ਪਾਠਕਾਂ ਦੇ ਖ਼ਤ:

ਪਾਠਕਾਂ ਦੇ ਖ਼ਤ Other

Apr 15, 2021

ਸਾਂਝ ਦਾ ਪੁਲ

ਬੁੱਧਵਾਰ 14 ਅਪਰੈਲ ਦੇ ਇੰਟਰਨੈੱਟ ਪੰਨੇ ਪੰਜਾਬੀ ਪੈੜਾਂ ਵਿਚ ਇਕਬਾਲ ਮਾਹਲ ਦਾ ਮਰਹੂਮ ਗਾਇਕ ਸ਼ੌਕਤ ਅਲੀ ਬਾਰੇ ਲੇਖ ਪੜ੍ਹਨ ਨੂੰ ਮਿਲਿਆ। ਲੇਖ ਤੋਂ ਇਹ ਪਤਾ ਲੱਗਿਆ ਕਿ ਸ਼ੌਕਤ ਅਲੀ ਪੰਜਾਬੀ ਬੋਲੀ ਦੀ ਕਿੰਨੀ ਇੱਜ਼ਤ ਕਰਨ ਵਾਲਾ ਫ਼ਨਕਾਰ ਹੋਣ ਦੇ ਨਾਲ ਨਾਲ ਦੋਵਾਂ ਪੰਜਾਬਾਂ ਵਿਚਕਾਰ ਸਾਂਝ ਦਾ ਪੁਲ ਵੀ ਸੀ।

ਰਾਜਨਦੀਪ ਕੌਰ ਮਾਨ, ਈਮੇਲ


ਕਰੋਨਾ ਸਿਆਸਤ

14 ਅਪਰੈਲ ਦਾ ਸੰਪਾਦਕੀ ‘ਤਰਕ, ਨਿਸ਼ਠਾ ਤੇ ਰਿਆਸਤ’ ਕੇਂਦਰ ਸਰਕਾਰ ਅਤੇ ਕੇਂਦਰ ਅਧੀਨ ਆਉਂਦੀ ਦਿੱਲੀ ਪੁਲੀਸ ਵੱਲੋਂ ਕਰੋਨਾ ਦੇ ਬਹਾਨੇ ਹੇਠ ਖੇਡੀ ਜਾ ਰਹੀ ਸਿਆਸਤ ਦਾ ਪਰਦਾਫ਼ਾਸ਼ ਕਰਦਾ ਹੈ। ਕਿਸੇ ਵੀ ਕੁਦਰਤੀ ਆਫ਼ਤ ਜਾਂ ਕਰੋਨਾ ਮਹਾਮਾਰੀ ਵਰਗੀ ਸਮੱਸਿਆ ਦੌਰਾਨ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਾਰਮਿਕ ਤੌਰ ਤੇ ਪੱਖਪਾਤ ਕੀਤੇ ਜਾਣ ਨੂੰ ਮਨੁੱਖਤਾ ਦਾ ਘਾਣ ਹੀ ਆਖਿਆ ਜਾ ਸਕਦਾ ਹੈ। ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਦਿੱਲੀ ਵਿਚ ਤਬਲੀਗੀ ਜਮਾਤ ਦੇ ਇਕੱਠ ਨੂੰ ਕੇਂਦਰ ਸਰਕਾਰ ਅਤੇ ਪੱਖਪਾਤੀ ਮੀਡੀਆ ਨੇ ਕਰੋਨਾ ਲਾਗ ਫੈਲਾਉਣ ਦਾ ਪ੍ਰਚਾਰ ਕਰਕੇ ਦੇਸ਼ ਦੇ ਖਾਸ ਘੱਟ ਗਿਣਤੀ ਫ਼ਿਰਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹੀ ਪਹੁੰਚ ਹੁਣ ਅਪਣਾਈ ਜਾ ਰਹੀ ਹੈ। ਸਰਕਾਰ ਨੂੰ ਇਸ ਦੀ ਥਾਂ ਆਪਸੀ ਸਾਂਝ ਦਾ ਸੁਨੇਹਾ ਦੇਣਾ ਚਾਹੀਦਾ ਹੈ।

ਮਾਨ ਸਿੰਘ ਅਨਪੜ੍ਹ, ਈਮੇਲ


ਡਾ. ਅੰਬੇਡਕਰ ਦਾ ਸੰਘਰਸ਼

ਡਾ. ਲਕਸ਼ਮੀ ਨਰਾਇਣ ਭੀਖੀ ਨੇ ‘ਡਾ. ਭੀਮ ਰਾਓ ਅੰਬੇਡਕਰ ਦਾ ਸੰਘਰਸ਼’ ਲੇਖ (14 ਅਪਰੈਲ) ’ਚ ਉਨ੍ਹਾਂ ਦੇ ਜਨਮ, ਬਚਪਨ ਤੇ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਵੀ ਚਰਚਾ ਕੀਤੀ। ਲੇਖਕ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਬਾਰੇ ਚਰਚਾ ਕਰਦਿਆਂ ਸਮਾਜਵਾਦ ਨੂੰ ਆਧਾਰ ਬਣਾਇਆ। ਸਾਡਾ ਸਮਾਜ ਜਾਤ-ਪਾਤ ਦੀ ਜਕੜ ਵਿਚ ਹੈ, ਡਾ. ਅੰਬੇਡਕਾਰ ਜਾਤ-ਪਾਤ ਦੇ ਬੰਧਨਾਂ ਤੋਂ ਪਾਰ ਸਮਾਜ ਦੀ ਇੱਛਾ ਰੱਖਦੇ ਸਨ।

ਅਮਨਦੀਪ ਕੌਰ, ਪਟਿਆਲਾ

(2)

ਡਾ. ਲਕਸ਼ਮੀ ਨਰਾਇਣ ਭੀਖੀ ਨੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼, ਬੌਧਿਕ ਪ੍ਰਤਿਭਾ, ਸਿਆਸੀ ਅਤੇ ਸਮਾਿਜਕ ਸਰੋਕਾਰਾਂ ਦੇ ਕਾਰਨ ਅਤੇ ਬੁਰਾਈਆਂ ਦੇ ਸਟੀਕ ਹੱਲ ਪੇਸ਼ ਕੀਤੇ ਹਨ। ਇੰਨੇ ਵੱਡੇ ਦਾਰਸ਼ਨਿਕ, ਪ੍ਰਬੁੱਧ ਗਿਆਨੀ ਅਤੇ ਵਿਸ਼ਵ ਆਰਥਿਕਤਾ ਦਾ ਗਹਿਰਾ ਅਧਿਐਨ ਕਰਨ ਵਾਲੇ ਮਹਾਂ ਨਾਇਕ ਦੀ ਸੰਪੂਰਨ ਯੋਗਤਾ ਨੂੰ ਇਸ ਦੇਸ਼ ਨੇ ਪੂਰਾ ਨਹੀਂ ਵਰਤਿਆ। ਉਹ ਇਕੱਲੇ ਦਲਿਤਾਂ ਦੇ ਹੀ ਮਸੀਹਾ ਨਹੀਂ ਸਗੋਂ ਦੇਸ਼ ਦੀ ਆਜ਼ਾਦੀ ਦੇ ਬਾਅਦ ਸਿੰਜਾਈ, ਯੋਜਨਾ ਕਮਿਸ਼ਨ, ਬੈਂਕ ਸੁਧਾਰਾਂ ਅਤੇ ਮੂਲ ਕਾਰਜਾਂ ਦੇ ਸਿਰਜਕ ਵੀ ਸਨ। ਔਰਤ ਦੀ ਪੜ੍ਹਾਈ ਅਤੇ ਸਮਾਜਿਕ ਬਿਹਤਰੀ ਲਈ ਬਹੁਤ ਦਰਦ ਰੱਖਦੇ ਸਨ। ਅਗਲੀ ਪੀੜ੍ਹੀ ਨੂੰ ਅਮੁੱਕ ਸੰਘਰਸ਼ ਲਈ ਕਹਿ ਜਾਣਾ, ਉੁਨ੍ਹਾਂ ਦੇ ਅਮਰ ਬੋਲ ਹਨ।

ਕੇਵਲ ਸਿੰਘ ਰੱਤੜਾ, ਕਪੂਰਥਲਾ


ਰਿਸ਼ਤਿਆਂ ਦੀ ਬਾਤ

8 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਵਿਜੈ ਕੁਮਾਰ ਦਾ ਲੇਖ ‘ਮੁਨਾਫ਼ੇ ਵਾਲਾ ਘਾਟਾ’ ਪ੍ਰੇਰਨਾ ਦੇਣ ਵਾਲਾ ਹੈ। ਸਭ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਰਿਸ਼ਤੇ ਨੂੰ ਗੁੱਸੇ ਵਿਚ ਆ ਕੇ ਖ਼ਤਮ ਨਹੀਂ ਕਰਨਾ ਚਾਹੀਦਾ ਸਗੋਂ ਨਿਭਾਉਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਜ਼ਰੂਰਤ ਪੈਣ ਤੇ ਝੁਕ ਵੀ ਜਾਣਾ ਚਾਹੀਦਾ ਹੈ।

ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ


ਸਿਆਸੀ ਦਾਬੇ ’ਤੇ ਕਰਾਰੀ ਚੋਟ

6 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਜਗਦੀਸ਼ ਕੌਰ ਮਾਨ ਦਾ ਲੇਖ ‘ਹੱਕ ਸੱਚ ਦੇ ਪੁਜਾਰੀ’ ਪੜ੍ਹਿਆ। ਲੇਖਕ ਨੇ ਸੁਚੱਜੇ ਢੰਗ ਨਾਲ ਸਿਆਸੀ ਦਾਬੇ ’ਤੇ ਕਰਾਰੀ ਚੋਟ ਮਾਰੀ ਹੈ। ਕਿਸ ਤਰ੍ਹਾਂ ਸੱਤਾ ਦੇ ਨਸ਼ੇ ਵਿਚ ਚੂਰ ਅਖੌਤੀ ਲੀਡਰ ਸਿਆਸੀ ਪੁਸ਼ਤ-ਪਨਾਹੀ ਹੇਠ ਲੋਕਤੰਤਰ ਦਾ ਘਾਣ ਕਰ ਰਹੇ ਹਨ ਪਰ ਕੁਝ ਜਾਗਦੀ ਜ਼ਮੀਰ ਵਾਲੇ ਅਫ਼ਸਰ ਆਪਣੇ ਆਪ ਨੂੰ ਮੁਸ਼ਕਿਲ ਵਿਚ ਪਾ ਕੇ ਵੀ ਅਜਿਹੇ ਲੋਕਾਂ ਦਾ ਸਾਹਮਣਾ ਕਰ ਕੇ ਲੋਕਤੰਤਰ ਦੀ ਰੱਖਿਆ ਕਰਦੇ ਹਨ। ਅਜਿਹੇ ਅਧਿਕਾਰੀਆਂ ਨੂੰ ਸਲਾਮ ਹੈ।

ਬਨਾਰਸੀ ਦਾਸ, ਈਮੇਲ

(2)

ਜਗਦੀਸ਼ ਕੌਰ ਮਾਨ ਦਾ ਮਿਡਲ ‘ਹੱਕ ਸੱਚ ਦੇ ਪੁਜਾਰੀ’ ਪ੍ਰੇਰਨਾ ਅਤੇ ਸਿੱਖਿਆ ਦੇਣ ਵਾਲਾ ਸੀ। ਆਪੋ-ਆਪਣੇ ਜਵਾਕਾਂ ਦੀਆਂ ਜਾਨ ਦੀ ਚਿੰਤਾ ਛੱਡ ਕੇ ਸੱਚ ਦਾ ਸਾਥ ਨਿਭਾਉਣ ਵਾਲਾ ਇਨਸਾਨ ਆਦਰ ਮਾਣ ਦਾ ਹੱਕਦਾਰ ਹੈ।

ਅਨਿਲ ਕੌਸ਼ਿਕ, ਪਿੰਡ ਕਿਉੜਕ (ਕੈਥਲ, ਹਰਿਆਣਾ)


ਬੇਜ਼ਬਾਨਾਂ ਦੀ ਸਿਆਣਪ

2 ਅਪਰੈਲ ਨੂੰ ਛਪਿਆ ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਵਿਚ ਪ੍ਰੀਤਮਾ ਦੋਮੇਲ ਨੇ ਬੜੇ ਵਧੀਆ ਤਰੀਕੇ ਨਾਲ ਬੇਜ਼ਬਾਨ ਪੰਛੀਆਂ ਦੀ ਸਮਝ ਬਾਰੇ ਦੱਸਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ਵਿਚ ਇਹ ਬੇਜ਼ਬਾਨ ਕਈ ਗੁਣਾਂ ਵੱਧ ਸਹਿਣਸ਼ੀਲ ਹੁੰਦੇ ਹਨ। ਇਹ ਬੇਸ਼ੱਕ ਆਪਣੀਆਂ ਭਾਵਨਾਵਾਂ ਬੋਲ ਕੇ ਨਹੀਂ ਦੱਸ ਸਕਦੇ ਪਰ ਇਸ਼ਾਰਿਆਂ ਰਾਹੀਂ ਸਾਨੂੰ ਬਹੁਤ ਕੁਝ ਸਮਝਣ ਲਈ ਕਹਿੰਦੇ ਹਨ।

ਲਖਵੀਰ ਸਿੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)


ਗੰਭੀਰ ਵਕਤਾਂ ਦਾ ਬਿਆਨ

12 ਅਪਰੈਲ ਦੇ ਪਰਵਾਜ਼ ਪੰਨੇ ਉੱਤੇ ਐੱਸਪੀ ਸਿੰਘ ਨੇ ਆਪਣੇ ਲੇਖ ‘ਹਾਏ ਰੱਬਾ, ਕਰ ਦਿੱਤਾ ਈ ਨਾ ਮੁੜ ਪਹਿਲੇ ਵਰਗਾ’ ਵਿਚ ਤੱਥਾਂ ਦੀ ਸਹਾਇਤਾ ਨਾਲ ਸਮੇਂ ਦੀ ਗੰਭੀਰਤਾ ਨੂੰ ਬਾਖੂ਼ਬੀ ਬਿਆਨ ਕੀਤਾ ਹੈ। ਸੱਚਮੁੱਚ ਇੰਝ ਹੀ ਜਾਪਦਾ ਹੈ ਕਿ ਪਿਛਲੇ ਵਰ੍ਹੇ ਹੰਢਾਈਆਂ ਕਠਿਨਾਈਆਂ ਨੂੰ ਦੁਬਾਰਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸੰਤਾਪ ਦੇ ਚਸ਼ਮਦੀਦ (ਪਰਵਾਸੀ ਕਾਮਿਆਂ) ਦੀਆਂ ਆਪ ਬੀਤੀਆਂ ਨੂੰ ਦੁਹਰਾਇਆ ਜਾਣਾ ਹੈ। ਹੁਣ ਜਨਤਾ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਸ ਨੇ ਆਉਣ ਵਾਲੇ ਹਾਲਾਤ ਅਤੇ ਸਿਆਸੀ ਚੁਸਤੀਆਂ ਨਾਲ ਕਿਵੇਂ ਮੱਥਾ ਲਾਉਣਾ ਹੈ।

