ਸੋਨੀਪਤ 28 ਨਵੰਬਰ
ਪਹਿਲਵਾਨ ਨਰ ਸਿੰਘ ਯਾਦਵ, ਜੋ ਡੋਪਿੰਗ ਕਾਰਨ ਚਾਰ ਸਾਲ ਦੀ ਪਾਬੰਦੀ ਪੂਰੀ ਕਰਨ ਮਗਰੋਂ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਦੀ ਤਿਆਰੀ ਕਰ ਰਿਹਾ ਸੀ, ਸ਼ਨਿਚਰਵਾਰ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ। ਉਸ ਦੇ ਨਾਲ ਗ੍ਰੀਕੋ ਰੋਮਨ ਪਹਿਲਵਾਨ ਗੁਰਪ੍ਰੀਤ ਸਿੰਘ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਨਰ ਸਿੰਘ ਚਾਰ ਸਾਲਾਂ ਬਾਅਦ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਲਈ 12 ਤੋਂ 18 ਦਸੰਬਰ ਤੱਕ ਬੈਲਗ੍ਰੇਡ ਵਿੱਚ ਹੋਣ ਵਾਲੇ ਵਿਅਕਤੀਗਤ ਵਿਸ਼ਵ ਕੱਪ ਵਿੱਚ ਭਾਗ ਲੈਣਾ ਸੀ, ਜਿਸ ਵਿੱਚ ਉਸ ਨੂੰ ਜਤਿੰਦਰ ਕਿਨ੍ਹਾ ਦੀ ਥਾਂ ’ਤੇ 74 ਕਿੱਲੋ ਵਰਗ ਵਿੱਚ ਸ਼ਾਮਲ ਕੀਤਾ ਗਿਆ ਸੀ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਇੱਕ ਬਿਆਨ ਵਿਚ ਕਿਹਾ ਕਿ ਨਰਸਿੰਘ (74 ਕਿੱਲੋ ਭਾਰ ਵਰਗ) ਇਸ ਸਾਲ ਅਗਸਤ ਵਿੱਚ ਦੁਬਾਰਾ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਯੋਗ ਹੋ ਗਿਆ ਸੀ। ਉਸ ਵਿੱਚ ਅਤੇ ਗੁਰਪ੍ਰੀਤ (77 ਕਿੱਲੋ) ਦੋਵਾਂ ਦੇ ਕਰੋਨਾ ਦੇ ਲੱਛਣ ਨਹੀਂ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ, ਫਿਜ਼ੀਓਥੈਰੇਪਿਸਟ ਵਿਸ਼ਾਲ ਰਾਏ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸਾਈ ਨੇ ਕਿਹਾ, ‘ਤਿੰਨਾਂ ’ਚ ਕੋਈ ਲੱਛਣ ਨਹੀਂ ਹੈ ਪਰ ਉਨ੍ਹਾਂ ਨੂੰ ਸਾਵਧਾਨੀ ਵਜੋਂ ਸੋਨੀਪਤ ਦੇ ਭਗਵਾਨ ਮਹਾਵੀਰ ਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’ -ਪੀਟੀਆਈ