ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Aug 07, 2020

ਖ਼ਾਸ ਦਿਨ ਦਾ ਕੌੜਾ ਸੱਚ

6 ਅਗਸਤ ਨੂੰ ਸਵਰਾਜਬੀਰ ਦਾ ਸੰਪਾਦਕੀ ‘ਇਕ ਖ਼ਾਸ ਦਿਨ’ 5 ਅਗਸਤ ਨੂੰ ਇਕ ਪਾਸੇ ਰਾਮ ਮੰਦਰ ਦੀ ਉਸਾਰੀ ਅਤੇ ਦੂਜੇ ਪਾਸੇ ਕਸ਼ਮੀਰ ਵਿਚ ਵਿਸ਼ੇਸ਼ ਦਰਜਾ ਹਟਾਏ ਜਾਣ ਦੇ ਪ੍ਰਸੰਗ ਵਿਚ ਦੇਖਦਾ ਹੈ। 5 ਅਗਸਤ ਨੇ ਬਿਨਾਂ ਸ਼ੱਕ ਭਾਰਤ ਦੀਆਂ ਦੋ ਘਟਨਾਵਾਂ ਨੂੰ ਆਪਣੇ ਅੰਦਰ ਸਮੇਟ ਲਿਆ ਹੈ ਜਿਸ ਦੀ ਪੋਟਲੀ ਹਰ ਸਾਲ ਖੁੱਲ੍ਹਿਆ ਕਰੇਗੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਕਿਸੇ ਵੀ ਧਰਮ ਨੂੰ ਨਹੀਂ ਅਪਣਾਇਆ। ਹੁਣ ਦੀ ਦਿਸ਼ਾ ਬੇਖੌਫ਼ ਹੋ ਕੇ ਭਾਰਤ ਨੂੰ ਧਾਰਮਿਕ ਦੇਸ਼ ਦਾ ਖ਼ਿਤਾਬ ਦਿਵਾਉਣ ਵੱਲ ਵਧ ਰਹੀ ਹੈ। ਸੁਪਰੀਮ ਕੋਰਟ ਵਿਚ ਰਿੱਟਾਂ ਐਵੇਂ ਨਹੀਂ ਪੈ ਰਹੀਆਂ ਕਿ ਭਾਰਤ ਦੇ ਸੰਵਿਧਾਨ ਵਿਚੋਂ ‘ਧਰਮ ਨਿਰਪੱਖ’ ਤੇ ‘ਸਮਾਜਵਾਦੀ’ ਲਫ਼ਜ਼ ਕੱਢ ਦਿੱਤੇ ਜਾਣ। ਅੱਜ ਭਾਰਤ ਦੇ ਲੋਕਾਂ ਨੂੰ ਚਿੰਤਨ ਕਰਨਾ ਪਵੇਗਾ ਕਿ ਭਾਰਤ ਧਾਰਮਿਕ ਦੇਸ਼ ਠੀਕ ਰਹੇਗਾ ਜਾਂ ਧਾਰਮਿਕ ਨਿਰਪੱਖ? ਕੀ ਲੋਕਾਂ ਦੇ ਆਰਥਿਕ ਤੇ ਸਵੈ-ਨਿਰਭਰਤਾ ਦੇ ਮੁੱਦੇ ਵੱਡੇ ਹਨ ਜਾਂ ਧਾਰਮਿਕ? ਕੀ ਧਰਮ ਨਿੱਜੀ ਮਸਲਾ ਹੀ ਠੀਕ ਰਹੇਗਾ ਜਾਂ ਸਰਕਾਰ ਦਾ ਮਸਲਾ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਸਦਾਕੋ ਦੀਆਂ ਕੂੰਜਾਂ

6 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾ ਦਾ ਮਿਡਲ ‘ਸਦਾਕੋ ਅਤੇ ਇਕ ਹਜ਼ਾਰ ਕੂੰਜਾਂ’ ਪੜ੍ਹਿਆ ਜਿਹੜਾ ਸੰਵੇਦਨਸ਼ੀਲ ਮਨਾਂ ’ਤੇ ਗਹਿਰੇ ਪ੍ਰਭਾਵ ਪਾਉਂਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਜੰਗ ਦੀ ਭੱਠੀ ’ਚ ਝੋਕਣਾ ਅਤੇ ਮਚਾ ਦੇਣ ਦੇ ਦੁੱਖ ਸੁਣਨੇ ਹੀ ਅਸਹਿ ਹਨ। ਜ਼ਿੰਦਗੀ ਨੂੰ ਜੀਣ ਦੀ ਲੋਚਾ ਰੱਖਣਾ, ਇਸ ਨੂੰ ਬਚਾਉਣ ਲਈ ਕਾਲਪਨਿਕ ‘ਮਿੱਥਾਂ’ ਦਾ ਸਹਾਰਾ ਲੈਣ ਦੇ ਬਾਵਜੂਦ ਸਦਾਕੋ ਦੀ ‘ਜ਼ਿੰਦਗੀ’ ਦਾ ਮੌਤ ਹੱਥੋਂ ਹਾਰ ਜਾਣਾ ਬੜੀ ਹੀ ਦੁਖਦਾਈ ਗੱਲ ਹੈ। ਇਹੋ ਜਿਹੀਆਂ ਅਨੇਕਾਂ ਮਾਸੂਮ ਬਾਲੜੀਆਂ ਦੀਆਂ ਰੀਝਾਂ, ਤਾਂਘਾਂ, ਆਸਾਂ, ਉਮੀਦਾਂ, ਸੁਪਨਿਆਂ ਦਾ ਮਰ ਜਾਣਾ ਬੜਾ ਹੀ ਦਿਲ ਕੰਬਾਊ ਹੈ ਪਰ ਅਫ਼ਸੋਸ ! ਯੁੱਧਾਂ ਦੇ ਇਹੋ ਜਿਹੇ ਡਰਾਉਣੇ ਪ੍ਰਮਾਣ ਸਾਹਮਣੇ ਹੁੰਦਿਆਂ ਵੀ ਮਨੁੱਖ ਇਤਿਹਾਸ ਤੋਂ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ ਸਗੋਂ ਅੱਜ ਵੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀਆਂ ਧਮਕੀਆਂ ਨਿੱਤ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਮਨੁੱਖਤਾ ਦੇ ਭਲਕ ਉੱਤੇ ਪਰਮਾਣੂ ਤਬਾਹੀ ਜਾਂ ਕਿਸੇ ਵੀ ਯੁੱਧ ਦੇ ਖ਼ਤਰੇ ਨੂੰ ਟਾਲਣ ਦੀ ਹਰ ਸੰਭਵ ਯਤਨ ਕਰਨ ਦੀ ਲੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)


ਤਾਲਾਬੰਦੀ ਯਾਦ ਆਈ

5 ਅਗਸਤ ਨੂੰ ਸਵਰਾਜਬੀਰ ਦਾ ਲੇਖ ‘ਇਕਲਾਪੇ ਦੇ ਅੰਤਹੀਣ ਵਰ੍ਹੇ ਅਤੇ ਪਿਛਲੇ 366 ਦਿਨ’ ਪੜ੍ਹਿਆ ਤਾਂ ਲੌਕਡਾਊਨ ਦੇ ਨਿਯਮ, ਸ਼ਰਤਾਂ, ਲਾਭ ਅਤੇ ਨੁਕਸਾਨ ਯਾਦ ਆਏ। ਸਮੱਸਿਆ ਦੇ ਹੱਲ ਬਗ਼ੈਰ ਅਸੀਂ 6 ਮਹੀਨੇ ਬਿਤਾ ਲਏ ਪਰ ਕਸ਼ਮੀਰ ਵਿਚ ਲੋਕਾਂ ਨੇ 366 ਦਿਨ ਬਿਤਾਏ ਹਨ ਤਾਲਾਬੰਦੀ ਦੌਰਾਨ ਕਿਸੇ ਨੂੰ ਸਰਕਾਰੀ ਯੋਜਨਾਵਾਂ ਅਤੇ ਹੋਰ ਚੀਜ਼ਾਂ ਨਾਲ ਲਾਭ ਪ੍ਰਾਪਤ ਹੋਇਆ ਪਰ ਜੰਮੂ-ਕਸ਼ਮੀਰ ਵਿਚ ਲੋਕਾਂ ਨੇ 366 ਦਿਨ ਬੇਹੱਦ ਮੁਸੀਬਤ ਵਾਲੇ ਬਿਤਾਏ ਹਨ। ਸਾਲ ਬੀਤ ਗਿਆ ਪਰ ਜੰਮੂ-ਕਸ਼ਮੀਰ ਨੂੰ ਬੁਰੇ ਹਾਲਾਤ ਤੋਂ ਰਾਹਤ ਨਹੀਂ ਮਿਲੀ। ਪਤਾ ਨਹੀਂ ਉਨ੍ਹਾਂ ਨੂੰ ਅਜੇ ਕਿੰਨਾ ਇੰਤਜ਼ਾਰ ਕਰਨਾ ਪੈਣਾ ਹੈ।

ਨਿਕਿਤਾ ਸ਼ਰਮਾ, ਈਮੇਲ


ਸਿਰੜੀ ਆਗੂ

5 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸਤਿੰਦਰਪਾਲ ਸਿੰਘ ਦਾ ਲੇਖ ‘ਸਿਰੜੀ ਸੁਤੰਤਰਤਾ ਸੰਗਰਾਮੀ ਬਾਬਾ ਦਿਆਲ ਸਿੰਘ’ ਪੜ੍ਹਿਆ। ਦੇਸ਼ਭਗਤਾਂ ਦੀਆਂ ਕੁਰਬਾਨੀਆਂ ਦਾ ਚੇਤਾ ਆਇਆ। ਹੁਣ ਦੇ ਲੀਡਰਾਂ ਨੇ ਤਾਂ ਇਨ੍ਹਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਰੋਲ਼ ਕੇ ਰੱਖ ਦਿੱਤਾ ਹੈ। ਕਾਸ਼! ਸਾਨੂੰ ਅਜਿਹੇ ਸਿਰੜੀ ਆਗੂ ਲੱਭ ਪੈਣ।
ਜਸਵੰਤ ਸਿੰਘ, ਪਟਿਆਲਾ


ਕੌਮੀ ਸਿੱਖਿਆ ਨੀਤੀ

ਤਿੰਨ ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਕੀ ਪਾਇਆ ਕੀ ਗੁਆਇਆ’ ਪੜ੍ਹਿਆ। ਕਾਸ਼! ਪੰਜਾਬ ਦੀ ਸਿਆਸਤ/ਮੰਤਰੀ ਮੰਡਲ ਵਿਚ ਡਾ. ਸਰਦਾਰਾ ਸਿੰਘ ਜੌਹਲ ਅਤੇ ਡਾ. ਗਰਗ ਵਰਗੇ ਅਨੁਭਵੀ ਵਿਦਵਾਨ ਹੋਣ ਜਾਂ ਹੁੰਦੇ ਜਿਨ੍ਹਾਂ ਦੀਆਂ ਨੀਤਾਂ ਦੇ ਖ਼ਜ਼ਾਨੇ ਭਰੇ ਹੋਏ ਹਨ। ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਪੰਜਾਬ ਦੀ ਵਰਤਮਾਨ ਸਿਆਸਤ ਉੱਤੇ ਫ਼ਿਲਮ ਮੁਗ਼ਲੇ-ਆਜ਼ਮ ਦਾ ਨਗ਼ਮਾ ‘ਪਾਇਲ ਕੇ ਗ਼ਮੋਂ ਕਾ ਇਲਮ ਨਹੀਂ, ਝਨਕਾਰ ਕੀ ਬਾਤੇਂ ਕਰਤੇ ਹੈਂ’ ਐਨ ਢੁੱਕਦਾ ਹੈ।
ਨੈਬ ਸਿੰਘ ਪਿੱਥੋ, ਬਰੈਂਪਟਨ (ਕੈਨੇਡਾ)


ਧੀਆਂ ਦੀ ਉਡਾਣ

3 ਅਗਸਤ ਨੂੰ ਸ਼ਵਿੰਦਰ ਕੌਰ ਦਾ ਮਿਡਲ ‘ਧੀਆਂ ਦੀ ਉਡਾਣ’ ਪੜ੍ਹਿਆ। ਕੁੜੀਆਂ ਨੂੰ ਜਦੋਂ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ ਨੇ ਬਹੁਤ ਕੁਝ ਕਰ ਦਿਖਾਇਆ ਹੈ ਪਰ ਸਾਡੇ ਸਮਾਜ ਦੀ ਜਗੀਰੂ ਰਹਿੰਦ-ਖੂੰਹਦ ਧੀਆਂ ਨੂੰ ਉਡਾਣ ਭਰਨ ਤੋਂ ਰੋਕਦੀ ਹੈ। ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਉਡਣ ਦੀ ਜਾਚ ਸਿਖਾਉਣੀ ਚਾਹੀਦੀ ਹੈ।
ਕਸ਼ਮੀਰ ਕੌਰ, ਫਰੀਦਕੋਟ

