ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੰਸਦ ਵਿੱਚ ਵਾਰ-ਵਾਰ ਪਾਏ ਜਾ ਰਹੇ ਵਿਘਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਕੋਲ ਸਦਨ ਤੋਂ ਬਾਹਰ ਮੁਜ਼ਾਹਰੇ ਕਰਨ ਦਾ ਸੰਵਿਧਾਨਕ ਹੱਕ ਹੈ, ਪਰ ਉਨ੍ਹਾਂ ਨੂੰ ਸੰਸਦ ਦੀ ਵਰਤੋਂ ਬਹਿਸ, ਜਾਂਚ-ਪੜਤਾਲ ਅਤੇ ਤਰਕਪੂਰਨ ਦਲੀਲਾਂ ਲਈ ਕਰਨੀ ਚਾਹੀਦੀ ਹੈ। ਇੰਡੀਆ ਇੰਟਰਨੈਸ਼ਨਲ ਮਾਡਲ ਯੂਨਾਈਟਿਡ ਨੇਸ਼ਨਜ਼ (ਆਈ ਆਈ ਐੱਮ ਯੂ ਐੱਨ) ਵਿੱਚ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਥਰੂਰ ਨੇ ਕਿਹਾ ਕਿ ਸੜਕੀ ਪ੍ਰਦਰਸ਼ਨ ਅਤੇ ਸੰਸਦੀ ਕੰਮਕਾਜ ਵਿਚਕਾਰ ਅੰਤਰ ਨੂੰ ਬਹਾਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸੜਕ ਦਾ ਕੰਮ ਤੁਸੀਂ ਸੜਕ ’ਤੇ ਕਰੋ, ਸਦਨ ਦਾ ਕੰਮ ਸਦਨ ’ਚ। ਸੜਕ ਦਾ ਕੰਮ ਸਦਨ ਵਿੱਚ ਨਾ ਲੈ ਕੇ ਜਾਓ।’’ ਥਰੂਰ ਨੇ ਕਿਹਾ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਕੀਤੇ ਜਾਣ ਵਾਲੇ ਮੁਜ਼ਾਹਰੇ, ਧਰਨੇ, ਨਾਅਰੇਬਾਜ਼ੀ ਅਤੇ ਵਿਰੋਧ ਪ੍ਰਗਟਾਵੇ ਲੋਕਤੰਤਰ ਦੇ ਪ੍ਰਗਟਾਵੇ ਦੇ ਜਾਇਜ਼ ਤਰੀਕੇ ਹਨ ਪਰ ਸੰਸਦ ਦਾ ਮਕਸਦ ਵੱਖਰਾ ਹੈ। ਉਨ੍ਹਾਂ ਕਿਹਾ, ‘‘ਸਾਡੇ ਲੋਕਤੰਤਰ ਦਾ ਮੰਦਰ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਦਲੀਲ, ਬਹਿਸ ਅਤੇ ਤਰਕਪੂਰਨ ਸੋਚ ਦੇ ਰੂਪ ਵਿੱਚ ਪ੍ਰਾਰਥਨਾ ਕਰਨ ਜਾਂਦੇ ਹੋ।’’ ਥਰੂਰ ਨੇ ਕਿਹਾ ਕਿ ਹੰਗਾਮੇ ਅਤੇ ਵਿਘਨ ਕਾਰਨ ਸਭ ਤੋਂ ਵੱਧ ਨੁਕਸਾਨ ਵਿਰੋਧੀ ਪਾਰਟੀਆਂ ਦਾ ਹੁੰਦਾ ਹੈ, ਕਿਉਂਕਿ ਉਹ ਮੰਤਰੀਆਂ ਤੋਂ ਸਵਾਲ ਪੁੱਛਣ, ਆਪਣੇ ਖੇਤਰ ਦੇ ਮੁੱਦੇ ਚੁੱਕਣ ਅਤੇ ਕਾਨੂੰਨਾਂ ਦੀ ਪੜਤਾਲ ਕਰਨ ਲਈ ਸੰਸਦ ’ਤੇ ਸਭ ਤੋਂ ਵੱਧ ਨਿਰਭਰ ਹੁੰਦੀਆਂ ਹਨ। ਥਰੂਰ ਅਨੁਸਾਰ, ਸੰਸਦ ਦੀ ਕਾਰਵਾਈ ਨੂੰ ਵਾਰ-ਵਾਰ ਠੱਪ ਕਰਨ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਖ਼ੁਦ ਨੂੰ ਆਪਣੇ ਹੀ ਸਭ ਤੋਂ ਮਹੱਤਵਪੂਰਨ ਹਥਿਆਰਾਂ ਤੋਂ ਵਾਂਝਾ ਕਰ ਰਹੀ ਹੈ।
ਭਾਜਪਾ ਨੂੰ ਖ਼ੁਸ਼ ਕਰਨ ਵਾਲੇ ਬਿਆਨ ਨਾ ਦੇਣ ਦੀ ਸਲਾਹ
ਅਲੱਪੁਜ਼ਾ: ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਕਾਂਗਰਸ ਆਗੂਆਂ ਨੂੰ ਬਿਆਨ ਦੇਣ ਸਮੇਂ ਚੌਕਸੀ ਵਰਤਣੀ ਚਾਹੀਦੀ ਹੈ ਅਤੇ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਨਾਲ ਭਾਜਪਾ ਨੂੰ ਖ਼ੁਸ਼ੀ ਹੋਵੇ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਦਾ ਬਿਆਨ ਸਿਰਫ਼ ਕੁਝ ਮੀਡੀਆ ਚੈਨਲਾਂ ’ਤੇ ਹੀ ਦੇਖਿਆ ਹੈ। ਮੈਂ ਠੀਕ-ਠੀਕ ਇਹ ਨਹੀਂ ਸੁਣ ਸਕਿਆ ਕਿ ਉਨ੍ਹਾਂ ਕੀ ਕਿਹਾ।’’ ਉਨ੍ਹਾਂ ਇਹ ਵੀ ਕਿਹਾ ਕਾਂਗਰਸ ਆਗੂਆਂ ਨੂੰ ਜਨਤਕ ਬਿਆਨ ਦੇਣ ਸਮੇਂ ਚੌਕਸੀ ਵਰਤਣੀ ਚਾਹੀਦੀ ਹੈ। -ਪੀਟੀਆਈ

