੇਖ ਪੜ੍ਹਿਆ। ਉਨ੍ਹਾਂ ਵੱਲੋਂ 3920 ਮੈਗਾਵਾਟ ਤੋਂ ਉੱਪਰ ਗਿੱਦੜਬਾਹਾ ਪਲਾਂਟ ਨੂੰ 2640 ਮੈਗਾਵਾਟ ਦਾ ਲਾਉਣ ਲਈ ਸੁਝਾਅ ਦਿੱਤਾ ਸੀ ਪਰ ਹੁਣ ਉਹ 2000 ਮੈਗਾਵਾਟ ਤਕ ਪ੍ਰਾਈਵੇਟ ਪਾਵਰ ਪਲਾਂਟ ਰੱਖੇ ਜਾਣ ਦੀ ਗੱਲ ਕਰ ਰਹੇ ਹਨ। ਪਿਛਲੇ ਸਾਲ ਸਟੇਟ ਸੈਕਟਰ ’ਚ ਹਰਿਆਣਾ ਨੇ 7030 ਮਿਲੀਅਨ ਯੂਨਿਟ, ਉੱਤਰ ਪ੍ਰਦੇਸ਼ ਨੇ 27852 ਮਿਲੀਅਨ, ਰਾਜਸਥਾਨ ਨੇ 30447 ਮਿਲੀਅਨ ਬਿਜਲੀ ਪੈਦਾ ਕੀਤੀ ਪਰ ਪੰਜਾਬ ਨੇ ਸਟੇਟ ਸੈਕਟਰ ਵਿਚ ਸਿਰਫ਼ 1951 ਮਿਲੀਅਨ ਯੂਨਿਟ ਪੈਦਾ ਕੀਤੀ। ਪਿਛਲੇ 2 ਸਾਲਾਂ ਵਿਚ ਹੀ ਪੰਜਾਬ ਦੇ ਇਨ੍ਹਾਂ ਤਿੰਨਾਂ ਪਾਵਰ ਪਲਾਂਟਾਂ ਤੌਂ 4 ਰੁਪਏ 76 ਪੈਸੇ ਪ੍ਰਤੀ ਯੂਨਿਟ ਤੋਂ ਵਧਾ ਕੇ 6 ਰੁਪਏ 2 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਇਹ ਬਿਜਲੀ ਖ਼ਰੀਦੀ ਗਈ ਹੈ। ਹੁਣ ਮਸਲਾ ਇਸ ਝਮੇਲੇ ਵਿਚੋਂ ਨਿਕਲਣ ਦਾ ਹੈ ਜੋ ਲੇਖ ਵਿਚ ਵਿਚਾਰਿਆ ਨਹੀਂ ਗਿਆ। ਇਸ ਦਾ ਹੱਲ ਗੋਇੰਦਵਾਲ ਅਤੇ ਰਾਜਪੁਰਾ ਪਲਾਂਟਾਂ ਦੀ ਖ਼ਰੀਦ ਹੈ ਤਾਂ ਜੋ ਸਟੇਟ ਸੈਕਟਰ ਜੈਨਰੇਸ਼ਨ ਦਾ ਹਿੱਸਾ ਵਧ ਸਕੇ, ਖ਼ਰਚਾ ਘਟ ਸਕੇ ਅਤੇ ਪਛਵਾੜਾ ਕੋਲ ਖਾਣ ਦਾ ਕੋਲਾ ਵੀ ਵਰਤੋਂ ਵਿਚ ਲਿਆਂਦਾ ਜਾ ਸਕੇ।
ਇੰਜ. ਹਰਮੇਸ਼ ਕੁਮਾਰ, ਪਟਿਆਲਾ

(3)

ਇੰਜ. ਬਲਦੇਵ ਸਰਾਂ ਨੇ ਆਪਣੇ ਲੇਖ ਵਿਚ ਵਰਤਮਾਨ ਹਾਲਾਤ ਵਿਚ ਬਿਜਲੀ ਸਸਤੀ ਕਰਨ ਦਾ ਕੋਈ ਸੁਝਾਅ ਨਹੀਂ ਦਿੱਤਾ। ਜੇਕਰ ਕਰਾਰ ਰੱਦ ਕੀਤੇ ਗਏ ਤਾਂ ਬਿਜਲੀ ਸੰਕਟ ਹੋਰ ਗਹਿਰਾ ਹੋ ਸਕਦਾ ਹੈ। ਝੋਨੇ ਦੇ ਸੀਜ਼ਨ ਦੌਰਾਨ ਜਦੋਂ ਬਿਜਲੀ ਦੀ ਘਾਟ ਜ਼ਿਆਦਾ ਸੀ ਤਾਂ ਗਰਿੱਡ ਤੋਂ 12.40 ਰੁਪਏ ਦੇ ਰੇਟ ’ਤੇ ਬਿਜਲੀ ਖਰੀਦਣੀ ਪਈ ਸੀ। ਆਉਣ ਵਾਲੇ ਸਮੇਂ ਵਿਚ ਮਹਿੰਗੀ ਬਿਜਲੀ ਕਾਰਨ ਪੀਐੱਸਪੀਸੀਐੱਲ ਦੇ ਵਿੱਤੀ ਸੰਕਟ ਵਧ ਜਾਣਗੇ। ਕੇਵਲ ਪ੍ਰਾਈਵੇਟ ਪਲਾਂਟਾਂ ਨੂੰ ਸਟੇਟ ਸੈਕਟਰ ਲਈ ਖਰੀਦਣ ਨਾਲ ਹੀ ਬਿਜਲੀ ਸਸਤੀ ਕੀਤੀ ਜਾ ਸਕਦੀ ਹੈ।
ਡਾ. ਮਲਕੀਤ ਸਿੰਘ, ਈਮੇਲ


ਵਾਤਾਵਰਨ ਦਾ ਮਸਲਾ

11 ਅਗਸਤ ਦਾ ਸੰਪਾਦਕੀ ‘ਵਾਤਾਵਰਨ ਬਾਰੇ ਚਿੰਤਾ’ ਵਿਚਾਰਨ ਵਾਲਾ ਹੈ। ਸੰਯੁਕਤ ਰਾਸ਼ਟਰ ਦੀ ਵਾਤਾਵਰਨ ਬਾਰੇ ਰਿਪੋਰਟ ਵਿਚ ਜੋ ਸਨਸਨੀਖੇਜ਼ ਖੁਲਾਸਾ ਕੀਤਾ ਗਿਆ ਹੈ, ਉਹ ਮਨੁੱਖ ਜਾਤੀ ਲਈ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਇਸ ਵਿਚ ਦੋ ਰਾਵਾਂ ਨਹੀਂ ਹਨ ਕਿ ਸਾਮਰਾਜੀ ਮੁਲਕਾਂ ਵੱਲੋਂ ਵੱਡੀ ਪੱਧਰ ’ਤੇ ਕੀਤਾ ਉਦਯੋਗੀਕਰਨ ਵਾਤਾਵਰਨ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

ਪਾਠਕਾਂ ਦੇ ਖ਼ਤ Other

Aug 09, 2021

ਹਥਿਆਰਾਂ ਦੀ ਕੀ ਲੋੜ ?