ਪਾਠਕਾਂ ਦੇ ਖ਼ਤ Other

Aug 06, 2020

ਤਾਕਤ ਦਾ ਕੇਂਦਰੀਕਰਨ

5 ਅਗਸਤ ਦੇ ਸੰਪਾਦਕੀ ‘ਪੰਜਾਬ ਕਾਂਗਰਸ ਅੰਦਰ ਵਿਵਾਦ’ ਵਿਚ ਸਹੀ ਲਿਖਿਆ ਹੈ ਕਿ ਮੁੱਖ ਮੰਤਰੀ ਦੇ ਹੱਥਾਂ ਵਿਚ ਤਾਕਤ ਦਾ ਕੇਂਦਰਤ ਹੋਣਾ ਵੀ ਸਿਆਸਤ ਵਿਚ ਨਾਕਾਰਾਤਮਕ ਤਬਦੀਲੀ ਦਾ ਕਾਰਨ ਬਣਿਆ ਹੈ। ਕਰੋਨਾ ਨੂੰ ਵੀ ਮੁੱਖ ਮੰਤਰੀ ਨੇ ਹੋਰ ਹਾਕਮਾਂ ਵਾਂਗ, ਤਾਕਤ ਕੇਂਦਰਤ ਕਰਨ ਵਜੋਂ ਹੀ ਵਰਤਿਆ। ਸ਼ਰਾਬ ਕਾਰਨ ਹੋਈਆਂ ਮੌਤਾਂ ਅਤੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਗਵਰਨਰ ਕੋਲ ਸਵਾਲ ਉਠਾਉਣਾ ਵਧੀਆ ਗੱਲ ਹੈ। ਪਾਰਟੀ ਦੀਆਂ ਮੀਟਿੰਗਾਂ ’ਚ ਵਿਧਾਇਕਾਂ, ਸੰਸਦ ਮੈਂਬਰਾਂ ਆਦਿ ਵੱਲੋਂ ਦਿੱਤੇ ਸੁਝਾਵਾਂ ’ਤੇ ਗ਼ੌਰ ਕਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਵੀ ਹੋ ਜਾਂਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


ਸਰਕਾਰੀ ਨੀਤੀਆਂ ਦੀ ਨੁਕਤਾਚੀਨੀ

4 ਅਗਸਤ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਸਕੂਲੀ ਸਿੱਖਿਆ ਦਾ ਕੱਚ-ਸੱਚ’ ਪੜ੍ਹ ਕੇ ਲੱਗਾ, ਸਰਕਾਰੀ ਨੀਤੀਆਂ ਦੀ ਪੜਚੋਲ ਕਰਨ ਵੇਲੇ ਬੁੱਧੀਜੀਵੀਆਂ ਦਾ ਕੰਮ ਕੇਵਲ ਨੁਕਤਾਚੀਨੀ ਵਾਲਾ ਨਹੀਂ ਚਾਹੀਦਾ, ਸਗੋਂ ਭਵਿੱਖਮੁਖੀ ਚੰਗੀਆਂ ਨੀਤੀਆਂ ਦਾ ਸਵਾਗਤ ਵੀ ਕਰਨਾ ਬਣਦਾ ਹੈ। ਬਿਨਾ ਅਧਿਆਪਕਾਂ, ਨਿਗੂਣੀਆਂ ਸਹੂਲਤਾਂ ਅਤੇ ਘੱਟ ਵਿਦਿਆਰਥੀਆਂ ਵਾਲੇ ਗ਼ਰੀਬਾਂ ਦੇ ਘਰਾਂ ਨੇੜੇ ਬਣੇ ਸਕੂਲਾਂ ਦੀ ਥਾਂ ਜੇ ਸਰਕਾਰ 10 ਕਿਲੋਮੀਟਰ ਦੇ ਦਾਇਰੇ ਅੰਦਰ ਵਿਦਿਆਰਥੀਆਂ ਨੂੰ ਲਿਜਾਣ-ਛੱਡਣ ਦੀਆਂ ਸਹੂਲਤਾਂ ਨਾਲ ਬਹੁ-ਅਨੁਸ਼ਾਸਨੀ ਸੈਕੰਡਰੀ ਸਕੂਲ ਚਲਾਉਣ ਦੀ ਗੱਲ ਕਰਦੀ ਹੈ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ। ਵਿਦਿਅਕ ਅਦਾਰਿਆਂ ਦੀ ਗਿਣਤੀ ਅਤੇ ਪਹੁੰਚ ਤੋਂ ਵਧੇਰੇ ਦੋ ਕਦਮ ਦੂਰ ਵਧੀਆ ਸਹੂਲਤਾਂ ਅਤੇ ਵਧੇਰੇ ਅਧਿਆਪਕਾਂ ਵਾਲੀਆਂ ਸੰਸਥਾਵਾਂ ਵੱਧ ਲਾਹੇਵੰਦ ਸਿੱਧ ਹੋ ਸਕਦੀਆਂ ਹਨ। ਦੂਸਰਾ, ਪ੍ਰਾਈਵੇਟ ਸੈਕਟਰ ਦੇ ਰੋਲ ਨੂੰ ਹਮੇਸ਼ਾ ਸ਼ੋਸ਼ਣ ਦੇ ਚਸ਼ਮੇ ਨਾਲ ਹੀ ਵੇਖਣਾ ਸਹੀ ਨਹੀਂ। ਵਿਕਸਿਤ ਮੁਲਕਾਂ ਦੇ ਤਜਰਬੇ ਦੱਸਦੇ ਹਨ ਕਿ ਪ੍ਰਾਈਵੇਟ ਸੈਕਟਰ ਵੀ ਦੇਸ਼ ਦੀ ਤਰੱਕੀ ਵਿਚ ਸਰਕਾਰੀ ਖੇਤਰ ਦੇ ਬਰਾਬਰ ਦਾ ਯੋਗਦਾਨ ਪਾਉਂਦੇ ਹਨ।
ਨਵਜੋਤ ਸਿੰਘ, ਪਟਿਆਲਾ


ਬਾਲ ਮਨ ਦੀ ਪੀੜਾ

4 ਅਗਸਤ ਨੂੰ ਸੁਖਦੇਵ ਸਿੰਘ ਮਾਨ ਦਾ ਮਿਡਲ ‘ਕੋਧਰੇ ਦੀ ਰੋਟੀ’ ਪੜ੍ਹ ਕੇ ਰੂਹ ਧੁਰ ਤਕ ਕੰਬ ਗਈ। ਪਤਾ ਨਹੀਂ ਕਿੰਨੇ ਕੁ ਧਾਰਮਿਕ ਸਥਾਨਾਂ ਉੱਪਰ ਅੱਜ ਵੀ ਇਸੇ ਤਰ੍ਹਾਂ ਬਿਪਰ ਪੁਜਾਰੀ ਵੱਲੋਂ ਕੀਤੀ ਵਰਣ ਵੰਡ ਦੀਆਂ ਸ਼ਿਕਾਰ ਪੱਛੜੀਆਂ ਸ਼੍ਰੇਣੀਆਂ ਦੇ ਬੱਚੇ ਪੀੜਤ ਹੁੰਦੇ ਹੋਣਗੇ। ਸਿੱਖ ਧਰਮ ਦੇ ਬਾਨੀਆਂ ਨੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਆਖ ਕੇ ਮਾਨਵੀ ਏਕਤਾ ਦੀ ਆਵਾਜ਼ ਬੁਲੰਦ ਕੀਤੀ ਸੀ ਪਰ ਉਦੋਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਕਈ ਸਿੱਖ ਸੰਪ੍ਰਦਾਵਾਂ/ਟਕਸਾਲਾਂ ਦੇ ਸਥਾਨਾਂ ਉੱਪਰ ਵੀ ਪੱਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਬਾਲ ਮਨ ਉੱਪਰ ਅਜਿਹੀਆਂ ਘਟਨਾਵਾਂ ਦਾ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਲੇਖਕ ਨੇ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।
ਮਹਿੰਦਰ ਸਿੰਘ ਸੋਹੀ, ਈਮੇਲ


(2)

ਲੇਖਕ ‘ਕੋਧਰੇ ਦੀ ਰੋਟੀ’ ਵਿਚ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝਾ ਕਰਦਾ ਹੋਇਆ ਨੀਵੀਆਂ ਜਾਤਾਂ ਦੇ ਬੱਚਿਆਂ ਨਾਲ ਉੱਚੀਆਂ ਜਾਤਾਂ ਵਾਲਿਆਂ ਦਾ ਹੁੰਦਾ ਸਲੂਕ ਬਿਆਨ ਕਰਦਾ ਹੈ। ਸਾਡੇ ਦੇਸ਼ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਅੱਜ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਉੱਚੀਆਂ ਜਾਤਾਂ ਵਾਲੇ ਲੋਕਾਂ ਦੁਆਰਾ ਨੀਵੇਂ ਪੱਧਰ ਦੀਆਂ ਜਾਤਾਂ ਨੂੰ ਨਫ਼ਰਤ ਦੀ ਅੱਖ ਨਾਲ ਹੀ ਵੇਖਿਆ ਜਾਂਦਾ ਹੈ। ਸਾਡੇ ਧਾਰਮਿਕ ਰਹਿਬਰਾਂ ਨੇ ਜਾਤ ਪਾਤ ਆਦਿ ਦਾ ਖੰਡਨ ਕੀਤਾ ਹੈ ਪਰ ਅੱਜ ਵੀ ਸਾਡਾ ਸਮਾਜ ਅਜਿਹੇ ਵਿਤਕਰਿਆਂ ਨਾਲ ਭਰਿਆ ਪਿਆ ਹੈ।
ਯੋਗਰਾਜ ਭਾਗੀ ਵਾਂਦਰ, ਬਠਿੰਡਾ


(3)

ਮਿਡਲ ‘ਕੋਧਰੇ ਦੀ ਰੋਟੀ’ (ਸੁਖਦੇਵ ਸਿੰਘ ਮਾਨ) ਵਿਚ ਲੇਖਕ ਨੇ ਪੁਰਾਣੇ ਵੇਲਿਆਂ ਦੀ ਸਾਧਨ ਵਿਹੂਣੀ ਪੜ੍ਹਾਈ ਵਾਲੀ ਜ਼ਿੰਦਗੀ ਅਤੇ ਜ਼ਿਆਦਾਤਰ ਘਰਾਂ ਦੀ ਗ਼ੁਰਬਤ ਤੋਂ ਸ਼ੁਰੂ ਕਰ ਕੇ ਧਾਰਮਿਕ ਸਥਾਨਾਂ ’ਤੇ ਹੁੰਦੇ ਵਿਤਕਰੇ ਦੀ ਗੱਲ ਕੀਤੀ ਹੈ। ਬਾਬੇ ਨਾਨਕ ਨੇ ਤਾਂ ਭਾਈ ਲਾਲੋ ਦੀ ਦਸਾਂ ਨਹੁੰਆਂ ਦੀ ਕਿਰਤ ਨੂੰ ਵਡਿਆਉਣ ਵਾਸਤੇ ਇਹ ਉਦਾਹਰਣ ਦਿੱਤੀ ਸੀ ਪਰ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਤਾਂ ਟੱਬਰ ਪਾਲਣਾ ਵੀ ਔਖਾ, ਫਿਰ ਸੰਗਮਰਮਰ ਥੱਪੇ, ਸੋਨੇ ਮੜ੍ਹੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਤੇ ਚੱਲ ਰਹੇ ਹਰ ਧਰਮ ਸਥਾਨ ਮਲਕ ਭਾਗੋਆਂ ਦੀ ਮਿਹਰਬਾਨੀ ਤੋਂ ਬਗ਼ੈਰ ਕਿਵੇਂ ਚੱਲਣ? ਇਸੇ ਲਈ ਇਨ੍ਹਾਂ ਮਲਕ ਭਾਗੋਆਂ ਦਾ ਦਬਦਬਾ ਕਾਇਮ ਹੈ ਅਤੇ ਭਾਈ ਲਾਲੋਆਂ ਲਈ ਤਿਰਸਕਾਰ ਹੈ।
ਅਮਰਜੀਤ ਵੋਹਰਾ, ਰਾਏਕੋਟ


(4)

4 ਅਗਸਤ ਨੂੰ ‘ਕੋਧਰੇ ਦੀ ਰੋਟੀ’ ਲੇਖ ਪੜ੍ਹਿਆ। ਇਸ ਵਿਚ ਸੁਖਦੇਵ ਸਿੰਘ ਮਾਨ ਨੇ ਆਮ ਪੰਜਾਬੀ ਦੀ ਸੋਚ ਨੂੰ ਸਹੀ ਸਬਕ ਪੜ੍ਹਾਇਆ ਹੈ। ਸਾਡੇ ਮਨਾਂ ਵਿਚ ਕੋਈ ਵੱਖੋ ਵੱਖਰਾ ਧਰਮ ਨਹੀਂ ਕੋਈ, ਜਾਤ ਪਾਤ ਨਹੀਂ ਪਰ ਫਾਇਦਾ ਉਠਾਉਣ ਲਈ ਰਾਜਨੀਤਕ ਪਾਰਟੀਆਂ ਇਹ ਸਭ ਅਕਸਰ ਪੈਦਾ ਕਰ ਦਿੰਦੀਆਂ ਹਨ।
ਰਮੇਸ਼ਵਰ ਸਿੰਘ, ਪਟਿਆਲਾ