ਦੀਪ ਰੰਗਰੇਜ਼, ਧੂਰੀ (ਸੰਗਰੂਰ)

ਪਾਠਕਾਂ ਦੇ ਖ਼ਤ Other

Apr 13, 2021

ਪੰਜਾਬ ਦੇ ਹਾਲਾਤ ਅਤੇ ਸਿਆਸਤਦਾਨ

ਸਿਆਸਤ ਮੇਰਾ ਵਿਸ਼ਾ ਨਹੀਂ ਲੇਕਿਨ ਪੰਜਾਬ ਦੇ ਹਾਲਾਤ ਦੇਖਦਿਆਂ ਫ਼ਿਕਰਮੰਦ ਦਰਸ਼ਕ ਦੇ ਤੌਰ ’ਤੇ ਬਹੁਤ ਚਿੰਤਾ ਹੋ ਰਹੀ ਹੈ। ਪੰਜਾਬ ਦੇ ਸਿਆਸਤਦਾਨਾਂ ਵਿਚ ਅੱਜਕੱਲ੍ਹ ਪੰਜਾਬ ਦੇ ਹਿੱਤਾਂ ਦੀ ਕੋਈ ਚਰਚਾ ਨਹੀਂ ਹੋ ਰਹੀ। ਪੰਜਾਬ ਦੀ ਸੱਤਾਧਿਰ ਜਿੱਥੇ ਆਪਣੀ ਸਰਕਾਰ ਨੂੰ ਵਿਰੋਧੀ ਪਾਰਟੀਆਂ ਤੋਂ ਬਚਾਉਣ ਵਿਚ ਲੱਗੀ ਹੋਈ ਹੈ ਅਤੇ ਨਾਲ ਹੀ ਇਹ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਾਲ ਮਾਰੇ ਜਾ ਰਹੇ ਡਾਕਿਆਂ ਖ਼ਿਲਾਫ਼ ਲੜਨ ਵਿਚ ਮਸਰੂਫ਼ ਹੈ। ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਕੰਮਾਂ ’ਤੇ ਟੀਕਾ-ਟਿੱਪਣੀ ਕਰਨ ਤਾਂ ਜੋ ਸਰਕਾਰ ਆਪਣੇ ਨਿਸ਼ਾਨੇ ਤੋਂ ਭਟਕੇ ਨਾ। ਵਿਰੋਧੀ ਧਿਰਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਪੰਜਾਬ ਦੇ ਸਾਂਝੇ ਮਸਲਿਆਂ, ਜਿਨ੍ਹਾਂ ਦਾ ਵਾਸਤਾ ਕੇਂਦਰ ਸਰਕਾਰ ਨਾਲ ਹੈ, ਦੀ ਰਾਖੀ ਲਈ ਸੱਤਾਧਿਰ ਨੂੰ ਸਹਿਯੋਗ ਦੇਣ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਸਾਹਮਣੇ ਡਟਣ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬ ਦੀ ਵਿੱਤੀ ਹਾਲਤ ਦਿਨ-ਬ-ਦਿਨ ਨਿੱਘਰ ਰਹੀ ਹੈ। ਕੇਂਦਰ ਸਰਕਾਰ ਪੰਜਾਬ ਦਾ ਪੈਸਾ ਰੋਕ ਕੇ ਬੈਠੀ ਹੈ। ਇਹ ਗੱਲ ਵੀ ਮੰਨਣੀ ਪਵੇਗੀ ਕਿ ਅੱਜ ਪੰਜਾਬ ਸਮੇਤ ਸਮੁੱਚੇ ਭਾਰਤ ਵਿਚ ‘ਸਿਆਸਤਦਾਨ’ ਤਾਂ ਬਹੁਤ ਹਨ ਪਰ ‘ਸਟੇਟਸਮੈਨ’ ਦੀ ਭਾਰੀ ਕਮੀ ਹਨ। ਜਿਸ ਤੇਜ਼ੀ ਨਾਲ ਭਾਜਪਾ ਸਰਕਾਰ ਭਾਰਤ ਦੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਸੂਬਿਆਂ ਦੇ ਹਕੂਕ ਘਟਾ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਰਾਜਾਂ ਦੀ ਤਾਕਤ ਕਿਸੇ ਮਿਉਂਸਿਪਲ ਕਮੇਟੀ ਤੋਂ ਵੱਧ ਨਹੀਂ ਰਹੇਗੀ। ਇਸ ਲਈ ਅੱਜ ਮੁਲਕ ਨੂੰ ‘ਸਟੇਟਸਮੈਨਾਂ’ ਦੀ ਜ਼ਰੂਰਤ ਹੈ ਜੋ ਦੂਰ-ਦ੍ਰਿਸ਼ਟੀ ਨਾਲ ਫੈਡਰਲ ਢਾਂਚੇ ਅਤੇ ਬਹੁ-ਸਭਿਆਚਾਰਕ ਵਿਰਸੇ ਨੂੰ ਬਚਾਉਣ।

ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ


ਵਿਰਲਾ-ਟਾਵਾਂ

10 ਅਪਰੈਲ ਨੂੰ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਸਕੂਨ’ ਪੜ੍ਹਿਆ। ਸੱਚੀ ਗੱਲ ਹੈ, ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਨੂੰ ਸਹੀ ਰਾਹ ਪਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਬਹੁਤੇ ਮੁਲਾਜ਼ਮ ਤਾਂ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ।

ਬੂਟਾ ਸਿੰਘ, ਚਤਾਮਲਾ (ਰੂਪਨਗਰ)


ਵਿੱਦਿਆ ਤੇ ਬੌਧਿਕਤਾ

9 ਅਪਰੈਲ ਨੂੰ ਡਾ. ਵਿਨੋਦ ਕੁਮਾਰ ਦਾ ਲੇਖ ‘ਮੌਜੂਦਾ ਸਮਿਆਂ ’ਚ ਸਿੱਖਿਆ, ਗਿਆਨ ਤੇ ਬੌਧਿਕਤਾ’ ਵਿੱਦਿਆ ਦੀ ਤਬਾਹੀ ਬਾਰੇ ਸਚਾਈ ਬਿਆਨ ਕਰਦਾ ਹੈ। ਵੈਸੇ ਤਾਂ ਵਿੱਦਿਆ ਵੱਲ ਬਹੁਤਾ ਧਿਆਨ ਪਹਿਲਾਂ ਵੀ ਨਹੀਂ ਸੀ ਦਿੱਤਾ ਗਿਆ ਪਰ ਕਰੋਨਾ ਦਾ ਬਾਕੀ ਖੇਤਰਾਂ ਮੁਕਾਬਲੇ ਜ਼ਿਆਦਾਤਰ ਮਾਰੂ ਅਸਰ ਵਿੱਦਿਆ ਉੱਪਰ ਹੀ ਪਿਆ ਹੈ। ਮੌਜੂਦਾ ਸਿੱਖਿਆ ਕਾਰਨ ਵਿਦਿਆਰਥੀਆਂ ਗਿਆਨ, ਬੌਧਿਕਤਾ ਅਤੇ ਸੁਤੰਤਰ ਸੋਚ ਤੋਂ ਦੂਰ ਹੋ ਰਹੇ ਹਨ।

ਜਸਬੀਰ ਕੌਰ, ਅੰਮ੍ਰਿਤਸਰ


ਰਿਸ਼ਤਿਆਂ ਦੀ ਅਹਿਮੀਅਤ

8 ਅਪਰੈਲ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਮੁਨਾਫ਼ੇ ਵਾਲਾ ਘਾਟਾ’ ਵਧੀਆ ਲੱਗਿਆ। ਸਾਡੇ ਸਮਾਜ ਵਿਚ ਅਜਿਹੇ ਬਥੇਰੇ ਲੋਕ ਹਨ ਜੋ ਧੋਖਾਧੜੀ ਕਰ ਕੇ ਪੈਸੇ ਕਮਾਉਂਦੇ ਹਨ ਅਤੇ ਆਪਣੇ ਰਿਸ਼ਤਿਆਂ ਦੀ ਵੀ ਕਦਰ ਨਹੀਂ ਕਰਦੇ। ਉਂਜ, ਮਿਹਨਤ ਦੀ ਕਮਾਈ ਲਾਲ ਜੋ ਸਕੂਨ ਮਿਲਦਾ ਹੈ, ਉਸ ਦਾ ਕੋਈ ਜਵਾਬ ਨਹੀਂ।

ਰੁਪਿੰਦਰ ਕੌਰ, ਸੱਦੋ ਮਾਜਰਾ (ਫਤਿਹਗੜ੍ਹ ਸਾਹਿਬ)


ਸਿੱਧੀ ਅਦਾਇਗੀ ਦਾ ਮਸਲਾ

6 ਅਪਰੈਲ ਨੂੰ ਲੋਕ ਸੰਵਾਦ ਪੰਨੇ ਉੱਤੇ ਹਮੀਰ ਸਿੰਘ ਦੀ ਲਿਖਤ ‘ਸਿੱਧੀ ਅਦਾਇਗੀ ਦੇ ਮਸਲੇ ਦੀਆਂ ਪੇਚੀਦਗੀਆਂ’ ਪੜ੍ਹੀ। ਹੁਣ ਖੇਤੀ ਪ੍ਰਧਾਨ ਦੇਸ਼ ਦੇ ਖੇਤੀ ਖੇਤਰ ਵਿਚ ਸਭ ਕੁਝ ਅੱਛਾ ਨਹੀਂ। ਵੱਡੇ ਕਾਰਨ ਖੇਤੀ ਬਾਰੇ ਇਕਪਾਸੜ ਸੋਚ, ਮਹਿੰਗਾ ਤੇ ਵਾਧੂ ਅਨਾਜ, ਸੁੰਗੜੀ ਖ਼ਪਤਕਾਰ ਖਰੀਦ ਸ਼ਕਤੀ ਹਨ। ਕਿਸਾਨ ਨੂੰ ਸਿੱਧੀ ਅਦਾਇਗੀ ਕੇਂਦਰ ਸਰਕਾਰ ਦਾ ਅਮੀਰ ਅਤੇ ਗ਼ਰੀਬ ਕਿਸਾਨ ਨੂੰ ਨਿਖੇੜਨ ਲਈ ਉਪਰਾਲਾ ਹੈ। ਸੂਬੇ ’ਚ ਧਨਾਢ ਕਿਸਾਨ ਆੜ੍ਹਤੀਆ ਵੀ ਆਪ ਹੈ ਅਤੇ ਵਪਾਰੀ, ਸ਼ੈਲਰ ਮਾਲਕ, ਪ੍ਰਚੂਨ ਵਿਕਰੇਤਾ (ਦੁਕਾਨਦਾਰ) ਅਤੇ ਜ਼ਿਮੀਂਦਾਰ ਵੀ ਆਪ ਹੀ ਹੈ। ਪੰਜਾਬ ਨੂੰ ਹੋਰ ਰਾਜਾਂ ਤੋਂ ਵੱਧ ਇਸ ਕੇਂਦਰੀ ਸਕੀਮ ਦੀ ਲੋੜ ਹੈ ਕਿਉਂਕਿ ‘ਜੱਗੂਮੱਲ’ ਦੀ ਜ਼ਮੀਨ ਚਰੋਕਣੀ ‘ਫੱਗੂਮੱਲ’ ਜੋਤ ਰਿਹਾ ਹੈ; ਅਰਥਾਤ ਖੇਤੀ ਸੈਂਕੜੇ ਏਕੜ ਹੈ ਪਰ ਸਿੱਧਾ ‘ਕਰ’ ਕੋਈ ਨਹੀਂ। ਰਾਜ ਵਿਚ ਬੇਨਾਮੀ ਭੋਇੰ ਬਥੇਰੀ ਹੈ। ਸਿੱਧੀ ਫ਼ਸਲ ਅਦਾਇਗੀ ਗ਼ਰੀਬ ਕਿਸਾਨ ਅਤੇ ਰਾਜ ਦੇ ਹੱਕ ਵਿਚ ਹੈ ਪਰ ਧਨਾਢ ਕਿਸਾਨ ਦੇ ਬਰਖ਼ਿਲਾਫ਼ ਹੈ।

ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ


ਕਿਸਾਨ ਸੰਘਰਸ਼ ਲਈ ਉਤਸ਼ਾਹ

9 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਅਜਾਇਬ ਸਿੰਘ ਟਿਵਾਣਾ ਦੀ ਰਚਨਾ ‘ਪਾਪਾ, ਮੈਂ ਸਿੰਘੂ ਬਾਰਡਰ ਜਾਣਾ’ ਪੜ੍ਹਦਿਆਂ ਪਾਠਕ ਭਾਵੁਕਤਾ ਦੇ ਵਹਿਣ ਵਿਚ ਵਹਿ ਜਾਂਦਾ ਹੈ। ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ  ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿਚ ਬੜਾ ਉਤਸ਼ਾਹ ਹੈ। ਰਚਨਾ ਵਿਚਲੇ ਪਾਤਰ ਪਰਮਵੀਰ ਵਾਂਗ ਕਿੰਨੇ ਹੀ ਕਿਸਾਨੀ ਸੰਘਰਸ਼ੀ ਯੋਧੇ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਦੀ ਸਿਹਤ ’ਤੇ ਕੋਈ ਅਸਰ ਨਹੀਂ। ਕਿੰਨਾ ਚੰਗਾ ਹੋਵੇ ਜੇ ਸਰਕਾਰ ਕਿਸਾਲ ਵਿਰੋਧੀ ਕਾਨੂੰਨ ਰੱਦ ਕਰ ਦੇਵੇ।