7 ਅਗਸਤ ਦਾ ਸੰਪਾਦਕੀ ‘ਹੀਰੋਸ਼ੀਮਾ ਦੇ ਸਬਕ’ ਮਹੱਤਵਪੂਰਨ ਸੀ। ਅੱਜ ਜਦ ਸਮੁੱਚੀ ਦੁਨੀਆ ਕੋਵਿਡ-19 ਮਹਾਮਾਰੀ ਦੀ ਮਾਰ ਝੱਲ ਰਹੀ ਹੈ ਤਾਂ ਪਰਮਾਣੂ ਹਥਿਆਰਾਂ ਵੱਲ ਵਧਦੇ ਕਦਮ ਮੰਦਭਾਗੇ ਹਨ। ਇਸ ਵਿਚ ਦੋ ਰਾਵਾਂ ਨਹੀਂ ਕਿ ਰੂਸ, ਅਮਰੀਕਾ, ਚੀਨ, ਫ਼ਰਾਂਸ ਆਦਿ ਤਾਕਤਾਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਖਾਤਰ ਅਜਿਹੇ ਹਥਿਆਰਾਂ ਦੀ ਦੌੜ ਵਿਚ ਹਨ। ਅੱਜ ਦੁਨੀਆ ਨੂੰ ਹਥਿਆਰਾਂ ਦੀ ਨਹੀਂ ਸਗੋਂ ਸਿਹਤ, ਸਿੱਖਿਆ, ਰੋਟੀ ਅਤੇ ਰੁਜ਼ਗਾਰ ਦੀ ਲੋੜ ਹੈ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਸਿੱਖਿਆ ਅਤੇ ਸਰਕਾਰ

ਸੁਧੀਂਦਰ ਕੁਲਕਰਨੀ ਦਾ ਲੇਖ ‘ਹਾਸ਼ੀਆਗਤ ਲੋਕਾਂ ਦੀ ਪਹੁੰਚ ਤੋਂ ਬਾਹਰ ਆਨਲਾਈਨ ਸਿੱਖਿਆ’ (3 ਅਗਸਤ) ਪੜ੍ਹਿਆ। ਜ਼ਿਕਰ ਹੈ ਕਿ ਚੀਨ ਨੇ ਹੱਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਦੇਸ਼ ਦੀ ਰਹਿਨੁਮਾਈ ਕਰਨ ਵਾਲੇ, ਲੋਕਾਂ ਨੂੰ ਸਿੱਖਿਆ ਦੇਣੀ ਹੀ ਠੀਕ ਨਹੀਂ ਸਮਝਦੇ।

ਜਗਰੂਪ ਸਿੰਘ, ਲੁਧਿਆਣਾ


ਜਜ਼ਬਾਤ ਝੰਜੋੜੇ

2 ਅਗਸਤ ਨੂੰ ਕੰਵਲਜੀਤ ਖੰਨਾ ਨੇ ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜਿਆਂ ਪ੍ਰਤੀ ਹਮਦਰਦੀ ਦਿਖਾਉਂਦਿਆਂ ਇਨ੍ਹਾਂ ਨੂੰ ਧੀਆਂ, ਭੈਣਾਂ, ਗ਼ਰੀਬੜੀਆਂ, ਥੁੜ੍ਹੀਆਂ (ਭਾਵ ਥੁੜ੍ਹ ਮਾਰੀਆਂ), ਮਾਲਕਾਂ ਦੇ ਹੱਥੀਂ ਕਠਪੁਤਲੀਆਂ ਆਖ ਕੇ ਇਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਜਜ਼ਬਾਤ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


(2)

ਕੰਵਲਜੀਤ ਖੰਨਾ ਦਾ ਲੇਖ ‘ਘਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਦੁਖੜੇ’ ਅਹਿਮ ਵਿਸ਼ੇ ਬਾਰੇ ਨਵੀਂ ਰਚਨਾ ਸੀ। ਸਾਨੂੰ ਕੰਮ ਕਰਨ ਵਾਲੀਆਂ ਔਰਤਾਂ ਨੂੰ ਹਫ਼ਤੇ ’ਚ ਇਕ ਛੁੱਟੀ ਜ਼ਰੂਰ ਦੇਣੀ ਚਾਹੀਦੀ ਹੈ। ਇਸ ਨਾਲ ਪਰਿਵਾਰ ਦੇ ਜੀਆਂ ਦੀ ਹੱਥੀਂ ਕੰਮ ਕਰਨ ਦੀ ਆਦਤ ਬਣੀ ਰਹਿੰਦੀ ਹੈ। ਸਾਨੂੰ ਇਨ੍ਹਾਂ ਔਰਤਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਵਿਚ ਵੀ ਮਦਦ ਕਰਨੀ ਚਾਹੀਦੀ ਹੈ।

ਸੋਹਣ ਲਾਲ ਗੁਪਤਾ, ਪਟਿਆਲਾ


(3)

ਕੰਵਲਜੀਤ ਖੰਨਾ ਦਾ ਲੇਖ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਹਾਲਤ ਬਿਆਨ ਕਰਦਾ ਹੈ। ਭਾਰਤ ਸਰਕਾਰ ਨੇ ਭਾਵੇਂ ਇਨ੍ਹਾਂ ਦੀ ਹਿਫ਼ਾਜ਼ਤ ਲਈ ਕਾਨੂੰਨ ਬਣਾਇਆ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਬੰਧਿਤ ਮਜ਼ਦੂਰਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਵਧੇਰੇ ਜ਼ਰੂਰਤ ਹੈ।

ਪੁਸ਼ਪਿੰਦਰ, ਮੋਰਿੰਡਾ


ਜਮਹੂਰੀ ਹੱਕ

30 ਜੁਲਾਈ ਦੇ ਸੰਪਾਦਕੀ ‘ਜਮਹੂਰੀਅਤ ਦੀ ਰੱਖਿਆ’ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਲੀ ਬਲਿੰਕਨ

ਦੇ ਬਿਆਨ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਸੇਧ ਦੇਣ ਵਾਲੀਆਂ ਹਨ। ਅੱਜ ਜਦੋਂ ਅੰਧਰਾਸ਼ਟਰਵਾਦ ਅਤੇ ਕਾਲੇ ਕਾਨੂੰਨਾਂ ਨੇ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਹੋਇਆ ਹੈ ਤਾਂ ਵਿਦੇਸ਼ ਮੰਤਰੀ ਐਂਟਲੀ ਬਲਿੰਕਨ ਦਾ ਇਹ ਬਿਆਨ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਲੋਕਾਂ ਦੇ ਮੂੰਹ ’ਤੇ ਚਪੇੜ ਹੈ।