ਕਸ਼ਮੀਰ ਦਾ ਦਰਦ

5 ਅਗਸਤ ਦਾ ਸੰਪਾਦਕੀ ‘ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਣ’ ਕਸ਼ਮੀਰੀ ਲੋਕਾਂ ਦੇ ਦੁੱਖਾਂ ਦਾ ਦਰਦ ਬਿਆਨ ਕਰਦਾ ਹੈ। ਲਿਖਿਆ ਗਿਆ ਹੈ ਕਿ ਹਿੰਦੋਸਤਾਨ ਦੇ ਹਾਕਮਾਂ ਦੀ ਇਹੋ ਸਫ਼ਲਤਾ ਹੈ ਕਿ ਕਸ਼ਮੀਰ ਵਿਚੋਂ ਸਿਆਸਤ ਮਨਫ਼ੀ ਕਰ ਦਿੱਤੀ ਹੈ। ਮੇਰਾ ਵਿਚਾਰ ਹੈ ਕਿ ਹਾਕਮਾਂ ਨੇ ਹੌਲੀ ਹੌਲੀ ਜੀਵਨ ਦੇ ਅਸਲ ਮੁੱਦਿਆਂ, ਸਾਰਥਿਕ ਵਿਚਾਰ ਅਤੇ ਕਿਰਦਾਰ ਨੂੰ ਲੋਕ ਮਨ ਵਿਚੋਂ ਮਨਫ਼ੀ ਕਰ ਕੇ ਖੋਖ਼ਲੀ, ਮੱਕਾਰੀ, ਦੰਭੀ, ਕੂੜਨੀਤੀ ਦੇ ਅੰਨ੍ਹੇ ਸਮਰਥਕ ਬਣਾ ਦਿੱਤਾ ਹੈ। ਜਿੱਥੇ ਬੇਈਮਾਨੀ, ਭ੍ਰਿਸ਼ਟਾਚਾਰ, ਵਾਅਦਾ ਸ਼ਿਕਨੀ ਕਿਰਦਾਰਹੀਣਤਾ, ਔਗੁਣ ਅਤੇ ਰੂਹ ਦੇ ਕਲੰਕ ਨਹੀਂ ਰਹੇ, ਸਗੋਂ ਸਿਆਸੀ ਜੂਏਬਾਜ਼ੀ ਦੇ ਦਾਅਪੇਚ ਬਣ ਗਏ ਹਨ। ਇਹੋ ਹਿੰਦੋਸਤਾਨੀ ਆਮ ਲੋਕ ਮਨ ਦਾ ਘਾਤਕ ਸੰਕਟ ਅਤੇ ਗੰਭੀਰ ਮਾਰੂ ਵੇਦਨਾ ਹੈ।

ਕਿਰਪਾਲ ਸਿੰਘ, ਦਤਾਰੀਏਵਾਲਾ (ਮੋਗਾ)

ਪਾਠਕਾਂ ਦੇ ਖ਼ਤ Other

Aug 05, 2020

ਸ਼ਰਾਬ ਦਾ ਵਪਾਰ

3 ਅਗਸਤ ਦੇ ਸੰਪਾਦਕੀ ‘ਰਗਾਂ ਵਿਚ ਜ਼ਹਿਰ’ ਵਿਚ ਸਹੀ ਨੋਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਘਰੇਲੂ ਪੱਧਰ ’ਤੇ ਤਿਆਰ ਕੀਤੀ ਜਾਂਦੀ ਸ਼ਰਾਬ ਨੂੰ ਨਿਯਮਬੱਧ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸ ਲਈ ਇਹ ਧੰਦਾ ਗ਼ੈਰ-ਕਾਨੂੰਨੀ ਤੌਰ ’ਤੇ ਵੱਡੀ ਪੱਧਰ ’ਤੇ ਵੱਧਦਾ ਫੁੱਲਦਾ ਰਿਹਾ। ਉਂਜ ਇੰਨੀ ਵੱਡੀ ਪੱਧਰ ’ਤੇ ਇਹ ਧੰਦਾ ਬਿਨਾ ਰੋਕ-ਟੋਕ ਕਰਨਾ ਸਿਆਸੀ ਜਮਾਤ, ਅਫ਼ਸਰਸ਼ਾਹੀ, ਪੁਲੀਸ ਅਧਿਕਾਰੀਆਂ ਅਤੇ ਅਪਰਾਧੀਆਂ ਦੇ ਗੱਠਜੋੜ ਤੋਂ ਬਿਨਾ ਸੰਭਵ ਨਹੀਂ। ਸਿਆਸੀ ਇੱਛਾ ਸ਼ਕਤੀ ਤੋਂ ਬਿਨਾ ਇਸ ਗੱਠਜੋੜ ਨੂੰ ਤੋੜਨਾ ਸੰਭਵ ਨਹੀਂ।
ਹਜ਼ਾਰਾ ਸਿੰਘ ਚੀਮਾ, ਮੁਹਾਲੀ


(2)

ਇਹ ਗੱਲ ਕਤੱਈ ਸੁੱਟ ਪਾਉਣ ਵਾਲੀ ਨਹੀਂ ਹੈ ਕਿ ਬਿਨਾ ਸਰਪ੍ਰਸਤੀ ਅਜਿਹੇ ਨਾਜਾਇਜ਼ ਧੰਦੇ ਚੱਲ ਨਹੀਂ ਸਕਦੇ। ਬਿਨਾ ਸ਼ੱਕ, ਅਸਰ ਰਸੂਖ ਵਾਲੇ ਲੋਕਾਂ ਦੀ ਸ਼ਹਿ ਕਾਰਨ ਪੰਜਾਬ ਵਿਚ ਸ਼ਰਾਬ ਦਾ ਧੰਦਾ, ਉਦਯੋਗ ਦਾ ਰੂਪ ਧਾਰਨ ਕਰ ਚੁੱਕਾ ਹੈ। ਸਰਕਾਰ ਨੇ ਭਾਵੇਂ ਆਬਕਾਰੀ ਤੇ ਪੁਲੀਸ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਇਹ ਕਾਫ਼ੀ ਨਹੀਂ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਤੰਦਰੁਸਤ ਸਮਾਜ ਲਈ ਹੋਕਾ

ਤਿੰਨ ਅਗਸਤ ਦੇ ਮਿਡਲ ‘ਧੀਆਂ ਦੀ ਉਡਾਣ’ (ਲੇਖਕ ਸ਼ਵਿੰਦਰ ਕੌਰ) ਵਿਚ ਦਲੇਰ ਕੁੜੀ ਬਲਦੀਪ ਕੌਰ ਬਾਰੇ ਪੜ੍ਹ ਕੇ ਰੂਹ ਖੁਸ਼ ਹੋ ਗਈ। ਪਰਿਵਾਰਕ ਜੀਵਨ ਦੇ ਹੋਂਦ ਵਿਚ ਆਉਣ ਨਾਲ ਮਰਦ-ਔਰਤਾਂ ਦੇ ਕੰਮਾਂ ਦੀ ਵੰਡ ਹੋਈ ਅਤੇ ਨਤੀਜੇ ਵਜੋਂ ਮੁੰਡਿਆਂ ਦੇ ਜਨਮ ਦੀ ਲਾਲਸਾ ਮਾਂ-ਬਾਪ, ਦੋਹਾਂ ਵਿਚ ਹੀ ਵਧ ਗਈ। ਇਸ ਨਾਲ ਔਰਤਾਂ ਨੂੰ ਆਰਥਿਕ ਤੌਰ ’ਤੇ ਜ਼ੀਰੋ ਕਰ ਦਿੱਤਾ ਗਿਆ ਜਦੋਂਕਿ ਕੰਮ ਦਾ ਬੋਝ ਹਮੇਸ਼ਾਂ ਔਰਤਾਂ ’ਤੇ ਵੱਧ ਅਤੇ ਲਗਾਤਾਰ ਰਿਹਾ। ਕੁੜੀਆਂ ਨੂੰ ਅਧੀਨਤਾ ਵਿਚ ਰੱਖਣ ਦੀ ਪਰੰਪਰਾ ਪਿਓ ਤੋਂ ਹੀ ਸ਼ੁਰੂ ਹੁੰਦੀ ਹੈ। ਜੇਕਰ ਪਿਓ ਧੀਆਂ ਨੂੰ ਥਾਪੜਾ ਦੇ ਕੇ ਉਡਾਰੀਆਂ ਭਰਨ ਦੇਣ ਤਾਂ ਉਹ ਪੁੱਤਰਾਂ ਨਾਲੋਂ ਕਿਤੇ ਵੱਧ ਉਚਾਈਆਂ ਛੂੰਹਦੀਆਂ ਹਨ। ਤੰਦਰੁਸਤ ਸਮਾਜ ਲਈ ਕੁੜੀਆਂ-ਮੁੰਡਿਆਂ ਦੀ ਇਕੋ ਜਿਹੀ ਪਰਵਰਿਸ਼ ਦੀ ਲੋੜ ਹੈ।
ਦਵਿੰਦਰ ਕੌਰ, ਈਮੇਲ


(2)

ਨਜ਼ਰੀਆ ਪੰਨੇ ’ਤੇ ਸ਼ਵਿੰਦਰ ਕੌਰ ਦਾ ਲੇਖ ‘ਧੀਆਂ ਦੀ ਉਡਾਣ’ ਪੜ੍ਹਿਆ, ਵਧੀਆ ਲੱਗਾ। ਆਰਥਿਕ ਪੱਖੋਂ ਕਮਜ਼ੋਰ ਧੀਆਂ ਜੋ ਵਕਾਲਤ, ਐਮਏਐਮਐੱਡ, ਬੀਏਬੀਏਐੱਡ ਤੇ ਹੋਰ ਅਨੇਕਾਂ ਡਿਗਰੀਆਂ ਲੈਣ ਦੇ ਬਾਵਜੂਦ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜਬੂਰ ਹਨ, ਉਨ੍ਹਾਂ ਧੀਆਂ ਦੀ ਉਡਾਣ ਨੂੰ ਵੀ ਸਲਾਮ ਹੈ।
ਮਨਮੋਹਨ ਸਿੰਘ, ਨਾਭਾ


(3)

3 ਅਗਸਤ ਨੂੰ ਸ਼ਵਿੰਦਰ ਕੌਰ ਦਾ ਮਿਡਲ ‘ਧੀਆਂ ਦੀ ਉਡਾਣ’ ਪੜ੍ਹਿਆ। ਖੁਸ਼ੀ ਹੋਈ ਕਿ ਦਲੇਰ ਧੀ ਕਿਵੇਂ ਖੇਤੀ ਦੇ ਕੰਮ ਵਿਚ ਪਿਤਾ ਨਾਲ ਹੱਥ ਵਟਾ ਰਹੀ ਹੈ। ਲੜਕੀਆਂ ਕਿਸੇ ਨਾਲੋਂ ਘੱਟ ਨਹੀਂ, ਉਹ ਤਾਂ ਪੁਲਾੜ ਪਰੀਆਂ ਬਣ ਕੇ ਅੰਬਰੀਂ ਉਡਾਰੀਆਂ ਮਾਰ ਰਹੀਆਂ ਹਨ। ਵਿੱਦਿਅਕ ਪੱਧਰ ’ਤੇ ਵੀ ਲੜਕੀਆਂ, ਲੜਕਿਆਂ ਨਾਲੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਨ। ਬਲਦੀਪ ਕੌਰ ਦਾ ਪੜ੍ਹਾਈ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਨਾ ਕਾਬਿਲੇ-ਤਾਰੀਫ਼ ਹੈ। 29 ਜੁਲਾਈ ਨੂੰ ਅਮਰਜੀਤ ਸਿੰਘ ਮਾਨ ਦਾ ਮਿਡਲ ‘ਠੂਣ੍ਹਿਆਂ ਵਾਲੇ ਦਿਨ’ ਪੜ੍ਹਿਆ। ਬਚਪਨ ਯਾਦ ਆ ਗਿਆ ਕਿ ਬਚਪਨ ਮਨੁੱਖ ਨੂੰ ਇਕ ਵਾਰ ਮਿਲਦਾ ਹੈ। ਪਹਿਲਾਂ ਬੱਚੇ ਬਚਪਨ ਦਾ ਪੂਰਾ ਆਨੰਦ ਲੈਂਦੇ ਸਨ ਪਰ ਅੱਜ ਅਸੀਂ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ। ਮਿਡਲ ਵਿਚ ਕਾਮੇ ਅਤੇ ਕਿਸਾਨ ਦੀ ਪਰਿਵਾਰਕ ਸਾਂਝ ਵੀ ਸਾਹਮਣੇ ਆਈ ਹੈ।
ਨਾਇਬ ਸਿੰਘ, ਬਹਿਣੀਵਾਲ (ਮਾਨਸਾ)


ਤਕੜਾ ਮਨ

28 ਜੁਲਾਈ ਦਾ ਮਿਡਲ ‘ਮਨ ਤਕੜਾ ਚਾਹੀਦਾ’ ਜੋ 92 ਸਾਲ ਦੇ ‘ਯੋਧੇ’ ਜੋਧ ਸਿੰਘ ਮੋਗਾ ਦੀ ਰਚਨਾ ਹੈ, ਪੜ੍ਹ ਕੇ ਪ੍ਰੇਰਨਾ ਮਿਲੀ। ਮਨ ਤਕੜਾ ਹੋਵੇ ਤਾਂ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਅਜਿਹੀਆਂ ਲਿਖਤਾਂ ਬੱਚਿਆਂ ਦੇ ਸਿਲੇਬਸ ਵਿਚ ਹੋਣੀਆਂ ਚਾਹੀਦੀਆਂ ਹਨ। ਅਜਿਹੇ ਆਦਰਸ਼ ਅਧਿਆਪਕ ਤੇ ਰਚਨਾਵਾਂ ਹੀ ਸਮਾਜ ਨੂੰ ਉਚਾਰੂ ਰੁਚੀਆਂ ਵੱਲ ਮੋੜਨ ਦੇ ਸਮਰੱਥ ਹੁੰਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਲਾਵਾਰਿਸ ਪਸ਼ੂ ਅਤੇ ਸਰਕਾਰ ਦਾ ਧਿਆਨ