ਅਮਰਜੀਤ ਮੱਟੂ ਭਰੂਰ (ਸੰਗਰੂਰ)

ਪਾਠਕਾਂ ਦੇ ਖ਼ਤ

Apr 12, 2021

ਕੋਵਿਡ ਅਤੇ ਸਰਕਾਰ

9 ਅਪਰੈਲ ਦੇ ਸੰਪਾਦਕੀ ‘ਦੁਖਾਂਤ ਦੁਬਾਰਾ ਨਾ ਵਾਪਰੇ’ ਵਿਚ ਕੋਵਿਡ-19 ਨਾਲ ਜੁੜਿਆ ਦੁਖਾਂਤ ਦੁਬਾਰਾ ਵਾਪਰਨ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਦੇ ਕੋਵਿਡ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਅਸਫ਼ਲਤਾ ਬਾਰੇ ਸਵਾਲ ਵੀ ਉਠਾਏ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਦਾ ਕੋਈ ਵੀ ਪ੍ਰੋਗਰਾਮ ਜਾਂ ਉਪਰਾਲਾ ਓਨੀ ਦੇਰ ਕਾਮਯਾਬ ਨਹੀਂ ਹੋ ਸਕਦਾ ਜਿੰਨੀ ਦੇਰ ਲੋਕ ਉਸ ਦਾ ਸਾਥ ਨਾ ਦੇਣ। ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਪਿਛਲੀਆਂ ਕਾਰਗੁਜ਼ਾਰੀਆਂ ਤੋਂ ਨਿਰਾਸ਼ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਇਸ ਕਦਰ ਉੱਠ ਗਿਆ ਹੈ ਕਿ ਲੋਕ ਸਰਕਾਰ ਦੇ ਹਰ ਪ੍ਰੋਗਰਾਮ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ। ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ।

ਮਨਦੀਪ ਸਿੰਘ, ਸਰਦੂਲਗੜ੍ਹ


ਸਿਆਸਤਦਾਨ ਅਤੇ ਬੁੱਧੀਜੀਵੀ ਧਿਆਨ ਦੇਣ

10 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਹਰਜੀਤ ਅਟਵਾਲ ਦਾ ਲੇਖ ‘ਇੰਗਲਿਸ਼ ਚੈਨਲ ਲੰਘਦੇ ਜਾਅਲੀ ਆਵਾਸੀ’ ਪੜ੍ਹਿਆ। ਇਹ ਸਮੱਸਿਆ ਸਿਆਸਤਦਾਨਾਂ ਅਤੇ ਬੁੱਧੀਜੀਵੀਆਂ ਦਾ ਧਿਆਨ ਮੰਗਦੀ ਹੈ। ਇਸ ਤੋਂ ਪਹਿਲਾਂ 9 ਅਪਰੈਲ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਮਰਦ-ਔਰਤ ਨਾ-ਬਰਾਬਰੀ ਦਾ ਵਧਦਾ ਰੁਝਾਨ’ ਅਤੇ 8 ਅਪਰੈਲ ਨੂੰ ਵਾਪੱਲਾ ਬਾਲਚੰਦਰਨ ਦਾ ਲੇਖ ‘ਸਿਆਸੀ ਖਹਿਬਾਜ਼ੀਆਂ ’ਚ ਸਰਕਾਰੀ ਏਜੰਸੀਆਂ ਦਾ ਘਾਣ’ ਵਿਚਾਰ-ਉਕਸਾਊ ਲੇਖ ਸਨ। 7 ਅਪਰੈਲ ਦੀ ਸੰਪਾਦਕੀ ‘ਚੋਣ ਪ੍ਰਕਿਰਿਆ ਬਾਰੇ ਕੁਝ ਪ੍ਰਸ਼ਨ’ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਚ ਹੋ ਰਹੀਆਂ ਚੋਣਾਂ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਬਾਰੇ ਟਿੱਪਣੀ ਕਰਦੀ ਹੈ ਜਿਨ੍ਹਾਂ ਤੋਂ ਚੋਣਾਂ ਦੀ ਨਿਰਪੱਖਤਾ ’ਤੇ ਸਵਾਲ ਉੱਠਣੇ ਸੁਭਾਵਿਕ ਹਨ।

ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਲੀਹ ਤੋਂ ਹਟਵੇਂ ਤਜਰਬੇ

10 ਅਪਰੈਲ ਨੂੰ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਸਕੂਨ’ ਪੜ੍ਹਿਆ। ਸਚਮੁੱਚ ਮਨ ਨੂੰ ਵੱਖਰੀ ਕਿਸਮ ਦਾ ਸਕੂਨ ਮਿਲਿਆ। ਮੈਂ ਵੀ ਸਹਿਕਾਰੀ ਬੈਂਕ ਵਿਚ ਨੌਕਰੀ ਕੀਤੀ ਹੈ ਤੇ ਮੈਂ ਆਪਣੇ ਤਜਰਬੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਜ਼ਿਆਦਾਤਰ ਕਰਮਚਾਰੀ ਸਾਥੀ ਬਣੇ-ਬਣਾਏ ਤਰੀਕੇ ਨਾਲ ਹੀ ਨੌਕਰੀ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਕੁ ਸਾਥੀ ਕਰਮਚਾਰੀ ਲੇਖਕ ਵਰਗੇ ਕੁਝ ਨਵੇਂ ਤਜਰਬੇ ਲੀਕ ਤੋਂ ਹਟ ਕੇ ਕਰਦੇ ਹਨ।

ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)


ਲਾਇਬਰੇਰੀ ਐਕਟ ਬਣੇ

8 ਅਪਰੈਲ ਦੇ ਜਵਾਂ ਤਰੰਗ ਸਫ਼ੇ ’ਤੇ ਅਮਨਦੀਪ ਕੌਰ ਮਾਨ ਦੀ ਲਿਖਤ ‘ਖ਼ਤਮ ਹੋ ਰਿਹਾ ਲਾਇਬਰੇਰੀ ਸੱਭਿਆਚਾਰ’ ਜਾਣਕਾਰੀ ਭਰਪੂਰ ਸੀ। ਲੇਖਕ ਦਾ ਫ਼ਿਕਰ ਬਿਲਕੁੱਲ ਜਾਇਜ਼ ਹੈ। ਕੁਝ ਅਗਾਂਹਵਧੂ ਸੰਸਥਾਵਾਂ ਪੰਜਾਬ ਦੇ ਪਿੰਡਾਂ ਵਿਚ ਭਾਵੇਂ ਆਪਣੇ ਪੱਧਰ ’ਤੇ ਜਨਤਕ ਲਾਇਬਰੇਰੀਆਂ ਚਲਾ ਰਹੀਆਂ ਹਨ ਪਰ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਇਹ ਯਤਨ ਕਾਫ਼ੀ ਨਹੀਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ‘ਪੰਜਾਬ ਲਾਇਬਰੇਰੀ ਐਕਟ’ ਬਣਾ ਕੇ ਤੁਰੰਤ ਲਾਗੂ ਕੀਤਾ ਜਾਵੇ। ਅਜਿਹਾ ਹੋਣ ਨਾਲ ਬਹੁਤ ਸਾਰੇ ਬੇਰੁਜ਼ਗਾਰ ਸਿੱਖਿਅਤ ਲਾਇਬਰੇਰੀਅਨਾਂ ਦੇ ਰੁਜ਼ਗਾਰ ਦਾ ਮਸਲਾ ਵੀ ਹੱਲ ਹੋ ਸਕਦਾ ਹੈ।

ਰਜਿੰਦਰਜੀਤ ਸਿੰਘ ਕਾਲਾਬੂਲਾ, ਸ਼ੇਰਪੁਰ (ਸੰਗਰੂਰ)

(2)

‘ਖ਼ਤਮ ਹੋ ਰਿਹਾ ਲਾਇਬਰੇਰੀ ਸਭਿਆਚਾਰ’ ਲੇਖ ਵਿਚ ਅਮਨਦੀਪ ਕੌਰ ਮਾਨ ਨੇ ਬਹੁਤ ਸੰਜੀਦਾ ਮਸਲਾ ਪੇਸ਼ ਕਰ ਕੇ ਮਨੁੱਖੀ ਵਿਕਾਸ ਪੰਧ ’ਤੇ ਲਾਇਬਰੇਰੀ ਦੇ ਮਹੱਤਵ ਨੂੰ ਪੇਸ਼ ਕੀਤਾ ਹੈ। ਸੱਚਮੁੱਚ ਆਧੁਨਿਕ ਮਨੁੱਖ ਲਈ ਕਿਤਾਬੀ ਗਿਆਨ ਨਾਲ ਜੁੜਨ ਦੀ ਜ਼ਰੂਰਤ ਹੈ। ਕਿਤਾਬਾਂ ਮਨੁੱਖ ਦੇ ਰਾਹ ਰੌਸ਼ਨ ਕਰਦੀਆਂ ਹਨ।

ਪ੍ਰੀਤਮ ਭੰਗੂ, ਕੋਟਕਪੂਰਾ


ਸਿਆਸੀ ਤੂਫ਼ਾਨ

6 ਅਪਰੈਲ ਦੀ ਸੰਪਾਦਕੀ ‘ਸਿਆਸੀ ਤੂਫ਼ਾਨ’ ਪੜ੍ਹ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਜੇ ਇਹ ਅਸਤੀਫ਼ਾ ਮੁੱਢ ਵਿਚ ਹੀ ਦੋਸ਼ ਲੱਗਣ ’ਤੇ ਦਿੱਤਾ ਜਾਂਦਾ ਤਾਂ ਇਸ ਦਾ ਸੁਨੇਹਾ ਚੰਗਾ ਜਾਂਦਾ ਪਰ ਹੁਣ ਅਜਿਹਾ ਸੰਭਵ ਨਹੀਂ ਲੱਗਦਾ। ਰਾਜਨੀਤਕ ਸੱਤਾ ਦਾ ਸੁਆਦ ਨੈਤਿਕਤਾ ਦੀ ਮਿਠਾਸ ਨਾਲੋਂ ਵੱਧ ਕਾਰਗਰ ਸਿੱਧ ਹੋ ਰਿਹਾ ਹੈ। ਦੂਜੀ ਸੰਪਾਦਕੀ ‘ਗ਼ਲਤ ਦੋਸ਼/ਬੇਵਕਤੀਸੁਰ’ ਮੁਤਾਬਕ ਕੇਂਦਰ ਸਰਕਾਰ ਹਮੇਸ਼ਾ ਵਿਰੋਧੀ ਪਾਰਟੀਆਂ ਵਾਲੀਆਂ ਰਾਜ ਸਰਕਾਰਾਂ ਵੱਲ ਕੈਰੀ ਅੱਖ ਨਾਲ ਦੇਖਦੀ ਹੈ ਅਤੇ ਆਪਣੀ ਸਥਿਤੀ ਨਾਲ ਨਾਜਾਇਜ਼ ਲਾਭ ਲੈਂਦਾ ਹੈ ਜੋ ਸੰਵਿਧਾਨ ਦੀ ਸਹੁੰ ਦੀ ਉਲੰਘਣਾ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਗ਼ਲਤ ਦੋਸ਼

6 ਅਪਰੈਲ ਦੀ ਸੰਪਾਦਕੀ ‘ਗ਼ਲਤ ਦੋਸ਼/ਬੇਵਕਤੀ ਸੁਰ’ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਸਰਹੱਦੀ ਜ਼ਿਲ੍ਹਿਆਂ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਸ਼ਿਆਂ ’ਤੇ ਲਗਾਏ ਜਾਣ ਅਤੇ ਬੰਧੂਆ ਬਣਾ ਕੇ ਮਜ਼ਦੂਰੀ ਕਰਵਾਉਣ ਦਾ ਦੋਸ਼ ਗ਼ਲਤ ਅਤੇ ਬੇਵਕਤ ਹੈ। ਪਰਵਾਸੀ ਮਜ਼ਦੂਰਾਂ ਵੱਲੋਂ ਖ਼ੁਦ ਅਜਿਹੀ ਬਦਨਾਮੀ ਖ਼ਿਲਾਫ਼ ਮੁਜ਼ਾਹਰਾ ਕਰ ਕੇ ਝੂਠ ਸਿੱਧ ਕਰਨ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ। ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਮਾਣ ਸਨਮਾਨ ਦਿੱਤੇ ਜਾਣ ਦੀਆਂ ਬਹੁਤ ਜ਼ਿਆਦਾ ਮਿਸਾਲਾਂ ਮਿਲਦੀਆਂ ਹਨ।

ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਬੀਜ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ?

