The Tribune India : Letters to the editor

ਪਾਠਕਾਂ ਦੇ ਖ਼ਤ:

ਡਾਕ ਐਤਵਾਰ ਦੀ Other

Apr 30, 2023

ਬਿਮਾਰੀਆਂ ਨੂੰ ਸੱਦਾ ਦਿੰਦਾ ਮੋਬਾਈਲ

ਐਤਵਾਰ, 23 ਅਪਰੈਲ ਨੂੰ ‘ਦਸਤਕ’ ਅੰਕ ਵਿਚ ਪ੍ਰੇਮ ਸਿੰਘ ਦਾ ਲੇਖ ‘ਅੱਗੇ ਖੂਹ ਪਿੱਛੇ ਖਾਈ: ਵਾਈ-ਫਾਈ’ ਪੜ੍ਹਿਆ, ਚੰਗਾ ਲੱਗਿਆ। ਮੋਬਾਈਲ ਦੀ ਨਵੀਂ ਤਕਨੀਕ ਨਾਲ ਨਿੱਕੇ ਬੱਚਿਆਂ ਦਾ ਅੰਨ੍ਹਾ ਪਿਆਰ ਉਨ੍ਹਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਛੋਟੀ ਉਮਰ ਵਿਚ ਉਨ੍ਹਾਂ ਨੂੰ ਨਜ਼ਰ ਦੀ ਐਨਕ ਲੱਗ ਜਾਂਦੀ ਹੈ। ਉਨ੍ਹਾਂ ਦਾ ਖਾਣਾ- ਪੀਣਾ ਸਭ ਮੋਬਾਈਲ ਨਾਲ ਚਲਦਾ ਹੈ। ਜ਼ਿਆਦਾਤਰ ਮਾਵਾਂ ਵੀ ਉਨ੍ਹਾਂ ਨੂੰ ਮੋਬਾਈਲ ਫੜਾ ਕੇ ਆਪ ਬੇਫ਼ਿਕਰ ਹੋ ਜਾਂਦੀਆਂ ਹਨ। ਦਰਅਸਲ, ਇਸ ਤਰ੍ਹਾਂ ਕਰ ਕੇ ਆਪਾਂ ਆਪਣੀਆਂ ਸੰਤਾਨਾਂ ਨਾਲ ਅੰਨ੍ਹਿਆਂ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਲਈ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਬੱਬ ਬਣ ਰਹੇ ਹਾਂ। ਮੋਬਾਈਲ ਦੀ ਸਹੀ ਵਰਤੋਂ ਬਾਰੇ ਸਿੱਖਿਆ ਦੇ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਉੱਜਲਾ ਬਣਾ ਸਕਦੇ ਹਾਂ।

ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)


ਲੋਕਾਈ ਨੂੰ ਸਹੀ ਦਿਸ਼ਾ ਮਿਲੇ

ਐਤਵਾਰ, 23 ਅਪਰੈਲ ਦੇ ਅੰਕ ਵਿਚ ਸੰਪਾਦਕੀ ਲੇਖ ‘ਜਮਹੂਰੀ ਬਿਰਤਾਂਤ ਦੀ ਸਿਰਜਣਾ’ ਵਿਚ ਸਹੀ ਕਿਹਾ ਹੈ ਕਿ ਮੁਲਕ ਦੇ ਕੱਟੜਪੰਥੀ ਲੋਕ, ਜਿਨ੍ਹਾਂ ਦੀ ਗਿਣਤੀ ਅੱਜ ਵਧ ਰਹੀ ਹੈ, ਖੱਬੇਪੱਖੀ ਤੇ ਉਦਾਰਵਾਦੀ ਚਿੰਤਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਸ ਪਿਛਲੇ ਕਾਰਨਾਂ ਬਾਰੇ ਪੜਤਾਲ ਕਰਕੇ ਸੰਪਾਦਕੀ ਲੇਖ ਵਿਚ ਦੱਸਿਆ ਗਿਆ ਹੈ। ਇਹ ਸੱਚ ਹੈ ਕਿ ਸਮਾਜ ਦੇ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਵਿਚ ਸਾਡੇ ਵਿਚਾਰਵਾਨ ਲੋਕ ਉਸ ਹੱਦ ਤੱਕ ਕਾਮਯਾਬ ਨਹੀਂ ਹੋ ਰਹੇ, ਜਿਸ ਹੱਦ ਤੱਕ ਖ਼ਾਸ ਵਿਚਾਰਧਾਰਾ ਵਾਲੀ ਮੁਲਕ ਦੀ ਹਾਕਮ ਜਮਾਤ ਆਪਣੇ ਹੱਕ ਵਿਚ ਬਿਰਤਾਂਤ ਸਿਰਜਣ ਵਿੱਚ ਸਫ਼ਲ ਹੋਈ ਹੈ। ਸਮਾਜ ਦੇ ਮੱਧਵਰਗੀ ਤੇ ਉੱਚ ਮੱਧਵਰਗੀ ਦਾਨਿਸ਼ਵਰਾਂ ਦੀ ਸਮਝੌਤਾਵਾਦੀ ਸੋਚ, ਜਿਸ ਨੂੰ ਸਿਰਜਣ ਪਿੱਛੇ ਮੀਡੀਆ ਦਾ ਵੱਡਾ ਰੋਲ ਹੈ, ਇਸ ਦਾ ਇਕ ਛੋਟਾ ਜਿਹਾ ਕਾਰਨ ਹੋ ਸਕਦੀ ਹੈ। ਉਂਜ, ਮੀਡੀਆ ਦੇ ਵਿਛਾਏ ਜਾਲ਼ ਵਿਚ ਨਾ ਉਲਝਣ ਵਾਲੇ ਸੂਝਵਾਨ ਅਤੇ ਤਰਕਸ਼ੀਲ ਲੋਕਾਂ ਦੀ ਸਮਾਜ ਵਿਚ ਕਮੀ ਨਹੀਂ। ਲਿਖਣ ਵਾਲੇ ਪੂਰੀ ਇਮਾਨਦਾਰੀ ਅਤੇ ਬੜੀ ਦਲੇਰੀ ਨਾਲ, ਆਪਣੀ ਅਸਰਦਾਰ ਭਾਸ਼ਾ ਤੇ ਲਹਿਜੇ ਵਿਚ ਆਪਣੇ ਜਮਹੂਰੀ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਹਨ। ਆਮ ਲੋਕਾਂ ਨੂੰ ਭਰਮਾਉਣ ਲਈ ਹਾਕਮਾਂ ਕੋਲ ਇਕੋ-ਇਕ ਜਾਦੂਈ ਚੀਜ਼ ਧਰਮ ਹੁੰਦੀ ਹੈ ਜਿਸ ਦੀ ਤਾਕਤ ਅੱਗੇ ਕਈ ਵਾਰ ਬੁੱਧੀਜੀਵੀਆਂ ਦਾ ਲੋਕਪੱਖੀ ਗਿਆਨ-ਵਿਗਿਆਨ ਕਮਜ਼ੋਰ ਪੈ ਜਾਂਦਾ ਹੈ। ਲੇਕਿਨ ਜਿਵੇਂ ਕਿ ਲੇਖ ’ਚ ਕਿਹਾ ਹੈ: ਅਜਿਹੇ ਚੁਣੌਤੀ ਦੇ ਮਾਹੌਲ ਵਿਚ ਸਮਾਜ ਦੇ ਦਾਨਿਸ਼ਵਰ ਵਰਗ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਆਪਣੇ ਵਿਰਸੇ ਦੀ ਹੋਰ ਡੂੰਘਾਈ ਨਾਲ ਛਾਣਬੀਣ ਕਰਨਾ ਉਨ੍ਹਾਂ ਲਈ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਉਹ ਆਪਣੀ ਸਮਾਨਾਂਤਰ ਯਾਤਰਾ ਜਾਰੀ ਰੱਖਦਿਆਂ ਲੋਕਾਂ ਦੀ ਸੋਚ ਨੂੰ ਸਹੀ ਦਿਸ਼ਾ ਦੇ ਸਕਣ।

ਸ਼ੋਭਨਾ ਵਿਜ, ਪਟਿਆਲਾ


ਮਨਜ਼ੂਰ-ਸ਼ੁਦਾ ਇਤਿਹਾਸ

‘ਬਰੇਵ ਨਿਊ ਵਰਲਡ’ ਦੇ ਲੇਖਕ ਆਲਡਸ ਹਕਸਲੇ ਨੇ 1961 ਵਿਚ ਭਵਿੱਖਬਾਣੀ ਕੀਤੀ ਸੀ ਕਿ ਆਉਂਦੀਆਂ ਕੁਝ ਪੀੜ੍ਹੀਆਂ ਉਪਰੰਤ ਵਾਧੂ ਪ੍ਰਾਪੇਗੰਡ ਅਤੇ ਨਸ਼ਿਆਂ ਦੇ ਪ੍ਰਭਾਵ ਹੇਠ ਆਮ ਲੋਕਾਂ ਵਿਚੋਂ ਵਿਰੋਧ ਕਰਨ ਦੀ ਭਾਵਨਾ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਗ਼ੁਲਾਮ ਬਣਾਏ ਜਾਣ ਦੀ ਮੁਖਾਲਫ਼ਤ ਤਾਂ ਕਰਨੀ ਹੇ, ਉਹ ਉਸ ਗ਼ੁਲਾਮੀ ਨੂੰ ਮਾਨਣ ਹੀ ਲੱਗ ਪੈਣਗੇ। ਇੰਨ-ਬਿੰਨ ਇਹੀ ਵਰਤਾਰਾ ਅੱਜ ਸਾਡੇ ਦੇਸ਼ ਵਿਚ ਚੱਲ ਰਿਹਾ ਹੈ। ਸੱਤਾਧਾਰੀ ਪਾਰਟੀ ਨੇ ਸਕੂਲ ਦੇ ਬੱਚਿਆਂ ਦਾ ਮਾਨਸਿਕ ਬੋਝ ਘਟਾਉਣ ਦੇ ਪੱਜ ਇਤਿਹਾਸ ਦੀਆਂ ਪੁਸਤਕਾਂ ਵਿਚੋਂ ਕਈ ਕੁਝ ਕੱਢ ਦਿੱਤਾ ਹੈ। ਅੱਜ ਦਾ ਮਨਜ਼ੂਰ-ਸ਼ੁਦਾ ਇਤਿਹਾਸ ਰਚਿਆ ਜਾ ਰਿਹਾ ਹੈ। ਸ਼ਾਇਦ ਇਹੋ ਹਾਲ ਵਿਗਿਆਨ ਦਾ ਵੀ ਹੋਵੇ।

ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ


(2)

ਐਤਵਾਰ, 16 ਅਪਰੈਲ ਦੇ ‘ਨਜ਼ਰੀਆ’ ਪੰਨੇ ਦੇ ਲੇਖ ‘ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਇਤਿਹਾਸ’ ਵਿਚ ਸਹੀ ਲਿਖਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਕਤਲੇਆਮ ਕਰਵਾ ਕੇ ਵੀ ਸੱਚ ਨੂੰ ਲੁਕਾ ਲੈਂਦੀਆਂ ਹਨ, ਸਿਰਫ਼ ਲੁਕਾ ਹੀ ਨਹੀਂ ਲੈਂਦੀਆਂ ਸਗੋਂ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਤੋਂ ਵੀ ਪਿੱਛੇ ਨਹੀਂ ਹਟਦੀਆਂ ਪਰ ਸਮਾਂ ਤੇ ਇਤਿਹਾਸ ਇੰਨੇ ਬਲਵਾਨ ਹਨ ਕਿ ਉਨ੍ਹਾਂ ਨੂੰ ਮਿਟਾਉਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ। ਸੱਚ ਨੇ ਤਾਂ ਸੱਚ ਹੀ ਰਹਿਣਾ ਹੈ। ਕੋਈ ਨਾ ਕੋਈ ਹਰਿਆ ਬੂਟ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਵੇਗਾ ਹੀ।

1984 ਵਿੱਚ ਵੀ ਤਾਂ ਅਜਿਹਾ ਹੀ ਹੋਇਆ ਸੀ। ਮਾਰਿਆ ਵੀ ਗਿਆ ਤੇ ਰੋਣ ਵੀ ਨਹੀਂ ਦਿੱਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਲੇਖਕਾਂ ਨੂੰ ਸੱਚ ਬੋਲਣ ਕਾਰਨ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਇਤਿਹਾਸ ਦੇ ਪੰਨਿਆਂ ਨੂੰ ਬਦਲਣ ਦੇ ਯਤਨ ਹੋ ਰਹੇ ਹਨ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕ ਇਸ ਝੂਠੇ ਵਰਤਾਰੇ ਨੂੰ ਅਣਦੇਖਿਆ ਕਰ ਦੇਣਗੇ ਜਾਂ ਚੱਟਾਨ ਵਾਂਗ ਸੱਚ ਨਾਲ ਖੜ੍ਹੇ ਹੋਣਗੇ।

ਡਾ. ਤਰਲੋਚਨ ਕੌਰ, ਪਟਿਆਲਾ

ਪਾਠਕਾਂ ਦੇ ਖ਼ਤ Other

Apr 28, 2023

ਅਪਰਾਧ ਬਨਾਮ ਸਿਆਸਤ

24 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਔਨਿੰਦਿਓ ਚੱਕਰਵਰਤੀ ਦਾ ਲੇਖ ‘ਅਪਰਾਧੀ-ਸਿਆਸਤਦਾਨ ਦੀ ਘਾੜਤ’ ਧਿਆਨ ਖਿੱਚਦਾ ਹੈ ਕਿ ਕਿਵੇਂ ਅਪਰਾਧਿਕ ਬਿਰਤੀਆਂ ਸਿਆਸਤ ਵਿਚ ਭਾਰੂ ਹੋ ਨਿੱਬੜਦੀਆਂ ਹਨ। ਇਸ ਦਾ ਵੱਡਾ ਕਾਰਨ ਦੇਸ਼ ਦੀ ਆਬਾਦੀ ਅਤੇ ਉਸ ਕਾਰਨ ਵੱਡੇ ਪੱਧਰ ’ਤੇ ਫੈਲੀ ਬੇਰੁਜ਼ਗਾਰੀ ਤੇ ਆਮ ਨਾਗਰਿਕ ਸਹੂਲਤਾਂ ਦੀ ਘਾਟ ਹੈ। ਭੁੱਖ ਮਿਟਾਉਣ ਅਤੇ ਸਿਰ ਢਕਣ ਲਈ ਥੁੜ੍ਹਾਂ ਮਾਰੇ ਲੋਕ ਕਈ ਕਿਸਮ ਦੇ ਜੁਗਾੜ ਕਰਦੇ ਹਨ ਤੇ ਉਨ੍ਹਾਂ ਹਾਲਾਤ ਵਿਚ ਕਾਨੂੰਨ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਦੂਜੇ ਪਾਸੇ ਪ੍ਰਸ਼ਾਸਨ ਵੀ ਅਜਿਹੀਆਂ ਛੋਟੀਆਂ ਛੋਟੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਿਸ ਪਿੱਛੇ ਸਿਆਸੀ ਪਾਰਟੀਆਂ ਦੀ ਸੱਤਾ ਪ੍ਰਾਪਤੀ ਦੀ ਲਾਲਸਾ ਛੁਪੀ ਹੁੰਦੀ ਹੈ। ਪੜ੍ਹੇ ਲਿਖੇ ਕੁਲੀਨ ਵਰਗ ਦੀ ਬੇਰੁਖੀ ਇਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਹੋਰ ਦੂਰ ਲੈ ਜਾਂਦੀ ਹੈ।
ਅਮਰਜੀਤ ਸਿੰਘ ਜੰਜੂਆ, ਮਾਜਰਾ ਮੰਨਾ ਸਿੰਘ ਵਾਲਾ (ਫਤਹਿਗੜ੍ਹ ਸਾਹਿਬ)


ਭੇਖੀਆਂ ਦਾ ਪਰਦਾਫਾਸ਼

27 ਅਪਰੈਲ ਦੇ ਅੰਕ ਵਿਚ ਰਣਜੀਤ ਲਹਿਰਾ ਦੀ ਲਿਖਤ ‘ਭੇਖ ਦਾ ਪਰਤਾਪ’ ਪੜ੍ਹੀ। ਵਾਕਿਆ ਹੀ ਮੁਲਕ ’ਚ ਵਿਹਲੜਾਂ ਅਤੇ ਭੇਖਧਾਰੀਆਂ ਦੇ ਵੱਗ ਫਿਰਦੇ ਹਨ। ਇਹ ਅਜਿਹੇ ਭੇਸ ਵਟਾ ਕੇ, ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ। ਅਨਪੜ੍ਹਤਾ ਅਤੇ ਅਗਿਆਨਤਾ ਕਾਰਨ ਭੋਲੇ ਭਾਲੇ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲੇਖਕ ਨੇ ਲਿਖਤ ਦੇ ਅੰਤ ਵਿਚ ਦੇਸ਼ ਦੀ ਵਰਤਮਾਨ ਰਾਜਸੀ ਹਾਲਤ ਬਾਰੇ ਟਿੱਪਣੀ ਕਰ ਕੇ ਲਿਖਤ ਦੀ ਸਾਰਥਿਕਤਾ ਸਿੱਧ ਕੀਤੀ ਹੈ। ਉਂਝ, ਇਕ ਗੱਲ ਜ਼ਰੂਰ ਰੜਕਦੀ ਹੈ ਕਿ ਜਦੋਂ ਸਾਧ ਜਾਂ ਚੇਲਾ ਪਿੰਡ ਬਾਰੇ, ਖ਼ਾਸਕਰ ਧੀਆਂ ਭੈਣਾਂ ਬਾਰੇ ਕੋਝੀਆਂ ਹਰਕਤਾਂ ਕਰਦਾ ਸੀ ਤਾਂ ਪਿੰਡ ਵਾਸੀ ਗੁੰਗੇ ਕਿਉਂ ਬਣੇ ਰਹੇ। ਇਸ ਤੋਂ ਪਹਿਲਾਂ 14 ਅਪਰੈਲ ਦਾ ਸੰਪਾਦਕੀ ‘ਫ਼ਸਲੀ ਨੁਕਸਾਨ ਦੀ ਭਰਪਾਈ’ ਪੜ੍ਹਿਆ। ਬੇਮੌਸਮੀ ਬਾਰਸ਼, ਝੱਖੜ, ਗੜੇਮਾਰੀ ਨਾਲ ਕਣਕ ਦੀ ਫ਼ਸਲ ਦੇ ਖਰਾਬ ਹੋ ਜਾਣ ਕਰ ਕੇ ਕੇਂਦਰ ਸਰਕਾਰ ਨੇ ਕਣਕ ਦੇ ਖ਼ਰੀਦ ਮੁੱਲ ਵਿਚ 5.31 ਰੁਪਏ ਤੋਂ 31.87 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਦਾ ਫਰਮਾਨ ਕੀਤਾ ਹੈ। ਕੁਦਰਤੀ ਆਫ਼ਤ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਿੱਧਾ ਅਤੇ ਹੋਰ ਕਈਆਂ ਦਾ ਅਸਿੱਧਾ ਨੁਕਸਾਨ ਹੋਇਆ ਹੈ। ਸਰਕਾਰ ਨੇ ਨੁਕਸਾਨ ਦੀ ਭਰਪਾਈ ਨਾ ਕਰ ਕੇ ਕਟੌਤੀ ਕਰਨ ਦਾ ਮਾੜਾ ਫ਼ੈਸਲਾ ਕੀਤਾ ਹੈ। ਕੁਦਰਤੀ ਆਫ਼ਤ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਿੱਧਾ ਅਤੇ ਹੋਰ ਕਈਆਂ ਦਾ ਅਸਿੱਧਾ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਦਾ ਫਰਜ਼ ਸੀ ਕਿ ਇਹ ਕੁਦਰਤੀ ਆਫ਼ਤ ਦੀ ਭਰਪਾਈ ਕਰ ਕੇ ਕਿਸਾਨਾਂ ਦੀ ਹਮਦਰਦ ਬਣਦੀ ਪਰ ਇਸ ਫ਼ੈਸਲੇ ਨੇ ਉਤਪਾਦਕ ਤੇ ਖਪਤਕਾਰ ਦੋਹਾਂ ਨੂੰ ਰਾਹਤ ਨਹੀਂ ਦਿੱਤੀ; ਸਰਕਾਰ ਨੂੰ ਸਗੋਂ ‘ਮੁੱਲ ਦੀ ਬਦਨਾਮੀ’ ਮਿਲੀ। ਪੰਜਾਬ ਸਰਕਾਰ ਨੇ ਇਸ ਕਟੌਤੀ ਦਾ ਵੀ ਅਤੇ ਨੁਕਸਾਨੀ ਫ਼ਸਲ ਦੇ ਖ਼ਰਾਬੇ ਦਾ ਬੋਝ ਖ਼ੁਦ ਚੁੱਕਣ ਦਾ ਫ਼ੈਸਲਾ ਕਰ ਕੇ ਸੱਚਮੁੱਚ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਰੱਖਣ ਦਾ ਕੰਮ ਕੀਤਾ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਸੁੱਖ ਦਾ ਬੱਕਰਾ

17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਖੰਨਾ ਦਾ ਲੇਖ ‘ਸੁੱਖ ਦਾ ਬੱਕਰਾ’ ਅਰਥ ਭਰਪੂਰ ਲੇਖ ਹੈ ਜਿਸ ਵਿਚ ਪੁਰਖ ਪ੍ਰਧਾਨ ਸਮਾਜ ਅਤੇ ਅਬਲਾ ਇਸਤਰੀ ਦਾ ਵਰਨਣ ਹੈ। ਇਸਤਰੀ ਪਰਿਵਾਰ ਚਲਾਉਣ ਲਈ ਸਾਰਾ ਸਾਰਾ ਦਿਨ ਟੁੱਟ ਟੁੱਟ ਮਰਦੀ ਹੈ, ਫਿਰ ਵੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਉਸ ’ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਇਸ ਦੇ ਉਲਟ ਇਕ ਪੁਰਖ ਆਪਣੇ ਸਾਰੇ ਦਿਨ ਦੀ ਕਮਾਈ ਆਪਣੀ ਸ਼ਰਾਬ ’ਤੇ ਖ਼ਰਚ ਕਰ ਦਿੰਦਾ ਹੈ ਤੇ ਆਪਣੇ ਪਰਿਵਾਰ ਨੂੰ ਪਾਲਣ-ਪੋਸ਼ਣ ਵਿਚ ਉਸ ਦਾ ਕੋਈ ਯੋਗਦਾਨ ਨਹੀਂ ਹੈ, ਉਹ ਆਪਣੇ ਮਰਦ ਹੋਣ ਦਾ ਪੂਰਾ ਫਾਇਦਾ ਉਠਾਉਂਦਾ ਹੈ ਤੇ ਔਰਤ ਤੇ ਜ਼ੁਲਮ ਢਾਹੁੰਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਫ਼ਰਕ