ਸਹਿਦੇਵ ਕਲੇਰ, ਗੁਰਦਾਸਪੁਰ


ਸ਼ਹੀਦ ਸਰਾਭੇ ਦਾ ਜੱਦੀ ਘਰ

18 ਜੁਲਾਈ ਦੇ ਅੰਕ ਵਿਚ ਪੰਨਾ 2 ਉੱਤੇ ਸੰਤੋਖ ਗਿੱਲ ਦੀ ਰਿਪੋਰਟ ‘ਸਰਕਾਰੀ ਬੇਰੁਖ਼ੀ ਕਾਰਨ ਖੰਡਰ ਬਣ ਰਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ’ ਪੜ੍ਹ ਕੇ ਮਨ ਦੁਖੀ ਹੋਇਆ। ਸ਼ਹੀਦ ਸਰਾਭੇ ਨੇ ਛੋਟੀ ਉਮਰ ਵਿਚ ਮੁਲਕ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਅਤੇ ਉਹ ਦੇਸ਼ ਵਾਸੀਆਂ ਨੂੰ ਦੇਸ਼ ਭਗਤੀ ਦਾ ਸੰਦੇਸ਼ ਦਿੰਦੇ ਰਹਿਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਸਰਾਭਾ ਦੀ ਯਾਦਗਾਰ ਢੁਕਵੀਂ ਜਗ੍ਹਾ ’ਤੇ ਉਸਾਰੀ ਜਾਵੇ ਅਤੇ ਇਨ੍ਹਾਂ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਵਜੋਂ ਸੰਭਾਲਿਆ ਜਾਵੇ।

ਅਮਰਜੀਤ ਸਿੰਘ, ਪੰਡੋਰੀ ਗੰਗਾ ਸਿੰਘ (ਹੁਸ਼ਿਆਰਪੁਰ)


‘ਖੇਡ’ ਸਿਆਸਤ

ਪ੍ਰਧਾਨ ਮੰਤਰੀ ਨੇ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ’ ਦਾ ਨਾਂ ਬਦਲ ਕੇ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਰੱਖਣ ਦੇ ਫ਼ੈਸਲੇ ਨਾਲ ਇਕ ਤੀਰ ਨਾਲ ਦੋ ਸ਼ਿਕਾਰ ਖੇਡਣ ਦੀ ਸਿਆਸਤ ਕੀਤੀ ਹੈ। ਜੇ ਪ੍ਰਧਾਨ ਮੰਤਰੀ ਦੇ ਮਨ ਵਿਚ ਖਿਡਾਰੀਆਂ ਪ੍ਰਤੀ ਵਾਕਈ ਸਨਮਾਨ ਹੈ ਤਾਂ ਉਨ੍ਹਾਂ ਨੂੰ ਆਪਣੇ ਅਤੇ ਮਰਹੂਮ ਅਰੁਣ ਜੇਤਲੀ ਦੇ ਨਾਂ ਉੱਤੇ ਰੱਖੇ ਕ੍ਰਿਕਟ ਖੇਡ ਮੈਦਾਨਾਂ ਦਾ ਨਾਂ ਵੀ ਨਾਮਵਰ ਖਿਡਾਰੀਆਂ ਦੇ ਨਾਂ ਹੇਠ ਤਬਦੀਲ ਕਰਨ ਦੀ ਨੇਕ ਰਾਜਸੀ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ ਅਤੇ ਮੇਜਰ ਧਿਆਨ ਚੰਦ ਨੂੰ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


(2)

ਖੇਲ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨ ਚੰਦ ਦੇ ਨਾਂ ’ਤੇ ਰੱਖਣਾ ਇਸ ਮਹਾਨ ਖਿਡਾਰੀ ਨੂੰ ਸਨਮਾਨ ਦੇਣਾ ਹੈ। ਅਜਿਹੇ ਪੁਰਸਕਾਰ ਸਿਆਸਤਦਾਨਾਂ ਦੀ ਥਾਂ ਉੱਘੇ ਖਿਡਾਰੀਆਂ ਦੇ ਨਾਂ ’ਤੇ ਹੋਣੇ ਚਾਹੀਦੇ ਹਨ। ਉਂਜ ਅਜਿਹਾ ਕਰਦੇ ਸਮੇਂ ਇੱਕਸਾਰਤਾ ਵਾਲੀ ਨੀਤੀ ਅਪਨਾਉਣੀ ਚਾਹੀਦੀ ਹੈ; ਇਹ ਨਹੀਂ ਕਿ ਇਕ ਸਿਆਸਤਦਾਨ ਦਾ ਨਾਂ ਹਟਾ ਕੇ ਕਿਸੇ ਹੋਰ ਦਾ ਨਾਂ ਲਿਖ ਦਿੱਤਾ। ਇਸ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।

ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ


ਤਕਨਾਲੋਜੀ ਦੀ ਦੁਰਵਰਤੋਂ ’ਤੇ ਸਵਾਲ

30 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਅਵੀਜੀਤ ਪਾਠਕ ਨੇ ‘ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ’ ਰਾਹੀਂ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਦੇਸ਼-ਵਿਰੋਧੀ ਗਰਦਾਨੇ ਜਾਣ ਦਾ ਰਾਹ ਹੋਰ ਮੋਕਲਾ ਕਰਨ ਹਿੱਤ ਜਾਸੂਸੀ (ਸੰਭਾਵੀ) ਦੀ ਆਧੁਨਿਕ ਵਿਦੇਸ਼ੀ ਤਕਨਾਲੋਜੀ ਦੀ ਦੁਰਵਰਤੋਂ ’ਤੇ ਜਾਇਜ਼ ਸਵਾਲ ਉਠਾਇਆ ਹੈ। ਲੇਖਕ ਦਾ ਕਹਿਣਾ ਸਹੀ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ/ਸੰਵਿਧਾਨ ਘਾੜਿਆਂ ਦੇ ਸੁਪਨਿਆਂ ਦੇ ਉਲਟ ਜਿਸ ਮਨਹੂਸ ਦੌਰ ਵਿਚੋਂ ਲੰਘ ਰਹੇ ਹਾਂ, ਉਹਨੇ ਹੋਰ ਭਿਆਨਕ ਹੋਈ ਜਾਣਾ ਹੈ, ਜੇਕਰ ਅਸੀਂ ਸਰਕਾਰ ਦੀ ਹਰ ਦਮਨਕਾਰੀ ਨੀਤੀ ਨੂੰ ‘ਨੇਕ ਇਰਾਦਾ’ ਸਮਝ ਕੇ ਪ੍ਰਵਾਨ ਕਰਦੇ ਰਹੇ।

ਅਮਰਜੀਤ ਵੋਹਰਾ, ਰਾਏਕੋਟ (ਲੁਧਿਆਣਾ)

