ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ:ਵਾਇਰਲ ਆਡੀਓ ਮਾਮਲੇ ’ਚ ਸੁਖਬੀਰ ਤਲਬ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਪਟਿਆਲਾ ਪੁਲੀਸ ਨਾਲ ਸਬੰਧਤ ਵਾਇਰਲ ਹੋਈ ਵਿਵਾਦਤ ਆਡੀਓ ਕਲਿਪ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂਆਂ ਨੂੰ ਸੰਮਨ ਜਾਰੀ ਕੀਤੇ ਹਨ। ਪੁਲੀਸ ਨੇ ਸ੍ਰੀ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਅਤੇ ਪਾਰਟੀ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ 7 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਤਲਬ ਕੀਤਾ ਹੈ।
ਇਹ ਸੰਮਨ ਭਾਰਤੀ ਬੀ ਐੱਨ ਐੱਸ ਐੱਸ ਦੀ ਧਾਰਾ 94 ਤਹਿਤ ਏ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਨੇ ਜਾਰੀ ਕੀਤੇ ਹਨ। ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਕਿਹਾ ਹੈ ਕਿ ਉਹ ਵਾਇਰਲ ਆਡੀਓ ਕਲਿਪ ਸਬੰਧੀ ਆਪਣੇ ਕੋਲ ਮੌਜੂਦ ਅਸਲ ਸਮੱਗਰੀ ਜਾਂ ਕੋਈ ਵੀ ਦਸਤਾਵੇਜ਼ੀ/ਡਿਜੀਟਲ ਸਬੂਤ ਪੇਸ਼ ਕਰਨ। ਸੰਮਨ ਵਿੱਚ ਕਿਹਾ ਗਿਆ ਹੈ, ‘‘ਜਾਪਦਾ ਹੈ ਕਿ ਇਸ ਸਬੰਧੀ ਅਸਲ ਸਮੱਗਰੀ ਤੁਹਾਡੇ ਕੋਲ ਉਪਲਬਧ ਹੈ, ਇਸ ਲਈ ਜਾਂਚ ਨੂੰ ਅੱਗੇ ਵਧਾਉਣ ਲਈ ਇਸ ਨੂੰ ਰਿਕਾਰਡ ’ਤੇ ਲੈਣਾ ਜ਼ਰੂਰੀ ਹੈ।’’ ਆਗੂ ਖੁਦ ਜਾਂ ਆਪਣੇ ਕਿਸੇ ਅਧਿਕਾਰਤ ਨੁਮਾਇੰਦੇ ਰਾਹੀਂ ਪੇਸ਼ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵ੍ਹਟਸਐਪ ਗਰੁੱਪ ਕਾਲ ਦੀ ਰਿਕਾਰਡਿੰਗ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ’ਤੇ ਪੁਲੀਸ ਅਧਿਕਾਰੀ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹਣ ਜਾਂ ਪਾੜਨ ਬਾਰੇ ਗੱਲ ਕਰਦੇ ਸੁਣਾਈ ਦਿੰਦੇ ਹਨ। ਅਕਾਲੀ ਦਲ ਨੇ ਇਸ ਆਡੀਓ ਨੂੰ ਆਧਾਰ ਬਣਾ ਕੇ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹਾਈ ਕੋਰਟ ਵਿੱਚ ਵੀ ਪਹੁੰਚ ਕੀਤੀ ਸੀ। ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਇਸ ਕਲਿਪ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਸਾਂਝਾ ਕੀਤਾ ਸੀ। ਦੂਜੇ ਪਾਸੇ, ਪਟਿਆਲਾ ਪੁਲੀਸ ਨੇ ਇਸ ਕਲਿਪ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਕਲਿਪ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਕਰ ਕੇ ਤਿਆਰ ਕੀਤੀ ਗਈ ਹੈ। ਇਸ ਸਬੰਧੀ 4 ਦਸੰਬਰ ਨੂੰ ਪਟਿਆਲਾ ਦੇ ਸਾਈਬਰ ਕਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ ਆਈ ਆਰ ਨੰਬਰ 52 ਦਰਜ ਕੀਤੀ ਗਈ ਸੀ। ਪੁਲੀਸ ਦਾ ਕਹਿਣਾ ਹੈ ਕਿ ਸੰਮਨ ਇਸੇ ਐੱਫ ਆਈ ਆਰ ਅਤੇ ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ ਦੀ ਜਾਂਚ ਦਾ ਹਿੱਸਾ ਹਨ। ਸੰਪਰਕ ਕਰਨ ’ਤੇ ਸੁਖਬੀਰ ਸਿੰਘ ਬਾਦਲ, ਅਰਸ਼ਦੀਪ ਸਿੰਘ ਕਲੇਰ ਅਤੇ ਸਰਬਜੀਤ ਸਿੰਘ ਝਿੰਜਰ ਨੇ ਸੰਮਨ ਮਿਲਣ ਦੀ ਪੁਸ਼ਟੀ ਕੀਤੀ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਉਹ ਆਪਣੇ ਵੱਲੋਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁਲੀਸ ਸਾਹਮਣੇ ਪੇਸ਼ ਹੋਣਗੇ ਤੇ ਆਪਣਾ ਪੱਖ ਰੱਖਣਗੇ।