15 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਕੁੜੀਆਂ ਨੂੰ ਕੌਣ ਪੁੱਛਦੈ…’ (ਲੇਖਕ ਸੁਪਿੰਦਰ ਸਿੰਘ ਰਾਣਾ) ਪੜ੍ਹਿਆ। ਜ਼ਿੰਦਗੀ ਕਿਵੇਂ ਰੁੜ੍ਹੇ, ਇਹ ਸੋਚਣਾ ਬਣਦਾ ਹੈ; ਨਹੀਂ ਤਾਂ ਆਮ ਘਰਾਂ ਵਿਚ ਲੜਾਈ ਝਗੜੇ ਹੁੰਦੇ ਰਹਿਣਗੇ। ਦੁਨੀਆ ਨੇ ਕਿੰਨੀ ਤਰੱਕੀ ਕਰ ਲਈ ਹੈ ਪਰ ਮਰਦ ਅਤੇ ਔਰਤ ਵਿਚਕਾਰ ਬਹੁਤ ਵੱਡਾ ਫ਼ਰਕ ਅਜੇ ਵੀ ਬਰਕਰਾਰ ਹੈ।
ਰਮੇਸ਼ਵਰ ਸਿੰਘ, ਪਟਿਆਲਾ


ਆਨਲਾਈਨ ਗੇਮਿੰਗ

7 ਅਪਰੈਲ ਦੇ ਅੰਕ ਦੇ ਪੰਨਾ ਨੰਬਰ 7 ’ਤੇ ਛਪੀ ਖ਼ਬਰ ‘ਆਨਲਾਈਨ ਗੇਮਿੰਗ ਲਈ ਨਵੇਂ ਨੇਮ ਜਾਰੀ’ ਵਿਚ ਸ਼ਰਤਾਂ ਵਾਲੀਆਂ ਆਨਲਾਈਨ ਗੇਮਿੰਗ ਬਾਰੇ ਇਸ਼ਤਿਹਾਰਾਂ ’ਤੇ ਰੋਕ ਬਾਰੇ ਪੜ੍ਹਿਆ। ਅੱਜ ਕੱਲ੍ਹ ਆਈਪੀਐੱਲ ਚੱਲ ਰਿਹਾ ਹੈ। ਟੀਵੀ ’ਤੇ ਸਿੱਧੇ ਪ੍ਰਸਾਰਨ ਦੌਰਾਨ ਹਰ ਪੰਜ-ਦਸ ਮਿੰਟ ਬਾਅਦ ਡਰੀਮ ਇਲੈਵਨ ਬਣਾਉਣ ਬਾਰੇ ਇਸ਼ਤਿਹਾਰ ਆਉਂਦਾ ਹੈ ਜਿਸ ਦੀ ਮਸ਼ਹੂਰੀ ਤਕਰੀਬਨ ਸਾਰੇ ਮਸ਼ਹੂਰ ਖਿਡਾਰੀ ਕਰਦੇ ਹਨ। ਸਿਤਮ ਦੀ ਗੱਲ ਇਹ ਹੈ ਕਿ ‘ਇਸ ਮੇਂ ਆਰਥਿਕ ਨੁਕਸਾਨ ਔਰ ਲਤ ਲਗਨੇ ਕੀ ਸੰਭਾਵਨਾ ਹੈ, ਕ੍ਰਿਪਿਆ ਧਿਆਨ ਸੇ ਖੇਲੀਏ’ ਕਹਿ ਕੇ ਸਭ ਜ਼ਿੰਮੇਵਾਰੀ ਮੁਕਤ ਹੋ ਜਾਂਦੇ ਹਨ। ਅਜਿਹੇ ਇਸ਼ਤਿਹਾਰਾਂ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਰਾਵਿੰਦਰ ਫਫੜੇ, ਬੁਢਲਾਡਾ ਵੈੱਬ ਸੀਰੀਜ਼ ਵਿਚ ਨਗਨਤਾ ਵੱਖ ਵੱਖ ਮੰਚਾਂ ’ਤੇ ਨਸ਼ਰ ਹੁੰਦੀਆਂ ਵੈੱਬ ਸੀਰੀਜ਼ ਮਨੋਰੰਜਨ ਦਾ ਵਧੀਆ ਸਰੋਤ ਹਨ ਪਰ ਅੱਜ ਕੱਲ੍ਹ ਵੈੱਬ ਸੀਰੀਜ਼ ਨਗਨਤਾ ਜਾਂ ਵਿਸਫੋਟਕ ਸਮੱਗਰੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਅਸ਼ਲੀਲਤਾ ਬਹੁਤ ਭਾਰੂ ਹੈ। ਹਰ ਉਮਰ ਦੇ ਲੋਕ ਵੈੱਬ ਸੀਰੀਜ਼ ਦੇਖਦੇ ਹਨ। ਇਸ ਕਿਸਮ ਦੀ ਸਮੱਗਰੀ ਬੱਚਿਆਂ ਵਿਚ ਜਿਨਸੀ ਇੱਛਾਵਾਂ ਵਧਾਉਂਦੀ ਹੈ। ਇਸ ਮਸਲੇ ਦਾ ਕੋਈ ਹੱਲ ਨਿਕਲਣਾ ਚਾਹੀਦਾ ਹੈ।
ਸ਼ਿਵਮ ਸਿੰਗਲਾ, ਪਟਿਆਲਾ

ਪਾਠਕਾਂ ਦੇ ਖ਼ਤ

Apr 27, 2023

ਨਵੀਂ ਸੋਚ ਤੇ ਸਲਾਹ

24 ਅਪਰੈਲ ਦੇ ਪਰਵਾਜ਼ ਸਫ਼ੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦੇ ਲੇਖ ‘ਪਛਾਣ, ਪ੍ਰਵਾਨਗੀ ਅਤੇ ਪਿਆਰ ਉਡੀਕਦੇ ਨੌਜਵਾਨ’ ਅਨੁਸਾਰ ਪਿਆਰ ਜ਼ਿੰਦਗੀ ਦੇ ਹਰ ਮੋੜ ’ਤੇ ਹੀ ਚਾਹੀਦਾ ਹੈ। ਮਾਪਿਆਂ ਨੂੰ ਬਹੁਤੀ ਟੋਕਾ-ਟਾਕੀ, ਝਿੜਕ ਜਾਂ ਆਪਣੇ ਵਿਚਾਰ ਬੱਚਿਆਂ ’ਤੇ ਨਹੀਂ ਠੋਸਣੇ ਚਾਹੀਦੇ। ਚਾਹੇ ਲੜਕੀ ਹੈ ਜਾਂ ਲੜਕਾ, ਉਨ੍ਹਾਂ ਦੇ ਵਿਚਾਰ, ਨਵੀਂ ਸੋਚ ਅਤੇ ਸਲਾਹ ਨੂੰ ਵੀ ਪ੍ਰਵਾਨਗੀ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਆਪਣੀ ਪਛਾਣ ਬਣ ਸਕੇ ਅਤੇ ਉਹ ਆਪਣੇ ਪੈਰਾਂ ’ਤੇ ਆਪ ਖਲੋ ਸਕਣ। ਉਨ੍ਹਾਂ ਨੂੰ ਅੱਛੀਆਂ ਕਿਤਾਬਾਂ ਅਤੇ ਮੈਗਜ਼ੀਨ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਉਨ੍ਹਾਂ ਵਿਚ ਸਵੈ-ਵਿਸ਼ਵਾਸ ਦੀ ਚਿਣਗ ਦਿਮਾਗ ਨੂੰ ਰੌਸ਼ਨ ਕਰੇ। ਦੇਸ਼ ਨੂੰ ਨੌਜਵਾਨਾਂ ਦੀ ਬਹੁਤ ਲੋੜ ਹੈ। ਜੋ ਲੋਕ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਦੇ ਹਨ, ਉਨ੍ਹਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ।
ਜਸਬੀਰ ਕੌਰ, ਅੰਮ੍ਰਿਤਸਰ


ਮੌਸਮ ਦੇ ਸੰਕਟ

25 ਅਪਰੈਲ ਵਾਲਾ ਲੇਖ ‘ਮੌਸਮੀ ਸੰਕਟ ਨਾਲ ਜੂਝਦਿਆਂ ਹੋਰ ਸੰਕਟ ਦੀ ਪੈੜਚਾਲ’ (ਲੇਖਕ ਦਵਿੰਦਰ ਸ਼ਰਮਾ) ਜਾਣਕਾਰੀ ਭਰਪੂਰ ਲੱਗਿਆ। ਵਿਗਿਆਨਕ ਤਕਨੀਕ ਐੱਸਆਰਐੱਸ ਬਾਰੇ ਪੜ੍ਹ ਕੇ ਪਤਾ ਲੱਗਿਆ ਕਿ ਭਵਿੱਖ ਵਿਚ ਅਜਿਹੀਆਂ ਵਿਗਿਆਨਕ ਤਕਨੀਕਾਂ/ਤਜਰਬੇ ਕੁਦਰਤ ਨਾਲ ਖਿਲਵਾੜ ਸਿੱਧ ਹੋ ਸਕਦੀਆਂ ਹਨ। ਆਲਮੀ ਤਪਸ਼ ਘੱਟ ਕਰਨ ਲਈ ਉਚੇਚੇ ਅਤੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਕਾਰਬਨ ਗੈਸਾਂ ਦੀ ਨਿਕਾਸੀ ਘਟਾਉਣ ਲਈ ਜੈਵਿਕ ਈਂਧਨ ਦੀ ਵਰਤੋਂ ਘੱਟ ਕਰਨੀ ਪਵੇਗੀ ਪਰ ਲੇਖਕ ਦਾ ਕਾਰਬਨ ਦੀ ਖ਼ਪਤ ਘਟਾਉਣ ਲਈ ਜੀਡੀਪੀ ਪੈਦਾਵਾਰ ਘੱਟ ਕਰਨ ਦਾ ਸੁਝਾਅ ਦਰੁਸਤ ਨਹੀਂ ਲੱਗਿਆ, ਇਸ ਦਾ ਬੁਰਾ ਪ੍ਰਭਾਵ ਦੇਸ਼ਾਂ ਦੇ ਅਰਥਚਾਰਿਆਂ ’ਤੇ ਪਵੇਗਾ। ਇਸ ਦੀ ਬਜਾਇ ਵਿਗਿਆਨੀਆਂ ਨੂੰ ਊਰਜਾ ਦੇ ਕਿਸੇ ਨਵੇਂ ਸ੍ਰੋਤ ਦੀ ਖੋਜ ਕਰਨੀ ਚਾਹੀਦੀ ਹੈ ਜਿਸ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਘੱਟ ਹੋ ਸਕੇ। ਇਸ ਤੋਂ ਪਹਿਲਾਂ 20 ਅਪਰੈਲ ਨੂੰ ਛਪੇ ਲੇਖ ‘ਮਘਦੇ ਸੂਰਜ ਵਰਗਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ’ ਵਿਚ ਕੁਲਦੀਪ ਸਾਹਿਲ ਨੇ ਸੰਤ ਰਾਮ ਉਦਾਸੀ ਦੀ ਸ਼ਖ਼ਸੀਅਤ ਬਾਰੇ ਵਧੀਆ ਬਿਰਤਾਂਤ ਪੇਸ਼ ਕੀਤਾ ਹੈ। ਉਦਾਸੀ ਨੇ ਆਪਣੀਆਂ ਇਨਕਲਾਬੀ ਲਿਖਤਾਂ ਰਾਹੀਂ ਸ਼ੋਸ਼ਿਤ ਗ਼ਰੀਬ ਵਰਗ ਨੂੰ ਸਰਮਾਏਦਾਰਾਂ ਅਤੇ ਹਕੂਮਤਾਂ ਵਿਰੁੱਧ ਜਾਗਣ ਅਤੇ ਸੁਚੇਤ ਹੋਣ ਲਈ ਪ੍ਰੇਰਿਆ।
ਸੁਖਪਾਲ ਕੌਰ, ਚੰਡੀਗੜ੍ਹ


ਸਿੱਖਿਆ ਬਾਰੇ ਚਿੰਤਨ

22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਮਾਨਵਤਾ ਤੋਂ ਸੱਖਣੀ ਸਿੱਖਿਆ’ ਅਜੋਕੀ ਉੱਚ ਸਿੱਖਿਆ ਦੀ ਗੁਣਵੱਤਾ ਬਾਰੇ ਡੂੰਘਾ ਚਿੰਤਨ ਹੈ। ਇਹ ਉੱਚ ਜਾਤੀਆਂ ਦੇ ਆਪੂੰ ਐਲਾਨੇ ਵਿਦਵਾਨਾਂ ਦੇ ਸਾਹਮਣੇ ਸ਼ੀਸ਼ਾ ਰੱਖਦਾ ਹੈ। ਬੌਧਿਕਤਾ ਕਿਸੇ ਵਿਸ਼ੇਸ਼ ਵਰਗ ਦੀ ਗੁਲਾਮ ਨਹੀਂ ਹੈ। ਕਿਸੇ ਵੀ ਬੱਚੇ ਦੀ ਪ੍ਰਤਿਭਾ ਨੂੰ ਪਿਆਰ ਅਤੇ ਮਨੁੱਖੀ ਸੰਵੇਦਨਾ ਨਾਲ ਪਛਾਣਿਆ ਅਤੇ ਨਿਖਾਰਿਆ ਜਾ ਸਕਦਾ ਹੈ। ਘ੍ਰਿਣਾ ਅਤੇ ਬਦਸਲੂਕੀ ਕਿਸੇ ਦਾ ਵੀ ਮਾਨਸਿਕ ਸੰਤੁਲਨ ਵਿਗਾੜ ਦਿੰਦੀ ਹੈ। ਮਾਨਵਤਾ ਤੋਂ ਸੱਖਣੀ ਸਿੱਖਿਆ ਵਰਦਾਨ ਨਾ ਹੋ ਕੇ ਸਮਾਜ ਵਿਚ ਹਿੰਸਕ ਬਿਰਤੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਪਦਾਰਥਵਾਦ ਨੂੰ ਨਕਾਰਦੀ ਸਭਿਅਤਾ ਅੱਜ ਆਪਣੇ ਬੱਚਿਆਂ ਦੇ ਤਨਖਾਹ ਪੈਕੇਜਾਂ ਦੇ ਮੋਟੇ ਹੋਣ ’ਤੇ ਮਾਣ ਕਰਨ ਲੱਗ ਪਈ ਹੈ। ਪਦਾਰਥਵਾਦ ਤੋਂ ਸੱਖਣੀਆਂ ਇਹ ਨੋਟ ਛਾਪਦੀਆਂ ਮਾਨਵੀ ਮਸ਼ੀਨਾਂ ਕਿਸੇ ਕੰਮ ਦੀਆਂ ਨਹੀਂ ਸਗੋਂ ਦਿਸ਼ਾਹੀਣ ਸੰਵੇਦਨਾ ਰਹਿਤ ਸਮਾਜ ਸਿਰਜ ਰਹੀਆਂ ਹਨ। ਇਸ ਤੋਂ ਪਹਿਲਾਂ 22 ਅਪਰੈਲ ਦਾ ਸੰਪਾਦਕੀ ‘ਮੁਲਾਜ਼ਮਾਂ ਨੂੰ ਸਜ਼ਾ ਕਿਉਂ ਨਹੀਂ’ ਪੜ੍ਹਿਆ ਜਿਸ ਵਿਚ 2002 ਦੇ ਗੁਜਰਾਤ ਦੰਗਿਆਂ ਦੌਰਾਨ ਨਰੋਦਾ ਗਾਮ (ਅਹਿਮਦਾਬਾਦ) ਵਿਚ ਘੱਟਗਿਣਤੀ ਫਿਰਕੇ ਨਾਲ ਸਬੰਧਿਤ 11 ਲੋਕਾਂ ਦੇ ਮਾਰਨ ਵਾਲੇ ਮੁਲਜ਼ਮਾਂ ਨੂੰ ਬਰੀ ਕਰਨ ਬਾਰੇ ਟਿੱਪਣੀ ਹੈ। ਇਸ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਕੀਤੀ। ਕੇਸਾਂ ਦੀ ਪੈਰਵੀ ਵੀ ਸੁਪਰੀਮ ਕੋਰਟ ਦੀ ਦੇਖ-ਰੇਖ ਵਿਚ ਹੁੰਦੀ ਰਹੀ। ਸੁਪਰੀਮ ਕੋਰਟ ਵੱਲੋਂ 2018 ਵਿਚ ਕੇਸਾਂ ਦੀ ਨਿਗਰਾਨੀ ਕਰਨ ਤੋਂ ਕਿਨਾਰਾ ਕਰ ਲੈਣਾ ਸ਼ਾਇਦ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਕਿ ਮੁਲਜ਼ਮਾਂ ਨੂੰ ਸਜ਼ਾ ਕਿਉਂ ਨਹੀਂ? ਇਹ ਨਿਗਰਾਨੀ ਕਿਉਂ ਅਤੇ ਕਿਸ ਦੇ ਹੁਕਮ ਨਾਲ ਹਟਾਈ ਗਈ, ਹੋਰ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਜਗਰੂਪ ਸਿੰਘ, ਲੁਧਿਆਣਾ


ਪੰਜਾਬ ਦੀਆਂ ਸਮੱਸਿਆਵਾਂ

21 ਅਪਰੈਲ ਦੇ ਅੰਕ ਵਿਚ ਡਾ. ਅਮਨਦੀਪ ਕੌਰ ਦੇ ਲੇਖ ‘ਸਮੱਸਿਆਵਾਂ ਦੇ ਰੂ-ਬ-ਰੂ ਪੰਜਾਬ’ ਮੌਜੂਦਾ ਸਮੇਂ ਵਿਚ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਉਜਾਗਰ ਕਰਦਾ ਹੈ। ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੰਢਾਇਆ ਹੈ, 1947 ਅਤੇ 1984 ਦੇ ਹਾਲਾਤ ਇਸ ਦੀ ਗਵਾਹੀ ਹਨ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਅਤੇ ਆਰਥਿਕਤਾ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਪਰ ਅੱਜ ਖ਼ੁਦ ਸਮੱਸਿਆਵਾਂ ਨਾਲ ਘਿਰਿਆ ਹੋਣ ਕਰ ਕੇ ਕੱਖੋਂ ਹੌਲਾ ਹੋ ਗਿਆ ਹੈ। ਪੰਜਾਬ ਦੇ ਬਹੁ-ਪੱਖੀ ਸੰਕਟ ਦੇ ਹੱਲ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੀਆਂ ਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਮਘਦਾ ਸੂਰਜ

20 ਅਪਰੈਲ ਵਾਲਾ ਮਿਡਲ ‘ਮਘਦੇ ਸੂਰਜ ਵਰਗਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ’ ਵਿਚ ਲੇਖਕ ਕੁਲਦੀਪ ਸਾਹਿਲ ਨੇ ਇਨਕਲਾਬੀ ਕਵੀ ਦੀ ਜ਼ਿੰਦਗੀ ਅਤੇ ਉਸ ਦੀ ਲੇਖਣੀ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਉਸ ਵਕਤ ਗ਼ਰੀਬ ਜਨਤਾ ਨੂੰ ਬਹੁਤ ਦੁੱਖ ਸਹਿਣੇ ਪੈਂਦੇ ਸਨ ਪਰ ਸ਼ਾਇਰ ਉਦਾਸੀ ਨੇ ਗ਼ਰੀਬਾਂ ਨਾਲ ਖੜ੍ਹ ਕੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਜਗੀਰਦਾਰੀ ਸਿਸਟਮ ਨਾਲ ਲੜਨ ਦਾ ਤਰੀਕਾ ਦੱਸਿਆ। ਉਨ੍ਹਾਂ ਦੀ ਹਰ ਕਵਿਤਾ ਗ਼ਰੀਬਾਂ ਲਈ ਸੁਨੇਹਾ ਸੀ।
ਬਲਵਿੰਦਰ ਕੌਰ, ਸੰਗਰੂਰ


ਵੋਟਾਂ ਦਾ ਧਰੁਵੀਕਰਨ

18 ਅਪਰੈਲ ਦਾ ਸੰਪਾਦਕੀ ‘ਉੱਤਰ ਪ੍ਰਦੇਸ਼ ’ਚ ਬਦਅਮਨੀ’ ਵਿਚ ਸਹੀ ਸਵਾਲ ਉਠਾ ਕੇ ਯੋਗੀ ਸਰਕਾਰ ਅਤੇ ਯੂਪੀ ਪੁਲੀਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਇਹ ਯੂਪੀ ਪੁਲੀਸ ਦੀ ਘੋਰ ਨਾਲਾਇਕੀ ਹੀ ਨਹੀਂ ਬਲਕਿ ਹਮਲਾਵਰਾਂ ਨਾਲ ਮਿਲੀਭੁਗਤ ਦੀ ਸਾਜ਼ਿਸ਼ ਵੀ ਕਹੀ ਜਾ ਸਕਦੀ ਹੈ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਪੁਲੀਸ ਸੁਰੱਖਿਆ ਵਿਚ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਅਸ਼ਰਫ਼ ਨੇ 28 ਮਾਰਚ ਨੂੰ ਮੀਡੀਆ ਸਾਹਮਣੇ ਕਿਸੇ ਅਧਿਕਾਰੀ ਵੱਲੋਂ ਦਿੱਤੀ ਧਮਕੀ ਦਾ ਹਵਾਲਾ ਦਿੰਦਿਆਂ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਸੀ ਜੋ ਬਿਲਕੁਲ ਸਹੀ ਨਿਕਲਿਆ। ਇਸ ਦੇ ਬਾਵਜੂਦ ਯੂਪੀ ਪੁਲੀਸ ਨੇ ਉਨ੍ਹਾਂ ਦੋਵਾਂ ਦੀ ਸੁਰੱਖਿਆ ਵਿਚ ਘੋਰ ਲਾਪ੍ਰਵਾਹੀ ਦਿਖਾਈ ਅਤੇ ਹਮਲਾਵਰਾਂ ਉੱਤੇ ਇਕ ਵੀ ਗੋਲੀ ਨਹੀਂ ਚਲਾਈ। ਯੋਗੀ ਸਰਕਾਰ ਨੇ ਪਿਛਲੇ ਛੇ ਸਾਲਾਂ ਵਿਚ ਕਾਨੂੰਨੀ ਅਤੇ ਨਿਆਂਇਕ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਗ਼ੈਰ-ਸਮਾਜੀ ਅਨਸਰਾਂ, ਖ਼ਾਸਕਰ ਮੁਸਲਿਮ ਫ਼ਿਰਕੇ ਨਾਲ ਸਬੰਧਿਤ ਅਨਸਰਾਂ ਨੂੰ ਸੈਂਕੜੇ ਕਥਿਤ ਪੁਲੀਸ ਮੁਕਾਬਲਿਆਂ ਰਾਹੀਂ ਮਾਰ ਮੁਕਾਇਆ ਹੈ। ਯੋਗੀ ਸਰਕਾਰ ਅਜਿਹਾ ਕਰ ਕੇ ਵੋਟਾਂ ਦੇ ਧਰੁਵੀਕਰਨ ਦੀ ਫ਼ਿਰਕੂ ਸਿਆਸਤ ਕਰ ਰਹੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਡਾਕ ਐਤਵਾਰ ਦੀ

