DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੜ੍ਹਦੀ ਕਲਾ ਦਾ ਤਿਉਹਾਰ ਹੋਲਾ ਮਹੱਲਾ

ਹੋਲਾ ਮਹੱਲਾ ਮਨਾਉਣ ਦੀ ਰਵਾਇਤ ਗੁਰੁੂ ਗੋਬਿੰਦ ਸਿੰਘ ਜੀ ਨੇ ਚੇਤਰ ਵਦੀ ਇੱਕ ਸੰਮਤ 1757 (1700 ਈਸਵੀ) ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਹੋਲਗੜ੍ਹ ਵਿਖੇ ਆਰੰਭ ਕੀਤੀ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ 25 ਸਾਲਾਂ ਦੇ ਅਰਸੇ ਦੌਰਾਨ ਗੁਰੂੁ ਜੀ...

  • fb
  • twitter
  • whatsapp
  • whatsapp
Advertisement

ਹੋਲਾ ਮਹੱਲਾ ਮਨਾਉਣ ਦੀ ਰਵਾਇਤ ਗੁਰੁੂ ਗੋਬਿੰਦ ਸਿੰਘ ਜੀ ਨੇ ਚੇਤਰ ਵਦੀ ਇੱਕ ਸੰਮਤ 1757 (1700 ਈਸਵੀ) ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਹੋਲਗੜ੍ਹ ਵਿਖੇ ਆਰੰਭ ਕੀਤੀ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ 25 ਸਾਲਾਂ ਦੇ ਅਰਸੇ ਦੌਰਾਨ ਗੁਰੂੁ ਜੀ ਨੇ ਤਕਰੀਬਨ 18 ਜੰਗਾਂ ਲੜੀਆਂ ਜੋ ਨਿਰੋਲ ਲੋਕ ਭਲਾਈ ਲਈ ਸਨ। ਲਾਲਾ ਦੌਲਤ ਰਾਇ ਆਪਣੀ ਲਿਖਤ ਵਿੱਚ ਲਿਖਦਾ ਹੈ ਕਿ ਜਿਨ੍ਹਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਰਕਾਰਿਆ ਤੇ ਫਿਟਕਾਰਿਆ ਜਾਂਦਾ ਸੀ, ਜੋ ਜ਼ਿੱਲਤ ਤੇ ਗ਼ੁਲਾਮੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਉਨ੍ਹਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ’ਤੇ ਖੜ੍ਹਾ ਕਰਨਾ ਇਕਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।

‘ਤਵਾਰੀਖ਼ ਗੁਰੁੂ ਖਾਲਸਾ’ ਦੇ ਭਾਗ ਪਹਿਲਾ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਹੋਲਗੜ੍ਹ ਦੇ ਸਥਾਨ ’ਤੇ ਗੁਰੂੁ ਜੀ ਪਾਸ ਬਹੁਤ ਸੰਗਤ ਇਕੱਠੀ ਹੋ ਜਾਂਦੀ ਸੀ। ਬਹੁਤ ਸਾਰੇ ਨੱਟ, ਭੱਟ, ਰਾਗੀ, ਰਬਾਬੀ, ਕਵੀਸ਼ਰ ਤੇ ਪੰਡਿਤ ਇੱਕਠੇ ਹੁੰਦੇ ਸਨ ਤੇ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਮਾਣ-ਸਨਮਾਨ ਤੇ ਧਨ ਦੌਲਤ ਦੀਆਂ ਝੋਲੀਆਂ ਭਰ ਕੇ ਲਿਜਾਂਦੇ ਸਨ। ਗੁਰੁੂ ਜੀ ਉੱਚੇ ਸਥਾਨ ’ਤੇ ਆ ਕੇ ਬਿਰਾਜਮਾਨ ਹੁੰਦੇ। ਰਾਗੀ ਕੀਰਤਨ ਕਰਦੇ।

