ਖੇਤੀ ਕਾਨੂੰਨ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਲੱਗੀਆਂ: ਮੋਦੀ

ਖੇਤੀ ਕਾਨੂੰਨ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਲੱਗੀਆਂ: ਮੋਦੀ

ਨਵੀਂ ਦਿੱਲੀ, 29 ਨਵੰਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਸੁਧਾਰਾਂ ਨੇ ਕਿਸਾਨਾਂ ਲਈ ਨਵੇਂ ਮੌਕਿਆਂ ਦੇ ਰਾਹ ਖੋਲ੍ਹ ਦਿੱਤੇ ਹਨ। ਆਕਾਸ਼ਵਾਣੀ ’ਤੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਦੇ ਥੋੜ੍ਹੇ ਸਮੇਂ ਅੰਦਰ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਮਹਾਰਾਸ਼ਟਰ ਦੇ ਕਿਸਾਨ ਦੀ ਮਿਸਾਲ ਦਿੱਤੀ ਜਿਸ ਨੂੰ ਖੇਤੀ ਕਾਨੂੰਨ ਦੀਆਂ ਧਾਰਾਵਾਂ ਕਾਰਨ ਵਪਾਰੀ ਤੋਂ ਰਕਮ ਵਾਪਸ ਮਿਲ ਗਈ ਜਦਕਿ ਪਹਿਲਾਂ ਉਹ ਪੈਸੇ ਦੇਣ ਤੋਂ ਟਾਲਾ ਵੱਟ ਰਿਹਾ ਸੀ। ਸ੍ਰੀ ਮੋਦੀ ਨੇ ਕਿਹਾ,‘‘ਕਿਸਾਨਾਂ ਦੀਆਂ ਮੰਗਾਂ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਹਰੇਕ ਸਿਆਸੀ ਪਾਰਟੀ ਪੂਰਾ ਕਰਨ ਦੇ ਵਾਅਦੇ ਕਰਦੀ ਆ ਰਹੀ ਸੀ, ਹੁਣ ਪੂਰੀਆਂ ਹੋ ਗਈਆਂ ਹਨ। ਇਨ੍ਹਾਂ ਸੁਧਾਰਾਂ ਨਾਲ ਕਿਸਾਨ ਨਾ ਸਿਰਫ਼ ਵੱਖ ਵੱਖ ਬੰਦਸ਼ਾਂ ਤੋਂ ਆਜ਼ਾਦ ਹੋ ਗਿਆ ਹੈ ਸਗੋਂ ਉਸ ਨੂੰ ਨਵੇਂ ਮੌਕੇ ਅਤੇ ਹੱਕ ਵੀ ਪ੍ਰਦਾਨ ਕੀਤੇ ਗਏ ਹਨ।’’ ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਅਫ਼ਵਾਹਾਂ ਅਤੇ ਦੁਚਿੱਤੀ ਦੇ ਮਾਹੌਲ ਤੋਂ ਦੂਰ ਕੋਈ ਵੀ ਸਹੀ ਸੂਚਨਾ ਕਿਸੇ ਵੀ ਖੇਤਰ ਦੇ ਲੋਕਾਂ ਲਈ ਵੱਡੀ ਤਾਕਤ ਹੁੰਦੀ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਵੱਖ ਵੱਖ ਵਿਸ਼ਿਆਂ ਨੂੰ ਛੋਹਿਆ ਅਤੇ ਵਿਦਿਅਕ ਅਦਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੁਰਾਣੇ ਵਿਦਿਆਰਥੀਆਂ ਤੋਂ ਨਵੀਆਂ ਕਾਢਾਂ ਅਤੇ ਹੋਰ ਸਰਗਰਮੀਆਂ ਲਈ ਸਹਾਇਤਾ ਲੈਣ। -ਪੀਟੀਆਈ

ਕਾਨੂੰਨਾਂ ਨੂੰ ਸਹੀ ਢੰਗ ਨਾਲ ਸਮਝ ਨਹੀਂ ਰਹੇ ਕਿਸਾਨ: ਨੀਤੀ ਆਯੋਗ

ਨਵੀਂ ਦਿੱਲੀ: ਨੀਤੀ ਆਯੋਗ ਦੇ ਮੈਂਬਰ (ਖੇਤੀ) ਰਮੇਸ਼ ਚੰਦ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਜਾਂ ਸਹੀ ਢੰਗ ਨਾਲ ਸਮਝ ਨਹੀਂ ਸਕੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ, ‘ਇਨ੍ਹਾਂ ਕਾਨੂੰਨਾਂ ਦਾ ਮਕਸਦ ਉਹ ਨਹੀਂ ਹੈ ਜੋ ਕਿਸਾਨ ਸਮਝ ਰਹੇ ਹਨ। ਇਨ੍ਹਾਂ ਕਾਨੂੰਨਾਂ ਮਕਸਦ ਇਸ ਤੋਂ ਬਿਲਕੁਲ ਉਲਟ ਹੈ।’ ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਅਮਲ ’ਚ ਆਉਂਦੇ ਤਾਂ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ। ਕੁਝ ਸੂਬਿਆਂ ’ਚ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। -ਪੀਟੀਆਈ

ਕੇਂਦਰ ਦੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ: ਅਮਿਤ ਸ਼ਾਹ

ਹੈਦਰਾਬਾਦ: ਖੇਤੀ ਕਾਨੂੰਨਾਂ ਖ਼ਿਲਾਫ਼ ਲੱਖਾਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਉਨ੍ਹਾਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਗ਼ੈਰ ਸਿਆਸੀ ਕਰਾਰ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਲੰਬੇ ਸਮੇਂ ਮਗਰੋਂ ਕਿਸਾਨ ਬੰਦਸ਼ਾਂ ਤੋਂ ਮੁਕਤ ਹੋਣਗੇ। ਜਿਹੜੇ ਵੀ ਲੋਕ ਕਾਨੂੰਨਾਂ ਦਾ ਸਿਆਸੀ ਤੌਰ ’ਤੇ ਵਿਰੋਧ ਕਰਨਾ ਚਾਹੁੰਦੇ ਹਨ, ਉਹ ਕਰਦੇ ਰਹਿਣ। ਮੈਂ ਕਦੇ ਨਹੀਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਆਸੀ ਹੈ ਅਤੇ ਨਾ ਹੀ ਕਦੇ ਇਹ ਆਖਾਂਗਾ।’’ ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਅੰਦੋਲਨ ਬੁਰਾੜੀ ਮੈਦਾਨ ’ਚ ਤਬਦੀਲ ਕਰ ਦੇਣ ਅਤੇ ਉਸ ਤੋਂ ਬਾਅਦ ਕੇਂਦਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ    ਰਾਜ਼ੀ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All