3 ਅਪਰੈਲ ਦਾ ਸੰਪਾਦਕੀ ‘ਬੀਜ ਬਿੱਲ - ਕੰਪਨੀਆਂ ਦਾ ਕਬਜ਼ਾ’ ਪੜ੍ਹਿਆ। ਜਦੋਂ ਤੋਂ ਕੀਟਨਾਸ਼ਕਾਂ ’ਤੇ ਕਿਸਾਨਾਂ ਦੀ ਨਿਰਭਰਤਾ ਵਧੀ ਹੈ, ਕੰਪਨੀਆਂ ਮਹਿੰਗੇ ਬੀਜ ਕਿਸਾਨਾਂ ਨੂੰ ਦੇ ਰਹੀਆਂ ਹਨ। ਗੁਜਰਾਤ ਦੀਆਂ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਵੇਚੇ ਬੀਟੀ ਨਰਮੇ ਦੇ ਬੀਜ ਇਸ ਦੀ ਉਦਾਹਰਨ ਹਨ। ਕਾਰਪੋਰੇਟ ਪੱਖੀ ਹਾਕਮ ਧਿਰ ਬਹੁਗਿਣਤੀ ਦਾ ਫ਼ਾਇਦਾ ਉਠਾ ਕੇ ਪਹਿਲਾਂ 3 ਕਿਸਾਨ ਵਿਰੋਧੀ ਬਿੱਲ, ਤੇ ਹੁਣ ਬੀਜ ਬਿੱਲ 2019 ਪਾਸ ਕਰ ਕੇ ਕਿਸਾਨਾਂ ਦਾ ਲੱਕ ਤੋੜਨ ’ਤੇ ਤੁਲੀ ਹੈ। ਪਹਿਲਾਂ 2004 ਵਿਚ ਵੀ ਅਜਿਹੀ ਕੋਸ਼ਿਸ਼ ਹੋਈ ਪਰ ਸੰਸਦ ਦੀ ਸਥਾਈ ਕਮੇਟੀ ਦੀ ਆਲੋਚਨਾ ਨਾਲ ਬਿੱਲ ਟਲ਼ ਗਿਆ ਸੀ।

ਵਿਸ਼ਵਦੀਪ ਬਰਾੜ, ਮਾਨਸਾ

ਪਾਠਕਾਂ ਦੇ ਖ਼ਤ

Apr 08, 2021

ਸੂਚਨਾ ਤਕਨਾਲੋਜੀ ਦੀ ਵਰਤੋਂ

7 ਅਪਰੈਲ ਨੂੰ ਲੇਖ ‘ਸੂਚਨਾ ਤਕਨਾਲੋਜੀ ਦੀ ਸੁਚੱਜੀ ਵਰਤੋਂ’ ਵਿਚ ਡਾ. ਰਣਜੀਤ ਸਿੰਘ ਨੇ ਸਹੀ ਨੁਕਤਾ ਉਠਾਇਆ ਹੈ ਕਿ ਆਧੁਨਿਕ ਸੰਚਾਰ ਸਾਧਨਾਂ ਦੀ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ ਅਤੇ ਸਭਿਆਚਾਰ ਦੇ ਘਾਣ ਵਿਚ ਵਾਧਾ ਹੋ ਰਿਹਾ ਹੈ। ਜੇ ਮੋਬਾਈਲ, ਵੱਟਸਐਪ ਅਤੇ ਸੋਸ਼ਲ ਮੀਡੀਆ ਦੇ ਨਾਂਹ-ਪੱਖੀ ਰੋਲ ਨੂੰ ਕਾਬੂ ਕਰਨ ਲਈ ਕੁਝ ਪ੍ਰਭਾਵੀ ਨਿਯਮ ਬਣ ਜਾਣ ਅਤੇ ਸਰਕਾਰਾਂ ਇਸ ਨੂੰ ਸੈਂਸਰ ਦੀ ਹੱਦ ਤਕ ਨਾ ਲਿਜਾਣ ਤਾਂ ਸਾਰਥਕ ਸਿੱਟੇ ਨਿਕਲਣੇ ਸੰਭਵ ਹਨ। ਇਹ ਸਾਰੇ ਮਾਧਿਅਮ ਲੋਕ ਚੇਤਨਾ ਨਾਲ ਗਹਿਰੇ ਜੁੜ ਗਏ ਹਨ। ਕੁਝ ਲੋਕਾਂ ਦਾ ਸਹਿਯੋਗ ਅਤੇ ਕੁਝ ਗ਼ਲਤ ਵਰਤੋਂ ਨੂੰ ਰੋਕਣ ਲਈ ਪ੍ਰਬੰਧਕੀ ਕਦਮ ਮਿਲ ਕੇ ਹਾਂ-ਪੱਖੀ ਨਤੀਜੇ ਦੇ ਸਕਦੇ ਹਨ।

ਕੇਵਲ ਸਿੰਘ ਰੱਤੜਾ, ਕਪੂਰਥਲਾ

ਅੰਕੜਿਆਂ ਦਾ ਵਿਰੋਧਾਭਾਸ

7 ਅਪਰੈਲ ਦੀ ਸੰਪਾਦਕੀ ‘ਵੱਡਾ ਵਿਰੋਧਾਭਾਸ’ ਸਮੇਂ ਦੇ ਸੰਦਰਭ ਵਿਚ ਅਤਿਅੰਤ ਅਹਿਮ ਹੈ। ਅੰਕੜਿਆਂ ਦੀ ਪੇਸ਼ਕਾਰੀ ਵਿਚੋਂ ਵੀ ਰਾਜਨੀਤੀ ਦੀ ਦੁਰਗੰਧ ਆ ਰਹੀ ਹੈ। ਅੰਕੜਿਆਂ ਦੀ ਗ਼ਲਤ ਪੇਸ਼ਕਾਰੀ ਵੀ ਸੱਚ ’ਤੇ ਪਰਦਾ ਪਾਉਣ ਵਾਲੀ ਗੱਲ ਹੈ। ਜੇ ਇਕ ਦਿਨ ਭਾਰਤ ਵਿਚ 1 ਲੱਖ ਕਰੋਨਾ ਕੇਸ ਆਉਂਦੇ ਹਨ ਤੇ 50 ਫ਼ੀਸਦੀ ਇਕੱਲੇ ਇਕ ਸੂਬੇ ਮਹਾਰਾਸ਼ਟਰ ਦੇ ਹੋਣ ਤਾਂ ਉਨ੍ਹਾਂ ਨਾਲ ਸੱਤ ਹੋਰ ਰਾਜਾਂ ਦੇ ਅੰਕੜੇ ਜੋੜ ਕੇ ਇਸ ਨੂੰ 84 ਫ਼ੀਸਦੀ ਤਕ ਦਿਖਾਉਣਾ ਸਥਿਤੀ ਨੂੰ ਧੁੰਦਲਾ ਕਰਨ ਦੇ ਬਰਾਬਰ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਸਵੇਜ਼ ਨਹਿਰ

7 ਅਪਰੈਲ ਦੇ ਆਨਲਾਈਨ ਅੰਕ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਨਹਿਰ ਸਵੇਜ਼ ਵੇਖਣ ਦਾ ਸੁਫਨਾ’ ਇਸ ਨਹਿਰ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਲਾ ਲੇਖ ਹੈ। ਇਸ ਨੂੰ ਦੇਖਣ ਦਾ ਮੇਰਾ ਵੀ ਸੁਪਨਾ ਹੈ। ਮੇਰੇ ਪਿੰਡ ਕੋਲੋਂ ਵੀ ਦੋ ਨਹਿਰਾਂ ਵਗਦੀਆਂ ਹਨ, ਪਰ ਸਵੇਜ਼ ਦਾ ਤਾਂ ਕਹਿਣਾ ਹੀ ਕੀ, ਜੋ ਕਈ ਮਹਾਂਦੀਪਾਂ ਤੇ ਸਾਗਰਾਂ ਨੂੰ ਆਪਸ ਵਿਚ ਜੋੜਦੀ ਹੈ। ਇਸੇ ਅੰਕ ਵਿਚ ਡਾ. ਗੁਰਬਖਸ਼ ਸਿੰਘ ਭੰਡਾਲ ਦਾ ਲੇਖ ‘ਕਿਸਾਨਾਂ ਵੱਲੋਂ ਜਾਗਣ ਦਾ ਹੋਕਾ’ ਵੀ ਕਾਬਲੇ-ਤਾਰੀਫ਼ ਹੈ। ਜੇ ਅੱਗੇ ਤੋਂ ਕਿਸਾਨ ਹਮੇਸ਼ਾ0 ਲਈ ਜਾਗ੍ਰਿਤ ਹੋ ਜਾਣ ਤਾਂ ਉਨ੍ਹਾਂ ਦੀ ਲੁੱਟ ਖਸੁੱਟ ਖ਼ੁਦ ਹੀ ਬੰਦ ਹੋ ਜਾਵੇਗੀ।

ਰਾਜਨਦੀਪ ਕੌਰ ਮਾਨ, ਈਮੇਲ

ਅੰਦੋਲਨ ਦੀ ਮਜ਼ਬੂਤੀ

6 ਅਪਰੈਲ ਨੂੰ ਸਵਰਾਜਬੀਰ ਦਾ ਖਿਆਲ-ਦਰ-ਖਿਆਲ ‘ਜ਼ਿੰਮੇਵਾਰੀ ਦੇ ਪੈਂਡੇ’ ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਜੋ ਕਿ ਹੁਣ ਜਨ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ ਅਤੇ ਇਸ ਅੰਦੋਲਨ ਨੂੰ ਬਹੁਤ ਸਾਰੇ ਵਰਗਾਂ ਤੋਂ ਮਿਲ ਰਹੀ ਹਮਾਇਤ ਅਤੇ ਕੇਂਦਰ ਸਰਕਾਰ ’ਤੇ ਪੈ ਰਹੇ ਦਬਾਅ ਵੱਲ ਇਸ਼ਾਰਾ ਕਰਦਾ ਹੈ। ਲੇਖਕ ਨੇ ਇਸ ਅੰਦੋਲਨ ਵਿਚ ਜਿੱਤ ਦੀਆਂ ਸੰਭਾਵਨਾਵਾਂ ਅਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਖੁੱਲ੍ਹ ਕੇ ਵਰਨਣ ਕੀਤਾ ਹੈ ਅਤੇ ਸਰਕਾਰ ਦੁਆਰਾ ਕੋਈ ਨਾ ਕੋਈ ਹੱਲ ਕੱਢਣ ਵੱਲ ਵੀ ਇਸ਼ਾਰਾ ਕੀਤਾ ਹੈ। ਕੋਈ ਸ਼ੱਕ ਨਹੀਂ ਕਿ ਏਕੇ ਵਿਚ ਤਰੇੜਾਂ ਪਾਉਣ ਦੀਆਂ ਹਰ ਪ੍ਰਕਾਰ ਦੀਆਂ ਚਾਲਾਂ ਦੇ ਬਾਵਜੂਦ ਇਸ ਅੰਦੋਲਨ ਦਾ ਇਸ ਤਰ੍ਹਾਂ ਖੜ੍ਹੇ ਰਹਿਣਾ ਸਾਡੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

ਯੋਗਰਾਜ ਭਾਗੀਬਾਂਦਰ, ਬਠਿੰਡਾ

ਜਿੱਤ ਦੇ ਨਿਸ਼ਾਨ

6 ਅਪਰੈਲ ਦਾ ਮਿਡਲ ‘ਹੱਕ ਸੱਚ ਦੇ ਪੁਜਾਰੀ’ (ਜਗਦੀਸ਼ ਕੌਰ ਮਾਨ) ਵਧੀਆ ਸੁਨੇਹਾ ਦੇ ਗਿਆ। ਸਰਪੰਚੀ ਵੋਟਾਂ ਵਿਚ ਡਿਊਟੀ ਸੱਚਮੁੱਚ ਹੀ ਚੁਣੌਤੀ ਭਰਪੂਰ ਹੁੰਦੀ ਹੈ। ਗਿਣਤੀ ਸਮੇਂ ਲੜਾਈ ਝਗੜੇ ਦਾ ਖੌਫ਼ ਬਣਿਆ ਰਹਿੰਦਾ ਹੈ। ਪਰ ਜਦੋਂ ਤਕ ਇਮਾਨਦਾਰੀ ਕਾਇਮ ਹੈ, ਹੱਕ ਸੱਚ ਦੀ ਹੀ ਜਿੱਤ ਹੁੰਦੀ ਰਹੇਗੀ।

ਮਨਦੀਪ ਕੌਰ, ਲੁਧਿਆਣਾ

ਬੇਜ਼ੁਬਾਨਾਂ ਦੀਆ ਬਾਤਾਂ

ਪ੍ਰੀਤਮਾ ਦੋਮੇਲ ਦਾ 2 ਅਪਰੈਲ ਦਾ ਲੇਖ ‘ਬੇਜ਼ਬਾਨ ਦੀਆਂ ਬਾਤਾਂ’ ਪੜ੍ਹਿਆ। ਪਸ਼ੂ ਪੰਛੀਆਂ ਦੇ ਅਹਿਸਾਸ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕੁਦਰਤ ਦੀ ਬੇਮਿਸਾਲ ਪੈਦਾਇਸ਼ ਪੰਛੀਆਂ ਤੇ ਜਾਨਵਰਾਂ ਦੇ ਅਹਿਸਾਸਾਂ ਅਤੇ ਆਦਮਜ਼ਾਤ ਦੇ ਇਖ਼ਲਾਕੀ ਵਲਵਲ਼ਿਆਂ ਵਿਚਲੀਆਂ ਗੱਲਾਂ ਬਹੁਤ ਨਾਜ਼ੁਕ ਹਨ। ਭਾਵੇਂ ਮਨੁੱਖ ਨੂੰ ਸਰਬਸ੍ਰੇਸ਼ਟ ਪ੍ਰਾਣੀ ਹੋਣ ਦਾ ਮਾਣ ਹਾਸਿਲ ਹੈ, ਪਰ ਜੋ ਸੁਹਿਰਦਤਾ ਤੇ ਅਪਣੱਤ ਇਨ੍ਹਾਂ ਬੇਜ਼ੁਬਾਨਾਂ ਵੱਲੋਂ ਪੇਸ਼ਕਸ਼ ਕੀਤੀ ਜਾਂਦੀ ਹੈ, ਉਸ ਦਾ ਕੋਈ ਸਾਨੀ ਨਹੀਂ।

ਦੀਪ ਰੰਗਰੇਜ਼, ਧੂਰੀ (ਸੰਗਰੂਰ)

(2)

ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਵਿਚ ਲੇਖਿਕਾ ਨੇ ਵਧੀਆ ਤਰੀਕੇ ਨਾਲ ਬੇਜ਼ਬਾਨ ਪੰਛੀਆਂ ਦੀ ਸਮਝ ਬਾਰੇ ਦੱਸਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ਵਿਚ ਇਹ ਕਈ ਗੁਣਾਂ ਵੱਧ ਸਹਿਣਸ਼ੀਲ ਹੁੰਦੇ ਹਨ। ਇਹ ਬੇਸ਼ੱਕ ਬੋਲ ਕੇ ਨਹੀਂ ਦੱਸ ਸਕਦੇ ਪਰ ਇਸ਼ਾਰਿਆਂ ਰਾਹੀਂ ਸਾਨੂੰ ਬਹੁਤ ਕੁਝ ਸਮਝਣ ਲਈ ਕਹਿੰਦੇ ਹਨ।

ਲਖਵੀਰ ਸਿੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)