Apr 23, 2023

ਇਤਿਹਾਸ ਬਦਲਣ ਦੀਆਂ ਕੋਸ਼ਿਸ਼ਾਂ

ਐਤਵਾਰ, 16 ਅਪਰੈਲ ਨੂੰ ‘ਨਜ਼ਰੀਆ’ ਪੰਨੇ ’ਤੇ ਛਪਿਆ ਸਵਰਾਜਬੀਰ ਦਾ ਲੇਖ ‘ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਇਤਿਹਾਸ’ ਸਾਫ਼ ਦੱਸਦਾ ਹੈ ਕਿ ਕਿਵੇਂ ਮੌਕੇ ਦੀਆਂ ਸਰਕਾਰਾਂ ਇਤਿਹਾਸ ਬਦਲ ਦਿੰਦੀਆਂ ਹਨ। ਅੱਜ ਵੀ ਉਹੋ ਕੋਸ਼ਿਸ਼ ਹੋ ਰਹੀ ਹੈ। ਸਿਤਮ ਦੀ ਗੱਲ ਇਹ ਹੈ ਕਿ ਤਰਕਸੰਗਤ ਸੋਚ ਤੋਂ ਵਿਰਵੇ ਲੋਕ ਇਤਿਹਾਸ ਦੇ ਬਦਲਾਅ ਨੂੰ ਝੱਟ ਸਵੀਕਾਰ ਵੀ ਕਰ ਲੈਂਦੇ ਹਨ। 

ਚੈਕੋਸਲੋਵਾਕੀਆ ਦੇ ਨਾਵਲਕਾਰ ਮਿਲਾਨ ਕੁੰਦੇਰਾ  ਨੂੰ ਮਿਲਾਨ ਕੁੰਦਰਾ ਲਿਖਿਆ ਗਿਆ ਹੈ ਜਿਸ ਤੋਂ ਪ੍ਰਭਾਵ ਪੈਂਦਾ ਹੈ ਕਿ ਉਹ ਕੋਈ ਭਾਰਤੀ ਚਿੰਤਕ ਹੈ। ਇਤਿਹਾਸ ਦੇ ਤੱਥ ਕਿਤਾਬਾਂ ਵਿਚੋਂ ਹਟਾਉਣ ਨਾਲ ਇਤਿਹਾਸ ਨਹੀਂ ਬਦਲਦੇ, ਪਰ ਸਕੂਲ ਜਾ ਰਹੇ ਬੱਚੇ ਵੱਡੇ ਹੋ ਕੇ ਖ਼ੁਦ ਤੱਥ ਤਲਾਸ਼ਣ ਤਾਂ ਉਹ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਤੋਂ ਤੱਥ ਛੁਪਾਏ ਗਏ ਸਨ।

ਜਗਰੂਪ ਸਿੰਘ, ਲੁਧਿਆਣਾ

ਸਿਆਸਤਦਾਨਾਂ ਦੀ ਮਨਸ਼ਾ

ਐਤਵਾਰ, 16 ਅਪਰੈਲ ਦੇ ‘ਦਸਤਕ’ ਅੰਕ ਵਿਚ  ਡਾ. ਬੀ.ਆਰ. ਅੰਬੇਡਕਰ ਦਾ ਲੇਖ (ਪੰਜਾਬੀ ਰੂਪ: ਡਾ. ਹਰਪ੍ਰੀਤ ਸਿੰਘ) ‘ਭਾਰਤੀ ਲੋਕਤੰਤਰ ਦਾ ਭਵਿੱਖ  ਕੀ ਹੈ?’, ਰਾਮਚੰਦਰ ਗੁਹਾ ਦਾ ਲੇਖ ‘ਜਾਤ-ਪਾਤ ਦਾ ਖ਼ਾਤਮਾ: ਨਵੀਂ ਪੜ੍ਹਤ’ ਅਤੇ ‘ਨਜ਼ਰੀਆ’ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਇਤਿਹਾਸ’- ਭਾਰਤ ਦੇ ਵਰਤਮਾਨ ਸਿਆਸਤਦਾਨਾਂ ਦੀ ਮਨਸ਼ਾ ਦੇ ਵੱਖੋ-ਵੱਖਰੇ ਤਰੀਕੇ ਨਾਲ ਬਖ਼ੀਏ ਉਧੇੜਦੇ ਹਨ। ਇਹ ਲੇਖ ਇਕ ਸਾਂਝੇ ਕੇਂਦਰ ਬਿੰਦੂ ਉੱਪਰ  ਆ ਕੇ ਸਭ ਨੂੰ ਸੱਦਾ ਦੇ ਰਹੇ ਹਨ ਕਿ ਹੁਣ ਵੀ ਅੱਖਾਂ ਖੋਲ੍ਹ ਲਉ, ਸੁਚੇਤ ਹੋਕੇ ਇਕਮੁੱਠ ਅਤੇ ਇਕਜੁਟ ਹੋ ਕੇ ਐਨ ਸੰਗਠਿਤ ਹੋ ਕੇ ਕਿਸਾਨ  ਮੋਰਚੇ ਵਰਗਾ ਉਸਾਰੂ ਮਾਹੌਲ ਖੜ੍ਹਾ ਕਰਨ ਵਾਲਾ ਰਾਹ ਲੱਭ ਲਉ। ਇਨ੍ਹਾਂ ਲੇਖਾਂ ਦੀ ਅੰਤਰ ਆਤਮਾ ਭਾਰਤੀ ਅਵਾਮ ਦੀ ਉਲਝੀ ਹੋਈ ਮਾਨਸਿਕਤਾ ਲਈ ਰਾਹ ਦਸੇਰਾ ਵੀ ਬਣ ਰਹੀ ਹੈ ਅਤੇ ਨੇੜ ਭਵਿੱਖ ਵਿਚ ਲੋਕਤੰਤਰ ਦੀ  ਦਿਸ਼ਾ ਅਤੇ ਦਸ਼ਾ  ਦਾ ਮਕੈਨੀਕਲ ਪੈਮਾਨਾ ਬਣ ਸਕਣ ਦੀ ਹੈਸੀਅਤ ਰੱਖਦੀ ਹੈ।

ਆਮ ਲੋਕਾਂ ਦੀ ਏਕਤਾ ਅਸੀਮ ਤਾਕਤ ਹੁੰਦੀ ਹੈ। ਹਾਲਾਤ ਦੇ ਮੱਦੇਨਜ਼ਰ ਇਉਂ ਭਾਸਦਾ ਹੈ ਕਿ ਅਵਾਮ ਦੇ ਸਗੰਠਿਤ ਹੋਣ ਦਾ ਵਕਤ ਸਰਕਦਾ ਜਾ ਰਿਹਾ ਹੈ। ਲੋਕਤੰਤਰ ਦੇ ਥੰਮ ਹੁਣ ਭੁਰਨ ਲੱਗੇ ਹਨ ਜਿਨ੍ਹਾਂ ਵਿਚੋਂ ਇਕ ਥੰਮ੍ਹ,  ਮੀਡੀਆ ਦਾ ਮੁੱਖ ‘ਫ਼ਰਜ਼’ ਨਿਹਾਇਤ ਸਫ਼ਾਈ ਨਾਲ ਸੱਤਾਧਾਰੀਆਂ ਦੀ ਚਾਪਲੂਸੀ ਕਰਦਿਆਂ ਝੂਠ ਨੂੰ ਅਧਿਆਤਮਿਕ ਸੱਚ ਬਣਾ ਕੇ ਪੇਸ਼ ਕਰਨਾ ਅਤੇ ਸਮਾਜ ਨੂੰ ਧਰਮਾਂ ਦੀ ਕੱਟੜਤਾ ਵਿਚ ਇੰਨਾ ਧੱਕ ਦੇਣਾ ਹੀ ਰਹਿ ਗਿਆ ਕਿ ਲੋਕ ਆਪਣੇ ਆਪ ਨੂੰ ਮਨੁੱਖ ਨਾ ਸਮਝਣ ਸਗੋਂ ਰੱਬ ਦਾ ਅੰਗ-ਰੱਖਿਅਕ ਬਣ ਕੇ ਸਦਾ ਸ਼ਹੀਦ ਹੋਣ ਨੂੰ ਤਿਆਰ ਰਹਿਣ। ਭਾਰਤੀ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਮੀਡੀਆ ਅਤੇ ਸਾਰੀਆਂ ਸਬੰਧਿਤ ਧਿਰਾਂ ਨੂੰ ਆਪਣੇ ਅਸਲੀ ਫ਼ਰਜ਼ ਪਛਾਣਨ ਦੀ ਲੋੜ ਹੈ।

ਡਾ. ਪੰਨਾ ਲਾਲ ਮੁਸਤਫ਼ਾਬਾਦੀ ਤੇ ਕਸ਼ਮੀਰ ਘੇਸਲ, ਚੰਡੀਗੜ੍ਹ

ਪਾਠਕਾਂ ਦੇ ਖ਼ਤ

Apr 19, 2023

ਕੁਰਬਾਨੀਆਂ ਦੀ ਯਾਦ

18 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਦਾ ਲੇਖ ‘ਕੋਠੀ ਬੱਸੀਆਂ, ਸਾਨੂੰ ਕਿੰਨੀਆਂ ਹਕੀਕਤਾਂ ਦੱਸੀਆਂ’ ਪੜ੍ਹਿਆ। ਇਹ ਲੇਖ ਸਾਡੇ ਪੁਰਖਿਆਂ ਦੇ ਸੀਨਿਆਂ ਵਿਚ ਪਏ ਸੱਲਾਂ ਦੀ ਦਾਸਤਾਨ ਬਿਆਨ ਕਰਦਾ ਹੈ। ਅਜਿਹੀ ਕੋਈ ਮਾਰ ਨਹੀਂ ਹੋਣੀ ਚਾਹੀਦੀ ਜਿਹੜੀ ਸਾਡੇ ਪੁਰਖਿਆਂ ਨੇ ਆਪਣੇ ਤਨ ’ਤੇ ਨਾ ਹੰਢਾਈ ਹੋਵੇ। ਗੁਰੂ ਸਾਹਿਬਾਨ ਨੇ ਹੱਕ ਸੱਚ ’ਤੇ ਪਹਿਰਾ ਦਿੰਦਿਆਂ ਪਰਿਵਾਰ ਕੁਰਬਾਨ ਕਰ ਦਿੱਤੇ ਅਤੇ ਦੇਸ਼ਭਗਤਾਂ ਨੇ ਮੁਲਕ ਆਜ਼ਾਦ ਕਰਵਾਉਣ ਲਈ ਭਰੀ ਜਵਾਨੀ ਵਿਚ ਕੁਰਬਾਨੀਆਂ ਦਿੱਤੀਆਂ। ਉਜੜਨ ਦਾ ਅਸਹਿ ਦੁੱਖ ਸਾਡੇ ਪੁਰਖਿਆਂ ਨੇ ਆਪਣੇ ਸੀਨੇ ਉੱਤੇ ਹੰਢਾਇਆ ਪਰ ਪੰਜਾਬ ਦੀ ਆਨ ਤੇ ਸ਼ਾਨ ਨੂੰ ਸਦਾ ਕਾਇਮ ਰੱਖਿਆ। ਅੱਜ ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਦਾ ਝੁਕਾਅ ਨਸ਼ਾ, ਚੋਰੀ, ਕਤਲੇਆਮ ਵੱਲ ਹੁੰਦਾ ਜਾ ਰਿਹਾ ਹੈ। ਅਜਿਹੀਆਂ ਲਿਖਤਾਂ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਣ ਅਤੇ ਸਹੀ ਦਿਸ਼ਾ ਵੱਲ ਮੋੜਨ ਵਿਚ ਸਹਾਈ ਹੋਣਗੀਆਂ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਆਲਮੀ ਮੰਦੀ ਦੀ ਮਾਰ

ਆਲਮੀ ਮੰਦੀ ਦੌਰਾਨ ਦੁਨੀਆ ਭਰ ਵਿਚ ਆਰਥਿਕ ਗਤੀਵਿਧੀ ਹੌਲੀ ਹੋ ਜਾਂਦੀ ਹੈ ਜਿਸ ਨਾਲ ਵਪਾਰ, ਨਿਵੇਸ਼, ਰੁਜ਼ਗਾਰ ਅਤੇ ਉਤਪਾਦਕਤਾ ਦੇ ਪੱਧਰ ਘਟ ਜਾਂਦੇ ਹਨ। ਮੰਦੀ ਦੇ ਕਾਰਨ ਵੱਖ ਵੱਖ ਹੋ ਸਕਦੇ ਹਨ, ਪਰ ਉਸ ਵਿਚ ਅਕਸਰ ਇਹ ਕਾਰਕ ਸ਼ਾਮਲ ਹੁੰਦੇ ਹਨ ਜਿਵੇਂ ਕਰਜ਼ੇ ਦੇ ਉੱਚ ਪੱਧਰ, ਵਿੱਤੀ ਅਸਥਿਰਤਾ, ਖ਼ਪਤਕਾਰਾਂ ਦੇ ਖਰਚੇ ਵਿਚ ਕਮੀ ਅਤੇ ਵਪਾਰਕ ਵਿਸ਼ਵਾਸ ਵਿਚ ਗਿਰਾਵਟ। ਵਿਸ਼ਵ-ਵਿਆਪੀ ਮੰਦੀ ਦੇ ਸਭ ਲਈ ਗੰਭੀਰ ਸਿੱਟੇ ਅਤੇ ਪ੍ਰਭਾਵ ਹੋ ਸਕਦੇ ਹਨ। ਇਹ ਰੁਜ਼ਗਾਰ ਦੇ ਖੁੱਸਣ, ਘੱਟ ਆਮਦਨ ਅਤੇ ਜੀਵਨ ਪੱਧਰ ਦੇ ਹੇਠਲੇ ਪੱਧਰ ’ਤੇ ਪਹੁੰਚਣ ਦਾ ਕਾਰਨ ਬਣ ਸਕਦੀ ਹੈ। ਸਰਕਾਰਾਂ ਅਕਸਰ ਆਰਥਿਕ ਵਿਕਾਸ ਨੂੰ ਉਤੇਜਿਤ ਕਰਨ ਦੇ ਉਦੇਸ਼ ਨਾਲ ਵਿੱਤੀ ਅਤੇ ਮੁਦਰਾ ਨੀਤੀਆਂ ਨੂੰ ਲਾਗੂ ਕਰਕੇ ਆਲਮੀ ਮੰਦੀ ਦਾ ਜਵਾਬ ਦਿੰਦੀਆਂ ਹਨ। ਫਿਰ ਵੀ ਆਲਮੀ ਆਰਥਿਕਤਾ ’ਤੇ ਇਸ ਦੇ ਲੰਮੇ ਸਮੇਂ ਤਕ ਚੱਲਣ ਵਾਲੇ ਪ੍ਰਭਾਵ ਹੋ ਸਕਦੇ ਹਨ। 2020 ਵਿਚ ਕੋਵਿਡ-19 ਮਹਾਮਾਰੀ ਕਾਰਨ ਆਈ ਆਲਮੀ ਪੱਧਰ ’ਤੇ ਬੇਹੱਦ ਨੁਕਸਾਨ ਝੱਲਣਾ ਪੈ ਰਿਹਾ ਹੈ।
ਨੀਤੀ ਮਲਹੋਤਰਾ, ਹੁਸ਼ਿਆਰਪੁਰ


ਦਲਿਤਾਂ ਦੇ ਮਸੀਹਾ

14 ਅਪਰੈਲ ਨੂੰ ਹਰੀਸ਼ ਕੇ. ਪੁਰੀ ਦਾ ਲੇਖ ‘ਕੌਮੀ ਉਸਰੱਈਏ ਬਾਬਾ ਸਾਹਿਬ ਅੰਬੇਡਕਰ’ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਲਿਤਾਂ ਦੇ ਜੀਵਨ ਵਿਚ ਲਿਆਂਦੇ ਸੁਧਾਰ ਅਤੇ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਪ੍ਰਗਟ ਕਰਦਾ ਹੈ। ਤਮਾਮ ਉਮਰ ਉਨ੍ਹਾਂ ਨੇ ਨੀਵੇਂ ਅਤੇ ਲਾਚਾਰ ਸਮਝੇ ਜਾਂਦੇ ਵਰਗਾਂ ਨੂੰ ਨਵਾਂ ਰਾਹ ਵਿਖਾਇਆ। ਉਨ੍ਹਾਂ ਅੰਦਰ ਗਿਆਨ ਦੀ ਜੋਤ ਜਗਾਉਣ ਦਾ ਸਿਹਰਾ ਵੀ ਬਾਬਾ ਸਾਹਿਬ ਨੂੰ ਜਾਂਦਾ ਹੈ। ਇਸੇ ਕਰਕੇ ਬਾਬਾ ਸਾਹਿਬ ਨੂੰ ਦਲਿਤਾਂ ਦੇ ਮਸੀਹੇ ਵਜੋਂ ਵੀ ਜਾਣਿਆ ਜਾਂਦਾ ਹੈ।
ਰਜਵਿੰਦਰਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਵਿਦਿਅਕ ਅਦਾਰਿਆਂ ਦੀ ਮਹਾਨਤਾ

13 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕਰਮਜੀਤ ਸਕਰੁੱਲਾਂਪੁਰੀ ਦੀ ਰਚਨਾ ‘ਪਹਿਲੀ ਤਨਖ਼ਾਹ ਤੇ ਪਹਿਲਾ ਸਕੂਲ’ ਆਪਣੇ ਆਪ ਵਿਚ ਬੜਾ ਕੁਝ ਬਿਆਨ ਕਰਦੀ ਹੈ। ਗੁਰਦੁਆਰਾ, ਮੰਦਰ, ਮਸੀਤ, ਮਸਜਿਦ, ਪੀਰਾਂ-ਫ਼ਕੀਰਾਂ ਦੀਆਂ ਮਜ਼ਾਰਾਂ ਭਾਵ ਹਰ ਧਾਰਮਿਕ ਸਥਾਨ ਦੀ ਜਿੱਥੇ ਆਪੋ-ਆਪਣੀ ਬੜੀ ਮਹੱਤਤਾ ਹੈ, ਉੱਥੇ ਵਿਦਿਅਕ ਅਦਾਰੇ ਵੀ ਕਿਸੇ ਪੱਖੋਂ ਘੱਟ ਨਹੀਂ। ਦੇਸ਼ ਦੇ ਵੱਡੇ ਤੋਂ ਵੱਡੇ ਅਹੁਦੇ ’ਤੇ ਪਹੁੰਚਣ ਵਾਲਾ ਹਰ ਵਿਅਕਤੀ ਕਿਸੇ ਨਾ ਕਿਸੇ ਵਿਦਿਅਕ ਅਦਾਰੇ ਤੋਂ ਹੀ ਚੰਗੀ ਤਾਲੀਮ ਲੈ ਕੇ ਉਸ ਅਹੁਦੇ ਤਕ ਪਹੁੰਚਿਆ ਹੁੰਦਾ ਹੈ।
ਅਮਰਜੀਤ ਮੱਟੂ ਭਰੂਰ ਵਾਲਾ, ਸੰਗਰੂਰ


ਮੰਦਭਾਗੀ ਘਟਨਾ

12 ਅਪਰੈਲ ਦੇ ਅੰਕ ਵਿਚ ਇਕ ਖ਼ਬਰ ਫੋਟੋ ਸਮੇਤ ਛਪੀ ਹੈ ਜਿਸ ਵਿਚ ਇਕ ਸੰਤ ਦੇ ਮ੍ਰਿਤਕ ਸਰੀਰ ਨੂੰ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਜਾਂਦਾ ਵਿਖਾਇਆ ਹੈ। ਇਸ ਦਰਿਆ ਦਾ ਪਾਣੀ ਲੱਖਾਂ ਲੋਕ ਅਤੇ ਜਾਨਵਰ ਪੀਂਦੇ ਹਨ। ਇਕ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ ਕਿੱਥੋਂ ਦੀ ਸਿਆਣਪ ਹੈ? ਕੀ ਇਸ ਤਰ੍ਹਾਂ ਦੀ ਕਾਰਵਾਈ ਨਾਲ ਪਵਿੱਤਰ ਦਰਿਆ ਦਾ ਪਾਣੀ ਗੰਧਲਾ ਨਹੀਂ ਹੁੰਦਾ। ਇਕ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਪਾਣੀਆਂ ਨੂੰ ਸਾਫ਼ ਕਰਨ ਵਾਸਤੇ ਯਤਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਦੂਜੇ ਪਾਸੇ ਇਕ ਸੰਤ ਦੇ ਚੇਲੇ ਪਾਣੀ ਗੰਧਲਾ ਕਰ ਰਹੇ ਹਨ ਜਿਸ ਵਿਚ ਕਈ ਆਗੂ ਵੀ ਸ਼ਾਮਿਲ ਸਨ। ਇਸ ਕਾਰਵਾਈ ਸਮੇਂ ਪੰਜਾਬ ਪੁਲੀਸ ਦੇ ਅਧਿਕਾਰੀ ਵੀ ਸ਼ਾਮਿਲ ਸਨ ਅਤੇ ਪੁਲੀਸ ਦੀ ਸਲਾਮੀ ਵੀ ਦਿੱਤੀ ਗਈ। ਇਹ ਰਵਾਇਤ ਹੈ ਕਿ ਕਿਸੇ ਦੇ ਅੰਤਿਮ ਸਸਕਾਰ ਮਗਰੋਂ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਦੀ ਬਾਕੀ ਸਵਾਹ ਨੂੰ ਆਮ ਤੌਰ ’ਤੇ ਕਿਸੇ ਹੋਰ ਵਗਦੇ ਪਾਣੀ ਵਿਚ ਰੋੜ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਵੀ ਪਾਣੀ ਗੰਧਲਾ ਹੁੰਦਾ ਹੈ। ਅੱਜਕੱਲ੍ਹ ਸ਼ੁੱਧ ਪੀਣ ਵਾਲਾ ਪਾਣੀ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਸਾਨੂੰ ਸਭ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ।
ਤੇਜਿੰਦਰ ਸਿੰਘ, ਖਰੜ (ਮੁਹਾਲੀ)