4 ਅਗਸਤ ਦੇ ਸੰਪਾਦਕੀ ‘ਲਾਵਾਰਿਸ ਪਸ਼ੂਆਂ ਦੀ ਸਮੱਸਿਆ’ ਨੇ ਸਰਕਾਰ ਦਾ ਧਿਆਨ ਖਿੱਚਣ ਦੀ ਫਿਰ ਕੋਸ਼ਿਸ਼ ਕੀਤੀ ਹੈ। ਇਕ ਸੰਸਦ ਮੈਂਬਰ ਦੀ ਵੋਟ ਖਿੱਚਣ ਲਈ ਅਟਲ ਸਰਕਾਰ ਨੇ ਇਹ ਕਾਨੂੰਨ ਪਾਸ ਕਰ ਕੇ ਹਜ਼ਾਰਾਂ ਨਿਰਦੋਸ਼ ਵਿਅਕਤੀਆਂ/ਬੱਚਿਆਂ ਦੀਆਂ ਜਾਨਾਂ ਗਵਾ ਦਿੱਤੀਆਂ। ਸਾਰੀ ਦੁਨੀਆਂ ਦੀਆਂ ਸਰਕਾਰਾਂ ਪਸ਼ੂ ਧਨ ਨੂੰ ਅੰਤਰ ਸੂਬਾਈ/ਅੰਤਰਦੇਸ਼ੀ ਵਪਾਰ ਲਈ ਸੁਰੱਖਿਅਤ ਲਾਂਘਾ ਤੇ ਸਹੂਲਤਾਂ ਮੁਹੱਈਆ ਕਰਦੀਆਂ ਹਨ ਤਾਂ ਕੇਂਦਰ ਸਰਕਾਰ ਕਿਉਂ ਨਹੀਂ ?
ਗੁਰਦਿਆਲ ਸਹੋਤਾ, ਲੁਧਿਆਣਾ

ਪਾਠਕਾਂ ਦੇ ਖ਼ਤ Other

Aug 04, 2020

ਪੜ੍ਹਾਈ ਬਨਾਮ ਵਿਗਿਆਨਕ ਸੋਚ

3 ਅਗਸਤ ਨੂੰ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਕੀ ਪਾਇਆ, ਕੀ ਗਵਾਇਆ!’ ਸਹੀ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ। ਨਵੀਂ ਨੀਤੀ ਵਿਚ ਪ੍ਰਾਇਮਰੀ ਸਿੱਖਿਆ ਮਾਤ ਭਾਸ਼ਾ ਵਿਚ ਦੇਣ ਦਾ ਵਿਚਾਰ ਤਾਂ ਸਵਾਗਤਯੋਗ ਹੈ ਪਰ ਬਾਕੀ ਸਾਰਾ ਕੁਝ ਠੀਕ ਨਹੀਂ ਜਾਪਦਾ। ਸੰਸਕ੍ਰਿਤ ਦਾ ਬੋਝ ਬਿਲਕੁਲ ਫ਼ਾਲਤੂ ਹੈ, ਤੇ ਇਹ ਸਫ਼ਲ ਹੋਣ ਵਾਲਾ ਵੀ ਨਹੀਂ। ਸੰਸਕ੍ਰਿਤ ਪੜ੍ਹਾ ਕੇ ਵਿਦਿਆਰਥੀਆਂ ਨੂੰ ਅਵਿਗਿਆਨਕ ਪੁਰਾਤਨ ਕਥਾਵਾਂ ਪੜ੍ਹਾਉਣ ਦੇ ਲਾਇਕ ਬਣਾਉਣਾ ਜਾਪਦਾ ਹੈ! ਵਿਗਿਆਨ ਪੜ੍ਹਨ ਦੇ ਸੁਭਾਅ ਦਾ ਸੁਝਾਅ ਹੀ ਦਿੱਤਾ ਹੈ ਪਰ ਵਿਗਿਆਨਕ ਸੋਚ ਦਾ ਧਾਰਨੀ ਹੋਣ ਦਾ ਨਹੀਂ, ਕਿਉਂਕਿ ਉਸ ਨਾਲ ਵਿਦਿਆਰਥੀ ਨੂੰ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੀ ਸਮਝ ਆ ਸਕਦੀ ਹੈ, ਜੋ ਆਰਐੱਸਐੱਸ ਦੀ ਇਹ ਸਰਕਾਰ ਨਹੀਂ ਚਾਹੁੰਦੀ। ਇਹ ਸਰਕਾਰ ਤਾਂ ਘੱਟਗਿਣਤੀਆਂ ਵੱਲ ਫ਼ਿਰਕੂ ਸੋਚ ਰੱਖਦੀ ਹੈ, ਧਰਮ ਨਿਰਪੱਖਤਾ ਵਾਲੀ ਨਹੀਂ। ਡਾ. ਗਰਗ ਦੇ ਸੁਝਾਅ ਮੁੱਲਵਾਨ ਹਨ ਪਰ ਇਹ ਮੰਨਣੇ ਕਿਸ ਨੇ ਹਨ? ਵਰਤਮਾਨ ਕੇਂਦਰੀ ਸਰਕਾਰ ਤਾਂ ਦੇਸ਼ ਵਿਚ ਅੰਧਰਾਸ਼ਟਰਵਾਦ ਕਾਇਮ ਕਰ ਰਹੀ ਹੈ।
ਵਿਦਵਾਨ ਸਿੰਘ ਸੋਨੀ, ਪਟਿਆਲਾ


ਜੰਗ ਅਤੇ ਕਤਲੋਗ਼ਾਰਤ

ਸੋਮਵਾਰ ਨੂੰ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਦਾ ਲੇਖ ਬੇਸ਼ੱਕ ਜਾਣਕਾਰੀ ਵਾਲਾ ਹੈ ਲੇਕਿਨ ‘75 ਸਾਲਾਂ ਬਾਅਦ ਹੀਰੋਸ਼ੀਮਾ ਵਿਚ ਜਿਊਂਦੇ ਅਸੀ’ ਸਿਰਲੇਖ ਜਚਦਾ ਨਹੀਂ। ਜਪਾਨੀ ਸ਼ਰੀਫ਼ ਨਹੀਂ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਹਰ ਬੈਠੇ ਸੋਵੀਅਤ ਸੰਘ ’ਤੇ 22 ਜੂਨ 1941 ਨੂੰ ਹਿਟਲਰ ਅਤੇ ਅਮਰੀਕਾ ਦੀ ਬੰਦਰਗਾਹ ਪਰਲ ਹਾਰਬਰ ਉੱਤੇ ਹਮਲਾ ਕਰ ਕੇ ਜਾਪਾਨ ਨੇ ਹਾਰ ਦਾ ਪੰਗਾ ਹੀ ਸਹੇੜ ਲਿਆ। ਜਦੋਂ ਧੁਰੀ ਤਾਕਤਾਂ ਇਟਲੀ, ਤੁਰਕੀ ਅਤੇ ਜਰਮਨੀ ਹਥਿਆਰ ਸੁੱਟ ਚੁੱਕੇ ਸਨ ਤਾਂ ਜਪਾਨ ਨੇ ਕਿਉਂ ਨਹੀਂ ਸੁੱਟੇ?
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)


ਪਰਿਵਾਰਵਾਦ ਅਤੇ ਸਿਆਸਤ

31 ਜੁਲਾਈ ਦਾ ਸੰਪਾਦਕੀ ‘ਬਦਲ ਰਹੇ ਸਿਆਸੀ ਸਮੀਕਰਨ’ ਪੰਜਾਬ ਦੇ ਸਿਆਸੀ ਹਾਲਾਤ ਦਾ ਲੇਖਾ ਜੋਖਾ ਕਰਦਾ ਹੈ ਅਤੇ ਸਿਆਸੀ ਆਗੂਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਮਾਨਦਾਰੀ ਨਾਲ ਪਹਿਰਾ ਦੇਣ ਦੀ ਨਸੀਹਤ ਵੀ ਦਿੰਦਾ ਹੈ। ਸੁਖਦੇਵ ਸਿੰਘ ਢੀਂਡਸਾ ਸਮੇਤ ਅਕਾਲੀ ਦਲ ਤੋਂ ਵੱਖ ਹੋਣ ਵਾਲੇ ਕਈ ਹੋਰ ਆਗੂ ਭਾਵੇਂ ਬਾਦਲ ਪਰਿਵਾਰ ’ਤੇ ਪਾਰਟੀ ਅੰਦਰ ਪਰਿਵਾਰਵਾਦ ਫੈਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਬਜ਼ਾ ਕਰਨ ਦੇ ਦੋਸ਼ ਲਗਾ ਕੇ ਪਾਰਟੀ ਤੋਂ ਵੱਖ ਹੋ ਗਏ ਪਰ ਢੀਂਡਸਾ ਸਮੇਤ ਹੋਰ ਕਈ ਆਗੂ ਵੀ ਕਿਤੇ ਨਾ ਕਿਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਰਹੇ ਹਨ। ਇਹ ਗੱਲ ਸਹੀ ਹੈ ਕਿ ਆਪਣੇ ਆਪ ਨੂੰ ਪੰਜਾਬ ਅਤੇ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਅਕਾਲੀ ਦਲ (ਬਾਦਲ) ਨੂੰ ਜਿੱਥੇ ਘੱਟਗਿਣਤੀਆਂ ਪ੍ਰਤੀ ਕੇਂਦਰੀ ਭਾਜਪਾ ਸਰਕਾਰ ਦੇ ਧਮਕਾਉਣ ਵਾਲੇ ਵਤੀਰੇ ਪ੍ਰਤੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਉਥੇ ਕੇਂਦਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਬਹਾਨੇ ਨਾਲ ਖੋਹੇ ਜਾ ਰਹੇ ਸੂਬਿਆਂ ਦੇ ਅਧਿਕਾਰਾਂ ਬਾਰੇ ਵੀ ਕੇਂਦਰ ’ਚ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


ਭਾਸ਼ਾ ਦਾ ਮਸਲਾ

31 ਜੁਲਾਈ ਨੂੰ ਅਭੈ ਸਿੰਘ ਦਾ ਲੇਖ ‘ਸੌੜੀ ਸਿਆਸਤ ਵਾਲੇ ਦੌਰ ਵਿਚ ਭਾਸ਼ਾਵਾਂ ਦਾ ਮਸਲਾ’ ਭਾਰਤ ਦੀ ਵਰਤਮਾਨ ਸਿਆਸਤ ਦੁਆਰਾ ਭਾਸ਼ਾਵਾਂ ਨਾਲ ਕੀਤੇ ਜਾ ਰਹੇ ਵਿਤਕਰੇ ਉਪਰ ਚਾਨਣ ਪਾਉਂਦਾ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਭਾਰਤੀ ਹਕੂਮਤ ਖ਼ਾਸ ਏਜੰਡੇ ਤਹਿਤ ਅੱਗੇ ਵਧ ਰਹੀ ਹੈ। ਮੁਲਕ ਵਿਚ ਭਾਸ਼ਾਵਾਂ ਨੂੰ ਹਮੇਸ਼ਾ ਧਰਮਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਭਾਸ਼ਾਵਾਂ ਨੂੰ ਦਰਕਿਨਾਰ ਕਰਨ ਦਾ ਸਭ ਤੋਂ ਵੱਡਾ ਕਾਰਨ ਵੀ ਸ਼ਾਇਦ ਇਹੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਮਾਤ ਭਾਸ਼ਾਵਾਂ ਲਈ ਠੋਸ ਕਦਮ ਚੁੱਕਣ।
ਸੰਜੇ ਖਾਨ ਧਾਲੀਵਾਲ, ਪਟਿਆਲਾ