ਅਵਾਰਾ ਕੁੱਤਿਆਂ ਦੀ ਸਮੱਸਿਆ

ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਦੇ ਕਹਿਰ ਕਾਰਨ ਕਿੰਨੇ ਹੀ ਬੱਚੇ ਤੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਇਹ ਹੋਰ ਪਤਾ ਨਹੀਂ ਕਿੰਨਾ ਕੁ ਕਹਿਰ ਢਾਹੁਣਗੇ। ਲੋੜ ਹੈ ਇਸ ਸਮੱਸਿਆ ਨੂੰ ਜਲਦ ਤੋਂ ਜਲਦੀ ਹੱਲ ਕਰਨ ਦੀ। ਸਰਕਾਰ ਨੂੰ ਅਵਾਰਾ ਕੁੱਤਿਆਂ ਦੀ ਵਧ ਰਹੀ ਤਾਦਾਦ ਲਈ ਜਲਦੀ ਹੀ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਲਵਨੀਤ ਵਸਿਸ਼ਠ, ਮੋਰਿੰਡਾ

ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ

ਪੰਜਾਬ ਸਰਕਾਰ ਨੇ ਕਰੋਨਾ ਕਾਰਨ ਪਹਿਲਾਂ 31 ਮਾਰਚ ਤੱਕ ਤੇ ਫਿਰ 10 ਅਪਰੈਲ ਤਕ ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਕਰ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ ਕਿਉਂਕਿ ਬੜੀ ਦੇਰ ਤਾਂ ਵਿਦਿਅਕ ਸੰਸਥਾਵਾਂ ਮੁਸ਼ਕਿਲ ਨਾਲ ਖੁੱਲ੍ਹੀਆਂ ਸਨ। ਸਕੂਲ/ਕਾਲਜ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਸਰਕਾਰ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਕਿ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ। ਖ਼ਾਸ ਕਰ ਕੇ ਗ਼ਰੀਬ ਵਿਦਿਆਰਥੀਆਂ ਨੂੰ ਸਕੂਲਾਂ ਦੇ ਬੰਦ ਹੋਣ ਦਾ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਕੀ ਇਸ ਕਿੱਤੇ ਨਾਲ ਜੁੜੇ ਹੋਰ ਵਰਗਾਂ ਜਿਵੇਂ ਸਕੂਲ ਵੈਨਾਂ ਤੇ ਹੋਰ ਸਟਾਫ਼ ਨੂੰ ਵੀ ਬਹੁਤ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ।

ਬਲਜੀਤ ਸਿੰਘ ਕਾਲੇਕੇ (ਬਰਨਾਲਾ)

ਪਾਠਕਾਂ ਦੇ ਖ਼ਤ

Apr 07, 2021

ਪਾਕਿਸਤਾਨ ਦਾ ਯੂ-ਟਰਨ

5 ਅਪਰੈਲ ਦੇ ਪਰਵਾਜ਼ ਅੰਕ ਵਿਚ ‘ਵਾਹਗਿਓਂ ਪਾਰ’ ਫ਼ੀਚਰ ਵਿਚ ਕਪਾਹ ਤੇ ਖੰਡ ਬਾਰੇ ਪਾਕਿਸਤਾਨ ਦੇ ਯੂ-ਟਰਨ ਸਬੰਧੀ ਪੜ੍ਹ ਕੇ ਦੁੱਖ ਜਿਹਾ ਹੋਇਅ ਕਿ ਜੇ ਦੋਵਾਂ ਗੁਆਂਢੀ ਦੇਸ਼ਾਂ ਦਾ ਆਪਸ ਵਿਚ ਮਿਲਵਰਤਣ ਤੇ ਵਪਾਰ ਹੋਵੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕਤਾ ’ਚ ਵਾਧਾ ਹੋ ਸਕਦਾ ਹੈ। ਗੁਆਂਢੀ ਦੇਸ਼ ਨੇ ਲੱਖਾਂ ਟਨ ਕਣਕ ਹੋਰ ਦੇਸ਼ਾਂ ਤੋਂ ਮੰਗਵਾਈ, ਉਹ ਵੀ ਮਹਿੰਗੇ ਭਾਅ ਪਰ ਸਾਡੇ ਕੋਲ ਕਣਕ ਦੇ ਢੇਰ ਗਲ਼ ਸੜ ਰਹੇ ਹਨ। ਇਸੇ ਤਰ੍ਹਾਂ ਚੀਨ ਅਮਰੀਕਾ ਤੋਂ ਕਪਾਹ ਮੰਗਵਾਉਂਦਾ ਹੈ, ਪਰ ਸਾਡੇ ਦੇਸ਼ ਵਿਚ ਕਪਾਹ ਦੀ ਬਹੁਤਾਤ ਹੈ। ਆਪਸ ਵਿਚ ਬਣਦੀ ਹੋਵੇ ਤਾਂ ਇਹ ਲੋੜ ਗੁਆਂਢੋਂ ਪੂਰੀ ਹੋ ਸਕਦੀ ਹੈ। ਅਕਸਰ ਹਕੂਮਤਾਂ ਦੀਆਂ ਮਾੜੀਆਂ ਨੀਤਆਂ ਅਤੇ ਅੜੀਆਂ ਕਾਰਨ ਨੁਕਸਾਨ ਆਮ ਲੋਕਾਂ ਨੂੰ ਉਠਾਉਣਾ ਪੈਂਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)


ਕੇਂਦਰ ਵੱਲੋਂ ਕਿਸਾਨਾਂ ’ਤੇ ਗ਼ਲਤ ਦੋਸ਼

6 ਅਪਰੈਲ ਦੀ ਸੰਪਾਦਕੀ ‘ਗ਼ਲਤ ਦੋਸ਼/ਬੇਵਕਤੀ ਸੁਰ’ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬੀ ਕਿਸਾਨ ’ਤੇ ਇਹ ਦੋਸ਼ ਲਾਉਂਦੀ ਲਿਖੀ ਚਿੱਠੀ ਕਿ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਅਤੇ ਘੱਟ ਮਜ਼ਦੂਰੀ ’ਤੇ ਕੰਮ ਕਰਾਇਆ ਜਾਂਦਾ ਹੈ, ਬਾਰੇ ਸਹੀ ਟਿੱਪਣੀ ਕਰਦੀ ਹੈ। ਸਮਝ ਨਹੀਂ ਆਉਂਦਾ ਬੀਐੱਸਐੱਫ਼ ਕਦੋਂ ਤੋਂ ਸੀਮਾ ਸੁਰੱਖਿਆ ਛੱਡ ਕੇ ਕਿਸਾਨ-ਮਜ਼ਦੂਰ ਸਬੰਧਾਂ ਦੀ ਤਫ਼ਤੀਸ਼ ਕਰਨ ਲੱਗ ਪਈ ਹੈ। ਚਿੱਠੀ ਸਹੀ ਮਾਅਨਿਆਂ ਵਿਚ ਕਿਸਾਨ ਵਿਰੋਧੀ ਹੀ ਨਹੀਂ, ਪੰਜਾਬ ਵਿਰੋਧੀ ਵੀ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)


ਹੱਕ ਸੱਚ ਦੇ ਪੁਜਾਰੀ

6 ਅਪਰੈਲ ਦੇ ਨਜ਼ਰੀਆ ਸਫ਼ੇ ’ਤੇ ਜਗਦੀਸ਼ ਕੌਰ ਮਾਨ ਨੇ ਮਿਡਲ ‘ਹੱਕ ਸੱਚ ਦੇ ਪੁਜਾਰੀ’ ਰਾਹੀਂ ਅਜੋਕੇ ਸਮੇਂ ਦੇ ਸਮਾਜਿਕ ਯਥਾਰਥ ਤੇ ਮਨੁੱਖਾ ਜੀਵਨ ਵਿਚ ਵਧ ਰਹੀ ਚਾਪਲੂਸੀ, ਰਿਸ਼ਵਤਖ਼ੋਰੀ, ਗੁੰਡਾਗਰਦੀ ਤੇ ਪਰਿਵਾਰਕ ਨੁਕਸਾਨ ਦੀਆਂ ਧਮਕੀਆਂ ਦੇ ਸੱਚ ਨੂੰ ਬਿਆਨ ਕੀਤਾ ਹੈ। ਇਸੇ ਤਰ੍ਹਾਂ 3 ਅਪਰੈਲ ਨੂੰ ਪ੍ਰੋ. ਬਸੰਤ ਸਿੰਘ ਬਰਾੜ ਨੇ ਮਿਡਲ ‘ਬਟੂਏ ਦੀ ਸ਼ਰਾਰਤ’ ਰਾਹੀਂ ਇਸ ਸੱਚ ਨੂੰ ਸਾਂਝਾ ਕੀਤਾ ਹੈ ਕਿ ਮਨੁੱਖ ਕਿੰਨਾ ਵੀ ਨਿਯਮਾਂਵਲੀ ਵਾਲਾ ਜੀਵਨ ਜਿਉਣ ਵਾਲਾ ਹੋਵੇ, ਉਹ ਗ਼ਲਤੀ ਕਰ ਹੀ ਜਾਂਦਾ ਹੈ, ਪਰ ਆਪਣੀ ਗ਼ਲਤੀ ਦਾ ਇਲਜ਼ਾਮ ਵਿਦੇਸ਼ੀ ਨੂੰਹ ਵਾਂਗ ਨੌਕਰਾਣੀ ’ਤੇ ਲਾਉਣ ਦੀ ਥਾਂ ਸਬਰ ਬਣਾ ਕੇ ਰੱਖਣ ਨਾਲ ਗਵਾਚੀ ਜਾਂ ਰੱਖ ਕੇ ਭੁੱਲੀ ਹੋਈ ਚੀਜ਼ ਮਿਲ ਜਾਣ ’ਤੇ ਕਿਸੇ ’ਤੇ ਇਲਜ਼ਾਮ ਨਾ ਲਾਉਣ ਕਰ ਕੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ


ਬਟੂਏ ਦੀ ਸ਼ਰਾਰਤ

3 ਅਪਰੈਲ ਦੇ ਨਜ਼ਰੀਆ ਅੰਕ ਵਿਚ ਬਸੰਤ ਸਿੰਘ ਬਰਾੜ ਦੀ ਲਿਖਤ ‘ਬਟੂਏ ਦੀ ਸ਼ਰਾਰਤ’ ਵਧੀਆ ਲੱਗੀ ਪਰ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਹਨ, ਜੋ ਚੀਜ਼ ਗੁੰਮੀ ਤੋਂ ਵੀ ਕਿਸੇ ਦੇ ਜ਼ਿੰਮੇ ਨਾ ਲਗਾਉਣ। ਜ਼ਿਆਦਾਤਰ ਤਾਂ ਬਿਨਾਂ ਸੋਚੇ ਸਮਝੇ ਕਿਸੇ ਦੇ ਵੀ ਸਿਰ ਲਗਾ ਦਿੰਦੇ ਹਨ ਤੇ ਅਗਲਾ ਬੰਦਾ ਸੱਚਾ ਹੋਣ ਦੇ ਬਾਵਜੂਦ ਜ਼ਲੀਲ ਹੋ ਕੇ ਰਹਿ ਜਾਂਦਾ ਹੈ।
ਰਾਜਨਦੀਪ ਕੌਰ ਮਾਨ, ਈਮੇਲ

(2)

‘ਬਟੂਏ ਦੀ ਸ਼ਰਾਰਤ’ ਪੜ੍ਹ ਕੇ ਅਹਿਸਾਸ ਹੋਇਆ ਕਿ ਉੱਚ ਵਰਗ ਵੱਲੋਂ ਕਮਜ਼ੋਰ ਵਰਗ ਨੂੰ ਦਬਾਉਣਾ ਆਮ ਗੱਲ ਹੈ। ਜ਼ੋਰ, ਜ਼ਬਰਦਸਤੀ, ਇਲਜ਼ਾਮ ਅਕਸਰ ਉਨ੍ਹਾਂ ਦੇ ਹਿੱਸੇ ਜਲਦੀ ਆਉਂਦੇ ਹਨ। ਇਸੇ ਬੇਸਮਝੀ ਕਾਰਨ ਗ਼ਰੀਬ ਵਰਗ ਸਮਾਜਿਕ, ਆਰਥਿਕ, ਰਾਜਨੀਤਕ, ਸਿਹਤ ਅਤੇ ਸਿੱਖਿਆ ਪੱਖੋਂ ਬੇਹੱਦ ਪਿਛਾਂਹ ਰਹਿ ਗਿਆ ਹੈ। ਇਸ ਦਾ ਮੁੱਖ ਕਾਰਨ ਸਾਡੀ ਗ਼ਰੀਬ ਸੋਚ ਹੈ ਜਿਸ ਅਨੁਸਾਰ ਅਸੀਂ ਉਨ੍ਹਾਂ ਦੇ ਪ੍ਰਤੀ ਨਾਂਹਪੱਖੀ ਵਿਚਾਰਾਂ ਨੂੰ ਵਧੇਰੇ ਥਾਂ ਦੇ ਦਿੱਤੀ ਹੈ।
ਗੁਰਮੀਤ ਕੌਰ, ਜਲੰਧਰ


ਜੀਵ ਜੰਤੂਆਂ ਦੀ ਦੁਨੀਆਂ

2 ਅਪਰੈਲ ਦੀ ਪ੍ਰੀਤਮਾ ਦੋਮੇਲ ਦੀ ਰਚਨਾ ‘ਬੇਜ਼ਬਾਨਾਂ ਦੀਆਂ ਬਾਤਾਂ’ ਪੜ੍ਹੀ। ਮਨ ਭਾਵੁਕ ਹੋ ਗਿਆ। ਅੱਜ ਜਦੋਂ ਸਾਰੇ ਪਾਸੇ ਪਦਾਰਥਵਾਦੀ ਸੋਚ ਭਾਰੂ ਹੈ ਤੇ ਮਨੁੱਖ ਮਾਇਆ ਲਈ ਹਰ ਪੁੱਠੇ ਸਿੱਧੇ ਤਰੀਕੇ ਵਰਤ ਰਿਹਾ ਹੈ ਤ ਕੁਦਰਤ ਤੋਂ ਲਗਾਤਾਰ ਦੂਰ ਹੋ ਰਿਹਾ ਹੈ ਪਰ ਕੁਦਰਤ ਵਿਚ ਅਠਖੇਲੀਆਂ ਕਰਦੇ ਜੀਵ ਜੰਤੂਆਂ ਦੀ ਆਪਣੀ ਵੱਖਰੀ ਦੁਨੀਆਂ ਹੈ। ਇਸੇ ਲਈ ਸਾਨੂੰ ਭੱਜ ਦੌੜ ਦੀ ਜ਼ਿੰਦਗੀ ਵਿਚੋਂ ਕੁਝ ਸਮਾਂ ਕੱਢ ਕੇ ਇਨ੍ਹਾਂ ਪਸ਼ੂ-ਪੰਛੀਆਂ ਤੇ ਕੁਦਰਤ ਨਾਲ ਸਾਂਝ ਪਾਉਣੀ ਚਾਹੀਦੀ ਹੈ।
ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)


ਬੀਜ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ?

