ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਔਰਤਾਂ ਆਪਣੀਆਂ ਮਾਲਕ ਖ਼ੁਦ ਹਨ ਨਾ ਕਿ ਆਪਣੇ ਪਿਤਾ, ਪਤੀ ਜਾਂ ਪੁੱਤਰਾਂ ਅਧੀਨ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਨੂੰ ਸ਼ਰਮਨਾਕ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਔਰਤ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾਅ ’ਤੇ ਪੁਰਸ਼ ਰਿਸ਼ਤੇਦਾਰਾਂ ਅਧੀਨ ਰਹਿਣਾ ਚਾਹੀਦਾ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇੱਥੇ ਪਾਰਟੀ ਦੇ ਨੌਜਵਾਨਾਂ ਨਾਲ ਸੰਪਰਕ ਵਧਾਉਣ ਸਬੰਧੀ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਵਿੱਚ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੀਆਂ ਔਰਤਾਂ ਦੇ ‘70 ਕਰੋੜ ਵਿਲੱਖਣ ਸਫ਼ਰ, ਵਿਲੱਖਣ ਕਲਪਨਾ, ਵਿਲੱਖਣ ਸੁਪਨੇ’ ਹਨ। ਗਾਂਧੀ ਨੇ ਕਿਹਾ, ‘‘ਮੈਂ ਇੱਥੇ ਮਨੂਸਮ੍ਰਿਤੀ ਦਾ ਹਵਾਲਾ ਦੇਣਾ ਚਾਹੁੰਦਾ ਹਾਂ ਜੋ ਸਪੱਸ਼ਟ ਤੌਰ ’ਤੇ ਕਹਿੰਦੀ ਹੈ ਕਿ ਬਚਪਨ ਵਿੱਚ ਔਰਤ ਨੂੰ ਆਪਣੇ ਪਿਤਾ ਅਧੀਨ ਹੋਣਾ ਚਾਹੀਦਾ ਹੈ, ਜਵਾਨੀ ਵਿੱਚ ਉਹ ਆਪਣੇ ਪਤੀ ਦੀ ਹੁੰਦੀ ਹੈ ਅਤੇ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਉਹ ਆਪਣੇ ਪੁੱਤਰਾਂ ਅਧੀਨ ਹੁੰਦੀ ਹੈ। ਔਰਤ ਕਦੇ ਵੀ ਆਜ਼ਾਦ ਨਹੀਂ ਹੋਣੀ ਚਾਹੀਦੀ।’’ ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਦਾ ਸਭ ਤੋਂ ਵੱਡਾ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਖ਼ੁਦ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਖ਼ੁਦ ਨੂੰ ਛੱਡ ਕੇ ਕਿਸੇ ਦੇ ਨਹੀਂ ਹੋ, ਤੁਹਾਡਾ ਆਪਣੇ ਪਿਤਾ, ਭਰਾ, ਪਤੀ, ਪੁੱਤਰ ਨਾਲ ਰਿਸ਼ਤਾ ਹੈ, ਪਰ ਤੁਸੀਂ ਉਨ੍ਹਾਂ ਅਧੀਨ ਨਹੀਂ ਹੋ, ਸਗੋਂ ਤੁਸੀਂ ਖ਼ੁਦ ਆਪਣੇ ਹੋ।’’ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿੱਚ ਕੋਈ ਭਾਸ਼ਣ ਦੇਣ ਜਾਂ ਸਿਆਸਤ ’ਤੇ ਚਰਚਾ ਕਰਨ ਨਹੀਂ ਆਏ, ਸਗੋਂ ਨੌਜਵਾਨਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਅਤੇ ਆਪਣੇ ਵਿਚਾਰਾਂ ’ਤੇ ਚਰਚਾ ਕਰਨ ਦਾ ਮੌਕਾ ਦੇਣ ਆਏ ਹਨ। ਉਨ੍ਹਾਂ ਸਮਾਗਮ ’ਚ ਹਾਜ਼ਰ ਵੱਡੀ ਗਿਣਤੀ ਨੌਜਵਾਨਾਂ ਤੇ ਔਰਤਾਂ ਨੂੰ ‘ਪਿੰਜਰਾ ਤੋੜਨ’ ਦਾ ਸੱਦਾ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਵਿਲੱਖਣ ਹੈ ਅਤੇ ਉਸ ਦੇ ਆਪਣੇ ਸੁਪਨੇ ਅਤੇ ਨਜ਼ਰੀਆ ਹੈ।
ਭਾਜਪਾ ਰਾਹੁਲ ਗਾਂਧੀ ਤੋਂ ਡਰੀ: ਸੰਜੈ ਰਾਊਤ
ਪੁਣੇ: ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਰਾਹੁਲ ਗਾਂਧੀ ਤੋਂ ‘ਡਰੀ ਹੋਈ’ ਹੈ ਅਤੇ ਇਸੇ ਕਰ ਕੇ ਪ੍ਰਸ਼ਾਸਨ ਨੇ ਕਾਂਗਰਸ ਆਗੂ ਦੇ ਪੁਣੇ ਵਿੱਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਕਈ ਸ਼ਰਤਾਂ ਲਾਈਆਂ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਦਾ ਪਤਨ ਦੇਖਣ ਨੂੰ ਮਿਲੇਗਾ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਜੰਤਰ ਮੰਤਰ ’ਚ 20 ਜੁਲਾਈ ਦੇ ਪ੍ਰਦਰਸ਼ਨ ਦੌਰਾਨ ਪੈਲੇਟ ਗੰਨ ਕਾਰਨ ਨੌਜਵਾਨ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਸਬੰਧੀ ਰਾਹੁਲ ਗਾਂਧੀ ਦੀ ਮੰਗ ਮੰਨਣੀ ਪਈ। ਪੁਣੇ ਵਿੱਚ ਰਾਹੁਲ ਗਾਂਧੀ ਦੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਬਾਰੇ ਰਾਊਤ ਨੇ ਕਿਹਾ ਕਿ ਸਰਕਾਰ ਨੇ ਮਨਜ਼ੂਰੀ ਦੇਣ ਲਈ 30 ਸ਼ਰਤਾਂ ਰੱਖੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹੁਲ ਗਾਂਧੀ ਕਿਸੇ ਦੂਜੇ ਦੇਸ਼ ਤੋਂ ਆਏ ਹਨ ਅਤੇ ਕੀ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੂੰ ਵੀ ਅਜਿਹੀਆਂ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ? -ਪੀਟੀਆਈ