ਖ਼ਤਰੇ ਦੀ ਘੰਟੀ

31 ਜੁਲਾਈ ਨੂੰ ਪਹਿਲੇ ਸਫ਼ੇ ’ਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਖੇਤੀ ਆਰਡੀਨੈਂਸ: ਬਿਹਾਰ ਮਾਡਲ ਪੰਜਾਬ ਲਈ ਖ਼ਤਰੇ ਦੀ ਘੰਟੀ’ ਜੋ ਖੇਤੀ ਯੂਨੀਵਰਿਸਟੀ ਲੁਧਿਆਣਾ ਦੇ ਅਰਥ ਵਿਗਿਆਨੀ ਡਾ. ਸੁਖਪਾਲ ਸਿੰਘ ਦੀ ਖੋਜ ਰਿਪੋਰਟ ’ਤੇ ਆਧਾਰਿਤ ਹੈ, ਵਿਚ ਜੋ ਤੱਥ ਪੇਸ਼ ਕੀਤੇ ਗਏ ਹਨ, ਉਹ ਵਾਕਿਆ ਹੀ ਪੰਜਾਬ ਲਈ ਖ਼ਤਰੇ ਦੀ ਘੰਟੀ ਸਿੱਧ ਹੋਣਗੇ ਪਰ ਅਫ਼ਸੋਸ ਕਿ ਸਰਕਾਰ ਨੂੰ ਡਾ. ਸੁਖਪਾਲ ਸਿੰਘ ਅਤੇ ਉਨ੍ਹਾਂ ਵਰਗੇ ਹੋਰ ਚਿੰਤਤ ਵਿਗਿਆਨੀਆਂ ਦੀਆਂ ਖੋਜ ਰਿਪੋਰਟਾਂ ਨਾਲ ਕੋਈ ਮਤਲਬ ਹੀ ਨਹੀਂ। ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਥਾਲੀਆਂ, ਘੰਟੀਆਂ, ਸੰਖ ਵਜਾ ਕੇ ਅਤੇ ਬਿਜਲੀ ਬੰਦ ਕਰ ਕੇ ਦੀਵੇ, ਮੋਮਬੱਤੀਆਂ ਜਗਾ ਕੇ ਕਰੋਨਾ ਨਾਲ ਲੜਨ ਦਾ ਸੱਦਾ ਦੇ ਰਿਹਾ ਹੋਵੇ ਅਤੇ ਉਸ ਦੇ ਮੰਤਰੀ ਗਊ ਮੂਤਰ ਨਾਲ ਇਲਾਜ ਕਰਨ ਦੇ ਦਾਅਵੇ ਕਰ ਰਹੇ ਹੋਣ, ਉਨ੍ਹਾਂ ਤੋਂ ਵਿਗਿਆਨਕ ਰਿਪੋਰਟਾਂ ਤੋਂ ਸਿੱਖਣ ਦੀ ਕੀ ਆਸ ਕੀਤੀ ਜਾ ਸਕਦੀ ਹੈ? ਅਜਿਹੇ ਸਿਆਸਤਦਾਨਾਂ ਨੂੰ ਦੇਸ਼ ਦੀ ਕੋਈ ਚਿੰਤਾ ਨਹੀਂ ਸਗੋਂ ਕਰੋਨਾ ਦਾ ਡਰ ਫੈਲਾ ਕੇ ਆਪਣੀਆਂ ਨਾਕਾਮੀਆਂ ਲੁਕੋਣ ਲਈ ਵਰਤ ਕੇ ਆਪਣੇ ਛੁਪੇ ਮਨਸੂਬੇ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ’ਚ ਕਿਸਾਨ ਜਥੇਬੰਦੀਆਂ ਸਰਕਾਰ ਦੀ ਇਸ ਨੀਤੀ ਨੂੰ ਭਾਂਪਦੀਆਂ ਹੋਈਆਂ ਸੰਘਰਸ਼ ਦੇ ਮੈਦਾਨ ਵਿਚ ਆਈਆਂ ਹਨ, ਪਰ ਇਹ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਦੇ ਸੰਘਰਸ਼ ਕੀ ਰੰਗ ਲਿਆਉਣਗੇ।
ਜਸਵੰਤ ਜ਼ੀਰਖ, ਲੁਧਿਆਣਾ


ਸੜਕ ਹਾਦਸੇ

30 ਜੁਲਾਈ ਦੇ ‘ਜਵਾਂ ਤਰੰਗ’ ਪੰਨੇ ’ਤੇ ਗੁਰਦੀਪ ਸਿੰਘ ਕਾਲੇਕਾ ਦਾ ਲੇਖ ‘ਸੜਕ ਹਾਦਸਿਆਂ ਦੀ ਭੇਟ ਚੜ੍ਹਦੀ ਜਵਾਨੀ’ ਪੜ੍ਹਿਆ। ਸੋਚਣ ਵਾਲਾ ਮਸਲਾ ਹੈ ਕਿ ਨੌਜਵਾਨ ਪੀੜ੍ਹੀ ਸੜਕ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਨਸ਼ਾ ਕਰ ਕੇ ਗੱਡੀ ਨੂੰ ਚਲਾਉਣਾ, ਆਪ ਮੌਤ ਸਹੇੜਨ ਵਾਲਾ ਕੰਮ ਹੈ। ਪੁਰਾਣੀਆਂ ਗੱਡੀਆਂ ਅਤੇ ਖ਼ਰਾਬ ਸੜਕਾਂ ਵੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।
ਗਗਨਦੀਪ ਅੱਤਰੀ, ਪਿੰਡ ਭੁਰਥਲਾ ਮੰਡੇਰ (ਮਲੇਰਕੋਟਲਾ)

ਪਾਠਕਾਂ ਦੇ ਖ਼ਤ Other

Aug 03, 2020

ਸਿਆਸੀ ਮੁੱਦੇ ਅਤੇ ਨਾਇਕ ਦੀ ਤਲਾਸ਼

1 ਅਗਸਤ ਨੂੰ ਅਮਨਦੀਪ ਸਿੰਘ ਸੇਖੋਂ ਦਾ ਲੇਖ ‘ਸਿਆਸਤਦਾਨ, ਸਿਆਸੀ ਇੱਛਾ ਸ਼ਕਤੀ ਤੇ ਅਵਾਮ’ ਪੜ੍ਹਿਆ। ਬਹੁਤ ਵਧੀਆ ਨੈਰੇਟਿਵ ਹੈ। ਵਾਕਈ ਭਗਤ ਸਿੰਘ ਸਿਆਸੀ ਮੁੱਦਿਆਂ ਨੂੰ ਜਨਤਕ ਕਟਹਿਰੇ ’ਚ ਲਿਆਉਣ ਪੱਖੋਂ ਬੜਾ ਹੀ ਸਿਆਣਾ ਨੇਤਾ ਸੀ। ਉਹ ਆਪਣੇ ਹਰ ਐਕਸ਼ਨ, ਮਾਅਰਕੇ ਤੇ ਜੇਲ੍ਹ ਅੰਦਰ ਦਿੱਤੇ ਬਿਆਨ ਨੂੰ ਜਨਤਕ ਕਰਨ ’ਤੇ ਜ਼ੋਰ ਦਿੰਦਾ ਸੀ। ਸਰਮਾਏਦਾਰੀ ਸਨਅਤੀ ਕ੍ਰਾਂਤੀ ਕਾਲ ਨੇ ਨਾਵਲ ’ਚ ਹੀਰੋ ਦੀ ਮੌਤ ਦਾ ਐਲਾਨ ਤਾਂ ਕਰ ਦਿੱਤਾ ਪਰ ਭਾਰਤੀ ਮਾਨਸਿਕਤਾ ਨੇ ਇਸ ਸੰਕਲਪ ਨੂੰ ਸਵੀਕਾਰ ਨਹੀਂ ਕੀਤਾ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਦੇ ਨਾਇਕਾਂ ਤੋਂ ਲੈ ਕੇ ਅੰਨਾ ਹਜ਼ਾਰੇ ਤਕ ਭਾਰਤੀ ਲੋਕ-ਮਾਨਸ ਕਿਸੇ ਹੀਰੋ ਦੀ ਇੰਤਜ਼ਾਰ ਕਰਦੀ ਹੈ ਅਤੇ ਇਸ ਹੀਰੋ ਦੀ ਸਫ਼ਲਤਾ ਸਿਆਸੀ ਮੁੱਦਿਆਂ ਨੂੰ ਜਨਤਾ ’ਚ ਲਿਆਉਣ ਦੇ ਦਾਅ ਪੇਚਾਂ ’ਤੇ ਨਿਰਭਰ ਕਰਦੀ ਹੈ। ਦੇਸ਼ ’ਚ ਜਨਤਕ ਉਭਾਰ ਉੱਠਦੇ ਰਹਿਣਗੇ ਪਰ ਕਿਸੇ ਨਾਇਕਤਵ ਦੀ ਮੌਜੂਦਗੀ ਖੁਣੋਂ ਠੁੱਸ ਵੀ ਹੁੰਦੇ ਰਹਿਣਗੇ। ਇਹ ਕੁਝ ਹੀ ਤਾਂ ਅੱਜ ਜੇਲ੍ਹੀਂ ਬੈਠੇ ਲੇਖਕਾਂ, ਬੁੱਧੀਜੀਵੀਆਂ, ਮਾਨਵੀ ਅਧਿਕਾਰਾਂ ਦੇ ਕਾਰਕੁਨਾਂ ਆਦਿ ਦੀ ਹੋਣੀ ਹੈ।
ਲਾਭ ਸਿੰਘ ਖੀਵਾ, ਚੰਡੀਗੜ੍ਹ


ਇਤਿਹਾਸ ਦੇ ਅਣਫ਼ੋਲੇ ਵਰਕੇ

ਸ਼ਨਿਚਰਵਾਰ (1 ਅਗਸਤ) ਨੂੰ ਇੰਟਰਨੈੱਟ ਸਫ਼ੇ ’ਤੇ ‘ਤਬਸਰਾ’ ਉੱਤੇ ਜਸਵੀਰ ਸਿੰਘ ਭਾਕੜ ਦੀ ਰਚਨਾ ‘ਸ਼ਹੀਦ ਊਧਮ ਸਿੰਘ : ਇਤਿਹਾਸ ਦੇ ਅਣਫ਼ੋਲੇ ਵਰਕੇ’ ਪੜ੍ਹੀ ਜਿਸ ਵਿਚ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਇੰਗਲੈਂਡ ਕਿਆਮ ਦੌਰਾਨ ਜੀਵਨ ਦੇ ਕੁਝ ਅਹਿਮ ਪੱਖਾਂ ਬਾਰੇ ਚਾਨਣਾ ਪਾਇਆ। ਸੱਚਮੁੱਚ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਲਾਸਾਨੀ ਹੈ। ਉਸ ਦਾ ਜੀਵਨ ਦੱਸਦਾ ਹੈ ਕਿ ਉਹ ਵੱਖ ਵੱਖ ਸ਼ਖ਼ਸੀਅਤਾਂ ਨਾਲ ਕਿਸ ਤਰ੍ਹਾਂ ਰਾਬਤਾ ਰੱਖਦਾ ਹੈ।
ਗੁਰਮੀਤ ਸਿੰਘ, ਵੇਰਕਾ


ਕਿਸਾਨਾਂ ਦੀ ਜ਼ਮੀਨ ਦਾਅ ’ਤੇ

1 ਅਗਸਤ ਨੂੰ ਖੇਤੀ ਪੰਨੇ ਉੱਤੇ ਹਮੀਰ ਸਿੰਘ ਦਾ ਲੇਖ ‘ਖੇਤੀ ਆਰਡੀਨੈਂਸ : ਕਿਸਾਨ ਅੰਦੋਲਨ ਤੇ ਗ੍ਰਾਮ ਸਭਾਵਾਂ’ ਪੜ੍ਹਿਆ। ਪੜ੍ਹ ਕੇ ਪਤਾ ਲੱਗਿਆ ਕਿ ਇਨ੍ਹਾਂ ਆਰਡੀਨੈਂਸਾਂ ਕਾਰਨ ਸਾਡੀਆਂ ਜ਼ਮੀਨਾਂ ਹੌਲੀ ਹੌਲੀ ਕਾਰਪੋਰੇਟ ਕੰਪਨੀਆਂ ਕੋਲ ਚਲੀਆਂ ਜਾਣਗੀਆਂ; ਨਾਲ ਹੀ ਹੋਰ ਬਹੁਤ ਸਾਰੇ ਵਰਗ ਜਿਵੇਂ ਛੋਟੇ ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ, ਦਿਹਾੜੀਦਾਰ ਵੀ ਇਨ੍ਹਾਂ ਆਰਡੀਨੈਂਸਾਂ ਦਾ ਸ਼ਿਕਾਰ ਹੋ ਕੇ ਖ਼ਤਮ ਹੋ ਜਾਣਗੇ। ਇਸ ਕਰਕੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਪਿੰਡ ਦੀ ਗ੍ਰਾਮ ਸਭਾ ਤੋਂ ਲੈ ਕੇ ਪੂਰੇ ਦੇਸ਼ ਪੱਧਰ ਤਕ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਸੰਪਾਦਕੀ ‘ਨਵੀਂ ਸਿੱਖਿਆ ਨੀਤੀ’ ਪੜ੍ਹਿਆ। ਇਹ ਨੀਤੀ ਦਰਅਸਲ, ਵਪਾਰੀਕਰਨ ਅਤੇ ਨਿੱਜੀਕਰਨ ਨੂੰ ਸੱਦਾ ਦੇਣ ਲਈ ਬਣਾਈ ਗਈ ਹੈ। ਇਸ ਨੀਤੀ ਤਹਿਤ ਜਿੱਥੇ ਨਿੱਜੀਕਰਨ ਵਧੇਗਾ, ਉੱਥੇ ਹੀ ਸਰਕਾਰੀ ਤੰਤਰ ਦਾ ਘਾਣ ਹੋਵੇਗਾ। ਸਿੱਖਿਆ ਮਹਿੰਗੀ ਹੋ ਜਾਵੇਗੀ ਜਿਸ ਕਾਰਨ ਗ਼ਰੀਬ ਅਤੇ ਆਮ ਲੋਕ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਜਾਣਗੇ।
ਜਗਜੀਤ ਸਿੰਘ, ਅਸੀਰ (ਡੱਬਵਾਲੀ)