3 ਅਪਰੈਲ ਦਾ ਸੰਪਾਦਕੀ ‘ਬੀਜ ਬਿੱਲ - ਕੰਪਨੀਆਂ ਦਾ ਕਬਜ਼ਾ’ ਪੜ੍ਹਿਆ। ਜਦੋਂ ਤੋਂ ਕੀਟਨਾਸ਼ਕਾਂ ’ਤੇ ਕਿਸਾਨਾਂ ਦੀ ਨਿਰਭਰਤਾ ਵਧੀ ਹੈ, ਕੰਪਨੀਆਂ ਮਹਿੰਗੇ ਬੀਜ ਕਿਸਾਨਾਂ ਨੂੰ ਦੇ ਕੇ ਲੁੱਟ ਕਰ ਰਹੀਆਂ ਹਨ। ਗੁਜਰਾਤ ਦੀਆਂ ਕੰਪਨੀਆਂ ਵੱਲੋਂ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਵੇਚੇ ਜਾਣ ਵਾਲੇ ਬੀਟੀ ਨਰਮੇ ਦੇ ਬੀਜ ਇਸ ਦੀ ਉਦਾਹਰਨ ਹਨ। ਬਿਨਾਂ ਸ਼ੱਕ ਕਾਰਪੋਰੇਟ ਪੱਖੀ ਹਾਕਮ ਧਿਰ ਬਹੁਗਿਣਤੀ ਦਾ ਫ਼ਾਇਦਾ ਉਠਾ ਕੇ ਪਹਿਲਾਂ 3 ਕਿਸਾਨ ਵਿਰੋਧੀ ਬਿੱਲ, ਤੇ ਹੁਣ ਬੀਜ ਬਿੱਲ 2019 ਪਾਸ ਕਰ ਕੇ ਕਿਸਾਨਾਂ ਦਾ ਲੱਕ ਤੋੜਨ ’ਤੇ ਤੁਲੀ ਹੋਈ ਹੈ। ਪਹਿਲਾਂ 2004 ਵਿਚ ਵੀ ਅਜਿਹੀ ਕੋਸ਼ਿਸ਼ ਹੋਈ ਪਰ ਸੰਸਦ ਦੀ ਸਥਾਈ ਕਮੇਟੀ ਦੀ ਆਲੋਚਨਾ ਨਾਲ ਬਿੱਲ ਟਲ਼ ਗਿਆ ਸੀ।
ਵਿਸ਼ਵਦੀਪ ਬਰਾੜ, ਮਾਨਸਾ

ਪਾਠਕਾਂ ਦੇ ਖ਼ਤ

Apr 06, 2021

ਕਿਸਾਨ ਅੰਦੋਲਨ ਅਤੇ ਮਜ਼ਦੂਰਾਂ ਦੇ ਹੱਕ

5 ਅਪਰੈਲ ਨੂੰ ਪਰਵਾਜ਼ ਪੰਨੇ ਉੱਤੇ ਐਸਪੀ ਸਿੰਘ ਦੀ ਲਿਖਤ ‘ਏਕਤਾ ਵੀ ਹੈ, ਗੋਡਾ ਵੀ ਹੈ, ਅੰਦੋਲਨ ਵੀ’ ਜਾਣਕਾਰੀ ਭਰਪੂਰ ਸੀ। ਲੇਖਕ ਦੀ ਇੱਛਾ ਹੈ ਕਿ ਕਿਸਾਨ ਮਜ਼ਦੂਰ ਏਕਤਾ ਹੇਠ ਲੜੇ ਜਾ ਰਹੇ ਕਿਸਾਨ ਅੰਦੋਲਨ ਵਿਚੋਂ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਹੋਵੇ। ਕਿਸਾਨ ਸਰਕਾਰ ਤੋਂ ਹੱਕ ਮੰਗ ਰਹੇ ਹਨ ਪਰ ਬਹੁਤ ਸਾਰੇ ਪਿੰਡਾਂ ਦੇ ਮਜ਼ਦੂਰਾਂ ਦੇ ਮਸਲੇ ਕਿਸਾਨ ਵੀ ਹੱਲ ਕਰ ਸਕਦੇ ਹਨ। ਸਮਾਜਿਕ ਨਿਆਂ ਦਾ ਮੁਢਲਾ ਅਸੂਲ, ਕਿ ਕੋਈ ਕਿਸੇ ਦਾ ਹੱਕ ਨਾ ਮਾਰੇ,  ਅਪਣਾ ਕੇ ਪੰਜਾਬ ਦੇ ਪਿੰਡਾਂ ਵਿਚ ਦਲਿਤਾਂ ਲਈ ਬਣਦਾ ਜ਼ਮੀਨ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਲੇਖਕ ਦਾ ਇਹ ਸੁਝਾਅ ਮੁੱਲਵਾਨ ਹੈ ਕਿ ਵਿਸਾਖੀ ’ਤੇ ਕਿਸਾਨ ਮੋਰਚਾ ਇਹ ਐਲਾਨ ਕਰੇ ਕਿ ਮੋਰਚਾ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ ਤੀਸਰੇ ਹਿੱਸੇ ਦੀ ਜ਼ਮੀਨ ਠੇਕੇ ’ਤੇ ਵਾਹੁਣ ਦੇ ਹੱਕ ਵਿਚ ਖੜ੍ਹਾ ਹੋਵੇਗਾ। ਇਉਂ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਸਹੀ ਅਰਥਾਂ ਵਿਚ ਬੁਲੰਦ ਹੋਵੇਗਾ। ਸਮਾਜਿਕ ਨਿਆਂ ਦੀ ਲੜਾਈ ਵਿਚ ਇਹ ਕਿਸਾਨ ਅੰਦੋਲਨ ਦਾ ਹਾਸਿਲ ਹੋਵੇਗਾ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਜ਼ਿੰਦਗੀ ਅਤੇ ਜ਼ਿੰਮੇਵਾਰੀ

3  ਅਪਰੈਲ ਨੂੰ ਬਸੰਤ ਸਿੰਘ ਬਰਾੜ ਦਾ ਮਿਡਲ ‘ਬਟੂਏ ਦੀ ਸ਼ਰਾਰਤ’ ਪੜ੍ਹਿਆ। ਜ਼ਿੰਦਗੀ ਆਪਣੇ ਆਪ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮਨੁੱਖੀ ਸੁਭਾਅ ਹੈ ਕਿ ਆਦਮਜਾਤ ਆਪਣੇ ਤਜਰਬੇ ਤੋਂ ਸਿੱਖਦੀ ਹੈ, ਜਾਂ ਫਿਰ ਗੁਜ਼ਰੇ ਜ਼ਮਾਨੇ ਤੋਂ; ਇਸ ਲਈ ਆਪਣੇ ਕੰਮ ਆਪ ਕਰੋ ਤੇ ਕਿਸੇ ’ਤੇ ਨਿਰਭਰ ਨਾ ਹੋਵੋ। ਕਿਸੇ ਉੱਪਰ ਉਂਗਲ ਚੁੱਕਣ ਤੋਂ ਪਹਿਲਾਂ ਸਵੈ ਸਰਵੇਖਣ ਕਰੋ।

ਤਰਨਜੀਤ ਸਿੰਘ, ਕਪੂਰਥਲਾ


ਸਿਆਸਤ ਦਾ ਦਿਵਾਲਾ

2 ਅਪਰੈਲ ਨੂੰ ਡਾ. ਸ਼ਾਮ ਸੁੰਦਰ ਦੀਪਤੀ ਦਾ ਲੇਖ ‘ਕਰੋਨਾ ਵੈਕਸੀਨ: ਪਹਿਲਾਂ ਕਾਹਲ, ਹੁਣ ਝਿਜਕ’ ਪੜ੍ਹਿਆ। ਇਹ ਲੇਖ ਅੱਜ ਦੇ ਹਾਲਾਤ ਨੂੰ ਪੂਰਨ ਰੂਪ ਵਿਚ ਬਿਆਨ ਕਰ ਰਿਹਾ ਹੈ। ਵੈਕਸੀਨੇਸ਼ਨ ਦੀ ਅਗਵਾਈ ਡਾਕਟਰੀ ਕਿੱਤਾ ਮਾਹਿਰ ਦੀ ਬਜਾਏ ਸਿਆਸੀ ਨੇਤਾ ਕਰ ਰਹੇ ਹਨ। ਲੌਕਡਾਊਨ, ਤਾਲੀਆ, ਥਾਲੀਆਂ, ਮੋਮਬੱਤੀਆਂ ਜਗਾਉਣ ਦੇ ਢਕਵੰਜਾਂ ਨੇ ਕਰੋਨਾ ਵਿਰੁੱਧ ਲੜਾਈ ਨੂੰ ਮਜ਼ਾਕ ਵਿਚ ਬਦਲ ਦਿੱਤਾ ਹੈ। ਬਿਮਾਰੀ ਵਿਰੁੱਧ ਲੜਾਈ ਵੀ ਸਿਆਸਤ ਬਣਾ ਦਿੱਤੀ ਗਈ ਹੈ। 21ਵੀਂ ਸਦੀ ਦੀ ਸਿਆਸਤ ਬੁਲੰਦੀਆਂ ਵੱਲ ਨਹੀਂ, ਨਿਘਾਰ ਵੱਲ ਜਾ ਰਹੀ ਹੈ। 26 ਮਾਰਚ ਵਾਲਾ ਸੰਪਾਦਕੀ ‘ਸਹਿਕਾਰੀ ਸੰਘਵਾਦ ’ਤੇ ਸਵਾਲ’ ਸਮੇਂ ਦੀ ਲੋੜ ਅਨੁਸਾਰ ਹੈ। ਅਰਵਿੰਦ ਕੇਜਰੀਵਾਲ ਨੂੰ ਨੱਥ ਪਾਉਣ ਲਈ ਭਾਜਪਾ ਸਰਕਾਰ ਨੇ ਦਿੱਲੀ ਸਬੰਧੀ ਸੋਧ ਬਿਲ 2021 ਪਾਸ ਕਰਾ ਕੇ ਆਪਣੀ ਸੱਤਾ-ਹਵਸ ਜੱਗ ਜ਼ਾਹਿਰ ਕੀਤੀ ਹੈ। ਹੁਣ ਭਾਜਪਾ ਦੀ ਅੱਖ ਵਿਚ ਖੇਤਰੀ ਪਾਰਟੀਆਂ ਉਵੇਂ ਹੀ ਰੜਕ ਰਹੀਆਂ ਹਨ, ਜਿਵੇਂ ਇਹ ਇੰਦਰਾ ਗਾਂਧੀ ਦੇ ਜ਼ਮਾਨੇ ਵਿਚ ਕਾਂਗਰਸ ਨੂੰ ਰੜਕਦੀਆਂ ਸਨ।…ਤੇ ਕਾਂਗਰਸ ਹੁਣ ਇਲਾਕਾਈ ਪਾਰਟੀ ਵਰਗੀ ਹੀ ਬਣ ਰਹੀ ਹੈ। ਇਸ ਲਈ ਭਾਜਪਾ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ। ਉਂਜ ਵੀ ਮਨਮਰਜ਼ੀਆਂ ਦੀ ਸੀਮਾ ਹੁੰਦੀ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਕਿਸਾਨ ਅੰਦੋਲਨ ਵਿਚ ਯੋਗਦਾਨ

29 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਵਿਸ਼ਾਲ ਕੁਮਾਰ ਦੇ ਲੇਖ ‘ਕਿਸਾਨ ਅੰਦੋਲਨ ਅਤੇ ਪੰਜਾਬੀਅਤ’ ਵਿਚ ਪੰਜਾਬੀ ਸਮਾਜ ਦੇ ਵੱਖ ਵੱਖ ਵਰਗਾਂ ਜਿਵੇਂ ਲੇਖਕ, ਰੰਗ ਕਰਮੀ, ਬੁੱਧੀਜੀਵੀ, ਗਾਇਕ, ਗੀਤਕਾਰ ਆਦਿ ਦਾ ਕਿਸਾਨ ਸੰਘਰਸ਼ ਨਾਲ ਜੁੜਨ ਅਤੇ ਆਪੋ-ਆਪਣਾ ਯੋਗਦਾਨ ਪਾਉਣ ਬਾਰੇ ਚਰਚਾ ਹੈ। ਇਸ ਅੰਦੋਲਨ ਲਈ ਕਈ ਕੀਰਤਨੀ ਜਥਿਆਂ ਨੇ ਵੀ ਹਿੱਸਾ ਪਾਇਆ ਹੈ। ‘ਕਿਰਸਾਣੀ ਕਿਰਸਾਣ ਕਰੇ’, ‘ਹਰਿ ਆਪ ਕਿਰਸਾਣੀ ਲਾਇਆ’ ਆਦਿ ਸ਼ਬਦਾਂ ਦੇ ਰਿਕਾਰਡ ਕੀਰਤਨੀ ਜਥਿਆਂ ਦੁਆਰਾ ਕੀਤੇ ਗਏ ਹਨ। ਸਮਾਜ ਦਾ ਹਰ ਵਰਗ ਇਸ ਅੰਦੋਲਨ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। ਕਿਸਾਨ ਅੰਦੋਲਨ ਦੇ ਜਨ ਅੰਦੋਲਨ ਬਣਨ ਦਾ ਇਹ ਪੁਖ਼ਤਾ ਸਬੂਤ ਹੈ।

ਸ ਸ ਗਿੱਲ, ਬਰਨਾਲਾ


ਨਵਾਂ ਨਰੋਆ ਪੰਜਾਬ ਹੈ ਕਿੱਥੇ?

