ਲੋਕ ਭਲਾਈ ਲਈ ਕੋਈ ਕਸਰ ਨਹੀਂ ਛੱਡਾਂਗੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਵਿੱਚ ਐਨ ਡੀ ਏ ਸਰਕਾਰ ਰਾਜ ਦੇ ਲੋਕਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਦਾ ਇਹ ਬਿਆਨ ਸੰਸਦ ਵਿੱਚ ਐਨ ਡੀ ਏ ਗੱਠਜੋੜ ਦੇ ਬਿਹਾਰ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਤੋਂ ਕੁਝ ਘੰਟੇ ਬਾਅਦ ਆਇਆ ਹੈ।
ਐਕਸ ’ਤੇ ਪਾਈ ਪੋਸਟ ਵਿੱਚ ਐਨ ਡੀ ਏ ਸੰਸਦ ਮੈਂਬਰਾਂ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਤੋਂ ਬਾਅਦ, ਸੰਸਦ ਭਵਨ ਵਿੱਚ ਰਾਜ ਦੇ ਐਨ ਡੀ ਏ ਸੰਸਦ ਮੈਂਬਰਾਂ ਨਾਲ ਅੱਜ ਦੀ ਮੁਲਾਕਾਤ ਨੇ ਮੈਨੂੰ ਨਵੀਂ ਊਰਜਾ ਨਾਲ ਭਰ ਦਿੱਤਾ ਹੈ। ਮੈਂ ਰਾਜ ਵਿੱਚ ਆਪਣੇ ‘ਪਰਿਵਾਰਕ ਮੈਂਬਰਾਂ’ ਦੀ ਜ਼ਿੰਦਗੀ ਨੂੰ ਹੋਰ ਵੀ ਆਸਾਨ ਬਣਾਉਣ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਡਬਲ ਇੰਜਣ ਸਰਕਾਰ ਰਾਜ ਦੇ ਲੋਕਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੇਗੀ।’’
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਐਨ ਡੀ ਏ ਸੰਸਦ ਮੈਂਬਰਾਂ ਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਗਠਜੋੜ ਦੀ ਭਾਰੀ ਜਿੱਤ ਤੋਂ ਬਾਅਦ ਲੋਕਾਂ ਦੀ ਭਲਾਈ ਲਈ ਵਧੇਰੇ ਜੋਸ਼ ਨਾਲ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਜਿੱਤ ਨਾਲ ਵੱਡੀ ਜ਼ਿੰਮੇਵਾਰੀ ਹੈ।
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਬਿਹਾਰ ਦੇ ਐਨ ਡੀ ਏ ਗੱਠਜੋੜ ਦੇ ਸਾਰੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਸੂਬਾਈ ਚੋਣਾਂ ਵਿੱਚ ਗਠਜੋੜ ਦੀ ਭਾਰੀ ਜਿੱਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