ਖੇਤੀਬਾੜੀ ਦੀ ਪੜ੍ਹਾਈ

1 ਅਗਸਤ ਨੂੰ ਪਹਿਲੇ ਸਫ਼ੇ ’ਤੇ ਫਰੀਦਕੋਟ ਤੋਂ ਜਸਵੰਤ ਜੱਸ ਦੀ ਰਿਪੋਰਟ ‘ਕੇਂਦਰੀ ਕੌਂਸਲ ਵੱਲੋਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਖੇਤੀਬਾੜੀ ਵਿਭਾਗ ਨੂੰ ਮਾਨਤਾ ਦੇਣ ਤੋਂ ਨਾਂਹ’ ਪੜ੍ਹੀ। ਇਹ ਖ਼ਬਰ ਖੇਤੀਬਾੜੀ ਦੀ ਪੜ੍ਹਾਈ ਦੇ ਚਾਹਵਾਨ ਮਾਲਵਾ ਇਲਾਕੇ ਦੇ ਵਿਦਿਆਰਥੀਆਂ ਲਈ ਬੇਹੱਦ ਦੁਖਦਾਈ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਅਤੇ ਪੰਜਾਬ ਕੌਂਸਲ ਆਫ਼ ਐਗਰੀਕਲਚਰ ਦੀਆਂ ਸਖ਼ਤ ਸ਼ਰਤਾਂ ਕਾਰਨ ਬਰਜਿੰਦਰਾ ਕਾਲਜ ਵਿਚ ਇਸ ਵਾਰ ਬੀਐਸਸੀ ਖੇਤੀਬਾੜੀ ਲਈ ਨਵੇਂ ਦਾਖਲੇ ਨਹੀਂ ਹੋਣਗੇ। ਸਰਕਾਰੀ ਕਾਲਜ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੰਜਾਬ ਸਰਕਾਰ ਦਾ ਫਰਜ਼ ਹੈ। ਜੇਕਰ ਇਸ ਵਾਰ ਸਬੰਧਿਤ ਮਸਲੇ ਨੂੰ ਲੈ ਕੇ ਕਾਲਜ ਵਿਚ ਦਾਖ਼ਲਾ ਨਹੀਂ ਹੁੰਦਾ ਤਾਂ ਇਹ ਪੰਜਾਬ ਸਰਕਾਰ ਦੀ ਵੱਡੀ ਨਾਲਾਇਕੀ ਹੀ ਮੰਨੀ ਜਾਵੇਗੀ।
ਰਾਜਿੰਦਰ ਸਿੰਘ ਮਰਾਹੜ, ਪਿੰਡ ਕੋਠਾ ਗੁਰੂ (ਬਠਿੰਡਾ)


ਮਨਪ੍ਰੀਤ ਬਾਦਲ ਦਾ ਫਰਮਾਨ

31 ਜੁਲਾਈ ਨੂੰ ਅੱਠਵੇਂ ਸਫ਼ੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਠਿੰਡੇ ਤੋਂ ਬਿਆਨ ਛਪਿਆ ਹੈ ਕਿ ਸਰਕਾਰੀ ਖ਼ਜ਼ਾਨੇ ’ਚੋਂ ਮੋਰੀ ਵਾਲੇ ਪੈਸੇ ਦੀ ਵੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦਰੁਸਤ ਫਰਮਾਇਆ ਹੈ ਪਰ ਜਾਪਦਾ ਹੈ ਕਿ ਸਰਕਾਰ ਨੇ ਦੁਰਵਰਤੋਂ ਬੰਦ ਕਰਦੇ ਕਰਦੇ, ਪੈਸੇ ਦੀ ਵਰਤੋਂ ਹੀ ਬੰਦ ਕਰ ਦਿੱਤੀ ਹੈ, ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਜਨਵਰੀ 2016 ਤੋਂ ਨਵੇਂ ਤਨਖ਼ਾਹ ਸਕੇਲ, ਕੁੜੀਆਂ ਦੇ ਵਿਆਹ ਵਾਲੇ ਸ਼ਗਨ, ਬੱਚਿਆਂ ਦੇ ਮੋਬਾਇਲ ਫੋਨ ਸਭ ਦਾ ਸਰਫ਼ਾ ਖਾ ਗਿਆ ਹੈ। ਦੂਜੇ ਪਾਸੇ ਵਿਧਾਇਕਾਂ ਨੂੰ 15000 ਰੁਪਏ ਫ਼ੋਨ ਭੱਤਾ ਮਿਲ ਰਿਹਾ ਹੈ। ਇਕ ਇਕ ਲੀਡਰ ਨੂੰ ਪੰਜ ਪੰਜ ਪੈਨਸ਼ਨਾਂ ਮਿਲ ਰਹੀਆਂ ਹਨ।
ਅੰਗਰੇਜ਼ ਸਿੰਘ, ਲਹਿਰਾ ਮੁਹੱਬਤ


ਮਿਹਨਤ ਦਾ ਪਾਠ

31 ਜੁਲਾਈ ਨੂੰ ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼’ ਮਿਹਨਤ ਕਰ ਕੇ ਗੁਜ਼ਾਰਾ ਕਰਨ ਦਾ ਪਾਠ ਪੜ੍ਹਾਉਣ ਵਾਲਾ ਹੈ। ਲਿਖਤ ਸਿੱਖਿਆਦਾਇਕ ਹੈ।
ਸ਼ਾਮ ਲਾਲ ਕੌਸ਼ਲ, ਰੋਹਤਕ


(2)

ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼ਾ’ ਪੂਰੇ ਪਰਿਵਾਰ ਨਾਲ ਬੈਠ ਕੇ ਪੜ੍ਹਿਆ। ਜ਼ਿੰਦਗੀ ਵਿਚ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਜੋ ਇਨਸਾਨ ਮੂਲ ਰੂਪ ਵਿਚ ਚੰਗਿਆਈ ਦਾ ਪੱਖ ਪੂਰਦਾ ਹੈ, ਉਸ ਦੀ ਗਿਣਤੀ ਹਮੇਸ਼ਾ ਵਧੀਆ ਇਨਸਾਨਾਂ ਵਿਚ ਹੋਵੇਗੀ। ਲਿਖਤ ਦਾ ਸੁਨੇਹਾ ਜ਼ੋਰਦਾਰ ਹੈ।
ਇਕਬਾਲਜੀਤ ਸਿੰਘ ਬੈਨੀਪਾਲ, ਖੰਨਾ


ਵਿਰਾਸਤ ਦੀ ਸੰਭਾਲ

25 ਜੁਲਾਈ ਨੂੰ ਸੰਪਾਦਕੀ ‘ਵਿਰਾਸਤ ਦੀ ਸੰਭਾਲ’ ਪੜ੍ਹਿਆ ਜਿਸ ਵਿਚ ਰਾਮ ਮੰਦਰ ਵਾਲੀ ਥਾਂ ਤੋਂ ਮਿਲੀਆਂ ਉਨ੍ਹਾਂ ਵਸਤਾਂ ਦਾ ਜ਼ਿਕਰ ਹੈ ਜਿਹੜੀਆਂ ਆਮ ਕਰਕੇ ਬੁੱਧ ਧਰਮ ਨਾਲ ਜੁੜੀਆਂ ਥਾਵਾਂ ਤੋਂ ਮਿਲਦੀਆਂ ਹਨ। ਸੁਪਰੀਮ ਕੋਰਟ ਨੇ ਇਨ੍ਹਾਂ ਵਸਤਾਂ ਦੀ ਸੰਭਾਲ ਬਾਰੇ ਪਾਈਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਅਜਿਹਾ ਸ਼ਾਇਦ ਇਸ ਕਰ ਕੇ ਕੀਤਾ ਗਿਆ ਹੈ ਤਾਂ ਕਿ ਕੱਲ੍ਹ ਨੂੰ ਇਨ੍ਹਾਂ ਵਸਤਾਂ ਨੂੰ ਆਧਾਰ ਬਣਾ ਕੇ ਕੋਈ ਅਦਾਲਤ ਵਿਚ ਨਾ ਚਲਾ ਜਾਵੇ। ਕਮਾਲ ਹੈ ਕਿ ਅਦਾਲਤ ਆਸਥਾ ਦੇ ਆਧਾਰ ’ਤੇ ਫ਼ੈਸਲੇ ਕਰ ਰਹੀ ਹੈ।
ਗੁਰਨਾਮ ਸਿੰਘ, ਰੂਪਨਗਰ

ਡਾਕ ਐਤਵਾਰ ਦੀ Other

Aug 02, 2020

ਗਣਿਤ ਦਾ ਅੰਗਰੇਜ਼ੀ ਹਿਸਾਬ

26 ਜੁਲਾਈ ਨੂੰ ਡਾ. ਜੋਗਾ ਸਿੰਘ ਦਾ ਲੇਖ ‘ਗਣਿਤ ਦਾ ਅੰਗਰੇਜ਼ੀ ਹਿਸਾਬ’ ਬਹੁਤ ਹੀ ਅਹਿਮ ਮੁੱਦੇ ਦੀ ਬਾਤ ਪਾਉਂਦਾ ਹੈ ਤੇ ਸਮਾਜ ਨੂੰ ਸੁਚੇਤ ਕਰਦਾ ਹੈ। ਸਾਰੀ ਦੁਨੀਆ ਦੇ ਭਾਸ਼ਾ ਵਿਗਿਆਨੀ ਉੱਚੀ-ਉੱਚੀ ਕੂਕ ਕੇ ਕਹਿੰਦੇ ਹਨ ਕਿ ਬੱਚੇ ਨੂੰ ਮੁੱਢਲੀ ਵਿੱਦਿਆ ਉਸ ਦੀ ਮਾਤ-ਭਾਸ਼ਾ ’ਚ ਦਿੱਤੀ ਜਾਣੀ ਚਾਹੀਦੀ ਹੈ, ਪਰ ਪੰਜਾਬ ਸਰਕਾਰ ਤਾਂਗੇ ਅੱਗੇ ਘੋੜਾ ਜੋੜਨ ਦੀ ਬਜਾਏ ਘੋੜੇ ਅੱਗੇ ਤਾਂਗਾ ਜੋੜਨ ਦੀ ਜ਼ਿੱਦ ਕਰ ਰਹੀ ਹੈ। ਇਹ ਗੱਲ ਨਹੀਂ ਕਿ ‘ਉਪਰ’ ਬੈਠੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਸਭ ਪਤਾ ਹੈ। ਦਰਅਸਲ, ਸੱਤਾ ਵਿਚ ਬੈਠੇ ਲੋਕ ਨਹੀਂ ਚਾਹੁੰਦੇ ਕਿ ਗ਼ਰੀਬ ਲੋਕਾਂ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਕੰਢੇ ਲੱਗਣ। ਅੰਗਰੇਜ਼ਾਂ ਵੱਲੋਂ ਚਲਾਏ ਵਿੱਦਿਅਕ ਸਿਸਟਮ ਨੇ ਆਜ਼ਾਦ ਭਾਰਤ ਵਿਚ ਕਰੋੜਾਂ ਨੌਜਵਾਨ ਅੰਗਰੇਜ਼ੀ ਦੇ ਡਰੋਂ ਸਕੂਲਾਂ ’ਚੋਂ ਭਜਾਏ। ਜਿਨ੍ਹਾਂ ਵਿਸ਼ਿਆਂ ’ਚ ਉਹ ਮਾਅਰਕੇ ਮਾਰ ਸਕਦੇ ਸਨ ਉਸ ਸਿਸਟਮ ਨੇ ਉਹ ਵੀ ਮਿੱਟੀ ’ਚ ਮਿਲਾ ਦਿੱਤੇ। ਹੁਣ ਸ਼ਾਇਦ ਅੰਗਰੇਜ਼ੀ ’ਚ ਗਣਿਤ ਪੜ੍ਹਾ ਕੇ ਬੱਚਿਆਂ ਨੂੰ ਸਕੂਲਾਂ ’ਚੋਂ ਭਜਾਇਆ ਜਾਵੇਗਾ। ਸਮਝ ਨਹੀਂ ਆਉਂਦੀ ਕਿ ਜਦੋਂ ਬੱਚੇ ਦੇ ਆਲੇ-ਦੁਆਲੇ ਦਾ ਮਾਹੌਲ ਹੀ ਅੰਗਰੇਜ਼ੀ ਦਾ ਨਹੀਂ ਹੋਵੇਗਾ ਤਾਂ ਬੱਚਾ ਅੰਗਰੇਜ਼ੀ ਮਾਧਿਅਮ ’ਚ ਗਣਿਤ ਕਿਵੇਂ ਸਿੱਖ ਸਕੇਗਾ? ਸਰਕਾਰ ਨੂੰ ਆਪਣੀ ਨੀਤੀ ’ਚ ਤਬਦੀਲੀ ਕਰ ਕੇ ਬੱਚੇ ਦੀ ਮਾਤ-ਭਾਸ਼ਾ ’ਚ ਸਿੱਖਿਆ ਦੇਣੀ ਚਾਹੀਦੀ ਹੈ।