ਪਿਛਲੇ ਕਈ ਦਿਨਾਂ ਤੋਂ ਸਭ ਅਖ਼ਬਾਰਾਂ ਅੰਦਰ ਪੰਜਾਬ ਸਰਕਾਰ ਵੱਲੋਂ ਪੂਰੇ ਸਫ਼ੇ ਦਾ ਇਸ਼ਤਿਹਾਰ ‘ਨਵਾਂ ਨਰੋਆ ਪੰਜਾਬ’ ਦੇਖਣ ਨੂੰ ਮਿਲ ਰਿਹਾ ਹੈ ਪਰ ਇਹ ਕੇਵਲ ਕਾਗਜ਼ਾਂ ਅੰਦਰ ਹੀ ਹੈ। ਪੰਜਾਬ ਦੀ ਕੀ ਹਾਲਤ ਹੈ, ਉਹ ਧਰਾਤਲ ’ਤੇ ਜਾ ਕੇ ਹੀ ਦੇਖਣ ਨੂੰ ਮਿਲ ਸਕਦੀ ਹੈ।  ਹਰ ਖੇਤਰ ਵਿਚ ਹੀ ਮਾੜਾ ਹਾਲ ਹੈ। ਮਿਸਾਲ ਲਈ ਸਾਡੇ ਰੂਪਨਗਰ ਦੀਆਂ ਸੜਕਾਂ ਦੀ ਹਾਲਤ ਹੀ ਦੇਖ ਲਵੋ। ਬੇਲਾ ਚੌਕ ਤੋਂ ਕਸਬਾ ਬੇਲਾ ਵੱਲ ਜਾਂਦੀ ਸੜਕ ਕੇਵਲ ਨਾਮ ਦੀ ਸੜਕ ਹੈ। ਟੋਇਆਂ ਦਾ ਕੋਈ ਅੰਤ ਨਹੀਂ। 19 ਮਾਰਚ ਵਾਲੇ ਇਸ਼ਤਿਹਾਰ ਅੰਦਰ ਇਹ ਛਪਿਆ ਹੈ ਕਿ ਔਰਤਾਂ ਨੂੰ ਖਾਹਿਸ਼ਾਂ ਦੀ ਪੂਰਤੀ ਲਈ ਸਮਰੱਥ ਬਣਾ ਰਹੇ ਹਾਂ ਜਦੋਂਕਿ ਲੰਮੇ ਸਮੇਂ ਤੋਂ ਆਂਗਨਵਾੜੀ ਬੀਬੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ। ਪੁਲੀਸ ਦੀ ਸਭ ਤੋਂ ਵੱਧ ਮਾਰ ਸ਼ਾਇਦ ਇਨ੍ਹਾਂ ਦੇ ਹਿੱਸੇ ਹੀ ਆਈ ਹੋਵੇ। ਉਹ ਆਪਣੇ ਗੁਜ਼ਾਰੇ ਲਈ ਮਾਣਭੱਤੇ ਦੀ ਥਾਂ ਪੱਕੀ ਨੌਕਰੀ ਅਤੇ ਤਨਖ਼ਾਹ ਵਿਚ ਵਾਧਾ ਹੀ ਤਾਂ ਮੰਗ ਰਹੀਆਂ ਹਨ। ਹੋਰ ਵੀ ਬਥੇਰੇ ਮਸਲੇ ਹਨ ਜਿਨ੍ਹਾਂ ਵੱਲ ਸਰਕਾਰ ਉੱਕਾ ਹੀ ਧਿਆਨ ਨਹੀਂ ਦੇ ਰਹੀ। ਇਨ੍ਹਾਂ ਸਾਰੇ ਮਸਲਿਆਂ ਦੇ ਜਵਾਬ ਕੌਣ ਦੇਵੇਗਾ? 

ਗੁਰਨਾਮ ਸਿੰਘ, ਰੂਪਨਗਰ

ਪਾਠਕਾਂ ਦੇ ਖ਼ਤ

Apr 03, 2021

ਸਿੱਖਿਆ ਦੀ ਭਾਵਨਾ

26 ਮਾਰਚ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਜਾਨਦਾਰ ਜਨਤਕ ਯੂਨੀਵਰਸਿਟੀਆਂ ਦੀ ਭਾਵਨਾ ਸੁਰਜੀਤ ਕਰਨ ਦੀ ਲੋੜ’ ਪੜ੍ਹਿਆ। ਲੇਖਕ ਅਹਿਮ ਸਵਾਲ ਜਨਤਕ ਕਰਦਾ ਹੈ : ਸਾਡੇ ਉਪ-ਕੁਲਪਤੀਆਂ ਨੂੰ ਕੌਣ ਪੜ੍ਹਾਵੇ? ਯੂਨੀਵਰਸਿਟੀ ਦੀ ਭਾਵਨਾ ਕਾਇਮ ਰੱਖਣਾ ਹੀ ਉਪ-ਕੁਲਪਤੀ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਸਿਆਸੀ ਮੋਹਰਿਆਂ ਅਤੇ ਚਾਪਲੂਸੀ ਕਰਨ ਵਾਲੇ ਉਪ-ਕੁਲਪਤੀ, ਜਿਨ੍ਹਾਂ ਦਾ ਆਪਣਾ ਕੋਈ ਬੌਧਿਕ ਨਜ਼ਰੀਆ ਹੀ ਨਹੀਂ, ਨੇ ਕੀ ਕਰਨਾ ਹੈ। ਸੁਚੇਤ ਵਿਦਿਆਰਥੀ, ਖੋਜਾਰਥੀਆਂ ਅਤੇ ਬੁੱਧੀਜੀਵੀਆਂ ਨੂੰ ਹੀ ਸਾਡੀਆਂ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਬਚਾਉਣ ਲਈ ਕੁਝ ਕਰਨਾ ਪੈਣਾ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)


ਪਸ਼ੂ-ਪੰਛੀਆਂ ਦੀ ਸਹਿਣਸ਼ੀਲਤਾ

2 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਪ੍ਰੀਤਮਾ ਦੋਮੇਲ ਦਾ ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਰਾਹੀਂ ਮਨੁੱਖ ਤੇ ਕੁਦਰਤ ਦੀ ਮਿਹਰ ਅਤੇ ਹੋਰ ਜੀਵਾਂ ਦੇ ਮੁਕਾਬਲੇ ਉਸ ਦੀ ਸਮਝ-ਬੂਝ ਦੇ ਵੱਖ ਵੱਖ ਪੱਖ ਬਿਆਨ ਕੀਤੇ ਹਨ। ਨਾਲ ਹੀ ਮਨੁੱਖ ਦੀ ਅਸਹਿਣਸ਼ੀਲਤਾ ਤੇ ਪਸ਼ੂ ਪੰਛੀਆਂ ਦੀ ਸਹਿਣਸ਼ੀਲਤਾ ਦਾ ਪ੍ਰਗਟਾਓ ਕੀਤਾ ਗਿਆ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ

(2)

ਪ੍ਰੀਤਮਾ ਦੋਮੇਲ ਨੇ ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਵਿਚ ਮਨੁੱਖ ਨੂੰ ਉੱਤਮ ਜੂਨ ਵਾਲੇ ਦੱਸਿਆ ਕਿ ਉਹ ਕਮਾ ਕੇ ਟੱਬਰ ਪਾਲ ਸਕਦੇ ਹਨ, ਦੇਸ਼ ਵਿਦੇਸ਼ ਘੁੰਮਦੇ ਹਨ ਤੇ ਬੋਲ, ਹੱਸ ਸਕਦੇ ਹਨ ਪਰ ਪੰਛੀ ਵੀ ਆਪਸ ’ਚ ਗੱਲ ਕਰਦੇ ਹਨ; ਉਦਾਸੀ, ਖੁਸ਼ੀ ਜ਼ਾਹਿਰ ਕਰਦੇ ਹਨ; ਬੱਚੇ ਪਾਲਦੇ ਹਨ। ਕਈ ਹਜ਼ਾਰ ਮੀਲਾਂ ਦਾ ਸਫ਼ਰ ਬਿਨਾਂ ਕਿਸੇ ਸਹਾਇਤਾ ਆਪਣੀ ਸੂਝ ਨਾਲ ਕਰਦੇ ਹਨ। ਬਿਨਾਂ ਕਿਸੇ ਜੰਤਰ ਤੋਂ ਸਭ ਜੀਵ-ਜੰਤੂ ਸਮੇਂ ਦੀ, ਮੌਸਮ ਦੀ ਜਾਣਕਾਰੀ ਰੱਖਦੇ ਹਨ। ਪਸ਼ੂ ਪਿਆਰ ਦੀ ਭਾਸ਼ਾ ਸਮਝਦੇ ਹਨ। ਮਨੁੱਖ ਇਨ੍ਹਾਂ ਤੋਂ ਸਿੱਖ ਕੇ ਖੋਜਾਂ ਕਰਨ ਦੇ ਸਮਰੱਥ ਹੋਇਆ।
ਦਵਿੰਦਰ ਕੌਰ, ਈਮੇਲ


ਪੁਲੀਸ ਦਾ ਵਿਹਾਰ

ਪਹਿਲੀ ਅਪਰੈਲ ਨੂੰ ਪੰਨਾ 2 ਅਤੇ ਮਾਲਵਾ ਦੇ ਪਹਿਲੇ ਪੰਨੇ ’ਤੇ ਪੰਜਾਬ ਪੁਲੀਸ ਦੀ ਮਲੋਟ ਕਾਂਡ ਤੇ ਅਪਾਹਜ ਭੱਠਾ ਮਜ਼ਦੂਰ ਤੇ ਕਾਰਵਾਈ ਬਾਰੇ ਖ਼ਬਰਾਂ ਪੜ੍ਹੀਆਂ। ਮਹਿਸੂਸ ਹੋਇਆ ਕਿ ਪੰਜਾਬ ਵਿਚ ਜੰਗਲ ਰਾਜ ਹੈ। ਪੁਲੀਸ ਪਹਿਲੇ ਸਮਿਆਂ ਵਾਂਗ ਹੀ ਜਬਰ ਅਤੇ ਦਮਨ ਕਰ ਰਹੀ ਹੈ। ਲੋਕਲ ਲੀਡਰਾਂ ਜਾਂ ਚਹੇਤਿਆਂ ਦੀ ਇੱਛਾ ਮੁਤਾਬਿਕ ਅਸਲੀਅਤ ਨੂੰ ਹੋਰ ਹੀ ਮਖੌਟਾ ਪਾ ਕੇ ਬੇਕਸੂਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉੱਚ ਅਧਿਕਾਰੀਆਂ ਕੋਲ ਅਸਲੀਅਤ ਫਰੋਲਣ ਦਾ ਸਮਾਂ ਹੀ ਨਹੀਂ ਜਾਂ ਉਨ੍ਹਾਂ ਨੂੰ ਹੁਕਮ ਹੀ ਨਹੀਂ ਹੁੰਦਾ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਸ਼ਹੀਦ ਅਤੇ ਅਸੀਂ

31 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਮਨਮੋਹਨ ਸਿੰਘ ਦਾਊਂ ਦਾ ਲੇਖ ‘ਸ਼ਹੀਦ ਕੁੜੀ ਦਾ ਸਿਰੜ’ ਪੜ੍ਹਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਸ਼ਹੀਦ ਯੋਧੇ ਹੀ ਦੇਸ਼ ਦੇ ਪ੍ਰਤੀ ਪ੍ਰੇਰਨਾ ਬਣਦੇ ਹਨ ਪਰ ਅੱਜ ਅਸੀਂ ਆਜ਼ਾਦੀ ਲਈ ਸ਼ਹੀਦ ਹੋਣ ਵਾਲਿਆਂ ਨੂੰ ਭੁੱਲਦੇ ਜਾ ਰਹੇ ਹਾਂ। ਲੋਕਾਂ ਨੂੰ ਟੀਵੀ ਦੇ ਅਦਾਕਾਰਾਂ ਦੇ ਨਾਂ ਯਾਦ ਹਨ। ਇਸ ਲਈ ਅੱਜ ਲੋੜ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲੀਏ।
ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ)


ਬੰਦ ਦਾ ਸੰਦੇਸ਼

27 ਮਾਰਚ ਦਾ ਸੰਪਾਦਕੀ ‘ਭਾਰਤ ਬੰਦ ਦਾ ਸੰਦੇਸ਼’ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਉੱਤੇ ਲੋਕਾਂ ਦੁਆਰਾ ਦਿੱਤੇ ਸਮਰਥਨ ਦੀ ਇਕਮੁੱਠਤਾ ਦੀ ਤਸਦੀਕ ਹੈ। ਇਹ ਸਾਡੀਆਂ ਸਰਕਾਰਾਂ ਵੱਲੋਂ ਕਾਰਪੋਰੇਟ ਜਗਤ ਦੇ ਹਿਸਾਬ ਨਾਲ ਬਣਾਈਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਲੋਕਾਂ ਅੰਦਰ ਵਧ ਰਹੀ ਬੇਚੈਨੀ ਅਤੇ ਗੁੱਸੇ ਦਾ ਪ੍ਰਗਟਾਵਾ ਹਨ। ਸਰਕਾਰ ਨੂੰ ਹੁਣ ਕਿਸਾਨੀ ਮਸਲਿਆਂ ਹੱਲ ਕੱਢਣਾ ਚਾਹੀਦਾ ਹੈ।
ਯੋਗਰਾਜ ਭਾਗੀਬਾਂਦਰ (ਬਠਿੰਡਾ)


ਸਰਕਾਰ ਅਤੇ ਸਕੂਲ

26 ਮਾਰਚ ਦੇ ਅੰਕ ਵਿਚ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਸਕੂਲਾਂ ਵਿਚ ਸ਼ਤ ਪ੍ਰਤੀਸ਼ਤ ਨਤੀਜੇ’ ਲਿਆਉਣ ਦੇ ਅਸਲ ਅਰਥਾਂ ਨੂੰ ਸਪੱਸ਼ਟ ਕੀਤਾ ਹੈ। ਨਤੀਜੇ ਸੌ ਪ੍ਰਤੀਸ਼ਤ ਵਾਲਾ ਕੰਮ ਪਹਿਲਾਂ ਹੀ ਅੱਠਵੀਂ ਤਕ ਕੋਈ ਬੱਚਾ ਫੇਲ੍ਹ ਨਾ ਕਰਨ ਵਾਲੇ ਫ਼ੈਸਲੇ ’ਤੇ ਕਈ ਸਾਲ ਚੱਲਦਾ ਰਿਹਾ ਹੈ। ਫਿਰ ਲੌਕਡਾਊਨ ਨੇ ਸਿੱਖਿਆ ਦੇ ਪੱਧਰ ਵਿਚ ਹੋਰ ਗਿਰਾਵਟ ਲੈ ਆਂਦੀ। ਫਰਵਰੀ ਵਿਚ ਸਕੂਲ ਖੁੱਲ੍ਹੇ ਹੀ ਸੀ ਕਿ ਹੁਣ ਫਿਰ ਬੰਦ ਕਰ ਦਿੱਤੇ। ਸਕੂਲਾਂ ਬਾਰੇ ਸਰਕਾਰ ਢਾਹੂ ਵਿਚਾਰ ਕਿਉਂ ਰੱਖਦੀ ਹੈ? ਸਰਕਾਰ ਸਕੂਲਾਂ ਵਿਚ ਸਹੂਲਤਾਂ ਅਤੇ ਸਿੱਖਿਆ ਦੇਣ ਤੋਂ ਟਾਲੇ ਵੱਟ ਰਹੀ ਹੈ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ

