ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਕੇ ਧਮਕੀ ਦੇਣ ਵਾਲੀ ਔਰਤ ਗ੍ਰਿਫ਼ਤਾਰ
ਮੁਲਜ਼ਮ ਦੀ ਪਛਾਣ ਰਾਜਸਥਾਨ ਦੀ ਜੈਪੁਰ ਨਿਵਾਸੀ ਬਿੰਦੂ ਦੇਵੀ ਵਜੋਂ ਹੋਈ
ਰਾਜਸਥਾਨ ਦੀ ਇੱਕ ਔਰਤ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਕੇ ਸੋਸ਼ਲ ਮੀਡੀਆ 'ਤੇ ਜਾਟ ਨੇਤਾ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ਾਮਲੀ ਦੇ ਪੁਲੀਸ ਕਪਤਾਨ ਐੱਨ ਪੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜਸਥਾਨ ਦੀ ਜੈਪੁਰ ਨਿਵਾਸੀ ਬਿੰਦੂ ਦੇਵੀ ਵਜੋਂ ਹੋਈ ਹੈ ਅਤੇ ਉਸ ਨੂੰ ਜਾਟ ਨੇਤਾ ਮੁਕੁਲ ਚੌਧਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਨੁਸਾਰ, ਚੌਧਰੀ ਨੇ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ ਹੱਤਿਆ ਵਿੱਚ ਕਥਿਤ ਤੌਰ 'ਤੇ ਸ਼ਾਮਲ ਗੈਂਗਸਟਰਾਂ ਦੀ ਭਾਲ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਬਿਸ਼ਨੋਈ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਔਰਤ ਨੇ ਸੋਸ਼ਲ ਮੀਡੀਆ 'ਤੇ ਚੌਧਰੀ ਵਿਰੁੱਧ ਧਮਕੀ ਭਰੇ ਸੁਨੇਹੇ ਕਥਿਤ ਤੌਰ 'ਤੇ ਪੋਸਟ ਕੀਤੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲੀਸ ਮੁਤਾਬਕ, ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਧਮਕੀ ਦੇਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਨੇ ਦੱਸਿਆ ਕਿ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ 26 ਅਗਸਤ ਨੂੰ ਸ਼ਾਮਲੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਮੁਤਾਬਕ, ਬਾਲਿਆਨ ਦੀ ਹੱਤਿਆ ਅਤੇ ਚੌਧਰੀ ਨੂੰ ਕਥਿਤ ਤੌਰ 'ਤੇ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ਦੀ ਜਾਂਚ ਜਾਰੀ ਹੈ।