ਨਿਰਮਲ ਸਿੰਘ ਕੰਧਾਲਵੀ, ਯੂ.ਕੇ

ਲੁਕਵਾਂ ਸੱਚ ਉਜਾਗਰ ਕਰਦਾ ਲੇਖ

26 ਜੁਲਾਈ ਦੇ ਅੰਕ ਵਿਚ ਸਵਰਾਜਬੀਰ ਦਾ ਲੇਖ ‘ਅਸਫ਼ਲਤਾ ਨੂੰ ਸਫ਼ਲਤਾ ਬਣਾਉਂਦਿਆਂ’ ਨਿਸ਼ਚਿਤ ਤੌਰ ’ਤੇ ਦਿਮਾਗ਼ ’ਤੇ ਛਾਈ ਧੁੰਦ ਹਟਾਉਣ ਦਾ ਯਤਨ ਸੀ। ਅਜੋਕੇ ਸਮੇਂ ਵਿਚ ਬਹੁਤੇ ਪੱਤਰਕਾਰ ਸਿਰਫ਼ ਰਿਪੋਰਟਰ ਦੀ ਭੂਮਿਕਾ ਹੀ ਨਿਭਾਅ ਰਹੇ ਹਨ ਤਾਂ ਇਹ ਲੇਖ ਇਸ ਗੱਲ ਦੀ ਸ਼ਾਹਦੀ ਭਰਨ ਲਈ ਕਾਫ਼ੀ ਹੈ ਕਿ ਪੰਜਾਬ ਵਿਚ ਲੁਕਵੇਂ ਸੱਚ ਨੂੰ ਸਾਹਮਣੇ ਲਿਆਉਣ ਵਾਲੀਆਂ ਕਲਮਾਂ ਵੀ ਮੌਜੂਦ ਹਨ। ਇਸ ਲੇਖ ਵਿਚ ਇਰਾਕ ਯੁੱਧ ਅਤੇ ਸ੍ਰੀਲੰਕਾ ਵਿਚ ਸੁਨਾਮੀ ਦੌਰਾਨ ਵਾਪਰੀਆਂ ਘਟਨਾਵਾਂ ਦਾ ਮੌਜੂਦਾ ਸੰਕਟ ਨਾਲ ਲਿੰਕ ਜੋੜਿਆ ਹੈ। ਇਸ ਤੋਂ ਇਹ ਖਿਆਲ ਮਨ ਵਿਚ ਆਉਣਾ ਸੁਭਾਵਿਕ ਹੀ ਹੈ ਕਿ ‘ਅਤੀਤ ਅਤੇ ਵਰਤਮਾਨ ਦਾ ਤੁਲਨਾਤਮਕ ਅਧਿਐਨ’ ਹੀ ਸਾਨੂੰ ਕਿਸੇ ਮਸਲੇ ਬਾਰੇ ਸਹੀ ਸਮਝ ਦੇ ਸਕਦਾ ਹੈ। ‘ਸਰੀਰਕ ਦੂਰੀ’ ਨੂੰ ‘ਸਮਾਜਿਕ ਦੂਰੀ’ ਦਾ ਨਾਂ ਦੇ ਕੇ ਕਾਰਪੋਰੇਟਾਂ ਨੇ ਹਾਕਮ ਜਮਾਤ ਰਾਹੀਂ ਜਿਸ ਤਰ੍ਹਾਂ ਆਪਣੇ ੲੇਜੰਡੇ ਲਾਗੂ ਕੀਤੇ ਹਨ, ਇਹ ਲੇਖ ਉਸ ਦੀਆਂ ਪਰਤਾਂ ਬਾਖ਼ੂਬੀ ਉਧੇੜਦਾ ਹੈ। ਆਸ ਬੱਝਦੀ ਹੈ ਕਿ ਅਜਿਹੀਆਂ ਕਲਮਾਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਯੋਗ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।

ਪਰਵਿੰਦਰ ਸਿੰਘ ਢੀਂਡਸਾ, ਉੱਭਾਵਾਲ (ਸੰਗਰੂਰ)।

(2)

26 ਜੁਲਾਈ ਦੇ ‘ਅਸਫ਼ਲਤਾ ਨੂੰ ਸਫ਼ਲਤਾ ਬਣਾਉਂਦਿਆਂ’ ਲੇਖ ਵਿਚ ਸਹੀ ਲਿਖਿਆ ਹੈ ਕਿ ਕਰੋਨਾ ਦੀ ਆੜ ਵਿਚ ਸਰਕਾਰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਰਹੀ ਹੈ। ਫਿਰ ਵੀ ਆਮ ਲੋਕਾਂ ਨੂੰ ਦਰਪੇਸ਼ ਮਸਲਿਆਂ ਤੇ ਵੰਗਾਰਾਂ ਦੇ ਹੱਲ ਲਈ ਲੇਖਕ ਦਾ ਕਾਰਪੋਰੇਟ ਅਦਾਰਿਆਂ ਨੂੰ ਦੋੋਸ਼ ਦੇਣਾ ਅਤੇ ਸਮਾਜਵਾਦੀ ਸਿਸਟਮ ਦੀ ਤਾਰੀਫ਼ ਕਰਨਾ ਕਿਸੇ ਤਰ੍ਹਾਂ ਵੀ ਹਕੀਕਤ ਦੀ ਸਹੀ ਪੇਸ਼ਕਾਰੀ ਨਹੀਂ। ਇਹ ਗੱਲ ਤਾਂ ਸਮਾਜਵਾਦ ਨੂੰ ਪ੍ਰਚਾਰਨ ਵਾਲੇ ਵੀ ਮੰਨਦੇ ਹਨ ਕਿ ਮਨੁੱਖ ਦੀਆਂ ਮੂਲ ਲੋੜਾਂ ਅਤੇ ਉਨ੍ਹਾਂ ਨਾਲ ਜੁੜੀਆਂ ਸਮੱੱਸਿਆਵਾਂ ਆਰਥਿਕ ਖੇਤਰ ਨਾਲ ਸਬੰਧਤ ਹਨ। ਯੂਰਪੀ ਤੇ ਹੋਰ ਪੱਛਮੀ ਦੇੇਸ਼ ਜਿਹੜੇ ਪੂੰਜੀਵਾਦ ਅਤੇ ਲੋਕਤੰਤਰ ਨੂੰ ਅਪਣਾ ਕੇ ਚੱਲ ਰਹੇ ਹਨ, ਉੱਥੇ ਆਮ ਲੋਕਾਂ ਦਾ ਆਰਥਿਕ ਜੀਵਨ ਪੱਧਰ ਬਹੁਤ ਵਧੀਆ ਹੈ ਬਨਿਸਬਤ ਉਨ੍ਹਾਂ ਦੇਸ਼ਾਂ ਦੇ ਜਿੱਥੇ ਜਾਂ ਤਾਂ ਪਹਿਲਾਂ ਸਮਾਜਵਾਦੀ ਸਿਸਟਮ ਨੂੰ ਅਪਣਾਇਆ ਗਿਆ ਸੀ ਜਾਂ ਫਿਰ ਹਾਲੇ ਵੀ ਇਸ ਸਿਸਟਮ ਨੂੰ ਅਪਣਾ ਕੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਦੀ ਆਸ ਕੀਤੀ ਜਾ ਰਹੀ ਹੈ। ਜ਼ਰਾ ਆਪਣੇ ਦੇਸ਼ ਵੱਲ ਹੀ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ 1991 ਤੋਂ ਬਾਅਦ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਅਪਣਾਉਣ ਕਰਕੇ ਦੇਸ਼ ਵਿਚ ਲੋਕਾਂ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਿਸੇ ਜ਼ਿਆਦਾ ਰਫ਼ਤਾਰ ਨਾਲ ਸੁਧਰੀ ਹੈ ਅਤੇ ਇਸ ਦੀ ਗਵਾਹੀ ਸਰਕਾਰੀ ਤੇ ਗ਼ੈਰ-ਸਰਕਾਰੀ ਅੰਕੜੇ ਵੀ ਦਿੰਦੇ ਹਨ। ਜਦੋਂ ਇਹ ਲਗਪਗ ਸਾਫ਼ ਹੋ ਚੁੱਕਿਆ ਹੈ ਕਿ ਪੂੰਜੀਵਾਦੀ ਵਿਵਸਥਾ ਹੀ ਮਨੁੱਖੀ ਸੁਭਾਅ ਦੇ ਸਭ ਤੋਂ ਅਨੁਕੂਲ ਅਤੇ ਉਸ ਦੀਆਂ ਆਰਥਿਕ ਲੋੜਾਂ ਨੂੰ ਕਾਰਗਰ ਤੇ ਕਿਫ਼ਾਇਤੀ ਢੰਗ ਨਾਲ ਪੂਰੀਆਂ ਕਰਨ ਵਾਲੀ ਹੋਣ ਦੇ ਨਾਲ-ਨਾਲ ਹੀ ਜ਼ਿਆਦਾ ਨਿਆਂਇਕ ਵਿਵਸਥਾ ਵੀ ਹੈ ਤਾਂ ਇਹ ਗੱਲ ਸਮਝੋਂ ਬਾਹਰ ਦੀ ਹੈ ਕਿ ਇਸ ਦੇਸ਼ ਤੇ ਖ਼ਾਸ ਕਰਕੇ ਪੰਜਾਬ ਦੇ ਬੁੱਧੀਜੀਵੀ ਹਾਲੇ ਵੀ ਸਮਾਜਵਾਦੀ/ ਕਮਿਊਨਿਸਟ ਵਿਚਾਰਧਾਰਾ ਨੂੰ ਕਿਸ ਆਧਾਰ ’ਤੇ ਬਿਹਤਰ ਵਿਵਸਥਾ ਦੱਸ ਰਹੇ ਹਨ। ਊਨ੍ਹਾਂ ਕੋਲ ਵਿਸ਼ਵ ਭਰ ਦੇ ਦੇਸ਼ਾਂ ਵਿਚ ਅਜਿਹੀ ਵਿਵਸਥਾ ਅਪਣਾਉਣ ਕਰਕੇ ਮਾਰੀਆਂ ਮੱਲਾਂ ਦਾ ਬਿਓਰਾ ਹੋਵੇ ਤਾਂ ਕਿ੍ਰਪਾ ਕਰਕੇ ਜ਼ਰੂਰ ਚਾਨਣਾ ਪਾਉਣ।

ਬਲਜਿੰਦਰ ਸਿੰਘ ਰਾਏਸਰ, ਲਹਿਰਾ ਮੁਹੱਬਤ (ਬਠਿੰਡਾ)

ਪਾਠਕਾਂ ਦੇ ਖ਼ਤ Other

Aug 01, 2020

ਜ਼ੁਬਾਨਾਂ ਬਨਾਮ ਧਰਮ

31 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਅਭੈ ਸਿੰਘ ਦਾ ਭਾਸ਼ਾਵਾਂ ਦੇ ਮਸਲੇ ’ਤੇ ਲੇਖ ਵਧੀਆ ਲੱਗਿਆ। ਲੇਖਕ ਨੇ ਜਿਹੜੀਆਂ ਤੰਗਨਜ਼ਰ ਤਾਕਤਾਂ ਦੀ ਗੱਲ ਕੀਤੀ ਹੈ, ਉਨ੍ਹਾਂ ਕੱਟੜਪੰਥੀਆਂ ਨੇ ਧਰਮ ਨਿਰਪੱਖ ਭਾਰਤ ਵਿਚ ਭਾਸ਼ਾਵਾਂ ਦਾ ਵੀ ਮਜ਼ਹਬੀਕਰਨ ਕਰ ਦਿੱਤਾ ਹੈ। ਪਹਿਲੀ ਗੱਲ, ਮੁਸਲਮਾਨ ਭਾਰਤ ਵਿਚ ਸਭ ਤੋਂ ਵੱਡੀ ਘੱਟਗਿਣਤੀ ਹੈ ਅਤੇ ਉਰਦੂ ਨਾਲ ਜੁੜੇ ਹੋਏ ਹਨ। ਹਿੰਦੀ ਤੋਂ ਬਾਅਦ ਅਗਰ ਕਿਸੇ ਦੂਸਰੀ ਭਾਸ਼ਾ ਨੂੰ ਖ਼ਾਸ ਦਰਜਾ ਮਿਲਣਾ ਚਾਹੀਦਾ ਹੈ ਤਾਂ ਉਹ ਸਿਰਫ਼ ਉਰਦੂ ਹੈ। ਦੂਸਰੀ ਗੱਲ, ਅੱਜਕੱਲ੍ਹ ਭਾਰਤ ’ਤੇ ਕਾਬਜ਼ ਕੱਟੜਪੰਥੀਆਂ ਦੇ ਪੁਰਖਿਆਂ ਨੇ ਸੰਸਕ੍ਰਿਤ ਜਿਹੀ ਅਮੀਰ ਭਾਸ਼ਾ ਨੂੰ ਲੋਕ-ਭਾਸ਼ਾ ਵਜੋਂ ਪ੍ਰਚੱਲਿਤ ਨਾ ਹੋਣ ਦੇਣ ਦੇ ਬੱਜਰ ਗੁਨਾਹ ਕੀਤਾ ਅਤੇ ਇਸ ਭਾਸ਼ਾ ਨੂੰ ਅਗਿਆਨਪੁਣੇ ਦੀ ਭੇਟ ਚੜ੍ਹਾ ਕੇ ਦੇਸ਼ ਵਿਚੋਂ ਤਕਰੀਬਨ ਲੋਪ ਕਰਵਾ ਦਿੱਤਾ। ਅਗਰ ਇਸ ਭਾਸ਼ਾ ਨੂੰ ਇਕ ਵਰਗ ਦੀ ਜਗੀਰ ਨਾ ਬਣਾ ਕੇ, ਅਖੌਤੀ ਹੇਠਲੇ ਦਰਜੇ ਦੇ ਲੋਕਾਂ ਨੂੰ, ਇਸ ਦੇ ਇਸਤੇਮਾਲ ਤੋਂ ਨਾ ਰੋਕਿਆ ਹੁੰਦਾ ਤਾਂ ਅੱਜ ਇਹ ਪੁਰਾਤਨ ਭਾਸ਼ਾ ਕੌਮਾਂਤਰੀ ਭਾਸ਼ਾ ਬਣਨ ਦਾ ਦਮ ਰੱਖਦੀ ਹੁੰਦੀ ਪਰ ਅਫ਼ਸੋਸ ਇਹ ਲੋਕ ਅੱਜ ਫਿਰ ਜ਼ੁਬਾਨਾਂ ਦਾ ਮਜ਼ਹਬੀਕਰਨ ਕਰ ਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਤਿਆਰ ਕਰਨ ਲੱਗੇ ਹੋਏ ਹਨ।
ਜਸਵੰਤ ਰਾਏ, ਚੰਡੀਗੜ੍ਹ