ਕਾਨੂੰਨ ਸਰਬਉੱਚ

11 ਅਪਰੈਲ ਦੇ ਲੋਕ ਸੰਵਾਦ ਪੰਨੇ ’ਤੇ ਦਰਬਾਰਾ ਸਿੰਘ ਕਾਹਲੋਂ ਦਾ ਲੇਖ ‘ਆਪਣੇ ਹੀ ਬੁਣੇ ਜਾਲ ਨੇ ਉਲਝਾਈ ਟਰੰਪ ਦੀ ਤਾਣੀ’ ਵਿਚ ਲੋਕਤੰਤਰੀ ਨਿਆਂ ਪ੍ਰਣਾਲੀ ਦੇ ਮਹੱਤਵ ਤੇ ਤਾਕਤ ਨੂੰ ਬਾਖ਼ੂਬੀ ਪ੍ਰਗਟਾਇਆ ਗਿਆ ਹੈ। ਅਮਰੀਕੀ ਨਿਆਂ ਪ੍ਰਣਾਲੀ ਲਈ ਇਹ ਇਤਿਹਾਸਕ ਘਟਨਾ ਹੈ ਕਿ ਟਰੰਪ ’ਤੇ ਝੂਠੀਆਂ ਜਾਣਕਾਰੀਆਂ ਦੇਣ, ਧਨ ਦੀ ਗ਼ਲਤ ਵਰਤੋਂ ਤੇ ਕੈਪੀਟਲ ਹਿੱਲ ’ਤੇ ਹਿੰਸਕ ਭੀੜ ਨੂੰ ਉਕਸਾਉਣ ਸਮੇਤ 34 ਦੋਸ਼ ਲੱਗੇ ਹਨ। ਅਮਰੀਕਾ ਦੀ ਲੋਕਤੰਤਰੀ ਪ੍ਰਣਾਲੀ ਨੇ ‘ਕਾਨੂੰਨ ਸਰਵੋਤਮ’ ਦਾ ਸਬੂਤ ਦਿੱਤਾ ਤੇ ਟਰੰਪ ਨੂੰ ਬੇਵੱਸ ਹੋ ਕੇ ਜ਼ਿਲ੍ਹਾ ਅਟਾਰਨੀ ਅੱਗੇ ਆਤਮ ਸਮਰਪਣ ਕਰਨਾ ਪਿਆ।

ਸੁਤੰਤਰ ਨਿਆਂਪਾਲਿਕਾ ਨਾ ਸਿਰਫ਼ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਦੀ ਹੈ ਸਗੋਂ ਕਾਨੂੰਨ ਦੇ ਘਾੜਿਆਂ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਤੋੜਨ ਤੋਂ ਰੋਕਦੀ ਹੈ। ਜੇਕਰ ਕੋਈ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਦੰਡ ਦੇਣ ਦੀ ਸ਼ਕਤੀ ਵੀ ਨਿਆਂਪਾਲਿਕਾ ਵਰਤ ਸਕਦੀ ਹੈ, ਫਿਰ ਉਹ ਵਿਅਕਤੀ ਭਾਵੇਂ ਟਰੰਪ ਵਾਂਗ ਸਾਬਕਾ ਰਾਸ਼ਟਰਪਤੀ ਅਤੇ ਇਸ ਅਹੁਦੇ ਲਈ ਮੌਜੂਦਾ ਉਮੀਦਵਾਰ ਹੀ ਕਿਉਂ ਨਾ ਹੋਵੇ। ਕਾਨੂੰਨ ਦਾ ਪੰਜਾ ਸਭ ਲਈ ਇੱਕੋ ਜਿੰਨਾ ਹੀ ਸਖ਼ਤ ਹੁੰਦਾ ਹੈ।
ਗੁਰਦੀਪ ਸਿੰਘ ਲੈਕਚਰਾਰ, ਸੀਤੋ ਗੁੰਨੋ (ਫਾਜ਼ਿਲਕਾ)

(2)

11 ਅਪਰੈਲ ਦੇ ‘ਲੋਕ ਸੰਵਾਦ’ ਪੰਨੇ ’ਤੇ ਦਰਬਾਰਾ ਸਿੰਘ ਕਾਹਲੋਂ ਦੇ ਲੇਖ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ ਗਰੈਂਡ ਜਿਊਰੀ ਵੱਲੋਂ ਆਇਦ 34 ਅਪਰਾਧਿਕ ਇਲਜ਼ਾਮਾਂ ’ਤੇ ਆਧਾਰਿਤ ਮਹਾਂਦੋਸ਼ ਵਰਗੇ ਕੇਸ ਦਾ ਮਹੀਨ ਤਾਣਾ-ਪੇਟਾ ਪੇਸ਼ ਕੀਤਾ ਹੈ। ਉਸ ਦਾ ਹਰ ਰੋਜ਼ 50-50 ਵਾਰੀ ਵੱਡੇ ਵੱਡੇ ਨੇਤਾਵਾਂ ਦਰਮਿਆਨ ਝੂਠ ਬੋਲਣਾ ਤੇ ਹਾਰਨ ਤੋਂ ਬਾਅਦ ਆਪਣੇ ਅੰਧ-ਭਗਤਾਂ ਨੂੰ ਉਕਸਾ ਕੇ ਕੈਪੀਟਲ ਹਿੱਲ ’ਤੇ ਹਮਲਾ ਕਰਵਾਉਣਾ ਜਿਨਸੀ ਮਾਮਲਿਆਂ ਤੋਂ ਕਈ ਗੁਣਾਂ ਵੱਧ ਹੈ। ਇਉਂ ਲੱਗਦਾ ਹੈ ਕਿ ਉਹ ਨਾ ਸੱਚ ਬੋਲ ਸਕਦਾ ਹੈ ਅਤੇ ਨਾ ਸੱਚ ਸਹਾਰ ਸਕਦਾ ਹੈ, ਪਰ ਇਨ੍ਹਾਂ ਗੱਲਾਂ ਨੂੰ ਲੈ ਕੇ ਭਾਰਤੀ ਜਨਤਾ ਕੋਈ ਬਹੁਤਾ ਹੈਰਾਨ ਨਹੀਂ ਹੋਈ ਕਿਉਂਕਿ ਇਸ ਤਰ੍ਹਾਂ ਦੇ ਕਈ ‘ਆਗੂ’ ਸਾਡੇ ਮੁਲਕ ਵਿਚ ਵੀ ਸਮੇਂ ਸਮੇਂ ਸਿਆਸੀ ਦ੍ਰਿਸ਼ ’ਤੇ ਉੱਭਰਦੇ ਰਹੇ ਹਨ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ


ਮਨ ਮੋਹ ਲੈਣ ਵਾਲੇ ਮਿਡਲ

‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਮਿਡਲ ਅਕਸਰ ਬਹੁਤ ਵਧੀਆ ਹੁੰਦੇ ਹਨ। 5 ਅਪਰੈਲ ਨੂੰ ਭੁਪਿੰਦਰ ਸਿੰਘ ਮਾਨ ਦਾ ਲਿਖਿਆ ਮਿਡਲ ‘ਸਭ ਤੋਂ ਵਧੀਆ ਬਦਲ’ ਬਾਕਮਾਲ ਹੈ। ਅਜੋਕੇ ਸਮੇਂ ਇਹ ਮਿਡਲ ਸਾਡੇ ਪੰਜਾਬੀ ਬੱਚਿਆਂ ਲਈ ਸਹੀ ਅਗਵਾਈ ਪੇਸ਼ ਕਰਦਾ ਹੈ। ਅਜਿਹੇ ਮਿਡਲ ਅਤੇ ਹੋਰ ਆਰਟੀਕਲ ਦੇ ਲਿੰਕ ਫੇਸਬੁੱਕ ਪਾਓ ਤਾਂ ਕਿ ਸਾਡੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਚੰਗੀ ਸੇਧ ਮਿਲ ਸਕੇ। 13 ਅਪਰੈਲ ਵਿਚਲ ਕਰਮਜੀਤ ਸਕਰੁੱਲਾਪੁਰੀ ਦਾ ਲਿਖਿਆ ਮਿਡਲ ‘ਪਹਿਲੀ ਤਨਖ਼ਾਹ ਤੇ ਪਹਿਲਾ ਸਕੂਲ’ ਪੜ੍ਹਨ ਤੋਂ ਬਾਅਦ ਮਨ ਨੂੰ ਸਕੂਨ ਅਤੇ ਸੇਧ ਮਿਲਦੀ ਹੈ।
ਮਨਮੋਹਨ ਸਿੰਘ ਕਲਸੀ, ਈ-ਮੇਲ


ਜ਼ਿੰਦਗੀ ’ਚ ਕਿਤਾਬਾਂ

ਅੱਜ ਦੀ ਨੌਜਵਾਨ ਪੀੜ੍ਹੀ ਵਿਚ ਸੋਸ਼ਲ ਮੀਡੀਆ ਦੀ ਚਾਹਨਾ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਕਿ ਉਸ ਕੋਲ ਕਿਤਾਬਾਂ ਜਾਂ ਸਾਹਿਤ ਪੜ੍ਹਨ ਦਾ ਵਕਤ ਨਹੀਂ ਹੈ। ਸੋਸ਼ਲ ਮੀਡੀਆ ਦੇ ਇੰਨੇ ਜ਼ਿਆਦਾ ਆਦੀ ਹੋਣ ਕਾਰਨ ਉਨ੍ਹਾਂ ਦੀ ਕਿਤਾਬਾਂ ਅਤੇ ਸਾਹਿਤ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਿਤਾਬਾਂ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਕਿਤਾਬਾਂ ਇਨਸਾਨ ਨੂੰ ਉਵੇਂ ਹੀ ਤਰਾਸ਼ਦੀਆਂ ਹਨ ਜਿਵੇਂ ਕੋਈ ਸਰਾਫ਼ ਕਿਸੇ ਹੀਰੇ ਨੂੰ ਤਰਾਸ਼ਦਾ ਹੈ। ਇਕ ਚੰਗੀ ਕਿਤਾਬ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਇਸ ਲਈ ਅੱਜ ਦੇ ਨੌਜਵਾਨਾਂ ਨੂੰ ਕਿਤਾਬਾਂ ਅਪਣਾਉਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਰੌਸ਼ਨ ਹੋ ਸਕੇ।
ਗਗਨਦੀਪ ਕੌਰ, ਪਟਿਆਲਾ

ਪਾਠਕਾਂ ਦੇ ਖ਼ਤ

Apr 16, 2023

ਦਲਿਤਾਂ ਦਾ ਮਸੀਹਾ

14 ਅਪਰੈਲ ਦੇ ਅੰਕ ਵਿਚ ਹਰੀਸ਼ ਕੇ ਪੁਰੀ ਦਾ ਲੇਖ ‘ਕੌਮੀ ਉਸਰੱਈਏ ਬਾਬਾ ਸਾਹਿਬ ਅੰਬੇਡਕਰ’ ਬਾਬਾ ਸਾਹਿਬ ਵੱਲੋਂ ਦਲਿਤਾਂ ਦੇ ਜੀਵਨ ਵਿਚ ਲਿਆਂਦੇ ਸੁਧਾਰ ਅਤੇ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਪ੍ਰਗਟ ਕਰਦਾ ਹੈ। ਤਮਾਮ ਉਮਰ ਉਨ੍ਹਾਂ ਨੇ ਨੀਵੇਂ ਅਤੇ ਲਾਚਾਰ ਸਮਝੇ ਜਾਂਦੇ ਵਰਗਾਂ ਨੂੰ ਨਵਾਂ ਰਾਹ ਦਿਖਾਇਆ। ਉਨ੍ਹਾਂ ਅੰਦਰ ਗਿਆਨ ਦੀ ਜੋਤ ਜਗਾਉਣ ਦਾ ਸਿਹਰਾ ਵੀ ਬਾਬਾ ਸਾਹਿਬ ਨੂੰ ਜਾਂਦਾ ਹੈ। ਇਸੇ ਕਰਕੇ ਬਾਬਾ ਸਾਹਿਬ ਨੂੰ ਦਲਿਤਾਂ ਦੇ ਮਸੀਹੇ ਵਜੋਂ ਵੀ ਜਾਣਿਆ ਜਾਂਦਾ ਹੈ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਕੀਮਤੀ ਮੀਨਾਰਾਂ ਨੂੰ ਬਚਾਉਣਾ ਹੋਵੇਗਾ

ਐਤਵਾਰ, 9 ਅਪਰੈਲ ਦੇ ‘ਦਸਤਕ’ ਅੰਕ ਵਿਚ ਚੰਦਨ ਨੇਗੀ ਦਾ ਲੇਖਕ ਦਰਸ਼ਨ ਸਿੰਘ ਅਵਾਰਾ ਬਾਰੇ ਲੇਖ ‘ਢੱਠੀ ਮੀਨਾਰ’ ਦਿਲ ਨੂੰ ਛੂਹ ਗਿਆ। ਸਮਾਜ, ਸਰਕਾਰਾਂ ਅਤੇ ਕਿਸਮਤ ਤੋਂ ਬਾਗ਼ੀ ਹੋਏ ਇੱਕ ਅਣਮੁੱਲੇ ਲੇਖਕ ਦੀ ਦਰਦ ਭਰੀ ਦਾਸਤਾਨ ਪੜ੍ਹ ਕੇ ਅੱਖਾਂ ਨਮ ਹੋ ਗਈਆਂ। ਲੰਬਾ ਸਮਾਂ ਉਹ ਆਪਣੀ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੇ ਮੁਹਾਵਰਾ ਕੋਸ਼ ਦੇ ਛਪਣ ਦੀ ਉਡੀਕ ਕਰਦੇ ਰਹੇ ਅਤੇ ਇਸ ਤਮੰਨਾ ਨੂੰ ਮਨ ’ਚ ਲੈ ਕੇ ਹੀ ਇਸ ਸੰਸਾਰ ਤੋਂ ਚਲੇ ਗਏ। ਇਸ ਕਾਰਨ ਹੀ ਉਨ੍ਹਾਂ ਦਾ ਪਰਿਵਾਰ ਆਰਥਿਕ ਪੱਖੋਂ ਨਿਤਾਣਾ ਹੋ ਕੇ ਰੁਲਦਾ ਰਿਹਾ। ਉਨ੍ਹਾਂ ਦੀ ਪਤਨੀ ਦਾ ਵਾਰ-ਵਾਰ ਲੇਖਕਾ ਨੂੰ ਲਿਖਣ ਤੋਂ ਰੋਕਣਾ ਤੇ ਕਹਿਣਾ ‘ਛੋੜ ਪਰ੍ਹੇ... ਖੌਰੇ ਕੀ ਮਿਲਦਾ ਏ ਤੁਹਾਨੂੰ ਆਪਣਾ ਲਹੂ ਬਾਲ ਕੇ’ ਸਮਾਜ ਅਤੇ ਸਰਕਾਰਾਂ ਦੇ ਮੱਥੇ ’ਤੇ ਵੱਡਾ ਕਲੰਕ ਹੈ। ਸਰਕਾਰਾਂ ਦਾ ਤਾਂ ਪਤਾ ਨਹੀਂ, ਪਰ ਕੀ ਅਸੀਂ ਸਾਰੇ ਰਲ ਕੇ ਕੋਈ ਅਜਿਹਾ ਫੰਡ ਸ਼ੁਰੂ ਨਹੀਂ ਕਰ ਸਕਦੇ ਜਿਸ ਨਾਲ ਇਸ ਤਰ੍ਹਾਂ ਜ਼ਿੰਦਗੀ ਤੋਂ ਬੇਗਾਨੇ ਹੋਏ ਲੇਖਕਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਅਸੀਂ ਆਪਣੀਆਂ ਕੀਮਤੀ ਮੀਨਾਰਾਂ ਨੂੰ ਡਿੱਗਣ ਤੋਂ ਬਚਾ ਸਕੀਏ?

ਡਾ. ਤਰਲੋਚਨ ਕੌਰ, ਪਟਿਆਲਾ


ਸਿਹਤ ਸੇਵਾਵਾਂ ਲਾਜ਼ਮੀ

ਜ਼ਿੰਦਗੀ ਬਚਾਉਣ ਲਈ ਜੇ ਮੁਫ਼ਤ ਅਤੇ ਤੁਰੰਤ ਸੇਵਾ ਮਿਲ ਜਾਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਕਰਮ ਨਹੀਂ ਹੋ ਸਕਦਾ। ਸਾਡੇ ਆਲੇ-ਦੁਆਲੇ ਦੇਖਣ ’ਚ ਆਉਂਦਾ ਹੈ ਕਿ ਕਿਸੇ ਮੁਸੀਬਤ ਜਾਂ ਦੁਰਘਟਨਾ ਵੇਲੇ ਹਸਪਤਾਲ ਦਾ ਚੱਕਰਵਿਊ ਹਰ ਪੱਖ ਨੂੰ ਗ੍ਰਹਿਣ ਲਾ ਦਿੰਦਾ ਹੈ। ਮੈਡੀਕਲ ਮਾਫੀਆ ਅਤੇ ਬਹੁਤੇ ਨਿੱਜੀ ਹਸਪਤਾਲ ਅਜਿਹੇ ਸਮੇਂ ਸੇਵਾ ਨੂੰ ਸੇਵਾ ਨਹੀਂ ਸਮਝਦੇ। ਸਿੱਖਿਆ ਅਤੇ ਸਿਹਤ ਮੁਫ਼ਤ ਦੇਣ ਬਾਰੇ ਵੀ ਪ੍ਰਚਾਰ ਕੀਤਾ ਜਾਂਦਾ ਹੈ, ਪਰ ਅਜੇ ਵੀ ਅਸੀਂ ਇਹ ਦੂਰ ਦੀ ਕੌਡੀ ਹੈ। ਹਾਦਸਾਗ੍ਰਸਤ ਜਾਂ ਮਹਾਂਮਾਰੀਆਂ ਕਾਰਨ ਲੋਕਾਂ ਨੂੰ ਪੈਸੇ ਅਤੇ ਸਹੂਲਤਾਂ ਦੀ ਘਾਟ ਕਰਕੇ ਰੁਲਣਾ ਪੈਂਦਾ ਹੈ। ਸਰਕਾਰ ਨੂੰ ਐਂਮਰਜੈਂਸੀ ਮੈਡੀਕਲ ਸਹੂਲਤਾਂ ਲਈ ਬੇਹੱਦ ਸਖ਼ਤ ਨਿਯਮ ਘੜਨ ਦੀ ਲੋੜ ਹੈ। ਇਸ ਨਾਲ ਲੁੱਟ ਘਟੇਗੀ ਅਤੇ ਸਭ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ। ਕਰੋਨਾ ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਅਤੇ ਰੋਜ਼ਾਨਾ ਹਾਦਸਿਆਂ ਨਾਲ ਹੁੰਦੀ ਦੁਰਦਸ਼ਾ ਤੋਂ ਸਬਕ ਸਿੱਖ ਕੇ ਪੰਜਾਬ ਵੀ ਐਂਮਰਜੈਂਸੀ ਸਿਹਤ ਸੇਵਾਵਾਂ ਲਈ ਮੁਫ਼ਤ ਅਤੇ ਤੁਰੰਤ ਨੀਤੀਬੱਧ ਸੇਵਾ ਮੰਗਦਾ ਹੈ।

ਸੁਖਪਾਲ ਸਿੰਘ ਗਿੱਲ, ਈ-ਮੇਲ

ਪਾਠਕਾਂ ਦੇ ਖ਼ਤ

Apr 11, 2023

ਆਦਰਸ਼ ਪੱਤਰਕਾਰੀ ਤੇ ਪੱਤਰਕਾਰ

7 ਅਪਰੈਲ ਨਜ਼ਰੀਆ ਪੰਨੇ ’ਤੇ ਪ੍ਰੋ. ਸਾਧੂ ਸਿੰਘ ਦਾ ਮਿਡਲ ‘ਆਦਰਸ਼ ਪੱਤਰਕਾਰੀ ਦੇ ਮੂਲ ਸਿਧਾਂਤ ਅਤੇ ਹਕੀਕਤ’ ਪੱਤਰਕਾਰੀ ਜਿਹੇ ਮਹਾਨ ਕਿੱਤੇ ਦੀ ਮਹੱਤਤਾ ਨੂੰ ਬਿਆਨ ਕੀਤਾ ਹੈ। ਪੱਤਰਕਾਰੀ ਅਜਿਹਾ ਕਿੱਤਾ ਹੈ ਜੋ ਸਮਾਜ ਵਿਚ ਹੁੰਦੀਆਂ ਗਤੀਵਿਧੀਆਂ ਨੂੰ ਕਲਮ ਦੇ ਜ਼ਰੀਏ ਲੋਕਾਂ ਤਕ ਪਹੁੰਚਾਉਂਦਾ ਹੈ। ਸੰਪੂਰਨ ਗਿਆਨ, ਖੋਜ ਦੀ ਇੱਛਾ, ਪ੍ਰਭਾਵੀ ਸੰਚਾਰ, ਕੰਮ ਵਿਚ ਨਿਪੁੰਨਤਾ, ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਨੈਤਿਕਤਾ ਜਿਹੇ ਗੁਣਾਂ ਦਾ ਧਾਰਨੀ ਪੱਤਰਕਾਰ ਹੀ ਸਮਾਜ ਲਈ ਚੰਗਾ ਲਿਖ ਸਕਦਾ ਹੈ। ਇਕ ਚੰਗਾ ਪੱਤਰਕਾਰ ਸ਼ਾਂਤੀਪੂਰਵਕ ਢੰਗ ਨਾਲ ਸਮਾਜ ਦੀ ਨੁਹਾਰ ਬਦਲ ਸਕਦਾ ਹੈ।
ਕਮਲਜੀਤ ਕੌਰ, ਗੁੰਮਟੀ


