ਫਰਜ਼ੀ PMO Card ਨਾਲ ਫੜਿਆ ਨੌਜਵਾਨ; ਪਰਿਵਾਰ ’ਤੇ ਪ੍ਰਭਾਵ ਬਣਾਉਣ ਲਈ ਬਣਵਾਈ ਨਕਲੀ ID
ਪੁਲੀਸ ਮੁਤਾਬਕ ਮੁਲਜ਼ਮ ਰੋਹਨ ਪਾਰਖ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਮਦਦ ਨਾਲ ਤਿਆਰ ਕੀਤਾ ਸੀ ਡਿਜੀਟਲ ਕਾਰਡ
ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀ.ਕੇ.ਸੀ.) ਸਥਿਤ ਇੱਕ ਆਲੀਸ਼ਾਨ ਮਾਲ ਵਿੱਚ ਨਕਲੀ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦਾ ਕਾਰਡ ਵਰਤਣ ਦੇ ਦੋਸ਼ ਵਿੱਚ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨੌਜਵਾਨ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਪੁਲੀਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮੁਲਜ਼ਮ ਰੋਹਨ ਪਾਰਖ ਨੇ ਆਪਣੇ ਪਰਿਵਾਰ ਨੂੰ ਇਹ ਯਕੀਨ ਦਿਵਾਉਣ ਲਈ ਨਕਲੀ ਕਾਰਡ ਬਣਾਇਆ ਸੀ ਕਿ ਉਹ ਕਿਸੇ ਵੱਡੇ ਅਤੇ ਨੇਕ ਕੰਮ ਨਾਲ ਜੁੜਿਆ ਹੋਇਆ ਹੈ।
ਦਰਅਸਲ, ਰੋਹਨ ਪਾਰਖ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਸ ਨਾਲ ਮਾਲ ਵਿੱਚ ਮੌਜੂਦ ਦਿਲੀਪ ਕੁੰਡੇ (49) ਕੋਲੋਂ ਹਥਿਆਰ ਮਿਲਣ ਕਾਰਨ ਉਨ੍ਹਾਂ ਦੀ ਮਾਲ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਬਹਿਸ ਹੋ ਗਈ ਸੀ।
ਇਸ ਬਹਿਸ ਦੌਰਾਨ ਪਾਰਖ ਨੇ ਕਥਿਤ ਤੌਰ ’ਤੇ ਆਪਣੇ ਆਪ ਨੂੰ ਪੀ.ਐੱਮ.ਓ. ਦਾ ਅਧਿਕਾਰੀ ਦੱਸਿਆ ਸੀ। ਇਹ ਘਟਨਾ 7 ਸਤੰਬਰ ਨੂੰ ਵਾਪਰੀ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਪਾਰਖ ਨੇ ਡਿਜੀਟਲ ਪੀ.ਐੱਮ.ਓ. ਆਈ.ਡੀ. ਤਿਆਰ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਾਧਨਾਂ ਦੀ ਵਰਤੋਂ ਕੀਤੀ ਹੋਵੇਗੀ। ਪੁਲੀਸ ਇਸ ਮਾਮਲੇ ਵਿੱਚ ਹੋਰਨਾਂ ਸੰਭਾਵੀ ਕਾਰਨਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

