ਕਿਸਾਨ ਸੰਸਦ ਦੀ ਕਮਾਨ ਅੱਜ ਬੀਬੀਆਂ ਹੱਥ ਹੋਵੇਗੀ

* ਜ਼ਰੂਰੀ ਵਸਤਾਂ ਕਾਨੂੰਨ 1955 ’ਚ ਕੀਤੀ ਗਈ ਸੋਧ ਉੱਤੇ ਕੀਤੀ ਜਾਵੇਗੀ ਚਰਚਾ * ਸਦਨ ਿਵੱਚ ਕਈ ਉਘੀਆਂ ਮਹਿਲਾ ਹਸਤੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ

ਕਿਸਾਨ ਸੰਸਦ ਦੀ ਕਮਾਨ ਅੱਜ ਬੀਬੀਆਂ ਹੱਥ ਹੋਵੇਗੀ

ਮਾਨਸਾ ਤੋਂ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਲਈ ਪੁੱਜਿਆ ਔਰਤਾਂ ਦਾ ਕਾਫਲਾ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਜੁਲਾਈ

ਇਥੇ ਜੰਤਰ-ਮੰਤਰ ’ਤੇ ਭਲਕੇ ਜੁੜਨ ਵਾਲੀ ਕਿਸਾਨ ਸੰਸਦ ਦੀ ਕਮਾਨ ਕਿਸਾਨ ਬੀਬੀਆਂ ਦੇ ਹੱਥ ਹੋਵੇਗੀ। ਕਿਸਾਨ ਸੰਸਦ ਦੀ ਸਾਰੀ ਕਾਰਵਾਈ ਔਰਤਾਂ ਹੀ ਚਲਾਉਣਗੀਆਂ। ਕਿਸਾਨ ਸੰਸਦ ’ਚ ਸੋਮਵਾਰ ਨੂੰ ਜ਼ਰੂਰੀ ਵਸਤਾਂ ਕਾਨੂੰਨ 1955 ਵਿੱਚ ਕੀਤੀ ਗਈ ਸੋਧ ਉੱਤੇ ਚਰਚਾ ਹੋਵੇਗੀ। ਕਿਸਾਨਾਂ ਮੁਤਾਬਕ ਇਸ ਖਤਰਨਾਕ ਸੋਧ ਦਾ ਜਿੱਥੇ ਅਨਾਜ ਦੀ ਜ਼ਖੀਰੇਬਾਜ਼ੀ ਅਤੇ ਭੰਡਾਰਨ ਹੋਣ ਕਰਕੇ ਆਮ ਲੋਕਾਂ ਉੱਤੇ ਮਹਿੰਗਾਈ ਦਾ ਭਾਰ ਪਵੇਗਾ ਉੱਥੇ ਰਸੋਈ ਗੈਸ ਅਤੇ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਔਰਤਾਂ ਨੂੰ ਪ੍ਰਭਾਵਿਤ ਕਰੇਗੀ। ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ 26 ਜੁਲਾਈ ਨੂੰ ਕਿਸਾਨ ਸੰਸਦ ਵਿੱਚ ਬਲਵੀਰ ਕੌਰ ਮਾਨਸਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਜੁਝਾਰੂ ਕਿਸਾਨ ਔਰਤਾਂ ਦਾ ਕਾਫ਼ਲਾ ਜਾਵੇਗਾ ਜਿਸ ਵਿੱਚ ਮਨਜੀਤ ਕੌਰ ਮਹਿਲਕਲਾਂ, ਜਸਵੀਰ ਕੌਰ ਮਹਿਲਕਲਾਂ, ਰਣਜੀਤ ਕੌਰ ਫਿਰੋਜ਼ਪੁਰ, ਪਰਵਿੰਦਰ ਕੌਰ ਫਿਰੋਜ਼ਪੁਰ ਆਦਿ ਸ਼ਮੂਲੀਅਤ ਕਰਨਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਜਥੇ ਦੀ ਅਗਵਾਈ ਪ੍ਰੋ. ਰਣਬੀਰ ਕੌਰ ਭੰਗੂ ਕਰਨਗੇ ਜਿਸ ਵਿੱਚ ਸੁਖਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਬਹੁਤ ਉੱਘੀਆਂ ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਜਿਵੇਂ ਸੁਭਾਸ਼ਨੀ ਅਲੀ, ਅਮਰਜੀਤ ਕੌਰ ਆਦਿ ਕਿਸਾਨ ਸੰਸਦ ਦੇ ਸਦਨ ਦੀ ਸ਼ੋਭਾ ਨੂੰ ਵਧਾਉਣਗੀਆਂ।

ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅੱਜ ਮੀਟਿੰਗ ਹੋਈ ਜਿਸ ’ਚ ਅਗਵਾਈ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕੀਤੀ। ਉਨ੍ਹਾਂ ਕਿਸਾਨ ਸੰਸਦ ’ਚ ਔਰਤਾਂ ਦੀ ਸ਼ਮੂਲੀਅਤ ਬਾਰੇ ਹੋਰ ਭੈਣਾਂ ਨਾਲ ਗੱਲਬਾਤ ਸਾਂਝੀ ਕੀਤੀ। ਮੀਟਿੰਗ ਨੂੰ  ਪਰਮਜੀਤ ਕੌਰ ਕੌੜਾ ਅਤੇ ਬਚਿੱਤਰ ਕੌਰ ਮੋਗਾ ਨੇ ਵੀ ਸੰਬੋਧਨ ਕੀਤਾ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਆਗੂ ਉੱਤਮ ਸਿੰਘ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਕਿਵੇਂ  ਬਹੁਕੌਮੀ ਕਾਰਪੋਰੇਟ ਘਰਾਣਿਆਂ  ਨੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਦਾ ਦੌਰ ਚਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ  ਸਾਮਰਾਜੀ ਮੁਲਕਾਂ ਵੱਲੋਂ ਡਬਲਿਊਟੀਓ, ਵਰਲਡ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ  ਇਸ਼ਾਰਿਆਂ ’ਤੇ ਕਰਵਾਈ ਜਾਂਦੀ ਲੁੱਟ ਨੂੰ ਖ਼ਤਮ ਕਰਵਾਉਣ ਵਾਸਤੇ ਮਾਨਸਿਕ ਤੌਰ ’ਤੇ ਪੂਰੀ ਸੋਝੀ ਨਾਲ ਵੱਡੀ ਲਾਮਬੰਦੀ ਕਰਕੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਇਸੇ ਤਰ੍ਹਾਂ ਘੋਲ ਨੂੰ ਜਿੱਤ ਤੱਕ ਲਿਜਾਣ ਲਈ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਉਂਦੇ ਹੋਏ ਇਸ ਦੀ ਲੰਮੀ ਤਿਆਰੀ ਲਈ ਦੂਜਿਆਂ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਵੀ ਕਰਵਾਈਆਂ ਗਈਆਂ ਹਨ। ਭਲਕੇ ਦੀ ਇਸ ਕਿਸਾਨ-ਸੰਸਦ ਵਿੱਚ 100 ਬੀਬੀਆਂ ਪੰਜਾਬ ਤੋਂ ਬਾਕੀ 100 ਬੀਬੀਆ ਦੇਸ਼ ਭਰ ਤੋਂ ਸ਼ਾਮਲ ਹੋਣਗੀਆਂ ਅਤੇ ਉਨ੍ਹਾਂ ਵਿੱਚੋਂ ਹੀ ਸਪੀਕਰ ਤੇ ਡਿਪਟੀ ਸਪੀਕਰ ਚੁਣ ਕੇ ਸੰਸਦੀ ਕਾਰਵਾਈ ਚਲਾਈ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All