ਮਾਤ ਭਾਸ਼ਾ ਵਿਚ ਸਿੱਖਿਆ

9 ਅਪਰੈਲ ਨੂੰ ‘ਪੰਜਾਬੀ ਟ੍ਰਿਬਿਊਨ’ ਦੀ ਖ਼ਬਰ ‘ਸਕੂਲਾਂ ਵਿਚ ਅੰਗਰੇਜ਼ੀ ਨਹੀਂ ਮਾਂ-ਬੋਲੀ ਨੂੰ ਤਰਜੀਹ ਦੇਣ ਦੀ ਤਿਆਰੀ’ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ। ਜੇ ਇਹ ਲਾਗੂ ਹੋ ਜਾਂਦਾ ਹੈ ਤਾਂ ਕੋਈ ਵੀ ਬੱਚਾ ਮੁੱਢਲੀ ਸਿੱਖਿਆ ਤੋਂ ਵਾਂਝਾ ਨਹੀਂ ਰਹਿ ਸਕਦਾ। ਇਸੇ ਤਰ੍ਹਾਂ 8 ਅਪਰੈਲ ਦੇ ਅੰਕ ਵਿਚ ਹਰਜੀਤ ਸਿੰਘ ਦੇ ਲੇਖ ‘ਸਾਡਾ 95 ਫ਼ੀਸਦੀ ਬ੍ਰਹਿਮੰਡ ਕਿੱਥੇ ਹੈ?’ ਰਾਹੀਂ ਬ੍ਰਹਿਮੰਡ ਦੇ ਸਦੀਆਂ ਤੋਂ ਲੁਕੇ ਹੋਏ ਭੇਤਾਂ ਨੂੰ ਦਿਖਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਰਜਵਿੰਦਰਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)


ਕੁੱਤਾ ਬਨਾਮ ਬੰਦਾ

ਡਾ. ਕਮਲੇਸ਼ ਉੱਪਲ ਦਾ 8 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਲੇਖ ‘ਕੁੱਤਾ ਬਨਾਮ ਬੰਦਾ’ ਗੰਭੀਰ ਸਮੱਸਿਆ ਬਾਰੇ ਹੈ। ਜਦੋਂ ਦਾ ਜੀਵ ਸੁਰੱਖਿਆ ਕਾਨੂੰਨ ਬਣਿਆ, ਅਵਾਰਾ ਕੁੱਤਿਆਂ ਦੀ ਸਮੱਸਿਆ ਨਿੱਤ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅਨੇਕਾਂ ਲੋਕ ਕੁੱਤਿਆਂ ਦੇ ਕੱਟਣ ਕਾਰਨ ਰੈਬੀਜ਼ ਨਾਲ ਮਰਦੇ ਹਨ। ਕੁੱਤਿਆਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਨੋਚ ਨੋਚ ਕੇ ਖਾਣ ਦੀਆਂ ਖ਼ਬਰਾਂ ਨਿੱਤ ਦਿਨ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ। ਕਿਸੇ ਜੀਵ ਨਸਲ ਨੂੰ ਖਤਮ ਹੋਣ ਤੋਂ ਬਚਾਉਣਾ ਵੀ ਠੀਕ ਹੈ ਪਰ ਉਸ ਦੀ ਆਬਾਦੀ ਨੂੰ ਸੀਮਤ ਰੱਖਣ ਦੀ ਵੀ ਲੋੜ ਹੈ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)


ਬ੍ਰਹਿਮੰਡ ਕੀ ਹੈ

ਸਾਡੀਆਂ ਗਿਆਨ ਇੰਦਰੀਆਂ, ਖ਼ਾਸ ਕਰ ਨਜ਼ਰ ਤੋਂ ਪਰੇ ਦੇ ਬ੍ਰਹਿਮੰਡ-ਭਾਗ, ਡਾਰਕ ਮੈਟਰ ਬਾਰੇ, ਨਿੱਕੇ ਜਿਹੇ ਲੇਖ (ਨਜ਼ਰੀਆ ਅਪਰੈਲ 8) ਰਾਹੀਂ, ਇਸਰੋ ਵਿਗਿਆਨੀ ਹਰਜੀਤ ਸਿੰਘ ਨੇ ਪੰਜਾਬੀ ਪਾਠਕਾਂ ਨੂੰ ਬੜੀ ਦਿਲਚਸਪ ਜਾਣਕਾਰੀ ਦਿੱਤੀ ਹੈ। ਇਕ ਪਾਸੇ ਸੰਸਾਰ ਦੀਆਂ ਅਤਿ-ਆਧੁਨਿਕ ਦੂਰਬੀਨਾਂ ਵਿਸ਼ਵ ਦੇ ਸਿਰੇ ਤਕ ਨੂੰ ਅੱਖਾਂ ਨਾਲ ਵੇਖਣ ਵਿਖਾਉਣ ਲਈ ਜੁਟੀਆਂ ਹਨ ਅਤੇ ਦੂਜੇ ਪਾਸੇ ਇਹ ਡਾਰਕ ਮਾਦਾ, ਜੋ ਵਿਗਿਆਨ ਅਨੁਸਾਰ ਬ੍ਰਹਿਮੰਡ ਦਾ 95 ਫ਼ੀਸਦੀ ਹੈ, ਅਦਿੱਖ ਹੈ ਅਤੇ ਕੇਵਲ ਗੁਰੂਤਾ ਦੇ ਰੂਪ ਵਿਚ ਕੰਮ ਕਰਦਾ ਹੈ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ


ਲੱਕੀ ਡਰਾਅ ਸਕੀਮਾਂ

ਸੋਸ਼ਲ ਮੀਡੀਆ ’ਤੇ ਅਨੇਕਾਂ ਵਲੌਗਰਾਂ ਦੁਆਰਾ ਲੱਕੀ ਡਰਾਅ ਕੱਢਣ ਵਾਲਿਆਂ ਦੀ ਮਸ਼ਹੂਰੀ ਪੈਸਿਆਂ ਖਾਤਰ ਕੀਤੀ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਵਿਚ ਲੱਕੀ ਡਰਾਅ ਕੱਢਣ ਵਾਲਿਆਂ ਦੀ ਭਰਮਾਰ ਹੈ। ਕਿਹਾ ਜਾਂਦਾ ਹੈ ਕਿ ਤੁਸੀਂ ਕੁਝ ਪੈਸਿਆਂ ਦਾ ਕੂਪਨ ਸਾਡੇ ਕੋਲ ਆ ਕੇ ਜਾਂ ਫਿਰ ਆਨਲਾਈਨ ਮਾਧਿਅਮ ਰਾਹੀਂ ਪਾ ਸਕਦੇ ਹੋ। ਦਾਅਵਾ ਕਰਿਆ ਜਾਂਦਾ ਹੈ ਕਿ ਇਨਾਮ ਸਾਰਿਆਂ ਸਾਹਮਣੇ ਕੱਢੇ ਜਾਣਗੇ। ਟਰੈਕਟਰਾਂ ਤੇ ਕਾਰਾਂ ਵਰਗੇ ਵੱਡੇ ਇਨਾਮਾਂ ਦਾ ਲਾਲਚ ਹਰ ਇਕ ਨੂੰ ਲੱਕੀ ਡਰਾਅ ਵਿਚ ਕੂਪਨ ਪਾਉਣ ਲਈ ਮਜਬੂਰ ਕਰ ਦਿੰਦਾ ਹੈ, ਜਿਸ ਕਾਰਨ ਮਜ਼ਦੂਰ ਤਬਕਾ ਵੀ ਇਸ ਦਾ ਸ਼ਿਕਾਰ ਹੋ ਰਿਹਾ ਹੈ। ਲੱਕੀ ਡਰਾਅ ਕੱਢਣ ਵਾਲੇ ਆਪਣੀਆਂ ਦੁਕਾਨਾਂ ਅੱਗੇ ਵਧੀਆ ਟੈਂਟ ਵਗੈਰਾ ਲਾ ਕੇ ਤੇ ਕੱਢਣ ਵਾਲੇ ਇਨਾਮਾਂ ਨੂੰ ਲੋਕਾਂ ਸਾਹਮਣੇ ਸਜਾ ਕੇ ਰੱਖਦੇ ਹਨ ਤਾਂ ਜੋ ਲੋਕਾਂ ਨੂੰ ਲੁਭਾਇਆ ਜਾ ਸਕੇ। ਟਰੈਕਟਰ, ਕਾਰਾਂ ਅਤੇ ਥਾਰ ਵਰਗੇ ਮਹਿੰਗੇ ਸਾਧਨ ਵੀ ਡਰਾਅ ਵਿਚ ਕੱਢਣ ਦਾ ਦਾਅਵਾ ਕੀਤਾ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਉੱਪਰ ਥੋੜ੍ਹਾ ਸ਼ਿਕੰਜਾ ਕੱਸਿਆ ਜਾਏ। ਪੈਸੇ ਦੀ ਜਮ੍ਹਾਂਖ਼ੋਰੀ, ਬਣਦੇ ਟੈਕਸ ਵਗੈਰਾ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜ਼ਿਆਦਾਤਰ ਅਜਿਹੇ ਡਰਾਅ ਆਪਣੇ ਚਹੇਤਿਆਂ ਨੂੰ ਹੀ ਕੱਢੇ ਜਾਂਦੇ ਹਨ। ਸਭ ਮਿਲੀਭੁਗਤ ਨਾਲ ਹੀ ਹੁੰਦਾ ਹੈ।
ਦਵਿੰਦਰ ਸਿੰਘ ਸਿਆਣ, ਅਮਰਗੜ੍ਹ (ਮਾਲੇਰਕੋਟਲਾ)


ਕੱਚੇ ਮੁਲਾਜ਼ਮ

29 ਮਾਰਚ ਦੇ ਅੰਕ ਵਿਚ ਰਾਮ ਸਵਰਨ ਲੱਖੇਵਾਲੀ ਦੀ ਰਚਨਾ ‘ਸੁਨਹਿਰੀ ਸਾਏ’ ਪੜ੍ਹੀ। ਲੇਖਕ ਨੇ ਮਿਹਨਤਕਸ਼, ਮਜਬੂਰ ਕੱਚੇ ਕਰਮਚਾਰੀਆਂ ਦੀ ਹੋਣੀ ਬਿਆਨੀ ਹੈ। ਲੇਖਕ ਨੇ ਰੇਲਵੇ ਫਾਟਕ ਦੇ ਗੇਟਮੈਨ, ਬਿਜਲੀ ਕਾਮਿਆਂ, ਪਨਬਸ ਦੇ ਡਰਾਈਵਰਾਂ/ਕੰਡਕਟਰਾਂ ਅਤੇ ਸਰਕਾਰੀ ਕਾਲਜਾਂ ਦੇ, ਮਹਿਮਾਨ ਲੈਕਚਰਾਰਾਂ ਦੀਆਂ ਕੱਚੀਆਂ ਨੌਕਰੀਆਂ ਅਤੇ ਨਿਗੂਣੀਆਂ ਤਨਖਾਹਾਂ ਦੀ ਦਾਸਤਾਨ ਦੱਸੀ ਹੈ। ਉਹ ਤਨਖ਼ਾਹ ਨਹੀਂ, ਸਗੋਂ ਤਨ+ਖਾਹ ਬਣ ਜਾਂਦੀ ਹੈ ਕਿ ਕਰਮਚਾਰੀ ਕਿਸੇ ਪਾਸੇ ਦਾ ਨਹੀਂ ਰਹਿੰਦਾ। ਇਸੇ ਤਰ੍ਹਾਂ 13 ਮਾਰਚ ਦੇ ਮਿਡਲ ਵਿਚ ਲੇਖਕ ਜਗਦੀਪ ਸਿੱਧੂ ਦੀ ਰਚਨਾ ‘ਪੌੜੀਆਂ ਉਤਰਦੀ ਛਾਂ’ ਪੜ੍ਹੀ। ਪੂਰੀ ਲਿਖਤ ਦੋ ਤਿੰਨ ਵਾਰ ਪੜ੍ਹਨ ਦੇ ਬਾਵਜੂਦ ਪੱਲੇ ਨਹੀਂ ਪਈ ਕਿ ਅਸਲ ਵਿਚ ਲੇਖਕ ਕਹਿਣਾ ਕੀ ਚਾਹੁੰਦਾ ਹੈ। ਪਹਿਲੇ ਛੋਟੇ ਦੋ ਪੈਰਿਆਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਵਿਸ਼ੇ ਤੋ ਬਾਹਰ ਤੇ ਬੇਤਰਤੀਬੇ ਢੰਗ ਨਾਲ ਲਿਖਿਆ ਗਿਆ ਹੈ। ਲੇਖਣੀ ਵਿਚ ਦਿਲਚਸਪੀ ਤੇ ਰਵਾਨੀ ਦੀ ਅਣਹੋਂਦ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਮੋਹ ਦੀਆਂ ਤੰਦਾਂ

27 ਮਾਰਚ ਦੇ ਨਜ਼ਰੀਆ ਪੰਨੇ ’ਤੇ ਕੁਲਮਿੰਦਰ ਕੌਰ ਦਾ ਮਿਡਲ ਲੇਖ ‘ਅਸਲੀ ਜਾਇਦਾਦ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਭਾਵੇਂ ਕਾਨੂੰਨ ਅਨੁਸਾਰ ਮਾਂ-ਪਿਓ ਦੀ ਜ਼ਮੀਨ ਜਾਇਦਾਦ ’ਤੇ ਧੀਆਂ ਵੀ ਬਰਾਬਰ ਦਾ ਹੱਕ ਰੱਖਦੀਆਂ ਹਨ ਪਰ ਸਮਾਜਿਕ ਹੱਕ ਤੇ ਮੋਹ ਪਿਆਰ ਦੀਆਂ ਤੰਦਾਂ ਸਰਕਾਰੀ ਕਾਨੂੰਨ ਨਾਲੋਂ ਜ਼ਿਆਦਾ ਪੀਡੀਆਂ ਹੁੰਦੀਆਂ ਹਨ। ਇਸ ਤਹਿਤ ਧੀਆਂ ਹੱਸਦਿਆਂ ਹੱਸਦਿਆਂ ਆਪਣੇ ਇਸ ਕਾਨੂੰਨੀ ਹੱਕ ਨੂੰ ਮਾਂ-ਪਿਓ ਜਾਏ ਭਰਾਵਾਂ ਨਾਲ ਮੋਹ ਦੀ ਖਾਤਰ ਤਿਆਗਣ ਲਈ ਤਿਆਰ ਹੋ ਜਾਂਦੀਆਂ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ

ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਦਾ ਕੀਤਾ ਗਿਆ ਫ਼ੈਸਲਾ ਸਹੀ ਨਹੀਂ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀ ਲੋਕਾਂ ’ਤੇ ਜ਼ੁਲਮ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਰਕੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਸੀ, ਨਾ ਕਿ ਘਟਾਉਣ ਦੀ। ਪੰਜਾਬ ਸਰਕਾਰ ਨੂੰ ਆਪਣੇ ਇਸ ਫੈਸਲੇ ’ਤੇ ਮੁੜ ਗੌਰ ਕਰਕੇ ਮੈਂਬਰਾਂ ਦੀ ਗਿਣਤੀ ਸਗੋਂ ਵਧਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਦੀ ਵੱਡੀ ਗਿਣਤੀ ਦਲਿਤ ਆਬਾਦੀ ਨੂੰ ਇਨਸਾਫ਼ ਮਿਲ ਸਕੇ।
ਬਲਜੀਤ ਸਿੰਘ ਕੁਲਾਰ, ਕੋਟਗੁਰੂ, ਬਠਿੰਡਾ।

ਪਾਠਕਾਂ ਦੇ ਖ਼ਤ Other

Apr 09, 2023

ਭੱਡਲੀ ਨਦੀ ਦੀ ਨਿਸ਼ਾਨੀ

ਐਤਵਾਰ, 2 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪੰਜਾਬ ਦੇ ਵਹਿਣ ਕਾਲਮ ਵਿੱਚ ਜਤਿੰਦਰ ਮੌਹਰ ਨੇ ਪੁਰਾਤਨ ਨਦੀਆਂ, ਨਾਲ਼ਿਆਂ, ਚੋਆਂ ਬਾਰੇ ਬਹੁਤ ਰੌਚਕ ਵਿਸ਼ੇ ’ਤੇ ਮੁੱਲਵਾਨ ਜਾਣਕਾਰੀ ਦਿੱਤੀ ਹੈ। ਜਰਗੜੀ ਤੋਂ ਡਬਵਾਲੀ ਤੱਕ ਪੁਰਾਤਨ ਨਦੀ ਭੱਡਲੀ ਦੀ ਨਿਸ਼ਾਨੀ ਦੇ ਰੂਪ ਵਿੱਚ ਲਸਾੜਾ ਚੋਅ ਅੱਜ ਪੂਰਾ ਸਾਲ ਨਿਰੰਤਰ ਵਗਦਾ ਹੈ। ਜਰਗੜੀ ਤੋਂ ਪਿੱਛੇ ਜ਼ਿਕਰ-ਅਧੀਨ ਨਦੀ ਦਾ ਨਿਸ਼ਾਨ ਮੁਸ਼ਕਿਲ ਨਾਲ ਮਿਲਦਾ ਹੈ। ਦਰਅਸਲ, ਖੰਨਾ ਸ਼ਹਿਰ ਦੇ ਸੀਵਰੇਜ ਦਾ ਸਾਰਾ ਪਾਣੀ ਇੱਥੇ ਆਉਂਦਾ ਹੈ। ਸ਼ਹਿਰ ਦੇ ਟਰੀਟਮੈਂਟ ਪਲਾਂਟ ਤੋਂ ਜਰਗੜੀ ਤੱਕ ਪਹਿਲਾਂ ਖੁੱਲ੍ਹੇ ਨਾਲ਼ੇ ਰਾਹੀਂ ਪਾਣੀ ਆਉਂਦਾ ਸੀ। ਪਿੰਡ ਵਾਸੀਆਂ ਨੇ ਰਸਤੇ ਵਿੱਚ ਪੈਂਦੇ ਹੋਰ ਪਿੰਡਾਂ ਦੇ ਸਹਿਯੋਗ ਨਾਲ ਪੁਰ-ਜ਼ੋਰ ਦਬਾਓ ਨਾਲ ਸਰਕਾਰ ਤੋਂ ਪਾਈਪਾਂ ਪਵਾਉਣ ਦੀ ਮੰਗ ਪੂਰੀ ਕਰਾਈ। ਹੁਣ ਟਰੀਟਮੈਟ ਪਲਾਂਟ ਦੀ ਸਮਰੱਥਾ ਘਟ ਗਈ ਹੈ ਅਤੇ ਸੀਵਰੇਜ ਸਿੱਧਾ ਲੰਘਾ ਦਿੱਤਾ ਜਾਂਦਾ ਹੈ ਤੇ ਪੂਰਾ ਲਸਾੜਾ ਚੋਅ ਗੰਦਾ ਨਾਲ਼ਾ ਬਣਿਆ ਰਹਿੰਦਾ ਹੈ।

ਅਮਰਜੀਤ ਸਿੰਘ, ਸਿਹੌੜਾ (ਲੁਧਿਆਣਾ)


ਕੁੱਤਿਆਂ ਦੀ ਦਹਿਸ਼ਤ

ਆਵਾਰਾ ਅਤੇ ਪਿਟਬੁੱਲ ਕੁੱਤਿਆਂ ਨੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਕਿਤੇ ਨਾ ਕਿਤੇ ਮੰਦਭਾਗੀ ਖ਼ਬਰ ਜਾਂ ਵੀਡਿਓ ਪੜ੍ਹਨ ਜਾਂ ਦੇਖਣ ਨੂੰ ਮਿਲਦੀ ਹੈ ਕਿ ਕਿਵੇਂ ਪਿਟਬੁੱਲ ਕੁੱਤੇ ਬੱਚਿਆਂ ਨੂੰ ਨੋਚ ਨੋਚ ਕੇ ਮਾਰ ਦਿੰਦੇ ਹਨ। ਸਰਕਾਰ ਨੂੰ ਪਿਟਬੁੱਲ ਕੁੱਤੇ ਰੱਖਣ ’ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈੇ। ਆਵਾਰਾ ਕੁੱਤਿਆਂ ਦਾ ਵੀ ਹੱਲ ਕੱਢਣਾ ਹੋਵੇਗਾ। ਆਮ ਦੇਖਿਆ ਜਾਂਦਾ ਹੈ ਕਿ ਗਰਮੀਆਂ ਵਿੱਚ ਆਵਾਰਾ ਕੁੱਤੇ ਹਲਕਾ ਜਾਂਦੇ ਹਨ ਜੋ ਰਾਹਗੀਰਾਂ ਨੂੰ ਹੀ ਨਹੀਂ ਸਗੋਂ ਪਸ਼ੂਆਂ ਨੂੰ ਵੀ ਕਈ ਵਾਰ ਕੱਟ ਦਿੰਦੇ ਹਨ, ਜਿਸ ਨਾਲ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਸਰਕਾਰ ਨੂੰ ਇਨ੍ਹਾਂ ’ਤੇ ਕਾਬੂ ਪਾਉਣ ਲਈ ਖਰਚ ਤਾਂ ਜ਼ਰੂਰ ਕਰਨਾ ਪਵੇਗਾ, ਪਰ ਪਿਟਬੁੱਲ ਕੁੱਤਿਆਂ ਲਈ ਨੋਟੀਫਿਕੇਸ਼ਨ ਹੀ ਕਾਫ਼ੀ ਹੈ। ਜਿਸ ਵਿੱਚ ਸਜ਼ਾ ਅਤੇ ਜ਼ੁਰਮਾਨਾ ਦੋਵੇਂ ਰੱਖੇ ਜਾਣ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਸਬੰਧਤ ਪਿਟਬੁੱਲ ਮਾਲਕ ਕੋਲੋਂ ਉਸ ਸਮੇਂ ਹੀ ਦਿਵਾਇਆ ਜਾਵੇ।

