ਨਵੀਂ ਦਿੱਲੀ, 10 ਜੂਨ
ਮੁਲਕ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਰਮਿਆਨ ਯੂਥ ਕਾਂਗਰਸ (ਆਈਵਾਈਸੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕਈ ਮੰਤਰੀਆਂ ਨੂੰ ਰੋਸ ਵਜੋਂ ਕੋਰੀਅਰ ਰਾਹੀਂ ਸਾਈਕਲ ਭੇਜੇ। ਯੂਥ ਕਾਂਗਰਸ ਦੇ ਕਾਰਕੁਨਾਂ ਨੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਦੀ ਅਗਵਾਈ ਹੇਠ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਰੋਸ ਪ੍ਰਗਟਾਇਆ। ਆਈਵਾਈਸੀ ਦੇ ਮੈਂਬਰਾਂ ਨੇ ਰੋਸ ਵਜੋਂ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਤੇ ਮਹਿਲਾ ਤੇ ਬਾਲ ਭਲਾਈ ਮੰਤਰੀ ਸਮ੍ਰਿਤੀ ਇਰਾਨੀ ਨੂੰ ਸਾਈਕਲ ਭੇਜੇ।
ਕਾਰਕੁਨਾਂ ਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਵੀ ਵਿਖਾਇਆ ਤਾਂ ਕਿ ਸਰਕਾਰ ਆਪਣੀ ਨੀਂਦ ਤੋਂ ਜਾਗ ਸਕੇ ਤੇ ਆਪਣੇ ਵਾਅਦੇ ਯਾਦ ਕਰ ਸਕੇ ਜੋ ਇਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਨ।
ਇਸ ਮੌਕੇ ਸ੍ਰੀਨਿਵਾਸ ਨੇ ਕਿਹਾ,‘ਸਰਕਾਰ ਲਗਾਤਾਰ ਲੋਕਾਂ ਨੂੰ ਤੰਗ ਕਰ ਰਹੀ ਹੈ ਜੋ ਪਹਿਲਾਂ ਹੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ। ਅਜਿਹੀ ਔਖੀ ਪ੍ਰਸਥਿਤੀ ਵਿੱਚ ਸੰਸਾਰ ਭਰ ਵਿੱਚ ਕਿਸੇ ਵੀ ਸਰਕਾਰ ਨੇ ਆਪਣੇ ਲੋਕਾਂ ’ਤੇ ਇੰਜ ਜ਼ੁਲਮ ਨਹੀਂ ਕੀਤੇ ਹੋਣਗੇ, ਜਿਵੇਂ ਕਿ ਮੋਦੀ ਸਰਕਾਰ ਕਰ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਪੰਜ ਮਹੀਨਿਆਂ ਵਿੱਚ 43 ਵਾਰ ਵਧਾਈਆਂ ਜਾ ਚੁੱਕੀਆਂ ਹਨ।’
ਸ੍ਰੀਨਿਵਾਸ ਨੇ ਕਿਹਾ ਕਿ ਕਿਸਾਨ, ਨੌਜਵਾਨ, ਮਜ਼ਦੂਰ, ਕਾਰੋਬਾਰੀ ਅਤੇ ਔਰਤਾਂ ਵਧਦੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਰਐੱਸਐੱਸ ਅਤੇ ਭਾਜਪਾ ਦਾ ਲੋਕ ਵਿਰੋਧੀ ਚਿਹਰਾ ਜਨਤਾ ਅੱਗੇ ਆ ਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਈ ਜਾਵੇ ਤੇ ਵਧਾਈਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਤੇ ਜੇਕਰ ਪੈਟਰੋਲੀਅਮ ਮੰਤਰੀ ਅਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਅਸਤੀਫ਼ਾ ਦੇ ਦੇਣ। -ਆਈਏਐੱਨਐੱਸ