ਡਾਕ ਐਤਵਾਰ ਦੀ

Aug 08, 2021

ਕਿਸਾਨ ਸੰਸਦ

1 ਅਗਸਤ ਨੂੰ ਆਪਣੇ ਲੇਖ ਵਿੱਚ ਸਵਰਾਜਬੀਰ ਨੇ ਗ੍ਰਾਮ ਸਭਾ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਦੀ ਹੱਕੀ ਅਤੇ ਜਾਇਜ਼ ਮੰਗ ਬਾਰੇ ਗੱਲ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਮੁੰਡਾ ਕਬੀਲੇ ਬਾਰੇ ਦਿੱਤੀ ਗਈ ਜਾਣਕਾਰੀ ਅਤੇ ਸਟੈਨ ਸਵਾਮੀ ਦੁਆਰਾ ਉਨ੍ਹਾਂ ਨੂੰ ਸੰਵਾਦ ਦੀ ਪ੍ਰਕਿਰਿਆ ਰਾਹੀਂ ਸਮਝਾਉਣ ਅਤੇ ਆਖ਼ਰ ਵਿੱਚ ਸਹਿਮਤੀ ਬਣਾਉਣ ਦੀ ਗੱਲ ਕੀਤੀ ਗਈ ਹੈ। ਸੰਵਿਧਾਨ ਦੀ ਸੋਧ 73 ਬਾਰੇ ਦਿੱਤੀ ਗਈ ਜਾਣਕਾਰੀ ਮਹੱਤਵਪੂਰਨ ਹੈ। ਸਾਲ ਵਿੱਚ ਦੋ ਵਾਰ ਮੀਟਿੰਗ ਦਾ ਹੋਣਾ ਅਤੇ ਸਮਾਂ ਪੈਣ ’ਤੇ ਮੀਟਿੰਗ ਕਰਨਾ ਜਮਹੂਰੀਅਤ ਦਾ ਅਨਿੱਖੜਵਾਂ ਅੰਗ ਹਨ। ਔਰਤਾਂ ਦੇ ਹੱਕ ਵਿੱਚ ਕੀਤੀ ਗਈ ਗੱਲ ਇਸ ਲਈ ਵੀ ਜ਼ਰੂਰੀ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਹਾਲੇ ਵੀ ਔਰਤ ਮਰਦ ਦੇ ਅਧੀਨ ਹੈ। ਸਮੁੱਚਾ ਲੇਖ ਵਧੀਆ ਅਤੇ ਜਾਣਕਾਰੀ ਭਰਪੂਰ ਸੀ।
ਚਮਕੌਰ ਸਿੰਘ ਬਾਘੇਵਾਲੀਆ, ਬਾਘਾ ਪੁਰਾਣਾ (ਮੋਗਾ)

ਕਿਸਾਨ ਸੰਸਦ, ਗ੍ਰਾਮ ਸਭਾ ਅਤੇ ਜਮਹੂਰੀਅਤ

1 ਅਗਸਤ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਸਵਰਾਜਬੀਰ ਨੇ ‘ਕਿਸਾਨ ਸੰਸਦ, ਗਰਾਮ ਸਭਾ ਤੇ ਜਮਹੂਰੀਅਤ’ ਦੀ ਗੱਲ ਕੀਤੀ ਹੈ ਕਿ ਸੰਵਾਦ ਰਚਾਉਣੇ ਤੇ ਗੋਸਟਾਂ ਕਰਨੀਆਂ ਆਦਿ ਇਹ ਪੁਰਾਣੇ ਜ਼ਮਾਨੇ ਤੋੋਂ ਹੀ ਹੁੰਦੇ ਆਏ ਹਨ ਜਿਸ ਵਿਚ ਇਕ ਦੂਸਰੇ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਸਨ। ਇਸੇ ਤਰ੍ਹਾਂ ਪਿੰਡਾਂ ਵਿਚ ਗਰਾਮ ਸਭਾਵਾਂ ਵੀ ਸਰਬਸੰਮਤੀ ਨਾਲ ਫ਼ੈਸਲੇ ਕਰਦੀਆਂ ਆਈਆਂਹਨ। ਹੁਣ ਵੀ ਇਸੇ ਤਰੀਕੇ ਨੂੰ ਉਭਾਰਨਾ ਸਾਰਥਕ ਹੋਵੇਗਾ। ਕਿਸਾਨਾਂ ਨੇ ਆਪਣੀ ਲੋਕ ਸੰਸਦ ਬਣਾਈ ਹੈ ਕਿ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਰੁਜ਼ਗਾਰ ਸਿਹਤ ਵਿੱਦਿਆ, ਨਿਆਂ, ਆਜ਼ਾਦੀ ਆਦਿ ਦੇ ਅਧਿਕਾਰ ਮਿਲਣ ਤਾਂ ਜੋ ਉਹ ਆਪਣਾ ਸਰੀਰਕ ਤੇ ਮਾਨਸਿਕ ਵਿਕਾਸ ਕਰ ਸਕੇ। ਔਰਤਾਂ ਨੇ ਆਪਣੀ ਸੰਸਦ ਵਿਚ ਔਰਤਾਂ ਦੀ ਭਲਾਈ ਤੇ ਬਰਾਬਰ ਦੇ ਹੱਕ ਮਿਲਣ ਲਈ ਆਵਾਜ਼ ਬੁਲੰਦ ਕੀਤੀ ਹੈ। ਇਹ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਹੈ। ਇਹ ਸਭ ਸਾਰਥਕ, ਖ਼ੂਬਸੂਰਤ ਕਿਸਮ ਦੀ ਜਮਹੂਰੀ ਸਰਕਾਰ ਦਾ ਨਮੂਨਾ ਹੈ। ਜੇ ਕੇਂਦਰ ਸਰਕਾਰ ਆਪਣੀ ਅੜੀ ਛੱਡ ਕੇ ਆਮ ਲੋਕਾਂ ਦੀ ਖੁਸ਼ਹਾਲੀ ਬਾਰੇ ਸੋਚਦੀ ਤਾਂ ਅਜਿਹੇ ਅੰਦੋਲਨਾਂ, ਧਰਨਿਆਂ ਤੇ ਕੁਰਬਾਨੀਆਂ ਦੀ ਲੋੜ ਹੀ ਨਹੀਂ ਸੀ ਪੈਣੀ। ਪਰ ਹੁਣ ਲੋਕ ਹੀ ਇਕੱਠੇ ਹੋ ਕੇ ਆਪਣੇ ਹੱਕ ਖੋਹਣਗੇ।
ਜਸਬੀਰ ਕੌਰ, ਅੰਮ੍ਰਿਤਸਰ

ਸੋਚ ’ਤੇ ਚਾਨਣ ਪਾਇਆ

18 ਜੁਲਾਈ ਦੇ ਅੰਕ ਵਿੱਚ ਰਾਮਚੰਦਰ ਗੁਹਾ ਦਾ ਲੇਖ ‘ਮਹਾਤਮਾ ਗਾਂਧੀ ਨਾਲ ਜੁੜਨ ਦੀ ਇੱਛਾ’ ਪੜ੍ਹਿਆ। ਇਸ ਵਿੱਚ ਲੇਖਕ ਨੇ ਸਾਡੇ ਆਗੂਆਂ ਦੀ ਫ਼ਿਰਕੂ ਸੋਚ ’ਤੇ ਚਾਨਣ ਪਾਇਆ ਹੈ ਕਿ ਸਿਆਸੀ ਲਾਹਾ ਲੈਣ ਲਈ ਕਿਵੇਂ ਗਾਂਧੀਵਾਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ।
ਸੁਖਪਾਲ ਕੌਰ, ਈ-ਮੇਲ

ਪਾਠਕਾਂ ਦੇ ਖ਼ਤ

Aug 07, 2021

ਕਾਰਪੋਰੇਟਾਂ ਨਾਲ ਸਾਂਝ

4 ਅਗਸਤ ਦੇ ਨਜ਼ਰੀਆ ਪੰਨੇ ’ਤੇ ਮੋਹਨ ਸਿੰਘ (ਡਾ.) ਦਾ ਲੇਖ ‘ਖੇਤੀ ਕਾਨੂੰਨ: ਸਮਿਆਂ ਦਾ ਵੱਡਾ ਸਵਾਲ’ ਵਿਚ ਲੇਖਕ ਨੇ ਭਾਜਪਾ ਸਰਕਾਰ ਦੀ ਕਾਰਪੋਰੇਟਾਂ ਨਾਲ ਸਾਂਝ ਨੂੰ ਖੇਤੀ ਕਾਨੂੰਨਾਂ ਦੇ ਵਾਪਸ ਨਾ ਲੈਣ ਦਾ ਕਾਰਨ ਬਾਖ਼ੂਬੀ ਸਪੱਸ਼ਟ ਕੀਤਾ ਹੈ। ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਕਾਨੂੰਨ ਰਾਤੋ-ਰਾਤ ਨਹੀਂ ਆ ਗਏ ਸਗੋਂ ਬਹੁਤ ਸੋਚ ਸਮਝ ਕੇ ਲਿਆਂਦੇ ਗਏ ਹਨ।