ਕੰਵਰਦੀਪ ਸਿੰਘ ਭੱਲਾ, ਪਿੱਪਲਾਂਵਾਲਾ, ਹੁਸ਼ਿਆਰਪੁਰ।


ਅੰਧ-ਵਿਸ਼ਵਾਸ ’ਚ ਜਕੜਿਆ ਸਮਾਜ

ਐਤਵਾਰ, 26 ਮਾਰਚ ਨੂੰ ਹਰਪ੍ਰੀਤ ਕੌਰ ਘੜੂੰਆਂ ਦਾ ਮਿਡਲ ‘ਕਿੱਕਰ ਦੇ ਤੁੱਕੇ’ ਪੜ੍ਹਿਆ, ਚੰਗਾ ਲੱਗਾ। ਮਾਪਿਆਂ ਦਾ ਸਨਮਾਨ ਬਹੁਤ ਸਾਰੇ ਪੁੱਤਾਂ ਦੇ ਦਿਲਾਂ ਵਿੱਚੋਂ ਘਟਦਾ ਜਾ ਰਿਹਾ ਹੈ। ਇਸ ਰਚਨਾ ਰਾਹੀਂ ਸਮਾਜ ਵਿੱਚ ਅੰਧ-ਵਿਸ਼ਵਾਸਾਂ ਦੇ ਪਸਾਰ ਬਾਰੇ ਵੀ ਪਤਾ ਲੱਗਦਾ ਹੈ। ਜਿਸ ਘਰ ਵਿੱਚ ਮਾਪਿਆਂ ਦਾ ਸਨਮਾਨ ਹੋਵੇ ਉੱਥੇ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿੰਦੀ। ਆਪਣੇ ਮਾਪਿਆਂ ਦੀ ਸੇਵਾ ਕਰਨਾ ਸਾਡਾ ਫ਼ਰਜ਼ ਹੈ।

ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)

ਪਾਠਕਾਂ ਦੇ ਖ਼ਤ

Apr 07, 2023

ਔਰਤ ਦੀ ਬਰਾਬਰੀ ਤੇ ਆਧੁਨਿਕ ਸਮਾਜ

4 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਮੁੱਖ ਲੇਖ ‘ਔਰਤ ਦੀ ਬਰਾਬਰੀ : ਜਮਹੂਰੀ ਲਹਿਰਾਂ ਤੇ ਨਾਰੀ ਜਥੇਬੰਦੀਆਂ ਦੀ ਭੂਮਿਕਾ’ ਵਿੱਚ ਲੇਖਿਕਾ ਨੇ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਉਨ੍ਹਾਂ ਔਰਤਾਂ ਪ੍ਰਤੀ ਸੌੜੀ ਸੋਚ ਤੇ ਸ਼ੋਸ਼ਣ ਅਤੇ ਕਈ ਮੌਕਿਆਂ ਉਤੇ ਔਰਤਾਂ ਵੱਲੋਂ ਕੀਤੀ ਜਾਂਦੀ ਜ਼ਿਆਦਤੀ ਦਾ ਖੁਲ੍ਹ ਕੇ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਖ ਵੱਖ ਦੇਸ਼ਾਂ ਵਿੱਚ ਔਰਤਾਂ ਦੇ ਸੰਘਰਸ਼ ਅਤੇ ਹੱਕਾਂ ਅਧਿਕਾਰਾਂ ਦਾ ਵੇਰਵਾ ਦਿੰਦਿਆਂ ਦੇਸ਼ ਅੰਦਰ ਔਰਤਾਂ ’ਤੇ ਹੋ ਰਹੇ ਜ਼ੁਲਮ ਵਿਖਿਆਨ ਕੀਤਾ ਹੈ। ਇਸੇ ਅੰਕ ਵਿਚ ਨੀਰਾ ਚੰਡੋਕ ਦੇ ਲੇਖ ‘ਭਾਰਤੀ ਸਮਾਜ ਸਾਹਮਣੇ ਮੂਲਵਾਦ ਦਾ ਖ਼ਤਰਾ’ ਵਿਚ ਦੇਸ਼ ਅੰਦਰ ਘੱਟ ਗਿਣਤੀਆਂ ਖ਼ਿਲਾਫ਼ ਵਧ ਰਹੀ ਨਫ਼ਰਤ ਤੇ ਧਾਰਮਿਕ ਕੱਟੜਤਾ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ। ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਮੈਂ ਤੇ ਮੇਰਾ ਦੋਸਤ’ ਇਕ ਸਕੂਲ ਵੱਲੋਂ ਆਪਣੇ ਚੁਗਿਰਦੇ ਤੇ ਇਕ ਰੁੱਖ ਨੂੰ ਬਚਾਉਣ ਲਈ ਜੋ ਗੁਹਾਰ ਲਗਾਈ ਗਈ ਹੈ, ਬਹੁਤ ਦਿਲਚਸਪ ਹੈ।
ਮਨਮੋਹਨ ਸਿੰਘ ਨਾਭਾ


ਪਾਠਕ੍ਰਮਾਂ ਵਿਚ ਤਬਦੀਲੀਆਂ

6 ਅਪਰੈਲ ਦੀ ਸੰਪਾਦਕੀ ‘ਪਾਠਕ੍ਰਮਾਂ ਵਿੱਚ ਤਬਦੀਲੀਆਂ’ ਇਸ ਗੱਲ ਵੱਲ ਧਿਆਨ ਖਿੱਚਦੀ ਹੈ ਕਿ ਐਨਸੀਆਰਟੀ ਨਵੀਂ ਦਿੱਲੀ ਵੱਲੋਂ ਸਕੂਲੀ ਸਿਲੇਬਸ ਵਿੱਚ ਕੀਤੀ ਅਣਚਾਹੀ ਕਾਂਟ ਛਾਂਟ ਨੇ, ਖੋਜਾਰਥੀਆਂ, ਅਧਿਆਪਕਾਂ, ਵਿਦਿਆਰਥੀਆਂ ਵਿਚਕਾਰ,ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਵਾਦ ਦਾ ਮੁੱਦਾ ਇਹ ਬਣਿਆ ਕਿ ਇਤਿਹਾਸ, ਪੁਲੀਟੀਕਲ ਸਾਇੰਸ ਵਿਸ਼ਿਆਂ ਦੇ ਸਿਲੇਬਸਾਂ ਵਿੱਚੋਂ ਮੁਸਲਿਮ ਰਾਜਿਆਂ, ਸਨਅਤੀ ਕ੍ਰਾਂਤੀ, ਵਿਸ਼ਵ ਪੱਧਰ ’ਤੇ ਅਮਰੀਕਨ ਚੜ੍ਹਤ, ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ, ਜਮਹੂਰੀਅਤ ਅਤੇ ਵੰਨ ਸੁਵੰਨਤਾ ਜਿਹੇ ਪਾਠਾਂ ਨੂੰ ਕੱਢ ਦਿੱਤਾ ਗਿਆ ਹੈ। ਕਈ ਚੈਪਟਰਾਂ ਵਿੱਚੋਂ ਖ਼ਾਸ ਪਹਿਰੇ ਹੀ ਕੱਟੇ ਗਏ ਹਨ। ਇੰਝ ਸਕੂਲੀ ਪੜ੍ਹਾਈ ਤੋਂ ਪਏ ਖੱਪੇ ਕਦੀ ਵੀ ਪੂਰੇ ਨਹੀਂ ਹੋ ਸਕਣਗੇ। ਵੱਡੇ ਹੋਕੇ ਜਦ ਉਹ ਵਿਦਿਆਰਥੀ ਹਕੀਕਤ ਦੇ ਸਨਮੁੱਖ ਹੋਣਗੇ, ਉਦੋਂ ਉਹ ਆਪਣੇ ਸਿੱਖਿਆ ਨੀਤੀਵਾਨਾਂ ਨੂੰ ਨਫ਼ਰਤ ਕਰਨਗੇ। ਸਿਲੇਬਸ ਦੀ ਇਸ ਕਾਂਟ ਛਾਂਟ ਬਾਰੇ ਸੂਝਵਾਨ ਅਤੇ ਸੰਤੁਲਨ ਸੋਚ ਵਾਲੇ ਚਿੰਤਕਾਂ ਅਤੇ ਅਧਿਆਪਕਾਂ ਨਾਲ ਬੈਠ ਕੇ ਮੁੜ ਵਿਚਾਰ ਕੀਤਾ ਜਾਣਾ ਬਣਦਾ ਹੈ।
ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ।


ਭਾਈਚਾਰਕ ਏਕਤਾ ਜ਼ਰੂਰੀ

5 ਅਪਰੈਲ ਦੀ ਸੰਪਾਦਕੀ ‘ਭਾਈਚਾਰਕ ਏਕਤਾ ਦੀ ਲੋੜ’ ਚਿੰਤਾਜਨਕ ਸਥਿਤੀ ਦਾ ਵਰਨਣ ਕਰਦੀ ਹੈ। ਪ੍ਰਸ਼ਾਸ਼ਨਿਕ ਤਾਲਮੇਲ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸੈਮੀਨਾਰਾਂ ਰਾਹੀਂ ਇਕੱਠੇ ਬਿਠਾ ਕੇ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਪਹਿਲਾਂ ਹੀ ਤਿਆਰ ਕੀਤਾ ਜਾ ਸਕਦਾ ਹੈ। ਭਾਈਚਾਰਕ ਏਕਤਾ ਬਣਾਉਣ ਲਈ ਸੋਸ਼ਲ ਮੀਡੀਆ ਆਪਣਾ ਸਾਰਥਕ ਉਪਰਾਲਾ ਕਰ ਸਕਦਾ ਹੈ।
ਸੰਤ ਸਿੰਘ ਬੀਲ੍ਹਾ, ਧੂਰੀ, ਸੰਗਰੂਰ।


ਮੈਂ ਤੇ ਮੇਰਾ ਦੋਸਤ

4 ਅਪਰੈਲ ਦੇ ਅੰਕ ਵਿਚ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਮੈਂ ਤੇਰਾ ਮੇਰਾ ਦੋਸਤ’ ਪੜ੍ਹ ਕੇ ਮਨ ਆਪਣੇ 35 ਸਾਲ ਪਿੱਛੇ ਸਕੂਲ ਦੇ ਦਿਨਾਂ ਵਿਚ ਚਲਾ ਗਿਆ। ਮੇਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਜਿਸ ਵਿਚ ਮੇਰੇ ਸਹਿਪਾਠੀ ਮੇਰੇ ਪਿੰਡ ਦੇ ਅਮੀਰ ਘਰਾਂ ਦੇ ਬੱਚੇ ਤੇ ਮੇਰੇ ਵਰਗੇ ਆਮ ਘਰਾਂ ਦੇ ਬੱਚੇ ਇਕੱਠੇ ਪੜ੍ਹਦੇ। ਸਕੂਲ ਵਿਚ ਕੋਈ ਵਿਤਕਰਾ ਨਹੀਂ ਹੁੰਦਾ ਸੀ। ਅਧਿਆਪਕਾਂ ਦੀਆਂ ਝਿੜਕਾਂ ਤੇ ਪਿਆਰ ਵਿਚ ਵੀ ਕੋਈ ਵਿਤਕਰਾ ਨਹੀਂ ਸੀ।
ਗੁਰਮੀਤ ਸਿੰਘ, ਈਮੇਲ


ਸ਼ਖ਼ਸੀਅਤ ਤੇ ਸ਼ਾਇਰੀ

31 ਮਾਰਚ ਦੇ ਨਜ਼ਰੀਆ ਪੰਨੇ ’ਤੇ ਮਨਜੀਤ ਸਿੱਧੂ ਰਤਨਗੜ੍ਹ ਦੀ ਰਚਨਾ ‘ਮਾੜੂ, ਮਾੜੂ ਨਹੀਂ’ ਅਤੇ ਹਰਵਿੰਦਰ ਚੰਡੀਗੜ੍ਹ ਵੱਲੋਂ ਪ੍ਰੋ. ਗੁਰਭਜਨ ਗਿੱਲ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਬਾਰੇ ਲੇਖ ਦੋਵੇਂ ਲਿਖਤਾਂ ਹੀ ਬੜੀਆਂ ਜਾਣਕਾਰੀ ਭਰਪੂਰ ਹਨ। ਪ੍ਰੋ. ਗੁਰਭਜਨ ਗਿੱਲ ਦੀ ਸ਼ਾਇਰੋ-ਸ਼ਾਇਰੀ ਪੜ੍ਹਦਿਆਂ ਮੇਰੇ ਵਾਂਗੂੰ ਹਰ ਪਾਠਕ ਹੀ ਬੜਾ ਫਖ਼ਰ ਮਹਿਸੂਸ ਕਰਦਾ ਹੈ।
ਅਮਰਜੀਤ ਮੱਟੂ ਭਰੂਰ, ਸੰਗਰੂਰ


ਅਧਿਆਪਕ ਤੇ ਵਿਦਿਆਰਥੀ

30 ਮਾਰਚ ਨੂੰ ਜਗਰੂਪ ਸਿੰਘ ਦੇ ਮਿਡਲ ‘ਫੇਲ੍ਹ ਨਹੀਂ ਪਾਸ’ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੀ ਠੋਸ ਮਿਹਨਤ ਅਤੇ ਅਧਿਆਪਨ ਬਾਰੇ ਸੇਧ ਦਊ ਤਜਰਬੇ ਸਾਂਝੇ ਕੀਤੇ। ਦਸਵੀਂ ਦੇ ਗਣਿਤ ਵਿਸ਼ੇ ਵਿਚੋਂ ਫੇਲ੍ਹ ਹੋਣ ਕਰਕੇ ਮੈਂ ਪਿੰਡ ਦੇ ਹੀ ਅਧਿਆਪਕ ਪਾਲ ਸਿੰਘ ਕੋਲ ਦੋ ਮਹੀਨੇ ਗਣਿਤ ਪੜ੍ਹਿਆ। ਮੇਰੀ ਰੁਚੀ ਬੁਝਦਿਆਂ ਉਹ 6 ਦਿਨ ਪੜ੍ਹਾਉਂਦੇ ਤੇ ਸੱਤਵੇਂ ਦਿਨ ਖੁੱਲ੍ਹੀਆਂ ਗੱਲਾਂਬਾਤਾਂ ਸਮਾਜ, ਪੰਜਾਬ ਜਾਂ ਇਤਿਹਾਸ ਬਾਰੇ ਕਰਦੇ। ਦੋ ਮਹੀਨੇ ਵਿਚ ਪੇਪਰ ਪਾਸ ਹੋ ਗਿਆ। ਅਧਿਆਪਕ ਦੀ ਪਾਰਖੂ ਅੱਖ ਡਿੱਗੇ ਪਏ ਵਿਦਿਆਰਥੀਆਂ ਨੂੰ ਭੱਜਣ ਲਾ ਸਕਦੀ ਹੈ।
ਸੁਰਿੰਦਰ ਸਿੰਘ, ਜੈਮਲਵਾਲਾ


ਨਕਲੀ ਦਵਾਈਆਂ

ਤੀਹ ਮਾਰਚ ਦੇ ਸੰਪਾਦਕੀ ਪੰਨੇ ਉੱਤੇ ਨਕਲੀ ਦਵਾਈਆਂ ਖ਼ਿਲਾਫ਼ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਕੀਤੀ ਗਈ ਕਾਰਵਾਈ ਦਾ ਜ਼ਿਕਰ ਕਰਦਿਆਂ ਇਸ ਗੰਭੀਰ ਮੁੱਦੇ ਨੂੰ ਵਿਚਾਰਿਆ ਗਿਆ ਹੈ। ਦਵਾਈਆਂ ਦੇ ਉਤਪਾਦਨ ਦਾ ਮੁੱਦਾ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ-ਮੌਤ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਲਈ ਅਜਿਹੇ ਕਾਰੋਬਾਰ ਸਖ਼ਤ ਨਿਗਰਾਨੀ ਹੇਠ ਹੋਣੇ ਚਾਹੀਦੇ ਹਨ। ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਕੰਪਨੀਆਂ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਜਸਵੀਰ ਸਿੰਘ, ਭੈਣੀ ਚੂਹੜ, ਬਠਿੰਡਾ।


ਸੁਨਹਿਰੀ ਸਾਏ

29 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਸੁਨਹਿਰੀ ਸਾਏ’ ਸ਼ਲਾਘਾਯੋਗ ਸੀ, ਜਿਸ ਵਿੱਚ ਲੇਖਕ ਨੇ ਵੱਖ ਵੱਖ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਵੇਦਨਾ ਨੂੰ ਬਿਆਨ ਕੀਤਾ ਹੈ, ਕਿ ਕਿਵੇਂ ਅਜੋਕੇ ਸਮੇਂ ਵਿੱਚ ਹਰ ਵਿਅਕਤੀ ਰੁਜ਼ਗਾਰ ਦੀ ਖਾਤਰ ਸੁਵਖਤੇ ਉਠਦਾ ਹੈ ਤੇ ਆਪਣੇ ਜ਼ਿੰਦਗੀ ਦੇ ਪਹੀਏ ਨੂੰ ਅੱਗੇ ਤੋਰਦਾ ਹੈ। ਪਰ ਅਫਸੋਸ ਕਿ ਉਸ ਕੋਲ ਪੱਕਾ ਰੁਜ਼ਗਾਰ ਨਹੀਂ ਹੈ। ਉਸ ਨੂੰ ਨਿਗੁਣੀ ਤਨਖਾਹ ’ਤੇ ਗੁਜ਼ਾਰਾ ਕਰਨਾ ਪੈਂਦਾ ਹੈ। ਉਹ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦਾ ਹੈ ਪਰ ਠੇਕੇਦਾਰੀ ਸਿਸਟਮ ਕਾਰਨ ਉਸ ਦਾ ਭਵਿੱਖ ਅਸੁਰੱਖਿਅਤ ਰਹਿੰਦਾ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ।


ਕਿਸਾਨਾਂ ਨੂੰ ਦੋਹਰੀ ਮਾਰ

27 ਮਾਰਚ ਦੀ ਸੰਪਾਦਕੀ ‘ਕਿਸਾਨਾਂ ‘ਤੇ ਸੰਕਟ’ ਮਹੱਤਵਪੂਰਨ ਹੈ। ਪੰਜਾਬ ਵਿੱਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਫਸਲਬਾੜੀ, ਖਾਸ ਕਰਕੇ ਕਣਕ ਦਾ ਭਾਰੀ ਨੁਕਸਾਨ ਕੀਤਾ ਹੈ। ਇਹ ਪੰਜਾਬ ਦੇ ਕਿਸਾਨਾਂ ਨੂੰ ਦੂਹਰੀ ਮਾਰ ਪਈ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਪਈ ਅਚਨਚੇਤ ਗਰਮੀ ਕਾਰਨ ਕਣਕ ਦਾ ਝਾੜ ਘਟ ਜਾਣ ਖਦਸ਼ਾ ਖੇਤੀ ਮਾਹਿਰਾਂ ਨੇ ਪ੍ਰਗਟਾਇਆ ਸੀ। ਪੰਜਾਬ ਦੇ ਕਿਸਾਨ ਅਜੇ ਇਸ ਖਦਸ਼ੇ ਤੋਂ ਸੰਭਲੇ ਨਹੀਂ ਸਨ ਕਿ ਇਸ ਦੂਜੀ ਕੁਦਰਤੀ ਆਫਤ ਨੇ ਉਨ੍ਹਾਂ ਦੇ ਸੁਪਨਿਆਂ ਦਾ ਲੱਕ ਤੋੜ ਦਿੱਤਾ ਹੈ। ਇਸ ਮਾਮਲੇ ਵਿੱਚ ਸਰਕਾਰਾਂ ਵੀ ਬੇਬੱਸ ਦਿਖਾਈ ਦੇ ਰਹੀਆਂ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

ਪਾਠਕਾਂ ਦੇ ਖ਼ਤ Other

Apr 06, 2023

ਭਾਈਚਾਰਕ ਏਕਤਾ

5 ਅਪਰੈਲ ਦੀ ਸੰਪਾਦਕੀ ‘ਭਾਈਚਾਰਕ ਏਕਤਾ ਦੀ ਲੋੜ’ ਵਿਚ ਰਾਮ ਨੌਮੀ ਦੇ ਮੌਕੇ ਕੁਝ ਸੂਬਿਆਂ ਵਿਚ ਹੋਈ ਫ਼ਿਰਕੂ ਹਿੰਸਾ ਲਈ ਭਾਜਪਾ ਨਾਲ ਸਬੰਧਿਤ ਫ਼ਿਰਕੂ ਸੰਗਠਨਾਂ ਨੂੰ ਬਿਲਕੁਲ ਸਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਇਤਫ਼ਾਕ ਨਹੀਂ ਬਲਕਿ ਹਿੰਦੂਤਵੀ ਸੰਗਠਨਾਂ ਦੀ ਯੋਜਨਾਬੱਧ ਸਿਆਸੀ ਸਾਜ਼ਿਸ਼ ਹੀ ਕਹੀ ਜਾ ਸਕਦੀ ਹੈ ਕਿ ਇਹ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਖ਼ਾਸ ਕਰਕੇ ਘੱਟਗਿਣਤੀ ਇਲਾਕਿਆਂ ਵਿਚ ਹੀ ਵਾਪਰੀਆਂ ਹਨ ਅਤੇ ਇਸ ਦੀ ਅਗਵਾਈ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਕੀਤੀ ਗਈ। ਜ਼ਾਹਿਰ ਹੈ ਕਿ ਭਾਜਪਾ ਅਤੇ ਇਸਦੇ ਸਹਿਯੋਗੀ ਸੰਗਠਨਾਂ ਵੱਲੋਂ ਇਸ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਫ਼ਿਰਕੂ ਧਰੁਵੀਕਰਨ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਹੈ।

ਸੁਮੀਤ ਸਿੰਘ, ਅੰਮ੍ਰਿਤਸਰ


ਔਰਤ ਦੀ ਬਰਾਬਰੀ

4 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤ ਦੀ ਬਰਾਬਰੀ : ਜਮਹੂਰੀ ਲਹਿਰਾਂ ਤੇ ਨਾਰੀ ਜਥੇਬੰਦੀਆਂ ਦੀ ਭੂਮਿਕਾ’ ਵਿਸ਼ੇ ਦਾ ਬਾਖ਼ੂਬੀ ਵਿਸ਼ਲੇਸ਼ਣ ਕਰਦਾ ਹੈ। ਹੁਣ ਤਕ ਅਸੀਂ ਸਾਰੇ ਔਰਤ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਦੇ ਰਹੇ ਹਾਂ। ਪਰ ਹੁਣ ਪੜ੍ਹੇ ਲਿਖੇ ਅਤੇ ਸੰਪੰਨ ਪਰਿਵਾਰਾਂ ਵੱਲੋਂ ਇਸ ਅਧਿਕਾਰ ਦੀ ਹੋ ਰਹੀ ਦੁਰਵਰਤੋਂ ਨਿੰਦਣਯੋਗ ਹੈ। ਗ਼ਰੀਬ ਔਰਤਾਂ ਭਾਵੇਂ ਅੱਜ ਵੀ ਇਸ ਨਾ-ਬਰਾਬਰੀ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਇਸਦੀ ਦੁਰਵਰਤੋਂ ਲਈ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਹੈ। ਇਸੇ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਮਿਡਲ ਵੀ ਸਰਕਾਰੀ ਸਕੂਲਾਂ ਦੀ ਦੁਰਗਤੀ ਨੂੰ ਵਧੀਆ ਢੰਗ ਨਾਲ ਅਤੇ ਵੱਖਰੇ ਅੰਦਾਜ਼ ਵਿਚ ਪੇਸ਼ ਕਰਦਾ ਹੈ। ਅੱਜ ਬੁੱਢੇ ਪਿੱਪਲਾਂ ਤੇ ਸਰਕਾਰੀ ਸਕੂਲਾਂ ਨੂੰ ਬਚਾਉਣ ਦੀ ਲੋੜ ਹੈ।