ਰੌਚਿਕ ਅਤੇ ਸਿੱਖਿਆਦਾਇਕ

31 ਜੁਲਾਈ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼ਾ’ ਰੌਚਿਕ ਅਤੇ ਸਿੱਖਿਆਦਾਇਕ ਹੈ। ਵਿਹਲੜ ਲੋਕਾਂ ਲਈ ਮਿਸਾਲ ਹੈ ਸੀਤਾ ਰਾਮ। ਉਸ ਨੇ ਮੁਫ਼ਤ ਖਾਣੇ ਤੋਂ ਕੋਰੀ ਨਾਂਹ ਕਰ ਕੇ ਮਿਹਨਤ ਮਜ਼ਦੂਰੀ ਬਦਲੇ ਰੋਜ਼ੀ ਕਮਾਉਣ ਨੂੰ ਪਹਿਲ ਦਿੱਤੀ। ਆਪਣਾ ਪੂਰਾ ਪਰਿਵਾਰ ਖ਼ਤਮ ਹੋ ਜਾਣ ਦੇ ਬਾਵਜੂਦ ਇਕ ਵਾਰ ਡੋਲ ਜਾਣ ਮਗਰੋਂ ਮੌਤ ਦੇ ਮੂੰਹ ਤੋਂ ਬਚ ਕੇ ਮੁੜ ਸੰਭਲ ਜਾਣਾ, ਅਜਿਹੀਆਂ ਮਿਸਾਲਾਂ ਸਮਾਜ ਵਿਚ ਬਹੁਤ ਘੱਟ ਮਿਲਦੀਆਂ ਹਨ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)


ਨਰੋਆ ਸਭਿਆਚਾਰ ਅਤੇ ਸ਼ਾਸਕ

30 ਜੁਲਾਈ ਨੂੰ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਲੋਕ ਕੀ ਕਹਿਣਗੇ’ ਪੜ੍ਹਿਆ। ਲੋਕ ਕੀ ਕਹਿਣਗੇ ਵਾਲੀ ਫ਼ਿਕਰਮੰਦੀ ਨਰੋਏ ਸਭਿਆਚਾਰ ਦਾ ਮਾਲਿਕ ਇਨਸਾਨ ਹੀ ਕਰ ਸਕਦਾ ਹੈ। ਨਰੋਆ ਸਭਿਆਚਾਰ ਸਾਨੂੰ ਵਿਰਾਸਤ ਵਿਚ ਮਾਂ ਬਾਪ, ਪੁਰਖਿਆਂ ਅਤੇ ਇਸ ’ਤੇ ਉਸਰੇ ਸਮਾਜ ਵਿਚੋਂ ਮਿਲਦਾ ਹੈ। ਹਰ ਦੌਰ ਵਿਚ ਸ਼ਾਸਕਾਂ ਦੀ ਆਪਣੇ ਹਿੱਤਾਂ ਖਾਤਰ ਸਮਾਜਿਕ ਕਦਰਾਂ-ਕੀਮਤਾਂ ਨੂੰ ਢਾਹ ਲਗਾਉਣ ਵਾਲੀ ਨਾਕਾਰਾਤਮਕ ਭੂਮਿਕਾ ਦੇ ਉਲਟ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਵਾਸਤੇ ਆਵਾਜ਼ ਬੁਲੰਦ ਕਰਨ ਦੀਆਂ ਅਨੇਕਾਂ ਮਿਸਾਲਾਂ ਵੀ ਇਤਿਹਾਸ ਵਿਚ ਮਿਲਦੀਆਂ ਹਨ। ਉਸਾਰੂ ਅਤੇ ਅਗਾਂਹਵਧੂ ਸਭਿਆਚਾਰ ਨੂੰ ਮਧੋਲੇ ਬਿਨਾਂ ਅਜੋਕਾ ਸ਼ਾਸਕ ਵਰਗ ਆਪਣੇ ਜਮਾਤੀ ਹਿੱਤਾਂ ਦੇ ਨਿਸ਼ਚਿਤ ਨਤੀਜੇ ਪ੍ਰਾਪਤ ਨਹੀਂ ਕਰ ਸਕਦਾ। ਇਸ ਪ੍ਰਸੰਗ ਵਿਚ ਅੱਜ ਜੋ ਹਾਲਾਤ ਹਨ, ਉਸ ਬਾਰੇ ਸਭ ਲਈ ਸੋਚਣ ਦੀ ਘੜੀ ਹੈ।
ਵਿਜੈ ਕੁਮਾਰ, ਨੰਗਲ


ਮਹਿੰਗੀ ਬਿਜਲੀ

29 ਜੁਲਾਈ ਨੂੰ ਇੰਜਨੀਅਰ ਭੁਪਿੰਦਰ ਸਿੰਘ ਦਾ ਲੇਖ ‘ਸਰਕਾਰੀ ਥਰਮਲ ਪਲਾਂਟ ਬੰਦ ਹੋਣ ਦੀ ਕਗ਼ਾਰ ’ਤੇ’ ਪੜ੍ਹਿਆ। ਥਰਮਲਾਂ ਦੀ ਮਾੜੀ ਹਾਲਤ ਦਾ ਖਮਿਆਜ਼ਾ ਨਾ ਸਿਰਫ਼ ਪੀਐੱਸਪੀਸੀਐੱਲ ਨੂੰ ਭੁਗਤਣਾ ਪੈ ਰਿਹਾ ਹੈ ਬਲਕਿ ਸਮੁੱਚੇ ਪੰਜਾਬ ਦੀ ਜਨਤਾ ਮਹਿੰਗੀ ਬਿਜਲੀ ਹੋਣ ਕਾਰਨ ਇਹ ਭਾਰ ਝੱਲ ਰਹੀ ਹੈ। ਜੇ ਪ੍ਰਾਈਵੇਟ ਸੈਕਟਰ ’ਚ ਚੱਲ ਰਹੇ ਥਰਮਲ ਪਲਾਂਟਾਂ ਵਿਚੋਂ ਘੱਟੋ-ਘੱਟ ਇਕ ਨੂੰ ਸਰਕਾਰ ਦੁਆਰਾ ਖ਼ਰੀਦ ਕੇ ਚਲਾਇਆ ਜਾਵੇ ਤਾਂ ਸਹੀ ਭਾਅ ਸਿਰ ਬਿਜਲੀ ਦਿੱਤੀ ਜਾ ਸਕਦੀ ਹੈ।
ਕ੍ਰਿਸ਼ਨ ਕੁਮਾਰ, ਚੰਡੀਗੜ੍ਹ


ਬਚਪਨ ਚੇਤੇ ਆਇਆ

29 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਅਮਰਜੀਤ ਸਿੰਘ ਮਾਨ ਦਾ ਮਿਡਲ ‘ਠੂਣ੍ਹਿਆਂ ਵਾਲੇ ਦਿਨ’ ਪੜ੍ਹ ਕੇ ਚੰਗਾ ਲੱਗਾ। ਲੇਖਕ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਬਚਪਨ ਵਿਚ ਸੁਹਾਗੇ ’ਤੇ ਠੂਣ੍ਹੇ ਲਏ ਸਨ। ਸੱਚਮੁੱਚ ਪੜ੍ਹ ਕੇ ਆਪਣਾ ਬਚਪਨ ਚੇਤੇ ਆ ਗਿਆ। ਅਜਿਹੀਆਂ ਲਿਖਤਾਂ ਦਿਲ ਨੂੰ ਸਕੂਨ ਬਖ਼ਸ਼ਦੀਆਂ ਹਨ।
ਮਨਦੀਪ ਨਿੱਕੂ, ਪਿੰਡ ਸ਼ਹਿਣਾ (ਬਰਨਾਲਾ)


ਸੰਵਿਧਾਨ ਬਨਾਮ ਭਾਜਪਾ

29 ਜੁਲਾਈ ਨੂੰ ਪਹਿਲੇ ਸਫ਼ੇ ਦੀ ਖ਼ਬਰ ਮੁਤਾਬਿਕ ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਹਟਾਉਣ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਹੈ। ਸੰਸਦ ਦੇ ਪਿਛਲੇ ਸੈਸ਼ਨ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦਾਂ ਨੂੰ ਬਾਅਦ ਵਿਚ ਜੋੜਿਆ ਗਿਆ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਸ਼ਬਦਾਂ ਉੱਤੇ ਹੋਈ ਭਰਵੀਂ ਬਹਿਸ ਵਿਚ ਬਹੁ-ਗਿਣਤੀ ਨੇ ਹਮਾਇਤ ਕੀਤੀ ਸੀ। ਅਟਲ ਬਿਹਾਰੀ ਵਾਜਪਾਈ ਦੀ ਹਕੂਮਤ ਸਮੇਂ ਸਾਰੀਆਂ ਵਿਰੋਧੀ ਪਾਰਟੀਆਂ ਰਾਮ ਮੰਦਰ, ਅੰਧਰਾਸ਼ਟਰਵਾਦ ਅਤੇ ਸੰਵਿਧਾਨ ਨਾਲ ਛੇੜ-ਛਾੜ ਨੂੰ ‘ਲੁਕਵਾਂ ਏਜੰਡਾ’ ਆਖਦੀਆਂ ਰਹੀਆਂ ਪਰ ਹੁਣ ਪਿਛਲੇ ਤਕਰੀਬਨ 7 ਸਾਲਾਂ ਤੋਂ ਤਾਂ ਇਹ ਏਜੰਡਾ ਭਾਜਪਾ ਵੱਲੋਂ ‘ਨੰਗਾ’ ਕਰ ਦਿੱਤਾ ਗਿਆ ਹੈ। ਹੁਣ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ।
ਗੁਰਦਿਆਲ ਸਹੋਤਾ, ਲੁਧਿਆਣਾ


ਕਿਰਤੀਆਂ ਦੀ ਆਵਾਜ਼

28 ਜੁਲਾਈ ਦੇ ਲੋਕ ਸੰਵਾਦ ਸਫ਼ੇ ’ਤੇ ਜਗਤਾਰ ਸਿੰਘ ਲਾਂਬਾ ਦਾ ਉੱਘੇ ਕਮਿਊਨਿਸਟ ਨੇਤਾ ਸਤਪਾਲ ਡਾਂਗ ਬਾਰੇ ਲੇਖ ‘ਕਿਰਤੀਆਂ ਦੀ ਆਵਾਜ਼’ ਪੜ੍ਹ ਕੇ ਉਨ੍ਹਾਂ ਦੇ ਲੋਕਪੱਖੀ, ਇਨਕਲਾਬੀ, ਇਮਾਨਦਾਰ ਅਤੇ ਸਾਦੇ ਕਿਰਦਾਰ ਨੂੰ ਵਾਕਈ ਲਾਲ ਸਲਾਮ ਕਰਨਾ ਬਣਦਾ ਹੈ। ਉਹ ਸਹੀ ਅਰਥਾਂ ਵਿਚ ਕਿਰਤੀਆਂ ਨੂੰ ਸਮਰਪਿਤ ਸਨ ਅਤੇ ਸਾਰੀ ਉਮਰ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹੇ। ਉਨ੍ਹਾਂ ਨੇ ਸਿਆਸਤ ਨੂੰ ਲੋਕ ਸੇਵਾ ਵਜੋਂ ਨਿਭਾਇਆ ਅਤੇ ਕਮਿਊਨਿਸਟ ਅਸੂਲਾਂ ਉੱਤੇ ਸਖ਼ਤੀ ਨਾਲ ਪਹਿਰਾ ਦਿੱਤਾ। ਉਨ੍ਹਾਂ ਨੇ ਨਾ ਸਿਰਫ਼ ਅਤਿਵਾਦ ਦਾ ਡਟਵਾਂ ਵਿਰੋਧ ਅਤੇ ਮੁਕਾਬਲਾ ਕੀਤਾ ਬਲਕਿ ਝੂਠੇ ਪੁਲੀਸ ਮੁਕਾਬਿਲਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਵੀ ਅਹਿਮ ਰੋਲ ਨਿਭਾਇਆ। ਅਫ਼ਸੋਸ ਹੈ ਕਿ ਅੱਜ ਦੇ ਕਮਿਊਨਿਸਟ ਨੇਤਾ ਸਤਪਾਲ ਡਾਂਗ ਵਰਗੀ ਸਮਰਪਿਤ ਭਾਵਨਾ ਵਾਂਗ ਕਿਰਤੀ ਜਮਾਤ ਦੇ ਹੱਕਾਂ ਦੀ ਰਾਖੀ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਦੁੱਖ ਇਸ ਗੱਲ ਦਾ ਵੀ ਹੈ ਕਿ ਇਹ ਨੇਤਾ ਦੁਨੀਆਂ ਭਰ ਦੇ ਮਿਹਨਤਕਸ਼ਾਂ ਨੂੰ ਤਾਂ ਇਕ ਹੋਣ ਦਾ ਨਾਅਰਾ ਦਿੰਦੇ ਹਨ ਪਰ ਛੋਟੇ ਛੋਟੇ ਸਿਧਾਂਤਕ ਮਤਭੇਦਾਂ ਕਰ ਕੇ ਆਪ ਖ਼ੁਦ ਕਈ ਧੜਿਆਂ ਵਿਚ ਵੰਡੇ ਪਏ ਹਨ। ਇਨ੍ਹਾਂ ਨੂੰ ਮਿਲ-ਬੈਠ ਕੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਿਨਾਂ ਹੋਰ ਸਮਾਂ ਗੁਆਏ ਏਕਤਾ ਕਰਨ ਦੀ ਲੋੜ ਹੈ।
ਦਮਨਜੀਤ ਕੌਰ, ਅੰਮ੍ਰਿਤਸਰ