ਜਸਵੰਤ ਜ਼ੀਰਖ, ਲੁਧਿਆਣਾ


ਕੇਂਦਰ ਦਾ ਰਵੱਈਆ

4 ਅਗਸਤ ਦੇ ਅੰਕ ’ਚ ਮੁੱਖ ਸਫ਼ੇ ’ਤੇ ਪ੍ਰਧਾਨ ਮੰਤਰੀ ਦਾ ਬਿਆਨ ‘ਵਿਰੋਧੀ ਧਿਰ ਦਾ ਰਵੱਈਆ ਸੰਸਦ ਦਾ ਅਪਮਾਨ’ ਪੜ੍ਹ ਕੇ ਹੈਰਾਨੀ ਹੋਈ ਅਤੇ ਅਫ਼ਸੋਸ ਵੀ। ਇਕ ਪਾਸੇ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੁੱਚੀ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਪੈਗਾਸਸ ਜਾਸੂਸੀ, ਖੇਤੀ ਕਾਨੂੰਨ ਅਤੇ ਮਹਿੰਗਾਈ ਵਰਗੇ ਭਖਵੇਂ ਲੋਕਪੱਖੀ ਮੁੱਦਿਆਂ ਉੱਤੇ ਸੰਸਦ ਵਿਚ ਬਹਿਸ ਕਰਵਾਉਣ ਤੋਂ ਇਨਕਾਰ ਕਰ ਰਹੇ ਹਨ ਜੋ ਲੋਕਾਂ, ਜਮਹੂਰੀਅਤ ਤੇ ਸੰਵਿਧਾਨ ਦਾ ਘੋਰ ਅਪਮਾਨ ਹੈ, ਉਲਟਾ ਵਿਰੋਧੀ ਧਿਰ ਉੱਤੇ ਹੀ ਸੰਸਦ ਦਾ ਅਪਮਾਨ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ। ਜੇਕਰ ਸਰਕਾਰ ਖ਼ੁਦ ਨੂੰ ਦੁੱਧ ਧੋਤਾ ਸਮਝਦੀ ਹੈ ਤਾਂ ਫਿਰ ਇਨ੍ਹਾਂ ਮੁੱਦਿਆਂ ਉੱਤੇ ਬਹਿਸ ਕਰਵਾਉਣ ਅਤੇ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ?

ਦਮਨਜੀਤ ਕੌਰ, ਅੰਮ੍ਰਿਤਸਰ


ਬਾਪੂ ਦਾ ਪਿਆਰ

4 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਗੱਜਣਵਾਲਾ ਸੁਖਮਿੰਦਰ ਦੀ ਰਚਨਾ ‘ਬਾਪੂ ਦੀਆਂ ਮੁਹੱਬਤਾਂ’ ਪੜ੍ਹੀ। ਬਾਪ ਭਾਵੇਂ ਕਿਤਨਾ ਵੀ ਗ਼ਰੀਬ ਹੋਵੇ, ਆਪਣੀ ਔਲਾਦ ਲਈ ਉਹਦਾ ਪਿਆਰ ਅਸੀਮ ਹੁੰਦਾ ਹੈ। ਉਹ ਤੰਗੀ-ਤੁਰਸ਼ੀ ਵਿਚ ਵੀ ਆਪ ਭੁੱਖਾ ਰਹਿ ਔਲਾਦ ਦੀ ਤਰੱਕੀ, ਖੁਸ਼ੀ ਤੇ ਭਵਿੱਖ ਦੀ ਕਾਮਨਾ ਕਰਦਾ ਹੈ।

ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)


ਆਨਲਾਈਨ ਸਿੱਖਿਆ

3 ਅਗਸਤ ਦੇ ਨਜ਼ਰੀਆ ਪੰਨੇ ’ਤੇ ਸੁਧੀਂਦਰ ਕੁਲਕਰਨੀ ਦੀ ਰਚਨਾ ‘ਹਾਸ਼ੀਆਗਤ ਲੋਕਾਂ ਦੀ ਪਹੁੰਚ ਤੋਂ ਬਾਹਰ ਆਨਲਾਈਨ ਸਿੱਖਿਆ’ ਜਾਣਕਾਰੀ ਭਰਪੂਰ ਹੈ। ਸਮਾਜਿਕ ਤੌਰ ’ਤੇ ਪਛੜੇ ਇਲਾਕਿਆਂ ਦੇ ਬੱਚੇ ਤਾਂ ਆਨਲਾਈਨ ਸਿੱਖਿਆ ਬਾਰੇ ਸੋਚ ਵੀ ਨਹੀਂ ਸਕਦੇ। ਕੋਵਿਡ-19 ਮਹਾਮਾਰੀ ਵਿਚ ਪੰਜਾਬ ਦੇ ਵਧੀਆ ਤੋਂ ਵਧੀਆ ਪਿੰਡਾਂ ਦੇ ਗ਼ਰੀਬ ਬੱਚੇ ਸਮਾਰਟ ਫ਼ੋਨ ਨਾ ਖ਼ਰੀਦ ਸਕਣ ਕਰ ਕੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਜਾਂ ਪੜ੍ਹਾਈ ਵਿਚ ਕਾਫ਼ੀ ਪਛੜ ਗਏ।

ਜਗਜੀਤ ਸਿੰਘ, ਈਮੇਲ


ਪ੍ਰਤਿਭਾ ਦੀ ਪਰਵਾਜ਼

30 ਜੁਲਾਈ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਜਦੋਂ ਮੇਰੇ ਸ਼ਬਦ ਮੁੱਕ ਗਏ’ ਸ਼ਾਹਦੀ ਭਰਦਾ ਹੈ ਕਿ ਪ੍ਰਤਿਭਾਵਾਂ ਔਖੇ ਹਾਲਾਤ ਵਿਚ ਵੀ ਮੌਲਦੀਆਂ ਆਈਆਂ ਹਨ। ਅਜਿਹੇ ਵਿਦਿਆਰਥੀਆਂ ਨੂੰ ਜੇਕਰ ਯੋਗ ਵਾਤਾਵਰਨ, ਅਗਵਾਈ ਅਤੇ ਮੌਕੇ ਮਿਲ ਜਾਣ ਤਾਂ ਪ੍ਰਾਪਤੀਆਂ ਹੋਰ ਵੀ ਕਮਾਲ ਹੋ ਸਕਦੀਆਂ ਹਨ। ਪਤਾ ਨਹੀਂ, ਸਾਡੇ ਸਮਾਜ ਵਿਚ ਕਿੰਨੀਆਂ ਪ੍ਰਤਿਭਾਵਾਂ, ਹਾਲਾਤ ਕੋਲੋਂ ਹਾਰ ਜਾਂਦੀਆਂ ਹਨ; ਲੇਖਕ ਵਾਂਗ ਫਿ਼ਕਰਮੰਦੀ ਸਭ ਨੂੰ ਮਾਣ ਨਾਲ ਸਰਸ਼ਾਰ ਕਰ ਦਿੰਦੀ ਹੈ।