ਡਾ. ਤਰਲੋਚਨ ਕੌਰ, ਪਟਿਆਲਾ


ਵਿਚਾਰਾ ਲੇਖਕ

ਪੰਜਾਬੀ ਟ੍ਰਿਬਿਊਨ (1 ਅਪਰੈਲ) ਦੇ ‘ਸਤਰੰਗ’ ਅੰਕ ਵਿਚ ‘ਪੰਜਾਬੀ ਪੁਸਤਕਾਂ ਦੀ ਘੁੰਡ ਚੁਕਾਈ ਤੇ ਵਿਚਾਰਾ ਲੇਖਕ’ (ਡਾ. ਸੁਰਿੰਦਰ ਗਿੱਲ) ਹਕੀਕਤ ਦੇ ਬੜਾ ਕਰੀਬ ਹੈ। ਸਾਡੇ ਇੱਥੇ ਲੇਖਕ ਦੀ ਜਗ੍ਹਾ ਲੁੱਟ ਹੁੰਦੀ ਹੈ। ਪਹਿਲਾਂ ਪ੍ਰਕਾਸ਼ਕ ਉਸ ਕੋਲੋਂ ਮੋਟੀ ਰਕਮ ਲੈ ਲੈਂਦਾ ਹੈ। ਫਿਰ ਘੁੰਡ ਚੁਕਾਈ ਲਈ ਉਸ ਤੋਂ ਮੁਫ਼ਤ ਵੰਡਣ ਲਈ ਕਿਤਾਬਾਂ, ਵਧੀਆ ਖਾਣ ਤੇ ਪੀਣ, ਕਿਤਾਬ ’ਤੇ ਖੋਜ ਪੱਤਰ ਲਿਖਣ ਵਾਲੇ ਨੂੰ ਮਾਣ ਭੱਤਾ/ਸਨਮਾਨ, ਹੋਰ ਪਤਾ ਨਹੀਂ ਕੀ ਕੁਝ ਦੀ ਤਵੱਕੋ ਕੀਤੀ ਜਾਂਦੀ ਹੈ। ਦੁੱਖ ਉਦੋਂ ਹੁੰਦਾ ਹੈ ਜਦੋਂ ਰਿਲੀਜ਼ ਸਮਾਗਮ ਦੌਰਾਨ ਲੇਖਕ ਦੀ ਕਿਤਾਬ ’ਤੇ ਗੰਭੀਰ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਹੋ ਸਕਦਾ ਕਈ ਲੇਖਕ ਤਾਂ ਪਹਿਲੇ ਘੁੰਡ ਚੁਕਾਈ ਸਮਾਗਮ ’ਤੇ ਹੀ ਸਹੁੰ ਖਾ ਲੈਂਦੇ ਹੋਣ ਕਿ ਅੱਗੇ ਤੋਂ ਕਿਤਾਬ ਦੀ ਘੁੰਡ ਚੁਕਾਈ ਕਰਾਉਣੀ ਹੀ ਨਹੀਂ। ਦੂਜੇ ਪਾਸੇ ਅਮਰੀਕਾ-ਕੈਨੇਡਾ, ਇੰਗਲੈਂਡ ਆਦਿ ਪੱਛਮੀ ਮੁਲਕਾਂ ਵਿਚ ਕਿਤਾਬ ਰਿਲੀਜ਼ ਸਮਾਗਮ ਲੇਖਕਾਂ ਵੱਲੋਂ ਨਹੀਂ ਪ੍ਰਕਾਸ਼ਕਾਂ ਵੱਲੋਂ ਕਰਵਾਏ ਜਾਂਦੇ ਹਨ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ


ਸਰਕਾਰੀ ਸਕੂਲਾਂ ਵਿਚ ਦਾਖ਼ਲਾ

31 ਮਾਰਚ ਦੇ ‘ਸਿੱਖਿਆ’ ਪੰਨੇ ’ਤੇ ਕੁਲਵਿੰਦਰ ਸਿੰਘ ਮਲੋਟ ਦਾ ਲੇਖ ‘ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਸਾਰਥਿਕ ਉਪਰਾਲਿਆਂ ਦੀ ਲੋੜ’ ਅਰਥ ਭਰਪੂਰ ਸੀ, ਜਿਸ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਸਲ ਵਿੱਦਿਅਕ ਮਾਹੌਲ ਬਣਾਉਣ ਲਈ ਲੋੜ ਅਤੇ ਸਰਕਾਰ ਦੀਆਂ ਸਿਰਫ਼ ਅੰਕੜਿਆਂ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਲੇਖਕ ਨੇ ਇਹ ਵੀ ਬੜੀ ਬਰੀਕੀ ਨਾਲ ਦੱਸਿਆ ਕਿ ਕਿਸ ਤਰ੍ਹਾਂ ਉੱਚ ਸਿੱਖਿਆ ਅਧਿਕਾਰੀ ਸਿਰਫ਼ ਫ਼ੋਕੀ ਸ਼ੋਹਰਤ ਤੇ ਵਾਹਵਾਹੀ ਲਈ ਅਧਿਆਪਕਾਂ ਉਤੇ ਫਰਜ਼ੀ ਅੰਕੜੇ ਇਕੱਠੇ ਕਰਨ ਲਈ ਦਬਾਅ ਪਾਉਂਦੇ ਹਨ, ਜੋ ਵਿਦਿਆਰਥੀਆਂ ਦੇ ਭਵਿੱਖ, ਅਧਿਆਪਕਾਂ ਅਤੇ ਪੰਜਾਬ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਲਈ ਵੀ ਘਾਤਕ ਸਿੱਧ ਹੋਵੇਗਾ। 

ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)


ਨਿੱਜੀ ਸਕੂਲਾਂ ਦੀ ਮਨਮਰਜ਼ੀ

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਰੁਕਣ ਦਾ ਨਾਂ ਨਹੀ ਲੈ ਰਹੀ। ਪੰਜਾਬ ਸਰਕਾਰ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਾਈਵੇਟ ਸਕੂਲ ਦਾਖ਼ਲਾ ਫ਼ੀਸਾਂ, ਸਾਲਾਨਾ ਫ਼ੀਸਾਂ ਅਤੇ ਵਿਕਾਸ ਫੰਡਾਂ ਦੇ ਨਾਂ ’ਤੇ 10 ਤੋਂ 15 ਹਜ਼ਾਰ ਰੁਪਏ ਵਸੂਲ ਰਹੇ ਹਨ। ਨਵੇਂ ਸੈਸ਼ਨ ਵਿਚ ਪੁਰਾਣੇ ਬੱਚਿਆਂ ਨੂੰ ਰੀਐਡਮਿਸ਼ਨ ਕਰਨ ਦੇ ਨਾਂ ’ਤੇ ਹਜ਼ਾਰਾਂ ਰੁਪਏ ਹਰ ਸਾਲ ਲਏ ਜਾਂਦੇ ਹਨ ਜੋ ਕਿ ਸਰਪ੍ਰਸਤਾਂ ਨਾਲ ਧੱਕਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਪਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਅਜਿਹੇ ਪ੍ਰਾਈਵੇਟ ਸਕੂਲਾਂ ’ਤੇ ਸ਼ਿਕੰਜਾ ਕਿਉਂ ਨਹੀਂ ਕਸ ਰਹੀ। ਇਸ ਤੋਂ ਇਲਾਵਾ ਸਰਕਾਰ ਨੇ ਹਰੇਕ ਪ੍ਰਾਈਵੇਟ ਸਕੂਲ ਨੂੰ ਵਰਦੀਆਂ ਅਤੇ ਕਿਤਾਬਾਂ ਲਈ ਘੱਟੋ-ਘੱਟ ਤਿੰਨ ਦੁਕਾਨਾਂ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੀਆਂ ਵਰਦੀਆਂ ਅਤੇ ਕਿਤਾਬਾਂ ਸਿਰਫ਼ ਕਿਸੇ ਇਕ ਖ਼ਾਸ ਦੁਕਾਨ ਤੋਂ ਹੀ ਮਿਲਦੀਆਂ ਹਨ। 

ਪਵਨ ਗੁਪਤਾ, ਅਹਿਮਦਗੜ੍ਹ

ਮੂਰਖ ਦਿਵਸ

ਆਨਲਾਈਨ ‘ਅਦਬੀ ਰੰਗ’ ਅੰਕ (30 ਮਾਰਚ) ਵਿਚ ਛਪੇ ਵਿਅੰਗ ‘ਮੂਰਖ ਦਿਵਸ ਕਿਉਂ ਮਨਾਇਆ ਜਾਂਦਾ ਹੈ’ ਵਿਚ ਲੇਖਕ ਲਲਿਤ ਗੁਪਤਾ ਨੇ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਲੋਕਾਂ ਦੀ ਇਕ ਦੂਜੇ ਨੂੰ ਮੂਰਖ ਬਣਾਉਣ ਦੀ ਪ੍ਰਥਾ ਪ੍ਰਚੱਲਿਤ ਹੈ। ਕੁਝ ਲੋਕ ਲੰਮੇ ਸਮੇਂ ਤਕ ਤੇ ਕੁਝ ਥੋੜ੍ਹੇ ਸਮੇਂ ਤਕ ਮੂਰਖ ਬਣਾਉਣ ਦੀ ਮੁਹਾਰਤ ਰੱਖਦੇ ਹਨ। ਅਸਲੀਅਤ ਵਿਚ ਵੀ ਜੇਕਰ ਦੇਖਿਆ ਜਾਵੇ ਤਾਂ ਫਿਲਮੀ ਅਭਿਨੇਤਾ ਘੰਟਿਆਂਬੱਧੀ ਦਰਸ਼ਕਾਂ ਬੇਵਕੂਫ਼ ਬਣਾਉਂਦੇ ਹਨ ਤੇ ਇਕ ਧਨਾਢ ਆਦਮੀ ਆਪਣੇ ਸਵਾਰਥ ਅਤੇ ਮਨੋਰੰਜਨ ਲਈ ਲੋਕਾਂ ਨੂੰ ਮੂਰਖ ਬਣਾਉਂਦਾ ਹੈ।

ਗੁਰਮੇਲ ਸਿੰਘ ਬਰਾੜ, ਨੇਹੀਆ ਵਾਲਾ (ਬਠਿੰਡਾ)


ਖੇਤੀ ਨਾਲ ਜੁੜੇ ਮੁੱਦਿਆਂ ’ਤੇ ਗੰਭੀਰ ਹੋਵੇ ਸਰਕਾਰ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੋ ਚੁੱਕਾ ਹੈ। ਵੱਡੇ ਫ਼ਤਵੇ ਨਾਲ ਬਣੀ ਇਸ ਸਰਕਾਰ ਤੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਹਨ। ਪੰਜਾਬ ਦੇ ਹਰੇਕ ਤਰ੍ਹਾਂ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਸਿਆਸੀ ਮੁੱਦਿਆਂ ਨੂੰ ਨਜਿੱਠਣ ਲਈ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸਾਫ਼ ਅਤੇ ਸਪੱਸ਼ਟ ਨੀਅਤ ਅਤੇ ਨੀਤੀ ਦੀ ਲੋੜ ਹੈ। ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀ ਹੈ। ਬੜੀ ਵੱਡੀ ਸਿਤਮਜ਼ਰੀਫੀ ਹੈ ਕਿ ਦੇਸ਼ ਦਾ ‘ਅੰਨ ਦਾ ਕਟੋਰਾ’ ਪੰਜਾਬ ਪਿਛਲੇ ਤਿੰਨ ਦਹਾਕਿਆਂ ਵਿਚ ਆਰਥਿਕ ਪੱਖੋਂ ਬਹੁਤ ਪਛੜ ਗਿਆ ਹੈ। ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਬਹੁਤ ਵਧ ਗਿਆ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਨੀਵਾਂ ਹੋਣਾ ਵੀ ਪੰਜਾਬ ਦੀ ਖੇਤੀ ਲਈ ਸਭ ਤੋਂ ਗੰਭੀਰ ਸੰਕਟ ਬਣ ਗਿਆ ਹੈ। ਫ਼ਸਲੀ ਚੱਕਰ ਨੂੰ ਬਦਲਕੇ, ਨਹਿਰੀ ਪਾਣੀ ਦੇ ਸਿਸਟਮ ਨੂੰ ਸੁਧਾਰਕੇ ਅਤੇ ਫ਼ਸਲਾਂ ਦੀ ਬਿਜਾਈ ਦੀਆਂ ਨਵੀਆਂ ਤਕਨੀਕਾਂ ਨਾਲ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕ ਕੇ ਪੰਜਾਬ ਦੀ ਖੇਤੀ ਨੂੰ ਬਚਾਇਆ ਜਾ ਸਕਦਾ ਹੈ। ਪਰ ਐੱਸਵਾਈਐੱਲ ’ਤੇ ਮੌਜੂਦਾ ਸਰਕਾਰ ਦਾ ਸਟੈਂਡ ਹੈਰਾਨੀਜਨਕ ਅਤੇ ਦੁਖਦਾਈ ਹੈ। ਸਰਕਾਰ ਨੂੰ ਖੇਤੀ ਬਾਰੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਿਰਫ਼ ‘ਪ੍ਰਚਾਰ ਨੀਤੀ’ ਨਾਲ ਮਸਲੇ ਹੱਲ ਨਹੀਂ ਹੋਣੇ। ਨਾ ਹੀ ਪਹਿਲਾਂ ਦੀਆਂ ਸਰਕਾਰਾਂ ਨੂੰ ਦੋਸ਼ ਦੇ ਕੇ ਮਸਲੇ ਹੱਲ ਹੋਣਗੇ। ਇਸ ਲਈ ਨੀਅਤ ਅਤੇ ਨੀਤੀ ਬਦਲਣੀ ਪਵੇਗੀ।

ਪਲਵਿੰਦਰ ਸੋਹਲ, ਪੀਰ ਦੀ ਸੈਨ (ਗੁਰਦਾਸਪੁਰ)

ਪਾਠਕਾਂ ਦੇ ਖ਼ਤ

Apr 04, 2023

ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ

ਹਰਿੰਦਰ ਹੈਪੀ ਨੇ 21 ਮਾਰਚ ਦੇ ਅੰਕ ਵਿਚ ਲੇਖ ‘ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ : ਫੌਰੀ ਹੱਲ ਦੀ ਲੋੜ’ ਰਾਹੀਂ ਦੇਸ਼ ਦੀਆਂ ਉੱਚ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ (ਖ਼ਾਸਕਰ ਦਲਿਤ/ਕਬਾਇਲੀ) ਵਿਚ ਵਧ ਰਹੇ ਖ਼ੁਦਕੁਸ਼ੀਆਂ ਦੇ ਰੁਝਾਨ ਬਾਰੇ ਵਧੀਆ ਤਰੀਕੇ ਨਾਲ ਅਧਿਐਨ ਕੀਤਾ ਹੈ। ਲੇਖਕ ਵੱਲੋਂ ਇਸ ਦੇ ਕਾਰਨ ਅਤੇ ਰੋਕਣ ਦੇ ਤੌਰ ਤਰੀਕੇ ਵੀ ਸੁਝਾਏ ਗਏ ਹਨ। ਅਜਿਹੀ ਸਮੱਸਿਆ ਨਾਲ ਡਾਕਟਰੀ ਦੇ ਖਿੱਤੇ ਵਿਚ ਕੰਮ ਕਰਦੀ ਪੰਜਾਬ ਦੀ ਬੱਚੀ ਦਾ ਮੌਤ ਨੂੰ ਗਲ ਲਾ ਲੈਣਾ ਮਾਮਲੇ ਦੀ ਗੰਭੀਰਤਾ ਨਾਲ ਪੜਚੋਲ ਮੰਗਦਾ ਹੈ। ਇਕ ਹੋਰ ਅਹਿਮ ਨੁਕਤਾ ਹੈ ਦੇਸ਼ ਤੇ ਸਮਾਜ ਵਿਚ ਜਾਤੀਵਾਦ ਦੀ ਸਮੱਸਿਆ ’ਤੇ ਖੁੱਲ੍ਹ ਕੇ ਵਿਚਾਰ ਨਾ ਹੋਣਾ, ਉਸ ਬਾਰੇ ਖੁੱਲ੍ਹ ਕੇ ਨਾ ਬੋਲਣਾ। ਜਦੋਂ ਅਸੀਂ ਕਿਸੇ ਵੀ ਬਿਮਾਰੀ ਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਾਅਦ ਵਿਚ ਇਹ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਇਸ ਦੇ ਨਤੀਜੇ ਕਈ ਵਾਰੀ ਖ਼ੁਦਕੁਸ਼ੀਆਂ ਵਰਗੇ ਸਿਰੇ ਦੇ ਕਦਮਾਂ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। ਸੰਸਥਾਵਾਂ ਨੂੰ ਆਪਣੇ ਕੈਂਪਸ ਵਿਚ ਵਿਦਿਆਰਥੀਆਂ ਨੂੰ ਅਜਿਹਾ ਵਾਤਾਵਰਨ ਦੇਣਾ ਚਾਹੀਦਾ ਹੈ ਕਿ ਕੋਈ ਵੀ ਪੀੜਤ ਵਿਦਿਆਰਥੀ ਬੇਝਿਜਕ ਅਤੇ ਬੇਖੌਫ਼ ਹੋ ਕੇ ਆਪਣੀ ਮਾਨਸਿਕ ਸਥਿਤੀ ਨੂੰ ਬਾਕੀਆਂ ਕੋਲ ਪ੍ਰਗਟਾਅ ਸਕੇ।
ਯਾਦਵਿੰਦਰ ਸਿੰਘ ਛਿੱਬਰ, ਲੁਧਿਆਣਾ


ਤਵੀਤ ਤੇ ਅੰਧਵਿਸ਼ਵਾਸ

3 ਅਪਰੈਲ ਨੂੰ ਸਤਪਾਲ ਸਿੰਘ ਦਿਓਲ ਦਾ ਮਿਡਲ ‘ਵਕੀਲ ਤੇ ਤਵੀਤ’ ਪਾਠਕ ਨੂੰ ਸੋਚਣ ’ਤੇ ਮਜਬੂਰ ਕਰਦਾ ਹੈ ਕਿ ਕਿਵੇਂ ਪਾਖੰਡੀ ਸਾਧ ਮਿਹਨਤਕਸ਼ ਭੋਲੇ ਭਾਲੇ ਲੋਕਾਂ ਨੂੰ ਆਪਣੇ ਅੰਧਵਿਸ਼ਵਾਸ ਵਿਚ ਫਸਾ ਕੇ ਮੋਟੀ ਲੁੱਟ-ਖਸੁੱਟ ਕਰਦੇ ਹਨ ਤੇ ਆਪ ਠਾਠ ਦੀ ਜ਼ਿੰਦਗੀ ਜਿਉਂਦੇ ਹਨ। ਜਿਵੇਂ ਰਚਨਾ ਵਿਚਲੇ ਪਾਤਰ ਸਾਧ ਦੇ ਤਵੀਤ ਤੇ ਹੋਰ ਅੰਧਵਿਸ਼ਵਾਸਾਂ ਤੋਂ ਕਾਮਯਾਬੀ ਮਿਲਣ ਦਾ ਭਰਮ ਪਾਲੀ ਬੈਠੇ ਹਨ, ਜਦੋਂਕਿ ਕੇਸ ਤਾਂ ਤੱਥਾਂ ਦੇ ਆਧਾਰ ’ਤੇ ਵਕੀਲ ਦੀ ਸੂਝ-ਬੂਝ ਨਾਲ ਜਿੱਤਿਆ ਗਿਆ। ਇਸੇ ਤਰ੍ਹਾਂ 24 ਮਾਰਚ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਕਾਂਗੜੀ ਤੇ ਉਹ’ ਵੀ ਵਧੀਆ ਲੱਗਾ। ਕਿਵੇਂ ਡੇਢ ਦਿਨ ਦੇ ਬੱਚੇ ਨੂੰ ਛੱਡ ਕੇ ਮਰ ਗਈ ਆਪਣੀ ਪਤਨੀ ਤੋਂ ਬਾਅਦ ਇਕ ਪਿਉ ਆਪਣੀ ਛਾਤੀ ਨਾਲ ਲਾ ਕੇ ਮਿਹਨਤ-ਮਜ਼ਦੂਰੀ ਕਰਦਾ ਹੋਇਆ ਆਪਣੇ ਬੱਚੇ ਨੂੰ ਪਾਲਦੈ ਤੇ ਦੂਜਾ ਵਿਆਹ ਵੀ ਨਹੀਂ ਕਰਵਾਉਂਦਾ।
ਅਮਰਜੀਤ ਮੱਟੂ ਭਰੂਰ (ਸੰਗਰੂਰ)


ਪੰਜਾਬ ਤੇ ਖੇਡਾਂ

ਪਹਿਲੀ ਅਪਰੈਲ ਦੇ ਅੰਕ ਵਿਚ ਗੁਰਬਚਨ ਜਗਤ ਦਾ ਲੇਖ ‘ਪੰਜਾਬ : ਖੇਡ ਸਭਿਆਚਾਰ ਨੂੰ ਸੁਰਜੀਤ ਕਰਨਾ ਜ਼ਰੂਰੀ’ ਪੰਜਾਬ ਦੇ ਨੌਜਵਾਨਾਂ ਵੱਲੋਂ ਸੱਭਿਆਚਾਰ ਨਾਲੋਂ ਟੁੱਟ ਕੇ ਕੁਰਾਹੇ ਪੈ ਜਾਣ ’ਤੇ ਚਿੰਤਾ ਜ਼ਾਹਿਰ ਕਰਦਾ ਹੈ। ਅੱਜਕੱਲ੍ਹ ਪੰਜਾਬ ਦੇ ਬੱਚਿਆਂ ਦਾ ਬਚਪਨ ਇਕਹਿਰੇ ਪਰਿਵਾਰਾਂ ਨੇ ਖੋਹ ਲਿਆ ਹੈ ਤੇ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧੱਸ ਚੁੱਕੀ ਹੈ। ਪੰਜਾਬੀ ਨੌਜਵਾਨਾਂ ਦੇ ਮੱਥੇ ’ਤੇ ਨਸ਼ੇੜੀ ਅਤੇ ਗੈਂਗਸਟਰਵਾਦੀ ਹੋਣ ਦਾ ਕਲੰਕ ਲੱਗ ਚੁੱਕਾ ਹੈ। ਨੌਜਵਾਨ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੇ ਜਾ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇਨ੍ਹਾਂ ਦਾ ਖੇਡਾਂ ਵੱਲ ਮੁੜਨਾ ਲਾਜ਼ਮੀ ਹੈ।
ਕਮਲਜੀਤ ਕੌਰ ਗੁੰਮਟੀ (ਬਰਨਾਲਾ)


