ਨਵੀਂ ਦਿੱਲੀ/ਕੋਲਕਾਤਾ, 6 ਜੁਲਾਈ
ਮੁੱਖ ਅੰਸ਼
- ਭਗਵਾਂ ਪਾਰਟੀ ਦੇ ‘ਗੁੰਡਿਆਂ’ ਤੋਂ ਡਰਨ ਵਾਲੀ ਨਹੀਂ: ਮੋਇਤਰਾ
ਦੇਵੀ ‘ਕਾਲੀ’ ਬਾਰੇ ਕੀਤੀਆਂ ਟਿੱਪਣੀਆਂ ਲਈ ਕਥਿਤ ‘ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ’ ਦੇ ਦੋਸ਼ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਖਿਲਾਫ਼ ਅੱਜ ਭੋਪਾਲ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉਧਰ ਪੱਛਮੀ ਬੰਗਾਲ ਦੀ ਭਾਜਪਾ ਇਕਾਈ ਨੇ ਮੋਇਤਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ ਜਦੋਂਕਿ ਮੋਇਤਰਾ ਨੇ ਭਗਵਾਂ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਸ ਦੇ ਟਾਕਰੇ ਲਈ ਤਿਆਰ ਹੈ ਤੇ ਉਨ੍ਹਾਂ ਦੇ ‘ਗੁੰਡਿਆਂ’ ਤੋਂ ਡਰਨ ਵਾਲੀ ਨਹੀਂ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ‘ਕਾਲੀ ਦੀ ਪੂਜਾ ਕਰਦੀ ਹੈ ਤੇ ਕਿਸੇ ਤੋਂ ਨਹੀਂ ਡਰਦੀ।’
ਕਾਬਿਲੇਗੌਰ ਹੈ ਕਿ ਮੋਇਤਰਾ ਨੇ ਮੰਗਲਵਾਰ ਨੂੰ ਉਦੋਂ ਆਪਣੀ ਇਨ੍ਹਾਂ ਟਿੱਪਣੀਆਂ ਨਾਲ ਵਿਵਾਦ ਸਹੇੜ ਲਿਆ ਸੀ ਕਿ ਹਰੇਕ ਵਿਅਕਤੀ ਨੂੰ ਦੇਵੀ ਤੇ ਦੇਵਤਿਆਂ ਦੀ ਆਪਣੇ ਢੰਗ-ਤਰੀਕੇ ਨਾਲ ਪੂਜਾ ਕਰਨ ਦਾ ਹੱਕ ਹੈ, ਇਸ ਲਈ ‘ਇਕ ਵਿਅਕਤੀ ਵਿਸ਼ੇਸ਼ ਵਜੋਂ ਉਨ੍ਹਾਂ ਨੂੰ ਦੇਵੀ ਕਾਲੀ ਨੂੰ ਮੀਟ ਖਾਂਦਿਆਂ ਤੇ ਸ਼ਰਾਬ ਸਵੀਕਾਰ ਕਰਨ ਵਾਲੀ ਦੇਵੀ ਵਜੋ ਸੋਚਣ’ ਦਾ ਪੂਰਾ ਹੱਕ ਹੈ। ਮੋਇਤਰਾ ਦੀ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਭਾਵੇਂ ਇਨ੍ਹਾਂ ਟਿੱਪਣੀਆਂ ਤੋਂ ਖ਼ੁਦ ਨੂੰ ਵੱਖ ਕਰਦਿਆਂ ਇਸ ਦੀ ਨਿਖੇਧੀ ਕੀਤੀ ਸੀ। ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਮੋਇਤਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੁਲੀਸ ਨੇ ਅਗਲੇ ਦਸ ਦਿਨਾਂ ’ਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਕੋਰਟ ਦਾ ਰੁਖ਼ ਕਰੇਗੀ। ਪੱਛਮੀ ਬੰਗਾਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਮੋਇਤਰਾ ਖਿਲਾਫ਼ ਸੈਂਕੜੇ ਪੁਲੀਸ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਵਿੱਚ ਸੂਬਾਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਟੀਐੱਮਸੀ ਸੰਸਦ ਮੈਂਬਰ ਖਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਬਿਆਨ ਵਿੱਚ ਕਿਹਾ, ‘‘ਮੋਇਤਰਾ ਦੇ ਬਿਆਨ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਅਸੀਂ ਹਿੰਦੂ ਦੇਵੀ ਦੇਵਤਿਆਂ ਦੇ ਨਿਰਾਦਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ।’’ ਮੋਇਤਰਾ ਖਿਲਾਫ਼ ਐੱਫਆਈਆਰ ਇਕ ਚਾਹ ਵੇਚਣ ਵਾਲੇ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। -ਪੀਟੀਆਈ
ਲੋਕ ਧਰਮ ਦਾ ਅਭਿਆਸ ਕਰਨ ਦੀ ਜ਼ਿੰਮੇਵਾਰੀ ਵਿਅਕਤੀ ’ਤੇ ਛੱਡ ਦੇਣ: ਥਰੂਰ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਵੱਲੋਂ ਮਾਂ ਕਾਲੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਉਨ੍ਹਾਂ (ਮੋਇਤਰਾ) ’ਤੇ ਹੋਏ ਹਮਲੇ ਤੋਂ ਉਹ ਹੈਰਾਨ ਹਨ। ਉਨ੍ਹਾਂ ਲੋਕਾਂ ਨੂੰ ਘੱਟ ਗੰਭੀਰ ਹੋਣ ਅਤੇ ਨਿੱਜੀ ਤੌਰ ’ਤੇ ਧਰਮ ਦਾ ਅਭਿਆਸ ਕਰਨ ਦੀ ਜ਼ਿੰਮੇਵਾਰੀ ਵਿਅਕਤੀ ’ਤੇ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਪੜਾਅ ’ਤੇ ਹਾਂ, ਜਿੱਥੇ ਜਨਤਕ ਤੌਰ ’ਤੇ ਕੋਈ ਵੀ ਧਰਮ ਦੇ ਕਿਸੇ ਵੀ ਪਹਿਲੂ ਬਾਰੇ ਕੁਝ ਨਹੀਂ ਕਹਿ ਸਕਦਾ। ਇਹ ਸੁਭਾਵਿਕ ਹੈ ਕਿ ਮਹੂਆ ਮੋਇਤਰਾ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੈਂ ਹਰੇਕ ਨੂੰ ਇਹ ਅਪੀਲ ਕਰਾਂਗਾ ਕਿ ਉਹ ਬਹੁਤੇ ਸੰਜੀਦਾ ਨਾ ਹੋਣ ਤੇ ਨਿੱਜੀ ਧਰਮ ’ਤੇ ਧਰਮ ਦਾ ਅਭਿਆਸ ਕਰਨ ਦੀ ਜ਼ਿੰਮੇਵਾਰੀ ਵਿਅਕਤੀ ਵਿਸ਼ੇਸ਼ ’ਤੇ ਛੱਡ ਦੇਣ।’’ -ਪੀਟੀਆਈ