ਸਵਰਨ ਸਿੰਘ ਭੰਗੂ, ਚਮਕੌਰ ਸਾਹਿਬ (ਰੂਪਨਗਰ)


ਬਿਜਲੀ ਸਮਝੌਤੇ

ਪ੍ਰਾਈਵੇਟ ਥਰਮਲਾਂ ਨਾਲ ਪੰਜਾਬ ਸਰਕਾਰ ਵੱਲੋਂ ਸਮਝੌਤੇ ਰੱਦ ਕਰਨ ਬਾਰੇ 30 ਜੁਲਾਈ ਦੀ ਸੰਪਾਦਕੀ ‘ਬਿਜਲੀ ਸਮਝੌਤਿਆਂ ਦਾ ਮਾਮਲਾ’ ਵਿਚ ਕਈ ਅਹਿਮ ਨੁਕਤੇ ਛੋਹੇ ਹਨ ਤੇ ਇਸ ਦੀਆਂ ਉਲਝਣਾਂ ਬਾਰੇ ਚਰਚਾ ਕੀਤੀ ਹੈ। ਅਜਿਹਾ ਕਰਨ ਵਿਚ ਭਾਵੇਂ ਤਕਨੀਕੀ ਘੁੰਡੀਆਂ ਤੇ ਕਾਨੂੰਨੀ ਨੁਕਤਿਆਂ ਦਾ ਆਪਣਾ ਸਥਾਨ ਹੈ ਪਰ ਜ਼ਿਆਦਾ ਅਹਿਮ ਨੁਕਤਾ ਪੰਜਾਬ ਸਰਕਾਰ ਦੀ ਸਿਆਸੀ ਇੱਛਾ-ਸ਼ਕਤੀ ਦਾ ਹੈ। ਪੰਜਾਬ ਸਰਕਾਰ ਆਪ ਨਿੱਜੀਕਰਨ ਦੀ ਜਿਸ ਨੀਤੀ ’ਤੇ ਚੱਲ ਰਹੀ ਹੈ, ਉਸ ਕਾਰਨ ਤਾਂ ਇਹ ਅੜਿੱਕੇ ਲਾਜ਼ਮੀ ਹੀ ਵੱਡੇ ਰਹਿਣਗੇ। ਕਾਰਪੋਰੇਟ ਹਿੱਤਾਂ ਨਾਲ ਵਫ਼ਾਦਾਰੀ ਦਾ ਤਿਆਗ਼ ਕਰ ਕੇ ਹੀ ਇਨ੍ਹਾਂ ਕਾਨੂੰਨੀ ਅੜਿੱਕਿਆਂ ਨੂੰ ਸਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਸਮਝੌਤਿਆਂ ਤੋਂ ਬਾਹਰ ਆਇਆ ਜਾ ਸਕਦਾ ਹੈ। ਅਜਿਹੀ ਇੱਛਾ ਸ਼ਕਤੀ ਦਿਖਾਉਣ ਲਈ ਜ਼ਰੂਰੀ ਹੈ ਕਿ ਬਿਜਲੀ ਕਾਨੂੰਨ-2003 ਤੋਂ ਕਿਨਾਰਾ ਕੀਤਾ ਜਾਵੇ ਜਿਹੜਾ ਅਜਿਹੇ ਸਮਝੌਤਿਆਂ ਲਈ ਜ਼ਮੀਨ ਤਿਆਰ ਕਰਦਾ ਹੈ।

ਪਾਵੇਲ ਕੁੱਸਾ, ਈਮੇਲ

ਡਾਕ ਐਤਵਾਰ ਦੀ Other

Aug 01, 2021

ਵਧਦਾ ਸਮਾਜਿਕ ਪਾੜਾ

25 ਜੁਲਾਈ ਦੀ ਸੰਪਾਦਕੀ ‘ਦੋ ਸਮਾਨਾਂਤਰ ਕਾਨੂੰਨ ਪ੍ਰਣਾਲੀਆਂ’ ਵਿਚ ਦੇਸ਼ ਦੇ ਉਸ ਢਾਂਚੇ ਦੀ ਗੱਲ ਕੀਤੀ ਹੈ ਜਿਹੜਾ ਸਾਡੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਹ ਸਮਾਜਿਕ ਪਾੜਾ ਘਟਣ ਦੀ ਬਜਾਏ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਜਮਹੂਰੀ ਦੇਸ਼ ਹੋਣ ਦੇ ਬਾਵਜੂਦ ਨਿਆਂ ਪ੍ਰਣਾਲੀ, ਪੁਲੀਸ ਤੰਤਰ ਤੇ ਸਿਆਸੀ ਲੋਕਾਂ ਦਾ ਇਕ ਗਠਜੋੜ ਬਣ ਗਿਆ ਹੈ ਜਿਹੜਾ ਪੂਰੇ ਦੇਸ਼ ’ਤੇ ਰਾਜ ਕਰ ਰਿਹਾ ਹੈ। ਸਮਾਜ ਦੇ ਗ਼ਰੀਬ ਤੇ ਆਮ ਲੋਕਾਂ ਨੂੰ ਜਿਹੜੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਕਰਮਚਾਰੀਆਂ ਦੇ ਮਿੰਨਤਾਂ ਤਰਲੇ ਕਰਨੇ ਪੈਂਦੇ ਹਨ, ਸਮਾਜ ਦੇ ਉਪਰਲੇ ਵਰਗਾਂ ਦੇ ਉਹੀ ਕੰਮ ਫਟਾਫਟ ਕੀਤੇ ਜਾਂਦੇ ਹਨ। ਇਸ ਪ੍ਰਣਾਲੀ ਤੋਂ ਛੇਤੀ ਕੀਤੇ ਖਹਿੜਾ ਛੁੱਟਦਾ ਵੀ ਦਿਖਾਈ ਨਹੀਂ ਦਿੰਦਾ ਕਿਉਂਕਿ ਬਹੁਤੇ ਦਫ਼ਤਰੀ ਕਰਮਚਾਰੀ ਕਾਨੂੰਨੀ ਦਾਅ ਪੇਚ ਵਰਤ ਕੇ ਸਹੀ ਨੂੰ ਗ਼ਲਤ ਠਹਿਰਾਉਣ ਦਾ ਹੁਨਰ ਬਾਖ਼ੂਬੀ ਸਿੱਖ ਚੁੱਕੇ ਹਨ। ਸੰਪਾਦਕੀ ਵਿਚ ਸੁਝਾਏ ਹੱਲ ਮੁਤਾਬਿਕ ਲੋਕਾਂ ਦੇ ਇਕੱਠੇ ਹੋ ਕੇ ਜੱਦੋਜਹਿਦ ਕਰਨ ਨਾਲ ਹੀ ਇਸ ਵਿਗੜ ਚੁੱਕੇ ਢਾਂਚੇ ਨੂੰ ਸਹੀ ਕੀਤਾ ਜਾ ਸਕਦਾ ਹੈ ਕਿਉਂਕਿ ਲੋਕਾਂ ਦੇ ਏਕੇ ਵਿੱਚ ਬਹੁਤ ਤਾਕਤ ਹੁੰਦੀ ਹੈ।

ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


ਸਿਹਤ ਅਤੇ ਸਿੱਖਿਆ ਜ਼ਰੂਰੀ

25 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਵੱਲੋਂ ਸਿਹਤ ਅਤੇ ਸਿੱਖਿਆ ਦੀ ਕੌਮੀ ਮਨਸੂਬਾਬੰਦੀ ਬਾਰੇ ਲਿਖਿਆ ਲੇਖ ਕਰੋੜਾਂ ਦੇਸ਼ ਵਾਸੀਆਂ ਦੇ ਇਨ੍ਹਾਂ ਬੁਨਿਆਦੀ ਮਸਲਿਆਂ ਬਾਰੇ ਜ਼ਿਕਰ ਕਰਦਾ ਹੈ। ਸਰਕਾਰਾਂ ਸਿਹਤ ਅਤੇ ਸਿੱਖਿਆ ਤੋਂ ਵਿਹੂਣੇ ਰੱਖ ਕੇ ਛੋਟੀਆਂ ਛੋਟੀਆਂ ਰਿਆਇਤਾਂ ਦੇਣ ’ਚ ਹੀ ਲੋਕਾਂ ਨੂੰ ਉਲਝਾਈ ਰੱਖਦੀਆਂ ਹਨ। ਚੰਗੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਲੋਕ ਵੀ ਇਸ ਬਾਰੇ ਜਾਗਰੂਕ ਹੋਣ।

ਬਲਵਿੰਦਰ ਗਿੱਲ, ਈ-ਮੇਲ


ਲੇਖ ਤੇ ਸਿਰਲੇਖ ਦਾ ਮੇਲ ਨਹੀਂ

25 ਜੁਲਾਈ ਦੇ ‘ਦਸਤਕ’ ਅੰਕ ਵਿਚ ਮਜੀਦ ਸ਼ੇਖ਼ ਦਾ ਲੇਖ ‘ਪੰਜਾਬ ਤੋਂ ਗ਼ੁਲਾਮ ਬਣਾਏ ਗਏ ਲੋਕਾਂ ਦੀ ਕਹਾਣੀ’ ਪੜਿ੍ਹਆ। ਲੇਖ ਦਾ ਸਿਰਲੇਖ ਪੜ੍ਹਨ ’ਤੇ ਲਗਦਾ ਸੀ ਕਿ ਕੁਝ ਨਵੀਂ ਕੁਝ ਜਾਣਕਾਰੀ ਮਿਲੇਗੀ, ਪਰ 10 ਕੁ ਸਤਰਾਂ ਨੂੰ ਛੱਡ ਕੇ ਸਾਰਾ ਲੇਖ ਲਾਹੌਰ ਦੀਆਂ ਤਿੰਨ ਵਸਤਾਂ ਦੇ ਯੂਰਪੀਆਂ ਨਾਲ ਵਪਾਰ ਬਾਰੇ ਹੀ ਲਿਖਿਆ ਸੀ। ਸਿਰਲੇਖ ਅਤੇ ਸਹਿ-ਸਿਰਲੇਖ ਵੀ ਗ਼ੁਲਾਮਾਂ ਬਾਰੇ ਸੀ, ਪਰ ਲੇਖ ਵਿਚ ਪੰਜਾਬ ਦੇ ਗ਼ੁਲਾਮਾਂ ਦੀ ਬਜਾਏ ਚੀਜ਼ਾਂ ਦੇ ਵਪਾਰ ਦੀ ਕਹਾਣੀ ਸੀ। ਅਜਿਹਾ ਹੋਣਾ ਲੇਖ ਵਿਚ ਪਾਠਕ ਦੀ ਰੁਚੀ ਘਟਾ ਦਿੰਦਾ ਹੈ। ਇਸੇ ਅੰਕ ਵਿੱਚ ਅਵਤਾਰ ਸਿੰਘ ਬਿਲਿੰਗ ਦਾ ਲੇਖ ‘ਸਾਡਾ ਵਿੱਦਿਆ ਮੰਦਰ’ ਲੇਖਕ ਦੇ ਏ.ਐੱਸ. ਕਾਲਜ ਵਿਚਲੀਆਂ ਯਾਦਾਂ ਦੀ ਤਸਵੀਰ ਸੀ ਜਿਸ ਨੂੰ ਪੜ੍ਹ ਕੇ ਆਪਣੇ ਵਿੱਦਿਆ ਮੰਦਰ ਯਾਦ ਆ ਗਏ।

ਡਾ. ਗੁਰਇਕਬਾਲ ਸਿੰਘ, ਬੋਦਲ ਦਸੂਹਾ (ਹੁਸ਼ਿਆਰਪੁਰ)


ਧਿਆਨ ਖਿੱਚਣ ਵਾਲੀ ਰਚਨਾ

25 ਜੁਲਾਈ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਮਜੀਦ ਸ਼ੇਖ ਦਾ ਲੇਖ ‘ਪੰਜਾਬ ਤੋਂ ਗ਼ੁਲਾਮ ਬਣਾਏ ਗਏ ਲੋਕਾਂ ਦੀ ਕਹਾਣੀ’ ਇਸ ਖਿੱਤੇ ਦੇ ਬਹੁਪਰਤੀ ਇਤਿਹਾਸ ਦੇ ਇਕ ਮਹੱਤਵਪੂਰਨ ਪੱਖ ਵੱਲ ਧਿਆਨ ਖਿੱਚਣ ਵਾਲੀ ਰਚਨਾ ਹੈ। ਪੰਜਾਬ ਦਾ ਇਤਿਹਾਸ ਅਕਸਰ ਸਿੱਖ ਗੁਰੂਆਂ, ਮਹਾਰਾਜਾ ਰਣਜੀਤ ਸਿੰਘ ਜਾਂ ਅੰਗਰੇਜ਼ੀ ਬਸਤੀਵਾਦ ’ਤੇ ਹੀ ਕੇਂਦਰਤ ਹੋ ਕੇ ਰਹਿ ਜਾਂਦਾ ਹੈ, ਪਰ ਇਸ ਲੇਖ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਤੋਂ ਪਹਿਲਾਂ ਵੀ ਪੰਜਾਬ ਦਾ ਮੱਧ ਏਸ਼ੀਆ ਤੇ ਯੂਰੋਪ ਨਾਲ ਸੰਪਰਕ ਵੱਡੇ ਪੱਧਰ ’ਤੇ ਹੋ ਰਿਹਾ ਸੀ ਜਿਸ ਦੇ ਪ੍ਰਭਾਵਾਂ ਨੂੰ ਵੀ ਸਮਝਣ ਦੀ ਬਹੁਤ ਲੋੜ ਹੈ। ਲੇਖ ਵਿਚ ਲਾਹੌਰ ਦੀ ਬੰਦਰਗਾਹ ਤੇ ਜਹਾਜ਼ਰਾਨੀ ਬਾਰੇ ਜਾਣਕਾਰੀ ਹੈਰਾਨ ਕਰਦੀ ਹੈ। ਇਸ ਦੇ ਨਾਲ ਇਹ ਪ੍ਰਸ਼ਨ ਵੀ ਉੱਠਦਾ ਹੈ ਕਿ ਸਮੁੰਦਰ ਤੋਂ ਕਈ ਸੌ ਕਿਲੋਮੀਟਰ ਦੂਰ ਵਸੇ ਲਾਹੌਰ ਸ਼ਹਿਰ ਵਿੱਚ ਜਹਾਜ਼ਸਾਜ਼ੀ ਕਦੋਂ ਤੇ ਕਿਵੇਂ ਵਿਕਸਿਤ ਹੋਈ ਤੇ ਅੱਜਕੱਲ੍ਹ ਇਸ ਦਾ ਕੀ ਹਾਲ ਹੈ? ਇਸ ਬਾਰੇ ਜਾਣਕਾਰੀ ਦਿੰਦਾ ਜੇਕਰ ਕੋਈ ਹੋਰ ਲੇਖ ਛਾਪ ਸਕੋਂ ਤਾਂ ਮਿਹਰਬਾਨੀ ਹੋਵੇਗੀ।

