ਇੰਡੀਗੋ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਨਾਇਡੂ
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ ਕਿ ਇੰਡੀਗੋ ਵੱਲੋਂ ਵੱਡੇ ਪੱਧਰ ’ਤੇ ਉਡਾਣਾਂ ਰੱਦ ਕਰਨ ਦੇ ਮਾਮਲੇ ਦੀ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਹੋਰ ਏਅਰਲਾਈਨਾਂ ਲਈ ਮਿਸਾਲ ਬਣੇਗੀ। ਉਨ੍ਹਾਂ ਰਾਜ ਸਭਾ ’ਚ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਦਾਅਵਾ ਕੀਤਾ ਕਿ ਇੰਡੀਗੋ ਸੰਕਟ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ’ਚ ਖਾਮੀ ਨਾਲ ਸਬੰਧਤ ਨਹੀਂ ਹੈ। ਇਸ ਦੌਰਾਨ ਲੋਕ ਸਭਾ ’ਚ ਵੀ ਮੈਂਬਰਾਂ ਨੇ ਇਹ ਮੁੱਦਾ ਚੁੱਕਿਆ।
ਕੇਂਦਰੀ ਮੰਤਰੀ ਨਾਇਡੂ ਨੇ ਉਡਾਣ ਡਿਊਟੀ ਟਾਈਮ (ਐੱਫ ਡੀ ਟੀ ਐੱਲ) ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਜਦੋਂ ਇੰਡੀਗੋ ਨਾਲ ਸੰਕਟ ਬਾਰੇ ਗੱਲਬਾਤ ਕੀਤੀ ਗਈ ਤਾਂ ਵੀ ਕੰਪਨੀ ਨੇ ਇਹ ਮੁੱਦਾ ਨਹੀਂ ਚੁੱਕਿਆ ਸੀ। ਉਧਰ, ਸੁਪਰੀਮ ਕੋਰਟ ਨੇ ਇੰਡੀਗੋ ਵੱਲੋਂ ਸੈਂਕੜੇ ਉਡਾਣਾਂ ਰੱਦ ਕੀਤੇ ਜਾਣ ਦਰਮਿਆਨ ਅਦਾਲਤੀ ਦਖ਼ਲ ਵਾਲੀ ਅਰਜ਼ੀ ’ਤੇ ਫੌਰੀ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਨੇ ਹਾਲਾਤ ਦਾ ਨੋਟਿਸ ਲੈਂਦਿਆਂ ਉਸ ਦੇ ਹੱਲ ਲਈ ਕਦਮ ਚੁੱਕੇ ਹਨ। ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ ਅਤੇ ਹਵਾਈ ਅੱਡਿਆਂ ’ਤੇ ਲੱਖਾਂ ਲੋਕ ਫਸੇ ਹੋਏ ਹਨ ਪਰ ਸਰਕਾਰ ਨੇ ਵੀ ਸਮੇਂ ਸਿਰ ਕਾਰਵਾਈ ਕੀਤੀ ਹੈ। -ਪੀਟੀਆਈ
ਇੰਡੀਗੋ ਦੇ ਸੀ ਈ ਓ ਨੂੰ ਭਲਕੇ ਕੀਤਾ ਜਾ ਸਕਦੈ ਤਲਬ
ਮੁੰਬਈ: ਇੰਡੀਗੋ ਦੀਆਂ ਉਡਾਣਾਂ ’ਚ ਪੈ ਰਹੇ ਅੜਿੱਕਿਆਂ ਦੇ ਮਾਮਲੇ ਦੀ ਜਾਂਚ ਲਈ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਵੱਲੋਂ ਨਿਯੁਕਤ ਕਮੇਟੀ ਏਅਰਲਾਈਨ ਦੇ ਸੀ ਈ ਓ ਪੀਟਰ ਐਲਬਰਸ ਅਤੇ ਚੀਫ ਅਪਰੇਟਿੰਗ ਅਫਸਰ ਇਸਿਡਰੇ ਪੋਰਕਿਊਰਸ ਨੂੰ ਬੁੱਧਵਾਰ ਤਲਬ ਕਰ ਸਕਦੀ ਹੈ। ਚਾਰ ਮੈਂਬਰੀ ਕਮੇਟੀ ’ਚ ਸੰਯੁਕਤ ਡਾਇਰੈਕਟੋਰੇਟ ਜਨਰਲ ਸੰਜੇ ਬ੍ਰਾਹਮਨੇ, ਡਿਪਟੀ ਡਾਇਰੈਕਟਰ ਜਨਰਲ ਅਮਿਤ ਗੁਪਤਾ, ਸੀਨੀਅਰ ਫਲਾਈਟ ਅਪਰੇਸ਼ਨਸ ਇੰਸਪੈਕਟਰ ਕਪਿਲ ਮਾਂਗਲਿਕ ਅਤੇ ਲੋਕੇਸ਼ ਰਾਮਪਾਲ ਸ਼ਾਮਲ ਹਨ। ਕਮੇਟੀ ਨੂੰ 15 ਦਿਨਾਂ ’ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਕਮੇਟੀ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਅਤੇ ਹੋਰ ਖਾਮੀਆਂ ਨਾਲ ਸਬੰਧਤ ਮੁੱਦਿਆਂ ਦੀ ਵੀ ਤਹਿਕੀਕਾਤ ਕਰੇਗੀ।