ਦੇਸ਼ ਤੇ ਸੰਵਿਧਾਨ

31 ਮਾਰਚ ਦੀ ਸੰਪਾਦਕੀ ‘ਨਫ਼ਰਤੀ ਭਾਸ਼ਨਾਂ ਵਿਰੁੱਧ ਕਾਰਵਾਈ’ ਤੇ ਪਾਕਿਸਤਾਨ ਬਾਰੇ ਲੇਖ ਦੇਸ਼ ਦੇ ਸੰਵਿਧਾਨ ਦੀ ਬੇਕਦਰੀ ’ਤੇ ਚਾਨਣਾ ਪਾਉਂਦੇ ਹਨ। ਸੰਵਿਧਾਨ ਕਿਸੇ ਵੀ ਦੇਸ਼ ਦਾ ਹੋਵੇ, ਉੱਥੋਂ ਦੀ ਤਾਕਤ ਤੇ ਸਿਰਮੌਰ ਸਰਮਾਇਆ ਹੁੰਦਾ ਹੈ। ਜੇ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਚੱਲ ਰਿਹਾ ਫ਼ਿਰਕਾਪ੍ਰਸਤੀ ਦਾ ਦੌਰ ਤੇ ਹਾਕਮ ਪਾਰਟੀ ਦੀਆਂ ਨੀਤੀਆਂ ਦੇਸ਼ ਲਈ ਖ਼ਤਰਨਾਕ ਹਨ। ਫ਼ਿਰਕੂ ਭਾਸ਼ਨ, ਨਿਆਂ ਪ੍ਰਣਾਲੀ ਵਿਚ ਰਾਜਨੀਤਕ ਪਾਰਟੀਆਂ ਦਾ ਦਖ਼ਲ ਦੇਸ਼ ਨੂੰ ਨਿਖਾਰ ਦੀ ਬਜਾਏ ਨਿਘਾਰ ਵੱਲ ਜਾ ਰਿਹਾ ਹੈ। ਇਸੇ ਤਰ੍ਹਾਂ ਮੁੱਖ ਆਰਟੀਕਲ ਵਿਚ ਪਾਕਿਸਤਾਨ ਵਿਚ ਸੰਵਿਧਾਨ ਦੀ ਲਗਾਤਾਰ ਬੇਅਦਬੀ ਬਾਰੇ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਸ ਦੇਸ਼ ਦਾ ਸੰਵਿਧਾਨ ਮੁਲਕ ਆਜ਼ਾਦ ਹੋਣ ਤੋਂ ਬਾਅਦ ਤਿੰਨ ਵਾਰ ਬਦਲ ਦਿੱਤਾ ਗਿਆ ਹੈ। ਫਿਰ ਵੀ ਇਸ ਨੂੰ ਮਾਣ ਸਨਮਾਨ ਨਹੀਂ ਮਿਲ ਸਕਿਆ। ਇਸੇ ਅੰਕ ਵਿਚ ਮਨਜੀਤ ਸਿੱਧੂ ਰਤਨਗੜ੍ਹ ਦਾ ਮਿਡਲ ‘ਮਾੜੂ, ਮਾੜੂ ਨਹੀਂ’ ਵਧੀਆ ਲੱਗਾ, ਕਿ ਕਿਵੇਂ ਇਕ ਗ਼ਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਕਾਮਯਾਬ ਬਣਾਉਂਦਾ ਹੈ।
ਮਨਮੋਹਨ ਸਿੰਘ, ਨਾਭਾ


ਪਲਾਸਟਿਕ ਦੀ ਆਫ਼ਤ

30 ਮਾਰਚ ਦੇ ਜਵਾਂ ਤਰੰਗ ਸਫ਼ੇ ’ਤੇ ਪ੍ਰਿਅੰਕਾ ਸੌਰਭ ਦੀ ਲਿਖਤ ‘ਪਲਾਸਟਿਕ ਪ੍ਰਦੂਸ਼ਣ ਵਿਰੁੱਧ ਲੜਾਈ’ ਪੜ੍ਹੀ। ਲੇਖਿਕਾ ਨੇ ਬਾਖ਼ੂਬੀ ਨਾਲ ਭਾਰਤ ਸਰਕਾਰ ਵੱਲੋਂ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਕੀਤੇ ਜਾ ਰਹੇ ਯਤਨਾਂ ਦਾ ਸੰਖੇਪ ਵੇਰਵਾ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਮਨੁੱਖਤਾ ਦੇ ਵਿਰੁੱਧ ਅਲਾਮਤਾਂ ਨੂੰ ਸਾਂਝੇ ਯਤਨਾਂ ਸਦਕਾ ਹੀ ਠੱਲ੍ਹ ਪੈ ਸਕਦੀ ਹੈ। ਰਿਪੋਰਟ ਅਨੁਸਾਰ ਜੀ-20 ਦੇਸ਼ਾਂ ਵਿਚ ਸੰਨ 2050 ਤਕ ਪਲਾਸਟਿਕ ਦੀ ਵਰਤੋਂ ਦੁੱਗਣੀ ਹੋ ਜਾਵੇਗੀ ਜੋ ਕਿ ਐਨਾ ਸੁਹਿਰਦ ਯਤਨਾਂ ਦੇ ਬਾਵਜੂਦ ਚੰਗਾ ਰੁਝਾਨ ਨਹੀਂ। ਅਸੀਂ ਪਲਾਸਟਿਕ ਦੇ ਐਨੇ ਆਦੀ ਹੋ ਗਏ ਹਾਂ ਜਿਵੇਂ ਇਸ ਤੋਂ ਬਣੀਆਂ ਚੀਜ਼ਾਂ ਬਿਨਾਂ ਜੀਵਨ ਅਧੂਰਾ ਜਾਪਦਾ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ

(2)

ਲੇਖ ‘ਪਲਾਸਟਿਕ ਪ੍ਰਦੂਸ਼ਣ ਵਿਰੁੱਧ ਲੜਾਈ’ ਅਰਥ ਭਰਪੂਰ ਹੈ। ਆਮ ਲੋਕਾਂ ਤੇ ਸਮਾਜ-ਸੇਵੀ ਸੰਸਥਾਵਾਂ ਨੂੰ ਸਰਗਰਮੀ ਨਾਲ ਆਪਣੇ ਆਲੇ ਦੁਆਲੇ ਤੋਂ ਪਲਾਸਟਿਕ ਦੇ ਕੂੜੇ ਨੂੰ ਹਟਾਉਣਾ ਚਾਹੀਦਾ ਹੈ। ਸਟਾਰਟ-ਅੱਪਸ ਅਤੇ ਉਦਯੋਗਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਦੇ ਨਵੇਂ ਤਰੀਕਿਆਂ ਬਾਰੇ ਸੋਚਣਾ ਚਾਹੀਦਾ ਹੈ, ਤਾਂ ਹੀ ਧਰਤੀ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ।
ਰੁਪਿੰਦਰ ਸਿੰਘ, ਪਟਿਆਲਾ


ਪੁਰਾਣੀ ਪੈਨਸ਼ਨ ਸਕੀਮ

28 ਮਾਰਚ ਨੂੰ ਸੰਪਾਦਕੀ ‘ਪੈਨਸ਼ਨ ਸਕੀਮ’ ਵਿਚ ਪੁਰਾਣੀ ਪੈਨਸ਼ਨ ਸਕੀਮ ਬਾਰੇ ਚਰਚਾ ਕੀਤੀ ਗਈ। ਅਫ਼ਸੋਸ ਕਿ ਅਖ਼ਬਾਰ ਨੇ ਸਰਕਾਰੀ ਪੱਖ ਦੀ ਹੀ ਪ੍ਰੋੜ੍ਹਤਾ ਕੀਤੀ ਤੇ ਬੁਨਿਆਦੀ ਸਵਾਲਾਂ ਤੋਂ ਮੂੰਹ ਫੇਰੀ ਰੱਖਿਆ। ਨਵ-ਉਦਾਰਵਾਦ ਦੇ ਦੌਰ ਵਿਚ ਦੇਸ਼ ਵਿਚ ਨਿੱਜੀਕਰਨ ਦੀ ਹਨੇਰੀ ਝੁੱਲੀ ਹੋਈ ਹੈ ਤੇ ਨਿੱਜੀਕਰਨ ਦੇ ਚਲਦੇ 1 ਜਨਵਰੀ 2004 ਤੇ ਉਸ ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੈਨਸ਼ਨ ਦਾ ਨਿੱਜੀਕਰਨ ਕੀਤਾ ਗਿਆ ਸੀ। ਸਪੱਸ਼ਟ ਹੈ ਕਿ ਇਸ ਸਕੀਮ ਰਾਹੀਂ ਕਾਰਪੋਰੇਟਰਾਂ/ਪੂੰਜੀਪਤੀਆਂ ਦੇ ਘਰ ਭਰਨ ਦੀ ਸਾਜ਼ਿਸ਼ ਰਚੀ ਗਈ ਸੀ/ਹੈ। ਸਵਾਲ ਪੈਦਾ ਹੁੰਦਾ ਹੈ ਕਿ ਕਰਮਚਾਰੀਆਂ ਨੇ ਤਾਂ ਪੈਨਸ਼ਨਾਂ ਲੈ ਕੇ ਦੇਸ਼ ਵਿਚ ਹੀ ਖਰਚ ਕਰਨੀਆਂ ਹਨ ਜਿਸ ਨਾਲ ਦੇਸ਼ ਦੇ ਅਰਥਚਾਰੇ ਨੂੰ ਗਤੀ ਮਿਲਣੀ ਹੈ, ਇਸ ਨਾਲ ਅਰਥਵਿਵਸਥਾ ਨੂੰ ਖ਼ਤਰਾ ਕਿਵੇਂ ਹੋਇਆ?
ਰਿੰਪਲਪ੍ਰੀਤ ਕੌਰ, ਗੁਰਦਾਸਪੁਰ


ਕੁਦਰਤ ਨਾਲ ਖਿਲਵਾੜ

ਮਨੁੱਖ ਨੇ ਬੇਸ਼ੱਕ ਸਾਇੰਸ ਵਿਚ ਬਹੁਤ ਤਰੱਕੀ ਕਰ ਲਈ ਹੈ ਪਰ ਅਜੋਕੇ ਮਨੁੱਖ ਦੀ ਅਸਲ ਸਥਿਤੀ ਅੱਗਾ ਦੌੜਾ ਪਿੱਛਾ ਚੌੜ ਵਾਲੀ ਬਣੀ ਹੋਈ ਹੈ। ਅਜੋਕਾ ਮਨੁੱਖ ਤਰੱਕੀ ਦੇ ਨਾਮ ’ਤੇ ਕੁਦਰਤ ਨਾਲ ਭਾਰੀ ਖਿਲਵਾੜ ਕਰਨ ’ਤੇ ਤੁਲਿਆ ਹੋਇਆ ਹੈ। ਮਨੁੱਖ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਸਦੀਵੀ ਇਸ ਧਰਤੀ ਉੱਤੇ ਨਹੀਂ ਰਹਿਣਾ। ਫਿਰ ਕਿਉਂ ਕੁਦਰਤ ਵੱਲੋਂ ਬਖਸ਼ੀਆਂ ਅਨਮੋਲ ਦਾਤਾਂ ਨਾਲ ਖਿਲਵਾਲੜ ਕਰਨ ’ਤੇ ਲੱਗਿਆ ਹੋਇਆ ਹੈ। ਅਜੋਕੇ ਮਨੁੱਖ ਨੇ ਹਵਾ, ਪਾਣੀ, ਧਰਤੀ ਸਭ ਦੂਸ਼ਿਤ ਕਰ ਕੇ ਰੱਖ ਦਿੱਤੇ ਹਨ, ਜਦੋਂਕਿ ਧਰਤੀ ਇਕੱਲੇ ਮਨੁੱਖ ਦੇ ਰਹਿਣ ਲਈ ਨਹੀਂ ਸਗੋਂ ਪਸ਼ੂ, ਪੰਛੀਆਂ ਤੇ ਹੋਰ ਬਨਸਪਤੀ ਆਦਿ ਲਈ ਵੀ ਹੈ।
ਬਲਜੀਤ ਸਿੰਘ, ਕੋਟਗੁਰੂ (ਬਠਿੰਡਾ)

ਪਾਠਕਾਂ ਦੇ ਖ਼ਤ Other

Apr 02, 2023

ਤ੍ਰਾਸਦੀ ਨੂੰ ਬਿਆਨਦੀ ਰਚਨਾ

ਸ਼ਨਿੱਚਰਵਾਰ, 1 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਬਲਦੇਵ ਸਿੰਘ (ਸੜਕਨਾਮਾ) ਦੀ ਰਚਨਾ ‘ਪੰਜਾਬ ਦੇ ਲੋਕ ਹੀ ਦੱਸਣਗੇ’ ਪੰਜਾਬੀਆਂ ਦੀ ਵਰਤਮਾਨ ਤ੍ਰਾਸਦੀ ਦਾ ਬਾਖ਼ੂਬੀ ਵਰਣਨ ਕਰਦੀ ਹੈ। ਘੱਟ ਪੜ੍ਹੇ-ਲਿਖੇ ਪਰਵਾਸੀ ਏਧਰ ਪੰਜਾਬ ਵਿੱਚ ਆ ਕੇ ਮਿਹਨਤ-ਮਜ਼ਦੂਰੀ ਕਰ ਕੇ ਬੜਾ ਸੋਹਣਾ ਗੁਜ਼ਾਰਾ ਕਰ ਰਹੇ ਤੇ ਚਾਰ ਪੈਸੈ ਕਮਾ ਵੀ ਰਹੇ ਨੇ ਜਦੋਂਕਿ ਪੜ੍ਹੇ ਲਿਖੇ ਓਧਰ ਆਪੋ-ਆਪਣੇ ਸੂਬਿਆਂ ਵਿੱਚ ਵੱਡੇ ਅਹੁਦਿਆਂ ’ਤੇ ਲੱਗੇ ਹੋਏ ਨੇ ਤੇ ਕਈ ਵੱਡੇ ਅਫ਼ਸਰ ਬਣਨ ਲਈ ਉਚੇਰੀ ਪੜ੍ਹਾਈ ਕਰ ਰਹੇ ਨੇ। ਏਧਰ ਆਪਣੇ ਪੰਜਾਬੀ ਬੱਸ ਧਰਨਿਆਂ-ਮੁਜ਼ਾਹਰਿਆਂ ਜੋਗੇ ਹੀ ਰਹਿ ਗਏ ਨੇ ਜਾਂ ਫਿਰ ਆਪਣੇ ਬੁੱਢੇ ਮਾਪਿਆਂ ਨੂੰ ਕਰਜ਼ਾਈ ਕਰ ਕੇ ਬਾਹਰ ਜਾਣ ਦੀ ਦੌੜ ਵਿਚ ਲੱਗੇ ਹੋਏ ਨੇ। ‘ਸਤਰੰਗ’ ਅੰਕ ’ਚ ਤੂੰਬੀ ਦਾ ਬਾਦਸ਼ਾਹ ਯਮਲਾ ਜੱਟ, ਸੱਭਿਆਚਾਰਕ ਗੀਤਾਂ ਦਾ ਪਹਿਰੇਦਾਰ ਜਸਵੰਤ ਸੰਦੀਲਾ ਅਤੇ ਉੱਘਾ ਗਮੰਤਰੀ ਠਾਕਰ ਰਾਮ ਫਰਾਲਾ ਵਰਗੇ ਫ਼ਨਕਾਰਾਂ ਬਾਰੇ ਚੋਖੀ ਜਾਣਕਾਰੀ ਪੜ੍ਹਨ ਨੂੰ ਮਿਲੀ।

ਅਮਰਜੀਤ ਮੱਟੂ ਭਰੂਰ, ਸੰਗਰੂਰ


ਨਫ਼ਰਤੀ ਭਾਸ਼ਨ

31 ਮਾਰਚ ਦੀ ਸੰਪਾਦਕੀ ਵਿੱਚ ਨਫਰਤੀ ਭਾਸ਼ਨਾਂ ਵਿਰੁੱਧ ਕਾਰਵਾਈ ਬਾਰੇ ਸੁਪਰੀਮ ਕੋਰਟ ਦੇ ਜਸਟਿਸ ਕੇ.ਐਮ. ਜੋਸਫ ਦੇ ਹਵਾਲੇ ਨਾਲ ਲਿਖਿਆ ਹੈ ਕਿ ‘‘ਮਨੁੱਖ ਲਈ ਸਭ ਤੋਂ ਅਹਿਮ ਗੱਲ ਉਸ ਦਾ ਮਾਣ ਸਨਮਾਨ ਹੈ, ਧਨ ਜਾਂ ਸਿਹਤ ਨਹੀਂ। ਸਾਡੇ ਨੇਤਾ ਨਫ਼ਰਤੀ ਤਕਰੀਰਾਂ ਰਾਹੀਂ ਵੋਟਰਾਂ ਦਾ ਧਰੁਵੀਕਰਨ ਕਰਦੇ ਹਨ ਤੇ ਫਿਰ ਰਾਜ ਗੱਦੀ ਹਾਸਲ ਕਰਦੇ ਹਨ’। ਸੰਪਾਦਕੀ ਵਿਚ ਦਿੱਲੀ ਤੇ ਗੁਜਰਾਤ ਦੰਗਿਆਂ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਇਸ ਦੀ ਵਰਤੋਂ ਸਿਆਸੀ ਮੰਤਵਾਂ ਲਈ ਕੀਤੀ ਗਈ ਸੀ। ਉਮੀਦ ਹੈ ਸੁਪਰੀਮ ਕੋਰਟ ਨਫ਼ਰਤੀ ਭਾਸ਼ਨਾਂ ਖਿਲਾਫ਼ ਕੋਈ ਮਿਸਾਲੀ ਫ਼ੈਸਲਾ ਸੁਣਾਵੇਗੀ।

ਗੁਰਚਰਨ ਖੇਮੋਆਣਾ (ਬਠਿੰਡਾ)


ਨੌਜਵਾਨਾਂ ਲਈ ਰੋਲ ਮਾਡਲ

29 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨੌਜਵਾਨਾਂ ਵਿਚ ਰੋਲ ਮਾਡਲ ਦਾ ਸੰਕਟ’ ਪੜ੍ਹਿਆ। ਸਾਡੇ ਮੌਕਾਪ੍ਰਸਤ ਸਿਆਸਤਦਾਨ, ਜੇਲ੍ਹਾਂ ਵਿਚ ਬੰਦ ਅਖੌਤੀ ਬਾਬੇ, ਧਰਮ ਅਸਥਾਨਾਂ ਦੀਆਂ ਗੋਲਕਾਂ ਪਿੱਛੇ ਲੜ ਰਹੇ ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕ ਸਾਡੇ ਨੌਜਵਾਨਾਂ ਅੱਗੇ ਕਿਹੜਾ ਰੋਲ ਮਾਡਲ ਰੱਖ ਰਹੇ ਹਨ? ਇਹ ਸਭ ਮਿਲ ਕੇ ਸਾਡੀ ਨਵ-ਪੁੰਗਰਦੀ ਪਨੀਰੀ ’ਤੇ ਅਜਿਹਾ ਪ੍ਰਭਾਵ ਬਣਾਉਂਦੇ ਹਨ ਕਿ ਉਨ੍ਹਾਂ ਨੂੰ ਅਕਲ ਨਾਲੋਂ ਤਾਕਤ ਵੱਡੀ ਲੱਗਣ ਲੱਗਦੀ ਹੈ। ਸਰਕਾਰੀ ਨੀਤੀਆਂ ਘੜਦੇ ਸਮੇਂ ਸੁਚੇਤ ਸਮਾਜ ਸੁਧਾਰਕਾਂ ਦੀ ਸੁਣੀ ਜਾਵੇ ਤਾਂ ਕੋਈ ਗੱਲ ਬਣ ਸਕਦੀ ਹੈ। ਹਰ ਬੱਚੇ ਸਾਹਮਣੇ ਸਭ ਤੋਂ ਪਹਿਲਾ ਮਾਡਲ ਉਸ ਦੇ ਮਾਂ-ਬਾਪ ਪੇਸ਼ ਕਰਦੇ ਹਨ। ਸਹੀ ਲਿਖਿਆ ਹੈ ਕਿ ਸਾਨੂੰ ਸਮੁੱਚੇ ਸਮਾਜ ਨੂੰ ਆਪਣੇ ਅੰਦਰ ਨੂੰ ਘੋਖਣ ਦੀ ਲੋੜ ਹੈ।

ਜਗਰੂਪ ਸਿੰਘ, ਲੁਧਿਆਣਾ


ਸਾਰਥਿਕ ਸੰਵਾਦ ਲਾਜ਼ਮੀ

19 ਮਾਰਚ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਲਿਖਿਆ ਮਿਡਲ ‘ਘੱਟ ਅੰਕਾਂ ਵਾਲੀ ਹੁਸ਼ਿਆਰ ਕੁੜੀ’ ਮਾਪਿਆਂ, ਅਧਿਆਪਕਾਂ ਅਤੇ ਬਾਕੀ ਸਭਨਾਂ ਦਾ ਮਾਰਗ ਦਰਸ਼ਨ ਕਰਦਾ ਹੈ ਕਿ ਵਿਦਿਆਰਥੀਆਂ, ਆਪਣੇ ਬੱਚਿਆਂ ਅਤੇ ਆਪਣੇ ਸਹਿਕਰਮੀਆਂ ਨਾਲ ਸੰਵਾਦ ਰਚਾਉਣ ਲੱਗਿਆਂ ਕਿਵੇਂ ਸਾਵਧਾਨੀ ਵਰਤਣੀ ਹੈ। ਅਜਿਹੀਆਂ ਰਚਨਾਵਾਂ ਨੂੰ ਸਮਾਜ ਵਿਚ ਫੈਲਾਉਣ ਦੀ ਲੋੜ ਹੈ।

ਮਨਮੋਹਨ ਸਿੰਘ ਕਲਸੀ, ਈ-ਮੇਲ