ਟ੍ਰਿਬਿਊਨ ਨਿਊਜ਼ਸਰਵਿਸ
ਨਵੀਂ ਦਿੱਲੀ, 9 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਯੈੱਸ ਬੈਂਕ ਮਨੀ ਲੌਂਡਰਿੰਗ ਮਾਮਲੇ ਵਿੱਚ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਅਤੇ ਹੋਰਨਾਂ ਦੀ 2200 ਕਰੋੜ ਦੀ ਸੰਪਤੀ ਜ਼ਬਤ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਸੰਪਤੀ ਦੀ ਮੌਜੂਦਾ ਕੀਮਤ 2800 ਕਰੋੜ ਤੋਂ ਵਧ ਹੈ ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਵਿਚਲੀ ਅਚਲ ਜਾਇਦਾਦ, ਬੈਂਕ ਅਕਾਊਂਟ, ਨਿਵੇਸ਼ ਸਬੰਧੀ ਦਸਤਾਵੇਜ਼ ਅਤੇ ਲਗਜ਼ਰੀ ਵਾਹਨ ਆਦਿ ਸ਼ਾਮਲ ਹਨ। ਡੀਐਚਐਫਐਲ ਦੇ ਪ੍ਰਮੋਟਰ ਭਰਾਵਾਂ ਕਪਿਲ ਅਤੇ ਧੀਰਜ ਵਧਾਵਨ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਈਡੀ ਨੇ ਰਾਣਾ ਕਪੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਨੂੰ 4300 ਕਰੋੜ ਰੁਪਏ ਦੇ ਮਨੀ ਲੌਂਡਰਿੰਗ ਮਾਮਲੇ ਵਿੱਚ ਮੁਲਜ਼ਮ ਬਣਾਇਆ ਹੈ। ਰਾਣਾ ਕਪੂਰ ’ਤੇ ਦੋਸ਼ ਹੈ ਕਿ ਉਸਨੇ ਰਿਸ਼ਵਤ ਲੈ ਕੇ ਵੱਡੀ ਰਕਮ ਕਰਜ਼ ਵਜੋਂ ਦਿੱਤੀ, ਜੋ ਮਗਰੋਂ ਨਾ ਵਸੂਲੇ ਜਾਣ ਵਾਲੇ ਕਰਜ਼ੇ ਵਿੱਚ ਬਦਲ ਗਈ। ਕੇਂਦਰੀ ਜਾਂਚ ਏਜੰਸੀ ਨੇ ਮਾਰਚ ਵਿੱਚ ਰਾਣਾ ਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਹਾਲ ਦੀ ਘੜੀ ਨਿਆਂਇਕ ਹਿਰਾਸਤ ਵਿਚ ਹੈੈ।