ਅਮਨਦੀਪ ਸਿੰਘ, ਘੁੱਦਾ (ਬਠਿੰਡਾ)


ਸਿਫ਼ਤੀ ਤਬਦੀਲੀ ਦੀ ਆਸ

18 ਜੁਲਾਈ ਦੇ ਐਤਵਾਰੀ ਅੰਕ ਵਿਚ ਸਵਰਾਜਬੀਰ ਨੇ ਆਪਣੇ ਲੇਖ ‘ਸਹਸਾ ਜੀਅਰਾ ਪਰਿ ਰਹਿਓ...’ ਵਿਚ ਕਿਸਾਨ ਅੰਦੋਲਨ ਰਾਹੀਂ ਪੈਦਾ ਹੋਈ ਸਮਾਜਿਕ ਤੇ ਰਾਜਨੀਤਕ ਸੂਝ ਦੀ ਗੱਲ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਇਸ ਦੀ ਸਾਰਥਿਕ ਭੂਮਿਕਾ ਸਬੰਧੀ ਮਨਾਂ ਵਿਚ ਉਪਜ ਰਹੇ ਸ਼ੰਕਿਆਂ ਦਾ ਜ਼ਿਕਰ ਕੀਤਾ ਹੈ। ਸਿਆਸੀ ਪਾਰਟੀਆਂ ਦੁਆਰਾ ਸਿਰਫ਼ ਸਿਆਸੀ ਲਾਭ ਲਈ ਕਿਸਾਨੀ ਅੰਦੋਲਨ ਦੀ ਕੀਤੀ ਜਾ ਰਹੀ ਸੀਮਤ ਹਮਾਇਤ ਗੋਂਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਹੈ ਤਾਂ ਕਿ ਸਿਆਸੀ ਲਾਭ ਵੀ ਲਿਆ ਜਾ ਸਕੇ ਤੇ ਕਾਰਪੋਰੇਟ ਘਰਾਣਿਆਂ ਨਾਲ ਬਣੀ ਵੀ ਰਹੇ ਅਤੇ ਕੁਝ ਲੋਕਾਂ/ਪਰਿਵਾਰਾਂ ਦੀ ਪਾਰਟੀਆਂ ’ਤੇ ਗ਼ੈਰ ਜਮਹੂਰੀ ਪਕੜ ਵੀ ਕਿਸਾਨ ਅੰਦੋਲਨ ਦੇ ਜਮਹੂਰੀ ਖਾਸੇ ਤੋਂ ਬਚੀ ਰਹੇ। ਇਹ ਬਿਲਕੁਲ ਸੱਚ ਹੈ ਕਿ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਇਹ ਸਮਾਂ ਕਿਸਾਨੀ ਲੀਡਰਸ਼ਿਪ ਲਈ ਸਿਆਸੀ ਪੈਂਤੜੇ ਤੋਂ ਬਹੁਤ ਸੋਚ ਵਿਚਾਰ ਕੇ ਸੇਧ ਦੀ ਮੰਗ ਕਰਦਾ ਹੈ। ਨਵੇਂ ਖੇਤੀ ਕਾਨੂੰਨ ਤਾਂ ਅਜੇ ਅਸਰਅੰਦਾਜ਼ ਨਹੀਂ ਹੋਏ, ਫੇਰ ਭਲਾ ਕਿਸਾਨੀ, ਖ਼ਾਸਕਰ ਛੋਟੀ ਕਿਸਾਨੀ ਦੀ ਤਰਸਯੋਗ ਹਾਲਤ ਲਈ ਰਾਜ ਸੱਤਾ ਭੋਗਦੀਆਂ ਰਹੀਆਂ ਪਾਰਟੀਆਂ ਵੀ ਜ਼ਿੰਮੇਵਾਰ ਨਹੀਂ? ਇਸ ਲਈ ਕਿਸਾਨਾਂ ਵਿਚ ਪੈਦਾ ਹੋਈ ਰਾਜਨੀਤਕ ਤੇ ਸਮਾਜਿਕ ਸੂਝ ਨੂੰ ਪੰਜਾਬ ਦੇ ਚੰਗੇਰੇ ਭਵਿੱਖ ਦੀ ਜ਼ਾਮਨ ਬਣਾਉਣਾ ਕਿਸਾਨ ਨੇਤਾਵਾਂ ਦੀ ਵੱਡੀ ਜ਼ਿੰਮੇਵਾਰੀ ਹੈ। ਕਿਤੇ ਫਿਰ ਨਾ ਉਹੋ ਰਾਗ ਤੇ ਉਹੋ ਤੁਣਤੁਣੀ ਵਾਲੀ ਗੱਲ ਬਣ ਜਾਵੇ। ਪੰਜਾਬ ਵਿਚ ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ ’ਤੇ ਸਿਫ਼ਤੀ ਤਬਦੀਲੀ ਲਈ ਕਿਸਾਨ ਅੰਦੋਲਨ ਵੱਲ ਸਭ ਦੀਆਂ ਨਿਗਾਹਾਂ ਹਨ।

ਨਿਰਮਲ ਸਿੰਘ, ਘੱਲਕਲਾਂ


ਵੱਡਾ ਘਾਟਾ

11 ਜੁਲਾਈ ਦੇ ਅੰਕ ਵਿਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਉੱਘੇ ਵਿਦਵਾਨ ਦਾ ਚਲਾਣਾ’ ਪੜ੍ਹਿਆ। ਡਾਕਟਰ ਦਰਸ਼ਨ ਸਿੰਘ ਤਤਲਾ ਦੇ ਦੇਹਾਂਤ ਬਾਰੇ ਪੜ੍ਹ ਕੇ ਦਿਲ ਨੂੰ ਭਾਰੀ ਦੁਖ ਹੋਇਆ। ਉਨ੍ਹਾਂ ਦਾ ਸੰਸਾਰ ਛੱਡਣਾ ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਲਈ ਵੱਡਾ ਘਾਟਾ ਹੈ ਜਿਸ ਦੀ ਪੂਰਤੀ ਨਹੀਂ ਹੋ ਸਕਦੀ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)