ਕਾਗਜ਼ ਵਾਪਸੀ ਮਗਰੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਸ਼ੁਰੂ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਮਲ ਅੱਜ ਪੂਰਾ ਹੋ ਗਿਆ ਹੈ। ਨਾਮਜ਼ਦਗੀਆਂ ਦੀ ਵਾਪਸੀ ਤੋਂ ਤੁਰੰਤ ਬਾਅਦ ਸ਼ਾਮ ਤੋਂ ਹੀ ਸੂਬੇ ਭਰ ਵਿੱਚ ਚੋਣ ਪ੍ਰਚਾਰ ਤੇਜ਼ ਹੋ ਗਿਆ। ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਦਿਨ-ਰਾਤ ਇੱਕ ਕਰ ਦਿੱਤਾ ਹੈ। ਇਸ ਵਾਰ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੀਆਂ ਜਾ ਰਹੀਆਂ ਹਨ, ਇਸ ਲਈ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਮੇਤ ਹੋਰ ਰਜਿਸਟਰਡ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਚੋਣ ਨਿਸ਼ਾਨ ਲੈ ਕੇ ਪ੍ਰਚਾਰ ਵਿੱਢ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ 23 ਜ਼ਿਲ੍ਹਾ ਪਰਿਸ਼ਦਾਂ ਅਤੇ 154 ਪੰਚਾਇਤ ਸਮਿਤੀਆਂ ਲਈ ਕੁੱਲ 14,219 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਇਨ੍ਹਾਂ ’ਚੋਂ ਜ਼ਿਲ੍ਹਾ ਪਰਿਸ਼ਦ ਦੇ 1,865 ਅਤੇ ਪੰਚਾਇਤ ਸਮਿਤੀ ਦੇ 12,354 ਉਮੀਦਵਾਰ ਸਨ। ਪਿਛਲੇ ਦਿਨੀਂ ਹੋਈ ਪੜਤਾਲ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ 140 ਅਤੇ ਪੰਚਾਇਤ ਸਮਿਤੀ ਦੇ 1,265 ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਪੜਤਾਲ ਮਗਰੋਂ ਜ਼ਿਲ੍ਹਾ ਪਰਿਸ਼ਦ ਲਈ 1,725 ਅਤੇ ਪੰਚਾਇਤ ਸਮਿਤੀ ਲਈ 11,089 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਸਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਜ਼ਿਲ੍ਹਾ ਪਰਿਸ਼ਦ ਦੇ 432 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਹੁਣ 1249 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਇਸੇ ਤਰ੍ਹਾਂ ਪੰਚਾਇਤ ਸਮਿਤੀ ਦੇ 2451 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਅਤੇ ਹੁਣ 8098 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 83 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਦੂਜੇ ਪਾਸੇ ਨਾਮਜ਼ਦਗੀਆਂ ਰੱਦ ਹੋਣ ਕਾਰਨ ਸਿਆਸੀ ਤਣਾਅ ਹਾਲੇ ਵੀ ਬਰਕਰਾਰ ਹੈ। ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਅੱਜ ਸਾਰਾ ਦਿਨ ਸੱਤਾਧਾਰੀ ਧਿਰ ਨੂੰ ਘੇਰਿਆ। ਉਨ੍ਹਾਂ ਰਾਜ ਚੋਣ ਕਮਿਸ਼ਨ ਤੋਂ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਨਾਮਜ਼ਦਗੀਆਂ ਦੀ ਤਰੀਕ ਵਧਾਉਣ ਅਤੇ ਕਾਗ਼ਜ਼ ਦਾਖਲ ਕਰਨ ਮੌਕੇ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਵੋਟਾਂ 14 ਤੇ ਨਤੀਜੇ 17 ਨੂੰ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਨਤੀਜਿਆਂ ਦਾ ਐਲਾਨ 17 ਦਸੰਬਰ ਨੂੰ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਵਿੱਚ 1 ਕਰੋੜ 36 ਲੱਖ ਤੋਂ ਵੱਧ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਸੂਬੇ ਭਰ ਵਿੱਚ 13,013 ਪੋਲਿੰਗ ਸਟੇਸ਼ਨਾਂ ’ਤੇ 19,181 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 915 ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