ਪਾਠਕਾਂ ਦੇ ਖ਼ਤ Other

Apr 02, 2021

ਕਿਸਾਨ ਸੰਘਰਸ਼ ਦੇ ਅਰਸੇ ਬਾਰੇ

ਪਹਿਲੀ ਅਪਰੈਲ ਨੂੰ ਦੋ ਨੰਬਰ ਪੰਨੇ ਉੱਪਰ ਖ਼ਬਰ ਹੈ: ‘ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਛੇ ਮਹੀਨੇ ਮੁਕੰਮਲ’। ਆਮ ਕਰ ਕੇ ਕਿਸਾਨ ਸੰਘਰਸ਼ ਦੀ ਸ਼ੁਰੂਆਤ ਪਹਿਲੀ ਅਕਤੂਬਰ ਤੋਂ ਗਿਣੀ ਜਾਂਦੀ ਹੈ ਪਰ ਪੰਜਾਬ ਅੰਦਰ ਸੰਘਰਸ਼ ਦੀਆਂ ਸਰਗਰਮੀਆਂ ਦੀ ਸ਼ੁਰੂਆਤ ਜੂਨ ਤੋਂ ਹੋ ਗਈ ਸੀ। ਜੁਲਾਈ ਦੇ ਆਖ਼ਰੀ ਦਿਨਾਂ ਤੋਂ ਸੰਘਰਸ਼ ਐਕਸ਼ਨਾਂ ਦੀ ਲੜੀ ਚੱਲੀ ਹੋਈ ਹੈ। ਸਤੰਬਰ ਦਾ ਪੂਰਾ ਮਹੀਨਾ ਹੀ ਵੱਡੇ ਜਨਤਕ ਇਕੱਠਾਂ, ਲਗਾਤਾਰ ਧਰਨਿਆਂ, ਪੰਜਾਬ ਬੰਦ ਦੇ ਐਕਸ਼ਨਾਂ ਤੇ ਰੇਲ ਰੋਕੋ ਐਕਸ਼ਨਾਂ ਦਾ ਸੀ। ਪਹਿਲੀ ਅਕਤੂਬਰ ਤੋਂ ਤਾਂ ਲਗਾਤਾਰ ਘਿਰਾਓ ਐਕਸ਼ਨਾਂ ਦੀ ਸ਼ੁਰੂਆਤ ਹੋਈ ਸੀ। ਇਉਂ ਜਥੇਬੰਦੀਆਂ ਦਾ ਆਧਾਰ ਘੇਰਾ ਅਤੇ ਆਗੂ ਕਾਰਕੁਨ ਪਿਛਲੇ ਨੌਂ ਮਹੀਨਿਆਂ ਤੋਂ ਲਗਾਤਾਰ, ਜੀਅ-ਜਾਨ ਨਾਲ ਲਾਮਬੰਦੀ ’ਚ ਜੁਟੇ ਹੋਏ ਹਨ।

ਪਾਵੇਲ ਕੁੱਸਾ, ਈਮੇਲ

ਸੰਸਦ ਅਤੇ ਸਰਕਾਰ

31 ਮਾਰਚ ਨੂੰ ਸਵਰਾਜਬੀਰ ਦਾ ਲੇਖ ‘ਭਾਰਤੀ ਸੰਸਦ : ਰਫ਼ਤਾਰ ਅਤੇ ਮਿਆਰ’ ਪੜ੍ਹਿਆ। ਭਾਰਤੀ ਸੰਸਦ ਸਭ ਲੋਕਾਂ ਲਈ ਅਹਿਮ ਰੋਲ ਅਦਾ ਕਰਦੀ ਹੈ। ਜਿੰਨੇ ਵੀ ਬਿੱਲ ਸੰਸਦ ਵਿਚ ਪਾਸ ਹੁੰਦੇ ਹਨ, ਇਹ ਸਾਰੇ ਲੋਕਾਂ ’ਤੇ ਬਾਕਾਇਦਾ, ਲੰਮੇ ਸਮੇਂ ਲਈ ਅਸਰ ਕਰਦੇ ਹਨ ਪਰ ਹੁਣ ਕੇਂਦਰ ਸਰਕਾਰ ਨੇ ਜਿਸ ਰਫ਼ਤਾਰ ਅਤੇ ਤਰੀਕੇ ਨਾਲ ਬਿੱਲ ਪਾਸ ਕਰਵਾਏ ਹਨ, ਉਹ ਬਿਲਕੁਲ ਵਾਜਿਬ ਨਹੀਂ। ਮੌਜੂਦਾ ਸਰਕਾਰ ਦੌਰਾਨ ਅੱਜ ਤਕ ਸੰਸਦ ਵਿਚ ਜਿੰਨੇ ਵੀ ਬਿੱਲ ਪਾਸ ਹੋਏ ਹਨ, ਜ਼ਿਆਦਾਤਰ ਬਿੱਲਾਂ ਦਾ ਵਿਰੋਧ ਹੀ ਹੋ ਰਿਹਾ ਹੈ। ਬਿੱਲ ਪਾਸ ਕਰਨ ਤੋਂ ਪਹਿਲਾਂ ਸੰਸਦੀ  ਕਮੇਟੀ ਨੂੰ ਭੇਜਿਆ ਜਾਂਦਾ ਹੈ ਪਰ ਸਰਕਾਰ ਬਹੁਮਤ ਦਾ ਫ਼ਾਇਦਾ ਚੁੱਕ ਕੇ ਜਲਦੀ ਬਿੱਲ ਪਾਸ ਕਰ ਰਹੀ ਹੈ।    ਹੁਣ ਸਾਫ਼ ਜ਼ਾਹਿਰ ਹੈ ਕਿ ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਹੈ। 

ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)

ਔਰਤ ਦੀ ਉਡਾਣ

31 ਮਾਰਚ ਦਾ ਮਿਡਲ ‘ਸ਼ਹੀਦ ਕੁੜੀ ਦਾ ਸਿਰੜ’ ਪੜ੍ਹਿਆ। ਇੰਨੀ ਕੁ ਉਮਰ ਦੀ ਜ਼ੋਇਆ ਅੰਦਰ ਦਲੇਰੀ ਅਤੇ ਕੁਰਬਾਨੀ ਦਾ ਜੋਸ਼ ਸ਼ਲਾਘਾਯੋਗ ਹੈ। ਅੱਜ ਵੀ ਅਜਿਹੀ ਹਿੰਮਤ ਦੀ ਲੋੜ ਹੈ ਤਾਂ ਜੋ ਔਰਤ ਨਾਲ ਹੁੰਦੀਆਂ ਵਧੀਕੀਆਂ ਦਾ ਔਰਤ ਵੱਲੋਂ ਡਟ ਕੇ ਸਾਹਮਣਾ ਕੀਤਾ ਜਾਵੇ। ਰੂਸ ਦੀ ਜਾਈ ਇਸ ਧੀ ਨੇ ਸਾਬਿਤ ਕਰ ਦਿੱਤਾ ਕਿ ਔਰਤ ਕਿੰਨੀ ਉੱਚੀ ਉਡਾਣ ਭਰ ਸਕਦੀ ਹੈ।

ਗੁਰਮੀਤ ਕੌਰ, ਜਲੰਧਰ

ਏਕੇ ਦੀ ਬਰਕਤ

26 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਯਸ਼ਪਾਲ ਦਾ ਲੇਖ ‘ਕਾਰਪੋਰੇਟੀ ਚਾਲਾਂ ਖ਼ਿਲਾਫ਼ ਮਿਲ ਕੇ ਲੜਨਾ ਜ਼ਰੂਰੀ’ ਵਿਚ ਅੱਜ ਦੇ ਭਾਰਤ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਜਦੋਂ ਕੁਲ ਲੋਕਾਈ ਕੋਵਿਡ-19 ਦੇ ਡਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਯਤਨਸ਼ੀਲ ਹੈ ਤਾਂ ਕੇਂਦਰ ਸਰਕਾਰ ਨਿੱਤ ਨਵੇਂ ਕਾਨੂੰਨ ਬਣਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਇਸ ਵਰਤਾਰੇ ਦੇ ਕਈ ਕਾਰਨ ਜਾਪਦੇ ਹਨ। ਪਹਿਲਾਂ ਤਾਂ ਕਮਜ਼ੋਰ ਵਿਰੋਧੀ ਪਾਰਟੀ ਦਾ ਹੋਣਾ ਹੀ ਹੈ। ਅਜਿਹੀ ਸੂਰਤ ਵਿਚ ਵੱਖ ਵੱਖ ਧਿਰਾਂ ਵਿਚਕਾਰ ਏਕਾ ਜ਼ਰੂਰੀ ਹੈ। ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)

ਸਾਹਿਤਕ ਚੈਂਪੀਅਨ

ਪ੍ਰਿੰਸੀਪਲ ਸਰਵਣ ਸਿੰਘ ਕਲਮ ਦੇ ਧਨੀ ਹਨ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਿਚ ਤਾਂ ਉਨ੍ਹਾਂ ਦਾ ਕੋਈ ਸਾਨੀ ਨਹੀਂ ਪਰ 25 ਮਾਰਚ ਦੇ ਇੰਟਰਨੈਟ ਪੰਨੇ ‘ਅਦਬੀ ਰੰਗ’ ਵਿਚ ਸਾਹਿਤ ਅਕਾਦਮੀ ਇਨਾਮ ਜੇਤੂ ਗੁਰਦੇਵ ਸਿੰਘ ਰੁਪਾਣਾ ਬਾਰੇ ਲੇਖ ‘ਗ਼ਲਪਕਾਰ ਦਾ ਰਾਸ਼ਟਰੀ ਚੈਂਪੀਅਨ’ ਪੜ੍ਹ ਕੇ ਲੱਗਾ ਕਿ ਉਹ ਸ਼ਖ਼ਸੀ ਚਿਤਰਨ ਵੀ ਕਮਾਲ ਦਾ ਕਰਦੇ ਹਨ। ਉਨ੍ਹਾਂ ਮਜ਼ਾਹੀਆ ਰੰਗਤ ਨਾਲ ਰੁਪਾਣਾ ਜੀ ਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ। 

ਪਰਮਜੀਤ ਸਿੰਘ ਪਰਵਾਨਾ, ਪਟਿਆਲਾ

(2)

ਅਦਬੀ ਰੰਗ (25 ਮਾਰਚ) ਵਿਚ ਪ੍ਰਿੰ. ਸਰਵਣ ਸਿੰਘ ਦੁਆਰਾ ਗੁਰਦੇਵ ਸਿੰਘ ਰੁਪਾਣਾ ਬਾਰੇ ਲਿਖਿਆ ਲੇਖ ‘ਗ਼ਲਪਕਾਰੀ ਦਾ ਨੈਸ਼ਨਲ ਚੈਂਪੀਅਨ’ ਬਹੁਤ ਜਾਣਕਾਰੀ ਭਰਪੂਰ ਹੈ। ਇਸ ਤੋਂ ਇਲਾਵਾ ਸਾਈਕਲ ਬਾਰੇ ਕਵਿਤਾਵਾਂ ਮੈਂ ਪਹਿਲੀ ਵਾਰ ਪੜ੍ਹੀਆਂ, ਬਹੁਤ ਦਿਲਚਸਪ ਲੱਗੀਆਂ।

ਰਾਜਨਦੀਪ ਕੌਰ ਮਾਨ, ਈਮੇਲ

ਮੁਹੱਬਤ ਬਨਾਮ ਨਫ਼ਰਤ

31 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦਾ ਲੇਖ ‘ਬੇਲਗ਼ਾਮ ਮੁਹੱਬਤ, ਮਾਸੂਮੀਅਤ ਤੇ ਇਨਸਾਨੀਅਤ’ ਪੜ੍ਹਿਆ। ਇਹ ਸੱਚਮੁੱਚ ਹੀ ਸਾਡੇ ਦਿਲਾਂ ’ਤੇ ਡੂੰਘੀ ਛਾਪ ਛੱਡਣ ਵਾਲਾ ਹੈ। ਆਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਮਗਰੋਂ ਵੀ ਸਾਡੇ ਮਨਾਂ ’ਚ ਨਫ਼ਰਤ ਅਤੇ ਦੁਸ਼ਮਣੀ ਭਰੀ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਹੀ ਮੀਡੀਆ ਸੱਚ ਨੂੰ ਛੁਪਾ ਕੇ ਮਸਾਲਾ ਲਾ ਕੇ ਪੇਸ਼ ਕਰਨ ਨੂੰ ਤਰਜੀਹ ਦਿੰਦਾ ਹੈ। ਹਾਮਿਦ ਨੂੰ ਸੂਹੀਆ ਏਜੰਸੀਆਂ ਨੇ ਕਬੂਲ ਕਰਵਾਉਣ ਲਈ ਕਿੰਨੇ ਤਸੀਹੇ ਦਿੱਤੇ। ਜੇ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਨੇ ਮਦਦ ਵੀ ਕੀਤੀ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਵੀ ਏਜੰਸੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਗਿਆ। ਕਹਾਣੀ ਫ਼ਿਲਮ ਵਾਂਗ ਪਰ ਸੱਚੀ ਹੋਣ ਕਾਰਨ ਇਨਸਾਨੀਅਤ ਦੋਵੇਂ ਪਾਸੇ ਜ਼ਿੰਦਾ ਹੈ, ਦਾ ਸਬੂਤ ਪੇਸ਼ ਕਰ ਗਈ।

ਹਰਪ੍ਰੀਤ ਸਿੰਘ (ਬੂਟਾ ਸਿੰਘ ਵਾਲਾ)