Advertisement

ਫਿਰ ਹੋਲਾ ਖੇਡਣ ਦਾ ਅਰਦਾਸਾ ਸੋਧਿਆ ਜਾਂਦਾ। ਸਭ ਤੋਂ ਪਹਿਲਾਂ ਗੁਰੁੂ ਜੀ ਨੂੰ ਅਮੀਰ ਗੁਲਾਲ ਚੜ੍ਹਾਇਆ ਜਾਂਦਾ ਤੇ ਸੁਗੰਧੀਆਂ ਵਾਲਾ ਰੰਗ ਛਿੜਕਿਆ ਜਾਂਦਾ ਸੀ। ਇਸੇ ਤਰ੍ਹਾਂ ‘ਹੋਲੇ’ ਦੇ ਅੱਠ ਦਿਨ ਪ੍ਰੇਮ ਬਿਲਾਸ ਹੁੰਦਾ। ਨੌਵੇਂ ਦਿਨ ‘ਮਹੱਲਾ’ ਖੇਡਿਆ ਜਾਂਦਾ, ਨਿਸ਼ਾਨਾਂ ਦੇ ਦਰਸ਼ਨ ਤੇ ਫੁੱਲਾਂ ਦੀ ਵਰਖਾ ਹੁੰਦੀ। ‘ਮਹੱਲੇ’ ਵਾਲੇ ਦਿਨ ਸਭ ਸ਼ਸਤਰ-ਬਸਤਰ ਸਜਾ ਕੇ ਤਿਆਰ ਹੋ ਜਾਂਦੇ। ਪੈਦਲ ਅਤੇ ਘੋੜ ਸਵਾਰਾਂ ਨੂੰ ਕਤਾਰਾਂ ਵਿੱਚ ਖੜ੍ਹਾ ਕਰਕੇ ਰਣਜੀਤ ਨਗਾਰਾ ਵਜਾਇਆ ਜਾਂਦਾ।

Advertisement

ਇੱਕ ਵਿਸ਼ੇਸ਼ ਜਗ੍ਹਾ ਉੱਤੇ ਵੈਰੀ ਦਾ ਮੋਰਚਾ ਬੱਧਾ ਹੋਇਆ ਮਿੱਥ ਕੇ ਜੈਕਾਰੇ ਗਜਾਉਂਦਿਆਂ ਹੱਲਾ ਬੋਲ ਦਿੱਤਾ ਜਾਂਦਾ। ਉੱਥੇ ਪਹੁੰਚ ਕੇ ਵੈਰੀ ਦਾ ਨਾਮਧਰੀਕ ਮੋਰਚਾ ਤੋੜ ਕੇ ਫਿਰ ਧੌਂਸਿਆਂ ਤੇ ਨਗਾਰਿਆਂ ਨਾਲ ਫ਼ਤਹਿ ਦੇ ਜੈਕਾਰੇ ਬਲਾਉਂਦੇ ਹੋਏ, ਚਰਨ ਗੰਗਾ ਦੇ ਕੰਢੇ ਕਿਲ੍ਹਾ ਫ਼ਤਿਹਗੜ੍ਹ ਦੇ ਪਾਸ ਆਣ ਕੇ ਖੁੱਲ੍ਹੇ ਮੈਦਾਨ ਵਿੱਚ ਨੇਜ਼ਾਬਾਜ਼ੀ, ਘੋੜ-ਦੌੜ ਤੇ ਸ਼ਸਤਰ ਵਿੱੱਦਿਆ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ। ਗੁਰੁੂ ਜੀ ਸਭ ਨੂੰ ਖ਼ੁਸ਼ੀਆਂ ਬਖ਼ਸ਼ਦੇ।

ਇਸ ਤਰ੍ਹਾਂ ਬਣਾਉਟੀ ਲੜਾਈ ਕਰਕੇ ਜੰਗੀ ਸਿੱਖਿਆ ਵੀ ਹਾਸਲ ਹੋ ਜਾਂਦੀ ਸੀ ਤੇ ਤਿਉਹਾਰ ਨੂੰ ਵੀ ਰੌਣਕਾਂ ਤੇ ਹਾਸੇ ਖ਼ੁਸ਼ੀਆਂ ਸਮੇਤ ਮਨਾ ਲਿਆ ਜਾਂਦਾ।

ਈ-ਮੇਲ: dharmindersinghchabba@gmail.com

Advertisement
×